Welcome to Seerat.ca
Welcome to Seerat.ca

ਬਾਤ ਬਲਵੰਤ ਗਾਰਗੀ ਦੀ

 

- ਪ੍ਰਿੰ. ਸਰਵਣ ਸਿੰਘ

ਲੱਸੀ

 

- ਇਕਬਾਲ ਰਾਮੂਵਾਲੀਆ

ਖਾਲਸਾ ਬਨਾਮ ਖਾਲਸਾ

 

- ਹਰਜੀਤ ਅਟਵਾਲ

ਪ੍ਰੇਮ ਕੇਲਾ

 

- ਅਮਰਜੀਤ ਚੰਦਨ

ਧੁਖ਼ਦਾ ਅਗਸਤ

 

- ਸੁਖਦੇਵ ਸਿੱਧੂ

ਵਗਦੀ ਏ ਰਾਵੀ
ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ

 

- ਵਰਿਆਮ ਸਿੰਘ ਸੰਧੂ

ਇਹ ਕੁੜੀ ਸਾਡੇ ਘਰ ਵਿਆਹੁਣ ਵਾਲੀ ਨਹੀਂ ਸੀ

 

- ਬੇਅੰਤ ਗਿੱਲ ਮੋਗਾ

ਅੰਗੂਰਾਂ ਦੇ ਪੱਤਿਆ ਦੀ ਸਾਂਝ

 

- ਜੋਗਿੰਦਰ ਬਾਠ ਹੌਲੈਂਡ

ਬਣਿਆਂ ਰੋਟੀ ਦਾ ਸੀ ਮਸ੍ਹਾਂ ਜੁਗਾੜ ਮੀਆਂ

 

- ਹਰਮੰਦਰ ਕੰਗ

‘ਦੇਰ ਤੱਕ ਚੜ੍ਹਿਆ ਰਿਹਾ ਅਸੀਸਾਂ ਦਾ ਸਰੂਰ’

 

- ਸੁਰਜੀਤ ਭਗਤ

 ਇਕ ਕਵਿਤਾ

 

- ਦਿਲ੍ਜੋਧ ਸਿੰਘ

ਗਜ਼ਲ

 

- ਗੁਰਮੀਤ ਖੋਖਰ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਹੁੰਗਾਰੇ

 

ਬਾਤ ਬਲਵੰਤ ਗਾਰਗੀ ਦੀ
- ਪ੍ਰਿੰ. ਸਰਵਣ ਸਿੰਘ

 

ਇਕ ਸੀ ਬਲਵੰਤ ਗਾਰਗੀ। ਬਠਿੰਡੇ ਦੇ ਰੇਤਲੇ ਟਿੱਬਿਆਂ ਦਾ ਜੰਮਪਲ। ਲਾਹੌਰ ਦੇ ਐੱਫ. ਸੀ. ਕਾਲਜ ਤੋਂ ਦੋ ਐੱਮ. ਏ. ਪਾਸ। ਉਹ ਬੜਾ ਨਖਰੇਹੱਥਾ ਲੇਖਕ ਸੀ। ਉਹਦੀਆਂ ਧੁੰਮਾਂ ਦੇਸ ਪ੍ਰਦੇਸ ਦੂਰ-ਦੂਰ ਤਕ ਪਈਆਂ ਰਹੀਆਂ। ਉਸ ਦੇ ਰੇਖਾ-ਚਿੱਤਰ, ਨਾਟਕ, ਨਾਵਲ, ਕਹਾਣੀਆਂ, ਸਵੈਜੀਵਨੀ, ਸਫ਼ਰਨਾਮਾ ਤੇ ਰੰਗ ਮੰਚ ਸਭ ਚਰਚਿਤ ਰਹੇ। ਉਹ ਕਲਮ ਦੇ ਜ਼ੋਰ ਨਾਲ ਜੀਵਿਆ ਤੇ ਅਨੇਕਾਂ ਦੇਸਾਂ ਵਿਚ ਘੁੰਮਿਆ। ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿਚ ਖੇਡੇ ਗਏ। ਉਹਦਾ ਜੀਵਨ ਵੀ ਨਾਟਕੀ ਸੀ ਤੇ ਲਿਖਤਾਂ ਵੀ ਨਾਟਕੀ। ਉਹ ਬੜਾ ਵੱਡਾ ਡਰਾਮੇਬਾਜ਼ ਸੀ। ਸਾਹਿਤ ਦਾ ਸੇਲਜ਼ਮੈਨ। ਉਹ ਹੋਰਨਾਂ ਨੂੰ ਤਾਂ ਪਲੇਥਣ ਲਾਉਂਦਾ ਹੀ ਸੀ, ਆਪਣੇ ਆਪ ਨੂੰ ਵੀ ਨਹੀਂ ਸੀ ਬਖ਼ਸ਼ਦਾ। ਉਸ ਨੇ ਪੰਜਾਬੀ ਵਿਚ ਕਮਾਲ ਦੀ ਵਾਰਤਕ ਸ਼ੈਲੀ ਸਿਰਜੀ ਜਿਸ ਨੇ ਕਈ ਨਵੇਂ ਲੇਖਕਾਂ ਨੂੰ ਨਖਰੇ ਵਾਲੀ ਵਾਰਤਕ ਲਿਖਣ ਦੇ ਰਾਹ ਪਾਇਆ। ਪੰਜਾਬੀ ਵਾਰਤਕ ਨੂੰ ਸੰਵਾਰਨ ਤੇ ਸਿ਼ੰਗਾਰਨ ਵਿਚ ਗੁਰਬਖਸ਼ ਸਿੰਘ ਪ੍ਰੀਤ ਲੜੀ ਤੇ ਬਲਵੰਤ ਗਾਰਗੀ ਦਾ ਵਿਸ਼ੇਸ਼ ਰੋਲ ਹੈ। ਪ੍ਰੀਤ ਲੜੀ ਨੇ ਕੰਘੀ ਪੱਟੀ ਕੀਤੀ ਤੇ ਗਾਰਗੀ ਨੇ ਸੁਰਖੀ ਬਿੰਦੀ ਲਾਈ। ਗਾਰਗੀ ਪੰਜਾਬੀ ਸਾਹਿਤ ਦਾ ਸਿ਼ੰਗਾਰ ਸੀ।
ਉਸ ਦਾ ਜਨਮ 4 ਦਸੰਬਰ 1916 ਨੂੰ ਪਹਿਲੀ ਆਲਮੀ ਜੰਗ ਦੌਰਾਨ ਨਹਿਰੀ ਕਲੱਰਕ ਸਿ਼ਵ ਚੰਦ ਦੇ ਘਰ ਬਠਿੰਡੇ ਦੇ ਇਤਿਹਾਸਕ ਕਿਲੇ ਕੋਲ ਹੋਇਆ ਸੀ। ਇਸੇ ਕਿਲੇ ਵਿਚ ਕਦੇ ਰਜ਼ੀਆ ਸੁਲਤਾਨਾ ਕੈਦ ਰਹੀ ਸੀ। ਬਚਪਨ ਵਿਚ ਉਹ ਸ਼ਹਿਣੇ ਦੀ ਨਹਿਰੀ ਕੋਠੀ ਤੇ ਤਪੇ ਵੀ ਰਿਹਾ। ਉਹਦਾ ਨਾਵਲ ‘ਕੱਕਾ ਰੇਤਾ’ ਉਥੋਂ ਹੀ ਉਗਮਿਆ। ਉਸ ਦਾ ਦੇਹਾਂਤ 22 ਅਪ੍ਰੈਲ 2003 ਨੂੰ ਮੁੰਬਈ ਵਿਚ ਹੋਇਆ। ਸਸਕਾਰ ਦਿੱਲੀ ਵਿਚ ਕੀਤਾ ਗਿਆ ਤੇ ਫੁੱਲ ਬਠਿੰਡੇ ਨਹਿਰ ਵਿਚ ਤਾਰੇ ਗਏ। 87 ਵਰ੍ਹਿਆਂ ‘ਚੋਂ 85 ਵਰ੍ਹੇ ਉਹ ਠਾਠ ਨਾਲ ਜੀਵਿਆ। ਉਸ ਨੂੰ ਸਾਹਿਤ ਅਕਾਡਮੀ, ਸੰਗੀਤ ਨਾਟਕ ਅਕਾਡਮੀ, ਪਦਮ ਸ੍ਰੀ ਤੇ ਦੇਸ ਵਿਦੇਸ਼ ਦੇ ਅਨੇਕਾਂ ਅਵਾਰਡ ਮਿਲੇ। ਪੰਜਾਬੀ ਸਾਹਿਤ ਦਾ ਉਹ ਮਾਣ ਸੀ।
ਗਾਰਗੀ ਲੰਮਾ ਜੀਵਨ ਜੀ ਕੇ ਜਿ਼ੰਦਗੀ ਦੇ ਰੰਗ ਮੰਚ ਤੋਂ ਵਿਦਾ ਹੋਇਆ। ਪਿਛੇ ਉਹਦੀਆਂ ਯਾਦਾਂ ਰਹਿ ਗਈਆਂ ਹਨ ਜਾਂ ਉਹਦੀਆਂ ਲਿਖਤਾਂ। ਉਹਦੀ ਮ੍ਰਿਤੂ ਤੋਂ ਬਾਅਦ ਥਾਂ ਪੁਰ ਥਾਂ ਉਹਨੂੰ ਯਾਦ ਕੀਤਾ ਗਿਆ ਤੇ ਉਹਦੀ ਸਾਹਿਤਕ ਘਾਲਣਾ ਦੀਆਂ ਗੱਲਾਂ ਹੋਈਆਂ। ਟੋਰਾਂਟੋ ਵਿਚ ਵੀ ਗਾਰਗੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਸੀਂ ਮਿਲ ਬੈਠੇ ਸਾਂ। ਮਿਲਣੀ ਦਾ ਸੱਦਾ ਪੰਜਾਬੀ ਸਭਿਆਚਾਰ ਦੇ ਸ਼ੈਦਾਈ ਇਕਬਾਲ ਮਾਹਲ ਨੇ ਦਿੱਤਾ ਸੀ ਤੇ ਸਥਾਨ ਸੀ ਅਕਾਲ ਇਮੀਗਰੇਸ਼ਨ ਵਾਲਿਆਂ ਦਾ ਦਫਤਰ। ਇਹ ਗਾਰਗੀ ਦੀ ਸ਼ਖਸੀਅਤ ਤੇ ਸਾਹਿਤ ਦਾ ਕ੍ਰਿਸ਼ਮਾ ਸੀ ਕਿ ਉਸ ਨੂੰ ਬਠਿੰਡੇ ਤੋਂ ਬੰਬਈ ਤੇ ਦਿੱਲੀ ਤੋਂ ਟੋਰਾਂਟੋ ਤਕ ਬੜੀ ਸਿ਼ੱਦਤ ਨਾਲ ਯਾਦ ਕੀਤਾ ਗਿਆ। ਉਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਉਹਦੀ ਕੋਈ ਸਦੀਵੀ ਯਾਦਗਾਰ ਬਣਾਉਣ ਲਈ ਵਿਚਾਰ ਵਟਾਂਦਰੇ ਹੋਏ। ਪਰ ਕੋਈ ਢੁੱਕਵੀਂ ਸਦੀਵੀ ਯਾਦਗਾਰ ਅਜੇ ਤਕ ਨਹੀਂ ਬਣੀ।
ਟੋਰਾਂਟੋ ਵਿਚ ਪੰਜਾਬੀ ਅਖ਼ਬਾਰਾਂ, ਟੀ. ਵੀ. ਤੇ ਰੇਡੀਓ ਪ੍ਰੋਗਰਾਮਾਂ ਦਾ ਕੋਈ ਅੰਤ ਨਹੀਂ। ਦਰਜਨ ਤੋਂ ਵੱਧ ਅਖ਼ਬਾਰ ਤੇ ਏਦੂੰ ਵੱਧ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਚਲਦੇ ਹਨ। ਪੰਜਾਬੀ ਜਗਤ ਦੀ ਹਰ ਨਿੱਕੀ ਮੋਟੀ ਖ਼ਬਰ ਮਿੰਟਾਂ ਸਕਿੰਟਾਂ ਵਿਚ ਨਸ਼ਰ ਹੋ ਜਾਂਦੀ ਹੈ। ਬਲਵੰਤ ਗਾਰਗੀ ਦੀ ਮੁੰਬਈ ਵਿਚ ਮ੍ਰਿਤੂ ਤੋਂ ਲੈ ਕੇ ਬਠਿੰਡੇ ਦੀ ਨਹਿਰ ਵਿਚ ਅਸਥੀਆਂ ਜਲ ਪਰਵਾਹ ਕਰਨ ਤਕ ਪਲ ਪਲ ਦਾ ਵੇਰਵਾ ਸਾਨੂੰ ਟੋਰਾਂਟੋ ਬੈਠਿਆਂ ਨੂੰ ਨਾਲ ਦੀ ਨਾਲ ਮਿਲਦਾ ਰਿਹਾ। ਗਾਰਗੀ ਦੇ ਸ਼ੁਭਚਿੰਤਕ ਅਫ਼ਸੋਸੇ ਹੋਏ ਸਨ ਤੇ ਇਕ ਦੂਜੇ ਨੂੰ ਤਸੱਲੀ ਵੀ ਦੇ ਰਹੇ ਸਨ ਕਿ ਲਾਇਲਾਜ ਬਿਮਾਰੀ ਤੋਂ ਮੁਕਤੀ ਮਿਲੀ। ਉਹ ਕਾਫੀ ਦੇਰ ਤੋਂ ਮੰਜੇ ਉਤੇ ਸੀ ਤੇ ਕਈ ਮਹੀਨਿਆਂ ਤੋਂ ਕਿਸੇ ਨੂੰ ਸਿਆਣ ਵੀ ਨਹੀਂ ਸੀ ਰਿਹਾ।
ਟੋਰਾਂਟੋ ਵਿਖੇ ਗਾਰਗੀ ਨਮਿੱਤ ਕੀਤੀ ਸ਼ੋਕ ਸਭਾ ਵਿਚ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਫਿਰ ਅੱਧੇ ਕੁ ਘੰਟੇ ਦੀ ਫਿਲਮ ਵਿਖਾਈ ਗਈ ਜੋ 1985 ਵਿਚ ਗਾਰਗੀ ਦੀ ਟੋਰਾਂਟੋ ਫੇਰੀ ਨਾਲ ਸੰਬੰਧਿਤ ਸੀ। ਗਾਰਗੀ ਉਦੋਂ ਸੱਤਰ ਸਾਲਾਂ ਦੇ ਕਰੀਬ ਸੀ ਪਰ ਵੇਖਣ ਨੂੰ ਪੰਜਾਹ ਪਚਵੰਜਾ ਸਾਲਾਂ ਦਾ ਲੱਗਦਾ ਸੀ। ਸਾਂਵਲਾ ਕਣਕਵੰਨਾ ਰੰਗ, ਸਮੱਧਰ ਕੱਦ, ਢਾਲੂ ਬੁੱਲ੍ਹ, ਪੋਪਲਾ ਨੱਕ, ਚਮਕਦੀਆਂ ਅੱਖਾਂ, ਅੱਧ-ਗੰਜਾ ਸਿਰ ਤੇ ਮਿਣਵੀਆਂ ਤੋਲਵੀਆਂ ਗੱਲਾਂ। ਬਠਿੰਡੇ ਦੇ ਬਾਣੀਆਂ ਦਾ ਹੂਬਹੂ ਹੁਲੀਆ। ਉਹ ਸਾਹਿਤ ਪ੍ਰੇਮੀਆਂ ਦੀਆਂ ਪੁੱਛਾਂ ਦੇ ਉੱਤਰ ਦੇ ਰਿਹਾ ਸੀ। ਉਹਦੀ ਅਮਰੀਕਨ ਪਤਨੀ ਜੀਨੀ ਉਹਨੂੰ ਛੱਡ ਚੁੱਕੀ ਸੀ ਪਰ ਉਸ ਨੇ ਦਿਲ ਨਹੀਂ ਸੀ ਛੱਡਿਆ ਤੇ ਉਤਸ਼ਾਹ ਨਾਲ ਭਰਿਆ ਵਿਖਾਈ ਦਿੰਦਾ ਸੀ। ਸ਼ੁਕੀਨ ਕਪੜਿਆਂ ਵਿਚ ਪੂਰਾ ਸਜਿਆ ਹੋਇਆ ਸੀ ਜਿਵੇਂ ਜੰਨ ਆਇਆ ਹੋਵੇ।
ਫਿਲਮ ਵੇਖਣ ਉਪਰੰਤ ਕੁਝ ਸੱਜਣਾਂ ਨੇ ਗਾਰਗੀ ਦੀ ਮ੍ਰਿਤੂ ਉਤੇ ਸੋਗ ਪਰਗਟ ਕਰਦਿਆਂ ਉਸ ਨੂੰ ਦਿਲੋਂ ਯਾਦ ਕੀਤਾ। ਇਕਬਾਲ ਮਾਹਲ ਨੇ ਆਖਿਆ, ਪਤਾ ਨਹੀਂ ਕਿਉਂ ਮਨ ਐਵੇਂ ਈ ਭਰ ਭਰ ਆ ਰਿਹੈ ਹਾਲਾਂਕਿ ਗਾਰਗੀ ਨੇ ਆਪ ਕਿਹਾ ਸੀ ਕਿ ਕੋਈ ਮੇਰੇ ਮਰਨ ‘ਤੇ ਸੋਗ ਨਾ ਮਨਾਵੇ। ਕੁਝ ਇਸੇ ਤਰ੍ਹਾਂ ਦੀ ਹਾਲਤ ਉਸ ਦੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਤੁਰ ਜਾਣ ਵੇਲੇ ਹੋਈ ਸੀ। ਅਜਬ ਜਿਹੀ ਸਾਂਝ ਹੁੰਦੀ ਐ ਪਾਠਕਾਂ ਦੀ ਲੇਖਕਾਂ ਨਾਲ। ਪੜ੍ਹਦਿਆਂ ਸੁਣਦਿਆਂ ਲੇਖਕਾਂ ਨਾਲ ਆਪਣੇ ਰਿਸ਼ਤੇਦਾਰਾਂ ਵਰਗੇ ਸੰਬੰਧ ਬਣ ਜਾਂਦੇ ਨੇ ਤੇ ਜਦੋਂ ਕੋਈ ਲੇਖਕ ਵਿਛੜਦੈ ਤਾਂ ਹੰਝੂ ਆਮੁਹਾਰੇ ਵਹਿ ਤੁਰਦੇ ਨੇ। ਇਸ ਤੋਂ ਪਹਿਲਾਂ ਕਿ ਉਹਦੇ ਹੰਝੂ ਵਹਿ ਤੁਰਦੇ ਉਹ ਭਰੇ ਗੱਚ ਨਾਲ ਕੁਰਸੀ ‘ਤੇ ਜਾ ਬੈਠਾ। ਜਾ ਤਾਂ ਬੈਠਾ ਪਰ ਹੰਝੂ ਫਿਰ ਵੀ ਵਹਿ ਤੁਰੇ ਜੋ ਉਸ ਨੇ ਰੁਮਾਲ ਵਿਚ ਛੁਪਾ ਲਏ।
ਬਲਬੀਰ ਸਿੰਘ ਮੋਮੀ ਨੇ ਆਖਿਆ ਕਿ ਉਹ ਗਾਰਗੀ ਦੇ ਅਫਸੋਸ ਵਿਚ ਪੈੱਗ ਲਾ ਕੇ ਆਇਆ ਹੈ ਕਿਉਂਕਿ ਉਹਦਾ ਦਿਲ ਨਹੀਂ ਸੀ ਖੜ੍ਹ ਰਿਹਾ। ਉਸ ਨੇ ਵਿਸਥਾਰ ਨਾਲ ਗੱਲਾਂ ਕੀਤੀਆਂ ਤੇ ਗਾਰਗੀ ਨਾਲ ਅੱਧੀ ਸਦੀ ਦੀਆਂ ਮਿਲਣੀਆਂ ਦਾ ਸੰਖੇਪਸਾਰ ਦਿੱਤਾ। ਪੰਜਾਬ ਦੀ ਗੂੰਜ ਰੇਡੀਓ ਵਾਲੇ ਕੁਲਦੀਪ ਦੀਪਕ, ਇੰਦਰਜੀਤ ਸਿੰਘ ਬੱਲ ਤੇ ਪੰਜ ਪਾਣੀ ਅਖ਼ਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਗਰੇਵਾਲ ਨੇ ਦਿਲ ਦੀਆਂ ਗਹਿਰਾਈਆਂ ‘ਚੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਹੋਰ ਵੀ ਕਈ ਸ਼ਰਧਾਵਾਨ ਬੋਲੇ ਜਿਨ੍ਹਾਂ ਨੇ ਗਾਰਗੀ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂ ਸਰੋਤਿਆਂ ਨਾਲ ਸਾਂਝੇ ਕੀਤੇ। ਉਥੇ ਇਕਬਾਲ ਰਾਮੂਵਾਲੀਆ ਹਾਜ਼ਰ ਸੀ, ਨਵਤੇਜ ਭਾਰਤੀ, ਸੁਰਜਨ ਜ਼ੀਰਵੀ, ਕਿਰਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਬਲਰਾਜ ਚੀਮਾ, ਪਿਆਰਾ ਸਿੰਘ ਧੰਜਲ, ਪ੍ਰਿਤਪਾਲ ਸਿੰਘ ਬਿੰਦਰਾ, ਨੀਟਾ ਬਲਵਿੰਦਰ, ਕੁੱਕੂ ਧਾਲੀਵਾਲ, ਗਾਰਗੀ ਦਾ ਮਿੱਤਰ ਸੁਦਾਗਰ ਸਿੰਘ ਸਿੱਧੂ ਤੇ ਹੋਰ ਵੀ ਕਈ ਸੱਜਣ ਬੈਠੇ ਸਨ। ਕੁਝ ਬੀਬੀਆਂ ਵੀ ਆਈਆਂ ਹੋਈਆਂ ਸਨ। ਟੋਰਾਂਟੋ ਵਿਚ ਪੰਜਾਹ ਸੱਠ ਸਾਹਿਤ ਪ੍ਰੇਮੀ ਜੁੜਨੇ ਕਾਫੀ ਸਨ।
ਕੌਂਕਿਆਂ ਦੇ ਸੁਦਾਗਰ ਸਿੰਘ ਸਿੱਧੂ ਨੇ ਗਾਰਗੀ ਦੀ ਯਾਦ ਵਿਚ ਇਕ ਅਵਾਰਡ ਦੇਣ ਦੀ ਹਾਮੀ ਭਰੀ। ਉਸ ਨੇ ਇਕ ਯਾਦਗੀਰੀ ਘਟਨਾ ਸਰੋਤਿਆਂ ਨਾਲ ਸਾਂਝੀ ਕੀਤੀ। ਗਾਰਗੀ ਨੇ ਨਿਊਯਾਰਕ ਵਿਚ ਖੇਡੇ ਜਾ ਰਹੇ ਆਪਣੇ ਨਾਟਕ ਨੂੰ ਵੇਖਣ ਲਈ ਟੋਰਾਂਟੋ ਤੋਂ ਸਿੱਧੂ ਤੇ ਉਹਦੇ ਮਿੱਤਰਾਂ ਨੂੰ ਸੱਦਾ ਦਿੱਤਾ ਸੀ। ਉਹ ਨਿਊਯਾਰਕ ਚਲੇ ਗਏ ਤੇ ਨਾਟਕ ਵੇਖ ਕੇ ਹੋਟਲ ਵਿਚ ਜਾ ਸੁੱਤੇ। ਮੇਲੇ ਗੇਲੇ ਤੋਂ ਬਾਅਦ ਉਹ ਵਿਦਾ ਹੋਣ ਲੱਗੇ ਤਾਂ ਗਾਰਗੀ ਨੇ ਉਨ੍ਹਾਂ ਨੂੰ ਨਾਟਕ ਖੇਡਣ ‘ਚ ਮਿਲੀ ਰਕਮ ਇਹ ਕਹਿ ਕੇ ਫੜਾਉਣੀ ਚਾਹੀ ਕਿ ਤੁਸੀਂ ਮੇਰੇ ਸੱਦੇ ‘ਤੇ ਆਏ ਮੇਰੇ ਮਹਿਮਾਨ ਓਂ। ਹੋਟਲ ਦਾ ਬਿੱਲ ਮੈਂ ਤਾਰਾਂਗਾ। ਸਿੱਧੂ ਹੋਰੀਂ ਅੱਗੋਂ ਆਖਣ ਕਿ ਅਸੀਂ ਤਾਂ ਖ਼ੁਦ ਕੈਨੇਡਾ-ਅਮਰੀਕਾ ਦੇ ਰਹਿਣ ਵਾਲੇ ਹਾਂ ਸਗੋਂ ਤੁਸੀਂ ਸਾਡੇ ਮਹਿਮਾਨ ਹੋ। ਤੁਸੀਂ ਦੱਸੋ ਕਿ ਅਸੀਂ ਤੁਹਾਡੀ ਕੀ ਸੇਵਾ ਕਰੀਏ?
ਆਖ਼ਰ ਗੱਲ ਇਥੇ ਨਿਬੜੀ ਕਿ ਗਾਰਗੀ ਇਕ ਡਾਲਰ ਦਾ ਨੋਟ ਦਸਖ਼ਤ ਕਰ ਕੇ ਸੁਦਾਗਰ ਹੋਰਾਂ ਨੂੰ ਦੇ ਦੇਵੇ। ਉਹ ਪਿਆਰ ਭੇਟਾ ਅਜੇ ਵੀ ਸਿੱਧੂ ਪਾਸ ਹੈ ਜਿਸ ਦੇ ਦਰਸ਼ਨ ਅਸੀਂ ਵੀ ਕੀਤੇ। ਉਹਦੇ ਉਤੇ ਬਲਵੰਤ ਗਾਰਗੀ ਦੇ ਗੁਰਮੁਖੀ ਅੱਖਰਾਂ ਵਿਚ ‘ਗੂਠਾ ਲਾਉਣ ਵਾਂਗ ਦਸਖ਼ਤ ਹਨ। ਉਸ ਨੇ ਗੁਰਮੁਖੀ ਵਿਚ ਲਿਖੀਆਂ ਗਾਰਗੀ ਦੀਆਂ ਕੁਝ ਚਿੱਠੀਆਂ ਵੀ ਵਿਖਾਈਆਂ। ਮੈਂ ਗਾਰਗੀ ਨੂੰ ਮਿਲਿਆ ਤਾਂ ਕਈ ਵਾਰ ਸਾਂ ਪਰ ਉਸ ਦੀ ਹੱਥ ਲਿਖਤ ਪਹਿਲੀ ਵਾਰ ਵੇਖੀ। ਲਿਖਾਈ ਬਹੁਤੀ ਰਵਾਂ ਨਹੀਂ ਸੀ ਪਰ ਸ਼ਬਦ ਜੋੜਾਂ ਪੱਖੋਂ ਸਹੀ ਸੀ। ਕੁਝ ਕਲਮਕਾਰਾਂ ਵੱਲੋਂ ਪੈਦਾ ਕੀਤਾ ਇਹ ਭੁਲੇਖਾ ਦੂਰ ਹੋਇਆ ਕਿ ਗਾਰਗੀ ਡਿਕਟੇਸ਼ਨ ਦਿੰਦਾ ਯਾਨੀ ਹੋਰਨਾਂ ਤੋਂ ਗੁਰਮੁਖੀ ਲਿਖਾਉਂਦਾ ਸੀ। ਉਹ ਆਪਣੇ ਰੇਖਾ ਚਿੱਤਰ ‘ਬਲਵੰਤ ਗਾਰਗੀ’ ਵਿਚ ਲਿਖ ਗਿਆ ਸੀ, “ਉਹ ਕਲਮ ਨਾਲ ਨਹੀਂ, ਡਾਂਗ ਨਾਲ ਲਿਖਦਾ ਹੈ। ਕਾਗਜ਼ਾਂ ਦਾ ਵੈਰੀ ਹੈ। ਕਈ ਵਾਰ ਇਕ ਸਤਰ ਵਿਚ ਸਿਰਫ਼ ਚਾਰ ਅੱਖਰ ਹੁੰਦੇ ਹਨ ਤੇ ਇਕ ਸਫ਼ੇ ਵਿਚ ਮਸਾਂ ਛੇ ਸਤਰਾਂ।”
ਉਸ ਨੇ ਲਿਖਿਆ ਸੀ, “ਉਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਹੈ ਜਦੋਂ ਕਿਸੇ ਦੀ ਉਡੀਕ ਵਿਚ ਬੈਠਾ ਹੋਵੇ। ‘ਕੁਆਰੀ ਟੀਸੀ’ ਕੁੱਲੂ ਦੀ ਵਾਦੀ ਵਿਚ ਕਿਸੇ ਦੀ ਉਡੀਕ ਵਿਚ ਬੈਠਿਆਂ ਲਿਖਿਆ ਸੀ। ‘ਲੋਹਾ ਕੁੱਟ’ ਦਾ ਪਹਿਲਾ ਐਕਟ ਮੁਰਾਦਾਬਾਦ ਸਟੇਸ਼ਨ ਦੇ ਪਲੇਟ ਫ਼ਾਰਮ ਉਤੇ ਗੱਡੀ ਉਡੀਕਦਿਆਂ ਲਿਖਿਆ ਸੀ। ਇਸੇ ਤਰ੍ਹਾਂ ‘ਪੱਤਣ ਦੀ ਬੇੜੀ’ ਇਕ ਕਾਹਵਾ ਖ਼ਾਨੇ ਵਿਚ ਬੈਠਿਆਂ ਲਿਖਿਆ ਗਿਆ।” ਅਸਲ ਵਿਚ ਉਹ ਹਰ ਗੱਲ ਵਧਾ ਚੜ੍ਹਾ ਕੇ ਕਰਦਾ ਸੀ ਤੇ ਗੱਪ-ਸੱਚ ਦਾ ਮਾਹੌਲ ਸਿਰਜ ਦਿੰਦਾ ਸੀ। ਮਸਾਲਾ ਲਾਉਣਾ ਉਸ ਦੀ ਸ਼ੈਲੀ ਸੀ। ਉਹ ਸਾਧਾਰਨ ਨੂੰ ਅਸਾਧਾਰਨ ਬਣਾ ਕੇ ਪੇਸ਼ ਕਰਦਾ ਸੀ। ਗੱਲ ਬਾਤ ਨੂੰ ਤੜਕਾ ਲਾ ਦਿੰਦਾ ਸੀ।
ਕੁਝ ਬੰਦੇ ਬਲਰਾਜ ਸਾਹਨੀ ਬਾਰੇ ਵੀ ਕਹਿੰਦੇ ਸਨ ਕਿ ਉਹ ਡਿਕਟੇਟ ਕਰਵਾਉਂਦਾ ਸੀ ਪਰ ਇਹ ਵੀ ਸੱਚ ਨਹੀਂ ਸੀ। ਬਲਰਾਜ ਸਾਹਨੀ ਦੀਆਂ ਚਿੱਠੀਆਂ ਜਸਵੰਤ ਸਿੰਘ ਕੰਵਲ ਨੂੰ ਆਉਂਦੀਆਂ ਸਨ। ਮੈਂ ਉਹ ਵੇਖੀਆਂ ਸਨ। ਉਹਦੀ ਗੁਰਮੁਖੀ ਦੀ ਲਿਖਾਈ ਬੜੀ ਸੋਹਣੀ ਸੀ ਤੇ ਉਹ ਖ਼ੁਦ ਪੰਜਾਬੀ ਟਾਈਪ ਕਰ ਲੈਂਦਾ ਸੀ। ਢੁੱਡੀਕੇ ਉਹ ਅਕਸਰ ਆਉਂਦਾ ਜਾਂਦਾ ਸੀ। ਉਸ ਨੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਤੇ ‘ਮੇਰਾ ਰੂਸੀ ਸਫ਼ਰਨਾਮਾ’ ਢੁੱਡੀਕੇ ਬੈਠ ਕੇ ਸਿੱਧੇ ਟਾਈਪ ਕੀਤੇ ਸਨ। ਪਹਿਲਾਂ ਮੈਂ ਹੈਰਾਨ ਹੁੰਦਾ ਸਾਂ ਕਿ ਲੇਖਕ ਆਪਣੀ ਰਚਨਾ ਸਿੱਧੀ ਹੀ ਕਿਵੇਂ ਟਾਈਪ ਕਰ ਲੈਂਦੇ ਹਨ? ਹੁਣ ਜਦੋਂ ਆਪ ਆਹ ਆਰਟੀਕਲ ਸਿੱਧਾ ਟਾਈਪ ਕਰ ਰਿਹਾਂ ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ।
ਗਾਰਗੀ ਨੇ ਆਪਣੇ ਬਾਰੇ ਕਈ ਭੁਲੇਖੇ ਆਪ ਹੀ ਸਿਰਜੇ ਹੋਏ ਸਨ। ਨਾ ਉਹ ਡਾਂਗ ਨਾਲ ਲਿਖਦਾ ਸੀ ਤੇ ਨਾ ਹੀ ਬੇਲੋੜਾ ਖੁੱਲ੍ਹਾ ਲਿਖਦਾ ਸੀ। ਉਸ ਦੀਆਂ ਲਿਖੀਆਂ ਜਿਹੜੀਆਂ ਚਿੱਠੀਆਂ ਅਸੀਂ ਅੱਖੀਂ ਵੇਖੀਆਂ ਉਹ ਉਹਦੇ ਕਥਨ ਨਾਲ ਮੇਲ ਨਹੀਂ ਸਨ ਖਾਂਦੀਆਂ। ਲਿਖਣ ਨੂੰ ਤਾਂ ਉਹ ਇਹ ਵੀ ਲਿਖ ਗਿਐ, “ਗਾਰਗੀ ਪਹਿਲਾ ਲੇਖਕ ਹੈ, ਜਿਸ ਉਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ। ਆਮ ਤੌਰ ‘ਤੇ ਪੰਜਾਬੀ ਲੇਖਕ ਤੇ ਸੋਹਣੀ ਕੁੜੀ ਦਾ ਘੱਟ ਹੀ ਮੇਲ ਹੁੰਦਾ ਹੈ। ਪ੍ਰੋਫੈ਼ਸਰ ਪ੍ਰੀਤਮ ਸਿੰਘ ਦੀ ਪਾਰਸਾਈ ਤੋਂ, ਸਤਿਆਰਥੀ ਦੀ ਦਾੜ੍ਹੀ ਤੋਂ ਤੇ ਸੇਖੋਂ ਦੇ ਖਿ਼ਜ਼ਾਬ ਤੋਂ ਡਰ ਲੱਗਦਾ ਹੈ। ਪਰ ਗਾਰਗੀ ਕੋਲ ਨਾ ਦਾੜ੍ਹੀ ਹੈ, ਨਾ ਖਿ਼ਜ਼ਾਬ ਤੇ ਨਾ ਪਾਰਸਾਈ! ਉਹ ਜੁੱਤਾ ਗੰਢਾਉਣ ਗਿਆ ਹੁੰਦਾ ਹੈ ਤੇ ਪਿਛੋਂ ਉਸ ਦੀ ਰਸੋਈ ਵਿਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਨ।”
ਉਹ ਆਪਣੇ ਆਪ ਨੂੰ ਗੋਪੀਆਂ ‘ਚ ਕਾਨ੍ਹ ਵਾਂਗ ਪੇਸ਼ ਕਰਦਾ ਸੀ ਪਰ ਉਹਦੀ ਠੁੱਲ੍ਹੀ ਪੋਪਲੀ ਸ਼ਕਲ ਤੋਂ ਲੱਗਦਾ ਨਹੀਂ ਸੀ ਕਿ ਕੋਈ ਚੱਜ ਹਾਲ ਦੀ ਕੁੜੀ ਉਹਦੇ ‘ਤੇ ਮਰਦੀ ਹੋਵੇ। ਉਹਦੇ ਨੈਣ ਨਕਸ਼ ਤਿੱਖੇ ਨਹੀਂ ਸਨ। ਕਪੜੇ ਜ਼ਰੂਰ ਭੜਕੀਲੇ ਪਾਉਂਦਾ ਸੀ। ਮੈਂ ਸਿਆਟਲ ਦੇ ਪੰਜਾਬੀ ਖੇਡ ਮੇਲਿਆਂ ‘ਤੇ ਅਕਸਰ ਜਾਂਦਾ ਰਹਿਨਾਂ। ਉਥੇ ਉਹ ਵੀ ਦੋ ਸਾਲ ਇੰਡੀਅਨ ਥੇਟਰ ਦਾ ਵਿਜ਼ਟਿੰਗ ਪ੍ਰੋਫੈ਼ਸਰ ਰਿਹਾ ਸੀ। ਮੈਨੂੰ ਸਿਆਟਲ ਜਾ ਕੇ ਹਰ ਵਾਰ ਗਾਰਗੀ ਦਾ ਚੇਤਾ ਆ ਜਾਂਦੈ ਤੇ ਮੈਂ ਹੈਰਾਨ ਹੁੰਨਾਂ ਕਿ ਇਥੇ ਯੂਨੀਵਰਸਿਟੀ ਵਿਚ ਪੜ੍ਹਦੀਆਂ ਕੁੜੀਆਂ ਉਹਦੇ ਉਤੇ ਕਿਵੇਂ ਡੁੱਲ੍ਹ ਗਈਆਂ ਸਨ? ਫਿਰ ਸੋਚੀਦੈ, ਸ਼ਾਇਦ ਉਹ ਸੱਚਾ ਹੀ ਹੋਵੇ ਤੇ ਕੁੜੀਆਂ ਉਹਦੇ ‘ਤੇ ਸੱਚੀਮੁੱਚੀਂ ਮਰਦੀਆਂ ਹੋਣ! ਤਦੇ ਤਾਂ ਗੋਰੀ ਨਸਲ ਦੀ ਕੁੜੀ ਜੀਨੀ ਹੈਨਰੀ ਨੇ ਉਹਦੇ ਨਾਲ ਵਿਆਹ ਕਰਵਾਇਆ।
ਅਸਲ ਵਿਚ ਗਾਰਗੀ ਨੂੰ ਡਰਾਮਾ ਕਰਨਾ ਆਉਂਦਾ ਸੀ। ਗੱਲ ਵਧਾ ਚੜ੍ਹਾ ਕੇ ਕਰਨੀ ਉਹਦਾ ਕਸਬ ਸੀ। ਜਿਵੇਂ ਅਮਲੀਆਂ ਦੀਆਂ ਗੱਲਾਂ ਸਰੋਤਿਆਂ ਨੂੰ ਬੰਨ੍ਹੀ ਰੱਖਦੀਆਂ ਹਨ ਉਵੇਂ ਗਾਰਗੀ ਦੀ ਲਿਖਤ ਪਾਠਕਾਂ ਨੂੰ ਕੀਲੀ ਰੱਖਦੀ ਹੈ। ਉਹਦੇ ਕੋਲ ਖੰਭਾਂ ਦੀਆਂ ਡਾਰਾਂ ਬਣਾਉਣ ਦਾ ਹੁਨਰ ਸੀ ਤੇ ਝੀਤਾਂ ਵਿਚ ਦੀ ਦਿਸਦੇ ਲੁਕਵੇਂ ਨਜ਼ਾਰੇ ਵਿਖਾਉਣ ਦੀ ਕਾਰਸਤਾਨੀ। ਉਹ ਕਿਸੇ ਨੂੰ ਵਡਿਆਉਂਦਾ ਹੋਇਆ ਨਾਲ ਦੀ ਨਾਲ ਉਹਨੂੰ ਲਾਹੀ ਵੀ ਜਾਂਦਾ ਸੀ ਤੇ ਬਖਸ਼ਦਾ ਆਪਣੇ ਆਪ ਨੂੰ ਵੀ ਨਹੀਂ ਸੀ। ਉਸ ਨੇ ਆਪਣੇ ਬਾਰੇ ਲਿਖਿਆ ਸੀ, “ਮੈਂ ਗਾਰਗੀ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਉਸ ਦੀਆਂ ਲਿਖਤਾਂ, ਉਸ ਦੇ ਝੂਠੇ ਵਾਅਦਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਹੈ। ਉਹ ਬਹੁਤ ਸਾਰੇ ਭੁਲੇਖਿਆਂ ਦਾ ਮਰਕਜ਼ ਹੈ। ਉਸ ਦੇ ਨਾਂ ਨੂੰ ਹੀ ਲਓ: ਗਾਰਗੀ! ਕਿਤਨਾ ਬੋਗਸ ਨਾਂ ਹੈ? ਕਿਸੇ ਕੁੜੀ ਦੀ ਨਕਲ ਜਾਪਦਾ ਹੈ। ...ਉਸ ਦਾ ਪਹਿਲਾ ਇਸ਼ਕ ਸੰਗੀਤ ਸੀ। ਸਾਹਿਤ ਵੱਲ ਤਾਂ ਉਹ ਐਵੇਂ ਹੀ ਆ ਗਿਆ, ਜਿਵੇਂ ਕੋਈ ਆਦਮੀ ਦੂਜੇ ਥਾਂ ਵਿਆਹਿਆ ਜਾਵੇ। ਨਾਟਕਕਾਰ ਵੀ ਉਸ ਨੂੰ ਹਾਲਾਤ ਨੇ ਹੀ ਬਣਾਇਆ।”
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਲਜ ਦੇ ਦਿਨੀਂ ਉਹ ਕਵਿਤਾ ਵੀ ਲਿਖਦਾ ਹੁੰਦਾ ਸੀ। ਉਸ ਨੇ ਲਗਭਗ ਤਿੰਨ ਸੌ ਕਵਿਤਾਵਾਂ ਲਿਖੀਆਂ ਸਨ। ਉਹਨਾਂ ‘ਚੋਂ ਪੰਜਾਹ ਚੁਣ ਕੇ ਉਹ ਰਾਬਿੰਦਰ ਨਾਥ ਠਾਕਰ ਕੋਲ ਲੈ ਗਿਆ ਸੀ। ਬਹੁਤ ਚਿਰ ਤੀਕ ਉਹ ਇਸ ਗੱਲ ਦਾ ਫੈਸਲਾ ਨਾ ਕਰ ਸਕਿਆ ਕਿ ਉਰਦੂ ਵਿਚ ਲਿਖੇ ਜਾਂ ਅੰਗਰੇਜ਼ੀ ਵਿਚ। ਆਖ਼ਰ ਉਸ ਨੇ ਪੰਜਾਬੀ ਵਿਚ ਲਿਖਣ ਦਾ ਫੈਸਲਾ ਕੀਤਾ ਕਿਉਂਕਿ ਇਸ ਬੋਲੀ ਵਿਚ ਉਸ ਨੇ ਆਪਣਾ ਬਚਪਨ ਜੀਵਿਆ ਸੀ ਤੇ ਗਲੀਆਂ ਦੀ ਧੂੜ, ਰੂੜੀਆਂ ਦੀ ਬੋਅ ਅਤੇ ਚਰ੍ਹੀਆਂ ਤੇ ਪਿੱਪਲਾਂ ਦੀ ਸੁਗੰਧ ਮਾਣੀ ਸੀ।
ਆਪਣਾ ਸਵੈਜੀਵਨੀ ਵਰਗਾ ਨਾਵਲ ‘ਨੰਗੀ ਧੁੱਪ’ ਉਹ ਸ਼ੁਰੂ ਹੀ ਇਸ ਤਰ੍ਹਾਂ ਕਰਦਾ ਹੈ: ਸਿਆਟਲ ਵਿਚ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕੀਹਨੂੰ ਹਾਂ ਕਰਾਂ, ਕੀਹਨੂੰ ਨਾਂਹ ਤੇ ਕੀਹਨੂੰ ਲਾਰਾ ਲਾਵਾਂ?
ਸੰਭਵ ਹੈ ਇਹ ਕੁਝ ਉਸ ਨੇ ਪਾਠਕਾਂ ਨੂੰ ਚਕਾਚੌਂਧ ਕਰਨ ਲਈ ਲਿਖਿਆ ਹੋਵੇ ਤੇ ਇਸ਼ਕ ਉਹਦੇ ਨੇੜੇ ਤੇੜੇ ਵੀ ਨਾ ਢੁੱਕਾ ਹੋਵੇ। ਸੱਚ ਨਹੀਂ ਆਉਂਦਾ ਕਿ ਸ਼ਕਲੋਂ ਸੂਰਤੋਂ ਸਾਧਾਰਨ, ਕੱਦਕਾਠ ਵੱਲੋਂ ਠਿਗਣੇ ਤੇ ਉਮਰੋਂ ਪੰਜਾਹ ਸਾਲਾਂ ਨੂੰ ਢੁੱਕੇ ਬਠਿੰਡੇ ਦੇ ਬਾਣੀਏਂ ਉਤੇ ਅਮਰੀਕਾ ਦੀਆਂ ਤਿੰਨ ਮੁਟਿਆਰਾਂ ਮਰਦੀਆਂ ਹੋਣ। ਪਰ ਉਹਨੇ ਹੱਥਾਂ ‘ਤੇ ਸਰ੍ਹੋਂ ਜਮਾ ਕੇ ਵਿਖਾ ਦਿੱਤੀ ਜਦੋਂ ਉਹ ਅਮਰੀਕਾ ਤੋਂ ਜੀਨੀ ਨਾਂ ਦੀ ਲੰਮੀ ਲੰਝੀ ਪਟੋਲ੍ਹੇ ਵਰਗੀ ਕੁੜੀ ਪੱਟ ਲਿਆਇਆ। ਜੀਨੀ ਨੂੰ ਤਾਂ ਲੈ ਆਇਆ ਪਰ ਦੋ ਜਣੀਆਂ ਪਿੱਛੇ ਹਉਕੇ ਲੈਂਦੀਆਂ ਰਹਿ ਗਈਆਂ। ਗੁਰਚਰਨ ਰਾਮਪੁਰੀ ਨੇ ਮੈਨੂੰ ਦੱਸਿਆ ਕਿ ਮਾਸ਼ਾ ਤਾਂ ਅਜੇ ਵੀ ਮੈਥੋਂ ਬਲਵੰਤ ਦਾ ਹਾਲ ਚਾਲ ਪੁੱਛਦੀ ਹੈ। ਮਾਸ਼ਾ ਨੂੰ ਗਾਰਗੀ ਨਾਲ ਸੱਚਾ ਪਿਆਰ ਸੀ। ਜੀਨੀ ਉਹਦੇ ਉਤੋਂ ਦੀ ਪੈ ਗਈ। ਗੁਰਚਰਨ ਰਾਮਪੁਰੀ ਵੈਨਕੂਵਰ ਤੋਂ ਸਿਆਟਲ ਗਾਰਗੀ ਕੋਲ ਆਉਂਦਾ ਜਾਂਦਾ ਸੀ ਜੋ ਗਾਰਗੀ ਦੇ ਇਸ਼ਕਾਂ ਦਾ ਚਸ਼ਮਦੀਦ ਗਵਾਹ ਹੈ। ਉਨ੍ਹਾਂ ਦੀ ਦੋਸਤੀ ਅਮਨ ਲਹਿਰ ਵੇਲੇ ਤੋਂ ਸੀ ਜਿਸ ਵਿਚ ਰਾਮਪੁਰੀ ਹੋਰੀਂ ਕਵਿਤਾਵਾਂ ਪੜ੍ਹਦੇ ਤੇ ਗਾਰਗੀ ਦੇ ਨਾਟਕ ਖੇਡੇ ਜਾਂਦੇ।
ਜੀਨੀ ਨੂੰ ਗਾਰਗੀ 1966 ‘ਚ ਖਾਲਸਾ ਕਾਲਜ ਦਿੱਲੀ ਵਿਚ ਲਿਆਇਆ ਤਾਂ ਉਹਨੀਂ ਦਿਨੀਂ ਮੈਂ ਉਥੇ ਈ ਲੈਕਚਰਾਰ ਸਾਂ। ਜੀਨੀ ਖ਼ੁਸ਼ਬੋਆਂ ਛੱਡ ਰਹੀ ਸੀ ਤੇ ਮੁੰਡਿਆਂ ਖੁੰਡਿਆਂ ਤੋਂ ਉਹਦਾ ਡੁੱਲ੍ਹ ਡੁੱਲ੍ਹ ਪੈਂਦਾ ਰੂਪ ਝੱਲਿਆ ਨਹੀਂ ਸੀ ਜਾ ਰਿਹਾ। ਗਾਰਗੀ ਦੇ ਨਹੁੰ ਵਧੇ ਹੋਏ ਸਨ ਤੇ ਵਾਲ ਉਲਝੇ ਹੋਏ ਪਰ ਅੱਖਾਂ ‘ਚ ਚਮਕ ਸੀ। ਉਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੁੰਡੇ ਕੁੜੀਆਂ ਅੱਡ ਅੱਡ ਬੈਂਚਾਂ ‘ਤੇ ਨਾ ਬੈਠੋ ਸਗੋਂ ‘ਕੱਠੇ ਬੈਠੋ। ਅਮਰੀਕਾ ‘ਚ ‘ਕੱਠੇ ਬੈਠਦੇ ਹਨ। ਮੁੰਡਿਆਂ ਨੂੰ ਹੋਰ ਕੀ ਚਾਹੀਦਾ ਸੀ? ਵਿਦਾ ਕਰਨ ਵੇਲੇ ਅਸੀਂ ਉਹਦੀ ਕਾਰ ਤਕ ਗਏ। ਕਾਰ ਅਮਰੀਕਨ ਸੀ ਜੋ ਜੀਨੀ ਵਾਂਗ ਹੀ ਲਿਸ਼ਕ ਰਹੀ ਸੀ। ਮੈਂ ਜੀਨੀ ਦਾ ਹੁਸਨ ਸਲਾਹੁਣਾ ਚਾਹੁੰਦਾ ਸਾਂ ਪਰ ਉਦੋਂ ਹੁਣ ਵਰਗੀ ਜਾਚ ਨਹੀਂ ਸੀ। ਮੈਂ ਕਹਿਣਾ ਤਾਂ ਚਾਹੁੰਦਾ ਸਾਂ, “ਗਾਰਗੀ ਸਾਹਿਬ ਰੰਨ ਬੜੀ ਵਧੀਆ ਪੱਟੀ ਜੇ!” ਪਰ ਕਹਿ ਇਹੋ ਸਕਿਆ, “ਗਾਰਗੀ ਸਾਹਿਬ ਕਾਰ ਬੜੀ ਸੋਹਣੀ ਲਿਆਂਦੀ ਜੇ!”
ਜੀਨੀ ਨੂੰ ਤਾਂ ਪੰਜਾਬੀ ‘ਚ ਕਹੇ ਦਾ ਕੀ ਪਤਾ ਲੱਗਣਾ ਸੀ ਪਰ ਗਾਰਗੀ ਮੁਸਕਣੀਏਂ ਹੱਸਿਆ ਸੀ।
ਪਹਿਲਾਂ ਉਸ ਨੇ ਪੋਲੈਂਡ ਤੋਂ ਸੈਰ ਸਪਾਟੇ ‘ਤੇ ਆਈ ਇਕ ਨਾਰ ਹਿਲਡਾ ਨਾਲ ਇਸ਼ਕ ਕੀਤਾ ਸੀ ਤੇ ਤਾਜ ਮਹੱਲ ਦੇ ਸਾਈਂ ਨੇ ਉਨ੍ਹਾਂ ਦੀ ਜੋੜੀ ਸਦਾ ਸਲਾਮਤ ਬਣੇ ਰਹਿਣ ਦੀ ਦੁਆ ਕੀਤੀ ਸੀ। ਕੱਚ ਦੇ ਗਲਾਸ ਵਰਗੀ ਮੇਮ ਆਪਣੇ ਨਾਲ ਕੱਚ ਦਾ ਗਲਾਸ ਵੀ ਲਿਆਈ ਸੀ। ਉਸ ਗਲਾਸ ਵਿਚ ਪਾਣੀ ਪਾ ਕੇ ਆਸ਼ਕ ਗਾਰਗੀ ਆਪਣੀ ਮਾਸ਼ੂਕ ਹਿਲਡਾ ਨੂੰ ਫੜਾਉਣ ਲੱਗਾ ਤਾਂ ਗਲਾਸ ਹੱਥੋਂ ਡਿੱਗ ਪਿਆ ਤੇ ਡਿਗਦਾ ਈ ਟੁੱਟ ਗਿਆ। ਗਲਾਸ ਕਾਹਦਾ ਟੁੱਟਿਆ ਨਾਲ ਇਸ਼ਕ ਵੀ ਚਕਨਾਚੂਰ ਹੋ ਗਿਆ ਤੇ ਜੋੜੀ ਸਦਾ ਲਈ ਟੁੱਟ ਗਈ। ਇਹ ਕਿੱਸਾ ਗਾਰਗੀ ਨੇ ਖ਼ੁਦ ਲਿਖਿਆ ਹੈ। ਪਤਾ ਨਹੀਂ ਸੱਚਾ ਪਤਾ ਨਹੀਂ ਝੂਠਾ।
ਇਕ ਦਿਨ ਅਸੀਂ ਗਾਰਗੀ ਨੂੰ ਮਿਲਣ ਦੇ ਬਹਾਨੇ ਜੀਨੀ ਦੇ ਦਰਸ਼ਨ ਕਰਨ ਉਹਦੇ ਕਨਾਟ ਪਲੇਸ ਵਾਲੇ ਤੰਗ ਜਿਹੇ ਘਰ ‘ਚ ਗਏ। ਘਰ ਦਾ ਨਕਸ਼ਾ ਗਾਰਗੀ ਦੀ ਲਿਖਤ ‘ਚ ਇੰਜ ਹੈ, “ਕਰਜ਼ਨ ਰੋਡ ਦੀ ਇਕ ਕੋਠੀ ਦੀ ਗੁੱਠ ਵਿਚ ਉਸ ਦਾ ਘਰ ਹੈ ਜਿਸ ਦੇ ਪਿਛੇ ਧੋਬੀਆਂ, ਖ਼ਾਨਸਾਮਿਆਂ ਤੇ ਨਾਈਆਂ ਦੀਆਂ ਖੋਲੀਆਂ ਹਨ। ਉਨ੍ਹਾਂ ਵਿਚ ਉਸ ਦੇ ਘਰ ਦਾ ਪੀਲਾ ਦਰਵਾਜ਼ਾ ਚਮਕਦਾ ਹੈ। ਅੰਦਰ ਜਾਓ ਤਾਂ ਸਾਹਮਣੇ ਹੀ ਫੁੱਲਾਂ ਨਾਲ ਸਿੰ਼ਗਾਰਿਆ ਇਕ ਖ਼ੂਬਸੂਰਤ ਕਮਰਾ ਹੈ। ਫਰਾਂਸੀਸੀ ਸਟਾਈਲ ਦਾ ਬੂਹਾ ਤੇ ਰੰਗਦਾਰ ਪਰਦਿਆਂ ਵਾਲੇ ਸ਼ੀਸ਼ੇ ਹਨ। ਇਹ ਕਮਰਾ ਉਸ ਦੇ ਨੌਕਰ ਦਾ ਹੈ। ਉਸ ਦਾ ਆਪਣਾ ਕਮਰਾ ਇਸ ਨਾਲੋਂ ਬਹੁਤ ਘਟੀਆ ਹੈ।”
ਉਸ ਘਰ ਵਿਚ ਜੀਨੀ ਸਾਨੂੰ ਉਦਾਸ ਜਿਹੀ ਲੱਗੀ। ਗਾਰਗੀ ਨੇ ਦੱਸਿਆ ਕਿ ਇਹ ਪੇਕਿਆਂ ਨੂੰ ਓਦਰੀ ਹੋਈ ਐ। ਫਿਰ ਪਤਾ ਨਹੀਂ ਸੱਚੀਂ ਪਤਾ ਨਹੀਂ ਮਜ਼ਾਕ ਵਿਚ, ਉਹ ਮੈਨੂੰ ਕਹਿਣ ਲੱਗਾ, “ਜੇ ਆਖੇਂ ਤਾਂ ਜੀਨੀ ਦੀ ਭੈਣ ਦਾ ਸਾਕ ਤੈਨੂੰ ਲਿਆ ਦਿੰਨਾਂ। ਮੇਰੀ ਸਾਲੀ ਦਾ। ਨਾਲੇ ਦੋਹਾਂ ਭੈਣਾਂ ਦਾ ਜੀਅ ਲੱਗਿਆ ਰਹੂ।” ਪੇਸ਼ਕਸ਼ ਕਮਾਲ ਦੀ ਸੀ। ਮੈਂ ਬੈਠਾ ਬੈਠਾ ਅਮਰੀਕਨ ਬਣ ਸਕਦਾ ਸਾਂ ਪਰ ਮੈਂ ਆਖਿਆ, “ਮੈਂ ਤਾਂ ਪਹਿਲਾਂ ਈ ਮੰਗਿਆ ਹੋਇਆਂ। ਨਾਲੇ ਮੇਮ ਨਾਲ ਜੱਟਾਂ ਦੇ ਮੁੰਡੇ ਦੀ ਕਿਵੇਂ ਨਿਭੂ? ਉਹ ਤਾਂ ਆਉਂਦੀ ਈ ਮੈਨੂੰ ਛੱਡ ਕੇ ਭੱਜ-ਜੂ।” ਮੈਂ ਤਾਂ ਖ਼ੈਰ ਬਚ ਗਿਆ ਪਰ ਗਾਰਗੀ ਬਚ ਨਾ ਸਕਿਆ। ਜੀਨੀ ਬਾਲ ਬੱਚੇ ਜੰਮ ਕੇ ਵੀ ਭੱਜ ਗਈ। ਅੱਜ ਸੋਚਦਾਂ ਕੀ ਪਤਾ ਉਹ ਮਾਸ਼ਾ ਨੂੰ ਹੀ ਲਿਆਉਣਾ ਚਾਹੁੰਦਾ ਹੋਵੇ!
ਗਾਰਗੀ ਦੀ ਤਰਜ਼ੇ ਬਿਆਨੀ ਨਕਲੀਆਂ ਦੀਆਂ ਨਕਲਾਂ ਤੇ ਨਾਚੀਆਂ ਦੇ ਜਿ਼ੰਦਾ ਡਾਨਸ ਵਰਗੀ ਸੀ। ਇਹੋ ਕਾਰਨ ਹੈ ਕਿ ਉਹਦੀਆਂ ਲਿਖਤਾਂ ਵਿਚ ਖਿੱਚ ਹੈ, ਟਕੋਰਾਂ ਹਨ, ਨੰਗੇਜ ਹੈ ਤੇ ਨਖਰਾ ਹੈ। ਉਹਨੂੰ ਢਕੀਆਂ ਗੱਲਾਂ ਨੰਗੀਆਂ ਕਰਨ ਵਾਲਾ ਪੰਜਾਬੀ ਦਾ ਅੱਵਲ ਨੰਬਰ ਲੇਖਕ ਕਿਹਾ ਜਾ ਸਕਦੈ। ਉਹਦੇ ‘ਚ ਜੁਰਅੱਤ ਸੀ ਕਿ ਉਹ ਕਹਿੰਦੇ ਕਹਾਉਂਦਿਆਂ ਦੇ ਪਰਦੇ ਫਰੋਲ ਦਿੰਦਾ ਸੀ ਤੇ ਢਕੇ ਆਪਣੇ ਵੀ ਨਹੀਂ ਸੀ ਰਹਿਣ ਦਿੰਦਾ। ਨੰਗੀ ਧੁੱਪ ਵਿਚ ਉਸ ਨੇ ਖ਼ੁਦ ਨੂੰ ਨੰਗਾ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ। ਆਪਣੀ ਜ਼ਨਾਨੀ ਕਿਸੇ ਹੋਰ ਨਾਲ ਤੇ ਉਹ ਕਿਸੇ ਹੋਰ ਨਾਲ। ਨੇਕਡ ਟਰਾਇੰਗਲ। ਜਿਹੜੇ ਹੋਰਨਾਂ ਦੀ ਅਸਲੀਅਤ ਵਿਖਾਉਂਦੇ ਹਨ ਤੇ ਆਪਣੀ ਲੁਕਾਉਂਦੇ ਹਨ ਉਨ੍ਹਾਂ ਲਈ ਇਹ ਪੁਸਤਕ ਸ਼ੀਸ਼ਾ ਹੈ। ਅਫਸੋਸ ਹੈ ਕਿ ਖਰੀਆਂ, ਖੋਟੀਆਂ, ਮਸਾਲੇਦਾਰ, ਚੋਂਦੀਆਂ ਚੋਂਦੀਆਂ ਪਰ ਕਿਸੇ ਹੱਦ ਤੱਕ ਸੱਚੀਆਂ ਤੇ ਝੂਠੀਆਂ ਲਿਖਤਾਂ ਦਾ ਰੌਣਕੀ ਲੇਖਕ ਹੁਣ ਸਾਡੇ ਵਿਚ ਨਹੀਂ ਰਿਹਾ। ਉਹ ਆਪ ਭਾਵੇਂ ਸਦਾ ਲਈ ਵਿਛੜ ਗਿਆ ਹੈ ਪਰ ਉਹਦੀਆਂ ਰਚਨਾਵਾਂ ਸਦਾ ਲਈ ਗੁੱਝੇ ਸੁਆਦ ਦਾ ਸੋਮਾ ਬਣੀਆਂ ਰਹਿਣਗੀਆਂ।
ਗਾਰਗੀ ਨੂੰ ਮਿਲਣ ਗਿਲਣ ਦੇ ਮੌਕੇ ਤਾਂ ਮੈਨੂੰ ਕਈ ਵਾਰ ਮਿਲੇ ਪਰ ਕਦੇ ਖੁੱਲ੍ਹ ਕੇ ਦਿਲ ਦੀਆਂ ਗੱਲਾਂ ਨਹੀਂ ਸੀ ਹੋ ਸਕੀਆਂ। ਇਕੇਰਾਂ ਦਿੱਲੀ ਦੇ ਇੰਡੀਅਨ ਕਾਫੀ ਹਾਊਸ ਵਿਚ ਮੈਂ ਉਹਨੂੰ ਆਪਣੀ ਕਹਾਣੀ ‘ਉਡਦੀ ਧੂੜ ਦਿਸੇ’ ਸੁਣਾਈ ਜਿਸ ਵਿਚ ਦੁੱਲੇ ਵਾਗੀ ਤੇ ਗੱਡੀਆਂ ਵਾਲੀ ਦੇ ਇਸ਼ਕ ਦਾ ਬਿਰਤਾਂਤ ਸੀ। ਉਹ ਟਿੱਬੇ ਵਾਲੀ ਢਾਲੂ ਕਿੱਕਰ ਹੇਠਾਂ ਮਿਲੇ ਸਨ। ਫਿਰ ਕਾਲੀ ਬੋਲੀ ਹਨ੍ਹੇਰੀ ਆਈ। ਹਨ੍ਹੇਰੀ ਵਿਚ ਕੱਖ ਕਾਣ ਹੀ ਨਹੀਂ ਉਡਿਆ, ਉਨ੍ਹਾਂ ਦਾ ਇਸ਼ਕ ਵੀ ਉਡ ਗਿਆ। ਐਵੇਂ ਜਜ਼ਬਾਤੀ ਜਿਹੀ ਕਹਾਣੀ ਸੀ। ਉੁਦੋਂ ਮੈਂ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਐੱਮ. ਏ. ਦਾ ਵਿਦਿਆਰਥੀ ਸਾਂ ਤੇ ਲਿਖਣਾ ਸ਼ੁਰੂ ਹੀ ਕੀਤਾ ਸੀ। ਬਿਨਾ ਸ਼ੱਕ ਉਹ ਮੇਰੀ ਕੱਚੀ ਪਿੱਲੀ ਲਿਖਤ ਸੀ। ਪਰ ਗਾਰਗੀ ਕਹਿੰਦਾ ਸੁਆਦ ਆ ਗਿਆ। ਨਾਲ ਹੀ ਉਹਦਾ ਸੁਝਾਅ ਸੀ, “ਹੋਰ ਵੀ ਸੁਆਦ ਆਉਂਦਾ ਜੇ ਵਾਗੀ ਤੇ ਗੱਡੀਆਂ ਵਾਲੀ ਭੋਗ ਵਿਲਾਸ ਕਰਦੇ। ਤੇਰੀ ਕਹਾਣੀ ਵਿਚ ਤਾਂ ਉਹ ਪ੍ਰੀਤ ਲੜੀ ਦੇ ਪਿਆਰ ਵਿਚ ਈ ਪਏ ਰਹੇ ਤੇ ਬਿਨਾਂ ਕੁਛ ਕਰੇ ਨਿੱਖੜ ਗਏ। ਜੇ ਕਹਾਣੀ ਬਣਾਉਣੀ ਐਂ ਤਾਂ ਇਹਨਾਂ ਤੋਂ ਕਰਵਾ ਕੁਛ ਨਾ ਕੁਛ। ਨਹੀਂ ਤਾਂ ਤੇਰੇ ਪਾਤਰ ਖੁਸਰੇ ਲੱਗਣਗੇ।”
ਉਦੋਂ ਤਾਂ ਮੈਨੂੰ ਏਨੀ ਸਮਝ ਨਹੀਂ ਸੀ ਪਰ ਹੁਣ ਸਮਝਦਾਂ ਕਿ ਉਹ ਮੈਨੂੰ ਭੋਗ ਵਿਲਾਸੀ ਲੇਖਕ ਬਣਨ ਦਾ ਗੁਰ ਦੱਸ ਰਿਹਾ ਸੀ। ਉਹਦੀਆਂ ਆਪਣੀਆਂ ਲਿਖਤਾਂ ਵੀ ਭੋਗ ਵਿਲਾਸ ਦੇ ਕਾਰਿਆਂ ਨਾਲ ਲਬਰੇਜ਼ ਹਨ। ‘ਨੰਗੀ ਧੁੱਪ’ ਤੇ ‘ਕਾਸ਼ਨੀ ਵਿਹੜਾ’ ਕਾਮੁਕ ਦ੍ਰਿਸ਼ਾਂ ਨਾਲ ਭਰਪੂਰ ਹਨ। ਪਾਠਕ ਸੁਆਦ ਸੁਆਦ ਵਿਚ ਪੜ੍ਹੀ ਜਾਂਦੈ। ਆਪਣੇ ਜਾਣੇ ਉਹ ਸਮਾਜ ਦਾ ਸੱਚ ਪੇਸ਼ ਕਰ ਰਿਹੈ। ਉਹ ਲਿਖਦਾ ਹੈ, “ਅਸਲੀਅਤ ਕੀ ਹੈ? ਸੱਚ ਕੀ ਹੈ? ਇਹ ਹਮੇਸ਼ਾਂ ਸਾਪੇਖਕ ਹੁੰਦਾ ਹੈ। ਇਕੋ ਵੇਲੇ ਇਕ ਔਰਤ ਜਾਂ ਮਰਦ ਬਾਰੇ ਤਿੰਨ ਹਜ਼ਾਰ ਜਾਂ ਤਿੰਨ ਲੱਖ ਪ੍ਰਤੀਵਿਰੋਧੀ ਗੱਲਾਂ ਸੱਚ ਹੋ ਸਕਦੀਆਂ ਹਨ। ਸੱਚ ਕਈ ਵਾਰ ਨੰਗਾ ਹੁੰਦਾ ਹੈ, ਕਈ ਵਾਰ ਲੁਕਿਆ ਹੋਇਆ। ਕਈ ਵਾਰ ਸਾਧ, ਕਈ ਵਾਰ ਚੋਰ। ਮੈਂ ਸਾਧ ਤੇ ਚੋਰ ਦੋਹਾਂ ਨੂੰ ਫੜ ਕੇ ਪਾਠਕ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ।”
ਗਾਰਗੀ ਦੇ ਰਚੇ ਰੇਖਾ-ਚਿੱਤਰ ਪੰਜਾਬੀ ਦੇ ਵਰਤਮਾਨ ਸਾਹਿਤ ਦਾ ਇਤਿਹਾਸ ਹਨ। ਕਵੀਆਂ, ਲੇਖਕਾਂ ਤੇ ਕਲਾਕਾਰਾਂ ਵਿਚ ਟੂਣੇਹਾਰੀ ਖਿੱਚ ਹੁੰਦੀ ਹੈ। ਉਨ੍ਹਾਂ ਦੀ ਹਰ ਚੀਜ਼ ਵਿਚ ਪਾਠਕਾਂ ਤੇ ਸਰੋਤਿਆਂ ਨੂੰ ਦਿਲਚਸਪੀ ਹੁੰਦੀ ਹੈ। ਉਹ ਕਿਸ ਤਰ੍ਹਾਂ ਰਚਨਾ ਕਰਦੇ ਹਨ, ਕੀ ਪਹਿਨਦੇ ਹਨ, ਕਿਸ ਕੈਫ਼ੇ ਵਿਚ ਬੈਠ ਕੇ ਬਹਿਰੇ ਨੂੰ ਕੀ ਆਰਡਰ ਦਿੰਦੇ ਹਨ, ਕਿਸ ਤਰ੍ਹਾਂ ਝਗੜਾ ਤੇ ਪਿਆਰ ਕਰਦੇ ਹਨ, ਇਹ ਸਾਰੀਆਂ ਗੱਲਾਂ ਇਤਿਹਾਸ ਬਣ ਜਾਂਦੀਆਂ ਹਨ। ਗਾਰਗੀ ਲਿਖਦਾ ਹੈ, “ਮੈਂ ਪ੍ਰੰਪਰਾਗਤ ਸਮਾਜ ਦਾ ਆਲੋਚਕ ਹਾਂ, ਰਵਾਇਤੀ ਕਦਰਾਂ ਤੇ ਰਵਾਇਤੀ ਇਖ਼ਲਾਕ ਦਾ ਵਿਰੋਧੀ। ਆਪਣਾ ਸੱਚ ਬੰਦਾ ਖ਼ੁਦ ਢੂੰਡਦਾ ਹੈ। ਕਈ ਵਾਰ ਖ਼ੁਦ ਨੂੰ ਵੀ ਆਪਣੇ ਸੱਚ ਦਾ ਪਤਾ ਨਹੀਂ ਹੁੰਦਾ ਜੋ ਕਈ ਵਾਰ ਰਚਨ ਸਮੇਂ ਹੀ ਉੱਘੜਦਾ ਹੈ।”
ਉਸ ਨੇ ਲੋਹਾ ਕੁੱਟ, ਸੈਲ ਪੱਥਰ, ਨਵਾਂ ਮੁੱਢ, ਕੇਸਰੋ, ਕਣਕ ਦੀ ਬੱਲੀ, ਸੋਹਣੀ ਮਹੀਂਵਾਲ, ਧੂਣੀ ਦੀ ਅੱਗ, ਗਗਨ ਮੈ ਥਾਲ, ਸੁਲਤਾਨ ਰਜ਼ੀਆ, ਸੌਂਕਣ, ਮਿਰਜ਼ਾ ਸਾਹਿਬਾਂ ਤੇ ਅਭਿਸਾਰਿਕਾ ਪੂਰੇ ਨਾਟਕ ਲਿਖੇ ਹਨ। ਕੁਆਰੀ ਟੀਸੀ, ਪੱਤਣ ਦੀ ਬੇੜੀ, ਚਾਕੂ ਤੇ ਪੈਂਤੜੇਬਾਜ਼ ਇਕਾਂਗੀ ਨਾਟਕ ਹਨ। ਕੱਕਾ ਰੇਤਾ ਨਾਵਲ ਹੈ ਅਤੇ ਮਿਰਚਾਂ ਵਾਲਾ ਸਾਧ, ਡੁੱਲ੍ਹੇ ਬੇਰ ਤੇ ਕਾਲਾ ਅੰਬ ਕਹਾਣੀ ਸੰਗ੍ਰਹਿ ਹਨ। ਰੰਗਮੰਚ ਤੇ ਲੋਕ ਨਾਟਕ ਖੋਜ ਪੁਸਤਕਾਂ ਅਤੇ ਨੰਗੀ ਧੁੱਪ ਸਵੈਜੀਵਨੀ ਨਾਵਲ ਹੈ। ਪਤਾਲ ਦੀ ਧਰਤੀ ਅਮਰੀਕਾ ਦਾ ਸਫ਼ਰਨਾਮਾ ਹੈ। ਉਸ ਦੇ ਰੇਖਾ-ਚਿੱਤਰਾਂ ਦੀਆਂ ਬਹੁਚਰਚਿਤ ਪੁਸਤਕਾਂ ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਹੁਸੀਨ ਚਿਹਰੇ, ਕਾਸ਼ਨੀ ਵਿਹੜਾ ਤੇ ਸ਼ਰਬਤ ਦੀਆਂ ਘੁੱਟਾਂ ਹਨ। ਏਨਾ ਲਿਖਣਾ ਤੇ ਦਿਲਚਸਪ ਲਿਖੀ ਜਾਣਾ ਖਾਲਾ ਜੀ ਦਾ ਵਾੜਾ ਨਹੀਂ।
ਉਹਦੇ ਰੇਖਾ-ਚਿੱਤਰਾਂ ਦਾ ਆਰੰਭ ਹੀ ਬੜਾ ਖਿੱਚਪਾਊ ਤੇ ਰੌਚਿਕ ਹੁੰਦਾ ਸੀ। ਰਾਜਿੰਦਰ ਸਿੰਘ ਬੇਦੀ ਬਾਰੇ ਲਿਖਿਆ ਹੈ, “ਕਈ ਲੋਕ ਮੂੰਹ ਮੀਚ ਕੇ ਹੱਸਦੇ ਹਨ। ਕਈਆਂ ਦੀਆਂ ਸਿਰਫ਼ ਅੱਖਾਂ ਤੇ ਬੁੱਲ੍ਹ ਹੱਸਦੇ ਹਨ। ਕਈਆਂ ਦਾ ਮੂੰਹ, ਮੋਢੇ ਤੇ ਢਿੱਡ ਹੱਸਦਾ ਹੈ। ਪਰ ਬੇਦੀ ਦਾ ਸਾਰਾ ਵਜੂਦ ਹੱਸਦਾ ਹੈ-ਸਾਫ਼ਾ, ਦਾੜ੍ਹੀ, ਮੂੰਹ ਤੇ ਗਿੱਟੇ ਵੀ।” ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਖਾਕਾ ਇਕੋ ਵਾਕ ਵਿਚ ਖਿੱਚ ਦਿੱਤੈ-ਚਿੱਟੀ ਗੋਲ ਪੱਗ, ਬੱਤਖ਼ ਦੇ ਪਰਾਂ ਵਰਗੀ ਚਿੱਟੀ ਦਾੜ੍ਹੀ, ਚਿੱਟਾ ਚੂੜੀਦਾਰ ਪਜਾਮਾ ਤੇ ਚਿੱਟੀ ਅਚਕਨ। ਬਾਵਾ ਬਲਵੰਤ ਬਾਰੇ ਲਿਖਿਆ-ਬਾਵਾ ਬਲਵੰਤ ਦੇ ਨਾਂ ਤੋਂ ਇਓਂ ਜਾਪਦਾ ਹੈ ਜਿਵੇਂ ਡਾਕੂ ਬੰਤਾ ਸਿੰਘ ਕਈ ਸਾਲ ਡਾਕੇ ਮਾਰ ਕੇ ਸਾਧ ਹੋ ਗਿਆ ਹੋਵੇ। ਕਵੀ ਤਾਰਾ ਸਿੰਘ ਬਾਰੇ ਲਿਖਦੈ-ਉਹ ਸ਼ਕਲ ਤੋਂ ਤਰਖਾਣ ਲੱਗਦਾ ਹੈ। ਅਤੇ ਹੈ ਵੀ। ਹਰਿਭਜਨ ਸਿੰਘ ਦੇ ਰੇਖਾ ਚਿੱਤਰ ਦੀ ਸ਼ੁਰੂਆਤ ਇੰਜ ਹੈ, “ਹਰਿ ਭਜਨ ਸਿੰਘ ਖੁੱਲ੍ਹੀ ਦਾੜ੍ਹੀ ਵਾਲਾ ਇਕ ਅਜਿਹਾ ਦਿਓ ਹੈ ਜੋ ਨਿੱਕੇ ਮੋਟੇ ਸਾਹਿਤਕਾਰ ਨੂੰ ਤੁਰਤ ਹੀ ਭਕਸ਼ ਕਰ ਜਾਂਦਾ ਹੈ।”
ਗਾਰਗੀ ਭਾਵੇਂ ਨਾਟਕ ਲਿਖ ਰਿਹਾ ਹੁੰਦਾ, ਭਾਵੇਂ ਕਹਾਣੀਆਂ, ਭਾਵੇਂ ਨਾਵਲ ਤੇ ਭਾਵੇਂ ਰੇਖਾ-ਚਿੱਤਰ, ਮੱਲੋਜ਼ੋਰੀ ਪਾਠਕਾਂ ਨੂੰ ਔਰਤ ਦੇ ਅੰਗਾਂ ਵੱਲ ਲੈ ਜਾਂਦਾ। ਤਾਰਾ ਸਿੰਘ ਦੇ ਰੇਖਾ-ਚਿੱਤਰ ਦਾ ਲਮਕਾਇਆ ਅੰਤ ਵੇਖੋ:
ਉਸ ਉੱਤਰ ਦਿੱਤਾ, “ਤਿੰਨ ਮਹੀਨੇ ਹੋਏ ਮੈਂ ਇਕ ਕਵਿਤਾ ਸ਼ੁਰੂ ਕੀਤੀ ਸੀ, ਹਾਲ ਤੀਕ ਮੁਕੰਮਲ ਨਹੀਂ ਹੋਈ। ਉਹਨੀਂ ਦਿਨੀਂ ਇਕ ਅਜਿਹਾ ਵਾਕਿਆ ਹੋਇਆ ਜਿਸ ਨੇ ਮੈਨੂੰ ਪ੍ਰੇਰਿਆ। ਸਾਡੀ ਗਲੀ ਵਿਚ ਇਕ ਕੁੜੀ ਜਵਾਨ ਹੋ ਰਹੀ ਸੀ। ਮਹੱਲੇ ਦੇ ਸਾਰੇ ਮੁੰਡੇ ਉਸ ਨੂੰ ਤੱਕਦੇ ਤੇ ਅੱਖਾਂ ਸੇਕਦੇ। ਕੁੜੀ ਵੀ ਕੋਠੇ ‘ਤੇ ਚੜ੍ਹ ਕੇ ਵਾਲ ਸੁਕਾਉਂਦੀ ਹੋਈ ਮੁੰਡਿਆਂ ਨੂੰ ਤੱਕਦੀ। ਇਸ ਕੁੜੀ ਵਿਚ ਸ਼ਬਾਬ ਅੰਗੜਾਈ ਲੈਣ ਲੱਗਾ ਸੀ। ਮੈਨੂੰ ਖਿ਼ਆਲ ਫੁਰਿਆ ਕਿ ਇਸ ਕੁੜੀ ਦੇ ਅੰਗਾਂ ਵਿਚ ਸੇਕ ਮਘ ਰਿਹਾ ਹੈ ਤੇ ਕੁੜੀ ਦੇ ਨਿਤੰਬਾਂ ਵਿਚ ਗੁਲਾਈਆਂ ਭਰ ਰਹੀਆਂ ਹਨ...।”
“ਨਿਤੰਬਾਂ ਕੀ?” ਮੈਂ ਪੁੱਛਿਆ। “ਸੰਸਕ੍ਰਿਤ ਵਿਚ ਔਰਤ ਦੇ ਇਸ ਅੰਗ ਨੂੰ ਨਿਤੰਬਾਂ ਹੀ ਆਖਦੇ ਹਨ।” “ਨਿਤੰਬਾਂ ਦੇ ਕੀ ਅਰਥ ਹਨ?” ਮੈਂ ਫੇਰ ਪੁੱਛਿਆ। “ਨਿਤੰਬ ਨਹੀਂ ਜਾਣਦੇ ਤੁਸੀਂ? ਇਹ ਤਾਂ ਸ਼ਬਦ ਈ ਇਹੋ ਜਿਹਾ...ਇਸ ਦੇ ਅਰਥ ਸਪੱਸ਼ਟ ਹਨ। ਸ਼ਬਦਾਂ ਦੀ ਧੁਨੀ ਤੋਂ ਹੀ ਕਈ ਵਾਰ ਅਰਥਾਂ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਕੌੜਤੂੰਬਾ, ਭੁੱਚਰ, ਭੜੋਲਾ-ਇਸੇ ਤਰ੍ਹਾਂ ਇਹ ਸ਼ਬਦ ਹੈ: ਨਿਤੰਬ।”
“ਮੈਂ ਨਹੀਂ ਸਮਝਿਆ।” ਉਹ ਬੋਲਿਆ, “ਕਾਲੀਦਾਸ ਨੇ ਔਰਤ ਦੀ ਸੁੰਦਰਤਾ ਬਿਆਨ ਕਰਦਿਆਂ ਉਸ ਦੇ ਜਿਸਮ ਦੇ ਅੰਗਾਂ ਨੂੰ ਰੂਪਮਾਨ ਕੀਤਾ ਹੈ। ਉਹ ਹਮੇਸ਼ਾਂ ਉਸ ਸੁੰਦਰੀ ਦੀ ਸਿਫ਼ਤ ਕਰਦਾ ਹੈ ਜੋ ਹਾਥੀ ਵਾਂਗ ਝੂਲਦੀ ਹੋਈ ਤੁਰਦੀ ਹੈ ਅਤੇ ਜਿਸ ਦੇ ਨਿਤੰਬਾਂ ਵਿਚ...।”
ਮੈਂ ਆਖਿਆ, “ਤੂੰ ਦਸ ਵਾਰ ਨਿਤੰਬਾਂ ਨਿਤੰਬਾਂ ਕਿਹੈ। ਬੜਾ ਮੁਸ਼ਕਿਲ ਹੈ ਸੰਸਕ੍ਰਿਤ ਦਾ ਇਹ ਸ਼ਬਦ। ਪੰਜਾਬੀ ਵਿਚ ਇਸ ਨੂੰ ਕੀ ਆਖਦੇ ਹਨ?” ਉਸ ਆਖਿਆ, “ਜਦੋਂ ਕੁੜੀ ਜਵਾਨ ਹੁੰਦੀ ਹੈ ਤਾਂ ਉਸ ਦੇ ਅੰਗਾਂ ਵਿਚ ਗੁਲਾਈਆਂ ਆ ਜਾਂਦੀਆਂ ਹਨ...।” “ਪੱਟਾਂ ਉਤੇ?” “ਨਹੀਂ ਗਾਰਗੀ ਸਾਹਿਬ, ਪੱਟਾਂ ਉਤੇ ਨਹੀਂ।” “ਛਾਤੀਆਂ ਉਤੇ?” “ਨਹੀਂ ਜੀ, ਛਾਤੀਆਂ ਦੀ ਗੁਲਾਈ ਦੀ ਗੱਲ ਨਹੀਂ।” ਮੈਂ ਹੈਰਾਨ ਹੋ ਕੇ ਪੁੱਛਿਆ, “ਫੇਰ ਢਾਕਾਂ ਉਤੇ?” “ਬੱਸ...ਤੁਸੀਂ ਕੁਝ ਨੇੜੇ ਪਹੁੰਚ ਗਏ ਹੋ। ਉਰਦੂ ਵਿਚ ਇਸ ਨੂੰ ਕੂਲ੍ਹੇ ਆਖਦੇ ਹਨ।” “ਤੂੰ ਇਸ ਦਾ ਨਾਂ ਕਿਉਂ ਨਹੀਂ ਲੈਂਦਾ? ਇਸ ਨੂੰ ਸੰਸਕ੍ਰਿਤ ਵਿਚ ਕਿਉਂ ਆਖਦਾ ਸੈਂ?”
ਤਾਰਾ ਸਿੰਘ, ਜੋ ਯਾਰਾਂ ਦੋਸਤਾਂ ਵਿਚ ਅਸ਼ਲੀਲ ਟਿੱਚਰਾਂ ਦਾ ਬਾਦਸ਼ਾਹ ਹੈ ਤੇ ਮਜ਼ੇ ਨਾਲ ਟੱਲ ਵਰਗੀ ਗਾਲ੍ਹ ਕੱਢ ਸਕਦਾ ਹੈ, ਇਸ ਸਮੇਂ ਸ਼ਰਮਾ ਰਿਹਾ ਸੀ।
ਉਸ ਦੇ ਤੇਲੀਆ ਚਿਹਰੇ ਉਤੇ ਸੁਰਮਈ ਸੁਰਖ਼ੀ ਦੌੜ ਗਈ...
ਇਹ ਕਵੀ ਤਾਰਾ ਸਿੰਘ ਦੇ ਰੇਖਾ-ਚਿੱਤਰ ਦਾ ਅੰਤ ਹੈ। ਪਾਠਕ ਸੋਚ ਸਕਦੇ ਹਨ ਕਿ ਅੰਤ ਨੂੰ ਏਨਾ ਲਮਕਾਉਣ ਦਾ ਕੀ ਮਤਲਬ ਸੀ? ਇਹਨੂੰ ਕਹਿੰਦੇ ਹਨ-ਗਾਰਗੀ ਸਟਾਈਲ।
ਸੰਤੋਖ ਸਿੰਘ ਧੀਰ ਬਾਰੇ ਉਹ ਗੱਲ ਇੰਜ ਸ਼ੁਰੂ ਕਰਦਾ ਹੈ, “ਨਿਹੰਗਾਂ ਦੇ ਡੇਰੇ ਸਵੇਰੇ ਸਵੇਰੇ ਘੋਟਣਾ ਖੜਕਦਾ ਹੈ, ਪੁਜਾਰੀ ਦੇ ਮੰਦਰ ਵਿਚ ਟੱਲ, ਤੇ ਜਿਸ ਘਰ ਧੀਰ ਠਹਿਰਿਆ ਹੋਵੇ ਉਥੇ ਸਵੇਰੇ ਸਵੇਰੇ ਸੁਰਮਚੂ ਖੜਕਦਾ ਹੈ। ...ਧੀਰ ਆਖਦਾ ਹੈ, ਜਦ ਤਕ ਮੈਂ ਸੁਰਮਾ ਨਾ ਪਾਵਾਂ ਮੈਨੂੰ ਸਾਫ਼ ਨਹੀਂ ਦਿਸਦਾ। ਸੁਰਮੇ ਨੂੰ ਉਹ ਕਛਹਿਰੇ ਤੇ ਝੱਗੇ ਵਾਂਗ ਪਾਉਂਦਾ ਹੈ।”
ਗਾਰਗੀ ਦੱਸਦਾ ਹੈ ਕਿ ਧੀਰ ਉਹਦੇ ਕੋਲ ਦਿੱਲੀ ਠਹਿਰਿਆ ਹੋਇਆ ਸੀ। ਇਕ ਅਮਰੀਕਨ ਕੁੜੀ ਤੇ ਉਸ ਦਾ ਪਤੀ ਮੈਨੂੰ ਮਿਲਣ ਆਏ। ਉਹ ਮੇਰੇ ਮਿੱਤਰ ਸਨ। ਨਿਊਯਾਰਕ ਤੋਂ ਮੇਰੇ ਲਈ ਤੋਹਫ਼ਾ ਲੈ ਕੇ ਆਏ ਸਨ। ਅਮਰੀਕਨ ਕੁੜੀ ਵਿਚੋਂ ਜੋਬਨ ਸੇਕ ਮਾਰਦਾ ਸੀ। ਧੀਰ ਇਕ ਖੂੰਜੇ ਬੈਠਾ ਵੇਖ ਰਿਹਾ ਸੀ ਤੇ ਗਹੁ ਨਾਲ ਉਨ੍ਹਾਂ ਦੀ ਅੰਗਰੇਜ਼ੀ ਸੁਣ ਰਿਹਾ ਸੀ। ਤੁਰਨ ਲੱਗੇ ਜਦ ਅਮਰੀਕਨ ਕੁੜੀ ਨੇ ਮੈਨੂੰ ਤੋਹਫ਼ਾ ਦਿੱਤਾ ਤਾਂ ਸ਼ੁਕਰੀਏ ਵਜੋਂ ਮੈਂ ਉਸ ਦੀ ਗੱਲ੍ਹ ਨੂੰ ਚੁੰਮਿਆਂ। ਧੀਰ ਬੈਠਾ ਤਾੜ ਰਿਹਾ ਸੀ। ਜਦ ਉਹ ਚਲੇ ਗਏ ਤਾਂ ਉਸ ਨੇ ਮੈਨੂੰ ਆਖਿਆ, “ਉਸ ਦੇ ਪਤੀ ਨੇ ਨਹੀਂ ਦੇਖਿਆ?” “ਦੇਖਿਆ ਸੀ।” “ਫੇਰ ਉਸ ਨੇ ਬੁਰਾ ਨਹੀਂ ਮਨਾਇਆ?” “ਨਾ। ਸਗੋਂ ਜੇ ਮੈਂ ਨਾ ਚੁੰਮਦਾ ਤਾਂ ਬੁਰਾ ਮਨਾਉਂਦਾ।” “ਕਿਉਂ?” “ਇਹ ਉਨ੍ਹਾਂ ਦੀ ਸਭਿਅਤਾ ਹੈ-ਮੱਥਾ ਟੇਕਣ ਵਾਂਗ।”
ਧੀਰ ਦਾ ਪ੍ਰਤੀਕਰਮ ਸੀ, “ਚੰਗੀ ਸਭਿਅਤਾ ਹੈ ਕਿ ਮਿਲਦਿਆਂ ਸਾਰ ਚੁੰਮੀ! ਤੂੰ ਮੈਨੂੰ ਉਸ ਨਾਲ ਮਿਲਾਇਆ ਸੀ। ਮੈਨੂੰ ਕੀ ਸਮਝਦੀ ਹੋਵੇਗੀ? ਸਮਝਦੀ ਹੋਵੇਗੀ ਨਿਰਾ ਢਾਊਂ ਹੈ। ਬਲਵੰਤ, ਚੁੰਮੀਆਂ ਤਾਂ ਅੰਗਰੇਜ਼ ਕੁੜੀਆਂ ਦਿੰਦੀਆਂ ਨੇ-ਗੱਲ੍ਹ ਮੱਕੀ ਦੇ ਟੁੱਕ ਵਰਗੀ! ਸਾਡੀਆਂ ਤੋਂ ਤਾਂ ਜੇ ਚੁੰਮੀ ਲੈਣੀ ਹੋਵੇ ਢਾਹ ਕੇ ਲੈਣੀ ਪੈਂਦੀ ਹੈ-ਜਿਵੇਂ ਪਸ਼ੂ ਨੂੰ ਖੁਰੀਆਂ ਲਾਉਣੀਆਂ ਹੋਣ!” ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਇਹਦੇ ‘ਚ ਸੱਚ ਕਿੰਨਾ ਹੋਵੇਗਾ ਤੇ ਤੜਕਾ ਕਿੰਨਾ?
ਚਾਰ ਭਰਾਵਾਂ ਵਿਚ ਸਿਰਫ਼ ਗਾਰਗੀ ਹੀ ਪੜ੍ਹਿਆ ਲਿਖਿਆ ਸੀ। ਜਿਵੇਂ ਜੱਟਾਂ ਦੇ ਟੱਬਰ ਵਿਚੋਂ ਇਕ ਮੁੰਡੇ ਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਉਵੇਂ ਗਾਰਗੀ ਨੂੰ ਪੜ੍ਹਾਈ ਲਈ ਚੁਣ ਲਿਆ ਗਿਆ। ਇਹ ਚੋਣ ਵੀ ਬੜੇ ਅਵੱਲੇ ਢੰਗ ਨਾਲ ਹੋਈ। ਉਸ ਦੀ ਮਾਂ ਨੇ ਪੁੱਤਾਂ ਨੂੰ ਡੇਰੇ ਵਾਲੇ ਸਾਧ ਆਤਮਾ ਨੰਦ ਸਾਹਮਣੇ ਖੜ੍ਹਾਅ ਕੇ ਪੁੱਛਿਆ, “ਮਹਾਰਾਜ, ਇਨ੍ਹਾਂ ਵਿਚੋਂ ਕਿਸ ਦੇ ਢਿੱਡ ਵਿਚ ਅੱਖਰ ਪੈਣਗੇ?” ਜਟਾਧਾਰੀ ਸਾਧ ਨੇ ਮੁੰਡਿਆਂ ਵੱਲ ਤੱਕ ਕੇ ਇਕ ਵੱਲ ਉਂਗਲ ਕੀਤੀ, ‘ਇਸ ਦੇ।” ਤੇ ਉਹ ਬਲਵੰਤ ਗਾਰਗੀ ਸੀ ਜਿਸ ਨੂੰ ਉਸ ਦੀ ਮਾਂ ਸਾਰੀ ਉਮਰ ਬਲੰਤ ਹੀ ਬੁਲਾਉਂਦੀ ਰਹੀ।
ਗਾਰਗੀ ਨੇ ਆਪਣੇ ਰੇਖਾ-ਚਿੱਤਰਾਂ ਦੇ ਨਾਂ ਕਮਾਲ ਦੇ ਰੱਖੇ। ਕਿਸੇ ਦਾ ਨਾਂ ਦੁੱਧ ਵਿਚ ਬਰਾਂਡੀ, ਕਿਸੇ ਦਾ ਸੁਰਮੇ ਵਾਲੀ ਅੱਖ, ਕਿਸੇ ਦਾ ਕੌਡੀਆਂ ਵਾਲਾ ਸੱਪ, ਜ਼ਹਿਰ ਦਾ ਪੁਜਾਰੀ, ਨਾਨਕ ਸ਼ਾਹੀ ਇੱਟ, ਨਾਟਕ ਦੀ ਨਕੜਦਾਦੀ, ਭ੍ਰਿਗੂ ਰਿਸ਼ੀ ਤੇ ਕਿਸੇ ਦਾ ਕਾੜ੍ਹਨੀ। ਕਾੜ੍ਹਨੀ ਅਜੀਤ ਕੌਰ ਦਾ ਰੇਖਾ-ਚਿੱਤਰ ਹੈ। ਅਜੀਤ ਕੌਰ ਦੇ ਮੂੰਹੋਂ ਬੁਲਵਾਇਐ, “ਮੇਰੀਆਂ ਹੱਡੀਆਂ ਬਲ ਗਈਆਂ। ਧੂੰਆਂ ਉਠ ਰਿਹੈ। ਉੱਬਲ ਰਹੀ ਆਂ...ਕਾੜਨੀ ਵਾਂਗ...ਕਦੇ ਕਾੜ੍ਹਨੀ ਦਾ ਦੁੱਧ ਪੀਤੈ? ਕੜ੍ਹ ਕੜ੍ਹ ਕੇ ਲਾਲ ਗੇਰੂ ਹੋ ਜਾਂਦੈ।”
ਗਾਰਗੀ ਨੂੰ ਆਪੂੰ ਸਿਰਜੇ ਸੰਵਾਦ ਕਿਸੇ ਹੋਰ ਦੇ ਮੂੰਹ ਵਿਚ ਪਾਉਣੇ ਆਉਂਦੇ ਸਨ। ਅਜੀਤ ਕੌਰ ਕਹਿੰਦੀ ਹੈ, “ਬਗਾਨੇ ਸ਼ਹਿਰ ਵਿਚ ਦੋਸਤ ਅਚਾਰ ਵਾਂਗ ਹਨ, ਰੋਟੀ ਵਾਂਗ ਨਹੀਂ। ਇਕ ਵਾਰ ਮੈਂ ਬੰਬਈ ਗਈ ਤਾਂ ਇਕ ਸ਼ਾਮ ਤਰਕਾਲਾਂ ਵੇਲੇ ਮੈਰਿਨ ਡਰਾਈਵ ਉਤੇ ਸਮੁੰਦਰ ਦੇ ਕੰਢੇ ਕੰਢੇ ਤੁਰਦੀ ਗਈ। ਰਾਤ ਹੋ ਗਈ। ਕੋਲੋਂ ਲੰਘਦੇ ਲੋਕ ਆਖਦੇ ‘ਹੈਲੋ ਸਵੀਟ ਹਰਟ!’ ਤੇ ‘ਹਊ ਮੱਚ ਫ਼ਾਰ ਦੀ ਨਾਈਟ?’ ਉਹਨਾਂ ਦੇ ਫਿ਼ਕਰੇ ਜਿਵੇਂ ਕੋਈ ਗਿਜਗਿਜੀ ਚੀਜ਼ ਨੰਗੀ ਪਿੱਠ ਉਤੇ ਰੀਂਗਦੀ ਹੋਵੇ। ਰਾਤੀਂ ਥੱਕ ਹਾਰ ਕੇ ਵਾਪਸ ਮੁੜੀ। ਸਮੁੰਦਰ ਦਾ ਕੰਢਾ ਮੈਨੂੰ ਉਦਾਸ ਕਰਦਾ ਹੈ। ਕਿਹੋ ਜਿਹੀ ਮਜਬੂਰੀ ਹੈ? ਭੁੱਖ ਲੱਗਣੀ, ਰੋਟੀ ਖਾਣੀ, ਨੀਂਦਰ ਆਉਣੀ, ਪਸੀਨਾ ਆਉਣਾ, ਨਹਾਉਣਾ, ਨਹੁੰ ਕੱਟਣੇ ਤੇ ਕਿਸੇ ਦੀ ਛਾਤੀ ਉਤੇ ਸਿਰ ਰੱਖਣ ਲਈ ਵਿਲਕਣਾ। ਕੀ ਇਹ ਸਾਰੀਆਂ ਮਜਬੂਰੀਆਂ ਇਕੋ ਪੱਧਰ ਦੀਆਂ ਹਨ? ਸਮਝ ਨਹੀਂ ਆਉਂਦੀ...ਸਮੁੰਦਰ ਮੈਨੂੰ ਉਦਾਸ ਕਰਦਾ ਹੈ। ਵੀਰਾਨ ਪਹਾੜ ਵੀ ਤੇ ਦੂਰ ਦੂਰ ਤਕ ਫੈਲਿਆ ਰੇਗਿਸਤਾਨ ਵੀ। ਕੋਈ ਚੱਟਾਨ, ਕੋਈ ਟਿੱਬਾ, ਕੋਈ ਸੁੰਨਾ ਵਾਵਰੋਲਾ...ਹਵਾ ਦਾ ਬੁਰਜ, ਘੁੰਮਦਾ ਹੋਇਆ ਖੋਖਲਾ ਕੁਤਬ ਮੀਨਾਰ।”
ਗਾਰਗੀ ਅਜੀਤ ਕੌਰ ਤੋਂ ਅਜਿਹੀਆਂ ਗੱਲਾਂ ਅਖਵਾ ਦਿੰਦਾ ਹੈ ਕਿ ਲਿਖਦਿਆਂ ਸੰਗ ਆਉਂਦੀ ਹੈ। ਸੰਤ ਸਿੰਘ ਸੇਖੋਂ ਤੋਂ ਬੁਲਵਾਇਆ ਹੈ, “ਨੰਗਾ ਜਿਸਮ ਬਹੁਤ ਹੁਸੀਨ ਚੀਜ਼ ਹੈ। ਪਰ ਇਸ ਤੋਂ ਬਦਸੂਰਤ ਸ਼ੈਅ ਵੀ ਕੋਈ ਨਹੀਂ...ਕਪੜਿਆਂ ਦਾ ਤੇ ਮਨੁੱਖ ਦੀ ਸੋਚ ਦਾ ਬੜਾ ਤੁਅੱਲਕ ਹੈ। ਜਿਹੜੇ ਲੋਕ ਪੋਚ ਪੋਚ ਕੇ ਪਗੜੀ ਬੰਨ੍ਹਦੇ ਹਨ ਤੇ ਹਰ ਵੇਲੇ ਘੁੱਟਵਾਂ ਪਜਾਮਾ ਪਾਈ ਰੱਖਦੇ ਹਨ, ਉਨ੍ਹਾਂ ਦੇ ਖਿ਼ਆਲ ਵੀ ਘੁੱਟਵੇਂ ਪਜਾਮਿਆਂ ਵਰਗੇ ਹੁੰਦੇ ਹਨ...ਸਮੁੰਦਰ ਦੇ ਰੇਤਲੇ ਕੰਢੇ ਉਤੇ ਲੇਟ ਕੇ ਆਦਮੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤੇ ਅਚਕਨ ਪਾ ਕੇ ਹੋਰ ਤਰ੍ਹਾਂ ਦੀਆਂ।”
ਸੇਖੋਂ ਦਾ ਇਕ ਹੋਰ ਸੰਵਾਦ ਸੁਣੋ, “ਮੈਂ ਪੰਜਾਬੀ ਵਿਚ ਲਿਖ ਲਿਖ ਤੇ ਦੇਸੀ ਵਿਸਕੀ ਪੀ ਪੀ ਅੱਕ ਗਿਆ ਹਾਂ। ਜੀ ਚਾਹੁੰਦਾ ਹੈ ਸ਼ੈਮਪੇਨ ਹੋਵੇ...ਵਾਈਨ, ਅੰਗੂਰਾਂ ਦਾ ਨਸ਼ੀਲਾ ਰਸ। ਇਥੇ ਕੀ ਪੀਈਏ? ਬਿਹਤਰ ਹੈ ਯੂਰਪ ਜਾਵਾਂ ਤੇ ਉਥੇ ਦਸ ਸਾਲ ਰਹਾਂ ਤੇ ਇਸ ਜਨਮ ਨੂੰ ਸਫਲਾ ਕਰਾਂ।” ਸੇਖੋਂ ਨੇ ਇਹ ਹਰਗਿਜ਼ ਨਹੀਂ ਕਿਹਾ ਹੋਣਾ। ਬਲਵੰਤ ਗਾਰਗੀ ਜੀਂਦਾ ਹੁੰਦਾ ਤਾਂ ਜਵਾਬ ਦਿੰਦਾ, “ਮੈਂ ਲੇਖਕਾਂ ਦੇ ਮੂੰਹੋਂ ਜੋ ਕੁਝ ਬੁਲਵਾਇਆ, ਜੇ ਉਨ੍ਹਾਂ ਦੇ ਮੂੰਹ ‘ਤੇ ਨਹੀਂ ਤਾਂ ਦਿਲ ਵਿਚ ਜ਼ਰੂਰ ਸੀ!”
ਖ਼ੁਸ਼ਵੰਤ ਸਿੰਘ ਬਾਰੇ ਉਹ ਲਿਖਦਾ ਹੈ, “ਉਸ ਨੂੰ ਲੋਕਾਂ ਦੇ ਲੁਕੇ ਰਾਜ਼, ਕਮੀਨਗੀ, ਦਰਿਆਦਿਲੀ ਤੇ ਬੇਵਕੂਫ਼ੀ ਬਾਰੇ ਬੇਸ਼ੁਮਾਰ ਕਿੱਸੇ ਯਾਦ ਹਨ। ਉਹ ਤੀਵੀਆਂ ਨਾਲ ਭੋਗ ਵਿਲਾਸ ਕਰਨ, ਉਹਨਾਂ ਦੇ ਠੰਢੇ ਤੇ ਗਰਮ ਸੁਭਾਅ ਬਾਰੇ, ਉਹਨਾਂ ਦੀਆਂ ਛਾਤੀਆਂ ਤੇ ਪੱਟਾਂ ਬਾਰੇ ਤੇ ਤੁਰਤ ਇਸ਼ਕਾਂ ਬਾਰੇ ਮਸਾਲੇਦਾਰ ਗੱਲਾਂ ਕਰਦਾ ਹੈ। ਕਾਫ਼ੀ ਪੀਂਦਾ ਜਾਂ ਪਾਨ ਚੱਬਦਾ ਉਹ ਹੱਸ ਹੱਸ ਦੂਜਿਆਂ ਦੀ ਖੱਲ ਲਾਹੁੰਦਾ ਹੈ। ਉਸ ਦੀ ਨਜ਼ਰ ਪਾਖੰਡ ਨੂੰ, ਸਾਹਿਤਕਾਰਾਂ ਦੀਆਂ ਫੜ੍ਹਾਂ ਨੂੰ, ਪੁੱਠੀਆਂ ਕੀਮਤਾਂ ਨੂੰ, ਵਸਤਰਾਂ ਦੇ ਅੰਦਰਲੇ ਅਸਤਰ ਨੂੰ, ਅੰਗੀਆਂ ਵਿਚ ਲੁਕੇ ਜਿਨਸੀ ਰੂਪ ਨੂੰ ਝੱਟ ਤਾੜ ਜਾਂਦੀ ਹੈ।” ਇਹਦੇ ਵਿਚ ਇਹੋ ਕੁਝ ਲਿਖਣਾ ਰਹਿ ਗਿਐ ਕਿ ਗਾਰਗੀ ਵੀ ਇਹੋ ਕੁਝ ਕਰਦਾ ਹੈ! ਸਿ਼ਵ ਕੁਮਾਰ ਬਟਾਲਵੀ ਨਾਲ ਉਹਦਾ ਠੇਕਾ ਸੀ। ਜਦੋਂ ਉਹ ਚੰਡੀਗੜ੍ਹ ਤੋਂ ਦਿੱਲੀ ਜਾਂਦਾ ਤਾਂ ਸਿ਼ਵ ਨੂੰ ਆਪਣੇ ਨਾਲ ਲਿਜਾਂਦਾ। ਠੇਕਾ ਸੀ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ।
ਦਿੱਲੀ ਉਹ 27 ਕਸਤੂਰਬਾ ਗਾਂਧੀ ਮਾਰਗ ਦੇ ਕੁਆਟਰ ਵਿਚ ਰਹਿੰਦਾ ਸੀ। ਨੌਕਰਾਂ ਵਾਲਾ ਉਹ ਕੁਆਟਰ ਉਸ ਨੇ ਦੇਸ਼ ਵੰਡ ਤੋਂ ਬਾਅਦ 16 ਰੁਪਏ ਕਿਰਾਏ ‘ਤੇ ਲੈ ਕੇ ਉਸ ਉਤੇ ਸਾਰੀ ਉਮਰ ਕਬਜ਼ਾ ਜਮਾਈ ਰੱਖਿਆ ਸੀ। ਮੁਕੱਦਮੇਬਾਜ਼ੀ ਹੋਈ ਪਰ ਉਸ ਨੇ ਕੁਆਟਰ ਨਾ ਛੱਡਿਆ। ਉਸ ਵਿਚ ਸੈਂਕੜੇ ਕਲਾਕਾਰ ਆਏ ਤੇ ਗਏ ਜਿਨ੍ਹਾਂ ਦਾ ਜਿ਼ਕਰ ਗਾਰਗੀ ਦੀਆਂ ਲਿਖਤਾਂ ਵਿਚ ਹੁੰਦਾ ਰਿਹਾ। ਉਹ ਟਿਕਾਣਾ ਉਹਨੇ ਉਦੋਂ ਛੱਡਿਆ ਜਦੋ ਉਹ ਮਰਨ ਵਾਲਾ ਹੋ ਗਿਆ। ਉਸ ਦੀ ਧੀ ਜੱਨਤ ਆਪਣੀ ਮਾਂ ਨਾਲ ਅਮਰੀਕਾ ਚਲੀ ਗਈ ਸੀ ਤੇ ਪੁੱਤ ਮੰਨੂੰ ਪਹਿਲਾਂ ਮੁੰਬਈ ਫਿਰ ਹਾਲੀਵੁੱਡ ਫਿਲਮਾਂ ਵਿਚ ਚਲਾ ਗਿਆ।
ਗਾਰਗੀ ਨੂੰ ਡਨੰਸ਼ੀਆ ਨਾਂ ਦੀ ਬਿਮਾਰੀ ਲੱਗ ਗਈ ਜਿਸ ਨਾਲ ਪਿਛਲੀ ਸਾਰੀ ਯਾਦਾਸ਼ਤ ਜਾਂਦੀ ਰਹੀ। ਉਹ ਪਰਨਿਰਭਰ ਹੋ ਗਿਆ। ਪੁੱਤਰ ਉਸ ਨੂੰ ਮੁੰਬਈ ਲੈ ਗਿਆ ਤੇ ਸੇਵਾ ਸੰਭਾਲ ਲਈ ਸੇਵਾਦਾਰ ਰੱਖ ਦਿੱਤਾ। ਉਹਦੇ ਪੁਰਾਣੇ ਮਿੱਤਰ ਉਹਦਾ ਹਾਲ ਚਾਲ ਪੁੱਛਣ ਜਾਂਦੇ ਤਾਂ ਉਹ ਕਿਸੇ ਨੂੰ ਸਿਆਣ ਨਾ ਸਕਦਾ। ਇਥੋਂ ਤਕ ਕਿ ਉਹ ਆਪਣਾ ਨਾਂ ਲਿਖਣਾ ਵੀ ਭੁੱਲ ਗਿਆ। ਬੁਢਾਪੇ ਦੇ ਆਖ਼ਰੀ ਦਿਨ ਉਸ ਨੇ ਬੜੇ ਦੁਖਦਾਈ ਕੱਟੇ। ਆਖ਼ਰ ਉਸ ਦਾ ਦੇਹਾਂਤ ਮੁੰਬਈ ਵਿਚ ਹੋ ਗਿਆ ਤੇ ਉਸ ਦੇ ਫੁੱਲ ਉਹਦੇ ਪੁੱਤ ਤੇ ਧੀ ਨੇ ਪਿਤਾ ਦੀ ਇੱਛਾ ਅਨੁਸਾਰ ਬਠਿੰਡੇ ਲਿਆ ਕੇ ਨਹਿਰ ਵਿਚ ਤਾਰੇ।
ਗਾਰਗੀ ਮਨੁੱਖ ਜਾਂ ਸਮਾਜ ਦੇ ਬੀਬੇ ਰਾਣੇ ਚਿਹਰੇ ਨੂੰ ਚਿਤ੍ਰਨ ਦੀ ਥਾਂ ਉਹਦੇ ਅੰਦਰ ਛਿਪੀ ਕਾਲਖ ਨੂੰ ਉਜਾਗਰ ਕਰਦਾ ਰਿਹਾ। ਗਾਰਗੀ ਦੀ ਕਲਾਕਾਰੀ ਇਸ ਗੱਲ ਵਿਚ ਸੀ ਕਿ ਉਹ ਗੁਰਬਖ਼ਸ਼ ਸਿੰਘ ਵਾਂਗ ਸੱਭਿਆ ਸਲੀਕੇ ਦਾ ਲੇਖਕ ਬਣਨ ਦੀ ਥਾਂ ਕੁਦਰਤੀ ਖ਼ਾਹਿਸ਼ਾਂ ਦਾ ਲੇਖਕ ਬਣਿਆ। ਕੁਦਰਤੀ ਖ਼ਾਹਿਸ਼ਾਂ ਤੇ ਸੱਭਿਆ ਸਲੀਕੇ ਵਿਚ ਜਦ ਤਕ ਦੁਫੇੜ ਰਹੇਗੀ ਬਲਵੰਤ ਗਾਰਗੀ ਦੇ ਰਚੇ ਸਾਹਿਤ ਦੀ ਨੇਕਨਾਮੀ ਵੀ ਹੋਵੇਗੀ ਤੇ ਥੋੜ੍ਹੀ ਬਹੁਤੀ ਬਦਨਾਮੀ ਵੀ।
ਗਾਰਗੀ ਦੇ ਰੇਖਾ-ਚਿੱਤਰਾਂ ਦਾ ਸ਼ਾਹਕਾਰ ਸੰਗ੍ਰਹਿ ‘ਸ਼ਰਬਤ ਦੀਆਂ ਘੁੱਟਾਂ’ ਹੈ। ਇਸ ਵਿਚਲੇ ਰੇਖਾ-ਚਿੱਤਰ ਗਾਰਗੀ ਦੀ ਸ਼ੈਲੀ ਤੇ ਸੂਝ ਦਾ ਕਮਾਲ ਹਨ। ਇਹ ਰੇਖਾ-ਚਿੱਤਰ ਮਤਾਬੀਆਂ ਵਾਂਗ ਲਟ ਲਟ ਬਲਦੇ ਤੇ ਤਰ੍ਹਾਂ ਤਰ੍ਹਾਂ ਦੇ ਰੰਗ ਛਡਦੇ ਵਿਖਾਈ ਦਿੰਦੇ ਹਨ। ਉਸ ਵਿਚ ਛੱਤੀ ਨਾਮਵਰ ਲੇਖਕਾਂ ਦੇ ਜੀਵਨ ਚਿੱਤਰ ਹਨ ਜਿਨ੍ਹਾਂ ਵਿਚੋਂ ਕਈ ਹਸਤੀਆਂ ਹੁਣ ਗਾਰਗੀ ਵਾਂਗ ਜਿ਼ੰਦਾ ਨਹੀਂ। ਪਰ ਉਨ੍ਹਾਂ ਦੀ ਕਲਾ, ਉਨ੍ਹਾਂ ਦੇ ਚਿਹਰੇ, ਗੱਲਾਂ ਤੇ ਉਨ੍ਹਾਂ ਦੇ ਜਜ਼ਬਿਆਂ ਦੀ ਦਾਸਤਾਨ ਇਨ੍ਹਾਂ ਸ਼ਬਦ ਚਿੱਤਰਾਂ ਵਿਚ ਜਿਊਂਦੀ ਹੈ। ਗਾਰਗੀ ਨੇ ਇਸ ਪੁਸਤਕ ਦੇ ਸਮਰਪਣ ਪੰਨੇ ਉਤੇ ਲਿਖਿਆ ਹੈ: ਉਸ ਲੇਖਕ ਨੂੰ ਜੋ ਮੇਰੀ ਮੌਤ ਪਿੱਛੋਂ ਮੇਰੇ ਉਤੇ ਅਜੇਹਾ ਰੇਖਾ-ਚਿੱਤਰ ਲਿਖੇ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346