Welcome to Seerat.ca
Welcome to Seerat.ca

ਚਾਨਣੀ ਰਾਤ!

 

- ਬਾਬੂ ਫ਼ੀਰੋਜ਼ਦੀਨ ਸ਼ਰਫ਼

ਨਾਵਲ ਅੰਸ਼/ ਬੀਬੀ ਜੀ

 

- ਹਰਜੀਤ ਅਟਵਾਲ

ਜਤਿੰਦਰਪਾਲ ਸਿੰਘ ਜੌਲੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜਾ ਅਹਿਮਦ ਅਬਾਸ ਨਾਲ ਚਲਦਿਆਂ

 

- ਐਸ ਬਲਵੰਤ

ਸਵੈ ਕਥਨ: ਮੇਰੇ ਅੰਦਰਲੇ ਕਹਾਣੀਕਾਰ ਦਾ ਜਨਮ

 

- ਲਾਲ ਸਿੰਘ ਦਸੂਹਾ

ਆਸਮਾਂ ਜਹਾਂਗੀਰ

 

- ਗੁਲਸ਼ਨ ਦਿਆਲ

ਨਾਨਕਾ ਗੋਦ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਸੁਧਾਰ)

ਬਲਾਈਂਡ ਫੇਥ

 

- ਗੁਰਮੀਤ ਪਨਾਗ

ਪਾਰਲੇ ਪੁਲ

 

- ਸੁਰਜੀਤ

ਸਿਓਂਕ

 

- ਬਰਜਿੰਦਰ ਗੁਲਾਟੀ

ਵਾਰਤਾ

 

- ਅਫ਼ਜ਼ਲ ਸਾਹਿਰ

'ਸਮਾਂ ਉਡੀਕਦਾ ਹੈ'

 

- ਪਿਸ਼ੌਰਾ ਸਿੰਘ ਢਿਲੋਂ

ਸਾਡਾ ਪੰਜਾਬ

 

- ਗੁਰਸ਼ਰਨ ਸਿੰਘ ਕਸੇਲ

ਚਰਨ ਸਿੰਘ ਸਫ਼ਰੀ ਨੂੰ ਯਾਦ ਕਰਦਿਆਂ

 

- ਉਂਕਾਰਪ੍ਰੀਤ

ਭੂਲੀ ਵਿੱਸਰੀ ਯਾਦੇਂ

 

- ਜਰਨੈਲ ਸਿੰਘ ਗਰਚਾ

ਕਾਲੇ ਦਿਨਾਂ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ

 

- ਨਵਤੇਜ ਭਾਰਤੀ

ਲਿਖੀ-ਜਾ-ਰਹੀ ਸਵੈਜੀਵਨੀ (ਭਾਗ ਦੋ) 'ਬਰਫ਼ ਵਿੱਚ ਉਗਦਿਆਂ' 'ਚੋਂ / ਸਨੋਅ ਨਾਲ਼ ਮੁੱਠਭੇੜ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਲਿਖੀ-ਜਾ-ਰਹੀ ਸਵੈਜੀਵਨੀ (ਭਾਗ ਦੋ) 'ਬਰਫ਼ ਵਿੱਚ ਉਗਦਿਆਂ' 'ਚੋਂ
ਸਨੋਅ ਨਾਲ਼ ਮੁੱਠਭੇੜ

- ਇਕਬਾਲ ਰਾਮੂਵਾਲੀਆ (ਕੈਨੇਡਾ)
 

 

ਕਈ ਹਫ਼ਤੇ ਹੋ ਗਏ ਸਨ ਸਕੇਟ-ਬੂਟਾਂ ਵਾਲ਼ੀ ਫ਼ੈਕਟਰੀ ਦੀ ਇਸੇ ਮਸ਼ੀਨ 'ਤੇ ਬੂਟਾਂ ਸਕੇਟਾਂ ਨੂੰ ਇੱਕ-ਦੂਜੇ ਨਾਲ਼ ਬਗ਼ਲਗੀਰ ਕਰਦਿਆਂ: ਅਕੜੇਵੇਂ ਦੀਆਂ ਜਿਹੜੀਆਂ ਗੰਢਾਂ ਨੇ ਪਹਿਲੇ ਦਿਨ ਹੀ ਮੇਰੇ ਡੌਲ਼ਿਆਂ, ਮੋਢਿਆਂ ਅਤੇ ਮੌਰਾਂ 'ਚ ਘੁਸਪੈਠ ਕਰ ਲਈ ਸੀ, ਪਹਿਲੇ ਹਫ਼ਤੇ ਦੇ ਅੰਤ ਤੀਕ ਪਹੁੰਚਦਿਆਂ ਉਹ ਸਾਰੀਆਂ ਹੀ ਮੇਰੇ ਸਰੀਰ ਵਿੱਚੋਂ ਫ਼ਰਾਰ ਹੋ ਚੁੱਕੀਆਂ ਸਨ। ਮਸ਼ੀਨ ਦੇ ਸਾਹਮਣੇ ਬੈਠ ਕੇ ਬੂਟਾਂ ਦੇ ਤਲ਼ਿਆਂ 'ਚ ਮੇਖਾਂ ਠੋਕਦਿਆਂ ਹੁਣ ਮੈਨੂੰ ਇੰਝ ਜਾਪਣ ਲਗਦਾ ਜਿਵੇਂ ਮੈਂ ਆਪਣੇ ਭਵਿਖਤ ਵਿੱਚ ਮੋਰੀਆਂ ਕਰ ਰਿਹਾ ਹੋਵਾਂ! ਮਸ਼ੀਨਾਂ ਦੀ ਠੱਕ ਠੱਕ, ਮੇਰੇ ਅੰਦਰ ਵਜਦੀ ਤੂੰਬੀ ਦੀ ਤੁਣ ਤੁਣ ਨੂੰ ਮਸਲ਼ ਰਹੀ ਸੀ ਅਤੇ ਗੀਤਾਂ, ਗ਼ਜ਼ਲਾਂ ਤੇ ਕਵਿਤਾਵਾਂ ਵਿੱਚੋਂ ਸਰੋਦੀਅਤ ਨੂੰ ਨਿਚੋੜ ਰਹੀ ਸੀ। ਮੈਂ ਜਿਵੇਂ ਅੰਦਰਲੇ ਪਾਸਿਓਂ ਖੋਖਲ਼ਾ ਹੋ ਰਿਹਾ ਸੀ। ਦਿਲ ਕਰਦਾ ਮਸ਼ੀਨ ਨੂੰ ਧੱਕਾ ਮਾਰ ਕੇ ਫ਼ਰਸ਼ ਉੱਪਰ ਮੂਧੇ-ਮੂੰਹ ਸੁੱਟ ਦੇਵਾਂ, ਅਤੇ 6 ਔਬਰਨਡੇਲ ਕੋਰਟ ਵਾਲ਼ੇ ਫ਼ਲੈਟ ਵੱਲ ਨੂੰ ਦੌੜ ਜਾਵਾਂ। ਮਸੀਨ ਦੇ ਸਾਹਮਣੇ ਬੈਠਾ ਹੋਇਆ ਮੈਂ ਅਨੇਕਾਂ ਵਾਰ ਸੂਟਕੇਸ 'ਚੋਂ ਆਪਣੇ ਪਾਸਪੋਰਟਾਂ ਨੂੰ ਖੱਚ ਕੇ ਹਵਾਈ ਟਿਕਟਾਂ ਵੇਚਣ ਵਾਲ਼ੇ ਏਜੰਟ ਦੇ ਸਾਹਮਣੇ ਰੱਖ ਦੇਂਦਾ!
ਕੰਮ ਖ਼ਤਮ ਹੋਣ ਤੋਂ ਬਾਅਦ, ਫ਼ੈਕਟਰੀ ਤੋਂ ਅਪਾਰਟਮੈਂਟ ਵੱਲ ਨੂੰ ਜਾਂਦੀ ਬਸ 'ਚ ਬੈਠਿਆਂ, ਕਦੇ ਕਦੇ ਮੇਰੀਆਂ ਅੱਖਾਂ ਮਿਚੂੰ-ਮਿਚੂੰ ਕਰਨ ਲਗਦੀਆਂ, ਤਾਂ ਕੁਝ ਛਿਣਾਂ ਬਾਅਦ ਮੇਰੇ ਲੁੜਕ ਗਏ ਸਿਰ ਵਿੱਚ ਸੁਧਾਰ ਦਾ ਖਾਲਸਾ ਕਾਲਜ ਉੱਤਰ ਆਉਂਦਾ ਜਾਂ ਮੇਰੇ ਪਿੰਡ ਵਾਲ਼ੇ ਘਰ 'ਚ, ਮੈਂ ਤੇ ਰਛਪਾਲ, ਚਾਰਾ-ਕੁਤਰਨੀ ਮਸ਼ੀਨ ਲਾਗਲੀ ਕੰਧ 'ਚ ਬਣੇ ਆਲ਼ੇ 'ਚੋਂ ਦਾਤੀਆਂ ਉਠਾਲ਼ ਕੇ, ਖੇਤ ਵੱਲ ਨੂੰ ਤੁਰ ਪੈਂਦੇ। ਵੈਸਟਨ ਰੋਡ ਉੱਪਰ ਮੇਰੀ ਬਸ ਕਿਹੜੇ ਕਿਹੜੇ ਚੁਰਸਤਿਆਂ ਨੂੰ ਪਿੱਛੇ ਛੱਡੀ ਜਾ ਰਹੀ ਸੀ, ਇਸ ਦੀ ਮੈਨੂੰ ਕੋਈ ਸੁਰਤ ਨਹੀਂ ਸੀ ਹੁੰਦੀ; ਮੈਂ ਤੇ ਰਛਪਾਲ ਤਾਂ ਚਰ੍ਹੀ ਦੇ ਗਿੱਟਿਆਂ ਉੱਪਰ ਦਾਤੀਆਂ ਚਲਾ ਰਹੇ ਹੁੰਦੇ, ਤੇ ਉਨ੍ਹਾਂ ਦੀ 'ਕਚਰ ਕਚਰ' ਨਾਲ਼ ਆਸੇ-ਪਾਸੇ ਫੈਲਿਆ ਮੂੰਹ-ਹਨੇਰਾ ’ਜਰੜ-ਜਰੜ’ ਕਰ ਰਿਹਾ ਹੁੰਦਾ। ਸੂਰਜ ਚੜ੍ਹਨ ਤੋਂ ਪਹਿਲਾਂ, ਚਰ੍ਹੀ ਦੀਆਂ ਭਰੀਆਂ ਨੂੰ ਸਿਰਾਂ 'ਤੇ ਚੁੱਕ ਕੇ, ਅਸੀਂ ਟੋਕਾ-ਮਸ਼ੀਨ ਦੇ ਪੈਰਾਂ 'ਚ ਲਿਆ ਸੁੱਟਦੇ।
ਸਵੇਰੇ ਸਵਖ਼ਤੇ ਉੱਠਣ ਦੀ 'ਲਤ' ਤਾਂ ਗੁੱਲੀ-ਡੰਡੇ ਦੀ ਉਮਰੇ ਹੀ ਪੈ ਗਈ ਸੀ, ਪਰ ਇਹ ਅੱਜ ਤੀਕ ਮੇਰੀ ਉਂਗਲ਼ ਛੱਡਣ ਲਈ ਰਾਜ਼ੀ ਨਹੀਂ ਹੋਈ। ਪੰਜਾਬ ਵਿੱਚ, ਕਾਲਜਾਂ 'ਚ ਪੜ੍ਹਨ ਪੜ੍ਹਾਉਣ ਵੇਲੇ ਤੋਂ ਲੈ ਕੇ ਅੱਜ ਤੀਕਰ, ਮੱਥੇ 'ਚ ਬੈਠਾ ਗ਼ੈਰ-ਹਾਜ਼ਰ ਅਲਾਰਮ ਤੜਕੇ ਚਾਰ, ਸਾਢੇ ਚਾਰ ਵਜੇ ਚੁੱਪ-ਚਾਪ ਖੜਕਣ ਲੱਗ ਜਾਂਦਾ ਹੈ। ਬਚਪਨ 'ਚ ਚਰ੍ਹੀ ਦੇ ਖੇਤ ਵਿੱਚ ਵਾਪਰਨ ਵਾਲ਼ੀ 'ਕਚਰ, ਕਚਰ' ਮੇਰੀ ਨੀਂਦਰ ਨੂੰ ਕੁਤਰਨ ਲਗਦੀ ਹੈ: ਮੈਂ ਭਾਵੇਂ ਖੇਸ ਹੇਠਾਂ ਸੁਪਨੇ ਲੈ ਰਿਹਾ ਹੋਵਾਂ, ਤੇ ਭਾਵੇਂ ਕੰਬਲ਼ ਦੇ ਨਿੱਘ ਵਿੱਚ ਵੱਖੀ-ਭਾਰ ਗੋਲ਼-ਗਲੂੰਡਾ: ਢਿੱਡ ਨਾਲ਼ ਜੋੜੇ ਹੋਏ ਗੋਡੇ, ਅਤੇ ਛਾਤੀ 'ਚ ਖੁੱਭੀ ਹੋਈ ਠੋਡੀ, ਇਕ ਬੇਚੈਨੀ ਤੜਕੇ ਚਾਰ, ਸਾਢੇ ਚਾਰ ਵਜੇ ਆਪਣਾ ਖਾਤਾ ਖੋਲ੍ਹ ਲੈਂਦੀ ਹੈ। ਸਕੇਟ-ਬੂਟ ਵਾਲ਼ੀ ਫ਼ੈਕਟਰੀ 'ਚ ਕੰਮ ਕਰਨ ਦੇ ਦਿਨੀਂ ਵੀ ਇਹੀ ਬੇਚੈਨੀ ਆਪਣੇ ਮਿਥੇ ਵਕਤ ਉੱਤੇ ਮੇਰੇ ਮੋਢਿਆਂ ਨੂੰ ਹਲੂਣਨ ਲੱਗ ਜਾਂਦੀ ਸੀ; ਕਹਿੰਦੀ ਉੱਠ, ਭਾਈ ਸਾਹਬ! ਟੂਥ-ਬਰੁਸ਼ ਉਡੀਕੀ ਜਾਂਦਾ ਹੈ ਵਾਸ਼ਰੂਮ 'ਚ!
ਮੈਂ ਕੰਮ ਵਾਲ਼ੇ ਕੱਪੜਿਆਂ ਨੂੰ ਹੈਂਗਰਾਂ ਤੋਂ ਖਿਚਦਾ, ਤੇ ਵਾਸ਼ਰੂਮ 'ਚ ਵੜ ਕੇ ਸ਼ਾਵਰ ਦੇ ਠੰਢੇ-ਗਰਮ ਮੁੱਠਿਆਂ ਨੂੰ ਪਲ਼ੋਸਦਾ: ਸ਼ਾਵਰ ਦੇ ਫ਼ੁਹਾਰੇ 'ਚੋਂ ਨਿੱਘੀ ਕਿਣਮਿਣ ਬਰਸਣ ਲਗਦੀ। ਸ਼ਾਵਰ 'ਚੋਂ ਬਾਹਰ ਨਿੱਕਲ਼ਦਾ ਤਾਂ ਸੁਖਸਾਗਰ ਵੱਲੋਂ ਚਾਹ ਵਾਲ਼ੀਆਂ ਪਿਆਲੀਆਂ ਵਿੱਚ ਉਲੱਦਿਆ ਨਿੱਘ, ਸੋਫ਼ੇ ਦੀ ਗੁਦ-ਗਦੀਅਤ ਦੇ ਸਾਹਮਣੇ ਟਿਕੇ ਕਾਫ਼ੀ-ਟੇਬਲ ਉੱਪਰ ਭਾਫ਼ਾਂ ਛੱਡ ਰਿਹਾ ਹੁੰਦਾ।
ਸਵੇਰੇ ਸਵਾ ਸੱਤ ਵਜਦੇ ਨੂੰ ਮੇਰੀ ਬਸ, ਫ਼ੈਕਟਰੀ ਦੇ ਸਾਹਮਣੇ ਵਾਲ਼ੇ ਬਸ-ਸਟਾਪ 'ਤੇ ਰੁਕੀ ਹੁੰਦੀ।
ਕਾਰਡ ਪੰਚ ਕਰ ਕੇ ਜਦੋਂ ਮੈਂ ਲੰਚਰੂਮ 'ਚ ਵੜਦਾ, ਮੇਜ਼ਾਂ ਕੁਰਸੀਆਂ ਉਦਾਲ਼ੇ ਜੰਮੀ ਵੀਰਾਨਗੀ ਵਿੱਚ ਸਾਹ ਪਰਤਣ ਲਗਦੇ। ਮੇਰੇ ਮੱਥੇ 'ਚ ਚਾਹ ਦੀ ਤਲਬ ਉਬਾਲ਼ਾ ਮਾਰਦੀ। ਜਦੋਂ ਨੂੰ ਮੈਂ ਥਰਮੋਸ 'ਚੋਂ, ਉਸਦੇ ਢੱਕਣ 'ਚ ਉਲੱਦੀ, ਤਮਾਮ ਗਰਮੀ ਨੂੰ ਸੁੜ੍ਹਾਕ ਲਿਆ ਹੁੰਦਾ, ਲੰਚਰੂਮ ਛਣਕਣ ਲੱਗ ਜਾਂਦਾ: ਗੋਰੇ ਕਾਲ਼ੇ ਰੰਗ ਦੀਆਂ 'ਹਾਏ' ਤੇ 'ਗੁੱਡ ਮੋਰਨਿੰਗਾਂ' ਆਪਣੇ-ਆਪਣੇ ਕੋਟ-ਜੈਕਟਾਂ ਉਤਾਰ ਕੇ ਕੁਰਸੀਆਂ ਮੱਲਣ ਲਗਦੀਆਂ।
ਅੰਗਰੇਜ਼ੀ ਵਿੱਚ ਮੇਰਾ ਉਚਾਅਰਣ ਤਾਂ ਭਾਰਤ ਵਾਲਾ ਹੀ ਸੀ—ਚਿੱਬ-ਖੜਿੱਬਾ ਤੇ ਲੰਗੜਾਉਂਦਾ ਹੋਇਆ: ਲਫ਼ਜ਼ 'ਕਾਨ-ਸਰਵਟਿਵ' ਨੂੰ 'ਕੰਜ਼ਰਵੇਟਵ' ਹੀ ਉਚਾਰੀ ਜਾਂਦਾ ਸੀ ਮੈਂ, 'ਐਅਕ-ਸੰਟ' ਨੂੰ 'ਅਕਸਿੰਟ', 'ਸੱਬ-ਜੈਕਟ' ਨੂੰ 'ਸਬਜੈੱਕਟ', 'ਸੈਂਅਨਟੰਸ' ਨੂੰ 'ਸਨਟਿੰਸ', ਤੇ 'ਪੋਅਇਟ ਨੂੰ 'ਪੁਐਟ', ਪ੍ਰੰਤੂ ਸ਼ਬਦ-ਭੰਡਾਰ ਦੀ ਭਾਨ ਮੇਰੇ ਕੋਲ਼ ਬਾਕੀ ਭਾਰਤੀ, ਚੀਨੀ, ਤੇ ਸਪੈਨਿਸ਼ ਕਾਮਿਆਂ ਨਾਲ਼ੋਂ ਦੋ ਕੁ ਮੁੱਠੀਆਂ ਵਧੇਰੇ ਸੀ। ਗੱਲਾਂ ਮਾਰਨ ਦਾ ਖ਼ਾਨਦਾਨੀ ਚਸਕਾ ਅਤੇ ਹੋਰਨਾਂ ਨਸਲਾਂ ਬਾਰੇ ਜਾਣਨ ਦੀ ਜਗਿਆਸਾ, ਕਾਫ਼ੀ ਅਤੇ ਲੰਚ ਦੀਆਂ ਬ੍ਰੇਕਾਂ ਦੌਰਾਨ ਮੈਨੂੰ ਅਫ਼ਰੀਕੀ ਮੂਲ ਦੇ ਦੋ ਅਧਖੜ ਵਿਅਕਤੀਆਂ ਦੇ ਨੇੜਲੀਆਂ ਕੁਰਸੀਆਂ ਵੱਲ ਧੱਕਣ ਲੱਗੀ। ਉਹਨਾ ਦੇ ਸੰਘਣੇ, ਕੁੰਡਲ਼ਦਾਰ ਵਾਲ਼ ਮੇਰੇ ਮਨ `ਚ ਸਵਾਲ ਜਗਾਉਂਦੇ: ਏਨੇ ਸੰਘਣੇ ਵਾਲ਼ਾਂ ਨੂੰ ਇਹ ਧੋਂਦੇ ਕਿਵੇਂ ਹੋਣਗੇ, ਕੰਘੀ ਕਿਵੇਂ ਕਰਦੇ ਹੋਣਗੇ? ਉਹਨਾ ਦੇ ਲਾਗੇ ਬੈਠਿਆਂ ਪਹਿਲਾਂ ਪਹਿਲਾਂ ਤਾਂ ਮੈਨੂੰ ਇੰਝ ਜਾਪਦਾ ਜਿਵੇਂ ਉਹ ਅਤੇ ਮੈਂ ਸਮੁੰਦਰਾਂ ਦੇ ਉਰਲੇ ਤੇ ਪਰਲੇ ਕਿਨਾਰਿਆਂ ਉੱਤੇ ਬੈਠੇ ਹੋਈਏ ਤੇ ਸਾਡੇ ਦਰਮਿਆਨ ਜਿਵੇਂ ਚਮੜੀ ਦੇ ਰੰਗਾਂ, ਘੁੰਗਰਾਲ਼ੇ ਵਾਲ਼ਾਂ, ਤੇ ਪਹਿਰਾਵੇ ਦੀਆਂ ਲਹਿਰਾਂ ਦਾ ਸ਼ੋਰ ਖੌਲ ਰਿਹਾ ਹੋਵੇ। ਮੈਂ ਇਹਨਾਂ ਲਹਿਰਾਂ 'ਚ ਡੁੱਬ ਜਾਣ ਤੋਂ ਤ੍ਰਭਕਦਾ ਹੋਇਆ, ਆਪਣੀਆਂ ਸੈਂਡਵ੍ਹਿਚਾਂ ਉੱਪਰ ਬੁਰਕ ਮਾਰ ਕੇ, ਦੰਦਾਂ ਹੇਠ ਆਏ ਬਰੈੱਡ ਅਤੇ 'ਹੈਮ' ਨੂੰ ਹੌਲ਼ੀ ਹੌਲ਼ੀ ਚਿੱਥੀ ਜਾਂਦਾ। ਮੇਰੇ ਕੰਨ ਉਹਨਾਂ ਦੇ ਬੁੱਲ੍ਹਾਂ ਦੇ ਮੋਟਾਪੇ 'ਚੋਂ ਕਿਰਦੀ ਅਜੀਬ ਕਿਸਮ ਦੀ ਭਾਸ਼ਾ 'ਚੋਂ ਲਫ਼ਜ਼ ਪਕੜਣ ਦੀ ਕੋਸ਼ਿਸ਼ ਕਰਦੇ, ਪ੍ਰੰਤੂ ਉਨ੍ਹਾਂ ਦੀਆਂ ਭਰੜਾਉਂਦੀਆਂ ਆਵਾਜ਼ਾਂ ਵਿੱਚੋਂ ਮੇਰੇ ਪੱਲੇ ਉਹਨਾਂ ਦੀ ਵਿਰਲੀ-ਵਿਰਲੀ 'ਹੀ-ਹੀ-ਹੀ-ਹੀ' ਤੋਂ ਸਿਵਾ ਕੁਝ ਵੀ ਨਾ ਪੈਂਦਾ।
ਇੱਕ ਦਿਨ ਜਦੋਂ ਮੈਂ ਲੰਚ ਬਾਕਸ ਦੇ ਢੱਕਣ ਨੂੰ ਖੋਲ੍ਹਿਆ ਤਾਂ ਅੰਬ ਦੇ ਅਚਾਰ ਦੀਆਂ ਫਾੜੀਆਂ ਨੇ ਆਪਣੀ ਮਸਾਲੇਦਾਰ ਗੋਲ਼ਾ-ਬਾਰੀ ਅਰੰਭ ਦਿੱਤੀ। ਮੇਰੇ ਬਿਲਕੁਲ ਲਾਗੇ ਬੈਠੇ ਅਫ਼ਰੀਕਣ ਦੀ ਧੌਣ ਮੇਰੇ ਵੱਲ ਨੂੰ ਤੁਣਕੀ ਗਈ। ਉਸ ਨੇ ਆਪਣੇ ਨੱਕ ਨੂੰ ਰਤਾ ਕੁ ਮਰੋੜਿਆ, ਤੇ ਫ਼ਿਰ ਨੱਕ ਰਾਹੀਂ ਲੰਮਾਂ ਸਾਹ ਅੰਦਰ ਵੱਲ ਖਿਚਦਿਆਂ, ਪਹਿਲਾਂ ਉਹ ਮੇਰੇ ਲੰਚ ਬਾਕਸ ਵੱਲ ਝਾਕਿਆ, ਤੇ ਫ਼ੇਰ ਮੇਰੇ ਵੱਲੀਂ। ਉਹਦੇ ਮੱਥੇ ਉੱਪਰ ਹੋ ਰਹੀ ਹਰਕਤ ਨੂੰ ਭਾਂਪ ਕੇ ਮੈਂ ਸੋਚਿਆ ਇਹ ਦੋਵੇਂ ਅਫ਼ਰੀਕਣ ਹੁਣ ਆਪਣੇ ਆਪਣੇ ਲੰਚ ਬਾਕਸਾਂ ਨੂੰ ਚੁੱਕ ਕੇ ਵਰਕ-ਏਰੀਏ 'ਚ ਚੁੱਪ-ਚਾਪ ਖਲੋਤੀਆਂ ਮਸ਼ੀਨਾਂ ਵੱਲ ਨੂੰ ਖਿਸਕਣਗੇ। ਮੇਰਾ ਜੀਅ ਕੀਤਾ ਆਪਣੀ ਥਰਮੋਸ ਤੇ ਲੰਚ-ਬਾਕਸ ਨੂੰ ਮਲਕੜੇ ਜਿਹੇ ਉਠਾਲ਼ ਕੇ, ਲੰਚਰੂਮ ਦੇ ਕੋਨੇ 'ਚ ਵੱਡੇ ਬਕਸਿਆਂ ਉੱਪਰ ਬੈਠੇ ਗੁਰਮੇਲ ਵੱਲੀਂ ਚਲਾ ਜਾਵਾਂ।
ਹੁਣ ਮੇਰੇ ਲਾਗਲਾ ਅਫ਼ਰੀਕਣ ਮੇਰੇ ਲੰਚ ਬਾਕਸ ਵੱਲੀਂ ਰਤਾ ਕੁ ਝੁਕਿਆ। ਆਪਣੇ ਮੱਥੇ ਦੀ ਚਮੜੀ ਨੂੰ ਅੰਦਰ ਵੱਲ ਨੂੰ ਖਿੱਚ ਕੇ, ਉਸ ਨੇ ਆਪਣੇ ਨੱਕ ਦੇ ਰਿੰਮਾਂ ਨੂੰ ਪਾਸਿਆਂ ਵੱਲ ਨੂੰ ਫੈਲਾਅ ਲਿਆ।
ਮੈਂ ਸੋਚਿਆ ਅੱਜ ਆਪਣੇ ਅਪਾਰਟਮੈਂਟ ਵਿੱਚ ਵੜਨ-ਸਾਰ ਪਹਿਲੀ ਹਦਾਇਤ ਸੁਖਸਾਗਰ ਨੂੰ ਇਹ ਕਰਨੀਂ ਹੈ ਕਿ ਲੰਚ ਬਾਕਸ ਵਿੱਚ ਅੱਜ ਤੋਂ ਬਾਅਦ ਅਚਾਰ ਦੇ ਦਾਖ਼ਲੇ 'ਤੇ ਪਾਬੰਦੀ ਆਇਦ ਕਰ ਦੇਵੇ।
ਅਫ਼ਰੀਕਣ ਨੇ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ ਤੇ ਫ਼ਿਰ ਮੇਰੇ ਵੱਲ ਝਾਕਦਿਆਂ ਉਹ ਬੋਲਿਆ, -ਰੈਅਅਲਸ਼ਬਲ, ਮਿਸਟਾਅ!
ਉਹਦੇ ਭਰਵੱਟਿਆਂ ਵਿਚਕਾਰ ਇਕੱਠੀ ਹੋਈ ਗੰਢ ਹੌਲ਼ੀ-ਹੌਲ਼ੀ ਖੁਰਨ ਲੱਗੀ।
-ਵੱਟ'ਸ ਇਟ ਕਾਲਡ, ਮਾਅਅਨ? ਉਹ ਮੇਰੇ ਹੱਥ ਵੱਲ ਇਸ਼ਾਰਾ ਕਰਦਿਆਂ ਪੁੱਛਣ ਲੱਗਾ।
ਪਰ ਮੈਨੂੰ ਤਾਂ ਉਸ ਦੇ 'ਰੈਅਅਲਸ਼ਾਬਲ' ਨੇ ਚੱਕਰ ਵਿੱਚ ਪਾਇਆ ਹੋਇਆ ਸੀ।
'ਰੈਅਅਲਸ਼ਾਬਲ?' ਮੇਰੇ ਮੱਥੇ 'ਚ ਘੋੜਿਆਂ ਦੀ ਦਗੜ ਦਗੜ ਹੋਣ ਲੱਗੀ। 'ਰੈਅਅਲਸ਼ਾਬਲ!' ਮੈਂ ਆਪਣੀ ਅੰਗਰਜ਼ੀ ਦੀ ਨਿਗੂਣੀ ਜਹੀ ਪੂੰਜੀ ਨੂੰ ਫਰੋਲਣ ਲੱਗਾ। 'ਕਿੱਥੇ ਪੜ੍ਹਿਆ ਸੀ ਮੈਂ ਇਹੋ-ਜਿਹਾ ਕੋਈ ਲਫ਼ਜ਼?'
-ਹੋਮਮੇਡ? ਅਫ਼ਰੀਕਣ ਆਪਣੇ ਸਿਰ ਨੂੰ ਹੇਠਾਂ-ਉੱਪਰ ਹਿਲਾਉਂਦਿਆਂ ਬੋਲਿਆ।
-ਇਟ ਇਜ਼ਅਅ... ਹੋਮਮੇਡ, ਐਂਡਾਅਅ ਇਟ ਇਜ਼ ਪਰੌਠਾ, ਮੈਂ ਆਪਣੇ ਚਿਹਰੇ ਨੂੰ ਹੇਠਾਂ ਉੱਪਰ ਹਿਲਾਇਆ ਅਤੇ ਮੈਂ ਦੋਹਾਂ ਪਰੌਠਿਆਂ ਦਰਮਿਆਨ ਮਿੱਧੀ-ਹੋਈ ਪੀਲੱਤਣ ਦੀ ਢੇਰੀ 'ਚ ਚਮਚਾ ਫੇਰਨ ਲੱਗਾ।
-ਵਾਅਅਓ! ਅਫ਼ਰੀਕਣ ਨੇ ਆਪਣੇ ਭਰਵੱਟੇ ਆਪਣੇ ਘੁੰਗਰਾਲ਼ੇ ਵਾਲ਼ਾਂ ਦੀ ਸੰਘਣਾਈ ਵੱਲ ਨੂੰ ਖਿੱਚ ਲਏ। -ਸਕਰੈਂਬਲਡ ਐੱਗ? {ਆਂਡਿਆਂ ਦੀ ਭੁਰਜੀ}
ਲਫ਼ਜ਼ ‘ਐੱਗ’ ਤਾਂ ਮੇਰੀ ਸਮਝ ਵਿੱਚ ਆ ਗਿਆ, ਪਰ ਐੱਗ ਤੋਂ ਪਹਿਲਾਂ ਉਹ ਕੀ ਬੋਲ ਗਿਆ?
'ਕਰ ਮੇਰੀ ਚੀਰ-ਫਾੜ, ਵੱਡਿਆ ਪ੍ਰੋਫ਼ੈਸਰਾ!' ਅਫ਼ਰੀਕਣ ਵੱਲੋਂ ਉਚਾਰਿਆ 'ਸਕਰੈਂਬਲਡ' ਮੇਰੇ ਮੱਥੇ 'ਚ ਗਸ਼ਤ ਕਰਨ ਲੱਗਾ।
-ਯੈ... ਯੈ... ਯੈੱਸ, ਐੱਗ਼... ਐੱਗ!
-ਮਜ਼`ਬੀ ਸਪਾਈਸੀ, ਬਡੀ! ਹੀ ਹੀ ਹੀ ਹੀ! ਉਹਦੀ ਘਰੜਵੀਂ ਆਵਾਜ਼ ਹੋਰ ਡੂੰਘੀ ਹੋਣ ਲੱਗੀ।
-ਵੂਈ... ਇੰਡੀਅਨ ਪੀਪਲਅਅ... ਲਾਈਕ... ਸਪਾਈਸੀ ਫੂਡ! ਮੈਂ ਅੰਬ ਦੀ ਇੱਕ ਫਾੜੀ ਨੂੰ ਉਸ ਦੀ ਗੁਠਲ਼ੀ ਤੋਂ ਅਲੱਗ ਕਰਦਿਆਂ ਬੋਲਿਆ। -ਯੂ ਵਾਂਟ ਟੂ ਈਟ ਇੱਟ? ਸਮਾਲ ਪਾਰਟ?
ਅਫ਼ਰੀਕਣ ਵਿਅਕਤੀ ਖੱਬੇ ਪਾਸੇ ਬੈਠੇ ਆਪਣੇ ਦੋਸਤ ਵੱਲੀਂ ਝਾਕਿਆ, ਤੇ ਫ਼ਿਰ ਆਪਣੇ ਚਿਹਰੇ ਨੂੰ ਮੇਰੇ ਵੱਲੀਂ ਮੋੜਦਿਆਂ ਬੋਲਿਆ: ਆਈ ਡੌਂ ਥੰਕ ਯੂ'ਅਵ ਈਨੱਫ਼ੋ ਯੂਅਸੈਫ਼!
-ਡੂ ਨੌਟ ਵਰੀ, ਮੈਂ ਹੇਠਲੇ ਪਰੌਠੇ ਉੱਪਰ ਮਿੱਧੀ ਹੋਈ ਭੁਰਜੀ 'ਚ ਚਮਚਾ ਘਸੋਅ ਕੇ, ਦੂਸਰੇ ਪਰੌਂਠੇ ਉੱਤੇ ਢੇਰੀ ਲਾ ਦਿੱਤੀ। ਅਗਲੇ ਪਲੀਂ ਪਰੌਂਠਾ ਅਫ਼ਰੀਕਣ ਵਿਅਕਤੀ ਦੀਆਂ ਪਸਾਰੀਆਂ ਹੋਈਆਂ ਤਲ਼ੀਆਂ ਦੀ ਕੁਲੱਤਣ ਉੱਪਰ ਟਿਕਿਆ ਹੋਇਆ ਸੀ।
***
ਸਵੇਰੇ ਪੌਣੇ ਅੱਠ ਵਜੇ, ਗਾਡਰ ਦੀ ਚੀਕ ਵਰਗੀ ਪਹਿਲੀ 'ਘਰਰਰਰਰਰ', ਸੁਪਨੇ 'ਚ ਡਰੇ ਨਿਆਣੇ ਦੀ ਚੰਘਿਆੜ ਵਾਂਗ ਉੱਠਦੀ, ਤੇ ਲੰਚਰੂਮ 'ਚ ਗੁਟਰਗੂੰ-ਗੁਟਰਗੂੰ ਕਰਦੇ ਕਾਮਿਆਂ ਦੇ ਹੱਥਾਂ ਚੋਂ ਚਾਹ ਦੀਆਂ ਕੱਪੀਆਂ ਮੇਜ਼ ਉੱਪਰ ਡਿੱਗ ਪੈਂਦੀਆਂ। ਪੌਣੇ ਦਸ ਵਜੇ ਕਾਫ਼ੀ-ਟਰੱਕ ਵਾਲੇ ਮਧਰ-ਕੱਦੇ ਗੋਰੇ ਦੀ, ਪਾਣੀ-ਨਾਲ਼-ਭਰੇ ਬਲੈਡਰ ਵਾਂਗ ਛਲਕਦੀ ਗੋਗੜ, ਕਾਰਡ-ਪੰਚ ਮਸ਼ੀਨ ਲਾਗਲੇ ਦਰਵਾਜ਼ੇ ਰਾਹੀਂ ਅੰਦਰ ਦਖ਼ਲ ਹੁੰਦੀ; ਉਹ ਆਪਣੀਆਂ ਮੋਟੀਆਂ ਉਂਗਲ਼ਾਂ ਨੂੰ ਇਕ ਸਵਿੱਚ ਉੱਤੇ ਟਿਕਾਅ ਕੇ ਬਾਹਰ ਨੂੰ ਰੁੜ੍ਹ ਜਾਂਦਾ, ਤੇ 'ਘਰਰਰਰਰਰ' ਦੀ ਰਗੜਵੀਂ ਆਵਾਜ਼ ਸਾਰੇ ਕਾਮਿਆਂ ਦੇ ਹੱਥਾਂ ਉਦਾਲਿਓਂ ਦਸਤਾਨੇ ਲਾਹੁਣ ਲਗਦੀ। ਕਾਮੇ ਬਾਹਰ ਨੂੰ ਦੌੜਦੇ, ਤੇ ਕਾਫ਼ੀ-ਟਰੱਕ ਦੀ ਵੱਖੀ ਕੋਲ਼ ਕਤਾਰ ਬੰਨ੍ਹ ਕੇ, ਕਾਫ਼ੀ ਖਰੀਦਣ ਲਈ ਵਾਰੀ ਉਡੀਕ ਕਰਨ ਲਗਦੇ। ਫ਼ਿਰ ਇਹੀ ਗੋਗੜ ਪੌਣੇ ਦਸ ਵਜੇ ਕੌਫ਼ੀ ਪਿਆਉਣ ਲਈ, ਪੌਣੇ ਬਾਰਾਂ ਵਜੇ ਸੈਂਡਵ੍ਹਿਚਾਂ ਖੁਆਉਣ ਲਈ ਤੇ ਆਖ਼ਰੀ ਬ੍ਰੇਕ ਦੌਰਾਨ ਪੌਣੇ ਦੋ ਵਜੇ ਕਾਫ਼ੀ ਲੈ ਕੇ ਪਰਗਟ ਹੋ ਜਾਂਦੀ।
ਅਫ਼ਰੀਕਣਾਂ ਨੂੰ, ਪਰੌਠੇ ਤੇ ਮਸਾਲੇਦਾਰ ਭੁਰਜੀ ਦੇ ਵਾਕਫ਼ ਕਰਾਉਣ ਵਾਲ਼ੇ ਦਿਨ ਤੋਂ ਬਾਅਦ, ਮੇਰੇ ਲੰਚ ਬਾਕਸ 'ਚ ਪਰੌਠਿਆਂ ਦੀ ਗਿਣਤੀ ਦੋ ਤੋਂ ਵਧ ਕੇ ਚਾਰ ਹੋ ਗਈ ਸੀ। ਕਾਫ਼ੀ ਅਤੇ ਲੰਚ ਬ੍ਰੇਕਾਂ ਦੌਰਾਨ, ਨਵੇਂ ਬਣੇ ਅਫ਼ਰੀਕਣ ਮਿੱਤਰਾਂ ਨੂੰ ਮੈਂ ਪੰਜਾਬ ਦੇ ਖੂਹਾਂ, ਖੇਤਾਂ, ਅਤੇ ਪਿੰਡ ਦੀਆਂ ਸੱਥਾਂ ਵਿੱਚ ਲੈ ਜਾਂਦਾ। ਹਲਾਂ-ਪੰਜਾਲ਼ੀਆਂ ਨੂੰ ਤੇ ਚਟੂਰੇ-ਮਧਾਣੀਆਂ ਅਤੇ ਵਿਆਹਾਂ 'ਚ ਨਿੱਕਲ਼ ਰਹੀ ਜਾਗੋ ਨੂੰ ਦੇਖ ਦੇਖ ਕੇ ਉਹ ਆਪਣੀਆਂ ਨੈਣ-ਗੋਲੀਆਂ ਨੂੰ ਮੁਰਗ-ਆਂਡਿਆਂ ਦੇ ਆਕਾਰ ਜਿੱਡੀਆਂ ਕਰ ਲੈਂਦੇ। ਕਦੇ ਕਦੇ ਮੈਂ ਉਹਨਾਂ ਨੂੰ ਮੋਗੇ ਦੇ ਬਜ਼ਾਰ ਦੀਆਂ ਰੇੜ੍ਹੀਆਂ ਉਦਾਲ਼ੇ ਗੋਲਗੱਪਿਆਂ ਦਾ ਜੁਗਰਾਫ਼ੀਆ ਸਮਝਾਅ ਰਿਹਾ ਹੁੰਦਾ! ਇੱਕ ਦਿਨ ਮੈਂ ਉਹਨਾਂ ਨੂੰ 'ਹਰੀ ਕੇ ਪੱਤਣ', ਸਤਲੁੱਜ ਅਤੇ ਬਿਆਸ ਦੇ ਸੰਗਮ ਲਾਗਲੀਆਂ ਰੇਹੜੀਆਂ ਕੋਲ਼ ਲੈ ਗਿਆ: ਉਹ ਲੋਹੇ ਦੀ ਕੜਾਹੀ 'ਚ ਤਲ਼ੀ ਜਾ ਰਹੀ ਮੱਛੀ ਉਦਾਲ਼ੇ ਲਿਪਟੇ ਸੰਧਰੀ ਮਸਾਲੇ ਵੱਲ ਟਿਕਟਿਕੀ ਲਗਾ ਕੇ ਦੇਖਣ ਲੱਗੇ; ਫਿਰ ਆਪਣੀਆਂ ਨਜ਼ਰਾਂ ਨੂੰ, ਉਹਨਾਂ ਨੇ ਕੱਦੂਕਸ਼ ਕੀਤੀ ਹੋਈ ਮੂਲ਼ੀ ਦੀਆਂ ਕਾਤਰਾਂ ਦੀ ਢੇਰੀ ਉੱਤੇ ਅਤੇ ਪੁਦੀਨੇ-ਅਨਾਰਦਾਣੇ ਦੀ ਚਟਣੀ ਦੀਆਂ ਕੁੱਜੀਆਂ ਉੱਤੇ ਗੱਡ ਲਿਆ।
ਮੇਰੀਆਂ ਗੱਲਾਂ ਸੁਣਦੇ-ਸੁਣਦੇ ਉਹ ਮੈਨੂੰ ਆਪਣੇ ਜਮੇਅਕਾ ਦੇਸ਼ ਦੇ ਅਠਾਰਾਂ ਅਠਾਰਾਂ ਫੁੱਟੇ ਕਮਾਦ ਵਿੱਚ ਲੈ ਜਾਂਦੇ ਜਿੱਥੇ ਪੰਜੇ ਦੇ ਅਕਾਰ ਦਾ ਮੱਛਰ ਮੇਰੇ ਕੰਨਾਂ ਉੱਪਰ ਫ਼ਾਇਰ ਕਰਨ ਲਗਦਾ। ਕਦੇ ਉਹ ਮੈਨੂੰ, ਸੁਮੰਦਰ ਦੇ ਕੰਢੇ ਖੜ੍ਹੀਆਂ, ਨਾਰੀਅਲ ਦੇ ਦਰਖ਼ਤਾਂ ਦੀਆਂ ਛਤਰੀਆਂ ਦਿਖਾਉਣ ਲੱਗ ਜਾਂਦੇ, ਤੇ ਕਦੇ ਚਿੱਟੀਆਂ ਬੋਤਲਾਂ 'ਚ ਬੰਦ ਕੀਤੀ 'ਜਮੇਅਕਨ ਰੰਮ' ਵਿੱਚਲੀ ਅੱਗ ਦੀਆਂ ਕਹਾਣੀਆਂ ਸੁਣਾਉਣ ਲੱਗ ਜਾਂਦੇ।
ਦਸੰਬਰ ਦਾ ਮਹੀਨਾ ਆਪਣਾ ਅੱਧਾ ਸਫ਼ਰ ਤੈਅ ਕਰ ਚੁੱਕਿਆ ਸੀ; ਬਸਾਂ 'ਚ, ਕੰਮ ਵਾਲ਼ੇ ਥਾਵਾਂ ਉੱਪਰ, ਤੇ ਸਾਈਡਵਾਕਾਂ ਉੱਤੇ ਭਾਰੇ ਸਨੋਅ-ਹੈਟ ਤੁਰ ਰਹੇ ਦਿਸਦੇ; ਗਲ਼ਾਂ ਉਦਾਲ਼ੇ ਗੁਲੂਬੰਦ, ਧੜਾਂ ਉੱਤੇ ਮੋਟੀਆਂ ਜੈਕਟਾਂ ਅਤੇ ਹੱਥਾਂ ਉੱਪਰ ਦਸਤਾਨੇ।
ਉਸ ਦਿਨ ਪਹਿਲੀ ਕਾਫ਼ੀ-ਬ੍ਰੇਕ ਹਾਲੇ ਅੱਧੀ ਕੁ ਹੀ ਬੀਤੀ ਸੀ ਕਿ ਸਕੇਟ-ਬੂਟ ਫ਼ੈਕਟਰੀ ਦੀ ਰਸੈਪਸ਼ਨਿਸਟ, ਲੰਚਰੂਮ ਵਿੱਚ ਪਰਗਟ ਹੋ ਗਈ, ਖੱਬੇ ਹੱਥ ਵਿੱਚ ਪਕੜੇ ਚਿੱਠੀਆਂ ਦੇ ਥੱਬੇ ਨੂੰ ਸੰਭਾਲ਼ਦੀ ਹੋਈ। ਲੰਮੀ ਧੌਣ ਵਾਲ਼ੇ ਸਪੈਨਿਸ਼ ਮੁੰਡੇ ਦਾ ਨਾਮ ਪੁਕਾਰ ਕੇ, ਉਹ ਪਹਿਲੀ ਚਿੱਠੀ ਨੂੰ ਲਹਿਰਾਉਂਦੀ ਹੋਈ 'ਟੋਨੀ' ਵੱਲ ਵਧੀ। ਫ਼ਿਰ ਉਹਦੀ ਅਗਲੀ ਪੁਕਾਰ ਸੁਣ ਕੇ 'ਅਲੀਸ਼ਾ' ਨੇ ਆਪਣਾ ਹੱਥ ਨੂੰ ਆਪਣੇ ਘੁੰਗਰਾਲ਼ੇ ਵਾਲ਼ਾਂ ਤੀਕਰ ਉਠਾਲ਼ ਲਿਆ। ਅਗਲਾ ਨਾਮ ਉਸ ਨੇ 'ਲਿੰਡਾ' ਦਾ ਪੁਕਾਰਿਆ।
ਜਿਹੜੇ ਵੀ ਵਰਕਰ ਨੂੰ ਲਿਫ਼ਾਫ਼ਾ ਮਿਲ਼ਦਾ, ਉਸ ਦੇ ਨਹੁੰ ਤੁਰਤ ਉਸ ਲਿਫ਼ਾਫ਼ੇ ਦੇ ਫ਼ਲੈਪ ਨੂੰ ਖੁਰਚਣ ਲੱਗ ਜਾਂਦੇ। ਚਿੱਠੀ ਬਾਹਰ ਨਿੱਕਲ਼ਦੀ, ਤੇ ਲਿਫ਼ਾਫ਼ੇ ਵਾਲ਼ੇ ਵਰਕਰ ਦੀਆਂ ਨੈਣ-ਗੋਲ਼ੀਆਂ, ਚਿੱਠੀ ਉੱਪਰ ਜੰਮ ਕੇ, ਤਿੰਨ ਚਾਰ ਵਾਲੀ ਸੱਜਿਓਂ ਖੱਬੇ ਨੂੰ ਕਾਹਲ਼ੇ ਕਾਹਲ਼ੇ ਕਦਮ ਪੁਟਦੀਆਂ। ਫ਼ਿਰ ਡੂੰਘੇ ਸਾਹ ਲੈਂਦਿਆਂ, ਉਹ ਵਰਕਰ ਚਿੱਠੀ ਵਾਲ਼ੇ ਕਾਗਜ਼ ਨੂੰ ਵਾਰ ਵਾਰ ਖੋਲ੍ਹਣ-ਮੁੰਦਣ ਲੱਗ ਜਾਂਦਾ।
ਪੰਜਾਂ ਛੇਆਂ ਵਰਕਰਾਂ ਨੂੰ ਚਿੱਠੀਆਂ ਵੰਡਣ ਤੋਂ ਬਾਅਦ 'ਇੱਕਬਲ, ਇੱਕਬਲ' ਕਹਿੰਦੀ ਹੋਈ ਉਹ ਆਪਣੀਆਂ ਅੱਖਾਂ ਨੂੰ ਮੇਜ਼ ਉਦਾਲ਼ੇ ਬੈਠੇ 25-30 ਵਰਕਰਾਂ ਦੇ ਘੇਰੇ ਉੱਪਰ ਘੁੰਮਾਉਣ ਲੱਗੀ।
ਮੈਂ ਲਫ਼ਾਫ਼ਾ ਖੋਲ੍ਹਿਆ, ਤੇ ਆਪਣੀਆਂ ਅੱਖਾਂ ਨੂੰ ਚਿੱਠੀ ਦੀ ਇਬਾਰਤ ਉੱਪਰ ਗੱਡ ਦਿੱਤਾ। ਲਿਖਿਆ ਸੀ 'ਕੰਪਨੀ ਆਪਣੇ ਵਰਕਰਾਂ ਨੂੰ ਨੋਟਿਸ ਦੇਂਦੀ ਹੈ ਕਿ 18 ਦਸੰਬਰ, 1975, ਤੁਹਾਡਾ ਆਖ਼ਰੀ ਵਰਕਿੰਗ ਡੇਅ ਹੋਵੇਗਾ। ਵਰਕਰਾਂ ਦੀਆਂ ਆਖ਼ਰੀ ਦੋ ਹਫ਼ਤਿਆਂ ਦੀਆਂ ਤਨਖ਼ਾਹਾਂ ਅਤੇ ਐਂਪਲਾਇਮੈਂਟ ਰੈਕਡ ਡਾਕ ਰਾਹੀਂ ਭੇਜੇ ਜਾਣਗੇ।
ਵਰਕਰਾਂ ਵੱਲੋਂ ਕੀਤੀ ਮਿਹਨਤ ਅਤੇ ਸੁਚੱਜੇ ਕੰਮ ਲਈ ਧੰਨਵਾਦ। ਨਵਾਂ ਵਰ੍ਹਾ ਖੁਸ਼ੀਆਂ ਭਰਿਆ ਹੋਵੇ!'
ਅਗਲੇ ਸੋਮਵਾਰ ਦੀ ਸਵੇਰ, ਦਿਮਾਗ਼ ਵਿਚਲਾ ਅਲਾਰਮ ਤਾਂ ਆਪਣੇ ਸੁਭਾਅ ਅਨੁਸਾਰ ਸਾਢੇ ਚਾਰ ਵਜੇ ਖੜਕ ਗਿਆ, ਪਰੰਤੂ ਨਾ ਤਾਂ ਸੁਖਸਾਗਰ ਨੇ ਅਗਾੜੀ ਭੰਨੀ, ਤੇ ਨਾ ਹੀ ਵਾਸ਼ਰੂਮ ਵਿੱਚ ਉਡੀਕਦੇ ਟੂਥ-ਬਰਸ਼ ਨੇ ਆਵਾਜ਼ ਮਾਰੀ। ਮੈਂ ਕੰਬਲ਼ ਨੂੰ ਆਪਣੇ ਮੂੰਹ ਤੋਂ ਉਤਾਰਿਆ ਅਤੇ ਕਮਰੇ ਉੱਤੇ ਕਾਬਜ਼ ਹਨੇਰੇ ਵਿੱਚੋਂ ਅਪਣੇ ਭਵਿਖਤ ਦੀਆਂ ਫਾਕੜਾਂ ਲੱਭਣ ਲੱਗਾ।
ਸੋਮਵਾਰ ਤੋਂ ਸ਼ੁੱਕਰਵਾਰ ਤੀਕ, ਰਛਪਾਲ ਨੂੰ ਹਰ ਸਵੇਰ 'ਨੇਪ ਐਂਡ ਵੌਟ' ਫ਼ੈਕਟਰੀ ਦੀ ਕਾਰਡ-ਪੰਚ ਮਸ਼ੀਨ ਉਡੀਕਦੀ, ਤੇ ਸ਼ੁੱਕਰਵਾਰ ਨੂੰ ਸ਼ਾਮੀ ਫ਼ੈਕਟਰੀ ਤੋਂ ਵਾਪਿਸ ਆ ਕੇ ਉਹ ਕੱਸੇ ਹੋਏ ਮੱਥੇ ਨਾਲ਼ ਸਾਨੂੰ ਸਾਰਿਆਂ ਨੂੰ ਹਦਾਇਤ ਕਰ ਦੇਂਦਾ: ਉੱਚੀ ਨਹੀਂ ਬੋਲਣਾ, ਤੇ ਖੜਕਾ ਨੀ ਕਰਨਾ ਸੱਤ ਵਜੇ ਤੀਕਰ!
ਜਿਉਂ ਹੀ ਉਹ ਆਪਣੇ ਬੈੱਡਰੂਮ ਦੇ ਪਰਦੇ ਤਾਣ ਕੇ ਕੰਬਲ਼ ਹੇਠ ਵੜਦਾ, ਅਪਾਰਮੈਂਟ 'ਚ ਕਬਰਸਤਾਨ ਉੱਤਰ ਆਉਂਦਾ। ਪੱਬਾਂ-ਭਾਰ ਕਿਚਨ ਵਿੱਚ ਐਧਰ-ਓਧਰ ਤੁਰਦੀਆਂ ਰਜਿੰਦਰ ਕੌਰ ਤੇ ਸੁਖਸਾਗਰ ਚਾਕੂਆਂ-ਕਰਦਾਂ ਨੂੰ ਸਬਜ਼ੀਆਂ ਤੇ ਪਿਆਜ਼ਾਂ ਉੱਪਰ ਐਨੀ ਸੂਖ਼ਮਤਾ ਨਾਲ ਚਲਾਉਂਦੀਆਂ ਜਿਵੇਂ ਉਹ ਇਹਨਾਂ ਦੇ ਦਿਲਾਂ ਦੇ ਆਪਰੇਸ਼ਨ ਕਰ ਰਹੀਆਂ ਹੋਣ।
ਰਾਤੀਂ ਸੱਤ ਵਜੇ ਰਛਪਾਲ ਦੇ ਬੈੱਡਰੂਮ 'ਚ ਹਰਕਤ ਜਾਗਦੀ; ਉਹ ਦਰਵਾਜ਼ਿਓਂ ਨਿਕਲ਼ ਕੇ ਵਾਸ਼ਰੂਮ 'ਚ ਵੜਦਾ ਅਤੇ ਆਪਣੇ ਚਿਹਰੇ ਉੱਪਰ ਪਾਣੀ ਦੇ ਛਿੱਟੇ ਮਾਰ ਕੇ, 'ਬਾਰਨਸ ਸਕਿਊਰਿਟੀ' ਕੰਪਨੀ ਦੇ ਲੋਗੋ ਵਾਲ਼ੀ ਜੈਕਟ ਨੂੰ ਝਾੜਨ ਲੱਗ ਜਾਂਦਾ।
ਸਕੇਟ-ਬੂਟ ਫ਼ੈਕਟਰੀ ਤੋਂ ਮੋਹ ਤੋੜਨ ਮਗਰੋਂ, ਮੇਰੇ ਪੱਲੇ ਪਈਆਂ ਉਬਾਸੀਆਂ ਤੇ ਉਦਾਸੀਆਂ ਨੇ ਮੈਨੂੰ ਤਿੰਨਾਂ ਕੁ ਹਫ਼ਤਿਆਂ 'ਚ ਹੀ ਝੰਬ ਸੁੱਟਿਆ। ਸਵੇਰ ਤੋਂ ਸ਼ਾਮ ਤੀਕਰ ਬੱਸ ਵੇਹਲ, ਵੇਹਲ, ਤੇ ਵੇਹਲ! ਤਿੰਨ ਟਾਇਮ ਖਾ ਪੀ ਕੇ, ਅਪਾਰਟਮੈਂਟ 'ਚ ਪੱਸਰੀ ਚੁੱਪ ਨਾਲ਼ ਦੁੱਖ-ਸੁੱਖ ਸਾਂਝਾ ਭਲਾ ਕਿੰਨੀ ਕੁ ਦੇਰ ਕੀਤਾ ਜਾ ਸਕਦਾ ਸੀ। ਮਨ ਨੇ ਅੰਦਰੋ-ਅੰਦਰੀ ਇਹ ਫ਼ੈਸਲਾ ਕਰ ਲਿਆ ਸੀ ਕਿ ਵੀਹ ਕੁ ਹਜ਼ਾਰ ਡਾਲਰ ਜੋੜ ਕੇ ਏਅਰ ਇੰਡੀਆ ਦੀ ਦੇ ਦਫ਼ਤਰ ਜਾ ਧਮਕਣਾ ਹੈ। ਇਸ ਲਈ ਚੰਗੇ ਪੈਸੇ ਦੇਣ ਵਾਲ਼ੀ ਜਾਬ ਦੀ ਪੈੜ ਕੱਢਣ ਲਈ ਮੈਂ 'ਟਰਾਂਟੋ ਸਟਾਰ' ਨਾਲ਼ ਦੋਸਤੀ ਨਵਿਆਅ ਲਈ।
ਏਨ੍ਹਾਂ ਦਿਨਾਂ 'ਚ ਹੀ ਇਕ ਸ਼ਾਮ ਮੇਰਾ ਚਚੇਰਾ ਭਰਾ ਰਣਜੀਤ ਜਦੋਂ ਲੋਹੇ ਨਾਲ਼ ਹੱਥੋ-ਪਾਈ ਹੋ ਕੇ ਪਰਤਿਆ ਤਾਂ ਉਸ ਦੇ ਹੱਥ ਵਿੱਚ ਇਕ ਲਿਫ਼ਾਫ਼ਾ ਸੀ। ਦਰਵਾਜ਼ਿਓਂ ਅੰਦਰ ਹੁੰਦਿਆਂ ਹੀ, ਉਹ ਮੇਰੇ ਵੱਲ ਝਾਕ ਕੇ ਮੁਸਕ੍ਰਾਉਣ ਲੱਗਾ। ਉਸ ਦੀਆਂ ਅੱਖਾਂ ਵਿਚਲੀ ਰਮਜ਼ `ਚ 'ਚ ਅੱਖਾਂ ਪਾ ਕੇ, ਮੈਂ ਆਪਣੇ ਭਰਵੱਟਿਆਂ ਨੂੰ ਉੱਪਰ ਵੱਲ ਨੂੰ ਤੁਣਕਿਆ।
-ਤੇਰਾ ਸਾਥੀ ਬਣ ਗਿਆ ਮੈਂ ਵੀ, ਪ੍ਰੋਫ਼ੈਸਰਾ, ਰਣਜੀਤ ਮੇਰੇ ਭਰਵੱਟਿਆਂ 'ਚ ਤੁਣਕੇ ਸਵਾਲ ਦੇ ਜਵਾਬ ਵਿੱਚ ਬੋਲਿਆ।
-ਕਿਉਂ ਕੀ ਹੋ ਗਿਆ, ਰਣਜੀਤ ਸਿਅ੍ਹਾਂ?
-ਫ਼ੈਕਟਰੀ ਵਾਲ਼ੇ ਕਹਿੰਦੇ ਅਰਾਮ ਕਰ ਠੰਢ 'ਚ!
ਅਗਲੇ ਦਿਨ ਰਣਜੀਤ ਦਾ ਲੰਚ ਬਾਕਸ ਅਤੇ ਥਰਮੋਸ-ਬੋਤਲ ਕਿਚਨ ਕਾਊਂਟਰ ਉੱਪਰ ਅਰਾਮ ਨਾਲ਼ ਬੈਠੇ ਰਹੇ। ਤੀਜੇ ਦਿਨ ਅੱਠ ਕੁ ਵਜੇ, ਚੀਨੀ ਦੇ ਵੱਡੇ ਬੋਅਲ (ਕੌਲੇ) 'ਚ ਹਰੀਆਂ ਮਿਰਚਾਂ, ਅਧਰਕ ਅਤੇ ਪਿਆਜ਼ ਦੀਆਂ ਬਰੀਕ ਬਰੀਕ ਟੁਕੜੀਆਂ ਕੱਟਣ ਤੋਂ ਬਾਅਦ, ਸੁਖਸਾਗਰ, ਫ਼ਰਿੱਜ ਵਿਚੋਂ ਚਾਰ, ਪੰਜ-ਛੇ ਆਂਡੇ ਕੱਢ ਲਿਆਈ। ਆਂਡਿਆਂ ਦੇ ਮਿਰਚ ਮਸਾਲਿਆਂ ਨੂੰ ਚਮਚੇ ਨਾਲ਼ ਫ਼ੈਂਟ ਕੇ ਉਸ ਨੇ ਫ਼ਰਾਇੰਗ ਪੈਨ ਨੂੰ ਸਟੋਵ ਉੱਤੇ ਟਿਕਾਅ ਦਿੱਤਾ।
ਬ੍ਰੇਕਫ਼ਾਸਟ ਤੋਂ ਬਾਅਦ ਰਣਜੀਤ ਆਪਣੇ ਵਾਕਫ਼ਾਂ/ਦੋਸਤਾਂ ਨੂੰ ਫ਼ੋਨ ਕਰਨ ਲੱਗਾ: ਲੇਅ ਆਫ਼ ਹੋ ਗੀ ਯਾਰ ਪਰਸੋਂ... ਮੈਂ ਸੁਣਿਆਂ ਬੰਦੇ ਰਖਦੇ ਐ ਥੋਡੀ ਫੈਕਟਰੀ 'ਚ?
ਲੰਚ ਪਤਾ ਨਹੀਂ ਕਦੋਂ ਲੰਘ ਗਿਆ! ਡਿਨਰ ਲਈ ਹਾਕ ਵੱਗਣ ਤੀਕ ਰਣਜੀਤ ਨੇ ਫ਼ੋਨ ਨੂੰ ਚੈਨ ਨਹੀਂ ਆਉਣ ਦਿੱਤੀ।
ਅਗਲੀ ਸਵੇਰ ਚਮਚੇ ਦੀ ਜੀਭ ਨਾਲ਼ ਕਿਚਨ 'ਚ ਫ਼ੈਂਟੇ ਜਾ ਰਹੇ ਆਂਡਿਆਂ ਦੀ ਟਿੱਚ-ਟਿੱਚ ਸੁਣ ਕੇ ਰਣਜੀਤ ਆਪਣੇ ਬੈੱਡਰੂਮ 'ਚੋਂ ਉੱਠ ਕੇ ਸੋਫ਼ੇ 'ਤੇ ਆ ਬੈਠਾ।
-ਐਂ ਨੀ ਗੱਲ ਬਣਨੀ, ਪ੍ਰੋਫ਼ੈਸਰਾ! ਉਹ ਬੋਲਿਆ।
-ਹੋਰ ਕਿਵੇਂ ਬਣੂੰ?
-ਪਾਅ ਜੁਰਾਬਾਂ ਮੋਟੀਆਂ, ਤੇ ਸੁਖਸਾਗਰ ਨੂੰ ਕਹਿ ਦਸਤਾਨੇ ਕੱਢ ਕੇ ਫੜਾਵੇ ਤੈਨੂੰ ਜਿਹੜੇ ਪੰਜਾਬ ਤੋਂ ਲਿਆਂਦੇ ਐ।
ਮੈਂ ਆਪਣੇ ਭਰਵੱਟਿਆਂ 'ਚ ਉੱਗ ਆਇਆ ਸ਼ੰਕਾ ਰਣਜੀਤ ਦੀਆਂ ਅੱਖਾਂ ਵੱਲ ਘੁੰਮਾਇਆ।
-ਨਾਲ਼ੇ ਦੋ ਤਿੰਨ ਸਵਾਟਰਾਂ ਚਾੜ੍ਹ ਲਾ, ਕੁੜਤੇ ਦੇ ਉੱਤੋਂ ਦੀ! ਉਹ ਕਈ ਦਿਨਾਂ ਤੋਂ ਅਣਹਜਾਮਤੀ ਆਪਣੀ ਦਾਹੜੀ ਦੇ ਕਰਚਿਆਂ ਉੱਪਰ ਉਂਗਲ਼ਾਂ ਫੇਰਨ ਲੱਗਾ। -ਤੇ ਓਹ ਹੁੱਡ ਵਾਲ਼ੀ ਵਿੰਟਰ ਜੈਕਟ ਪਾ ਲਾ ਜਿਹੜੀ ਆਪਾਂ ਖ਼ਰੀਦੀ ਸੀ ਰੈਕਸਡੇਲ ਪਲਾਜ਼ੇ ਤੋਂ!
-ਕਿਉਂ ਡਾਕਾ ਮਾਰਨ ਜਾਣੈ?
-ਉਹ ਵੀ ਦੱਸ ਦੂੰ ਤੈਨੂੰ!
ਅਗਲੇ ਘੰਟੇ ਬਾਅਦ ਮੈਂ ਤੇ ਰਣਜੀਤ ਵੈਸਟਨ-ਫ਼ਿੰਚ ਦੇ ਉੱਤਰ ਵੱਲ ਫੈਲੇ ਫ਼ੈਕਟਰੀਆਂ ਦੇ ਜੰਗਲ਼ 'ਚ, ਆਪਣੇ ਭਾਰੇ ਬੂਟਾਂ ਦੇ ਨਿਸ਼ਾਨ, ਸਾਈਡਵਾਕਾਂ ਉੱਪਰ ਵਿਛ ਰਹੀ ਸਨੋਅ ਉੱਪਰ ਛਡਦੇ ਜਾ ਰਹੇ ਸਾਂ। ਉਸ ਦਿਨ ਤੋਂ ਪਹਿਲਾਂ ਦੋ ਤਿੰਨ ਵਾਰੀ ਸਨੋਅ ਦੇ ਨਿੱਕੇ ਨਿੱਕੇ ਮੱਛਰ ਦਿਖਾਈ ਦੇ ਗਏ ਸਨ। ਬਰਫ਼ ਦੇ ਇਹਨਾਂ ਮੱਛਰਾਂ ਨੂੰ ਦੇਖ ਕੇ ਮੈਨੂੰ ਬਚਪਨ 'ਚ ਗਰਮੀਆਂ ਦੀ ਰੁੱਤੇ ਹਨੇਰੀਆਂ 'ਚ ਉੱਡਦੇ, ਅੱਕ-ਕੱਕੜੀਆਂ ਦੇ ਫੰਭੇ ਯਾਦ ਆਉਣ ਲੱਗੇ। ਪਰ ਉਸ ਦਿਨ ਤਾਂ ਹਵਾ ਮੇਰੇ ਪੈਰ ਉਖਾੜਨ ਦੇ ਰੌਂਅ ਵਿੱਚ ਸੀ। ਉਹ ਸਾਡੇ ਸਿਰਾਂ ਉੱਪਰ ਓੜੇ, ਵਿੰਟਰ ਜੈਕਟਾਂ ਦੇ ਹੁੱਡਾਂ ਨੂੰ ਪਿੱਛੇ ਵੱਲ ਨੂੰ ਧਕਦੀ ਹੋਈ, ਸਾਡੀਆਂ ਪੈਂਟਾਂ ਵਿੱਚਦੀ ਸਾਡੇ ਪੱਟਾਂ ਅਤੇ ਟੰਗਾਂ ਉੱਤੇ ਬੁਰਕ ਮਾਰਨ ਲੱਗੀ। ਅਸਮਾਨ ਵਿੱਚੋਂ ਗਿਰ ਰਹੇ ਸਨੋਅ ਦੇ ਫੰਭਿਆਂ ਨੂੰ ਝੰਭ ਰਹੇ ਸੀਤ ਹਵਾ ਦੇ ਫਰਾਟੇ ਸਾਡੀਆਂ ਅੱਖਾਂ 'ਚੋਂ ਪਾਣੀ ਨਿਚੋੜਨ ਲੱਗੇ! ਭਰਵੀਂ ਸਨੋਅ ਦੇਖਣ ਦੀ ਮੇਰੀ ਉਤਸੁਕਤਾ ਤਾਰ-ਤਾਰ ਬਿੱਖਰ ਰਹੀ ਸੀ। ਸਾਈਡਵਾਕਾਂ {ਫੁੱਟਪਾਥਾਂ} ਉੱਪਰ ਰੂੰਈਂ ਵਾਂਗ ਵਿਛ ਰਹੀ ਸਨੋਅ ਨੂੰ ਖੁਦੇੜ ਰਹੀ ਸਨੋਅ, ਜਿਵੇਂ ਕਹਿਰ ਦੀ ਹਨੇਰੀ ਨਾਲ਼ ਟਿੱਬਿਆਂ ਦਾ ਰੇਤਾ ਉੱਖੜ ਰਿਹਾ ਹੋਵੇ। ਸਾਈਡ ਵਾਕ ਉੱਪਰ ਤਿਲਕਦੇ ਤੇ ਡਿੱਕ-ਡੋਲੇ ਖਾਂਦੇ ਹੋਏ ਅਸੀਂ ਅਨੇਕਾਂ ਫ਼ੈਕਟਰੀਆਂ ਦੇ ਦਰਵਾਜ਼ਿਆਂ ਉੱਪਰ ਆਪਣੀਆਂ ਉਂਗਲਾਂ ਦੇ ਨਿਸ਼ਾਨ ਛੱਡਦੇ ਗਏ। ਦਰਵਾਜ਼ਾ ਖੋਲ੍ਹ ਕੇ ਅਸੀਂ ਜਿਹੜੀ ਵੀ ਫ਼ੈਕਟਰੀ ਦੇ ਦਫ਼ਤਰ 'ਚ ਵੜਦੇ, ਸਾਹਮਣੀ ਕੰਧ ਵਿੱਚ ਖੋਦੀ ਖਿੜਕੀ ਦੇ ਸ਼ੀਸ਼ੇ ਪਿੱਛੇ ਬੈਠੀ ਰਸੈਪਸ਼ਨਿਸਟ ਸਾਨੂੰ ਦੇਖਦਿਆਂ ਹੀ ਆਪਣੇ ਬੁੱਲ੍ਹਾਂ ਉੱਪਰ ਮੁਸਕਾਣ ਤਾਣ ਲੈਂਦੀ: ਗੁੱਡ ਮੋਰਨਿੰਗ, ਉਹ ਬੋਲਦੀ। -ਹੌਅ ਕੈਨਾਈ ਹੈਲਪ ਯੂ?
-ਐਨੀ ਜਾਬ ਹੀਅਰ? ਮੈਂ ਪੁੱਛਦਾ।
ਰਸੈਪਸ਼ਨਿਸਟ ਦੇ ਬੁੱਲ੍ਹਾਂ ਉੱਪਰਲੀ ਲਿਪਸਟਿੱਕ ਪਾਸਿਆਂ ਵੱਲ ਨੂੰ ਫੈਲਦੀ, ਤੇ, 'ਆ'ਮ ਸੋਰੀ! ਨਾਟ ਐਟ ਦਿਸ ਮੋਮੰਟ!’ ਆਖ ਕੇ ਉਹ ਆਪਣੇ ਸਿਰ ਨੂੰ ਖੱਬੇ-ਸੱਜੇ ਹਿਲਾਅ ਦੇਂਦੀ।
ਪੰਦਰਾਂ ਕੁ ਫ਼ੈਕਟਰੀਆਂ 'ਚੋਂ ਨਿਮੋਸ਼ੀ ਕਸ਼ੀਦਣ ਤੋਂ ਬਾਅਦ ਰਣਜੀਤ ਕਹਿਣ ਲੱਗਾ: ਤੂੰ ਈ ਅੰਦਰ ਵੜ ਜਿਆ ਕਰ, ਪ੍ਰੋਫ਼ੈਸਰਾ! ਜੇ ਕਿਸੇ ਨੇ ਹਾਂ ਕਰਤੀ ਤਾਂ ਮੈਨੂੰ ਅੰਦਰ ਸੱਦਲੀਂ।
-ਕਿਉਂ?
-ਖੈਰ ਤਾਂ ਪੈਂਦੀ ਨੀ ਕਿਤੋਂ; ਐਵੇਂ ਡੋਰ-ਟੂ-ਡੋਰ ਭਕਾਈ ਮਾਰੀ ਜਾਨੇ ਆਂ।
-ਓ ਰਣਜੀਤ ਸਿਅ੍ਹਾਂ, ਜੇ ਇਮਤਿਹਾਨ 'ਚ ਬੈਠਾਂਗੇ ਤਾਂ ਈ ਪਾਸ ਹੋਵਾਂਗੇ!
ਪੱਚੀ-ਤੀਹ ਫ਼ੈਕਟਰੀਆਂ 'ਚੋਂ ਫੋਕੀਆਂ ਮੁਸਕਾਣਾਂ ਸੁੰਘਣ ਤੋਂ ਬਾਅਦ ਰਣਜੀਤ ਬਰਫ਼ 'ਚ ਠੁੱਡਾ ਮਾਰ ਕੇ ਬੋਲਿਆ: ਹੋਰ ਅਗਾਹਾਂ ਨੀ ਜਾਣਾ! ਸਾਲ਼ੇ ਕੰਗਾਲ ਹੋਗੇ ਐ ਸਾਰੇ ਈ ਫ਼ੈਕਟਰੀਆਂ ਆਲ਼ੇ!
-ਇਉਂ ਕਰ, ਰਣਜੀਤ ਸਿਅ੍ਹਾਂ, ਔਹ ਚਾਰ ਫੈਕਟਰੀਆਂ ਹੋਰ ਟਰਾਈ ਕਰ ਲੀਏ।
-ਜ਼ਿਦ ਕਰੀ ਜਾਨੈਂ, ਪ੍ਰੋਫ਼ੈਸਰਾ! ਜਿਹੜੀ ਜਾਬ ਸਾਲ਼ੀ ਪੱਚੀਆਂ ਤੀਹਾਂ 'ਚੋਂ ਨੀ ਲੱਭੀ, ਔਹਨਾਂ ਚੌਹਾਂ 'ਚੋਂ ਕਿੱਥੋਂ ਲੱਭ ਜੂ!
ਅਗਲੀ ਫ਼ੈਕਟਰੀ ਦੀ ਰਸੈਪਸ਼ਨਿਸਟ ਸਾਨੂੰ ਦੇਖਦਿਆਂ ਹੀ ਬੋਲੀ: ਜਾਬ ਲੱਭ ਰਹੇ ਹੋ?
ਮੈਂ ਆਪਣਾ ਸਿਰ ਉੱਪਰੋਂ ਹੇਠਾਂ ਵੱਲ ਨੂੰ ਹਿਲਾਇਆ।
-ਔਹਨਾਂ ਬੈਂਚਾਂ ਉੱਤੇ ਬੈਠੋ!
ਮੈਂ ਆਪਣੀਆਂ ਅੱਖਾਂ ਰਣਜੀਤ ਵੱਲੀਂ ਮੋੜੀਆਂ; ਉਹਦੇ ਬੁੱਲ੍ਹਾਂ ਉੱਤੇ ਫਿੱਕੀ ਜਿਹੀ ਮੁਸਕਾਣ ਉੱਠੀ ਅਤੇ ਅਗਲੇ ਪਲ ਹੀ ਧੜੰਮ ਡਿੱਗ ਪਈ।
ਪੰਜਾਂ ਕੁ ਮਿੰਟਾਂ ਬਾਅਦ ਸੈਕਟਰੀ ਦੀ ਖਿੜਕੀ ਲਾਗਲਾ ਬੂਹਾ ਖੁਲ੍ਹਿਆ; ਫ਼ੋਰਮੈਨ ਦਾ ਗੰਜ ਦੇਖਦਿਆਂ ਹੀ ਸਾਡੇ ਮਨਾਂ ਅੰਦਰ ਬਚਪਨ ਤੋਂ ਇਨਜੈਕਟ ਕੀਤੀ ਹੋਈ ਹੀਣਭਾਵਨਾ ਛਾਲ਼ ਮਾਰ ਕੇ ਉੱਠ ਖਲੋਤੀ।
-ਕੀਪ ਸਿੱਟਿੰਗ, ਗੋਰਾ ਫ਼ੋਰਮੈਨ, ਭਾਰੇ ਵਿੰਟਰ ਕੋਟ ਨੂੰ ਬਾਹਰ ਵੱਲ ਨੂੰ ਧੱਕ ਰਹੀ ਆਪਣੀ ਗੋਗੜ ਉੱਤੇ ਹੱਥ ਫੇਰਦਿਆਂ ਬੋਲਿਆ। -ਲੁਕਿੰਗ ਫ਼ੋਰ ਅ ਜਾਬ, ਬੋਆਏਜ਼?
-ਯੈੱਸ, ਮੈਂ ਆਪਣੀ ਹਲਕੀ ਜਿਹੀ ਮੁਸਕਾਣ ਨੂੰ ਜਾਰੀ ਰਖਦਿਆਂ ਬੋਲਿਆ।
-ਕੰਮ ਤਾਂ ਹੈ ਮੇਰੇ ਕੋਲ਼, ਪਰ... ਉਹ ਆਪਣੀ ਠੋਡੀ ਹੇਠ ਲਮਕਦੀ ਮਾਸ ਦੀ ਇੱਕ ਹੋਰ ਗੁਥਲੀ ਨੂੰ ਪਲੋਸਣ ਲੱਗਾ। -ਪਰ ਮੈਨੂੰ ਲਗਦੈ ਹੋਣਾ ਨੀ ਇਹ ਕੰਮ ਤੁਹਾਥੋਂ!
-ਨਹੀਂ, ਸਰ, ਮੈਂ ਆਪਣੀ ਧੌਣ ਨੂੰ ਉੱਪਰ ਵੱਲ ਨੂੰ ਵਧਾਇਆ। -ਵੂਈ ਵਿਲ ਡੂ ਇਟ!
-ਬਹੁਤੇ ਲੋਕ ਦੌੜ ਜਾਂਦੇ ਐ ਦੋ ਚਾਰ ਦਿਨਾਂ ਬਾਅਦ!
ਉਹ ਹੱਥ ਦਾ ਇਸ਼ਾਰਾ ਕਰ ਕੇ ਸਾਨੂੰ ਦਫ਼ਤਰ ਦੇ ਅੰਦਰ ਲੈ ਗਿਆ।
ਦਫ਼ਤਰ 'ਚੋਂ ਵਰਕ ਏਰੀਏ ਵੱਲ ਨੂੰ ਖੁਲ੍ਹਦੇ ਦਰਵਾਜ਼ੇ ਨੂੰ ਫ਼ੋਰਮੈਨ ਨੇ ਰਤਾ ਕੁ ਖਿੱਚਿਆ, ਤਾਂ ਚੀਲ੍ਹ ਤੇ ਬਲੂਤ {ਓਕ) ਦੀ ਲੱਕੜ ਦੇ ਬੂਰੇ ਦੀ ਕੌੜੀ ਜਿਹੀ ਸੁਗੰਧੀ ਮੇਰੇ ਨੱਕ ਵੱਲ ਨੂੰ ਦੌੜੀ—ਜਿਵੇਂ ਮੈਂ ਤਾਰਪੀਨ ਦੇ ਤੇਲ ਦੇ ਕਾਰਖਾਵੇ `ਚ ਵੜ ਗਿਆ ਹੋਵਾਂ। ਪੰਦਰਾਂ-ਵੀਹ ਆਰਾ ਮਸ਼ੀਨਾਂ ਦੀ ਅਮੁੱਕ 'ਸ਼ਰਰਰਰਰ' ਨੇ ਮੇਰੀਆਂ ਹਥੇਲ਼ੀਆਂ ਮੇਰੇ ਕੰਨਾਂ ਵੱਲ ਨੂੰ ਖਿੱਚ ਦਿੱਤੀਆਂ।
ਫ਼ੋਰਮੈਨ ਪਰਲੇ ਪਾਸੇ ਪਈ ਇਕ ਟਰੇਅ ਉੱਤੇ ਝੁਕਿਆ ਅਤੇ ਉਸ 'ਚੋਂ ਚੁੱਕੇ ਕਮਾਨੀਦਾਰ ਖੋਪੇ ਸਾਡੇ ਵੱਲ ਵਧਾਅ ਦਿੱਤੇ। ਇਹ ਖੋਪੇ ਲੋਹੇ ਦੇ ਇਕ ਅਰਧ-ਚੱਕਰ ਨਾਲ਼ ਦੇ ਸਿਰਿਆਂ ਨਾਲ਼ ਜੁੜੇ ਹੋਏ ਸਨ। ਖੋਪਿਆਂ ਦਾ ਇੱਕ ਜੋੜਾ ਆਪਣੇ ਕੰਨਾਂ ਉੱਪਰ ਟਿਕਾਅ ਕੇ, ਉਸ ਨੇ ਆਪਣੀਆਂ ਮੁੱਠੀਆਂ ਵਿੱਚੋਂ ਮੂਹਰਲੀਆਂ ਉਂਗਲ਼ਾਂ ਬਾਹਰ ਕੱਢ ਲਈਆਂ। ਫਿਰ ਉਹ ਮੋਟੀ ਪੈਨਸਲ ਵਾਂਗ ਬਾਹਰ ਵੱਲ ਸੇਧੀਆਂ ਆਪਣੀਆਂ ਉਂਗਲਾਂ ਨੂੰ, ਆਪਣੇ ਕੰਨਾਂ ਵੱਲ ਨੂੰ ਠੋਕਣ ਲੱਗਾ। ਉਸਦੇ ਬੁੱਲ੍ਹਾਂ 'ਚੋਂ ਕੁਝ ਲਫ਼ਜ਼ ਨਿੱਕਲ਼ ਰਹੇ ਸਨ, ਪਰ ਉਹਦੀ ਅਵਾਜ਼ ਡੇਢ ਦਰਜਣ ਆਰਿਆਂ ਦੀ 'ਸ਼ੁਰਰਰਰਰਰ' ਵਿੱਚ ਗੁਆਚ ਗਈ। ਫ਼ਿਰ ਉਸ ਨੇ ਗੱਤੇ ਦੇ ਇਕ ਬਕਸੇ ਵਿੱਚੋਂ, ਲਚਕਦਾਰ ਫੀਤੇ ਨਾਲ਼ ਜੁੜੇ ਇੱਕ ਗੋਲ਼-ਆਕਾਰ ਮਾਸਕ ਨੂੰ ਉਠਾਅ ਕੇ, ਆਪਣੇ ਨੱਕ ਉੱਤੇ ਚਾੜ੍ਹ ਲਿਆ, ਤੇ ਦੋ ਮਾਸਕ ਸਾਡੇ ਵੱਲ ਵਧਾਅ ਦਿੱਤੇ।
ਹੁਣ ਉਹ ਮੂਹਰੇ ਮੂਹਰੇ, ਤੇ ਅਸੀਂ ਗਊ ਮਗਰ ਜਾ ਰਹੇ ਵੱਛਰੂ ਪਿੱਛੇ ਪਿੱਛੇ!
ਇੱਕ ਆਰੇ ਤੋਂ ਦੂਜੇ ਕੋਲ਼, ਤੇ ਦੂਜੇ ਤੋਂ ਅਗਲੇ, ਤੇ ਅਗਲੇ ਤੋਂ ਅਗਲੇ ਕੋਲ਼। ਉਹ ਆਰੇ ਕੋਲ਼ ਖੜ੍ਹ ਕੇ, ਆਪਣੀਆਂ ਉਂਗਲ਼ਾਂ ਦਾ ਇਸ਼ਾਰਾ ਆਰੇ ਦੇ ਮਾਸਕਧਾਰੀ-ਚਾਲਕ ਵੱਲ ਕਰਦਾ, ਤੇ ਫ਼ਿਰ ਆਰੇ ਚੀਰੀਆਂ-ਜਾਣ ਵਾਲ਼ੀਆਂ ਫੱਟੀਆਂ ਦੇ ਢੇਰ ਵੱਲੀਂ। ਛੇ ਸੱਤ ਆਰਿਆਂ ਉਦਾਲ਼ੇ ਗੇੜੇ ਕਢਾਅ ਕੇ ਹੁਣ ਉਹ ਸਾਨੂੰ ਆਪਣੇ ਕੈਬਿਨ ਵਿੱਚ ਲੈ ਗਿਆ।
ਕੈਬਿਨ ਦਾ ਦਰਵਾਜ਼ਾ ਬੰਦ ਕਰ ਕੇ ਉਹ ਪੇਪਰ ਟਾਵਲ ਨਾਲ਼ ਲੋਹੇ ਦੇ ਇਕ ਭਾਰੀ ਡੈਸਕ ਦੇ ਪਿਛਲੇ ਪਾਸੇ ਟਿਕਾਈ ਕੁਰਸੀ ਨੂੰ ਝਾੜਨ ਲੱਗਾ।
-ਬੈਠ ਜਾਓ ਔਥੇ, ਫ਼ੋਰਮੈਨ ਨੇ ਉਸ ਦੇ ਡੈਸਕ ਦੇ ਸਾਹਮਣੇ ਟਿਕੀਆਂ ਕੁਰਸੀਆਂ ਵੱਲ ਇਸ਼ਾਰਾ ਕੀਤਾ। -ਲਾਹ ਲਵੋ ਮਾਸਕ ਨੂੰ ਵੀ ਤੇ ਈਅਰ ਪ੍ਰੋਟੈਕਟਰਾਂ ਨੂੰ ਵੀ।
ਕੁਰਸੀ ਉੱਪਰ ਬੈਠਦਿਆਂ ਹੀ ਮੈਂ ਫ਼ੋਰਮੈਨ ਵੱਲੀਂ ਝਾਕਿਆ।
-ਕਰ ਲੋਂਗੇ ਆਹ ਕੰਮ? ਇਕ ਫ਼ਾਈਲ ਫ਼ੋਲਡਰ ਵਿੱਚੋਂ ਦੋ ਅਰਜ਼ੀਆਂ ਕੱਢ ਕੇ ਫ਼ੋਰਮੈਨ ਸਾਡੇ ਚਿਹਰਿਆਂ ਨੂੰ ਪੜ੍ਹਨ ਲੱਗਾ।
ਮੈਂ ਆਪਣੀਆਂ ਅੱਖਾਂ ਰਣਜੀਤ ਵੱਲੀਂ ਗੇੜੀਆਂ।
-ਉਏ ਹਾਂਅ ਕਰਦੇ ਤੂੰ ਛੇਤੀ ਛੇਤੀ, ਪ੍ਰੋਫ਼ੈਸਰਾ, ਰਣਜੀਤ ਪੰਜਾਬੀ 'ਚ ਬੁੜਬੁੜਾਇਆ। -ਮਸਾਂ ਖੈਰ ਪਈ ਐ ਠੂਠੇ 'ਚ!
ਮੇਰੇ ਸਿਰ ਦੀ ਹੇਠਾਂ-ਉੱਪਰ ਹਿੱਲਣ ਦੀ ਹਰਕਤ ਨੂੰ ਦੇਖ ਕੇ ਫ਼ੋਰਮੈਨ ਨੇ ਅਰਜ਼ੀਆਂ ਸਾਡੇ ਸਾਹਮਣੇ ਟਿਕਾਅ ਦਿੱਤੀਆਂ।
-ਜਵਾਨ ਮੁੰਡੇ ਓਂ ਤੁਸੀਂ, ਉਸਦੇ ਬਣਾਉਟੀ ਦੰਦਾਂ 'ਚੋਂ ਫੋਕਲ਼ਾ ਜਿਹਾ ਹਾਸਾ ਕਿਰਿਆ। -ਟਰਾਈ ਕਰ ਕੇ ਦੇਖ ਲੋ।
ਦਰਾਜ਼ 'ਚ ਪੰਜ ਕੁ ਸਕਿੰਟੀ ਫ੍ਰੋਲਾ-ਫ੍ਰਾਲ਼ੀ ਤੋਂ ਬਾਅਦ ਉਸ ਨੇ ਦੋ ਪੈੱਨ ਸਾਡੇ ਵੱਲ ਵਧਾਅ ਦਿੱਤੇ।
-ਇਹਨਾਂ ਫ਼ਾਰਮਾਂ ਨੂੰ ਭਰ ਕੇ ਰਸੈਪਸ਼ਨਿਸਟ ਨੂੰ ਦੇ ਜਾਵੋ; ਤੇ ਸਵੇਰ ਨੂੰ ਕਾਰਡ ਪੰਚ ਕਰ ਦਿਓ ਪੌਣੇ ਅੱਠ ਤੋਂ ਪਹਿਲਾਂ।
(ਬਾਕੀ ਅਗਲੇ ਅੰਕ 'ਚ...)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346