ਸਾਲ 1978-79 ਵਿਚ ਸਰਕਾਰੀ ਕਾਲਜ, ਮੁਕਤਸਰ ਵਿਚ ਪੜ੍ਹਦਿਆਂ ਹੀ ਮੇਰੀ ਅੰਮ੍ਰਿਤਸਰ ਵਸਦੇ
ਆਪਣੇ ਹਮਉਮਰ ਜਤਿੰਦਰਪਾਲ ਸਿੰਘ ਜੌਲੀ ਨਾਲ ਸਾਹਿਤਕ ਦੋਸਤੀ ਹੋ ਗਈ ਸੀ। ਫਿਰ ਮੈਂ ਪੰਜਾਬ
ਯੂਨੀਵਰਸਿਟੀ, ਚੰਡੀਗੜ੍ਹ ਅਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਪੰਜਾਬੀ
ਵਿਸ਼ੇ ਵਿਚ ਐਮ.ਏ. ਕਰਨ ਲੱਗ ਪਏ। ਪਰਿਵਾਰਕ ਸਾਂਝ ਹੋਰ ਵਧ ਗਈ। ਕਈ ਤਰ੍ਹਾਂ ਦੇ ਪਾਪੜ ਵੇਲਣ
ਪਿੱਛੋਂ ਉਹ ਆਪਣੀ ਯੂਨੀਵਰਸਿਟੀ ਵਿਚ ਅਤੇ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸੈੱਟ
ਹੋ ਗਿਆ। ਮੈਂ ਤਾਂ ਸਿਰਫ ਆਪਣੀ ਪੜ੍ਹਾਈ ਅਤੇ ਕਵਿਤਾ-ਕਹਾਣੀ ਲਿਖਣ ਤੱਕ ਹੀ ਮਹਿਦੂਦ ਸਾਂ ਪਰ
ਜੌਲੀ ਭਾਂਤ-ਭਾਂਤ ਦੀਆਂ ਸਾਹਿਤਕ-ਧਾਰਮਿਕ-ਸਭਿਆਚਾਰਕ ਗਤੀਵਿਧੀਆਂ ਵਿਚ ਸਰਗਰਮ ਰਹਿੰਦਾ। ਇਸ
ਸਭ ਕੁਝ ਬਾਰੇ ਉਹ ਨਿਰੰਤਰ ਖ਼ਤ ਲਿਖਦਾ ਰਹਿੰਦਾ। ਮੈਂ ਉਸ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ
ਵੀ ਹੁੰਦਾ ਪਰ ਨਾਲ ਨਾਲ ਉਸ ਦੀ ਬੇਲੋੜੀ ਭੱਜ-ਨੱਠ ਉਤੇ ਤਨਜ਼ੀ ਲਹਿਜ਼ੇ ਵਿਚ ਟਿੱਪਣੀਆਂ ਵੀ ਕਰ
ਦਿੰਦਾ। ਆਪਣੇ ਜੀਵਣ ਅਤੇ ਰਚਨਾ ਨਾਲ ਸਬੰਧਤ ਸਾਰਾ ਸਾਜੋ-ਸਾਮਾਨ ਸਲੀਕੇ ਨਾਲ ਸਾਂਭਣ ਦੀ ਜਾਚ
ਉਹ ਅਕਸਰ ਮੈਨੂੰ ਸਿਖਾਉਂਦਾ ਪਰ ਮੈਂ ਫਿਰ ਵੀ ਅਵੇਸਲਾ ਹੀ ਰਹਿੰਦਾ। ਇਸ ਲਈ ਕਈ ਕੁਝ ਗੁਆਚ
ਗਿਆ ਹੈ। ਉਸ ਦੀਆਂ ਸੈਂਕੜੇ ਚਿੱਠੀਆਂ ਵਿਚੋਂ ਇਹ ਤਿੰਨ ਕੁ ਹੀ ਮੇਰੇ ਕੋਲੋਂ ਮਸਾਂ ਲੱਭੀਆਂ
ਹਨ। ਆਪਣੇ ਜੋਬਨ-ਰੁੱਤੇ ਤੁਰ ਗਏ ਇਸ ਪਿਆਰੇ ਮਿੱਤਰ ਦੀਆਂ ਇਹ ਯਾਦਗਾਰੀ ਚਿੱਠੀਆਂ ਉਸ ਦੀ
ਨਿਵੇਕਲੀ ਤਬੀਅਤ ਵੱਲ ਕਈ ਸੰਕੇਤ ਕਰਨ ਵਾਲੀਆਂ ਹਨ।
ਪੇਸਕਸ਼ : ਬਲਦੇਵ ਸਿੰਘ ਧਾਲੀਵਾਲ
421 - ਈਸਟ ਮੋਹਨ ਨਗਰ,
ਅੰਮ੍ਰਿਤਸਰ।
ਪਿਆਰੇ ਵੀਰ ਬਲਦੇਵ,
ਇਸ ਵਾਰ ਮੇਰੀ ਡਾਕ-ਗੱਡੀ ਲੇਟ ਹੋ ਗਈ ਕਿਉਂਕਿ ਮੈਂ ਛੁੱਟੀਆਂ ‘ਚ ਕਾਨਪੁਰ ਚਲਾ ਗਿਆ ਸਾਂ।
ਕਾਫ਼ੀ ਵਰ੍ਹਿਆਂ ਪਿੱਛੋਂ ਮੈਂ ਤੇ ਆਤਮ ਆਪਣੇ ਪਰਿਵਾਰਾਂ ਸਮੇਤ ਗਏ। ਤਾਰਨ (ਗੁਜਰਾਲ) ਹੁਰਾਂ
ਦੇ ਵਿਹੜੇ ‘ਚ ਉਨ੍ਹਾਂ ਦੇ ਕਹਿਣ ਮੁਤਾਬਕ ਤਾਂ ਬਹਾਰਾਂ ਆ ਗਈਆਂ ਪਰ ਸਾਡੇ ਚਾਰਾਂ ਬੱਚਿਆਂ
ਨੇ ਸਭ ਉਲਟਾ-ਪੁਲਟਾ ਕਰੀ ਰਖਿਆ। ਇਸ ਵਾਰ ਤਾਂ ਟੂਰ ਬੱਚਿਆਂ ਦਾ ਹੀ ਸੀ ਸਾਹਿਤਕ ਨਹੀਂ। ਇਕ
ਦੋ ਮੀਟਿੰਗਾਂ ਬਾਹਰ ਹੋਈਆਂ ਜਿਸ ਵਿਚ ਹਿੰਦੀ ਦੇ ਕਾਫ਼ੀ ਨਾਮਵਰ ਲੇਖਕ ਮਿਲੇ। ਬਾਕੀ ਪੁਰਾਣੇ
ਸੱਜਣਾਂ ਵਿਚੋਂ ਮਹਿੰਦਰ ਫ਼ਾਰਗ, ਸੰਤੋਖ ਸਿੰਘ ਆਦਿ ਸਭ ਆਪ ਨੂੰ ਵੀ ਯਾਦ ਕਰਦੇ ਸਨ। ਤਾਰਨ
ਹੁਰੀਂ ਤੇਰੀਆਂ ਪ੍ਰਾਪਤੀਆਂ ਸੁਣ ਸੁਣ ਕੇ ਖੁਸ਼ ਹੁੰਦੇ ਰਹੇ। ਕਹਿੰਦੇ ਸੀ ਤੁਸੀਂ ਤਾਂ ਏਨੇ
ਵਰ੍ਹਿਆਂ ‘ਚ ਸਾਰੇ ਹੀ ਡਾਕਟਰ ਬਣ ਗਏ ਹੋ ਤੇ ਅਸੀਂ ਮਰੀਜ਼ ਹੋ ਗਏ ਹਾਂ।
ਤੇਰੇ ਖ਼ਤ ਦੀ ਇਹ ਗੱਲ ਸਭ ਨੂੰ ਬੜੀ ਜਚੀ ਕਿ ‘ਕਹਾਣੀ-ਕਵਿਤਾ ਲਿਖਣ ਦਾ ਸੁਆਦ ਆਵਦੇ ਜੁਆਕ
ਨੂੰ ਢਿੱਡ ਤੇ ਲਿਟਾਉਣ ਦੇ ਅਨੰਦ ਵਰਗਾ ਹੈ।‘
ਤੇਰਾ ਸ਼ਗਿਰਦ ਭਜਨਬੀਰ ਆਇਆ ਸੀ। ਉਮੀਦ ਹੈ, ਉਹਦਾ ਕੀਤਾ ਕੰਮ, ਤੇਰੇ ਲਈ ਸਹਾਈ ਹੋਵੇਗਾ।
ਬਾਕੀ ਬੁੱਲ੍ਹੇ ਸ਼ਾਹ ਕਾਨਫਰੰਸ ਕਸੂਰ ਵਿਖੇ 27-29 ਅਗਸਤ 1994 ਨੂੰ ਹੋ ਰਹੀ ਹੈ। ਸੱਦਾ ਆ
ਗਿਆ ਹੈ, ਜੇ ਵੀਜ਼ਾ ਮਿਲ ਗਿਆ ਤਾਂ ਜ਼ਰੂਰ ਚੱਲਾਂਗੇ, ਮੈਂ ਤਾਂ ਥਿੰਦ ਸਾਹਿਬ ਨੂੰ ਵੀ ਹੁਣੇ
ਖ਼ਤ ਲਿਖਿਆ ਹੈ। ਤੇਰਾ ਪਾਸਪੋਰਟ ਤਾਂ ਤਿਆਰ ਹੈ ਨਾ ?
ਬਾਕੀ ਤੇਰਾ ਖ਼ਤ ਆਉਣ ਤੇ,
ਭਾਬੀ ਜੀ ਨੂੰ ਯਾਦ, ਛੋਟੂ ਨੂੰ ਪਿਆਰ।
ਜਤਿੰਦਰ ਸਿੰਘ
25.7.94
...
ਪ੍ਰੋਜੈਕਟ ਆਫੀਸਰ (ਅਡਲਟ ਐਜੂਕੇਸ਼ਨ),
ਫਿਰੋਜ਼ਪੁਰ।
ਪਿਆਰੇ ਵੀਰ ਬਲਦੇਵ,
ਤੂੰ ਸੰਭਾਵਨਾ-ਭਰਪੂਰ ਬੰਦੇ ਨੂੰ ਪਾਣੀ ਨਾਲ ਤਸ਼ਬੀਹ ਦਿੱਤੀ ਹੈ, ਜਿਸ ਦਾ ਵਿਸਥਾਰ ਬਹੁਤ
ਖ਼ੂਬਸੂਰਤ ਹੈ। ਪਰ ਜਦੋਂ ਆਪਣੇ ਆਪ ਵੱਲ ਵੇਖਦਾ ਹਾਂ ਤਾਂ ਜਾਪਦਾ ਹੈ ਕਿ ਪਾਣੀ ਨਾਲ ਜੋੜੀਆਂ
ਜਾਂਦੀਆਂ ਕੁਝ ਊਝਾਂ ਦਾ ਹੱਕਦਾਰ ਵੀ ਮੈਂ ਹੀ ਬਣਦਾ ਹਾਂ - ਮਸਲਨ ਪਾਣੀ ਝੱਟ ਹਰੇਕ ਨਿਵਾਣ
ਨੂੰ ਵਹਿ ਤੁਰਦਾ ਹੈ - ਪਾਣੀ ਨੂੰ ਜਿਸ ਰੰਗ ‘ਚ ਮਿਲਾ ਦਿਓ ਓਸੇ ਵਰਗਾ ਹੋ ਜਾਂਦਾ ਹੈ!!
ਦੂਸਰੇ ਪਾਸੇ ਤੇਰੇ ਵਲੋਂ ਘੜੇ ਅਰਥ ਵਾਚਦਾ ਹਾਂ ਕਿ ‘ਪਾਣੀ ਨੂੰ ਤਪਾਈਏ ਤਾਂ ਸਭ ਬੰਧਨਾਂ
ਤੋਂ ਮੁਕਤ ਹੋ ਉੱਡ ਤੁਰਦਾ ਹੈ, ਵੀ ਆਪਣੇ ਤੇ ਹੀ ਢੁਕਦਾ ਜਾਪਦਾ ਹੈ। ਮੈਂ ਮੌਜੂਦਾ ਮਾਹੌਲ
‘ਚ ਤਪਾਇਆ ਜਾ ਰਿਹਾ ਹਾਂ - ਨੌਕਰੀ ਤਾਂ ਇਕ ਬਹਾਨਾ ਹੈ - ਗੱਲ ਸਿਸਟਮ ਦੀ ਹੈ - ਹੁਣ ਤਾਂ
ਚੋਣਾਂ ਵੀ ਆ ਗਈਆਂ ਨੇ ਵੇਖੋ ਊਠ ਕਿਸ ਕਰਵਟ ਬੈਠਦਾ ਹੈ। ਮੇਰੇ ਇਕ ਬੀ.ਡੀ.ਓ. ਦਾ ਕਥਨ ਸੀ
ਕਿ ਜੇ ‘‘ਹੁਣ ਵੀ ਸਰਕਾਰ ਨਾ ਬਦਲੀ ਤਾਂ ਮੁਲਕ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੋਈ ਨਹੀਂ
ਹੋ ਸਕਦੀ।”
ਹੁਣੇ ਸਮਦਰਸ਼ੀ ‘ਚੋਂ ਤੇਰੀ ਕਹਾਣੀ ਓਪਰੀ ਹਵਾ ਪੜ੍ਹੀ ਹੈ - ਸੱਚਮੁਚ ਏਡੇ ਤਲਖ਼ ਤਜ਼ਰਬੇ
ਜ਼ਿੰਦਗੀ ਵਿਚ ਹੰਢਾਉਣ ਉਪਰੰਤ ਹੀ ਕੋਈ ਯਥਾਰਥਵਾਦੀ ਲੇਖਕ ਹੋ ਸਕਦਾ ਹੈ। ਮੈਂ ਤੇਰੇ ਹਰ ਵਾਕ
- ਹਰ ਸ਼ਬਦ ਦੇ ਨਾਲ ਜੀਵਿਆ ਹਾਂ। ਪੰਜਾਬੀ ਸਾਹਿਤ ਨੂੰ ਅਜਿਹੀ ਕਹਾਣੀ ਸਦ ਮੁਬਾਰਕ ਪਰ ਪੰਜਾਬ
ਨੂੰ ਅਜਿਹੀ ਮਜਬੂਰੀ ? ਮੌਜੂਦਾ ਨਿਜ਼ਾਮ ਨੂੰ ਲੱਖ ਲਾਹਨਤ !!!
ਅੱਜ ਇਕ ਮੈਟ੍ਰਿਕ ਪਾਸ ਪੇਂਡੂ ਨੌਜਵਾਨ ਮੇਰੇ ਕੋਲ ਰੁਜ਼ਗਾਰ ਦੀ ਭਾਲ ‘ਚ ਆਇਆ। ਉਹ ਆਪਣੀ
ਕਹਾਣੀ ਸੁਣਾਉਂਦਾ ਰੋ ਪਿਆ - ਮੈਥੋਂ ਵੀ ਜਰ ਨਾ ਹੋਇਆ - ਪਰ ਬੇਬਸ ਹਾਂ ਉਸ ਨੂੰ ਦੇਣ ਲਈ
ਮੇਰੇ ਕੋਲ ਕੁਝ ਵੀ ਨਹੀਂ ਸੀ। ਮੈਂ ਕਿਹਾ ਆਪਣੀ ਬੇਬਸੀ ਤੇ ਤੇਰੀ ਮਜਬੂਰੀ ਸਾਹਵੇਂ ਜੀਅ
ਕਰਦੈ ਅਸਤੀਫ਼ਾ ਦੇ ਕੇ ਕਿਤੇ ਟੁਰ ਜਾਵਾਂ - ਲਾਹਨਤ ਹੈ ਐਸੀ ਕੁਰਸੀ ‘ਤੇ...
ਤੇਰੀ ਕਹਾਣੀ ਪੜ੍ਹਨ ਉਪਰੰਤ ਤਾਂ ਜੀਅ ਕੀਤੈ ਕਿ ਕਿਸੇ ਤਰ੍ਹਾਂ ਤੇਰੇ ਨਾਲ ਨੌਕਰੀ ਵਟਾ ਲਵਾਂ
ਤੂੰ ਲੋਕਾਂ ਦੇ ਇਸ ਵਾਤਾਵਰਣ ਦਾ ਜੰਮਪਲ ਏਂ ਜਿਸ ਨੂੰ ਮੈਂ ਸਾਰੀ ਉਮਰ ਕਿਤਾਬਾਂ ‘ਚ ਪੜ੍ਹਨ
ਉਪਰੰਤ ਸਿਰਫ਼ ਪੌਣੇ ਦੋ ਵਰ੍ਹੇ ਤੋਂ ਹੀ ਵੇਖ ਰਿਹਾ ਹਾਂ। ਜੇ ਤੂੰ ਜਅਵਕਗਕਤਵਕਦ ਹੋਵੇਂ ਤਾਂ
ਆਪਣੇ ਡਾਇਰੈਕਟਰ ਸਾਹਿਬ ਨਾਲ ਗੱਲ ਕਰਾਂ ? ਪਰ ਤੇਰੀ ਕਹਾਣੀ ਵਿਚਲਾ ਇਹ ਸੱਚ ਇਥੇ ਵਧੇਰੇ
ਸ਼ਿੱਦਤ ਨਾਲ ਜੀਊਣਾ ਪਊ...ਕਿ...
ਸਾਰੇ ਦਿਨ ਦੇ ਲੱਕ ਤੋੜਵੇਂ ਕੰਮ ਦਾ ਥਕੇਵਾਂ, ਬੌਸ ਮੂਹਰੇ ਸਾਰਾ ਦਿਨ ਚਉਂ-ਚਉਂ ਕਰਦਿਆਂ
ਨੰਗ ਜੱਟ ਦੀ ਤੀਵੀਂ ਵਾਂਗ ਭੋਗੀ ਜ਼ਲਾਲਤ ਦਾ ਅਹਿਸਾਸ ਸੀ...
ਤੂੰ ਘਰ ਵਸਾ ਲਿਐ - ਮੁਬਾਰਕ !
ਹਰ ਵਾਰ ਨਵੀਂ ਸੁਖ਼ਬਰ ਮਿਲ ਜਾਂਦੀ ਏ ਤੇਰੇ ਵਲੋਂ ਹੋਰ ਕਿਹੜੀਆਂ ਪ੍ਰਾਪਤੀਆਂ ਦੀ ਤਾਂਘ ਏ
ਤੈਨੂੰ ? ਸ਼ਾਇਦ ਮੈਂ ਐਤਵਾਰ ਆਵਾਂ ਤੇਰੇ ਕੋਲ !
ਕੱਲ੍ਹ ਨ੍ਰਿਪਿੰਦਰ ਰਤਨ (ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ) ਨੇ ਇਕ ਗੋਸ਼ਟੀ ਰੱਖੀ ਏ ‘‘ਉਸਾਰੂ
ਸਾਹਿਤ ਸਬੰਧੀ ਚੇਤਨਤਾ” ਪਤਾ ਨਹੀਂ ਮੈਂ ਕਦ ਵਿਹਲਾ ਹੋਵਾਂ !
ਅੱਛਾ ਬਾਕੀ ਮਿਲਣ ‘ਤੇ - ਭਾਬੀ ਨਵਿੰਦਰ (ਸੁਖਵਿੰਦਰ) ਨੂੰ ਯਾਦ ਤੇ ਮੁੰਨੇ ਨੂੰ ਪਿਆਰ।
ਤੇਰਾ
ਜੌਲੀ
...
ਪੰਜਾਬੀ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰਮ੍ਰਿਤਸਰ।
ਪਿਆਰੇ ਵੀਰ ਬਲਦੇਵ,
ਖ਼ਤ ਪਰਫਾਰਮਿਆਂ ਸਮੇਤ ਮਿਲ ਗਿਆ ਹੈ। ਵਿਸ਼ਵ ਸਿੱਖ ਸੰਮੇਲਨ ‘ਚ ਪੂਰੀ ਤਰ੍ਹਾਂ ਭਿੱਜਾ ਰਿਹਾ
ਹਾਂ। ਅਜੇ ਤੱਕ ਕੰਬਲੀ ਭਾਰੀ ਹੈ। ਕਲ੍ਹ ਹੀ ਤਸਵੀਰਾਂ ਬਣ ਕੇ ਆਈਆਂ ਹਨ ਤੇ 4 ਵੀਡੀਓ ਕੈਸੇਟ
ਵੀ, ਕਾਫ਼ੀ ਕੁਝ ਸਾਂਭਣਯੋਗ ਸੀ। ਤੂੰ ਆਉਂਦਾ ਤਾਂ ਚੰਗਾ ਹੁੰਦਾ।
ਛੁੱਟੀਆਂ ਵਿਚ ਅਜਾਇਬ ਹੁੰਦਲ ਤੇ ਇਕ ਪੇਪਰ ਲਿਖਿਆ ਹੈ, ਐਤਵਾਰ ਸੈਮੀਨਾਰ ਹੈ, ਤੁਸਾਂ
ਮਿੱਤਰਾਂ ਨੇ ਆਪਣੀ ਰਵਾਇਤ ਮੂਜਬ ਕਾਰ ਭਰ ਕੇ ਆਉਣਾ ਹੈ ਪਟਿਆਲੇ ਤੋਂ, ਕਜ਼ਾਕ ਸਾਹਿਬ ਤੇ
ਬਾਕੀ ਜਿਵੇਂ ਹਾਸ਼ਮ ਦੇ ਮੇਲੇ ਤੇ (ਜਗਦੇਉਂ ਕਲਾਂ) ਪਹੁੰਚੇ ਸਓ।
ਤੇਰੀ ਗੱਲ ਨੂੰ ਮਹਿਸੂਸ ਮੈਂ ਵੀ ਕਰਦਾ ਸਾਂ। ਤੇਰੇ ਕਹਿਣ ਉਪਰੰਤ ਮੈਂ ਵਧੇਰੇ ਗੰਭੀਰਤਾ ਨਾਲ
ਵਿਚਾਰਿਆ ਹੈ ਕਿ ਲੋਕ ਮੈਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ ? ਸ਼ਾਇਦ ਏਸ ਲਈ ਕਿ ਮੈਂ ਵੀ
ਕਦੇ ਕਿਸੇ ਕੰਮ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ, ਤੁਹਾਡੀ ਸਿੱਖੀ ਵਾਂਗ। ਦੁਨੀਆਂ ਤਾਂ
ਹੈ ਈ ਖੂਹ ਦੀ ਆਵਾਜ਼ ! ਮੈਂ ਚਾਹੁੰਨਾ ਕਿ ਜ਼ਿੰਦਗੀ ਹੱਸਦੇ ਖੇਡਦੇ ਠੀਕ ਢੰਗ ਨਾਲ ਲੰਘੀ ਜਾਵੇ
ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਮੈਂ ਮਸਖਰਾ ਬਣ ਕੇ ਜੀਵਾਂ। ਸੋ ਹੁਣ ਮੈਂ ਕੋਸ਼ਿਸ਼ ਕਰਾਂਗਾ
ਕਿ ਆਪਣੇ ਕੰਮ ਅੱਗੇ ਤੋਂ ਵਧੇਰੇ ਗੰਭੀਰਤਾ ਨਾਲ ਕਰਾਂ ਸ਼ਾਇਦ ਕੁਝ ਸਾਰਥਕ ਨਤੀਜੇ ਨਿਕਲਣ।
ਮੇਰਾ ਹੱਥਲਾ ਪੇਪਰ ਤੈਨੂੰ ਮੇਰੇ ਸੱਚ ਦੀ ਗਵਾਹੀ ਦੇਵੇਗਾ।
ਬਾਕੀ ਮਿਲਣ ‘ਤੇ -
ਭਾਬੀ ਨੂੰ ਤੇਰੀ ਭਾਬੀ ਵਲੋਂ ਪਿਆਰ ਤੇ ਪੂਰਨ ਆਰਾਮ ਦੀਆਂ ਹਦਾਇਤਾਂ।
ਮੇਰੇ ਵਲੋਂ ਮੁਬਾਰਕਾਂ ! ਖ਼ਾਸ ਕਰ ਛੋਟੂੰ ਨੂੰ, ਜਿਸ ਨੂੰ ਸਾਥ ਮਿਲੇਗਾ।
ਤੇਰਾ
ਜੌਲੀ
(1996)
PS ਰਾਹੀ ਸਾਹਿਬ ਤੇਰੇ ਆਇਆਂ ਹੀ ਕੋਈ ਗੱਲ ਕਰਨਗੇ।
-0-
|