ਪੰਜਾਬੀ ਕਹਾਣੀ ਦੇ
ਇਤਿਹਾਸ ਵਿੱਚ ਜਿੱਥੇ ਵਿਧਾ ਪੱਖੋਂ ਜਟਿਲ-ਬਿਰਤਾਂਤ ਵਾਲੀ ਲੰਮੀ ਕਹਾਣੀ ਲਿਖਣਾ ਮੇਰੀ
ਵਿਸ਼ੇਸ਼ਤਾ ਗਿਣੀ ਗਈ ਓਥੇ ਕਿਰਸਾਣੀ ਜੀਵਨ ਦੇ ਪ੍ਰਮਾਣਿਕ ਚਿਤਰ ਪੇਸ਼ ਕਰਨ ਅਤੇ ਰਾਜਨੀਤਕ
ਚੇਤਨਾ ਦੀ ਕਹਾਣੀ ਲਿਖਣ ਦੇ ਨਾਲ ‘ਪੰਜਾਬ ਸੰਕਟ’ ਬਾਰੇ ਲਿਖੀ ਕਹਾਣੀ ਨੇ ਵੀ ਮੈਨੂੰ ਵਿਸ਼ੇਸ਼
ਪਛਾਣ ਦਿੱਤੀ। ਮੇਰੀਆਂ ਇਹਨਾਂ ਕਹਾਣੀਆਂ ਦੀ ਭਾਵੇਂ ਕੁੱਝ ਕੁ ‘ਕਮਿਊਨਿਸਟ ਹਲਕਿਆਂ’ ਵੱਲੋਂ
ਪਹਿਲਾਂ-ਪਹਿਲਾਂ, ਕੁਝ-ਕੁਝ ਆਲੋਚਨਾ ਵੀ ਹੋਈ ਪਰ ਪਾਠਕਾਂ ਦੀ ਮਿਲੀ ਬਹੁਤ ਵੱਡੀ ਪਰਸੰਸਾ ਨੇ
ਮੇਰੀ ਕਹਾਣੀ ਦੇ ਨਾਲ ਨਾਲ ਮੇਰਾ ਕੱਦ ਵੀ ਉੱਚਾ ਕਰ ਦਿੱਤਾ। ਇਹ ਕਹਾਣੀਆਂ ਮੈਂ ਆਪਣੇ ਲਹੂ
ਨੂੰ ਕਸ਼ੀਦ ਕਰਕੇ ਲਿਖੀਆਂ ਸਨ। ਮੈਂ ਹਰ ਸਾਹ ਨਾਲ ਉਸ ਦੌਰ ਦੇ ਆਤੰਕ ਅਤੇ ਭੈਅ ਦੇ ਨਾਲ ਨਾਲ
ਤੁਰਿਆ ਸਾਂ। ਇਹਨਾਂ ਕਹਾਣੀਆਂ ਵਿੱਚ ਵਾਪਰਨ ਵਾਲਾ ਸਭ ਕੁੱਝ ਮੇਰੇ ਆਸ ਪਾਸ ਹੀ ਵਾਪਰ ਰਿਹਾ
ਸੀ। ਮੇਰੀ ਸ਼ਾਹ-ਰਗ਼ ਤੋਂ ਵੀ ਨੇੜੇ।
ਮੇਰਾ ਇਲਾਕਾ ਅਤੇ ਮੇਰਾ ਪਿੰਡ ਦੋ-ਪਾਸੜ ਕਾਲੇ ਆਤੰਕ ਦਾ ਡੰਗਿਆ ਹੋਇਆ ਸੀ। ਹੈ ਤਾਂ
ਵਿਡੰਬਨਾਂ ਹੀ ਕਿ ਕਦੀ ਮਹਾਨ ਦੇਸ਼-ਭਗਤ ਸੂਰਬੀਰਾਂ ਨੂੰ ਜਨਮ ਦੇਣ ਵਾਲਾ ਅਤੇ ਪੰਜਾਬ ਦੇ
ਕਿਸੇ ਵੀ ਪਿੰਡ ਨਾਲੋਂ ਗਿਣਤੀ ਵਿੱਚ ਸਭ ਤੋਂ ਵੱਧ ਸੂਰਮੇ ਗ਼ਦਰ-ਲਹਿਰ ਨੂੰ ਸਮਰਪਿਤ ਕਰਨ
ਵਾਲਾ ਇਹ ਪਿੰਡ ਇਸ ਦੌਰ ਵਿੱਚ ਪੰਜਾਬ ਦੇ ਕਿਸੇ ਵੀ ਹੋਰ ਪਿੰਡ ਨਾਲੋਂ ਵੱਧ ‘ਸਟੇਨਧਾਰੀ’
ਪੈਦਾ ਕਰਨ ਵਿੱਚ ਵੀ ‘ਬਾਜ਼ੀ’ ਲੈ ਗਿਆ। ਇਹ ਤੱਥ ਸਮਾਜਸ਼ਾਸ਼ਤਰੀਆਂ ਵੱਲੋਂ ਬਾਅਦ ਵਿੱਚ ਕੀਤੇ
ਅਧਿਐਨਾਂ ਤੋਂ ਪਤਾ ਚੱਲੇ ਹਨ। ਸੀ ਆਰ ਪੀ ਦਾ ਨਿਰੰਤਰ ਪਹਿਰਾ ਹੋਣ ਦੇ ਬਾਵਜੂਦ ਕੋਈ ਦਿਨ
ਅਜਿਹਾ ਨਹੀਂ ਸੀ ਹੁੰਦਾ ਜਿਸ ਦਿਨ ਪਿੰਡ ਵਾਲਿਆਂ ਨੇ ਕਦੀ ‘ਮੁੰਡਿਆਂ’ ਦੀ ਗੋਲੀ ਦੀ ਆਵਾਜ਼
ਨਾ ਸੁਣੀ ਹੋਵੇ।
ਜਦੋਂ ਜੀਅ ਕਰਦਾ ਪੁਲਿਸ ਤੇ ਸੀ ਆਰ ਪੀ ਵਾਲੇ ਸਾਰੇ ਪਿੰਡ ਦੇ ਪੱਗ-ਬੰਨ੍ਹ ਬੰਦੇ ਕਈ ਕਈ
ਘੰਟੇ ਪਿੰਡੋਂ ਬਾਹਰ ਖੁਲ੍ਹੇ ਮੈਦਾਨਾਂ ਵਿੱਚ ਬਿਠਾ ਛੱਡਦੇ ਤੇ ਪਿੰਡ ਵਿੱਚ ‘ਅੱਤਵਾਦੀਆਂ’
ਨੂੰ ਲੱਭਣ ਲਈ ਤਲਾਸ਼ੀਆਂ ਲੈਂਦੇ ਰਹਿੰਦੇ। ਕਾਲੇ ਸ਼ੀਸ਼ਿਆਂ ਵਾਲੀ ਕਿਸੇ ਕਾਰ ਵਿੱਚ ਬੈਠੇ
ਸੂਹੀਏ ਦੀਆਂ ਨਜ਼ਰਾਂ ਅੱਗੋਂ ਸਾਰੇ ਪਿੰਡ ਦੇ ਲੋਕਾਂ ਨੂੰ ਕਤਾਰਾਂ ਬੰਨ੍ਹ ਕੇ ਲੰਘਾਉਂਦੇ।
‘ਮੁੰਡੇ’ ਤਾਂ ਪਿੰਡ ਵਿੱਚ ਆਉਂਦੇ ਤੇ ਫਿਰਦੇ ਹੀ ਰਹਿੰਦੇ ਸਨ। ਲੋਕਾਂ ਨੂੰ ਮਿਲਦੇ ਵੀ ਸਨ।
ਕਾਲੇ ਸ਼ੀਸ਼ਿਆਂ ਵਾਲੀ ਕਾਰ ਅੱਗੋਂ ਲੰਘਦਿਆਂ ਹਰ ਕਿਸੇ ਦਾ ਸਾਹ ਸੂਤਿਆ ਹੁੰਦਾ ਕਿ ਪਤਾ ਨਹੀਂ
ਕੌਣ ਅੰਦਰ ਬੈਠਾ ਹੋਇਆ ਹੈ ਤੇ ਉਸਨੇ ਕਦੋਂ ਉਸਦਾ ਨਾਂ ਲੈ ਦੇਣਾ ਹੈ! ਨਾਂ ਲੈਣ ਲਈ ਕਿਸੇ
ਕੋਲ ਰਾਤ ਕੱਟੀ ਹੋਣ, ਰੋਟੀ ਖਾਧੀ ਹੋਣ ਤੋਂ ਇਲਾਵਾ ਉਸ ਨਾਲ ‘ਸਿਰਫ਼ ਸਾਹਿਬ-ਸਲਾਮ’ ਹੋਈ ਹੋਣ
ਦਾ ਗੁਨਾਹ ਹੀ ਕਾਫ਼ੀ ਸੀ। ਬਾਹਰ ਮਰਦ ਸੂਲੀ ਤੇ ਟੰਗੇ ਹੁੰਦੇ ਤੇ ਘਰਾਂ ਵਿੱਚ ਔਰਤਾਂ ਤੇ
ਬੱਚੇ-ਬੱਚੀਆਂ। ਉਹਨਾਂ ਨੂੰ ਆਪਣੀ ਜਾਨ ਤੇ ਇੱਜ਼ਤ ਦੋਵਾਂ ਦਾ ਖ਼ਤਰਾ ਬਣਿਆਂ ਰਹਿੰਦਾ।
ਇੱਕ ਵਾਰ ਮੈਂ ਜਲੰਧਰੋਂ ਬਾਅਦ-ਦੁਪਹਿਰ ਪਿੰਡ ਅੱਪੜਿਆ। ਬੱਸ ਅੱਡੇ ‘ਤੇ ਉੱਤਰ ਕੇ ਵੇਖਿਆ
ਪਿੰਡ ਦੇ ਲੋਕ ਪਿੰਡੋਂ ਬਾਹਰਵਾਰ ਸਕੂਲ ਦੀ ਗਰਾਊਂਡ ਵਿੱਚ ਭੇਡਾਂ-ਬੱਕਰੀਆਂ ਵਾਂਗ ਇਕੱਠੇ ਕਰ
ਕੇ ਬਿਠਾਏ ਹੋਏ ਸਨ। ਸਾਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਪਿੰਡ ਵਿੱਚ ਪੁਲਿਸ
ਤੇ ਸੀ ਆਰ ਪੀ ਤਲਾਸ਼ੀ ਲੈ ਰਹੀ ਸੀ। ਉਹਨਾਂ ਨੂੰ ਪਿੰਡ ਵਿੱਚ ਅੱਤਵਾਦੀਆਂ ਦੇ ਹੋਣ ਦੀ
‘ਉਚੇਚੀ’ ਸੂਹ ਮਿਲੀ ਸੀ। ਬੱਸਾਂ ਤੋਂ ਉੱਤਰਨ ਵਾਲੀਆਂ ਪਿੰਡ ਦੀਆਂ ਮੇਰੇ ਵਰਗੀਆਂ ਸਵਾਰੀਆਂ
ਪਹਿਲਾਂ ਵਾਂਗ ਹੀ ਕੁੱਝ ਘੰਟਿਆਂ ਪਿੱਛੋਂ ਘੇਰਾ ਚੁੱਕੇ ਜਾਣ ਤੇ ਘਰ ਜਾਣ ਦੀ ਆਸ ਵਿੱਚ
ਬੈਠੀਆਂ ਹਾਲਾਤ-ਏ-ਹਾਜ਼ਿਰਾ ‘ਤੇ ਟਿੱਪਣੀਆਂ ਕਰ ਰਹੀਆਂ ਸਨ। ਕੁੱਝ ਕੁ ਬੰਦੇ ਅਜਿਹੇ ਵੀ ਸਨ
ਜਿਹੜੇ ਘੇਰਾ ਪਾਉਣ ਤੋਂ ਕੁੱਝ ਚਿਰ ਪਹਿਲਾਂ ਬਾਹਰ ਨਿਕਲ ਆਏ ਸਨ। ਖੇਤਾਂ ਤੋਂ ਘਰਾਂ ਨੂੰ
ਮੁੜਨ ਵਾਲੇ ਵੀ ਸਾਡੇ ਨਾਲ ਹੀ ਟੰਗੇ ਹੋਏ ਸਨ।
ਏਸੇ ਵੇਲੇ ਪਿੰਡ ਵਿੱਚ ਗੋਲੀਆਂ ਚੱਲਣ ਦਾ ਜ਼ਬਰਦਸਤ ਖੜਾਕ ਹੋਇਆ ਤੇ ਫਿਰ ਕਿਨ੍ਹਾ ਚਿਰ
ਗੋਲੀਆਂ ਚੱਲਦੀਆਂ ਰਹੀਆਂ। ਉੱਠਦੇ ਧੂੜ ਤੇ ਧੂੰਏ ਨੂੰ ਵੇਖ ਕੇ ਹਰ ਕੋਈ ਗੋਲੀ ਚੱਲਣ ਵਾਲੇ
ਥਾਂ ਦਾ ਅਨੁਮਾਨ ਲਾਉਣ ਲੱਗਾ। ਮੈਨੂੰ ਜਾਪਿਆ ਗੋਲੀ ਮੇਰੇ ਘਰ ਦੇ ਆਸ ਪਾਸ ਹੀ ਕਿਧਰੇ ਚੱਲੀ
ਸੀ। ਏਸੇ ਵੇਲੇ ‘ਘੋਸੀਆਂ’ ਦਾ ਤਾਰੀ ਆਖਣ ਲੱਗਾ, “ਛਿੰਦੂ ਹੁਰੀਂ ਮਾਰੇ ਗਏ! ਮੈਂ ਅਜੇ
ਉਹਨਾਂ ਨੂੰ ਮਿਲ ਕੇ ਹੀ ਆਇਆ ਸਾਂ। ਮੈਨੂੰ ਲੱਗਦੈ ਉਹ ਓਥੇ ਹੀ ਲੁਕੇ ਕਾਬੂ ਆ ਗਏ ਨੇ, ਘੇਰੇ
‘ਚੋਂ ਨਿਕਲ ਨਹੀਂ ਸਕੇ।”
ਉਹ ਠੀਕ ਹੀ ਕਹਿ ਰਿਹਾ ਸੀ ਸ਼ਾਇਦ। ਜਿੱਥੇ ਉਹ ਇੱਕ ਉਜਾੜ ਮਕਾਨ ਵਿੱਚ ਉਹਨਾਂ ਨੂੰ ਮਿਲਣ ਦੀ
ਗੱਲ ਕਰਦਾ ਸੀ, ਉਹ ਮੇਰੇ ਘਰ ਤੋਂ ਪੰਜ-ਦਸ ਮਕਾਨ ਹੀ ਪਰ੍ਹਾਂ ਸੀ। ਸ਼ਾਮ ਉੱਤਰ ਰਹੀ ਸੀ ਤੇ
ਹੁਣ ਨਹੀਂ ਸੀ ਲੱਗਦਾ ਕਿ ਘੇਰਾ ਚੁੱਕਿਆ ਜਾਵੇਗਾ ਤੇ ਸਾਨੂੰ ਘਰੋ-ਘਰੀ ਜਾਣ ਦੀ ਇਜਾਜ਼ਤ ਮਿਲ
ਸਕੇਗੀ। ਕਿਸੇ ਨੇ ਸੀ ਆਰ ਪੀ ਦੇ ਹਵਾਲੇ ਨਾਲ ਇਹ ਵੀ ਆ ਦੱਸਿਆ ਕਿ ਸਾਰੇ ਲੋਕਾਂ ਨੂੰ ਪੁਲਿਸ
ਆਪਣੇ ਪਹਿਰੇ ਵਿੱਚ ਪਿੰਡ ਦੇ ਛਾਉਣੀ ਸਾਹਿਬ ਵਾਲੇ ਗੁਰਦਵਾਰੇ ਵਿੱਚ ਰਾਤ ਕੱਟਣ ਲਈ ਲੈ ਕੇ
ਜਾਣ ਲੱਗੀ ਹੈ। ਕਿਸੇ ਨੂੰ ਨਹੀਂ ਸੀ ਪਤਾ ਕਿ ਪਿੰਡ ਦੀ ਤਲਾਸ਼ੀ ਸਾਰੀ ਰਾਤ ਜਾਰੀ ਰਹੇਗੀ ਜਾਂ
ਘੇਰਾ ਮਜ਼ਬੂਤ ਕਰ ਕੇ ਤਲਾਸ਼ੀ ਦਾ ਕੰਮ ਸਵੇਰ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ। ਸਾਰੇ ਲੋਕ
ਆਪਣੇ ਜਾਣਕਾਰਾਂ ਦੀਆਂ ਬਹਿਕਾਂ ‘ਤੇ ਰਾਤ ਕੱਟਣ ਲਈ ਆਪੋ ਆਪਣਾ ਜੁਗਾੜ ਕਰਨ ਦੀ ਸੋਚਣ ਲੱਗੇ।
ਉੱਤੋਂ ਬੱਦਲ ਵੀ ਘਿਰ ਆਏ ਸਨ ਤੇ ਵਿੱਚ ਵਿੱਚ ਕਦੀ ਕਦੀ ਭੂਰ ਜਿਹੀ ਵੀ ਪੈਣ ਲੱਗੀ ਸੀ।
ਮੈਂ ਵੀ ਸੋਚਿਆ ਬਾਹਰ ਖੇਤਾਂ ਵਿੱਚ ਬੀਬੀ ਹੁਰਾਂ ਕੋਲ ਚਲੇ ਜਾਂਦਾ ਹਾਂ। ਏਸੇ ਵੇਲੇ ਕਿਸੇ
ਨੇ ਦੱਸਿਆ ਕਿ ਮੇਰਾ ਲੜਕਾ ਸੁਪਨਦੀਪ ਵੀ ਪਿੰਡ ਦੇ ਸਕੂਲ ਵਿੱਚ ਇਕੱਠੀ ਕੀਤੀ ਭੀੜ ਵਿੱਚ
ਸ਼ਾਮਲ ਸੀ। ਮੈਂ ਹੈਰਾਨ ਹੋਇਆ ਕਿ ਉਸਨੂੰ ਕੀ ਲੋੜ ਸੀ ਬਾਹਰ ਆਉਣ ਦੀ? ਉਹ ਘਰ ਕਿਉਂ ਨਾ
ਰਿਹਾ? ਉਹ ਤਾਂ ਅਜੇ ਦਸਾਂ ਸਾਲਾਂ ਦਾ ਵੀ ਨਹੀਂ ਸੀ ਹੋਇਆ! ਮੈਂ ਬਾਹਰ ਬਹਿਕ ‘ਤੇ ਜਾਣ ਦਾ
ਇਰਾਦਾ ਤਰਕ ਕਰ ਦਿੱਤਾ ਅਤੇ ਆਪ ਸਕੂਲ ਵਿੱਚ ਘੇਰੇ ਵਿੱਚ ਘਿਰੇ ਬੈਠੇ ਲੋਕਾਂ ਵੱਲ ਤੁਰ ਪਿਆ।
ਛੋਟੇ ਜਿਹੇ ਬੱਚੇ ਨੂੰ ਭੀੜ ਵਿੱਚ ਇਕੱਲਾ ਮਹਿਸੂਸ ਕਰਕੇ ਮੈਂ ਚਿੰਤਾਤੁਰ ਹੋ ਗਿਆ। ਸੁਪਨ
ਬਾਰੇ ਮੈਂ ਅਜੇ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਪੁੱਛ ਹੀ ਰਿਹਾ ਸਾਂ ਕਿ ਤਾਇਆ ਲਾਭ ਚੰਦ
ਕਹਿੰਦਾ, “ਫੋਰਸਾਂ ਵਾਲਿਆਂ ਨੇ ਲਾਊਡ ਸਪੀਕਰ ‘ਚ ਆਖਿਆ ਕਿ ਦਸ-ਬਾਰਾਂ ਸਾਲ ਤੋਂ ਵੱਧ ਦੇ
ਸਾਰੇ ਮਰਦ ਘਰਾਂ ‘ਚੋਂ ਬਾਹਰ ਆ ਜਾਣ। ਨਿੱਕਾ ਕਾਕਾ ਕਹਿੰਦਾ ਸੀ ਕਿ ਮੈਂ ਵੀ ਜਾਣੈ। ਮੈਂ
ਦਸਾਂ ਸਾਲਾਂ ਦਾ ਹੋ ਗਿਆਂ। ਐਥੇ ਹੀ ਕਿਤੇ ਫਿਰਦਾ ਸੀ।”
ਏਨੇ ਚਿਰ ਵਿੱਚ ਸੁਪਨ ਵੀ ਪਤਾ ਲੱਗਣ ‘ਤੇ ਭੀੜ ਦੀਆਂ ਲੱਤਾਂ ਵਿਚੋਂ ਥਾਂ ਬਣਾਉਂਦਾ ਮੇਰੇ
ਕੋਲ ਆਣ ਪੁੱਜਾ। ਸਾਰੇ ਪਿੰਡ ਵਾਸੀ ਕਤਾਰਾਂ ਬਣਾ ਕੇ ਗੁਰਦਵਾਰੇ ਦੇ ਅਹਾਤੇ ਵਿੱਚ ਲਿਜਾਏ
ਗਏ। ਬਾਰਾਂ ਪੱਤੀਆਂ ਵਾਲੇ ਪਿੰਡ ਦੇ ਏਨੇ ਲੋਕਾਂ ਦੀ ਭੀੜ ਲਈ ਸਿਰ ਲੁਕਾਉਣ ਵਾਸਤੇ
ਗੁਰਦਵਾਰੇ ਦੀ ਇਮਾਰਤ ਤੇ ਹੋਰ ਥਾਂ ਥੋੜ੍ਹੀ ਸੀ। ਬਾਬੇ ਬਿਧੀ ਚੰਦੀਆਂ ਨੇ ਲੰਗਰ ਤਾਂ ਨਾ
ਥੁੜਨ ਦਿੱਤਾ ਪਰ ਲੋੜ ਅਨੁਸਾਰ ਕਮਰੇ ਅਤੇ ਬਰਾਂਡੇ ਥੁੜ ਗਏ ਸਨ। ਤਿੰਨ-ਚਾਰ ਹਜ਼ਾਰ ਬੰਦਿਆਂ
ਲਈ ਰਜਾਈਆਂ ਵੀ ਕਿੱਥੇ ਪੂਰੀਆਂ ਆਉਣੀਆਂ ਸਨ! ਜਿੱਥੇ ਅੜਤਲਾ ਲੱਭਾ, ਲੋਕ ਥਾਂ ਮੱਲ ਕੇ ਬਹਿ
ਗਏ। ਕਈਆਂ ਨੇ ਖੁੱਲ੍ਹੇ ਮੈਦਾਨ ਵਿੱਚ ਪਈ ਪਰਾਲੀ ਦੇ ਢੇਰਾਂ ‘ਤੇ ਡੇਰੇ ਲਾ ਲਏ। ਰਜਾਈਆਂ ਦੀ
ਥਾਂ ਆਪਣੇ ਉੱਤੇ ਪਰਾਲੀ ਦੇ ਥੱਬੇ ਸੁੱਟ ਲਏ। ਉੱਤੋਂ ਕੁਦਰਤ ਦੀ ਕਰੋਪੀ ਇਹ ਹੋਈ ਕਿ ਕਦੀ
ਮੀਂਹ ਵਰ੍ਹਨ ਲੱਗ ਪੈਂਦਾ ਤੇ ਕਦੀ ਰੁਕ ਜਾਂਦਾ। ਲੋਕਾਂ ਨੇ ਸਾਰੀ ਰਾਤ ਬੁਰੇ ਹਾਲੀਂ ਕੱਟੀ।
ਦਿਨ ਚੜ੍ਹਿਆ ਤਾਂ ਗੁਰਦਵਾਰੇ ਦੇ ਲੰਗਰ ਵਿੱਚ ਤਿਆਰ ਹੋਈ ਚਾਹ ਨੇ ਨਿੱਘ ਦਿੱਤਾ। ਲੋਕ ਕੱਲ੍ਹ
ਤੋਂ ਹੁਣ ਤੱਕ ਵਾਪਰ ਰਹੀ ਹੋਣੀ ਬਾਰੇ ਗੱਲਾਂ ਕਰ ਰਹੇ ਸਨ। ਸਾਰੇ ਆਪਣੇ ਘਰਾਂ ਤੇ
ਬਾਲ-ਬੱਚਿਆਂ ਬਾਰੇ ਫ਼ਿਕਰਮੰਦ ਸਨ। ਓਧਰ ਘਰ ਵਿੱਚ ਰਹਿ ਗਏ ਜੀਆਂ ਨੂੰ ਆਪਣੇ ਬੰਦਿਆਂ ਦੀ
ਚਿੰਤਾ ਸੀ। ਪਿੰਡ ਵਿੱਚ ਕੱਲ੍ਹ ਦੁਪਹਿਰ ਤੋਂ ਲੈ ਕੇ ਕਰਫ਼ਿਊ ਵਾਲੀ ਹਾਲਤ ਬਣੀ ਹੋਈ ਸੀ।
ਬਾਰਾਂ ਕੁ ਵਜੇ ਪਿੰਡ ਵਿਚੋਂ ਫਿਰ ਗੋਲੀਆਂ ਦੀ ਗੜਗੜਾਹਟ ਦੀ ਲੰਮੀ ਆਵਾਜ਼ ਆਈ। ਕੋਈ ਭਾਣਾ
ਵਾਪਰ ਗਿਆ ਸੀ।
ਸ਼ਾਮ ਤੱਕ ਸਾਨੂੰ ਘਰ ਜਾਣ ਦੀ ਆਗਿਆ ਮਿਲੀ। ਸੁਪਨਦੀਪ ਤੇ ਮੈਨੂੰ ਵੇਖ ਕੇ ਰਜਵੰਤ ਦਾ ਸਾਹ
ਵਿੱਚ ਸਾਹ ਆਇਆ। ਇਸ ਘੇਰੇ ਵਿੱਚ ਪਿੰਡ ਦੇ ਦੋ ਮੁੰਡੇ ਰਾਤੀਂ ਤੇ ਤਿੰਨ ਸਵੇਰੇ ਮਾਰੇ ਗਏ
ਸਨ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਸਾਡੇ ਘਰ ਦੇ ਪਿਛਵਾੜੇ ਰਹਿੰਦੇ ਧਿਆਨ ਸਿੰਘ
ਨਿਹੰਗ ਦਾ ਅਣਦਾਹੜੀਆ ਮੁੰਡਾ ਸ਼ਬੇਗਾ ਵੀ ਮਾਰਿਆ ਗਿਆ ਸੀ। ਉਹ ਕਦੋਂ ਕੁ ਦਾ ਇਹਨਾਂ ਨਾਲ
ਤੁਰਿਆ ਹੋਇਆ ਸੀ! ਉਹ ਤਾਂ ਬੜਾ ਭੋਲਾ-ਭਾਲਾ ਤੇ ਸਿੱਧੜ ਜਿਹਾ ਸੀ! ਉਸਨੂੰ ਚੱਲ ਰਹੀ ਇਸ
ਸਿਆਸਤ ਦਾ ਤਾਂ ਸ਼ਾਇਦ ਇੱਕ ਅੱਖਰ ਵੀ ਨਹੀਂ ਸੀ ਆਉਂਦਾ! ਜਦੋਂ ਉਹ ਨਿੱਕਾ ਜਿਹਾ ਬਾਲ ਸੀ ਤਾਂ
ਸਾਡੇ ਘਰ ਰੋਜ਼ ਸਵੇਰੇ ਲਵਾਇਆ ਦੁੱਧ ਦੇਣ ਆਉਂਦਾ ਸੀ। ਮੈਂ ਗੁਆਂਢ-ਮੱਥਾ ਹੋਣ ਕਰਕੇ ਅਫ਼ਸੋਸ
ਕਰਨ ਜਾਣਾ ਹੀ ਸੀ। ਕਿਸੇ ਨੇ ਘਰਦਿਆਂ ਨਾਲ ਅਫਸੋਸ ਕਰਦਿਆਂ ਕਿਹਾ, “ਛੋਟੀ ਉਮਰ ਵਿੱਚ ਤੁਰ
ਜਾਣਾ ਗੱਲ ਤਾਂ ਬੜੇ ਦੁੱਖ ਦੀ ਹੈ ਪਰ ਕੌਮ ਤੋਂ ਕੁਰਬਾਨ ਹੋਣਾ ਵੀ ਕਿਸੇ ਕਰਮਾਂ ਵਾਲੇ ਦੇ
ਨਸੀਬਾਂ ਵਿੱਚ ਹੀ ਹੁੰਦਾ ਹੈ! ਸ਼ਹੀਦੀ ਜਾਮ ਪੀ ਕੇ ਸ਼ਬੇਗ ਸੁੰਹ ਆਪਣਾ ਤੇ ਕੌਮ ਦਾ ਨਾਂ ਰੋਸ਼ਨ
ਕਰ ਗਿਆ!”
ਸ਼ਬੇਗੇ ਦੇ ਤਾਏ ਗਿਆਨ ਸਿੰਘ ਨੇ ਵੱਡੀ ਸਾਰੀ ਗਾਲ੍ਹ ਕੱਢੀ, “ਉਹਨੂੰ ਕੀ ਪਤਾ ਕੌਮ ਕੀ ਹੁੰਦੀ
ਆ ਤੇ ਕੁਰਬਾਨੀ ਕੀ ਏ? ਜਿਸਨੂੰ ਬਹੁਤਾ ਸ਼ੌਕ ਐ ਆਪ ਕੁਰਬਾਨੀ ਕਰ ਕੇ ਵੇਖ ਲਵੇ ਜਾਂ ਆਪਣਾ
ਮੁੰਡਾ ਮਰਵਾ ਕੇ ਵੇਖੇ। ਉਹ ਤਾਂ ਚਾਹ ਪੀਣ ਆ ਵੜੇ ਭੈਂ-ਦੇ ਢਹੇ ਚੜ੍ਹ ਗਿਆ। ਸਟੇਨ ਹੱਥ ‘ਚ
ਫੜ੍ਹ ਕੇ ਕਮਲਾ ਹੋ ਗਿਆ। ਕਹਿੰਦਾ ਮੈਂ ਤੁਹਾਡੇ ਨਾਲ ਜਾਣੈਂ। ਮੈਂ ਵੀ ਰੋਕਿਆ, ਧਿਆਨ ਸੁੰਹ
ਵੀ ਰੋਕਿਆ। ਆਖਣ ਲੱਗਾ ਦੋ ਕੁ ਦਿਨ ਬਦਾਮ ਖਾ ਕੇ ਆ ਜਾਊਂ। ਨਾ ਅੱਗੋਂ ਨਾ ਪਿੱਛੋਂ, ਆਹ ਚੌਥ
ਦੀ ਗੱਲ ਈ, ਓਦਣ ਉਹਨਾਂ ਨਾਲ ਤੁਰ ਗਿਆ।”
ਉਸ ਸਾਧਾਰਨ ਕਿਰਸਾਣ ਦੇ ਬੋਲਾਂ ਵਿੱਚ ਬੱਚੇ ਦੇ ਤੁਰ ਜਾਣ ਦਾ ਦਰਦ ਵੀ ਬੋਲ ਰਿਹਾ ਸੀ ਤੇ
ਲਈਆਂ ਤੇ ਦਿੱਤੀਆਂ ਜਾ ਰਹੀਆਂ ‘ਕੁਰਬਾਨੀਆਂ’ ਬਾਰੇ ਦ੍ਰਿਸ਼ਟੀਕੋਨ ਵੀ ਪਰਗਟ ਹੋ ਰਿਹਾ ਸੀ।
ਘੇਰਾ ਟੁਟਣ ਤੋਂ ਅਗਲੇ ਦਿਨ ਬਾਅਦ ਦੁਪਹਿਰ ਤਿੰਨ ਲਾਸ਼ਾਂ ਦਾ ਸਸਕਾਰ ਪਿੰਡ ਦੇ ਚੜ੍ਹਦੇ ਪਾਸੇ
ਤੇ ਦੋ ਦਾ ਲਹਿੰਦੇ ਪਾਸੇ ਹੋਇਆ। ਓਸੇ ਰਾਤ ਉਹਨਾਂ ਦੀਆਂ ਬਲਦੀਆਂ ਚਿਤਾਵਾਂ ‘ਤੇ ਮੁੰਡਿਆਂ
ਨੇ ਆ ਕੇ ਫਿਰ ਦੜਾ-ਦੜ ਅੱਧਾ ਘੰਟਾ ਗੋਲੀਆਂ ਚਲਾ ਕੇ ਆਪਣੇ ‘ਜਿਊਂਦੇ ਹੋਣ’ ਦੀ ਖ਼ਬਰ ਦੇ
ਦਿੱਤੀ।
ਇਕ ਦਿਨ ਸਾਡੇ ਖੇਤਾਂ ਦੇ ਨੇੜੇ ‘ਮੁਕਾਬਲਾ’ ਹੋਇਆ ਤੇ ਤਿੰਨ ਮੁੰਡੇ ਮਾਰੇ ਗਏ। ਮੈਂ ਅਗਲੇ
ਅਗਲੇਰੇ ਦਿਨ ਖੇਤਾਂ ਵਿੱਚ ਗਿਆ ਤਾਂ ਆਪਣੇ ਭਰਾ ਨੂੰ ਪੁੱਛਿਆ ਕਿ ਮੁਕਾਬਲੇ ਵਿੱਚ ਮਾਰੇ ਜਾਣ
ਵਾਲੇ ਕੌਣ ਸਨ? ਉਸਨੇ ਦੱਸਿਆ ਕਿ ‘ਫਲਾਣੇ’ ਹੁਰੀਂ ਇਥੋਂ ਸਾਡੇ ਕੋਲੋਂ ਹੀ ਐਧਰ ਸੂਏ ਵੱਲ
ਲੰਘੇ ਸਨ। ਅੱਗੇ ਸੀ ਆਰ ਪੀ ਵਾਲਿਆਂ ਦਾ ਨਾਕਾ ਸੀ। ਉਹਨਾਂ ਨੇ ਫਾਇਰਿੰਗ ਖੋਲ੍ਹ ਦਿੱਤੀ ਤੇ
ਮੁੰਡੇ ਮਾਰੇ ਗਏ। ਉਸਨੇ ਇਹ ਦੱਸ ਕੇ ਮੈਨੂੰ ਹੈਰਾਨ ਕਰ ਦਿੱਤਾ, “ਚੌਥ ਜਿਹੜਾ ਫਰੰਦੀਪੁਰੀਆਂ
ਦਾ ਸਮੱਧਰ ਜਿਹਾ ਮੁੰਡਾ ਆਪਣੀ ਬਾਸਮਤੀ ਝੰਬਾ ਰਿਹਾ ਸੀ। ਉਹ ਕੰਜਰ ਐਵੇਂ ਹੀ ਸ਼ੌਕ ਸ਼ੌਕ ਵਿੱਚ
ਉਹਨਾਂ ਨਾਲ ਤੁਰ ਗਿਆ ਤੇ ਭੰਗ ਦੇ ਭਾੜੇ ਮਾਰਿਆ ਗਿਆ। ਆਖਦਾ ਸੀ, ਦੋ ਕੁ ਦਿਨ ਬਾਬਿਆਂ ਦੇ
ਰੰਗ-ਤਮਾਸ਼ੇ ਵੀ ਵੇਖ ਆਈਏ!”
ਇਹਨਾਂ ਵਿੱਚ ‘ਭੰਗ ਦੇ ਭਾੜੇ’ ਮਾਰੇ ਜਾਣ ਵਾਲੇ ਮੁੰਡੇ ਵੀ ਹੁੰਦੇ ਤੇ ਆਪਣੀ ਸੋਚ ਦੀ
ਪ੍ਰਤੀਬੱਧਤਾ ਲਈ ਮਾਰੇ ਜਾਣ ਵਾਲੇ ਵੀ। ਮੇਰੀਆਂ ਪੈਲੀਆਂ ਦੇ ਨੇੜੇ ਹੀ ਇੱਕ ਦਿਨ ਸਾਡੀ
ਗੁਆਂਢੀ ਬਹਿਕ ਵਾਲਿਆਂ ਦਾ ਮੁੰਡਾ ਤੇ ਮੇਰਾ ਸ਼ਾਗਿਰਦ ‘ਲੈਫ਼ਟੀਨੈਂਟ ਜਨਰਲ’ ਹਰਜਿੰਦਰ ਸਹਿਵਨ
ਹੀ ਸੀ ਆਰ ਪੀ ਵਾਲਿਆਂ ਦੇ ਖੇਤਾਂ ਵਿੱਚ ਮਾਰੇ ਗੇੜੇ ਸਮੇਂ ਬੰਬੀ ਤੋਂ ਨਿਕਲ ਕੇ ਆਪਣੇ ਬਚਾ
ਲਈ ਦੌੜਿਆ। ਉਹ ਸਾਡੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਚੱਲੀਆਂ ਗੋਲੀਆਂ ਦੇ ਵਟਾਂਦਰੇ ਵਿੱਚ
ਮਾਰਿਆ ਗਿਆ।
ਇਸ ਘਟਨਾ ਨੂੰ ਹੋਏ ਕੁੱਝ ਦਿਨ ਹੀ ਬੀਤੇ ਸਨ ਕਿ ‘ਮੁੰਡਿਆਂ’ ਨੇ ਇੱਕ ਪਰਿਵਾਰ ਦੇ ਚਾਰ ਜੀਅ
ਮਾਰ ਦਿੱਤੇ। ਕੁਝ ਦਿਨਾਂ ਬਾਦ ਪਤਾ ਲੱਗਾ ਕਿ ਦਸਵੀਂ ਪਾਸ ਕਰਕੇ ਗਿਆ ਮੇਰਾ ਇੱਕ ਹੋਰ
ਸ਼ਾਗਿਰਦ ਪਰਮਜੀਤ, ਜੋ ‘ਓਧਰ’ ਤੁਰ ਪਿਆ ਸੀ, ਸੀ ਆਰ ਪੀ ਵਾਲਿਆਂ ਦੇ ਕਾਬੂ ਆ ਗਿਆ। ਸੀ ਆਰ
ਪੀ ਦੇ ਇੰਸਪੈਕਟਰ ਨੇ ਉਸਨੂੰ ਛੱਡਣ ਦਾ ਤਿੰਨ ਦਿਨਾਂ ਦੇ ਵਿੱਚ ਵਿੱਚ ਲੱਖ ਰੁਪਈਆ ਲੈਣਾ
ਮੰਗਿਆ। ਉਸਦੇ ਗਰੀਬ ਮਾਪੇ ਫੜ-ਫੜਾ ਕੇ ਮਸਾਂ ਤੀਹ ਹਜ਼ਾਰ ਹੀ ਇਕੱਠਾ ਕਰ ਸਕੇ। ਇੰਸਪੈਕਟਰ
ਕੋਲ ਜਾ ਕੇ ਅਰਜ਼ ਗੁਜ਼ਾਰੀ ਕਿ ਉਹ ਏਨੇ ਪੈਸੇ ਲੈ ਕੇ ਮੁੰਡਾ ਛੱਡ ਦੇਵੇ; ਉਹ ਹਰ ਹਾਲਤ ਵਿੱਚ
ਅਗਲੇ ਦਿਨਾਂ ਵਿੱਚ ‘ਉਸਦਾ’ ਲੱਖ ਰੁਪਈਆ ਪੂਰਾ ਕਰ ਦੇਣਗੇ। ਉਸਨੇ ਅੱਗੋਂ ਇਨਕਾਰ ਕਰਦਿਆਂ
ਇੱਕ ਦਿਨ ਵਿੱਚ ਹੀ ਲੱਖ ਰੁਪਈਆ ਦੇਣ ਦੀ ਮੰਗ ਕਰੜਾਈ ਨਾਲ ਦੁਹਰਾ ਦਿੱਤੀ। ਇੱਕ ਦਿਨ ਵਿੱਚ
ਉਹ ਵਿਚਾਰੇ ਲੱਖ ਰੁਪਈਆਂ ਕਿੱਥੋਂ ਲੈ ਕੇ ਆਉਂਦੇ! ਜੇ ਲਿਆ ਸਕਦੇ ਹੁੰਦੇ ਤਾਂ ਪਹਿਲਾਂ ਨਾ
ਲੈ ਕੇ ਜਾਂਦੇ! ਤੀਜੇ ਦਿਨ ਮੁੰਡੇ ਦੇ ‘ਪੁਲਿਸ ਮੁਕਾਬਲੇ’ ਵਿੱਚ ਮਾਰੇ ਜਾਣ ਦੀ ਖ਼ਬਰ ਆ ਗਈ।
ਇੰਜ ਹੀ ਮੇਰਾ ਹੋਰ ਸ਼ਾਗਿਰਦ ਪਰਗਟ ਬਾਬਾ ਬੁੱਢਾ ਸਾਹਿਬ ਦੀ ਬੀੜ ਵੱਲ, ਪਿੰਡ ਦੀ ਟਰਾਲੀ
ਵਿੱਚ, ਹੋਰਨਾਂ ਨਾਲ ਮੇਲਾ ਵੇਖਣ ਜਾਂਦਾ ਪੁਲਿਸ ਨੇ ਟਰਾਲੀ ਵਿਚੋਂ ਲਾਹ ਲਿਆ। ਫੇਰ ਉਸਦੀ
ਕੋਈ ਉੱਘ-ਸੁੱਘ ਪਤਾ ਨਾ ਚੱਲੀ। ਕੁੱਝ ਦਿਨ ਹੋਰ ਤੇ ਮੁੰਡਿਆਂ ਨੇ ਫਿਰ ਕਿਸੇ ਟੱਬਰ ਦੇ ਪੰਜ
ਜੀਅ ਮਾਰ ਦਿੱਤੇ। ਇੱਕ ਹੋਰ ਦਿਨ: ਮੇਰੇ ਜਮਾਤੀ ਰਹੇ ਕਿਰਪਾਲ (ਇਹ ਉਹੋ ਕਿਰਪਾਲ ਸੀ ਜੋ ਕਦੀ
ਸੀ ਆਈ ਡੀ ਵਿੱਚ ਹੁੰਦਾ ਸੀ ਤੇ ਬਾਅਦ ਵਿੱਚ ਨੌਕਰੀ ਛੱਡਕੇ ਪਿੰਡ ਦੀ ਸਿਆਸਤ ਵਿੱਚ ਸਰਗਰਮੀ
ਨਾਲ ਕੰਮ ਕਰ ਰਿਹਾ ਸੀ) ਨੂੰ ਪਿੰਡ ਦੇ ਹੀ ਮੁੰਡਿਆਂ ਨੇ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ
ਹੋਣ ਵਾਲੀਆਂ ਪੰਚਾਇਤ-ਚੋਣਾਂ ਦੀ ਅਵਾਈ ਸੁਣ ਕੇ ਸਰਪੰਚ ਖਲੋਣ ਦੀ ਇੱਛਾ ਰੱਖਦਾ ਸੀ!
ਇਹ ਤਾਂ ਐਵੇਂ ਚੱਲਦਿਆਂ ਚੱਲਦਿਆਂ ‘ਗਿਣਤੀ ਕਰਾਉਣ ਵਾਲੀ ਗੱਲ’ ਹੈ। ਸੱਚੀ ਗੱਲ ਤਾਂ ਇਹ ਹੈ
ਕਿ ਮੇਰੇ ਪਿੰਡ ਨੇ ਇੱਕ ਦਿਨ ਵਿੱਚ ਕਈ ਕਈ ਲਾਸ਼ਾਂ ਦੇ ਸਸਕਾਰ ਹੁੰਦੇ ਵੇਖੇ। ਚਿੱਟੇ ਲੀੜੇ
ਪਾ ਕੇ ਸਾਡੇ ਪਿੰਡ ਅਫ਼ਸੋਸ ਲਈ ਆਉਣ ਅਤੇ ਦੂਜੇ ਪਿੰਡਾਂ ਵਿੱਚ ਅਫ਼ਸੋਸ ਕਰਨ ਲਈ ਜਾਣ ਵਾਲਿਆਂ
ਦੀਆਂ ਭਰੀਆਂ ਟਰਾਲੀਆਂ ਦੁੱਖ ਦਾ ਬੋਝ ਝੱਲਣੋ ਅਸਮਰੱਥ ਹੋ ਗਈਆਂ ਜਾਪਦੀਆਂ ਸਨ। ਜਿਹੜੇ
ਲੋਕਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ ਇਹ ਸਾਰੇ ‘ਸਿੱਖ’ ਸਨ; ਮਰਨ ਵਾਲੇ ਵੀ ਤੇ ਮਾਰਨ ਵਾਲੇ
ਵੀ। ਇਹ ਕੈਸੀ, ‘ਸਿੱਖਾਂ ਦੇ ਹਿਤਾਂ ਤੇ ਆਜ਼ਾਦੀ ਦੀ ਲੜਾਈ’ ਲੜੀ ਜਾ ਰਹੀ ਸੀ! ਪੁਲਿਸ ਵੱਲੋਂ
ਮਾਰੇ ਗਏ ਵੀ ਸਾਰੇ ਦੋਸ਼ੀ ਨਹੀਂ ਸਨ ਤੇ ਮੁੰਡਿਆਂ ਵੱਲੋਂ ਮਾਰੇ ਜਾਣ ਵਾਲਿਆਂ ਦਾ ਵੀ ਅਜਿਹਾ
ਕੋਈ ਕਸੂਰ ਨਹੀਂ ਸੀ ਕਿ ਉਹਨਾਂ ਨੇ ‘ਲੜੇ ਜਾ ਰਹੇ ਸੰਘਰਸ਼’ ਵਿੱਚ ਕੋਈ ਰੁਕਾਵਟ ਪਾਈ ਹੋਵੇ
ਜਾਂ ਕਿਸੇ ਪ੍ਰਕਾਰ ਦੀ ਕੋਈ ਮੁਖ਼ਬਰੀ ਕੀਤੀ ਹੋਵੇ। ਉਹਨਾਂ ਦਾ ਕਸੂਰ ਤਾਂ ਸਿਰਫ਼ ਏਨਾ ਕੁ ਹੀ
ਹੁੰਦਾ ਸੀ ਕਿ ਉਹਨਾਂ ਦੀ ਪਿੰਡ ਦੇ ਹੀ ਕਿਸੇ ਹੋਰ ਸ਼ਰੀਕ ਨਾਲ ਲਾਗ-ਡਾਟ ਹੁੰਦੀ ਸੀ।
‘ਮੁੰਡਿਆਂ’ ਨਾਲ ਜੁੜੀ ਦੂਜੀ ਧਿਰ ਇਸ ਨਿੱਜੀ ਪਰਿਵਾਰਕ ਰੰਜਿਸ਼ ਨੂੰ ‘ਕੌਮ ਨਾਲ ਕੀਤੇ ਜਾਂਦੇ
ਕਿਸੇ ਧ੍ਰੋਹ ਨਾਲ ਜੋੜ ਦਿੰਦੀ ਸੀ’ ਤੇ ਅਗਲਿਆਂ ਦੇ ਪਰਿਵਾਰ ਦਾ ਘਾਣ-ਬੱਚਾ-ਘਾਣ ਕਰ ਦਿੱਤਾ
ਜਾਂਦਾ ਸੀ।
ਇੱਕ ਵਾਰ ਤਾਂ ਮੈਂ ਤੇ ਮੇਰਾ ਪਰਿਵਾਰ ਵੀ ਏਸੇ ਜ਼ਾਤੀ ਰੰਜਿਸ਼ ਦਾ ਸ਼ਿਕਾਰ ਹੋ ਚੱਲਿਆ ਸੀ। ਇਹ
ਬਲੂ ਸਟਾਰ ਆਪ੍ਰੇਸ਼ਨ ਤੋਂ ਕੁੱਝ ਮਹੀਨੇ ਪਹਿਲਾਂ ਦੀ ਗੱਲ ਹੈ। ਮੇਰੇ ਸਕੂਲ ਦਾ ਪੀ ਟੀ
ਅਧਿਆਪਕ ਬਾਰਡਰ ‘ਤੇ ਰਹਿਣ ਵਾਲੇ ਵੱਡੇ ਸਮਗਲਰ ਪਰਿਵਾਰ ਦਾ ਮੁੰਡਾ ਸੀ। ਬੜਾ ਹੀ ਮਿਲਣਸਾਰ
ਤੇ ਮਿਠਬੋਲੜਾ। ਉਂਜ ਵੀ ਉਸਦੇ ਪੈਸੇ, ਉਨ੍ਹਾਂ ਦੇ ਪਰਿਵਾਰ ਦੀ ਸਰਦਾਰੀ ਤੇ ਅੱਜ-ਕੱਲ੍ਹ
ਭਿੰਡਰਾਂਵਾਲੇ ਸੰਤ ਨਾਲ ਉਹਨਾਂ ਦੀ ਨਜ਼ਦੀਕੀ ਕਰਕੇ ਸਾਰੇ ਅਧਿਆਪਕ ਤੇ ਵਿਦਿਆਰਥੀ ਉਸਦੀ ਪੈਂਠ
ਮੰਨਦੇ ਸਨ। ਮੇਰੇ ਨਾਲ ਉਹ ਬੜੇ ਆਦਰ ਨਾਲ ਪੇਸ਼ ਆਉਂਦਾ।
ਪਰ ਇੱਕ ਵਾਰ ਸਾਡੀ ਦੋਵਾਂ ਦੀ ਠਣ ਗਈ।
ਉਹ ਸਵੇਰ ਤੋਂ ਲੈ ਕੇ ਅੱਧੀ ਦਿਹਾੜੀ ਤੱਕ ਮੁੰਡਿਆਂ ਨੂੰ ਕਬੱਡੀ ਖਿਡਾਈ ਜਾਂਦਾ। ਕੁੱਝ
ਮੁੰਡੇ ਖੇਡ ਰਹੇ ਹੁੰਦੇ, ਬਾਕੀ ਤਮਾਸ਼ਬੀਨ ਬਣ ਕੇ ਵੇਖਦੇ ਰਹਿੰਦੇ। ਹੈੱਡਮਾਸਟਰ ਉਸਨੂੰ ਕੁੱਝ
ਕਹਿਣ ਜੋਗਾ ਨਹੀਂ ਸੀ। ਬਾਕੀ ਅਧਿਆਪਕਾਂ ਨੂੰ ਇਤਰਾਜ਼ ਕੋਈ ਨਹੀਂ ਸੀ। ਇਤਰਾਜ਼ ਸੀ ਤਾਂ ਮੈਨੂੰ
ਕਿ ਉਹਦੀ ਕਬੱਡੀ ਖਿਡਾਉਣ ਦੇ ਸਮੇਂ ਵਿੱਚ ਮੇਰੀ ਜਮਾਤ ਦਾ ਪੀਰੀਅਡ ਰੋਜ਼ ਅੰਜਾਈਂ ਚਲਾ ਜਾਂਦਾ
ਸੀ। ਮੈਂ ਦੋ ਕੁ ਦਿਨ ਮੁੰਡਿਆਂ ਨੂੰ ਸਮਝਾਇਆ ਕਿ ਮੇਰੀ ਜਮਾਤ ਲੱਗਣ ਤੱਕ ਉਹ ਕਬੱਡੀ ਤੋਂ
ਵਿਹਲੇ ਹੋ ਕੇ ਆ ਜਾਇਆ ਕਰਨ। ਪਰ ਪੀ ਟੀ ਉਹਨਾਂ ਨੂੰ ਆਉਣ ਨਹੀਂ ਸੀ ਦਿੰਦਾ। ਤੀਜੇ ਕੁ ਦਿਨ
ਤਾਂ ਉਸਨੇ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਉਹ ਨਿਰਸੰਕੋਚ ਹੋ ਕੇ ਖੇਡਦੇ ਰਹਿਣ, ਉਸਦੇ
ਹੁੰਦਿਆਂ ਉਹਨਾਂ ਨੂੰ ਕੋਈ ਕੁੱਝ ਨਹੀਂ ਆਖ ਸਕਦਾ! ਹੋ ਸਕਦਾ ਹੈ ਉਸਨੇ ਮੇਰੇ ‘ਤੇ ਮਾਣ ਜਾਂ
ਅਧਿਕਾਰ ਸਮਝਦੇ ਹੋਏ ਹੀ ਇਹ ਕਿਹਾ ਹੋਵੇ ਪਰ ਮੈਨੂੰ ਉਸਦੀ ਇਹ ਗੱਲ ਲੜ ਗਈ। ਅਗਲੇ ਦਿਨ ਉਹਦੀ
ਹਾਜ਼ਰੀ ਵਿੱਚ ਕੌਡੀ ਖੇਡਦਿਆਂ ਮੁੰਡਿਆਂ ਨੂੰ ਕੱਪੜੇ ਪਵਾ ਕੇ ਤੇ ਅੱਗੇ ਤੋਂ ‘ਬੰਦੇ ਦੇ
ਪੁੱਤ’ ਬਣਨ ਲਈ ਆਖ ਕੇ ਮੈਂ ਜਮਾਤ ਵੱਲ ਤੋਰ ਲਿਆ ਤਾਂ ਉਹ ਗੁੱਸੇ ਵਿੱਚ ਮੇਰੇ ਵੱਲ ਵੇਖਦਾ
ਹੀ ਰਹਿ ਗਿਆ। ਉਸਨੂੰ ਲੱਗਾ ਮੈਂ ਉਸਦੀ ਮੁੱਛ ਨੀਵੀਂ ਕਰ ਦਿੱਤੀ ਹੈ!
ਓਸੇ ਰਾਤ ਉਹਨਾਂ ਦੇ ਘਰ ਖਾੜਕੂ ਆਏ। ਉਸਨੇ ਉਹਨਾਂ ਨੂੰ ਮੇਰੇ ਬਾਰੇ ਕਿਹਾ ਕਿ ‘ਮੈਂ ਸੰਤਾਂ
ਦਾ ਬੜਾ ਵੱਡਾ ਨਿੰਦਕ ਤੇ ਦੋਖੀ ਹਾਂ ਅਤੇ ਉਸਦੇ ਵਾਰ ਵਾਰ ਸਮਝਾਉਂਦੇ ਰਹਿਣ ‘ਤੇ ਵੀ ਮੈਂ
ਆਪਣੀ ਕਰਤੂਤ ਤੋਂ ਬਾਜ਼ ਨਹੀਂ ਆਉਂਦਾ! ਮੇਰੇ ਵਰਗੇ ‘ਪੰਥ-ਦੋਖੀ’ ਨੂੰ ਜਿੰਨੀ ਛੇਤੀ ਸੋਧਾ
ਲਾਇਆ ਜਾਵੇ ਓਨਾ ਹੀ ‘ਪੰਥ ਦੇ ਭਲੇ ਦੀ ਗੱਲ’ ਹੈ।’
ਅੱਗੋਂ ਉਹਨਾਂ ਨੇ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਪਰਿਵਾਰ-ਸਮੇਤ ਸੋਧ ਦੇਣ ਦਾ ਵਚਨ ਦਿੱਤਾ।
ਅਗਲੇ ਦਿਨ ਪੀ ਟੀ ਨੇ ਆਪਣੇ ਦੋਸਤ-ਅਧਿਆਪਕ ਦਰਸ਼ਨ ਨੂੰ ਮੇਰੇ ਸੋਧੇ ਜਾਣ ਦੇ ਫ਼ੈਸਲੇ ਦੀ ਖ਼ਬਰ
ਸੁਣਾ ਦਿੱਤੀ। ਦਰਸ਼ਨ ਮੇਰਾ ਬੀ ਐੱਡ ਦਾ ਜਮਾਤੀ ਰਹਿ ਚੁੱਕਾ ਸੀ। ਉਸਨੇ ਉਸਨੂੰ ਇਹ ਪਾਪ
ਕਰਨੋਂ ਰੋਕਿਆ। ਸਾਡੀ ਸੁਲ੍ਹਾ-ਸਫ਼ਾਈ ਵੀ ਕਰਵਾ ਦਿੱਤੀ ਗਈ। ਪਰ ਜਿਹੜਾ ਤੀਰ ਛੁੱਟ ਚੁੱਕਾ ਸੀ
ਉਸਦਾ ਕੀ ਕੀਤਾ ਜਾਵੇ! ਦਰਸ਼ਨ ਮੈਨੂੰ ਤਾਂ ਕੁੱਝ ਨਾ ਦੱਸਿਆ ਪਰ ਓਸੇ ਵੇਲੇ ਪੀ ਟੀ ਦੇ ਹੀ
ਪਿੰਡ ਦੇ ਅਤੇ ਪੀ ਟੀ ਦੇ ਰਹਿ ਚੁੱਕੇ ਸਤਿਕਾਰਯੋਗ ਅਧਿਆਪਕ ਕਾਹਨ ਸਿੰਘ ਨੂੰ ਇਹ ਗੱਲ ਜਾ
ਦੱਸੀ। ਪੀ ਟੀ ਦਾ ਅਧਿਆਪਕ ਕਾਹਨ ਸਿੰਘ ਮੇਰਾ ਨਜ਼ਦੀਕੀ ਮਿੱਤਰ ਸੀ ਤੇ ਉਹਦੇ ਕਰਕੇ ਹੀ ਪੀ ਟੀ
ਮੈਨੂੰ ਵੀ ਅਧਿਆਪਕਾਂ ਵਰਗਾ ਆਦਰ ਦਿੰਦਾ ਰਿਹਾ ਸੀ। ਕਾਹਨ ਸਿੰਘ ਤੇ ਦਰਸ਼ਨ ਨੇ ਪੀ ਟੀ ਨੂੰ
ਉਹਦੀ ਕਰਤੂਤ ਲਈ ਸ਼ਰਮਿੰਦਾ ਕੀਤਾ ਤੇ ਉਹ ਤਿੰਨੇ ਜਣੇ ਦੋ ਦਿਨ ਲਗਾਤਾਰ ਇੱਕ ਪਿੰਡ ਤੋਂ ਦੂਜੇ
ਪਿੰਡ ਖਾੜਕੂਆਂ ਦੀਆਂ ਠਾਹਰਾਂ ਲੱਭਦੇ ਰਹੇ ਤਾਕਿ ਲਿਆ ਗਿਆ ਮਾਰੂ ਫ਼ੈਸਲਾ ਬਦਲਿਆ ਜਾ ਸਕੇ।
ਤੀਜੇ ਦਿਨ ਉਹਨਾਂ ਤਿੰਨਾਂ ਨੇ ਇੱਕ ਬਹਿਕ ‘ਤੇ ਖਾੜਕੂਆਂ ਨੂੰ ਜਾ ਲੱਭਿਆ। ਉਹਨਾਂ ਨੂੰ
ਵੇਖਦਿਆਂ ਹੀ ਉਹਨਾਂ ਦੇ ਆਗੂ ਨੇ ਕਿਹਾ, “ਮਾਸਟਰ ਜੀ ਨੂੰ ਸਾਡੇ ਤੇ ਯਕੀਨ ਨਹੀਂ ਲੱਗਦਾ।
ਕੱਲ੍ਹ ਰਾਤ ਨੂੰ ਤੁਹਾਡੇ ਮਨ ਦੀ ਮੁਰਾਦ ਪੂਰੀ ਹੋ ਜਾਊ ਅਤੇ ਉਹ ਪੰਥ-ਦੋਖੀ ਸਮੇਤ ਪਰਿਵਾਰ
ਨਰਕਾਂ ਵਿੱਚ ਪਹੁੰਚ ਜਾਊ। ਇਹ ਦੋ ਦਿਨ ਵੀ ਤਾਂ ਕਰ ਕੇ ਲੱਗ ਗਏ ਕਿ ਅਸੀਂ ਉਹਦੇ ਟਿਕਾਣੇ ਦਾ
ਪੂਰਾ ਪਤਾ ਲਾਉਂਦੇ ਰਹੇ ਆਂ। ਨਹੀਂ ਇਤਬਾਰ ਤਾਂ ਸੁਣੋਂ! ਅਸਲ ਵਿੱਚ ਉਹਨਾਂ ਦਾ ਘਰ ਬਾਜ਼ਾਰ
ਵਿੱਚ ਹੋਣ ਕਰਕੇ ਸਵੇਰੇ ਤਾਂ ਓਥੇ ਸੀ ਆਰ ਪੀ ਫਿਰਦੀ ਰਹਿੰਦੀ ਹੈ। ਇਹ ਕੰਮ ਰਾਤ ਨੂੰ ਹੋਣ
ਵਾਲਾ ਹੈ। ਇਕੱਲੇ ਦੀ ਗੱਲ ਹੁੰਦੀ ਤਾਂ ਅਸੀਂ ਸਕੂਲੇ ਜਾ ਕੇ ਹੀ ਸੋਧ ਦੇਣਾ ਸੀ ਪਰ ਹੁਣ ਸਣੇ
ਟੱਬਰ ਕੱਲ੍ਹ ਰਾਤ ਨੂੰ ਘਰੇ ਹੀ ‘ਗੜ ਗੜ’ ਹੋਊ। ਜੇ ਸਾਡੇ ‘ਤੇ ਨਹੀਂ ਯਕੀਨ ਤਾਂ ਅੱਗੇ
ਸੁਣੋਂ, ਉਹਨਾਂ ਦੇ ਘਰ ਦੀ ਸਾਹਮਣੀ ਅਤੇ ਪਾਸੇ ਦੀ ਬਾਜ਼ਾਰ ਵਾਲੀ ਬਾਹੀ ਤੋਂ ਟੱਪ ਕੇ ਘਰ
ਅੰਦਰ ਜਾਇਆ ਜਾ ਸਕਦਾ ਹੈ। ਕੰਧਾਂ ਮਸਾਂ ਦਸ ਦਸ ਫੁੱਟ ਹੀ ਉੱਚੀਆਂ ਨੇ। ਉਹ ਸਾਰਾ ਟੱਬਰ
ਬਾਹਰ ਵਿਹੜੇ ਵਿੱਚ ਪੱਖਾ ਲਾ ਕੇ ਸੌਂਦੇ ਨੇ। ਹੁਣ ਹੈ ਕੋਈ ਬੇਇਤਬਾਰੀ? ਕੱਲ੍ਹ ਨੂੰ ਇਹ ਕੰਮ
ਹੋਇਆ ਲਓ। ਹੁਣ ਕੋਈ ਹੋਰ ਸੇਵਾ ਦੱਸੋ।”
ਉਸਦਾ ਖ਼ੌਫ਼ਨਾਕ ਹਾਸਾ ਸੁਣਕੇ ਕਾਹਨ ਸਿੰਘ ਬੋਲਿਆ, “ਜਥੇਦਾਰ ਜੀ! ਅਸੀਂ ਹੋਰ ਸੇਵਾ ਕੀ ਦੱਸਣੀ
ਏਂ। ਅਸੀਂ ਤਾਂ ਦੋਵੇਂ ਹੱਥ ਜੋੜ ਕੇ ਤਰਲਾ ਕਰਨ ਆਏ ਆਂ ਕਿ ਇਹਦੇ ਕੋਲੋਂ ਉਸ ਮਾਸਟਰ ਬਾਰੇ
ਆਪਸ ਵਿੱਚ ਹੋਏ ਮਾਮੂਲੀ ਜਿਹੇ ਝਗੜੇ ਕਰਕੇ ਹੋਏ ਰੋਸੇ ਕਾਰਨ ਤੁਹਾਨੂੰ ਇਹ ਸਾਰਾ ਕੁੱਝ ਗਲਤੀ
ਨਾਲ ਆਖਿਆ ਗਿਆ। ਕਿਰਪਾ ਕਰਕੇ ਉਸਨੂੰ ਸੋਧਣ ਦਾ ਆਪਣਾ ਫ਼ੈਸਲਾ ਬਦਲ ਲਓ। ਉਸ ਮਾਸਟਰ ਵਿਚਾਰੇ
ਦਾ ਕੋਈ ਕਸੂਰ ਨਹੀਂ। ਬਖ਼ਸ਼ ਦਿਓ ਉਸਨੂੰ। ਤੁਸੀਂ ਨਾ ਮਿਲਦੇ ਤਾਂ ਇਹਨਾਂ ਦੀ ਆਪਸੀ ਗ਼ਲਤਫ਼ਹਿਮੀ
ਦੀ ਨਿੱਕੀ ਜਿਹੀ ਲੜਾਈ ਦਾ ਕਿੱਡਾ ਵਧਾਣ ਵਧ ਜਾਣਾ ਸੀ ਤੇ ਇੱਕ ਅਸਲੋ ਬੇਕਸੂਰ ਟੱਬਰ ਮਾਰਿਆ
ਜਾਣਾ ਸੀ! ਇਹ ਤਾਂ ਦੋਵੇਂ ਅਗਲੇ ਦਿਨ ਤੋਂ ਫੇਰ ਘਿਓ-ਖਿਚੜੀ ਹੋਏ ਫਿਰਦੇ ਨੇ!”
ਜਥੇਦਾਰ ਅੱਗੋਂ ਆਖਣ ਲੱਗਾ, ‘ਉਹ ਸੰਤਾਂ ਨੂੰ ਅਬਾ-ਤਬਾ ਬੋਲਦਾ ਹੈ। ਕਾਮਰੇਡ ਆ। ਕਾਮਰੇਡ
ਨੂੰ ਤਾਂ ਅਸਾਂ ਹੁਣ ਨਹੀਂ ਛੱਡਣਾ।’
ਉਹਨਾਂ ਫਿਰ ਹੱਥ ਜੋੜੇ। ਪੀ ਟੀ ਨੇ ਕਿਹਾ, ‘ਬਾਬਾ ਜੀ ਮੈਥੋਂ ਹੀ ਗੁੱਸੇ ਵਿੱਚ ਭੁੱਲ ਹੋ
ਗਈ। ਕਾਮਰੇਡ ਕੂਮਰੇਡ ਕੋਈ ਨਹੀਂ ਵਿਚਾਰਾ! ਉਹ ਤਾਂ ਹੀਰਾ ਬੰਦਾ ਹੈ। ਹੱਥ ਬੰਨ੍ਹ ਕੇ ਬੇਨਤੀ
ਹੈ ਕਿ ਭਾਣਾ ਨਾ ਵਰਤਾਇਓ।”
ਇਹ ਸਾਰਾ ਬਿਰਤਾਂਤ ਮੈਨੂੰ ਉਸ ਘਟਨਾ ਤੋਂ ਡੇਢ ਦਹਾਕਾ ਬਾਅਦ ਕਾਹਨ ਸਿੰਘ ਨੇ ਸੁਣਾਇਆ ਜਿਸਦਾ
ਪੀ ਟੀ ਅਤੇ ‘ਬਾਬਿਆਂ’ ਨੂੰ ਸਮਝਾਉਣ ਵਿੱਚ ਮੁਖ ਰੋਲ ਸੀ। ਪੀ ਟੀ ਤਾਂ ਇਸ ਘਟਨਾ ਤੋਂ ਕੁੱਝ
ਚਿਰ ਪਿਛੋਂ ਪਰਿਵਾਰ ਦੇ ਕਿਸੇ ਵੱਡੇ ਜੀਅ ਵੱਲੋਂ ਉਸਦੀ ਹਉਮੈਂ ਨੂੰ ਜ਼ਖ਼ਮੀ ਕੀਤੇ ਜਾਣ ਕਰਕੇ
ਖ਼ੁਦਕੁਸ਼ੀ ਕਰ ਗਿਆ ਸੀ। ਸਾਡਾ ਦੂਜਾ ਅਧਿਆਪਕ ਸਾਥੀ ਦਰਸ਼ਨ ਵੀ ਕਿਸੇ ਹਾਦਸੇ ਵਿੱਚ ਕੁੱਝ ਸਾਲ
ਪਿੱਛੋਂ ਚਲਾਣਾ ਕਰ ਗਿਆ। ਉਸ ਮਿਹਰਬਾਨ ਮਿੱਤਰ ਨੇ ਵੀ ਆਪਣੇ ਜਿਊਂਦੇ ਜੀ ਮੈਨੂੰ ਕਦੀ ਨਹੀਂ
ਸੀ ਜਤਾਇਆ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਬਚਾਉਣ ਵਿੱਚ ਉਸਦਾ ਕਿੰਨਾਂ ਵੱਡਾ ਰੋਲ
ਰਿਹਾ ਸੀ। ਜੇ ਡੇਢ ਦਹਾਕੇ ਬਾਅਦ ਐਵੇਂ ਗੱਲਾਂ ਗੱਲਾਂ ਵਿੱਚ ਕਾਹਨ ਸਿੰਘ ਇਹ ਸਾਰਾ ਵੇਰਵਾ
ਮੈਨੂੰ ਨਾ ਦੱਸਦਾ ਤਾਂ ਇਸ ਭਿਅਨਾਕ ਰਹੱਸ ‘ਤੇ ਪਰਦਾ ਹੀ ਪਿਆ ਰਹਿਣਾ ਸੀ।
ਪਰ ਮੇਰੇ ਪਰਿਵਾਰ ਨਾਲ ਵਾਪਰਦੀ ਵਾਪਰਦੀ ਰਹਿ ਗਈ ਦੁਰਘਟਨਾ ਉਸ ਵੇਲੇ ਹੋਰ ਕਈ ਪਰਿਵਾਰਾਂ
ਨਾਲ ਵਾਪਰ ਰਹੀ ਸੀ ਅਤੇ ਨਿੱਜੀ ਕਿੜਾਂ ਕੱਢਣ ਲਈ ਬੇਦੋਸ਼ੇ ਲੋਕਾਂ ਦਾ ਘਾਣ ਹੋਈ ਜਾ ਰਿਹਾ
ਸੀ। ਸਾਰੇ ਮੇਰੇ ਜਿੰਨੇ ਖ਼ੁਸ਼-ਕਿਸਮਤ ਨਹੀਂ ਸਨ ਕਿ ਉਹਨਾਂ ਦਾ ਬਚਾ ਹੋ ਜਾਂਦਾ!
ਰਾਤ ਸਮੇਂ ਮੁੰਡਿਆਂ ਦਾ ਰਾਜ ਹੁੰਦਾ ਅਤੇ ਦਿਨੇ ਪੁਲਿਸ ਤੇ ਸੀ ਆਰ ਪੀ ਵਾਲਿਆਂ ਦਾ। ਦੋਵਾਂ
ਧਿਰਾਂ ਦੀ ਇਸ ਲੜਾਈ ਵਿੱਚ ਮੇਰੇ ਪਿੰਡ ਦੇ ਘੱਟੋ-ਘੱਟ ਚਾਰ ਕੁ ਦਰਜਨ ਬੰਦੇ ਮਾਰੇ ਗਏ
ਹੋਣਗੇ; ਕੁੱਝ ਪੁਲਿਸ ਦੀ ਗੋਲੀ ਨਾਲ ਤੇ ਕੁੱਝ ‘ਮੁੰਡਿਆਂ’ ਦੀ ਗੋਲੀ ਨਾਲ। ਇਹਨਾਂ ਵਿੱਚ
ਦਰਜਨ ਕੁ ਤਾਂ ਮੇਰੇ ਵਿਦਿਆਰਥੀ ਸਨ ਜਿਹੜੇ ਮੇਰੇ ਕੋਲੋਂ ਪੜ੍ਹ ਕੇ ਗਏ ਸਨ ਅਤੇ ਜਿਨ੍ਹਾਂ
ਵਿਚੋਂ ਬਹੁਤਿਆਂ ਨੂੰ ਸਕੂਲ ਵਿੱਚ ਸਾਊ ਲੜਕੇ ਕਰਕੇ ਜਾਣਿਆਂ ਜਾਂਦਾ ਸੀ। ਪਤਾ ਨਹੀਂ ਹਾਲਾਤ
ਦੀ ਕੈਸੀ ਖਿੱਚ ਸੀ ਕਿ ਮੁੰਡੇ ਰੋਕਦਿਆਂ ਵੀ ‘ਓਧਰ’ ਭੱਜੇ ਜਾਂਦੇ ਸਨ! ਸਕੂਲ ਦੇ ਵੱਡੀਆਂ
ਜਮਾਤਾਂ ਦੇ ਵਿਦਿਆਰਥੀ ਦਿਨੇ ਸਕੂਲ ਵਿੱਚ ਹਾਜ਼ਰ ਹੁੰਦੇ ਤੇ ਰਾਤੀਂ ਆਪਣੇ ਘਰਾਂ ਵਿੱਚ ਆਏ
‘ਖਾੜਕੂਆਂ’ ਦੀ ਸੇਵਾ ਵਿੱਚ ਰੁੱਝੇ ਰਹਿੰਦੇ। ਕੁੱਝ ਇੱਕ ਤਾਂ ਦੋ-ਦੋ ਦਿਨ ਉਹਨਾਂ ਨਾਲ ਬਾਹਰ
ਵੀ ਲਾ ਆਉਂਦੇ। ਇਹ ਸਾਰੀ ਸੂਚਨਾ ਮੈਨੂੰ ਮੁੰਡਿਆਂ ਕੋਲੋਂ ਹੀ ਮਿਲਦੀ ਰਹਿੰਦੀ ਸੀ।
ਇੱਕ ਦਿਨ ਦਸਵੀਂ ਜਮਾਤ ਦਾ ਬਹੁਤ ਹੀ ਸਾਊ ਮੁੰਡਾ ਸਕੂਲ ਦੇ ਅਹਾਤੇ ਵਿੱਚ ਬੈਠੇ ਅਧਿਆਪਕਾਂ
ਦੇ ਆਲੇ ਦਵਾਲੇ ਸਾਈਕਲ ਚਲਾਉਣ ਲੱਗਾ। ਹੈਡਮਾਸਟਰ ਨੇ ਰੋਕਣਾ ਚਾਹਿਆ ਤਾਂ ਉਹ ਉਸਦੇ ਗਲ ਪੈਣ
ਨੂੰ ਆਇਆ। ਅਸੀਂ ਹੈਰਾਨ ਕਿ ਇਸਨੂੰ ਕੀ ਹੋ ਗਿਆ ਹੈ? ਖ਼ੈਰ- ਉਸਨੂੰ ਮੈਂ ਉੱਠ ਕੇ ਤੇ
ਸਮਝਾ-ਬੁਝਾ ਕੇ ਸਾਈਕਲ ਚਲਾਉਣੋ ਤਾਂ ਰੋਕ ਦਿੱਤਾ ਪਰ ਜਦੋਂ ਦੂਜੇ ਮੁੰਡਿਆਂ ਨੂੰ ਭਰੋਸੇ
ਵਿੱਚ ਲੈ ਕੇ ਪੁੱਛਿਆ ਕਿ ਇਸ ਵਿੱਚ ਅੱਜ ਕਿਹੜਾ ਜਿੰਨ ਆ ਵੜਿਆ ਸੀ ਤਾਂ ਉਹਨਾਂ ਦੱਸਿਆ ਕਿ
ਰਾਤੀਂ ਬਾਹਰ ਇਹਨਾਂ ਦੀ ਬਹਿਕ ‘ਤੇ ‘ਸਿੰਘ’ ਆਏ ਸਨ ਤੇ ਇਹਦੇ ਵਿਚੋਂ ਅੱਜ ‘ਉਹ’ ਬੋਲ ਰਹੇ
ਸਨ!
ਇਲਾਕੇ ਵਿੱਚ ਕਿਤੇ ਨਾ ਕਿਤੇ ਝੂਠਾ-ਸੱਚਾ ਮੁਕਾਬਲਾ ਹੋਇਆ ਰਹਿੰਦਾ। ਮੁੰਡੇ ਮਾਰੇ ਜਾਂਦੇ ਤੇ
ਉਹਨਾਂ ਦੇ ਭੋਗ ਤੱਕ ਬੰਦ ਆ ਐਲਾਨ ਹੋ ਜਾਂਦਾ। ਸਕੂਲ, ਦੁਕਾਨਾਂ, ਬੈਂਕ, ਟਰਾਂਸਪੋਰਟ ਤੇ
ਹੋਰ ਅਦਾਰੇ ਓਨੇ ਦਿਨ ਖੁੱਲ੍ਹ ਨਾ ਸਕਦੇ। ਕੋਈ ਮਹੀਨਾ ਇਹੋ ਜਿਹਾ ਨਾ ਹੁੰਦਾ ਜਦੋਂ ਲੋਕਾਂ
ਨੂੰ ਬੰਦਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਲੋਕ ਇਸ ਮਾਹੌਲ ਤੋਂ ਪੁਰ ਪੁਰ ਦੁਖੀ ਸਨ। ਪਰ
ਕਰ ਕੁੱਝ ਨਹੀਂ ਸਨ ਸਕਦੇ। ਦੂਜੇ ਪਾਸੇ ਡਿਓੂਟੀ ‘ਤੇ ਆਉਣ ਵਾਲੇ ਮੁਲਾਜ਼ਮਾਂ ਨੂੰ ਹੋਣ ਵਾਲੇ
‘ਬੰਦਾਂ’ ਕਾਰਨ ‘ਛੁੱਟੀ’ ਮਾਨਣ ਦੀਆਂ ਮੌਜਾਂ ਹੋ ਜਾਂਦੀਆਂ। ਇੱਕ ਦਿਨ ਤਾਂ ਅਜਿਹਾ ਵੀ ਹੋਇਆ
ਕਿ ਸਾਡੇ ਸਕੂਲ ਦੀ ਅੰਮ੍ਰਿਤਸਰੋਂ ਆਉਣ ਵਾਲੀ ਇੱਕ ਅਧਿਆਪਕਾ ਖੁਸ਼ੀ ਵਿੱਚ ਡੁੱਲ੍ਹਦੀ ਆਖਣ
ਲੱਗੀ, “ਅੱਜ ਬੱਸ ਵਿੱਚ ਪਤਾ ਲੱਗੈ ਕਿ ਭੁੱਚਰ ਪਿੰਡ ਵਿੱਚ ‘ਮੁਕਾਬਲਾ’ ਚੱਲ ਰਿਹੈ ਤੇ ਕੁੱਝ
ਮੁੰਡੇ ਮਾਰੇ ਵੀ ਗਏ ਨੇ। ਭਾ ਜੀ, ਜੇ ਕਿਤੇ ਇਹਨਾਂ ਮੁੰਡਿਆਂ ਵਿੱਚ ਤੁਹਾਡੇ ਪਿੰਡ ਦਾ ਵੀ
ਕੋਈ ਮੁੰਡਾ ਹੋਇਆ ਤਾਂ ਮੌਜਾਂ ਬਣ ਜਾਣਗੀਆਂ! ਭੋਗ ਵਾਲੇ ਦਿਨ ਤੱਕ ਤਾਂ ਫਿਰ ਸਕੂਲ ਨਹੀਂ
ਲੱਗਣ ਲੱਗਾ!”
ਬੰਦੇ ਦੀ ਜਾਨ ਨਾਲੋਂ ‘ਛੁੱਟੀ’ ਦਾ ਮੁੱਲ ਵਧ ਗਿਆ ਸੀ। ਕਿਥੋਂ ਤੱਕ ਡਿਗ ਪਿਆ ਸੀ ਬੰਦੇ ਦੀ
ਜਾਨ ਦਾ ਮੁੱਲ!
ਵਿਦਿਆ ਦਾ ਤਾਂ ਅਸਲੋਂ ਬੁਰਾ ਹਾਲ ਹੋ ਗਿਆ ਸੀ। ਸਕੂਲ ਦੇ ਵਿਦਿਆਰਥੀ ਸਕੂਲ ਲੱਗੇ ‘ਤੇ ਭੱਜੇ
ਫਿਰਦੇ। ਜਦੋਂ ਜੀ ਕਰਦਾ ਸਕੂਲੋਂ ਨਿਕਲ ਕੇ ਬਾਹਰ ਰੌੜ ਵਿੱਚ ਖੇਡਦੇ ਰਹਿੰਦੇ, ਰੇੜ੍ਹੀਆਂ
ਦੁਆਲੇ ਭੀੜ ਜਮ੍ਹਾਂ ਕੀਤੀ ਰੱਖਦੇ। ਬਾਜ਼ਾਰ ਵਿੱਚ ਬੇਮੁਹਾਰ ਘੁੰਮਦੇ ਰਹਿੰਦੇ। ਤਾਸ਼ ਵਾਲਿਆਂ
ਦੀ ਢਾਣੀ ਪਿੱਛੇ ਖਲੋ ਕੇ ਪੱਤੇ ਵੇਖਦੇ ਰਹਿੰਦੇ। ਬਲੈਕ ਬੋਰਡ ‘ਤੇ ਨਾਅਰ੍ਹੇ ਲਿਖੇ ਹੁੰਦੇ,
‘ਖ਼ਾਲਿਸਤਾਨ ਕਮਾਂਡੋ ਫ਼ੋਰਸ-ਜ਼ਿੰਦਾਬਾਦ!’, ‘ਭਿੰਡਰਾਵਾਲਾ ਟਾਈਗਰ ਫ਼ੋਰਸ-ਜ਼ਿੰਦਾਬਾਦ’। ਕਿਸੇ
ਅਧਿਆਪਕ-ਅਧਿਆਪਕਾ ਦੀ ਹਿੰਮਤ ਨਾ ਹੁੰਦੀ ਕਿ ਬੋਰਡ ‘ਤੇ ਲਿਖੇ ਨਾਅ੍ਹਰੇ ਮਿਟਾ ਕੇ ਆਪਣੇ
ਮਜ਼ਮੂਨ ਨਾਲ ਸੰਬੰਧਤ ਕੋਈ ਟਿੱਪਣੀ ਬੋਰਡ ਉੱਤੇ ਲਿਖ ਸਕੇ! ਅਧਿਆਪਕ ਜਦੋਂ ਜੀ ਕਰਦਾ ਸਕੂਲ
ਆਉਂਦੇ, ਜਦੋਂ ਜੀ ਕਰਦਾ ਫਰਲੋ ਮਾਰ ਲੈਂਦੇ। ਸ਼ਹਿਰੋਂ ਆਉਣ ਵਾਲੇ ਅਧਿਆਪਕ-ਅਧਿਆਪਕਾਵਾਂ ਸਕੂਲ
ਸਮੇਂ ਤੋਂ ਅੱਧਾ-ਪੌਣਾ ਘੰਟਾ ਪਹਿਲਾਂ ਛੁੱਟੀ ਕਰਕੇ ਸ਼ਹਿਰ ਵੱਲ ਭੱਜਣ ਦੀ ਕਰਦੇ। ਸਵੇਰੇ
ਮਨ-ਮਰਜ਼ੀ ਨਾਲ ਲੇਟ ਆਉਂਦੇ। ਜਮਾਤ ਵਿੱਚ ਜਾਣਾ ਜਾਂ ਨਾ ਜਾਣਾ ਵੀ ਉਹਨਾਂ ਦੀ ਮਰਜ਼ੀ ‘ਤੇ
ਨਿਰਭਰ ਹੁੰਦਾ। ਹੈੱਡਮਾਸਟਰ ਕਿਸੇ ਨੂੰ ਕਹਿਣ ਜੋਗਾ ਨਹੀਂ ਸੀ ਰਹਿ ਗਿਆ। ‘ਹਿੰਦੂ’ ਸੀ ਨਾ
ਵਿਚਾਰਾ!
ਇਹ ਉਹੋ ਹੈੱਡਮਾਸਟਰ ਸੀ ਜਿਸਨੇ ਦਸ ਕੁ ਸਾਲ ਪਹਿਲਾਂ ਆ ਕੇ ਇਸ ਸਕੂਲ ਦੀ ਕਾਇਆ ਪਲਟ ਦਿੱਤੀ
ਸੀ। ਸਕੂਲ ਦਾ ਅਨੁਸ਼ਾਸਨ ਸੁਧਰ ਗਿਆ ਸੀ। ਪੜ੍ਹਾਈ ਦਾ ਪੱਧਰ ਉੱਚਾ ਹੋ ਗਿਆ ਸੀ। ਪਰ ਅੱਜ ਉਹ
ਹਾਲਾਤ ਦੇ ਹੱਥੋਂ ਲਾਚਾਰ ਸੀ। ਜਿਹੜੇ ਮੁੰਡੇ ਦਾ ਜੀ ਕਰਦਾ, ਉਸ ਅੱਗੇ ਆਕੜ ਜਾਂਦਾ। ਹੁਣ
ਤਾਂ ਸਕੂਲ ਦੇ ਚੌਕੀਦਾਰ-ਮਾਲੀ ਜਗਨ ਨਾਥ ਤੋਂ ਇਹ ਵੀ ਪਤਾ ਲੱਗਾ ਸੀ ਕਿ ਓਪਰੇ ਮੁੰਡੇ ਛੁੱਟੀ
ਤੋਂ ਬਾਅਦ ਇਕ-ਦੋ ਵਾਰ ਸਕੂਲ ਦਾ ਗੇੜਾ ਕੱਢ ਕੇ ਸਾਰੇ ਕਮਰਿਆਂ ਦਾ ਜਾਇਜ਼ਾ ਵੀ ਲੈ ਕੇ ਗਏ
ਸਨ। ਉਹਨਾਂ ਨੇ ਹੈੱਡਮਾਸਟਰ ਦਾ ਹੁਲੀਆ ਵੀ ਪੁੱਛਿਆ ਸੀ।
ਇਹ ਸੁਣ ਕੇ ਹੈੱਡਮਾਸਟਰ ਦਾ ਡਰਨਾ ਸੁਭਾਵਿਕ ਸੀ। ਜਾਨ ਕਿਸਨੂੰ ਪਿਆਰੀ ਨਹੀਂ ਹੁੰਦੀ! ਉਸਨੇ
ਮੈਨੂੰ ਸਕੂਲ ਦਾ ਇਨਚਾਰਜ ਬਣਾ ਕੇ ਲੰਮੀ ਛੁੱਟੀ ‘ਤੇ ਜਾਣ ਦਾ ਨਿਰਣਾ ਕਰ ਲਿਆ। ਸਨਿਆਰਟੀ
ਵਿੱਚ ਦੂਜੇ ਨੰਬਰ ‘ਤੇ ਮਾਸਟਰ ਮਦਨ ਮੋਹਨ ਸੀ। ਉਹ ਵੀ ਸ਼ਹਿਰੋਂ ਆਉਂਦਾ ਸੀ। ਉਹ ਕਹਿੰਦਾ ਸੀ,
ਉਸਨੂੰ ਵੀ ਤਾਂ ਆਪਣੀ ਜਾਨ ਦੀ ਲੋੜ ਹੈ! ਤੀਜੇ ਨੰਬਰ ‘ਤੇ ਮੈਂ ਸਾਂ। ਹੈੱਡਮਾਸਟਰ ਸਮੇਤ
ਸਾਰੇ ਅਧਿਆਪਕ-ਅਧਿਆਪਕਾਵਾਂ ਮੈਨੂੰ ਹੀ ਸਕ਼ੂਲ ਸੰਭਾਲਣ ‘ਤੇ ਜ਼ੋਰ ਦੇ ਰਹੇ ਸਨ। ਸਭ ਨੂੰ,
ਸ਼ਾਇਦ, ਮੇਰੀ ਜਾਨ ਹੀ ਵਾਧੂ ਲੱਗਦੀ ਸੀ। ਮੈਂ ਸਭ ਦੀ ਇੱਛਾ ਅੱਗੇ ਇਹ ਵਚਨ ਲੈ ਕੇ ਸਿਰ ਝੁਕਾ
ਲਿਆ ਕਿ ਉਹ ਸਕੂਲ ਨੂੰ ਸਾਂਝੀ ਜ਼ਿੰਮੇਵਾਰੀ ਨਾਲ ਚਲਾਉਣ ਵਿੱਚ ਮੇਰਾ ਸਾਥ ਦੇਣਗੇ।
ਹੋਇਆ ਵੀ ਇੰਜ ਹੀ। ਸਭ ਜਣਿਆਂ ਨੇ ਮੇਰਾ ਸਾਥ ਦਿੱਤਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ
ਲੋੜ ਮੁਤਾਬਕ ਜਦੋਂ ਕਿਸੇ ਦਾ ਜੀ ਕਰੇ ਉਹ ਛੁੱਟੀ ਜਾਂ ਫ਼ਰਲੋ ਲੈ ਕੇ ਜਾ ਸਕਦਾ ਹੈ ਪਰ
ਜਿੰਨਾਂ ਚਿਰ ਡਿਊਟੀ ‘ਤੇ ਹੋਵੇ ਆਪਣੀ ਜ਼ਮੀਰ ਅੱਗੇ ਜਵਾਬ-ਦੇਹੀ ਸਮਝ ਕੇ ਜਮਾਤਾਂ ਵਿੱਚ ਜ਼ਰੂਰ
ਜਾਵੇ ਅਤੇ ਸਕ਼ੂਲ ਅਨੁਸ਼ਾਸਨ ਨੂੰ ਬਣਾਈ ਰੱਖਣ ਵਿੱਚ ਦਿਲੋਂ ਮਨੋ ਸਹਾਈ ਹੋਵੇ। ਵਿਦਿਆਰਥੀਆਂ
ਦੀ ਹਰੇਕ ਜਮਾਤ ਦੀ ਪੰਚਾਇਤ ਬਣਾ ਦਿੱਤੀ ਤੇ ਸਾਰੀਆਂ ਜਮਾਤਾਂ ਵਿਚੋਂ ਚੋਣਵੇਂ ਮੁੰਡੇ ਲੈ ਕੇ
ਇੱਕ ਸੁਪਰ-ਪੰਚਾਇਤ ਬਣਾ ਦਿੱਤੀ। ਇਹਨਾਂ ਪੰਚਾਇਤਾਂ ਵਿੱਚ ਉਹ ਮੁੰਡੇ ਵੀ ਲਏ ਜਿਨ੍ਹਾਂ ਦੇ
ਭਰਾ-ਭਾਈ ‘ਜਰਨੈਲ’ ਬਣ ਕੇ ਖਾੜਕੂਆਂ ਵਿੱਚ ਵਿਚਰ ਰਹੇ ਸਨ। ਉਹਨਾਂ ਨੂੰ ਸਮਝਾਇਆ ਕਿ ਸੱਚੀ
ਸਿੱਖੀ ਗ਼ਲਤ ਦੇ ਖ਼ਿਲਾਫ਼ ਤੇ ਚੰਗਿਆਈ ਦੇ ਹੱਕ ਵਿੱਚ ਲੜਾਈ ਲੜਨ ਦੀ ਸਿਖਿਆ ਦਿੰਦੀ ਹੈ। ਸੱਚੀ
ਸਿੱਖੀ ਵੱਡਿਆਂ ਤੇ ਅਧਿਆਪਕਾਂ ਦਾ ਆਦਰ ਕਰਨਾ ਸਿਖਾਉਂਦੀ ਹੈ, ਉਹਨਾਂ ਦੀ ਪਤ ਲਾਹੁਣ ਦਾ ਸਬਕ
ਨਹੀ ਦਿੰਦੀ! ਵਿਦਿਆ-ਪ੍ਰਾਪਤ ਕਰਨਾ ਤੇ ਸਕੂਲ ਨਿਯਮਾਂ ਦਾ ਪਾਲਣ ਕਰਨਾ ਉਹਨਾਂ ਦੀ ਆਪਣੀ
ਜ਼ਿੰਮੇਵਾਰੀ ਹੈ ਕਿਉਂਕਿ ਸਕੂਲ ਉਹਨਾਂ ਦਾ ਹੈ ਅਤੇ ਵਿਦਿਆ ਲੈਣ ਜਾਂ ਨਾ ਲੈਣ ਨਾਲ ਹੋਣ ਵਾਲੇ
ਫ਼ਾਇਦੇ-ਨੁਕਸਾਨ ਨਾਲ ਉਹਨਾਂ ਦੀ ਆਪਣੀ ਜ਼ਿੰਦਗੀ ਜੁੜੀ ਹੋਈ ਹੈ, ਕਿਸੇ ਅਧਿਆਪਕ ਦੀ ਨਹੀਂ।
ਸਿੱਖੀ ਰਵਾਇਤ ਦੀ ਪ੍ਰੇਰਨਾ ਦੇ ਕੇ ਕਿਹਾ ਕਿ ਪੰਜਾਂ ਵਿੱਚ ਪ੍ਰਮੇਸ਼ਰ ਹੁੰਦਾ ਹੈ ਅਤੇ
ਪੰਚਾਇਤ ਦਾ ਹੁਕਮ ਗੁਰੂ ਜੀ ਨੇ ਵੀ ਨਹੀਂ ਸੀ ਮੋੜਿਆ। ਇਸ ਲਈ ਵਿਦਿਆਰਥੀਆਂ ਦੇ ਨਿਯਮ ਤੋੜਨ
ਜਾਂ ਗ਼ਲਤੀ ਕਰਨ ‘ਤੇ ਫ਼ੈਸਲਾ ਜਮਾਤ ਦੀ ਪੰਚਾਇਤ ਨੇ ਹੀ ਕਰਨਾ ਹੈ ਤੇ ਫ਼ੈਸਲਾ ਕਰਦਿਆਂ ਇਹ ਵੀ
ਧਿਆਨ ਰੱਖਣਾ ਹੈ ਕਿ ਸੱਚ-ਝੂਠ ਦਾ ਨਿਤਾਰਾ ਕਰਦਿਆਂ ਗੁਰੂ ਵੀ ਤੁਹਾਡੇ ਅੰਗ-ਸੰਗ ਖਲੋਤਾ ਹੈ!
ਜੇ ਉਹਨਾਂ ਤੋਂ ਫ਼ੈਸਲਾ ਨਾ ਹੋ ਰਿਹਾ ਹੋਵੇ ਤਾਂ ਉਹ ਸਾਂਝੀ ਸੁਪਰ-ਪੰਚਾਇਤ ਕੋਲ ਜਾ ਸਕਦੇ
ਹਨ। ‘ਮੁਕੱਦਮੇ’ ਦੀ ਸੂਚਨਾ ਮੈਨੂੰ ਜ਼ਰੂਰ ਨਾਲ ਦੇ ਨਾਲ ਦਿੱਤੀ ਜਾਵੇ। ਲੋੜ ਪੈਣ ‘ਤੇ ਮੈਂ
ਵੀ ਪੰਚਾਇਤ ਵਿੱਚ ਬੈਠਾਂਗਾ ਪਰ ਅੰਤਮ ਫ਼ੈਸਲਾ ਪੰਚਾਇਤਾਂ ਹੀ ਕਰਨਗੀਆਂ। ਅਸਲੋਂ ਹੀ ਸਿਰੋਂ
ਲੰਘ ਜਾਣ ਵਾਲੀ ਗੱਲ ਦਾ ਫ਼ੈਸਲਾ ਮੈਂ ਆਪ ਕਰਾਂਗਾ।
ਇਸ ਨਾਲ ਵਿਦਿਆਰਥੀਆਂ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਜਿਵੇਂ ਆਪਣੇ ਘਰ ਦਾ ਪ੍ਰਬੰਧ ਹੀ
ਸੰਭਾਲ ਰਹੇ ਹੋਣ। ਕੁੱਝ ਹੀ ਦਿਨਾਂ ਵਿੱਚ ਸਕੂਲ ਬਾਕਾਇਦਾ ਲੱਗਣ ਲੱਗਾ। ਅਧਿਆਪਕਾਂ ਤੇ
ਵਿਦਿਆਰਥੀਆਂ ਦੇ ਸਾਂਝੇ ਤਾਲ-ਮੇਲ ਨਾਲ ਪੜ੍ਹਾਈ ਵੀ ਹੋਣ ਲੱਗੀ ਤੇ ਅਨੁਸ਼ਸਾਨ ਵੀ ਕਾਇਮ ਹੋ
ਗਿਆ। ਮੈਂ ਉਹਨਾਂ ਅੰਦਰਲਾ ਸੱਚਾ ਸਿੱਖ ਜਗਾ ਦਿੱਤਾ ਸੀ। ਮੇਰੀ ਇਨਚਾਰਜੀ ਦੇ ਉਸ ਸਾਰੇ ਦੌਰ
ਵਿੱਚ ਵਿਦਿਆਰਥੀਆਂ ਵਿੱਚ ਹੋਏ ਝਗੜਿਆਂ ਦੇ ਸਾਰੇ ਫ਼ੈਸਲੇ ਮੇਰੀ ਹਾਜ਼ਰੀ ਵਿੱਚ ਪੰਚਾਇਤਾਂ ਦੀ
ਮਰਜ਼ੀ ਨਾਲ ਹੁੰਦੇ ਰਹੇ। ਮੈਂ ਇਹ ਸਮਝਾਇਆ ਹੋਇਆ ਸੀ ਕਿ ਜੇ ਕੋਈ ਵਿਦਿਆਰਥੀ ਆਪਣੀ ਗ਼ਲਤੀ ਮੰਨ
ਲਵੇ ਤਾਂ ਉਸਨੂੰ ਮੁਆਫ਼ੀ ਦੇ ਕੇ ਝਗੜਾ ਮੁਕਾ ਦੇਣਾ ਚਾਹੀਦਾ ਹੈ ਕਿਉਂਕਿ ਸਿੱਖੀ ਬਖ਼ਸ਼ਣ-ਹਾਰ
ਹੈ! ਇਸਤੋਂ ਵੱਧ ਉਸ ਦੌਰ ਵਿੱਚ ਹੋਰ ਕੀਤਾ ਵੀ ਕੀ ਜਾ ਸਕਦਾ ਸੀ! ਇਸਦਾ ਚਮਤਕਾਰੀ ਅਸਰ
ਹੋਇਆ। ਛੋਟੇ ਝਗੜੇ ਤਾਂ ਪੰਚਾਇਤਾਂ ਆਪ ਹੀ ਨਜਿੱਠ ਲੈਂਦੀਆਂ ਪਰ ਵੱਡੇ ਝਗੜੇ ਮੇਰੀ ਹਾਜ਼ਰੀ
ਵਿੱਚ ਵੱਡੀ ਪੰਚਾਇਤ ਨਜਿੱਠ ਲੈਂਦੀ।
ਆਗੂ ਮੁੰਡੇ ਏਨੇ ਸੱਚੇ-ਸੁੱਚੇ ਹੋ ਗਏ ਕਿ ਕਿਸੇ ਨਾਲ ਵੀ ਪੱਖ-ਪਾਤ ਨਾ ਕਰਦੇ। ਉਹ ਸਦਾ ਗ਼ਲਤ
ਨੂੰ ਗ਼ਲਤ ਕਹਿੰਦੇ। ਜਦੋਂ ਮੈਂ ਗ਼ਲਤੀ ਕਰਨ ਵਾਲੇ ਦੀ ਜ਼ਮੀਰ ਨੂੰ ਟੁੰਬਦਾ ਤਾਂ ਉਹ ਗ਼ਲਤੀ ਮੰਨਣ
ਲਈ ਤਿਆਰ ਹੋ ਜਾਂਦਾ। ਇੱਕ ਵਾਰ ਮੇਰੀ ਗ਼ੈਰਹਾਜ਼ਰੀ ਵਿੱਚ ਇੱਕ ਗੱਭਰੂ ਮੁੰਡਾ ਕਿਸੇ ਅਧਿਆਪਕ
ਦੇ ਗਲ ਪੈਣ ਨੂੰ ਤਿਆਰ ਹੋ ਗਿਆ। ਸਾਰੇ ਅਧਿਆਪਕ ਨਿਰਾਸ਼ ਹੋ ਗਏ। ਜੇ ਇਸਤਰ੍ਹਾਂ ਹੀ ਉਹਨਾਂ
ਦੀ ਬੇਇਜ਼ਤੀ ਹੋਣੀ ਹੈ ਤਾਂ ਉਹ ਕਾਹਦੇ ਲਈ ਖਪਦੇ ਫਿਰਨ! ਮੈਂ ਵੀ ਚਿੰਤਾਤੁਰ ਹੋ ਗਿਆ। ਬਣੀ
ਖੇਡ ਵਿਗੜ ਚੱਲੀ ਸੀ। ਜਮਾਤ ਵਿੱਚ ਜਾ ਕੇ ਪੰਚਾਇਤ ਇਕੱਠੀ ਕੀਤੀ। ਪੰਚਾਇਤ ਨੇ ਮੁੰਡੇ ਨੂੰ
ਕਸੂਰਵਾਰ ਦੱਸਿਆ। ਉਸ ਮੁੰਡੇ ਦਾ ਪਿਉ ਬਲੂ ਸਟਾਰ ਆਪ੍ਰੇਸ਼ਨ ਵੇਲੇ ਸੰਤ ਭਿਡਰਾਂਵਾਲੇ ਦਾ
ਸਾਥੀ ਰਿਹਾ ਸੀ। ਮੈਂ ਉਸ ਅੰਦਰਲੇ ਸਿੱਖ ਨੂੰ ਸੰਬੋਧਨ ਹੋ ਕੇ ਪੁੱਛਿਆ ਕਿ ਕੀ ਆਪ ਬਣਾਏ
ਨਿਯਮ ਤੋੜ ਕੇ ਤੇ ਅਧਿਆਪਕ ਦੀ ਬੇਇਜ਼ਤੀ ਕਰ ਕੇ ਉਸਨੇ ਸੱਚੇ ਸਿੱਖ ਵਾਲਾ ਫ਼ਰਜ਼ ਅਦਾ ਕੀਤਾ ਹੈ!
ਉਸਨੇ ਗ਼ਲਤੀ ਮੰਨ ਕੇ ਅਧਿਆਪਕ ਕੋਲੋਂ ਮੁਆਫ਼ੀ ਮੰਗ ਲਈ। ਕੁੱਝ ਦਿਨਾਂ ਪਿੱਛੋਂ ਹੀ ਆਪ੍ਰੇਸ਼ਨ
ਬਲੈਕ ਥੰਡਰ ਸਮੇਂ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਉਸਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲਣ ‘ਤੇ
ਸਭ ਦੇ ਸਾਹ ਸੂਤੇ ਗਏ। ਅਸਲ ਵਿੱਚ ਉਸਦਾ ਤਾਂ ਕਈ ਚਿਰ ਤੋਂ ਦਰਬਾਰ ਸਾਹਿਬ ਵਿੱਚ ਰਹਿੰਦੇ
ਖਾੜਕੂਆਂ ਨਾਲ ਸੰਪਰਕ ਸੀ ਤੇ ਉਹ ਓਥੇ ਅਕਸਰ ਹੀ ਆਉਂਦਾ ਜਾਂਦਾ ਸੀ। ਉਸਤੋਂ ਸਕੂਲ ਵਿੱਚ
ਕਿਸੇ ਤਰ੍ਹਾਂ ਦੀ ਵੀ ਗੜਬੜ ਜਾਂ ਦੁਰਘਟਨਾ ਕੀਤੇ ਜਾਣ ਦੀ ਸੰਭਾਵਨਾ ਨੂੰ ਖ਼ਾਰਜ ਨਹੀਂ ਸੀ
ਕੀਤਾ ਜਾ ਸਕਦਾ। ਪਰ ਇਹ ਸਿੱਖੀ ਸਪਿਰਟ ਵਾਲੇ ਪੰਚਾਇਤੀ ਰਾਜ ਦੀ ਸ਼ੁਧ ਭਾਵਨਾ ਉਸ ਅੰਦਰ ਜਗਾ
ਦਿੱਤੇ ਜਾਣ ਦੀ ਕਰਾਮਾਤ ਸੀ ਕਿ ਉਹ ਆਪਣੀ ਗ਼ਲਤੀ ਮੰਨ ਕੇ ਅਧਿਆਪਕ ਕੋਲੋਂ ਮੁਆਫ਼ੀ ਮੰਗ ਗਿਆ
ਸੀ।
ਇਸ ਤਜਰਬੇ ਤੋਂ ਮੈਂ ਸੋਚਣ ਲੱਗਾ ਕਿ ਜੇ ਸਾਡੇ ਆਗੂਆਂ ਨੇ ਪਹਿਲਾਂ ਆਪਣੇ ਅੰਦਰ ਤੇ ਫਿਰ
ਆਪਣੇ ਪਿੱਛੇ ਲੱਗਣ ਵਾਲੇ ਲੋਕਾਂ ਅੰਦਰ ਸੱਚੀ ਸਿੱਖੀ ਨੂੰ ਜਗਾਉਣ ਦਾ ਕਦੀ ਕੋਈ ਚਾਰਾ ਕੀਤਾ
ਹੁੰਦਾ ਤਾਂ ਅਸੀਂ ਕਦੀ ਵੀ ਇਹੋ ਜਿਹੇ ਮਾੜੇ ਹਾਲਾਤ ਵਿਚੋਂ ਨਾ ਗੁਜ਼ਰਦੇ।
ਇਸ ਹਾਲਾਤ ਵਿੱਚ ਮੈਂ ਖੁਦ ਵੀ ਮਰਦਾ ਮਰਦਾ ਬਚਿਆ। ਇੱਕ ਦਿਨ ਮੈਂ ਸਕੂਲ ਦੇ ਮੇਨ ਗੇਟ ਦੇ
ਨਾਲ ਬਣੇ ਸ਼ੈੱਡ ਵਿੱਚ ਜਮਾਤ ਲਾਈ ਹੋਈ ਸੀ ਕਿ ਬਾਹਰ ਮੋਟਰ ਸਾਈਕਲ ਦਾ ਖੜਾਕ ਸੁਣਿਆਂ।
ਦਰਵਾਜ਼ੇ ਨੂੰ ਮੈਂ ਤਾਲਾ ਮਰਵਾ ਕਰ ਰੱਖਦਾ ਸਾਂ। ਕਿਸੇ ਮੁੰਡੇ ਨੂੰ ਬਾਹਰ ਵੇਖਣ ਲਈ ਕਿਹਾ
ਤਾਂ ਮੋਟਰ ਸਾਈਕਲ ਵਾਲਿਆਂ ਨੇ ਉਸ ਕੋਲੋਂ ਹੈੱਡਮਾਸਟਰ ਬਾਰੇ ਪੁੱਛਿਆ। “ਐਥੇ ਈ ਨੇ” ਮੁੰਡੇ
ਨੇ ਉਹਨਾਂ ਨੂੰ ਆਖ ਕੇ ਮੈਨੂੰ ਦੱਸਿਆ, “ਤੁਹਾਨੂੰ ਬੁਲਾਉਂਦੇ ਨੇ।”
ਪਿਛਲੇ ਕਈ ਮਹੀਨਿਆਂ ਤੋਂ ਹੈੱਡਮਾਸਟਰ ਤਾਂ ਸਕੂਲ ਨਹੀਂ ਸੀ ਆ ਰਿਹਾ। ਪਿੰਡ ਵਾਲੇ ਤੇ ਸਕੂਲ
ਦੇ ਮੁੰਡੇ ਵੀ ਹੁਣ ਮੈਨੂੰ ਹੀ ‘ਹੈੱਡਮਾਸਟਰ’ ਸਮਝਣ ਲੱਗੇ ਸਨ। ਦਰਵਾਜ਼ੇ ਅੱਗੇ ਹੋ ਕੇ
ਵੇਖਿਆ; ਪਿਛਲੀ ਸੀਟ ‘ਤੇ ਬੈਠੇ ਮੁੰਡੇ ਨੇ ਸਟੇਨ ਗੰਨ ਦੀ ਨਾਲੀ ਲੋਈ ਦੀ ਬੁੱਕਲ ਵਿਚੋਂ
ਬਾਹਰ ਕੱਢ ਕੇ ਸਿੱਧੀ ਮੇਰੇ ਵੱਲ ਤਾਣੀ ਹੋਈ ਸੀ। ਮੈਨੂੰ ਵੇਖ ਕੇ ਉਹ ਥੋੜੇ ਹੈਰਾਨ ਹੋਏ।
ਪਿਛਲੇ ਨੇ ਅਗਲੇ ਦੇ ਕੂਹਣੀ ਮਾਰ ਕੇ ਕੁੱਝ ਪੁੱਛਣਾ ਚਾਹਿਆ। ਅਗਲੇ ਨੇ ਕਿਹਾ, “ਅਸੀਂ ਦਸਵੀਂ
ਜਮਾਤ ਦੇ --–ਮੁੰਡੇ ਨੂੰ ਮਿਲਣੈ।”
ਕੋਲ ਖਲੋਤੇ ਮੁੰਡੇ ਨੂੰ ਦਸਵੀਂ ਵਿੱਚ ਪੜ੍ਹਦੇ ਮੁੰਡੇ ਨੂੰ ਬੁਲਾਉਣ ਲਈ ਆਖ ਕੇ ਮੈਂ ਆਪ
ਦਰਵਾਜ਼ੇ ਤੋਂ ਓਹਲੇ ਹੋ ਕੇ ਜਮਾਤ ਵਿੱਚ ਜਾ ਖਲੋਤਾ। ਉਹਨਾਂ ਨੇ ‘ਦਸਵੀਂ ਵਿੱਚ ਪੜ੍ਹਦੇ
ਮੁੰਡੇ’ ਦੀ ਕੋਈ ਉਡੀਕ ਨਾ ਕੀਤੀ ਕਿਉਂਕਿ ਉਸ ਨਾਂ ਦਾ ਕੋਈ ਮੁੰਡਾ ਦਸਵੀਂ ਵਿੱਚ ਪੜ੍ਹਦਾ ਹੀ
ਨਹੀਂ ਸੀ। ਉਹ ਓਸੇ ਵੇਲੇ ਮੋਟਰਸਾਈਕਲ ਨੂੰ ਕਿੱਕ ਮਾਰ ਕੇ ‘ਹਰਨ’ ਹੋ ਗਏ। ਅਸਲ ਵਿੱਚ ਉਹ ਆਏ
ਤਾਂ ਅਸਲੀ ਹੈਡਮਾਸਟਰ ਨੂੰ ‘ਮਿਲਣ’ ਸਨ ਪਰ ਅੱਗੇ ਮੈਨੂੰ ਵੇਖ ਕੇ ਸ਼ਸ਼ੋਪੰਜ ਵਿੱਚ ਪੈ ਗਏ।
ਮੇਰੀ ਕਿਸਮਤ ਚੰਗੀ ਸੀ ਕਿ ਪਿਛਲੇ ਨੇ ਸਟੇਨ ਦਾ ਘੋੜਾ ਤੁਰਤ ਨਹੀਂ ਸੀ ਦੱਬ ਦਿੱਤਾ। ਨਹੀਂ
ਤਾਂ ਇਹੋ ਜਿਹੇ ਮੌਕੇ ਤੇ ਹਰਫ਼ਲੀ ਕਾਹਲੀ ਵਿੱਚ ਹੋਣ ਕਰਕੇ ਅਗਲਿਆਂ ਕੋਲ ਬਹੁਤੀ ਪੁੱਛ-ਗਿੱਛ
ਕਰਨ ਦਾ ਜਾਂ ਸਹੀ ਸ਼ਿਕਾਰ ਜਾਨਣ ਦਾ ਸਮਾਂ ਹੀ ਨਹੀਂ ਹੁੰਦਾ। ਇਹ ਤਾਂ ਕੁਦਰਤ ਮੇਰੇ ਹੱਕ
ਵਿੱਚ ਨੇੜਿਓਂ ਹੋ ਕੇ ਭੁਗਤੀ ਸੀ ਜੋ ਉਸ ਮੁੰਡੇ ਨੇ ਇਸ਼ਾਰੇ ਨਾਲ ਅਗਲੇ ਤੋਂ ਪੁੱਛ ਲਿਆ ਸੀ
ਕਿ ਇਹ ਤਾਂ ਹੋਰ ਬੰਦਾ ਲੱਗਦਾ ਹੈ; ਇਸਨੂੰ ਮਾਰਿਆ ਜਾਵੇ ਜਾਂ ਨਾ?
ਆਤੰਕ ਅਤੇ ਭੈਅ ਦੇ ਹਰ ਪਲ ਸਿਰ ‘ਤੇ ਛਾਏ ਪ੍ਰਛਾਵਿਆਂ ਹੇਠਾਂ ਹੀ ਮੇਰੀਆਂ ‘ਪੰਜਾਬ ਸੰਕਟ’
ਨਾਲ ਸੰਬੰਧਤ ਕਹਾਣੀਆਂ ‘ਭੱਜੀਆਂ ਬਾਹੀਂ’, ‘ਚੌਥੀ ਕੂਟ’, ‘ਪ੍ਰਛਾਵੇਂ’, ‘ਮੈਂ ਹੁਣ ਠੀਕ
ਠਾਕ ਹਾਂ’ ਅਤੇ ‘ਛੁੱਟੀ’ ਸਿਰਜਣਾ ਦੇ ਅਮਲ ਵਿਚੋਂ ਲੰਘ ਕੇ ਮੁਕੰਮਲ ਹੋਈਆਂ।
‘ਭੱਜੀਆਂ ਬਾਹੀਂ’ ਕਹਾਣੀ ਦਾ ਮੂਲ ਸਰੋਤ ਤਾਂ ਮੇਰੇ ਗੁਆਂਢ ਵਿੱਚ ਹੀ ਪਿਆ ਸੀ। ਛੇ ਅਕਤੂਬਰ
1984 ਦਾ ਦਿਨ ਸੀ। ਸ਼ਾਮ ਦੇ ਘੁਸਮੁਸੇ ਵਿੱਚ ਕੁੱਝ ਅਣਪਛਾਤੇ ਬੰਦੇ ਘੁੱਗ ਵੱਸਦੇ ਬਾਜ਼ਾਰ
ਵਿੱਚ ਇੱਕ ਪਾਸਿਓਂ ਸ਼ੁਰੂ ਕਰ ਕੇ ਦੂਜੇ ਪਾਸੇ ਤੱਕ ਅੰਧਾ-ਧੁੰਦ ਗੋਲੀਆਂ ਚਲਾਉਂਦੇ ਬਚ ਕੇ
ਨਿਕਲ ਗਏ ਸਨ। ਉਹਨਾਂ ਨੇ ਮੇਰੇ ਘਰ ਦੇ ਐਨ ਸਾਹਮਣੇ ਚੁਬਾਰਿਆਂ ਵਿੱਚ ਵੱਸਦੇ ਗੋਪਾਲ ਚੰਦ ਦੇ
ਲੜਕੇ ਮੰਗੇ ਨੂੰ, ਜਿਸਦੀ ਉਸਦੇ ਘਰ ਤੋਂ ਇੱਕ ਦੁਕਾਨ ਛੱਡ ਕੇ ਦਹੀਂ-ਪਕੌੜਿਆਂ ਦੀ ਦੁਕਾਨ
ਸੀ, ਗੋਲੀਆਂ ਨਾਲ ਭੁੰਨ ਦਿੱਤਾ ਸੀ। ਸਾਰੇ ਬਾਜ਼ਾਰ ਵਿੱਚ ਚੌਦਾਂ ਬੰਦਿਆਂ ਨੂੰ ਗੋਲੀਆਂ
ਲੱਗੀਆਂ ਸਨ। ਸਾਡੀ ਬੈਠਕ ਦੀ ਖੱਬੀ ਕੰਧ ਨਾਲ ਲੱਗਦੀ ਦੁਕਾਨ ਕਰਮ ਚੰਦ ਦੇ ਲੜਕੇ ਤੇ ਮੇਰੇ
ਬਚਪਨ ਦੇ ਯਾਰ ‘ਲਾਲ’ ਡਾਕਟਰ ਦੀ ਸੀ। ਉਸਦੇ ਚਿਹਰੇ ਉੱਤੇ ਲੱਗੀ ਗੋਲੀ ਗਲੇ ਵਿੱਚ ਜਾ ਫਸੀ
ਸੀ। ਉਹ ਪੀੜ ਨਾਲ ਕਰਾਹ ਰਿਹਾ ਸੀ।
ਉਹਨਾਂ ਦੇ ਘਰ ਸੁਨੇਹਾ ਭੇਜ ਕੇ ਉਸਦੇ ਘਰਦਿਆਂ ਨੂੰ ਬੁਲਾਇਆ। ਉਹਦੀ ਪਤਨੀ ਤੇ ਬੱਚਿਆਂ ਨੂੰ
ਆਪਣੇ ਘਰ ਰੱਖਿਆ। ਉਸਦੇ ਛੋਟੇ ਭਰਾ ਨੂੰ ਨਾਲ ਲੈ ਕੇ ‘ਲਾਲ’ ਨੂੰ ਪਿੰਡ ਦੇ ਪ੍ਰਾਇਮਰੀ ਹੈਲਥ
ਸੈਂਟਰ ਵਿੱਚ ਲੈ ਕੇ ਗਏ, ਜਿੱਥੇ ਦੂਜੇ ਜ਼ਖ਼ਮੀਆਂ ਨੂੰ ਉਹਨਾਂ ਦੇ ਵਾਰਿਸ ਲੈ ਕੇ ਪਹੁੰਚ ਗਏ
ਸਨ। ਅਸੀਂ ਮੁਢਲੀ ਸਹਾਇਤਾ ਦਿਵਾ ਕੇ ਅਤੇ ਸੀ ਆਰ ਪੀ ਵਾਲਿਆਂ ‘ਤੇ ਦਬਾਓ ਪਾ ਕੇ ਓਸੇ ਵੇਲੇ
ਜ਼ਖਮੀਆਂ ਨੂੰ ਅੰਮ੍ਰਿਤਸਰ ਲੈ ਜਾਣ ਦਾ ਬੰਦੋਬਸਤ ਕਰ ਲਿਆ। ਫ਼ਲਸਰੂਪ ਸਾਰੇ ਜ਼ਖ਼ਮੀ ਬਚ ਗਏ।
ਗੋਪਾਲ ਚੰਦ ਦੇ ਮੰਗੇ ਦੀ ਤਾਂ ਥਾਂ ‘ਤੇ ਹੀ ਮੌਤ ਹੋ ਗਈ ਸੀ।
ਕੁਝ ਦਿਨਾਂ ਬਾਅਦ ਮੈਨੂੰ ਪੁਲਿਸ ਏਸੇ ਗੋਲੀ-ਕਾਂਡ ਵਿੱਚ ਫੜ੍ਹ ਕੇ ਲੈ ਗਈ ਤੇ ਮੰਗੇ ਦਾ ਕਤਲ਼
ਮੇਰੇ ਉੱਤੇ ਪਾ ਕੇ ਐਲਾਨ ਕਰ ਦਿੱਤਾ ਕਿ ਗੋਲੀ ਚਲਾਉਣ ਵਾਲਿਆਂ ਵਿੱਚ ਮੈਂ ਖੁਦ ਆਪ ਸਾਂ। ਇਹ
ਵੀ ਕਿਹਾ ਕਿ ਇਹ ਮੈਂ ਹੀ ਸਾਬਤ ਕਰਨਾ ਹੈ ਕਿ ਮੈਂ ਗੋਲੀ ਚਲਾਈ ਸੀ ਜਾਂ ਨਹੀਂ! ਮੇਰੇ ਪਿੰਡ
ਅਤੇ ਇਲਾਕੇ ਦੇ ਲੋਕਾਂ ਅਤੇ ਮੇਰੇ ਅਧਿਆਪਕ ਸਾਥੀਆਂ ਦੇ ਭਰਪੂਰ ਦਬਾਓ ਨੇ ਥਾਣਾ ਮੁਖੀ ਨੂੰ
ਅਹਿਸਾਸ ਕਰਵਾ ਦਿੱਤਾ ਕਿ ਮੈਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਸੀ! ਉਸਨੇ ਐੱਸ ਐੱਸ
ਪੀ ਦੇ ਲਗਾਤਾਰ ਦਬਾਓ ਬਣਾਈ ਰੱਖਣ ਦੇ ਬਾਵਜੂਦ ਬਹੁਤ ਹੀ ‘ਸਖਤ ਪੁੱਛ-ਗਿੱਛ’ ਕਰਨ ਦੇ ਹੁਕਮ
ਨੂੰ ਅਣਗੌਲਿਆਂ ਕਰ ਕੇ ਮੇਰੀ ਉਚੇਚੀ ਮਦਦ ਕੀਤੀ ਅਤੇ ਕੁੱਝ ਦਿਨਾਂ ਬਾਅਦ ਮੈਨੂੰ ਰਿਹਾਅ ਕਰ
ਦਿੱਤਾ। ਮੇਰੇ ਉੱਤੇ ਕਤਲ ਦਾ ਕੇਸ ਪਾਏ ਜਾਣ ਕਰ ਕੇ ਮੇਰੀ ਪਤਨੀ ਦਾ ਓਨੇ ਦਿਨ ਜੋ ਹਾਲ
ਰਿਹਾ, ਉਸਦੀ ਕਲਪਨਾ ਕੀਤੀ ਜਾ ਸਕਦੀ ਹੈ।
ਰਿਹਾਅ ਹੋ ਕੇ ਆਏ ਨੂੰ ਅਜੇ ਇੱਕ-ਅੱਧਾ ਦਿਨ ਹੀ ਹੋਇਆ ਸੀ ਕਿ ਸਾਡੇ ਗੁਆਂਢ ਗੋਪਾਲ ਚੰਦ
ਹੁਰਾਂ ਦੇ ਘਰ ਵਿਚੋਂ ਲੜਾਈ ਦੇ ਰੌਲੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਤਾ ਲੱਗਾ ਕਿ ਮੰਗੇ ਦੇ
ਮਰਨ ‘ਤੇ ਜਿਹੜੀ ਸਹਾਇਤਾ ਰਾਸ਼ੀ ਮੰਗੇ ਦੀ ਪਤਨੀ ਨੂੰ ਮਿਲਣੀ ਸੀ, ਉਹ ਮੰਗੇ ਦੇ ਭਰਾਵਾਂ ਨੇ
ਉਸਦੇ ਨਾਂ ਨਹੀਂ ਸੀ ਕਰਵਾਈ। ਮੰਗੇ ਦੀ ਵਿਧਵਾ ਦੇ ਮਾਪੇ ਉਹ ਪੈਸੇ ਉਸਦੀ ਪਤਨੀ ਦੇ ਨਾਂ ਕਰਨ
ਲਈ ਜ਼ੋਰ ਪਾ ਰਹੇ ਸਨ ਜਦ ਕਿ ਮੰਗੇ ਦੇ ਭਰਾ ਇਸ ਲਈ ਰਾਜ਼ੀ ਨਹੀਂ ਸਨ। ਇਸ ਗੱਲ ‘ਤੇ ਦੋਵਾਂ
ਧਿਰਾਂ ਵਿੱਚ ਬੋਲ-ਬੁਲਾਰਾ ਸ਼ੁਰੂ ਹੋ ਗਿਆ ਸੀ ਤੇ ਹੁਣ ਦੋਵੇਂ ਧਿਰਾਂ ਬਾਜ਼ਾਰ ਵਿੱਚ ਸ਼ਰੇਆਮ
ਇੱਕ ਦੂਜੇ ‘ਤੇ ਦੂਸ਼ਣ ਲਾ ਕੇ ਗਾਲ੍ਹ-ਮੰਦਾ ਕਰ ਰਹੀਆਂ ਸਨ।
ਉਹਨਾਂ ਦੇ ਇਸ ਝਗੜੇ ਤੋਂ ਹੀ ਮੇਰੀ ਕਹਾਣੀ ‘ਭੱਜੀਆਂ ਬਾਹੀਂ’ ਦਾ ਮਹੂਰਤ ਹੋਇਆ। ਫਿਰ ਮੈਨੂੰ
ਮੰਗੇ ਨਾਲ ਭਰਾਵਾਂ ਵੱਲੋਂ ਹੋਈਆਂ ਤੇ ਉਸ ਵੱਲੋਂ ਮੈਨੂੰ ਸਮੇਂ ਸਮੇਂ ਦੱਸੀਆਂ ਵਧੀਕੀਆਂ
ਚੇਤੇ ਆਈਆਂ। ਪਰਿਵਾਰ ਵਿੱਚ ਤਕੜੇ ਭਰਾਵਾਂ ਵੱਲੋਂ ਮਾੜੇ ਨਾਲ ਹੁੰਦੀਆਂ ਵਧੀਕੀਆਂ ਨੂੰ ਆਧਾਰ
ਬਣਾ ਕੇ ਮੈਂ ਇਸਨੂੰ ਦੇਸ਼ ਦੀ ਏਕਤਾ ਤੇ ਆਖੰਡਤਾ ਦੇ ਬਾਹਰੀ ਦਿਖਾਵੇ ਦੇ ਅਖਾਉਤੀ ਭਰਮ ਨਾਲ
ਜੋੜਿਆ। ‘ਜੇ ਇੱਕ ਉਂਗਲ ਨੂੰ ਭੰਨ ਦਿਓਗੇ ਤੇ ਆਖੋਗੇ ਕਿ ਮੁੱਠੀ ਮੀਚੀ ਵੀ ਰਹੇ ਤਾਂ ਵੀ
ਭੱਜੀ ਉਂਗਲ ਮੁੱਠੀ ਨਾਲ ਤਾਂ ਜੁੜਨੋਂ ਰਹੀ!’ ਮੈਨੂੰ ਇਹ ਵੀ ਲੱਗਾ ਕਿ ਜੇ ਇੱਕ ਪਰਿਵਾਰ ਦੇ
ਭਰਾਵਾਂ ਵਿੱਚ ਮਾਂ-ਪਿਓ ਵੀ ਤਕੜੇ-ਮਾੜੇ ਦਾ ਵਿਤਕਰਾ ਪਾਉਂਦੇ ਨੇ ਤਾਂ ਜਿਹੜੇ ਲੋਕ ‘ਧਰਮ
ਆਧਾਰਿਤ ਦੇਸ਼ ਜਾਂ ਪਰਿਵਾਰ’ ਵਿੱਚ ਰਹਿਣ ਦੀ ਲੜਾਈ ਲੜਦੇ ਨੇ ਕੀ ਓਥੇ ਉਹਨਾਂ ਦੀ ਆਰਥਕ
ਵਿਤਕਰੇ ਦੀ ਲੜਾਈ ਖ਼ਤਮ ਹੋ ਜਾਏਗੀ! ਅਸਲੀ ਵਿਤਕਰਾ ਤਾਂ ਜਮਾਤਾਂ ਵਿੱਚ ਪਏ ਪਾੜੇ ਵਾਲਾ ਹੈ।
ਪਕੌੜੇ ਵੇਚਣ ਵਾਲੇ ਦੁਕਾਨਦਾਰ ਅਤੇ ਜ਼ਮੀਨ ਗਹਿਣੇ ਕਰਨ ਵਾਲੇ ਗ਼ਰੀਬ ਕਿਰਸਾਣ ਦੀ ਆਪਸ ਵਿੱਚ
ਕਾਹਦੀ ਦੁਸ਼ਮਣੀ? ਇੱਕੋ ਜਮਾਤ ਦੇ ਹੋਣ ਕਰਕੇ ਧਾਰਮਿਕ ਦਿਖ ਅਲੱਗ ਹੋਣ ਦੇ ਬਾਵਜੂਦ ਉਹਨਾਂ
ਦੋਵਾਂ ਦੇ ਆਪਸੀ ਹਿਤ ਸਾਂਝੇ ਹਨ। ਉਹਨਾਂ ਦੇ ਦੁਸ਼ਮਣ ਤਾਂ ਉਹਨਾਂ ਦਾ ਸ਼ੋਸ਼ਨ ਕਰਨ ਵਾਲੇ
ਉਹਨਾਂ ਦੇ ਆਪਣੇ ਹੀ ਧਰਮ ਦੇ ਭਰਾ-ਭਾਈ ਹਨ। ਜੇ ਅਸਲ ਲੜਾਈ ਜਮਾਤੀ ਲੜਾਈ ਹੀ ਹੈ ਤਾਂ ਫਿਰ
ਜਮਾਤੀ ਲੜਾਈ ਲੜਨ ਵਾਲੇ ਕਮਿਊਨਿਸਟਾਂ ਦੇ ਹੁੰਦਿਆਂ ਸੁੰਦਿਆਂ ਫਿਰਕੂ ਲੋਕ ਕਿਵੇਂ ਮਾਹੌਲ
ਉੱਤੇ ਛਾ ਗਏ ਅਤੇ ਕਮਿਊਨਿਸਟ ਕਿਉਂ ਪ੍ਰਸੰਗਹੀਣ ਹੋ ਕੇ ਰਹਿ ਗਏ? ਇਹ ਤੇ ਇਸਤਰ੍ਹਾਂ ਦੇ ਹੋਰ
ਮਸਲੇ ਮੈਂ ਕਹਾਣੀ ਵਿੱਚ ਛੋਹਣ ਦੀ ਕੋਸ਼ਿਸ਼ ਕਰਦਿਆਂ ਮਨੁੱਖੀ ਸੁਭਾ ਦੇ ਬਦਲਦੇ ਸੰਦਰਭਾਂ ਤੇ
ਰਿਸ਼ਤਿਆਂ ਦੀ ਅਰਥਹੀਣਤਾ ਨੂੰ ਵੀ ਨਜ਼ਰ ਗੋਚਰੇ ਰੱਖਿਆ।
ਜਲੰਧਰ ਦੇ ਹਰਦਿਆਲ ਨਗਰ ਵਿੱਚ ਪ੍ਰੇਮ ਸਿੰਘ ਚੱਠਾ ਦੇ ਘਰ ਕਹਾਣੀ ਗੋਸ਼ਟੀ ਹੋਈ।
ਮੰਨੇ-ਪਰਮੰਨੇ ਲੇਖਕਾਂ ਦੀ ਹਾਜ਼ਰੀ ਵਿੱਚ ‘ਭੱਜੀਆਂ ਬਾਹੀਂ’ ਅਤੇ ਰਘਬੀਰ ਢੰਡ ਦੀ ਕਹਾਣੀ
‘ਸ਼ਾਨੇ-ਪੰਜਾਬ’ ਬਾਰੇ ਚਰਚਾ ਹੋਈ। ਪ੍ਰਬੰਧਕਾਂ ਵੱਲੋਂ ਪਾਠਕਾਂ ਦੀਆਂ ਪ੍ਰਾਪਤ ਚਿੱਠੀਆਂ ਦੇ
ਆਧਾਰ ‘ਤੇ ਇਹ ਦੋ ਕਹਾਣੀਆਂ ਪਿਛਲੇ ਸਾਲ ਦੀਆਂ ਬਿਹਤਰੀਨ ਕਹਾਣੀਆਂ ਮੰਨੀਆਂ ਗਈਆਂ ਸਨ। ਇਸ
ਗੋਸ਼ਟੀ ਵਿੱਚ ਪੰਜਾਬ ਦੇ ਕਹਾਣੀਕਾਰਾਂ ਤੇ ਵਿਦਵਾਨਾਂ ਤੋਂ ਇਲਾਵਾ ਗੁਰਦਿਆਲ ਸਿੰਘ ਤੇ ਸੰਤੋਖ
ਸਿੰਘ ਧੀਰ ਵਰਗੇ ਵੱਡੇ ਲੇਖਕ ਵੀ ਸ਼ਾਮਲ ਸਨ। ਗੋਸ਼ਟੀ ਦਾ ਕਰਤਾ ਧਰਤਾ ਪ੍ਰੇਮ ਪ੍ਰਕਾਸ਼ ਸੀ।
‘ਭੱਜੀਆਂ ਬਾਹੀਂ’ ਬਾਰੇ ‘ਬਹਿਸ ਦੀ ਸ਼ੁਰੂਆਤ’ ਕਰਦਿਆਂ ਭੂਸ਼ਨ ਨੇ ਪਰਚਾ ਪੜ੍ਹਿਆ। ਉਸਨੇ
ਜਿੱਥੇ ਕਹਾਣੀ ਦੀ ਪ੍ਰਸੰਸਾ ਕੀਤੀ ਓਥੇ ਇਹ ਸਵਾਲ ਵੀ ਉਠਾਇਆ ਕਿ ਇਸ ਕਹਾਣੀ ਵਿੱਚ ਪੰਜਾਬ
ਵਿਚਲੀ ਘੱਟ-ਗਿਣਤੀ ਦੇ ਲੋਕ ਹੌਲੀ ਤੇ ਘੱਟ ਬੋਲਦੇ ਹਨ ਜਦ ਕਿ ਭਾਰੂ ਫ਼ਿਰਕੇ ਦੇ ਲੋਕ ਉੱਚੀ
ਅਤੇ ਵਧੇਰੇ ਬੋਲਦੇ ਹਨ! ਕਹਾਣੀ ਬਾਰੇ ਹੋਈ ਚਰਚਾ ਵਿੱਚ ਜਿੱਥੇ ਕਹਾਣੀ ਦੀ ਤਾਰੀਫ਼ ਹੋਈ ਓਥੇ
ਸੰਤੋਖ ਸਿੰਘ ਧੀਰ ਤੇ ‘ਲੋਕ-ਲਹਿਰ’ ਦੇ ਸੰਪਾਦਕ ਸੁਹੇਲ ਸਿੰਘ ਨੇ ਉੱਚੀ ਆਵਾਜ਼ ਵਿੱਚ ਕਹਾਣੀ
ਨੂੰ ‘ਕਮਿਊਨਿਸਟ-ਵਿਰੋਧੀ’ ਐਲਾਨਿਆਂ। ਉਹਨਾਂ ਨੂੰ ਕਹਾਣੀ ਸਿੱਖਾਂ ਜਾਂ ਅੱਤਵਾਦੀਆਂ ਦੇ ਹੱਕ
ਵਿੱਚ ਭੁਗਤਦੀ ਲੱਗਦੀ ਸੀ। ਮੇਰੇ ਮਿੱਤਰ ਸਾਧੂ ਸਿੰਘ ਨੂੰ ਵੀ ਅਜਿਹਾ ਹੀ ਲੱਗਦਾ ਸੀ! ਸੁਹੇਲ
ਨੇ ਤਾਂ ਲੋਕ-ਲਹਿਰ ਵਿੱਚ ਕਹਾਣੀ ਦੇ ਖ਼ਿਲਾਫ਼ ਸੰਪਾਦਕੀ ਵੀ ਲਿਖਿਆ।
ਕਹਾਣੀ ਬਾਰੇ ਗੱਲ ਕਰਦਿਆਂ ਮੈਂ ਕਿਹਾ ਕਿ ਕਹਾਣੀ ਵਿੱਚ ਕੋਈ ਪਾਤਰ ਉੱਚੀ ਬੋਲਣ ਨਾਲ ਹੀ
ਨਿਆਇਯੁਕਤ ਨਹੀਂ ਹੋ ਜਾਂਦਾ। ਨਾ ਹੀ ਕਿਸੇ ਪਾਤਰ ਦੇ ਹੌਲੀ ਜਾਂ ਥੋੜਾ ਬੋਲਣ ਦਾ ਇਹ ਮਤਲਬ
ਹੁੰਦਾ ਹੈ ਕਿ ਉਸਦੇ ਵਿਚਾਰਾਂ ਦਾ ਮਹੱਤਵ ਘਟ ਗਿਆ ਹੈ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ
ਉਹਨਾਂ ਧਿਰਾਂ ਨੂੰ ‘ਬੁਲਾਉਣ’ ਵਾਲੇ ਲੇਖਕ ਦੀ ਦ੍ਰਿਸ਼ਟੀ ਕੀ ਹੈ? ਇਸ ਕਹਾਣੀ ਵਿੱਚ ਉੱਚੀ
ਬੋਲਣ ਵਾਲੇ ਪਾਤਰਾਂ ਦਾ ਗੁੱਸਾ ‘ਉਸ’ ਧਿਰ ਨਾਲ ਹੋਏ ਧੱਕੇ ਪ੍ਰਤੀ ਰੋਸ ਦਾ ਪ੍ਰਗਟਾਵਾ ਹੈ
ਤੇ ਘੱਟ ਬੋਲਣ ਵਾਲੇ ਪਾਤਰਾਂ ਦਾ ਸਹਿਮ ਉਹਨਾਂ ਦੀ ਤਤਕਾਲੀਨ ਸਹਿਮੀ ਅਤੇ ਭੈ-ਭੀਤ ਹੋਣ ਵਾਲੀ
ਸਥਿਤੀ ਵੱਲ ਸੰਕੇਤ ਹੈ। ਇਸ ਕਹਾਣੀ ਵਿੱਚ ਸਭ ਤੋਂ ਘੱਟ ਬੋਲਣ ਵਾਲਿਆਂ ਵਿਚੋਂ ਇੱਕ ਪਾਤਰ
ਧੰਨਾ ਸਿੰਘ ਦਰਜ਼ੀ ਹੈ ਪਰ ਉਸਦੇ ਬੋਲ ਲੇਖਕ ਦੀ ਵਿਚਾਰਧਾਰਾ ਨੂੰ ਪ੍ਰਤੀਬਿੰਬਤ ਕਰਨ ਵਾਲੇ
ਹਨ। ਕਹਾਣੀ ਵਿੱਚ ਕਮਿਊਨਿਸਟਾਂ ਦੇ ਵਿਰੋਧ ਦਾ ਭਰਮ ਪੈਣਾ ਵੀ ਲੇਖਕ ਦੀ ਰਚਨਾ-ਦ੍ਰਿਸ਼ਟੀ ਨੂੰ
ਡੂੰਘਾਈ ਵਿੱਚ ਜਾਕੇ ਨਾ ਸਮਝਣ ਦਾ ਹੀ ਫ਼ਲ ਹੈ। ਸਮੁੱਚੀ ਕਹਾਣੀ ਵਿਚੋਂ ‘ਖਾਮੋਸ਼-ਆਵਾਜ਼’ ਤਾਂ
ਇਹ ਆਉਂਦੀ ਹੈ ਕਿ ਅਸਲੀ ਲੜਾਈ ਧਰਮ ਜਾਂ ਜ਼ਾਤ ਦੀ ਨਹੀਂ ਸਗੋਂ ਜਮਾਤ ਦੀ ਹੈ ਤੇ ਜਮਾਤੀ ਲੜਾਈ
ਦੀ ਗੱਲ ਕਮਿਊਨਿਸਟਾਂ ਤੋਂ ਵੱਧ ਭਲਾ ਕਿਸ ਨੇ ਕਰਨੀ ਹੋਈ! ਪਰ ਦੁੱਖ ਦੀ ਗੱਲ ਹੈ ਕਿ
ਕਮਿਊਨਿਸਟਾਂ ਤੋਂ ਇਹ ਲੜਾਈ ਭਲੀ-ਭਾਂਤ ਲੜੀ ਨਹੀਂ ਜਾ ਸਕੀ। ਉਹ ਲੋਕਾਂ ਨੂੰ ਆਪਣੇ ਨਾਲ
ਜੋੜਨੋਂ ਅਸਮਰੱਥ ਰਹੇ ਤੇ ਇਤਿਹਾਸ ਉਹਨਾਂ ਦੇ ਹੱਥੋਂ ਤਿਲਕ ਗਿਆ। ਇਸ ਉੱਤੇ ਫ਼ਿਰਕੂ ਤਾਕਤਾਂ
ਦਾ ਗ਼ਲਬਾ ਹੋ ਗਿਆ। ਕਹਾਣੀ ਤਾਂ ਇਹ ਅਸਿੱਧਾ ਹਾਉਕਾ ਭਰਦੀ ਹੈ ਕਿ ਕਾਸ਼! ਇਤਿਹਾਸ ਦੀ ਵਾਗ
ਡੋਰ ਕਮਿਊਨਿਸਟਾਂ ਦੇ ਹੱਥ ਵਿੱਚ ਰਹਿੰਦੀ! ਕਹਾਣੀ ਵਿੱਚ ‘ਸਿੱਖਾਂ’ ਦੀ ਗੱਲ ਕਰਨ ਦੀ
ਸ਼ਿਕਾਇਤ ਵੀ ਵਾਜਬ ਨਹੀਂ। ਜੇ ਘੱਟ-ਗਿਣਤੀ ਦੇ ਲੋਕ ਉਹਨਾਂ ਨਾਲ ਹੁੰਦੇ ਅਨਿਆਇ ਲਈ ਹਮਦਰਦੀ
ਦੇ ਹੱਕਦਾਰ ਹਨ ਤਾਂ ਬਹੁ-ਗਿਣਤੀ ਦੀ ਪੀੜਿਤ ਧਿਰ ਦਾ ਜ਼ਿਕਰ ਕਰਨਾ ਸਿਰਫ਼ ਇਸ ਕਰਕੇ ਹੀ
ਇਤਰਾਜ਼ਯੋਗ ਨਹੀਂ ਹੋ ਜਾਂਦਾ ਕਿ ਉਸ ਭਾਈਚਾਰੇ ਦਾ ਇੱਕ ਬਹੁਤ ਹੀ ਛੋਟਾ ਹਿੱਸਾ ਗ਼ਲਤ
ਕਾਰਵਾਈਆਂ ਵਿੱਚ ਰੁੱਝਿਆ ਹੋਇਆ ਹੈ।
ਮੇਰੇ ਅੰਦਰਲਾ ਲੇਖਕ ਕਮਿਊਨਿਸਟਾਂ ਨੂੰ ਆਪਣੀ ਧਿਰ ਸਮਝ ਕੇ ਉਹਨਾਂ ਦੀ ਵਾਜਬ ਕਮਜ਼ੋਰੀ ‘ਤੇ
ਉਂਗਲੀ ਰੱਖ ਰਿਹਾ ਸੀ। ਪਰ ਕੁੱਝ ਕਮਿਊਨਿਸਟਾਂ ਨੂੰ ਆਪਣੀ ਵਾਜਬ ਆਲੋਚਨਾ ਵੀ ਪਸੰਦ ਨਹੀਂ
ਸੀ। ਉਹ ਤਾਂ ਉਸ ਵੇਲੇ ਦੀ ਫਿਰਕੂ ਧਿਰ ਦੀ ‘ਬੇਕਿਰਕ’ ਆਲੋਚਨਾ ਕਰਨ ਵਿੱਚ ਵਿਸ਼ਵਾਸ ਰੱਖਦੇ
ਸਨ ਤੇ ਉਸਦੇ ਵਾਜਬ ਗੁੱਸੇ ਅਤੇ ਨਾਰਾਜ਼ਗੀ ਨੂੰ ਅਸਲੋਂ ਘਟਾ ਕੇ ਵੇਖਦੇ ਤੇ ਉਸਦਾ ਗਲ ਘੁੱਟਣਾ
ਚਾਹੁੰਦੇ ਸਨ। ਪਰ ਸਾਹਿਤ ਦਾ ਕੰਮ ‘ਬੇਕਿਰਕ’ ਆਲੋਚਨਾ ਕਰਨਾ ਨਹੀਂ ਸਗੋਂ ਸਭ ਧਿਰਾਂ ਦੇ
ਦੁੱਖ ਨੂੰ ਉਸਦੇ ਨੇੜੇ ਹੋ ਕੇ ਸੁਣਨਾ ਤੇ ਉਸਦੇ ਹਿੱਸੇ ਦੀ ਪੀੜ ਲਈ ਬਣਦਾ ਹਾਉਕਾ ਭਰਨਾ
ਹੁੰਦਾ ਹੈ। ਮੈਂ ਇਹੋ ਹੀ ਕੰਮ ਕੀਤਾ ਸੀ। ਸਿਆਣੇ ਕਮਿਊਨਿਸਟਾਂ ਨੇ ਮੇਰੇ ਇਸ ਨੁਕਤੇ ਨੁੰ
ਸਮਝਿਆ। ਉਹਨਾਂ ਦੀ ਮੇਰੇ ਵੱਲੋਂ ਕਹਾਣੀ ਦੀ ਕੀਤੀ ਵਿਆਖਿਆ ਨਾਲ ਸੰਮਤੀ ਸੀ। ‘ਸਿਰਜਣਾ’ ਦੇ
ਅਗਲੇ ਅੰਕਾਂ ਵਿੱਚ ਭੂਸ਼ਨ ਦਾ ਲੇਖ ਵੀ ਛਪਿਆ ਤੇ ਪਾਠਕਾਂ ਦੇ ਪੱਤਰ ਵੀ। ਕਹਾਣੀ ਬਾਰੇ ਉੱਠੇ
ਵਿਰੋਧ ਦੀ ਧੁੰਦ ਛਟ ਗਈ ਸੀ। ਸਿਆਣੇ ਪਾਠਕਾਂ ਦੀ ਲਗਾਤਾਰ ਚੱਲਦੀ ਬਹਿਸ ਨੇ ਕਹਾਣੀ ਦੀ ਆਤਮਾ
ਦੇ ਮਰਮ ਨੂੰ ਪਛਾਣ ਲਿਆ ਸੀ। ਇਹਨਾਂ ਦਿਨਾਂ ਵਿੱਚ ਮੈਂ ਕਾਮਰੇਡ ਸੁਹੇਲ ਸਿੰਘ ਨੂੰ ਦੋ ਤਿੰਨ
ਚਿੱਠੀਆਂ ਲਿਖੀਆਂ ਕਿ ਉਹ ‘ਲੋਕ-ਲਹਿਰ’ ਵਿੱਚ ਕਹਾਣੀ ਦੇ ਖ਼ਿਲਾਫ਼ ਲਿਖੇ ਸੰਪਾਦਕੀ ਦੀ ਕਾਪੀ
ਮੈਨੂੰ ਭੇਜ ਦੇਵੇ ਤਾਕਿ ਮੈਂ ਉਸ ਵੱਲੋਂ ਪੇਸ਼ ਕੀਤੇ ਨੁਕਤਿਆਂ ਨੂੰ ਠੀਕ ਤਰ੍ਹਾਂ ਸਮਝ ਸਕਾਂ।
ਉਸਨੇ ਨਾ ਸੰਪਾਦਕੀ ਲੇਖ ਦੀ ਕਾਪੀ ਭੇਜੀ ਤੇ ਨਾ ਹੀ ਕੋਈ ਜਵਾਬ ਦਿੱਤਾ। ਪਿੱਛੋਂ ਕਿਸੇ
ਮਿਲਣੀ ਸਮੇਂ ਉਸ ਕੋਲੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, “ਮੇਰੀ ਕਹਾਣੀ
ਬਾਰੇ ਰਾਇ ਬਦਲ ਗਈ ਹੈ। ਉਦੋਂ ਮੈਂ ਕਹਾਣੀ ਨੂੰ ਠੀਕ ਨਹੀਂ ਸਾਂ ਸਮਝਿਆ। ਕਹਾਣੀ ਕਿਸੇ ਵੀ
ਤਰ੍ਹਾਂ ਕਮਿਊਨਿਸਟਾਂ ਦੇ ਖ਼ਿਲਾਫ਼ ਨਹੀਂ।”
ਮੈਨੂੰ ਉਸਦੀ ਸਪਸ਼ਟਤਾ, ਸਾਦਗੀ ਤੇ ਸੁਹਿਰਦਤਾ ਨੇ ਮੋਹ ਲਿਆ। ਮੇਰੀ ਕਹਾਣੀ ਦਾ ਕੱਟੜ ਵਿਰੋਧੀ
ਮੇਰੀ ਕਹਾਣੀ ਦਾ ਪ੍ਰਸੰਸਕ ਬਣ ਗਿਆ ਸੀ। ਇਹ ਕਰਾਮਾਤ ਉਹਨਾਂ ਆਲੋਚਕਾਂ-ਪਾਠਕਾਂ ਦੀ ਸੀ
ਜਿਨ੍ਹਾਂ ਨੇ ਕਹਾਣੀ ਨੂੰ ਰਿੜਕ ਰਿੜਕ ਕੇ ਉਸਦੇ ਸੱਚ ਨੂੰ ਨਿਤਾਰ ਕੇ ਉੱਪਰ ਲੈ ਆਂਦਾ ਸੀ।
ਜਲੰਧਰ ਵਾਲੀ ਗੋਸ਼ਟੀ ਤੋਂ ਇਲਾਵਾ ‘ਭੱਜੀਆਂ ਬਾਹੀਂ’ ਕਹਾਣੀ ਬਾਰੇ ਕਈ ਗੋਸ਼ਟੀਆਂ ਹੋਈਆਂ।
ਇਹਨਾਂ ਵਿਚੋਂ ‘ਢਿਲਵਾਂ’ ਵਿੱਚ ਸਵਰਨਜੀਤ ਸਵੀ, ਆਸੀ ਤੇ ਵਿਸ਼ਾਲ ਹੁਰਾਂ ਦੇ ਮਿੱਤਰ-ਮੰਡਲ
ਵੱਲੋਂ ਤੇ ਦੂਜੀ ਸਾਹਿਤ ਸਭਾ ਮੁਕੇਰੀਆਂ ਤੇ ਹੋਰ ਸਭਾਵਾਂ ਦੇ ਆਪਸੀ ਸਹਿਯੋਗ ਨਾਲ ਮੁਕੇਰੀਆਂ
ਵਿਖੇ ਕਰਵਾਈ ਗੋਸ਼ਟੀ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਢਿਲਵਾਂ ਵਾਲੀ ਗੋਸ਼ਟੀ ਤਾਂ ਕੁੱਝ ਇੱਕ
ਦੋਸਤਾਂ ਵੱਲੋਂ ਕਹਾਣੀ ਸੰਬੰਧੀ ਮੇਰੇ ਨਾਲ ਕੀਤੇ ਸਿੱਧੇ ਸਵਾਲਾਂ-ਜਵਾਬਾਂ ‘ਤੇ ਆਧਾਰਿਤ ਸੀ
ਜਦ ਕਿ ਮੁਕੇਰੀਆਂ ਵਾਲੀ ਗੋਸ਼ਟੀ ਦਾ ਜ਼ਿਕਰ ਇੱਕ ਹੋਰ ਪ੍ਰਸੰਗ ਵਿੱਚ ਵੀ ਕੀਤਾ ਜਾਣਾ ਬਣਦਾ
ਹੈ।
ਇਹ 1987 ਦੇ ਦਿਨ ਸਨ। ਦਹਿਸ਼ਤ ਤੇ ਆਤੰਕ ਦਾ ਭਰਵਾਂ ਬੋਲ-ਬਾਲਾ ਸੀ। ਸਿਆਲੀ ਦਿਨ ਦੀ ਨਿੱਘੀ
ਧੁੱਪ ਵਿੱਚ ਖ਼ਾਲਸਾ ਹਾਈ ਸਕੂਲ ਮੁਕੇਰੀਆਂ ਦੀ ਖੁੱਲ੍ਹੀ ਗਰਾਊਂਡ ਵਿੱਚ ਬਣੀ ਸਟੇਜ ਉੱਤੇ
ਪ੍ਰਿੰਸੀਪਲ ਸੁਜਾਨ ਸਿੰਘ ਦੀ ਪ੍ਰਧਾਨਗੀ ਵਿੱਚ ਪ੍ਰਧਾਨਗੀ-ਮੰਡਲ ਸੱਜਿਆ ਬੈਠਾ ਸੀ ਤੇ
ਸਾਹਮਣੇ ਕੁਰਸੀਆਂ ਉੱਤੇ ਗੁਰਦਾਸਪੁਰ, ਮੁਕੇਰੀਆਂ, ਦਸੂਹਾ, ਗੜ੍ਹਦੀ ਵਾਲਾ, ਟਾਂਡਾ, ਤਲਵਾੜਾ
ਤੇ ਹੁਸ਼ਿਆਰਪੁਰ ਦੀਆਂ ਸਾਹਿਤ-ਸਭਾਵਾਂ ਦੇ ਸਰੋਤੇ ਕਹਾਣੀ-ਪਾਠ ਸੁਣਨ ਲਈ ਬੈਠੇ ਸਨ। ਕਹਾਣੀ
ਭਾਵੇਂ ਸਾਰਿਆਂ ਨੇ ਪਹਿਲਾਂ ਹੀ ਪੜ੍ਹੀ ਹੋਈ ਸੀ ਪਰ ਉਹਨਾਂ ਦੀ ਇੱਛਾ ਸੀ ਕਿ ਕਹਾਣੀ ਬਾਰੇ
ਚਰਚਾ ਛੇੜਨ ਲਈ ਕਹਾਣੀ ਨੂੰ ਇੱਕ ਵਾਰ ਸਰੋਤਆਂ ਸਾਹਮਣੇ ਫਿਰ ਤੋਂ ਪੜ੍ਹਿਆ ਜਾਣਾ ਚਾਹੀਦਾ
ਹੈ।
ਮੈਂ ਕਹਾਣੀ ਪੜ੍ਹਨ ਲਈ ਮਾਈਕ ਸਾਹਮਣੇ ਖਲੋਤਾ। ਕਹਾਣੀ ਲੰਮੀ ਸੀ ਤੇ ਇਸਨੂੰ ਪੜ੍ਹਨ ਲਈ ਦੋ
ਕੁ ਘੰਟੇ ਦਾ ਸਮਾਂ ਲੋੜੀਦਾ ਸੀ। ਕਹਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਸਪੀਕਰ ਰਾਹੀਂ ਉਸਦੀ
ਆਵਾਜ਼ ਦੂਰ ਦੂਰ ਤਾਈਂ ਪਹੁੰਚਣ ਲੱਗੀ। ਕੁੱਝ ਪੈਰੇ ਹੀ ਪੜ੍ਹੇ ਸਨ ਕਿ ਕੀ ਵੇਖਦਾ ਹਾਂ ਦੂਰ
ਸਾਹਮਣੇ ਚਾਹ ਵਾਲੀ ਰੇੜ੍ਹੀ ‘ਤੇ ਚਾਹ ਦੇ ਘੁੱਟ ਭਰਦੇ ਬੰਦੇ ਮੇਰੇ ਵੱਲ ਮੂੰਹ ਕਰਕੇ ਕਹਾਣੀ
ਸੁਣਨ ਲੱਗੇ। ਇੱਕ ਪੈਰਾ ਹੋਰ ਪੜ੍ਹਿਆ ਤਾਂ ਉਹਨਾਂ ਦੇ ਕਦਮ ਪੰਡਾਲ ਵੱਲ ਵਧਣੇ ਸ਼ੁਰੂ ਹੋ ਗਏ।
ਕਿਆਰੀਆਂ ਗੋਡਦਾ ਮਾਲੀ ਰੰਬਾ ਰੱਖ ਕੇ ਹੱਥ ਝਾੜਦਾ ਏਧਰ ਨੂੰ ਤੁਰ ਆਇਆ। ਸਕੂਲ ਦੀ ਬਾਊਂਡਰੀ
ਵਾਲ ਦੀ ਮੁਰੰਮਤ ਕਰਦੇ ਰਾਜ-ਮਿਸਤਰੀ ਤੇ ਮਜ਼ਦੂਰ ਕੰਮ ਛੱਡਕੇ ਖਲੋ ਗਏ। ਨੇੜਲੇ ਨਹਿਰੀ
ਕੁਆਟਰਾਂ ਦੀਆਂ ਛੱਤਾਂ ‘ਤੇ ਧੁੱਪ ਸੇਕਦੇ ਨਹਿਰ ਮਹਿਕਮੇ ਦੇ ਛੋਟੇ-ਵੱਡੇ ਕਰਮਚਾਰੀ ਛੱਤਾਂ
ਤੋਂ ਹੇਠਾਂ ਉੱਤਰ ਆਏ। ਕਹਾਣੀ-ਮੰਡਪ ਦੇ ਆਲੇ-ਦੁਆਲੇ ਮਜਮੇ ਵਾਂਗ ਭੀੜ ਜੁੜਨ ਲੱਗੀ। ਸ਼ਾਇਦ
ਉਹਨਾਂ ਨੂੰ ਲੱਗਦਾ ਸੀ ਕਿ ਇਹ ਉਹਨਾਂ ਦੇ ਆਪਣੇ ਦਿਲ ਦੀ ਗੱਲ ਹੋ ਰਹੀ ਹੈ। ਸਾਰੇ ਕਹਾਣੀ
ਵਿਚਲੀ ਹਕੀਕਤ ਨਾਲ ਅੰਦਰੋਂ ਜੁੜੇ ਹੋਏ ਮਹਿਸੂਸ ਕਰ ਰਹੇ ਸਨ। ਪੂਰੇ ਦੋ ਘੰਟੇ ਉਹਨਾਂ ਨੇ
ਇੱਕ ਚਿੱਤ ਹੋ ਕੇ ਕਹਾਣੀ ਸੁਣੀ। ਕਹਾਣੀ ਖ਼ਤਮ ਹੋਣ ‘ਤੇ ਉਹਨਾਂ ਦੀਆਂ ਤਾੜੀਆਂ ਦੀ ਗੜਗੜਾਹਟ
ਨੇ ਮੇਰੇ ਅੰਦਰ ਏਨੀ ਤਾਕਤ ਭਰ ਦਿੱਤੀ ਕਿ ਮੈਨੂੰ ਜਾਪਣ ਲੱਗਾ ਇਸ ਕਹਾਣੀ ਦੇ ਮਹੱਤਵ ਨੂੰ
ਸਵੀਕਾਰ ਕਰਵਾਉਣ ਲਈ ਮੈਨੂੰ ਹੁਣ ਕਿਸੇ ਆਲੋਚਕ ਜਾਂ ਵਿਦਵਾਨ ਦੀ ‘ਸਹਾਇਤਾ’ ਦੀ ਲੋੜ ਨਹੀਂ।
ਇਸ ਘਟਨਾ ਤੋਂ ਬਾਅਦ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਜਿਹੜੇ ਲੇਖਕ ਆਮ-ਲੋਕਾਂ ਦੇ
ਦੁਖਾ-ਸੁਖਾਂ ਦੀ ਬਾਤ ਪਾਉਣ ਦਾ ਦਾਅਵਾ ਕਰਦੇ ਹਨ ਉਹਨਾਂ ਨੂੰ ਆਮ ਲੋਕਾਂ ਦੇ ਅਜਿਹੇ ਇਕੱਠਾਂ
ਵਿੱਚ ਵੀ ਆਪਣੀਆਂ ਰਚਨਾਵਾਂ ਪੜ੍ਹਨ ਦਾ ਤਜਰਬਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਸਾਦਾ
ਟਿੱਪਣੀਆਂ ਵਿਚੋਂ ਆਪਣੀ ਕਲਾ ਦੇ ਮਹੱਤਵ ਦਾ ਅਨੁਮਾਨ ਲਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ
ਹੈ।
ਕਵੀਆਂ ਨੂੰ ਤਾਂ ਅਜਿਹੀ ਲੋਕ-ਪਰਸੰਸਾ ਕਵੀ ਦਰਬਾਰਾਂ ਵਿੱਚ ਮਿਲਦੀ ਹੀ ਰਹਿੰਦੀ ਹੈ ਪਰ
ਗਲਪ-ਲੇਖਕਾਂ ਲਈ ਅਜਿਹਾ ਆਮ ਤੌਰ ‘ਤੇ ਸੰਭਵ ਨਹੀਂ ਹੁੰਦਾ। ਗਲਪ ਕਿਉਂਕਿ ਪੜ੍ਹਨ ਵਾਲੀ ਚੀਜ਼
ਹੈ ਇਸ ਲਈ ਇਸਦੇ ਪਾਠਕਾਂ ਦੇ ਮਨ ਵਿਚੋਂ ਰਚਨਾ ਨੂੰ ਪੜ੍ਹ ਕੇ ਉੱਠੀ ਪਰਸੰਸਾ ਦੀ ਲਹਿਰ ਉਸਦੇ
ਅੰਦਰ ਹੀ ਕਿਧਰੇ ਉਮਡ ਉੱਛਲ ਕੇ ਸੌਂ ਜਾਂਦੀ ਹੈ; ਉਹ ਲੇਖਕ ਤੱਕ ਪਹੁੰਚਦੀ ਨਹੀਂ। ‘ਭੱਜੀਆਂ
ਬਾਹੀਂ’ ਦੇ ਪੜ੍ਹੇ ਜਾਣ ਦਾ ਤਜਰਬਾ ਬੜਾ ਵਿਲੱਖਣ ਤੇ ਆਨੰਦ-ਦਾਇਕ ਸੀ। ਅਜਿਹਾ ਹੀ ਰਲਦਾ
ਮਿਲਦਾ ਅਨੁਭਵ ਮੈਨੂੰ ਆਪਣੀ ਕਹਾਣੀ ‘ਚੌਥੀ ਕੂਟ’ ਦੇ ਪਾਠ ਉਪਰੰਤ ਹੋਇਆ। ਅਜੀਤ ਕੌਰ ਵੱਲੋਂ
1988 ਵਿੱਚ ਦਿੱਲੀ ਵਿਖੇ ‘ਪੰਜਾਬੀ ਅਕਾਦਮੀ ਦਿੱਲੀ’ ਦੇ ਸਹਿਯੋਗ ਨਾਲ ਕਰਵਾਏ ਕਹਾਣੀ ਦਰਬਾਰ
ਵਿੱਚ ਪਹਿਲੇ ਸੈਸ਼ਨ ਵਿੱਚ ਤਾਂ ਤਿੰਨ ਪਾਕਿਸਤਾਨੀ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ
ਪੜ੍ਹੀਆਂ। ਦੂਜੇ ਸੈਸ਼ਨ ਵਿੱਚ ਪਹਿਲਾਂ ਮਨਮੋਹਨ ਸਿੰਘ ਆਈ ਏ ਐੱਸ ਤੇ ਪ੍ਰੇਮ ਪ੍ਰਕਾਸ਼ ਨੇ
ਆਪਣੀਆਂ ਕਹਾਣੀਆਂ ਪੜ੍ਹੀਆਂ। ਉਸ ਸੈਸ਼ਨ ਦੀ ਤੀਜੀ ਤੇ ਅੰਤਿਮ ਕਹਾਣੀ ਮੇਰੀ ਸੀ। ਪ੍ਰਧਾਨਗੀ
ਏਥੇ ਵੀ ਪ੍ਰਿੰਸੀਪਲ ਸੁਜਾਨ ਸਿੰਘ ਦੀ ਸੀ।
ਇਹ ਕਹਾਣੀ ਵੀ ਪੰਜਾਬ ਦੇ ਆਤੰਕ ਨਾਲ ਸੰਬੰਧਤ ਸੀ। ਇਸ ਵਿੱਚ ਦੋ ਹਿੰਦੂ ਪਾਤਰ ਚੰਡੀਗੜ੍ਹ
ਤੋਂ ਅੰਮ੍ਰਿਤਸਰ ਨੂੰ ਜਾ ਰਹੇ ਹਨ। ਉਹਨਾਂ ਨੇ ਬੱਸ ਤੱਕ ਜਲੰਧਰ ਪਹੁੰਚਣਾ ਹੈ ਅਤੇ ਉਥੋਂ
ਆਖ਼ਰੀ ਰੇਲ-ਗੱਡੀ ਲੈ ਕੇ ਅੰਮ੍ਰਿਤਸਰ ਜਾਣਾ ਹੈ। ਹਨੇਰਾ ਹੁੰਦੇ ਸਾਰ ਉਹਨਾਂ ਦੇ ਮਨ ਵਿੱਚ
ਭੈਅ ਉਤਰਨਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੂੰ ਕਿਸੇ ਵੇਲੇ ਵੀ ਬੱਸ ਨੂੰ ਅਗਵਾ ਕਰ ਲਏ ਜਾਣ
ਤੇ ਮਾਰੇ ਜਾਣ ਦਾ ਖ਼ਤਰਾ ਬਣਿਆਂ ਹੋਇਆ ਹੈ। ਪਿੱਛਲ-ਝਾਤ ਰਾਹੀਂ ਕਹਾਣੀ ਉਹਨਾਂ ਦੇ ਭੈਅ ਨੂੰ
ਵੀ ਗੂੜ੍ਹਿਆਂ ਕਰਦੀ ਜਾਂਦੀ ਹੈ ਅਤੇ ਉਹਨਾਂ ਦੇ ਨਿੱਜੀ ਅਨੁਭਵ ਦੇ ਵੇਰਵਿਆਂ ਰਾਹੀਂ ਦੋਵਾਂ
ਭਾਈਚਾਰਿਆਂ ਦੇ ਮੁਹੱਬਤ ਤੇ ਨਫ਼ਰਤ ਦੇ ਤਣਾਓਸ਼ੀਲ ਰਿਸ਼ਤੇ ਦੀਆਂ ਪਿੜੀਆਂ ਵੀ ਉਧੇੜੀ ਜਾ ਰਹੀ
ਹੈ। ਜਲੰਧਰ ਪਹੁੰਚਦੇ ਕਰਦੇ ਉਹਨਾਂ ਦੀ ਆਖ਼ਰੀ ਟਰੇਨ ਵੀ ਨਿਕਲ ਜਾਂਦੀ ਹੈ। ਉਹਨਾਂ ਦਿਨਾਂ
ਵਿੱਚ ਇੱਕ ਨਿਸਚਿਤ ਸਮੇਂ ਤੋਂ ਬਾਅਦ ਅੰਮ੍ਰਿਤਸਰ ਨੂੰ ਟਰੇਨਾਂ ਦਾ ਜਾਣਾ ਬੰਦ ਕਰ ਦਿੱਤਾ
ਗਿਆ ਸੀ। ਉਹਨਾਂ ਦੇ ਬੈਠਿਆਂ ਇੱਕ ਹੋਰ ਟਰੇਨ ਆਉਂਦੀ ਹੈ। ਇਸ ਟਰੇਨ ਨੇ ਸਵਾਰੀਆਂ ਉਤਾਰਨ
ਤੋਂ ਬਾਅਦ ਖਾਲੀ ਹੀ ਅੰਮ੍ਰਿਤਸਰ ਨੂੰ ਜਾਣਾ ਹੈ। ਦੋਵੇਂ ਨੌਜਵਾਨ ਤੇ ਅਧਖੜ ਉਮਰ ਦਾ ਸਰਦਾਰ
ਗਾਰਡ ਦਾ ਤਰਲਾ ਕਰਕੇ ਉਸਦੇ ਡੱਬੇ ਵਿੱਚ ਬੈਠ ਜਾਂਦੇ ਹਨ। ਡੱਬੇ ਵਿੱਚ ਦੋ ਕੁ ਰੇਲਵੇ ਦੇ
ਬੰਦਿਆਂ ਤੋਂ ਇਲਾਵਾ ਦੋ ਸਿੱਖ ਨੌਜਵਾਨ ਵੀ ਬੈਠੇ ਹੋਏ ਹਨ। ਉਹਨਾਂ ਦੀ ਚੁੱਪ ਤੇ ਉਹਨਾਂ
ਨੌਜਵਾਨਾਂ ਪ੍ਰਤੀ ਹਿੰਦੂ ਗਾਰਡ ਦੇ ਨਰਮ ਰਵੱਈਏ ਤੋਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ
ਦੋਵੇਂ ਨੌਜਵਾਨ ਜ਼ਰੂਰ ਅੱਤਵਾਦੀ ਹਨ। ਕਿਸੇ ਵੇਲੇ ਵੀ ਮਾਰੇ ਜਾਣ ਦਾ ਖ਼ਤਰਾ ਉਹਨਾਂ ਦੇ ਸਿਰ
‘ਤੇ ਕੂਕਦਾ ਲੱਗਦਾ ਹੈ। ਅੰਮ੍ਰਿਤਸਰ ਦੇ ਬਾਹਰਵਾਰ ਹੀ ਜਦੋਂ ਗਾਰਡ ਟਰੇਨ ਹੌਲੀ ਹੋਣ ‘ਤੇ
ਖੇਤਾਂ ਵਿੱਚ ਹੀ ਉਹਨਾਂ ਨੂੰ ਉੱਤਰ ਜਾਣ ਦਾ ਸੰਕੇਤ ਦਿੰਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ
ਕਿ ਹੁਣ ਤਾਂ ਉਹ ਨੌਜਵਾਨ ਹਨੇਰੇ ਵਿੱਚ ਉਹਨਾਂ ਦੀ ਜਾਨ ਲੈ ਕੇ ਹੀ ਰਹਿਣਗੇ। ਗੱਡੀ ਤੋਂ
ਉੱਤਰਦਿਆਂ ਹੀ ਉਹਨਾਂ ਸਿੱਖ ਨੌਜਵਾਨਾਂ ਤੋਂ ਬਚਣ ਲਈ ਉਹ ਦੌੜਨ ਹੀ ਵਾਲੇ ਹਨ ਕਿ ਪਿੱਛੋਂ ਆਈ
ਨੌਜਵਾਨ ਦੀ ਆਵਾਜ਼ ਉਹਨਾਂ ਦਾ ਤ੍ਰਾਹ ਕੱਢ ਦਿੰਦੀ ਹੈ। ਡਰ ਨਾਲ ਉਹਨਾਂ ਦੇ ਪੈਰ ਥਾਂ ‘ਤੇ ਹੀ
ਜੰਮ ਗਏ।
“ਤੁਸੀਂ ਤਾਂ ਭੱਜ ਈ ਉੱਠੇ। ਸਾਨੂੰ ਨਾਲ ਈ ਨਹੀਂ ਲਿਆ।” ਵੱਡਾ ਨੌਜਵਾਨ ਕਹਿਣ ਲੱਗਾ, “ਅਸਲ
ਵਿੱਚ ਮੇਰੀ ਚਾਚੀ, ਇਹਦੀ ਛੋਟੇ ਦੀ ਮਦਰ ਦੀ ਡੈੱਥ ਅੱਜ ਸ਼ਮੀਂ ਤਿੰਨ ਕੁ ਵਜੇ ਹੋ ਗਈ ਸੀ।
ਮੈਂ ਇਹਨੂੰ ਲੈਣ ਗਿਆ ਸਾਂ ਜਲੰਧਰੋਂ। ਜਾਂਦਿਆਂ ਆਉਂਦਿਆਂ ਕੁਵੇਲਾ ਹੋ ਗਿਆ। ਗਾਰਡ ਵਿਚਾਰੇ
ਨੂੰ ਬੇਨਤੀ ਕੀਤੀ ਤੇ ਉਹ ਮੰਨ ਗਿਆ। ਅਸਲ ਵਿੱਚ ਗੱਲ ਇਹ ਹੈ ਕਿ ਅਸੀਂ ਦੋਵੇਂ ਡਰਦੇ ਆਂ ਕਿ
ਕਿਤੇ ਸੀ ਆਰ ਪੀ ਜਾਂ ਪੁਲਿਸ ‘ਚੋਂ ਕਿਸੇ ਵੇਖ ਲਿਆ ਤਾਂ ਸਾਨੂੰ ਸ਼ਕਲੋਂ ਸਿੱਖ ਵੇਖ ਕੇ ਗੋਲੀ
ਨਾ ਮਾਰ ਦੇਣ। ਅੱਜ-ਕੱਲ੍ਹ ਬੰਦਾ ਮਾਰਨ ਲੱਗਿਆਂ ਪੁੱਛ-ਗਿੱਛ ਕੌਣ ਕਰਦਾ ਐ ਜੀ। ਤੁਸੀਂ ਨਾਲ
ਹੋਵੋਗੇ ਤਾਂ ਕੋਈ ਮਿਲਿਆ ਵੀ ਤਾਂ ਤੁਹਾਡੇ ਕਰ ਕੇ ਸਾਡਾ ਬਚਾਅ ਹੋ ਜਾਵੇਗਾ।”
ਕਹਾਣੀ ਵਿਚਲੇ ਆਤੰਕ ਨੇ ਸਰੋਤਿਆਂ ਨੂੰ ਜਕੜ ਕੇ ਰੱਖਿਆ ਹੋਇਆ ਸੀ। ਅਗਲੇ ਪਲ ਕੁੱਝ ਵਾਪਰ
ਜਾਣ ਦੀ ਹੋਣੀ ਨੇ ਉਹਨਾਂ ਦੇ ਸਾਹ ਸੂਤੇ ਹੋਏ ਸਨ ਤੇ ਮਨੁੱਖੀ ਰਿਸ਼ਤਿਆਂ ਦੀਆਂ ਮਹੀਨ ਨਫ਼ਰਤੀ
ਤੇ ਮੁਹੱਬਤੀ ਤੰਦਾਂ ਨੇ ਉਹਨਾਂ ਨੂੰ ਆਪਣੇ ਕੱਸ ਵਿੱਚ ਲਿਆ ਹੋਇਆ ਸੀ।
ਕਹਾਣੀ ਮੁਕਾ ਕੇ ਥੱਲੇ ਉੱਤਰਿਆ ਤਾਂ ਲੋਕ ਵਧਾਈਆਂ ਦੇਣ ਲੱਗੇ। ਦੂਜੀ ਕਤਾਰ ਵਿਚੋਂ ਬਲਵੰਤ
ਗਾਰਗੀ ਉੱਠ ਕੇ ਖਲੋ ਗਿਆ ਤੇ ਮੇਰੇ ਨਾਲ ਹੱਥ ਮਿਲਾਉਣ ਲਈ ਅੱਗੇ ਆਇਆ। ਭਾਪਾ ਪ੍ਰੀਤਮ ਸਿੰਘ
ਨੇ ਕਿਹਾ, “ਆਰਸੀ ਵਿੱਚ ਕਹਾਣੀ ਛਪਿਆਂ ਤਾਂ ਬਹੁਤ ਦੇਰ ਹੋ ਗਈ ਹੈ। ਇਹ ਮੈਨੂੰ ਫੜਾ ਛੱਡੋ।”
ਪੂਨਮ ਨੇ ਤਾਰੀਫ਼ ਕਰਦਿਆਂ ‘ਪ੍ਰੀਤ-ਲੜੀ’ ਲਈ ਕਹਾਣੀ ਮੰਗ ਲਈ। ਪਿੱਛੋਂ ਗਗਨ ਗਿੱਲ ਨੇ ਰੁੱਕਾ
ਭੇਜਿਆ ਕਿ ਮੈਂ ਇਸਨੂੰ ਹਿੰਦੀ ਵਿੱਚ ਅਨੁਵਾਦ ਕਰਨਾ ਹੈ। ਦੋ ਕੁ ਹੋਰ ਸੰਪਾਦਕਾਂ ਨੇ ਵੀ
ਮੇਰੇ ‘ਤੇ ਹੱਕ ਜਤਾਇਆ। ਸਭ ਤੋਂ ਵੱਡੀ ਗੱਲ ਸੀ ਕਹਾਣੀ ਦੀ ਚੰਗੀ ਕਵਿਤਾ ਵਾਂਗ ਭਰਪੂਰ ਦਾਦ
ਮਿਲਣਾ। ਇਸਤੋਂ ਬਾਅਦ ਚਾਹ ਦਾ ਸੈਸ਼ਨ ਸੀ। ਮੇਰੀ ਪਿੱਠ ਥਾਪੜਨ ਵਾਲਿਆਂ ਦੀ ਲੜੀ ਨਹੀਂ ਸੀ
ਟੁੱਟ ਰਹੀ। ਇਸ ਪਰਸੰਸਾ ਦਾ ਨਸ਼ਾ ਮੈਨੂੰ ਕਈ ਚਿਰ ਰਿਹਾ।
ਕਹਾਣੀ ਵਿਚਲਾ ਰੇਲ ਦਾ ਸਫ਼ਰ ਮੇਰੇ ਸਕੂਲ ਦੇ ਕਲਰਕ ਅਮਰ ਨਾਥ ਨੇ ਕੀਤਾ ਸੀ ਤੇ ਉਸਨੇ ਹੀ
ਦੱਸਿਆ ਸੀ ਕਿ ਅਸੀਂ ਹਿੰਦੂ ਹੋਣ ਕਰਕੇ ਉਹਨਾਂ ਮੁੰਡਿਆਂ ਤੋਂ ਡਰਦੇ ਸਾਂ ਤੇ ਉਹ ਸਿੱਖ ਹੋਣ
ਕਰਕੇ ਪੁਲਿਸ ਵਾਲਿਆਂ ਵੱਲੋਂ ਮਾਰੇ ਜਾਣ ਤੋਂ ਡਰਦੇ ਸਨ। ਮੈਂ ਇਸ ਖ਼ਿਆਲ ਨੂੰ ਆਧਾਰ ਬਣਾ ਕੇ
ਕਹਾਣੀ ਲਿਖੀ ਕਿ ਪੰਜਾਬ ਦਾ ਭਲਾ ਦੋਵਾਂ ਭਾਈਚਾਰਿਆਂ ਦੇ ਵੱਖਰੇ ਹੋਣ ਵਿੱਚ ਨਹੀਂ। ਵੱਖਰੇ
ਹੋਇਆਂ ਕਿਸੇ ਧਿਰ ਦੀ ਵੀ ਮੌਤ ਪੰਜਾਬੀਅਤ ਦੀ ਮੌਤ ਦਾ ਸੰਕੇਤ ਹੈ। ਦੋਵੇਂ ਧਿਰਾਂ ਇੱਕ ਦੂਜੇ
ਦੇ ਵਿਰੋਧੀ ਨਾ ਹੋ ਕੇ ਇੱਕ ਦੂਜੇ ਦੀਆਂ ਪੂਰਕ ਹਨ। ਇੱਕ ਦੀ ਜਾਨ ਨੂੰ ਦੂਜੇ ਦੀ ਸੁਰੱਖਿਆ
ਦੀ ਲੋੜ ਹੈ। ਪੰਜਾਬ ਦੇ ਜਿਊਂਦੇ ਰਹਿਣ ਲਈ ਇੱਕ ਧਿਰ ਨੂੰ ਦੂਜੀ ਧਿਰ ਦੀ ਸੁਰੱਖਿਆ ਦੀ
ਬੁੱਕਲ ਹਰ ਵੇਲੇ ਲੋੜੀਂਦੀ ਹੈ।
‘ਚੌਥੀ ਕੂਟ’ ਕਹਾਣੀ ਵਿੱਚ ਕਿਉਂਕਿ ਘੱਟ-ਗਿਣਤੀ ਫ਼ਿਰਕੇ ਦੇ ਪਾਤਰਾਂ ਨੂੰ ਮਾਧਿਅਮ ਬਣਾ ਕੇ
ਲਿਖੀ ਗਈ ਸੀ ਤੇ ਉਹਨਾਂ ਨੂੰ ਆਪਣੇ ਖ਼ਤਰਿਆਂ ਤੇ ਫ਼ਿਕਰਾਂ ਨੂੰ ਬਿਆਨ ਕਰਨ ਲਈ ਮੁਕੰਮਲ ਜ਼ਬਾਨ
ਮਿਲੀ ਸੀ, ਇਸ ਲਈ ਇਸਦੀ ਕਿਸੇ ਕਿਸਮ ਦੀ ਆਲੋਚਨਾ ਨਾ ਹੋਈ। ਪਰ ਇਸਤੋਂ ਅਗਲੀ ਕਹਾਣੀ
‘ਪ੍ਰਛਾਵੇਂ’ ਬਾਰੇ ਕੁੱਝ ਹਲਕਿਆਂ ਵੱਲੋਂ ਫਿਰ ਸਵਾਲ ਉਠਾਇਆ ਗਿਆ। ਸੱਚੀ ਗੱਲ ਤਾਂ ਇਹ ਸੀ
ਕਿ ਪੰਜਾਬ ਸੰਕਟ ਨਾਲ ਹਰੇਕ ਬੰਦਾ ਬਹੁਤ ਨੇੜਿਓਂ ਜੁੜਿਆ ਹੋਇਆ ਸੀ ਤੇ ਹਰ ਇੱਕ ਨੇ ਇਸ ਬਾਰੇ
ਆਪਣੀ ਨਿਸਚਿਤ ਰਾਇ ਵੀ ਬਣਾਈ ਹੋਈ ਸੀ। ਉਸ ਸਮੇਂ ਸੰਤੁਲਨ ਵਿੱਚ ਰਹਿਣਾ ਡਾਢਾ ਔਖਾ ਸੀ। ਇਸ
ਲਈ ਹਰੇਕ ਪਾਠਕ ਕਹਣੀ ਦੀ ਆਤਮਾਂ ਨੂੰ ਸਮਝਣ ਦੀ ਥਾਂ ਆਪਣਾ ਉਲਾਰ ਵੀ ਉਸ ਵਿੱਚ ਸ਼ਾਮਲ ਕਰ
ਲੈਂਦਾ ਸੀ।
‘ਪ੍ਰਛਾਵੇਂ’ ਕਹਾਣੀ ਵਿੱਚ ਪੰਜਾਬ ਦੇ ਤਤਕਾਲੀਨ ਦੁਖਾਂਤ ਨੂੰ ਸੰਤਾਲੀ ਦੇ ਦੁਖਾਂਤ ਨਾਲ ਜੋੜ
ਕੇ ਪੇਸ਼ ਕੀਤਾ ਗਿਆ। ਲੁਕਵਾਂ ਸੁਨੇਹਾ ਇਹ ਵੀ ਸੀ ਕਿ ਜਿਵੇਂ ਅਸੀਂ ਹੁਣ ਸੰਤਾਲੀ ਦੇ
ਕਤਲੇ-ਆਮ ਲਈ ਸ਼ਰਮਿੰਦੇ ਹਾਂ; ਕੱਲ੍ਹ ਨੂੰ ਹੁਣ ਵਾਲੇ ਕਤਲੇ-ਆਮ ਲਈ ਸ਼ਰਮਿੰਦਾ ਹੋਵਾਂਗੇ।
ਸਾਨੂੰ ਵਾਰ ਵਾਰ ਅਜਿਹੀਆਂ ਸ਼ਰਮਸਾਰੀਆਂ ਦਾ ਸਾਹਮਣਾ ਕਿਉਂ ਕਰਨਾ ਪਵੇ!
ਗੁਰਦਿਆਲ ਸਿੰਘ ਨਾਵਲਕਾਰ ਤੇ ਟੀ ਆਰ ਵਿਨੋਦ ਉਦੋਂ ਰਿਜਨਲ ਸੈਂਟਰ ਬਠਿੰਡਾ ਵਿੱਚ ਪੜ੍ਹਾਉਂਦੇ
ਸਨ। ਉਹਨਾਂ ਨੇ ਮੈਨੂੰ ਆਪਣੇ ਵਿਦਿਆਰਥੀਆਂ ਨਾਲ ਗੱਲ-ਬਾਤ ਕਰਨ ਲਈ ਸੱਦਿਆ। ਮੇਰੇ ਬੋਲਣ ਤੋਂ
ਬਾਅਦ ਕਿਸੇ ਪ੍ਰੋਫ਼ੈਸਰ ਨੇ ਸਵਾਲ ਕੀਤਾ ਕਿ ਕਹਾਣੀ ਵਿੱਚ ਇੱਕ ਦ੍ਰਿਸ਼ ਵਿੱਚ ਮੈਂ ਹਿੰਦੂਆਂ
ਨੂੰ ਭਰਾ ਕਹਿ ਕੇ ਉਹਨਾਂ ਨੂੰ ਹੌਂਸਲਾ ਦੇਣ ਵਾਲੇ ਖਾੜਕੂਆਂ ਨੂੰ ‘ਚੰਗੇ’ ਵਿਖਾ ਕੇ ਕੀ
ਕਾਤਲ-ਧਿਰ ਦੀ ਹਮਾਇਤ ਤਾਂ ਨਹੀਂ ਕੀਤੀ? ਅਜਿਹਾ ਹੀ ਸਵਾਲ ਮੈਨੂੰ ਹਰਭਜਨ ਹੁੰਦਲ ਨੇ ਵੀ
ਪੱਤਰ ਲਿਖ ਕੇ ਕੀਤਾ ਸੀ। ਮੈਂ ਆਪਣਾ ਦ੍ਰਿਸ਼ਟੀਕੋਨ ਇਸਤਰ੍ਹਾਂ ਪੇਸ਼ ਕੀਤਾ:
‘ਪਰਛਾਵੇਂ’ ਕਹਾਣੀ ਵਿੱਚ ਹਿੰਦੂਆਂ ਨੂੰ ਭਰਾ ਕਹਿ ਕੇ ਉਹਨਾਂ ਨੂੰ ਹੌਂਸਲਾ ਦੇਣ ਵਾਲੇ
ਤਥਾ-ਕਥਿਤ ਲੋਕਾਂ ਦੇ ਇੱਕ ਦ੍ਰਿਸ਼ ਨੂੰ ਤੁਸੀਂ ਜਾਂ ਕੁੱਝ ਪਾਠਕ/ਆਲੋਚਕਾਂ ਵੱਲੋਂ ਵਿਸਥਾਰ
ਨਾਲ ਚਿਤ੍ਰਣ ਕਰ ਕੇ ਮੈਨੂੰ ਕਾਤਿਲ-ਧਿਰ ਦਾ ਹਮਾਇਤੀ ਸਮਝਣਾ ਬੜੀ ਵੱਡੀ ਭੁੱਲ ਹੈ। ਇਹ ਮੇਰੀ
ਰਚਨਾ-ਜੁਗਤ ਅਤੇ ਰਚਨਾ-ਦ੍ਰਿਸ਼ਟੀ ਨੂੰ ਡੂੰਘੇ ਜਾ ਕੇ ਨਾ ਸਮਝਣ ਵਿੱਚੋਂ ਪੈਦਾ ਹੋਇਆ ਭੁਲੇਖਾ
ਹੈ। ਕੋਈ ਪਾਤਰ ਕਿਸੇ ਕਹਾਣੀ ਵਿੱਚ ਜ਼ਿਆਦਾ ਬੋਲਦਾ ਹੈ ਜਾਂ ਜ਼ਿਆਦਾ ਸਮਾਂ ‘ਮੰਚ’ ਉੱਤੇ
ਰਹਿੰਦਾ ਹੈ ਤਾਂ ਇਸਦਾ ਭਾਵ ਇਹ ਨਹੀਂ ਕਿ ਉਹ ਲੇਖਕ ਦਾ ਪ੍ਰਤੀਨਿਧ ਪਾਤਰ ਹੋ ਗਿਆ। ਇਸ
ਪ੍ਰਸੰਗ ਵਿੱਚ ਮੈਂ ਸਿੱਖ ਇਤਿਹਾਸ ਨਾਲ ਜੁੜੇ ਨਾਟਕਾਂ ਦਾ ਹਵਾਲਾ ਦੇਣਾ ਚਾਹੁੰਦਾ ਹਾਂ।
ਸਾਡੀ ਵਿਸ਼ੇਸ਼ ਮਰਿਯਾਦਾ ਅਨੁਸਾਰ ਗੁਰੂ ਸਾਹਿਬਾਨ ਸਟੇਜ ‘ਤੇ ਨਹੀਂ ਦਿਖਾਏ ਜਾਂਦੇ, ਕੇਵਲ
ਉਹਨਾਂ ਦਾ ਜ਼ਿਕਰ ਹੋਰਨਾਂ ਪਾਤਰਾਂ ਰਾਹੀਂ ਆਉਂਦਾ ਹੈ। ਪਰ ਉਹਨਾਂ ਦੀ ਵਿਚਾਰਧਾਰਾ ਉਹਨਾਂ
ਵੱਲੋਂ ਖ਼ੁਦ ਮੰਚ ‘ਤੇ ਗ਼ੈਰ-ਹਾਜ਼ਰ ਰਹਿ ਕੇ ਵੀ ਸਮੁੱਚੀ ਰਚਨਾ ਦੀ ਰੂਹ ਵਿੱਚ ਸਮਾਈ ਹੁੰਦੀ
ਹੈ। ਨਾਂਹ-ਵਾਚਕ ਕਿਰਦਾਰ ਸਗੋਂ ਬਹੁਤਾ ਸਮਾਂ ਦ੍ਰਿਸ਼ ਉੱਤੇ ਰਹਿੰਦੇ ਹਨ ਪਰ ਇਸ ਨਾਲ ਇਹ
ਰਚਨਾ ਦੀ ਹਾਂ-ਮੁਖੀ ਆਤਮਾ ਨਹੀਂ ਬਣ ਜਾਂਦੇ। ਸੋ ਮਸਲਾ ਕਹਾਣੀ ਵਿੱਚ ਜ਼ਿਆਦਾ ਜਾਂ ਘੱਟ ਸਮਾਂ
ਸੀਨ ਉੱਤੇ ਰਹਿਣ ਦਾ ਨਹੀਂ। ਮਸਲਾ ਹੈ ਲੇਖਕ ਦੀ ਰਚਨਾ-ਦ੍ਰਿਸ਼ਟੀ ਨੂੰ ਸਮਝਣ ਦਾ। ਇਸ ਅਨੁਸਾਰ
ਜੇ ਮੇਰੀ ਕਹਾਣੀ ਨੂੰ ਵੇਖੋ ਤਾਂ ਇਸ ਵਿੱਚ ਨਾਂਹ-ਵਾਚਕ ਧਿਰ ਪਹਿਲੇ ਭਾਗ ਵਿੱਚ ਬਲਬੀਰ ਸਿੰਘ
ਦੇ ਰੂਪ ਵਿੱਚ ਮੰਚ ‘ਤੇ ਰਹਿੰਦੀ ਹੈ। ਪਰ ਬਾਅਦ ਦੇ ਸਮਿਆਂ ਵਾਲੀ ਨਾਂਹ-ਵਾਚਕ ਧਿਰ
ਗ਼ੈਰ-ਹਾਜ਼ਰ ਹੋ ਕੇ ਵੀ ਆਪਣੇ ਕੁਕਰਮਾਂ ਸਦਕਾ ਸਦਾ ਹਾਜ਼ਰ ਰਹਿੰਦੀ ਹੈ। ਕਹਾਣੀ ਦਾ ਪ੍ਰਤੀਨਿਧ
ਸੱਚ 1947 ਤੋਂ 1984 ਤੱਕ ਫ਼ੈਲੀ ਫ਼ਿਰਕੂ ਨਫ਼ਰਤ ਦੇ ਵਿਰੁੱਧ ਮਾਨਵੀ ਭਾਈਚਾਰੇ ਦੇ ਹੱਕ ਵਿੱਚ
ਆਵਾਜ਼ ਬੁਲੰਦ ਕਰਨ ਵਾਲਾ ਹੈ। ਸਾਰੀ ਕਹਾਣੀ ਅਜੇਹੀ ਅਮਾਨਵੀ ਹਿੰਸਾ ਦੇ ਵਿਰੁੱਧ ਨਫ਼ਰਤ ਨਾਲ
ਭਰੀ ਪਈ ਹੈ। ਪਾਠਕ ਜੇ ਗਹਿਰਾ ਉੱਤਰ ਕੇ ਪੜ੍ਹੇ ਤਾਂ ਇਸ ਸਵਾਲ ਦਾ ਜਵਾਬ ਲੱਭਣ ਲਈ ਵੀ
ਅਹੁਲਦਾ ਹੈ ਕਿ ਸੰਤਾਲੀ ਵਾਲਾ ਬਲਬੀਰ ਸਿੰਘ ਅਜੇ ਵੀ ਕਿਉਂ ‘ਜਿਊਂਦਾ’ ਹੈ! ਇਸ ‘ਬਲਬੀਰ
ਸਿੰਘ’ ਦੀ ਫ਼ਿਰਕੂ ਨਫ਼ਰਤ, ਅੰਨ੍ਹੀ ਹਿੰਸਾ ਦਾ ਵਿਰੋਧ ਤਾਂ ਕਹਾਣੀ ਦੇ ਆਰ-ਪਾਰ ਫ਼ੈਲਿਆ ਹੋਇਆ
ਹੈ। ਹਿੰਦੂਆਂ ਨੂੰ ‘ਭਰਾ’ ਕਹਿ ਕੇ ਹੌਂਸਲਾ ਦੇਣ ਵਾਲੇ ਭਾਵੇਂ ਕਹਾਣੀ ਦੇ ਮੰਚ ‘ਤੇ ਆਉਂਦੇ
ਵੀ ਹਨ, ਪਰ ਉਹ ਪ੍ਰਤੀਨਿਧ ਧਿਰ ਬਣ ਕੇ ਨਹੀਂ ਉੱਭਰਦੇ; ਉਹ ਤਾਂ ਕਿਸੇ ‘ਅੰਸ਼ਿਕ ਸੱਚ’ ਨੂੰ
ਮੂਰਤੀਮਾਨ ਕਰਦੇ ਹੋ ਸਕਦੇ ਹਨ। ਪ੍ਰਤੀਨਿਧ ਸੱਚ ਤਾਂ ਅੰਨ੍ਹੀ ਦਹਿਸ਼ਤਗਰਦੀ ਅਤੇ ਫ਼ਿਰਕੂ ਨਫ਼ਰਤ
ਦਾ ਪਿਛਲੇ ਪੰਜਾਹ ਸਾਲਾਂ ਤੋਂ ਕਹਾਣੀ ਵਿੱਚ ਫ਼ੈਲਿਆ ਪਸਾਰਾ ਹੈ। ਇਸ ਲਈ ਪਾਠਕਾਂ/ਆਲੋਚਕਾਂ
ਨੂੰ ਇਸ ਪ੍ਰਤੀਨਿਧ ਸੱਚ ਵੱਲ ਵੇਖਣਾ ਚਾਹੀਦਾ ਹੈ। ਜਿਨ੍ਹਾਂ ਨੂੰ ਕੁੱਝ ਪਲਾਂ ਲਈ ਮੰਚ ‘ਤੇ
ਆਏ ‘ਚੰਗੇ ਜਾਪਦੇ’ ਖਾੜਕੂਆਂ ‘ਤੇ ਇਤਰਾਜ਼ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਵੀ
ਸਮੁੱਚੀ ਹਕੀਕਤ ਦਾ ‘ਅੰਸ਼ਿਕ ਸੱਚ ਹੈ’
ਲੇਖਕ ਨੇ ਕੇਵਲ ਪ੍ਰਤੀਨਿਧ ਸੱਚ ਨੂੰ ਹੀ ਨਹੀਂ, ਅੰਸ਼ਿਕ ਸੱਚ ਨੂੰ ਵੀ ਚਿਤ੍ਰਣਾ ਹੁੰਦਾ ਹੈ।
ਇਸ ਅੰਸ਼ਿਕ ਸੱਚ ਵਾਲੇ ਲੋਕ ਵੀ ਮੇਰੇ ਨਿੱਜੀ ਮੁਸ਼ਹਾਦੇ ਦਾ ਹਿੱਸਾ ਨੇ। ਉਹਨਾਂ ਵਿੱਚੋਂ
ਕਿਧਰੇ ਕੋਈ ਵਿਰਲੇ ਜਾਂ ਬਹੁਤ ਵਿਰਲੇ ਕੁੱਝ ਚੰਗੇ ਵੀ ਜਾਪਦੇ ਸਨ ਤਾਂ ਉਹਨਾਂ ਨੂੰ ਵੀ ਕਿਓਂ
ਨਾ ਚਿਤਰਿਆ ਜਾਵੇ? ਮੈਂ ਉਹਨਾਂ ਰਾਹੀੰ ਫ਼ਿਰਕੂ ਜ਼ਹਿਰੀਆਂ ‘ਤੇ ਸਿੱਖੀ ਦੇ ਪ੍ਰਤੀਨਿਧਾਂ ਵਿੱਚ
ਵੀ ਸੂਖ਼ਮ ਜਿਹਾ ਨਿਖੇੜਾ ਕਰਨਾ ਚਾਹਿਆ ਹੈ। ਅੰਸ਼ਿਕ ਤੌਰ ‘ਤੇ ਉਹਨਾਂ ਵਿੱਚ ਵੀ ਚੰਗੇ ਬੰਦੇ
ਸਨ। ਜੇ ਉਹਨਾਂ ਦਾ ਜ਼ਿਕਰ ਵੀ ਆ ਗਿਆ ਤਾਂ ਇਸ ਨਾਲ ਤਸਵੀਰ ਮੁਕੰਮਲ ਹੀ ਹੁੰਦੀ ਹੈ। ਪਰ ਕੁੱਝ
ਪਲਾਂ ਲਈ ਮੰਚ ‘ਤੇ ਆਏ ਇਹ ਲੋਕ ਛੋਟੇ ਹਿੱਸੇ ਦਾ ਸੱਚ ਬਣਨ ਦੇ ਬਾਵਜੂਦ ਸਮੁੱਚੀ ਦਹਿਸ਼ਤਗਰਦ
ਲਹਿਰ ਦੇ ਪ੍ਰਤੀਨਿਧ ਨਹੀਂ ਬਣ ਜਾਂਦੇ। ਉਹਨਾਂ ਨੂੰ ‘ਵਿਸਥਾਰ ਨਾਲ’ ਚਿਤ੍ਰਣ ਦਾ ਭਾਵ ਇਹ
ਹਰਗ਼ਿਜ਼ ਨਹੀਂ ਬਣ ਜਾਂਦਾ ਕਿ ਕਹਾਣੀਕਾਰ ਦਹਿਸ਼ਗਰਦ ਜਾਂ ਫ਼ਿਰਕੂ ਲਹਿਰ ਦਾ ਪ੍ਰਸ਼ੰਸਕ ਬਣ ਗਿਆ।
ਇਸ ਦਾ ਵਿਰੋਧ ਤਾਂ ਸਮੁੱਚੀ ਕਹਾਣੀ ਦੇ ਗਠਨ ਵਿੱਚ ਫ਼ੈਲਿਆ ਹੋਇਆ ਹੈ। ਨਫ਼ਰਤ ਤੇ ਹਿੰਸਾ ਦੇ
ਇਹਨਾਂ ‘ਪ੍ਰਛਾਵਿਆਂ’ ਤੋਂ ਅਸੀਂ ਅੱਧੀ ਸਦੀ ਤੱਕ ਮੁਕਤ ਨਹੀਂ ਹੋ ਸਕੇ! ਕਈ ਤਾਂ ਇਹ ਵੀ
ਕਹਿੰਦੇ ਹਨ ਕਿ ਮੈਂ ਕਹਾਣੀ ਦੇ ਅੰਤ ਉੱਤੇ ‘ਉਹ ਕੌਣ ਸਨ?” ਕਹਿ ਕੇ ਬਾਤ ਮੁਕਾ ਦਿੱਤੀ ਹੈ।
‘ਉਹ ਕੌਣ ਹਨ’ ਇਹਨਾਂ ਦੀ ਹੀ ਤਾਂ ਸਾਰੀ ਕਹਾਣੀ ਵਿੱਚ ਬਾਤ ਪਾਈ ਹੈ। 1947 ਤੋਂ 1984 ਤੱਕ
‘ਜਿਊਂਦੇ’ ਬਲਬੀਰ ਸਿੰਘ ਦੀ ਹੀ ਤਾਂ ਬਾਤ ਹੈ ਇਹ ਕਹਾਣੀ। ਜਦੋਂ ਛੋਟੀ ਬੱਚੀ ਇਹ ਸੁਆਲ ਕਰਦੀ
ਹੈ ਕਿ ਗੋਲੀ ਚਲਾਉਣ ਵਾਲਿਆਂ ਵਿੱਚ ‘ਬਲਬੀਰ ਸਿੰਘ’ ਵੀ ਸੀ? ਤਾਂ ਇਹ ਗੱਲ ਮੁਕਾਉਣਾ ਹੀ
ਨਹੀਂ, ਗੱਲ ਦੱਸਣਾ ਵੀ ਹੈ ਕਿ ਅਸੀਂ ‘ਸਿਆਣੇ’ ਤਾਂ ਏਨੇ ਸਹਿਮ ਗਏ ਸਾਂ ਕਿ ਡਰਦੇ ਕਾਤਲ ਜਾਂ
ਜ਼ਾਲਮ ਨੂੰ ਕਾਤਲ ਜਾਂ ਜ਼ਾਲਮ ਕਹਿ ਵੀ ਨਹੀਂ ਸਾਂ ਸਕਦੇ! ਪਰ ਕਹਾਣੀ ਤਾਂ ਕਾਤਲਾਂ ਨੂੰ ਕਾਤਲ
ਅਤੇ ਜ਼ਾਲਮਾਂ ਨੂੰ ਜ਼ਾਲਮ ਕਹਿੰਦੀ ਹੈ।
ਹਿੰਦੂਆਂ ਨੂੰ ‘ਭਰਾ’ ਕਹਿ ਕੇ ਟਿਕੇ ਰਹਿਣ ਅਤੇ ਦੁਕਾਨਾਂ ਖੋਲ੍ਹ ਕੇ ਰੱਖਣ ਲਈ ਕਹਿਣ ਵਾਲੇ
ਖਾੜਕੂਆਂ ਨੂੰ ਮੈਂ ਆਪ ਆਪਣੇ ਪਿੰਡ ਦੇ ਬਾਜ਼ਾਰ ਵਿੱਚ ਵੇਖਿਆ। ਜਿਵੇਂ ਕਹਾਣੀ ਵਿੱਚ ਹੈ,
ਇਵੇਂ ਹੀ ਵਾਪਰਿਆ। ਰੋਜ਼ ਹੀ ਮਾਸੂਮਾਂ ਦਾ ਕਤਲ ਕਰਨ ਵਾਲੀ ਤੇ ਸਟੇਨਾਂ ਦੇ ਜ਼ੋਰ ਨਾਲ ਪੈਸੇ
ਖੋਹਣ ਵਾਲੀ ਧਿਰ ਵਿੱਚ ‘ਇਹੋ ਜਿਹੇ ਬੰਦੇ ਵੀ ਸਨ!’ ਭਾਵੇਂ ਉਹ ਇਲਾਕੇ ਦੇ ਮੁੰਡੇ ਸਨ ਅਤੇ
ਇਲਾਕੇ ਦੀ ਉਸ ਸਾਂਝ ਵਿੱਚੋਂ ਹੀ ਸ਼ਾਇਦ ਉਹ ਇਸਤਰ੍ਹਾਂ ਦੀ ‘ਛੋਟ’ ਦੇ ਰਹੇ ਹੋਣ। ਹੋ ਸਕਦਾ
ਹੈ ਕਿਸੇ ਦੂਜੇ ਇਲਾਕੇ ਵਿੱਚ ਉਹ ਵੀ ਦੂਜਿਆਂ ਵਾਂਗ ਹੀ ਮਾਰ-ਧਾੜ ਕਰਦੇ ਹੋਣ। ਕਰਦੇ ਹੀ
ਹੋਣਗੇ, ਨਹੀਂ ਤਾਂ ਕੱਪੜਿਆਂ ਲਈ ਅਤੇ ਚਾਹ-ਜਲੇਬੀਆਂ ਲਈ ਦਿੱਤੇ ਪੈਸੇ ਕਿਹੜੇ ਬੈਂਕ ‘ਚੋਂ
ਕਢਵਾਏ ਸਨ ਉਹਨਾਂ ਨੇ! ਪਰ ਉਹਨਾਂ ਦੇ ਵਿਹਾਰ ਵਿੱਚੋਂ ਮੈਨੂੰ ਅੰਸ਼ਿਕ ਤੌਰ ‘ਤੇ ਪ੍ਰੰਪਰਿਕ
ਸਿੱਖੀ ਦੀ ਝਲਕ ਮਿਲੀ। ਮੈਂ ਕਹਾਣੀ ਲਿਖਦਿਆਂ ਸੋਚਿਆ ਇਹਨਾਂ ਲੋਕਾਂ ਨੂੰ ਵੀ ਕਿਓਂ ਨਾ ਪੇਸ਼
ਕਰਾਂ? ਉਹਨਾਂ ਨੂੰ ਪੇਸ਼ ਕਰਨਾ ਉਹਨਾਂ ਦੀ ਹੀ ਬਹੁਤ ਵੱਡੀ ਬੇਕਿਰਕ, ਅਨਪੜ੍ਹ ਅਤੇ ਜ਼ਾਲਮ ਧਿਰ
ਦੇ ਮੂੰਹ ‘ਤੇ ਚਪੇੜ ਮਾਰਨਾ ਸੀ ਅਤੇ ਕਲਾਮਤਕ ਅੰਦਾਜ਼ ਵਿੱਚ ਦੱਸਣਾ ਸੀ ਕਿ ਕਹਾਣੀ ਦੇ
ਆਰ-ਪਾਰ ਫ਼ੈਲੇ ਉਹ ਫ਼ਿਰਕੂ ਅਤੇ ਹਿੰਸਕ ਲੋਕ ਸਿੱਖੀ ਦੇ ਪ੍ਰਤੀਨਿਧ ਕਿਵੇਂ ਹੋ ਸਕਦੇ ਹਨ
ਜਿਨ੍ਹਾਂ ਦਾ ਨਾਮ ਸੁਣਦਿਆਂ ਹੀ ਲੋਕਾਂ ਦੇ ਸਾਹ ਸੂਤੇ ਜਾਂਦੇ ਹਨ!
ਜਦੋਂ ਇਹ ਕਹਾਣੀ ਲਿਖ ਲਈ ਤਾਂ ਪੜ੍ਹ ਕੇ ਮੈਨੂੰ ਵੀ ਖ਼ਿਆਲ ਆਇਆ ਕਿ ਮੇਰੀ ਰਚਨਾ-ਦ੍ਰਿਸ਼ਟੀ
ਅਤੇ ਰਚਨਾ-ਜੁਗਤ ਨੂੰ ਡੂੰਘਾਈ ਨਾਲ ਨਾ ਸਮਝਣ ਵਾਲੇ ਲੋਕ ਇਹ ਸਮਝ ਲੈਣਗੇ ਕਿ ਮੈਂ ਇੰਜ
ਖਾੜਕੂਆਂ ਦੀ ਵਕਾਲਤ ਕਰਨ ਲੱਗ ਪਿਆਂ। ਇਸੇ ਆਲੋਚਨਾਤਮਕ ਭੈਅ ਵਿੱਚੋਂ ਮੈਂ ਕਹਾਣੀ ਦੇ ਇਸ
ਭਾਗ ਨੂੰ ਕੱਟ ਦੇਣ ਦਾ ਨਿਰਣਾ ਕਰ ਲਿਆ ਤਾਂ ਮੇਰੀ ਪਤਨੀ ਨੇ ਕਿਹਾ ਕਿ ਮੈਨੂੰ ਅਜੇਹਾ ਨਹੀਂ
ਕਰਨਾ ਚਾਹੀਦਾ। ਇਸ ਨੂੰ ਕੱਟਣਾ ਹਕੀਕਤ ਬਿਆਨੀ ਤੋਂ ਮੂੰਹ ਮੋੜਨਾ ਹੈ। ਸੱਚ ਨੂੰ ਵੇਖ ਕੇ ਤੇ
ਜਾਣ ਬੁੱਝ ਕੇ ਉਸ ਤੋਂ ਅੱਖ ਮੋੜਨੀ ਲੇਖਕ ਦੀ ਸੁਹਰਿਦਤਾ ਨਹੀਂ। ਉਸਦੇ ਕਹਿਣ ‘ਤੇ ਇਹ ਭਾਗ
ਕਹਾਣੀ ਵਿੱਚ ਜਿਓਂ ਦਾ ਤਿਓਂ ਰਹਿਣ ਦਿੱਤਾ। ਮੇਰੇ ਅੰਦਰਲੇ ਅਤੇ ਬਾਹਰਲੇ ਦਬਾਓ ਨੇ ਮੈਨੂੰ
ਲਗਭਗ ਗ਼ਲਤ ਫ਼ੈਸਲਾ ਲੈਣ ਲਈ ਮਜਬੂਰ ਕਰ ਹੀ ਦਿੱਤਾ ਸੀ। ਪਰ ਮੇਰੀ ਪਤਨੀ ਨੇ ਮੈਨੂੰ ਵਰਜ
ਦਿੱਤਾ। ਹੁਣ ਮੈਂ ਸਮਝਦਾਂ ਕਿ ਉਸਦੀ ਗੱਲ ਮੰਨ ਕੇ ਮੈਂ ਠੀਕ ਹੀ ਕੀਤਾ। ਮੈਂ ਸੰਤੁਲਨ ਬਣਾ
ਲਿਆ। ਜੇ ਉਹ ਭਾਗ ਕੱਟ ਦੇਂਦਾ ਤਾਂ ਮੈਂ ਵੀ ਵਕਤੀ ਦਬਾਓ ਅਧੀਨ ਅਸੰਤੁਲਿਤ ਤੇ ਉਲਾਰ ਹੋ
ਜਾਂਦਾ।
ਸ਼ਾਇਦ ਮੇਰੇ ਏਸੇ ਸਪਸ਼ਟੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਹੀ ਜਦੋਂ ਗੁਰਦਿਆਲ ਸਿੰਘ ਨੇ ਪੰਜਾਬ
ਯੂਨੀਵਰਸਿਟੀ ਦੇ ਬੀ ਏ ਦੇ ਕੋਰਸ ਲਈ ਪੰਜਾਬੀ ਕਹਾਣੀਆਂ ਦਾ ਸੰਗ੍ਰਹਿ ਤਿਆਰ ਕੀਤਾ ਤਾਂ ਉਸਨੇ
ਉਸ ਵਿੱਚ ਸ਼ਾਮਲ ਕਰਨ ਲਈ ‘ਪ੍ਰਛਾਵੇਂ’ ਕਹਾਣੀ ਨੂੰ ਹੀ ਚੁਣਿਆਂ। ‘ਚੌਥੀ ਕੂਟ’ ਵੀ ਦਲੀਪ ਕੌਰ
ਟਿਵਾਣਾ ਦੀ ਸੰਪਾਦਨਾ ਹੇਠ ਏਸੇ ਯੂਨੀਵਰਸਿਟੀ ਦੇ ਪਾਠ-ਕ੍ਰਮ ਵਿੱਚ ਸ਼ਾਮਲ ਕੀਤੀ ਗਈ ਸੀ।
‘ਪ੍ਰਛਾਵੇਂ’ ਤੇ ‘ਮੈਂ ਹੁਣ ਠੀਕ ਠਾਕ ਹਾਂ’ ਕਹਾਣੀਆਂ ਮੈਂ ਜਲੰਧਰ ਆਣ ਕੇ ਲਿਖੀਆਂ।
‘ਮੈਂ ਹੁਣ ਠੀਕ ਠਾਕ ਹਾਂ’ ਲਿਖਣ ਦਾ ਸਬੱਬ ਕੁੱਝ ਇਸਤਰ੍ਹਾਂ ਬਣਿਆਂ।
ਜਲੰਧਰੋਂ ਆਪਣੇ ਪਿੰਡ ਖੇਤਾਂ ਵਿੱਚ ਬੀਬੀ ਹੁਰਾਂ ਨੂੰ ਮਿਲਣ ਗਿਆ ਤਾਂ ਮੈਨੂੰ ਰਾਖੀ ਲਈ
ਰੱਖੇ ਦੋ ਲੰਡੇ ਕੁੱਤੇ ਇਸ ਵਾਰ ਕਿਧਰੇ ਦਿਖਾਈ ਨਾ ਦਿੱਤੇ। ਪਹਿਲਾਂ ਤਾਂ ਉਹ ਮੈਨੂੰ ਆਇਆ
ਵੇਖ ਕੇ ਅੱਗੇ ਪਿੱਛੇ ਭੌਂਦੇ ਰਹਿੰਦੇ ਸਨ। ਮੇਰੇ ਪੁੱਛਣ ਤੇ ਬੀਬੀ ਨੇ ਦੱਸਿਆ, “ਪਿੱਛੇ
ਜਿਹੇ ਭਾਊ ਸੁਨੇਹਾ ਦੇ ਗਏ ਸੀ ਕਿ ਬਹਿਕਾਂ ‘ਤੇ ਬਾਹਰ ਬਲਬ ਨਾ ਜਗਾਓ ਤੇ ਆਪਣੇ ਕੁੱਤੇ ਮਾਰ
ਦਿਓ। ਕੁੱਤਿਆਂ ਦੇ ਭੌਂਕਣ ਨਾਲ ਉਹਨਾਂ ਦੇ ਆਉਣ ਦੀ ਸੂਹ ਲੱਗ ਜਾਂਦੀ ਹੈ।”
ਏਨੀ ਕਹਿ ਕੇ ਉਹ ਚੁੱਪ ਕਰ ਗਈ।
“ਕੁੱਤੇ ਮਾਰ ‘ਤੇ ਫਿਰ ਤੁਸਾਂ?” ਮੈਂ ਸੁਰਿੰਦਰ ਵੱਲ ਮੂੰਹ ਕੀਤਾ।
ਉਹ ਝੂਠਾ ਜਿਹਾ ਹਾਸਾ ਹੱਸਿਆ, “ਕੀ ਕਰਦੇ! ਸਾਡਾ ਤਾਂ ਮਾਰਨ ਨੂੰ ਜੀ ਨਹੀਂ ਸੀ ਕਰਦਾ।
ਹੱਥੀਂ ਪਾਲੇ ਸੀ। ਪਰ ਜਦੋਂ ਅਗਲੀ ਵਾਰ ਉਹ ਘਰੇ ਹੀ ਆ ਧਮਕੇ ਤਾਂ ਮੈਂ ਆਖਿਆ, ‘ਦਵਾਈ ਨਹੀਂ
ਸੀ ਲੱਭੀ। ਤੁਸੀਂ ਹੀ ਕੈਪਸੂਲ ਦੇ ਦਿਓ। ਉਹਨਾਂ ਦੋ ਕੈਪਸੂਲ ਦਿੱਤੇ। ਮੈਂ ਦਹੀਂ ‘ਚ ਰਲਾ ਕੇ
ਪਾ ‘ਤੇ। ਪਲ ‘ਚ ਫੁੜਕ ਗਏ ਵਿਚਾਰੇ!”
ਉਹ ਫਿਰ ਸ਼ਰਮਿੰਦਿਆਂ ਦੇ ਤਾਣ ਰੋਂਦਾ ਜਿਹਾ ਹਾਸਾ ਹੱਸਿਆ ਤਾਂ ਮੇਰੇ ਅੰਦਰ ਝਰਨਾਹਟ ਫਿਰ ਗਈ।
“ਪੁੱਤ, ਕੀ ਕਰਦੇ ਫੇਰ? ਮਨ ਅਵਾਜਾਰ ਤਾਂ ਬੜਾ ਹੋਇਆ। ਔਂਤਰੇ ਟੱਬਰ ਦਾ ਜੀਅ ਸਨ। ਪਰ ਆਪਣੀ
ਜਾਨ ਵੀ ਤਾਂ ਚਾਹੀਦੀ ਸੀ। ਉਹਨਾਂ ਮੁੰਡਿਆਂ ‘ਚ ਇੱਕ ਛੂਹਕਾ ਜਿਹਾ, ਮਸਾਂ ਛਟਾਂਕੀ ਕੁ
ਜਿੱਡਾ ਹੋਊ, ਉਹੋ ਹੀ ਨਹੀਂ ਸੀ ਮਾਣ। ਚਪੇੜ ਦੀ ਮਾਰ ਨਹੀਂ ਹੋਣਾ। ਚਾਂਭਲਿਆ ਹੋਇਆ ਸਟੇਨ
ਚੁੱਕ ਚੁੱਕ ਵਖਾਵੇ। ਅਖੇ: ਤੁਸੀਂ ਹੁਕਮ ਕਿਉਂ ਨਹੀਂ ਮੰਨਿਆਂ?” ਬੀਬੀ ਦਾ ਮਨ ਭਰਿਆ ਹੋਇਆ
ਸੀ।
ਮੈਨੂੰ ਆਪਣੀ ਜਵਾਨੀ ਦੇ ਦਿਨਾਂ ਵਿੱਚ ਬੜੇ ਚਾਅ ਨਾਲ ਪਾਲਿਆ ਕੁੱਤਾ ਟੌਮੀ ਯਾਦ ਆਇਆ। ਉਹ
ਬਿਲਕੁਲ ਇਸ ਕਹਾਣੀ ਵਿਚਲੇ ਟੌਮੀ ਵਰਗਾ ਸੀ। ਉਸਨੂੰ ਕਿਸੇ ਮਰਜ਼ ਤੋਂ ਬਚਾਅ ਲਈ ਲਵਾਇਆ ਟੀਕਾ
ਖ਼ਰਾਬ ਹੋ ਗਿਆ ਸੀ ਤੇ ਫਿਰ ਜ਼ਖਮ ਰਾਜ਼ੀ ਹੋਣ ਵਿੱਚ ਹੀ ਨਾ ਆਇਆ। ਇੱਕ ਸਵੇਰੇ ਜਦੋਂ ਕਹਾਣੀ
ਵਿਚਲੀ ‘ਮਾਂ’ ਵਾਂਗ ਹੀ ਬੀਬੀ ਨੇ ਮੈਨੂੰ ਜਗਾ ਕੇ ਕੇ ‘ਟੌਮੀ’ ਦੇ ਮਰ ਜਾਣ ਦੀ ਖ਼ਬਰ ਸੁਣਾਈ
ਤਾਂ ਉਸਦੀ ਮੁਰਦਾ ਦੇਹ ਕੋਲ ਬੈਠਣ ਲੱਗਿਆਂ ਮੇਰਾ ਅੰਦਰ ਟੁੱਟ ਗਿਆ। ਫੁੱਟ ਫੁੱਟ ਕੇ ਮੇਰਾ
ਰੋਣ ਨਿਕਲ ਗਿਆ।
ਹੁਣ ਵੀ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਕੁੱਤਿਆਂ ਨੂੰ ਮਾਰਨ ਲਈ ਪਰਿਵਾਰ ਨੁੰ ਕਿਹੋ ਜਿਹੀ
ਮਾਨਸਿਕ ਪੀੜਾ ਵਿਚੋਂ ਗੁਜ਼ਰਨਾ ਪਿਆ ਹੋਵੇਗਾ! ਕੀ ਕੁੱਤੇ ਮਾਰਨੋਂ ਇਨਕਾਰੀ ਹੋ ਕੇ ਮੈਂ ਖ਼ੁਦ
‘ਉਹਨਾਂ’ ਦੀ ਨਰਾਜ਼ਗੀ ਸਹੇੜ ਸਕਦਾ ਸਾਂ! ਆਪਣੇ ਆਪ ਨੂੰ ਘਰਦਿਆਂ ਦੀ ਥਾਂ ਰੱਖ ਕੇ ਵੇਖਿਆ
ਤਾਂ ਜਾਪਿਆ ਕਿ ਸਦਾ ਸਵੈ-ਮਾਣ ਨਾਲ ਭਰਿਆ ਮੇਰਾ ਅੰਦਰਲਾ ਉਸ ‘ਛਟਾਂਕ’ ਕੁ ਮੁੰਡੇ ਦੀ ਸਟੇਨ
ਅੱਗੇ ਮਿੱਟੀ ਹੋ ਗਿਆ ਸੀੇ! ਮੇਰੀ ਅਣਖ਼ ਮੈਨੂੰ ਗਰਕ ਗਈ ਜਾਪੀ। ਤਰਨਤਾਰਨ ਦੀ ਪਰਿਕਰਮਾ ਵਿੱਚ
ਵੰਗਾਰ ਕੇ ਆਪਣੀ ਬਾਂਹ ਨੀਵੀਂ ਕਰਨ ਦਾ ਲਲਕਾਰਾ ਮਾਰਨ ਵਾਲੇ ਹੰਕਾਰੇ ਜੱਟ ਦੀ ਬਾਂਹ ਮੇਰੇ
ਦਾਦੇ ਵੱਲੋਂ ਭੰਨੇ ਜਾਣ ਦੀ ਕਹਾਣੀ ਮੈਨੂੰ ਸ਼ਰਮਿੰਦਾ ਕਰਨ ਲੱਗੀ। ਮੈਨੂੰ ਲੱਗਾ; ਮੇਰੀਆਂ
ਆਪਣੀਆਂ ਬਾਹਵਾਂ ਟੁੰਡੀਆਂ ਹੋ ਗਈਆਂ ਸਨ! ਮੇਰਾ ਮਨ ਰੋਸ ਨਾਲ ਭਰ ਗਿਆ। ਮੈਂ ਕਿਉਂ ਨਹੀਂ
ਸਾਂ ਕੁੱਝ ਕਰਨ ਜੋਗਾ ਰਹਿ ਗਿਆ? ਕਿੱਥੇ ਸੀ ਉਹ ਬਹਾਦਰੀ ਤੇ ਜਵਾਂ-ਮਰਦੀ ਦੀਆਂ ਟਾਹਰਾਂ
ਮਾਰਨ ਵਾਲਾ ਪੰਜਾਬ, ਜਿਹੜਾ ਕਹਿੰਦੇ ਸਨ, ਕਿਸੇ ਦੀ ਟੈਂਅ ਨਹੀਂ ਸੀ ਮੰਨਦਾ!
ਫਿਰ ਮੈਨੂੰ ਖ਼ਿਆਲ ਆਇਆ ਕਿ ਮੈਂ ਏਥੇ ਕੁੱਤਿਆਂ ਦੇ ਮਰਨ ਨੂੰ ਲੈ ਕੇ ਦੁਖੀ ਹੋ ਰਿਹਾਂ, ਪਰ
ਏਥੇ ਤਾਂ ਹਰ ਰੋਜ਼ ਪਤਾ ਨਹੀਂ ਕਿੰਨੇ ਲੋਕ ਕੁੱਤਿਆਂ ਵਾਂਗ ਮਾਰੇ ਜਾ ਰਹੇ ਹਨ! ਬੰਦਿਆਂ ਨੂੰ
ਕੁੱਤਿਆਂ ਵਾਂਗ ਮਾਰੇ ਜਾਣ ਦੀਆਂ ਖ਼ਬਰਾਂ ਅਸੀਂ ਬੜੇ ਸਹਿਜ ਹੋ ਕੇ ਪੜ੍ਹਨ ਗਿੱਝ ਗਏ ਸਾਂ!
ਸਾਡੀ ਸੰਵੇਦਨਾ ਸੁੰਨ ਹੋ ਗਈ ਸੀ। ਸਾਡੇ ਅੰਦਰ ਦਰਦ ਦਾ ਅਹਿਸਾਸ ਮਰ ਗਿਆ ਸੀ। ਇਹ ਅਹਿਸਾਸ
ਉਸ ਦਿਨ ਹੀ ਸਾਨੂੰ ਘੜੀ ਪਲ ਲਈ ਚੌਕਾਉਂਦਾ ਸੀ ਜਿਸ ਦਿਨ ਮਰਨ ਵਾਲਿਆਂ ਦੀ ਗਿਣਤੀ ਰੋਜ਼ਾਨਾ
ਦੀਆਂ ਔਸਤ ਮੌਤਾਂ ਨਾਲੋਂ ਤਿਗਣੀ-ਚੌਗੁਣੀ ਜਾਂ ਉਸਤੋਂ ਵੀ ਵਧੇਰੇ ਹੋਵੇ!
ਅਚਨਚੇਤ ਮੈਂ ਨਿਰਣਾ ਲਿਆ ਕਿ ਅੱਜ ਜਦੋਂ ਬੰਦਿਆਂ ਨੂੰ ਕੁੱਤਿਆਂ ਵਾਂਗ ਮਰਦੇ ਵੇਖ ਕੇ
ਸਾਡੀਆਂ ਅੱਖਾਂ ਦਾ ਪਾਣੀ ਸੁੱਕ ਗਿਆ ਜਾਪਦਾ ਹੈ, ਮੈਂ ਅਜਿਹੀ ਕਹਾਣੀ ਲਿਖਾਂਗਾ ਕਿ ਕੁੱਤੇ
ਦੇ ਮਰਨ ‘ਤੇ ਵੀ ਪੜ੍ਹਨ ਵਾਲਿਆਂ ਦੀਆਂ ਅੱਖਾਂ ਵਿਚੋਂ ਅੱਥਰੂ ਕਿਰਨ ਲੱਗਣ!
ਤੇ ਇਹ ਕਹਾਣੀ ਲਿਖੀ ਗਈ। ਕੁੱਤੇ ਮਾਰਨ ਦੀ ਘਟਨਾ ਨੂੰ ਮੈਂ ਸਮੁੱਚੇ ਪੰਜਾਬ-ਸੰਕਟ ਨਾਲ ਜੋੜ
ਕੇ ਜਦੋਂ ਇਹ ਕਹਾਣੀ ਲਿਖੀ ਤਾਂ ਇਸਦੇ ਛਪਣ ‘ਤੇ ਅਜਿਹਾ ਉਤਸ਼ਾਹੀ ਪ੍ਰਤੀਕਰਮ ਹੋਇਆ ਜਿਸਦੀ
ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਗੁਰਦਿਆਲ ਸਿੰਘ ਨੇ ਪਰਸੰਸਾ ਭਰੀ ਲੰਮੀ ਚਿੱਠੀ ਲਿਖਦਿਆਂ
ਕਿਹਾ ਕਿ ਕਹਾਣੀ ਵਿੱਚ ਜਿੱਥੇ ਕੁੱਤੇ ਨੂੰ ਮਾਰਿਆ ਜਾਂਦਾ ਹੈ ਓਥੇ ਮੇਰਾ ਮਨ ਭਰ ਆਇਆ ਸੀ।
ਸੁਰਜੀਤ ਪਾਤਰ ਨੇ ਇਸਦੀ ਵਡਿਆਈ ਕਰਦਿਆਂ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਇਸ ਕਹਾਣੀ ਤੋਂ
ਪੰਜਾਬ ਸੰਕਟ ਬਾਰੇ ਲਿਖੀ ਸਾਰੀ ਕਵਿਤਾ ਵਾਰੀ ਜਾ ਸਕਦੀ ਹੈ। ਕਨੇਡਾ ਦੇ ਇੱਕ ਸਾਹਿਤਕ ਸਮਾਗਮ
ਵਿੱਚ ਕਹਾਣੀਕਾਰ ਅਮਨਪਾਲ ਸਾਰਾ ਨੇ ਕਿਹਾ ਕਿ ਉਹ ਕਹਾਣੀ ਪੜ੍ਹਦਿਆਂ ਤਿੰਨ ਵਾਰ ਰੋਇਆ।
‘ਸਿਰਜਣਾ’ ਵਿੱਚ ਛਪੀ ਇਸ ਕਹਾਣੀ ਦੀਆਂ ਪਰਚਾ ਨਾ ਮਿਲ ਸਕਣ ਦੀ ਸੂਰਤ ਵਿੱਚ ਕਹਾਣੀ ਦੇ
ਪ੍ਰਸੰਸਕਾਂ ਨੇ ਫੋਟੋ ਕਾਪੀਆਂ ਕਰਵਾ ਕਰਵਾ ਕੇ ਵੰਡੀਆਂ। ਫੋਟੋ ਕਾਪੀਆਂ ਕਰਕੇ ਵੰਡਣ ਵਾਲਿਆਂ
ਵਿੱਚ ਕਹਾਣੀਕਾਰ ਗੁਰਪਾਲ ਲਿਟ ਦੇ ਨੌਜਵਾਨ ਪੁੱਤਰ ਤੋਂ ਲੈ ਕੇ ਯੂਨੀਵਰਸਿਟੀ ਦੇ
ਪ੍ਰੋਫ਼ੈਸਰਾਂ ਤੱਕ ਪਾਠਕ ਸ਼ਾਮਲ ਸਨ। ‘ਸਿਰਜਣਾ’ ਵਿੱਚ ਇਸ ਬਾਰੇ ਆਰਟੀਕਲ ਤੇ ਅਨੇਕਾਂ ਪਰਸੰਸਾ
ਪੱਤਰ ਛਪੇ।
ਏਨੀ ਵਿਆਪਕ ਪਰਸੰਸਾ ਮਿਲਣ ਦੇ ਬਾਵਜੂਦ ਕਿਸੇ ਸੱਜਣ ਨੇ ਆਪਣੇ ਬਿਆਨ ਵਿੱਚ ਆਪਣਾ ਅੰਦਰਲਾ
ਉਲਾਰ ਜੋੜਦਿਆਂ ਕਿਹਾ ਕਿ ਪਹਿਲੀ ਵਾਰ ਤਾਂ ਟੌਮੀ ਸਟੇਨਾਂ ਵਾਲਿਆਂ ਦੇ ਗਲ ਨਹੀਂ ਪਿਆ
(ਕਿਉਂਕਿ ਉਸਨੂੰ ਘਰ ਦੇ ਮਾਲਕਾਂ ਨੇ ਅਗਲਿਆਂ ਤੋ ਡਰ ਕੇ ਸੰਗਲੀ ਪਾ ਕੇ ਬੰਨ੍ਹ ਦਿੱਤਾ ਸੀ)
ਪਰ ਜਦੋਂ ਪੁਲਿਸ ਆਉਂਦੀ ਹੈ ਤਾਂ ਉਹ ਉਹਨਾਂ ਨੂੰ ਭੌਂਕਦਾ, ਵੱਢਦਾ ਤੇ ਉਹਨਾਂ ਦੀ ਵਰਦੀ
ਪਾੜਨ ਨੂੰ ਆਉਂਦਾ ਹੈ! ਉਸਨੇ ਇਸ ਗੱਲ ਵਿਚੋਂ ਵੀ ਮੇਰੀ ‘ਅੱਤਿਵਾਦੀਆਂ’ ਪ੍ਰਤੀ ‘ਹਮਦਰਦੀ’
ਪੜ੍ਹ ਲਈ ਸੀ!
ਮੇਰੇ ਸਮਕਾਲੀ ਕਹਾਣੀਕਾਰਾਂ ਵਿਚੋਂ ਕਿਸੇ ਕਿਸੇ ਨੇ ਅਜਿਹੀ ਗੱਲ ਵੀ ਕੀਤੀ ਕਿ ਤਤਕਾਲੀ
ਲਹਿਰਾਂ ਨਾਲ ਜੁੜੇ ਸਾਹਿਤ ਦੀ ਉਮਰ ਬਹੁਤੀ ਨਹੀਂ ਹੁੰਦੀ ਕਿਉਂਕਿ ਅਜਿਹੇ ਸਮੇਂ ਕਥਾਕਾਰ ਲਈ
‘ਸਾਹਿਤਕ ਵਿੱਥ’ ਸਥਾਪਤ ਕਰਨੀ ਔਖੀ ਹੁੰਦੀ ਹੈ। ਲਹਿਰ ਦੇ ਮਰਨ ਨਾਲ ਅਜਿਹਾ ਸਾਹਿਤ ਵੀ ਮਰ
ਜਾਂਦਾ ਹੈ। ਕੁੱਝ ਇੱਕ ਦੀ ਤਾਂ ਇਹ ਵੀ ਰਾਇ ਸੀ ਕਿ ਪੰਜਾਬ ਦਾ ਮਸਲਾ ਭਖ਼ਦਾ ਹੋਣ ਕਰਕੇ ਮੈਂ
ਅਜਿਹੀਆਂ ਕਹਾਣੀਆਂ ਕੇਵਲ ਚਰਚਾ ਵਿੱਚ ਰਹਿਣ ਲਈ ਲਿਖ ਰਿਹਾ ਸਾਂ।
ਪਰ ਮੈਂ ਇਸ ਕਰਕੇ ‘ਪੰਜਾਬ ਸੰਕਟ’ ਨੂੰ ਕਹਾਣੀਆਂ ਦਾ ਵਿਸ਼ਾ ਨਹੀਂ ਸੀ ਬਣਾਇਆ ਕਿ ਅਜਿਹਾ
ਕਰਕੇ ਚਰਚਾ ਵਿੱਚ ਰਹਿਣਾ ਚਾਹੁੰਦਾ ਸਾਂ। ਉਸ ਸਮੇਂ ਦਾ ਖ਼ੌਫ਼ ਤੇ ਦਹਿਸ਼ਤ ਹੀ ਅਜਿਹੀ ਸੀ ਜੋ
ਲਗਭਗ ਡੇਢ ਦਹਾਕਾ ਸਾਡੇ ਮਨਾਂ ‘ਤੇ ਛਾਈ ਰਹੀ। ਕੋਈ ਇੱਕ ਪਲ ਵੀ ਅਜਿਹਾ ਨਹੀਂ ਸੀ ਹੁੰਦਾ
ਜਦੋਂ ਕਿਸੇ ਪੰਜਾਬੀ ਦਾ ਮਨ ਇਸ ਖ਼ੌਫ਼ ਦੇ ਭਾਰ ਤੋਂ ਮੁਕਤ ਹੋਇਆ ਹੋਵੇ। ਇਹ ਕੁੱਝ ਕੁ ਦਿਨਾਂ
ਦਾ ਤਰਦਾ ਤਰਦਾ ਮਸਲਾ ਨਹੀਂ ਸੀ ਸਗੋਂ ਸਾਡੀਆਂ ਰੂਹਾਂ ‘ਚ ਉੱਤਰ ਗਿਆ ਅਜਿਹਾ ਪਾਲਾ ਸੀ ਜੋ
ਸਾਨੂੰ ਹਰ ਪਲ ਦੰਦੋੜਿੱਕਾ ਛੇੜੀ ਰੱਖਦਾ ਸੀ। ਅਜਿਹੇ ਮਸਲੇ ‘ਤੇ ਨਿਰੇ ਸ਼ੌਕ ਜਾਂ ਚਰਚਾ ਨੂੰ
ਮੁੱਖ ਰੱਖ ਕੇ ਨਹੀਂ ਸੀ ਲਿਖਿਆ ਜਾ ਸਕਦਾ। ਇਸ ਬਾਰੇ ਲਿਖਣਾ ‘ਮੌਤ ਨੂੰ ਮਾਸੀ’ ਆਖਣ ਵਾਲੀ
ਗੱਲ ਸੀ। ਖ਼ਾਸ ਤੌਰ ‘ਤੇ ਮਾਝੇ ਦੇ ਉਸ ਇਲਾਕੇ ਵਿੱਚ ਜਿੱਥੇ ਮੈਂ ਰਹਿੰਦਾ ਸਾਂ, ਦਹਿਸ਼ਗਰਦਾਂ
ਵਿਰੁੱਧ ਇੱਕ ਬੋਲ ਬੋਲਣਾ ਵੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਸੀ। ਉਸ ਇਲਾਕੇ ਵਿੱਚ ਜਿਸਨੂੰ
ਮੈਂ ‘ਚੌਥੀ ਕੂਟ’ ਆਖਦਾ ਸਾਂ ਤੇ ਜੋ ਦੂਜੇ ਦੇਸ਼-ਵਾਸੀਆਂ ਲਈ ਵਰਜਿਤ ਇਲਾਕਾ ਬਣ ਗਿਆ ਸੀ। ਉਸ
ਪਿੰਡ ਵਿੱਚ ਬਹਿ ਕੇ, ਜਿਸ ਦੇ ਸਭ ਤੋਂ ਵੱਧ ਲੋਕ ਇਸ ਦੌਰ ਵਿੱਚ ਗੋਲੀ ਦਾ ਸ਼ਿਕਾਰ ਹੋ ਗਏ
ਹੋਣ ਤੇ ਜਿੱਥੇ ਨਿੱਕੀ ਜਿਹੀ ਝੂਠੀ-ਸੱਚੀ ਗੱਲ ‘ਤੇ ਬੰਦੇ ਨੂੰ ਅਗਲੇ ਜਹਾਨ ਪਹੁੰਚਾ ਦਿੱਤਾ
ਜਾਂਦਾ ਹੋਵੇ, ਕੇਵਲ ਚਰਚਾ ਵਿੱਚ ਰਹਿਣ ਲਈ ਅਜਿਹੀਆਂ ਕਹਾਣੀਆਂ ਨਹੀਂ ਸਨ ਲਿਖੀਆਂ ਜਾ
ਸਕਦੀਆਂ! ਇਹ ਤਾਂ ਆਪਣੇ ਮਨ ‘ਤੇ ਟਿਕੇ ਹਿਮਾਲੀਆ ਜਿੱਡੇ ਭਾਰ ਨੂੰ ਕਲਮ ਦੀ ਨੋਕ ਨਾਲ ਭੋਰ
ਭੋਰ ਕੇ ਭੋਰਾ-ਮਾਸਾ ਹਟਾਉਣ ਦਾ ਨਿਮਾਣਾ ਜਿਹਾ ਯਤਨ ਸਨ।
-0- |