ਮੋਹਣੀ ਗੋਦ ਨਾਨਕਿਆਂ ਦੀ ਬਾਕੀ ਸਭ ਥੱਲੇ ਹੀ ਥੱਲੇ। ਹੋਵੇ ਵੀ ਕਿਉਂ ਨਾ! ਮਾਂ ਦੀ ਮਾਂ ਦਾ
ਦੋਹਰਾ ਪਿਆਰ, ਦੋ 'ਮਾਂ' ਸ਼ਬਦਾਂ ਤੋਂ ਬਣਿਆ ਮਾਮਾ, ਮਾਮੀ ਦਾ ਪਿਆਰ, ਅਤੇ ਫਿਰ ਮਾਂ ਦੀ
ਛੋਟੀ ਭੈਣ ਮਾਸੀ ਦਾ ਪਿਆਰ। ਭੈਣਾਂ ਦਾ ਤਾਂ ਆਪਣੀ ਭੈਣ ਵਿੱਚ ਮੋਹ ਹੀ ਬੜਾ ਹੁੰਦੈ। ਬੱਲੀ
ਨੇ ਪਹਿਲੀ ਕਿਲਕਲੀ ਨਾਨਕਾ ਘਰ ‘ਚ ਹੀ ਮਾਰੀ ਸੀ। ਸਿੱਖਿਆ ਸ਼ਾਸਤਰੀ ਕਹਿੰਦੇ ਹਨ ਬੱਚੇ ਦਾ
ਪਰਿਵਾਰਕ ਪੰਘੂੜਾ ਉਸ ਦੀ ਜਿ਼ੰਦਗੀ ਦਾ ਪਹਿਲਾ ਸਕੂਲ ਹੁੰਦੈ ਜਿੱਥੇ ਮੋਹ, ਪਿਆਰ ਤੇ ਅਪਣੱਤ
ਭਰਿਆ ਮਾਹੌਲ ਹੁੰਦੈ। ਅੱਜ ਵੀ ਬੱਲੀ ਦਾ ਉਹ ਨਾਨਕਾ ਪਰਿਵਾਰ ਮਾਖਿਉਂ ਮਿੱਠੀਆਂ ਲੋਰੀਆਂ
ਦਿੰਦਾ ਜਾਪਦੈ। ਕਿਰਤ, ਸਨੇਹ, ਮੋਹ, ਸੰਜਮ, ਸਿਆਣਪ ਤੇ ਜੁਗਤੀ ਤਰੀਕਿਆਂ-ਸਲੀਕਿਆਂ ਦੇ ਅਮਲੀ
ਸਬਕ ਦਿੰਦਾ ਜਾਪਦੈ। ਬੱਲੀ ਇਸ ਸਕੂਲ ‘ਚੋਂ ਬੜਾ ਕੁਝ ਸਿੱਖਿਆ ਮਹਿਸੂਸ ਕਰਦੈ। ਇਸ ਪੰਗੂੜੇ
‘ਚੋਂ ਮਿਲੀ ਜੀਵਨ ਜਾਚ ਹਮੇਸ਼ ਉਹਦੇ ਅੰਗ-ਸੰਗ ਚਲੀ ਆ ਰਹੀ ਹੈ।
ਹੋਸ਼ਸੰਭਲੀ ‘ਤੇ ਬੱਲੀ ਦਾ ਮੀਂਢੀਆਂ ਵਾਲਾ ਜੂੜਾ ਹੁੰਦਾ, ਗਲ਼ ਕੁੜਤਾ, ਤੇੜ ਚਾਦਰਾ ਤੇ ਕਦੀ
ਕਦੀ ਪੈਰੀਂ ਖੱਲ੍ਹ ਦੀ ਜੁੱਤੀ ਪਾਈ ਨਾਨਕਿਆਂ ਦੀਆਂ ਗ਼ਲ਼ੀਆਂ, ਰਾਹਾਂ, ਪਹਿਆਂ, ਦਾਇਰਿਆਂ,
ਹਵੇਲੀਆਂ, ਖੂਹਾਂ, ਮੇਲਿਆਂ ‘ਤੇ ਫਿਰਦਾ ਨਜ਼ਰੀਂ ਪੈਂਦੈ। ਰੋਹੀ ‘ਚ ਡੰਗਰ ਚਾਰਨ ਤੋਂ ਲੈਕੇ
ਮਦਰੱਸੇ ਤੱਕ ਦੇ ਸਾਲ ਬੱਲੀ ਦੇ ਚੇਤੇ ਵਿੱਚ ਤਾਰਿਆਂ ਦੀ ਇੱਕ ਸੁੰਦਰ ਫੁਲਕਾਰੀ ਲੱਗਦੇ ਹਨ।
ਜਨਮ ਵੇਲੇ ਬੱਲੀ ਦੀ ਬੀਬੀ ਨਿੰਦੋਕੇ ਪੇਕੀਂ ਸੀ। ਨਾਨਕਾ ਘਰ ‘ਚ ਹੀ ਬੱਲੀ ਨੇ ਵੀਹਵੀਂ ਸਦੀ
ਦੇ ਪਹਿਲੇ ਅੱਧ ਵਿੱਚ ਉਸ ਪਹਿਲੀ ਕਿਲਕਾਰੀ ਮਾਰੀ। ਜਣੇਪੇ ਦੀਆਂ ਉੁਲਝਣਾਂ ‘ਚ ਬੇਹੋਸ਼ ਪਈ
ਮਾਂ ਨੂੰ ਸਾਰੇ ਸੰਭਾਲ ਰਹੇ ਸਨ। ਦੱਸਦੇ ਨੇ ਕਾਫੀ ਦੇਰ ਤੱਕ ਕਿਸੇ ਨੇ ਬੱਲੀ ਦੀ ਵਾਤ ਨਾ
ਪੁੱਛੀ। ਕਿਸੇ ਨੇ ਉਸ ਵੱਲ ਦੇਖਿਆ ਤੱਕ ਨਾ। ਕਾਫੀ ਦੇਰ ਪਿੱਛੋਂ ਬੇਬੇ ਨੇ ਬੱਲੀ ਨੂੰ ਇੱਕ
ਪਾਸੇ ਸੁੱਟਿਆ ਪਿਆ ਵੇਖਿਆ। ਹੋ ਸਕਦੈ ਜੇ ਹੋਰ ਥੋੜ੍ਹੀ ਦੇਰ ਨਾ ਵੇਖਦੀ ਤਾਂ ਕਹਾਣੀ ਉੱਥੇ
ਹੀ ਮੁੱਕ ਗਈ ਹੁੰਦੀ ਜਿਹੜੀ ਹੁਣ ਤੱਕ ਤੁਰੀ ਆ ਰਹੀ ਹੈ। ਸਭ ਨੂੰ ਝਿੜਕਦਿਆਂ ਉਸ ਬੱਲੀ ਦੀ
ਸਾਂਭ ਸੰਭਾਲ ਕੀਤੀ। ਬੇਬੇ ਨੇ ਹੀ ਛੋਟੀ ਮਾਸੀ ਨੂੰ ਗੁੜਤੀ ਦੇਣ ਲਈ ਵਾਜ ਮਾਰੀ। ਬੱਲੀ ਦੀ
ਮਾਸੀ ਤਾਰੋ ਆਪਣੇ ਪੰਜ ਭੈਣ ਭਰਾਵਾਂ ‘ਚੋਂ ਸਭ ਤੋਂ ਛੋਟੀ ਸੀ; ਦੋ ਵੱਡੀਆਂ ਭੈਣਾਂ ਤੇ ਦੋ
ਹੀ ਵੱਡੇ ਭਰਾਵਾਂ ‘ਚੋਂ। ਸੁਭਾਅ ਕਹਿੰਦੇ ਹਨ, ਗੁੜਤੀ ਦੇਣ ਵਾਲੇ ‘ਤੇ ਆਮ ਤੌਰ ਤੇ ਜਾਂਦੈ।
ਸੁਭਾਅ ਦਾ ਤਾਂ ਪਤਾ ਨਹੀਂ, ਪਰ ਉਸ ਗੁੜ ਦੇ ਸਵਾਦ ਨੇ ਐਸੀ ਚੇਟਕ ਲਾਈ ਕਿ ਬੱਲੀ ਹਾਲੀ ਤੱਕ
ਗੁੜ ਖਾਣੋਂ ਬਾਜ ਨਹੀਂ ਆਉਂਦਾ। ਅੱਜ-ਕੱਲ੍ਹ ਪੋਤੇ ਤੇ ਨੂੰਹਾਂ ਮੇਰੇ ਗੁੜ-ਸੁੰਢ ਬਣਾਉਣ ਅਤੇ
ਖਾਣ ਨੂੰ ਟਿੱਚਰਾਂ ਕਰਦੇ ਹਨ। ਕਈ ਤਾਂ ਇਸ ਖਾਜੇ ਦਾ ਸੁਆਦ ਚੱਖਣ ਲਈ ਮੰਗ ਵੀ ਲੈਂਦੇ ਹਨ।
ਗੁੜ ਖਾਣ ਦੀ ਮੇਰੀ ਆਦਤ ਪੱਕੀ ਹੀ ਬਣ ਚੁੱਕੀ ਹੈ। ਬੇਬੇ (ਨਾਨੀ) ਦੱਸਦੀ ਹੁੰਦੀ ਮੇਰੇ ਵੱਡੇ
ਭਰਾ ਤੇ ਛੋਟੀ ਮਾਸੀ ਨੂੰ ਨਾਨੀ ਨੇ ਆਪਣੀ ਛਾਤੀ ਦਾ ਦੁੱਧ ਇਕੱਠਿਆਂ ਹੀ ਪਿਆਇਆ ਹੋਇਆ। ਦਾਈ
ਦਿੱਤੀ (ਅੱਲਾ ਦਿੱਤੀ) ਨੇ ਬੱਲੀ ਦੇ ਜਨਮ ਵੇਲੇ ਨਰਸ ਤੇ ਡਾਕਟਰ ਦਾ ਰੋਲ ਨਿਭਾਇਆ।
ਪਹਿਲੇ ਦੋ ਤਿੰਨ ਸਾਲਾਂ ਦੌਰਾਨ ਬੱਲੀ ਨੇ ਮਾਂ ਪਿਉ ਦੀ ਗੋਦ ਨਾਲੋਂ ਆਪਣੇ ਵੱਡੇ ਮਾਮੇ
ਹਰਨਾਮ ਸਿੰਘ ਦੀ ਗੋਦ ਦਾ ਸਭ ਤੋਂ ਵੱਧ ਨਿੱਘ ਮਾਣਿਐ। ਥੋੜ੍ਹੇ ਹੀ ਪਲ ਹੋਣਗੇ ਜਦੋਂ ਬੱਲੀ
ਉਸ ਤੋਂ ਵੱਖ ਹੋਇਆ ਹੋਵੇਗਾ। ਉਹਦੀ ਚਾਦਰ ਦੀ ਬੁੱਕਲ ਦਾ ਨਿੱਘ ਹਾਲੀ ਵੀ ਮਹਿਸੂਸ ਹੁੰਦਾ
ਰਹਿੰਦੈ। ਕੰਮ ਦੇ ਤਾੜ ਦੇ ਦਿਨਾਂ ‘ਚ ਰਾਤੀਂ ਖੌਪੀਏ ਕਿਤੇ ਉਹਨੇ ਠੱਠੀ ਵੱਲ ਕਿਸੇ ਕਾਮੇ
ਨੂੰ ਸਵੇਰ ਆਉਣ ਲਈ ਕਹਿਣ ਜਾਣਾ ਹੁੰਦਾ, ਬੱਲੀ ਨਾਲ ਹੀ ਜਾਣ ਦੀ ਜਿਦ ਕਰਦਾ। ਹਨੇਰੇ ਵਿੱਚ
ਗਲ਼ੀਆਂ ‘ਚ ਬੱਚੇ ਨੂੰ ਚੁੱਕਕੇ ਤੁਰਨਾ ਕਿਹੜਾ ਸੌਖਾ ਸੀ। ਕਈ ਲਾਲਚ ਦੇ ਵਰਚਾਇਆ ਜਾਂਦਾ।
ਫਿਰ ਵੀ ਭਰੋਸਾ ਉਦੋਂ ਕਰਨਾ ਜਦੋਂ ਉਹਦੀ ਉੱਤੇ ਲੈਣ ਵਾਲੀ ਚਾਦਰ ਕਬਜ਼ੇ ‘ਚ ਲੈ ਲੈਣੀ। ਉਸੇ
ਨੂੰ ਹੀ ਛਾਤੀ ਲਾ ਬੱਲੀ ਸੌਂ ਜਾਂਦਾ। ਪੋਹ-ਮਾਘ ਦੀਆਂ ਰਾਤਾਂ ਨੂੰ ਜਦੋਂ ਮਾਮਾ ਮਾਲ-ਡੰਗਰ
ਅੰਦਰ ਕੁੜ ‘ਚ ਬਣਨ ਜਾਂਦਾ ਤਾਂ ਬੱਲੀ ਨਾਲ ਹੀ ਹੁੰਦਾ। ਹਨੇਰੀਆਂ ਰਾਤਾਂ ‘ਚ ਲਾਲਟੈਨ ਉਹਦੀ
ਫੜੀ ਹੁੰਦੀ। ਜਦੋਂ ਠੰਡ ਲੱਗਦੀ ਤਾਂ ਲਾਲਟੈਨ ਆਪਣੀ ਖੇਸੀ ਦੀ ਬੁੱਕਲ ਵਿੱਚ ਕਰ ਨਿੱਘ
ਮਾਣਦਾ।
‘ਮਾਮਾ’ ਉਦੋਂ ਬੱਲੀ ਦਾ ਸਭ ਕੁਝ ਹੁੰਦਾ। ਉਹ ਬਾਪ ਵੀ, ਮਾਂ ਵੀ ਤੇ ਯਾਰ ਵੀ ਬਣਿਆ ਰਹਿੰਦਾ।
ਜਿ਼ੰਦਗੀ ਵਿੱਚ ਸਭ ਤੋਂ ਵੱਧ ਮੋਹ-ਪਿਆਰ ਉਹਨੂੰ ਉਹਤੋਂ ਮਿਲਿਆ। ਬਾਹਰੋਂ ਗੰਨੇ, ਖ਼ਰਬੂਜੇ,
ਹਦਵਾਣੇ ਜੇ ਆਪਣੇ ਨਾ ਵੀ ਹੋਣੇ ਕਿਤੋਂ ਨਾ ਕਿਤੋਂ ਜ਼ਰੂਰ ਲੈ ਆਉਂਦਾ। ਉਸ ਦਾ ਮੈਂ ਕਿਸੇ
ਵੇਲੇ ਵੀ ਖਹਿੜਾ ਨਾ ਛੱਡਦਾ। ਉਸ ਨੇ ਮੈਨੂੰ ਮੋਢੇ ਚੁੱਕ ਹਲ਼ ਵਾਹਿਆ, ਲੱਤਾਂ ਵਿੱਚ ਬਿਠਾ
ਸੁਹਾਗਾ ਫੇਰਿਆ ਤੇ ਲੰਮੀਆਂ ਵਾਟਾਂ ਮਾਰੀਆਂ। ਕਿਤੇ ਸੁੱਤਿਆਂ ਪਿਆਂ ਭਾਵੇਂ ਉਸ ਦਾ ਖਹਿੜਾ
ਛੱਡਿਆ ਹੋਏ। ਸਵੇਰੇ ਸਵੇਰੇ ਜਿੱਥੇ ਮਾਮੇ ਦੇ ਹਲ਼ ਵਗਦੇ ਹੁੰਦੇ ਬੱਲੀ ਉੱਥੇ ਨੂੰ ਭੱਜ
ਜਾਂਦਾ। ਪੈਲੀ ‘ਚ ਛਾਹ ਵੇਲਾ ਆਉਂਦਾ। ਬੱਲੀ ਨਾਨੇ ਤੇ ਮਾਮੇ ਨਾਲ ਬੈਠ ਛਾਹ ਵੇਲੇ ਦਾ ਅਨੰਦ
ਮਾਣਦਾ। ਅੰਬ ਦਾ ਆਚਾਰ, ਪਰੌਂਠੇ, ਮੱਖਣ ਤੇ ਲੱਸੀ ਤੇ ਉਹ ਵੀ ਵੱਤਰੀ ਵਾਹੀ ਤੇ ਸੁਹਾਗੀ
ਪੈਲੀ ਦੀਆਂ ਮਹਿਕਾਂ ਮਾਣਦਿਆਂ ਖਾਣਾ ਕਦੀ ਨਹੀਂ ਭੁੱਲਦਾ। ਉਹ ਨਜ਼ਾਰਾ ਕਿਸੇ ਵੀ ਸੁਰਗ
ਨਾਲੋਂ ਘੱਟ ਨਹੀਂ ਜਾਪਦਾ। ਭਰ ਜੇਠ ਦੀਆਂ ਲੋਆਂ ‘ਚ ਫਲ਼ੇ ਦੇ ਹੂੰਟੇ ਵੀ ਲਏ ਤੇ ਹੱਕੇ ਵੀ।
ਇਹ ਨਜ਼ਾਰੇ ਮਾਮੇ ਦੇ ਸਾਥ ‘ਚ ਹੀ ਮਾਣੇ। ਦਿਨ ਢਲੇ ਨਾਨੀ ਸੱਤੂ, ਗੁੜ ਘੋਲਕੇ ਛੰਨੇ ਭਰਕੇ
ਪਿਆਉਂਦੀ। ਉਹ ਵੇਲੇ ਹਾਲੀ ਤੱਕ ਨਈਂ ਭੁੱਲਦੇ। ਮਾਮੇ ਨੇ ਮੋਢੇ/ਗੋਦੀ ਚੁੱਕ ਪੈਂਡੇ ਵੀ
ਕੀਤੇ। ਦੱਸਦੇ ਹਨ ਕਿ ਇੱਕ ਵਾਰੀ ਮਾਮਾ ਗੁੰਨੇ ਤੋਂ ਆਉਂਦੇ ਨੇ ਗੱਡੀਉਂ ਉੱਤਰ ਬੱਲੀ ਨੂੰ
ਮੋਢੇ ਚੁੱਕ ਪਿੰਡ ਨੂੰ ਤੁਰ ਪਿਆ। ਰਾਹ ਵਿੱਚ ਲੋਕ ਪੁੱਛਣ: ਸਰਦਾਰਾ! ਇਸ ਨਿਆਣੇ ਦੀ ਮਾਂ ਹੈ
ਨਈਉਂ ... ਭਰਾਵਾ ਕਾਹਨੂੰ ... ਇਹ ਮੇਰਾ ਭਣੇਵਾਂ ਜੇ ... ਇਹ ਆਪਣੇ ਮਾਂ-ਪਿਉ ਕੋਲ ਨਈਂ
ਰਹਿੰਦਾ ... ਸਾਡੇ ਕੋਲ ਰਹਿੰਦਾ ਜੇ ... ।
ਬੱਲੀ ਦੇ ਨਾਨਕੇ ਦਰਮਿਆਨਾ ਜੱਟ ਪਰਿਵਾਰ ਸੀ। ਪਰਿਵਾਰ ਛੋਟਾ, ਸਾਊ ਤੇ ਅਤਿ ਦਾ ਮਿਹਨਤੀ ਸੀ।
ਕਦੀ ਵੀ ਕਿਸੇ ਪਿੰਡ ਦੇ ਝਗੜੇ-ਝੇੜੇ ਵਿੱਚ ਨਹੀਂ ਸੀ ਪੈਂਦਾ। ਵੱਡੀ ਮਾਸੀ ਬਾਲ ਕੌਰ ਬੱਲੀ
ਦੀ ਹੋਸ਼ ਸੰਭਾਲ ਤੋਂ ਢੇਰ ਚਿਰ ਪਹਿਲਾਂ ਵਿਆਹੀ ਜਾ ਚੁੱਕੀ ਸੀ। ਉਸ ਤੋਂ ਛੋਟਾ ਮਾਮਾ ਹਰਨਾਮ
ਸਿੰਘ ਤੇ ਬੱਲੀ ਦੀ ਬੀਬੀ ਹਰਨਾਮ ਕੌਰ ਸੀ। ਇਹਨਾਂ ਤੋਂ ਛੋਟਾ ਮਾਮਾ ਧਿਆਨ ਸਿੰਘ ਤੇ ਮਾਸੀ
ਕਰਤਾਰ ਕੌਰ ਸੀ।
ਮਾਮੇ, ਨਾਨੇ ਦੀ ਵਾਹੀ ਬੜੀ ਵਧੀਆ ਚੱਲਦੀ। ਦੋ ਹਲ਼ਾਂ ਦੀ ਵਾਹੀ ਵਿੱਚ ਮਾਮਾ ਤੇ ਨਾਨਾ ਸਾਰਾ
ਦਿਨ ਰੁਝੇ ਰਹਿੰਦੇ। ਘਰ ਵਿੱਚ ਦੋ ਤਿੰਨ ਲਵੇਰੀਆਂ ਹੁੰਦੀਆਂ। ਖੂਹ, ਖਰਾਸ ਜੋਣ ਵੇਲੇ ਵੀ
ਬੱਲੀ ਨਾਲ ਹੀ ਹੁੰਦਾ। ਕਦੀ ਗਾਧੀ ‘ਤੇ ਬਹਿ ਜਾਂਦਾ, ਕਦੀ ਕੋਲ ਖੇਡਦਾ ਰਹਿੰਦਾ। ਬੱਲੀ ਦੇ
ਹਾਣੀ ਬੇਲੀ ਬੁੱਢਾ ਸਿੰਘ ਦਾ ਪੋਤਾ ਬੌਲਾ, ਅੱਲਾ ਦਿੱਤੀ ਦਾ ਮੁੰਡਾ ਸਦੀਕ ਤੇ ਮਿਰਾਸਣ
ਬਰਕਤੇ ਦਾ ਰਸੂਲਾ ਹੁੰਦੇ ਸਨ। ਮਾਮਾ ਸਾਨੂੰ ਖੇਡਦਾ ਵੇਖ ਬੜਾ ਖੁਸ਼ ਹੁੰਦਾ। ਅਸੀਂ ਕੌਡੀਆਂ
ਖੇਡਣ ਦੇ ਬੜੇ ਸ਼ੌਂਕੀ ਸੀ। ਹਲ਼ ਵਾਹੁੰਦਿਆਂ ਕਦੀ ਕੋਈ ਕੌਡੀ, ਕੋਕਾ ਮਿਲ ਜਾਣਾ ਮਾਮਾ ਮੇਰੇ
ਲਈ ਸੰਭਾਲ ਲੈਂਦਾ।
ਨਾਨਾ ਤੇ ਮਾਮਾ ਪੂਰੀ ਮਿਹਨਤ ਨਾਲ ਵਾਹੀ ਕਰਦੇ। ਬੌਲਦ ਚੰਗੇ ਰੱਖਦੇ। ਛਾਹ ਵੇਲੇ ਦੀ ਰੋਟੀ
ਨਾਲ ਬੌਲਦਾਂ ਨੂੰ ਵੀ ਇੱਕ ਦੋ ਰੋਟੀਆਂ ਜ਼ਰੂਰ ਚਾਰਦੇ। ਨਾਰੋਵਾਲ ਦੀ ਮੰਡੀ ‘ਚ ਚੰਗੇ ਬੌਲਦ
ਵੇਖ ਮਾਮ ਬੜਾ ਖੁਸ਼ ਹੁੰਦਾ। ਬੱਲੀ ਦੀ ਜਿਦ ‘ਤੇ ਬੌਲਦਾਂ ਦੇ ਹਾਰ ਸਿ਼ੰਗਾਰ ਨੱਥਾਂ,
ਟੱਲੀਆਂ ਤੇ ਘੁੰਗਰੂ ਵੀ ਖ਼ਰੀਦ ਲੈਂਦਾ। ਘੁੰਗਰੂਆਂ ਵਾਲੀਆਂ ਹਰਮੇਲਾਂ ਬੱਲੀ ਹਵੇਲੀ ਨੂੰ
ਲੈਕੇ ਜਾਂਦਾ ਗਲ਼ ਪਾ ਲੈਂਦਾ। ਭੱਜਾ ਜਾਂਦਾ ਇਨ੍ਹਾਂ ਘੁੰਗਰੂਆਂ ਦਾ ਸੰਗੀਤ ਉਹਨੂੰ ਬਹੁਤਾ
ਹੀ ਪਿਆਰਾ ਲੱਗਦਾ।
ਮਾਮੇ ਦੇ ਤਾਏ ਦੇ ਪੁੱਤ ਭਰਾ ਲੰਬੜਦਾਰ ਖਜ਼ਾਨ ਸਿੰਘ ਦਾ ਭਣੇਵਾਂ ਮਹਿੰਦਰ ਵੀ ਨਿੰਦੋਕੀ
ਰਹਿੰਦਾ ਸੀ। ਬੱਲੀ ਨਾਲੋਂ ਵਾਹਵਾ ਆਕਰਾ ਸੀ। ਉਸ ਦਾ ਪਿੰਡ ਖਾਨੋਵਾਲ ਸੀ। ਮਹਿੰਦਰ ਮਖੌਲੀਆ
ਬੜਾ ਸੀ। ਇੱਕ ਵਾਰੀ ਮਾਮੇ ਨੂੰ ਕਿਸੇ ਮਜਬੂਰੀ ਵੱਸ ਚੌਥੇ ਢੱਗੇ ਦੀ ਥਾਂ ਇੱਕ ਝੋਟਾ ਜੋੜਨਾ
ਪਿਆ। ਬੀਜਾਈ ਦਾ ਜ਼ੋਰ ਸੀ। ਕੱਤੇ ਦਾ ਮਹੀਨਾ। ਜੱਟ ਮਰੀ ਮਾਂ ਨੂੰ ਵੀ ਭੜੋਲੇ ਪਾ ਛੱਡਦੇ
ਨੇ। ਅਖੇ ਕਣਕ ਬੀਜ ਕੇ ਸਾਂਭ-ਸੂਂਭ ਲਵਾਂਗੇ। ਉਨ੍ਹਾਂ ਦਿਨਾਂ ‘ਚ ਮਹਿੰਦਰ ਜਦੋਂ ਵੀ ਬੱਲੀ
ਨੂੰ ਮਿਲਦਾ ਘੇਰ ਕੇ 'ਬੱਲੀ ਕੱਟੇ ਕੁੱਟਾਂ ਦਾ' ਕਹਿਣੋ ਬਾਜ ਨਾ ਆਉਂਦਾ। ਵਿਹਲੇ ਹੋ ਜਦੋਂ
ਮਾਮੇ ਨੇ ਪਿੰਡ ਸੇਖਵਾਂ ਤੋਂ ਛੇ ਵੀਹੀਆਂ ਦਾ ਬਹੁਤ ਹੀ ਸੋਹਣਾ ਵਹਿੜਕਾ ਲਿਆਂਦਾ ਤਾਂ ਬੱਲੀ
ਨੇ ਵੀ ਕਹਿਣਾ: ਲਿਆ ਉਏ ਮਹਿੰਦਰਾ ਆਪਣਾ ਕੋਈ ਵੱਛਾ, ਢੱਗਾ ... ਕੱਢ ਇਹਦੇ ਮੁਕਾਬਲੇ ‘ਚ
... ਚੱਕਲੀ ‘ਚ ਧੁੰਨ ਦੂ ਤੁਹਾਡੇ ਬੁੱਢੇ ਢੱਗਿਆਂ ਨੂੰ ...।
ਬੌਲੇ ਯਾਰ ਦੇ ਘਰ ਦੇ ਨੇੜੇ ਹੀ ਸੁਨਿਆਰਿਆਂ ਦਾ ਘਰ ਹੁੰਦਾ ਸੀ। ਇੱਕ ਦਿਨ ਉਨ੍ਹਾਂ ਦੇ
ਕੁੜੀਆਂ ਮੁੰਡਿਆਂ ਨਾਲ ਬੱਲੀ ਹੋਰੀਂ ਵੀ ਖੇਡਣ ਲੱਗ ਪਏ। ਬੱਲੀ ਨੂੰ ਉਨ੍ਹਾਂ ਵਿੱਚੋਂ ਇੱਕ
ਕੁੜੀ ਬੜੀ ਹੀ ਸੋਹਣੀ ਲੱਗੀ। ਹੈ ਵੀ ਬਈ ਬੜੀ ਸੋਹਣੀ ਸੀ! ਗੋਰਾ ਰੰਗ, ਬਿੱਲੀਆਂ ਅੱਖਾਂ,
ਪਤਲੀ ਲਗਰ ਜਿਹੀ। ਫੁਰਤੀਲੀ ਵੀ ਬੜੀ ਸੀ। ਮੀਟੀ ਖੇਡਦਿਆਂ ਕਿਸੇ ਕੋਲੋਂ ਫੜੀ ਨਹੀਂ ਸੀ
ਜਾਂਦੀ। ਉਹਦੇ ਹੁਸਨ ਨੇ ਉਸ ਮੋਹ ਲਿਆ ਹੋਇਆ ਸੀ। ਇੱਕ ਦਿਨ ਬੱਲੀ ਨੇ ਘਰ ਆਕੇ ਮਾਮੇ ਨੂੰ
ਕਹਿ ਹੀ ਦਿੱਤਾ: ਮਾਮਾ, ਉਏ ਮਾਮਾ, ਮੈਂ ਤਾਂ ਸੁਨਿਆਰਿਆਂ ਦੀ ਜਿਹੜੀ ਬਿੱਲੀਆਂ ਅੱਖਾਂ ਵਾਲੀ
ਕਿਸ਼ਨੋ ਹੈ ਨਾ, ਉਹਦੇ ਨਾਲ ਹੀ ਵਿਆਹ ਕਰਾਉਣੈ ... ਸਾਰੇ ਹੱਸ ਪਏ ... ਬੱਲੇ ਉਏ ਆਸ਼ਕਾ
... ਉਏ ਝੱਲਿਆ ... ਸੁਨਿਆਰੇ ਤਾਂ ਬੜੇ ਡਾਢੇ ਨੀ ... ਬੜੇ ਰਾਟੀ ਖਾਂ ਨੀ ... ਬੈੜੇ ਵੀ
ਬੜੇ ਨੀ ... ਆਪ ਵੀ ਕੁੱਟ ਖਾਏਂਗਾ ਤੇ ਮੇਰੇ ਵੀ ਡਾਂਗਾਂ ਪਵਾਏਂਗਾ ... ਮੁੜ ਨਾ ਕਦੀ ਇਹ
ਗੱਲ ਕਰੀਂ। ਪਹਿਲੀ ਦੂਜੀ ‘ਚ ਪੜ੍ਹਦਾ ਬੱਚਾ ਸੀ। ਉਹ ਕੁੜੀ ਮੈਨੂੰ ਹਾਲੀ ਵੀ ਯਾਦ ਹੈ।
ਪਿੱਛੋਂ ਮਾਮਾ ਮਾਮੀ ਉਹ ਗੱਲਾਂ ਯਾਦ ਕਰਾਕੇ ਖੂਬ ਹਸਦੇ ਤੇ ਹਸਾਉਂਦੇ। ਮਾਮੀ ਕਹਿੰਦੀ: ਜਾ
ਵੇ ਭੈੜਿਆ! ਤੂੰ ਤਾਂ ਗੋਰੇ ਰੰਗ ਦਾ ਮੁੱਢ ਤੋਂ ਹੀ ਸ਼ੈਦਾਈ ਰਿਹਾ ਏਂ...। ਇਸ ਉਮਰੇ ਤਾਂ
ਬੱਲੀ ਮਾਸੀ ਤੇ ਭੈਣ ਨਾਲ ਵੀ ਵਿਆਹ ਕਰਾਉਣਾ ਲੋਚਦਾ ਹੁੰਦਾ ਸੀ। ਕਿਉਕਿ ਓਏ! ਕਿਉਂਕਿ ਉਹਨਾਂ
ਦੇ ਨੱਕ ਤਿੱਖੇ ਤੇ ਸੋਹਣੇ ਨੇ। ਵਿਆਹ ਮੌਕੇ ਹੋਰ ਕੁਛ ਨਹੀਂ ਸੀ ਮੰਗਦਾ ਹੁੰਦਾ, ਸਿਰਫ ਇੱਕ
ਢੇਰ ਹਦਵਾਣਿਆਂ ਤੇ ਇੱਕ ਢੇਰ ਜਲੇਬੀਆਂ ਦੀ ਸ਼ਰਤ ਰੱਖਦਾ ਹੁੰਦਾ।
ਪੋਹ ਮਾਘ ਦੀਆਂ ਸ਼ਾਮਾਂ ਨੂੰ ਮਾਮਾ ਗੋਦੀ ਚੁੱਕ, ਬੁੱਕਲ ਦਾ ਨਿੱਘ ਦੇਂਦਾ। ਸਿਆਲ ਦੀਆਂ
ਲੰਮੀਆਂ ਰਾਤਾਂ ਨੂੰ ਉਹਦੇ ਜਿਗਰੀ ਯਾਰਾਂ-ਬਾਸ਼ਾਂ ਦੀਆਂ ਜੁੜਦੀਆਂ ਮਹਿਫ਼ਲਾਂ ਵਿੱਚ ਬੱਲੀ
ਉਹਦੀ ਗੋਦੀ ‘ਚ ਹੁੰਦਾ। ਬੱਲੀ ਬੁੱਕਲ ‘ਚ ਬੈਠਾ ਉਹਨਾਂ ਦੀਆਂ ਗੱਲਾਂ ਸੁਣਦਾ। ਉਹ ਕਮਾਦ ਦੇ
ਝੂਰੇ ਜਾਂ ਕਪਾਹ ਦੀਆਂ ਛਿਟੀਆਂ ਦੀ ਅੱਗ ਸੇਕਦੇ। ਉਨ੍ਹਾਂ ਦੇ ਵਿਰੋਧੀਆਂ, ਦੁਸ਼ਮਣਾਂ,
ਮਿੱਤਰਾਂ ਬਾਰੇ ਕੀਤੇ ਚਰਚੇ ਹਾਲੀ ਵੀ ਬੱਲੀ ਨੂੰ ਯਾਦ ਹਨ। ਉੱਥੇ ਧੰਨੀ ਤੋ ਆਏ ਵਹਿੜਕਿਆਂ,
ਬੌਲਦਾਂ, ਘੋੜੀਆਂ, ਥਾਣੇਦਾਰਾਂ, ਸਿਪਾਹੀਆਂ, ਪਟਵਾਰੀਆਂ, ਚੋਰੀਆਂ ਡਾਕਿਆਂ, ਡਾਂਗਾਂ,
ਛਵ੍ਹੀਆਂ, ਬਲਮ੍ਹਾਂ, ਬਦਮਾਸ਼ਾਂ, ਦਸ ਨੰਬਰੀਆਂ ਦੇ ਕਾਰਨਾਮੇ, ਉਧਲੀਆਂ ਜ਼ਨਾਨੀਆਂ ਦੀਆਂ
ਗੱਲਾਂ ਦੇ ਕਿੱਸੇ ਛਿੜਦੇ। ਕਿੱਸ ਸਮੇਂ, ਕਿਹੜੀ ਥਾਂ ਤੇ ਕਿਨ੍ਹਾਂ ਦੀ ਮੌਜੂਦਗੀ ਵਿੱਚ ਕੋਈ
ਘਟਨਾ ਵਾਪਰੀ ਬੱਲੀ ਦੇ ਚੇਤੇ ਦੀ ਸਲੇਟ ਤੇ ਪੱਕੀ ਸਿਆਹੀ ਵਾਂਗ ਅਮਿਟ ਹਨ। ਢਾਣੀ ‘ਚ ਮਾਮੇ
ਦੇ ਜਿਗਰੀ ਯਾਰ ਬੁੱਢਾ ਸਿੰਘ ਦੇ ਮੁੰਡੇ ਵਿਰਸਾ ਤੇ ਲੱਭੂ, ਸਾਡਾ ਗਵਾਂਢੀ ਬੂਆ (ਬੂੜ
ਸਿੰਘ), ਅਤੇ ਇਹਨਾਂ ਨਾਲ ਹੁੰਦਾ ਇਹਨਾਂ ਦਾ ਇੱਕ ਲੰਗੋਟੀਆ ਯਾਰ ਸੰਤ ਨਾਈ ਜੋ ਪਿੰਡ ‘ਚ
ਮਖੌਲਾਂ ਕਰਕੇ ਮਸ਼ਹੂਰ ਸੀ।
ਮਾਮੇ ਦੇ ਇਸ ਅਨਿਖੜਵੇਂ ਬੱਲੀ ਦੇ ਸਾਥ ਤੇ ਡੂੰਘੇ ਪਿਆਰ ਨੇ ਉਹਦੇ ਲਈ ਮੁਸ਼ਕਲਾਂ, ਬਖੇੜੇ
ਵੀ ਬੜੇ ਖੜ੍ਹੇ ਕੀਤੇ। ਇੱਕ ਵਾਰੀ ਸਰਦੀਆਂ ‘ਚ ਬਾਰਸ਼ ਨਾ ਹੋਈ। ਕਣਕਾਂ ਨੂੰ ਪਾਣੀ ਦੀ ਸਖ਼ਤ
ਲੋੜ ਸੀ। ਖੂਹ ਦਿਨ ਰਾਤ ਵਗਦੇ। ਵਾਰੀਆਂ ਬੱਝੀਆਂ ਹੋਈਆਂ ਸਨ। ਬੁੱਢੇ ਢੋਲੇ ਵੱਲ ਮੋਨਿਆਂ ਦਾ
ਖੂਹ ਸੀ। ਉਸ ਖੂਹ ਤੋਂ ਪਾਣੀ ਦੀ ਵਾਰੀ ਤੋਂ ਕੋਈ ਝਗੜਾ ਹੋ ਗਿਆ। ਮੋਨਿਆਂ ਨੇ ਖੂਹ ਛਡਵਾ
ਦਿੱਤਾ। ਮਾਮਾ ਭਰਿਆ ਭੀਤਾ, ਗੁੱਸੇ ‘ਚ ਜੋਗ ਮੋੜ ਲਿਆ। ਆਪਣੇ ਜਿਗਰੀ ਲੰਗੋਟੀਏ ਯਾਰਾਂ ਸੰਤ
ਨਾਈ, ਬੂਅਏ, ਲੱਭੂ, ਤੇ ਵਿਰਸੇ ਨਾਲ ਰਾਤ ਦੀ ਮਹਿਫਲ ਵਿੱਚ ਗੱਲ ਕੀਤੀ। ਉੱਥੇ ਹੀ ਉਹਨਾਂ
ਗੁਪਤ ਸਕੀਮ ਬਣਾਈ। ਮੋਨਿਆਂ ਦੇ ਖੂਹ ਦੀਆਂ ਟਿੰਡਾਂ, ਪਾੜਛਾ, ਬੈੜ, ਤੇ ਕਾਂਜਣ ਆਦਿ ਨੂੰ
ਵਲ੍ਹੀਆਂ ਨਾਲ ਉਖੇੜਕੇ ਅਤੇ ਧੂਹ ਕੇ ਖੂਹ ‘ਚ ਸੁੱਟ ਦਿੱਤਾ ਜਾਏ। ਕੰਨ ਰਸ ‘ਚ ਲੀਨ ਬੱਲੀ
ਮਾਮੇ ਦੀ ਬੁੱਕਲ ‘ਚ ਸੀ। ਸਕੀਮ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਮੋਨਿਆਂ ਨੂੰ ਸੂਹ ਲੱਗ ਗਈ।
ਉਨ੍ਹਾਂ ਨੇ ਪਿੰਡ ਮਹਿਮਦ ਦੇ ਸੁਹਾਵੇ ਵਰਗੇ ਵੈਲੀ ਬੰਦੇ ਰਾਤ ਨੂੰ ਖੂਹ ਦੀ ਰਾਖੀ ਬਿਠਾਉਣੇ
ਸ਼ੁਰੂ ਕਰ ਦਿੱਤੇ। ਬੈਠੇ ਪਹਿਰੇ ਦੀ ਕਨਸੋਅ ਦੇ ਪਿੰਡ ‘ਚ ਚਰਚੇ ਛਿੜ ਪਏ। ਇਸ ਢਾਣੀ ਕੋਲ ਵੀ
ਗੱਲ ਪਹੁੰਚੀ। ਢਾਣੀ ਬੜੀ ਹੈਰਾਨ ਪਰੇਸ਼ਾਨ। ਕੀਤਾ ਵੀ ਕੁਝ ਨਹੀਂ ਤੇ ਬਦਨਾਮੀ ਐਵੈਂ ਪੱਲੇ
ਪੈ ਗਈ। ਉਹ ਇੱਕ ਦੂਜੇ ਨੂੰ ਖਾਧੀਆਂ ਸਹੁੰਆਂ ਦਾ ਹਵਾਲਾ ਦੇਕੇ ਪੁੱਛਦੇ ਦੱਸੋ ਸਾਡੇ ਕੋਲੋਂ
ਇਹ ਗੱਲ ਕਿਵੇਂ ਨਿਕਲੀ ਏ। ਸਾਡੀਆਂ ਕਸਮਾਂ ਕਿਹੜੇ ਖੂਹ-ਖਾਤੇ ਪਈਆਂ। ਹੋਰ ਕੋਈ ਕੋਲ ਨਹੀਂ
ਸੀ। ਭਲੇ ਸਮੇਂ ਤੇ ਭਲੇ ਬੰਦੇ ਸੀ। ਗੱਲ ਹਾਸੇ ‘ਚ ਪੈ ਗਈ। ਹੌਲੀ ਹੌਲੀ ਮੋਨਿਆਂ ਤੋਂ ਪਤਾ
ਲੱਗਾ ਉਨ੍ਹਾਂ ਦਾ ਸੂਹੀਆ ਤੁਹਾਡਾ ਬੱਲੀ ਸੀ। ਸਾਰੇ ਹੱਕੇ-ਬੱਕੇ ਰਹਿ ਗਏ।
ਅਸਲ ‘ਚ ਉਨ੍ਹੀਂ ਦਿਨੀਂ ਮੁੰਡੇ ਇਸਾਈਆਂ ਦੀ ਠੱਠੀ ਵਾਲੇ ਪਾਸੇ, ਪੰਜ ਪੀਰਾਂ ਕੋਲ ਖਿੱਦੋ
ਖੁੰਡੀ ਖੇਡਦੇ ਹੁੰਦੇ। ਹਨੇਰੇ ਪਏ ਜਦੋਂ ਖੇਡ ਹਟਦੇ, ਤਾਂ ਬੈਠਕੇ ਗੱਲੀਂ ਪੈ ਜਾਂਦੇ।
ਸੁਣੀਆਂ ਸੁਣਾਈ ਪਰੀ ਕਹਾਣੀਆਂ ਚੱਲ ਪੈਂਦੀਆਂ। ਬੱਲੀ ਨੂੰ ਆਪਣੇ ਭੋਲੇਪਨ ਵਿੱਚ ਇਹ ਸਾਜ਼ਸੀ
ਸਕੀਮ ਇੱਕ ਪਰੀ ਕਹਾਣੀ ਲੱਗੀ। ਉਹਨੇ ਵੀ ਸੁਣਾ ਦਿੱਤੀ। ਉਹਨੂੰ ਕੀ ਪਤਾ ਇਹ ਚੁਗਲੀ ਸੀ ਜਾਂ
ਮੁਖਬਰੀ! ਇਹ ਦੇ ਸਿੱਟੇ ਬੜੇ ਮਾੜੇ ਨਿਕਲ ਸਕਦੇ ਨੇ। ਇਹਨਾਂ ਬਾਰੇ ਬੱਲੀ ਅਸਲੋਂ ਹੀ ਅਣਜਾਣ
ਸੀ। ਇਨ੍ਹਾਂ ਮੁੰਡਿਆਂ ‘ਚ ਹੀ ਮੋਨਿਆਂ ਦਾ ਇੱਕ ਮੁੰਡਾ ਬੱਲੀ ਤੋਂ ਵਾਹਵਾ ਵੱਡਾ ਬੈਠਾ ਸੀ।
ਬੱਲੀ ਨੂੰ ਯਾਦ ਹੈ ਉਹਨੇ ਸਭ ਤੋਂ ਵਧੇਰੇ ਧਿਆਨ ਨਾਲ ਇਹ ਪਰੀ ਕਹਾਣੀ ਸੁਣੀ। ਸਵਾਲ ਵੀ
ਕੀਤੇ। ਉਸ ਦਾ ਚਿਹਰਾ ਗੰਭੀਰ ਹੋਇਆ ਮੇਰੇ ਵੱਲ ਗਹੁ ਨਾਲ ਵੇਖਦਾ ਜਿਹੜਾ ਬੱਲੀ ਨੂੰ ਹਾਲੀ ਵੀ
ਚੇਤੇ ਹੈ। ਇਸ ਤਰ੍ਹਾਂ ਵੱਡੇ ਮੋਨਿਆਂ ਤੱਕ ਗੱਲ ਪਹੁੰਚ ਗਈ। ਗੁਪਤ ਸਕੀਮ ਮਖੌਲ ਬਣ ਗਈ।
ਮਾਮੇ ਦੀ ਢਾਣੀ ਬੱਲੀ ਨੂੰ ਮਖੌਲੀਆ ਝਿੜਕਾਂ ਵੀ ਦਿੰਦੇ ਅਤੇ ਨਾਲੇ ਹੱਸਦੇ। ਬੱਲੀ ਦੇ ਮੂੰਹ
‘ਤੇ ਪਿਆਰ ਨਾਲ ਨਿੱਕੇ ਨਿੱਕੇ ਠੋਲ੍ਹੇ ਵੀ ਮਾਰਦੇ। ਕਹਿਣ: ਉਏ ਬੱਲੀ ਦੱਸ ਜ਼ਰਾ ਜਦੋਂ ਤੂੰ
ਇਹ ਗੱਲ ਦੱਸੀ ਤਾਂ ਤੈਨੂੰ ਉਨ੍ਹਾਂ ਨੇ ਕੀ ਖੁਆਇਆ ਪਿਆਇਆ। ਅੱਗੋਂ ਬੱਲੀ ਹੱਸ ਛੱਡਦਾ।
ਕਿਉਂਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਸੀ। ਉਹਦੇ ਲਈ ਇਹ ਵੀ ਕਿਹੜੀ ਏਡੀ ਗੱਲੀ ਸੀ। ਹੁਣ
ਬੜੀ ਵੱਡੀ ਲੱਗਦੀ ਹੈ। ਮੋਨਿਆਂ ਦੇ ਮੋਹਰੀ ਪਿਆਰਾ ਸਿੰਘ ਨਾਲ ਮਾਮੇ ਦੀ ਫਿਰ ਨੇੜਤਾ ਹੋ ਗਈ।
ਮਗਰੋਂ ਉਹਨਾਂ ਦੇ ਖੂਹ ‘ਤੇ ਲੱਗੇ ਵੇਲਣੇ ‘ਤੇ ਮਾਮੇ ਨੇ ਕਮਾਦ ਵੀ ਪੀੜਿਆ, ਗੁੜ ਬਣਾਇਆ।
ਠੰਡ ਤੋਂ ਬਚਣ ਲਈ ਚਿਣੀਆਂ ਗੰਨਿਆਂ ਦੀਆਂ ਭਰੀਆਂ ਵਿੱਚ ਨਾਨੇ ਨੇ ਰਾਤ ਸੌਣ ਲਈ ਗੁਫ਼ਾਨੁਮਾ
ਇੱਕ ਘੋਰਨਾ ਵੀ ਬਣਾਇਆ ਸੀ। ਉਸ ਰਾਤ ਬੱਲੀ ਨਾਨੇ ਨਾਲ ਉੱਥੇ ਹੀ ਸੁੱਤਾ ਸੀ। ਅਗਲੇ ਦਿਨ
ਸਾਰਾ ਦਿਨ ਵੇਲਣਾ ਹਿੱਕਦਾ ਰਿਹਾ, ਝੁੰਬੇ ‘ਚ ਚੂਰਾ ਝੋਕਦਾ ਰਿਹਾ, ਰਸ ਗੁੜ ਖਾਂਦਾ ਰਿਹਾ
ਅਤੇ ਦੇਰ ਰਾਤ ਨੂੰ ਕਮਾਦ ਪੀੜਨ ਦਾ ਕੰਮ ਮੁੱਕਿਆ।
ਇੱਕ ਵਾਰੀ ਵਿਸਾਖੀ ‘ਤੇ ਬਾਪ ਨਿੰਦੋਕੀ ਆਇਆ ਹੋਇਆ ਸੀ। ਵਿਸਾਖੀ ਜਾਣ ਦਾ ਪ੍ਰੋਗਰਾਮ ਸੀ।
ਵਿਸਾਖੀ ਨਾਰੋਵਾਲ ਨੇੜੇ ਖਾਨੋਵਾਲ ਦੇ ਐਨ ਮੁੱਢ ਚਿੜੀਆਂ ਦੀ ਝਿੱਗੀ ਵਿੱਚ ਲੱਗਦੀ ਹੁੰਦੀ
ਸੀ। ਮਾਮਾ ਛੇਤੀ ਛੇਤੀ ਪੱਠੇ ਦੱਥੇ ਦਾ ਕੰਮ ਮੁਕਾਉਣ ਦੇ ਆਹਰ ਵਿੱਚ ਸੀ। ਮੇਲੇ ਦੇ ਚਾਅ
ਵਿੱਚ ਬੱਲੀ ਵੀ ਤੁਰਲੇ ਵਾਲੀ ਲਾਲ ਪੱਗ ਤੇ ਬੋਸਕੀ ਦਾ ਚਾਦਰਾ ਬੰਨ੍ਹੀ ਪਿੰਡ ਦੀਆਂ ਨਿਆਈਆਂ
‘ਚ ਖਰਾਸਾਂ ਪਿੱਛੇ ਜੰਗਲ ਜਾ ਬੈਠਾ। ਪੱਠੇ ਲਈ ਆਉਂਦਾ ਮਾਮਾ ਹੈਰਾਨ ਕਿ ਇਹ ਏਨੀ ਟੌਅਰ ਵਾਲਾ
ਕਿਹੜਾ ਨਿੱਕਾ ਜਿਹਾ ਤੁਰਲੇ ਵਾਲਾ ਚੋਬਰ ਬਈਠਾ। ਨੇੜੇ ਆਕੇ ਹੱਸੀ ਜਾਵੇ ਤੇ ਨਾਲੇ ਵੇਖੀ
ਜਾਵੇ। ਉਸ ਘਰ ਆਕੇ ਸਾਰਿਆਂ ਨੂੰ ਦੱਸਿਆ। ਬੜਾ ਹਾਸਾ ਪਿਆ। ਮੋਨਿਆਂ ਵਾਲੀ ਤੇ ਤੁਰਲੇ ਵਾਲੀ
ਗੱਲ ਮਾਮਾ ਜਦੋਂ ਵੀ ਬੱਲੀ ਨੂੰ ਮਿਲਦਾ ਸਭ ਨਾਲ ਸਾਂਝੀ ਕਰ ਖੁਸ਼ ਹੁੰਦਾ। ਜੱਸ ਕੋਲ ਬੈਠੇ
ਸਾਡੇ ਸਾਂਝੇ ਮਿੱਤਰਾਂ ਜਗਤਾਰ, ਹਰਨੇਕ ਇਹ ਸੁਣਕੇ ਬੜੇ ਹੱਸਦੇ।
ਘਰ ਵਿੱਚ ਸਾਰੇ ਨਾਨੀ ਨੂੰ ਚਾਚੀ ਤੇ ਨਾਨੇ ਨੂੰ ਚਾਚਾ ਕਹਿ ਬੁਲਾਉਂਦੇ। ਨਾਨਾ ਬੇਲਾ ਸਿੰਘ
ਬਹੁਤ ਹੀ ਠੰਡੇ ਠਹਿਰੇ ਸੁਭਾਅ ਵਾਲਾ ਸੀ। ਨਾਨੇ ਦੀ ਦਾੜ੍ਹੀ ਸਾਬਤ, ਹੱਡ ਪੈਰ ਖੁੱਲ੍ਹੇ,
ਲਿਬਾਸ ਸਫੈਦ ਖੱਦਰ ਦਾ ਤੇ ਚਿੱਟੀ ਪੱਗ ਬੜੀ ਸਵਾਰ ਕੇ ਬੰਨਦਾ। ਸੇਵਾ ਮੁਕਤ ਫੌਜੀ ਲੱਗਦਾ।
ਵਾਂਢੇ ਆਉਣ ਜਾਣ ਲਈ ਵੱਖਰੇ ਚਿੱਟੇ ਲੱਠੇ ਦੇ ਕਪੜੇ ਤੇ ਵੈਲ ਦੀ ਪੱਗ ਹੁੰਦੀ। ਸਾਫ਼ ਦਿਲ
ਨਾਨਾ ਆਪਣੇ ਜਵਾਈਆਂ, ਦੋਹਤਿਆਂ ਦੀਆਂ ਗੱਲਾਂ ਸਭ ਨਾਲ ਸਾਂਝੀਆਂ ਕਰ ਖੁਸ਼ ਹੁੰਦਾ। ਜੀਵਨ
ਦੀਆਂ ਕਈ ਜੁਗਤਾਂ ਤੇ ਜਾਚਾਂ ਬੱਲੀ ਨੇ ਨਾਨੇ ਤੋਂ ਸਿੱਖੀਆਂ। ਉਹਦਾ ਇੱਕ ਅਸੂਲ ਸੀ ਕਿ ਕਦੀ
ਵੀ ਘਰ ਨੂੰ ਖਾਲੀ ਹੱਥ ਨਾ ਆਵੋ। ਉਹ ਬਹੁਤ ਹੀ ਕਿਰਸੀ, ਸੰਜਮੀ, ਮਿਹਨਤੀ ਤੇ ਸਿਰੜੀ ਜੱਟ
ਸੀ। ਬੱਲੀ ਨੇ ਕਦੀ ਵੀ ਉਹਨੂੰ ਵਿਹਲੇ ਬੈਠਿਆਂ ਨਹੀਂ ਸੀ ਵੇਖਿਆ। ਜਦੋਂ ਹੋਰ ਕੰਮ ਨਾ ਹੁੰਦਾ
ਰੱਸੇ ਵੱਟਣੇ ਸ਼ੁਰੂ ਕਰ ਦਿੰਦਾ। ਬਹੁਤਾ ਬਾਹਰ ਹਵੇਲੀ ‘ਚ ਹੀ ਰਹਿੰਦਾ। ਘਰ ਵਿੱਚ ਕੰਮ ਆਉਣ
ਵਾਲੀ ਹਰ ਫਸਲ ਬੀਜਦੇ। ਕਣਕ, ਛੋਲੇ, ਜੌਂ, ਕਪਾਹ, ਮਸਰ, ਮੋਠ, ਮੱਕੀ, ਬਾਜਰਾ, ਤਿਲ਼,
ਕੰਗਣੀ ਵਰਗੀਆਂ ਫਸਲਾਂ ਲਈ ਬੀ ਅਲੱਗ ਸਾਂਭ ਲਏ ਜਾਂਦੇ। ਮੱਕੀ ਦੀ ਰਾਖੀ ਲਈ ਪੈਲੀ ‘ਚ ਨਾਨਾ
ਮਣ੍ਹਾਂ ਬੰਨ੍ਹ ਦਿੰਦਾ। ਲਕੜਾਂ ਗੱਡਕੇ, ਉਸ ‘ਤੇ ਮੰਜੀ ਬੰਨ੍ਹ ਦਿੱਤੀ ਜਾਂਦੀ। ਇੱਕ ਪਾਸੇ
ਤੋਂ ਚੜ੍ਹਨ ਲਈ ਜੁਗਾੜਬੰਦੀ ਕਰ ਲਈ ਜਾਂਦੀ। ਉੱਚੇ ਥਾਂ ਤੋਂ ਚਿੜੀ, ਜਨੌਰਾਂ ਨੂੰ ਉਡਾਉਣ ਲਈ
ਪੀਪਾ ਖੜਕਾਇਆ ਜਾਂਦਾ, ਗੁਲੇਲਾਂ ਜਾਂ ਪਟਾਕੇ ਚਲਾਏ ਜਾਂਦੇ। ਇਸ ਮਣ੍ਹੇ ‘ਤੇ ਬੈਠਣਾ ਵੀ ਇੱਕ
ਅਨੰਦਮਈ ਅਨੁਭਵ ਸੀ। ਸਾਉਣ ਭਾਦੋਂ ਦੇ ਚਮਾਸਿਆਂ ‘ਚ ਹਵਾ ਦੇ ਬੁੱਲ੍ਹੇ ਆਉਂਦੇ। ਉਹ ਨਜ਼ਾਰਾ
ਹਾਲੀ ਤੱਕ ਨਹੀਂ ਭੁੱਲਦਾ।
ਬਾਹਰ ਨਾਨਾ ਕੁਸ਼ਲਤਾ ਨਾਲ ਖੇਤੀ ਕਰਦਾ ਅਤੇ ਘਰ ਵਿੱਚ ਨਾਨੀ ਕਮਾਲ ਦੇ ਤੌਰ ਤਰੀਕਿਆਂ ਨਾਲ
ਚੀਜ਼ਾਂ ਸੰਭਾਲਦੀ ਤੇ ਤਿਆਰ ਕਰਦੀ। ਉਹ ਵੀ ਪੂਰੀ ਰੁੱਝੀ ਰਹਿੰਦੀ। ਲਸੂੜੇ, ਅੰਬ, ਡੇਲਿਆਂ,
ਸੁਹਾਂਝਣੇ ਤੇ ਔਲੇ ਦਾ ਆਚਾਰ ਬੜੇ ਸੁਚੱਜੇ ਤਰੀਕੇ ਨਾਲ ਪਾਇਆ ਜਾਂਦਾ ਜਿਹੜਾ ਸਾਰਾ ਸਾਲ
ਵਧੀਆਂ ਰਹਿੰਦਾ। ਕਦੀ ਵੀ ਖਰਾਬ ਨਹੀਂ ਸੀ ਹੁੰਦਾ। ਨਾਨੀ ਕਈ ਵਾਰੀ ਗੁਲਕੰਦ ਵੀ ਬਣਾ ਛੱਡਦੀ।
ਦੇਸੀ ਗੁਲਾਬ ਦੇ ਫੁੱਲ ਇਕੱਠੇ ਕਰਕੇ ਵਿੱਚ ਖੰਡ ਪਾ ਗੁਲਕੰਦ ਬਣ ਜਾਂਦੀ। ਚੌਲਾਂ ਦਾ ਉਦੋਂ
ਰਿਵਾਜ ਨਹੀਂ ਸੀ। ਚੌਲਾਂ ਵਰਗੀ ਇੱਕ ਫਸਲ ਕੰਗਣੀ ਹੁੰਦੀ ਸੀ। ਕੰਗਣੀ, ਤਿਲ਼ ਤੇ ਅਲਸੀ
ਜ਼ਰੂਰ ਬੀਜੀ ਜਾਂਦੀ। ਕੰਗਣੀ ਨੂੰ ਛੱਟ ਤੇ ਬਣਾ ਸਵਾਰ ਕੇ ਖਿੱਚੜੀ ਬਣਦੀ। ਇਸ ਖਿੱਚੜੀ ਨੂੰ
ਥਾਲੀਆਂ ‘ਚ ਠੰਡਾ ਕਰਨ ਪਾ ਦਿੱਤਾ ਜਾਂਦਾ। ਤਾਜ਼ਾ ਚੋਏ ਕੱਚੇ ਦੁੱਧ ਨਾਲ ਇਹ ਖਿਚੜੀ ਖਾਧੀ
ਜਾਂਦੀ। ਸ਼ਾਮ ਨੂੰ ਭੱਠੀ ਤੋਂ ਮੱਕੀ ਤੇ ਛੋਲੇ ਭਨਾਏ ਜਾਂਦੇ। ਕਮਾਲ ਦੀਆਂ ਸਨ ਇਹ ਵਸਤੂਆਂ
ਜਿਹੜੀਆਂ ਬੱਲੀ ਬਣਦੀਆਂ ਵੀ ਵੇਖਦਾ ਰਿਹਾ ਸੀ ਤੇ ਵਰਤੀਆਂ ਜਾਂਦੀਆਂ ਵੀ ਵੇਖਦਾ ਰਿਹਾ ਸੀ।
ਉਨ੍ਹਾਂ ਚੀਜ਼ਾਂ ਦੇ ਸਵਾਦ ਵੀ ਅਭੁੱਲ ਹਨ। ਇੱਕ ਵੇਲੇ ਜੇ ਦਾਲ ਸਬਜ਼ੀ ਨਾ ਵੀ ਹੁੰਦੀ ਤਾਂ
ਆਚਾਰ ਬੜੇ ਕੰਮ ਆਉਂਦਾ।
ਬੱਲੀ ਦੀ ਬੇਬੇ ਮਾਲਣ ਜਾਂ ਮਾਲਾਂ ਦੇ ਨਾਮ ਨਾਲ ਹੀ ਜਾਣੀ ਜਾਂਦੀ। ਕੱਦ ਦਰਮਿਆਨਾ ਤੇ ਮੜੰਗਾ
ਆਪਣੇ ਭਰਾ ਸ਼ਰਮ ਸਿੰਘ ਸੇਖਵਾਂ ਵਰਗਾ। ਗੱਲ-ਬਾਤ ਬੜੇ ਸੁਲਝੇ ਤੇ ਸਹਿਜ ਸਲੀਕੇ ਨਾਲ ਕਰਦੀ।
ਬੜੀ ਸ਼ਾਂਤ ਚਿੱਤ, ਠਹਿਰੇ, ਠੰਡੇ ਤੇ ਠਰੰਮ੍ਹੇ ਵਾਲੀ ਗਹਿਰ ਗੰਭੀਰ ਔਰਤ ਸੀ। ਹੌਲੀ ਹੌਲੀ
ਤੁਰਦੀ। ਚਿੱਟੇ ਲਿਬਾਸ ਵਿੱਚ ਦੇਵੀ ਸਰੂਪ ਲੱਗਦੀ। ਮੁੰਹੋਂ ਹਮੇਸ਼ਾਂ ਹੀ ਵਾਹਿਗੁਰੂ,
ਵਾਹਿਗੁਰੂ ਜਪਦੀ ਰਹਿੰਦੀ। ਪਿੰਡ ਦੀਆਂ ਔਰਤਾਂ ਉਸ ਕੋਲੋਂ ਘਰੇਲੂ ਕੰਮਾਂ, ਮਾਮਲਿਆਂ ਬਾਰੇ
ਸਲਾਹ ਲੈਣ ਆਈਆਂ ਹੀ ਰਹਿੰਦੀਆਂ। ਉਹ ਬੱਚਿਆਂ ਤੇ ਵੱਡਿਆਂ ਦੇ ਛੋਟੇ ਮੋਟੇ ਅਹੁਰਾਂ ਲਈ ਦੇਸੀ
ਨੁਸਖੇ ਬਹੁਤ ਜਾਣਦੀ ਸੀ। ਕੁੱਕਰਿਆਂ, ਧੱਦਰ ਤੇ ਫੋੜੇ ਦਾ ਇਲਾਜ ਉਹਦਾ ਸਾਰੇ ਪਿੰਡ ਵਿੱਚ
ਮਸ਼ਹੂਰ ਸੀ। ਗਰਮੀਆਂ ‘ਚ ਮੇਰੀਆਂ ਅੱਖਾਂ ਦੁਖਣ ਲੱਗ ਜਾਂਦੀਆਂ। ਹੁਣ ਜਾਪਦੈ ਉਹ ਆਈ ਫਲੂ ਹੀ
ਹੋਵੇਗਾ। ਇਸ ਨੂੰ ਅੱਖਾਂ ਦਾ ਆਉਣਾ ਕਿਹਾ ਜਾਂਦਾ। ਦੇਸੀ ਦਵਾ ਦਾਰੂ ਕੀਤਾ ਜਾਂਦਾ। ਫਿਰ
ਛੱਪੜ ਦੇ ਪਾਣੀ ਵਿੱਚ ਸਰੋਂ ਦਾ ਤੇਲ ਪਾ ਰੰਗ ਬਰੰਗੇ ਝਮੋਲੇ ਵੇਖਣ ਲਈ ਭੇਜ ਦਿੱਤਾ ਜਾਂਦਾ।
ਬੜੀ ਡੂੰਘੀ ਅਮਲੀ ਵਿਗਿਆਨਕ ਸੂਝ ਵਾਲੀ ਔਰਤ ਸੀ।
ਇੱਕ ਘਟਨਾ ਮੇਰੇ ਚੇਤੇ ‘ਚ ਡੂੰਘੀ ਉੱਕਰੀ ਹੋਈ ਹੈ। ਬੱਲੀ ਦੇ ਯਾਰ ਬਹੁਤੇ ਸੁੰਨਤਾਂ ਵਾਲੇ
ਮੁਸਲਮਾਨ ਮੁੰਡੇ ਹੀ ਸਨ। ਉਨ੍ਹਾਂ ਨਾਲ ਖੇਡਣਾ। ਉਨ੍ਹਾਂ ਦੀ ਰੀਸੋ-ਰੀਸੀ, ਵੇਖੋ-ਵੇਖੀ ਬੱਲੀ
ਨੇ ਵੀ ਇੱਕ ਵਾਰੀ ਇੱਕ ਬਚਕਾਨੀ ਜਿਹੀ ਹਰਕਤ ਕਰ ਲਈ। ਉਨ੍ਹਾਂ ਵਰਗੀ ਸੁੰਨਤ ਬਣਾ ਲਈ। ਉਦੋਂ
ਬੱਲੀ ਮਸੀਂ ਸੱਤ ਕੁ ਸਾਲ ਦਾ ਹੋਵੇਗਾ। ਜਟਕੇ ਮਾਹੌਲ ਵਿੱਚ ਚਾਦਰ ਬੰਨਣ ਦਾ ਬੜਾ ਸ਼ੌਂਕ ਸੀ।
ਕੱਛੇ ਕਛਿਹਰੇ ਤਾਂ ਸਕੂਲ ਜਾਣ ਲੱਗੇ ਹੀ ਪਾਏ ਜਾਂਦੇ। ਸੁੰਨਤ ਕਰ, ਕਰਵਾਉਣ ਪਿੱਛੋਂ ਘਰ
ਆਇਆ। ਚੌਂਕੇ ‘ਚ ਪੈਰਾਂ ਭਾਰ ਬੈਠ ਰੋਟੀ ਖਾਣ ਲੱਗ ਪਿਆ। ਪਤਾ ਨਹੀਂ ਬੇਬੇ ਦੀ ਨਿਗਾਹ ਕਿਵੇਂ
ਬੱਲੀ ਦੇ ਚੱਡਿਆਂ ‘ਚ ਪੈ ਗਈ। ਤੋਤੀ ਦੀ ਬਚਕਾਨੀ ਬਣੀ/ਬਣਾਈ ਸੁੰਨਤ ਉਹਨੇ ਵੇਖ ਲਈ। ਹੌਲੀ
ਹੌਲੀ ਤੁਰਦੀ ਆਰਾਮ ਨਾਲ ਆਈ। ਥੋੜ੍ਹਾ ਝੁਕੀ ਤੇ ਤੋਤੀ ਦੇ ਮਾਸ ਨੂੰ ਉਹਦੀ ਕੁਦਰਤੀ ਥਾਂ ‘ਤੇ
ਮਲਕੜੇ ਜਿਹੇ ਖਿੱਚਕੇ ਕਰ ਦਿੱਤਾ। ਮੇਰਾ ਤਰਾਹ ਨਿਕਲ ਗਿਆ ਤੇ ਥੋੜ੍ਹਾ ਸ਼ਰਮਿੰਦਾ ਜਿਹਾ ਵੀ
ਹੋਇਆ। ਜਿਵੇਂ ਮਲਕੜੇ ਜਿਹੇ ਆਈ, ਓਵੇਂ ਹੀ ਮੁੜ ਗਈ। ਉਸ ਕੋਈ ਗੱਲ ਨਾ ਕੀਤੀ। ਕੋਈ ਝਿੜਕਾਂ
ਨਹੀਂ ਮਾਰੀਆਂ। ਕੋਈ ਗੁੱਸਾ ਜ਼ਾਹਰ ਨਾ ਕੀਤਾ। ਗੱਲ ਆਈ ਗਈ ਹੋ ਗਈ। ਹੁਣ ਕਈ ਵਾਰੀ ਬੜਾ
ਸੋਚਦਾ ਹਾਂ ਕਿ ਉਹ ਬੇਬੇ ਕਿੱਡੀ ਵੱਡੀ ਦਾਨਸ਼ਵਰ ਬਾਲ ਮਨੋਵਿਗਿਆਨਕ ਸੀ। ਅੱਜ-ਕੱਲ੍ਹ ਬਹੁਤੀ
ਵਾਰੀ ਬੱਚੇ ਦੀ ਕਿਸੇ ਛੋਟੀ ਜਿਹੀ ਯੋਨ ਹਰਕਤ ਦਾ ਲੋਕ ਬਤੰਗੜ ਬਣਾ ਦਿੰਦੇ ਨੇ। ਉਹ ਏਡੀ
ਸਮਝਦਾਰ ਸੀ ਕਿ ਗਰਮੀਆਂ ਦੇ ਤਿਖੜ ਦੁਪਹਿਰੇ ਬੱਲੀ ਨੂੰ ਬਾਹਰ ਜਾਣ ਤੋਂ ਰੋਕਣ ਲਈ ਘੁਮਿਆਰਾਂ
ਕੋਲੋਂ ਕਈ ਕਿਸਮ ਦੇ ਘੁੱਗੂ-ਘੋੜੇ, ਕੌਲੀਆਂ, ਕੁੱਜੀਆਂ, ਬਾਲਟੀਆਂ ਦਾ ਪ੍ਰਬੰਧ ਕਰ ਸਾਨੂੰ
ਘਰ ਵਿੱਚ ਹੀ ਖੇਡੇ ਲਾ ਰੱਖਦੀ। ਉਹ ਮੱਝਾਂ ਚੋਣ ਸਵੇਰੇ ਸ਼ਾਮ ਆਪ ਹੀ ਜਾਂਦੀ। ਕਦੀ ਕਦੀ ਨਾਲ
ਮਾਸੀ ਤਾਰੋ ਜਾਂਦੀ।
ਲੰਗਰ-ਪਾਣੀ ਟੱਬਰ ਸਾਰਾ ਹੀ ਚੌਂਕੇ ‘ਚ ਮੂਹੜਿਆਂ ਜਾਂ ਪੀੜੀਆਂ ‘ਤੇ ਬਹਿਕੇ ਖਾਂਦਾ। ਨਾਨਾ
ਤੇ ਮਾਮਾ ਬਾਹਰਲੇ ਪਾਸੇ ਦੀ ਬੰਨੀ ਨਾਲ ਢੋਅ ਲਾ ਬੈਠ ਜਾਂਦੇ। ਉਨ੍ਹਾਂ ਦੇ ਨਾਲ ਹੀ ਬੱਲੀ ਫਸ
ਬੈਠਦਾ। ਬੇਬੇ ਚੁੱਲ੍ਹੇ ਨੇੜੇ ਬੈਠੀ ਹੁੰਦੀ। ਮਾਸੀ ਤਾਰੋ ਬੇਬੇ ਦੇ ਕੋਲ ਹੀ ਬੈਠੀ ਹੁੰਦੀ।
ਮਾਮੀ ਥੋਹੜਾ ਹਟਵਾਂ ਜਿਹਾ ਘੁੰਡ ਕੱਢੀ ਬੈਠੀ ਹੁੰਦੀ। ਸਾਹਮਣੇ ਘੜਵੰਜੀ ‘ਤੇ ਪਾਣੀ ਵਾਲੇ
ਘੜੇ ਰੱਖੇ ਹੁੰਦੇ। ਰੋਟੀ ਖਾਣ ਦੇ ਨਾਲ ਨਿੱਕੀਆਂ ਮੋਟੀਆਂ ਘਰੇਲੂ ਤੇ ਖੇਤੀ ਦੀਆਂ ਗੱਲਾਂ ਤੇ
ਮਸ਼ਵਰੇ ਹੋਈ ਜਾਂਦੇ। ਬੱਲੀ ਨੂੰ ਯਾਦ ਹੈ ਜਦੋਂ ਵੱਡੀ ਮਾਸੀ ਦੀ ਲੜਕੀ ਦੀ ਸ਼ਾਦੀ ਲਈ ਨਾਨਕੀ
ਛੱਕ ਤਿਆਰ ਕਰਨ ਦੀਆਂ ਸਲਾਹਾਂ ਹੁੰਦੀਆਂ ਸਨ। ਨਾਨਕਿਆਂ ਵੱਲੋਂ ਪਹਿਲੀ ਨਾਨਕੀ ਛੱਕ ਜਾਣੀ
ਸੀ। ਕਈ ਕਿਸਮ ਦੀਆਂ ਵਿਚਾਰੀਆਂ ਹੁੰਦੀਆਂ। ਘਰੇਲੂ ਹਾਲਾਤਾਂ ਦੀ ਮਜਬੂਰੀ ਤੇ ਬੇਬਸੀ ਦੇ
ਪੱਖਾਂ ਨੂੰ ਪੂਰੀ ਦਾਨਸ਼ਮੰਦੀ ਨਾਲ ਵਿਚਾਰਿਆ ਜਾਂਦਾ। ਨਾਨਕਿਆਂ ਦਾ ਮਾਣ-ਤਾਣ ਕਿਵੇਂ ਕਾਇਮ
ਰੱਖਿਆ ਜਾਵੇ। ਜਦੋਂ ਘਰ ਕੋਈ ਪ੍ਰਾਹੁਣਾ ਆਇਆ ਹੁੰਦਾ ਤਾਂ ਦੇਰ ਰਾਤ ਤੱਕ ਗੱਲਾਂ ਹੁੰਦੀਆਂ
ਰਹਿੰਦੀਆਂ। ਉਹ ਦ੍ਰਿਸ਼ ਹੁਣ ਤੱਕ ਚੇਤਿਆਂ ਵਿੱਚ ਅਮਿੱਟ ਬਣਿਆ ਪਿਆ ਹੈ। ਅੱਜ ਦੇ ਤੇਜ਼ ਤੇ
ਭੱਜ-ਨੱਠ ਦੇ ਸਮਿਆਂ ‘ਚ ਘੱਟ ਵੱਧ ਹੀ ਟੱਬਰ ਏਦਾਂ ਇਕੱਠਾ ਬੈਠਦੈ। ਉਹ ਬੀਤੇ ਦਿਨ ਹੁਣ
ਸ਼ਾਇਦ ਹੀ ਮੁੜਨ। ਪਰ ਉਹ ਪਿਆਰ ਤੇ ਭਰਪਣ ਜ਼ਰੂਰ ਪੈਦਾ ਹੋਣੇ ਚਾਹੀਦੇ ਹਨ।
ਸਿਆਲਾਂ ‘ਚ ਅਲਸੀ, ਮੇਥਿਆਂ, ਵੇਸਣ ਤੇ ਗੁੜ ਦੀਆਂ ਪਿੰਨੀਆਂ, ਤਿਲ਼ਾਂ ਦੇ ਗੁੜ ਵਾਲੇ ਲੱਡੂ
ਬਣਦੇ। ਗੁੜ, ਘਿਉ, ਤਿਲ਼ ਤੇ ਅਲਸੀ ਘਰ ਦੀ ਹੁੰਦੀ। ਏਥੋਂ ਤੱਕ ਕਿ ਸਰੋਂ ਦਾ ਤੇਲ, ਖੱਦਰ ਦੇ
ਕਪੜੇ, ਖੇਸ ਵੀ ਘਰ ਦੀ ਕਪਾਹ ਦੇ ਬਣਾਉਣ ਦਾ ਵਰਤਾਰਾ ਸਾਰਾ ਸਾਲ ਹੀ ਚੱਲਦ ਰਹਿੰਦਾ। ਘਰ ਦੇ
ਬਣਾਏ ਸ਼ੱਕਰ ਗੁੜ ਦੇ ਨਾਲ ਕੱਕੋਂ ਵੀ ਬਣਾਈ ਜਾਂਦੀ। ਨਾਨਾ ਇਨ੍ਹਾਂ ਨੂੰ ਬਣਾਉਣ ਦਾ ਚੰਗਾ
ਕਸਬੀ ਸੀ। ਅੱਗੇ ਬੇਬੇ ਦੀ ਸੰਭਾਲ ਬੜੀ ਵਧੀਆ ਸੀ। ਹੁਨਾਲ ਵਿੱਚ ਘਰ ਦੇ ਜੌਂਅਵਾਂ ਦੇ ਸੱਤੂ
ਬਣਾਏ ਜਾਂਦੇ। ਕਪਾਹ ਨੂੰ ਫੰਡ ਸੁਕਾ ਕਿ ਵੇਲਣੇ ਨਾਲ ਵੜੇਵਿਆਂ ਨਾਲੋਂ ਅੱਡ ਕੀਤਾ ਜਾਂਦਾ।
ਪੇਂਜਿਆਂ ਕੋਲੋਂ ਰੁੰ ਪੰਜਾਇਆ ਜਾਂਦਾ। ਰਜਾਈਆਂ, ਸਰਹਾਣੇ ਭਰਾਏ ਜਾਂਦੇ। ਖੱਦਰ ਦਾ ਕਪੜਾ,
ਖੇਸ, ਦੋਤਿਹੀਆਂ, ਪੰਡਾਂ ਬੰਨਣ ਵਾਲੇ ਭਾਰੇ ਖੇਸ ਬਣਾਏ ਜਾਂਦੇ। ਖੱਦਰ ਦੇ ਕਪੜੇ ਦੇ ਤੇੜ
ਬੰਨਣ ਵਾਲੇ ਚਾਦਰੇ, ਬੁੱਕਲ਼ ਮਾਰਨ ਵਾਲੀਆਂ ਚਾਦਰਾਂ, ਪਰਨੇ ਬਣਾਏ ਜਾਂਦੇ ਅਤੇ ਕੁੜਤੇ
ਸਿਵਾਏ ਜਾਂਦੇ। ਇੱਥੋਂ ਤੱਕ ਕਿ ਕਪੜਾ ਰੰਗਕੇ ਉਸ ‘ਤੇ ਫੁੱਲ, ਬੂਟੇ ਤੇ ਡਿਜ਼ਾਇਨ ਪਵਾ
ਰਜਾਈਆਂ ਬਣਾਈਆਂ ਜਾਂਦੀਆਂ। ਚਰਖ਼ੇ ਕੱਤੇ ਜਾਂਦੇ, ਕੱਤੀਆਂ ਛੱਲੀਆਂ ਨੂੰ ਅਟੇਰਨੇ ਨਾਲ
ਅਟੇਰਿਆ ਜਾਂਦਾ। ਧਾਗੇ ਦੇ ਬਣੇ ਗੋਲਿਆਂ ਨੂੰ ਕਈ ਵਾਰੀ ਬੱਲੀ ਖਿੱਦੋ-ਖੁੰਡੀ ਖੇਡਣ ਲਈ
ਖਿਸਕਾ ਲਿਜਾਂਦਾ। ਪਰ ਉਸ ‘ਤੇ ਪਿੜੀਆਂ ਪਵਾ ਲਈਆਂ ਜਾਂਦੀਆਂ। ਸਰੋਂ ਤੇ ਤਿਲ਼ਾਂ ਦਾ ਤੇਲ
ਤੇਲੀ ਕੋਲੋਂ ਕਢਾ ਘਰ ਵਿੱਚ ਸਾਂਭ ਰੱਖਿਆ ਜਾਂਦਾ ਅਤੇ ਸਾਰਾ ਸਾਲ ਵਰਤਿਆ ਜਾਂਦਾ। ਕੱਤਣ
ਪਰੋਨ ਅਤੇ ਅਟੇਰਨ ‘ਚ ਬੇਬੇ, ਮਾਮੀ ਤੇ ਤਾਰੋ ਮਾਸੀ ਸਾਰਾ ਸਾਲ ਲੱਗੀਆਂ ਰਹਿੰਦੀਆਂ। ਪੋਹ
ਮਾਘ ਦੀਆਂ ਰਾਤਾਂ ਵਿੱਚ ਤ੍ਰਿੰਜਣ ਬੈਠਦੇ। ਕੁੜੀਆਂ ਪੂਣੀਆਂ ਦੇ ਛੋਪੇ ਪਾ ਜਿਦ ਜਿਦ ਕੇ
ਕੱਤਦੀਆਂ ਤੇ ਗਾਉਂਦੀਆਂ। ਇਸ ਤਰ੍ਹਾਂ ਘਰ ਦੀ ਹਰ ਲੋੜ ਖੇਤੀ ਤੋਂ ਪੈਦਾ ਕੀਤੀ ਜਾਂਦੀ।
ਮੋਚੀ, ਤੇਲੀ, ਪੇਂਜੇ ਤੇ ਜੁਲਾਹੇ ਪਿੰਡ ‘ਚ ਹੀ ਹੁੰਦੇ। ਘਰ ਤੇ ਪਿੰਡ ਛੋਟੇ ਆਜ਼ਾਦ ਗਣਤੰਤਰ
ਲੱਗਦੇ। ਕੇਵਲ ਨਮਕ ਤੇ ਮਾਚਸ ਹੀ ਹੱਟੀ ਤੋਂ ਖ਼ਰੀਦੀ ਜਾਂਦੀ। ਕਈ ਘਰਾਂ ਵਾਲੇ ਹਲਦੀ ਵੀ
ਆਪਣੀ ਹੀ ਪੈਦਾ ਕਰ ਲੈਂਦੇ। ਏਥੋਂ ਤੱਕ ਕਿ ਖੱਲ ਦੀਆਂ ਜੁੱਤੀਆਂ ਬਣਾਉਣ ਵਾਲਾ ਮੋਚੀ ਵੀ
ਪਿੰਡ ‘ਚ ਹੁੰਦਾ ਸੀ।
ਮਾਸੀ ਤਾਰੋ ਬੱਲੀ ਦੇ ਕਪੜੇ ਲੱਤੇ ਤੇ ਉਸ ਨੂੰ ਸਕੂ਼ਲ ਭੇਜਣ ਦੇ ਕਾਰਜ ਨਿਭਾਉਂਦੀ। ਉਦੋਂ
ਕੇਸ ਧੋਣ, ਵਾਹੁਣ ਤੇ ਜੂੜੇ ਕਰਨ ਦਾ ਕੰਮ ਹਫਤੇ ‘ਚ ਸਿਰਫ ਐਤਵਾਰ ਨੂੰ ਹੀ ਕੀਤਾ ਜਾਂਦਾ।
ਅੱਜ ਵਾਂਗ ਹਰ ਰੋਜ਼ ਨਹੀਂ। ਖੂਹ ਤੋਂ ਨਹਾ ਕੇ ਆਉਣਾ, ਰੋਟੀ ਖਾਣੀ ਬਸਤਾ, ਫੱਟੀ ਚੁੱਕ ਸਕੂਲ
ਨੂੰ ਭੱਜ ਜਾਣਾ। ਛਪੜਾਂ ਵਿੱਚ ਛਾਲਾਂ ਮਾਰਨੀਆਂ, ਸਿਰ ਦੇ ਵਾਲ ਗਿੱਲੇ ਤੇ ਕਈ ਕਈ ਦਿਨ ਬੱਝੇ
ਰਹਿੰਦੇ। ਰਹਿੰਦੀ ਕਸਰ ਮੱਝਾਂ ਦੀ ਸਵਾਰੀ ਕੱਢ ਦਿੰਦੀ। ਬੱਲੀ ਦੇ ਸਿਰ ਜੂਆਂ ਪੈ ਜਾਂਦੀਆਂ।
ਸਿਰ ਨਹਾ ਬੱਲੀ ਬਾਹਰ ਖੇਡਣ ਭੱਜ ਜਾਂਦਾ। ਘਰ ਆਵੇ ਤਾਂ ਸਿਰ ਵਾਹਿਆ ਤੇ ਸਾਫ ਕੀਤਾ ਜਾਵੇ।
ਯਾਦ ਹੈ ਮਾਸੀ ਇੱਕ ਆਨਾ ਦੇਣ ਦਾ ਲਾਲਚ ਦੇ ਬੱਲੀ ਨੂੰ ਬਿਠਾ ਲੈਂਦੀ। ਸਿਰ ਨੂੰ ਵਾਹੁੰਦੀ,
ਜੂੰਆਂ ਕੱਢਦੀ ਤੇ ਪਰਾਂਦੀਆਂ ਪਾ ਬੜਾ ਸੋਹਣਾ ਮੀਡੀਆਂ ਵਾਲਾ ਜੂੜਾ ਕਰ ਦਿੰਦੀ। ਉਹਦੀ ਇਸ
ਦੇਣ ਨੂੰ ਬੱਲੀ ਹਮੇਸ਼ਾਂ ਹੀ ਆਪਣੇ ਚੇਤਿਆਂ ‘ਚ ਜੜੀ ਰੱਖਦੈ। ਵੱਡੇ ਹੋਇਆਂ ਜਦੋਂ ਵੀ ਮਾਸੀ
ਮਿਲਦੀ ਇਹ ਗੱਲਾਂ ਯਾਦ ਕਰਾਉਂਦੀ ਅਤੇ ਬੜੇ ਮੋਹ ਪਿਆਰ ਨਾਲ ਮਖੌਲ ਕਰਦੀ। ਕਦੀ ਹੱਸਕੇ ਯਾਦ
ਕਰਾਉਂਦੀ: ਵੇ ਦੱਸ ਤੂੰ ਤਾਂ ਕਹਿੰਦਾ ਹੁੰਦਾ ਸੀ ਕਿ ਮਾਸੀ ਦਾ ਨੱਕ ਤਿੱਖਾ ਏ, ਇਹਦੇ ਨਾਲ
ਵਿਆਹ ਕਰਾਉਣੈ। ਹੁਣ ਵਿਆਹ ਕਰਾਉਣ ਵੇਲੇ ਭੁੱਲ ਈ ਗਿਆਂ। ਬੱਲੀ ਨੇ ਅੱਗੋਂ ਹੱਸਕੇ ਕਹਿਣਾ
ਮਾਸੀ ਹੁਣ ਅਕਲ ਆ ਗਈ ਹੋਈ ਹੈ, ਅਤੇ ਨਾਲੇ ਤੂੰ ਤਾਂ ਉਦੋਂ ਵਿਆਹੀ ਜਾ ਚੁੱਕੀ ਹੋਈ ਸੀ। ਦੱਸ
ਮੈਂ ਕੀ ਕਰਦਾ। ਇਹ ਗੱਲਾਂ ਕਰਦਿਆਂ ਨਾਨਕਾ ਘਰ ਦੀਆਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆਂ।
ਸਾਡੇ ਦੋਹਾਂ ਦੇ ਬੱਚੇ ਇਹ ਗੱਲਾਂ ਸੁਣ ਸੁਣ ਬੜੇ ਹੱਸਦੇ ਤੇ ਖੁਸ਼ ਹੁੰਦੇ।
ਨਾਨੇ ਦੇ ਭੋਗ ਸਮੇਂ ਮਾਮੇ ਨੇ ਬੜਾ ਦੁੱਖ ਤੇ ਵਿਛੋੜਾ ਮਹਿਸੂਸ ਕੀਤਾ। ਮੇਰਾ ਚਾਚਾ ਨਹੀਂ ਜੇ
ਮਰਿਆ ਉਏ ਲੋਕੋ। ਮੇਰੀ ਵਾਹੀ ਦਾ ਰਹਿਬਰ, ਸਾਥੀ, ਪਹਿਰੇਦਾਰ ਤੇ ਮਾਹਰ ਤੁਰ ਗਿਐ। ਕੋਲ ਪਈ
ਚਾਚੇ ਦੀ ਨਵੀਂ ਡੰਗੋਰੀ ਨੂੰ ਵੇਖ ਵੇਖ ਰੋਈ ਜਾਵੇ ਤੇ ਕਹੇ: ਵੇਖੋ ਉਏ ਲੋਕੋ! ਆਹ ਡੰਗੋਰੀ
ਚਾਚੇ ਨੇ ਆਪ ਹੀ ਨਵੀਂ ਬਣਾਈ ਸੀ ... ਇਸ ਨੂੰ ਚਾਚਾ ਉਏ ... ਤੇਰੇ ਹੱਥਾਂ ਦਾ ਥਿੰਦਾ ਵੀ
ਹਾਲੀ ਨਹੀਂ ਲੱਗਾ ... ਵੇਖੋ ਓਏ! ... ਇਹਦੇ ਹੇਠਲੇ ਪਾਸੇ ਨੂੰ ਹਾਲੀ ਕੋਈ ਘਾਸੀ ਹੀ ਨਹੀਂ
ਪਈ ਜੇ ...। ਕੋਲ ਬੈਠੇ ਬੰਦੇ ਧਰਵਾਸ ਦਿੰਦੇ। ਕਹਿੰਦੇ: ਇਸ ਡੰਗੋਰੀ ਦੀਆਂ ਪਾਈਆਂ ਪੈੜਾਂ
‘ਤੇ ਹੀ ਤੂੰ ਜਿ਼ੰਦਗੀ ਦਾ ਬਾਕੀ ਪੰਧ ਨਿਬੇੜਨੈ।
ਵੱਡੀ ਮਾਮੀ ਚੁੱਪ-ਚਾਪ ਘਰ ਦੇ ਕੰਮ ਲੱਗੀ ਰਹਿੰਦੀ। ਕਦੀ ਬਹੁਤਾ ਬੋਲਦੀ ਨਹੀਂ ਸੀ। ਆਈਆਂ
ਨਣਾਨਾਂ ਦੀ ਬੜੀ ਸੇਵਾ ਕਰਦੀ। ਘਰ ਦਾ ਹਰ ਕੰਮ ਬਿਨਾਂ ਕਹੇ ਕਰੀ ਜਾਂਦੀ। ਘਰਾਂ ਵਿੱਚ ਨਲਕੇ
ਤਾਂ ਹੁੰਦੇ ਨਹੀਂ ਸਨ। ਪਾਣੀ ਘੜਿਆਂ ਵਿੱਚ ਬਾਹਰੋਂ ਖੂਹੀ ਤੋਂ ਹੀ ਲਿਆਉਣਾ ਪੈਂਦਾ। ਮਾਸੀ
ਤਾਰੋ ਤੇ ਮਾਮੀ ਢਾਕਾਂ ‘ਤੇ ਰੱਖ ਘੜੇ ਚੁੱਕ ਲਿਆਉਂਦੀਆਂ। ਮਾਮੀ ਕੋਰੀ ਅਨਪੜ੍ਹ ਤੇ ਭੋਲੀ
ਭਾਲੀ ਔਰਤ ਸੀ। ਇੱਕ ਵਾਰੀ ਨਾਨੀ ਨੇ ਮੇਰੇ ਕਾਇਦੇ ਨੂੰ ਸਿਉਣ ਲਈ ਉਹਨੂੰ ਫੜਾ ਦਿੱਤਾ।
ਖੁੱਲ੍ਹੇ ਵਰਕਿਆਂ ਵਾਲੇ ਪਾਸਿਉਂ ਹੀ ਸੀਨ ਮਾਰ ਦਿੱਤੀ। ਉਹ ਖੁੱਲ੍ਹੇ ਨਾ। ਬੇਬੇ ਵੇਖਕੇ
ਕਿਹਾ: ਜਾਹ ਨੀ ਤੇਜੋ! ਤੈਨੂੰ ਤਾਂ ਉੱਕਾ ਹੀ ਪਤਾ ਨਹੀਂ ...। ਮਾਮਾ ਵੀ ਹੱਸ ਪਿਆ। ਹਰਖ਼ਕੇ
ਮਾਮੀ ਬੋਲ ਪਈ: ਤੈਨੂੰ ਕਿਹੜੇ ਭਾਈਏ ਦੇ ਲਿਆਂਦੇ ਬੂਟਾਂ ਦੇ ਤਸਮੇ ਬੰਨ੍ਹਣੇ ਆਏ ਸੀ। ਅਸਲ
ਵਿੱਚ ਸਿਆਲ ‘ਚ ਮਾਮੇ ਦੇ ਪੈਰਾਂ ਦੀਆਂ ਬਿਆਈ ਬਹੁਤ ਪਾਟ ਜਾਂਦੀਆਂ ਸਨ। ਬਾਪ ਨੇ ਬੂਟ
ਦਿੱਤੇ। ਇਨ੍ਹਾਂ ਨਾਲ ਆਰਾਮ ਰਹੇਗਾ। ਪਰ ਮਾਮੇ ਕੋਲੋਂ ਬੂਟਾਂ ਦੇ ਤਸਮੇ ਨਾ ਬੱਝਣ। ਜੱਟ ਕੀ
ਜਾਣਨ ਤਸਮਈ ਦਾ ਭਾਅ ... ਉਹ ਕੀ ਜਾਣਨ ਤਸਮੇ ਕਿਵੇਂ ਬੰਨਣ੍ਹੇ ਨੇ... । ਸਾਰੇ ਘਰ ਵਿੱਚ
ਚੰਗੀ ਹਾਸੜ ਮੱਚੀ। ਏਥੋਂ ਤੱਕ ਕਿ ਉਦੋਂ ਜੱਟ ਕਿਸਾਨਾਂ ਨੂੰ ਨਾਲਾ ਵੀ ਬੰਨਣਾ ਨਹੀਂ ਸੀ
ਆਉਂਦਾ। ਚਾਦਰ ਤੇ ਪਰਨਾ ਹੀ ਬੰਨ੍ਹਦੇ। ਇੱਕ ਵਾਰੀ ਮਾਮੇ ਦੇ ਯਾਰ ਲੱਭੂ ਤੇ ਵਿਰਸਾ ਹਲ਼ ਵਾਹ
ਰਹੇ ਸਨ। ਗਰਮੀਆਂ ਦੇ ਦਿਨ ਸਨ। ਤੇੜ ਸਿਰਫ ਪਰਨਾ ਹੀ ਬੰਨਿਆਂ ਹੋਇਆ ਸੀ। ਢੱਗੇ ਕਿਤੇ ਡਰਕੇ
ਭੱਜ ਪਏ। ਕਿਤੇ ਫਾਲੇ ਨਾ ਜਾਣ ਲੱਭੂ ਵੀ ਮਗਰੇ ਭੱਜ ਤੁਰਿਆ। ਪਰਨੇ ਦੀ ਗੰਢ ਖੁੱਲ੍ਹ ਗਈ।
ਪੂਰਾ ਨੰਗਾ ਹੋ ਗਿਆ। ਹੁਣ ਨੰਗੇਜ ਢੱਕੇ ਕਿ ਬੌਲਦਾਂ ਨੂੰ ਰੋਕੇ। ਆਪ ਹੀ ਦਸਿਆ ਕਰੇ ਤੇ
ਹੱਸਿਆ ਕਰੇ।
ਪਿੰਡਾਂ ਵਿੱਚ ਦਿਉਰ ਭਰਜਾਈ ਦੇ ਮਖੌਲ ਵੀ ਜੱਟਾਂ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦੇ ਨੇ।
ਗੁਆਂਢ ਵਿੱਚ ਰਹਿੰਦੇ ਮਾਮੇ ਬੰਤਾ ਸਿੰਘ ਦੀ ਘਰਵਾਲੀ ਮਾਮੇ ਦੀ ਭਾਬੀ ਲੱਗਦੀ ਸੀ। ਮਾਮਾ ਤਾਂ
ਚੰਗਾ ਲੰਬਾ ਉੱਚਾ ਜਵਾਨ ਸੀ। ਪਰ ਉਹਦੀ ਘਰ ਵਾਲੀ ਦਾ ਕੱਦ ਮਧਰਾ ਸੀ। ਉਸਦੇ ਸੱਤ ਅੱਠ
ਕੁੜੀਆਂ ਮੁੰਡੇ ਸਨ। ਮੀਂਹ ਆਏ ਤੋਂ ਕੋਠੇ ਤੋਂ ਸੁੱਤ-ਉਨੀਂਦੇ ਬੱਚਿਆਂ ਨੂੰ ਲੱਕੜ ਦੀ
ਡੰਡਿਆਂ ਵਾਲੀ ਪੌੜੀ ਤੋਂ ਉਤਾਰਨਾ ਕਿਹੜਾ ਸੌਖਾ ਹੁੰਦਾ। ਫਿਰ ਬੱਚੇ ਨੀਂਦ ‘ਚੋਂ ਉੱਠਦੇ
ਕਿਹੜੇ ਛੇਤੀ ਸਨ। ਕੋਠੇ ਤੇ ਚੀਕ ਚਿਹਾੜਾ ਮੱਚ ਜਾਂਦਾ। ਨਾਲ ਦੇ ਕੋਠੇ ਤੋਂ ਮਾਮਾ ਕਹਿੰਦਾ:
ਭਾਬੀ ਕੋਠੇ ‘ਤੇ ਝਾੜੂ ਮਾਰ ਲਈਂ, ਵੇਖੀਂ ਕੋਈ ਉੱਤੇ ਹੀ ਨਾ ਰਹਿ ਜਾਵੇ। ਰਾਤੀਂ ਸੌਣ
ਲੱਗਿਆਂ ਕਹਿ ਦੇਣਾ ਗਿਣਤੀ ਕਰ ਲਈਂ ਭਾਬੀ। ਕੋਈ ਥੱਲੇ ਈ ਨਾ ਰਹਿ ਜਾਏ।
ਮੱਧ ਸ਼੍ਰੇਣੀ ਦੇ ਕਿਸਾਨ ਨਾਨਕਾ ਪਰਿਵਾਰ ਦੀਆਂ ਸੀਮਾਵਾਂ ਦੇ ਬਾਵਜੂਦ ਵੀ ਆਏ ਗਏ
ਪ੍ਰਾਹੁਣਿਆਂ ਤੇ ਜਵਾਈਆਂ ਦੀ ਪ੍ਰਾਹੁਣਾਚਾਰੀ ਬੜੀ ਵਧੀਆ ਕੀਤੀ ਜਾਂਦੀ। ਬੇਬੇ ਘਰ ਵਿੱਚ
ਪੀਸੀ ਹੋਈ ਖੰਡ ਤੇ ਸ਼ੱਕਰ ਹਮੇਸ਼ਾਂ ਰੱਖਦੀ। ਘਰ ਵਿੱਚ ਕੱਕੋਂ ਦਾ ਕੁੱਝਾ ਵੀ ਅਕਸਰ ਹੁੰਦਾ।
ਮੱਖਣ, ਘਿਉ ਘਰ ਦਾ ਹੀ ਬਥੇਰਾ ਹੁੰਦਾ। ਰੋਟੀ ਵਧੀਆ ਸਲੀਕੇ ਨਾਲ ਖਵਾਈ ਜਾਂਦੀ। ਮੰਜੀ ਅੱਗੇ
ਇੱਕ ਉੱਚੇ ਜਿਹੇ ਖੋਖੇ ਜਾਂ ਪੀਪੇ ‘ਤੇ ਸਫੈਦ ਕੱਪੜਾ ਵਿਛਾ ਲਿਆ ਜਾਂਦਾ। ਇੱਕ ਛੋਟਾ ਜਿਹਾ
ਮੇਜ਼ ਬਣ ਜਾਂਦਾ। ਇਹ ਵਰਤਾਰਾ ਬੱਲੀ ਪਰਿਵਾਰ ‘ਚ ਵੇਖਦਾ ਹੁੰਦਾ ਸੀ। ਬੇਬੇ, ਨਾਨਾ ਜਵਾਈਆਂ
ਕੋਲ ਬੈਠ ਦੇਰ ਰਾਤ ਤੱਕ ਲੰਮੀਆਂ ਸੋਚ ਵਿਚਾਰਾਂ ਕਰਦੇ। ਵਿਚਕਾਰਲੀ ਬੀਬੀ ਹਰਨਾਮ ਕੌਰ (ਬੱਲੀ
ਦੀ ਬੀਬੀ) ਦਾ ਵਿਚੋਲਾ ਵੱਡਾ ਜਵਾਈ ਬਣਿਆ ਅਤੇ ਅੱਗੋਂ ਮਾਸੀ ਤਾਰੋ ਦਾ ਵਿਚੋਲਾ ਬੱਲੀ ਦਾ
ਬਾਪ ਬਣਿਆ। ਉਹ ਸਾਡੇ ਪਿੰਡ ਗੁੰਨਾਂਕਲਾਂ ਦੇ ਨੇੜਲੇ ਪਿੰਡ ਭਰੋਕਿਆਂ ਮੰਗੀ ਗਈ ਸੀ। ਬੇਬੇ
ਦਾ ਸਾਰੇ ਪਿੰਡ ਤੇ ਰਿਸ਼ਤੇਦਾਰਾਂ ਵਿੱਚ ਪੂਰਾ ਇਜ਼ਤ ਮਾਣ ਸੀ। ਨਾਨਾ ਤੇ ਬੇਬੇ ਵੀ ਬੜੇ
ਦਾਨਿਸ਼ਵਰ ਸਨ। ਜਦੋਂ ਬੱਲੀ ਦੇ ਬਾਪ ਕੋਲ ਵਾਹਵਾ ਪੈਸੇ ਸਨ, ਉਦੋਂ ਨਾਨੇ ਤੇ ਬੇਬੇ ਨੇ ਸਲਾਹ
ਦੇਕੇ ਭੋਇਂ ਲੈਣ ਦੀ ਸਲਾਹ ਦਿੱਤੀ। ਤਾਂ ਹੀ ਉਨ੍ਹੇ ਭਰੋਕਿਆਂ ਦੀ ਗੁੰਨੇ ਦੀ ਹੱਦ ਨਾਲ
ਲੱਗਦੀ ਜ਼ਮੀਨ ਦੇ 32 ਕਿੱਲੇ ਖ਼ਰੀਦੇ। ਇੱਕ ਵਾਰੀ ਜਦੋਂ ਬਾਪ ਨੂੰ ਦੂਜੀ ਵੱਡੀ ਜੰਗ ਸਮੇਂ
ਦੁਬਾਰ ਫੌਜ ਵਿੱਚ ਜਾਣਾ ਪਿਆ, ਉਦੋਂ ਇਸ ਜ਼ਮੀਨ ਦੀ ਸਾਂਭ ਸੰਭਾਲ ਨਾਨੇ ਨੇ ਹੀ ਕੀਤੀ ਸੀ।
ਸੱਤਰਵਿਆਂ ਵਿੱਚ ਮਾਮਾ ਇੱਕ ਵਾਰੀ ਆਪਣੇ ਵੱਡੇ ਮੁੰਡੇ ਜੱਸ (ਪ੍ਰੋਫੈਸਰ ਜਸਵੰਤ ਸਿੰਘ ਗਿੱਲ)
ਨਾਲ ਸੁਧਾਰ ਬੱਲੀ ਨੂੰ ਮਿਲਣ ਆਇਆ। ਉਸ ਗੱਲਾਂ ਸੁਣੀਆਂ ਹੋਈਆਂ ਸਨ ਕਿ ੳਹਦਾ ਬੱਲੀ
ਅੱਜ-ਕੱਲ੍ਹ ਸੁਧਾਰ ਦੇ ਬੀ.ਐੱਡ. ਕਾਲਜ ਵਿੱਚ ਪ੍ਰਿੰਸੀਪਲ ਬਣ ਗਿਆ ਹੋਇਆ ਹੈ। ਜੱਸ ਨੇ ਗੇਟ
‘ਤੇ ਖਲੋਤੇ ਚੌਕੀਦਾਰ ਨੂੰ ਪੁੱਛਿਆ: ਬਾਜਵਾ ਸਾਹਿਬ ਘਰ ਹੀ ਨੇ। ਮਾਮਾ ਨਾਲੇ ਜੱਸ ਨਾਲ
ਤੁਰਿਆ ਆਵੇ, ਨਾਲੇ ਮਨ-ਬਚਨੀ ਕਰੀ ਜਾਵੇ: ਬਾਜਵਾ ਸਾਹਿਬ, ਉਏ ਬਾਜਵਾ, ਕਹੋ ਬਲਕਾਰ, ਮੇਰਾ
ਬੱਲੀ, ਜਿਹਨੂੰ ਮੈਂ ਮੋਢੇ ‘ਤੇ ਚੁੱਕ ਹਲ਼ ਵਾਹਿਆ ... ਗੋਦੀ ਚੁੱਕ ਲੰਮੀਆਂ ਵਾਟਾਂ ਮਾਰੀਆਂ
... ਉਏ ਬਾਲੋ ਸ਼ਾਹਣੀ ਦਾ ਚੋਰ ਸੀ ਬੱਲੀ ...। ਘਰ ਆਕੇ ਮਾਮਾ ਬੱਲੀ ਨੂੰ ਕੋਲ ਬਿਠਾਕੇ
ਪਲੋਸੀ ਜਾਏ। ਲਾਡ ਮੋਹ ਨਾਲ ਕਦੀ ਮੋਢਿਆਂ ‘ਤੇ ਅਤੇ ਕਦੀ ਪਿੱਠ ‘ਤੇ ਹੱਥ ਫੇਰੀ ਜਾਏ। ਕਹੇ:
ਜਾਉ ਓਏ ਝੱਲਿਉ ਜਿਹੋ ... ਇਹ ਤਾਂ ਮੇਰਾ ਬਲਕਾਰ ਏ ... ਬਾਜਵਾ ਸਾਹਿਬ ਹੋਏਂਗਾ ਇਹਨਾਂ ਦਾ
... ਮੇਰਾ ਪ੍ਰਿੰਸੀਪਲ ਕੋਈ ਨਈਂ ਜੇ ... । ਪੂਰੇ ਫਖ਼ਰ ਤੇ ਖੁਸ਼ੀ ਨਾਲ ਖੀਵਾ ਹੋਇਆ
ਪ੍ਰਤੀਤ ਹੋਏ।
ਆਖਿਰ ਉਮਰ ਦੇ 82 ਵਰ੍ਹੇ ਹੰਢਾ ਮਾਮਾ ਜੁਲਾਈ 1987 ਵਿੱਚ ਪੂਰੇ ਪਰਿਵਾਰ ਨੂੰ ਸਦੀਵੀ
ਵਿਛੋੜਾ ਦੇ ਗਿਆ। ਉਨ੍ਹਾਂ ਦੀ ਨੇਕ ਦਸਾਂ ਨਹੁਾਂ ਦੀ ਕਮਾਈ ਨੂੰ ਚੰਗੇ ਭਾਗ ਲੱਗੇ ਹਨ ਜਿਹੜੀ
ਪਰਿਵਾਰਕ ਪ੍ਰਾਪਤੀ ‘ਚੋਂ ਸਾਫ਼ ਲਿਸ਼ਕਾਂ ਮਾਰ ਰਹੀ ਹੈ। ਮਹਾਨ ਏ ਉਏ ਲੰਮੀਆਂ ਵਾਟਾਂ ਦਾ
ਰਾਹੀ, ਮੇਰਾ ਮਾਮਾ! ... ਤੂੰ ਮਾਮਾ ਮੈਨੂੰ ਕਦੀ ਨਹੀਓੁਂ ਭੁੱਲਦਾ ... ਤਾ ਜਿ਼ੰਦਗੀ ਮੇਰੇ
ਚੇਤਿਆਂ ‘ਚ ਛਾਇਆ ਰਹੇਗਾ ਮੇਰਾ ਉਹ ਮਾਮਾ ... !
ਗਿੱਲ ਸੁਰਜੀਤ ਦੇ ਗੀਤ 'ਬਚਪਨ' ਦੀਆਂ ਇਨ੍ਹਾਂ ਸੱਤਰਾਂ ਨਾਲ ਇਸ ਲੇਖ ਨੂੰ ਸਮਾਪਤ ਕਰਦਾ
ਹਾਂ:
ਚੇਤੇ ਕਰ ਬਚਪਨ ਨੂੰ ਇਕ ਸੁਫ਼ਨਾ ਆਇਆ ਏ
ਜਿਵੇˆ ਬੇਬੇ ਮੇਰੀ ਨੇ ਹੁਣੇ ਲਾਡ ਲਡਾਇਆ ਏ
ਬਚਪਨ ਦੀਆˆ ਯਾਦਾˆ ਨੇ, ਮੇਰੀਆˆ ਫ਼ਰਿਆਦਾˆ ਨੇ
ਮੇਰਾ ਬਚਪਨ ਮੋੜ ਦਿਓ, ਖ਼ੁਸ਼ੀਆˆ ਸੰਗ ਜੋੜ ਦਿਓ।
ਚੇਤੇ ਕਰ ਬਚਪਨ ਨੂੰ ਝੂਟਾ ਸੁਰਗ ਦਾ ਆਉਂਦਾ ਏ
ਫਿਰ ਗਿੱਲ ਸੁਰਜੀਤ ਜਿਹਾ ਕੋਈ ਗੀਤ ਬਣਾਉਂਦਾ ਏ
ਮੈਨੂੰ ਲਗਦੈ ਬਚਪਨ ਦਾ ਕਿਸੇ ਗੀਤ ਸੁਣਾਇਆ ਏ
ਚੇਤੇ ਕਰ ਬਚਪਨ ਨੂੰ ਮੇਰਾ ਮਨ ਭਰ ਆਇਆ ਏ।
ਤਿਆਰੀ ਹੇਠ 'ਚੇਤਿਆਂ ਦੀ ਫੁਲਕਾਰੀ' 'ਚੋਂ
ਫੋਨ: 647-402-2170
-0-
|