ਜਿੱਥੇ ਮੈਂ ਰਹਿੰਦੀ ਹਾਂ
ਉਥੋਂ ਬਰਕਲੇ ਯੂਨੀਵਰਸਿਟੀ ਇੱਕ ਘੰਟੇ ਦੀ ਵਾਟ ਹੈ । ਕਿਸੇ ਤਰ੍ਹਾਂ ਮੈਂ ਉਨ੍ਹਾਂ ਦੀ ਲਿਸਟ
ਵਿੱਚ ਹਾਂ, ਕਿਓਂਕਿ ਜਦ ਵੀ ਕੋਈ ਬੁਲਾਰਾ ਬਾਹਰਲੇ ਦੇਸ਼ਾਂ ਜਾਂ ਦੂਜੀਆਂ ਯੂਨੀਵਰਸਿਟੀਆਂ ਤੋਂ
ਆਉਂਦਾ ਹੈ ਤਾਂ ਮੈਂਨੂੰ ਸੱਦਾ ਪੱਤਰ ਆ ਜਾਂਦਾ ਹੈ । ਆਮ ਤੌਰ ਤੇ ਇਹ ਇੱਕਠ ਸ਼ੁਕਰਵਾਰ ਦੀ
ਸ਼ਾਮ ਦਾ ਹੁੰਦਾ ਹੈ ਜਿਸ ਵਿੱਚ ਪੂਰੀ ਦੁਨੀਆ ਤੋਂ ਕੋਈ ਕਲਾਕਾਰ, ਲਿਖਾਰੀ , ਸੋਸ਼ਲ ਐਕਟੀਵਿਸਟ
, ਪ੍ਰੋਫੈਸਰ , ਪੱਤਰਕਾਰ ,ਜਾਂ ਕਿਸੇ ਵੀ ਕਲਾ ਨਾਲ ਜੁੜਿਆ ਕੋਈ ਖਾਸ ਮਹਿਮਾਨ ਆਇਆ ਰਹਿੰਦਾ
ਹੈ । ਇਹ ਭਾਸ਼ਣ ਸੁਣਨ ਵਾਲੇ ਹੁੰਦੇ ਹਨ - ਤੇ ਮੈਂ ਉਡੀਕਣ ਲੱਗੀ ਕੇ ਜਦ ਵੀ ਕੋਈ ਪੰਜਾਬੀ
ਆਇਆ ਤਾਂ ਮੈਂ ਜ਼ਰੂਰ ਜਾਵਾਂਗੀ। ਪਿਛਲੇ ਅਕਤੂਬਰ ਮੇਰੀ ਇਹ ਤਮੰਨਾ ਵੀ ਪੂਰੀ ਹੋ ਗਈ ਜਦ
ਮੈਂਨੂੰ ਪਤਾ ਲੱਗਿਆ
ਕਿ
ਆਸਮਾ ਜਹਾਂਗੀਰ ਆ ਰਹੀ ਹੈ । ਉਸ ਬਾਰੇ ਕੋਈ 3 ਕੁ ਸਾਲ ਪਹਿਲਾਂ ਮੈਂ ਕਿਸੇ ਪੱਛਮੀ ਜਰਨਲਿਸਟ
ਰਾਹੀਂ ਬਣਾਈ ਹੋਈ ਡਾਕਿਯੂਮੈਂਟਰੀ ਫਿਲਮ ਦੇਖੀ ਸੀ ਕਿ ਕਿਵੇਂ ਉਹ ਆਪਣੀ ਜਾਨ ਨੂੰ ਵੀ ਖਤਰੇ
ਵਿੱਚ ਪਾ ਕੇ ਔਰਤਾਂ, ਤੇ ਘੱਟ ਗਿਣਤੀ ਦੇ ਲੋਕਾਂ ਦੀ ਮੱਦਦ ਕਰਦੀ ਹੈ । ਤੇ ਇਸ ਬਾਰ ਔਰਤਾਂ
ਦੇ ਅੰਤਰ ਰਾਸ਼ਟਰੀ ਦਿਨ ਤੇ ਲਿਖਣ ਲਈ ਮੈਂਨੂੰ ਉਸ ਤੋਂ ਬਿਨਾ ਕੋਈ ਹੋਰ ਨਾਮ ਨਹੀਂ ਔੜਿਆ।
ਇੱਕ ਵਾਰ ਜਦ ਇੱਕ ਭਾਰਤੀ ਜਰਨਲਿਸਟ ਅਮਿਤਾਵ ਘੋਸ਼ ਨੇ ਉਸ ਦੀ ਇੰਟਰਵਿਊ ਲੈਣ ਜਾਣ ਤੋਂ
ਪਹਿਲਾਂ ਕਿਸੇ ਤੋਂ ਆਸਮਾ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਉਸ ਨੇ ਘੋਸ਼ ਨੂੰ ਦੱਸਿਆ
ਕਿ, "ਜੇ ਤੂੰ ਆਸਮਾ ਨੂੰ ਇੱਕ ਪਾਸੇ ਰੱਖੇਂ ਤੇ ਦਸ ਲੱਖ ਲੋਕਾਂ ਨੂੰ ਦੂਜੇ ਪਾਸੇ ਤਾਂ ਆਸਮਾ
ਹੀ ਜੇਤੂ ਹੋਵੇਗੀ " ! ਇਸ ਤਰ੍ਹਾਂ ਦੀ ਹੈ ਆਸਮਾ ਜਹਾਂਗੀਰ!
ਤੇ ਜਦ ਮੈਂ ਬਰਕਲੇ ਯੂਨੀਵਰਸਿਟੀ ਉਸ ਨੂੰ ਸੁਣਨ ਗਈ ਤਾਂ ਮੈਂਨੂੰ ਇਸ ਗੱਲ ਵਿੱਚ ਥੋੜ੍ਹਾ
ਜਿਹਾ ਵੀ ਝੂਠ ਨਜ਼ਰ ਨਹੀਂ ਆਇਆ । ਇਕਹਿਰੇ ਸਰੀਰ ਦੀ ਪਤਲੀ ਜਿਹੀ ਆਸਮਾ ਜਦ ਬੋਲਦੀ ਹੈ ਤਾਂ
ਸਾਹਮਣੇ ਵਾਲੇ ਨੂੰ ਕੁਝ ਜੁਆਬ ਵਿੱਚ ਔੜਦਾ ਨਹੀਂ। ਉਸ ਦੀ ਮਿੱਠੀ ਮੁਸਕਾਨ ਹੈ, ਤੇ ਬਹੁਤ
ਨਿਮਰ ਤੇ ਹੌਲੀ ਬੋਲਦੀ ਹੈ ਉਹ ਭਾਵੇਂ, ਪਰ ਉਸ ਦੇ ਬੋਲ ਬੁਲੰਦ ਸੁਨੇਹਿਆਂ ਨਾਲ ਭਰੇ ਹੁੰਦੇ
ਹਨ ਤੇ ਉਸ ਦੇ ਅੰਦਾਜ਼ ਤੇ ਸੋਚ ਵਿੱਚ ਸਟੀਲ ਵਰਗੀ ਸਖ਼ਤੀ ਹੈ । ਓਸਲੋ ਵਿੱਚ ਇੱਕ ਵਾਰ ਭਾਸ਼ਣ
ਦੇਣ ਵੇਲੇ ਉਸ ਨੇ ਖੁਦ ਨੂੰ ਇੱਕ ਮਾਮੂਲੀ ਵਕੀਲ ਵਜੋਂ ਮੁਖ਼ਾਤਿਬ ਕੀਤਾ -ਤੇ ਇਹ ਮਾਮੂਲੀ
ਵਕੀਲ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨ ਦੀ ਦੋ ਬਾਰ ਚੇਅਰ ਪਰਸਨ ਰਹਿ ਚੁੱਕੀ ਹੈ
- ਪਾਕਿਸਤਾਨ ਦੀ ਸੁਪਰੀਮ ਕੋਰਟ ਬਾਰ ਐਸੋਸ਼ੀਏਸ਼ਨ ਦੀ ਉਹ ਪਹਿਲੀ ਔਰਤ ਪ੍ਰਧਾਨ ਸੀ। 1998 ਤੋਂ
2004 ਤੱਕ ਉਹ Extrajudicial Arbitrary on Human Rights ਲਈ UNO ਦੀ ਖਾਸ ਰੈਪੋਰਟਰ
(Rapporteur ) ਰਹੀ ਤੇ ਫਿਰ 2004 ਤੋਂ ਲੈ ਕੇ 2010 ਤੱਕ ਧਰਮ ਤੇ ਵਿਸ਼ਵਾਸ਼ ਦੀ ਆਜ਼ਾਦੀ ਲਈ
UNO ਲਈ ਰੈਪੋਰਟਰ ਰਹੀ । ਨੋਬਲ ਪੀਸ ਪ੍ਰਾਈਜ਼ ਲਈ ਉਸ ਦੇ ਨਾਮ ਦਾ ਕਈ ਬਾਰ ਜ਼ਿਕਰ ਹੋ ਚੁੱਕਾ
ਹੈ।
ਆਸਮਾ ਨੂੰ ਜਨਮ ਤੋਂ ਹੀ ਬੇਇਨਸਾਫੀਆਂ ਦੇ ਵਿੱਰੁਧ ਲੜ੍ਹਣ ਦੀ ਗੁੜ੍ਹਤੀ ਮਿਲੀ ਹੈ। ਸਕੂਲ
ਵਿਚੋਂ ਅਲਿਫ ,ਬੇ ਸਿੱਖਣ ਤੋਂ ਪਹਿਲਾਂ ਹੀ ਉਹ ਆਜ਼ਾਦੀ , ਹੱਕ , ਤੇ ਮਨੁੱਖੀ ਅਧਿਕਾਰਾਂ ਦੀ
ਗੱਲ ਕਰਨਾ ਸਿੱਖ ਗਈ ਸੀ - ਉਹ ਯਾਦ ਕਰਦੀ ਹੈ ਕਿ ਬਚਪਨ ਵਿੱਚ ਉਸ ਲਈ ਕੋਰਟ ਦਾ ਮਤਲਬ ਸੀ ਉਹ
ਜਗਹ ਜਿੱਥੇ ਆਪਣੇ ਅੱਬੂ ਨੂੰ ਮਿਲੀਦਾ ਹੈ ਤੇ ਉਹ ਥਾਂ ਜਿਥੋਂ ਇਨਸਾਫ਼ ਮਿਲਦਾ ਹੈ । ਸੁਭਾਵਿਕ
ਸੀ ਉਸ ਦਾ ਵਕੀਲ ਬਣ ਕੇ ਲੋਕਾਂ ਨੂੰ ਇਨਸਾਫ਼ ਦੁਆਉਣਾ । ਉਸ ਦੇ ਅੱਬਾ ਮਲਿਕ ਗੁਲਾਮ ਜ਼ਿਲਾਨੀ
ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 14 ਸਾਲ ਬਿਤਾਏ ਤੇ ਜ਼ਿੰਦਗੀ ਦਾ ਕਾਫੀ ਹਿੱਸਾ ਉਹ
ਸਰਕਾਰ ਵੱਲੋਂ ਹੁਕਮਾਂ ਕਰ ਕੇ ਘਰ ਵਿੱਚ ਹੀ ਕੈਦ ਰਹੇ । ਬੰਗਲਾ ਦੇਸ਼ , ਵਿੱਚ ਜੋ ਹੋਇਆ ,
ਉਸ ਦੇ ਉਹ ਸੱਖ਼ਤ ਵਰਖਿਲਾਫ਼ ਸੀ। ਜਿਲਾਨੀ ਦੀਆਂ ਕਾਰਵਾਈਆਂ ਕਰ ਕੇ 1967 ਵਿੱਚ ਸਰਕਾਰ ਨੇ
ਉਨ੍ਹਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਜਿਸ ਕਰਕੇ ਉਸ ਦੀ ਮਾਂ ਨੂੰ ਉਨ੍ਹਾਂ ਦਿਨਾਂ ਵਿੱਚ
ਖੁਦ ਦਾ ਕਪੜੇ ਦਾ ਵਿਉਪਾਰ ਕਰਨਾ ਪਿਆ ।
ਜਦ ਜ਼ੀਆ -ਉਲ -ਹੱਕ ਦਾ ਕਾਲਾ ਦੌਰ ਆਇਆ ਤਾਂ ਉਸ ਨੂੰ ਪੱਥਰ ਯੁਗ ਦੀਆਂ ਕਦਰਾਂ ਕੀਮਤਾਂ ਨਾਲ
ਜੂਝਣਾ ਪਿਆ । ਉਹ ਅਕਸਰ ਜ਼ੀਆ ਨੂੰ ਅਮਰੀਕਾ ਦਾ ਹੱਥ ਠੋਕਾ ਆਖਦੀ ਹੈ ਜਿਸ ਦੇ ਰਾਜ ਵਿੱਚ
ਇਸਲਾਮਿਕ ਕੱਟੜਪੁਣਾ ਵਧਿਆ । " ਅਮਰੀਕਾ ਦੇ ਇਤਿਹਾਸ ਵਿੱਚ ਤਾਂ ਇੱਕ ਵਾਰ 9/11 ਵਾਪਰਿਆ ਪਰ
ਜ਼ੀਆ ਦੇ ਰਾਜ ਵਿੱਚ ਹਰ ਦਿਨ 9/11 ਸੀ!"- 1980 ਵਿੱਚ ਉਸ ਨੇ ਆਪਣੀ ਭੈਣ ਹਿਨਾ ਜ਼ਿਲਾਨੀ ਨਾਲ
ਮਿਲ ਕੇ ਔਰਤਾਂ ਦੀ ਪਹਿਲੀ ਲਾਅ ਫਰਮ ਬਣਾਈ।
ਅਫ਼ਗਾਨ ਲੜਾਈ ਤੋਂ ਬਾਅਦ ਹੀ ਪਾਕਿਸਤਾਨ ਵਿੱਚ ਹਿੰਸਾ ਵੱਧੀ, ਨਸ਼ਿਆਂ ਦਾ ਵਿਉਪਾਰ ਵੱਧਿਆ,
ਔਰਤਾਂ ,ਘੱਟ ਗਿਣਤੀ ਵਾਲੇ ਹਿੰਦੂਆਂ , ਸਿੱਖਾਂ, ਇਸਾਈਆਂ ਤੇ ਨਿਚਲੀ ਜਮਾਤ ਦੇ ਲੋਕਾਂ ਨਾਲ
ਤਸ਼ਦੱਦ ਵਧਿਆ। ਉਸ ਨੇ ਆਪਣੇ ਲਾਹੌਰ ਦੇ ਦਫਤਰ ਸਾਹਮਣੇ ਇੱਜ਼ਤ ਦੇ ਨਾਮ ਤੇ ਤਲਾਕ ਮੰਗਣ ਆਈਆਂ
ਔਰਤਾਂ ਦੇ ਕਤਲ ਹੁੰਦੇ ਦੇਖੇ।1983 ਵਿੱਚ ਇੱਕ ਅੰਨ੍ਹੀ ਗਰੀਬ ਕੁੜੀ ਸਾਫ਼ਿਆ ਦਾ ਜਦ ਉਸ ਦੇ
ਮਾਲਕਾਂ ਨੇ ਬਲਾਤਕਾਰ ਕੀਤਾ ਤਾਂ ਉਹ ਗਰਭ ਵਤੀ ਹੋ ਗਈ ਤੇ ਜ਼ੀਆ ਦੇ ਨਵੇਂ ਬਣਾਏ ਕਾਨੂੰਨ
ਅਨੁਸਾਰ ਹੁਣ ਉਸ ਦੀ ਜੁੰਮੇਵਾਰੀ ਸੀ ਕਿ ਉਹ ਆਪਣੀ ਬੇਗੁਨਾਹੀ ਸਾਬਿਤ ਕਰੇ ਜਦ ਕਿ ਇੱਕ ਔਰਤ
ਦੀ ਗਵਾਹੀ ਦੀ ਕੀਮਤ ਆਦਮੀ ਦੀ ਗਵਾਹੀ ਦੇ ਮੁਕਾਬਲੇ ਅੱਧੀ ਮੰਨੀ ਜਾਂਦੀ ਹੈ ਤਾਂ ਉਸ ਨੇ
ਸਾਫੀਆ ਦਾ ਤੇ ਫਿਰ ਜਦ ਉਸ ਨੇ ਇੱਕ 14 ਸਾਲ ਦੇ ਇਸਾਈ ਮੁੰਡੇ ਦਾ ਕੇਸ ਲਿਆ ਤਾਂ ਉਸ ਨੂੰ
ਮੌਤ ਦੀਆਂ ਧਮਕੀਆਂ ਮਿਲੀਆਂ ਪਰ ਉਸ ਨੇ ਸੱਚ ਤੇ ਇਨਸਾਫ਼ ਦਾ ਰਸਤਾ ਨਹੀਂ ਛੱਡਿਆ। ਕਈ ਵਾਰ ਉਸ
ਦੇ ਦਫਤਰ ' ਦਸਤਕ ', ਉਸ ਦੇ ਘਰ ਤੇ ਉਸ ਦੇ ਪਰਿਵਾਰ ਦੇ ਲੋਕਾਂ ਤੇ ਹਮਲੇ ਵੀ ਹੋਏ ; ਪਰ
ਆਸਮਾ ਹਮੇਸ਼ਾ ਫੌਲਾਦ ਵਾਂਗ ਆਪਣੇ ਵਿਸ਼ਵਾਸ ਤੇ ਅੜੀ ਰਹੀ। ਤੇ ਕਈ ਵਾਰ ਸੋਚ ਕੇ ਹੈਰਾਨੀ
ਹੁੰਦੀ ਹੈ ਕਿ ਉਹ ਇਸ ਤਰ੍ਹਾਂ ਖ਼ਤਰਨਾਕ ਸਮਿਆਂ ਵਿੱਚ ਹਨੇਰਿਆਂ ਨਾਲ ਕਿਵੇਂ ਜੂਝਦੀ ਰਹੀ ।
BBC ਨੂੰ ਇੰਟਰਵਿਊ ਦਿੰਦਿਆਂ ਉਸ ਨੇ ਆਖਿਆ ," ਇਹ ਢਿੱਡ ਦੇ ਅੰਦਰਲੀ ਅੱਗ ਹੈ ਜੋ ਬੇਇਨਸਾਫੀ
ਦਾ ਵਿਦਰੋਹ ਕਰਦੀ ਹੈ ਤੇ ਇਹ ਅੱਗ ਵਿਰਸੇ ਵਿੱਚ ਵੀ ਮਿਲੀ ਹੈ ਤੇ ਵਰ੍ਹਿਆਂ ਦੇ ਵਰ੍ਹੀ
ਇੱਕਠੀ ਹੁੰਦੀ ਰਹੀ ਹੈ ।"
ਉਸ ਅਨੁਸਾਰ ਜਦ ਸਿਆਸੀ ਲੋਕ ਧਰਮ ਦੀ ਗੱਲ ਕਰ ਕੇ ਲੋਕਾਂ ਨੂੰ ਭੜ੍ਹਕਾਉਂਦੇ ਨੇ ਤਾਂ ਉਹ ਅਸਲ
ਵਿੱਚ ਖੁਦ ਲਈ ਤਾਕਤ ਹਥਿਆ ਰਹੇ ਹੁੰਦੇ ਹਨ । ਉਹ ਆਪਣੇ ਹਰ ਭਾਸ਼ਣ ਵਿੱਚ ਇਹ ਗੱਲ ਜ਼ਰੂਰ ਆਖਦੀ
ਹੈ ਕਿ,"ਧਰਮਾਂ ਦੇ ਹੱਕ ਨਹੀਂ ਹੁੰਦੇ , ਲੋਕਾਂ ਦੇ ਹੱਕ ਹੁੰਦੇ ਨੇ ! ਜੋ ਲੋਕ ਦੂਜੇ ਧਰਮਾਂ
ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹ ਡੈਮੋਕ੍ਰੈਟਿਕ ਨਹੀਂ ਹੋ ਸਕਦੇ !"
ਉਸ ਦੀ ਘਾਲਣਾ ਕਰ ਕੇ ਹਦੂਦ ਆਰਡੀਨੈੰਸ ਵਰਗੇ ਕਾਲੇ ਕਾਨੂੰਨ ਸਰਕਾਰ ਨੂੰ ਕੁਝ ਨਰਮ ਕਰਨੇ ਪਏ
, ਜੋ ਬਿਲਕੁਲ ਹੀ ਔਰਤਾਂ ਦੇ ਵਿਰੁਧ ਹਨ । ਉਹ ਆਖਦੀ ਹੈ ਕਿ ਜੇ ਇਸ ਤਰ੍ਹਾਂ ਦੇ ਕਾਨੂੰਨ
ਬਣਾ ਕੇ ਔਰਤਾਂ ਨੂੰ ਦਬਾ ਕੇ ਰੱਖਿਆ ਗਿਆ ਤਾਂ ਉਹ ਦੁਨੀਆ ਦੀਆਂ ਬਾਕੀ ਔਰਤਾਂ ਤੋਂ ਪਿਛੇ
ਰਹਿ ਜਾਣਗੀਆਂ । ਭਾਵੇਂ ਉਹ ਆਪ ਇੰਨੀ ਬਹਾਦੁਰ ਹੈ ਪਰ ਉਹ ਉਨ੍ਹਾਂ ਔਰਤਾਂ ਨੂੰ ਵੀ ਬਹਾਦਰੀ
ਦੀ ਦਾਦ ਦਿੰਦੀ ਹੈ ਜੋ ਨਿਡਰ ਤੇ ਬੇ-ਝਿੱਜਕ ਹੋ ਕੇ ਉਸ ਦੇ ਬੂਹੇ ਦਸਤਕ ਦਿੰਦੀਆਂ ਹਨ । ਇਸ
ਤਰ੍ਹਾ ਜਦ ਉਨ੍ਹਾਂ ਦਾ ਗਰੁਪ ਇਹੋ ਜਿਹੇ ਕਾਨੂੰਨਾਂ ਵਿਰੁਧ ਇੱਕ ਵਾਰ ਦਿਖਾਵਾ ਕਰ ਰਿਹਾ ਸੀ
, ਤਾਂ ਉਨ੍ਹਾਂ ਨਾਲ ਪੁਲਿਸ ਨੇ ਬਦਸਲੂਕੀ ਕੀਤੀ , ਕਈ ਔਰਤਾਂ ਨੂੰ ਕੁੱਟਿਆ ਗਿਆ ਪਰ ਆਸਮਾ ,
ਉਸ ਦੀ ਭੈਣ ਤੇ ਹੋਰ ਸਾਥਣਾਂ ਡੱਟੀਆਂ ਰਹੀਆਂ। ਉਹ ਬਿਲਕੁਲ ਨਹੀਂ ਚਾਹੁੰਦੀ ਕਿ ਆਉਣ ਵਾਲੇ
ਸਮੇਂ ਵਿੱਚ ਪਾਕਿਸਤਾਨੀ ਧੀਆਂ ਜ਼ੁਲਮ ਦਾ ਸ਼ਿਕਾਰ ਹੋਣ ।
ਆਸਮਾ ਆਪਣੇ ਆਪ ਵਿੱਚ ਇੱਕ ਪੂਰੀ ਸੰਸਥਾ ਹੈ । ਜਦ ਮੈਂ , ਜਗਜੀਤ ਤੇ ਰੇਸ਼ਮ ਉਸ ਨੂੰ ਸਟੇਜ
ਤੇ ਮਿਲਣ ਗਏ ਤਾਂ ਉਹ ਬਹੁਤ ਤਪਾਕ ਤੇ ਪਿਆਰ ਨਾਲ ਮਿਲੀ। ਜਗਜੀਤ ਨੌਸ਼ਾਰਵੀ ਨੇ ਉਸ ਨੂੰ ਹੱਸ
ਕੇ ਦੱਸਿਆ ਕਿ ਉਹ ਉਸ ਦੇ ਸ਼ਹਿਰ ਲਾਹੋਰ ਦੇ ਬਾਰਡਰ ਕੋਲੋਂ ਸਿਰਫ ਇੱਕ ਮੀਲ ਦੀ ਦੂਰੀ ਦੇ
ਪਿੰਡ ਤੋਂ ਹੈ । ਉਸ ਨੂੰ ਘੇਰੇ ਹੋਏ ਪਾਕਿਸਤਾਨੀ ਲੋਕ ਜ਼ਿਆਦਾ ਤੌਰ ਤੇ ਉਸ ਨਾਲ ਉਰਦੂ ਜਾਂ
ਇੰਗਲਿਸ਼ ਵਿੱਚ ਹੀ ਗੱਲ ਕਰ ਰਹੇ ਸਨ । ਮੈਂ ਕਿਹਾ , " ਮੈਂਨੂੰ ਉਰਦੂ ਨਹੀਂ ਆਉਂਦੀ , ਸਿਰਫ
ਪੰਜਾਬੀ ਜਾਣਦੀ ਹਾਂ !" ਤਾ ਉਸ ਨੇ ਮੇਰੇ ਨਾਲ ਪੰਜਾਬੀ ਵਿੱਚ ਹੀ ਗੱਲ ਕੀਤੀ। ਬਲਕਿ ਜਦ ਮੈਂ
ਇੰਗਲਿਸ਼ ਵਿੱਚ ਸੁਆਲ ਕੀਤਾ ਫਿਰ ਉਸ ਨੇ ਮੈਂਨੂੰ ਪੰਜਾਬੀ ਵਿੱਚ ਹੀ ਜੁਆਬ ਦਿੱਤਾ।
ਉਸ ਦਾ ਤਕਰੀਬਨ ਹਰ ਭਾਸ਼ਣ ਵਿੱਚ ਨਵੀਆਂ ਨਸਲਾਂ ਲਈ ਸੁਨੇਹਾ ਹੁੰਦਾ ਹੈ ; ਉਹ ਆਖਦੀ ਹੈ ਕਿ
ਜਦ ਤੁਹਾਡੇ ਲੀਡਰ ਤੁਹਾਨੂੰ ਇਹ ਆਖਦੇ ਨੇ ਕਿ ਤੁਹਾਡਾ ਧਰਮ ਹੀ ਸਭ ਤੋਂ ਵਧੀਆ ਹੈ ਤਾਂ ਉਹ
ਇੱਕ mindset ਬਣਾ ਰਹੇ ਹਨ , ਇਸ mindset ਨੂੰ ਰੱਬ ਨੇ ਤੁਹਾਨੂੰ ਜਨਮ ਵੇਲੇ ਦੇ ਕੇ ਨਹੀਂ
ਭੇਜਿਆ ; ਇਸ ਤਰ੍ਹਾਂ ਕਰ ਕੇ ਇਹ ਲੀਡਰ ਖੁਦ ਲਈ ਤਾਕਤ ਪੈਦਾ ਕਰ ਰਹੇ ਨੇ ਤੇ ਜਿਸ ਦਿਨ
ਉਨ੍ਹਾਂ ਕੋਲ ਇਹ ਤਾਕਤ ਆ ਜਾਂਦੀ ਹੈ ਉਸ ਦਿਨ ਉਹ ਤੁਹਾਡੇ ਕੋਲੋਂ ਤੁਹਾਡੀ ਆਜ਼ਾਦੀ ਖੋਹ
ਲੈਂਦੇ ਹਨ ।
ਉਸ ਦਿਨ ਉਸ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਪਾਕਿਸਤਾਨ ਨਾਲ ਉਸ ਨੂੰ ਬੇਹੱਦ ਪਿਆਰ ਵੀ ਹੈ
ਤੇ ਆਪਣੇ ਮੁਲਕ ਤੇ ਬੇਤਹਾਸ਼ਾ ਗੁੱਸਾ ਵੀ ਆਉਂਦਾ ਹੈ ।ਤੇ ਉਹ ਆਪਣੇ ਵਤਨ ਵਿੱਚ ਹੋ ਰਹੀਆਂ
ਗਲਤ ਗੱਲਾਂ ਨੂੰ ਅੱਖੋਂ ਉਹਲੇ ਨਹੀਂ ਕਰਦੀ । ਉਹ ਅਕਸਰ ਆਖਦੀ ਹੈ ਕਿ ਬੇਸ਼ਕ ਪਾਕਿਸਤਾਨ, 60
ਸਾਲ ਦੀ ਉਮਰ ਵਿਚੋਂ 40 ਸਾਲ ਡਿਕਟੇਟਰਾਂ ਤੇ ਤਾਨਾਸ਼ਾਹਾਂ ਦੇ ਹੇੱਠ ਰਿਹਾ ਹੈ ਪਰ ਇਹ ਨਹੀਂ
ਕਿਹਾ ਜਾ ਸਕਦਾ ਕਿ ਲੋਕਾਂ ਨੇ ਉਨ੍ਹਾਂ ਨੂੰ ਸ਼ਾਂਤੀ ਨਾਲ ਇੱਕ ਦਿਨ ਵੀ ਚੈਨ ਨਾਲ ਜੀਣ ਦਿੱਤਾ
ਹੋਵੇ। ਪਾਕਿਸਤਾਨ ਨੂੰ ਸਮਝਣਾ ਔਖਾ ਵੀ ਹੈ , ਇਸ ਦੇਸ਼ ਦੀਆਂ ਖਾਸ ਖਾਸੀਅਤਾਂ ਹਨ ।ਇੱਕ ਪਾਸੇ
ਇੰਨਾਂ ਤਸ਼ਦੱਦ ਹੈ , ਪਰ ਉਸ ਦੇ ਵਰਖਿਲਾਫ ਉਨ੍ਹਾਂ ਹੀ ਵਿਦਰੋਹ ਵੀ ਹੈ। ਜਿਥੇ ਇੱਕ ਪਾਸੇ
ਪਖਤੂਨ ਵਿੱਚ ਇੰਨੀ ਹਿੰਸਾ ਹੋ ਰਹੀ ਹੈ ਤੇ ਗੋਲੀ ਦਾ ਰਾਜ ਹੈ , ਉਥੇ ਦੂਜੇ ਪਾਸੇ ਕਮਾਲ ਦੀ
ਗੱਲ ਹੈ ਕਿ ਉਥੇ ਇੱਕ ਸਿਆਸੀ ਪਾਰਟੀ ਵੀ ਹੈ ਜਿਹੜੀ ਅਹਿੰਸਾ ਦੀ ਗੱਲ ਕਰਦੀ ਹੈ, ਤੇ ਬੰਦੂਖ
ਦੇ ਮੁਕਾਬਲੇ ਸ਼ਾਂਤੀ ਦੀ ਗੱਲ ਕਰ ਰਹੀ ਹੈ । ਜ਼ੀਆ ਦੇ ਰਾਜ ਵਿੱਚ ਉਹ ਔਰਤਾਂ ਦਾ ਹਾਲ
ਅਫਗਾਨਿਸਤਾਨ ਦੀਆਂ ਸਾਡੀਆਂ ਬਦਨਸੀਬ ਭੈਣਾਂ ਵਾਂਗ ਕਰ ਦੇਣਾ ਚਾਹੁੰਦਾ ਸੀ , ਪਰ ਇਹ ਵੀ ਇੱਕ
ਸੱਚ ਹੈ ਕਿ ਜਦ 300 -400 ਔਰਤਾਂ ਨੇ ਇਸ ਦੇ ਵਿੱਰੁਧ ਮੁਜ਼ਾਹਰੇ ਕੀਤੇ ਤਾਂ ਉਸ ਨੂੰ ਨਰਮ ਵੀ
ਹੋਣਾ ਪਿਆ । ਉਸ ਦਾ ਆਖਣਾ ਹੈ ਕਿ ਪਾਕਿਸਤਾਨ ਦੇ ਮੂਹਰੇ ਇਸ ਵੇਲੇ ਤਿੰਨ ਖਾਸ ਚੁਨੌਤੀਆਂ ਹਨ
; ਇੱਕ ਤੇ ਅਸੀਂ ਸੱਚ ਦਾ ਸਾਹਮਣਾ ਨਹੀਂ ਕਰ ਰਹੇ; ਸਾਨੂੰ ਸਕੂਲਾਂ ਵਿੱਚ ਪੜ੍ਹਾਇਆ ਜਾ ਰਿਹਾ
ਹੈ ਕਿ ਸਾਡਾ ਕਾਇਦੇ ਆਜ਼ਮ ਬਹੁਤ ਗਰੀਬ ਆਦਮੀ ਸੀ ਤੇ ਗਲੀਆਂ ਵਿੱਚ ਬਿਜਲੀ ਦੇ ਖੰਬਿਆ ਹੇਠ
ਬੈਠ ਕੇ ਪੜ੍ਹਦਾ ਸੀ। ਜਦ ਕੇ ਇਹ ਬਿਲਕੁਲ ਝੂਠ ਹੈ ; ਦੂਜੀ ਗਲਤ ਗੱਲ ਅਸੀਂ ਆਪਣੇ ਬੱਚਿਆਂ
ਨੂੰ ਪੜ੍ਹਾਂਦੇ ਹਾਂ ਉਹ ਇਹ ਹੈ ਕਿ ਪਾਕਿਸਤਾਨ ਨੂੰ ਪੱਕੇ , ਕੱਟੜ ਮੁਸਲਮਾਨਾਂ ਨੇ ਬਣਾਇਆ ,
ਨਾ ਹੀ ਇਕਬਾਲ ਤੇ ਨਾ ਹੀ ਜਿਨਾਹ ਕੱਟੜ ਮੁਸਲਮਾਨ ਸਨ ਤੇ ਉਹ ਮੁਸਕਰਾ ਕੇ ਆਖਦੀ ਹੈ ਜਿਨਹਾ
ਤੇ ਧਾਰਮਿਕ ਵੀ ਨਹੀਂ ਸੀ । ਤੇ ਇਹ ਵੀ ਪੜ੍ਹਾਇਆ ਜਾਂਦਾ ਹੈ ਕਿ ਬੰਗਲਾ ਦੇਸ਼ ਦੇ ਲੋਕ ਕਾਫ਼ਿਰ
ਹਨ ਕਿਓਂਕਿ ਉਹ ਹਿੰਦੂ ਹਨ ਜਾਂ ਹਿੰਦੂ ਬਾਣੀਆ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ ਇਹੋ
ਜਿਹੀਆਂ ਗੱਲਾਂ ਪੜ੍ਹਾ ਰਹੇ ਹਾਂ ਉਹ ਕਿਸ ਤਰ੍ਹਾਂ ਦੁਨੀਆ ਦੇ ਨਾਗਰਿਕ ਬਣਨਗੇ । ਸੋ ਉਹ ਇਸ
self -denial ਤੋਂ ਬੱਚਣ ਲਈ ਆਖਦੀ ਹੈ । ਦੂਜੀ ਚੁਨੌਤੀ ਹੈ ਅੱਤ ਵਾਦ ਦੀ ਇਸ ਨੂੰ ਵੀ ਬੰਦ
ਕਰਨਾ ਹੈ ਕਿਓਂਕਿ ਇਹੀ ਦੇਸ਼ ਵਿੱਚ ਬੇਲੋੜੀ ਜਿਹਾਦ ਦੀ ਇੰਡਸਟਰੀ ਨੂੰ ਬਾਲਣ ਦਿੰਦੀ ਹੈ -
ਜਿਹਾਦ ਆਖਿਰ ਕਰ ਕਿਸ ਲਈ। ਉਹ ਪੁਛਦੀ ਹੈ ਕਿ 1947 ਤੋਂ ਲੈ ਕੇ 1980 ਦੇ ਦਹਾਕਿਆਂ ਤੱਕ
ਤਾਂ ਪਾਕਿਸਤਾਨ ਵਿੱਚ ਕੁਫਰ ਦੇ ਦੋ ਕੇਸ ਹੋ ਗਏ ਤੇ ਹੁਣ ਕੀ ਗੱਲ ਹਰ ਕੋਈ ਹੀ ਕੁਫਰ ਤੋਲਣ
ਲੱਗ ਗਿਆ ਕਿ ਅਸੀਂ ਇਸ ਦਾ ਰੌਲਾ ਪਾ ਕੇ ਇਸਾਈਆਂ , ਹਿੰਦੂਆਂ ,ਸਿੱਖਾਂ, ਤੇ ਹੋਰ ਨੀਚ ਜਾਤ
ਦੇ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜ਼ੀਆ ਦੇ ਰਾਜ ਵਿੱਚ ਇਥੋਂ ਤੱਕ ਵੀ ਆਖਿਆ
ਗਿਆ ਕਿ ਜੋ ਮੁਸਲਮਾਨ ਨਹੀਂ ਉਹ ਇਥੋ ਚਲੇ ਜਾਣ - ਇਹ ਕਿਥੋਂ ਦਾ ਇਨਸਾਫ਼ ਹੈ?
ਫਿਰ ਪਾਕਿਸਤਾਨੀਆਂ ਲੋਕਾਂ ਨੂੰ mid east ਦੇ ਲੋਕਾਂ ਵੱਲੋਂ ਇਹ ਵੀ ਭੁਲੇਖਾ ਹੈ ਕਿ ਸਾਰੇ
ਮੁਸਲਮਾਨ ਭਰਾ ਭਰਾ ਹਨ , ਖੁਦਾ ਨਾ ਖਾਸਤਾ ਕੋਈ ਪਾਕਿਸਤਾਨੀ ਕਿਸੇ ਸੋਉਦੀ ਅਰੇਬੀਆ ਵਿੱਚ
ਅਰਬੀ ਦਾ ਗੁਆਂਢੀ ਇਜ਼ਤ ਨਾਲ ਰਹਿ ਕੇ ਦਿਖਾ ਦੇਵੇ ; ਜੋਰਡਨ ਵਰਗੇ ਮੁਲਕ ਇੱਕ ਪਾਕਿਸਤਾਨੀ
ਨੂੰ ਵੀਜ਼ਾ ਤੱਕ ਤਾਂ ਦਿੰਦੇ ਨਹੀ। ਇਹ ਭੁਲੇਖਾ ਵੀ ਸਾਨੂੰ ਦਿਲਾਂ ਵਿਚੋਂ ਕੱਢਣਾ ਚਾਹੀਦਾ ਹੈ
। ਤੀਜੀ ਚੁਨੌਤੀ ਜੋ ਹੈ ਉਹ ਹੈ ਕਿ " ਸਾਨੂੰ ਆਪਣੀ ਆਰਥਿਕ ਹਾਲਤ ਠੀਕ ਕਰਨੀ ਚਾਹੀਦੀ ਹੈ
ਨਹੀਂ ਤੇ ਅਸੀਂ ਬਾਰ ਬਾਰ ਵਾਸ਼ਿੰਗਟਨ ਦੇ ਮੂਹਰੇ ਆਪਣਾ ਠੂੱਠਾ ਲੈ ਕੇ ਜਾਵਾਂਗੇ ਤੇ ਅਸੀਂ
ਉਹੀ ਕਰਾਂਗੇ ਹੋ ਉਹ ਆਖਣਗੇ।
ਆਸਮਾ ਨਾਲ ਮੇਰੀ ਉਹ ਸ਼ਾਮ ਮੇਰੀਆਂ ਕੀਮਤੀ ਯਾਦਾਂ ਵਿਚੋਂ ਹੈ । ਤੇ ਉਸ ਦਿਨ ਮੇਰੀ ਖੁਸ਼ੀ ਦਾ
ਕੋਈ ਠਿਕਾਣਾ ਨਾ ਰਿਹਾ ਜਦ ਉਸ ਨੇ ਸਿਰਫ ਦੋ ਦਰਸ਼ਕਾਂ ਤੋਂ ਸੁਆਲ ਲਏ ਤੇ ਉਨ੍ਹਾਂ ਵਿਚੋਂ ਇੱਕ
ਮੈਂ ਸਾਂ। ਇਸ ਗੱਲ ਦਾ ਮੈਂਨੂੰ ਬਹੁਤ ਮਾਣ ਹੋਇਆ ਕਿਓਂਕਿ ਮੈਂ ਸੋਚਦੀ ਹਾਂ ਕਿ ਆਸਮਾ
ਜਹਾਂਗੀਰ ਦੀ ਹੋਂਦ ਵਿੱਚ ਹੋਣਾ ਇੱਕ ਵੱਡੀ ਖੁਸ਼ਕਿਸਮਤੀ ਹੈ ਤੇ ਮੈਂ ਉਸ ਤੋਂ ਇਹੀ ਪੁੱਛਿਆ
ਸੀ ਕਿ ਭਾਵੇਂ ਭਾਰਤ ਵਿੱਚ ਹਮੇਸ਼ਾ ਲੋਕ ਰਾਜ ਰਿਹਾ ਹੈ ਪਰ ਫਿਰ ਵੀ ਹਰ ਕੋਲ ਕਿਥੇ ਪੂਰੀ
ਆਜ਼ਾਦੀ ਹੈ , ਇਸ ਬਾਰੇ ਉਹ ਕੀ ਆਖੇਗੀ ਤਾਂ ਉਸ ਨੇ ਕਿਹਾ ਕਿ ਆਜ਼ਾਦੀ ਲਈ ਤੁਸੀਂ ਉਦੋਂ ਹੀ
ਲੜਦੇ ਹੋ ਜਦ ਤੁਹਾਡੇ ਲਈ ਹਾਲਾਤ ਬੇਹੱਦ ਖਰਾਬ ਹੋ ਜਾਂਦੇ ਨੇ ; ਜਦ ਇਸ ਤਰ੍ਹਾਂ ਹੋਇਆ ਤਾਂ
ਆਪੇ ਲੋਕ ਉਠ ਖੜ੍ਹੇ ਹੋਣਗੇ ।
-0-
|