Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ਤੇ ਸਨਮਾਨ

 


ਭ੍ਰਿਗੂ ਰਿਸ਼ੀ
- ਬਲਵੰਤ ਗਾਰਗੀ
 

 

ਦੇਵਿੰਦਰ ਸਤਿਆਰਥੀ ਨੇ ਅਲਖ ਜਗਾਈ, ਬਚਾ ਲੈ ਮੈਨੂੰ! ਹੁਣ ਤਾਂ ਬਚਾ ਲੈ! ਪੰਦਰਾਂ ਸਾਲ ਹੋ ਗਏ! ਪਾਣੀ ਸਿਰਾਂ ਤੋਂ ਦੀ ਘ ਗਿਐ! ਮੌਤ ਕਿਨਾਰੇ ਖੜ੍ਹਾ ਹਾਂ। ਹੁਣ ਤਾਂ ਬਚਾ ਲੈ!
ਮੈਂ ਤਖ਼ਤ ਪੋਸ਼ ਉਤੇ ਬੈਠਾ ਲਿਖਣ ਵਿਚ ਮਸਰੂਫ਼ ਸਾਂ। ਦੇਵਿੰਦਰ ਸਤਿਆਰਥੀ ਦੀ ਦੁਹਾਈ ਮੈਨੂੰ ਪੰਘਰਾ ਨਾ ਸਕੀ।
ਪੰਦਰਾਂ ਸਾਲ ਪਹਿਲਾਂ ਉਸ ਨੇ ਮੈਨੂੰ ਕਾਫ਼ੀ ਹਾਊਸ ਵਿਚ ਘੇਰ ਲਿਆ ਸੀ ਤੇ ਪੁਛਿਆ ਸੀ ਕਿ ਉਹ ਮੈਨੂੰ ਕਦੋਂ ਮਿਲਣ ਆਵੇ। ਉਸਨੇ ਮੈਨੂੰ ਟੱਪਰੀਵਾਸਾਂ ਉਤੇ ਲਿਖੀ ਪੁਸ਼ਕਿਨ ਦੀ ਨਜ਼ਮ ਦਾ ਤਰਜਮਾ ਸੁਣਾਉਣਾ ਸੀ। ਮਾਸਕੋ ਦੇ ਟੱਪਰੀਵਾਸਾਂ ਦੇ ਥੀਏਟਰ ਨੇ ਮੇਰਾ ਨਾਟਕ ਸੋਹਣੀ ਮਹੀਂਵਾਲ ਖੇਡਿਆ ਸੀ। ਦੇਵਿੰਦਰ ਸਤਿਆਰਥੀ ਖ਼ੁਦ ਵੀ ਟੱਪਰੀਵਾਸ ਹੀ ਸੀ। ਉਸਨੇ ਟੱਪਰੀਵਾਸੀ ਰਿਸ਼ਤਾ ਕੱਢ ਕੇ ਮੈਨੂੰ ਇਹ ਨਜ਼ਮ ਸੁਣਨ ਲਈ ਆਖਿਆ ਸੀ। ਮੈਂ ਜਵਾਬ ਦਿਤਾ, ਇਸ ਵੇਲੇ ਨਹੀਂ, ਫੇਰ ਕਦੇ ਮਿਲੀਂ।
ਕਦੋਂ?
ਇਸਦਾ ਪਤਾ ਨਹੀਂ।
ਫਿਰ ਮੈਂ ਤੁਹਾਡੇ ਘਰ ਆ ਜਾਵਾਂਗਾ ਕਿਸੇ ਵੇਲੇ।
ਮੇਰੇ ਘਰ ਹਰਗ਼ਿਜ਼ ਨਾ ਆਵੀਂ। ਮੈਂ ਉਥੇ ਬਿਲਕੁਲ ਨਹੀਂ ਮਿਲ ਸਕਦਾ। ਮੈਂ ਬੇਹਦ ਮਸਰੂਫ਼ ਹਾਂ।
ਸਤਿਆਰਥੀ ਨੇ ਆਖਿਆ, ਤੂੰ ਏਨੇ ਲੋਕਾਂ ਉਤੇ ਰੇਖਾ-ਚਿੱਤਰ ਲਿਖੇ ਹਨ। ਮੇਰੇ ਬਾਰੇ ਕਿਉਂ ਨਹੀਂ ਲਿਖਦਾ? ਆਖ਼ਿਰ ਮੇਰਾ ਵੀ ਤੇਰੇ ਉਤੇ ਕੁਝ ਹੱਕ ਹੈ।
ਮੈਂ ਗੱਲ ਟਾਲ ਦਿਤੀ।
ਉਸਨੇ ਫਿਰ ਪੁਛਿਆ, ਆਖ਼ਿਰ ਤੈਨੂੰ ਕਦੇ ਤਾਂ ਵੇਹਲ ਹੋਵੇਗੀ।
ਮੈਨੂੰ ਦੋ ਸਾਲ ਤੀਕ ਕੋਈ ਵੇਹਲ ਨਹੀਂ।
ਸਤਿਆਰਥੀ ਦੇ ਚੇਹਰੇ ਉਤੇ ਛਾਂ ਜਿਹੀ ਫਿਰ ਗਈ।
ਕਈ ਸਾਲ ਪਿਛੋਂ ਉਹ ਮੈਨੂੰ ਭਾਪਾ ਪ੍ਰੀਤਮ ਸਿੰਘ ਦੇ ਦਫ਼ਤਰ ਵਿਚ ਮਿਲਿਆ ਜਿਥੇ ਉਹ ਆਪਣੀ ਕਿਤਾਬ ਦੇ ਪਰੂਫ ਪੜ੍ਹ ਰਿਹਾ ਸੀ। ਉਸ ਦੀ ਦਾਹੜੀ ਚਿੱਟ-ਘਸਮੈਲੀ ਹੋ ਗਈ ਸੀ। ਪਰ ਉਸ ਦੀ ਆਵਾਜ਼ ਉਸੇ ਤਰ੍ਹਾਂ ਪਤਲੀ, ਅੰਦਾਜ਼ ਫ਼ਕੀਰਾਂ ਵਰਗਾ।
ਉਸਨੇ ਮਜ਼ਮੂਨ ਲਿਖਣ ਵਾਸਤੇ ਤਕਾਜ਼ਾ ਕੀਤਾ। ਮੈਂ ਤਿੰਨ ਮਹੀਨੇ ਦੀ ਤਾਰੀਖ਼ ਦੇ ਦਿਤੀ। ਉਸਨੇ ਆਪਣੀ ਡਾਇਰੀ ਵਿਚ ਨੋਟ ਕਰ ਲਿਆ।
ਉਹ ਮੈਨੂੰ ਫਿਰ ਮਿਲਿਆ ਤੇ ਆਖਣ ਲਗਾ, ਮੇਰਾ ਮਹਾਂ ਗ੍ਰੰਥ ਪੂਰਾ ਹੋ ਗਿਆ ਹੈ। ਬੱਸ ਤੇਰੇ ਮਜ਼ਮੂਨ ਦੀ ਕਸਰ ਹੈ। ਤੂੰ ਚਾਹੇ ਦੋ ਸਫ਼ੇ ਲਿਖ ਦੇਹ, ਚਾਹੇ ਦੋ ਫ਼ਿਕਰੇ। ਮੈਨੂੰ ਮਨਜ਼ੁੂਰ ਹੈ। ਮੈਂ ਇੰਤਜ਼ਾਰ ਕਰਾਂਗਾ। ਮੇਰਾ ਕਰਜ਼ਾ ਕਦੋਂ ਲਾਹੇਂਗਾ? ਮੈਂ ਭੀਖ ਨਹੀਂ ਮੰਗਦਾ ਮੈਂ ਹੁਕਮ ਦੇਂਦਾ ਹਾਂ ਤੈਨੂੰ। ਜੋ ਮਰਜ਼ੀ ਸਮਝ ਲੈ। ਮੈਨੂੰ ਇਹ ਦੋ ਸਫ਼ੇ ਦੇਹ ਜਾਂ ਫ਼ਿਕਰੇ ਜਾਂ ਦੋ ਲਫ਼ਜ਼, ਜਾਂ ਦੋ ਗਾਲ੍ਹਾਂ ਹੀ ਕਢ ਦੇਹ। ਮੈਨੂੰ ਸਭ ਮਨਜੂਰ ਹੈ।
ਉਸਦੇ ਫ਼ਕੀਰਾਨਾ ਫ਼ਿਕਰੇ ਮੇਰੇ ਉਤੇ ਹਾਵੀ ਹੋ ਗਏ। ਮੈਂ ਆਖਿਆ, ਦੋ ਮਹੀਨੇ ਪਿਛੋਂ।
ਦੋ ਮਹੀਨੇ ਪਿਛੋਂ ਉਹ ਮੇਰੇ ਘਰ ਆਇਆ ਸੀ।
ਆਉਣ ਸਾਰ ਆਖਣ ਲਗਾ, ਹੁਣ ਤੂੰ ਮੈਨੂੰ ਟਾਲ ਨਹੀਂ ਸਕਦਾ। ਪਾਣੀ ਸਿਰਾਂ ਤੋਂ ਦੀ ਘ ਚੁਕਾ ਹੈ। ਪੰਦਰਾਂ ਸਾਲ ਹੋ ਗਏ। ਹੁਣ ਤਾਂ ਬਚਾ ਲੈ ਮੈਨੂੰ!
ਮੈਂ ਆਖਿਆ, ਮੈਂ ਬਹੁਤ ਪ੍ਰੇਸ਼ਾਨ ਹਾਂ। ਦੂਰਦਰਸ਼ਨ ਵਾਲਿਆਂ ਵਾਸਤੇ ਇਹ ਨਾਟਕ ਖ਼ਤਮ ਕਰਨਾ ਹੈ। ਅੱਜ ਦੁਪਹਿਰੇ ਹੀ ਉਹਨਾਂ ਨੂੰ ਦੇਣਾ ਹੈ। ਇਹ ਨਾਟਕ ਹਰ ਹਾਲਤ ਵਿਚ-।
ਦਰਅਸਲ ਮੈਂ ਦੂਰਦਰਸ਼ਨ ਵਾਲਿਆਂ ਨੂੰ ਕੋਈ ਨਾਟਕ ਨਹੀਂ ਸੀ ਦੇਣਾ। ਮੈਂ ਪ੍ਰੇਸ਼ਾਨ ਸਾਂ ਕਿ ਕੀ ਲਿਖਾਂ ਇਸ ਆਦਮੀ ਉਤੇ। ਇਹ ਆਦਮੀ ਘਣਾ ਜੰਗਲ ਸੀ। ਗੋਰਖਧੰਦਾ। ਨਾ ਮੁੱਕਣ ਵਾਲਾ ਸੁਫ਼ਨਾ। ਹਜ਼ਾਰਾਂ-ਲੱਖਾਂ ਚਿੱਤਰਾਂ ਦਾ ਐਲਬਮ। ਕੀ ਲਿਖਾਂ ਇਸ ਬਾਰੇ।
ਉਹ ਬੋਲਿਆ, ਇਸ ਖ਼ਾਲੀ ਕਾਗ਼ਜ਼ ਉਤੇ ਆਪਣਾ ਨਾਂ ਹੀ ਲਿਖ ਦੇਹ। ਮੈਂ ਉਹੀ ਛਾਪ ਦੇਵਾਂਗਾ।
ਮੈਂ ਖ਼ਾਮੋਸ਼ ਹੋ ਗਿਆ।
ਨੌਕਰ ਚਾਹ ਲੈ ਆਇਆ ਤੇ ਅਸੀਂ ਚਾਹ ਪੀਣ ਲਗੇ।
ਸਤਿਆਰਥੀ ਗੱਲਾਂ ਕਰਨ ਲਗਿਆ, ਅੱਜ ਸਾਲ ਦਾ ਪਹਿਲਾ ਦਿਨ ਹੈ। ਪਿਛਲੀ ਰਾਤ ਜਦੋਂ ਸਾਲ ਦੇ ਦਮ ਤੋੜਿਆ ਤੇ ਨਵੇਂ ਸਾਲ ਨੇ ਜਨਮ ਲਿਆ ਤਾਂ ਮੈਂ ਇਕ ਮਹਿਫ਼ਲ ਵਿਚ ਸਾਂ। ਲੋਕ ਝੂਮ-ਝੂਮ ਕੇ ਇਕ-ਦੂਜੇ ਦੇ ਗਲੇ ਮਿਲ ਰਹੇ ਸਨ, ਹੱਸ ਰਹੇ ਸਨ, ਨੱਚ ਰਹੇ ਸਨ ਤੇ ਮੁਬਾਰਕਬਾਦ ਦੇ ਰਹੇ ਸਨ। ਮੈਂ ਸੋਚ ਰਿਹਾ ਸੀ ਇਹ ਲੋਕ ਕਿੰਨੇ ਬੇਵਕੂਫ਼ ਹਨ। ਇਕ ਸਾਲ ਮਰ ਗਿਆ। ਜ਼ਿੰਦਗੀ ਦਾ ਇਕ ਸਾਲ ਹਮੇਸ਼ਾ ਲਈ ਦਫ਼ਨ ਹੋ ਗਿਆ। ਮੈਂ ਵੀ ਮਰਘਟ ਦੇ ਨੇੜੇ ਜਾ ਰਿਹਾ ਹਾਂ। ਇਸ ਵਿਚ ਖ਼ੁਸ਼ੀ ਕਾਹਦੀ? ਇਹ ਉਸੇ ਜੰਗਲੀ ਰਸਮ ਦੇ ਨੇੜੇ ਜਾ ਰਿਹਾ ਹਾਂ। ਇਸ ਵਿਚ ਖ਼ੁਸ਼ੀ ਕਾਹਦੀ? ਇਹ ਉਸੇ ਜੰਗਲੀ ਰਸਮ ਦਾ ਹਿੱਸਾ ਹੈ ਜਿਸ ਵਿਚ ਜਦੋਂ ਕਬੀਲੇ ਦਾ ਕੋਈ ਆਦਮੀ ਮਰ ਜਾਵੇ ਤਾਂ ਆਦਿਵਾਸੀ ਸ਼ਰਾਬ ਪੀ ਕੇ ਉਸਦੀ ਲਾਸ਼ ਗਿਰਦ ਨੱਚਦੇ ਹਨ। ਸ਼ਾਇਦ ਇਹ ਨੱਚਾ ਠੀਕ ਹੀ ਹੋਵੇ। ਆਖ਼ਿਰ ਰੋਣ ਦੀ ਵੀ ਕੀ ਗੱਲ ਹੈ? ਕੀ ਇਹ ਖ਼ੁਸ਼ੀ ਦੀ ਗੱਲ ਨਹੀਂ ਕਿ ਅਸੀਂ ਏਨੇ ਸਾਲ ਜ਼ਿੰਦਾ ਰਹੇ ਹਾਂ ਜਦੋਂ ਕਿ ਮੌਤ ਹਰ ਵੇਲੇ ਸਾਡੇ ਇਰਧ-ਗਿਰਦ ਘੁੰਮਦੀ ਹੈ... ਜ਼ਿੰਦਗੀ ਦਾ ਕੀ ਭਰੋਸਾ। ਟੈਗੋਰ ਤੁਰ ਗਿਆ। ਗਾਂਧੀ ਜੀ ਤੁਰ ਗਏ। ਮੇਰਾ ਗੁਆਂਢੀ ਭੀਖੂ ਰਾਮ ਵੀ ਚਲਾਣਾ ਕਰ ਗਿਆ। ਮੈਂ ਬੁੱਢਾ ਹੋ ਗਿਆ ਹਾਂ... ਮੇਰੀ ਦਾੜ੍ਹੀ ਦੇ ਵਾਲ... ਗੌਤਮ ਬੁਧ ਵੀ ਘਰੋਂ ਨਿਕਲ ਗਿਆ ਸੀ, ਜ਼ਿੰਦਗੀ ਦੀ ਖੋਜ ਵਿਚ। ਮੈਂ ਵੀ ਘਰੋਂ ਨਿਕਲ ਗਿਆ ਸੀ, ਗੀਤਾਂ ਦੀ ਖੋਜ ਵਿਚ.... ਪਿੰਡ-ਪਿੰਡ ਫਿਰਿਆ ਗੀਤ ਇਕੱਠੇ ਕਰਦਾ.... ਭਦੌੜ ਤੋਂ ਆਸਾਮ ਦੇ ਜੰਗਲਾਂ ਤੀਕ ਤੇ ਕਾ.... ਤੇ ਸ਼ਿਵ ਜੀ ਮਹਾਰਾਜ.... ਇਹ ਜੀਵਨ ਵੈਤਰਨੀ ਨਦੀ ਹੈ.... ਹਰ ਇਕ ਨੂੰ ਕਪਿਲਾ ਗਊ ਦੀ ਪੂਛ ਫੜ ਕੇ ਇਹ ਨਦੀ ਪਾਰ ਕਰਨੀ ਪੈਂਦੀ ਹੈ.... ਮੇਰੇ ਹੱਥ ਕੋਈ ਪੂਛ ਨਾ ਆਈ- ਨਾ ਕਿਸੇ ਵਜ਼ੀਰ ਦੀ, ਨਾ ਕਿਸੇ ਖ਼ੂਬਸੂਰਤ ਔਰਤ ਦੀ, ਨਾ ਕਿਸੇ ਬਲਾਕੀ ਸ਼ਾਹ ਦੀ...... ਲੇਖਕ ਤਾਂ ਕਾਮਧੇਨੂ ਗਾਂ ਹੈ....।
ਸਤਿਆਰਥੀ ਦੀਆਂ ਗੱਲਾਂ ਵਿਚ ਸੰਗਲਾਦੀਪ ਤੇ ਲਕਸ਼ਦੀਪ ਤੇ ਕਈ ਟਾਪੂ ਆਏ। ਕਾਮਰੂਪ ਤੇ ਕਲਪਬ੍ਰਿਕਸ਼ ਤੇ ਜਾਤਕ ਕਥਾਵਾਂ....
ਮੈਂ ਉਸ ਦੀਆਂ ਪ੍ਰਾਚੀਨ ਕਥਾਵਾਂ ਦੇ ਜੰਗਲ ਵਿਚ ਗੁਆਚ ਗਿਆ।
ਇਕਦਮ ਮੈਂ ਚੌਂਕਿਆ। ਸਤਿਆਰਥੀਆਂ ਆਖ ਰਿਹਾ ਸੀ, ਮਨੂ ਮਹਾਰਾਜ ਤੇ ਚੰਦਰਗੁਪਤ ਤੇ ਕੋਕਲਾ ਰਾਣੀ- ਸਭ ਦਾ ਵਰਣਨ ਹੈ ਇਸ ਪ੍ਰਾਚੀਨ ਪੁਸਤਕ ਵਿਚ।
ਕਿਸ ਪੁਸਤਕ ਵਿਚ?
ਭ੍ਰਿਗੂ ਸੰਹਿਤਾ ਵਿਚ।
ਕੀ ਮਤਲਬ?
ਇਹ ਭ੍ਰਿਗੂ ਰਿਸ਼ੀ ਦਾ ਗ੍ਰੰਥ ਹੈ। ਇਸ ਪੁਸਤਕ ਵਿਚ ਹਰ ਆਦਮੀ ਦਾ ਪੂਰਵ ਜਨਮ ਤੇ ਇਸ ਜਨਮ ਦਾ ਵੇਰਵਾ ਹੈ। ਇਹ ਗ੍ਰੰਥ ਹੁਸ਼ਿਆਰਪੁਰ ਵਿਚ ਹੈ। ਬਿਲਕੁਲ ਖ਼ਸਤਾ ਹਾਲਤ ਵਿਚ। ਹੱਥ ਲਾਏ ਤੋਂ ਪੱਤਰੇ ਭੁਰ ਜਾਂਦੇ ਨੇ। ਇਸ ਗ੍ਰੰਥ ਵਿਚ ਬਿਕਰਮਾਦਿੱਤ, ਅਸ਼ੋਕ, ਅਰਜੁਨ, ਅਕਾਲੀ ਫੂਲਾ ਸਿੰਘ, ਨਾਨਾ ਫ਼ਰਨਵੀਸ, ਗਿਆਨੀ ਜ਼ੈਲ ਸਿੰਘ, ਜ਼ੀਨਤ ਅਮਾਨ ਤੇ ਪੀਲੂ ਮੋਦੀ ਬਾਰੇ ਵੀ ਲਿਖਿਆ ਪਿਆ ਹੈ.... ਪੀਲੂ ਰਾਗ ਦੇ ਬਾਰੇ ਵੀ ਜਾਣਕਾਰੀ ਦਿਤੀ ਹੈ... ਪੀਲੂ ਕਿਸੇ ਦਰੱਖ਼ਤ ਦਾ ਨਾਂ ਨਹੀਂ, ਫਲ ਦਾ ਨਾਂ ਹੈ। ਹਾਲਾਂਕਿ ਫ਼ਲ ਦੇ ਨਾਂ ਤੇ ਹੀ ਦਰੱਖ਼ਤ ਦਾ ਨਾਂ ਹੁੰਦਾ ਹੈ, ਜਿਵੇਂ ਅੰਬ, ਜਾਮਨ, ਸ਼ਹਿਤੂਤ, ਕੇਲਾ, ਨਾਰੀਅਲ... ਪਰ ਦਰੱਖ਼ਤ ਹੈ... ਵਣ-ਵਣ ਪੀਲੂ ਪੱਕੀਆਂ..... ਰੇਤਲੇ ਇਲਾਕੇ ਵਿਚ ਪੀਲੂ ਬਹੁਤ ਹੁੰਦਾ ਹੈ, ਬਲਵੰਤ... ਤੂੰ ਜੰਗਲੀ ਹੈਂ, ਤੇ ਮੈਂ ਵੀ ਜੰਗਲੀ ਹਾਂ। ਤੈਨੂੰ ਯਾਦ ਹੈ ਨਾ ਪੰਜਾਬੀ ਦੀ ਬੋਲੀ, ਤੇਰੀ ਹਿਕ ਤੇ ਆਲ੍ਹਣਾ ਪਾਇਆ ਨੀ ਗੁਬਿੰਦੀਏ, ਜੰਗਲੀ ਕਬੂਤਰ ਨੇ..... ਇਹ ਜੰਗਲੀ ਕਬੂਤਰ ਕੌਣ ਹੈ? ਮੈਨੂੰ ਦੱਸ! ਤੂੰ ਹੈਂ ਜੰਗਲੀ ਕਬੂਤਰ ਕਿ ਮੈਂ?
ਉਸ ਨੇ ਅੱਖਾਂ ਗੱਡ ਕੇ ਮੇਰੇ ਵਲ ਦੇਖਿਆ। ਉਨ੍ਹਾਂ ਵਿਚ ਮਿਕਨਾਤੀਸੀ ਚਮਕ ਪੈਦਾ ਹੋ ਗਈ ਸੀ। ਦਾੜ੍ਹੀ ਜ਼ਿਆਦਾ ਘਣੀ ਤੇ ਪ੍ਰਾਚੀਨ ਦਿਸਣ ਲਗੀ ਸੀ।
ਉਹ ਮੈਨੂੰ ਭ੍ਰਿਗੂ ਰਿਸ਼ੀ ਹੀ ਲਗਿਆ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਉਸਦਾ ਫੁੱਲਿਆ ਹੋਇਆ ਥੈਲਾ ਹੀ ਭ੍ਰਿਗੂ ਸੰਹਿਤਾ ਸੀ। ਇਸ ਵਿਚ ਪੰਜਾਬੀ, ਉਰਦੂ, ਹਿੰਦੀ, ਬੰਗਾਲੀ ਤੇ ਅਣਗਿਣਤ ਲੇਖਕਾਂ, ਕਵੀਆਂ, ਚਿੱਤਰਕਾਰਾਂ, ਮੂਰਤੀਕਾਰਾਂ ਤੇ ਸੰਗੀਤਕਾਰਾਂ ਦੀਆਂ ਤਕਦੀਰਾਂ ਦਰਜ ਸਨ। ਇਸ ਅੰਦਰ ਮੰਟੋ ਦੀਆਂ ਚਿੱਠੀਆਂ, ਟੈਗੋਰ ਦਾ ਆਸ਼ੀਰਵਾਦ, ਕ੍ਰਿਸ਼ਨ ਚੰਦਰ ਤੇ ਬੇਦੀ ਦੀਆਂ ਮੁਹੱਬਤਾਂ ਦੇ ਕਿੱਸੇ ਤੇ ਮੁਹੰਮਦ ਇਕਬਾਲ ਦੀ ਬਾਂਗ-ਇ-ਦਰਾ ਸੀ। ਸਾਹਿਰ ਲੁਧਿਆਣਵੀ, ਮੀਨਾ ਕੁਮਾਰੀ, ਕਾਨਨਕਬਾਲਾ ਤੇ ਦੇਵਾ ਰਾਣੀ ਦੀਆਂ ਪੱਤਰੀਆਂ ਸਨ... ਬੜੇ ਗ਼ੁਲਾਮ ਅਲੀ ਖ਼ਾਂ ਦੀ ਠੁਮਰੀ ਤੇ ਅੰਮ੍ਰਿਤਾ ਸ਼ੇਰਗਿਲ ਦੀਆਂ ਨੰਗੀਆਂ ਮੂਰਤਾਂ ਸਨ... ਬੰਗਾਲ ਦੇ ਮਹਾਂ ਕਾਲ ਦੀ ਭਵਿੱਖਬਾਣੀ ਸੀ। ਮੈਂ ਇਹ ਦੇਖ ਕੇ ਹੈਰਾਨ ਹੋਇਆ ਕਿ ਉਸ ਵਿਚ ਮੇਰਾ ਵੀ ਪੂਰਾ ਹਾਲ ਦਰਜ ਸੀ।
ਭ੍ਰਿਗੂ ਰਿਸ਼ੀ ਮੇਰੇ ਸਾਹਮਣੇ ਖੜ੍ਹਾ ਸੀ। ਸਾਡੀਆਂ ਸਾਹਿਤਕ ਤੇ ਸਮਾਜਿਕ ਗੋਸ਼ਟੀਆਂ ਤੇ ਝਗੜਿਆਂ ਤੇ ਮਹਿਫ਼ਲਾਂ ਦਾ ਪੋਥਾ।
ਦੇਵਿੰਦਰ ਸਤਿਆਰਥੀ ਇਕ ਫ਼ਕੀਰ ਹੈ। ਇਸ ਫ਼ਕੀਰੀ ਵਿਚ ਇਕ ਅਜੀਬ ਸਰੂਰ ਮਿਲਦਾ ਹੈ ਉਸਨੂੰ।
ਉਹ ਜੌਹਰੀ ਵੀ ਹੈ। ਉਸਦੇ ਝੋਲੇ ਵਿਚ ਕੀਮਤੀ ਘਟਨਾਵਾਂ ਦੇ ਹੀਰੇ ਸਾਂਭੇ ਪਏ ਹਨ। ਉਸਨੂੰ ਚੰਗੇ ਲੇਖਕਾਂ, ਹੁਸੀਨ ਚਿਹਰਿਆਂ ਤੇ ਕਲਾਕਾਰਾਂ ਦੀ ਦੋਸਤੀ ਹਾਸਲ ਕਰਨ ਦਾ ਜਨੂਨ ਹੈ। ਅਜਿਹੇ ਮੌਕੇ ਵੀ ਆਏ ਜਦੋਂ ਉਸਨੂੰ ਬੇ-ਇਜ਼ਤੀ ਸਹਿਣੀ ਪਈ। ਪਰ ਉਸਨੇ ਆਪਣੀ ਹਉਂ ਨੂੰ ਮਿਟਾ ਕੇ ਸਾਹਿਤਕ ਮੋਤੀਆਂ ਲਈ ਝੋਲੀ ਫੈਲਾਈ। ਉਹ ਧਰਤੀ ਵਾਂਗ ਹੈ। ਆਮ ਇਨਸਾਨੀ ਤੇ ਸਮਾਜੀ ਕਰਦਾਂ ਤੋਂ ਉਚਾ। ਉਸਨੇ ਗਾਲ੍ਹਾਂ ਖਾ ਕੇ ਵੀ ਫ਼ਕੀਰਾਂ ਵਾਂਗ ਅਸੀਸਾਂ ਦਿਤੀਆਂ। ਇਸ ਫ਼ਰਾਖ਼ਦਿਲੀ ਨੇ, ਜਿਸਨੂੰ ਕਈ ਲੋਕਾਂ ਜ਼ਿੱਲਤ ਆਖਿਆ, ਮੇਰੇ ਅੰਦਰ ਅਕੀਦਤ ਪੈਦਾ ਕਰ ਦਿੱਤੀ।
ਜਦੋਂ ਉਹ ਮੈਨੂੰ ਮਿਲਦਾ ਹੈ ਤਾਂ ਭੂਤ, ਵਰਤਮਾਨ ਤੇ ਭਵਿੱਖ ਸਾਹਮਣੇ ਆ ਖੜਾ ਹੁੰਦਾ ਹੈ।
ਉਹ ਸੈਂਕੜੇ ਮੀਲ ਪੈਦਲ ਤੁਰਦਾ ਹੈ। ਉਸਦੇ ਦੋਸਤ ਤੇ ਸਾਥੀ ਸਭ ਕੋਠੀਆਂ ਕਾਰਾਂ ਵਾਲੇ ਬਣ ਗਏ। ਹਵਾਈ ਜਹਾਜ਼ ਵਿਚ ਸਫ਼ਰ ਕਰ ਲਗੇ। ਪਰ ਉਹ ਉਸੇ ਤਰ੍ਹਾਂ ਰਿਹਾ- ਮਾ ਕੋਟ, ਮੀ ਦਾੜ੍ਹੀ, ਮਾ ਸਫ਼ਰ।
ਉਹ ਮੈਨੂੰ ਕਈ ਵਾਰ ਟੈਗੋਰ ਦੇ ਡਾਕ ਘਰ ਦਾ ਉਹ ਪਾਤਰ ਲਗਦਾ ਹੈ ਜੋ ਬੀਮਾਰ ਬੱਚੇ ਨੂੰ ਹੱਸ-ਹੱਸ ਕੇ ਜੰਗਲਾਂ ਤੇ ਪਹਾੜਾਂ ਦੀਆਂ ਕਹਾਣੀਆਂ ਸੁਣਾਉਂਦਾ ਹੈ।
ਉਹ ਟੈਗੋਰ ਨੂੰ ਮਿਲਿਆ ਤੇ ਉਸ ਨਾਲ ਬੈਠ ਕੇ ਫ਼ੋਟੋ ਖਿਚਵਾ ਲਈ। ਇਸ ਵਿਚ ਸਤਿਆਰਥੀ ਦੀ ਦਾੜ੍ਹੀ ਕਾਲੀ ਸੀ ਤੇ ਗੁਰੂ ਦੇਵ ਦੀ ਦੁਧ-ਚਿੱਟੀ। ਜਦੋਂ ਉਹ ਇਹ ਤਸਵੀਰ ਲੋਕਾਂ ਨੂੰ ਦਿਖਾਉਂਦਾ ਤਾਂ ਉਸ ਦੇ ਬਹੁਤ ਸਾਰੇ ਕੰਮ ਬਣ ਜਾਂਦੇ।
ਇਕ ਵਾਰ ਉਹ ਆਲ ਇੰਡੀਆ ਰੇਡੀਓ ਵਿਚ ਕਿਸੇ ਪ੍ਰੋਗਰਾਮ ਲਈ ਏ.ਐਸ. ਬੁਖ਼ਾਰੀ ਨੂੰ ਮਿਲਣ ਗਿਆ ਜੋ ਡਾਇਰੈਕਟਰ ਜਨਰਲ ਸਨ। ਬੁਖ਼ਾਰੀ ਸਾਹਿਬ ਉਰਦੂ ਦੇ ਮਸ਼ਹੂਰ ਹਾਸ-ਰਸ ਦੇ ਲੇਖਕ ਸਨ। ਉਹਨਾਂ ਨੇ ਤਸਵੀਰ ਨੂੰ ਗ਼ੌਰ ਨਾਲ ਦੇਖਿਆ ਤੇ ਬੋਲੇ, ਇਸ ਤਸਵੀਰ ਦਾ ਸਰਨਾਵਾਂ ਕੀ ਹੋਣਾ ਚਾਹੀਦਾ ਹੈ?
ਸਤਿਆਰਥੀ ਨੇ ਆਖਿਆ, ਤੁਸੀਂ ਦੱਸੋ।
ਬੁਖ਼ਾਰੀ ਸਾਹਿਬ ਬੋਲੇ, ਖ਼ਜ਼ਾਬ ਤੋਂ ਪਹਿਲਾਂ ਤੇ ਖ਼ਜ਼ਾਬ ਦੇ ਪਿਛੋਂ।
ਸਤਿਆਰਥੀ ਨੇ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਸੁਣਾਈ। ਇਸ ਵਿਚ ਹਾਲਾਂ ਕਿ ਉਸ ਦੀ ਆਪਣੀ ਹੇਠੀ ਸੀ ਪਰ ਉਹ ਬੁਖ਼ਾਰੀ ਸਾਹਿਬ ਦੀ ਵਡਿੱਤਣ ਤੇ ਅੰਦਾਜ਼ ਦਾ ਆਸ਼ਿਕ ਸੀ।
ਅਦੀਬਾਂ ਵਿਚੋਂ ਸਭ ਤੋਂ ਅਜ਼ੀਜ ਉਸ ਨੂੰ ਸਆਦਤ ਹਸਨ ਮੰਟੋ ਸੀ। ਉਹ 1941-42 ਵਿਚ ਜਦੋਂ ਆਲ ਇੰਡੀਆ ਰੇਡੀਓ ਦਿੱਲੀ ਵਿਚ ਕੰਮ ਕਰਦਾ ਸੀ, ਸਤਿਆਰਥੀ ਉਸ ਦੇ ਘਰ ਜਾਂਦਾ, ਖਾਦਾ ਖਾਂਦਾ, ਤੇ ਕਈ ਵਾਰ ਆਪਣੀ ਕਹਾਣੀ ਠੀਕ ਕਰਵਾਉਂਦਾ।
ਮੰਟੋ ਨੇ ਇਕ ਕਹਾਣੀ ਲਿਖੀ ਤਰੱਕੀ ਪਸੰਦ, ਜਿਸ ਵਿਚ ਰਾਜਿੰਦਰ ਸਿੰਘ ਬੇਦੀ ਤੇ ਸਤਿਆਰਥੀ ਦਾ ਮਜ਼ਾਕ ਉਡਾਇਆ ਸੀ। ਉਸ ਨੇ ਸਤਿਆਰਥੀ ਦੇ ਚਮੜੇ ਦੇ ਫੁੱਲੇ ਹੋਏ ਥੈਲੇ ਨੂੰ ਬਿਆਨ ਕੀਤਾ ਜਿਵੇਂ ਤੀਵੀਂ ਨੂੰ ਢਿਡ ਹੋਇਆ ਹੋਵੇ। ਸਤਿਆਰਥੀ ਦੀ ਕਾਲੀ ਦਾੜ੍ਹੀ ਤੇ ਪਤਲੀ ਆਵਾਜ਼ ਇਸ ਤਰ੍ਹਾਂ ਸਨ ਜਿਵੇਂ ਝਾੜੀਆਂ ਵਿਚ ਪਰਿੰਦੇ ਬੋਲਣ। ਉਸ ਦਾ ਨਾਂ ਕਹਾਣੀ ਵਿਚ ਤ੍ਰਿਪਾਠੀ ਹੈ ਤੇ ਉਹ ਤਰੱਕੀ ਪਸੰਦ ਹੈ। ਉਹ ਬੇਦੀ ਕੋਲ ਆ ਕੇ ਠਹਿਰਦਾ ਹੈ ਤੇ ਫਿਰ ਜਾਣ ਦਾ ਨਾਂ ਨਹੀਂ ਲੈਂਦਾ। ਬੇਦੀ ਨੂੰ ਆਪਣੀ ਬੀਵੀ ਨਾਲ ਪਿਆਰ ਕਰਨ ਦਾ ਮੌਕਾ ਨਹੀਂ ਮਿਲਦਾ। ਇਕ ਦਿਨ ਬੇਦੀ ਮੌਕਾ ਪਾ ਕੇ ਕਿਚਨ ਵਿਚ ਆਪਣੀ ਬੀਵੀ ਨੂੰ ਛੇਤੀ ਦੇਣੇ ਚੁੰਮਦਾ ਹੈ ਜਿਵੇਂ ਕੋਈ ਡਾਕਖਾਨੇ ਵਿਚ ਝੱਟ ਦੇਣੇ ਚਿੱਠੀ ਉਤੇ ਠੱਪਾ ਲਾਵੇ। ਇਸ ਕਹਾਣੀ ਦਾ ਬੜਾ ਚਰਚਾ ਹੋਇਆ।
ਸਤਿਆਰਥੀ ਨੇ ਮੰਟੋ ਦੇ ਖ਼ਿਲਾਫ਼ ਇਕ ਕਹਾਣੀ ਲਿਖੀ, ਨਵੇਂ ਦੇਵਤੇ। ਇਸ ਵਿਚ ਉਸ ਨੇ ਇਕ ਅਦੀਬ ਨਫ਼ਾਸਤ ਹੁਸੈਨ ਦਾ ਖ਼ਾਕਾ ਖਿਚਿਆ। ਅਦਬੀ ਮਹਿਫ਼ਲਾਂ ਤੇ ਲਜ਼ੀਜ਼ ਖਾਣਿਆਂ ਦਾ ਜ਼ਿਕਰ ਕੀਤਾ ਤੇ ਏਧਰੋ ਓਧਰੋਂ ਜੋੜ ਕੇ ਕਹਾਣੀ ਘੜ ਦਿਤੀ।
ਮੰਟੋ ਨੂੰ ਬਹੁਤ ਗੁੱਸਾ ਆਇਆ। ਉਹ ਇਸ ਗੱਲ ਤੇ ਜ਼ਿਆਦਾ ਦੁਖੀ ਹੋਇਆ, ਕਿ ਇਸ ਕਹਾਣੀ ਵਿਚ ਕੋਈ ਅਦਬੀ ਖ਼ੂਬੀ ਨਹੀਂ ਸੀ। ਤੇਲੀ ਓਏ ਤੇਲੀ, ਤੇਰੇ ਸਿਰ ਤੇ ਕੋਹਲੂ ਵਾਲੀ ਗੱਲ ਸੀ। ਮੰਟੋ ਨੇ ਗਾਲ੍ਹ ਕਢ ਕੇ ਆਖਿਆ, .... ਜੇ ਤੂੰ ਮੈਨੂੰ ਗਾਲ੍ਹ ਕੱਢਣੀ ਹੈ ਤਾਂ ਸਲੀਕੇ ਨਾਲ ਤਾਂ ਕਢ!
ਮੰਟੋ ਦੀ ਨਾਰਾਜ਼ਗੀ ਦੇਖ ਕੇ ਸਤਿਆਰਥੀ ਦੇ ਦਿਲ ਨੂੰ ਧੱਕਾ ਲੱਗਾ। ਉਹ ਮੰਟੋ ਦੀ ਦੋਸਤੀ ਗੁਆਉਣਾ ਨਹੀਂ ਸੀ ਚਾਹੁੰਦਾ। ਉਸ ਨੇ ਮੁਆਫ਼ੀਆਂ ਮੰਗੀਆਂ ਪਰ ਮੰਟੋ ਨਾ ਮੰਨਿਆ।
ਸਤਿਆਰਥੀ ਮੰਟੋ ਨੂੰ ਮਨਾਉਣ ਵਾਸਤੇ ਰੇਲ ਦਾ ਕਿਰਾਇਆ ਉਧਾਰਾ ਫੜ ਕੇ ਬੰਬਈ ਗਿਆ ਜਿਥੇ ਮੰਟੋ ਫ਼ਿਲਮਾਂ ਦੀਆਂ ਕਹਾਣੀਆਂ ਲਿਖਦਾ ਸੀ। ਸਤਿਆਰਥੀ ਕਿਸੇ ਦੋਸਤ ਕੋਲ ਠਹਿਰਿਆ ਤੇ ਉਸ ਨੂੰ ਟੈਲੀਫ਼ੋਨ ਕੀਤਾ। ਮੰਟੋ ਨੇ ਟੈਲੀਫ਼ੋਨ ਉਤੇ ਸਤਿਆਰਥੀ ਦੀ ਆਵਾਜ਼ ਸੁਣ ਕੇ ਗਾਲ੍ਹ ਕੱਢੀ ਤੇ ਟੈਲੀਫ਼ੋਨ ਬੰਦ ਕਰ ਦਿਤਾ। ਦੂਜੇ ਦਿਨ ਸਤਿਆਰਥੀ ਨੇ ਫਿਰ ਨਿਮਰਤਾ ਨਾਲ ਪਤਲੀ ਜਿਹੀ ਆਵਾਜ਼ ਵਿਚ ਟੈਲੀਫ਼ੋਨ ਉਤੇ ਆਖਿਆ, ਮੰਟੋ ਸਾਹਿਬ ਮੈਂ ਤੁਹਾਡੇ ਪੈਰੀਂ ਪੈਂਦਾ ਹਾਂ, ਮੈਂ ਤੁਹਾਨੂੰ ਮਨਾਉਣ ਲਈ ਤੁਹਾਡੇ ਘਰ ਆਵਾਂਗਾ।
ਮੰਟੋ ਗਰਜ ਕੇ ਬੋਲਿਆ, ਜੇ ਤੂੰ ਮੇਰੇ ਘਰ ਆਇਆ ਤਾਂ ਪੌੜੀਆਂ ਤੋਂ ਧੱਕਾ ਦੇਵਾਂਗਾ ਤੈਨੂੰ! ਫੇਰ ਟੈਲੀਫ਼ੋਨ ਬੰਦ।
ਸਤਿਆਰਥੀ ਰੋਂਦਾ ਫਿਰਿਆ।

1945 ਦੀ ਗੱਲ ਹੈ, ਮੰਟੋ ਆਪਣੀ ਬੂ ਦੇ ਮੁਕਦਮੇ ਲਈ ਲਾਹੌਰ ਆਇਆ। ਮੈਂ ਉਸ ਨੂੰ ਮਕਤਬਾ ਉਰਦੂ ਦੇ ਦਫ਼ਤਰ ਮਿਲਣ ਲਈ ਗਿਆ। ਦੇਖਿਆ ਮੰਟੋ ਤਿੱਲੇ ਵਾਲੀ ਜੁੱਤੀ ਪਾਈ ਬੈਠਾ ਆਪਣੀ ਕਿਤਾਬ ਦਾ ਖਰੜਾ ਸੋਧ ਰਿਹਾ ਸੀ। ਨਾਲ ਹੀ ਹੇਠਾਂ ਸਤਿਆਰਥੀ ਸਿਰ ਸੁਟੀ ਬੈਠਾ ਸੀ। ਇਉਂ ਲਗਿਆ ਜਿਵੇਂ ਦੋਹਾਂ ਵਿਚ ਫਿਰ ਕੋਈ ਸਜਰੀ ਝੜਪ ਹੋਈ ਹੋਵੇ। ਮੰਟੋ ਉਸੇ ਬੇਰੁਖ਼ੀ ਨਾਲ ਬੈਠਾ ਖਰੜਾ ਦਰੁਸਤ ਕਰਦਾ ਰਿਹਾ।
ਯਕਦਮ ਸਤਿਆਰਥੀ ਨੇ ਸਿਰ ਚੁਕਿਆ ਤੇ ਚੋਟ ਕੀਤੀ, ਖ਼ੈਰ ਮੰਟੋ ਸਾਹਿਬ, ਕਹਾਣੀ ਲਿਖਣ ਵਾਲੇ ਬੜੇ ਬੜੇ ਪਏ ਨੇ। ਚੈਖ਼ਵ.. ਮੋਪਾਸਾਂ.. ਸਮਰਸੈਟ ਮਾਮ। ਕਹਾਣੀ ਲਿਖਣ ਵਿਚ ਲਾਸਟ ਵਰਡ ਤਾਂ ਤੁਸੀਂ ਵੀ ਨਹੀਂ।
ਮੰਟੋ ਗਾਲ੍ਹ ਕਢ ਕੇ ਬੋਲਿਆ, ਤੇਰੇ ਲਈ ਤਾਂ ਮੈਂ ਲਾਸਟ ਵਰਡ ਹਾਂ!
ਸਤਿਆਰਥੀ ਫਿਰ ਚੁਪ ਹੋ ਗਿਆ।
ਇਤਨੇ ਵਿਚ ਉਰਦੂ ਦੇ ਕਈ ਲੇਖਕ ਮੰਟੋ ਨੂੰ ਲੈਣ ਆ ਗਏ। ਇਹਨਾਂ ਵਿਚ ਕੱਨ੍ਹਈਆ ਲਾਲ ਕਪੂਰ, ਆਫ਼ਤਾਬ ਹੁਸੈਨ, ਤੇ ਫ਼ਿਕਰ ਤੌਂਸਵੀ ਵੀ ਸਨ।
ਸਤਿਆਰਥੀ ਨੇ ਆਖਿਆ, ਮੈਂ ਆਪਣੀ ਦਾੜ੍ਹੀ ਨਾਲ ਮੰਟੋ ਦੀ ਜੁੱਤੀ ਸਾਫ਼ ਕਰਨ ਲਈ ਤਿਆਰ ਹਾਂ।
ਕੱਨ੍ਹਈਆ ਲਾਲ ਕਪੂਰ ਨੇ ਮੰਟੋ ਨੂੰ ਆਖਿਆ, ਯਾਰ ਛਡ ਪੁਰਾਣੀ ਗੱਲ। ਇਸ ਦਰਵੇਸ਼ ਨੂੰ ਮੁਆਫ਼ ਕਰ ਦੇ।
ਸਭ ਦੇ ਕਹਿਣ ਉਤੇ ਮੰਟੋ ਨੇ ਆਖਿਆ, ਇਕ ਸ਼ਰਤ ਉਤੇ। ਇਹ ਸਭ ਨੂੰ ਸ਼ਰਾਬ ਪਿਲਾਵੇ।
ਸਭ ਨੂੰ ਪਤਾ ਸੀ ਕਿ ਸਤਿਆਰਥੀ ਕੋਲ ਪੈਸੇ ਨਹੀਂ। ਇਹ ਆਰਥਕ ਮਜ਼ਾਕ ਸੀ। ਉਂਜ ਵੀ ਜੇ ਸਤਿਆਰਥੀ ਕੋਲ ਪੈਸੇ ਹੋਣ ਤਾਂ ਉਹ ਦਵਾਨੀ ਨਹੀਂ ਸੀ ਖ਼ਰਚਦਾ। ਕਿਸੇ ਨੇ ਕਦੇ ਉਸਨੂੰ ਪੈਸਾ ਖ਼ਰਚਦੇ ਨਹੀਂ ਸੀ ਦੇਖਿਆ।
ਸਤਿਆਰਥੀ ਹੱਥ ਜੋੜ ਕੇ ਬੋਲਿਆ, ਮੈਨੂੰ ਮਨਜ਼ੂਰ ਹੈ।
ਉਹ ਦਫ਼ਤਰ ਦੇ ਪਿਛਲੇ ਕਮਰੇ ਵਿਚ ਗਿਆ ਤੇ ਮਕਤਬਾ ਊਰਦੂ ਦੇ ਮਾਲਕ ਚੌਧਰੀ ਨਜ਼ਰੀ ਅਹਿਮਦ ਤੋਂ ਤੀਹ ਰੁਪਏ ਉਧਾਰ ਲਏ ਤੇ ਇਹ ਸਾਰਾ ਕਾਫ਼ਲਾ ਮਾਲ ਰੋਡ ਤੋਂ ਹੀ ਹੁੰਦਾ ਹੋਇਆ ਸਟੈਂਡਰਡ ਰੈਸਤੋਰਾਂ ਪਹੁੰਚਿਆ।
ਮੰਟੋ ਨੇ ਆਖਿਆ, ਸਭ ਜਣੇ ਦੋ ਦੋ ਪੈਗ ਪੀਣਗੇ। ਸਤਿਆਰਥੀ ਪੇਸ਼ਗੀ ਪੈਸੇ ਅਦਾ ਕਰੇ ਤੇ ਬਾਹਰ ਖੜ੍ਹਾ ਰਹੇ।
ਸਤਿਆਰਥੀ ਨੇ ਇਹ ਸ਼ਰਤ ਵੀ ਮਨਜੂਰ ਕਰ ਲਈ। ਪਰ ਕੱਨ੍ਹਈਆ ਲਾਲ ਕਪੂਰ ਸਤਿਆਰਥੀ ਨੂੰ ਅੰਦਰ ਖਿਚ ਲਿਆਇਆ।
ਸਭ ਨੇ ਜਾਮ ਪੀਤੇ। ਸਤਿਆਰਥੀ ਨੇ ਆਖਿਆ, ਮੰਟੋ ਸਾਹਬ, ਹੁਣ ਤਾਂ ਹੱਥ ਮਿਲਾ ਲਓ।
ਮੰਟੋ ਨੇ ਹੱਥ ਮਿਲਾ ਕੇ ਆਖਿਆ, ਪਰ ਮੈਂ ਆਪਣੀ ਸਾਹਿਤਕ ਰਾਇ ਨਹੀਂ ਬਦਲ ਸਕਦਾ।
ਸਤਿਆਰਥੀ ਵਿਚ ਆਰਟ ਉਤੇ ਤੇ ਮੰਟੋ ਵਰਗੇ ਅਦੀਬ ਉਤੇ ਮਰ ਮਿਟਣ ਦੀ ਸ਼ਕਤੀ ਹੈ। ਉਸ ਵਿਚ ਮਿੱਟੀ ਹੋ ਜਾਣ ਦੀ ਤਾਕਤ ਹੈ। ਇਹ ਉਸਦੀ ਅਜ਼ਮਤ ਹੈ, ਫ਼ਕੀਰਾਨਾ ਬਾਦਸ਼ਾਹਤ।
ਸਤਿਆਰਥੀ ਕਈ ਵਾਰ ਲਾਹੌਰ ਮੇਰੇ ਹੋਸਟਲ ਵਿਚ ਆਉਂਦਾ ਤੇ ਉਥੇ ਹੀ ਸੌਂ ਜਾਂਦਾ। ਕਾਲਜ ਦੇ ਹੋਸਟਲਾਂ ਵਿਚ ਉਸਨੇ ਆਪਣੇ ਠਹਿਰਨ ਦੇ ਅੱਡੇ ਬਣਾਏ ਹੋਏ ਸਨ। ਉਹ ਮੈਨੂੰ ਹਰ ਥਾਂ ਮਿਲ ਪੈਂਦਾ।
ਇਕ ਦਿਨ ਮੈਂ ਪ੍ਰੋ: ਮੋਹਨ ਸਿੰਘ ਨੂੰ ਮਿਲਣ ਗਿਆ ਤਾਂ ਉਸ ਕੋਲ ਇਕ ਨੌਜਵਾਨ ਬੈਠਾ ਸੀ।
ਮੋਹਨ ਸਿੰਘ ਨੇ ਪੁੱਛਿਆ, ਜਾਣਦੇ ਹੋ ਇਹਨਾਂ ਨੂੰ?
ਮੈਂ ਇਸ ਸ਼ਖ਼ਸ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ।
ਮੋਹਨ ਸਿੰਘ ਬੋਲਿਆ, ਇਹ ਸਤਿਆਰਥੀ ਹੈ।
ਮੈਂ ਹੱਕਾ-ਬੱਕਾ ਰਹਿ ਗਿਆ। ਦੇਖਿਆ ਕਿ ਸਤਿਆਰਥੀ ਦੀ ਦਾੜ੍ਹੀ ਸਫ਼ਾ-ਚੱਟ ਤੇ ਸਿਰ ਦੇ ਵਾਲ ਨਵੇਂ ਫ਼ੈਸ਼ਲ ਦੇ। ਲਿਬਾਸ ਵੀ ਮਾਡਰਨ।
ਮੈਂ ਪੁੱਛਿਆ, ਇਹ ਕਾਇਆ ਕਲਪ ਕਿਉਂ?
ਮੋਹਨ ਸਿੰਘ ਬੋਲਿਆ, ਇਹਨਾਂ ਨੂੰ ਇਸ਼ਕ ਹੋ ਗਿਆ ਹੈ।
ਮੈਂ ਸਤਿਆਰਥੀ ਵਲ ਦੁਬਾਰਾ ਦੇਖਿਅ। ਉਹ ਬਿਲਕੁਲ ਕੋਈ ਹੋਰ ਹੀ ਆਦਮੀ ਲਗ ਰਿਹਾ ਸੀ। ਦੰਦ ਤੇ ਮੂੰਹ ਵੱਡਾ, ਤੇ ਜਬਾੜੇ ਹੇਠ ਗਿਲਟੀ। ਸਾਰੀ ਕਸ਼ਿਸ਼ ਤੇ ਖ਼ੂਬਸੂਰਤੀ ਗ਼ਾਇਬ। ਉਸਦੀ ਸ਼ਕਤੀ ਤਾਂ ਦਾੜ੍ਹੀ ਤੇ ਮੇ ਵਾਲਾਂ ਵਿਚ ਸੀ। ਵਾਲ ਕਟਵਾ ਕੇ ਉਹ ਬਿਲਕੁਲ ਬੀਮੇ ਦਾ ਏਜੰਟ ਲਗਦਾ ਸੀ।
ਮੈਂ ਇਸ ਇਸ਼ਕ ਦੀ ਗੱਲ ਸੁਣਨ ਲਈ ਕਾਹਲਾ ਸਾਂ ਜਿਸ ਨੇ ਸਤਿਆਰਥੀ ਦਾ ਹੁਲੀਆ ਵਿਗਾੜ ਦਿਤਾ ਸੀ।
ਅਸੀਂ ਬਾਹਰ ਆਏ ਤੇ ਕ੍ਰਿਸਟਲ ਰੈਸਤੋਰਾ ਵਿਚ ਬੈਠ ਕੇ ਚਾਹ ਪੀਣ ਲਗੇ।
ਮੈਂ ਪੁੱਛਿਆ, ਗੱਲ ਕੀ ਹੋਈ?
ਉਹ ਮੁਸਕਰਾਇਆ, ਮੈਂ ਦਾਹੜੀ ਤੋਂ ਤੰਗ ਆ ਗਿਆ ਸੀ। ਪਹਿਲਾਂ ਮੇਰੇ ਦਾਹੜੀ ਨਹੀਂ ਸੀ ਹੁੰਦੀ। ਆਰੀਆ ਸਮਾਜੀਆਂ ਦੇ ਘਰ ਜੰਮਿਆਂ। ਪਰ ਜਦੋਂ ਲੋਕ-ਗੀਤ ਇਕਠੇ ਕਰਨ ਨਿਕਲਿਆ ਤਾਂ ਗਿੱਧਾ ਪਾਉਂਦੀਆਂ ਮੁਟਿਆਰਾਂ ਮੈਨੂੰ ਨੇੜੇ ਨਾ ਆਉਣ ਦੇਂਦੀਆਂ। ਮੈਂ ਦਾਹੜ੍ਹੀ ਰਖ ਲਈ ਤੇ ਵਾਲ ਵਧਾ ਲਏ। ਮੈਂ ਰਮਤੇ ਜੋਗੀਆਂ ਵਾਲਾ ਰੂਪ ਧਾਰਨ ਕਰ ਲਿਆ। ਕਈ ਮੈਨੂੰ ਸਨਿਆਸੀ ਬਾਬਾ ਸਮਝਣ ਲਗੇ। ਜਿਥੇ ਮਰਜ਼ੀ ਚਲਾ ਜਾਂਦਾ। ਕੋਈ ਨਾ ਰੋਕਦਾ। ਕਈ ਤੀਵੀਆਂ ਤਾਂ ਭੋਜਨ ਵੀ ਛਕਾ ਦੇਂਦੀਆਂ। ਰੇਲ ਦਾ ਸਫ਼ਰ ਕਰਦਿਆਂ ਟੀ.ਟੀ. ਮੈਥੋਂ ਟਿਕਟ ਵੀ ਨਾ ਪੁਛਦੇ। ਮੈਂ ਇਸੇ ਰੂਪ ਵਿਚ ਸਾਰੇ ਦੇਸ਼ ਵਿਚ ਘੁੰਮਿਆ। ਇਹੋ ਮੇਰੀ ਅਸਲੀਅਤ ਬਣ ਗਈ। ਪਰ ਮੈਂ ਲਾਹੌਰ ਆ ਕੇ ਦੇਖਿਆ ਕਿ ਨੌਜਵਾਨ ਕੁੜੀਆਂ ਸ਼ਾਇਰਾਂ ਨਾਲ ਇਸ਼ਕ ਕਰਦੀਆਂ ਹਨ। ਸਾਹਿਰ ਨਾਲ ਤੇ ਫ਼ੈਜ਼ ਨਾਲ ਤੇ ਕ੍ਰਿਸ਼ਨ ਚੰਦਰ ਨਾਲ। ਪਰ ਮੈਨੂੰ ਪਤਾ ਨਹੀਂ ਕੀ ਸਮਝਦੀਆਂ ਨੇ। ਦੂਜੇ ਸ਼ਾਇਰ ਜਦੋਂ ਕੁੜੀਆਂ ਵੱਲ ਦੇਖਦੇ ਨੇ ਤਾਂ ਇਹਨਾਂ ਦੀਆਂ ਗੱਲ੍ਹਾਂ ਲਾਲ ਹੋ ਜਾਂਦੀਆਂ। ਮੈਂ ਦੇਖਦਾ, ਤਾਂ ਉਸੇ ਤਰ੍ਹਾਂ ਉਹ ਠੰਢੀਆਂ। ਉਹ ਸਮਝਦੀਆਂ ਹਨ ਕਿ ਸ਼ਾਇਦ ਮੈਂ ਪਿਤਾ ਦੀਆਂ ਨਜ਼ਰਾਂ ਨਾਲ ਦੇਖ ਰਿਹਾ ਹਾਂ ਉਹਨਾਂ ਨੂੰ। ਉਹਨਾਂ ਨੂੰ ਨਹੀਂ ਪਤਾ ਕਿ ਮੈਂ ਨੌਜਵਾਨ ਹਾਂ। ਮੇਰੇ ਸੀਨੇ ਵਿਚ ਦਿਲ ਹੈ ਜੋ ਪਿਆਰ ਲਈ ਲੋਚਦਾ ਹੈ। ਮੈਂ ਕੋਈ ਰਿਸ਼ੀ ਨਹੀਂ, ਸਨਿਆਸੀ ਨਹੀਂ, ਦੇਵਤਾ ਨਹੀਂ, ਮੈਂ ਆਮ ਇਨਸਾਨ ਵਾਂਗ ਜੀਊਣਾ ਚਾਹੁੰਦਾ ਹਾਂ। ਮੈਂ ਵੀ ਇਸ਼ਕ ਕਰਨਾ ਚਾਹੁੰਦਾ ਹਾਂ....।
ਤੈਨੂੰ ਕਿਸ ਕੁੜੀ ਨਾਲ ਇਸ਼ਕ ਹੋ ਗਿਆ? ਮੈਂ ਪੁੱਛਿਆ।
ਸਭ ਕੁੜੀਆਂ ਨਾਲ।
ਕੀ ਮਤਲਬ?
ਹੁਣ ਮੈਨੂੰ ਹਰ ਕੁੜੀ ਇਸ਼ਕ ਕਰ ਸਕਦੀ ਹੈ। ਮੈਂ ਬਾਕੀ ਲੋਕਾਂ ਵਰਗਾ ਹੀ ਨੌਜਵਾਨ ਹਾਂ...
ਸਤਿਆਰਥੀ ਦੇ ਇਸ ਰੂਪ ਨੂੰ ਦੇਖ ਕੇ ਮੈਨੂੰ ਅਫ਼ਸੋਸ ਹੋਇਆ ਕਿਉਂਕਿ ਉਹ ਸਾਰਾ ਆਕਰਸ਼ਨ ਖੋ ਬੈਠਾ ਸੀ।
ਕੁਝ ਮਹੀਨੇ ਉਹ ਇਸੇ ਤਰ੍ਹਾਂ ਫਿਰਦਾ ਰਿਹਾ। ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ। ਉਸ ਨਾਲ ਗੱਲ ਕਰਨੀ ਛਡ ਦਿਤੀ। ਉਸ ਨੂੰ ਚਾਹ ਲਈ ਵੀ ਕੋਈ ਨਾ ਪੁੱਛਦਾ। ਮਹਿਫ਼ਲਾਂ ਵਿਚ ਵੀ ਉਸ ਦੀ ਪੁੱਛ ਪ੍ਰਤੀਤ ਘਟ ਗਈ। ਉਸ ਨੇ ਆਪਣੇ ਆਪ ਨੂੰ ਜਿਸਮਾਨੀ ਤੌਰ ਤੇ ਮਾਰ ਲਿਆ ਸੀ। ਖ਼ੁਦਕੁਸ਼ੀ ਕਰ ਬੈਠਾ ਸੀ।
ਉਸ ਨੇ ਫਿਰ ਦਾਹੜੀ ਰੱਖ ਲਈ ਤੇ ਵਾਲ ਵਧਾ ਲਏ। ਉਹ ਫਿਰ ਸਤਿਆਰਥੀ ਬਣ ਗਿਆ।
ਸਤਿਆਰਥੀ ਨੇ ਇਕ ਕਿਤਾਬ ਲਿਖੀ ਤੇ ਉਸ ਦਾ ਨਾਂ ਰਖਿਆ, ਲਕ ਟੁਣੂ ਟੁਣੂ।
ਕਈ ਦੋਸਤਾਂ ਨੇ ਆਖਿਆ, ਇਹ ਨਾਂ ਬਕਵਾਸ ਹੈ। ਇਸ ਨੂੰ ਬਦਲ ਦੇਹ। ਕਿਸੇ ਨੂੰ ਸਮਝ ਨਹੀਂ ਆਉਣੀ ਇਸ ਨਾਂ ਦੀ।
ਉਹ ਬੋਲਿਆ, ਟਾਹਲੀ ਮੇਰੇ ਬਚੜੇ ਲਕ ਟੁਣੂ ਟੁਣੂ। ਇਹ ਘੁੱਗੀ ਮੈਂ ਹੀ ਹਾਂ। ਵਾ ਵਗੀ ਉਡ ਜਾਣਗੇ ਲੋਕ ਟੁਣੂ ਟੁਣੂ। ਮੀਂਹ ਪਿਆ ਰੁੜ੍ਹ ਜਾਣਗੇ ਲੋਕ ਟੁਣੂ ਟੁਣੂ।
ਇਕ ਦੋਸਤ ਨੇ ਆਖਿਆ ਕਿ ਜੇ ਤੂੰ ਇਹ ਨਾਂ ਬਦਲ ਦਿਤਾ ਮੈਂ ਖ਼ੁਦਕੁਸ਼ੀ ਕਰ ਲਵਾਂਗਾ।
ਸਤਿਆਰਥੀ ਬੰਬਈ ਪਹੁੰਚਿਆ ਤਾਂ ਉਹ ਸਾਹਿਰ ਨੂੰ ਮਿਲਿਆ।
ਸਾਹਿਰ ਬਹੁਤ ਸ਼ਰਾਰਤੀ ਸੀ। ਜਿਸ ਦੀ ਟੰਗ ਖਿਚਣੀ ਹੋਵੇ, ਜਿਸ ਨੂੰ ਪੁੱਠੇ ਰਾਹ ਪਾਉਣਾ ਹੋਵੇ, ਇਸ਼ਕ ਜਾਂ ਦੇਸ਼ ਭਗਤੀ ਉਤੇ ਹਸਣਾ ਹੋਵੇ ਤਾਂ ਉਹ ਕਰਾਰੀ ਚੋਟ ਕਰਦਾ ਸੀ। ਸਤਿਆਰਥੀ ਨਾਲ ਉਸ ਦੀ ਡੂੰਘੀ ਸਾਂਝ ਸੀ, ਲਾਹੌਰ ਦੇ ਦਿਨਾਂ ਤੋਂ।
ਉਸ ਨੇ ਆਖਿਆ, ਬਾਬਾ ਜੀ, ਲਕ ਟੁਣੂ ਟੁਣੂ ਦਾ ਕੀ ਮਤਲਬ?
ਸਤਿਆਰਥੀ ਬੋਲਿਆ, ਸਾਹਿਰ ਦੀ ਕੀ ਮਤਲਬ? ਵਾਹ ਵਾਹ ਦਾ ਕੀ ਮਤਲਬ? ਹੁੱਰਰਾ ਹੁੱਰਰਾ ਦੀ ਕੀ ਮਤਲਬ? ਜਦੋਂ ਸਾਡੀ ਸ਼ਬਦਾਵਲੀ ਮੁਕ ਜਾਂਦੀ ਹੈ ਤਾਂ ਅਸੀਂ ਅਜਿਹੇ ਨਿਰਰਥਕ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ ਜਿਨ੍ਹਾਂ ਦੀ ਧੁਨੀ ਹੀ ਅਰਥ ਦਾ ਰੂਪ ਧਾਰ ਲੈਂਦੀ ਹੈ।
ਸਤਿਆਰਥੀ ਖ਼ੁਦ ਇਕ ਨਿਰਰਥਕ ਆਵਾਰਾਗਰਦ ਹੈ ਜੋ ਸਾਡੇ ਸਾਹਿਤਕ ਜੀਵਨ ਦਾ ਅਨੋਖਾ ਅਰਥ ਬਣ ਗਿਆ ਹੈ।
ਸਾਹਿਰ ਨੂੰ ਸਤਿਆਰਥੀ ਦੀ ਗੱਲ ਜਚ ਗਈ: ਉਸ ਪਿਛੋਂ ਉਸ ਨੇ ਫ਼ਿਲਮ ਦਾ ਗੀਤ ਲਿਖਿਆ, ਯਾਰੀ ਹੋ ਗਈ ਯਾਰ ਸੇ, ਲਕ ਟੁਣੂ ਟੁਣੂ। ਇਹ ਗੀਤ ਸੁਪਰ ਹਿੱਟ ਹੋਇਆ।

ਸਤਿਆਰਥੀ ਭਦੌੜ ਪਿੰਡ ਜੰਮਿਆ ਜੋ ਬਠਿੰਡੇ ਤੋਂ ਤੀਹ ਮੀਲ ਹੈ। ਰੇਤਲਾ ਇਲਾਕਾ। ਕਰੀਰ, ਜੰਡ, ਕਿੱਕਰਾਂ। ਗਿੱਧੇ ਤੇ ਬੋਲੀਆਂ।
ਉਸ ਦਾ ਪਿਤਾ ਨਹਿਰਾਂ ਤੇ ਪੁਲ ਪਟੜੀਆਂ ਬਣਾਉਣ ਦਾ ਠੇਕੇਦਾਰ ਸੀ। ਉਸ ਦੇ ਬਜ਼ੁਰਗ ਜੈਸਲਮੇਰ ਤੋਂ ਆ ਕੇ ਇਥੇ ਵਸੇ ਸਨ। ਊਠਾਂ ਉਤੇ ਮਾਲ ਲੱਦ ਕੇ ਉਹ ਕਾਬਲ ਤੀਕ ਵੇਚਣ ਜਾਂਦੇ। ਰੇਗਿਸਤਾਨੀ ਸੁਭਾਅ ਸੀ ਬਚਪਨ ਤੋਂ ਸਤਿਆਰਥੀ ਦਾ। ਗੀਤਾਂ ਦੇ ਗਿੱਧਿਆਂ ਵਿਚ ਉਹ ਪਲਿਆ। ਟੱਪਰੀਵਾਸਣਾਂ ਤੇ ਸਿਕਲੀਗਰਨੀਆਂ ਦੇ ਗੀਤਾਂ ਨੂੰ ਸੁਣਦਿਆਂ ਉਸ ਨੇ ਹੋਸ਼ ਸੰਭਾਲੀ। ਊਠਾਂ ਦੀਆਂ ਟੱਲੀਆਂ ਤੇ ਕਾਫ਼ਲੇ ਦੀਆਂ ਹੇਕਾਂ ਸੁਣਦਾ ਉਹ ਲੋਕ ਗੀਤਾਂ ਦੀ ਰੂਹ ਨੂੰ ਸਮਝਦਾ।
ਉਸ ਦੇ ਬਾਬੇ ਜੀ ਦੀ ਨਿਗਾਹ ਕੰਮ ਨਹੀਂ ਸੀ ਕਰਦੀ ਤੇ ਸਤਿਆਰਥੀ ਉਹਨਾਂ ਨੂੰ ਅਖ਼ਬਾਰ ਪੜ੍ਹ ਕੇ ਸੁਣਾਉਂਦਾ ਸੀ। ਅਖ਼ਬਾਰ ਵਿਚ ਕਦੇ ਕਲਕੱਤਾ ਲਿਖਿਆ ਹੁੰਦਾ ਕਦੇ ਬੰਬਈ, ਕਦੇ ਕੋਲ੍ਹਾਪੁਰ ਕਦੇ ਸੋਲਾਪੁਰ। ਇਕ ਵਾਰ ਉਸ ਨੇ ਪੜ੍ਹਿਆ ਕੋਬੋ। ਬੜਾ ਅਜੀਬ ਜਿਹਾ ਨਾਉਂ ਲਗਿਆ। ਉਥੇ ਜਾਣ ਦੀ ਇੱਛਾ ਜਾਗੀ।
ਉਹਨੀਂ ਦਿਨੀਂ ਮੈਂ ਗੀਤਾਂਜਲੀ ਪੜ੍ਹੀ, ਸਤਿਆਰਥੀ ਬੋਲਿਆ। ਪਰ ਮੈਨੂੰ ਇਸ ਵਿਚ ਮਹਾਨਤਾ ਨਾ ਦਿਸੀ। ਮੇਰੇ ਸਕੂਲ ਦੇ ਮਾਸਟਰ ਨੇ ਆਖਿਆ; ਟੈਗੋਰ ਨੂੰ ਇਸ ਉਤੇ ਨੋਬੇਲ ਪ੍ਰਾਈਜ਼ ਮਿਲਿਆ ਹੈ, ਤੈਨੂੰ ਕਿਵੇਂ ਸਮਝ ਆ ਸਕਦੀ ਹੈ? ਮੈਂ ਆਖਿਆ, ਇਹ ਸਾਡੇ ਲੋਕ ਗੀਤਾਂ ਵਰਗੀ ਲਗਦੀ ਐ ਕੁਝ ਕੁਝ। ਸਾਡੇ ਲੋਕ ਗੀਤ ਇਹਨਾਂ ਨਾਲੋਂ ਚੰਗੇ ਨੇ। ਟੈਗੋਰ ਨੇ ਗੀਤਾਂਜਲੀ ਵਿਚ ਰੱਬ ਨਾਲ ਗੱਲਾਂ ਕੀਤੀਆਂ ਨੇ ਪਰ ਸਾਡੇ ਲੋਕ ਗੀਤਾ ਵਿਚ ਹੀ ਰੱਬ ਆਉਂਦਾ ਹੈ, ਗੁੱਲੀ ਡੰਡਾ ਖੇਡਦੇ ਯਾਰਾਂ ਵਾਂਗ।
ਯਾਰੀ ਤੋੜ ਕੇ ਖੁੰਢਾਂ ਤੇ ਬਹਿ ਗਿਆ
ਵੇ ਹੁਣ ਕੀ ਤੂੰ ਰੱਬ ਬਣ ਗਿਆ ?
ਜਾਂ
ਰਾਤੀ ਯਾਰ ਨੇ ਗਲੇ ਨਾਲ ਲਾਇਆ
ਰੱਬ ਦਾ ਦੀਦਾਰ ਹੋ ਗਿਆ।
ਟੈਗੋਰ ਦੀਆਂ ਉਪਮਾਵਾਂ ਇਸ ਲੋਕ ਗੀਤ ਦਾ ਕੀ ਮੁਕਾਬਲਾ ਕਰਨਗੀਆਂ:
ਰੰਨ ਨ੍ਹਾ ਕੇ ਛੱਪੜ ਚੋਂ ਨਿਕਲੀ
ਸੁਲਫ਼ੇ ਦੀ ਲਾਟ ਵਰਗੀ।
ਸਤਿਆਰਥੀ ਨੇ ਦਸਵੀਂ ਵਿਚ ਟੈਗੋਰ ਦੀਆਂ ਕਹਾਣੀਆਂ ਪੜ੍ਹੀਆਂ। ਕਾਬਲੀ ਵਾਲਾ ਪਹਿਲੀ ਕਹਾਣੀ ਸੀ ਤੇ ਮਾਸਟਰ ਜੀ ਆਖਦੇ, ਮੁੰਡਿਓ ਤੁਹਾਨੂੰ ਸਮਝ ਨਹੀਂ ਆਉਣੀ ਇਹ ਕਹਾਣੀ। ਇਹ ਤਾਂ ਮੈਨੂੰ ਸਮਝ ਨਹੀਂ ਆਉਂਦੀ। ਪਰ ਸਤਿਆਰਥੀ ਨੂੰ ਸਮਝ ਆ ਰਹੀ ਸੀ। ਉਹ ਕਾਬਲੀ ਵਾਲਾ ਹੀ ਬਣ ਗਿਆ ਸੀ।
ਜਵਾਨੀ ਵਿਚ ਉਹ ਘਰੋਂ ਨਿਕਲਿਆ ਤੇ ਪਿੰਡ ਪਿੰਡ ਗੀਤ ਇਕੱਠੇ ਕਰਦਾ।
ਬਸ ਐਵੇਂ ਹੀ... ਪਤਾ ਹੀ ਨਹੀਂ ਚਲਿਆ ਕਿਵੇਂ ਆ ਗਿਆ ਹਾਂ।
ਥੋੜ੍ਹੀ ਦੇਰ ਰੁਕ ਕੇ ਬੋਲਿਆ, ਅੱਜ ਮੇਰੀ ਬੀਵੀ ਨੇ ਪਹਿਲੀ ਵਾਰ ਮੈਨੂੰ ਆਖਿਆ ਕਿ ਬਿਜਲੀ ਦਾ ਬਿਲ ਦੇ ਆ। ਮੈਂ ਹੈਰਾਨ ਸਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਬਿਜਲੀ ਦਾ ਦਫ਼ਤਰ ਕਿਥੇ ਹੈ। ਬਿਲ ਮੇਰੀ ਜੇਬ ਵਿਚ ਹੈ। ਹਿੰਮਤ ਨਹੀਂ ਪੈਂਦੀ ਕਿ ਬਿਜਲੀ ਦੇ ਦਫ਼ਤਰ ਜਾ ਕੇ ਮੀ ਕਤਾਰ ਵਿਚ ਖੜ੍ਹਾ ਹੋ ਜਾਵਾਂ। ਸੜਕਾਂ ਤੇ ਘੁੰਮਦਾ ਰਿਹਾ ਤੇ ਇਥੇ ਆ ਗਿਆ। ਮੇਰੀ ਬੀਵ੍ਹੀ ਹੀ ਸਾਰੇ ਕੰਮ ਸੰਭਾਲਦੀ ਹੈ, ਲੈਣ ਦੇਣ ਦੇ ਸਾਰੇ ਕੰਮ। ਮੈਂ ਇਸ ਲਈ ਨਹੀਂ ਪੈਦਾ ਹੋਇਆ ਕਿ ਮੁਨਸ਼ੀਗੀਰੀ ਕਰਾਂ।
ਉਹ ਮੇਰੇ ਕੋਲ ਦੋ ਘੰਟੇ ਰਿਹਾ ਤੇ ਗੱਲਾਂ ਕਰਦਾ ਰਿਹਾ ਜਿਨ੍ਹਾਂ ਵਿਚ ਤਰਕਮਈ ਗਤੀ ਦੀ ਥਾਂ ਜਜ਼ਬੇ ਦੀ ਗਤੀ ਸੀ। ਉਹ ਇਕ ਕਿੱਸਾ ਸੁਣਾਉਣ ਲਗਿਆ ਤੇ ਇਸ ਦਾ ਮੁੱਢ ਭੁਲ ਗਿਆ। ਬਾਰ-ਬਾਰ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦਾ। ਉਹ ਖ਼ਾਸ ਘਟਨਾ ਜੋ ਕਿਸੇ ਵੇਲੇ ਉਸਨੇ ਸੁਣਾਈ ਸੀ, ਹੁਣ ਉਸਦੀ ਪਕੜ ਤੋਂ ਬਾਹਰ ਸੀ। ਉਹ ਠੋਡੀ ਉਤੇ ਹੱਥ ਰੱਖੀ ਸੋਗ ਦੀ ਮੂਰਤ ਬਣੀ ਬੈਠਾ ਰਿਹਾ।
ਫਿਰ ਉਹ ਬੋਲਿਆ, ਇਸ ਉਲਝੀ ਹੋਈ ਤਾਣੀ ਦਾ ਸਿਰਾ ਮਿਲ ਜਾਵੇ ਤਾਂ ਗੱਡੀ ਅੱਗੇ ਤੁਰ ਪਵੇ... ਬਸ ਇਕ ਲਫਜ਼... ਇਕ ਖ਼ਿਆਲ... ਇਹੀ ਨਹੀਂ ਮਿਲ ਰਿਹਾ। ਜੇ ਮਿਲ ਜਾਏ ਤਾਂ ਸਾਰੀ ਗੱਲ ਯਾਦ ਆ ਜਾਏ.... ਯਾਦ ਤਾਂ ਇਕ ਖੂਹ ਹੈ.... ਕਦੇ ਪਾਣੀ ਖ਼ੁਦ-ਬ-ਖ਼ੁਦ ਉਛਲ ਕੇ ਬਾਹਰ ਆ ਜਾਂਦਾ ਹੈ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਇਹ ਖੂਹ ਨਹੀਂ, ਚਸ਼ਮਾ ਬਣ ਜਾਂਦਾ ਹੈ.... ਪਤਾ ਨਹੀਂ ਕੀ ਗੱਲ ਸੀ।
ਮੈਂ ਆਖਿਆ, ਛੱਡ, ਕੋਈ ਹੋਰ ਗੱਲ ਕਰ।
ਉਹ ਬੋਲਿਆ, ਇਹੀ ਤਾਂ ਮੁਸੀਬਤ ਹੈ ਮੈਂ ਛੱਡ ਨਹੀਂ ਸਕਦਾ.... ਪਰ ਤੂੰ ਹੁਕਮ ਦਿਤਾ ਹੈ ਤਾਂ ਪੱਲਾ ਝਾੜ ਕੇ ਬੈਠ ਗਿਆ ਹਾਂ। ਦਿਮਾਗ਼ ਤੋਂ ਬੋਝ ਉਤਰ ਗਿਆ।
ਅਸੀਂ ਸਮਕਾਲੀ ਸਾਹਿਤ ਦੀਆਂ ਗੱਲਾਂ ਕਰਨ ਲਗੇ। ਉਹ ਲੋਕ ਗੀਤਾਂ ਬਾਰੇ ਬੋਲ ਰਿਹਾ ਸੀ, ਸਾਡੇ ਸ਼ਾਇਰ ਦੀਆਂ ਗੱਲਾਂ ਕਰਨ ਲਗੇ। ਉਹ ਲੋਕ ਗੀਤਾਂ ਬਾਰੇ ਬੋਲ ਰਿਹਾ ਸੀ, ਸਾਡੇ ਸ਼ਾਇਰ ਇਹਨਾਂ ਲੋਕ ਗੀਤਾਂ ਦੀ ਖ਼ੂਬਸੂਰਤੀ ਨੂੰ ਨਹੀਂ ਸਮਝਦੇ.... ਸੱਜਰੇ ਬਿੰਬ ਤੇ ਅਕਾਰ.. ਜ਼ਿੰਦਗੀ ਦੇ ਕੋਹਲੂ ਵਿਚ ਜੁਟੇ ਹੋਏ ਉਹ ਇਹਨਾਂ ਦੀ ਸ਼ਕਤੀ ਤੋਂ ਵਾਕਿਫ਼ ਨਹੀਂ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਸ ਪਿਛੋਕੜ ਵਿਚ ਇਹ ਪਿੰਡ ਦੇ ਗੀਤ ਤੀਵੀਆਂ ਨੇ ਕੱਤੇ.... ਮੁਟਿਆਰਾਂ ਨੇ ਸੁਹਾਗ ਤੇ ਵਿਛੋੜੇ ਦੇ ਇਹ ਗੀਤ ਕਿਸ ਤਰ੍ਹਾਂ ਰਚੇ.... ਕਿਸੇ ਨੂੰ ਘੱਟ ਹੀ ਪਤਾ ਹੈ ਇਹਨਾਂ ਗੱਲਾਂ ਦਾ।
ਸਤਿਆਰਥੀ ਦੇ ਚੇਹਰੇ ਉਤੇ ਫਿਰ ਉਦਾਸੀ, ਉਹੀ ਸੋਗ।
ਉਹ ਠੋਡੀ ਤੇ ਹੱਥ ਰੱਖੀ ਬੈਠਾ ਰਿਹਾ।
ਮੈਂ ਪੁੱਛਿਆ, ਕਿਸ ਖੂਹ ਵਿਚ ਡੁਬ ਗਏ ਹੋ?
ਉਹਨੇ ਸਿਰ ਚੁਕਿਆ ਤੇ ਉਸ ਦੀਆਂ ਅੱਖਾਂ ਚਮਕੀਆਂ, ਹਾਂ ਹਾਂ ਯਾਦ ਆਖਿਆ.... ਖੂਹ... ਇਹ ਖੂਹ ਦੀ ਗੱਲ ਹੀ ਸੀ ਜੋ ਮੈਂ ਭੁਲ ਗਿਆ ਸੀ। ਉਨੀ ਸੌ ਉਨਤਾਲੀ ਦੀ ਗੱਲ ਹੈ ਮੈਂ ਪੁਰਾਣੀ ਦਿੱਲੀ ਬੁਖ਼ਾਰੀ ਸਾਹਬ....।
ਉਹ ਖੂਹ ਦਾ ਕਿੱਸਾ ਸੁਣਾਉਣ ਲਗਾ, ਉਹਨੀਂ ਦਿਨੀਂ ਰੇਡੀਓ ਸਟੇਸ਼ਨ ਪੁਰਾਣੀ ਦਿੱਲੀ ਕਸ਼ਮੀਰੀ ਗੇਟ ਦੇ ਬਾਹਰ ਹੁੰਦਾ ਸੀ। ਇਸਦੇ ਅਹਾਤੇ ਵਿਚ ਇਕ ਅੰਨ੍ਹਾ ਖੂਹ ਸੀ, ਜੋ ਅੱਧੇ ਤੋਂ ਵੱਧ ਮਿੱਟੀ ਨਾਲ ਪੂਰਿਆ ਪਿਆ ਸੀ। ਬੁਖ਼ਾਰੀ ਸਾਹਬ ਰਾਤ ਨੂੰ ਟਹਿਲਦੇ ਹੋਏ ਇਧਰ ਨਿਕਲੇ ਤਾਂ ਅਚਾਨਕ ਇਸ ਖੂਹ ਵਿਚ ਡਿਗ ਪਏ। ਓਧਰੋਂ ਰੇਡੀਓ ਸਟੇਸ਼ਨ ਦੇ ਦੇਹਾਤੀ ਪ੍ਰੋਗਰਾਮ ਦਾ ਪ੍ਰੋਡਿਊਸਰ ਪੰਡਤ ਹਿਰਦੇ ਰਾਮ ਘਿਆ। ਉਸਨੇ ਬੁਖ਼ਾਰੀ ਸਾਹਬ ਦੀ ਆਵਾਜ਼ ਸੁਣੀ ਤੇ ਆਖਿਆ, ਜਨਾਬ ਮੈਂ, ਆਪਣੀ ਪਗੜੀ ਲਮਕਾਉਂਦਾ ਹਾਂ ਤੁਸੀਂ ਇਸਦਾ ਇਕ ਸਿਰਾ ਫੜ ਲਓ। ਮੈਂ ਤੁਹਾਨੂੰ ਉਪਰ ਖਿੱਚ ਲਵਾਂਗਾ।
ਬੁਖ਼ਾਰੀ ਸਾਹਬ ਨੇ ਹਿਰਦੇ ਰਾਮ ਨੂੰ ਦੇਖਿਆ ਤੇ ਫਿਰ ਆਪਣੀ ਕਲਾਈ ਉਤੇ ਬੰਨ੍ਹੀ ਹੋਈ ਰੇਡੀਅਮ ਵਾਲੀ ਘੜੀ ਦੇਖੀ ਤੇ ਆਖਿਆ, ਅੱਠ ਵਜੇ ਹਨ। ਇਸ ਵੇਲੇ ਤਾਂ ਤੈਨੂੰ ਦੇਹਾਤੀ ਪ੍ਰੋਗਰਾਮ ਲਈ ਸਟੂਡੀਓ ਵਿਚ ਹੋਣਾ ਚਾਹੀਦਾ ਸੀ! ਤੂੰ ਇਥੇ ਕੀ ਕਰਦਾ ਹੈਂ? ਕੁਝ ਲੋਕ ਖੂਹ ਵਿਚ ਡਿਗ ਕੇ ਵੀ ਆਪਣੇ ਹੋਸ਼ ਨਹੀਂ ਗੁਆਉਂਦੇ।
ਸਤਿਆਰਥੀ ਤੇ ਮੈਂ ਉਚੀ-ਉਚੀ ਹੱਸ ਪਏ।
ਥੋੜ੍ਹੀ ਦੇਰ ਪਿਛੋਂ ਉਹ ਫਿਰ ਲੋਕ ਗੀਤਾਂ ਦੀ ਗੱਲ ਕਰਨ ਲਗਾ।
ਬੋਲਿਆ, ਜਿਸ ਪੰਜਾਬੀ ਲੇਖਕ ਨੂੰ ਲੋਕ ਗੀਤ ਨਹੀਂ ਆਉਂਦੇ, ਉਹ ਲੇਖਕ ਨਹੀਂ ਬਣ ਸਕਦਾ। ਇਹ ਲੋਕ ਗੀਤ ਹੀ ਸਾਡੇ ਗ੍ਰੰਥ ਹਨ, ਇਹੀ ਰਾਮਾਇਣ ਤੇ ਇਹੀ ਮਹਾਂਭਾਰਤ। ਇਹੀ ਮਹਾਨ ਸ਼ਬਦ ਕੋਸ਼। ਇਹਨਾਂ ਵਿਚ ਮਿਸਰੀ ਹੈ, ਚਾਸ਼ਨੀ ਹੈ, ਤੁਰਸ਼ੀ ਹੈ, ਹੁਸਨ ਹੈ। ਤੀਵੀਆਂ ਦਾ ਹੁਸਨ ਲੋਕ ਗੀਤਾਂ ਵਿਚ ਰਚਿਆ ਹੋਇਆ ਹੈ। ਉਹ ਬੋਲੀ ਹੈ ਨਾ:
ਨਾਭੇ ਦੀਏ ਬੰਦ ਬੋਤਲੇ,
ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ।
ਨਾਭੇ ਦੀ ਸ਼ਰਾਬ ਦੀ ਬੋਤਲ ਮਸ਼ਹੂਰ ਸੀ। ਔਰਤ ਨੂੰ ਫ਼ਾਰਸੀ ਤੇ ਉਰਦੂ ਵਿਚ ਸ਼ਾਇਰਾਂ ਨੇ ਸੁਰਾਹੀ ਜਾਂ ਜਾਮ ਜਾਂ ਮੀਨਾ ਆਖਿਆ ਹੈ। ਪੰਜਾਬ ਵਿਚ ਹੁਸੀਨ ਤੀਵੀਂ ਨੂੰ ਨਾਭੇ ਦੀ ਬੰਦ ਬੋਤਲ। ਪਰ ਅੱਜ ਦੇ ਕਈ ਨੌਜਵਾਨ ਸ਼ਾਇਰਾਂ ਨੇ ਇਹ ਬੋਤਲ ਹੀ ਨਹੀਂ ਦੇਖੀ। ਇਕ ਸ਼ਾਇਰ ਨੇ ਪੰਜਾਬ ਦੇ ਲੋਕ ਗੀਤਾਂ ਦਾ ਹਵਾਲਾ ਦੇਂਦੇ ਹੋਏ ਆਖਿਆ ਕਿ ਇਹਨਾਂ ਗੀਤਾਂ ਵਿਚ ਸਮਾਜਕ ਪੱਖੋਂ ਜੰਗ, ਸੂਦਖੋਰੀ ਤੇ ਸ਼ਰਾਬ ਦਾ ਜ਼ਿਕਰ ਆਉਂਦਾ ਹੈ। ਉਸਨੇ ਉਦਾਹਰਣ ਵਜੋਂ ਇਹ ਬੋਲੀ ਸੁਣਾਈ। ਜਦੋਂ ਮੈਂ ਉਸਦੀ ਇਹ ਗੱਲ ਸੁਣੀ ਤਾਂ ਸਿਰ ਪਿੱਟ ਲਿਆ। ਉਸ ਉਲੂ ਨੂੰ ਇਹ ਨਹੀਂ ਸੀ ਪਤਾ ਕਿ ਲੋਕ ਗੀਤ ਰਚਣ ਵਾਲੇ ਨੇ ਬੋਤਲ ਦੀ ਗਰਦਨ ਮੀ ਹੁੰਦੀ ਹੈ- ਹੁਸੀਨ ਤੀਵੀਂ ਦੀ ਗਰਦਨ ਵਾਂਗ। ਇਸ ਵਿਚ ਭਰੀ ਸ਼ਰਾਬ ਦਾ ਰੰਗ ਕਦੇ ਲਾਲ, ਕਦੇ ਹਰਾ, ਕਦੇ ਸ਼ਰਬਤੀ। ਨਾਭੇ ਦੀ ਬੰਦ ਬੋਤਲ ਹਰੀ ਹੁੰਦੀ ਸੀ। ਸ਼ਰਾਬ ਪੀਣ ਵਾਲੇ ਲੋਕ ਜਾਣਦੇ ਹਨ ਕਿ ਬੋਤਲ ਦੇਖ ਕੇ ਨਿਸ਼ਾ ਕਿਉਂ ਚੜ੍ਹ ਜਾਂਦਾ ਹੈ।
ਸਤਿਆਰਥੀ ਰੇਗਿਸਤਾਨ ਤੇ ਊਠਾਂ ਦੀਆਂ ਗੱਲਾਂ ਕਰਦਾ ਰਿਹਾ ਤੇ ਝਾਂਜਰਾਂ ਵਾਲੀਆਂ ਊਠਣੀਆਂ ਦੀਆਂ। ਖ਼ਾਨਾਬਦੋਸ਼ਾਂ ਦੇ ਸਫ਼ਰ ਤੇ ਕਾਫ਼ਲਿਆਂ ਦੀਆਂ।
ਉਹ ਬੋਲਿਆ:
ਊਠਾਂ ਵਾਲਿਆਂ ਨੂੰ ਨਾ ਦੇਈਂ ਮੇਰੀਏ ਮਾਏ
ਤੜਕੇ ਉਠ ਕੇ ਲਦ ਜਾਣਗੇ
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ।
ਰੇਗਿਸਤਾਨ ਵਾਲਿਆਂ ਨੂੰ ਸਫ਼ਰ ਇਤਨਾ ਅਜ਼ੀਜ਼ ਹੁੰਦਾ ਹੈ ਕਿ ਮੁਕਲਾਵਾ ਵੀ ਉਹਨਾਂ ਦੇ ਸਫ਼ਰ ਵਿਚ ਰੁਕਾਵਟ ਨਹੀਂ ਪਾ ਸਕਦਾ। ਜਦੋਂ ਕਾਫ਼ਲੇ ਦੀਆਂ ਟੱਲੀਆਂ ਵਜਦੀਆਂ ਨੇ ਤਾਂ ਪੁਨੂੰ ਚਲੇ ਜਾਂਦੇ ਨੇ।
ਉਸਨੇ ਮੇਰੇ ਵਲ ਦੇਖਿਆ ਤੇ ਬੋਲਿਆ, ਬਸ ਇਕ ਗੱਲ ਹੋਰ ਆਖ ਕੇ ਮੈਂ ਚਲਾ ਜਾਵਾਂਗਾ। ਇਹ ਵੀ ਜਵਾਨ ਤੀਵੀਆਂ ਦੇ ਹੁਸਨ ਦੀ ਗੱਲ ਹੈ। ਪੰਜਾਬ ਵਿਚ ਜਵਾਨੀ ਵਿਚ ਮਸਤ ਤੀਵੀਆਂ ਕੋਠਿਆਂ ਦੀਆਂ ਛੱਤਾਂ ਉਤੇ ਸੌਂਦੀਆਂ ਹਨ। ਉਪਰ ਆਸਮਾਨ, ਤਾਰੇ। ਇਸ ਖੁੱਲ੍ਹੇ ਵਾਯੂਮੰਡਲ ਵਿਚ ਉਹਨਾਂ ਨੂੰ ਘਗਰੇ ਤੇ ਕੁੜਤੀ ਦੀ ਹੋਸ਼ ਨਹੀਂ ਰਹਿੰਦੀ। ਚੰਦ ਚਮਕ ਰਿਹਾ ਹੈ ਤੇ ਔਰਤ ਦੇ ਨੰਗੇ ਹੁਸਨ ਨੂੰ ਦੇਖ ਰਿਹਾ ਹੈ। ਲੋਕ ਕਵੀ ਆਖਦਾ ਹੈ:
ਸੂਰਜ ਤਪ ਕਰਦਾ
ਚੰਨ ਗੋਰੀਆਂ ਰੰਨਾਂ ਦੇ ਪੱਟ ਦੇਖੇ।
ਸੂਰਜ ਯੋਗੀ ਹੈ, ਜਿਸਦੀ ਅੱਖ ਦੀ ਜੁਆਲਾ ਭਸਮ ਕਰ ਸਕਦੀ ਹੈ। ਚੰਦ ਸੁੰਦਰਤਾ ਦਾ ਰਸੀਆ ਹੈ। ਸੂਰਜ ਦਿਨ ਦੇ ਵੇਲੇ ਜਲਦਾ ਹੈ, ਪਰ ਚੰਦ ਰਾਤ ਨੂੰ ਆਸਮਾਨ ਵਿਚ ਝਾਕਦਾ ਹੈ ਤੇ ਗੋਰੀਆਂ ਰੰਨਾਂ ਦੇ ਨੰਗੇ ਪੱਟਾਂ ਦਾ ਰਸ ਮਾਣਦਾ ਹੈ।
ਇਕ ਦਮ ਉਹ ਖ਼ਾਮੋਸ਼ ਹੋ ਗਿਆ। ਉਸਨੇ ਆਪਣਾ ਝੋਲਾ ਤੇ ਖਰੜਿਆਂ ਦਾ ਪੁਦਾ ਚੁਕਿਆ ਤੇ ਆਖਿਆ, ਹੁਣ ਮੈਂ ਚਲਦਾ ਹਾਂ।
ਭ੍ਰਿਗੂ ਰਿਸ਼ੀ ਆਪਣੇ ਝੋਲੇ ਵਿਚ ਭੂਤ, ਵਰਤਮਾਨ ਤੇ ਭਵਿੱਖ ਨੂੰ ਸਮੇਟ ਕੇ ਚਲਾ ਗਿਆ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346