ਮੈਨੂੰ 1980 ਤੱਕ ਬਿਲਕੁਲ
ਨਹੀਂ ਸੀ ਪਤਾ ਕਿ ਕਹਾਣੀ ਕਿਸ ਬਲਾ ਦਾ ਨਾਮ ਹੈ । ਇਸ ਤੋਂ ਪਹਿਲਾਂ ਮੈਂ ਕਵਿਤਾ ਨੂੰ
ਕਿਧਰੇ-ਕਿਧਰੇ ਮੂੰਹ ਜ਼ਰੂਰ ਮਾਰ ਲਿਆ ਕਰਦਾ ਸੀ । ਉਹ ਕਵਿਤਾ ਹੁੰਦੀ ਵੀ ਨਹੀਂ ਸੀ। ਇਹ ਇਕ
ਤਰ੍ਹਾਂ ਨਾਲ ਐਵੇਂ ਸਭਾ ਦੀ ਇੱਕਤਰਤਾ ਵਿਚ ਹਾਜ਼ਰ ਹੋ ਕੇ ਆਪਣਾ ਨਾਂ ਦਰਜ ਕਰਵਾਉਣ ਦਾ
ਉਪਰਾਲਾ ਜਿਹਾ ਹੁੰਦਾ ਸੀ । ਇਹ ਲਿਖਤ-ਲਿਖਾਈ, ਮੇਰੇ ਆਸ-ਪਾਸ ਵਿਚਰਦੇ ਸਾਹਿਤਕਾਰਾਂ ਨੂੰ
ਜੋੜ-ਗੰਢ ਕੇ ਇਕ ਸਭਾ-ਸਸਾਇਟੀ ਵਿਚ ਪਰੋ ਕੇ ਉਹਨਾਂ ਦੀਆਂ ਖਿਲਤਾਂ-ਕਿਰਤਾਂ ਸੁਣਨ ‘ ਤੇ ਵੀ
ਭਾਰੂ ਨਹੀਂ ਸੀ ਹੁੰਦੀ। ਮੇਰੀ ਸੰਤੁਸ਼ਟੀ ਸਿਰਫ਼ ਏਨੇ ਨਾਲ ਹੀ ਹੋ ਜਾਂਦੀ ਸੀ ਕਿ ਮੈਂ ਇਕੱਲੇ
ਬੈਠ ਮਗਜ਼-ਪੱਚੀ ਕਰਦੇ ਲਿਖਣ-ਪੂੰਝਣ ਵਾਲਿਆਂ ਦਾ ਸਕੱਤਰ ਹੁੰਦਾ ਸੀ। 1975 ਤੋਂ ਲੱਗੀ
ਐਮਰਜੈਂਸੀ 1977 ਦੇ ਖਾਤਮੇ ਉਪਰੰਤ ਮੈਂ ਆਪਣੇ ਪੁਰਾਣੇ ਹੀਰੋ ਸਾਇਕਲ ਦੀ ਸਹਾਇਤਾ ਨਾਲ
ਮੁਕੇਰੀਆਂ (ਹੁਸ਼ਿਆਰਪੁਰ) ਇਲਾਕੇ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਸੱਠ ਦੇ ਕਰੀਬ ਮੈਂਬਰ
ਸੂਚੀ ਬੱਧ ਕਰ ਲਏ । 20 ਜੂਨ 1977 ਨੂੰ ਇਹਨਾਂ ਵਿਚੋਂ 38 ਜਣੇ ਖਾਲਸਾ ਸਕੂਲ ਮੁਕੇਰੀਆਂ
ਵਿਖੇ ਹੋਈ ਪਹਿਲੀ ਇਕੱਤਰਤਾ ਵਿਚ ਹਾਜ਼ਰ ਸਨ। ਸਭਾਵਾਂ ਦੇ ਅਜਿਹੇ ਗਠਨ ਦ ਸਿਲਸਿਲਾ ਅਗਾਂਹ
ਚਲਦਾ ਰਿਹਾ। ਪਹਿਲਾਂ ਗੁਰਮੀਤ ਹੇਅਰ , ਸੁਦਰਸ਼ਨ ਨੱਤ ਦੀ ਸਹਾਇਤਾ ਨਾਲ ਤਲਵਾੜੇ , ਫਿਰ ਪੰਮੀ
ਦਿਵੇਦੀ ਤੇ ਮਦਨ ਵੀਰਾ ਦੀ ਅਗਵਾਈ ਟਾਂਡੇ , ਜੈ ਦੇਵ ਦਿਲਵਰ ਦੀ ਨੁਮਾਇੰਦਗੀ ਨਾਲ
ਬੁਲ੍ਹੋਵਾਲ ਤੇ ਮੇਰੇ ਆਪਣੇ ਯਤਨਾਂ ਨਾਲ 1980 ਦੀ ਜੁਲਾਈ ਨੂੰ ਦਸੂਹਾ ਸਾਹਿਤ ਸਭਾਵਾਂ ਦਾ
ਗਠਨ ਹੋਇਆ, ਮੁਕੇਰੀਆਂ ਸਭਾ ਦੇ ਨਾਲ ਨਾਲ ਮੈਨੂੰ ਦਸੂਹਾ ਸਾਹਿਤ ਸਭਾ ਦੀ ਸਕੱਤਰੀ ਵੀ ਕਈ
ਵਰ੍ਹੇ ਕਰਨੀ ਪਈ ।
ਮੇਰੀ ਮੁੱਢਲੀ ਸਭਾ ਹਰ ਵਰ੍ਹੇ ਸਾਲਾਨਾ ਸਮਾਗਮ ਸਮੇਂ ਕਿਸੇ ਨਾਮਵਰ ਵਿਦਵਾਨ ਤੋਂ ਪਰਚਾ
ਲਿਖਵਾ ਕੇ ਗੋਸ਼ਟੀ ਕਰਦੀ ਸੀ । ਦੂਜਾ ਪਰਚਾ ਸਭਾ ਦੇ ਕਿਸੇ ਮੈਂਬਰ ਦਾ ਹੁੰਦਾ ਸੀ। ਤਿੰਨ ਕੁ
ਸਾਲ ਸਭਾ ਦਾ ਆਲੋਚਨਾ ਰੁਚੀਆਂ ਵਾਲਾ ਮੈਂਬਰ ਬਲਬੀਰ ਮੁਕੇਰੀਆਂ ਪਰਚੇ ਲਿਖਦਾ ਰਿਹਾ । ਅਗਲੇ
ਵਰ੍ਹੇ ਮੈਨੂੰ ਸਮਕਾਲ ਕਹਾਣੀ ‘ ਤੇ ਪਰਚਾ ਲਿਖਣ ਲਈ ਆਖ ਦਿੱਤਾ। ਮੈਨੂੰ ਪੰਗਾ ਪੈ ਗਿਆ ।
ਮੈਂ ਉਦੋਂ ਤੱਕ ‘ ਕਵਿਤਾ‘, ‘ਪ੍ਰੀਤਲੜੀ ‘, ‘ਸੇਧ ‘, ‘ਸਰਦਲ‘, ‘ਸਮਤਾ‘, ‘ਸਿਰਜਨਾ‘,
‘ਪੰਜਾਬੀ ਦੁਨੀਆਂ ‘, ‘ਹੇਮ ਜਯੋਤੀ ‘, ‘ਸਿਆੜ ‘ ਆਦਿ ਪੰਜਾਬੀ ਪਰਚਿਆਂ ਅੰਦਰ ਛਪੀ ਕਵਿਤਾ
ਦਾ ਹੀ ਪਾਠਕ ਰਿਹਾਂ ਸਾਂ । ਉੱਜ ਇਹ ਸਾਰੇ ਪਰਚੇ ਵਰ੍ਹਿਆਂ ਤੋਂ ਮੇਰੇ ਪਾਸ ਸਾਂਭੇ ਪਏ ਸਨ ।
ਮੈਂ ਇਕ ਵਢਿਓਂ ਉਹਨਾਂ ਸਾਰਿਆਂ ਅੰਦਰ ਛਪੀਆਂ ਕਹਾਣੀਆਂ ਦਾ ‘ਆਖੰਡ ਪਾਠ ‘ ਕਰ ਮਾਰਿਆ । ਬੱਸ
ਬਾਈ ਜੀ ਉਸ ‘ ਆਖੰਡ ਪਾਠ ‘ ਨੇ ਮੇਰੇ ਅੰਦਰ ਕਿਧਰੇ ‘ਕਹਾਣੀ ਦਾ ਬੀਜ‘ ਸੁੱਟ ਦਿੱਤਾ। ਗੋਸ਼ਟੀ
ਦਾ ਆਟਾ-ਦਲੀਆ ਕਰਕੇ ਮੈਥੋਂ ਵੀ ਥੋੜੇ ਕੁ ਦਿਨੀਂ ਇਕ ਮਿੰਨੀ ਕਹਾਣੀ ਲਿਖ ਹੋ ਗਈ,
‘ਈਡੀਇੱਟ।‘ ਇਹ ਸੰਨ 80, 81 ਦੇ ਏੜ- ਗੇੜ ਦੀ ਗੱਲ ਐ । ਫਿਰ ਅਜਿਹੀਆਂ ਕਈ ਹੋਰ ਵੀ ਲਿਖੀਆਂ
। ਇਹ ਮਿੰਨੀ ਕਹਾਣੀਆਂ ਪਹਿਲੀ ਪੁਸਤਕ ‘ਮਾਰਖੋਰੇ‘ ਦੇ ਅੰਤਲੇ ਪੰਨਿਆਂ ‘ ਤੇ ਦਰਜ ਹਨ। ਇਸੇ
ਬੀਜ ਨੇ ਅੱਗੇ ਚੱਲ ਕੇ ਚੰਗਾ ਖਿਲਾਰ ਪਾਇਆ। ਪਹਿਲਾਂ 1984 ਵਿਚ ‘ ਮਾਰਖੋਰੋ ‘ ਦੀਆਂ 12
ਟਾਹਣੀਆਂ ਉੱਕਰੀਆਂ,ਫਿਰ ਨਾਲ ਲਗਦੇ ਹੀ1996 ਵਿਚ ‘ ਬਲੌਰ ‘ ਪੁਸਤਕ ਦੀਆਂ ਅੱਠ ਕੁ ਕਹਾਣੀਆਂ
। ਪਹਿਲੀ ਪੁਸਤਕ ‘ ਮਾਰਖੋਰੇ ‘ ਨੇ ਕਾਫੀ ਸਾਰੀ ਪਛਾਣ ਵੀ ਬਣਾ ਦਿੱਤੀ । ਡਾ ਮੋਹਨਜੀਤ ਨੇ
ਉਸੇ ਵਰ੍ਹੇ ਦੀਆਂ ਪੰਜ ਸਰਾਹਣਯੋਗ ਪੁਸਤਕਾਂ ਜਿਹਨਾਂ ਵਿਚ ਮਹਾਂਸ਼ਵੇਤਾ ਦੇਵੀ ਦੀਆਂ ਕਹਾਣੀਆਂ
ਦੀ ਪੁਸਤਕ ਵੀ ਸ਼ਾਮਿਲ ਸੀ, ‘ਮਾਰਖੋਰੋ ‘ ਵੀ ਨਾਲ ਹੀ ਜੋੜੀ ਸੀ । ਉਪਰੋਤਕ ਦੋਨਾਂ ਪੁਸਤਕਾਂ
ਅਤੇ ਤੀਜੀ ਪੁਸਤਕ ‘ਕਾਲੀ ਮਿੱਟੀ ‘ ਨੇ ਪਹਿਲੋਂ ਬਣੀ ਪਛਾਣ ਮਸਾਂ ਹੀ ਸੰਭਾਲੀ । ਪਰ ‘
ਧੁੱਪ-ਛਾਂ ‘ ਦੀ ਆਮਦ ਨਾਲ ਮੈਨੂੰ ਲੱਗਾ ਕਿ ਚਾਰ ਕੁ ਕਦਮ ਹੋਰ ਅਗਾਂਹ ਤੁਰਿਆ ਹਾਂ। ਫਿਰ ‘
ਅੱਧੇ ਅਧੂਰੇ ‘ ਦੀਆਂ ਕਹਾਣੀਆਂ ਨੇ ਸਚਮੁੱਚ ਹੀ ਮੈਨੂੰ ‘ ਸਰਦੇ ਪੁੱਜਦੇ ‘ ਕਹਾਣੀ ਲੇਖਕਾਂ
ਵਿਚ ਸ਼ਾਮਿਲ ਕਰ ਲਿਆ। ਇਸ ਪੁਸਤਕ ਦੀ ਪਹਿਲੀ ਕਹਾਣੀ ‘ਸੌਰੀ ਜਗਨ ‘ਹਿੰਦੀ ‘ਚ ਅਨੁਵਾਦ ਹੋ ਕੇ
‘ਵਰਤਮਾਨ ਸਾਹਿਤਯ ‘ ਵਿਚ ਛਪੀ । ‘ ਅੱਧੇ ਅਧੂਰੇ ‘ ਕਹਾਣੀ ਨੂੰ ਕਈ ਸਾਰੇ ਗਾਹਕ ਟੱਕਰੇ ,
ਚੋਣਵੇਂ ਸੰਗ੍ਰਿਹਾਂ ਵਿਚ ਸ਼ਾਮਿਲ ਕਰਨ ਲਈ । ਮੈਡਮ ਜਸਵਿੰਦਰ ਬਿੰਦਰਾ ਨੇ ਆਪਣੀ ਮੂਲ ਹਿੰਦੀ
ਪੁਸਤਕ ‘ਬੀਸਵੀਂ ਸਦੀ ਕੀ ਸ੍ਰੇਸ਼ਟ ਪੰਜਾਬੀ ਕਹਾਣੀ ‘ ਵਿਚ ਸ਼ਾਮਿਲ ਕਰਕੇ ਇਸ ਨੂੰ ਹੋਰ
ਗੌਲਣ-ਯੋਗ ਬਣਾ ਦਿੱਤਾ । ਇਸ ਪੁਸਤਕ ਦੀ ਕਹਾਣੀ ‘ ਪੌੜੀ ‘ ਨੂੰ ਘਨੀਸ਼ਾਮ ਦਾਸ ਰੰਜਨ ਵਲੋਂ ‘
ਲਖਨਊ ਹਿੰਦੀ ਸਾਹਿਤਯ ਪ੍ਰੀਸ਼ਦ ਲਈ ਛਾਪੀ ਪੁਸਤਕ ਵਿਚ ਸ਼ਾਮਿਲ ਕੀਤਾ । ‘ ਐਨਕ ‘ ਕਹਾਣੀ
ਇਲਿਆਸ ਘੁੰਮਣ ‘ ਨੇ ਸ਼ਾਹਮੁੱਖੀ ਪਰਚੇ ‘ ਵਰ੍ਹੇ ਵਾਰ ਸਾਹਿਤ ‘ ਵਿਚ ਛਾਪੀ । ਇਹਨਾਂ ਪੰਜਾਂ
ਕਹਾਣੀ – ਪੁਸਤਕਾਂ ਦਾ ਵੇਰਵਾ ਦੱਸਣ ਦਾ ਮੇਰਾ ਇਹ ਅਰਥ ਬਿਲਕੁਲ ਨਹੀਂ ਕਿ ਮੈਂ ਬਹੁਤ ਵੱਡਾ,
ਹਿਮਾਲੀਆ ਪਰਬਤ ਤੋਂ ਵੀ ਕਈ ਯੋਜਕ ਉੱਚਾ ‘ ਘਾਣੀਕਾਰ ‘ ਬਣ ਗਿਆਂ, ਪਰ ਏਨਾ ਜਰੂਰ ਹੋਇਆਂ ਕਿ
ਮੇਰਾ ਆਪਦੇ ਸਿਰ-ਖੁਦ ਹੋ ਕੇ ਕਹਾਣੀ – ਪਟ ‘ ਤੇ ਪ੍ਰਵੇਸ਼ ਕਰਨਾ ਚੁੱਭਿਆ ਜ਼ਰੂਰ ਮੱਠਧਾਰੀਆਂ
ਨੂੰ, ਖਾਸ ਕਰਕੇ ਮੱਠ-ਧਾਰੀਆਂ ਦੇ ਜੁੱਲੀਕਾਰ ਆਲੋਚਕਾਂ ਨੂੰ । ਇਹ ਮੈਂ ਇਸ ਤੱਥ ਨੂੰ ਆਧਾਰ
ਬਣਾ ਕੇ ਕਹਿ ਰਿਹਾਂ ਕਿ ਉਹਨਾਂ ਦੀ ‘ਅਦਬੀ ਸੰਗਤ‘ ਨੇ ਮੇਰੀ ਕਹਾਣੀ ਲਿਖਤ ਨੂੰ ਨਾ ਕਦੀ
ਸਿੱਧੇ ਮੂੰਹ ਪਹਿਲਾਂ ਕਬੂਲਿਆਂ, ਨਾ ਹੁਣ ਹੀ, ਇਹ ਉਹਨਾਂ ਦੇ ਨੱਥ ਹੇਠ ਆਉਂਦੀ ਹੈ। ਇਹਨਾਂ
ਕਹਾਣੀਆਂ ਨੂੰ, ਜਿਨ੍ਹਾਂ ਦੀਆਂ ਇਹ ਹਨ, ਜਿਨ੍ਹਾਂ ਦੀ ਰੂਹ-ਜਾਨ ਇਹਨਾਂ ਦੀ ਤੰਦ-ਤੰਤਰ ਦਾ
ਹਿੱਸਾ ਹੈ, ਉਹਨਾਂ ਪਾਤਰਾਂ ਉਹਨਾਂ ਪਾਠਕਾਂ ਨੇ ਇਹਨਾਂ ਨੂੰ ਕਬੂਲਿਆਂ ਹੀ ਨਹੀਂ ਸਗੋਂ ‘
ਨਵਾਂ ਜ਼ਮਾਨਾ ‘ ਜਾਂ ‘ ਕਹਾਣੀ-ਧਾਰਾ ‘ ਵਲੋਂ ਕਰਵਾਏ ਵਰ੍ਹੇ –ਵਾਰ ਸਰਵੇਖਣਾਂ ਲਈ ਚੁਣੇ ਜਾਣ
ਲਈ ਆਪਣੇ ਵੋਟ-ਹੁੰਗਾਰੇ ਦਾ ਭਰਪੂਰ ਇਸਤੇਮਾਲ ਵੀ ਕੀਤਾ ਹੈ। ‘ ਗੜ੍ਹੀ ਬਖ਼ਸ਼ਾ ਸਿੰਘ ‘ ਨਾਮੀ
ਛੇਵੀ ਪੁਸਤਕ ਦੀਆਂ ਛੇਆਂ ਕਹਾਣੀਆਂ ਵਿਚੋਂ ਪੰਜ ਇਸ ਮਾਣ ਦੀਆਂ ਭਾਗੀਦਾਰ ਹਨ। ਕੁੱਲ ਮਿਲਾ
ਕੇ ਇਹ ਕਿਹਾ ਜਾ ਸਕਦਾ ਹੈ ਕਿ ‘ ਮਾਰਖੋਰੇ ‘ ਤੋਂ ‘ ਗੜੀ ਬਖ਼ਸ਼ਾ ਸਿੰਘ ‘ਦਾ ਕਹਾਣੀ ਸਫ਼ਰ
ਠੀਕ-ਠਾਕ ਹੀ ਰਿਹਾ ਹੈ ।
094655-74866
-0-
|