ਮੈਂ ਪਹਿਲੀ ਵੇਰ ਸਫ਼ਰੀ
ਨੂੰ ੧੯੯੮ 'ਚ ਮਿਲਿਆ ਸੀ ਜਦੋਂ ਉਸਨੇ ਕਾਫ਼ਲੇ ਦੀ ਪੰਜਾਬੀ ਕਾਨਫਰੰਸ ਦੇ ਕਵੀ ਦਰਬਾਰ 'ਚ
ਅਪਣੀ ਨਜ਼ਮ 'ਜੰਗ ਤੇ ਅਮਨ' ਸੁਣਾਈ। ਜਿਸ 'ਚ ਜਦੋਂ ਉਸਦੀ ਨਿੱਕੀ ਜਿਹੀ...ਚੰਨ ਦੀ ਟਿੱਕੀ
ਜਿਹੀ... ਧੀਅ... ਸਹਿਮ ਕੇ ਪੁਛਦੀ ਹੈ ਕਿ 'ਭਾਪਾ ਜਦੋਂ ਜਹਾਜ਼ ਸਾਡੇ ਪਿੰਡ ਤੇ ਬੰਬ
ਬਰਸਾਣਗੇ...ਕੀ ਮੇਰੀ ਗੁੱਡੀ ਦੇ ਗਲੋਟੇ ਵੀ ਸੜ ਜਾਣਗੇ?' ਤਾਂ ਮੁਸ਼ਹਿਰੇ ਦੇ ਸਾਹ ਰੁਕ ਗਏ
ਸਨ ਅਤੇ ਵਾਹ ਦੀ ਥਾਂ 'ਹਾਅ' ਅਤੇ ਕਈ 'ਹੂਕਾਂ'...ਹੁਬਕੀਆਂ ਇਕ ਸਾਰ ਭਰੇ ਹਾਲ ਦੀ ਚੁੱਪ
ਨੂੰ ਸੰਘਣੀ ਕਰ ਗਈਆਂ ਸਨ। ਸਟੇਜ ਤੇ ਬਾਬੇ ਦੇ ਲਾਗੇ ਬੈਠਿਆਂ ਮੇਰੇ ਭਰੇ ਗੱਚ ਦੇ ਅੱਥਰੂ
ਮੇਰੇ ਹੱਥ 'ਚ ਫੜੀ ਕਵੀਆਂ ਦੀ ਲਿਸਟ ਤੇ ਡੁੱਲੇ ਮੈਂ ਕਈ ਚਿਰ ਸਾਂਭੀ ਰੱਖੇ ਸਨ।
ਉਦੋਂ ਇਕ ਸ਼ਾਮ ਅਸੀਂ ਬਾਬੇ ਨੂੰ ਇਕਬਾਲ ਮਾਹਲ ਵੱਲ ਲੈ ਗਏ। ਦੁਜੇ ਦੌਰ ਵੇਲੇ ਬਾਬੇ ਨੇ
ਅਪਣਾ ਗਾਤਰਾ ਸੂਤ ਕਰਦਿਆਂ ਕਿੱਸਾ ਛੋਹਿਆ। ਉਦੋਂ ਪੰਜਾਬ 'ਚ ਸਟੇਜੀ ਕਵਿਤਾ ਦਾ ਦੌਰ ਸੀ। ਇਹ
ਸੱਦਾ ਐਤਕਾਂ ਹਜ਼ੂਰ ਸਾਬੋਂ ਆਇਆ ਸੀ। ਰਾਤ ਨੂੰ ਮੇਜ਼ਬਾਨ ਜਥੇਦਾਰ ਦੇ ਘਰ ਪੰਜਾਬੋਂ ਗਏ
ਕਵੀਆਂ ਲਈ ਦਾਰੂ ਵੀ ਹਾਜ਼ਰ ਸੀ। ਪਹਿਲੇ ਦੌਰ ਵੇਲੇ ਵਰਤਾਵਾ ਜਦੋਂ ਮੇਰੇ ਗਾਤਰਾ ਪਾਇਆ ਵੇਖ
ਮੈਨੂੰ ਛੱਡ ਗਿਆ ਤਾਂ ਅਗਲੇ ਦੌਰ ਤੇ ਮੈਂ ਉਹਦੀ ਬਾਂਹ ਫੜ ਲਈ। ਵਰਤਾਵੇ ਨੇ ਮੇਰੇ ਗਾਤਰੇ
ਵੱਲ ਝੇਂਪਦਿਆਂ ਵੇਖ ਕਿਹਾ ਬਾਬਾ ਜੀ ਤੁਹਾਡੇ ਕਰਪਾਨ ਪਾਈ ਐ ਇਸ ਲਈ ਨਈਂ ਸੀ ਪੁੱਛਿਆ। ਤਾਂ
ਮੈਂ ਉਹਨੂੰ ਕਿਹਾ, 'ਫੇਅ ਕੀ ਆ। ਬਾਬੇ ਦੀ ਕਰਪਾਨ ਵੀ ਪੀਂਦੀ ਐ।' 'ਤੇ ਨਾਲ ਹੀ ਉਸਨੇ ਮੁੜ
ਅਪਣੇ ਗਾਤਰੇ ਨੂੰ ਸੂਤ ਕੀਤਾ।
ਇਕਬਾਲ ਮਾਹਲ ਅਗਲੀ ਪੰਜਾਬ ਫੇਰੀ ਤੋਂ ਮੁੜਿਆ ਤਾਂ ਉਹਨੇ ਦੱਸਿਆ, 'ਰਾਜੇ, ਐਤਕੀਂ ਬਾਬੇ
ਸਫ਼ਰੀ ਦੇ ਪਿੰਡ ਗਿਆ ਸੀ ਅਤੇ ਉਹਨੇ ਮੈਨੂੰ ਅਪਣੀ 'ਪੰਜ ਫੁੱਟੀ ਤਲਵਾਰ ਨਾਲ' ਵੀ ਮਿਲਾਇਆ।
ਅਸੀਂ ਦੋਵੇਂ ਉਹਦੇ ਪਿੰਡ ਗਏ ਮਿਲਣ। ਪਤਲੀ ਜਿਹੀ ਬੇਬੇ ਸੀ। ਅਸੀਂ ਉਹਦੀ ਡਿਉੜੀ 'ਚ ਬਹਿ ਕੇ
ਉਹਤੋਂ ਚਾਹ ਪੀ ਕੇ ਆਏ।' ਇਹ ਬੇਬੇ ਉਹ ਸੀ ਜਿਹਦੇ ਬਾਰੇ ਸਫ਼ਰੀ ਨੇ ਕਦੇ ਕਿਹਾ
ਸੀ...'ਸਫ਼ਰੀ ਨੂੰ ਡਰ ਲਗਦਾ ਨੀ ਤੈਥੋਂ ਪੰਜ ਫੁਟੀਏ ਤਲਵਾਰੇ।'
ਅਗਲੀ ਵੇਰ ਕੁਝ ਸਾਲਾਂ ਬਾਦ ਉਹ (ਆਖਰੀ ਵੇਰ) ਟਰਾਂਟੋ ਆਇਆ ਤਾਂ ਮੈਂ ਉਸਨੂੰ ਸੁਨਹਿਰੀ
ਪੈੱਨਾਂ ਦਾ ਜੋੜਾ ਭੇਂਟ ਕੀਤਾ। ਉਹਨੇ ਗੁਰਦੁਆਰੇ ਦੇ ਕੱਠ 'ਚ ਬੋਲਦਿਆਂ ਮੇਰਾ ਨਾਂ ਲੈ ਕੇ
ਮੈਨੂੰ ਖੜਾ ਹੋਣ ਲਈ ਕਿਹਾ। ਮੈਂ ਖੜਾ ਹੋਇਆ ਤਾਂ ਉਸ ਸਟੇਜੀ ਅੰਦਾਜ਼ 'ਚ ਕਿਹਾ, 'ਸਨਾਮਾਨ
ਸਰੋਪੇ ਬਹੁਤ ਮਿਲਦੇ ਆ ਪਰ ਕਵੀ ਦਾ ਅਸਲੀ ਸਨਮਾਨ ਉਹਨੂੰ ਕਲਮ ਦਾ ਮਿਲਣਾ ਹੁੰਦਾ ਤੇ ਤੁਹਾਡੇ
ਸ਼ਹਿਰ ਚੋਂ ਇਹ ਸਨਮਾਨ ਮੈਂ ਇਸ ਕਾਕੇ ਕੋਲੋਂ ਲੈ ਕੇ ਚੱਲਿਆਂ ਅਤੇ ਵਾਅਦਾ ਕਰਦਾਂ ਇਕ ਕਲਮ
ਨਾਲ ਮੀਰੀ ਵਾਲੀਆਂ ਤੇ ਦੂਜੀ ਨਾਲ ਪੀਰੀ ਆਲੀਆਂ ਕਵਿਤਾਵਾਂ ਲਿਖੂੰਗਾ।' ਕਹਿੰਦਆਂ ਉਸਨੇ
ਅਪਣੀ ਖੱਦਰ ਦੀ ਐਚਕਨ ਦੀ ਜੇਬ ਨਾਲੋਂ ਦੋਨੋਂ ਸੁਨਿਹਰੀ ਪੈੱਨ ਤਲਵਾਰਾਂ ਵਾਂਗੂ ਹਵਾ 'ਚ
ਲਹਿਰਾ ਦਿੱਤੇ। 'ਸਅਸਰੀ ਅਕਾਅਅਲ' ਦੀ ਗੂੰਜ ਮੱਧਮ ਪੈਣ ਤੋਂ ਪਹਿਲਾਂ ਹੀ ਉਹਨੇ ਅਪਣੀ ਕਵਿਤਾ
ਛੋਹ ਲਈ।
...'ਤੇ ਸਫ਼ਰੀ ਤੁਰ ਗਿਆ। ਮੈਂ ਅਕਸਰ ਸੋਚਦਾ ਹੁੰਦਾਂ, ਉਹਨਾਂ ਦੋ ਕਲਮਾਂ ਦਾ ਉਸ ਤੋਂ ਬਾਦ
ਕੀ ਬਣਿਆ ਹੋਊ। ਹਾਏ ! ਕਿਤੇ ਜਦੋਂ ਉਹਨੂੰ ਅਗਨ ਭੇਂਟ ਕੀਤਾ ਹੋਊ ਕੀ ਉਹ ਵੀ ਉਹਦੇ ਸਰੀਰ
ਨਾਲ ਹੀ...। ਕਿ ਉਹ ਅੱਜ ਵੀ ਹਨ, ਕਿਤੇ, 'ਮੀਰੀ' ਅਤੇ 'ਪੀਰੀ' ਦੀਆਂ ਕਵਿਤਾਵਾਂ ਨੂੰ ਜਨਮ
ਦੇਣ ਦੀ ਉਡੀਕ 'ਚ...।
-0-
|