ਡਾਕਟਰ ਮਹਿੰਦਰ ਸਿੰਘ ਰੰਧਾਵਾ ਪੰਜਾਬ
ਦੀ ਧਰਤੀ ਉੱਤੇ ਹੋਈ ਇਕ ਅਜਿਹੀ ਸ਼ਖਸ਼ੀਅਤ ਹੈ, ਜੋ ਕਲਾਕਾਰਾਂ ਅਤੇ ਕਿਸਾਨਾਂ ਲਈ ਇਕ ਮਸੀਹੇ
ਦਾ ਰੂਪ ਧਾਰਨ ਕਰ ਗਈ ਹੈ । ਉਹ ਸੱਚਮੁਚ ਇਕ ਸੰਤ ਰੂਪੀ ਇਨਸਾਨ ਸਨ । ਉਹਨਾਂ ਦੇ ਚਿਹਰੇ
ਉੱਤੇ ਇਕ ਅਜਿਹਾ ਨੂਰ ਸੀ ਕਿ ਉਹਨਾਂ ਨਾਲ ਮਿਲਣ ਅਤੇ ਗੱਲਬਾਤ ਕਰਨ ਨਾਲ ਇਕ ਰੂਹਾਨੀ ਰੂਹ ਦੇ
ਦਰਸ਼ਨ ਹੁੰਦੇ ਸਨ । ਸਿ਼ਵ ਕੁਮਾਰ ਬਟਾਲਵੀ ਨੇ ਉਹਨਾਂ ਦੀ ਅਜਿਹੀ ਖੂਬੀ ਦਾ ਕਾਇਲ ਹੋ ਕੇ ਇਹ
ਸਤਰਾਂ ਲਿਖੀਆਂ ਸਨ …
ਉਹ ਜਦ ਮਿਲਦਾ ਮੁਸਕਾਂਦਾ ਤੇ ਗੱਲਾਂ ਕਰਦਾ ਹੈ,
ਸਾਦ ਮੁਰਾਦ ਆਸ਼ਕ ਚਿਹਰਾ ਝਮ-ਝਮ ਕਰਦਾ ਹੈ ।
ਨਿਰਮਲ ਚੋਅ ਦੇ ਜਲ ਵਿਚ ਪਹੁ ਦਾ ਸੂਰਜ ਤਰਦਾ ਹੈ ।
ਕੁਹਰਾਈਆਂ ਅੱਖੀਆਂ ਵਿਚ ਘਿੳ ਦਾ ਦੀਵਾ ਬਲਦਾ ਹੈ ।
ਡਾ : ਮਹਿੰਦਰ ਸਿੰਘ ਰੰਧਾਵਾ ਦਾ ਜਨਮ ਇਕ ਜੱਟ ਕਿਸਾਨ ਪਰਿਵਾਰ ਦੇ ਘਰ 2 ਫਰਵਰੀ 1909 ਨੂੰ
ਜੀਰੇ ਵਿਖੇ ਹੋਇਆ । ਮਾਂ ਬਚਿੰਤ ਕੋਰ ਅਤੇ ਪਿਤਾ ਸਰਦਾਰ ਸ਼ੇਰ ਸਿੰਘ ਤਹਿਸੀਲਦਾਰ ਸਨ । ਉਹ
ਬਚਪਨ ਤੋਂ ਪੜ੍ਹਨ ਅਤੇ ਖੇਡਣ ਵਿਚ ਤੇਜ਼ ਸਨ । ਦਸਵੀ ਦੀ ਪੜਾਈ 1924 ਵਿਚ ਖਾਲਸਾ ਹਾਈ
ਸਕੂਲ, ਮੁਕਤਸਰ ਤੋਂ ਕੀਤੀ । ਸਾਇੰਸ ਉਹਨਾਂ ਦਾ ਪਸੰਦੀਦਾ ਵਿਸ਼ਾ ਸੀ । ਗੋਰਮਿੰਟ ਕਾਲਜ ਤੋ
1929 ਵਿਚ ਬੋਟਨੀ ਦੀ ਬੀ.ਐਸ.ਸੀ. ਅਤੇ 1930 ਵਿਚ ਬੋਟਨੀ ਦੀ ਐਮ.ਐਸ.ਸੀ. ਪਾਸ ਕੀਤੀ ।
1955 ਵਿਚ ਪੰਜਾਬ ਯੂਨੀਵਰਸਿਟੀ ਤੋ ਡਾਕਟਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ । 1932
ਵਿਚ ਉਹਨਾਂ ਦਾ ਵਿਆਹ ਸਰਦਾਰ ਬਹਾਦਰ ਡਾ : ਹਰਭਜਨ ਸਿੰਘ ਗਰੇਵਾਲ ਦੀ ਸਪੁੱਤਰੀ ਸਰਦਾਰਨੀ
ਇਕਬਾਲ ਕੋਰ ਨਾਲ ਹੋਇਆ ।
ਡਾ : ਰੰਧਾਵਾ ਅਨੇਕਾਂ ਉਚ ਪਦਵੀਆਂ ਤੇ ਰਹੇ ਅਤੇ ਉਹਨਾਂ ਨੇ ਅਪਣੀਆਂ ਜਿੰਮੇਵਾਰੀਆਂ ਨੂੰ
ਪੂਰੀ ਤਨਦੇਹੀ ਨਾਲ ਨਿਭਾਇਆ । ਉਹ 1934 ਵਿਚ ਆਈ.ਸੀ.ਐਸ. ਅਫਸਰ ਬਣੇ । 1934 ਵਿਚ
ਸਹਾਰਨਪੁਰ ਦੇ ਅਸਿਸਟੈਂਟ ਮੈਜਿਸਟ੍ਰੇਟ ਨਿਯੁਕਤ ਹੋਏ । ਫਿਰ ਅਲਾਹਾਬਾਦ, ਆਗਰਾ ਅਤੇ ਰਾਏ
ਬਰੇਲੀ ਦੇ ਡਿਪਟੀ ਕਮਿਸ਼ਨਰ ਵੀ ਰਹੇ । 1947 ਵਿਚ ਉਹ ਆਜ਼ਾਦ ਭਾਰਤ ਦੇ ਦਿੱਲੀ ਦੇ ਪਹਿਲੇ
ਡਿਪਟੀ ਕਮਿਸ਼ਨਰ ਬਣੇ । ਉਹ ਅੰਬਾਲਾ ਦੇ ਡਿਪਟੀ ਕਮਿਸ਼ਨਰ ਅਤੇ ਫਿਰ ਕਮਿਸ਼ਨਰ ਵੀ ਰਹੇ ਅਤੇ
ਪਾਕਿਸਤਾਨ ਤੋਂ ਆਏ ਲੱਖਾਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਕੰਮ ਬਹੁਤ ਹੀ ਸੁਚੱਜੇ ਢੰਗ
ਅਤੇ ਤੀਬਰਤਾ ਨਾਲ ਸਿਰੇ ਚਾੜਿਆਂ । ਪੰਜਾਬ ਦੇ ਡਿਵੈਲਪਮੈਂਟ ਕਮਿਸ਼ਨਰ ਵੀ ਰਹੇ ਅਤੇ 1966
ਵਿਚ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਬਣੇ । ਉਹਨਾਂ ਨੇ 1968 ਤੋਂ 1976 ਤੱਕ ਪੰਜਾਬ
ਖੇਤੀਬਾੜੀ ਯੂਨੀਵਰਸਿਟੀ ਦੀ ਬਤੌਰ ਵਾਇਸ ਚਾਂਸਲਰ ਰਹਿਨੁਮਾਈ ਕੀਤੀ ।
ਡਾਕਟਰ ਸਾਹਿਬ ਇਕ ਵੱਡੀ ਸ਼ਖਸ਼ੀਅਤ ਹੋਣ ਦੇ ਇਲਾਵਾ ਉਹ ਉਚ ਪੱਧਰ ਦੇ ਪ੍ਰਬੰਧਕ, ਵਿਗਿਆਨੀ,
ਲਿਖਾਰੀ ਹੋਣ ਦੇ ਨਾਲ-ਨਾਲ ਕੁਦਰਤ ਦੇ ਪ੍ਰੇਮੀ ਅਤੇ ਕੁਦਰਤ ਦੇ ਰਖਵਾਲੇ ਵੀ ਸਨ । ਉਹਨਾਂ
ਨੂੰ ਕੁਦਰਤ ਨਾਲ ਬਹੁਤ ਪਿਆਰ ਸੀ । ਉਹ ਕਿਹਾ ਕਰਦੇ ਸਨ, ਕਿ ਮਨੁੱਖ ਨੂੰ ਆਪਣੀ ਜਿੰਦਗੀ ਜੀਣ
ਅਤੇ ਕੰਮ ਕਰਨ ਲਈ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ । ਕੁਦਰਤ ਵਲੋਂ ਲਈ ਪ੍ਰੇਰਣਾ ਅਥਾਹ
ਅਤੇ ਅਤੁੱਟ ਹੁੰਦੀ ਹੈ, ਜੋ ਕਿਸੇ ਹੋਰ ਦੁਨਿਆਵੀ ਅਵਸਥਾ ਵਿਚ ਨਹੀਂ ਮਿਲਦੀ । ਇਹੀ ਕਾਰਣ ਹੈ
ਕਿ ਉਹਨਾਂ ਨੇ ਚੰਡੀਗੜ੍ਹ ਤੋਂ 30 ਕਿ.ਮੀ. ਦੂਰ ਖਰੜ੍ਹ ਪਿੰਡ ਦੇ ਨੇੜੇ ਆਪਣੇ ਖੇਤਾਂ ਵਿਚ
ਰਹਿਣਾ ਪਸੰਦ ਕੀਤਾ । ਇਸ ਤਰਾਂ ਉਹਨਾਂ ਨੇ ਪੇਂਡੂ ਵਾਤਾਵਰਣ ਅਤੇ ਖੇਤੀ ਨਾਲ ਆਪਣੀ ਸਾਂਝ
ਹਮੇਸ਼ਾਂ ਬਣਾਈ ਰੱਖੀ । ਖਰੜ੍ਹ ਪਿੰਡ ਵਿਚ ਬਣਿਆ ਰੰਧਾਵਾ ਸਾਹਿਬ ਦਾ ਮਕਾਨ ਇਕ ਨਮੂਨੇ ਦ
ਫਾਰਮ ਹਾਊਸ ਸੀ । ਉਹਨਾਂ ਦੀ ਖੇਤੀ ਅਤੇ ਕਿਸਾਨਾਂ ਨਾਲ ਡੂੰਘੀ ਸਾਂਝ ਸੀ । ਉਹ ਕਿਸਾਨਾਂ
ਨੂੰ ਦਿਲੋਂ ਬਹੁਤ ਪਿਆਰ ਕਰਦੇ ਸਨ । ਉਹ ਚਾਹੰਦੇ ਸਨ ਕਿ ਕਿਸਾਨ ਖੁਸ਼ਹਾਲ ਹੋਣ, ਚੰਗੇ
ਮਕਾਨਾਂ ਵਿਚ ਰਹਿਣ, ਇਹਨਾਂ ਦੇ ਬੱਚੇ ਪੜ੍ਹੇ-ਲਿਖੇ ਹੋਣ ਅਤੇ ਪਿੰਡ ਦਾ ਵਾਤਾਵਰਣ ਸੋਹਣਾ
ਹੋਵੇ । ਕਿਸਾਨਾਂ ਦੀਆਂ ਔਕੜਾਂ ਨੂੰ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ । ਉਹਨਾਂ ਨੇ ਖੇਤੀ
ਅਤੇ ਉਸ ਉਤੇ ਆਉਂਦੇ ਖਰਚ ਬਾਰੇ ਅਨੇਕਾਂ ਤਜ਼ਰਬੇ ਕੀਤੇ । ਕਿਸਾਨਾਂ ਨੂੰ ਫਸਲਾਂ ਦਾ ਠੀਕ
ਭਾਅ ਦਿਵਾਉਣ ਅਤੇ ਪੰਜਾਬ ਵਿਚ ਹਰਾ ਇਨਕਲਾਬ ਲਿਆਉਣ ਦਾ ਸਿਹਰਾ ਉਹਨਾਂ ਨੂੰ ਹੀ ਜਾਂਦਾ ਹੈ ।
ਉਹਨਾਂ ਨੇ ਹਮੇਸ਼ਾ ਕਿਸਾਨਾਂ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਦੀ ਪ੍ਰੇਰਨਾ ਦਿੱਤੀ ।
ਉਹਨਾਂ ਨੇ ਉਚੀ ਪਦਵੀਆਂ ਉਤੇ ਬੈਠੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਨਾਲ
ਇਨਸਾਫ ਨਾ ਕੀਤਾ ਗਿਆ ਤਾਂ ਦੇਸ਼ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ ਅਤੇ ਦੇਸ਼ ਭੁੱਖ ਨੰਗ
ਦੇ ਰਾਹ ਤੇ ਪੈ ਜਾਵੇਗਾ ।
ਕਿਸਾਨ ਵੀ ਉਹਨਾਂ ਨੂੰ ਆਪਣਾ ਮਸੀਹਾ ਸਮਝਦੇ ਸਨ । ਇਕ ਵਾਰ ਰੰਧਾਵਾ ਸਾਹਿਬ ਚੰਡੀਗੜ੍ਹ ਤੋਂ
ਵਾਪਸ ਪਰਤ ਕੇ ਆਪਣੇ ਪਿੰਡ ਖਰੜ੍ਹ ਜਾ ਰਹੇ ਸਨ । ਉਸ ਦਿਨ ਕਿਸਾਨਾਂ ਨੇ ਸੜਕਾਂ ਬੰਦ ਕੀਤੀਆਂ
ਹੋਈਆਂ ਸਨ ਅਤੇ ਆਪਣੇ ਹੱਕਾਂ ਲਈ ਸੜਕਾਂ ਤੇ ਰਾਹ ਰੋਕੀ ਬੈਠੇ ਸਨ । ਉਹਨਾਂ ਨੇ ਰੰਧਾਵਾ
ਸਾਹਿਬ ਦੀ ਕਾਰ ਵੀ ਰੋਕ ਲਈ । ਰੰਧਾਵਾ ਨੇ ਜਦ ਆਪਣੇ ਖਾਸ ਲਹਿਜੇ ਵਿਚ ਉਹਨਾਂ ਨੂੰ ਕਿਹਾ, “
ਮੈਂ ਰੰਧਾਵਾ ਹਾਂ, ਤੁਹਾਡਾ ਦੋਸਤ ।” ਐਨਾ ਸੁਣਦੇ ਹੀ ਕਿਸਾਨਾਂ ਨੇ ਝੱਟ ਰਸਤਾ ਖਾਲੀ ਕਰ
ਦਿੱਤਾ ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਕਰਵਾਉਣਾ ਵੀ ਡਾ : ਰੰਧਾਵਾ ਦੀ ਹੀ ਦੇਣ ਹੈ
। ਲੁਧਿਆਣੇ ਵਿਚ ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ ਬਣਾਉਣਾ, ਉਹਨਾਂ ਦੇ ਪੰਜਾਬ
ਪ੍ਰਤੀ ਪਿਆਰ ਦੀ ਵੱਡਮੁਲੀ ਦਾਤ ਤੇ ਸਨੇਹ ਦਾ ਪ੍ਰਗਟਾਵਾ ਹੈ । ਇਸ ਅਜਾਇਬ ਘਰ ਦੀ ਉਸਾਰੀ ਦਾ
ਕੰਮ 1971 ਵਿਚ ਸ਼ੁਰੂ ਕੀਤਾ ਗਿਆ ਅਤੇ 1974 ਵਿਚ ਸਰਦਾਰ ਖ਼ੁਸ਼ਵੰਤ ਸਿੰਘ ਨੇ ਇਸ ਦਾ
ਉਦਘਾਟਨ ਕੀਤਾ । ਉਹਨਾਂ ਨੇ ਅਨੇਕਾਂ ਕਲਾਂ ਭਵਨ, ਸਾਹਿਤ ਭਵਨ ਅਤੇ ਕਲਚਰ ਇਮਾਰਤਾਂ ਉਸਾਰੀਆਂ
। ਉਹ ਕਹਿੰਦੇ ਸਨ ਕਿ ਜਦੋਂ ਤੱਕ ਕਿਸੇ ਆਰਟਸ ਸੁਸਾਇਟੀ ਕੋਲ ਆਪਣਾ ਘਰ ਨਾ ਹੋਵੇ ਤਾਂ ਉਹ
ਕਿਸ ਤਰ੍ਹਾਂ ਪ੍ਰਫੁਲਿਤ ਹੋ ਸਕਦੀ ਹੈ । ਉਹਨਾਂ ਨੇ ਚੰਡੀਗੜ੍ਹ ਵਿਚ ਰੋਜ਼ ਗਾਰਡਨ ਵਿਚ
ਪੰਜਾਬ ਆਰਟਸ ਕਾਉਂਸਲ ਲਈ ਕਲਾ ਭਵਨ ਬਣਵਾਇਆ । ਲੁਧਿਆਣੇ ਵਿਚ ਪੰਜਾਬੀ ਸਾਹਿਤ ਅਕੈਡਮੀ ਲਈ
ਪੰਜਾਬੀ ਭਵਨ ਬਣਵਾਇਆ । ਉਹਨਾਂ ਨੇ ਕਵੀਆਂ, ਲਿਖਾਰੀਆਂ ਅਤੇ ਸਾਹਿਤਕਾਰਾਂ ਨੂੰ ਵੀ ਰੱਜ਼ ਕੇ
ਪਿਆਰ ਕੀਤਾ । ਜਿਸ ਵਿਚ ਵੀ ਲਿਖਣ ਦਾ ਹੁਨਰ ਸੀ, ਉਸ ਨੂੰ ਦੱਬ ਕੇ ਹੋਸਲਾ ਦਿੱਤਾ ਅਤੇ
ਸਿ਼ਖਰਾਂ ‘ਤੇ ਪਹੁੰਚਾਇਆ । 1947 ਦੇ ਦੰਗਿਆਂ ਸਮੇਂ ਡਾ : ਰੰਧਾਵਾ ਨੂੰ ਜਦੋਂ ਖ਼ਬਰ ਮਿਲੀ
ਕਿ ਇਕ ਪੰਜਾਬੀ ਕਵੀ ਪੁਲਿਸ ਦੇ ਪੰਜੇ ਵਿਚ ਫਸਿਆ ਹੋਇਆ ਹੈ ਤਾਂ ਉਹ ਰਾਤੋਂ-ਰਾਤ 300 ਮੀਲ
ਸਫਰ ਕਰਕੇ ਕਵੀ ਨੂੰ ਰੂਹ ਕੰਬਾਉਣ ਵਾਲੀ ਹਾਲਤ ਵਿਚੋਂ ਕੋਢ ਕੇ ਲੈ ਆਏ । ਉਹਨਾਂ ਅੰਦਰ
ਆਰਕੀਟੈਕਟਾਂ ਅਤੇ ਆਰਟਿਸਟਾਂ ਦੇ ਕੰਮ ਦੀ ਵੀ ਬਹੁਤ ਕਦਰ ਸੀ । ਰੰਧਾਵਾ ਸਾਹਿਬ ਉਹਨਾਂ
ਆਰਕੀਟੈਕਟਾਂ ਅਤੇ ਆਰਟਿਸਟਾਂ ਦੇ ਨਾਵਾਂ ਦੀਆਂ ਨੇਮ ਪਲੇਟਾਂ ਇਮਾਰਤਾਂ ਅਤੇ ਆਰਟ ਗੈਲਰੀਆਂ
ਵਿਚ ਲਗਵਾ ਕੇ ਉਹਨਾਂ ਦਾ ਮਾਣ ਕਰਦੇ ਸਨ ।
ਰੰਧਾਵਾ ਸਾਹਿਬ ਜਦ ਵੀ ਕਿਸੇ ਪਿੰਡ ਜਾਂ ਸਹਿਰ ਵਿਚ ਜਾਂਦੇ, ਬਾਗ ਲਗਾਉਣ ਅਤੇ ਪਾਰਕ ਬਣਾਉਣ
ਦੀ ਗੱਲ ਜਰੂਰ ਕਰਦੇ । ਚੰਡੀਗੜ੍ਹ ਦੇ ਚੀਫ ਕਮਿਸ਼ਨਰ ਲਗਦੇ ਸਾਰ ਹੀ ਉਹਨਾਂ ਨੇ ਏਸ਼ੀਆ ਦਾ
ਸਭ ਤੋਂ ਵੱਡਾ ਗੁਲਾਬਾਂ ਦਾ ਬਾਗ ਲਗਵਾਇਆ । ਚੰਡੀਗੜ੍ਹ ਵਿਚ ਹਰ ਸਾਲ ਇਸ ਬਾਗ ਵਿਚ ਗੁਲਾਬਾਂ
ਦਾ ਮੇਲਾ ਲਗਦਾ ਹੈ । ਚੰਡੀਗੜ੍ਹ ਦੇ ਚੀਫ ਕਮਿਸ਼ਨਰ ਹੁੰਦੇ ਵੀ ਉਹ ਟਰੈਕਟਰ ਟਰਾਲੀਆਂ ‘ਤੇ
ਪੌਦੇ ਰੱਖਵਾ ਕੇ ਲੈ ਜਾਂਦੇ ਅਤੇ ਆਪਣੇ ਸਾਹਮਣੇ ਸੜਕਾਂ ਅਤੇ ਪਾਰਕਾਂ ਵਿਚ ਲਗਵਾੳਂਦੇ ।
ਪੰਜਾਬ ਦੇ ਸਾਰੇ ਟੂਰਿਸਟ ਕੰਪਲੈਕਸਾਂ ਦੇ ਨਾਮ ਵੀ ਉਹਨਾਂ ਨੇ ਦਰਖਤਾਂ ਅਤੇ ਫੁੱਲਾਂ ਦੇ
ਨਾਵਾਂ ਨਾਲ ਰੱਖੇ । ਜਿਵੇਂ ਕਿ ਅਮਲਤਾਸ, ਗੁਲਮੋਹਰ ਆਦਿ । ਇਸ ਸਭ ਤੋਂ ਇਲਾਵਾ ਡਾ :
ਰੰਧਾਵਾ ਨੂੰ ਪੰਜਾਬੀ ਬੋਲੀ ਅਤੇ ਲੋਕ ਵਿਰਸੇ ਨਾਲ ਬਹੁਤ ਪਿਆਰ ਸੀ । ਉਹ ਹਮੇਸ਼ਾ ਪੰਜਾਬੀ
ਵਿਚ ਗਲ ਕਰਨਾ ਪਸੰਦ ਕਰਦੇ ਸਨ । ਜੇ ਕੋਈ ਉਹਨਾਂ ਨਾਲ ਅੰਗਰੇਜੀ ਵਿਚ ਬੋਲਣ ਲਗਦਾ ਤਾਂ ਉਹ
ਝੱਟ ਟੋਕ ਦਿੰਦੇ ਕਿ ਪੰਜਾਬੀ ਵਿਚ ਗਲ ਕਰੋ । ਉਹਨਾਂ ਨੇ ਲੋਕ ਗੀਤਾਂ ਅਤੇ ਲੋਕ ਬੋਲੀਆਂ ਨੂੰ
ਇਕੱਠੇ ਕਰਵਾ ਕੇ ਕਾਵਿ ਸੰਗ੍ਰਿਹ ਤਿਆਰ ਕਰਵਾਏ । ਉਹਨਾਂ ਨੇ ਖੇਤੀ, ਸਾਇੰਸ, ਲੈਂਡ
ਸਕੇਪਿੰਗ, ਕਲਾ ਅਤੇ ਸਾਹਿਤ ਆਦਿ ਵਿਸਿ਼ਆਂ ਤੇ 100 ਤੋਂ ਵੀ ਵੱਧ ਕਿਤਾਬਾਂ ਅਤੇ ਲੇਖ ਲਿਖੇ
। ਉਹਨਾਂ ਦੀ ਇਸੇ ਕਾਬਲੀਅਤ ਦੀ ਬਦੋਲਤ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀਆਂ ਨੇ
ਉਹਨਾਂ ਨੂੰ ਆਪਣੇ-ਆਪਣੇ ਰਾਜਾਂ ਦਾ ਖੇਤੀਬਾੜੀ ਸਲਾਹਕਾਰ ਨਿਯੁਕਤ ਕੀਤਾ ਹੋਇਆ ਸੀ ।
ਉਹ ਇਕ ਮਹਨ ਕਰਮਯੋਗੀ ਵੀ ਸਨ । ਉਹਨਾਂ ਦਾ ਜੀਵਨ ਬੜਾ ਸਾਦਾ ਸੀ । ਅਨੁਸਾਸ਼ਨ ਅਤੇ ਵਕਤ ਦੇ
ਪੱਕੇ ਪਾਬੰਦ ਉਹ ਡਿਨਰ ਪਾਰਟੀਆਂ ਤੇ ਨਹੀਂ ਜਾਂਦੇ ਸਨ । ਜਦੋਂ ਉਹ ਪਹਿਲੀ ਵਾਰ ਖੁਸ਼ਵੰਤ
ਸਿੰਘ ਦੇ ਘਰ ਗਏ ਤਾਂ ਖੁਸ਼ਵੰਤ ਸਿੰਘ ਨੇ ਪੁੱਛਿਆ, “ਤੁਸੀਂ ਵਿਸਕੀ ਪੀੳਗੇ ?” ਰੰਧਾਵਾ
ਸਾਹਿਬ ਨੇ ਹੱਸਦੇ ਹੋਏ ਜਵਾਬ ਦਿੱਤਾ, “ਮੈਂ ਪੀਂਦਾ ਨਹੀਂ, ਮੈਨੂੰ ਤਾਂ ਵੈਸੇ ਹੀ ਕੰਮ ਦਾ
ਨਸ਼ਾ ਚੜਿਆ ਰਹਿੰਦਾ ਹੈ ।” ਡਾ : ਰੰਧਾਵਾ ਬਾਰੇ ਖੁਸ਼ਵੰਤ ਸਿੰਘ ਨੇ ਲਿਖਿਆ ਹੈ, “ਡਾ :
ਰੰਧਾਵਾ ਇਕ ਪਰਮ ਮਨੁੱਖ ਸਨ । ਪੰਜਾਬ ਜਿੰਨਾ ਡਾ : ਰੰਧਾਵਾ ਦਾ ਰਿਣੀ ਹੈ ; ੳਨਾ ਕਿਸੇ ਹੋਰ
ਪੰਜਾਬੀ ਦਾ ਨਹੀਂ । ਉਹਨਾਂ ਨੇ ਸੂਬੇ ਨੂੰ ਆਪਣੇ ਪੈਰਾਂ ਤੇ ਖੜਾ ਹੀ ਨਹੀਂ ਕੀਤਾ ਸਗੋਂ ਉਸ
ਦੀ ਰੂਹ ਨੂੰ ਸੁਰਜੀਤ ਵੀ ਰੱਖਿਆ । ਜੇ ਮੇਰੇ ਕੋਲੋਂ ਪਿਛਲੇ ਪੰਜਾਹ ਸਾਲਾਂ ਵਿਚ ਦੁਨੀਆਂ ਦੇ
ਕਿਸੇ ਐਸੇ ਵਿਆਕਤੀ ਦਾ ਨਾਮ ਪੁੱਛਿਆ ਜਾਵੇ, ਜਿਸਨੂੰ ਭੁਲਾਇਆ ਨਹੀਂ ਜਾ ਸਕਦਾ ਤਾਂ ਮੈਂ
ਬਿਨਾਂ ਕਿਸੇ ਝਿਜਕ ਮਹਿੰਦਰ ਸਿੰਘ ਰੰਧਾਵਾ ਦਾ ਨਾਮ ਲਵਾਂਗਾ ।”
ਡਾ : ਮਹਿੰਦਰ ਸਿੰਘ ਰੰਧਾਵਾ ਆਪਣੇ ਆਪ ਵਿਚ ਹੀ ਇਕ ਸੰਸਥਾ ਸਨ । ਉਹਨਾਂ ਦਾ ਕੱਦ ਅਤੇ
ਕਿਰਦਾਰ ਐਨਾ ਉਚਾ ਅਤੇ ਸੁੱਚਾ ਸੀ ਕਿ ਉਹ ਅੱਜ ਵੀ ਸਾਡੇ ਲਈ ਆਦਰਸ਼ ਹਨ । ਸਾਡੀ ਨਵੀਂ
ਪੀੜ੍ਹੀ ਨੂੰ ਡਾ : ਰੰਧਾਵਾ ਨੂੰ ਆਦਰਸ਼ ਮੰਨਦੇ ਹੋਏ ਹੰਭਲਾ ਮਾਰਨਾ ਚਾਹੀਦਾ ਹੈ । 03 ਮਾਰਚ
1986 ਨੂੰ ਤੁਰ ਗਏ ਡਾ : ਰੰਧਾਵਾ ਨੂੰ ਸਾਰੇ ਕਿਸਾਨ ਅਤੇ ਕਲਾਕਾਰ ਅੱਜ ਵੀ ਇਕ ਮਸੀਹੇ
ਵਾਂਗੂੰ ਪੂਜਦੇ ਹਨ ।
- ਗੁਰਮੀਤ ਸਿੰਘ ਬਿਰਦੀ,
870, ਨਿਰੰਕਾਰੀ ਸਟਰੀਟ, ਮਿਲਰ ਗੰਜ,
ਲੁਧਿਆਣਾ – 141003
- 9855637840
-0- |