‘‘ਸੰਧੂ ਨੂੰ ਪਹਿਲਾਂ ਜਹਾਂਗੀਰ ਤੇ
ਨੂਰਜਹਾਂ ਦਾ ਮਕਬਰਾ ਦਿਖਾ ਲਿਆਈਏ। ਗੁਰਦੁਆਰਾ ਡੇਰਾ ਸਾਹਿਬ ਤੇ ਸ਼ਾਹੀ ਕਿਲੇ ਵੱਲ ਪਿੱਛੋਂ
ਆਉਂਦੇ ਹਾਂ’’ ਡਾ. ਜਗਤਾਰ ਨੇ ਅਗਲਾ ਪ੍ਰੋਗਰਾਮ ਉਲੀਕਿਆ।
ਡਰਾਈਵਰ ਨੇ ਕਾਰ ਉਧਰ ਮੋੜ ਲਈ। ਪਤਾ ਲੱਗਾ ਕਿ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਰਾਵੀਓਂ
ਪਾਰ ਸ਼ਾਹਦਰੇ ਵਿਚ ਸੀ। ਰਾਵੀ ਦਾ ਨਾਮ ਸੁਣਦਿਆਂ ਹੀ ਮੇਰੇ ਅੰਦਰ ਇਕ ਝੁਣਝਣੀ ਆਈ। ਲਾਹੌਰ
ਦੀ ਵੱਖੀ ਨਾਲ ਖਹਿ ਕੇ ਲੰਘਦੀ ਰਾਵੀ ਸਦੀਆਂ ਤੋਂ ਪੰਜਾਬੀਆਂ ਦੇ ਲੋਕ ਮਨਾਂ ਵਿਚ ਲਿਸ਼ਕਦੀ
ਆਈ ਹੈ। ਮਨ ਦੀਆਂ ਧੁਰ ਡੂੰਘਾਣਾਂ ‘ਚੋ ਲੋਕ-ਗੀਤ ਦੀਆਂ ਸਤਰਾਂ ਤੈਰ ਕੇ ਮੇਰੇ ਬੁੱਲ੍ਹਾਂ
ਉਤੇ ਆ ਗਈਆਂ।
ਉਚੇ ਬੁਰਜ ਲਾਹੌਰ ਦੇ
ਤੇ ਹੇਠ ਵਗੇ ਦਰਿਆ।
ਮੈਂ ਮਛਲੀ ਦਰਿਆ ਦੀ
ਕਿਤੇ ਬਗਲਾ ਬਣ ਕੇ ਆ।
ਇਕ ਹੋਰ ਬਹੁਤ ਹੀ ਖ਼ੂਬਸੂਰਤ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆ ਕੇ ਸਥਿਰ ਹੋ ਗਿਆ। ਲਾਹੌਰ
ਦੀ ਸਮੁੱਚੀ ਖ਼ੂਬਸੂਰਤੀ ਦੋ ਸਤਰਾਂ ਵਿਚ ਮੱਚ ਮੱਚ ਮਘ ਰਹੀ ਸੀ:
ਸੱਕ ਮਲਦੀਆਂ ਰਾਵੀ ਦੇ ਪੱਤਣਾਂ ਨੂੰ
ਅੱਗ ਲਾਉਣ ਲਾਹੌਰਨਾਂ ਚੱਲੀਆਂ ਨੇ।
ਮੈਂ ਰੁਮਾਂਚਿਤ ਹੋ ਉਠਿਆ ਸਾਂ ਤੇ ਵਿਭਿੰਨ ਲੋਕ ਗੀਤ ਫੁੱਲਾਂ ਵਾਂਗ ਮੇਰੇ ਚੇਤਿਆਂ ਵਿਚ
ਤੈਰਨ ਲੱਗੇ। ਵਗਦੀ ਹੋਈ ਰਾਵੀ ਵਿਚ ਕਦੀ ਗਨੇਰੀਆਂ, ਕਦੀ ‘ਦੋ ਫੁੱਲ ਪੀਲੇ’ ਤੇ ਕਦੀ ਕੁਝ
ਹੋਰ ਸੁੱਟਦੀ ਹੋਈ ਗੋਰੀ ਆਪਣੇ ਢੋਲ ਨੂੰ ਸੰਬੋਧਤ ਹੁੰਦੀ ਹੈ:
ਵਗਦੀ ਏ ਰਾਵੀ
ਵਿਚ ਬੂਟਾ ਫਲਾਹੀ ਦਾ ਢੋਲਾ!
ਮੈਂ ਨਾ ਜੰਮਦੀ ਤੂੰ
ਕਿੱਦਾਂ ਵਿਆਹੀ ਦਾ ਢੋਲਾ!
ਵਗਦੀ ਵੇ ਰਾਵੀ
ਵਿਚ ਦੋ ਫੁੱਲ ਪੀਲੇ ਢੋਲਾ!
ਇਕ ਫੁੱਲ ਮੰਗਿਆ
ਕਿਉਂ ਪਿਉਂ ਦਲੀਲੇ ਢੋਲਾ!
ਰਾਵੀਂ ਨਹੀਂ, ਇਹ ਤਾਂ ਸਾਡੀ ਵਿਰਾਸਤ ਦੀ ਧਾਰਾ ਵਗਦੀ ਪਈ ਸੀ ਰਾਵੀ ਦੇ ਰੂਪ ਵਿਚ।
‘‘ਲੈ ਬਈ ਆ ਗਿਆ ਰਾਵੀ ਦਾ ਪੁਲ’’, ਅਗਲੀ ਸੀਟ ‘ਤੇ ਬੈਠੇ ਜਗਤਾਰ ਨੇ ਮੈਨੂੰ ਸੁਚੇਤ ਕੀਤਾ।
ਮੈਂ ਉਤਸੁਕਤਾ ਨਾਲ ਧੌਣ ਅੱਗੇ ਉਲਾਰੀ।
ਮੈਂ ਵਗਦੀ ਹੋਈ ਰਾਵੀ ਵਿਚ ਤਰਦੇ ਹੋਏ ‘ਪੀਲੇ ਫੁੱਲ’ ਵੇਖਣਾ ਚਾਹੁੰਦਾ ਸਾਂ। ਲਾਹੌਰਨਾਂ ਦੇ
ਹੁਸਨ ਦੀ ਲਾਲੀ ਦੇ ਸੇਕ ਦੇ ਸਨਮੁੱਖ ਹੋਣਾ ਚਾਹੁੰਦਾ ਸਾਂ।
ਪਰ ਇਹ ਕੀ? ਮੇਰਾ ਤਾਂ ਸਾਰਾ ਉਤਸ਼ਾਹ ਹੀ ਮਾਰਿਆ ਗਿਆ। ਰਾਵੀ ਤਾਂ ਸੁੱਕੀ ਹੋਈ ਸੀ। ਚਾਂਦੀ
ਰੰਗੇ ਕਲਪਤ ਵਹਾਓ ਦੀ ਥਾਂ ਸ਼ਹਿਰ ਦਾ ਗੰਦਾ ਤੇ ਕਾਲਾ ਪਾਣੀ ਇਕ ਛੋਟੇ ਜਿਹੇ ਗੰਦੇ ਨਾਲੇ ਦੇ
ਰੂਪ ਵਿਚ ਵਹਿ ਰਿਹਾ ਸੀ ਤੇ ਆਸੇ ਪਾਸੇ ਫੈਲੀ ਭਖਦੀ ਰੇਤ ਆਪਣੀ ਕਿਸਮਤ ਨੂੰ ਰੋ ਰਹੀ ਸੀ।
ਮੈਨੂੰ ਰਣਧੀਰ ਸਿੰਘ ਚੰਦ ਦਾ ਸਿ਼ਅਰ ਚੇਤੇ ਆਇਆ:
ਆਪਣਾ ਪਿੰਡ ਸਾੜਨ ਲੱਗੀ ਆਪਣੀ ਰੇਤ
ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲ।
ਦੂਰ ਪਰ੍ਹੇ ਮੁੰਡੇ ਰਾਵੀ ਦੀ ਰੇਤ ਉਤੇ ਕ੍ਰਿਕਟ ਖੇਡ ਕੇ ਉਸ ਦਾ ਮਖ਼ੌਲ ਉਡਾ ਰਹੇ ਸਨ।
‘‘ਪੰਜਾਬ ਦੇ ਦਰਿਆਵਾਂ ਵਿਚ ਅੱਜ ਕੱਲ੍ਹ ਪਾਣੀ ਨਹੀਂ ਰਹਿ ਗਿਆ’’, ਮੇਰੇ ਕੋਲ ਬੈਠੇ ਉਮਰ
ਗਨੀ ਨੇ ਕਿਹਾ।
‘‘ਲੋਕਾਂ ਦੇ ਮਨਾਂ ‘ਚੋਂ ਮੁੱਕਦੀ ਜਾਂਦੀ ਮੁਹੱਬਤ ਵਾਂਗ’’, ਮੈਂ ਹੌਲੀ ਜਿਹੀ ਫੁਸਫੁਸਾਇਆ।
ਮੈਂ ਹਕੀਕਤ ਦੇ ਰੂਬਰੂ ਹੋ ਕੇ ਆਖਿਆ, ‘‘ਇਹ ਰਾਵੀ ਤਾਂ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਵੀ
ਕੋਈ ਮਦਦ ਨਹੀਂ ਕਰ ਸਕਦੀ ਹੋਣੀ।’’
ਮੈਨੂੰ ਰਾਵੀ ਦੇ ਇਸੇ ਪੁਲ ਅਤੇ ਦੇਵਿੰਦਰ ਸਤਿਆਰਥੀ ਨਾਲ ਜੁੜੀ ਕਹਾਣੀ ਯਾਦ ਆਈ ਜਿਹੜੀ ਕਈ
ਸਾਲ ਪਹਿਲਾਂ ਖ਼ੁਦ ਹੀ ਸਤਿਆਰਥੀ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਸੁਣਾਈ ਸੀ।
ਸਤਿਆਰਥੀ ਦੇ ਭਰ ਜਵਾਨੀ ਦੇ ਦਿਨਾਂ ਦੀ ਗੱਲ ਹੈ। ਉਹ ਲਾਹੌਰ ਵਿਚ ਰਹਿੰਦਾ ਸੀ। ਉਸ ਦੀ
ਜਿ਼ੰਦਗੀ ਵਿਚ ਉਤੋੜਿਤੀ ਕੁਝ ਅਜਿਹੀਆਂ ਨਾ-ਖ਼ੁਸ਼ਗਵਾਰ ਘਟਨਾਵਾਂ ਵਾਪਰੀਆਂ ਕਿ ਉਹ ਜਿ਼ੰਦਗੀ
ਤੋਂ ਉਕਤਾ ਗਿਆ। ਅਜਿਹੀ ਬਦਤਰ ਜਿ਼ੰਦਗੀ ਜਿਊਣ ਨਾਲੋਂ ਉਸ ਨੇ ਮਰ ਜਾਣ ਨੂੰ ਪਹਿਲ ਦਿੱਤੀ ਤੇ
ਖ਼ੁਦਕੁਸ਼ੀ ਕਰਨ ਦਾ ਇਰਾਦਾ ਬਣਾ ਲਿਆ। ਖ਼ੁਦਕੁਸ਼ੀ ਕਰਨ ਲਈ ਸਭ ਤੋਂ ਬਿਹਤਰ ਤਰੀਕਾ ਇਹੋ ਸੀ
ਕਿ ਰਾਵੀ ਦੇ ਪੁਲ ਤੋਂ ਦਰਿਆ ਵਿਚ ਛਾਲ ਮਾਰ ਦਿੱਤੀ ਜਾਵੇ ਤੇ ਬੱਸ ਕੰਮ ਖ਼ਤਮ!
ਇਕ ਸਵੇਰੇ, ਜਦੋਂ ਲੋਕ ਰਾਵੀ ਦੇ ਪੁਲ ਉਪਰ ਸਵੇਰ ਦੀ ਸੈਰ ਕਰ ਰਹੇ ਸਨ ; ਸਤਿਆਰਥੀ ਨੇ
ਮੁਨਾਸਬ ਮੌਕਾ ਵੇਖਿਆ ਤੇ ਪੁਲ ‘ਤੇ ਲੱਗੇ ਲੋਹੇ ਦੇ ਜੰਗਲੇ ਉਪਰੋਂ ਹੋ ਕੇ ਦਰਿਆ ਵਿਚ ਛਾਲ
ਮਾਰਨ ਲਈ ਅਹੁਲਿਆ। ਐਨ ਇਸੇ ਮੌਕੇ, ਹਿੰਦੀ ਫਿਲਮਾਂ ਦੀ ਕਹਾਣੀ ਵਾਂਗ, ਦੋ ਨੌਜਵਾਨਾਂ ਨੇ
ਲੱਕ ਤੋਂ ਜੱਫਾ ਮਾਰ ਕੇ ਸਤਿਆਰਥੀ ਨੂੰ ਹੇਠਾਂ ਉਤਾਰ ਲਿਆ।
‘‘ਇਹ ਕੀ ਲੋਹੜਾ ਮਾਰਨ ਲੱਗਾ ਸਾਏਂ।’’
ਉਨ੍ਹਾਂ ਦੇ ਪੁੱਛਣ ਉਤੇ ਸਤਿਆਰਥੀ ਨੇ ਆਪਣੀ ਖ਼ੁਦਕੁਸ਼ੀ ਦੀ ਯੋਜਨਾ ਬਾਰੇ ਉਨ੍ਹਾਂ ਨੂੰ
ਦੱਸਿਆ ‘ਜਾਨ ਲੱਖੀਂ ਨਾ ਹਜ਼ਾਰੀਂ’ ਕਹਿ ਕੇ ਉਨ੍ਹਾਂ ਨੇ ਸਤਿਆਰਥੀ ਨੂੰ ਸਮਝਾਇਆ। ਪਰ ਚੰਗੀ
ਸਿੱਖ-ਮੱਤ ਦੇਣ ਲਈ ਉਹ ਉਸ ਨੂੰ ਨਜ਼ਦੀਕ ਰਹਿੰਦੇ ਕਿਸੇ ਦਾਨਸ਼ਵਰ ਬਜ਼ੁਰਗ ਕੋਲ ਲੈ ਗਏ। ਉਹ
ਦਾਨਸ਼ਵਰ ਬਜ਼ੁਰਗ ਉਰਦੂ ਦਾ ਪ੍ਰਸਿੱਧ ਸ਼ਾਇਰ ਡਾ. ਸਰ ਮੁਹੰਮਦ ਇਕਬਾਲ ਸੀ। ਨੌਜਵਾਨਾਂ ਤੋਂ
ਸਤਿਆਰਥੀ ਦੀ ਸਾਰੀ ਕਹਾਣੀ ਸੁਣਨ ਉਪਰੰਤ ਡਾ. ਇਕਬਾਲ ਨੇ ਸਤਿਆਰਥੀ ਨੂੰ ਪੁੱਛਿਆ:
‘‘ਹਿੰਦੂ ਹੋਣ ਕਰਕੇ ਤੇਰਾ ਪੁਨਰ-ਜਨਮ ਵਿਚ ਤਾਂ ਵਿਸ਼ਵਾਸ ਹੋਵੇਗਾ?’’
ਸਤਿਆਰਥੀ ਨੇ ‘ਹਾਂ’ ਵਿਚ ਸਿਰ ਹਿਲਾਇਆ ਤਾਂ ਡਾ. ਇਕਬਾਲ ਨੇ ਕਿਹਾ, ‘‘ਖ਼ੁਦਕੁਸ਼ੀ ਕਰਨ
ਪਿਛੋਂ ਤੇ ਦੂਜਾ ਜਨਮ ਲੈਣ ਪਿੱਛੋਂ ਤੇਰੀਆਂ ਤਿੰਨ ਹਾਲਤਾਂ ਹੋ ਸਕਦੀਆਂ ਨੇ।’’
‘‘ਇਕ ਤਾਂ, ਜਿੰਨੀ ਭੈੜੀ ਹਾਲਤ ਤੋਂ ਤੰਗ ਆ ਕੇ ਤੂੰ ਖ਼ੁਦਕੁਸ਼ੀ ਕਰਨ ਲੱਗਾ ਏਂ, ਤੇਰੀ ਏਨੀ
ਈ ਭੈੜੀ ਹਾਲਤ ਹੋ ਸਕਦੀ ਹੈ। ਦੂਜਾ ਇਹ ਵੀ ਹੋ ਸਕਦੈ ਕਿ ਉਸ ਜਨਮ ਵਿਚ ਤੈਨੂੰ ਇਹੋ ਜਿਹੀ
ਜਿ਼ੰਦਗੀ ਨਸੀਬ ਹੋਵੇ ਜੋ ਤੇਰੀ ਹੁਣ ਵਾਲੀ ਜਿ਼ੰਦਗੀ ਨਾਲੋਂ ਵੀ ਬਦਤਰ ਹੋਵੇ ਤੇ ਤੀਜਾ ਇਹ
ਵੀ ਹੋ ਸਕਦੈ ਕਿ ਤੂੰ ਉਸ ਜਨਮ ਵਿਚ ਹੁਣ ਨਾਲੋਂ ਵਧੀਆ ਜਿ਼ੰਦਗੀ ਜੀਵੇਂ।’’
ਏਨੀ ਗੱਲ ਕਹਿ ਕੇ ਡਾ. ਇਕਬਾਲ ਨੇ ਹੁੱਕੇ ਦਾ ਕਸ਼ ਗੁੜਗੁੜਾਇਆ ਤੇ ਮੁਸਕਰਾਉਂਦਿਆਂ ਤਿੱਖੀਆਂ
ਨਜ਼ਰਾਂ ਨਾਲ ਸਤਿਆਰਥੀ ਵੱਲ ਵੇਖ ਕੇ ਆਖਿਆ, ‘‘ਇਸ ਸੂਰਤ ਵਿਚ, ਮਰਨ ਤੋਂ ਬਾਅਦ ਵੀ, ਚੰਗੀ
ਜਿ਼ੰਦਗੀ ਜਿਊਣ ਦੀ ਆਸ ਇਕ ਤਿਹਾਈ ਹੀ ਹੈ। ਜੇ ਮੈਨੂੰ ਇਕ ਬਟਾ ਤਿੰਨ ਆਸ ਉਤੇ ਖ਼ੁਦਕੁਸ਼ੀ
ਕਰਨੀ ਹੋਵੇ ਤਾਂ ਮੈਂ ਤਾਂ ਕਦੀ ਨਹੀਂ ਕਰਨ ਲੱਗਾ! ਹੁਣ ਤੂੰ ਜੇ ਇਕ ਤਿਹਾਈ ਆਸ ਉਤੇ
ਖ਼ੁਦਕੁਸ਼ੀ ਕਰਨਾ ਚਾਹੁੰਦਾ ਏਂ ਤਾਂ ਤੇਰੀ ਮਰਜ਼ੀ।’’
ਹੁੱਕੇ ਦਾ ਕਸ਼ ਲਾ ਕੇ ਉਸ ਨੇ ਬੜੇ ਇਤਮੀਨਾਨ ਨਾਲ ਪਿੱਛੇ ਪਏ ਤਕੀਏ ਨਾਲ ਢੋਅ ਲਾ ਲਈ।
ਸਾਰੀ ਗੱਲ ਸੁਣਾ ਕੇ ਸਤਿਆਰਥੀ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਤੋੜਾ ਝਾੜਿਆ, ‘‘ਡਾ. ਇਕਬਾਲ
ਦੀ ਗੱਲ ਸੁਣਨ ਤੋਂ ਬਾਅਦ ਮੈ ਸੋਚਿਆ ਇਕ ਬਟਾ ਤਿੰਨ ਆਸ ਉਤੇ ਖ਼ੁਦਕੁਸ਼ੀ ਕਰਨ ਦਾ ਸੱਚਮੁਚ
ਕੋਈ ਲਾਭ ਨਹੀਂ ਅਤੇ ਮੈਂ ਖ਼ੁਦਕੁਸ਼ੀ ਕਰਨ ਦਾ ਇਰਾਦਾ ਤਿਆਗ ਦਿੱਤਾ।’’
ਪੁਲ ਪਾਰ ਕਰਨ ਹੀ ਵਾਲੇ ਸਾਂ ਕਿ ਅੱਗੇ ਖੜੋਤੇ ਪੁਲਸੀਆਂ ਨੂੰ ਵੇਖ ਕੇ ਜਗਤਾਰ ਨੇ ਇਕ ਹੋਰ
ਚਿੰਤਾ ਦਾ ਪ੍ਰਗਟਾਵਾ ਕੀਤਾ, ‘‘ਆਪਾਂ ਨੂੰ ਤਾਂ ਸਿਰਫ਼ ਲਾਹੌਰ ਵਿਚ ਰਹਿਣ ਦੀ ਇਜਾਜ਼ਤ ਮਿਲੀ
ਹੈ ਤੇ ਰਾਵੀ ਪਾਰ ਦਾ ਇਹ ਇਲਾਕਾ ਤਾਂ ਦੂਜੇ ਜਿ਼ਲੇ ਸ਼ੇਖ਼ੂਪੁਰੇ ਵਿਚ ਪੈ ਜਾਂਦਾ ਏ।’’
ਗੱਲ ਵਾਕਿਆ ਹੀ ਚਿੰਤਾ ਵਾਲੀ ਸੀ। ਬਿਗਾਨੇ ਮੁਲਕ ਵਿਚ ਕਾਨੂੰਨ ਦੀ ਖਿ਼ਲਾਫ਼ਵਰਜ਼ੀ ‘ਅੰਦਰ’
ਵੀ ਕਰਵਾ ਸਕਦੀ ਸੀ। ਤੇ ਉਥੇ ਸਾਡਾ ਕੌਣ ਵਾਲੀ-ਵਾਰਿਸ ਸੀ।
ਪਰ ਰਿਜ਼ਵਾਨ ਅਹਿਮਦ ਸਵੇਰ ਤੋਂ ਹੀ ਕਹਿ ਰਿਹਾ ਸੀ ਕਿ ਉਸ ਦੀ ਗੱਲ ਹੋ ਚੁੱਕੀ ਹੈ। ਸਾਨੂੰ
ਕੋਈ ਕੁਝ ਨਹੀਂ ਆਖਣ ਲੱਗਾ। ਨਿਸਚੇ ਹੀ ਉਸ ਨੇ ਕਿਸੇ ਉਪਰਲੇ ਅਧਿਕਾਰੀ ਨਾਲ ਗੱਲ ਕੀਤੀ
ਹੋਵੇਗੀ, ਤਦੇ ਹੀ ਤਾਂ ਉਹ ਏਨੇ ਵਿਸ਼ਵਾਸ ਨਾਲ ਕਹਿ ਰਿਹਾ ਸੀ, ‘‘ਫਿਕਰ ਨਾ ਕਰੋ। ਮੈਂ ਬੈਠਾ
ਹਾਂ।’’
‘‘ਚੱਲ ਵੇਖੀ ਜਾਊ!’’ ਜਗਤਾਰ ਨੇ ਕਿਹਾ ਤੇ ਸਾਡੀ ਕਾਰ ਪੁਲੀਸ ਦੇ ਕੋਲੋਂ ਅੱਗੇ ਲੰਘ ਗਈ।
ਉਂਜ ਕਿਸੇ ਵੇਲੇ ਵੀ ਘੇਰ ਕੇ ਪੁੱਛ ਗਿੱਛ ਕੀਤੇ ਜਾਣ ਦਾ ਡਰ ਸਾਨੂੰ ਅੰਦਰੋ ਅੰਦਰ ਕੁਤਰਦਾ
ਹੀ ਰਿਹਾ।
ਸੜਕਾਂ ਉਤੋਂ ਧੂੜ ਉਡ ਰਹੀ ਸੀ। ਲਾਹੌਰ ਸ਼ਹਿਰ ਦਾ ਬਾਹਰਲਾ ਇਲਾਕਾ ਤੇ ਸ਼ਾਹਦਰੇ ਦਾ ਇਹ
ਇਲਾਕਾ ਫਲੈਟੀਜ਼ ਹੋਟਲ ਦੇ ਚੌਗਿਰਦੇ ਨਾਲੋਂ ਭਿੰਨ ਸੀ। ਇਥੇ ਮੱਧ-ਸ਼ੇਣੀ ਤੇ ਹੇਠਲੀ
ਮੱਧ-ਸ਼੍ਰੇਣੀ ਦੇ ਲੋਕ ਵਸਦੇ ਸਨ। ਮਾਲ ਰੋਡ ਤੇ ਮਾਡਲ ਟਾਊਨ ਤੇ ਗੁਲਬਰਗ ਵਾਲੀ ਅਮੀਰੀ ਠਾਠ
ਇਥੇ ਨਹੀਂ ਸੀ।
ਅਸੀਂ ਵਿਸ਼ਾਲ ਚਾਰਦੀਵਾਰੀ ਅੰਦਰ ਘਿਰੇ ਘਾਹ ਦੇ ਲਾਅਨਾਂ ਵਿਚ ਜਹਾਂਗੀਰ ਦੇ ਮਕਬਰੇ ਅੰਦਰ
ਫਿਰਦਿਆਂ ਉਸ ਸਮੇਂ ਵਿਚ ਉਤਰਨ ਦਾ ਯਤਨ ਕੀਤਾ। ਜਹਾਂਗੀਰ ਦੀ ਆਸ਼ਕ-ਮਿਜ਼ਾਜੀ ; ਅਨਾਰ ਕਲੀ
ਤੇ ਨੂਰਜਹਾਂ ਦਾ ਇਸ਼ਕ, ਹਿੰਦੁਸਤਾਨ ਦੀ ਬਾਦਸ਼ਾਹਤ ਤੇ ਜਹਾਂਗੀਰੀ ਅਦਲ ਦੀਆਂ ਕਹਾਣੀਆਂ
ਚੇਤੇ ਆਈਆਂ। ਇਸੇ ‘ਅਦਲ’ ਦੇ ਪ੍ਰਸੰਗ ਵਿਚ ਗੁਰੂ ਅਰਜਨ ਦੇਵ ਦੀ ਸ਼ਹੀਦੀ ਯਾਦ ਆਈ ਜਿਸ ਦੀ
‘ਝੂਠ ਦੀ ਦੁਕਾਨ’ ਬੰਦ ਕਰਵਾਉਣ ਦੀ ‘ਚਿੰਤਾ’ ਦਾ ਜਿ਼ਕਰ ਜਹਾਂਗੀਰ ਦੀ ਸਵੈ-ਜੀਵਨੀ,
‘ਤੁਜ਼ਕੇ ਜਹਾਂਗੀਰੀ’ ਵਿਚ ਵੀ ਆਉਂਦਾ ਹੈ। ਸੰਗਮਰਮਰ ਦੀ ਸਿਲ ਉਤੇ ਸੰਨ ਹਿਜਰੀ 1037 ਵਿਚ,
‘ਮਰਕਦੇ ਮੁਨੱਵਰ ਆਲ੍ਹਾ ਹਜ਼ਰਤ ਗੁਫਰਾਨਾ-ਪਨਾਹ ਨੂਰ-ਉ-ਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ’
ਦੇ ਇਸ ਸੰਸਾਰ ਤੋਂ ਕੂਚ ਕਰ ਜਾਣ ਦਾ ਜਿ਼ਕਰ ਦਰਜ ਸੀ। ਮੇਰੇ ਅੰਦਰੋਂ ਬਾਬਾ ਫਰੀਦ ਬੋਲਿਆ:
ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ।
ਕੂੜਾ ਸੌਦਾ ਕਰ ਗਏ ਗੋਰੀਂ ਜਾ ਪਏ।
ਮੈਨੂੰ ‘ਸੱਚਾ ਸੌਦਾ’ ਕਰਨ ਵਾਲੇ ਦੀ ਪੰਜਵੀਂ ਜੋਤ ਦਾ ਮੋਹ ਜਾਗਿਆ ਜਿਸ ਨੇ ਗੁਰੂ ਗ੍ਰੰਥ
ਸਾਹਿਬ ਨੂੰ ਸੰਪਾਦਤ ਕਰਨ ਸਮੇਂ ਬਾਬਾ ਫਰੀਦ ਨੂੰ ਨਮਸਕਾਰ ਕਰਕੇ ਉਨ੍ਹਾਂ ਦੀ ਬਾਣੀ ਗੁਰੂ
ਗ੍ਰੰਥ ਸਾਹਿਬ ਵਿਚ ਦਰਜ ਕਰਦਿਆਂ ਇਹ ਸੰਦੇਸ਼ ਦਿੱਤਾ ਸੀ ਕਿ ਸੱਚਾ ਮੁਸਲਮਾਨ ਤੇ ਸੱਚਾ
ਹਿੰਦੂ ਕੋਈ ਅਲੱਗ ਨਹੀਂ ਸਗੋਂ ਸੱਚੀ ਸੁੱਚੀ ਇਨਸਾਨੀਅਤ ਦਾ ਇਕੋ ਰੂਪ ਹਨ ਤੇ ਉਹਨਾਂ ਨਪੀੜੇ
ਲਤਾੜੇ ਲੋਕਾਂ ਦੀ ਇਕ ਆਪਣੀ ਧਿਰ ਹੈ ਜਿਹੜੀ ਧਿਰ ਮਨੁੱਖੀ ਹਿਤ ਪਾਲਣ ਦਾ ਸੱਚਾ ਸੌਦਾ ਕਰ
ਰਹੀ ਹੈ ਤੇ ਉਹਦਾ ਕੂੜਾ ਸੌਦਾ ਕਰਨ ਵਾਲਿਆਂ ਨਾਲ ਕੋਈ ਵਾਸਤਾ ਨਹੀਂ।
ਗਰਮੀ ਜ਼ੋਰ ਫੜ ਰਹੀ ਸੀ। ਡਰਾਈਵਰ ਨੇ ਦੱਸਿਆ ‘ਮਹਿਮਾਨਾਂ’ ਕਰਕੇ ਕਾਰ ਪਾਰਕਿੰਗ ਵਾਲੇ ਨੇ
ਪੈਸੇ ਨਹੀਂ ਲਏ। ਹੁਣ ਅਸੀਂ ਨੂਰਜਹਾਂ ਦੇ ਮਕਬਰੇ ਵੱਲ ਤੁਰੇ। ਉੱਚੀ ਲਾਈਨ ਤੋਂ ਪਰਲੇ ਪਾਰ
ਨੂਰਜਹਾਂ ਦਾ ਮਕਬਰਾ ਦਿੱਸ ਰਿਹਾ ਸੀ, ਮਸਾਂ ਪੰਜਾਹ ਗ਼ਜ਼ ਦੀ ਵਿੱਥ ‘ਤੇ। ਜਗਤਾਰ ਅਤੇ ਉਮਰ
ਗਨੀ ਹੁਰਾਂ ਦੀ ਉਸ ਨੂੰ ਦੇਖਣ ਦੀ ਤਾਂਘ ਨਹੀਂ ਸੀ। ਉਹ ਤਾਂ ਕਈ ਵਾਰ ਦੇਖ ਚੁੱਕੇ ਸਨ।
ਜਗਤਾਰ ਨੂੰ ਉਂਜ ਵੀ ਸਾਹ ਦੀ ਤਕਲੀਫ਼ ਸੀ।
ਉਸ ਨੇ ਮੈਨੂੰ ਕਿਹਾ ਕਿ ਮੈਂ ਉਤਰ ਕੇ ਲਾਈਨੋਂ ਪਾਰ ਜਾ ਕੇ ਮਕਬਰੇ ‘ਤੇ ਝਾਤੀ ਮਾਰ ਆਵਾਂ।
ਜਹਾਂਗੀਰ ਦੇ ਮਕਬਰੇ ਨਾਲੋਂ ਉਸ ਵਿਚ ਕੋਈ ਅਲੋਕਾਰ ਗੱਲ ਨਹੀਂ। ਮੇਰੇ ਮਨ ਵਿਚ ਸੀ ਕਿ
ਜਿ਼ਆਦਾ ਥਕਾਵਟ ਹੋ ਜਾਣ ਦੇ ਡਰੋਂ ਜਗਤਾਰ ਕਿਤੇ ਵਾਪਸੀ ਦਾ ਐਲਾਨ ਨਾ ਕਰ ਦੇਵੇ। ਮੈਂ ਅੱਜ
ਗੁਰਦੁਆਰਾ ਡੇਹਰਾ ਸਾਹਿਬ ਜ਼ਰੂਰ ਵੇਖਣਾ ਚਾਹੁੰਦਾ ਸਾਂ। ਅਗਲੇ ਦਿਨਾਂ ਵਿਚ ਪਤਾ ਨਹੀਂ ਮੌਕਾ
ਲੱਗੇ ਜਾ ਨਾ ਲੱਗੇ। ਮੇਰੇ ਹੱਥਾਂ ਵਿਚ ਸ਼ਾਹ ਹੁਸੈਨ ਦੀ ਮਜ਼ਾਰ ‘ਤੇ ਸਾਈਂ ਲੋਕ ਵਲੋਂ
ਦਿੱਤਾ ਫੁੱਲ ਪੱਤੀਆਂ ਦਾ ਲਿਫ਼ਾਫ਼ਾ ਵੀ ਸੀ ਜੋ ਮੈਂ ਸ਼ਾਹ ਦੇ ਸਮਕਾਲੀ ਗੁਰੂ ਅਰਜਨ ਦੇਵ ਦੇ
ਹਜ਼ੂਰ ਪੇਸ਼ ਕਰਨਾ ਚਾਹੁੰਦਾ ਸਾਂ। ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰੇ ਤੇ ਗੁਰੂ ਗ੍ਰੰਥ
ਸਾਹਿਬ ਦੇ ਸਾਹਮਣੇ। ਭਾਰਤ ਤਕ ਜਾਦਿਆਂ ਇਹ ਫੁੱਲ ਕੁਮਲਾ ਜਾਣੇ ਸਨ ਤੇ ਮੈਂ ਇਨ੍ਹਾਂ ਦੀ
ਮਹਿਕ ਮਰਨ ਨਹੀਂ ਸਾਂ ਦੇਣੀ ਚਾਹੁੰਦਾ। ਸਾਈਂ ਲੋਕ ਅੱਗੇ ਵੀ ਝੂਠਾ ਨਹੀਂ ਸਾਂ ਹੋਣਾ
ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਇਹ ਫੁੱਲ ਭੇਟਾ ਕਰਨਾ ਚਾਹੁੰਦਾ ਸਾਂ।
ਨੂਰਜਹਾਂ ਦਾ ਮਕਬਰਾ ਮੈਨੂੰ ਦਿੱਸ ਰਿਹਾ ਸੀ ਤੇ ਮੋਹਨ ਸਿੰਘ ਦੀ ਕਵਿਤਾ ਵੀ ਜਿ਼ਹਨ ‘ਚੋਂ
ਗੁਜ਼ਰ ਰਹੀ ਸੀ। ਨੂਰਜਹਾਂ ਦੀ ਆਪਣੀ ਕਬਰ ‘ਤੇ ਲਿਖਵਾਇਆ ਨਿਰਮਾਣ ਸਿ਼ਅਰ ਵੀ ਚੇਤੇ ਆ ਰਿਹਾ
ਸੀ, ਪਰ ਮੈਂ ਇਹ ਸਭ ਕੁਝ ਮਨ ਹੀ ਮਨ ਕਲਪ ਕੇ ਇਕੱਲੇ ਨੇ ਅੱਗੇ ਜਾਣੋਂ ਇਨਕਾਰ ਕਰ ਦਿੱਤਾ।
ਵਾਪਸੀ ਉਤੇ ਰਾਵੀ ਦੇ ਪੁਲ ਤੋਂ ਗੁਜ਼ਰਦਿਆਂ ਇਕ ਹੋਰ ਲੋਕ ਬੋਲੀ ਮੇਰੀ ਸੁਰਤ ਵਿਚ ਗੂੰਜੀ :
ਰਾਵੀ ਕਿਨਾਰੇ ਘੁੱਗੀਆਂ ਦਾ ਜੋੜਾ
ਇਕ ਘੁੱਗੀ ਉਡਗੀ ਪੈ ਗਿਆ ਵਿਛੋੜਾ
ਉੱਡ ਗਈ ਘੁੱਗੀ ਮੈਂ ਤੇ ਜਗਤਾਰ ਸਾਂ, ਪਿੱਛੇ ਰਹੀ ਘੁੱਗੀ ਉਮਰ ਗਨੀ ਤੇ ਰਿਜ਼ਵਾਨ ਸਨ। ਉੱਡ
ਗਈ ਘੁੱਗੀ ਸਤਿਆਰਥੀ, ਪਿੱਛੇ ਰਹੀ ਘੁੱਗੀ ਡਾ. ਇਕਬਾਲ। ਉੱਡ ਗਈ ਘੁੱਗੀ ਮਾਧੋ ਲਾਲ, ਪਿੱਛੇ
ਰਹੀ ਘੁੱਗੀ ਸ਼ਾਹ ਹੁਸੈਨ। ਉੱਡ ਗਈ ਘੁੱਗੀ ਬਾਬਾ ਨਾਨਕ, ਪਿੱਛੇ ਰਹੀ ਘੁੱਗੀ ਬਾਬਾ ਫ਼ਰੀਦ।
ਕਾਸ਼! ਰਾਵੀ ਵਗਦੀ ਰਹੇ, ਮੋਹ ਮੁਹੱਬਤ ਨਾਲ ਭਰੀ ਤੇ ਵਿਛੜੀਆਂ ਘੁੱਗੀਆਂ ਦਾ ਕਦੇ ਮੇਲ ਹੋ
ਸਕੇ!
ਗੁਰਦੁਆਰਾ ਡੇਹਰਾ ਸਾਹਿਬ ਪਹੁੰਚ ਕੇ ਅਸੀਂ ਵੇਖਿਆ ਗੁਰਦੁਆਰੇ ਦੇ ਬਾਹਰ ਅਤੇ ਅੰਦਰ ਨੀਲੀਆਂ,
ਪੀਲੀਆਂ, ਲਾਲ ਤੇ ਚਿੱਟੀਆਂ ਦਸਤਾਰਾਂ ਇਕ ਭੀੜ ਦੇ ਰੂਪ ਵਿਚ ਨਜ਼ਰ ਆ ਰਹੀਆਂ ਸਨ। ਜਿਵੇਂ
ਅੰਮ੍ਰਿਤਸਰ ਤੇ ਤਰਨ ਤਾਰਨ ਵਿਚ ਦੀਵਾਲੀ, ਵਿਸਾਖੀ ਜਾਂ ਮੱਸਿਆ ਦੇ ਮੇਲੇ ਉਤੇ ਘੁੰਮ ਰਹੇ
ਹੋਈਏ। ਅਸਲ ਵਿਚ ਪੰਜਾ ਸਾਹਿਬ ਦੀ ਵਿਸਾਖੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੁਆਰਾ ਭੇਜਿਆ ਜਥਾ ‘ਪੰਜਾ ਸਾਹਿਬ’ ਦੇ ਦਰਸ਼ਨਾਂ ਉਪਰੰਤ ਲਾਹੌਰ ਪਹੁੰਚ ਚੁੱਕਾ ਸੀ
ਤੇ ਕੱਲ੍ਹ ਤੋਂ ਗੁਰਦੁਆਰਾ ਡੇਰਾ ਸਾਹਿਬ ਵਿਚ ਉਤਾਰੇ ਕੀਤੇ ਹੋਏ ਸਨ। ਜਥੇ ਦੀ ਰਿਹਾਇਸ਼ ਲਈ
ਲੋੜੀਂਦਾ ਪ੍ਰਬੰਧ ਨਾ ਹੋਣ ਕਰਕੇ ਗੁਰਦੁਆਰੇ ਨਾਲ ਲੱਗਦੀ ਗਰਾਊਂਡ ਵਿਚ ਟੈਂਟ ਅਤੇ ਕਨਾਤਾਂ
ਲਾ ਕੇ ਛੋਟੇ ਛੋਟੇ ਕਮਰੇ ਜਿਹੇ ਬਣਾਏ ਹੋਏ ਸਨ ਜਿਨ੍ਹਾਂ ਵਿਚ ਜਥੇ ਦੇ ਲੋਕ ਆਪੋ ਆਪਣੇ ਸਾਥ
ਵਿਚ ਠਹਿਰੇ ਹੋਏ ਸਨ।
ਲਾਊਡ ਸਪੀਕਰ ‘ਤੇ ਟੇਪ ਰਿਕਾਰਡਰ ਵਿਚੋਂ ਬੋਲਦੇ ਕਵੀਸ਼ਰੀ ਜਥੇ ਦੀ ਉੱਚੀ ਆਵਾਜ਼ ਲਾਹੌਰ ਦੇ
ਬਾਜ਼ਾਰਾਂ ਵਿਚ ਦੂਰ ਤਾਈਂ ਗੂੰਜ ਰਹੀ ਸੀ। ਸਿੰਘਾਂ ਨੇ ਲਾਹੌਰ ਨੂੰ ਆਨੰਦਪੁਰ ਸਾਹਿਬ ਬਣਾਇਆ
ਹੋਇਆ ਸੀ।
ਗੁਰਦੁਆਰੇ ਤੋਂ ਵੀਹ ਪੰਝੀ ਫੁੱਟ ਦੀ ਵਿੱਥ ਉਤੇ ਸੀ ਲਾਹੌਰ ਦਾ ਸ਼ਾਹੀ ਕਿਲਾ। ਇਕ ਛੋਟੀ
ਜਿਹੀ ਸੜਕ ਸੀ ਦੋਹਾਂ ਦਰਮਿਆਨ। ਸ਼ਾਹੀ ਕਿਲੇ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਗੁਰਦੁਆਰਾ
ਬਹੁਤ ਛੋਟਾ ਜਿਹਾ ਲੱਗ ਰਿਹਾ ਸੀ। ਮੈਂ ਡਾ. ਜਗਤਾਰ ਨਾਲ ਗੱਲ ਕੀਤੀ ਤਾਂ ਉਸ ਨੇ ਹਾਮੀ
ਭਰਦਿਆਂ ਨਾਲ ਹੀ ਜਹਾਂਗੀਰ ਦੇ ਮਕਬਰੇ ਉਤੇ ਮੇਰੇ ਵਲੋਂ ਆਖੀ ਬਾਬਾ ਫਰੀਦ ਦੀ ‘ਕੂੜਾ ਸੌਦਾ
ਕਰ ਗਏ ਗੋਰੀਂ ਜਾ ਪਏ’ ਵਾਲੀ ਗੱਲ ਦੁਹਰਾਈ ਤੇ ਨਾਲ ਹੀ ਫ਼ਰੀਦ ਦੇ ਖਿ਼ਆਲਾਂ ਦੇ ਪੈਰੋਕਾਰ
ਮੁਸਲਮਾਨ ਸਾਈਂ ਸੂਫੀ ਫਕੀਰ ਹਜ਼ਰਤ ਬਾਹੂ ਦਾ ਕਲਾਮ ਚੇਤੇ ਕਰਦਿਆਂ ਗੁਰੂ ਅਰਜਨ ਦੇਵ ਨੂੰ
ਨਮਸਕਾਰ ਕੀਤੀ :
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ
ਕਬਰ ਜਿਨ੍ਹਾਂ ਦੀ ਜੀਵੇ ਹੂ
ਸ਼ਹੀਦ ਹੋ ਕੇ ਵੀ ਗੁਰੂ ਅਰਜਨ ਦੇਵ ਜਿਉਂਦੇ ਹਨ। ਉਨ੍ਹਾਂ ਜਿਹੇ ਹੋਰ ਮਹਾਂਪੁਰਸ਼ਾਂ ਦੇ ਉਰਸ
‘ਤੇ ਬਰਸੀਆਂ ਮਨਾਈਆਂ ਜਾਂਦੀਆਂ ਸਨ। ਹਜ਼ਾਰਾਂ ਦੀਆਂ ਭੀੜਾਂ ਜੁੜਦੀਆਂ ਸਨ। ਕੀ ਜਹਾਂਗੀਰ ਦੀ
ਯਾਦ ਵੀ ਇੰਜ ਹੀ ਮਨਾਈ ਜਾਂਦੀ ਸੀ?
ਅਸੀਂ ਗੁਰਦੁਆਰੇ ਦੇ ਅੰਦਰ ਜਾਣ ਲਈ ਵਧੇ ਤਾਂ ਬਾਹਰ ਖਲੋਤੇ ਪਾਕਿ-ਪੁਲੀਸ ਦੇ ਚਿਟ ਕੱਪੜੀਏ
ਸਿਪਾਹੀਆਂ ਨੇ ਉਮਰਗਨੀ ਤੇ ਰਿਜ਼ਵਾਨ ਨੂੰ ਰੋਕ ਲਿਆ। ਉਹ ਅੰਦਰ ਨਹੀਂ ਸਨ ਜਾ ਸਕਦੇ। ਮੈਂ
ਸੋਚਿਆ ਰਿਜ਼ਵਾਨ ‘ਉਤੇ ਹੋਈ ਗੱਲ’ ਉਨ੍ਹਾਂ ਨਾਲ ਸਾਂਝੀ ਕਰੇਗਾ ਪਰ ਉਹ ਇਕ ਪਾਸੇ ਛਿੱਥਾ
ਜਿਹਾ ਹੋ ਕੇ ਖਲੋ ਗਿਆ। ਉਨ੍ਹਾਂ ਦੇ ਰੋਕੇ ਜਾਣ ਵਾਲੀ ਗੱਲ ਸਾਨੂੰ ਚੰਗੀ ਨਾ ਲੱਗੀ। ਗੁਰੂ
ਘਰ ਤਾਂ ਸਭ ਦਾ ਦਾਖ਼ਲਾ ਪਰਵਾਨ ਸੀ ਪਰ ਅਗਲਿਆਂ ਮੁਤਾਬਕ ਕੋਈ ‘ਗਲਤ ਅਨਸਰ’ ਅੰਦਰ ਜਾ ਕੇ
ਗੜਬੜ ਕਰ ਸਕਦਾ ਸੀ।
ਅਸੀ ਹੁਣੇ ਹੀ ਮੱਥਾ ਟੇਕ ਕੇ ਵਾਪਸ ਪਰਤਣ ਦਾ ਧਰਵਾਸ ਦੇ ਕੇ ਛੋਟੀ ਜਿਹੀ ਡਿਊੜੀ ਦੇ ਬਾਹਰ
ਜੁੱਤੀਆਂ ਉਤਾਰੀਆਂ ਤੇ ਗੁਰਦੁਆਰੇ ਦੇ ਨਿੱਕੇ ਜਿਹੇ ਸਿਹਨ ਵਿਚ ਦਾਖ਼ਲ ਹੋਏ। ਗੁਰਦੁਆਰੇ ਵਿਚ
ਪਾਠ ਹੋ ਰਿਹਾ ਸੀ। ਸੰਗਤਾਂ ਬਿਰਾਜਮਾਨ ਸਨ। ਮੈਂ ਮੱਥਾ ਟੇਕਿਆ ਤੇ ਸ਼ਾਹ ਹੁਸੈਨ ਦੀ ਮਜ਼ਾਰ
ਉਤੇ ਸਾਈਂ ਵਲੋਂ ਭੇਟ ਕੀਤੀਆਂ ਗੁਲਾਬ ਦੀਆਂ ਫੁੱਲ-ਪੱਤੀਆਂ ਵਾਲਾ ਲਿਫ਼ਾਫ਼ਾ ਗੁਰੂ ਗ੍ਰੰਥ
ਸਾਹਿਬ ਦੇ ਸਾਹਮਣੇ ਮੂਧਾ ਕਰ ਦਿੱਤਾ। ਗੁਲਾਬ ਦੇ ਫੁੱਲਾਂ ਦੀ ਮਿੱਠੀ ਖ਼ੁਸ਼ਬੋ ਮਾਹੌਲ ਵਿਚ
ਫੈਲੀ। ਮੈਨੂੰ ਲੱਗਾ ਸ਼ਾਹ ਹੁਸੈਨ ਤੇ ਗੁਰੂ ਅਰਜਨ ਦੇਵ ਇਕ ਦੂਜੇ ਦੀ ਸੰਗਤ ਵਿਚ ਇਕੱਠੇ ਬੈਠ
ਕੇ ਬਚਨ ਬਿਲਾਸ ਕਰ ਰਹੇ ਹੋਣ ‘ਤੇ ਚੁਫ਼ੇਰੇ ਉਨ੍ਹਾਂ ਦੇ ਬੋਲਾਂ ਦੀ ਸੁਗੰਧੀ ਪਸਰ ਗਈ ਹੋਵੇ।
ਗੁਰਦੁਆਰੇ ਦੇ ਪਿਛਲੇ ਦਰਵਾਜ਼ੇ ਵਿਚੋਂ ਨਿਕਲ ਕੇ ਅਸੀਂ ਅੰਦਰ ਗਏ। ਖ਼ਾਲਿਸਤਾਨੀ ਜਥੇਬੰਦੀਆਂ
‘ਦਲ ਖ਼ਾਲਸਾ’, ‘ਖ਼ਾਲਿਸਤਾਨ ਕਮਾਂਡੋ ਫੋਰਸ’ ਤੇ ‘ਬੱਬਰ ਖ਼ਾਲਸਾ’ ਆਦਿ ਦੇ ਬੈਨਰ ਲੱਗੇ ਹੋਏ
ਸਨ। ਇਨ੍ਹਾਂ ਜਥੇਬੰਦੀਆਂ ‘ਚੋਂ ਹੀ ਕਿਸੇ ਇਕ ਵਲੋਂ ਮਿੱਠੇ ਪਾਣੀ ਦੀ ਛਬੀਲ ਲੱਗੀ ਹੋਈ ਸੀ।
‘‘ਇੱਥੇ ਗੁਰਦੁਆਰੇ ਵਿਚ ਉਨ੍ਹਾਂ ਦੇ ਬੰਦੇ ਪੱਕੇ ਤੌਰ ‘ਤੇ ਰਹਿੰਦੇ ਵੀ ਨੇ।’’ ਜਗਤਾਰ ਨੇ
ਆਖਿਆ। ਜਿਨ੍ਹਾਂ ਕਮਰਿਆਂ ਵਿਚ ਉਨ੍ਹਾਂ ਦੀ ਰਿਹਾਇਸ਼ ਦਾ ਅੰਦੇਸ਼ਾ ਜਗਤਾਰ ਨੂੰ ਸੀ, ਉਨ੍ਹਾਂ
ਕਮਰਿਆਂ ਵਿਚ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬੈਠੇ ਹੋਏ ਸਨ। ਸ਼ਾਇਦ ਇਹ ਕਮਰੇ
ਉਨ੍ਹਾਂ ਨੂੰ ਅਲਾਟ ਹੋਏ ਸਨ।
ਉਂਜ ਦਲ ਖ਼ਾਲਸਾ ਦਾ ਗਜਿੰਦਰ ਸਿੰਘ ਤੇ ਉਸ ਦੇ ਦੋ ਤਿੰਨ ਹੋਰ ਸਾਥੀ ਰੋਜ਼ ਹੀ ਕਾਨਫ਼ਰੰਸ
ਵਿਚ ਹਾਜ਼ਰ ਹੁੰਦੇ ਤੇ ਕਿਸੇ ਨਾ ਕਿਸੇ ਨੁੱਕਰ ਵਿਚ ਖਲੋਤੇ ਜਾ ਲੌਬੀ ਵਿਚ ਬੈਠੇ ਆਪਣੀ
‘ਚੋਣ’ ਦੇ ਬੰਦਿਆਂ ਨਾਲ ਗੱਲਬਾਤ ਕਰ ਰਹੇ ਹੁੰਦੇ। ਸੈਸ਼ਨ ਖ਼ਤਮ ਹੋਣ ਉਪਰੰਤ ਜਾਣੂ ਬੰਦਿਆਂ
ਦੇ ਰਾਹੀਂ ਆਮ ਡੈਲੀਗੇਟਾਂ ਨਾਲ ਵੀ ਹੱਥ ਮਿਲਾਉਂਦੇ ਹਾਲ-ਚਾਲ ਪੁੱਛ ਰਹੇ ਹੁੰਦੇ। ਇਕ ਦਿਨ
ਲਾਅਨ ਵਿਚ ਖੜੋਤੀ ਭੀੜ ਵਿਚ ਮੈਂ ਵੀ ਉਨ੍ਹਾਂ ਦੇ ਕੋਲ ਜਿਹੇ ਕਰਕੇ ਹੀ ਖੜੋਤਾ ਸਾਂ। ਇਕ ਜਣੇ
ਨੇ ਕਿਸੇ ਡੈਲੀਗੇਟ ਨਾਲ ਜਾਣ ਪਛਾਣ ਕਰਵਾਉਣ ਲਈ ਜਦੋਂ ਗਜਿੰਦਰ ਸਿੰਘ ਨਾਲ ਖੜੋਤੇ ਇਕ
ਨੌਜਵਾਨ ਬਾਰੇ ਕੁਝ ਦੱਸਣਾ ਚਾਹਿਆ ਤਾਂ ਉਸ ਨੌਜਵਾਨ ਨੇ ਆਪਣੀ ਪਛਾਣ ਲੁਕਾਈ ਰੱਖਣ ਲਈ
ਵਿਚੋਲੇ ਨੂੰ ਅੱਖ ਨੱਪੀ। ਪਰ ਗਜਿੰਦਰ ਸਿੰਘ ਬਾਰੇ ਤਾਂ ਮੈਨੂੰ ਵੀ ਪਤਾ ਸੀ। ਉਹ ਭਾਰਤੀ
ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਜਾਣ ਵਾਲੇ ਟੋਲੇ ਦਾ ਆਗੂ ਸੀ। ਹਾਈ ਜੈਕਿੰਗ ਦੀ
ਨਿਸਚਿਤ ਸਜ਼ਾ ਭੁਗਤਣ ਪਿਛੋਂ ਅੱਜ ਕੱਲ੍ਹ ਪਾਕਿਸਤਾਨ ਵਿਚ ਹੀ ਰਹਿ ਰਿਹਾ ਸੀ।
ਦਰਮਿਆਨੇ ਕੱਦ ਵਾਲੇ ਗਜਿੰਦਰ ਸਿੰਘ ਨੇ ਕੋਕਾ ਕੋਲਾ ਰੰਗ ਦੀ ਨੋਕਦਾਰ ਪੱਗ ਸਵਾਰ ਕੇ ਬੱਧੀ
ਹੋਈ ਸੀ। ਫਿੱਕੇ ਮੱਧਮ ਰੰਗ ਦੀ ਕਮੀਜ਼ ਤੇ ਨਸਵਾਰੀ ਜਿਹੀ ਪੈਂਟ। ਗੋਰਾ ਰੰਗ, ਤਿੱਖੇ ਨਕਸ਼।
ਖੁੱਲ੍ਹੀ ਦਾੜ੍ਹੀ ਚਿੱਟੀ ਹੋ ਚੱਲੀ ਸੀ। ਮੈਂ ਜਦੋਂ ਵੀ ਵੇਖਦਾ ਉਹ ਚੁੱਪ-ਚਾਪ ਗੰਭੀਰ ਮੁਦਰਾ
‘ਚ ਖਲੋਤਾ ਹੁੰਦਾ। ਘੱਟ ਗੱਲ ਕਰਦਾ ਜਾਪਦਾ। ਭੀੜ ਵਿਚ ਇਧਰ-ਉਧਰ ਤੁਰਿਆ ਫਿਰਦਾ। ਪੀਲੀ ਪੱਗ
ਤੇ ਭਾਰੀ ਖੁੱਲੇ ਦਾੜ੍ਹੇ ਵਾਲਾ ਉਸ ਦਾ ਇਕ ਸਾਥੀ ਤੇ ਉਹ ਨੌਜਵਾਨ ਅਕਸਰ ਹੱਸ ਹੱਸ ਕੇ
ਦੂਜਿਆਂ ਨਾਲ ਗੱਲਾਂ ਕਰਦੇ ਨਜ਼ਰ ਆਉਂਦੇ। ਪਰ ਗਜਿੰਦਰ ਸਿੰਘ ਦੇ ਚਿਹਰੇ ‘ਤੇ ਮੈਨੂੰ ਅਜਿਹਾ
ਹਾਸਾ ਨਜ਼ਰ ਨਹੀਂ ਸੀ ਆਉਂਦਾ। ਕਦੀ ਕਦੀ ਮੇਰੇ ਮਨ ਵਿਚ ਵੀ ਆਉਂਦਾ ਕਿ ‘ਦਲ ਖਾਲਸਾ’ ਦੇ ਇਸ
ਆਗੂ ਨਾਲ ਗੱਲਬਾਤ ਕਰਕੇ ਉਸ ਦੇ ਮਨ ਦੀ ਅਵਸਥਾ ਜਾਣਾਂ ਪਰ ਫਿਰ ਆਪ ਹੀ ਸੰਕੋਚ ਕਰ ਜਾਂਦਾ।
ਹੋ ਸਕਦੈ ਕੋਈ ਭਾਰਤੀ ਗੁਪਤਚਰ ਇਹ ਮਿਲਣੀਆਂ ਨੋਟ ਕਰ ਰਿਹਾ ਹੋਵੇ ਜਾਂ ਗਜਿੰਦਰ ਸਿੰਘ ਹੀ
ਮੇਰੇ ਨਾਲ ਦਿਲ ਦੀ ਗੱਲ ਕਰਨੀ ਮੁਨਾਸਬ ਨਾ ਸਮਝਦਾ ਹੋਵੇ। ਉਂਜ ਉਥੇ ਵਸਦੇ ਪੜ੍ਹੇ ਲਿਖੇ
ਪੰਜਾਬੀਆਂ ਵਿਚ ਵੀ ਉਹਦੀ ਚੰਗੀ ਜਾਣ-ਪਛਾਣ ਸੀ। ਲਾਅਨ ਵਿਚ ਖੜੋਤੇ ਗਜਿੰਦਰ ਸਿੰਘ ਨੂੰ ਗਲ
ਨਾਲ ਲਾ ਕੇ ਅਫਜ਼ਲ ਅਹਿਸਨ ਰੰਧਾਵਾ ਨੂੰ ਇਹ ਕਹਿੰਦਿਆਂ ਮੈਂ ਆਪ ਕੰਨੀਂ ਸੁਣਿਆ ‘‘ਤੂੰ ਤਾਂ
ਸਾਡਾ ਸ਼ੇਰ ਐਂ... ਸ਼ੇਰ...।’’
ਪਿੱਛੇ ਖਲੋਤਾ ਇਲਿਆਸ ਘੁੰਮਣ ਕਹਿ ਰਿਹਾ ਸੀ, ‘‘ਕਿਉਂ ਨਹੀਂ। ਕਿਉਂ ਨਹੀਂ।’’ ਇਸ ਲਈ ਕੋਈ
ਵੱਡੀ ਗੱਲ ਨਹੀਂ ਜੇ ਕਿਸੇ ਪਾਕਿਸਤਾਨੀ ਸ਼ਾਇਰ ਨੇ ਸਾਡੇ ਲੋਕਾਂ ਦੇ ਦੱਸਣ ਮੁਤਾਬਕ
ਮੁਸ਼ਾਇਰੇ ਵਿਚ ਇਹ ਕਵਿਤਾ ਪੜ੍ਹ ਦਿੱਤੀ ਹੋਵੇ। ‘‘ਗਜਿੰਦਰ ਸਿੰਘ! ਅਸੀਂ ਤੇਰੇ ਨਾਲ ਹਾਂ।’’
ਮੈਂ ਇਹ ਕਵਿਤਾ ਸੁਣਨ ਤੋਂ ਪਹਿਲਾਂ ਹੀ ਮੁਸ਼ਾਇਰੇ ਵਿਚੋਂ ਉਠ ਆਇਆ ਸਾਂ। ਪਰ ਇਸ ਵਿਚ ਤਾਂ
ਕੋਈ ਸ਼ੱਕ ਨਹੀਂ ਸੀ ਕਿ ਪਾਕਿਸਤਾਨ ਦੀ ਸਰਕਾਰ ਤੇ ਉਥੋਂ ਦੇ ਬਹੁਤੇ ਲੋਕਾਂ ਦਾ ਨਜ਼ਰੀਆ
ਗਜਿੰਦਰ ਸਿੰਘ ਦੇ ਨਾਲ ਹੀ ਸੀ। ਉਹ ਸਭ ਰਲ ਕੇ ‘ਖ਼ਾਲਿਸਤਾਨ’ ਦੇ ਅੰਗੂਰ ਡਿੱਗਣ ਦੀ ਉਡੀਕ
ਵਿਚ ਸਨ।
ਜਗਤਾਰ ਕਹਿਣ ਲੱਗਾ, ‘‘ਵਰਿਆਮ! ਐਹ ਨਾਲ ਹੀ ਪੌੜੀਆਂ ਚੜ੍ਹ ਕੇ ਦੇਖ ਆ। ਮਹਾਰਾਜਾ ਰਣਜੀਤ
ਸਿੰਘ ਦੀ ਸਮਾਧ ਹੈ। ਮੈਥੋਂ ਤਾਂ ਚੜ੍ਹਿਆ ਨਹੀਂ ਜਾਂਦਾ। ਨਾਲੇ ਮੈਂ ਚਾਹੁੰਨਾਂ ਤੂੰ ਕੋਈ
ਚੀਜ਼ ਵੇਖਣੋਂ ਰਹਿ ਨਾ ਜਾਵੇਂ।’’
ਗੁਰਦੁਆਰੇ ਦੇ ਨਾਲ ਹੀ ਲੱਗਦੀਆਂ ਪੌੜੀਆਂ ਚੜ੍ਹ ਕੇ ਮੈਂ ਉਪਰ ਗਿਆ। ਜਥੇ ਨਾਲ ਆਏ ਬਹੁਤ
ਸਾਰੇ ਲੋਕ ਸਮਾਧ ਦੁਆਲੇ ਬਣੀ ਪਰਿਕਰਮਾ ਵਿਚ ਲੇਟੇ ਹੋਏ ਸਨ। ਵਿਚਕਾਰ ਉੱਚਾ ਥੜ੍ਹਾ ਹੈ,
ਸਮਾਧੀ ਦੇ ਰੂਪ ਵਿਚ। ਇਥੇ ਪੰਜਾਬ ਦਾ ਮਹਾਰਾਜਾ ਸਦਾ ਦੀ ਨੀਂਦ ਸੁੱਤਾ ਪਿਆ ਹੈ। ਮੈਨੂੰ
ਆਪਣੇ ਇਲਾਕੇ ਦੇ ਸਵਰਗਵਾਸੀ ਢਾਡੀ ਪਿਆਰਾ ਸਿੰਘ ਪੰਛੀ ਦੀ ਕਵਿਤਾ ਯਾਦ ਆਈ। ਸ਼ਾਇਰ ਸੁਪਨੇ
ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉਤੇ ਜਾਂਦਾ ਹੈ ਤਾਂ ਮਹਾਰਾਜੇ ਦੀ ਮੜ੍ਹੀ ਉਸ ਨੂੰ
ਸੁਆਲ ਕਰਦੀ ਹੈ :
‘‘ਕਹਿੰਦੀ ਖਾਲਸਾ, ਧਰਮ
ਨਹੀਂ ਇਹ ਸਿੱਖ ਦਾ,
ਧੋਖਾ ਦੇਣਾ ਮਿੱਤਰਾਂ ਨੂੰ
ਤੁਸੀਂ ਆਪ ਤਾਂ ਆਜ਼ਾਦ ਹੋ ਕੇ ਬੈਠ ਗਏ
ਮੈਨੂੰ ਛੱਡ ਗੈਰਾਂ ਗੋਚਰਾ
ਰਾਜ ਕਰੂਗਾ ਜਹਾਨ ਉਤੇ ਖਾਲਸਾ
ਉੱਚੀ ਉੱਚੀ ਨਾਅਰੇ ਲਾਉਂਦੇ ਜੇ।’’
ਰਣਜੀਤ ਸਿੰਘ ਦੇ ਰਾਜ ਗਵਾਚਣ ਦਾ ਝੋਰਾ ਸਦਾ ਹੀ ਪੰਜਾਬੀਆਂ ਨੂੰ ਸਤਾਉਂਦਾ ਰਿਹਾ ਹੈ।
ਹੇਠਾਂ ਆਇਆ ਤਾਂ ਜਗਤਾਰ ਨੇ ਦੱਸਿਆ, ਕਿ ਔਹ ਸਾਹਮਣਾ ਦਰਵਾਜ਼ਾ ਹਜ਼ੂਰੀ ਬਾਗ਼ ਦਾ ਪ੍ਰਵੇਸ਼
ਦੁਆਰ ਹੈ।
‘‘ਕੀ ਇਹ ਉਹ ਦਰਵਾਜ਼ਾ ਤਾਂ ਨਹੀਂ ਜਿਸ ਦਾ ਛੱਜਾ ਡੇਗ ਕੇ ਕੰਵਰ ਨੌਨਿਹਾਲ ਸਿੰਘ ਨੂੰ
ਮਰਵਾਇਆ ਗਿਆ ਸੀ?’’
‘‘ਹਾਂ! ਇਹੀ ਹੈ।’’
ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਉਸ ਦਾ ਪੋਤਰਾ ਕੰਵਰ ਨੌ ਨਿਹਾਲ
ਸਿੰਘ ਹੀ ਇਸ ਯੋਗਤਾ ਦਾ ਮਾਲਕ ਸੀ ਜੋ ਪੰਜਾਬ ਦੀ ਵਾਗਡੋਰ ਸੰਭਾਲ ਸਕਦਾ ਸੀ। ਪਰ ਧਿਆਨ ਸਿੰਘ
ਡੋਗਰੇ ਦੀ ਬਦਨੀਤੀ ਨੇ ਉਸ ਦੀ ਜਾਨ ਲੈ ਲਈ। ਜਦੋਂ ਉਹ ਆਪਣੇ ਪਿਤਾ ਖੜਕ ਸਿੰਘ ਦਾ ਸਸਕਾਰ
ਕਰਕੇ ਪਰਤ ਰਿਹਾ ਸੀ ਤੇ ਐਨ ਜਦੋਂ ਕਿਲ੍ਹੇ ਦੇ ਇਸ ਸਾਹਮਣੇ ਦਰਵਾਜ਼ੇ ਵਿਚੋਂ ਗੁਜ਼ਰ ਰਿਹਾ
ਸੀ ਤਾਂ ਪਹਿਲਾਂ ਹੀ ਨਿਸਚਿਤ ਸਾਜਿ਼ਸ਼ੀ ਯੋਜਨਾ ਤਹਿਤ ਬਾਰੂਦ ਭਰਿਆ ਇਸ ਦਰਵਾਜ਼ੇ ਦਾ ਛੱਜਾ
ਕੰਵਰ ਨੌਨਿਹਾਲ ਸਿੰਘ ‘ਤੇ ਸੁੱਟ ਦਿੱਤਾ ਗਿਆ।
‘ਸਿੱਖ ਰਾਜ ਕਿਵੇਂ ਗਿਆ’ ਸੁਣਾਉਂਦਾ, ਸੋਹਣ ਸਿੰਘ ਸੀਤਲ ਪੁਕਾਰਿਆ, ‘‘ਕਿਲ੍ਹੇ ਦੇ ਦਰਵਾਜ਼ੇ
ਦਾ ਉਹ ਛੱਜਾ ਉਸ ਦਿਨ ਕੰਵਰ ਨੌਨਿਹਾਲ ਸਿੰਘ ‘ਤੇ ਨਹੀਂ ਡਿੱਗਾ ਸਗੋਂ ਪੰਜਾਬ ਦੀ ਕਿਸਮਤ ‘ਤੇ
ਡਿੱਗਾ ਸੀ। ਉਸ ਸਮੇਂ ਪੰਜਾਬ ਦਾ ਹੋਣਹਾਰ ਵਾਰਿਸ ਉਸ ਕੋਲੋਂ ਖੋਹ ਲਿਆ ਗਿਆ ਸੀ ਤੇ ਸਮੁੱਚਾ
ਪੰਜਾਬ ਸਾਜਿ਼ਸ਼ਾਂ ਦੇ ਹਵਾਲੇ ਹੋ ਕੇ ਰਹਿ ਗਿਆ।’’
ਛੱਜਾ ਡਿਗਿਆ ਕਿਸਮਤ ਪੰਜਾਬ ਦੀ ‘ਤੇ
ਫੱਟੜ ਮਹਾਰਾਜਾ ਨੌਨਿਹਾਲ ਹੋਇਆ।
ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ
ਲਾਗੂ ਜਾਨ ਦਾ ਜਿਹੜਾ ਚੰਡਾਲ ਹੋਇਆ।
ਮੈਂ ਕਲਪਨਾ ਵਿਚ ਡਿਗਦੇ ਛੱਜੇ, ਖਿਲਰਦੀਆਂ ਇੱਟਾਂ ਤੇ ਉੱਡਦੀ ਧੂੜ ਨੂੰ ਵੇਖਿਆ ਤੇ
ਧੂੜ-ਮਿੱਟੀ ‘ਚ ਜ਼ਮੀਨ ‘ਤੇ ਡਿੱਗਾ ਕੰਵਰ ਨੌਨਿਹਾਲ ਤੱਕਿਆ।
‘‘ਚੱਲ ਚੱਲੀਏ! ਆਪਣੇ ਬੰਦੇ ਬਾਹਰ ਉਡੀਕ ਰਹੇ ਨੇ।’’
ਜਗਤਾਰ ਨੇ ਯਾਦ ਦੁਆਇਆ।
ਮੱਥਾ ਟੇਕਿਆ ਤੇ ਅਸੀਂ ਬਾਹਰ ਆ ਗਏ।
ਸਾਡੇ ਸਾਥੀ ਕੰਧ ਦੀ ਛਾਂ ਦੀ ਓਟ ਵਿਚ ਖਲੋਤੇ ਸਾਨੂੰ ਉਡੀਕ ਰਹੇ ਸਨ। ਮੈਨੂੰ ਗੁੱਸਾ ਆਇਆ ਕਿ
ਪੁਲਿਸ ਨੇ ਸਾਡੇ ਬੰਦੇ ਤਾਂ ਰੋਕ ਲਏ ਗਏ ਸਨ ਪਰ ਕਈ ਮੁਸਲਮਾਨ ਅੰਦਰ ਫਿਰ ਤੁਰ ਰਹੇ ਸਨ
ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਜਥੇ ਦੇ ਬੰਦਿਆਂ ਵਲੋਂ ਲਿਆਂਦੀਆਂ ਚੀਜ਼ਾਂ ਵਸਤਾਂ ਬਾਰੇ
ਸੌਦੇ ਵੀ ਕਰਦੇ ਫਿਰਦੇ ਸਨ।
ਪਰ ਸਾਡਾ ਕੀ ਜ਼ੋਰ ਸੀ! ਜ਼ੋਰ ਤਾਂ ‘ਜ਼ੋਰ’ ਵਾਲੇ ਰਿਜ਼ਵਾਨ ਦਾ ਨਹੀਂ ਸੀ ਚੱਲਿਆ।
ਸਿਖਰ ਦੁਪਹਿਰ ਸਿਰ ‘ਤੇ ਸੀ। ਡਾ. ਜਗਤਾਰ ਥੱਕ ਗਿਆ ਸੀ। ਗੁਰਦੁਆਰੇ ਦੀ ਸੜਕ ਲੰਘ ਕੇ ਅਸੀਂ
ਅੰਦਰਵਾਰ ਹੋਏ। ਖੱਬੇ ਹੱਥ ਕਿਲ੍ਹੇ ਦੀ ਵਿਸ਼ਾਲ ਇਮਾਰਤ ਸੀ। ਸੱਜੇ ਹੱਥ ਪਾਰਕ ਤੋਂ ਪਾਰ ਸੀ
ਵਿਸ਼ਾਲ ਜਾਮਾ ਮਸਜਿਦ ਤੇ ਉਹਦੇ ਪੈਰਾਂ ਵਿਚ ਡਾ. ਇਕਬਾਲ ਦਾ ਮਕਬਰਾ।
‘‘ਇਹ ਸਭੋ ਕੁਝ ਨੂੰ ਅੱਜ ਬਾਹਰੋ-ਬਾਹਰ ਝਾਤੀ ਮਾਰ ਲੈ, ਅੰਦਰੋਂ ਇਨ੍ਹਾਂ ਨੂੰ ਕੱਲ੍ਹ
ਵੇਖਾਂਗੇ।’’
ਅਸੀਂ ਜਗਤਾਰ ਦੇ ਫ਼ੈਸਲੇ ਨਾਲ ਸਹਿਮਤ ਸਾਂ। ਵਾਪਸ ਪਰਤ ਰਹੇ ਸਾਂ ਤਾਂ ਮੈਂ ਕਿਲ੍ਹੇ ਵੱਲ
ਇਸ਼ਾਰਾ ਕਰਕੇ ਕਿਹਾ, ‘‘ਕਿਲ੍ਹੇ ਦੀ ਐਸ ਕੰਧ ਉਤੋਂ ਹੀ ਭਾਈ ਬਿਧੀ ਚੰਦ ਨੇ ਘੋੜੇ ਦੀ ਛਾਲ
ਦਰਿਆ ਵਿਚ ਮਰਵਾਈ ਸੀ?’’
ਉਦੋਂ ਰਾਵੀ ਦਰਿਆ ਕਿਲ੍ਹੇ ਦੇ ਨਾਲੋ-ਨਾਲ ਵਗਦਾ ਹੁੰਦਾ ਸੀ। ਤੱਤੀ ਲੋਹ ‘ਤੇ ਬੈਠਣ ਤੇ ਸਿਰ
ਵਿਚ ਸੜਦੀ-ਬਲਦੀ ਰੇਤ ਪਵਾਉਣ ਉਪਰੰਤ ਏਥੇ ਹੀ ਗੁਰੂ ਅਰਜਨ ਦੇਵ ਜੀ ਰਾਵੀ ਦੇ ਪਾਣੀਆਂ ਵਿਚ
ਇਸ਼ਨਾਨ ਕਰਕੇ ਜੋਤੀ-ਜੋਤ ਸਮਾਏ ਸਨ।
ਇਹੋ ਜਿਹੇ ਅਸਹਿ ਤੇ ਅਕਹਿ ਦੁੱਖ ਸਹਿਣ ਦੀ ਇਤਿਹਾਸਕ ਉਦਾਹਰਣ ਕਾਇਮ ਕਰਨ ਪਿੱਛੋਂ ਹੀ ਗੁਰੂ
ਘਰ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣ ਦਾ ਫ਼ੈਸਲਾ ਕੀਤਾ ਸੀ ਤੇ ਮੀਰੀ-ਪੀਰੀ ਦੇ ਮਾਲਕ
ਗੁਰੂ ਹਰਿਗੋਬਿੰਦ ਨੂੰ ਭੇਟਾ ਕਰਨ ਲਿਆਂਦੇ ਘੋੜੇ ਸ਼ਾਹਜਹਾਂ ਦੀਆਂ ਫ਼ੌਜਾਂ ਨੇ ਖੋਹ ਲਏ ਸਨ।
ਇਹੋ ਘੋੜੇ ਹੀ ਸੁਰ ਸਿੰਘੀਆ, ਮੇਰਾ ਵਡੇਰਾ ਗਰਾਈਂ, ਇਕ ਵਾਰ ਘਾਹੀ ਬਣ ਕੇ ਤੇ ਦੂਜੀ ਵਾਰ
ਨਜੂਮੀ ਬਣ ਕੇ ਇਸੇ ਕਿਲ੍ਹੇ ਵਿਚੋਂ ਉਡਾ ਕੇ ਲੈ ਗਿਆ ਸੀ ਅਤੇ ਗੁਰੂ ਦੇ ਹਜ਼ੂਰ ਜਾ ਅਰਪਣ
ਕੀਤੇ ਸਨ।
ਬੜਾ ਅਜੀਬ ਇਤਫ਼ਾਕ ਸੀ। ਮੈਂ ਭਾਈ ਬਿਧੀ ਚੰਦ ਬਾਰੇ ਸੋਚ ਹੀ ਰਿਹਾ ਸਾਂ ਕਿ ਮੇਰੇ ਸਾਹਮਣੇ
ਸੜਕ ‘ਤੇ ਤੁਰੇ ਆਉਂਦੇ ਮੇਰੇ ਹੀ ਪਿੰਡ ਦੇ ਪੰਜ-ਛੇ ਜੁਆਨਾਂ ਦਾ ਇਕ ਟੋਲਾ ਸਾਨੂੰ ਅੱਗੋਂ
ਟੱਕਰ ਗਿਆ। ਉਨ੍ਹਾਂ ਵਿਚੋਂ ਬਹੁਤੇ ਸੁਰ ਸਿੰਘ ਹਾਈ ਸਕੂਲ ਵਿਚ ਮੇਰੇ ਪੜ੍ਹਾਉਣ ਸਮੇਂ ਦੇ
ਵਿਦਿਆਰਥੀ ਸਨ। ਉਹ ਮੇਰੇ ਗੋਡਿਆਂ ਨੂੰ ਸਤਿਕਾਰ ਵਜੋਂ ਹੱਥ ਲਾ ਰਹੇ ਸਨ। ਨਿਹੰਗੀ ਬਾਣੇ ਤੇ
ਨੀਲੇ ਚੋਲੇ ਵਾਲਾ ਇਕ ਨੌਜਵਾਨ ਮੇਰੇ ਗੋਡਿਆਂ ਵੱਲ ਝੁਕਿਆ ਤਾਂ ਮੈਂ ਉਹਨੂੰ ਗਲ ਨਾਲ ਲਾ
ਲਿਆ। ਇਹ ਸੁਖਦੇਵ ਸਿੰਘ ਸੀ, ਮੇਰਾ ਰਹਿ ਚੁੱਕਾ ਵਿਦਿਆਰਥੀ ਤੇ ਭਾਈ ਬਿਧੀ ਚੰਦ ਦੀ
ਗਿਆਰ੍ਹਵੀਂ ਅੰਸ ਦਾ ਚਸ਼ਮੋ-ਚਿਰਾਗ਼। ਦਸਵੀਂ ਥਾਂ ਗੱਦੀ ‘ਤੇ ਬੈਠੇ ਬਾਬਾ ਦਇਆ ਸਿੰਘ ਦੇ
ਵੱਡੇ ਭਰਾ ਦਾ ਪੋਤਰਾ।
ਮੈਂ ਹੱਸ ਕੇ ਆਖਿਆ, ‘‘ਐਹਨਾਂ ਸੜਕਾਂ ‘ਤੇ ਹੀ ਆਪਣਾ ਬਾਬਾ ਕਦੀ ਘਾਹੀ ਬਣ ਕੇ ਘਾਹ ਵੇਚਦਾ
ਰਿਹਾ ਹੋਣੈ। ਤੇ ਆਹ ਈ ਕਿਲ੍ਹਾ ਜਿਸ ‘ਚੋਂ ਆਪਣੇ ਬਾਬੇ ਨੇ ਘੋੜੇ ਭਜਾਏ ਸਨ।’’
ਇਕ ਪਲ ਲਈ ਲੱਗਾ ਜਿਵੇਂ ਅਸੀਂ ਸੁਰ ਸਿੰਘ ਵਿਖੇ ਭਾਈ ਬਿਧੀ ਚੰਦ ਦੀ ਯਾਦ ਵਿਚ ਲੱਗਦੇ
ਭਾਦਰੋਂ ਦੇ ਮੇਲੇ ‘ਤੇ ਇਕੱਠੇ ਹੋਏ ਹੋਈਏ ਤੇ ਕੋਈ ਢਾਡੀ ਬਿਧੀ ਚੰਦ ਦੇ ਘੋੜਿਆਂ ਦਾ ਪ੍ਰਸੰਗ
ਸੁਣਾ ਰਿਹਾ ਹੋਵੇ।
ਸਾਹਮਣੇ ਆਣ ਖੜੋਤੀ ਕਾਰ ਨੇ ਚੇਤਾ ਕਰਾਇਆ ਕਿ ਅਸੀਂ ਸੁਰ ਸਿੰਘ ਵਿਚ ਨਹੀਂ ਲਾਹੌਰ ਵਿਚ ਹਾਂ।
ਤੇ ਲਾਹੌਰ ਆਪਣਾ ਹੋ ਕੇ ਵੀ ਹੁਣ ਆਪਣੀ ਨਹੀਂ। ਅਸੀਂ ਤਾਂ ਇਥੇ ਮਹਿਮਾਨ ਸਾਂ, ਕੇਵਲ ਕੁਝ
ਦਿਨਾਂ ਲਈ। ਅਸੀਂ ਕਾਨਫ਼ਰੰਸ ‘ਤੇ ਆਏ ਸਾਂ ਤੇ ਸੁਖਦੇਵ ਹੁਰੀਂ ਜਥੇ ਨਾਲ।...ਕੁਝ ਦਿਨਾਂ ਤਕ
ਲਾਹੌਰ ਛੱਡ ਜਾਣ ਤੇ ਆਪਣੇ ਮੁਲਕ ਪਰਤ ਜਾਣ ਲਈ।
ਨਾ ਕਿਲ੍ਹਾ ਸਾਡਾ ਸੀ, ਨਾ ਲਾਹੌਰ ਸਾਡਾ ਸੀ..ਪਰ ਗੁਰੂ ਤਾਂ ਸਾਡਾ ਸੀ, ਸ਼ਾਹ ਹੁਸੈਨ ਤੇ
ਫ਼ਰੀਦ ਤਾਂ ਸਾਡੇ ਸਨ। ਰਾਵੀ ਸੁੱਕ ਚੁੱਕੀ ਸੀ ਪਰ ਸੁੱਕ ਕੇ ਵੀ ‘ਵਗਦੀ’ ਪਈ ਸੀ। ਘੁੱਗੀਆਂ
ਦਾ ਜੋੜਾ ਬੇਸ਼ੱਕ ਵਿਛੜ ਗਿਆ ਸੀ ਪਰ ਰਾਵੀ ਵਿਚ ‘ਦੋ ਫੁੱਲ ਪੀਲੇ’ ‘ਸੂਫ਼ੀ ਮਤ ਤੇ ਗੁਰਮਤ’
ਤਰਦੇ ਪਏ ਸਨ।
ਮੈਂ ਤੁਰਦਿਆਂ ਮਨ ਹੀ ਮਨ ਇਹਨਾਂ ਪੀਲੇ ਫੁੱਲਾਂ ਤੇ ਮੁਹੱਬਤ ਦੀ ਵਗਦੀ ਰਾਵੀ ਨੂੰ ਫਿਰ
ਨਮਸਕਾਰ ਕੀਤੀ।
-0-
|