ਦੋ ਦਿਨਾਂ ਤੋਂ ਬਾਰਸ਼
ਰੁਕ ਹੀ ਨਹੀਂ ਰਹੀ। ਇਸ ਸਮੇਂ ਵੀ ਕਾਲੇ ਘਨਘੋਰ ਬੱਦਲ ਅਸਮਾਨ ਉਪਰ ਛਾਏ ਹੋਏ ਹਨ।
ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹਾ ਹੈ ਤੇ ਮੇਰੇ ਦਿਲ ਵਿਚ ਆਇਆ ਹੈ, ‘ਇਹੋ ਜਿਹੇ
ਮੌਸਮ ’ਚ ਦਫ਼ਤਰ ’ਚ ਬਹਿ ਕੇ ਵੀ ਕੀ ਕਰਨਾ ਹੈ, ਘਰ ਚਲਦੀ ਹਾਂ।’
ਇਹ ਸੋਚ ਕੇ ਮੈਂ ਕਾਰ ਸਟਾਰਟ ਕੀਤੀ ਏ ਤੇ ਘਰ ਵੱਲ ਤੁਰ ਪਈ ਹਾਂ ਪਰ ਕੈਲੇਫੋਰਨੀਆ ਦਾ ਮੀਂਹ,
ਤੋਬਾ ਤੋਬਾ! ਇੰਝ ਲਗਦੈ ਜਿਵੇਂ ਵਿੰਡ ਸ਼ੀਲਡ ਨੂੰ ਵੱਟੇ ਪੈ ਰਹੇ ਹੋਣ। ਮੂਸਲੇਧਾਰ ਮੀਂਹ ਤੇ
ਧੁੰਦਲੇ ਸ਼ੀਸ਼ੇ! ਇਹ ਸ਼ੀਸ਼ੇ ਕਿਤੇ ਸਾਫ਼ ਹੁੰਦੇ ਨੇ ਵਾਇਪਰਾਂ ਨਾਲ! ਇਹੋ ਜਿਹੇ ਮੌਸਮ ਵਿਚ
ਕਾਰ ਚਲਾਉਂਦਿਆਂ ਇਹ ਮੁਸੀਬਤ ਤਾਂ ਝੱਲਣੀ ਹੀ ਪੈਂਦੀ ਹੈ, ਉਪਰੋਂ ਠੰਢ ਵੀ ਏਨੀ ਵਧ ਗਈ ਹੈ
ਕਿ ਮੈਂ ਕੰਬੀਂ ਜਾ ਰਹੀ ਹਾਂ। ਪਰ ਮੈਨੂੰ ਇਹ ਪਤਾ ਨਹੀਂ ਲੱਗ ਰਿਹੈ ਕਿ ਮੇਰਾ ਕਾਂਬਾ ਸਿਰਫ਼
ਠੰਡ ਨਾਲ ਹੈ ਕਿ ਜਾਂ ਧੁੰਦਲੇ ਸ਼ੀਸਿ਼ਆਂ ਕਰਕੇ ਵੀ ਹੈ ... ਤੇ ਘਰ ਵਾਲੇ ਪੁਲ ਦੇ ਕੋਲ
ਪਹੁੰਚ ਕੇ ਰਤਾ ਸੁੱਖ ਦਾ ਸਾਹ ਆਇਆ ਹੈ।
ਸਾਡਾ ਇਹ ਪੁਲ, ਵਾਹ!
ਇਕ ਤਰ੍ਹਾਂ ਨਾਲ ਸਬ-ਡਵੀਜ਼ਨ ਦੇ ਗੇਟ-ਵੇਅ ਦਾ ਕੰਮ ਕਰ ਰਹੇ ਇਸ ਪੁਲ ਤੋਂ ਦੂਰ ਦੂਰ ਤੱਕ
ਕਿੰਨਾ ਖੂਬਸੂਰਤ ਨਜ਼ਾਰਾ ਦਿਸਦਾ ਹੈ। ਸੁਣਿਆ ਹੈ, ਇਸ ਹੇਠੋਂ ਕੋਈ ਮਾਲ ਗੱਡੀ ਵੀ ਲੰਘਦੀ
ਹੈ। ‘ਲੰਘਦੀ ਹੋਊ! ਪਰ ਮੈਂ ਤੇ ਕਦੇ ਦੇਖੀ ਦੂਖੀ ਨਹੀਂ ਕੋਈ ਗੱਡੀ।’ ਸਾਡੇ ਲਈ ਤੇ ਇਹ
ਖੂਬਸੂਰਤ ਲੈਂਡ ਸਕੇਪ ਦਾ ਕੰਮ ਹੀ ਕਰਦਾ ਹੈ। ਇਹ ਸਾਡੀ ਸਬਡਵੀਜ਼ਨ ਦੀ ਦਿਖ ਨੂੰ ਅਤਿਅੰਤ
ਖੂਬਸੂਰਤ ਬਣਾਉਂਦਾ ਹੈ।
ਉਂਝ ਵੀ ਪੁਲ ਦਾ ਤਾਂ ਕੰਮ ਹੀ ਜੋੜਨਾ ਹੁੰਦਾ ਹੈ। ਇਹ ਪੁਲ ਸਾਡੀ ਸਬ-ਡਵੀਜ਼ਨ ਨੂੰ ਰੇਲਵੇ
ਲਾਈਨ ਤੋਂ ਪਾਰ ‘ਸਾਨਫਰਾਂਸਿਸਕੋ ਬੇਅ’ ਨਾਲ ਜੋੜ ਕੇ ਇਕ ਉਚੇਚ ਨਾਲ ਪੇਸ਼ ਕਰਦਾ ਹੈ। ਪੁਲ
ਤੋਂ ਲੰਘਦਿਆਂ ਦੂਰ ਤੱਕ ਫੈਲੀ ‘ਸਾਂਨਫਰਾਂਸਿਸਕੋ ਬੇਅ’ ਦੀ ਦਿਖ ਤਲਿਸਮੀ ਤਸਵੀਰਾਂ ਵਰਗੀ
ਸੁੰਦਰ ਲਗਦੀ ਹੈ। ਸਾਰਾ ਆਲਾ ਦੁਆਲਾ ਰੁਸ਼ਨਾਇਆ ਜਾਪਦਾ ਹੈ। ਜਦੋਂ ਪੁਲ ਉੱਤੇ ਚੜ੍ਹੀ ਦਾ ਹੈ
ਤਾਂ ਸਾਹਮਣੇ ਵਾਲੇ ਪਹਾੜ ‘ਮਿਸ਼ਨ ਹਿਲਜ਼’ ਭੂਰੀ ਸੁੰਦਰਤਾ ਦਾ ਪ੍ਰਦਰਸ਼ਨ ਕਰਦੇ, ਸ਼ਾਨ ਤੇ
ਮਸਤੀ ਨਾਲ ਖੜੇ ਦਿਸਦੇ ਹਨ। ਸਾਰਾ ਨਜ਼ਾਰਾ ਹੀ ਆਲੌਕਿਕ ਹੈ। ਵਧੀਆ ਸਾਫ਼ ਤੇ ਧੁਪੀਲੇ ਦਿਨਾਂ
ਵਿਚ ਤਾਂ ਇਹ ਪੁਲ ਆਸ-ਪਾਸ ਲਾਏ ਹੋਏ ਫੁੱਲਾਂ-ਬੂਟਿਆਂ ਦੀ ਸਜਾਵਟ ਦੇ ਨਾਲ ਸਵਾਗਤੀ ਗੇਟ
ਵਰਗਾ ਬਣ ਜਾਂਦਾ ਹੈ ਤੇ ਇੰਝ ਲੱਗਣ ਲਗਦਾ ਹੈ ਜਿਵੇਂ ਇਹ ਸੁੰਦਰਤਾ ਦਾ ਇਕ ਅੱਦਭੁਤ ਨਜ਼ਾਰਾ
ਹੀ ਨਹੀਂ, ਬਲਕਿ ਇਕ ਕੁਦਰਤੀ ਅਜੂਬਾ ਵੀ ਹੋਵੇ।
ਸੜਕ ਦੀ ਫਿਸਲਣ ਜਾਂ ਤਿਲਕਣ ਤੋਂ ਬਚਣ ਲਈ ਮੈਂ ਪੁਲ ਤੋਂ ਹੇਠਾਂ ਉਤਰਦਿਆਂ ‘ਰਾਊਂਡ ਅਬਾਊਟ’
ਤੋਂ ਬਹੁਤ ਹੌਲੀ ਸਪੀਡ ’ਚ ਨਿਕਲ ਰਹੀ ਹਾਂ। ਇਹੋ ਜਿਹੇ ਮੌਸਮ ਵਿਚ ਅਕਸਰ ਹਾਦਸੇ ਹੁੰਦੇ
ਰਹਿੰਦੇ ਹਨ। ਇਸ ਲਈ ਮੈਂ ਹੌਲੀ ਹੌਲੀ ਕਾਰ ਚਲਾਉਂਣ ਵਿਚ ਹੀ ਭਲਾਈ ਸਮਝਦੀ ਹਾਂ। ਏਨੀ ਹੌਲੀ
ਕਿ ਚੌਂਕ ਵਿਚਲੇ ਛੋਟੇ ਛੋਟੇ ਫੁੱਲਾਂ ਦੇ ਬੂਟਿਆਂ ਵਿਚ ਹੋ ਰਹੀ ਹਿੱਲ-ਜੁੱਲ ਨੇ ਵੀ ਮੇਰਾ
ਧਿਆਨ ਖਿਚਿਆ ਹੈ।
‘ਹਾਇ! ਇਹ ਤੇ ਕੋਈ ਜਾਨਵਰ ਲਗਦੈ।’ ਮੈਂ ਸ਼ੀਸ਼ਾ ਖੋਲ੍ਹ ਕੇ ਵੇਖਿਆ ਏ ਤਾਂ ਇੱਕ ਕਤੂਰਾ
ਫੁੱਲਾਂ ਵਿਚ ਸਹਿਮਿਆ ਬੈਠਿਆ, ਚੂੰ ਚੂੰ ਕਰ ਰਿਹਾ ਹੈ। ਸ਼ੀਸ਼ਾ ਖੋਲ੍ਹਣ ਕਰਕੇ ਮੈਨੂੰ ਹੋਰ ਵੀ
ਤੇਜ਼ ਕਾਂਬਾ ਛਿੜ ਪਿਆ ਹੈ ਤਾਂ ਮੈਂ ਇਕ ਲੰਮਾ ਸਾਹ ਲੈ ਕੇ ਸ਼ੀਸ਼ਾ ਫਿਰ ਬੰਦ ਕਰ ਕੇ ਘਰ ਵੱਲ
ਤੁਰ ਪਈ ਹਾਂ। ਪਰ ਦਿਲ ਵਿਚੋਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ਼ ਆ ਰਹੀਆਂ ਹਨ: ‘ਮੈਨੂੰ ਇਸ
ਦਾ ਕੁਛ ਕਰਨਾ ਚਾਹੀਦਾ, ਇਸ ਨੂੰ ਠੰਡ ਤੋਂ ਬਚਾਉਣਾ ਚਾਹੀਦਾ, ਪਰ ਜਿਸ ਨੇ ਪੈਦਾ ਕੀਤਾ ਹੈ
ਉਹ ਆਪੇ ਬਚਾਏਗਾ। ਮੈਂ ਕੌਣ ਹੁੰਦੀ ਹਾਂ ਉਸ ਦੇ ਨਿਜ਼ਾਮ ਵਿਚ ਦਖਲ ਦੇਣ ਵਾਲੀ!’ ਗੁਰਬਾਣੀ
ਵੀ ਤਾਂ ਏਹੀ ਕਹਿੰਦੀ ਐ, ‘ਊਡੇ ਊਡ ਆਵੇ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ’ ... ਤੇ ਮੈਂ ਕਰ
ਵੀ ਕੀ ਸਕਦੀ ਹਾਂ, ਕਿੱਥੇ ਰੱਖਾਂਗੀ, ਕਿਵੇਂ ਚੁੱਕਾਂਗੀ!’
ਇਹ ਸੋਚਦਿਆਂ ਪਤਾ ਹੀ ਨਹੀਂ ਲਗਿਆ ਕਦੋਂ ਘਰ ਆ ਗਿਆ। ਮੈਂ ਕਾਰ ਗੈਰਾਜ ਵਿਚ ਖੜੀ ਕਰ ਕੇ
ਅੰਦਰ ਵੜਦੇ ਹੀ ‘ਹੀਟ’ ਚਾਲੂ ਕਰ ਦਿੱਤੀ ਹੈ ਤੇ ਚਾਹ ਬਣਾ ਕੇ ਸੋਫ਼ੇ ਤੇ ਬੈਠ ਕੇ ਕੋਸੇ
ਕੋਸੇ ਘੁੱਟ ਭਰਦੀ ਸਹਿਜ ਹੋਣ ਦੀ ਕੋਸਿ਼ਸ਼ ਕਰ ਰਹੀ ਹਾਂ ਪਰ ਦਿਲ ’ਚ ਕੁਛ ਧੁਖ ਰਿਹਾ ਹੈ।
ਦਿਲ ਨੂੰ ਹੋਰ ਪਾਸੇ ਲਾਉਣ ਲਈ ਮੈਂ ਟੀਵੀ ਲਾ ਲਿਆ ਹੈ ਪਰ ਅਪਰਾਧ-ਬੋਧ ਫਿਰ ਵੀ ਖਾਈ ਜਾ
ਰਿਹਾ ਹੈ।
ਟੀਵੀ ਸਕਰੀਨ ਉਪਰ ਨਿਊ ਯਾਰਕ ਦੀ ਗਰਾੳਂੂਡ ਜ਼ੀਰੋ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ।
ਇੱਥੇ ਕੁਝ ਦਿਨ ਪਹਿਲਾਂ ਹੀ ਤਾਂ ਅੰਬਰ ਛੁੰਹਦੀਆਂ ਦੋ ਸ਼ਾਨਦਾਰ ਇਮਾਰਤਾਂ ਹੁੰਦੀਆਂ ਸਨ।
ਹੁਣ ਢੱਠੀਆਂ ਇਮਾਰਤਾਂ ਦਾ ਮਲਬਾ ਚੁੱਕਿਆ ਜਾ ਰਿਹਾ ਹੈ ਤਾਂ ਇਮਾਰਤਾਂ ਦੀ ਥਾਂ ਬਹੁਤ ਵੱਡੇ
ਵੱਡੇ ਟੋਏ ਨਜਰ਼ ਆ ਰਹੇ ਹਨ ਅਤੇ ਕਿੰਨੀਆਂ ਤਸਵੀਰਾਂ ਲਟਕ ਰਹੀਆਂ ਹਨ। ਹਜ਼ਾਰਾਂ ਲੋਕ ਫੁੱਲ
ਚੜ੍ਹਾਉਣ ਆ ਰਹੇ ਹਨ ਅਤੇ ਤਸਵੀਰਾਂ ਅੱਗੇ ਖੜੇ ਜਾਰ ਜਾਰ ਰੋ ਰਹੇ ਹਨ। ਕਈ ਇਨ੍ਹਾਂ
ਬਿਲਡਿੰਗਾਂ ਵਿਚ ਮਰ ਗਏ ਆਪਣੇ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਲੱਭ ਰਹੇ ਹਨ। ਇਹ ਦ੍ਰਿਸ਼ ਦੇਖ
ਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਹਨ ਅਤੇ ਮੇਰਾ ਪੂਰਾ ਧਿਆਨ ਸਿਰਫ਼ ਨੌਂ ਗਿਆਰਾਂ ਦੇ ਹਮਲੇ
ਵੱਲ ਚਲਾ ਗਿਆ ਹੈ।
ਇਸ ਹਮਲੇ ਦਾ ਹਰ ਪਾਸੇ ਖੌਫ਼ ਹੈ। ਹਰ ਕੋਈ ਇਸੇ ਦੁਰਘਟਨਾ ਦਾ ਜਿ਼ਕਰ ਕਰ ਰਿਹਾ ਹੈ। ਹਰ
ਕਿਸੇ ਦੇ ਮੂੰਹ ਵਿਚ ਬੱਸ ਇਕੋ ਹੀ ਗੱਲ ਹੈ, ‘ਵਰਲਡ ਟਰੇਡ ਸੈਂਟਰ’ ਉਪਰ ਗਿਆਰਾਂ ਸਤੰਬਰ ਨੂੰ
ਹੋਇਆ ਹਮਲਾ! ਟੀਵੀ ਉਪਰ ਵੀ ਉਹੀ ਦ੍ਰਿਸ਼ ਨਿਰੰਤਰ ਦਿਖਾਏ ਜਾ ਰਹੇ ਹਨ: ਜਹਾਜ਼ ਇਮਾਰਤਾਂ ਨੂੰ
ਟਕਰਾਉਂਦੇ ਦਿਸਦੇ ਹਨ, ਅੱਗ ਦੀਆਂ ਲਪਟਾਂ ਤੇ ਕਾਲੇ ਧੂੰਏਂ ਦੇ ਗੁਬਾਰ ਦਿਖਦੇ ਹਨ, ਇਮਾਰਤਾਂ
ਦੇ ਨਾਲ ਮਲਬਾ ਡਿਗ ਰਿਹਾ ਹੈ, ਲੋਕ ਜਾਨ ਬਚਾਉਣ ਲਈ ਅੰਬਰ ਜਿੰਨੀਆਂ ਉਚੀਆਂ ਛੱਤਾਂ ’ਤੋਂ
ਹੇਠਾਂ ਜ਼ਮੀਨ ਉਪਰ ਛਾਲਾਂ ਮਾਰ ਰਹੇ ਹਨ, ਕਈ ਪਾਗਲਾਂ ਵਾਂਗ ਇਧਰ ਉਧਰ ਦੌੜਦੇ ਦਿਖਾਈ ਦਿੰਦੇ
ਹਨ।
ਅੱਜ ਫਿਰ ਟੀਵੀ ਉਪਰ ਉਹੀ ਚੀਕ-ਚਿਹਾੜਾ ਅਤੇ ਅੱਗ ’ਚ ਲਿਪਟੀਆਂ ਇਮਾਰਤਾਂ ਦੇ ਢਹਿ ਢੇਰੀ ਹੋ
ਜਾਣ ਦੇ ਇਹ ਖੌਫਨਾਕ ਦ੍ਰਿਸ਼ ਦੇਖ ਕੇ ਮੇਰੀ ਰੂਹ ਕੰਬ ਜਾਂਦੀ ਹੈ। ਅੱਖਾਂ ’ਚੋਂ ਹੰਝੂ ਵਗ
ਤੁਰਦੇ ਨੇ ਤੇ ਇਸੇ ਸਮੇਂ ਮੇਰੀ ਸਹੇਲੀ ਚਿੰਤਨ ਦਾ ਫੋਨ ਆ ਗਿਆ ਹੈ, “ਹੈਲੋ ਸ਼ੀਤਲ, ਮੈਂ
ਚਿੰਤਨ ਬੋਲ ਰਹੀ ਹਾਂ!”
“ਹੈਲੋ, ਕੀ ਹਾਲ ਹੈ ਚਿੰਤਨ, ਸਭ ਕੁਛ ਠੀਕ ਤਾਂ ਹੈ ਨਾ?” ਮੈਂ ਪੁੱਛਿਆ ਏ।
“ਆਹ ਜੋ ਟੀਵੀ ’ਤੇ ਬਾਰ ਬਾਰ ਦਿਖਾਈ ਜਾ ਰਹੇ ਨੇ, ਇਹ ਵੇਖ ਕੇ ਮਨ ਈ ਨਹੀਂ ਠਹਿਰਦਾ!”
“ਮੇਰਾ ਵੀ, ਮੈਂ ਵੀ ਬੜੀ ਉਦਾਸ ਹਾਂ, ਪਰ ਆਪਾਂ ਕਰ ਵੀ ਕੀ ਸਕਦੇ ਹਾਂ!”
“ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਰਿਹਾ, ਅੱਖਾਂ ’ਚੋਂ ਖਾਰਾ ਪਾਣੀ ਬੰਦ ਹੀ ਨਹੀਂ ਹੋ
ਰਿਹਾ।”
“ਪਰ ਤੈਨੂੰ ਇੰਝ ਢੇਰੀ ਤਾਂ ਨਹੀਂ ਨਾ ਢਾਹੁਣੀ ਚਾਹੀਦੀ, ਰੋਣ ਨਾਲ ਭਲਾ ਕੀ ਬਣਦਾ ਹੈ!”
“ਕੀ ਕਰਾਂ ਸ਼ੀਤਲ, ਮੇਰਾ ਦਿਲ ਠਹਿਰਦਾ ਹੀ ਨਹੀਂ। ਜਿੱਦਣ ਦਾ ਇਹ ਭਾਣਾ ਵਾਪਰਿਐ, ਬੱਸ ਇਕੋ
ਕੁਰਸੀ ਤੇ ਬੈਠੀ ਰਹਿੰਦੀ ਹਾਂ ਤੇ ਟੀਵੀ ਵੇਖ ਵੇਖ ਕੇ ਰੋਂਦੀ ਰਹਿੰਦੀ ਹਾਂ।”
“ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ, ਚਿੰਤਨ?”
“ਨਾ ਕਿਥੇ! ਨਾ ਮੈਂ ਆਪ ਚੰਗੀ ਤਰ੍ਹਾਂ ਕੁਛ ਖਾਧਾ ਹੈ ਤੇ ਨਾ ਹੀ ਡੀਜ਼ਲ ਨੇ।”
‘ਡੀਜ਼ਲ’ ਚਿੰਤਨ ਦੇ ਕੁੱਤੇ ਦਾ ਨਾਂ ਹੈ, ਉਹ ਉਸਦੀ ਇਕੱਲਤਾ ਦਾ ਸਹਾਰਾ ਹੈ। ਇਸ ਲਈ ਉਹ ਉਸ
ਨੂੰ ਬੱਚਿਆਂ ਵਾਂਗ ਪਿਆਰ ਕਰਦੀ ਹੈ। ‘ਪਰ ਕੁੱਤੇ ਦਾ ਇਸ ਹਾਦਸੇ ਨਾਲ ਕੀ ਸੰਬੰਧ?’ ਮੈਨੂੰ
ਸਮਝ ਨਹੀਂ ਲੱਗ ਰਹੀ, ‘ਉਸ ਨੇ ਕਿਉਂ ਕੁਛ ਨਹੀਂ ਖਾਧਾ ...?’ ਮੈਂ ਡੀਜ਼ਲ ਤੇ ਚਿੰਤਨ ਬਾਰੇ
ਸੋਚ ਰਹੀ ਹਾਂ।
ਜਦੋਂ ਕਦੇ ਮੈਂ ਚਿੰਤਨ ਨੂੰ ਮਿਲਣ ਜਾਂਦੀ ਹਾਂ ਤਾਂ ਡੀਜ਼ਲ ਦੌੜ ਕੇ ਮੈਨੂੰ ਆ ਚਿੰਬੜਦਾ ਹੈ।
ਪਰ ਮੈਂਨੂੰ ਕੁੱਤਿਆਂ ਤੋਂ ਹਮੇਸ਼ਾ ਹੀ ਬੜੀ ਕਚਿਆਣ ਜਿਹੀ ਆਉਂਦੀ ਹੈ। ਮੈਂ ਉਹਨੂੰ ਪਿੱਛੇ
ਹਟਾਉਂਦੀ ਕਿੰਝ ਰੋਣਹਾਕੀ ਹੋ ਜਾਂਦੀ ਹਾਂ, ਇਹ ਯਾਦ ਕਰਕੇ ਮੈਨੂੰ ਹਾਸਾ ਆਉਂਦਾ ਹੈ ਤੇ ਫਿਰ
ਚਿੰਤਨ ਕਿੰਝ ਡੀਜ਼ਲ ਨੂੰ ਆਖਦੀ ਹੈ, “ਹਟ ਡੀਜ਼ਲ ਮਾਸੀ ਡਰਦੀ ਆ। ਹੱਟ ਨਹੀਂ ਤਾਂ ਮਾਮਾ
ਮਾਰੇਗੀ ਤੈਨੂੰ।” ਉਸਦੀ ਗੱਲ ਮੰਨ ਕੇ ਕੁੱਤਾ ਪਰ੍ਹਾਂ ਚਲਾ ਜਾਂਦਾ ਹੈ। ਪਰ ਦੂਰ ਬੈਠਾ ਵੀ
ਮੇਰੇ ਵਲ ਇਕ ਟੱਕ ਝਾਕਦਾ ਰਹਿੰਦਾ ਹੈ।
ਕਈ ਵੇਰ ਚਿੰਤਨ ਉਸਨੂੰ ਅੰਗ੍ਰੇਜ਼ੀ ਵਿਚ ਆਖਦੀ ਹੈ, “ਵ੍ਹਟ ’ਸ ਅੱਪ ਡੀਜ਼ਲ! ਡੂ ਯੂ ਲਾਈਕ
ਮਾਸੀ ਸੋ ਮਚ? ਸੀ, ਮਾਸੀ ਇਜ਼ ਸਕੇਅਰਡ ਆਫ ਯੂ, ਓ. ਕੇ.!” ਮੈਂ ਹੱਸ ਦਿੰਦੀ ਹਾਂ, “ਪੰਜਾਬੀ
ਨਹੀਂ ਸਮਝਦਾ, ਅਮਰੀਕਨ ਜੁ ਹੋਇਆ!” ਤੇ ਫਿਰ ਚਿੰਤਨ ਨੂੰ ਤਾੜ ਕੇ ਆਖਦੀ ਹਾਂ, “ਮੈਂ ਨਹੀਂ
ਬਨਣਾ ਕੁੱਤੇ ਦੀ ਮਾਸੀ ਮੂਸੀ ...ਓ. ਕੇ.!” ਤੇ ਉਹ ਡੀਜ਼ਲ ਦੀ ਤਾਰੀਫ ਕਰਨ ਵਿਚ ਲਗਦੀ ਹੈ,
“ਲੈਅ, ਇਹ ਤਾਂ ਬੰਦਿਆਂ ਤੋਂ ਵੀ ਵੱਧ ਸਿਆਣਾ, ਬੜੀ ਵਧੀਆ ਰੂਹ ਹੈ ਇਸਦੀ, ਸਾਰੀ ਗੱਲ ਝੱਟ
ਸਮਝ ਜਾਂਦਾ ਹੈ।”
ਉਹਦੀ ਹਰ ਗੱਲ-ਬਾਤ ਵਿਚ ਉਹ ਹਮੇਸ਼ਾ ਡੀਜ਼ਲ ਦੀ ਮਾਂ ਬਣਦੀ ਹੈ ਤੇ ਮੈਂ ਮਾਸੀ! ਜਦੋਂ ਵੀ
ਕੋਈ ਗੱਲ ਕਰੇਗੀ, ਉਸ ਵਿਚ ਡੀਜ਼ਲ ਦੀ ਕੋਈ ਨ ਕੋਈ ਗੱਲ ਜ਼ਰੂਰ ਸ਼ਾਮਲ ਹੁੰਦੀ ਹੈ ਕਿਉਂਕਿ
ਜਦੋਂ ਤੋਂ ਉਹਦੇ ਬੱਚੇ ਦੂਜੇ ਸ਼ਹਿਰਾਂ ਵਿਚ ਜਾ ਵਸੇ ਹਨ, ਉਹ ਬਹੁਤ ਇਕੱਲੀ ਹੋ ਗਈ ਹੈ ਤੇ
ਡੀਜ਼ਲ ਦੇ ਸਹਾਰੇ ਇਸ ਸੁੰਦਰ ਪਰ ਭੀੜ-ਭੁੜੱਕੇ ਵਾਲੇ ਮਹਾਂਨਗਰ ਸਾਨਫਰਾਂਸਿਸਕੋ ਵਿਚ ਪੂਰੇ
ਹੌਸਲੇ ਨਾਲ ਰਹਿ ਰਹੀ ਹੈ।
ਪਰ ਅੱਜ ਉਹ ਫੋਨ ਤੇ ਨੌਂ ਗਿਆਰਾਂ ਦੇ ਹਾਦਸੇ ਬਾਰੇ ਗੱਲਾਂ ਕਰਕੇ ਰੋਈ ਜਾ ਰਹੀ ਹੈ ਤਾਂ ਮੈਂ
ਕਿਹਾ ਹੈ: “ਜਰਾ ਸੰਭਲ ਚਿੰਤਨ, ਇੰਜ ਕਿਵੇਂ ਗੁਜਾਰਾ ਹੋਵੇਗਾ! ਆਪਾਂ ਕਰ ਵੀ ਕੀ ਸਕਦੇ
ਹਾਂ?”
“ਮੈਨੂੰ ਵੀ ਇਹ ਪਤਾ ਕਿ ਮੈਂ ਕੁਛ ਨਹੀਂ ਕਰ ਸਕਦੀ। ਪਰ ਦਿਲ ਠਹਿਰਦਾ ਹੀ ਨਹੀਂ। ਦਿਨ ਭਰ
ਇਕੋ ਕੁਰਸੀ ’ਤੇ ਬੈਠੀ ਰੋਂਦੀ ਰਹਿੰਦੀ ਹਾਂ ਤੇ ਸੋਚਦੀ ਰਹਿੰਦੀ ਹਾਂ, ‘ਆਖਰ ਇਹ ਭਾਣਾ
ਵਰਤਿਆ ਕਿਉਂ?’ ਇੰਝ ਸੋਚਣ ਲਗਦੀ ਹਾਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਦਾ ਤੇ ਕਿਸ ਕਿਸ ਦਾ
ਲਹੂ ਜ਼ਮੀਨ ਤੇ ਵਹਿੰਦਾ ਦਿਖਣ ਲੱਗ ਜਾਂਦਾ ਹੈ ਤੇ ਮਨ ਹੋਰ ਵੀ ਉਪਰਾਮ ਤੇ ਦੁਖੀ ਹੋ ਜਾਂਦਾ
ਹੈ।”
“ਇਹ ਤਾਂ ਮੈਂ ਵੀ ਸੋਚਦੀ ਹਾਂ ਕਿ ਹਰ ਲੜਾਈ, ਹਰ ਫਸਾਦ ਦਾ ਸ਼ਿਕਾਰ ਆਮ ਲੋਕ ਹੀ ਕਿਉਂ ਹੁੰਦੇ
ਨੇ? ਇਨ੍ਹਾਂ ਹਥਿਆਰ-ਬੰਦ ਸਾਨ੍ਹਾਂ ਦੇ ਅੰਨ੍ਹੇ ਭੇੜ ਵਿਚ ਨਿਹੱਥੇ ਲੋਕ ਕਿਉਂ ਮਾਰੇ ਜਾਂਦੇ
ਨੇ?”
ਮੇਰਾ ਵੀ ਹਾਉਕਾ ਨਿਕਲ ਗਿਆ ਹੈ ਤਾਂ ਚਿੰਤਨ ਦੀ ਸੁਰ ਹੋਰ ਵੀ ਸੋਗੀ ਹੋ ਗਈ ਹੈ:
“ਯ੍ਹਾ ਸ਼ੀਤਲ, ਇਹ ਸਭ ਤੇ ਹੁਣ ਆਪਣੇ ਵਰਗਿਆਂ ਦੇ ਸੋਚਣ ਲਈ ਹੀ ਬਚਿਆ ਹੈ ... ਤੇ ਇਹੀ ਸੋਚ
ਸੋਚ ਕੇ ਮੇਰਾ ਮਨ ਰੋ ਰਿਹਾ ਹੈ, ਤੇ ਡੀਜ਼ਲ ਵੀ ਦੁਖੀ ਹੈ। ਇਸ ਲਈ ਪਹਿਲੇ ਦੋ ਦਿਨ ਤਾਂ
ਮੇਰੇ ਕੋਲ ਆ ਕੇ ਮੈਨੂੰ ਪੰਜਿਆਂ ਨਾਲ ਚੁੱਪ ਕਰਾਉਂਦਾ ਰਿਹਾ। ਕਦੇ ਮੇਰੇ ਪੈਰਾਂ ਵਿਚ ਲੇਟੇ।
ਕਦੇ ਚੂੰ ਚੂੰ ਕਰਕੇ ਪੂਛ ਹਿਲਾਵੇ। ਕਦੇ ਛਾਲ ਮਾਰ ਕੇ ਮੇਰੀ ਗੋਦੀ ਵਿਚ ਆ ਚੜ੍ਹੇ ... ਇਸ
ਨੂੰ ਇਹ ਪਤਾ ਹੀ ਨਾ ਲੱਗੇ, ਕੀ ਕਰੇ ਤੇ ਮੈਨੂੰ ਕਿਵੇਂ ਚੁੱਪ ਕਰਾਵੇ। ਫਿਰ ਅਚਾਨਕ ਇਹ ਆਪ
ਵੀ ਚੁੱਪ ਜਿਹਾ ਹੋ ਗਿਐ। ਬੱਸ, ਟਿਕ-ਟਿਕੀ ਲਗਾ ਕੇ ਟੀਵੀ ਵਲ ਵੇਖੀ ਜਾਂਦੈ ਤੇ ਮੇਰੇ ਵਾਂਗ
ਹੀ ਰੋਈ ਜਾਂਦੈ। ਜੇ ਤੂੰ ਇਥੇ ਹੁੰਦੀ ਤਾਂ ਦੇਖਦੀ ਅਜੇ ਵੀ ਇਸਦੀਆਂ ਅੱਖਾਂ ਦੀਆਂ ਕੋਰਾਂ
ਵਿਚ ਹੰਝੂ ਫਸੇ ਹੋਏ ਨੇ।”
ਚਿੰਤਨ ਬਹੁਤ ਉਦਾਸ ਰੌਂਅ ਵਿਚ ਬਿਨਾ ਹੁੰਗਾਰਾ ਬੋਲੀ ਜਾ ਰਹੀ ਹੈ ਤੇ ਮੈਂ ਉਹਨੂੰ ਦਿਲਾਸਾ
ਦੇ ਕੇ ਫੋਨ ਬੰਦ ਕਰ ਦਿੱਤਾ ਹੈ ਤਾਂ ਮੈਨੂੰ ਲਗਦਾ ਹੈ ਕਿ ਚਿੰਤਨ ਕਿੰਨੀਆਂ ਬਚਕਾਨੀਆਂ
ਗੱਲਾਂ ਕਰਦੀ ਹੈ। ਇਨ੍ਹਾਂ ਗੋਰਿਆਂ ਵਾਂਗ ਇਸਦੀ ਵੀ ਮਤ ਮਾਰੀ ਗਈ ਹੈ। ਇਹ ਵੀ ਪੂਰੀ ਅਮਰੀਕਨ
ਹੋ ਗਈ ਏ। ਇਹ ਗੋਰੇ ਗੋਰੀਆਂ ਵੀ ਜਾਨਵਰਾਂ ਤੇ ਬੰਦਿਆਂ ਵਿਚ ਫਰਕ ਹੀ ਨਹੀਂ ਸਮਝਦੇ ਤੇ ਇਹ
ਵੀ ਇਨ੍ਹਾਂ ਵਰਗੀ ਭਾਸ਼ਾ ਹੀ ਬੋਲਦੀ ਹੈ, ਅਖੇ, ‘ਕੁੱਤਾ ਟੀਵੀ ਵੇਖ ਕੇ ਰੋ ਰਿਹੈ, ਮੈਨੂੰ
ਚੁੱਪ ਕਰਾ ਰਿਹੈ!’ ਮੰਨਿਆ ਉਹ ਇਕੱਲੀ ਆ, ਪਰ ਉਸ ਨੂੰ ਕੋਈ ਵਹਿਮ ਹੋ ਗਿਆ ਲਗਦੈ: ‘ਜਾਨਵਰ
ਕਿਵੇਂ ਸਮਝ ਸਕਦਾ ਹੈ, ਕਿਸੇ ਬੰਦੇ ਦੇ ਦਰਦ ਨੂੰ ਏਨੀ ਸ਼ਿੱਦਤ ਦੇ ਨਾਲ ... ਇਨਸਾਨ ਤਾਂ
ਇਨਸਾਨ ਦੇ ਦੁੱਖ-ਦਰਦ ਨੂੰ ਸਮਝਦਾ ਨਹੀਂ।’
ਮਂੈ ਇਹ ਸੋਚਦੀ ਚਾਹ ਦਾ ਖਾਲੀ ਕੱਪ ਲੈ ਕੇ ਰਸੋਈ ਵਿਚ ਵੜੀ ਹਾਂ ਤਾਂ ਫਿਰ ‘ਚੂੰ ... ਚੂੰ’
ਸੁਣਾਈ ਦਿੱਤੀ ਏ ਤਾਂ ਮੈਂ ਤ੍ਰਭਕ ਕੇ ਠਠੰਬਰ ਗਈ ਹਾਂ ਤੇ ਧਿਆਨ ਫਿਰ ਚੌਰਾਹੇ ਵਲ ਚਲਾ ਗਿਆ
ਹੈ, ‘ਉਹ ਵਿਚਾਰਾ ਵੀ ਤਾਂ ਉਥੇ ਇਕੱਲਾ ਬੈਠਾ ਰੋ ਰਿਹਾ ਹੈ। ਮੈਂ ਵੀ ਤਾਂ ਇਨਸਾਨ ਹਾਂ ...
ਹਾਇ! ਬਾਹਰ ਕਿੰਨੀ ਠੰਡ ਵਿਚ, ਉਹ ਕਿੰਨੀ ਬੁਰੀ ਤਰ੍ਹਾਂ ਕੰਬ ਰਿਹਾ ਸੀ ਉਹ ਨਿੱਕਾ ਜਿਹਾ
ਜਾਨਵਰ! ਮੈਂ ਉਸ ਦੀ ਤਕਲੀਫ ਸਮਝ ਹੀ ਨਹੀਂ ਸਕੀ, ਉਹਨੂੰ ਚੁੱਕ ਕੇ ਲੈ ਹੀ ਆਉਂਦੀ ਤਾਂ ਕੀ
ਸੀ!’
ਪਰ ਦੂਜੇ ਹੀ ਪਲ ਮੇਰਾ ਦਿਲ ਦਲੀਲਾਂ ਦਾ ਇਕ ਵੱਖਰਾ ਤਾਣਾ-ਬਾਣਾ ਬੁਨਣ ਲਗ ਪੈਂਦਾ ਹੈ, ‘ਪਰ
ਮੈਂ ਉਹਨੂੰ ਰਖਦੀ ਕਿੱਥੇ? ਕਾਰਪੈੱਟ ਗੰਦਾ ਹੋ ਜਾਣਾ ਸੀ, ਸਾਰੇ ਘਰ ਵਿਚ ਬੋਅ ਫੈਲ ਜਾਣੀ ਸੀ
ਤੇ ਥਾਂ ਥਾਂ ਤੇ ਵਾਲ ... ਦਫਤਰ ਵੀ ਤਾਂ ਜਾਣਾ ਹੁੰਦੈ ... ਕਿੰਨਾ ਕੰਮ ਹੋ ਜਾਂਦੈ ‘ਪੈਟ’
ਦਾ ... ਇਹ ਲੋਕ ਤਾਂ ਜਦੋਂ ਸੈਰ ਕਰਵਾਉਣ ਲਿਜਾਂਦੇ ਨੇ ਤਾਂ ਹੱਥਾਂ ਉਤੇ ਲਿਫਾਫੇ ਚੜ੍ਹਾ ਕੇ
ਕਿਵੇਂ ਪਿਛੇ ਪਿੱਛੇ ਫਿਰਦੇ ਨੇ ਤੇ ਜਦੋਂ ਕੁੱਤਾ ਥਾਂ ਗੰਦੀ ਕਰ ਦੇਂਦਾ ਹੈ ਤਾਂ ਲਿਫਾਫੇ
ਨਾਲ ਚੁੱਕ ਕੇ ਡਸਟ-ਬਿਨ ਵਿਚ ਸੁੱਟਣ ਜਾਂਦੇ ਨੇ ... ਛੀ ਛੀ ਛੀ!’
‘ਪਤਾ ਨਹੀਂ ਕਿਵੇਂ ਰਖ ਲੈਂਦੇ ਨੇ ਇਹ ਲੋਕ ਜਾਨਵਰਾਂ ਨੂੰ ਆਪਣੇ ਘਰਾਂ ਵਿਚ! ਆਪਣੇ
ਬਿਸਤਰਿਆਂ ਵਿਚ ਸੁਲਾਉਂਦੇ ਨੇ ... ਕੁੱਤੇ ਇਨ੍ਹਾਂ ਦੇ ਮੂੰਹ ਚੱਟਦੇ ਨੇ ... ਗੰਦੇ ਕਿਸੇ
ਥਾਂ ਦੇ ਨਾ ਹੋਣ ਤਾਂ ...!”
ਮੈਂ ਮਨ ਹੀ ਮਨ ਕੁੜ੍ਹ ਰਹੀ ਹਾਂ ਤਾਂ ਡੈਬੀ ਦੇ ਘਰ ਦੀ ਯਾਦ ਆ ਗਈ ਹੈ, ‘ਹਾਇ ਡੈਬੀ ਦਾ
ਘਰ!’
ਡੈਬੀ, ਜੋ ਮੇਰੇ ਨਾਲ ਦਫਤਰ ਵਿਚ ਕੰਮ ਕਰਦੀ ਹੈ, ਕਿਵੇਂ ਹਰ ਵੇਲੇ ਆਪਣੀਆਂ ਨੌਂ ਬਿਲੱੀਆਂ,
ਇਕ ਕੁੱਤੇ, ਦੋ ਬੱਤਖਾਂ, ਇਕ ਡੱਡੂ ਅਤੇ ਇਕ ਕੱਛੂਕੁੰਮੇ ਦੀਆਂ ਗੱਲਾਂ ਕਰਦੀ ਰਹਿੰਦੀ ਹੈ।
ਉਸਨੇ ਤਾਂ ਉਨ੍ਹਾਂ ਸਾਰਿਆਂ ਦੇ ਨਾਂ ਵੀ ਰੱਖੇ ਹੋਏ ਹਨ। ਪਤਾ ਨਹੀਂ ਇੰਨੇ ਨਾਂ ਯਾਦ ਕਿਵੇਂ
ਰੱਖ ਲੈਂਦੀ ਹੈ। ਇਕ ਦਿਨ ਉਸ ਦਾ ਡੱਡੂ ਆਪਣੇ ਛੱਪੜ ਵਿਚੋਂ ਨਿਕਲ ਕੇ ਕਿਤੇ ਭੱਜ ਗਿਆ ਤਾਂ
ਦਫ਼ਤਰ ਆਉਂਦੀ ਹੀ ਕਹਿਣ ਲੱਗੀ, “ਮਿਸਿਜ਼ ਸਿੰਘ, ਆਈ ਐਮ ਵੈਰੀ ਸੈਡ ਟੁਡੇ!” ਮੈਂ ਹੈਰਾਨੀ
ਨਾਲ ਪੁੱਛਿਆ, “ਵਟ ਹੈਪਨਡ?”
“ਵ੍ਹੀ ਹੈਵ ਲੌਸਟ ਆਵਰ ਬਿਲੀ!” ਉਹ ਬੜੀ ਉਦਾਸ ਹੋ ਕੇ ਬੋਲੀ। ਮੈਨੂੰ ਪਤਾ ਹੈ ਕਿ ਬਿਲੀ ਉਸ
ਦਾ ਡੱਡੂ ਹੈ, ਇਸ ਲਈ ਮੈਂ ਹੱਸ ਕੇ ਕਿਹਾ, “ਜਰੂਰ ਉਹਨੂੰ ਕੋਈ ਡੱਡੀ ਭਜਾ ਕੇ ਲੈ ਗਈ ਹੋਣੀ
ਐ!” ਉਹ ਵੀ ਥੋੜਾ ਹੱਸੀ ਪਰ ਫਿ਼ਰ ਉਦਾਸ ਹੋ ਗਈ ਤਾਂ ਮੈਂ ਸੰਜੀਦਾ ਹੋ ਕੇ ਹਮਦਰਦੀ ਭਰੇ
ਲਹਿਜੇ ਵਿਚ ਆਖਿਆ, “ਡੋਂਟ ਵਰ੍ਹੀ ਡੈਬੀ, ਯੂਅਰ ਬਿਲੀ ਵਿਲ ਬੀ ਹੋਮ ਸੂਨ!”
ਉਂਝ ਕਹਿਣਾ ਤਾਂ ਮੈਂ ਇਹ ਚਾਹੁੰਦੀ ਸਾਂ ਕਿ ਡੱਡੂ ਹੀ ਤਾਂ ਹੈ! ਪਰ ਕਹਿ ਨਹੀਂ ਸਕੀ ... ਤੇ
ਪੂਰਾ ਦਿਨ ਮੇਰੇ ਮੂੰਹ ’ਚ ਇਹ ਬੋਲੀ ਫਿਰਦੀ ਰਹੀ, ‘ਕਪੜੇ ਧੋਂਦੀ ਨੂੰ ਅੱਖ ਮਾਰ ਗਿਆ
ਡੱਡੂ!’
ਡੈਬੀ ਦੇ ਘਰ ਦੀ ਯਾਦ ਆਉਂਦੇ ਹੀ ਮੈਨੂੰ ਉਸ ਦਿਨ ਦੀ ਯਾਦ ਵੀ ਆ ਗਈ ਹੈ ਜਿਸ ਦਿਨ ਉਸਨੇ
ਮੈਨੂੰ ਆਪਣੇ ਘਰ ਲੰਚ ’ਤੇ ਬੁਲਾਇਆ ਸੀ ਤੇ ਰਸਮੀ ‘ਹਾਇ ਹੈਲੋ’ ਤੋਂ ਬਾਅਦ, ਉਹ ਇਕਦਮ ਆਪਣੇ
ਪਰਿਵਾਰ ਦੇ ਨਾਲ ਮਿਲਾਉਣ ਤੁਰ ਪਈ ਸੀ, “ਲੈਟ ਮੀ ਇੰਟਰੋਡਿਊਜ਼ ਯੂ ਟੂ ਮਾਈ ਫੈਮਿਲੀ!” ਤੇ
ਉਹ ਦ੍ਰਿਸ਼ ਇਸ ਸਮੇਂ ਵੀ ਮੇਰੀਆਂ ਅੱਖਾਂ ਵਿਚ ਦੀ ਗੁਜ਼ਰ ਰਿਹਾ ਹੈ:
ਮਂੈ ਡੈਬੀ ਦੇ ਪਿੱਛੇ ਪਿੱਛੇ ਇਕ ਕਮਰੇ ਵਿਚ ਜਾ ਰਹੀ ਹਾਂ। ਵੱਡੇ ਦਰਵਾਜੇ ਵਿਚ ਇਕ ਮੋਟੀ
ਤਾਜ਼ੀ ਬਿੱਲੀ ਧੁੱਪ ਸੇਕ ਰਹੀ ਹੈ। ਡੈਬੀ ਉਸ ਵਲ ਇਸ਼ਾਰਾ ਕਰ ਕੇ ਮੈਨੂੰ ਕਹਿ ਰਹੀ ਹੈ, “ਇਹ
ਸਾਡੀ ਕਿਟੀ ਹੈ, ਇਹ ਹੁਣ ਬੁੱਢੀ ਹੋ ਗਈ ਹੈ ਤੇ ਜਿਆਦਾ ਹਿਲਣਾ ਜੁਲਣਾ ਪਸੰਦ ਨਹੀਂ ਕਰਦੀ।
ਇਹਨੂੰ ਧੁੱਪ ਸੇਕਣੀ ਬਹੁਤ ਚੰਗੀ ਲਗਦੀ ਹੈ। ਇਹ ਜਿਆਦਾਤਰ ਇਥੇ ਹੀ ਬੈਠੀ ਰਹਿੰਦੀ ਹੈ।”
ਇਕ ਹੋਰ ਬਿੱਲੀ ਬਾਹਰ ਘੁੰਮ ਰਹੀ ਹੈ ਤੇ ਉਸ ਬਾਰੇ ਵੀ ਡੈਬੀ ਦਾ ਤਬਸਰਾ ਸ਼ੁਰੂ ਹੋ ਗਿਆ ਹੈ,
“ਇਹ ਟੈਮੀ ਹੈ ਤੇ ਇਹ ਬਾਹਰ ਘੁੰਮਣਾ ਬਹੁਤ ਪਸੰਦ ਕਰਦੀ ਹੈ। ਇਹ ਪੂਰੀ ਘੁਮੱਕੜ ਹੈ।”
‘ਲਉ ਆਹ ਕੀ!’ ਟੈਮੀ ਨੇ ਸਾਡੇ ਵਲ ਸਰਸਰੀ ਜਿਹੀ ਨਜ਼ਰ ਮਾਰੀ ਹੈ ਅਤੇ ਬੜੀ ਮਿਜਾਜ਼ ਨਾਲ
ਦੂਜੇ ਪਾਸੇ ਚਲੀ ਗਈ ਹੈ । ਮੈਂ ਸੋਚਦੀ ਰਹੀ, ‘ਲਉ, ਮਹਾਰਾਣੀ ਦੇ ਮਿਜਾਜ਼ ਤਾਂ ਦੇਖੋ!’ ਤੇ
ਹੁਣ ਅਸੀਂ ਡੈਬੀ ਦੇ ਬੈੱਡਰੂਮ ਵਿਚ ਹਾਂ। ਦੁੱਧ ਚਿੱਟਾ ਸਾਫ ਸੁਥਰਾ ਬੈੱਡ ਵਿਛਿਆ ਹੋਇਆ ਹੈ।
‘ਆਹ ਗੁੱਛਾ ਜਿਹਾ ਪਤਾ ਨਹੀਂ ਕੀ ਪਿਐ, ਬੈੱਡ ਕਵਰ ਦੇ ਹੇਠਾਂ?’ ਡੈਬੀ ਨੇ ਬੈੱਡ ਕਵਰ
ਚੁੱਕਿਆ ਹੈ ਤਾਂ ਪਤਾ ਲੱਗਾ ਹੈ ਕਿ ਇਹ ਤਾਂ ਇਕ ਦੁੱਧ ਚਿੱਟੀ ਬਿੱਲੀ ਹੈ। ਡੈਬੀ ਉਹਦੇ
ਪਿੰਡੇ ’ਤੇ ਪਿਆਰ ਨਾਲ ਹੱਥ ਫੇਰ ਰਹੀ ਹੈ ਤੇ ਮੈਨੂੰ ਦੱਸ ਰਹੀ ਹੈ ਕਿ ਇਹ ਸਾਡੀ
‘ਸਨੋਅ-ਵ੍ਹਾਈਟ’ ਹੈ, ਇਹ ਬਹੁਤ ਸ਼ਰਮਾਕਲ ਹੈ ਤੇ ਇਥੇ ਲੁਕ ਕੇ ਸੌਣਾ ਇਸਨੂੰ ਬਹੁਤ ਪਸੰਦ
ਹੈ।
ਡੈਬੀ ਮੈਨੂੰ ਆਪਣੇ ਸਾਰੇ ‘ਪੈਟਸ’ ਨਾਲ ਇਕ ਇਕ ਕਰਕੇ ਬੜੇ ਚਾਅ ਨਾਲ ਮਿਲਾ ਰਹੀ ਹੈ । ਉਹਨਾਂ
ਦੇ ਨਾਂ ਵੀ ਦਸਦੀ ਜਾਂਦੀ ਹੈ। ਇਹ ਸਭ ਕੁਛ ਮੇਰੇ ਲਈ ਤਾਂ ਅਚੰਭੇ ਤੋਂ ਘੱਟ ਨਹੀਂ। ਪਰ
ਇਨ੍ਹਾਂ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਹੈ, ਫਿਰ ਵੀ ਮੈਂ ਮੁਸਕਰਾ ਕੇ ਸਿਰ ਹਿਲਾਈ ਜਾ ਰਹੀ
ਹਾਂ।
ਲਉ ਜੀ, ਹੁਣ ਡੈਬੀ ਇਹ ਦੱਸਣ ਲਗ ਪਈ ਹੈ, ਕਿਹੜੇ ਜਾਨਵਰ ਨੂੰ ਕਿਹੜੇ ਬਿਸਕੁੱਟ ਤੇ ਕਿਹੜੀ
‘ਪੈਟ ਫੀਡ’ ਪਸੰਦ ਹੈ, ਤੇ ਫਿਰ ਮੈਨੂੰ ਗੈਰਾਜ ਵਿਚ ਲੈ ਆਈ ਹੈ। ਇੱਥੇ ਉਸ ਦੇ ਕੁੱਤੇ ਦਾ ਘਰ
ਬਣਿਆ ਹੋਇਆ ਹੈ। ਇਕ ਬੈੱਡ ’ਤੇ ਇਕ ਕੁੱਤਾ ਲੰਮਾ ਪਿਆ ਹੈ ਤੇ ਡੈਬੀ ਉਦਾਸ ਸੁਰ ਵਿਚ ਦੱਸ
ਰਹੀ ਹੈ: “ਬੁਲੇਟ ਚੌਦ੍ਹਾਂ ਸਾਲਾਂ ਦਾ ਹੋ ਗਿਆ ਹੈ ਤੇ ਵਿਚਾਰੇ ਨੂੰ ਜੋੜਾਂ ਦੀ ਬਿਮਾਰੀ ਹੋ
ਗਈ ਹੈ। ਵੇਖ ਇਸਦੀਆਂ ਲੱਤਾਂ ਵਿੰਗੀਆਂ ਹੋ ਗਈਆਂ ਨੇ, ਇਸ ਤੋਂ ਤੁਰ ਨਹੀਂ ਹੁੰਦਾ, ਬਹੁਤ
ਦਰਦ ਰਹਿੰਦਾ ਹੈ। ਅਸੀਂ ਤਿੰਨ ਵੇਲੇ ਜੋੜਾਂ ਦੇ ਦਰਦ ਦੀ ਦੁਆਈ ਖੁਆਉਂਦੇ ਹਾਂ। ਉਂਝ ਇਹਨੂੰ
ਦੁਆਈ ਬਹੁਤ ਸੁਆਦ ਲਗਦੀ ਹੈ।”
“ਵਾਓ! ਯੂਅਰ ਫੇਮਿਲੀ ਇਜ਼ ਸੋ ਬੀਊਟੀਫੁੱਲ, ਨਾਈਸ ਮੀਟਿੰਗ ਸੱਚ ਏ ਲਵਲੀ ਫੈਮਿਲੀ!” ਮੈਂ ਇਹ
ਕਿਹਾ ਏ ਤਾਂ ਉਸੇ ਵੇਲੇ ਇਕ ਬਿੱਲੀ ਮੇਰੇ ਪੈਰਾਂ ’ਚ ਆ ਕੇ ਬੈਠ ਗਈ ਹੈ। ‘ਏਂਜਲ ਏਂਜਲ’
ਡੈਬੀ ਉਸਨੂੰ ਮੇਰੇ ਪੈਰਾਂ ਵਿਚੋਂ ਚੁੱਕ ਗੋਦੀ ਵਿਚ ਲੈ ਕੇ ਪਲੋਸਣ ਲਗ ਪਈ ਹੈ ਤੇ ਮੇਰੇ ਵੱਲ
ਇਸ਼ਾਰਾ ਕਰਕੇ ਉਸਨੂੰ ਕਹਿ ਰਹੀ ਹੈ, “ਸ਼ੀ ਇਜ਼ ਮਿਸਿਜ਼ ਸਿੰਘ, ਮਾਈ ਫਰੈਂਡ, ਸੇ ਹੈਲੋ ਟੂ
ਹਰ, ਏਂਜਲ!”
“ਹਾਇ ਏਂਜਲ!” ਮੈਂ ਉਸ ਵੱਲ ਹੱਥ ਕਰ ਕੇ ਕਿਹਾ ਹੈ ਤਾਂ ਉਸ ਬਿੱਲੀ ਦੀ ਸਰਸਰਾਹਟ ਮੇਰੇ
ਪੈਰਾਂ ਵਿਚ ਮਹਿਸੂਸ ਹੋਈ ਹੈ ... ਇਸ ਦੇ ਨਾਲ ਹੀ ਮੇਰਾ ਧਿਆਨ ਟੁੱਟ ਗਿਆ ਹੈ ਅਤੇ ਮੈਂ ਫਿਰ
ਆਪਣੇ ਫੈਮਿਲੀ ਰੂਮ ਵਿਚ ਆ ਬੈਠੀ ਹਾਂ ਤੇ ਉਸ ਕਤੂਰੇ ਬਾਰੇ ਮੁੜ ਸੋਚਣ ਲਗ ਪਈ ਹਾਂ: ‘ਹਾਇ
ਵਿਚਾਰਾ, ਰੱਬ ਦਾ ਜੀਅ ... ਜਾਵਾਂ ਚੁੱਕ ਲਿਆਵਾਂ ... ਪਰ... ਪਰ ... ਵਾਲ ... ਬੋਅ ...
ਗੰਦਗੀ! ਨਹੀਂ ਮੈਂ ਨਹੀਂ ... ਮੈਂ ਡੈਬੀ ਨਹੀਂ ... ਮੈਂ ਚਿੰਤਨ ਨਹੀਂ! ਮੇਰੇ ਕੋਲੋਂ ਤਾਂ
ਨਹੀਂ ਹੋ ਸਕਣਾ ਇਹ ਸਭ ਕੁਛ।’
‘ਪਰ ਕੀ ਬਣਿਆ ਹੋਊ ਉਸ ਦਾ? ਲੈਅ, ਉਹ ਹੁਣ ਤੱਕ ਕਿਤੇ ਉਥੇ ਹੀ ਪਿਆ ਹੋਣੈ! ਲੈ ਗਏ ਹੋਣੇ ਆ
‘ਐਨੀਮਲ ਸ਼ੈਲਟਰ’ ਵਾਲੇ ਚੁੱਕ ਕੇ ਕਿਸੇ ਨਿੱਘੇ ਸ਼ੈਲਟਰ ਵਿਚ ...!’
‘ਐਨੀਮਲ ਸ਼ੈਲਟਰ?’ ਸ਼ਬਦ ਜ਼ਿਹਨ ’ਚ ਉਭਰਦੇ ਹੀ ਇਸ ਬਾਰੇ ਕੁਝ ਹੋਰ ਯਾਦ ਆ ਰਿਹਾ ਹੈ! ਹਾਂ,
ਇਕ ਦਿਨ ਸਾਡੀ ਗੁਆਂਢਣ, ਮਿਸਿਜ਼ ਰੰਧਾਵਾ ਕੁਛ ਕਹਿ ਰਹੀ ਸੀ ‘ਐਨੀਮਲ ਸ਼ੈਲਟਰ’ ਬਾਰੇ ...
ਹਾਂ, ਹਾਂ ਸੱਚ, ਯਾਦ ਆ ਗਿਆ, ਕਹਿੰਦੀ ਸੀ, “ਸ਼ੇਰੂ ਨੂੰ ‘ਐਨੀਮਲ ਸ਼ੈਲਟਰ’ ਛੱਡਣ ਜਾਣੈ
...।”
“ਕਿਉਂ?” ਮੈਂ ਪੁੱਛਿਆ ਤਾਂ ਬੋਲੀ, “ਤੈਨੂੰ ਪਤਾ ਹੈ ਨਾ ਪਿਛਲੇ ਮਹੀਨੇ ਸਾਡਾ ਦੂਜਾ ਕੁੱਤਾ
ਜੈਕੀ ਭੱਜ ਗਿਆ ਸੀ ਤੇ ਸ਼ੇਰੂ ਇਕੱਲਾ ਰਹਿ ਗਿਆ ਹੈ, ਇਸ ਲਈ ਡਿਪਰੈਸ਼ਨ ਵਿਚ ਚਲਾ ਗਿਆ ਹੈ।”
“ਯੂ ਮੀਨ ਕੁੱਤਾ ਡਿਪਰੈਸ਼ਨ ਵਿਚ ਚਲਾ ਗਿਐ? ਮੇਰਾ ਮਤਲਬ ਸ਼ੇਰੂ!” ਮੈਂ ਹੈਰਾਨੀ ਪ੍ਰਗਟ
ਕੀਤੀ ਤਾਂ ਕਹਿਣ ਲੱਗੀ, “ਹਾਂ ਸ਼ੀਤਲ, ਸ਼ੇਰੂ! ਇਹ ਜਾਨਵਰ ਵੀ ਤਾਂ ਆਪਣੇ ਵਰਗੇ ਹੀ ਹੁੰਦੇ
ਨੇ। ਸ਼ੇਰੂ ਤਾਂ ਉਸ ਦਿਨ ਦਾ ਨਾ ਕੁਛ ਖਾਂਦੈ ਨਾ ਪੀਂਦੈ, ਬਸ ਰੋਈ ਜਾਂਦੈ।”
ਫਿਰ ਕੁਛ ਦਿਨਾਂ ਬਾਅਦ ਮੈਂ ਮਿਸਿਜ਼ ਰੰਧਾਵਾ ਨੂੰ ਫੋਨ ਕੀਤਾ ਤਾਂ ਪੁੱਛ ਹੀ ਲਿਆ, “ਭਾਬੀ
ਜੀ ਫਿਰ ਛੱਡ ਆਏ ਸੀ, ਉਸ ਦਿਨ ਸ਼ੇਰੂ ਨੂੰ ਐਨੀਮਲ ਸ਼ੈਲਟਰ?” ਤੇ ਉਹ ਦੱਸਣ ਲੱਗ ਪਈ, “ਨਾ
ਕਿੱਥੇ, ਸ਼ੀਤਲ! ਸ਼ੇਰੂ ਤਾਂ ਜਾਵੇ ਈ ਨਾ, ਬੜਾ ਈ ਰੋਵੇ। ਫਿਰ ਮੇਰਾ ਜੀਅ ਹੀ ਨਹੀਂ ਕੀਤਾ
ਛੱਡਣ ਜਾਣ ਨੂੰ ...।”
“ਫਿਰ ਅੱਜ ਸੈਰ ਤੇ ਜਾਣੈ, ਬੜੇ ਦਿਨਾਂ ਤੋਂ ਗਏ ਨ੍ਹੀਂ।” ਮੈਂ ਮੁੱਦਾ ਬਦਲ ਦਿੱਤਾ ਤਾਂ ਉਹ
ਰੁਆਂਸੀ ਜਿਹੀ ਫਿਰ ਬੋਲੀ, “ਨਹੀਂ! ਅੱਜ ਮੈਂ ਸ਼ੇਰੂ ਦੇ ਕੋਲ ਬੈਠ ਕੇ ਸੁਖਮਨੀ ਸਾਹਿਬ ਦਾ
ਪਾਠ ਕਰਨੈ ... ਬੜਾ ਬਿਮਾਰ ਹੈ ਵਿਚਾਰਾ ... ਪਾਠ ਸੁਣ ਕੇ ਉਸਨੂੰ ਕੁਛ ਰਾਹਤ ਮਿਲਦੀ ਹੈ।”
“ਅੱਛਾ ਜੀ!” ਮੈਂ ਫੋਨ ਰੱਖ ਦਿਤਾ ਤੇ ਸੋਚੀਂ ਪੈ ਗਈ, “ਕੀ ਕੁੱਤਾ ਵੀ ਪਾਠ ਸਮਝ ਸਕਦਾ?”
ਉਸ ਤੋਂ ਕਈ ਦਿਨਾਂ ਬਾਅਦ ਮੈਂ ਉਹਨਾਂ ਦੇ ਘਰ ਗਈ ਤਾਂ ਮਿਸਿਜ਼ ਰੰਧਾਵਾ ਸ਼ੇਰੂ ਦੀ
ਟਹਿਲ-ਸੇਵਾ ਵਿਚ ਜੁੱਟੇ ਹੋਏ ਹਨ। ਉਹ ਗੈਰਾਜ ਵਿਚ ਕੁਰਸੀ ਤੇ ਬੈਠੇ ਕਦੇ ਉਸਦਾ ਮੂੰਹ
ਪਲੋਸਦੇ ਤੇ ਕਦੇ ਤੌਲੀਏ ਨਾਲ ਅੱਖਾਂ ਸਾਫ਼ ਕਰ ਰਹੇ ਸਨ ਅਤੇ ‘ਵਾਹਿਗੁਰੂ! ਵਾਹਿਗੁਰੂ!’ ਕਰੀ
ਜਾਂਦੇ ਸਨ।
ਮੈਂ ਚੁੱਪ-ਚਾਪ ਵੇਖ ਰਹੀ ਸਾਂ ਕਿ ਮਿਸਿਜ਼ ਰੰਧਾਵਾ ਦੱਸਣ ਲੱਗ ਪਏ, “ਇਹ ਭੋਰਾ ਕੁ ਸੀ,
ਜਦੋਂ ਕਿਤੋਂ ਰੋਂਦੇ ਨੂੰ ਚੁੱਕ ਲਿਆਇਆ ਸੀ, ਆਪਣਾ ਸ਼ੌਨ! ਹੁਣ ਸੋਲ੍ਹਾਂ ਸਾਲਾਂ ਦਾ ਹੋ
ਗਿਐ, ਪਰ ਬੜਾ ਸੁਹਣਾ ਸੀ ਅਜੇ, ਰੋਜ ਸਵੇਰੇ ਇਕ ਪਰੌਂਠਾ ਮੱਖਣ ਨਾਲ ਖਾਂਦਾ ਸੀ! ਪਰ ਜੈਕੀ
ਦੇ ਜਾਣ ਦਾ ਗਮ ਲਾ ਲਿਆ।”
“ਆਹ ਬਿਸਕੁੱਟ ਇਹਨੂੰ ਬੜੇ ਪਸੰਦ ਨੇ ਪਰ ਮਜਾਲ ਕੀ ਜੇ ਅੱਜ ਇਹਨਾਂ ਨੂੰ ਮੂੰਹ ਵੀ ਲਾਇਆ
ਹੋਵੇ। ਕਦੇ ਇਸ ਨੇ ਕਮਰਾ ਗੰਦਾ ਨਹੀਂ ਕੀਤਾ ਸੀ, ਪਰ ਅੱਜ ‘ਐਕਸੀਡੈਂਟ’ ਹੋ ਗਿਆ ਤਾਂ ਮੇਰੇ
ਵੱਲ ਇੰਝ ਵੇਖੀ ਜਾਵੇ ਜਿਵੇਂ ‘ਸੌਰੀ’ ਕਹਿੰਦਾ ਹੋਵੇ। ਮੈਂ ਕਿਹਾ, ‘ਸ਼ੇਰੂ ਬੇਬੀ ਕੋਈ ਗੱਲ
ਨਹੀਂ, ਮੈਂ ਸਾਫ਼ ਕਰ ਦਿਆਂਗੀ।’ ਤਾਂ ਸ਼ਰਮਿੰਦਾ ਜਿਹਾ ਹੋ ਕੇ ਰੋਣ ਲੱਗ ਪਿਆ ਤੇ ਫਿਰ ਰੋਈ
ਜਾਵੇ ...।”
ਤੇ ਫਿਰ ਉਹਨੂੰ ਮੁਖਾਤਿਬ ਹੋ ਕੇ ਉਹ ਕਹਿਣ ਲੱਗੇ, “ਸ਼ੇਰੂ ਬੇਬੀ! ਹੁਣ ਤੂੰ ਸਾਨੂੰ ਛੱਡ ਕੇ
ਜਾਣਾ ਚਾਹੁੰਦੈਂ ... ਤਾਂ ਜਾ ਬੇਟਾ, ਚਲਾ ਜਾਹ ... ਮੈਨੂੰ ਪਤੈ ਤੂੰ ਤਕਲੀਫ਼ ’ਚ ਆਂ ...
ਮੇਰੇ ਕੋਲੋਂ ਤੇਰੀ ਤਕਲੀਫ਼ ਨਹੀਂ ਝੱਲੀ ਜਾਂਦੀ ... ਜਾਹ ਤੂੰ, ਚਲੇ ਜਾਹ ਬੇਟਾ ...!”
ਉਨ੍ਹਾਂ, ਉਸ ਦੀ ਪਿਠ ’ਤੇ ਹੱਥ ਰਖ ਲਿਆ ਤੇ ਪਾਠ ਕਰਣ ਲਗ ਪਏ ਤਾਂ ਮੈਂ ਉਠ ਕੇ ਆਪਣੇ ਘਰ ਆ
ਗਈ।
ਫਿਰ ਇਕ ਦਿਨ ਉਨ੍ਹਾਂ ਦਾ ਫੋਨ ਆਇਆ ਤਾਂ ਬੜੀ ਉਦਾਸ ਆਵਾਜ਼ ਵਿਚ ਕਹਿ ਰਹੇ ਸਨ, “ਸ਼ੇਰੂ
ਪੂਰਾ ਹੋ ਗਿਆ ਸੀ, ਸ਼ੀਤਲ! ਬੱਚੇ ਕਹਿੰਦੇ ਅਸੀਂ ਉਸਨੂੰ ‘ਬਰੀ’ ਨਹੀਂ, ‘ਕਰੀਮੇਟ’ ਕਰਨਾ ਹੈ।
ਉਸ ਦਾ ਸਸਕਾਰ ਕਰਨ ਤੋਂ ਬਾਅਦ, ਕੱਲ੍ਹ ਅਸੀਂ ਉਸਦੀਆਂ ਅਸਥੀਆਂ ਜਲ ਪ੍ਰਵਾਹ ਕਰ ਕੇ ਆਏ ਹਾਂ।
ਘਰ ਪਾਠ ਵੀ ਕਰਵਾਇਆ ਸੀ ਤੇ ਉਸਨੂੰ ਜੋ ਵੀ ਖਾਣਾ ਚੰਗਾ ਲਗਦਾ ਸੀ, ਗੁਰਦਵਾਰੇ ਵੀ ਦੇ ਆਏ ਸੀ
... ਬੜੀ ਚੰਗੀ ਰੂਹ ਸੀ ਵਿਚਾਰਾ, ਸ਼ੇਰੂ! ਸੋਚਿਆ, ਤੁਹਾਨੂੰ ਵੀ ਦੱਸ ਈ ਦੇਵਾਂ।”
“ਵੈਰੀ ਸੌਰੀ ਭਾਬੀ ਜੀ, ਸਾਹਮਣੇ ਰਹਿੰਦਿਆਂ ਵੀ ਸਾਨੂੰ ਪਤਾ ਹੀ ਨਹੀਂ ਲੱਗਾ।” ਮੈਂ ਇੰਨਾ
ਕੁ ਹੀ ਹੋਰ ਕਹਿ ਸਕੀ ਸਾਂ, “ਨਹੀਂ ਤਾਂ ਅਸੀਂ ਵੀ ਉਹਦੀ ਕਰੀਮੇਸ਼ਨ ਵਿਚ ਜਰੂਰ ਸ਼ਾਮਲ
ਹੁੰਦੇ!”
... ਤੇ ਇਨ੍ਹਾਂ ਸਾਰੀਆਂ ਯਾਦਾਂ ਦੀ ਇਸ ਫਲੈਸ਼-ਬੈਕ ਨਾਲ, ਇਕ ਬਾਰ ਫਿਰ ਮੇਰੇ ਸਾਹਮਣੇ ਉਹ
ਸਾਰੇ ਆ ਖੜੋਏ ਹਨ - ਚਿੰਤਨ, ਡੈਬੀ ਤੇ ਮਿਸਿਜ਼ ਰੰਧਾਵਾ ਅਤੇ ਉਨ੍ਹਾਂ ਦੇ ਸਾਰੇ ਦੇ ਸਾਰੇ
ਪੈਟਸ ਤੇ ਉਹ ਸਾਰੇ ਮੈਨੂੰ ਘੂਰ ਘੂਰ ਕੇ ਕਹਿ ਰਹੇ ਨੇ, “ਉਠ! ਜਾ ਕੇ ਉਸ ਕਤੂਰੇ ਨੂੰ ਚੁੱਕ
ਲਿਆ ਆਪਣੇ ਘਰ!”
ਪਰ ਮੇਰੀ ਨਜ਼ਰ ਘੜੀ ਤੇ ਟਿਕ ਗਈ ਹੈ, ਮੈਨੂੰ ਘਰ ਆਇਆਂ ਦੋ ਘੰਟੇ ਹੋ ਗਏ ਹਨ। ਮੇਰੇ ਪਤੀ ਵੀ
ਕੰਮ ਤੋਂ ਘਰ ਆਉਣ ਹੀ ਵਾਲੇ ਨੇ, ਇਸ ਲਈ ਮੈਂ ਜਾਨਵਰਾਂ ਵਾਲੇ ਇਸ ਸੰਸਾਰ ਦੀ ਚੀਖ ਪੁਕਾਰ
ਨੂੰ ਅਣਸੁਣੀ ਕਰਕੇ ਰੋਟੀ ਪਕਾਉਣ ਦੇ ਆਹਰ ਵਿਚ ਜੁੱਟ ਗਈ ਹਾਂ।
ਇਹ ਘਰ ਆਏ ਹਨ ਤਾਂ ਇਹ ਵੀ ਠੰਢ ਤੇ ਥਕਾਵਟ ਨਾਲ ਮਧੋਲੇ ਪਏ ਹਨ ਤੇ ਸਿੱਧੇ ਬਾਥਰੂਮ ਵਿਚ ਜਾ
ਵੜੇ ਹਨ। ਸਵੇਰ ਦੇ ਤਾਂ ਗਏ ਹੋਏ ਹਨ ਆਪਣੇ ਦਫਤਰ, ਤੇ ਹੁਣ ਆਏ ਹਨ ਪੂਰੇ ਬਾਰਾਂ ਘੰਟੇ ਬਾਅਦ
... ਆਪਣੇ ਕੰਮ ਵਿਚ ਤਾਂ ਹੋਰ ਵੀ ਵੱਧ ਕੰਮ ਕਰਨਾ ਪੈਂਦਾ ਹੈ।
ਇਹ ਗਰਮ-ਗਰਮ ਪਾਣੀ ਨਾਲ ਸ਼ਾਵਰ ਲੈ ਕੇ ਆਏ ਹਨ ਤਾਂ ਚਹਿਕ ਰਹੇ ਹਨ, “ਚੱਕ ਲਿਆ ਸ਼ੀਤਲ ਕੌਰੇ,
ਖਾਣ ਪੀਣ ਦਾ ਸਾਮਾਨ ਤੇ ਆ ਜਾ ਤੂੰ ਵੀ, ਅੱਜ ਬੜੀ ਭੁੱਖ ਲੱਗੀ ਹੋਈ ਹੈ।”
“ਲਓ ਜੀ, ਹਾਜ਼ਰ ਹਾਂ ਖਾਣ ਪੀਣ ਦਾ ਸਾਮਾਨ ਲੈ ਕੇ!”
ਅਸੀਂ ਖਾਣਾ ਖਾਣ ਬੈਠੇ ਹਾਂ ਤਾਂ ਹਰ ਰੋਜ਼ ਵਾਂਗ ਸਰਸਰੀ ਗੱਲਾਂ ਚੱਲ ਪਈਆਂ ਹਨ ਪਰ ਮੇਰੇ ਪੇਟ
ਵਿਚ ਉਸ ਕਤੂਰੇ ਦੀ ਕਹਾਣੀ ਹਜ਼ਮ ਨਹੀਂ ਹੋ ਰਹੀ ਤੇ ਮੈਂ ਉਸ ਨੂੰ ਦੁਖਾਂਤਿਕ ਦੀ ਬਜਾਇ, ਰੌਚਕ
ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।
“ਅੱਜ ਦਫਤਰ ਤੋਂ ਆ ਕੇ ਮੈਂ ਤਾਂ ਕੁੱਤਿਆਂ ਬਿੱਲਿਆਂ ਦੇ ਅੰਗ-ਸੰਗ ਬੈਠੀ ਰਹੀ, ਇਸ ਲਈ ਤਾਜ਼ਾ
ਦਾਲ ਸਬਜ਼ੀ ਵੀ ਨਹੀਂ ਬਣਾ ਸਕੀ!”
“ਅੱਛਾ!”
“ਓਹ ਯ੍ਹਾ, ਜਦੋਂ ਘਰ ਆ ਰਹੀ ਸਾਂ ਤਾਂ ਆਪਣੇ ਆਹ ਘਰ ਵਾਲੇ ਪੁਲ ਤੇ ਇਕ ਕਤੂਰਾ ਠੰਢ ਨਾਲ
ਕੁਕੜੂੰ ਹੋਇਆ ਪਿਆ, ਚੂੰ ਚੂੰ ਕਰ ਰਿਹਾ ਸੀ, ਮੇਰਾ ਮਨ ਕਰੇ ਚੁੱਕ ਲਿਆਵਾਂ ਵਿਚਾਰੇ ਨੂੰ
ਆਪਣੇ ਘਰ… ਪਰ ਜੇਰਾ ਨਹੀਂ ਪਿਆ, ਸੋਚਿਆ, ਉਹਦੇ ਨਾਲ ਕਿੰਨਾ ਕੰਮ ਹੋਰ ਵਧ ਜਾਣੈ!”
“ਇਹ ਚੋਹਲ ਮੋਹਲ ਤਾਂ ਵਿਹਲੇ ਬੰਦਿਆਂ ਲਈ ਹੁੰਦੇ ਆ, ਤੇ ਆਪਣੇ ਕੋਲ ਵਕਤ ਹੀ ਕਿੱਥੇ ਏ?
ਆਪਾਂ ਉਦੋਂ ਨਹੀਂ ਰੱਖਿਆ ਕੁੱਤਾ, ਜਦੋਂ ਬੱਚੇ ਛੋਟੇ ਸੀ ਤੇ ਜ਼ਿਦ ਕਰ ਰਹੇ ਸੀ। ਇਹੀ ਸੋਚ ਕੇ
ਨਹੀਂ ਸੀ ਰੱਖਿਆ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਏ ਤੇ ਆਪਣਾ ਵਕਤ ਬਰਬਾਦ ਹੋਣਾ
ਏ!”
“ਫਿਰ ਚਿੰਤਨ ਦਾ ਫੋਨ ਆ ਗਿਆ, ਬੜਾ ਰੋ ਰਹੀ ਸੀ। ਕਹਿੰਦੀ ਟੀਵੀ ਦੇਖ ਦੇਖ ਕੇ ਮਨ ਹੀ ਨਹੀਂ
ਖਲੋਂਦਾ ... ਬੱਸ ਟਾਵਰਾਂ ’ਚੋਂ ਅੱਗ ਦੀਆਂ ਲਪਟਾਂ ਦਿਖਦੇ ਹੀ ਦਿਲ ਨੂੰ ਘੇਰ ਪੈਣ ਲੱਗ
ਜਾਂਦੀ ਏ!”
“ਉਸ ਵਿਚਾਰੀ ਦੇ ਪੱਲੇ ਤਾਂ ਹੁਣ ਰੋਣਾ ਈ ਰੋਣਾ ਏ। ਕਿੰਨੇ ਲਾਡ ਪਿਆਰ ਤੇ ਮਿਹਨਤ ਮੁਸ਼ੱਕਤ
ਨਾਲ ਪਾਲੀਦਾ ਬੱਚਿਆਂ ਨੂੰ ... ਤੇ ਉਹ ਜਦੋਂ ਬਾਤ ਵੀ ਨਹੀਂ ਪੁੱਛਦੇ ਤਾਂ ਰੋਣ ਤੋਂ ਸਿਵਾਏ
ਹੋਰ ਬਚਦਾ ਵੀ ਕੀ ਏ! ਫਿਰ ਉਸ ਵਿਚਾਰੀ ਦਾ ਬੰਦਾ ਵੀ ਤਾਂ ਬਹੁਤ ਛੇਤੀ ਤੁਰ ਗਿਆ, ਇਸ ਲਈ
ਉਹਦੇ ਰੋਣ ਦੇ ਹੋਰ ਵੀ ਕਈ ਕਾਰਣ ਆ ... ਸਿਰਫ਼ ਅੱਗ ਦੀਆਂ ਲਪਟਾਂ ਕਰ ਕੇ ਨਹੀਂ ਰੋ ਰਹੀ
ਉਹ!”
“ਪਰ ਮੈਨੂੰ ਵੀ ਤਾਂ ਇਸ ਹਾਦਸੇ ਤੋਂ ਮਗਰੋਂ ਟੀਵੀ ਦੇਖ ਕੇ ਅਕਸਰ ਰੋਣ ਆ ਹੀ ਜਾਂਦਾ!”
“ਦੇਖ ਸ਼ੀਤਲ! ਮੈਂ ਤੈਨੂੰ ਇਕ ਗੱਲ ਦੱਸਾਂ, ਇਹ ਸਾਰਾ ਅਮਰੀਕਨ ਮੀਡੀਆ ਇਸ ਹਾਦਸੇ ਨੂੰ ਇੰਜ
ਪੇਸ਼ ਕਰ ਰਿਹਾ, ਜਿਵੇਂ ਇਹ ਦੁਨੀਆ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਆਤੰਕਵਾਦੀ ਹਮਲਾ
ਹੋਵੇ ... ਪਰ ਤੂੰ ਦੱਸ, ਨਾਗਾਸਾਕੀ ਤੇ ਹੀਰੋਸ਼ੀਮਾ ਦੇ ਮੁਕਾਬਲੇ ਇਹ ਕੀ ਹੈ? ਵੀਅਤਨਾਮ ਤੇ
ਹਮਲੇ ਦੇ ਸਾਹਮਣੇ ਇਹ ਕੀ ਹੈ? ਦਰਅਸਲ, ਇਹ ਮੀਡੀਆ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਿਹਾ ਤੇ
ਉਨ੍ਹਾਂ ਨੂੰ ਅਫਗਾਨਿਸਤਾਨ ਤੇ ਹਮਲੇ ਲਈ ਮਾਨਸਿਕ ਤੌਰ ਤੇ ਤਿਆਰ ਕਰ ਰਿਹੈ।”
ਮੈਂਨੂੰ ਪਤਾ ਸੀ ਮੇਰੇ ਪਤੀ ਇਹੀ ਕੁਝ ਕਹਿਣਗੇ, ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਗੱਲਾਂ
ਮੈਂ ਸੁਣ ਚੁੱਕੀ ਹਾਂ, ਇਸ ਲਈ ਮੈਂ ਚੁੱਪ ਕਰ ਗਈ ਹਾਂ ਤੇ ਉਹ ਮੈਨੂੰ ਸਮਝਾਉਣ ਲੱਗ ਪਏ ਹਨ,
“ਇਹ ਜੋ ਮੀਡੀਆ ਭੜਕਾ ਰਿਹਾ, ਇਹ ਆਪਣੇ ਗਲ ਵੀ ਪੈ ਸਕਦਾ, ਕਈ ਗੋਰੇ ਅੱਜ ਮੇਰੀ ਪੱਗ ਨੂੰ
ਹੋਰ ਤਰ੍ਹਾਂ ਘੂਰ ਰਹੇ ਸੀ, ਇਸ ਲਈ ਰੋਣ ਧੋਣ ਦੀ ਬਜਾਇ, ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ
ਹੈ।”
ਉਹ ਇਸ ਬਾਰੇ ਦੱਸਦੇ ਰਹੇ, ਮੈਂ ਸੁਣਦੀ ਰਹੀ ਅਤੇ ਫਿਰ ਅਸੀਂ ਕਈ ਨਵੇਂ ਤੌਖਲੇ ਮਨ ਵਿਚ ਲੈ
ਕੇ ਸੌਂ ਗਏ ਤਾਂ ਪਤਾ ਨਹੀਂ ਉਸ ਕਤੂਰੇ ਦਾ ਖਿਆਲ ਕਦੋਂ ਮੇਰੇ ਦਿਮਾਗ਼ ’ਚੋਂ ਨਿਕਲ ਗਿਆ।
ਤੇ ਅੱਜ ਸਵੇਰੇ ਦਫਤਰ ਜਾਣ ਲੱਗੀ ਨੇ ਕਾਰ ਬਾਹਰ ਕੱਢਣ ਲਈ ਆਪਣਾ ਗੈਰਾਜ ਖੋਲ੍ਹਿਆ ਹੈ ਤਾਂ
ਸਾਹਮਣੇ ਮਿਸਿਜ਼ ਰੰਧਾਵਾ ਦਾ ਗੈਰਾਜ ਵੀ ਖੁੱਲ੍ਹਾ ਹੋਇਆ ਹੈ। ਗੌਰ ਨਾਲ ਉਧਰ ਦੇਖਿਆ ਹੈ ਤਾਂ
ਉਹ ਤੇ ਉਹਨਾਂ ਦਾ ਬੇਟਾ ਸ਼ੌਨ ਕੁਛ ਕਰ ਰਹੇ ਦਿਸ ਰਹੇ ਹਨ ਤੇ ਮੈਂ ‘ਹੈਲੋ ਸ਼ੈਲੋ’ ਕਹਿਣ ਲਈ
ਉਨ੍ਹਾਂ ਵੱਲ ਤੁਰ ਪਈ ਹਾਂ ਅਤੇ ਥੋੜੀ ਦੂਰ ਤੋਂ ਹੀ ਆਵਾਜ਼ ਮਾਰ ਕੇ ਕਹਿ ਰਹੀ ਹਾਂ, “ਭਾਬੀ
ਜੀ, ਕੀ ਕਰ ਰਹੇ ਹੋ!”
“ਆ ਜਾ ਸ਼ੀਤਲ, ਆਹ ਵੇਖ ਸ਼ੌਨ ਕੱਲ੍ਹ ਇਕ ਹੋਰ ਸ਼ੇਰੂ ਚੁਕ ਲਿਆਇਆ!” ਉਹ ਹੱਸਦੇ ਹੱਸਦੇ ਉਸੇ
ਕਤੂਰੇ ਨੂੰ ਤੌਲੀਏ ਨਾਲ ਪੂੰਝੀ ਜਾ ਰਹੇ ਹਨ ਅਤੇ ਕਹਿ ਰਹੇ ਹਨ, “ਵਿਚਾਰਾ, ਕੱਲ੍ਹ ਆਪਣੇ ਘਰ
ਵਾਲੇ ਪੁਲ ’ਤੇ ਠੰਢ ਦਾ ਮਾਰਿਆ ਭਟਕ ਰਿਹਾ ਸੀ ਕਿ ਕੰਮ ਤੋਂ ਘਰ ਆਉਂਦੇ ਹੋਏ ਸ਼ੌਨ ਦੀ ਨਜ਼ਰ
ਪੈ ਗਿਆ ਤਾਂ ਘਰ ਚੁੱਕ ਲਿਆਇਆ!”
“ਦੈਟ’ਸ ਗੁੱਡ!” ਮੈਂ ਐਵੇਂ ਝੂਠਾ ਜਿਹਾ ਮੁਸਕਰਾਈ ਹਾਂ ਤਾਂ ਉਹ ਫਿਰ ਕਹਿ ਰਹੇ ਹਨ:
“ਸ਼ੁਕਰ ਹੈ ਰੱਬ ਦਾ, ਸਾਡਾ ਸ਼ੇਰੂ ਫਿਰ ਮੋੜ ਦਿੱਤਾ, ਸ਼ੌਨ ਉਹਨੂੰ ਬਹੁਤ ਮਿਸ ਕਰਦਾ ਸੀ!”
ਭਾਬੀ ਜੀ ਖੁਸ਼ ਹਨ, ਬੇਟਾ ਸ਼ੌਨ ਵੀ ਖੁਸ਼ ਹੈ ਅਤੇ ਉਨ੍ਹਾਂ ਵੱਲ ਵੇਖ ਕੇ ਮੈਂ ਵੀ ਖੁਸ਼ ਹੋ
ਰਹੀ ਹਾਂ ਤੇ ਉਹ ਕਤੂਰਾ ਪੂਰੇ ਮਜ਼ੇ ਨਾਲ ਉਹ ਹੀ ਬਿਸਕੁੱਟ ਖਾ ਰਿਹਾ ਹੈ, ਜੋ ਸ਼ੇਰੂ ਨੂੰ
ਬਹੁਤ ਪਸੰਦ ਸਨ!
-0-
|