ਭਗਵੰਤ ਸਿਆਂ,ਅਜੇ ਕੱਲ ਹੀ ਪਤਾ
ਲੱਗਿਐ ਕਿ ਹੁਣ ਤੂੰ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਹੈ।ਖਟਕੜ
ਕਲਾਂ ਵਿੱਚ ਲੋਕ ਪੀੜ ਬਣ ਕੇ ਤੇਰੇ ਦਿਲ ਦੇ ਧੁਰ ਅੰਦਰੋਂ ਨਿਕਲ਼ੀ ਤੇਰੀ ਭਾਵਪੂਰਤ ਤਕਰੀਰ
ਨੇਂ ਅੱਖਾਂ ਨਮ ਕਰ ਦਿੱਤੀਆਂ।ਜੋ ਤੂੰ ਅਹਿਦ ਕੀਤਾ ਹੈ ਕਿ ਤੂੰ ਸੱਚਮੁੱਚ ਹੀ ਦੱਬੇ ਕੁਚਲੇ
ਲੋਕਾਂ ਦੀ ਆਵਾਜ ਬਣੇਂਗਾ ਅਤੇ ਆਪਣੀਂ ਜਿੰਦਗੀ ਲੋਕ ਸੇਵਾ ਨੂੰ ਸਪਰਪਿੱਤ ਕਰੇਂਗਾ ਤਾਂ ਤੂੰ
ਸੱਚਮੁੱਚ ਵਧਾਈ ਦਾ ਪਾਤਰ ਹੈਂ।ਕੋਝੀ ਅਤੇ ਸਵਾਰਥੀ ਰਾਜਨੀਤੀ ਦੀ ਸਤਾਈ ਪੰਜਾਬ ਦੀ ਜਨਤਾ
ਤੇਰਾ ਸਾਥ ਜਰੂਰ ਦੇਵੇਗੀ। 1992 ਵਿੱਚ ਆਈ ਤੇਰੀ ਪਹਿਲੀ ਟੇਪ ‘ਗੋਭੀ ਦੀਏ ਕੱਚੀਏ ਵਪਾਰਨੇਂ”
ਤੋਂ ਲੈ ਕੇ ਸੰਨ 2010 ਵਿੱਚ ਆਈ ਤੇਰੀ ਟੇਪ ‘ਆਵਾਜ” ਤੱਕ ਆਈਆਂ ਤੇਰੀਆਂ ਸਾਰੀਆਂ ਟੇਪਾਂ
ਮੈਂ ਬੜੇ ਹੀ ਧਿਆਨ ਨਾਲ
ਸੁਣੀਆਂ ਹਨ।ਆਪਣੀ ਸੂਖਮ ਸੋਚ ਦਾ ਸਬੂਤ ਦਿੰਦੇ ਹੋਏ ਕਮੇਡੀ ਰਾਹੀਂ ਤੁੰ ਹਮੇਸ਼ਾਂ ਸਾਡੇ
ਵਿਗੜੇ ਹੋਏ ਰਾਜਨੀਤਕ ਅਤੇ ਸਮਾਜਿਕ ਢਾਂਚੇ ਦੀ ਗੱਲ ਕਰਕੇ ਆਮ ਲੋਕਾਂ ਦੇ ਹੱਕ ਵਿੱਚ ਭੁਗਤਦਾ
ਆ ਰਿਹਾ ਹੈਂ ਅਤੇ ਤੈਨੂੰ ਆਮ ਬੰਦੇ ਦਾ ਦਰਦ ਵੀ ਭਲੀਂ ਭਾਂਤੀ ਮਹਿਸੂਸ ਹੁੰਦਾ ਹੈ।ਮੈਂ ਸਮੇਂ
ਸਮੇਂ ‘ਤੇ ਤੇਰੀਆਂ ਭਿੰਨ ਭਿੰਨ ਮੁਲਾਕਾਤਾਂ ਵੀ ਸੁਣੀਆਂ ਹਨ,ਜਿੰਨ੍ਹਾਂ ਵਿੱਚ ਅਕਸਰ ਤੁੰ ਆਮ
ਲੋਕਾਂ ਦੇ ਖੋਹੇ ਜਾ ਰਹੇ ਹੱਕਾਂ ਦੀ ਗੱਲ ਕਰਦਾ ਹੁੰਨੈਂ।‘ਤੇ ਮੈਂ ਉਹ ਖਬਰ ਵੀ ਪੜ੍ਹੀ ਹੈ
ਜਦ ਤੁੂੰ ਫਿਰੋਜਪੁਰ ਜਿਲ੍ਹੇ ਦੇ ਸਰਹੱਦੀ ਪਿੰਡਾ ਦੇ ਲੋਕਾਂ ਦੇ ਦੁੱਖ ਦਰਦ ਵਿੱਚ ਸ਼ਰੀਕ
ਹੋਇਆ ਸੀ।ਬੇਸ਼ੱਕ ਤੂੰ ਇੱਕ ਸਥਾਪਤ ਕਲਾਕਾਰ ਹੈਂ,ਪਰ ਆਮ ਲੋਕਾਂ ਦੀ ਭਲਾਈ ਵਾਸਤੇ ਜੇਕਰ ਤੂੰ
ਹੁਣ ਰਾਜਨੀਤਕ ਤਾਕਤ ਨੂੰ ਵਰਤਣ ਦਾ ਵਿਚਾਰ ਕੀਤਾ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ
ਅਤੇ ਮੈਂ ਤੇਰੀ ਉਂਦਮੀਂ ਸੋਚ ਨੂੰ ਹਜਾਰ ਵਾਰ ਨਤਮਸਤਕ ਹੁੰਦਾ ਹਾਂ।ਤੇਰੇ ਉਂਤੋਂ ਮੈਨੂੰ ਇਸ
ਗੱਲ ਦਾ ਵੀ ਮਾਂਣ ਹੈ ਕਿ ਤੂੰ ਪੰਜਾਬ ਵਿੱਚਲੀਆਂ ਦੋ ਸੌਕਣਾਂ ਪਾਰਟੀਆਂ ਦੀ ਬਜਾਏ ਨਵੀਂ ਆਸ
ਦੀ ਕਿਰਨ ਲੈ ਕੇ ਆ ਰਹੀ ਨਵੀਂ ਪਾਰਟੀ ਵਿੱਚ ਪੈਰ ਧਰਿਆ ਹੈ।ਪਰ ਭਗਵੰਤ ਸਿਆਂ ਤੈਨੂੰ ਵੀ ਪਤਾ
ਹੈ ਕਿ ਰਾਜਨੀਤੀ ਇੱਕ ਅਜਿਹਾ ਪਿੜ ਹੈ ਜਿੱਥੇ ਆਗੂ ਜਿੱਤਣ ਲਈ ਹਰ ਮਾੜਾ ਚੰਗਾ ਹਰਬਾ ਵਰਤਦੇ
ਹਨ,ਲੋਕਾਂ ਨੂੰ ਕਈ ਤਰਾਂ ਦੇ ਸਬਜਬਾਗ ਦਿਖਾਉਂਦੇ ਹਨ,ਲੋਕਾਂ ਨਾਲ ਝੂਠੇ ਵਾਅਦੇ ਕਰਦੇ
ਹਨ।ਅਤੇ ਜਦ ਜਿੱਤ ਜਾਂਦੇ ਹਨ ਤਾਂ ਫਿਰ ਲੋਕਾਂ ਦੀ ਬਾਤ ਨਹੀਂ ਪੁੱਛਦੇ।ਪਰ ਜੋ ਕਦਮ ਮਨਪ੍ਰੀਤ
ਬਾਦਲ ਨੇਂ ਚੁੱਕਿਆ ਹੈ,ਉਹ ਸ਼ਲਾਘਾਯੋਗ ਹੈ।ਨਾਦਰਸ਼ਾਹੀ ਨਿਜਾਮ ਤੋਂ ਛੁਟਕਾਰਾ ਪਾ ਕੇ ਆਪਣਿਆਂ
ਨਾਲੋਂ ਅੱਡ ਹੋਏ ਮਨਪ੍ਰੀਤ ਦੇ ਫੈਸਲੇ ਅਤੇ ਹਿੱਮਤ ਦੀ ਦਾਦ ਦੇਣੀਂ ਬਣਦੀ ਹੈ। ਇਹਨਾਂ ਅਕਾਲੀ
ਸਫਾਂ ਵਿੱਚੋਂ ਇਸੇ ਤਰਾਂ ਕਦੇ ਕੈਪਟਨ ਅਮਰਿੰਦਰ ਸਿੰਘ ਅਤੇ ਬਲਵੰਤ ਰਾਮੂੰਵਾਲੀਆਂ ਵੀ
ਮਨਪ੍ਰੀਤ ਬਾਦਲ ਵਾਂਗੂੰ ਹੀ ਨਾਰਾਜ ਹੋ ਕੇ ਨਿੱਕਲੇ ਸਨ।ਕੈਪਟਨ ਨੇਂ ਕਾਂਗਰਸ ਦਾ ਪੱਲਾ ਫੜ
ਲਿਆ ਅਤੇ ਥੋੜੇ ਸਮੇਂ ਵਿੱਚ ਹੀ ਆਪਣੇਂ ਰਾਜਨੀਤਕ ਦਾਅ ਪੇਚ ਵਰਤ ਕੇ ਅਤੇ ਲੋਕ ਲੁਭਾਊ ਵਾਅਦੇ
ਕਰ ਕਰ ਕੇ ਜਦ ਪਹਿਲੀ ਵਾਰ ਕੈਪਟਨ ਸਹਿਬ ਮੁੱਖ ਮੰਤਰੀ ਬਣੇਂ ਸਨ ਤਾਂ ਸਭ ਭੁੱਲ ਭੁਲਾ ਗਏ ਸਨ
ਅਤੇ ਕੈਪਟਨ ਦੇ ਰਾਜ ਵਿੱਚ ਜਿਹਨਾਂ ਲੋਕਾਂ ਨਾਲ ਵਧੀਕੀਆਂ ਹੋਈਆਂ ਅਤੇ ਜਿਨ੍ਹਾਂ
ਬੇ-ਰੁਜਗਾਰਾਂ ਨੇ ਡਾਂਗਾਂ ਖਾਧੀਆਂ ਸਨ,ਉਹਨਾਂ ਦੇ ਜਖਮ ਅਜੇ ਤੱਕ ਰਿਸਦੇ ਹਨ।ਦੂਜਾ
ਰਾਮੂੰਵਾਲ਼ੀਆਂ,ਕੇਂਦਰ ਵਿੱਚ ਤਾਂ ਕੁਰਸੀ ਦੇ ਝੂਟੇ ਲੈ ਗਿਆ ਪਰ ਹੁਣ ਇਹ ਵੀ ਪਿਛਲੇ ਲੰਬੇ
ਸਮੇਂ ਤੋਂ ਪੰਜਾਬ ਵਿੱਚ ਇੱਕ ਤੀਜੀ ਧਿਰ ਦੀ ਸਥਾਪਨਾਂ ਕਰਕੇ ਮੁੱਖ ਮੰਤਰੀ ਦੀ ਕੁਰਸੀ ਤੱਕ
ਜਾਂਦੇ ਰਾਹ ਵਿੱਚ ਲੱਤਾਂ ਪਸਾਰੀ ਬੈਠਾ ਹੈ।ਤੀਜਾ ਮਨਪ੍ਰੀਤ ਬਾਦਲ,ਵੀ ਹੁਣ ਚਾਰ ਸਾਲ
ਅਕਾਲੀਆਂ ਨਾਲ ਪੀਂਘ ਝੂਟ ਕੇ ਅਚਾਨਕ ਛਾਲ ਮਾਰ ਗਿਆ।ਮਨਪ੍ਰੀਤ ਹੁਣ ਅੱਗੇ ਆ ਰਹੀਆਂ ਚੋਣਾਂ
ਵਿੱਚ ਜਿੱਤ ਪ੍ਰਾਪਤ ਕਰਨ ਲਈ ਲੋਕਾਂ ਨਾਲ ਜੋ ਵਾਅਦੇ ਕਰ ਰਿਹਾ ਹੈ,ਉਹ ਅਜੇ ਤੱਕ ਤਾਂ ਲੋਕ
ਹਿੱਤੂ ਹੀ ਲੱਗਦੇ ਹਨ ਕਿ ਪੰਜਾਬ ਵਿੱਚੋਂ ਲਾਲ ਬੱਤੀ ਵਾਲੀ ਰਾਜਨੀਤੀ ਖਤਮ ਹੋ ਜਾਵੇਗੀ,ਆਮ
ਲੋਕਾਂ ਦੀ ਸਰਕਾਰੇ ਦਰਬਾਰੇ ਸੁਣੀਂ ਜਾਵੇਗੀ,ਪੰਜਾਬ ਵਿੱਚ ਨਸ਼ਾ ਰਹਿਤ ਸਮਾਜ ਦੀ ਸਿਰਜਣਾਂ
ਕੀਤੀ ਜਾਵੇਗੀ ਅਤੇ ਹਰ ਇੱਕ ਨੂੰ ਰੋਜਗਾਰ ਮੁਹੱਈਆਂ ਕਰਵਾਇਆ ਜਾਵੇਗਾ।ਜੇਕਰ ਹੁਣ ਮਨਪ੍ਰੀਤ
ਕੱਲ ਨੂੰ ਆਪਣੇਂ ਵਾਅਦਿਆਂ ‘ਤੇ ਖਰਾ ਉਤਰਦਾ ਹੈ ਤਾਂ ਅਤੇ ਤੇਰੇ ਵਰਗੇ ਸਾਹਸੀ ਸੋਚ ਵਾਲੇ
ਬੰਦੇ ਉਹਦੀ ਨਵੀਂ ਪਾਰਟੀ ਦੇ ਨੁਮਾਇੰਦੇ ਹਨ ਤਾਂ ਭਗਵੰਤ ਸਿਆਂ ਯਕੀਨ ਕਰੀਂ ਕਿ ਇੱਕ ਨਵਾਂ
ਇਤਿਹਾਸ ਸਿਰਜਿਆ ਜਾਵੇਗਾ ਅਤੇ ਇੱਕ ਨਵੇਂ ਪੰਜਾਬ ਦਾ ਜਨਮ ਹੋਵੇਗਾ।ਜੇਕਰ ਤੂੰ ਆਪਣੇ ਸਫਲਤਾ
ਪੂਰਬਕ ਚੱਲ ਰਹੇ ਕਮੇਡੀ ਕਲਾਕਾਰੀ ਦੇ ਕਿੱਤੇ ਨੂੰ ਛੱਡ ਕੇ ਅਤੇ ਰਾਜਨੀਤੀ ਵਿੱਚ ਇਕੱਠੀ
ਹੁੰਦੀ ਮਾਇਆ ਦਾ ਮੋਹ ਤਿਆਗ ਕੇ ਸੱਚੇ ਮਨ ਨਾਲ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ ਆਇਆ ਹੈਂ
ਤਾਂ ਤੇਰਾ ਸਵਾਗਤ ਹੈ ਭਗਵੰਤ।ਤੂੰ ਇੱਕ ਸਾਧਾਰਨ ਖੇਤੀ ਕਰਦੇ ਪਰਿਵਾਰ ਵਿੱਚ ਜੰਮਿਆਂ ਪਲਿਆਂ
ਹੈਂ,ਤੈਨੂੰ ਪੇਂਡੂ ਜੀਵਨ ਦੀਆਂ ਔਕੜਾਂ ਦਾ ਵੀ ਚੋਖਾ ਗਿਆਨ ਹੋਵੇਗਾ,ਅਤੇ ਤੇਰੀ ਹੁਣੇਂ ਆਈ
ਟੇਪ ਵਿੱਚ ‘ਆਵਾਜ’ ਵਿੱਚ ਵੀ ਤੂੰ ਪੰਜਾਬ ਦੀ ਧਾਰਮਿੱਕ,ਸਮਾਜਿਕ ਅਤੇ ਰਾਜਨੀਤਕ ਗਿਰਾਵਟ ਦੀ
ਦੁਹਾਈ ਪਾਈ ਹੈ।ਇਸ ਲਈ ਭਗਵੰਤ ਸਿਆਂ ਪੂਰੇ ਪੰਜਾਬ ਦੇ ਵਾਸੀਆਂ ਨੂੰ ਤੇਰੇ ਵਿੱਚੋਂ ਇੱਕ ਨਵੀ
ਉਮੀਦ ਦੀ ਕਿਰਨ ਨਜਰ ਆਈ ਹੈ ਕਿ ਤੂੰ ਪੰਜਾਬ ਦੇ ਲੋਕਾਂ ਦੀ ਪੀੜ ਤੇ ਮੱਲਮ ਲਾਵੇਂਗਾ,ਨਹੀਂ
ਤਾਂ ਹੁਣ ਤੱਕ ਦੀ ਰਾਜਨੀਤੀ ਤਾਂ ਆਪਣੇਂ ਸਵਾਰਥ ਲਈ ਲੋਕਾਂ ਦਾ ਘਾਂਣ ਹੀ ਕਰਦੀ ਆਈ
ਹੈ।ਭਗਵੰਤ ਸਿਆਂ ਤੂੰ ਚੰਗੀ ਤਰਾਂ ਜਾਣਦਾ ਹੋਵੇਂਗਾ ਕਿ ਪੰਜਾਬ ਵਿੱਚ ਉਹ ਲੋਕ ਵੀ ਵਸਦੇ ਹਨ
ਜਿੰਨਾਂ ਨੂੰ ਦੋ ਵੇਲੇ ਦੀ ਰੋਟੀ ਮਸਾਂ ਜੁੜਦੀ ਹੈ,ਅਤੇ ਉਹ ਲੋਕ ਵੀ ਹਨ ਜਿੰਨਾਂ ਕੋਲ ਖਾਂਣ
ਵਾਸਤੇ ਛੱਤੀ ਪ੍ਰਕਾਰ ਦੇ ਭੋਜਨ ਹਨ।ਜੇਕਰ ਤੂੰ ਇਹਨਾਂ ਲੋਕਾਂ ਦੇ ਵਿੱਚ ਪਏ ਸਮਾਜਿਕ ਅਤੇ
ਆਰਥਿਕ ਪਾੜੇ ਨੂੰ ਘੱਟ ਕਰ ਸਕੇ ਤਾਂ ਲੋਕ ਰਹਿੰਦੀ ਦੁਨੀਆਂ ਤੱਕ ਤੇਰਾ ਜਸ ਗਾਇਨ
ਕਰਨਗੇ।ਨਾਲੇ ਜਿਹੜੀ ਪਾਰਟੀ ਵਿੱਚ ਜਾਂਣ ਦਾ ਤੂੰ ਫੈਸਲਾ ਕੀਤਾ ਹੈ,ਉਹਨਾਂ ਦਾ ਤਾਂ ਏਜੰਡਾ
ਹੀ ਇਹ ਕਹਿੰਦਾ ਹੈ ਕਿ ਅਸੀਂ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾਂ ਹੈ,ਉਸੇ
ਭਗਤ ਸਿੰਘ ਨੇਂ ਤਾਂ ‘ਇਨਕਲਾਬ” ਦੀ ਗੱਲ ਕੀਤੀ ਸੀ,ਅਜਿਹਾ ਇਨਕਲਾਬ ਜਿਸ ਵਿੱਚ ਸਭ ਲੋਕਾਂ ਦੇ
ਸਮਾਜਿਕ ਅਤੇ ਆਰਥਿਕ ਰੁਤਵੇ ਦਾ ਇੱਕੋ ਜਿਨਾਂ ਕੱਦ ਹੋਵੇ।ਪਰ ਭਗਵੰਤ ਸਿਆਂ ਲੱਗਦੈ ਕਿ ਉਹ
ਇਨਕਲਾਬ ਤਾਂ ਭਗਤ ਸਿੰਘ ਦੇ ਨਾਲ ਹੀ ਫਾਂਸੀ ਚੜ ਗਿਆ ਸੀ।ਪਰ ਹੁਣ ਲੋਕਾਂ ਨੂੰ ਇੱਕ ਨਵੀਂ
ਕਿਰਨ ਜਰੂਰ ਮੌਲਦੀ ਨਜਰ ਆ ਰਹੀ ਹੈ।ਬਾਬੇ ਬਾਦਲ ਦੀ ਪਾਰਟੀ ਵਿੱਚ ਖਜਾਨਾਂ ਮੰਤਰੀ ਹੁੰਦਿਆਂ
ਹੋਇਆਂ ਬੇਸ਼ੱਕ ਮਨਪ੍ਰੀਤ ਬਾਦਲ ਨੇਂ ਪੰਜਾਬ ਸਿਰ ਚੜੇ ਕਰਜੇ ਤੋਂ ਰਾਹਤ ਦਿਵਾਉਣ ਲਈ ਵੱਖ ਵੱਖ
ਸਮੇਂ ਤੇ ਤਜਵੀਜਾਂ ਦਿੱਤੀਆਂ ਅਤੇ ਉਹ ਮੁਫਤ ਵਿੱਚ ਦਿੱਤੀਆਂ ਜਾਂ ਰਹੀਆਂ ਵਾਧੂ ਸਬਸਿਡੀਆਂ
ਦੇ ਵਿਰੋਧ ਵਿੱਚ ਵੀ ਸੀ।ਪਰ ਮੈਂ ਤਾਂ ਲੋਕ ਇਹ ਕਹਿੰਦੇ ਵੀ ਸੁਣੇਂ ਹਨ ਕਿ ਭਾਈ ਬਾਬੇ ਦਾ
ਭਤੀਜਾ ਪਹਿਲਾਂ ਆਪਣੀਂ ਕਾਰ ਆਪ ਚਲਾਉਦਾ ਰਿਹੈ,ਹੁਣ ਜੇ ਜਿੱਤ ਗਿਆ ਤਾਂ ਸਰਕਾਰ ਵੀ ਆਪ ਹੀ
ਚਲਾਊ।ਬਾਬੇ ਬਾਦਲ ਦੇ ਹਾਣੀਂ ਬਾਬੇ ਤਾਂ ਇਹ ਵੀ ਕਹਿੰਦੇ ਹਨ ਕਿ ਭਾਈ ਕਦੇ ਨਹੁੰਆਂ ਨਾਲੋਂ
ਵੀ ਮਾਸ ਅੱਡ ਹੋਇਆ ਹੈ।ਅੱਜ ਨਹੀਂ ਤਾਂ ਕੱਲ,ਮਨਪ੍ਰੀਤ ਨੇ ਗਿੱਲੇ ਸੁੱਕੇ ਬਾਦਲ ਦੀ ਛਤਰੀ
ਹੇਠ ਹੀ ਖੜੋਣਾਂ ਹੈ।ਅਖੇ ਬਾਬਾ ਬਾਦਲ ਤਾਂ ਅਜਿਹਾ ਸ਼ਕਤੀ ਸ਼ਾਲੀ ਚੁੰਬਕ ਹੈ ਜਿਸਨੇਂ ਦੋ
ਸਾਲਾਂ ਦੇ ਰੁੱਸੇ ਹੋਏ ਟੌਹੜੇ ਵਰਗੇ ਲੋਹੇ ਨੂੰ ਖਿੱਚ ਕੇ ਆਪਣੇਂ ਨਾਲ ਤੋਰ ਲਿਆ ਸੀ।ਇਸੇ ਲਈ
ਭਗਵੰਤ ਸਿਆਂ ਹੁਣ ਬਹੁਤੇ ਲੋਕ ਮਨਪ੍ਰੀਤ ਦੇ ਨਾਲ ਤਾਂ ਤੁਰ ਪਏ ਹਨ,ਪਰ ਵੋਟ ਦੇਣ ਵੇਲੇ
ਦੁਚਿੱਤੀ ਵਿੱਚ ਹਨ।ਖੈਰ ਭਗਵੰਤ ਸਿਆਂ ਜੋ ਵੀ ਹੈ,ਕਿਸੇ ਨੇਂ ਤਾਂ ਸ਼ਹੀਦਾ ਦੀ ਸੋਚ ਅਪਨਾਉਂਣ
ਦਾ ਬੀੜਾ ਚੁੱਕਿਆ,ਕਿਸੇ ਨਾਂ ਤਾਂ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਅਤੇ ਜੇਕਰ ਅਪੰਗ ਹੋਏ
ਪਏ ਪੰਜਾਬ ਨੂੰ ਫਿਰ ਪੈਰਾਂ ਭਾਰ ਖੜਾ ਕਰਨਾਂ ਹੈ ਤਾਂ ਭਗਵੰਤ ਸਿਆਂ ਤੇਰੇ ਵਰਗੇ ਚਿੰਤਕਾਂ
ਨੂੰ ਆਖਿਰ ਅੱਗੇ ਆਉਣਾਂ ਹੀ ਪਵੇਗਾ।
ਮੈਨੂੰ ਯਾਦ ਹੈ ਭਗਵੰਤ ਸਿਆਂ ਤੇਰੇ ਹਮ-ਗੋਤੀ ਗੁਰਦਾਸ ਮਾਨ ਦੇ ਪਿਤਾ ਜੀ ਦੀ ਜਦ ਮੌਤ ਹੋਈ
ਸੀ ਤਾਂ ਉਸ ਸਮੇਂ ਗੁਰਦਾਸ ਮਾਨ ਅਮਰੀਕਾ ਸ਼ੋਅ ਕਰਨ ਜਾਂਣ ਲਈ ਦਿੱਲੀ ਦੇ ਹਵਾਈ ਅੱਡੇ ਤੇ ਖੜਾ
ਸੀ।ਪਿਓ ਦੀ ਮੌਤ ਦੀ ਖਬਰ ਸੁਣ ਕੇ ਉਸਦੀਆਂ ਅੱਖਾਂ ਤਾਂ ਜਰੂਰ ਗਿੱਲੀਆਂ ਹੋ ਗਈਆਂ ਪਰ ਉਹ
ਵਾਪਸ ਨਹੀਂ ਮੁੜਿਆ ਸੀ।ਉਸਨੂੰ ਲੋਕਾਂ ਨੇ ਨਿਹੋਰੇ ਮਾਰੇ ਸਨ ਕਿ ਗੁਰਦਾਸ ਪੈਸੇ ਦਾ ਪੁੱਤ
ਹੈ,ਤਾਂ ਹੀ ਆਪਣੇਂ ਪਿਓ ਦੀ ਚਿਤਾ ਨੂੰ ਅਗਨੀਂ ਦੇਣ ਦੀ ਬਜਾਏ ਡਾਲਰ ਇਕੱਠੇ ਕਰਨ ਲਈ ਅਮਰੀਕਾ
ਤੁਰ ਗਿਆ।ਪਰ ਗੁਰਦਾਸ ਨੇਂ ਅਮਰੀਕਾ ਸ਼ੋਅ ਕਰਨ ਤੋਂ ਬਾਅਦ ਵਾਪਸ ਆ ਕੇ ਲੋਕਾਂ ਦੀਆਂ ਗੱਲਾਂ
ਦਾ ਜਵਾਬ ਦਿੰਦੇ ਹੋਏ ਆਖਿਆ ਸੀ ਕਿ ਕਲਾਕਾਰ ਉਂਤੇ ਉਸਦੇ ਪਰਿਵਾਰ ਨਾਲੋਂ ਲੋਕਾਂ ਦਾ ਜਿਆਦਾ
ਹੱਕ ਹੁੰਦਾ ਹੈ।ਸੋ ਮੈਂ ਮੇਰੇ ਚਾਹੁੰਣ ਵਾਲਿਆਂ ਨੂੰ ਨਿਰਾਸ਼ ਨਹੀਂ ਕਰਨਾਂ ਚਾਹੁੰਦਾ ਸੀ।ਇੱਕ
ਕਲਾਕਾਰ ਹੋਂਣ ਦੇ ਨਾਤੇ ਲੋਕ ਤੇਰੇ ‘ਤੇ ਵੀ ਆਪਣਾਂ ਪੂਰਾ ਹੱਕ ਜਮਾਉਂਦੇ ਹਨ ‘ਤੇ ਜਦ ਤੂੰ
ਸਿਆਸਤ ਵਿੱਚ ਆਇਆ ਤਾਂ ਲੋਕ ਤੈਨੂੰ ਹੋਰ ਆਪਣੇਂ ਨੇੜੇ ਸਮਝਣ ਲੱਗ ਜਾਂਣਗੇ।ਇੱਥੇ ਮੇਰਾ ਮਤਲਬ
ਇਹ ਨਹੀਂ ਕਿ ਤੂੰ ਆਪਣੇਂ ਨਿੱਜੀ ਦੁੱਖ ਸੁੱਖ ਵਿੱਚ ਸ਼ਰੀਕ ਨਾਂ ਹੋਵੇਂ,ਇਹ ਤਾਂ ਲੋਕਾਂ ਦੇ
ਕਿਸੇ ਕਲਾਕਾਰ ਜਾਂ ਲੋਕਾਂ ਦੇ ਚਿੰਤਕ ਪ੍ਰਤੀ ਲੋਕਾਂ ਦੇ ਮੋਹ ਪਿਆਰ ਦੀ ਇੱਕ ਮਿਸਾਲ ਦੱਸੀ
ਹੈ।ਕਿਉਂਕਿ ਤੂੰ ਵੀ ਹਰ ਵਾਰ ਲੋਕਾਂ ਦੀ ਆਵਾਜ ਬਣਿਆਂ ਹੈਂ ਸੋ ਲੋਕਾਂ ਨੂੰ ਤੇਰੇ ਤੋਂ ਵੀ
ਬਹੁਤ ਉਮੀਦਾਂ ਹੋਣਗੀਆਂ।ਬੇਸ਼ੱਕ ਕਲਾਕਾਰ ਦੇ ਰੂਪ ਵਿੱਚ ਲੋਕਾਂ ਨੇਂ ਤੈਨੂੰ ਪ੍ਰਵਾਨ ਚੜਾਇਆ
ਹੈ ਪਰ ਇੱਕ ਰਾਜਨੇਤਾ ਦੇ ਰੂਪ ਵਿੱਚ ਲੋਕ ਤੈਨੂੰ ਕਿਸ ਨਜਰੀਏ ਨਾਲ ਸਵੀਕਾਰਦੇ ਹਨ,ਇਸ ਗੱਲ
ਦਾ ਫਿਲਹਾਲ ਅੰਦਾਜਾ ਲਾਉਣਾਂ ਅਜੇ ਮੁਸ਼ਕਿਲ ਹੈ।
ਉਮਰ ਵਿੱਚ ਤਾਂ ਭਗਵੰਤ ਸਿਹਾਂ ਮੈਂ ਤੈਥੋਂ ਕਾਫੀ ਛੋਟਾ ਹੋਂਣ ਕਰਕੇ ਤੈਨੂੰ ਮੱਤਾਂ ਦਿੰਦਾ
ਚੰਗਾ ਨਹੀਂ ਲੱਗਦਾ ਪਰ ਏਨਾਂ ਜਰੂਰ ਕਹਾਂਗਾ ਕਿ ਲੋਕ ਮਨਾਂ ਨੂੰ ਪੜ੍ਹ ਸਕਣਾਂ ਵੀ ਅਤੀ
ਮੁਸ਼ਕਿਲ ਹੁੰਦਾ ਹੈ।ਇਸ ਗੱਲ ਦੀ ਇੱਕ ਸੁਚੇਤਤਾ ਭਰੀ ਉਦਾਹਰਣ ਮੈਂ ਤੈਨੂੰ ਦਿੰਦਾ ਹਾਂ ਕਿ
ਮੈਂ ਕਲਾਕਾਰਾਂ ਨਾਲ ਮੋਹ ਦੀ ਭਾਵਨਾਂ ਨੂੰ ਪਾਲਦੇ ਹੋਏ ਇੱਕ ਵਾਰ ਬਠਿੰਡਾ ਲੋਕ ਸਭਾ ਹਲਕੇ
ਤੋਂ ਐਂਮ.ਪੀ.ਦੀਆਂ ਚੋਣਾਂ ਲਈ ਖੜੇ ਹਏ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਚੋਣ ਮੁਹਿੰਮ
ਵਿੱਚ ਹਿੱਸਾ ਲਿਆ ਸੀ।ਚੋਣ ਨਿਸ਼ਾਨ ਸੀ ਟੈਲੀਵਿਯਨ।ਮਾਂਣਕ ਜਿਹੜੇ ਪਿੰਡ ਵੀ ਕਾਫਲੇ ਨਾਲ
ਵੋਟਾਂ ਮੰਗਣ ਜਾਇਆ ਕਰੇ,ਤਾਂ ਲੋਕ ਉਸਤੋਂ ਕਲੀਆਂ ਸੁਣਨ ਦੀ ਫਰਮਾਇਸ਼ ਕਰਿਆ ਕਰਨ।ਦੋ ਚਾਰ
ਦਿਨਾ ਬਾਦ ਤਾਂ ਹਾਲਾਤ ਇਹ ਹੋ ਗਏ ਕਿ ਮਾਂਣਕ ਦੇ ਨਾਲ ਇੱਕ ਗੱਡੀ ਵਿੱਚ ਉਸਦੇ ਸਾਜੀ ਜਾ ਰਹੇ
ਹੁੰਦੇ ਸਨ।ਮਾਂਣਕ ਆਖਿਆਂ ਕਰੇ ਕਿ ਯਾਰ ਮੈਨੂੰ ਤਾਂ ਇਉਂ ਲੱਗਦੈ ਜਿਵੇਂ ਮੈਂ ਵੋਟਾਂ ਮੰਗਣ
ਨਹੀਂ,ਕਿਸੇ ਦੇ ਵਿਆਹ ‘ਤੇ ਅਖਾੜਾ ਲਾਉਣ ਚੱਲਿਆ ਹੋਵਾਂ।ਹਰ ਪਿੰਡ ਉਹ ਚਾਰ ਪੰਜ ਗੀਤ ਸੁਣਾਂ
ਕਿ ਮਗਰੋ ਹੱਥ ਬੰਨ ਬੇਨਤੀ ਕਰ ਦਿਆ ਕਰੇ ਕਿ ਭਾਈ ਮੈਨੂੰ ਵੋਟਾਂ ਜਰੂਰ ਪਾਉਣੀਆਂ।ਰੋਜਾਨਾਂ
ਦਸ ਬਾਰਾਂ ਅਖਾੜੇ ਲਾ ਕੇ ਸ਼ਾਂਮ ਨੂੰ ਉਸਨੂੰ ਥੱਕੇ ਟੁੱਟੇ ਨੂੰ ਮਸਾਂ ਕਿਤੇ ਮੰਜਾ ਨਸੀਬ
ਹੁੰਦਾ।ਮਾਂਣਕ ਨੂੰ ਭਰਮ ਸੀ ਕਿ ਇਸੇ ਜਿਲ੍ਹੇ ਦਾ ਜੰਮਪਲ ਹੋਂਣ ਕਰਕੇ ਉਹ ਸੀਟ ਜਿੱਤ ਕਿ
ਸੰਸਦ ਵਿੱਚ ਜਰੂਰ ‘ਹੀਰ ਦੀ ਡੋਲੀ’ ਲੈ ਵੜੇਗਾ।ਪਰ ਲੋਕਾਂ ਨੇਂ ਉਸ ਤੋਂ ਮੁਫਤ ਵਿੱਚ ਕਲੀਆਂ
ਤਾਂ ਜਰੂਰ ਲਈਆਂ ਸਨ ਪਰ ਜਿਤਾਇਆਂ ਲੋਕਾਂ ਨੇਂ ਬਾਦਲ ਦਲ ਦਾ ਹੀ ਉਮੀਦਵਾਰ।ਆਹ ਪਿਛਲੀਆਂ
ਚੋਣਾਂ ਵਿੱਚ ਤੇਰੇ ਭਾਈਵਾਲ ‘ਰਾਜ ਗਾਇਕ’ ਹੰਸ ਰਾਜ ਹੰਸ ਨਾਲ ਵੀ ਤਾਂ ਇਹੋ ਵਾਪਰਿਆ ਹੈ।ਸੋ
ਇਹ ਉਦਾਹਰਣਾਂ ਦੇ ਕੇ ਮੈਂ ਤੇਰਾ ਹੌਸਲਾ ਨਹੀਂ ਢਾਹ ਰਿਹਾ ਬਲਕਿ ਤੈਨੂੰ ਸਿਰਫ ਅਗਾਊ ਸੁਚੇਤ
ਕਰ ਰਿਹਾ ਹਾਂ ਕਿ ਜਿਵੇਂ ਕਿਸੇ ਵੇਲੇ ਕਮੇਡੀ ਕਲਾਕਾਰਾਂ ਨੂੰ ਸਿੰਗਰ ‘ਫਿਲਰ’ ਦੇ ਤੌਰ ‘ਤੇ
ਵਰਤਦੇ ਰਹੇ ਹਨ।ਪਰ ਤੂੰ ਰਾਜਨੀਤੀ ਵਿੱਚ ਬਤੌਰ ‘ਪਿੱਲਰ’ ਕੰਮ ਕਰਨਾਂ ਹੈ।ਪਰ ਲੋਕਾਂ ਦਾ ਇੱਕ
ਵਰਗ ਅਜਿਹਾ ਵੀ ਹੈ ਜੋ ਹੁਣ ਕਾਫੀ ਸਮਝਦਾਰ ਹੋ ਚੁੱਕਾ ਹੈ।ਪੰਥ ਨੂੰ ਵੋਟਾਂ ਪਾਉਣ ਵਾਲਿਆਂ
ਦੀ ਅਗਲੀ ਪੀੜ੍ਹੀ ਹੁਣ ਲੋਕ ਲੁਭਾਊ ਨਾਅਰੇ ਦੇਣ ਵਾਲੇ ਸਿਆਸਤਦਾਨਾਂ ਤੋਂ ਕਿਨਾਰਾ ਕਰ ਕੇ
ਤੇਰੇ ਵਰਗੀ ਸੋਚ ਲੈ ਕੇ ਚੱਲਣ ਵਾਲੇ ਬੰਦਿਆਂ ਦਾ ਸਮਰਥਨ ਕਰਨ ਨੂੰ ਤਿਆਰ ਹੈ ਪਰੰਤੂ ਕੋਈ
ਉਹਨਾਂ ਨੂੰ ਰੋਜਗਾਰ ਅਤੇ ਉਹਨਾਂ ਨੂੰ ਸੁਰੱਖਿਅਤ ਭਵਿੱਖ ਪ੍ਰਦਾਨ ਕਰਨ ਦਾ ਸੱਚਾ ਵਾਅਦਾ ਕਰਨ
ਵਾਲਾ ਤਿਆਰ ਹੋਵੇ।ਮੈਂਨੂੰ ਯਕੀਨ ਕਿ ਹੁਣ ਲੋਕ ਨਹੀਂ ਚਾਹੁੰਣਗੇ ਕਿ ਆਪਣੀਂ ਹਿੱਕ ਉਂਤੇ
ਤੇਰਾ ਨਾਮ ਲਿਖੇ ਅਤੇ ਤੇਰੇ ਕਰ ਕਮਲਾਂ ਨਾਲ ਥਾਂ-ਥਾਂ ਨੀਂਹ ਪੱਥਰ ਲੱਗਣ ਜੋ ਫਿਰ ਇਕੱਲੇ
ਖੜੇ ਪੰਜ ਸਾਲ ਤੱਕ ਤੇਰਾ ਇੰਤਜਾਰ ਕਰਦੇ ਰਹਿਣ।ਮੈਨੂੰ ਪਤੈ ਭਗਵੰਤ ਸਿਆਂ ਕਿ ਤੇਰੇ ਨਾਲ ਮੋਹ
ਪਾਲਣ ਵਾਲੇ ਤੇਰੇ ਪੋਸਟਰ ਖੁਰਨੀਆਂ ਤੋਂ ਲੈ ਕੇ ਚੁਬਾਰਿਆਂ ਤੇ ਲੱਗੀਆਂ ਪਾਣੀਂ ਵਾਲੀਆਂ
ਟੈਂਕੀਆਂ ਤੱਕ ਵੀ ਲਾਉਂਣਗੇ ਅਤੇ ਕਈ ਝੰਡੇ ਅਮਲੀ ਵਰਗੇ ਬੰਦੇ ਤੈਨੂੰ ਆਪਣੇਂ ਪੁੱਠੇ ਸਿੱਧੇ
ਕੰਮ ਕਰਵਾਉਣ ਦੀਆਂ ਸਿਫਾਰਸ਼ਾਂ ਵੀ ਪਾਉਂਣਗੇ।ਪਰ ਯਾਦ ਰੱਖੀਂ ਕਿ ਕਿਤੇ ਤੇਰੇ ਗੇੜੇ ਅਤੇ
ਗਰਾਂਟਾਂ ਤੇਰੇ ਪਿੰਡ ਸਤੌਜ ਤੱਕ ਹੀ ਸੀਮਿਤ ਹੋ ਨਾਂ ਰਹਿ ਜਾਂਣ ਕਿਉਂਕਿ ਤੇਰੇ ਪਿੰਡ ਜਾਂ
ਤੇਰੇ ਹਲਕੇ ਦੇ ਲੋਕਾਂ ਨਾਲੋਂ ਗੁਰਦਾਸਪੁਰ,ਫਿਰੋਜਪੁਰ ਵੱਲ ਵਸਦੇ ਸਰਹੱਦੀ ਪਿੰਡਾਂ ਦੀਆਂ
ਸਮੱਸਿਆਵਾਂ ਪਹਾੜਾਂ ਜਿੱਡੀਆਂ ਹਨ।ਮੈਂਨੂੰ ਪਤਾ ਹੈ ਭਗਵੰਤ ਸਿਹਾਂ ਕਿ ਪੰਜਾਬ ਨੂੰ ਮੁੜ
ਪੈਰਾ ‘ਤੇ ਖੜਾ ਕਰਨਾਂ ਅਤੇ ਇੱਕ ਸਾਫ ਸੁਥਰਾ ਸਮਾਜਿਕ,ਰਾਜਨੀਤਿਕ ਅਜਿਹਾ ਮਾਹੌਲ ਜਿਸ ਵਿੱਚ
ਬੇਰੁਜਗਾਰੀ,ਭੁੱਖਮਰੀ,ਨਾ-ਬਰਾਬਰਤਾ,ਰਿਸ਼ਵਤਖੋਰੀ ਵਰਗੀਆਂ ਅਲਾਮਤਾਂ ਲਈ ਕੋਈ ਜਗ੍ਹਾ ਹੀ ਨਾਂ
ਹੋਵੇ,ਪੈਦਾ ਕਰਨਾਂ ਕੋਈ ਸੁਖਾਲਾ ਕੰਮ ਨਹੀਂ।ਗੰਧਲੀ ਹੋਈ ਪਈ ਪੰਜਾਬ ਦੀ ਸਿਆਸਤ ਦੇ ਤਾਣੇਂ
ਬਾਣੇ ਨੂੰ ਬਦਲਣਾਂ ਇੰਨਾਂ ਆਸਾਨ ਵੀ ਨਹੀਂ,ਮੰਜਿਲ ਦੂਰ ਹੈ ਅਤੇ ਰਸਤਾ ਵੀ ਕੰਡਿਆਂ ਭਰਿਆ
ਹੈ।ਪਰ ਜੇ ਹੁਣ ਤੂੰ ਆਮ ਆਦਮੀਂ ਦੇ ਹੱਕ ਵਿੱਚ ਖੜੋਂਣ ਦੀ ਠਾਂਣ ਲਈ ਹੈ ਤਾਂ ਪੂਰੇ ਪੰਜਾਬ
ਦੇ ਬੁੱਧੀਜੀਵੀ ਲੋਕ ਤੇਰੇ ਨਾਲ ਮੋਢਾ ਜੋੜ ਕੇ ਖੜੇ ਹਨ,ਹਿੱਮਤ ਨਾਂ ਹਾਰੀਂ।
ਇਸ ਮੁਲਖ ਵਿੱਚ ਵੱਡੇ ਵੱਡੇ ਭ੍ਰਿਸਟ ਕੂਟਨੀਤਕ ਵੀ ਬੈਠੇ ਹਨ ਜੋ ਤੈਨੂੰ ਆਪਣੇਂ ਵਰਗਾ
ਬਣਾਉਂਣ ਦੀ ਕੋਸ਼ਿਸ਼ ਵੀ ਕਰਨਗੇ।ਹੋ ਸਕਦੈ ਕਿ ਸ਼ਹੀਦਾ ਦੇ ਸੁਪਨਿਆਂ ਵਰਗਾ ਸਮਾਜ ਸਿਰਜਦਿਆਂ
ਤੈਨੂੰ ‘ਤੇ ਤੇਰੇ ਸਾਥੀਆਂ ਦੀ ਜਾਂਨ ਮਾਲ ਨੂੰ ਵੀ ਖਤਰਾ ਹੋਵੇ,ਪਰ ਦੇਖਿਓ ਕਿਤੇ ਹੁਣ ਸਿਦਕ
ਨਾਂ ਹਾਰਿਓ।ਅੰਨੀਂ ਹੋਈ ਪਈ ਪੰਜਾਬੀ ਮਾਂ ਦੀਆਂ ਅੱਖਾਂ ਨੂੰ ਇੱਕ ਰੌਸਨੀਂ ਦੀ ਕਿਰਨ ਨਜਰ ਆਈ
ਹੈ,ਸੱਚਾਈ ਦਾ ਰਸਤਾ ਨਾਂ ਛੱਡਿਓ।
ਅੰਤ ਵਿੱਚ ਭਗਵੰਤ ਸਿਹਾਂ ਸ਼ੁੱਭ ਇਛਾਵਾਂ ਹੀ ਦੇ ਸਕਦਾ ਹਾਂ ਅਤੇ ਪ੍ਰਮਾਤਮਾਂ ਅੱਗੇ ਦੁਆ
ਕਰਾਂਗਾ ਕਿ ਸਰਬੱਤ ਪੰਜਾਬੀਅਤ ਦੇ ਭਲੇ ਲਈ ਕੀਤੇ ਜਾ ਰਹੇ ਤੇਰੇ ਯਤਨਾਂ ਨੂੰ ਹੋਰ ਬਲ ਮਿਲੇ।
ਤੇਰਾ ਛੋਟਾ ਵੀਰ
ਹਰਮੰਦਰ ਕੰਗ (ਸਿਡਨੀਂ) ਆਸਟ੍ਰੇਲੀਆ
ਫੋਨ-0061 4342 88301
e-mail-harmander.kang@gmail.com
-0-
|