ਪੰਜਾਬੀ ਫਿਲਮਾਂ ਦੇ ਖੇਤਰ ਵਿਚ
ਅਸਲੋਂ ਹੀ ਵੱਖਰੇ ਅੰਦਾਜ਼ ਵਿਚ ਪੇਸ਼ ਹੋ ਕੇ ਨਾਂ ਕਮਾਉਣ ਵਾਲਾ ਐਕਟਰ ਤੇ ਡਾਇਰੈਕਟਰ ਹਰਪਾਲ
ਸਿੰਘ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸਨੇ ਟੀ ਵੀ ਕਲਾਕਾਰ ਵਜੋਂ ਆਪਣਾ ਕੈਰੀਅਰ
ਦੂਰਦਰਸ਼ਨ ਕੇਂਦਰ ਜਲੰਧਰ ਵਿਚ ਪ੍ਰਸਿੱਧ ਨਿਰਦੇਸ਼ਕ ਹਰਜੀਤ ਦੁਆਰਾ ਨਿਰਦੇਸ਼ਤ ਨਾਟਕ
'ਛਵ੍ਹੀਆਂ ਦੀ ਰੁੱਤ' ਵਿਚ ਲੋਹਾਰ ਦੇ ਮੁੱਖ ਕਿਰਦਾਰ ਵਜੋਂ ਨਿਭਾ ਕੇ ਸ਼ੁਰੂ ਕੀਤਾ। ਇਹ
ਕਿਰਦਾਰ ਬੜਾ ਪੇਚੀਦਾ ਤੇ ਵੰਗਾਰਵਾਂ ਸੀ ਪਰ ਹਰਪਾਲ ਨੇ ਇਸਨੂੰ ਏਨੀ ਬਰੀਕੀ ਤੇ
ਸੰਵੇਦਨਸ਼ੀਲਤਾ ਨਾਲ ਨਿਭਾਇਆ ਕਿ ਉਹ ਟੀਵੀ ਕਲਾਕਾਰ ਵਜੋਂ ਨਿਰਦੇਸ਼ਕਾਂ ਦੀ ਲੋੜ ਬਣ ਗਿਆ।
ਦੂਰਦਰਸ਼ਨ ‘ਤੇ ਹੀ ਉਸਨੇ ਭਾਈ ਮੰਨਾਂ ਸਿੰਘ ਨਾਂ ਦੇ ਬਹੁਚਰਚਿਤ ਸੀਰੀਅਲ ਵਿਚ ਭਾ ਜੀ
ਗੁਰਸ਼ਰਨ ਸਿੰਘ ਨਾਲ ਸਹਾਇਕ ਕਲਾਕਾਰ ਵਜੋਂ ਬੇਮਿਸਾਲ ਕੰਮ ਕੀਤਾ। ਛੇਤੀ ਹੀ ਆਪਣੀ
ਅਭਿਨੈ-ਕਲਾ ਦੀ ਪਰੋੜ੍ਹਤਾ ਤੇ ਸੂਖਮਤਾ ਸਦਕਾ ਉਹ ਪੰਜਾਬੀ ਫਿਲਮਾਂ ਦੇ ਖੇਤਰ ਵਿਚ ਵੀ
ਪ੍ਰਵੇਸ਼ ਕਰ ਗਿਆ।
|
ਫਿ਼ਲਮ 'ਜਿਨ੍ਹੇ ਮੇਰਾ ਦਿਲ ਲੁੱਟਿਆ
' ਦੇ ਇਕ ਦ੍ਰਿਸ਼ ਵਿੱਚ ਨੀਰੂ ਬਾਜਵਾ, ਹਰਪਾਲ ਤੇ ਹੋਰ ਸਾਥੀ ਕਲਾਕਾਰ |
ਉਸਨੇ ਕਈ ਫਿ਼ਲਮਾਂ ਵਿਚ ਆਪਣੀ
ਪ੍ਰਤਿਭਾ ਦਾ ਲੋਹਾ ਮਨਵਾਇਆ ਤੇ ਉਸ ਵੱਲੋਂ ਪੇਸ਼ ਕੀਤੇ ਕਈ ਕਿਰਦਾਰ ਸਦਾ ਲਈ ਲੋਕਾਂ ਦੇ
ਚੇਤਿਆਂ ਵਿਚ ਵੱਸ ਗਏ। ਉਸ ਦੁਆਰਾ ਕੀਤੀਆਂ ਫਿਲਮਾਂ ਵਿਚੋਂ 'ਜੀ ਆਇਆਂ ਨੂੰ', 'ਦਿਲ ਆਪਣਾ
ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਅੱਖੀਆਂ ਉਡੀਕਦੀਆਂ', 'ਵਾਰਿਸ ਸ਼ਾਹ', 'ਲੱਖ ਪਰਦੇਸੀ
ਹੋਈਏ', 'ਹੀਰ-ਰਾਂਝਾ', ਚੱਕ ਜਵਾਨਾਂ' 'ਧਰਤੀ', ਜਿਨ੍ਹੇ ਮੇਰਾ ਦਿਲ ਲੁੱਟਿਆ, 'ਰੱਬ
ਕਿਹੜਿਆਂ ਰੰਗਾਂ ਵਿਚ ਰਾਜ਼ੀ', 'ਕਬੱਡੀ', 'ਇਕ ਲਵ ਸਟੋਰੀ' ਵਿਸ਼ੇਸ਼ ਤੌਰ ‘ਤੇ ਜਿ਼ਕਰਯੋਗ
ਹਨ। ਉਸਦੀ ਨਿਰਦੇਸ਼ਨਾਂ ਵਿਚ ਬਣੀਆਂ ਅਨੇਕਾਂ ਵੀਡੀਓ ਫਿਲਮਾਂ ਵੀ ਚਰਚਾ ਦਾ ਵਿਸ਼ਾ ਬਣੀਆਂ
ਹੋਈਆਂ ਹਨ। ਹਰਪਾਲ ਸਿੰਘ ਨੇ ਖੁਦ ਵੀ ਨਿਰਦੇਸ਼ਕ ਦੇ ਵਜੋਂ ਆਪਣੀ ਕਲਾ ਦਾ ਆਗ਼ਾਜ਼ ਕੀਤਾ
ਹੈ। ਅਗਲੇ ਦਿਨੀਂ ਹਰਪਾਲ ਸਿੰਘ ਆਪਣੀ ਨਵੀਂ ਫਿ਼ਲਮ 'ਕੌਣ ਦਿਲਾਂ ਦੀਆਂ ਜਾਣੇ' ਲਈ ਅਤੇ
ਏਥੋਂ ਦੇ ਮੀਡੀਆ ਨਾਲ ਫਿਲਮ ਦੇ ਪਰਚਾਰ-ਪਰਸਾਰ ਲਈ ਚਰਚਾ ਕਰਨ ਲਈ ਕਨੇਡਾ ਆ ਰਿਹਾ ਹੈ। ਆਪਣੀ
ਫਿ਼ਲਮ ਦੀ ਪ੍ਰਮੋਸ਼ਨ ਲਈ ਉਹ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਜਾਏਗਾ ਜਿੱਥੇ ਉਸਦੀ ਕਲਾ
ਦੀ ਪਰਸੰਸਾ ਕਰਨ ਵਾਲੇ ਅਦਾਰਿਆਂ ਵੱਲੋਂ ਹਰਪਾਲ ਸਿੰਘ ਦੀਆਂ ਪ੍ਰਾਪਤੀਆਂ ਲਈ ਉਸਦਾ ਸਨਮਾਨ
ਵੀ ਕੀਤਾ ਜਾ ਰਿਹਾ ਹੈ। 4 ਜੂਨ ਨੂੰ ਟਰਾਂਟੋ ਵਿਖੇ ਅਦਾਰਾ ਸੀਰਤ ਐਂਟਰਟੇਨ ਇੰਕ ਅਤੇ ਸੀਰਤ
ਦੇ ਸੰਪਾਦਕ ਸੁਪਨ ਸੰਧੂ ਵੱਲੋਂ ਅਸ਼ੋਕਾ ਬੈਂਕੁਇਟ ਹਾਲ (ਬਰੈਂਪਟਨ) ਵਿਚ ਉਸਦਾ ਸਨਮਾਨ ਕੀਤਾ
ਜਾਵੇਗਾ। 10-11 ਜੂਨ ਨੂੰ ਕੈਲਗਰੀ ਵਿਚ ਪੰਜਾਬੀ ਲੇਖਕ ਕਾਨਫ਼ਰੰਸ ਮੌਕੇ ਹਰਪਾਲ ਸਿੰਘ ਨੂੰ
ਉਸਦੀਆਂ ਸਭਿਆਚਾਰਕ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਜਾਵੇਗਾ। 12 ਜੂਨ
ਨੂੰ ਵੈਨਕੂਵਰ ਵਿਚ ਬੰਬੈ ਬੈਂਕੁਇਟ ਹਾਲ ਵਿਚ ਜੋਤੀ ਆਰਟਸ ਬੈਨਰ ਥੱਲੇ ਬਣੀ ਉਸਦੀ ਫਿ਼ਲਮ
'ਜ਼ਮੀਨ' ਦਾ ਪ੍ਰੀਮੀਅਰ ਸ਼ੋ ਹੋਵੇਗਾ। 24 ਜੂਨ ਨੂੰ ਸੰਦਲ ਪ੍ਰੋਡਕਸ਼ਨ ਕੈਲਗਰੀ ਦੇ ਪਰਮਜੀਤ
ਸੰਦਲ ਵੱਲੋਂ ਹਰਪਾਲ ਸਿੰਘ ਦੀ ਨਿਰਦੇਸ਼ਨਾ ਵਿਚ ਬਣਾਈ ਫਿਲ਼ਮ 'ਦਿਲ ਦਰਿਆ ਸਮੁੰਦਰੋਂ
ਡੂੰਘੇ' ਲਈ ਹਰਪਾਲ ਸਿੰਘ ਦਾ ਸਨਮਾਨ ਕੀਤਾ ਜਾਏਗਾ। ਉਸਦੀ ਕਲਾ ਦੇ ਪ੍ਰਸੰਸਕ ਉਸਦੀ ਆਮਦ ਦੀ
ਸਿ਼ੱਦਤ ਨਾਲ ਉਡੀਕ ਕਰ ਰਹੇ ਹਨ।
ਐਕਟਰ ਹਰਪਾਲ ਦੇ ਵੱਖ-ਵੱਖ
ਅੰਦਾਜ਼
-0- |