Welcome to Seerat.ca
Welcome to Seerat.ca

ਚਾਨਣੀ ਰਾਤ!

 

- ਬਾਬੂ ਫ਼ੀਰੋਜ਼ਦੀਨ ਸ਼ਰਫ਼

ਨਾਵਲ ਅੰਸ਼/ ਬੀਬੀ ਜੀ

 

- ਹਰਜੀਤ ਅਟਵਾਲ

ਜਤਿੰਦਰਪਾਲ ਸਿੰਘ ਜੌਲੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜਾ ਅਹਿਮਦ ਅਬਾਸ ਨਾਲ ਚਲਦਿਆਂ

 

- ਐਸ ਬਲਵੰਤ

ਸਵੈ ਕਥਨ: ਮੇਰੇ ਅੰਦਰਲੇ ਕਹਾਣੀਕਾਰ ਦਾ ਜਨਮ

 

- ਲਾਲ ਸਿੰਘ ਦਸੂਹਾ

ਆਸਮਾਂ ਜਹਾਂਗੀਰ

 

- ਗੁਲਸ਼ਨ ਦਿਆਲ

ਨਾਨਕਾ ਗੋਦ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਸੁਧਾਰ)

ਬਲਾਈਂਡ ਫੇਥ

 

- ਗੁਰਮੀਤ ਪਨਾਗ

ਪਾਰਲੇ ਪੁਲ

 

- ਸੁਰਜੀਤ

ਸਿਓਂਕ

 

- ਬਰਜਿੰਦਰ ਗੁਲਾਟੀ

ਵਾਰਤਾ

 

- ਅਫ਼ਜ਼ਲ ਸਾਹਿਰ

'ਸਮਾਂ ਉਡੀਕਦਾ ਹੈ'

 

- ਪਿਸ਼ੌਰਾ ਸਿੰਘ ਢਿਲੋਂ

ਸਾਡਾ ਪੰਜਾਬ

 

- ਗੁਰਸ਼ਰਨ ਸਿੰਘ ਕਸੇਲ

ਚਰਨ ਸਿੰਘ ਸਫ਼ਰੀ ਨੂੰ ਯਾਦ ਕਰਦਿਆਂ

 

- ਉਂਕਾਰਪ੍ਰੀਤ

ਭੂਲੀ ਵਿੱਸਰੀ ਯਾਦੇਂ

 

- ਜਰਨੈਲ ਸਿੰਘ ਗਰਚਾ

ਕਾਲੇ ਦਿਨਾਂ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ

 

- ਨਵਤੇਜ ਭਾਰਤੀ

ਲਿਖੀ-ਜਾ-ਰਹੀ ਸਵੈਜੀਵਨੀ (ਭਾਗ ਦੋ) 'ਬਰਫ਼ ਵਿੱਚ ਉਗਦਿਆਂ' 'ਚੋਂ / ਸਨੋਅ ਨਾਲ਼ ਮੁੱਠਭੇੜ

 

- ਇਕਬਾਲ ਰਾਮੂਵਾਲੀਆ

 
Online Punjabi Magazine Seerat

ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜਾ ਅਹਿਮਦ ਅਬਾਸ ਨਾਲ ਚਲਦਿਆਂ
- ਐਸ ਬਲਵੰਤ

 

ਭਾਰਤ ਦੇ ਲੇਖਕ, ਪਤਰਕਾਰ, ਫਿਲਮਕਾਰ ਖਵਾਜਾ ਅਹਿਮਦ ਅਬਾਸ ਜਿ਼ਕਰ ਕਰਿਆ ਕਰਦੇ ਸਨ ਕਿ ਉਹਨਾਂ ਦਾ ਖਾਨਦਾਨ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਦੇ ਨਾਲ ਰਹੇ ਉਹਨਾਂ ਦੇ ਸਾਥੀ ਅਯੂਬ ਅਨਸਾਰੀ ਨਾਲ ਜਾ ਜੁੜਦਾ ਹੈ। ਉਹਨਾਂ ਦੇ ਵੱਡੇ ਵਡੇਰੇ ਸ਼ਾਹੀ ਖਾਨਦਾਨਾਂ ਦੇ ਰਾਜਕੁਮਾਰਾਂ ਨੂੰ ਵਿਦਿਆ ਦਿੰਦੇ ਰਹੇ ਸਨ। ਹਜ਼ਰਤ ਮੁਹੰਮਦ ਦੇ ਵੇਲਿਆਂ ਤੋਂ ਤੁਰਦਾ ਹੋਇਆ ਉਹਨਾਂ ਦਾ ਖਾਨਦਾਨ ਹਰਿਆਣੇ ਦੇ ਸ਼ਹਿਰ ਪਾਨੀਪਤ ਵਿਚ ਆ ਕੇ ਵਸ ਗਿਆ ਸੀ। ਇਥੇ ਹੀ ਉਹਨਾਂ ਦਾ ਜਨਮ ਉਸ ਸਮੇਂ ਦੇ ਮਸ਼ਹੂਰ ਸ਼ਾਇਰ ਖਵਾਜਾ ਅਲਤਾਫ ਹੁਸੈਨ ਦੇ ਘਰ ਹੋਇਆ। ਉਹਨਾਂ ਦੇ ਦਾਦਾ ਖਵਾਜਾ ਗੁਲਾਮ ਅਬਾਸ ਹਿੰਦੁਸਤਾਨ ਦੀ ਜੰਗੇ-ਅਜ਼ਾਦੀ ਦਾ ਮੁੱਢ ਸ਼ੁਰੂ ਕਰਨ ਵਾਲਿਆਂ ਵਿਚੋਂ ਸਨ ਤੇ ਮੇਰਠ ਤੋਂ ਸ਼ੁਰੂ ਹੋਈ ਅੰਗਰੇਜ਼ਾਂ ਦੇ ਖਿਲਾਫ ਹਿੰਦੁਸਤਾਨੀਆਂ ਦੀ ਬਗਾਵਤ ਦੇ ਸਭ ਤੋਂ ਮੋਹਰੀ ਸਨ ਤੇ ਅਖੀਰ ਅੰਗਰੇਜ਼ਾਂ ਵਲੋਂ ਤੋਪਾਂ ਨਾਲ ਬੰਨ ਕੇ ਚੀਥੜੇ ਉੜਾਏ ਜਾਣ ਵਾਲੇ ਪਾਨੀਪਤ ਤੋਂ ਉਹ ਪਹਿਲੇ ਸ਼ਖਸ ਸਨ।
ਜਵਾਨੀ ਵਿਚ ਦਾਖਲ ਹੁੰਦਿਆ ਹੀ ਖਵਾਜਾ ਅਹਿਮਦ ਅਬਾਸ ਬੰਬਈ ਚਲੇ ਗਏ ਤੇ ਹਿੰਦੀ ਫਿਲਮਾ ਦੀ ਸਕਰਿਪਟ ਲਿਖਣ ਲਗ ਪਏ। ਰਾਜਕਪੂਰ ਦੀਆਂ ਇਤਹਾਸਕ ਫਿਲਮਾਂ; ਅਵਾਰਾ, ਸ੍ਰੀ ਚਾਰ ਸੌ ਬੀਸ, ਜਾਗਤੇ ਰਹੋ, ਤੋਂ ਤੁਰਦਿਆਂ ਉਹਨਾਂ ‘ਮੇਰਾ ਨਾਮ ਜੋਕਰ’ ‘ਬਾਬੀ’ ਤੇ ‘ਹਿਨਾ’ ਵਰਗੀਆਂ ਜਿ਼ੰਦਗੀ ਤੇ ਠਾਠਾਂ ਮਾਰੀ ਜੁਆਨੀ ਬਾਰੇ ਵੀ ਫਿਲਮਾਂ ਲਿਖੀਆਂ। ਉਹ ਭਾਰਤ ਦੇ ਅਜਿਹੇ ਪਤਰਕਾਰ ਸਨ ਜਿਹਨਾਂ ਨੇ ਲਗਾਤਾਰ ਪਰਚਿਆਂ ਤੇ ਰਸਾਲਿਆਂ ਲਈ ਲਿਖਿਆ। ਉਹਨਾਂ ਦਾ ਕਾਲਮ ਲਾਸਟ ਪੇਜ ਜੋ ਕਿ ਪਹਿਲਾਂ ਇਸ ਦਾ ਨਾਂ ਬੈਕ ਪੇਜ ਸੀ, ਹਿੰਦੁਸਤਾਨ ਦੀ ਮਸ਼ਹੂਰ ਅਖਬਾਰ ਬਲਿਟਿਸ ਵਿਚ ਕਰੀਬ ਪੰਜ ਦਹਾਕੇ ਪ੍ਰਕਾਸ਼ਤ ਹੁੰਦਾ ਰਿਹਾ ਜੋ ਲੋਕਾਂ ਵਿਚ ਬਹੁਤ ਮਕਬੂਲ ਹੋਇਆ ਤੇ ਸ਼ਾਇਦ ਹਿੰਦੁਸਤਾਨ ਦੀ ਪਤਰਕਾਰੀ ਵਿਚ ਇਹ ਇਕ ਇਤਿਹਾਸ ਰਿਹਾ ਹੈ।
ਮੇਰੇ ਨਾਲ ਉਹਨਾਂ ਦੀ ਜ਼ਾਤੀ ਤੇ ਸਾਹਿਤਕ ਸਾਂਝ ਉਹਨਾਂ ਦੀ ਪੁਸਤਕ ਦ ਵਰਲਡ ਇਜ਼ ਮਾਈ ਵਿਲਿਜ ਦਾ ਮੇਰੇ ਵਲੋਂ ਪ੍ਰਕਾਸ਼ਨ ਕਰਨ ਸਮੇਂ ਤੋਂ ਸ਼ੁਰੂ ਹੋਈ। ਜੋ ਉਹਨਾਂ ਦੀ ਕਿਤਾਬ ਇਨਕਲਾਬ ਦੀ ਅਗਲੀ ਲੜੀ ਸੀ ਤੇ ਤੀਜਾ ਤੇ ਆਖਰੀ ਕਿਤਾਬ ਉਹ ਪੂਰੀ ਨਾ ਕਰ ਸਕੇ। ਇਸ ਤੋਂ ਮਗਰੋਂ ਉਹਨਾਂ ਦੀ ਕਿਤਾਬ ਬੰਬੇ ਮਾਈ ਬੰਬੇ ਵੀ ਮੈਂ ਪ੍ਰਕਾਸ਼ਤ ਕੀਤੀ। ਇਸ ਪੁਸਤਕ ਵਿਚ ਇਸ ਉਹਨਾਂ ਬੰਬਈ ਦਾ ਜਿ਼ਕਰ ਬਹੁਤ ਖੂਬਸੂਰਤੀ ਨਾਲ ਕੀਤਾ ਤੇ ਕਾਫੀ ਸਾਰਾ ਹਿੱਸਾ ਇਸ ਕਿਤਾਬ ਵਿਚ ਅਜ ਦੇ ਮਸ਼ਹੂਰ ਸਟਾਰ ਅਮਿਤਾਬ ਬੱਚਨ ਦੇ ਹਵਾਲੇ ਕੀਤਾ। ਉਹਨਾਂ ਨੇ ਇਸ ਕਿਤਾਬ ਵਿਚ ਆਪਣੇ ਜ਼ਾਤੀ ਤੇ ਪ੍ਰੋਫੈਸ਼ਨਲ ਰਿਸ਼ਤਿਆਂ ਨੂੰ ਲੈ ਕੇ ਅਮਿਤਾਬ ਬੱਚਨ ਦੀ ਬਹੁਤ ਸਲਾਹੀਅਤ ਕੀਤੀ।
ਅੱਬਾਸ ਜਦੋਂ ਵੀ ਦਿੱਲੀ ਆਉਂਦੇ ਤਾਂ ਸਾਡੀਆਂ ਮਹਿਫਲਾਂ ਲਗਦੀਆਂ ਤੇ ਜਦੋਂ ਮੈਂ ਬੰਬਈ ਜਾਂਦਾ ਤਾਂ ਉੁਹਨਾਂ ਦੇ ਜੂਹੂ ਰੋਡ ਤੇ ਸਥਿਤ ਘਰ ‘ਫਿਲੋਮਨਾ’ ਦਾ ਨਿੱਘ ਮੇਰੇ ਅੰਦਰ ਭਰ ਜਾਂਦਾ। ਬੜੀ ਵੇਰੀ ਕਈ ਘਟਨਾਵਾਂ ਹੋਈਆਂ ਤੇ ਬਹੁਤੀਆਂ ਦਾ ਜਿ਼ਕਰ ਇੱਥੇ ਸ਼ਾਇਦ ਨਾ ਕਰ ਸਕਾਂ। ਉਹਨਾਂ ਦੇ ਦੋਸਤ ਅਨਵਰ ਅਜੀ਼ਮ ਤੇ ਸੁਰੇਸ਼ ਕੋਹਲੀ ਵੀ ਅਕਸਰ ਦਿੱਲੀ ਦੀਆਂ ਮਹਿਫਲਾਂ ਵਿਚ ਨਾਲ ਹੀ ਹੁੰਦੇ। ਇਕ ਵੇਰੀ ਅਸੀਂ ਅਨਵਰ ਅਜ਼ੀਮ ਦੇ ਘਰ ਬੈਠੇ ਸਾਂ ਤਾਂ ਪੰਕਜ ਕਪੂਰ ਵੀ ਉਸੇ ਘਰ ਵਿਚ ਅਨਵਰ ਅਜ਼ੀਮ ਦੀ ਬੇਟੀ ਨਾਲ ਇਕ ਖੂੰਜੇ ਵਿਚ ਗਿਟਮਿਟ ਕਰ ਰਿਹਾ ਸੀ। ਜਦੋਂ ਮੈਂ ਉਸ ਨੂੰ ਡਰਿੰਕ ਆਫਰ ਕੀਤੀ ਤਾਂ ਉਸ ਨੇ ਬਹਾਨਾ ਲਾ ਦਿਤਾ। ਉਸ ਦਾ ਲਾਇਆ ਬਹਾਨਾ ਅਜ ਸਮਝ ਆਉਂਦਾ ਹੈ ਕਿਉਂਕਿ ਉਹ ਨੇ ਕਿਹਾ ਸੀ, “ਮੈਨੂੰ ਜੌਂਡਿਸ ਦੀ ਸਿ਼ਕਾਇਤ ਹੈ, ਡਾਕਟਰ ਨੇ ਮਨ੍ਹਾਂ ਕੀਤਾ ਹੋਇਆ।” ਪਰ ਜਦੋਂ ਮੈਂ ਖੁਦ ਜੌਂਡਿਸ ਦਾ ਮਰੀਜ਼ ਬਣਿਆਂ ਤਾਂ ਪਤਾ ਚਲਿਆ ਕਿ ਇਹ ਕਿੰਨੀ ਭਿਆਨਕ ਬਿਮਾਰੀ ਹੈ। ਉਂਝ ਤਾਂ ਉਪਰ ਵਾਲੇ ਦੀ ਮਿਹਰ ਰਹੀ ਹੈ ਕਿ ਦਿੱਲੀ ਵਿਚ ਐਨੇ ਸਾਲ ਬਿਤਾਏ ਪਰ ਉਸ ਨੇ ਡਾਕਟਰ ਦਾ ਦਰਵਾਜ਼ਾ ਨਹੀਂ ਦਿਖਾਇਆ। ਜਦੋਂ ਦ ਵਰਲਡ ਇਜ਼ ਮਾਈ ਵਿਲੇਜ ਦਾ ਰਿਵੀਊ ਹਿੰਦੁਸਤਾਨ ਦੀ ਮਸ਼ਹੂਰ ਅਖਬਾਰ ਹਿੰਦੁਸਤਾਨ ਟਾਈਮਜ਼ ਵਿਚ ਪ੍ਰਕਾਸਿ਼ਤ ਹੋਇਆ ਤਾਂ ਸਟਰਲਿੰਗ ਪਬਰਲਿਸ਼ਰ ਦੇ ਮਾਲਿਕ ਓ.ਪੀ. ਘਈ ਨੇ ਖਾਸ ਵਧਾਈਆਂ ਦਿਤੀਆਂ। ਕਿਉਂਕਿ ਪ੍ਰਕਾਸ਼ਾਨ ਦੀ ਦੁਨੀਆਂ ਵਿਚ ਉਹ ਬਹੁਤ ਹੀ ਅਗਾਂਹਵਧੂ ਨਜ਼ਰੀਏ ਵਾਲੇ ਵਿਅਕਤੀ ਸਨ ਸੋ ਉਹਨਾਂ ਕਿਆਸ ਲਗਾ ਲਿਆ ਸੀ ਕਿ ਸੰਸਾਰ ਇਕ ਦਿਨ ਇਕ ਪਿੰਡ ਬਣਨ ਵਾਲਾ ਹੈ। ਹੁਣ ਤਾਂ ਉਹਨਾਂ ਨੂੰ ਪੂਰੇ ਹੋਏ ਨੂੰ ਬਹੁਤ ਦੇਰ ਹੋ ਗਈ ਹੈ ਪਰ ਅਜ ਜੋ ਅਸੀਂ ਇਹ ਜੋ ਦੇਖ ਰਹੇ ਹਾਂ ਉਸੇ ਟਾਈਟਲ ਦੀ ਤਸਵੀਰ ਵਾਂਗ ਪੂਰਾ ਸੰਸਾਰ ਇਕ ਪਿੰਡ ਹੀ ਬਣ ਗਿਆ ਲਗਦੈ।
ਸਤਿਆਪਾਲ ਗੌਤਮ ਮੇਰਾ ਖਾਸ ਦੋਸਤ ਹੈ। ਸਾਡੀ ਦੋਸਤੀ ਜਲੰਧਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਰਾਹੀਂ ਹੁੰਦੀ ਦਿੱਲੀ ਪੁੱਜ ਗਈ। ਇਕ ਵਾਰ ਉਹ ਮੇਰੇ ਕੋਲ ਠਹਿਰਿਆ ਹੋਇਆ ਸੀ। ਉਹਨਾਂ ਦਿਨਾਂ ਵਿਚ ਅੱਬਾਸ ਸਹਿਬ ਦਿੱਲੀ ਆਏ ਸਨ। ਉਹਨਾਂ ਦੇ ਪੁੱਜਣ ਤੋਂ ਅਗਲੇ ਦਿਨ ਹੀ ਮਿਲਣਾ ਤੈਅ ਹੋਇਆ। ਉਹ ਜਨਪੱਥ ਹੋਟਲ ਵਿਚ ਠਹਿਰਦੇ ਤੇ ‘ਸੋਵੀਅਤ ਲੈਂਡ ਨਹਿਰੂ ਅਵਾਰਡ ਕਮੇਟੀ’ ਦੇ ਮੈਂਬਰ ਸਨ। ਦੂਸਰੇ ਦਿਨ ਮੈਂ ਅੱਬਾਸ ਸਾਹਿਬ ਨੂੰ ਮਿਲਣ ਜਾਣਾ ਸੀ। ਜਾਣ ਤੋਂ ਪਹਿਲਾਂ ਪ੍ਰੋ ਗੌਤਮ ਆ ਗਿਆ। ਅਸੀਂ ਇਕੱਠੇ ਜਨਪੱਥ ਗਏ ਪਰ ਮੈਂ ਗੌਤਮ ਨੂੰ ਇਸ ਗੱਲ ‘ਤੇ ਰਾਜ਼ੀ ਕਰ ਲਿਆ ਕਿ ਕਮਰੇ ਅੰਦਰ ਮੈਂ ਇਕੱਲਾ ਹੀ ਜਾਵਾਂਗਾ ਤਾਂ ਜੋ ਛੇਤੀ ਦੇਣੀ ਅੱਬਾਸ ਨੂੰ ਮਿਲ ਕੇ ਮੁੜ ਆਵਾਂ। ਗੌਤਮ ਲਾਬੀ ਵਿਚ ਮੇਰੀ ਉਡੀਕ ਕਰ ਲਵੇ। ਉਸ ਤੋਂ ਬਾਅਦ ਅਸੀਂ ਇਕੱਠੇ ਦਿੱਲੀ ਦੀਆਂ ਸੜਕਾਂ ਨਾਪਾਂਗੇ ਤੇ ਦਿੱਲੀ ਦੀ ਆਧੁਨਿਕ ਦਿਖ ਤੋਂ ਜਾਣੂ ਹੋਵਾਂਗੇ। ਨਵੇਂ ਫੈਸ਼ਨ, ਨਵੇਂ ਹੁਸਨ ਨੂੰ ਦੇਖਾਂਗੇ। ਗੌਤਮ ਮੰਨ ਗਿਆ ਤੇ ਮੈਂ ਅੱਬਾਸ ਕੋਲ ਚਲੇ ਗਿਆ। ਉਹਨਾਂ ਹਾਲੇ ਪਹਿਲਾ ਪੈੱਗ ਪਾਇਆ ਸੀ ਤੇ ਮੈਨੂੰ ਕਹਿੰਦੇ ਕਿ ਇਕ ਤੈਨੂੰ ਵੀ ਲੈਣਾ ਪਵੇਗਾ ਕਿਉਂਕਿ ਇਸ ਵੇਲੇ ਚਾਹ ਨਹੀਂ ਪੀਵੀਦੀ। ਉਹਨਾਂ ਨੇ ਮੈਨੂੰ ਪੈੱਗ ਪਾ ਦਿਤਾ ਤੇ ਗੱਲਾਂ ਗੱਲਾਂ ਵਿਚ ਦੇਰ ਲੱਗ ਗਈ। ਗੌਤਮ ਬਾਹਰ ਬੈਠਾ ਬੇਸਬਰੀ ਨਾਲ ਉਡੀਕ ਕਰਦਾ ਰਿਹਾ। ਉਹਨਾਂ ਦਿਨਾਂ ਵਿਚ ਗੌਤਮ ਨੇ ਦਾਹੜੀ ਰੱਖੀ ਹੋਈ ਸੀ ਤੇ ਮੁੱਛਾਂ ਸਫਾ ਚੱਟ ਸਨ। ਖੁਦ ਬ੍ਰਾਹਮਣ ਤੇ ਦੇਖਣ ਨੂੰ ਉਹ ਮੌਲਵੀ ਲਗਦਾ ਸੀ। ਉਸ ਦਾ ਸਬਰ ਟੁੱਟ ਗਿਆ ਤੇ ਉਹ ਕਮਰੇ ਅੰਦਰ ਹੀ ਆ ਗਿਆ। ਕਹਿੰਦਾ ਇਸ ਤੋਂ ਵੱਧ ਉਡੀਕ ਨਹੀਂ ਹੋ ਸਕਦੀ। ਜਦੋਂ ਉਹ ਕਮਰੇ ਅੰਦਰ ਦਾਖਲ ਹੋਇਆ ਤਾਂ ਮੈਂ ਅੱਬਾਸ ਨੂੰ ਦੱਸਿਆ ਕਿ ਉਹ ਮੇਰਾ ਦੋਸਤ ਹੈ ਤੇ ਅਸੀਂ ਕਿਧਰੇ ਜਾਣ ਕਰਕੇ ਮੈਂ ਇਸ ਨੂੰ ਬਾਹਰ ਲਾਬੀ ਵਿਚ ਉਡੀਕ ਕਰਨ ਦੀ ਬੇਨਤੀ ਕੀਤੀ ਸੀ। ਅੱਬਾਸ ਨੇ ਉਸ ਨੂੰ ਕੋਈ ਮੌਲਵੀ ਸਮਝਦਿਆਂ ਆਪਣਾ ਪੈੱਗ ਇਵੇਂ ਲੁਕੋਇਆ ਕਿ ਉਹ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ। ਪਰ ਜਦ ਮੈਂ ਦੱਸਿਆ ਕਿ ਗੋਤਮ ਮੇਰਾ ਅਜ਼ੀਜ਼ ਦੋਸਤ ਤੈ ਤੇ ਅਸੀਂ ਇਕੋ ਸ਼ਹਿਰ ਦੇ ਰਹਿਣ ਵਾਲੇ ਹਾਂ ਤੇ ਜ਼ਾਤ ਦਾ ਉਹ ਬ੍ਰਾਹਮਣ ਹੈ ਤਾਂ ਕਿਤੇ ਉਹਨਾਂ ਮਸੀਂ ਡਰੈਸਿੰਗ ਟੇਬਲ ਪਿੱਛੇ ਅੜਾਇਆ ਹੋਇਆ ਗਲਾਸ ਕੱਢਿਆ ਤੇ ਅਸੀਂ ਸਭ ਨੇ ਰਲ਼ ਕੇ ਚੀਅਰਜ਼ ਕੀਤਾ।
ਇਸ ਤਰ੍ਹਾਂ ਇਕ ਹੋਰ ਘਟਨਾ ਹੋਈ। ਅੱਬਾਸ ਸਾਹਿਬ ਨੇ ਇਕ ਕਹਾਣੀ ਸਰਦਾਰ ਲਿਖੀ। ਉਹ ਵੈਸੇ ਵੀ ਸੱਚ ‘ਤੇ ਅਧਾਰਤ ਸੀ ਕਿ ਕਿਵੇਂ ਭਾਰਤ ਦੀ ਵੰਡ ਸਮੇਂ ਇਕ ਸਿੱਖ ਨੇ ਮੁਸਲਮਾਨ ਪਰਿਵਾਰ ਦੀਆਂ ਜਾਨਾਂ ਬਚਾਉਣ ਲਈ ਆਪਣੀ ਜਾਨ ਨਿਸ਼ਾਵਰ ਕਰ ਦਿਤੀ ਸੀ। ਉਸ ਕਹਾਣੀ ਦੀ ਬਹੁਤ ਚਰਚਾ ਹੋਈ ਤੇ ਇਸ ਬਾਰੇ ਭਾਰਤ ਤੇ ਵਿਦੇਸ਼ਾਂ ਵਿਚ ਖ਼ਬਰ ਫੈਲ ਗਈ ਕਿ ਅੱਬਾਸ ਸਾਹਿਬ ਨੇ ਕਿਵੇਂ ਸਿੱਖ ਦੇ ਬਾਰ੍ਹਾਂ ਵਜਦੇ ਹਨ ਦਾ ਮਜ਼ਾਕ ਉਡਾਇਆ। ਅੰਮ੍ਰਿਤਸਰੋਂ ਮਤੇ ਪਾਸ ਹੋ ਗਏ। ਸਾਰਾ ਸਿੱਖ ਭਾਈਚਾਰਾ ਅੱਬਾਸ ਦੇ ਖਿਲਾਫ ਹੋ ਉਮੜਿਆ। ਉਹ ਦਸਦੇ ਸਨ ਕਿ ਕਿਵੇਂ ਉਹ ਜਦ ਭਾਰਤੀ ਫੌਜਾਂ ਦੇ ਮੌਰੇਲ ਤੇ ਉਤਸ਼ਾਹ ਨੂੰ ਉਪਰ ਚੁੱਕਣ ਲਈ ਫਿਲਮੀ ਟੀਮ ਨਾਲ ਸਰਹੱਦ ‘ਤੇ ਗਏ ਤਾਂ ਉਥੋਂ ਦੀ ਸਿੱਖ ਪਲਟਨ ਨੇ ਉਹਨਾਂ ਦਾ ਬਾਈਕਾਟ ਕਰ ਦਿਤਾ। ਕਹਿੰਦੇ, ‘ਇਹ ਸਿੱਖਾਂ ਦਾ ਦੁਸ਼ਮਣ ਹੈ, ਸਾਡਾ ਮਜ਼ਾਕ ਉਡਾਇਆ ਹੈ ਇਸਨੇ।’ ਇਸ ਤੇ ਅਬਾਸ ਨੇ ਉਸ ਪਲਟਨ ਦੇ ਅਫਸਰਾਂ ਨੂੰ ਬਥੇਰਾ ਕਿਹਾ ਕਿ ਇਸ ਵਿਚ ਤਾਂ ਉਹਨਾਂ ਇਕ ਸਿੱਖ ਨੂੰ ਹੀਰੋ ਬਣਾਇਆ ਹੈ, ਬੇਇੱਜ਼ਤੀ ਕਿਵੇਂ ਹੋਈ? ਇਸ ਵਿਚ ਤਾਂ ਇਕ ਸਿੱਖ ਮੁਸਲਮਾਨ ਪਰਿਵਾਰ ਦੀ ਰੱਖਿਆ ਲਈ ਆਪਣੀ ਜਾਨ ਤੀਕ ਵਾਰਨ ਨੂੰ ਤਿਆਰ ਹੈ। ਅੱਬਾਸ ਨੇ ਕਿਹਾ ਕਿ ਉਹ ਕਹਾਣੀ ਸੁਣ ਲੈਣ, ਜੇ ਫੇਰ ਵੀ ਤਸੱਲੀ ਨਾ ਹੋਵੇ ਤਾਂ ਉਹ ਬਾਈਕਾਟ ਜਾਰੀ ਰੱਖਣ। ਉਹ ਅਫਸਰ ਇਸ ਗੱਲ ਲਈ ਮੰਨ ਗਏ ਤੇ ਕਹਾਣੀ ਸੁਣਨ ਉਪਰੰਤ ਉਹਨਾਂ ਅੱਬਾਸ ਨੂੰ ਜੱਫੀ ਪਾਈ ਤੇ ਕਿਹਾ ਕਿ ਸਾਡੇ ਫੌਜੀ ਤਾਂ ਅੰਮ੍ਰਿਤਸਰੋਂ ਪਾਸ ਹੋਏ ਮਤੇ ਕਾਰਨ ਹੀ ਭੜਕੇ ਸਨ। ਉਹਨਾਂ ਅੱਬਾਸ ਨੂੰ ਜੱਫੀ ਵਿਚ ਘੁੱਟ ਲਿਆ ਤੇ ਪਲਟਨ ਵਲੋਂ ਮੁਆਫੀ ਮੰਗਦਿਆਂ ਉਹਨਾਂ ਨੂੰ ਕਿਹਾ, “ਅੱਬ ਤੋ ਏਕ ਪੈੱਗ ਰੰਮ ਕਾ ਉਨ ਕੇ ਸਾਥ ਪੀਨਾ ਪੜੇਗਾ।”
ਇਸੇ ਕਹਾਣੀ ਨੇ ਉਹਨਾਂ ਨੂੰ ਬਹੁਤ ਖੱਜਲ ਕੀਤਾ। ਝਾਂਸੀ ਦੇ ਇਕ ਸਰਦਾਰ ਨੇ ਅੱਬਾਸ ‘ਤੇ ਮੁਕੱਦਮਾ ਕਰ ਦਿਤਾ। ਉਹ ਤਾਰੀਖ ਭੁਗਤਣ ਗਏ ਤਾਂ ਦੇਖਿਆ ਕਿ ਮੁਕੱਦਮਾ ਕਰਨ ਵਾਲਾ ਸਰਦਾਰ ਬਹੁਤ ਹੀ ਸੁਹਣੀ ਦਿੱਖ ਵਾਲਾ, ਚਿੱਟੇ ਵਾਲ, ਚਿੱਟੀ ਪੱਗ, ਚਿੱਟੀ ਪੁਸ਼ਾਕ ਪਾਈ ਕਚਿਹਰੀ ਵਿਚ ਜੱਜ ਵਲੋਂ ਉਸ ਨੂੰ ਆਵਾਜ਼ ਪੈਣ ਦੀ ਉਡੀਕ ਕਰ ਰਿਹਾ ਸੀ। ਅੱਬਾਸ ਨੇ ਉਸ ਨੂੰ ਪੁੱਛਿਆ ਕਿ ਉਸ ਮੁਕੱਦਮਾ ਤਾਂ ਕੀਤਾ ਪਰ ਕੀ ਉਸ ਖੁਦ ਉਹ ਕਹਾਣੀ ਪੜ੍ਹੀ ਹੈ? ਸਰਦਾਰ ਦੇ ਨਾਂਹ ਕਰਨ ਤੇ ਉਹਨਾਂ ਬੇਨਤੀ ਕੀਤੀ ਕਿ ਉਹ ਕਿਤੇ ਚਾਹ ਦੀ ਦੁਕਾਨ ‘ਤੇ ਬੈਠ ਕੇ ਕਹਾਣੀ ਸੁਣ ਲਵੇ। ਪਰ ਉਸ ਨੇ ਜਿ਼ੱਦ ਕੀਤੀ ਕਿ ਅੰਮ੍ਰਿਤਸਰੋਂ ਮਤਾ ਪਾਸ ਹੋਇਆ ਤਾਂ ਇਸ ਵਿਚ ਸੁਣਨ ਦੀ ਗੱਲ ਹੀ ਕੀ ਹੈ? ਪਰ ਅਖੀਰ ਉਹ ਮੰਨ ਗਏ ਤੇ ਇਕ ਰੈਸਟੋਰੈਂਟ ਵਿਚ ਬਹਿ ਕੇ ਪੂਰੀ ਕਹਾਣੀ ਸੁਣੀ। ਉਹਨਾਂ ਅੱਬਾਸ ਨੂੰ ਜੱਫੀ ਪਾਈ ਤੇ ਕਹਿੰਦਾ, “ਤੁਸੀਂ ਐਥੇ ਬੈਠੋ। ਮੈਂ ਕਚਿਹਰੀ ਜਾ ਕੇ ਮੁਕੱਦਮਾ ਵਾਪਸ ਲੈਣ ਦੀ ਅਰਜ਼ੀ ਦ ਕੇ ਆਉਂਦਾ ਹਾਂ।”
ਇਸ ਤਰ੍ਹਾ ਦੀਆਂ ਹੋਰ ਵੀ ਕਹਾਣੀਆਂ ਉਹ ਸੁਣਾਉਂਦੇ ਹੁੰਦੇ ਸਨ। ਜਦੋਂ ਕਿਤੇ ਮਹਿਫਲ ਲਗਣੀ ਤਾਂ ਉਹਨਾਂ ਕੋਲ ਖਜ਼ਾਨੇ ਦਾ ਪਟਾਰਾ ਖੋਹਲਣ ਦੀ ਫਰਮਾਇਸ਼ ਹਰੇਕ ਵਲੋਂ ਹੁੰਦੀ। ਉਹ ਰਾਜਕਪੂਰ ਬਾਰੇ ਗੱਲਾਂ ਕਰਦੇ। ਆਪਣੇ ਹੋਰ ਸਹਿਯੋਗੀਆਂ ਤੇ ਕਲਾਕਾਰਾਂ ਬਾਰੇ ਗੱਲਾਂ ਕਰਦੇ। ਅਮਿਤਾਭ ਬੱਚਨ ਦੀ ਤਾਰੀਫਾਂ ਦੇ ਪੁੱਲ ਬੰਨਦੇ। ਉਹ ਕਹਿੰਦੇ, ਅਮਿਤਾਭ ਬੱਚਨ ਜਿੰਨਾ ਡਸਿਪਲਨ ਦਾ ਪੱਕਾ ਬੰਦਾ ਉਹਨਾਂ ਹਾਲੇ ਤੀਕ ਫਿਲਮ ਇੰਡਸਟਰੀ ਵਿਚ ਨਹੀਂ ਦੇਖਿਆ। ਉਹ ਦਸਦੇ ਕਿ ਜਦ ਅਮਿਤਾਭ ਦੀ ਪਹਿਲੀ ਫਿਲਮ ਸ਼ੁਟ ਕਰ ਰਹੇ ਸਨ ਤਾਂ ਅਮਿਤਾਭ ਇਕ ਲੋਹੇ ਦਾ ਆਪਣਾ ਟਰੰਕ ਲੈ ਕੇ ਆਉਂਦਾ ਸੀ ਜਿਸ ਵਿਚ ਉਹਦੇ ਆਪਣੇ ਕਪੜੇ ਤੇ ਬਿਸਤਰਾ ਹੁੰਦਾ। ਉਹ ਆਪਣਾ ਬਿਸਤਰਾ ਜ਼ਮੀਨ ‘ਤੇ ਖੁਦ ਵਿਛਾਉਂਦਾ ਤੇ ਠੀਕ ਸਮੇਂ ਸਿਰ ਸੌਂ ਜਾਂਦਾ ਤੇ ਸਵੇਰੇ ਠੀਕ ਸਮੇਂ ਸਿਰ ਉਠ, ਨਹਾ, ਧੋ ਕੇ ਨਿਸਚਿਤ ਸਮੇਂ ਸ਼ੂਟਿੰਗ ‘ਤੇ ਪਹੁੰਚ ਜਾਂਦਾ। ਉਹਦੇ ਡਸਿਪਲਨ ਬਾਰੇ ਬੰਬਈ ਫਿਲਮੀ ਨਗਰੀ ਵਿਚ ਮਗਰੋਂ ਮਸ਼ਹੂਰ ਸੀ ਕਿ ਜੇ ਅਮਿਤਾਭ ਦੀ ਕਾਰ ਕਿਸੇ ਸਟੂਡਿਓ ਵਿਚ ਜਾ ਰਹੀ ਹੈ ਤਾਂ ਸਮਝੋ ਸਵੇਰ ਦੇ ਨੌਂ ਵੱਜੇ ਹਨ ਤੇ ਜੇ ਸ਼ਾਮ ਵੇਲੇ ਬਾਹਰ ਆ ਰਹੀ ਹੈ ਤਾਂ ਸਮਝੋ ਕਿ ਸ਼ਾਮ ਦੇ ਸੱਤ ਵੱਜੇ ਹਨ, ਘੜੀ ਦੇਖਣ ਦੀ ਲੋੜ ਨਹੀਂ। ਅੱਬਾਸ ਦਸਦੇ ਸਨ ਕਿ ਅਮਿਤਾਭ ਦੀ ਪਹਿਲੀ ਫਿਲਮ ‘ਸਾਤ ਹਿੰਦੁਸਤਾਨੀ’ ਵਿਚ ਉਹਨਾਂ ਦੇ ਕਿਰਦਾਰ ਨੂੰ ਇਕ ਉੱਚੀ ਇਮਾਰਤ/ਕਿਲ੍ਹੇ ਵਿਚ ਰੱਸੇ ਰਾਹੀਂ ਸਮੁੰਦਰ ਵਲ ਲਟਕਣਾ ਸੀ। ਅੱਬਾਸ ਨੇ ਡੁਪਲੀਕੇਟ ਦਾ ਪ੍ਰਬੰਧ ਵੀ ਕਰ ਲਿਆ ਪਰ ਅਮਿਤਾਭ ਨਹੀਂ ਮੰਨੇ। ਕਹਿੰਦੇ ਕਿ ਉਹ ਇਸ ਸੀਨ ਨੂੰ ਖੁਦ ਕਰਨਗੇ ਤੇ ਜਦ ਉਹ ਸੀਨ ਹੋ ਰਿਹਾ ਸੀ ਤਾਂ ਸਾਰੀ ਟੀਮ ਫਿਕਰਮੰਦ ਸੀ ਪਰ ਅਮਿਤਾਭ ਦੇ ਚਿਹਰੇ ‘ਤੇ ਕਾਨਫੀਡੈਂਸ ਸੀ। ਉਹ ਸੀਨ ਪੂਰਾ ਹੋ ਗਿਆ ਤਾਂ ਅੱਬਾਸ ਨੇ ਉਸ ਨੂੰ ਥਾਪੀ ਦੇ ਕੇ ਸ਼ਾਬਾਸ਼ੀ ਦਿਤੀ। ਰਾਜਕਪੂਰ ਬਾਰੇ ਉਹ ਦੱਸਦੇ ਸਨ ਕਿ ਉਹ ਅਖੀਰਲੇ ਦਿਨਾਂ ਵਿਚ ਸ਼ਰਾਬ ਬਹੁਤ ਪੀਣ ਲਗ ਪਿਆ ਸੀ, ਜਿਵੇਂ ਉਸ ਦਾ ਦਿਲ ਹੀ ਟੁੱਟ ਗਿਆ ਹੋਵੇ। ‘ਮੇਰਾ ਨਾਮ ਜੋਕਰ’ ਬਣਾ ਕੇ ਕਹਿੰਦਾ ਕਿ ਭਾਰਤੀਆਂ ਨੂੰ ਫਿਲਮ ਦੇਖਣੀ ਹੀ ਨਹੀਂ ਆਉਂਦੀ। ਮਸਾਲੇਦਾਰ ਤੇ ਤੜਕ-ਭੜਕ ਵਧੇਰੇ ਪਸੰਦ ਕਰਦੇ ਹਨ ਤੇ ਅਸਲੀਅਤ ਤੋਂ ਦੂਰ ਭਜਦੇ ਹਨ। ਤੇ ਸ਼ਾਇਦ ਇਹੀ ਉਸ ਦੀ ਮੌਤ ਦਾ ਕਾਰਨ ਵੀ ਬਣਿਆ। ਹੋਰ ਕਈ ਕਲਾਕਾਰਾਂ ਬਾਰੇ ਤੇ ਸਾਹਿਤਕ ਗੱਲਾਂ ਹੁੰਦੀਆਂ। ਉਹਨਾਂ ਦੀ ਜੀਵਨੀ ਦੇ ਅੰਸ਼ ਸੁਣਦਿਆਂ ਪਤਾ ਹੀ ਨਾ ਲਗਦਾ ਕਿ ਸਮਾਂ ਕਿਵੇਂ ਉਡਾਰੀ ਮਾਰ ਗਿਆ।
ਦਿੱਲੀ ਵਿਚੋਂ ਐਮਰਜੈਂਸੀ ਖਤਮ ਹੋਈ ਹੀ ਸੀ। ਮੈਂ ਤੇ ਮੇਰੇ ਦੋਸਤ ਲੇਖਕ-ਪਤਰਕਾਰ ਸੁਰੇਸ਼ ਕੋਹਲੀ ਦੇ ਘਰ ਗਰੇਟਰ ਕੈਲਾਸ਼ ਬੈਠੇ ਸਿੱਪ ਕਰ ਰਹੇ ਸਾਂ। ਐਮਰਜੈਂਸੀ ਬਾਰੇ ਗੱਲ ਹੋਈ। ਮੈਂ ਕਹਿ ਬੈਠਾ, ਐਮਰਜੈਂਸੀ ਭਾਰਤ ਦੇ ਆਜ਼ਾਦ ਇਤਿਹਾਸ ਦਾ ਗੋਲਡਨ ਪੀਰੀਅਡ ਸੀ, ਜਦੋਂ ਸਰਕਾਰ ਨੂੰ ਸਰਕਾਰ ਸਮਝਿਆ ਜਾਣ ਲੱਗ ਪਿਆ ਸੀ। ਉਸ ਸਮੇਂ ਮੈਂ ਨੌਜਵਾਨ ਕੁੜੀਆਂ ਨੂੰ ਅੱਧੀ ਰਾਤ ਨੂੰ ਬਿਨਾਂ ਕਿਸੇ ਖੌਫ ਦੇ ਇਕੱਲੇ ਘਰ ਜਾਂਦੇ ਦੇਖਿਆ ਸੀ। ਰਿਸ਼ਵਤ ਲੈਂਦੇ ਫਸ ਜਾਣ ਦੇ ਡਰ ਦੀ ਪ੍ਰਥਾ ਚਲ ਪਈ ਸੀ। ਅੜੰਗੇ ਪਾਉਣ ਵਾਲੇ ਤੇ ਗੁੰਡੇ ਸਭ ਜੇਲ੍ਹਾਂ ਵਿਚ ਸੁੱਟ ਦਿਤੇ ਗਏ ਸਨ। ਮੇਰੀ ਇਸ ਗੱਲ ‘ਤੇ ਅੱਬਾਸ ਸਾਹਿਬ ਦਾ ਚਿਹਰਾ ਅੱਗ-ਬਬੂਲਾ ਹੋ ਗਿਆ। ਉਹ ਮੇਰੇ ਗਲ੍ਹ ਹੀ ਪੈ ਗਏ। ਮੈਨੂੰ ਕਹਿੰਦੇ, “ਉਹਨਾਂ ਮੁਸਲਮਾਨਾਂ ਨੂੰ ਦੇਖ ਜੋ ਪੁਸ਼ਤਾਂ ਤੋਂ ਤੁਰਕਮਾਨ ਗੇਟ ਰਹਿੰਦੇ ਸਨ ਤੇ ਐਮਰਜੈਂਸੀ ਨੇ ਉਹਨਾਂ ਨੂੰ ਆਪਣੇ ਸਮਾਜ ਤੋਂ ਦੂਰ ਕਰ ਦਿਤਾ। ਆਪਣੇ ਘਰਾਂ ਤੋਂ ਦੂਰ ਕਰ ਦਿਤਾ। ਮੇਰੇ ਇਹ ਸਮਝਾਉਣ ‘ਤੇ ਕਿ ਉਹ ਜਿਥੇ ਵੀ ਗਏ ਉਥੇ ਜਾ ਕੇ ਉਹ ਹੋਰ ਵੀ ਖੁਸ਼ ਸਨ, ਉਹ ਕੁਝ ਸ਼ਾਂਤ ਹੋ ਗਏ। ਉਹ ਲੋਕ ਨਵੀਂ ਥਾਂ ਜਾ ਕੇ ਧਰਮ ਦੀ ਬਜਾਇ ਪੜ੍ਹਾਈ ਲਿਖਾਈ ਵਲ ਵਧੇਰੇ ਧਿਆਨ ਦੇ ਰਹੇ ਹਨ ਤੇ ਆਪਣਾ ਭਵਿੱਖ ਕੱਟੜਵਾਦ ਦੀ ਥਾਂ ਵਿਦਿਆ ਦੇ ਆਸਰੇ ਉਸਾਰ ਰਹੇ ਹਨ।
ਹੋਰ ਵੀ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਬਹਿਸਾਂ ਹੁੰਦੀਆਂ। ਸਹਿਤਕ-ਫਿਲਮੀ ਤੇ ਪਤਾ ਨਹੀਂ ਕੀ ਕੁਝ ਹੋਰ। ਉਹਨਾ ਨੂੰ ਆਪਣੇ ਸਾਹਮਣੇ ਬੈਠ ਬੰਦੇ ਤੋਂ ਸਿੱਖਣ ਦੀ ਬਹੁਤ ਖਾਹਸ਼ ਹੁੰਦੀ ਤੇ ਉਸ ਕੋਲੋਂ ਹਰ ਗੱਲ ਗ੍ਰਹਿਣ ਕਰਕੇ ਆਪਣੇ ਅੰਦਰ ਬੰਨ ਲੈਂਦੇ। ਜਿਹੜੀ ਵੀ ਉਹਨਾਂ ਦੇ ਕੰਮ ਦੀ ਕੋਈ ਗੱਲ ਹੁੰਦੀ ਉਸ ਨੂੰ ਸਮੇਂ ਸਿਰ ਵਰਤ ਕੇ ਹੋਰ ਲੋਕਾਂ ਤਕ ਪੁਜਦੀ ਕਰ ਦਿੰਦੇ।
ਉਹਨਾਂ ਨੂੰ ਭਾਵੇਂ ਜੀਵਨ ਦੇ ਤਹਿਤੱਰ ਸਾਲ (1914-1987) ਹੀ ਮਿਲੇ ਪਰ ਉਹਨਾਂ ਦੇ ਕੰਮ ਦੀ ਸੂਚੀ ਬਹੁਤ ਲੰਮੀ ਹੈ। ਉਹਨਾਂ ਅਠੱਤਰ ਕਿਤਾਬਾਂ ਲਿਖੀਆਂ। ਇਹ ਕਿਤਾਬਾਂ ਅੰਗਰੇਜ਼ੀ, ਹਿੰਦੀ ਤੇ ਉਰਦੂ ਦੇ ਨਾਲ ਦੀ ਨਾਲ ਹੋਰ ਭਾਸ਼ਾਵਾਂ ਵਿਚ ਵੀ ਅਨਵਾਦ ਹੋ ਕੇ ਪ੍ਰਕਾਸ਼ਤ ਹੋਈਆਂ। 1935 ਵਿਚ ਉਹ ਬੰਬੇ ਕਰਾਨੀਕਲ ਅਖਬਾਰ ਨਾਲ ਜੁੜ ਗਏ ਤੇ ਵਧੇਰੇ ਕਰਕੇ ਫਿਲਮਾਂ ਬਾਰੇ ਹੀ ਲਿਖਦੇ ਰਹੇ। ਅਗਾਂਹ ਚਲ ਕੇ ਇਸ ਅਖਬਾਰ ਦੇ ਫਿਲਮੀ ਸੰਪਾਦਕ ਦੀ ਮੌਤ ਮਗਰੋਂ ਉਹਨਾਂ ਨੂੰ ਇਹ ਜਿ਼ੰਮੇਵਾਰੀ ਸੌਂਪ ਦਿਤੀ ਗਈ। ਇਸ ਤੋਂ ਪਹਿਲਾਂ ਵੀ ਉਹ ਪਤਰਕਾਰੀ ਕਰਦੇ ਰਹੇ ਸਨ। । ਆਪਣੀ ਪੜ੍ਹਾਈ ਦੌਰਾਨ ਉੁਹਨਾ ਅਲੀਗੜ੍ਹ ਓਪੀਨੀਅਨਜ਼ ਨਾਂ ਦਾ ਵਿਦਿਆਰਥੀ ਰਸਾਲਾ ਵੀ ਸ਼ੁਰੂ ਕੀਤਾ। ਇਹ ਵਿਦਿਆਰਥੀ ਸੱਥਾਂ ਵਿਚ ਪਹਿਲਾ ਪਰਚਾ ਸੀ। ਹੋਰ ਅਖ਼ਬਾਰਾਂ ਵਿਚ ਵੀ ਲਿਖਦੇ ਰਹੇ। ਮਗਰੋਂ ਉਹ ਬੰਬੇ ਕਰੌਨੀਕਲ ਤੋਂ ਬਾਅਦ ਆਰ.ਕੇ. ਕਰੰਜੀਆ ਦੇ ਮਸ਼ਹੂਰ ਸਪਤਾਹਿਕ ਬਲਿਟਸ ਨਾਲ ਜੁੜ ਗਏ ਜਿਸ ਵਿਚ ਉਹ ਆਪਣੀ ਉਮਰ ਦੇ ਅਖੀਰ ਤੀਕ ਆਪਣੀ ਕਲਮੀ ਜਿ਼ੰਮੇਵਾਰੀ ਨਿਭਾਉਂਦੇ ਰਹੇ।
ਫਿਲਮਾਂ ਵਿਚ ਉਹ ਬੰਬੇ ਟਾਕੀਜ਼ ਰਾਹੀ ਜੁੜੇ ਜਿਸ ਦੇ ਬਾਨੀ ਉਸ ਵੇਲੇ ਹਿੰਦੀ ਫਿਲਮਾਂ ਦੇ ਮੋਢੀਆਂ ਵਿਚੋਂ ਗਿਣੇ ਜਾਂਦੇ ਹਿਮਾਂਸ਼ੂ ਤੇ ਦੇਵਰਾਣੀ ਸਨ। ਅੱਬਾਬ ਹੁਰਾਂ ਉਹਨਾਂ ਨੂੰ ਆਪਣੇ ਲਿਖੇ ਨਯਾ ਸੰਸਾਰ ਫਿਲਮ ਦੇ ਸਕਰੀਨਪਲੇਅ ਦਿਤੇ ਤੇ ਮਗਰੋਂ ਚੇਤਨ ਅਨੰਦ ਲਈ ਨੀਚਾ ਨਗਰ ਤੇ ਵੀ. ਸ਼ਾਂਤਾ ਰਾਮ ਲਈ ‘ਡਾਕਟਰ ਕੌਟਿਨਿਸ ਕੀ ਅਮਰ ਕਹਾਣੀ’ ਵਰਗੀਆਂ ਇਤਿਹਾਸਕ ਫਿਲਮਾਂ ਬਣਾਉਣ ਲਈ ਆਪਣਾ ਕਲਮੀ ਸਹਿਯੋਗ ਦਿਤਾ।
ਜਿਥੇ ਉਹਨਾਂ ਨੇ ਰਾਜਕਪੂਰ ਲਈ ਯਾਦਗਾਰੀ ਫਿਲਮਾਂ ਲਿਖੀਆਂ ਉਥੇ ਉਹਨਾਂ ਆਪਣੇ ਲਈ ਵੀ ਕੰਮ ਕਰਨਾ ਸ਼ੁਰੂ ਕਰ ਦਿਤਾ ਤੇ ਧਰਤੀ ਕੇ ਲਾਲ ਵਰਗੀਆਂ ਫਿਲਮਾਂ ਇੰਡੀਅਨ ਪੀਪਲਜ਼ ਥੀਏਟਰ ਕੰਪਨੀ ਲਈ ਪ੍ਰਦਾਨ ਕੀਤੀਆਂ। ਮਗਰੋਂ ਉਹਨਾਂ 1951 ਵਿਚ ਆਪਣੀ ਕੰਪਨੀ ਨਯਾ ਸੰਸਾਰ ਬਣਾਈ ਤਾਂ ਉਹਨਾਂ ਬਹੁਤ ਆਹਲਾ ਫਿਲਮਾਂ ਪ੍ਰਦਾਨ ਕੀਤੀਆਂ ਜਿਹਨਾਂ ਵਿਚ ਕਈਆਂ ਨੂੰ ਨੈਸ਼ਨਲ ਅਵਾਰਡ ਮਿਲੇ। ‘ਅਨਹੋਣੀ’, ‘ਨੰਨਾ ਰਾਹੀ’, ‘ਸ਼ਹਿਰ ਔਰ ਸਪਨਾ’, ‘ਸਾਤ ਹਿੰਦੁਸਤਾਨੀ’ ਵਰਗੀਆਂ ਫਿਲਮਾਂ ਦਿਤੀਆਂ ਤੇ ਸੰਸਾਰ ਭਰ ਵਿਚ ਮਾਣ-ਸਨਮਾਨ ਖੱਟਿਆ। 1969 ਵਿਚ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਪਦਮ ਸ੍ਰੀ ਸਨਮਾਨ ਨਾਲ ਨਿਵਾਜਿਆ ਗਿਆ।
ਪੂਰੀ ਜਿ਼ੰਦਗੀ ਦੇ ਸਫਰ ਵਿਚ ਉਹਨਾਂ ਦਾ ਹਸੂੰ-ਹਸੂੰ ਕਰਦਾ ਚਿਹਰਾ ਸਾਰੇ ਪਾਸੇ ਮੁਸਕਰਾਹਟ, ਬੁਧੀਜੀਵਤਾ ਅਤੇ ਦੋਸਤੀ ਦੀ ਮਹਿਕ ਖਿਲਾਰਦਾ ਰਿਹਾ। ਮੇਰਾ ਉਹਨਾਂ ਨਾਲ ਇਕ ਵਾਰ ਜੁੜਨ ਤੋਂ ਬਾਅਦ ਉਹਨਾਂ ਦੇ ਆਖਰੀ ਦਮ 1987 ਤਕ ਵਾਸਤਾ ਰਿਹਾ। ਪਰ ਅਫਸੋਸ ਕਿ ਜਦ ਉਹ ਮਸ਼ੀਨਾਂ ਦੇ ਸਹਾਰੇ ਆਖਰੀ ਸਾਹ ਲੈ ਰਹੇ ਸਨ ਤਾਂ ਉਹਨਾਂ ਦਾ ਇਕ ਭਾਣਜਾ ਅੱਬਾਸ ਸਾਹਿਬ ਦੇ ਘਰ ਬੈਠਾ ‘ਫਿਲੋਮਨਾ’ ਵਿਚ ਬੈਠਾ ਉਹਨਾਂ ਵਲੋਂ ਛੱਡ ਕੇ ਜਾਣ ਵਾਲੀ ਜਾਇਦਾਦ ਦਾ ਜਾਇਜ਼ਾ ਲੈ ਰਿਹਾ ਸੀ।

(ਐਸ ਬਲਵੰਤ ਦੀ ਸਵੈਜੀਵਨੀ ‘ਮੇਰੀਆਂ ਯਾਦਾਂ ਵਿਚ ਪਏ ਪਏ ਮਹਿਫੂਜ਼ ਪਲ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346