Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ‘ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ‘ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ‘ਤੇ ਸਨਮਾਨ

 

ਜੱਟ ਕੀ ਜਾਣੇ ਲੌਗਾਂ ਦਾ ਭਾਅ
- ਬਲਵਿੰਦਰ ਕੌਰ ਬਰਾੜ

 

ਸੁਣਿਆ ਹੈ ਇਕ ਵਾਰੀ ਕੋਈ ਜੱਟ ਪੰਸਾਰੀ ਦੀ ਹੱਟੀ ਲੌਂਗ ਲੈਣ ਗਿਆ, ਪੰਜ ਰੁਪੱਈਏ ਬਾਣੀਏ ਨੂੰ ਫੜਾਏ ਤਾਂ ਅੱਗੋਂ ਪੰਜ ਸੱਤ ਲੌਂਗ ਬਾਣੀਏ ਨੇ ਜੱਟ ਦੀ ਹਥੇਲੀ ਧਰ ਦਿੱਤੇ । ਜੱਟ ਉਹਨਾਂ ਲੌਂਗਾਂ ਦਾ ਫੱਕਾ ਮਾਰ ਕੇ ਦੁਕਾਨ ਮੂਹਰੇ ਚਾਦਰਾ ਵਿਛਾ ਕੇ ਬੈਠ ਗਿਆ । ਬਾਣੀਆਂ ਕਹਿੰਦਾ ਕੀ ਗੱਲ ? ਜੱਟ ਆਖੇ ਲੌਂਗ ਢੇਰੀ ਕਰ, ਉਹ ਤਾਂ ਮੈਂ ਸਵਾਦ ਦੇਖਦਾ ਹੀ ਖਾ ਗਿਆ । ਇਹ ਕਹਾਣੀ ਉਸ ਸੁਭਾਅ ਦੀ ਸੂਚਕ ਹੈ ਜਿਸ ਮਨੁੱਖ ਦਾ ਵਾਹ ਲੰਮੇ ਅਰਸੇ ਤੋਂ ਬੋਹਲਾਂ ਨਾਲ, ਮਿੱਟੀ ਨਾਲ, ਡੰਗਰਾਂ ਨਾਲ ਜਾਂ ਕੁਦਰਤ ਵਲੋਂ ਬਿਨਾਂ ਮਿਣੇ-ਤੋਲੇ ਬਖਸ਼ੀ ਬਾਰਸ਼, ਧੁੱਪ, ਛਾਂ ਨਾਲ ਪੈਂਦਾ ਰਿਹਾ ਹੈ । ਹੁਣ ਤਕ ਇਸੇ ਤਰ੍ਹਾਂ ਪਲਦੀ ਆ ਰਹੀ ਮਾਨਸਿਕਤਾ ਅੱਜ ਦੀ ਮਿਣ-ਤੋਲ ਕੇ ਚਲਦੀ ਸੋਚ ਨਾਲ ਟਕਰਾਅ ਕੇ ਮੂਧੇ ਮੂੰਹ ਡਿਗਦੀ ਨਜ਼ਰ ਆ ਰਹੀ ਹੈ । ਅੱਜ ਜਦੋਂ ਇਕ ਕਦਮ ਚੱਲਣ ਲਈ ਦੋ ਗਜ਼ ਧਰਤੀ ਸੁੰਭਰਨੀ ਪੈ ਰਹੀ ਹੈ ਤਾਂ ਇਹ ਜੱਟ ਸੌਦਾ ਓਨਾ ਹੀ ਫੇਲ ਹੋਇਆ ਲਗਦਾ ਹੈ । ਚਾਹੇ ਇਸ ਸੌਦੇ ਵਿਚ ਵੀ ਨਫੇ ਨੁਕਸਾਨ ਦਾ ਲੇਖਾ ਜੋਖਾ ਇਕ ਵੱਖਰਾ ਵਿਸ਼ਾ ਹੈ ਪਰ ਹਾਲ ਦੀ ਘੜੀ ਮਾਰਚ ਦੇ ਮਹੀਨੇ ਤਕ ਪੂਰੇ ਸਾਲ ਦੀ ਕਮਾਈ ਦੇ ਵਹੀ ਖਾਤੇ ਫਰੋਲਣ ਦਾ ਵੇਲਾ ਹੋ ਨਿਬੜਦਾ ਹੈ ।
ਜਦੋਂ ਮੈਂ ਪੰਜਾਬ ਤੋਂ ਫੇਰੀ ਪਾ ਕੇ ਵਾਪਸ ਕਨੇਡਾ ਪਰਤਦੀ ਹਾਂ ਤਾਂ ਬਹੁਤੇ ਪਰਵਾਸੀ ਇਕ ਸਵਾਲ ਪੁੱਛਦੇ ਨੇ ਕਿ ਪੰਜਾਬੀਆਂ ਹੱਥ ਕਿਹੜੀ ਗਿੱਦੜਸਿੰਗੀ ਲੱਗੀ ਹੈ ? ਵੱਡੀਆਂ-ਵੱਡੀਆਂ ਕਾਰਾਂ ਦੀ ਭੀੜ ਸੜਕਾਂ ਤੇ ਖਹਿੰਦੀ ਫਿਰਦੀ ਹੈ । ਵੱਡੀਆਂ-ਵੱਡੀਆਂ ਕੋਠੀਆਂ, ਪੈਰ-ਪੈਰ ਤੇ ਮੈਰਿਜ ਪੈਲਿਸਾਂ ਵਿਚਲਾ ਧੂੰਮ-ਧੜੱਕਾ, ਵਿਆਹਾਂ ਤੇ ਕਰਜ਼ਾ ਚੁੱਕ ਕੇ ਕੀਤਾ ਖਰਚਾ । ਇੰਨੀ ਖੁਸ਼ਹਾਲੀ ਬਿਨਾਂ ਮਿਹਨਤ ਤੋਂ ਕਿਵੇਂ ਹੱਥ ਲੱਗੀ ? ਸਭ ਤੋਂ ਵੱਧ ਹੈਰਾਨੀ ਜਵਾਨ ਪੀੜ੍ਹੀ ਤੇ ਹੁੰਦੀ ਹੈ ਜਿਨ੍ਹਾਂ ਦੀ ਬਹੁਤੀ ਫੀਸਦੀ ਬਿਨਾਂ ਡੱਕਾ ਭੰਨੇ ਬਰੈਂਡਿਡ ਕੱਪੜਿਆਂ ਤੇ ਜੁੱਤੀਆਂ ਵਿਚ ਨਾਚ-ਗਾਣਿਆਂ ਜਾਂ ਮੋਬਾਇਲਾਂ ਹਵਾਲੇ ਰੁੱਝੀ ਹੋਈ ਹੈ । ਕਈ ਮਾਪੇ ਔਲਾਦ ਦੇ ਦੁੱਖ ਸੁੱਖ ਜਰਨ ਦੀ ਥਾਂ ਸਾਹ ਲੈਣ ਦੀ ਤਕਲੀਫ ਵੀ ਹਰਨ ਤਕ ਆਪ ਅਪੜਨਾ ਚਾਹੁੰਦੇ ਹਨ । ਅਜਿਹੀ ਸਥਿਤੀ ਵੇਖ ਕੇ ਸਭ ਮਨਾਂ ਅੰਦਰ ਆਉਣ ਵਾਲੇ ਸਮੇਂ ਵਿਚ ਇਸ ਪਨੀਰੀ ਦੀ ਸਮਰੱਥਾ ਤੇ ਸੰਭਾਵਨਾਵਾਂ ਬਾਰੇ ਜਗਿਆਸਾ ਸਿਰ ਚੁੱਕਦੀ ਹੈ ਕਿ ਇਹ ਜੋ ਮਾਪਿਆਂ ਦਾ ਪਿਆ ਲਫੜਾ ਨ੍ਹੀਂ ਜਰ ਸਕਦੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਿਵੇਂ ਕਰਨਗੇ ? ਪਹਿਲਾਂ ਤਾਂ ਸਰਫੇ ਦੀ ਇਸ ਔਲਾਦ, ਤਕਸੀਮ ਹੁੰਦੀ ਜ਼ਮੀਨ, ਨੈਤਿਕਤਾ ਜਾਂ ਧਰਮ ਰੁਚੀ ਦਾ ਡਿੱਗਦਾ ਮਿਆਰ, ਤਿੜਕਦੇ ਜਾਂ ਸਿਮਟਦੇ ਰਿਸ਼ਤੇ, ਨਿਜੀ ਹਿੱਤਾਂ ਲਈ ਭਾਈਚਾਰਕ ਸੰਬੰਧਾਂ ਵਲ ਕੀਤੀ ਪਿੱਠ ਆਦਿ ਸਭ ਰਲਕੇ ਮਨੁੱਖ ਦੀ ਜਿਉਣ ਦੀ ਲਾਲਸਾ ਨੂੰ ਖੋਰਾ ਲਾ ਰਹੀਆਂ ਹਨ । ਦੂਜਾ, ਬਾਜ਼ਾਰ ਦੀ ਚਕਾਚੌਂਧ ਝੱਗਾ ਚੌੜ ਕਰਨ ਦੀ ਠਾਣੀ ਫਿਰਦੀ ਹੈ । ਬਾਹਰਲੀਆਂ ਕੰਪਨੀਆਂ ਨੇ ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਪਰੁੰਨ ਕੇ ਖੇਤੀ ਹੇਠੋਂ ਖਿਸਕਾ ਲੈਣ ਦਾ ਇਕ ਨੁਕਾਤੀ ਪਰੋਗਰਾਮ ਉਲੀਕ ਰੱਖਿਆ ਹੈ । ਜੱਟ ਖੇਤੀ ਤੋਂ ਬਿਨਾਂ ਹੋਰ ਧੰਦਾ ਸਿੱਖਣ ਤੋਂ ਹੁਣ ਤਕ ਇਨਕਾਰੀ ਰਿਹਾ ਹੈ । ਜ਼ਮੀਨਾਂ ਦਾ ਮੁੱਲ ਵੱਟ ਕੇ ਘਰ ਸਫਾਰੀਆਂ ਗੱਡੀਆਂ ਖੜ੍ਹੀਆਂ ਕਰਦਾ, ਮੋਢਿਆਂ ਉਤੋਂ ਦੀ ਥੁੱਕਦੀ ਫਿਰਦੀ ਔਲਾਦ ਹੱਥੋਂ ਦੁੱਭਰ ਖੁਦਕਸ਼ੀਆਂ ਦੀ ਪਗਡੰਡੀ ਫੜ ਰਿਹਾ ਹੈ । ਜ਼ਮੀਨਾਂ ਵੇਚ ਕੇ ਆਪਣੀ ਆਮਦਨ ਦਾ ਹੀਲਾ ਹੋਰਨਾਂ ਹੱਥ ਕਰਕੇ ਇਹ ਸਿੱਧ ਕਰ ਰਿਹਾ ਹੈ ਕਿ ਮੱਝ ਵੇਚਕੇ ਘੋੜੀ ਲਈ ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ । ਉਸ ਨੂੰ ਚਾਰ ਛਿਲੜ ਦੇ ਕੇ ਕੰਪਨੀ ਵਾਲੇ ਆਖੀ ਜਾਂਦੇ ਨੇ ਆਪਣੇ ਨੈਣ ਮੈਨੂੰ ਦੇ ਦੇਹ ਤੂੰ ਮਟਕਾਉਂਦਾ ਫਿਰ । ਜਿਵੇਂ ਸਿਆਣੇ ਆਖਦੇ ਹਨ ਕਿ ਬਾਣੀਏ ਨੂੰ ਜ਼ਮੀਨ ਅਤੇ ਜੱਟ ਨੂੰ ਪੈਸਾ ਸਾਂਭਣ ਦਾ ਚੱਜ ਨਹੀਂ ਹੈ। ਇਹ ਇਸ ਵੇਲੇ ਦਾ ਸੱਚ ਹੋ ਰਿਹਾ ਹੈ । ਇਉਂ ਅੱਜ ਦਾ ਇਹ ਮਟਕਾਉਂਣਾ ਕੱਲ੍ਹ ਨੂੰ ਮਹਿੰਗਾ ਪੈ ਸਕਦਾ ਹੈ ।
ਔਲਾਦ ਵੀ ਉਸਦੀ ਅਨਪੜ੍ਹਤਾ ਦਾ ਪੂਰਾ ਲਾਹਾ ਲੈ ਰਹੀ ਹੈ । ਚੰਡੀਗੜ੍ਹ ਵਰਗੇ ਸ਼ਹਿਰ ਵਿਚ ਪੀ.ਜੀ. ਰਿਹਾਇਸ਼ਾਂ ਵਿਚ ਪਲਦੀ ਪਨੀਰੀ ਘਰੋਂ ਇਹ ਕਹਿਕੇ ਪੈਸਾ ਲੈ ਜਾਂਦੀ ਹੈ ਕਿ ਅਸੀਂ ਬਾਹਰਲੇ ਮੁਲਕ ਜਾਣ ਦਾ ਟੈਸਟ (ਆਇਲਟਸ) ਪਾਸ ਕਰਨਾ ਹੈ । ਉਠ ਦਾ ਬੁੱਲ੍ਹ ਡਿਗਣ ਵਰਗੇ ਅਜਿਹੇ ਸੁਪਨੇ ਉਸਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ । ਜ਼ਮੀਨ ਵੇਚ ਕੇ ਰੁਜ਼ਗਾਰ ਲਈ ਕੀਤਾ ਇਹ ਵਣਜ ਉਸ ਨੂੰ ਨਿਹੱਥਾ, ਨਿਕੰਮਾ ਤੇ ਬੇਰੁਜ਼ਗਾਰ ਕਰ ਰਿਹਾ ਹੈ । ਪਿੱਛੇ ਜਹੇ ਅਖ਼ਬਾਰਾਂ ਵਿਚ ਇਸ ਸਬੰਧੀ ਕਈ ਆਰਟੀਕਲ ਪੜ੍ਹੇ ਹਨ ਜਿਨ੍ਹਾਂ ਅਨੁਸਾਰ 27 ਹਜ਼ਾਰ ਲੜਕੀਆਂ ਚੰਡੀਗੜ੍ਹ-ਮੋਹਾਲੀ ਵਿਚ ਪੀ.ਜੀ. ਰਿਹਾਇਸ਼ ਲਈ ਆਈਆਂ ਹੋਈਆਂ ਹਨ । ਜਿੰਨ੍ਹਾਂ ਨੇ ਇਸ ਥਾਂ ਦਾ ਮੁੱਲ ਪਾਈਏ ਤੋਂ ਪੰਸੇਰੀ ਕਰ ਧਰਿਆ ਹੈ। ਇਉਂ ਕਈਆਂ ਕੋਲ ਕਮਾਈ ਦੇ ਵੱਖ-ਵੱਖ ਚੰਗੇ ਮਾੜੇ ਸਾਧਨ ਇਕੱਠੇ ਹੋ ਰਹੇ ਹਨ ਪਰ ਬਹੁਤਿਆਂ ਹੱਥੋਂ ਇਹ ਸਰਕ ਰਹੇ ਹਨ । ਦੋਹਾਂ ਵਿਚਕਾਰ ਨਾ ਪੂਰਨ ਵਾਲੀ ਖਾਈ ਹੋਰ ਡੂੰਘੀ, ਹੋਰ ਚੌੜੀ ਤੇ ਹੋਰ ਡਰਾਵਣੀ ਹੋਈ ਜਾ ਰਹੀ ਹੈ । ਇਸ ਉਪਰ ਕੋਈ ਫਲਾਈ ਓਵਰ ਬਣਾਉਣ ਦੀ ਲੋੜ ਹੈ । ਕੋਈ ਪੁਲ ਚਾਹੀਦਾ ਹੈ । ਨਹੀਂ ਤਾਂ ਇਸਦੇ ਵਿਚੋਲੇ ਲੁੱਟ-ਲੁੱਟ ਖਾ ਜਾਣਗੇ । ਪੰਜਾਬ ਦੇ ਕਿਸਾਨ, ਜਵਾਨ, ਹਵਾ, ਪਾਣੀ, ਧਰਤੀ, ਧੀਆਂ ਸਭ ਮੌਤ ਦੇ ਰਾਹ ਤੁਰ ਪਏ ਹਨ । ਫਜ਼ੂਲ ਖਰਚੀ, ਵਿਖਾਵਾ, ਅਨਪੜ੍ਹਤਾ ਜਿਹੀਆਂ ਅਲਾਮਤਾਂ ਅੰਦਰੋ-ਅੰਦਰੀ ਪਰਿਵਾਰਾਂ ਨੂੰ ਖੋਖਲਾ ਕਰ ਰਹੀਆਂ ਹਨ । ਗੰਧਲੀ ਸਿਆਸਤ ਕੋਲ ਇਹ ਸਭ ਕੁਝ ਗੌਲਣ ਦੀ ਨਾ ਸਮਰੱਥਾ ਹੈ, ਨਾ ਸਮਾਂ ਹੈ ਨਾ ਹੀ ਰੁਚੀ ਹੈ । ਇਸ ਤਬਦੀਲ ਹੋ ਰਹੀ ਮਾਨਸਿਕਤਾ ਬਾਰੇ ਕਈ ਵਿਦਵਾਨ ਲਿਖ ਰਹੇ ਹਨ । ਜਾਗਦੀ ਰੂਹ ਵਾਲਿਆਂ ਨੂੰ ਮੇਰੀ ਬੇਨਤੀ ਹੈ ਪੜ੍ਹਿਆਂ ਹੋਇਆਂ ਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ ਇਹ ਸਭ ਕੁਝ ਅਨਪੜ੍ਹਾਂ ਕੋਲ ਆਪੋ-ਆਪਣੀ ਸਮਰੱਥਾ, ਵਿੱਤ, ਸੋਚ ਤੇ ਦਾਇਰਿਆਂ ਅਨੁਸਾਰ ਜਾ ਕੇ ਸਮਝਾਉਣਾ ਪਵੇਗਾ । ਅਪੀਲ ਹੈ ਜਾਗਦੀ ਸੋਚ ਵਾਲਿਆਂ ਲਈ ਕੋਈ ਸੰਸਥਾ, ਕੋਈ ਹੀਲਾ, ਕੋਈ ਹੰਭਲਾ ਜੁਟਾਓ ਤੇ ਇਨ੍ਹਾਂ ਸਭ ਤਕ ਪਹੁੰਚ ਕਰੋ । ਇਕ ਵਾਰੀ ਪਟਿਆਲੇ ਹੜ੍ਹ ਆਇਆ ਸੀ ਸ਼ਹਿਰ ਨਾਲ ਵਸਦੇ ਸਭ ਪਿੰਡਾਂ ਦੇ ਵਾਸੀ ਸਿਰਾਂ ਤੇ ਰੋਟੀਆਂ ਢੋ ਕੇ ਲੱਕ-ਲੱਕ ਪਾਣੀ ਵਿਚੋਂ ਤੁਰ ਕੇ ਸਾਡੇ ਤਕ ਮਦਦ ਲਈ ਅੱਪੜੇ ਸਨ । ਆਓ ਆਪਾਂ ਵੀ ਕਾਰਾਂ ਤੇ ਸਵਾਰ ਹੋ ਕੇ ਇਹ ਹੋਕਾ ਆਪੋ-ਆਪਣੇ ਪਿੰਡਾਂ ਵਿਚ ਪਹੁੰਚਾਈਏ, ਘੱਟੋ-ਘੱਟ ਸਕੂਲ ਦੇ ਅਧਿਆਪਕਾਂ ਤਕ ਇਹੋ ਜਿਹੇ ਸੁਨੇਹੇ ਜ਼ਰੂਰ ਅੱਪੜਦੇ ਕਰੀਏ । ਕੋਈ ਵਿਰਲਾ ਜ਼ਰੂਰ ਹਰ ਥਾਂ ਹੋਵੇਗਾ ਜੋ ਇਨਸਾਨੀਅਤ ਦੀ ਬਾਂਹ ਫੜ੍ਹਨਾ ਚਾਹ ਰਿਹਾ ਹੋਵੇਗਾ । ਨਹੀਂ ਤਾਂ ਅਖ਼ਬਾਰਾਂ ਵਿਚ ਲਿਖੇ ਅੱਖਰ ਕਾਗਜ਼ ਦੇ ਸੀਨੇ ਤੇ ਫਿਰੀ ਸਿਆਹੀ ਹੋ ਕੇ ਰਹਿ ਜਾਣਗੇ । ਕੁਝ ਸਾਲ ਪਹਿਲਾਂ ਕੰਧ ਤੇ ਹਮ ਦੋ ਹਮਾਰੇ ਦੋ ਲਿਖਿਆ ਨਾਅਰਾ ਸਭ ਪੜਿਆਂ-ਲਿਖਿਆਂ ਨੇ ਪੜ੍ਹ ਲਿਆ ਸੀ ਨਤੀਜੇ ਵਜੋਂ ਪੜ੍ਹੇ-ਲਿਖੇ ਪਰਿਵਾਰ ਸਿਮਟ ਗਏ ਪਰ ਜਿੰਨ੍ਹਾਂ ਲਈ ਲਿਖਿਆ ਸੀ ਉਹ ਪਰਨਾਲਾ ਓਥੇ ਦਾ ਓਥੇ ਹੀ ਰਿਹਾ ਹੈ । ਇਉਂ ਹੀ ਕਈ ਸਾਲ ਪਹਿਲਾਂ ਪਟਿਆਲਾ ਤਹਿਸੀਲ ਦੀ ਇਕ ਧੁਆਂਖੀ ਕੰਧ ਤੇ ਲਿਖਿਆ ਸੀ – ਅਨਪੜ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਗੂਠਾ ਏਥੇ ਨਾ ਪੂੰਝੋ ਜੀ- ਉਸ ਸਮੇਂ ਲਿਖਣ ਵਾਲੇ ਦੀ ਅਨਪੜ੍ਹਤਾ ਤੇ ਹਾਸਾ ਆਇਆ ਸੀ ਪਰ ਹੁਣ ਜੱਟਾਂ ਦੀ ਬੇਤਰਤੀਬੀ ਵਾਲੀ ਅਨਪੜ੍ਹਤਾ ਵੇਖ ਕੇ ਹਾਸੇ ਦਾ ਤਮਾਸ਼ਾ ਨਜ਼ਰ ਆ ਰਿਹਾ ਹੈ । ਆਓ ਰਲ ਕੇ ਇਸ ਬੇਤਰਤੀਬੀ ਨੂੰ ਤਰਤੀਬ ਦੇਈਏ, ਜੱਟ ਨੂੰ ਲੌਂਗ ਦਾ ਭਾਅ ਦੱਸ ਹੀ ਆਈਏ ਜਿਸ ਨੂੰ ਖਰੀਦਣ ਲੱਗਿਆਂ ਉਹ ਗਿਣਤੀ-ਮਿਣਤੀ ਜ਼ਰੂਰ ਕਰ ਲਵੇ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346