ਆਸ਼ਿਕਾਂ ਦੀ ਇਹ ਤਸਵੀਰ
ਮੈਂ ਬਹੁਤ ਸਾਲ ਪਹਿਲਾਂ ਖਿੱਚੀ ਸੀ। ਫੋਲ਼ਾਫਾਲ਼ੀ ਕਰਦਿਆਂ ਮੇਰੀ ਨਜ਼ਰ ਇਸ ਤਸਵੀਰ ‘ਤੇ
ਪੈਣੀ, ਤਾਂ ਮੈਂ ਅਣਡਿੱਠ ਕਰ ਦੇਣੀ। ਹੁਣ ਇਹਦੇ ਮਾਅਨੇ ਅਨੋਖੇ ਹਨ ਤੇ ਇਸ ਬਾਬਤ ਮੇਰਾ
ਲਿਖਣ ਨੂੰ ਚਿਤ ਕਰਦਾ ਹੈ।
ਇਹ ਤਸਵੀਰ ਖਿੱਚਣ ਤੇ ਬਣਾਉਣ ਤੋਂ ਛੁਟ ਮੇਰਾ ਇਸ ਵਿਚ ਕੋਈ ਦਖ਼ਲ ਨਹੀਂ ਸੀ। ਇਹ ਆਸ਼ਿਕ ਆਏ
ਤੇ ਆਖਣ ਲੱਗੇ: ਫੋਟੂ ਲਹੌਣੀ ਆਂ। ਬਾਕੀ ਸਾਰਾ ਕੰਮ ਕੁੜੀ ਦਾ ਸੀ - ਕਿਹੜੇ ਪਾਸੇ ਬੈਠਣਾ
ਹੈ, ਕਿਵੇਂ ਬੈਠਣਾ ਹੈ ਤੇ ਕੈਮਰੇ ਦਾ ਬਟਣ ਦੱਬਣ ਵੇਲੇ ਕੀ ਕਰਨਾ ਹੈ। ਤੇ ਕੈਮਰੇ ਨੇ ਜੋ
ਦੇਖਿਆ, ਉਹ ਇਸ ਤਸਵੀਰ ਵਿਚ ਦਰਜ ਹੈ। ਪੈਸੇ ਦੇ ਕੇ ਇਸ ਤਰ੍ਹਾਂ ਤਸਵੀਰ ਲਹਾਉਣ ਦਾ ਫ਼ੈਸਲਾ
ਇਹਨੇ ਬੜੀਆਂ ਸੋਚਾਂ ਮਗਰੋਂ ਕੀਤਾ ਹੋਏਗਾ। ਇਹਨੇ ਕਿੰਨੇ ਪੋਜ਼ ਸੋਚੇ ਹੋਣਗੇ ਜਾਂ ਸ਼ਾਇਦ ਇਹ
ਪੋਜ਼ ਇਹਨੇ ਸੁੱਤੀ ਪਈ ਨੇ ਦੇਖਿਆ ਹੋਣਾ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਇਹਨੇ ਕਿਸੇ ਦੀ
ਰੀਸ ਕੀਤੀ ਹੋਏ। ਕਾਮਸੂਤਰ ਦੇ ਰਾਜਸਥਾਨੀ ਸ਼ੈਲੀ ਦੇ ਚਿਤ੍ਰ ਤਾਂ ਇਹਨੇ ਕਿੱਥੇ ਦੇਖੇ
ਹੋਣਗੇ। ਇਹ ਅਕਸ ਇਸ ਗੱਲੋਂ ਮੌਲਿਕ ਹੈ ਕਿ ਇਸ ਤੋਂ ਪਹਿਲਾਂ ਕਿਸੇ ਪੰਜਾਬੀ ਆਸ਼ਿਕਾਂ ਨੇ
ਇਹੋ ਜਿਹੀ ਫ਼ੋਟੋ ਨਹੀਂ ਸੀ ਖਿਚਵਾਈ ਤੇ ਸ਼ਾਇਦ ਨਾ ਹੀ ਇਸ ਤੋਂ ਮਗਰੋਂ। ਪਿੰਡ ਦੀ ਕੁੜੀ ਦਸ
ਰਹੀ ਹੈ ਕਿ ਪਿਆਰ ਪਛਾਣ ਹੀ ਨਹੀਂ, ਕਬਜ਼ਾ ਵੀ ਹੈ।
ਕੈਮਰੇ ਨਾਲ਼ ਖਿੱਚੀ ਕਿਸੇ ਤਸਵੀਰ ਦੀ ਵਿਆਖਿਆ ਕਈ ਤਰ੍ਹਾਂ ਕੀਤੀ ਜਾ ਸਕਦੀ ਹੈ। ਇਹਨੇ
ਸਮੇਂ ਨੂੰ ਚੌਖਟੇ ਚ ਜੜਿਆ ਹੁੰਦਾ ਹੈ। ਇਸ ਤਸਵੀਰ ਦਾ ਸਮਾਂ ਚੋਰੀ ਕੀਤਾ ਹੋਇਆ ਹੈ। ਸਾਡੇ
ਸਮਾਜ ਵਿਚ ਚੋਰੀ ਬਿਨਾਂ ਯਾਰੀ ਨਹੀਂ ਹੁੰਦੀ। ਵਸਲ ਵਿਚ ਆਸ਼ਿਕਾਂ ਨੂੰ ਵੇਲਾ ਲੰਘ ਜਾਣ ਦੀ
ਚਿੰਤਾ ਹੁੰਦੀ ਹੈ ਤੇ ਵਿਛੋੜੇ ਚ ਤਾਂ ਵੇਲਾ ਲੰਘਦਾ ਹੀ ਨਹੀਂ। ਓਦੋਂ ਤਾਂ ਸ਼ਾਹ ਹੁਸੈਨ ਦੇ
ਕਹਿਣ ਵਾਂਙ ਬ੍ਰਿਹੋਂ ਦੀ ਵਗਦੀ ’ਨੇਰ੍ਹੀ ਚ ਅਕਲ ਦਾ ਦੀਵਾ ਨਹੀਂ ਬਲ਼ਦਾ। ਓਦੋਂ ਤਾਂ ਇਹੋ
ਜਿਹੀ ਤਸਵੀਰ ਦਾ ਵੀ ਕੋਈ ਆਸਰਾ ਨਹੀਂ ਹੁੰਦਾ; ਸੱਜਣ ਦੀ ਯਾਦ ਦਾ ਵੀ ਨਹੀਂ।
ਸਾਫ਼ ਦਿਸਦਾ ਹੈ ਕਿ ਇਹ ਦੋਹਵੇਂ ਪਤੀ ਪਤਨੀ ਨਹੀਂ ਹਨ। ਅਪਣੇ ਪਤੀ ਪਤਨੀ ਨੂੰ ਤੀਵੀਂ ਆਦਮੀ
ਵੀ ਆਖੀਦਾ ਹੈ। ਖ਼ੈਰ, ਤੀਵੀਂ ਆਦਮੀ ਤਾਂ ਇਹ ਹਨ ਹੀ। ਪੰਜਾਬੀ ਸਮਾਜ ਵਿਚ ਵਿਆਹੇ ਹੋਏ ਇਹੋ
ਜਿਹੀ ਤਸਵੀਰ ਨਹੀਂ ਖਿਚਵਾਉਂਦੇ। ਇਹ ਆਸ਼ਿਕ ਹਨ, ਭਾਵੇਂ ਕਿਸੇ ਵਰਜਿਤ ਰਿਸ਼ਤੇ ਚ ਇਕ ਦੂਜੇ
ਦੇ ਕੁਝ ਲੱਗਦੇ ਵੀ ਹੋਣ। ਆਸ਼ਿਕ ਸ਼ਬਦ ਰਤਾ ਭਦਰ ਹੈ, ਕਵਿਤਾ ਤੇ ਲੋਕ ਗੀਤਾਂ ਚ ਵਰਤਿਆ ਜਾਣ
ਵਾਲ਼ਾ। ਆਮ ਬੋਲੀ ਵਿਚ ਇਹ ਇਕ ਦੂਜੇ ਨਾਲ਼ ਫਸੇ ਹੋਏ ਹਨ। ਬੰਦਾ ਫਸਦਾ ਕਿਸ ਚੀਜ਼ ਵਿਚ ਹੈ?
ਜਾਲ਼ ਵਿਚ, ਚਿੱਕੜ, ਫਾਹੀ, ਪਿੰਜਰੇ, ਕੁੜਿੱਕੀ, ਕੁੰਡੀ ਤੇ ਟੋਹੇ ਵਿਚ। ਫਸਣ ਦੀਆਂ ਇਹ
ਸਾਰੀਆਂ ਸ਼ੈਆਂ ਖੁੱਲ੍ਹ ਦੇ ਉਲ਼ਟ ਹਨ। ਤਾਂ ਵੀ ਇਨਸਾਨ ਫਸਣ ਦੇ ਤਰਲੇ ਲੈਂਦਾ ਹੈ। ਏਸ
ਪਰਾਧੀਨਤਾ ਲਈ ਬੰਦਾ ਅਪਣੀ ਜਾਨ ਵੀ ਦੇ ਦਿੰਦਾ ਹੈ। ਉਹਨੂੰ ਇਸੇ ਮਰਨ ਚ ਜੀਉਣ ਦਿਸਦਾ ਹੈ।
ਭਗਤ ਕਬੀਰ ਦੀ ਇਹ ਗੱਲ ਆਮ ਮਰਦ ਨੂੰ ਦੱਸੋ, ਤਾਂ ਉਹਨੂੰ ਜਚਣੀ ਨਹੀਂ: ਕਬੀਰ ਭਗ ਕੀ
ਪ੍ਰੀਤੜੀ ਕੇਤੇ ਗਏ ਗਡੰਤ / ਕੇਤੇ ਅਜਹੂੰ ਜਾਇਸੀਂ ਨਰਕ ਹਸੰਤ ਹਸੰਤ। - ਭਗ ਦੀ ਪ੍ਰੀਤ ਦੇ
ਚਿੱਕੜ ਵਿਚ ਫਸਦੇ ਕਿੰਨੇ ਹੀ ਨਰਕ ਚਲੇ ਗਏ ਤੇ ਅੱਜ ਵੀ ਕਿੰਨੇ ਹੀ ਹੱਸਦੇ ਹੱਸਦੇ ਨਰਕ
ਜਾਣਗੇ। ਕਬੀਰ ਜੀ ਤਾਂ ਇਥੋਂ ਤਕ ਵੀ ਆਖ ਗਏ ਹਨ ਕਿ ਕਾਮਣ ਤੀਵੀਂ ਤਿੰਨਾਂ ਲੋਕਾਂ ਦੀ
ਕਾਲ਼ੀ ਨਾਗਣ ਹੈ।
ਕੈਮਰਾ ਜਿਵੇਂ ਪਰਲੋਕ ਦਾ ਜੀਵ ਹੈ; ਇਹ ਕਾਣਾ ਨਹੀਂ, ਇਹ ਹੁੰਦਾ ਈ ਇਕ-ਅੱਖਾ ਹੈ। ਓਭੜ
ਬੰਦੇ ਨੂੰ ਇਹ ਡਰਾਉਂਦਾ ਬਹੁਤ ਹੈ। ਕੈਮਰੇ ਅੱਗੇ ਹੱਸਣਾ ਅਪਣੇ ਲੋਕਾਂ ਨੂੰ ਹੁਣ ਜਾ ਕੇ
ਆਇਆ ਹੈ; ਨਹੀਂ ਤਾਂ ਸਾਡੀਆਂ ਪੁਰਾਣੀਆਂ ਤਸਵੀਰਾਂ ਚ ਜਣੇ ਬੜੇ ਘਬਰਾਏ ਨਜ਼ਰ ਆਉਂਦੇ ਹਨ,
ਜਿਵੇਂ ਇਹ ਮੁੰਡਾ ਕੁੜੀ ਨਜ਼ਰ ਆ ਰਹੇ ਹਨ। ਮੁੰਡਾ ਘੁੱਟਿਆ-ਵੱਟਿਆ ਬਾਹਵਾਂ ਇਕੱਠੀਆਂ ਕਰੀ
ਬੈਠਾ ਹੈ। ਕੁੜੀ ਭਾਵੇਂ ਮੁੰਡੇ ਦੇ ਗਲ਼ ਵਿਚ ਬਾਂਹ ਪਾਈ ਬੈਠੀ ਹੈ, ਪਰ ਡਰੀ ਹੋਈ ਇਹ ਵੀ
ਹੈ; ਤੇ ਅਪਣੇ ਡਰ ਨੂੰ ਦੂਰ ਕਰਨ ਲਈ ਕੇਲੇ ਨੂੰ ਢਾਲ਼ ਬਣਾ ਲਿਆ ਹੈ; ਟੂਣੇ ਦੀ ਕੋਈ ਸ਼ੈਅ,
ਜਿਸ ਨਾਲ਼ ਬਲਾ ਨੇ ਟਲ਼ ਜਾਣਾ ਹੈ। ਇਵੇਂ ਵੀ ਲਗਦਾ ਹੈ, ਜਿਵੇਂ ਇਹ ਕਲੋਲ ਕਰਦੇ ਉੱਤੋਂ
ਕਿਸੇ ਨੇ ਦੇਖ ਲਏ ਹੋਣ ਤੇ ਅੱਗਿਓਂ ਇਹ ਆਖ ਰਹੇ ਹੋਣ: ਤਾਂ ਫੇਰ, ਕੀ ਕਰ ਲਓਂਗੇ ਸਾਡਾ?
ਇਹ ਉਦਾਸ ਵੀ ਲੱਗਦੇ ਹਨ।
ਕੇਲਾ ਇਸ ਤਸਵੀਰ ਦਾ ਧੁਰਾ ਹੈ। ਜੇ ਇਹ ਕੇਲਾ ਨਾ ਹੁੰਦਾ ਤੇ ਕੁੜੀ ਮੁੰਡਾ ਸਹਿਜ ਬੈਠੇ
ਹੁੰਦੇ, ਜਾਂ ਜੇ ਗਲ਼ ਚ ਬਾਂਹ ਵੀ ਪਾਈ ਹੁੰਦੀ, ਤਾਂ ਵੀ ਗੱਲ ਨਹੀਂ ਸੀ ਬਣਨੀ। ਇਥੇ ਕੇਲਾ
ਬੰਧੇਜ ਵਾਲ਼ੇ ਸਮਾਜ ਵਿਚ ਖੁੱਲ੍ਹ ਦਾ ਨਿਸ਼ਾਨ ਹੈ। ਇਹ ਦਰਸ਼ਕ ਨੂੰ ਵੰਗਾਰਦਾ, ਉਕਸਾਉਂਦਾ ਤੇ
ਪ੍ਰੇਰਦਾ ਹੈ। ਦਿਖਾ ਕੇ ਕੀਤੀ ਹਰਕਤ ਦਾ ਜਿਨਸੀ ਮਤਲਬ ਵੀ ਹੁੰਦਾ ਹੈ।
ਇਹ ਫ਼ੋਟੋ ਫ਼ੈਮਿਲੀ ਐਲਬਮ ਚ ਲੱਗਣ ਵਾਲ਼ੀ ਨਹੀਂ। ਇਹ ਪਰਿਵਾਰ ਦੇ ਰਵਾਇਤੀ ਬੰਧਨ ਨੂੰ ਤੋੜਦੀ
ਹੈ। ਇਸ ਲਈ ਇਹ ਸ਼ੀਸ਼ੇ ਚ ਜੜਾ ਕੇ ਕੰਧ ‘ਤੇ ਵੀ ਨਹੀਂ ਟੰਗੀ ਜਾ ਸਕਦੀ। ਇਹ ਲੀੜਿਆਂ ਚ
ਲੁਕੋ ਕੇ ਰੱਖਣ ਵਾਲ਼ੀ ਤਸਵੀਰ ਹੈ, ਜਿਨ੍ਹਾਂ ਵਿੱਚੋਂ ਕਵੀ ਲਾਲ ਸਿੰਘ ਦਿਲ ਦੇ ਕਹਿਣ ਵਾਂਙ
‘ਸਸਤੇ ਸਾਬਣ ਕਰੀਮ ਦੀ ਮਹਿਕ’ ਆਉਂਦੀ ਹੈ। ਇਹ ਇਨ੍ਹਾਂ ਆਸ਼ਿਕਾਂ ਦੇ ਚੇਤੇ ਵਿਚ ਜੜੀ ਹੋਈ
ਤਸਵੀਰ ਹੈ। ਫ਼ੈਮਿਲੀ ਐਲਬਮਾਂ ਚ ਜੜੀਆਂ ਫ਼ੋਟੋਆਂ ਚ ਨਜ਼ਰ ਆਉਂਦਾ ਖੇੜਾ ਅਕਸਰ ਸੱਚਾ ਨਹੀਂ
ਹੁੰਦਾ; ਅਸੀਂ ਅਪਣੀ ਜ਼ਿੰਦਗੀ ਦੇ ਕਲੇਸ਼ ‘ਤੇ ਪਰਦਾ ਪਾ ਕੇ ਫ਼ੋਟੋ ਖਿਚਵਾਉਂਦੇ ਹਾਂ।
ਵਾਤਸਾਯਨ ਤੇ ਕੋਕਾ ਪੰਡਿਤ ਪੰਜਾਂ ਇੰਦਰੀਆਂ ਦੇ ਭੋਗ ਦੀ ਗੱਲ ਕਰਦੇ ਹਨ। ਪਿਆਰ ਸਰੀਰ ਵਿਚ
ਮਹਿਕਦਾ ਵੀ ਹੈ ਤੇ ਇਹਦਾ ਸਵਾਦ ਵੀ ਹੁੰਦਾ ਹੈ। ਹਰ ਮੁਸ਼ਕ ਨਾਲ਼ ਯਾਦ ਜੁੜੀ ਹੁੰਦੀ ਹੈ।
ਕੇਲੇ ਸ਼ਬਦ ਦੀ ਧ੍ਵਨੀ ਸੁਣ ਕੇ ਜਾਂ ਉਚਰ ਕੇ, ਕੇਲਾ ਦੇਖ ਕੇ, ਖਾ ਕੇ ਤੇ ਸੁੰਘ ਕੇ
ਇਨ੍ਹਾਂ ਆਸ਼ਿਕਾਂ ਨੂੰ ਇਹ ਤਸਵੀਰ ਜ਼ਰੂਰ ਚੇਤੇ ਆਉਂਦੀ ਹੋਵੇਗੀ ਤੇ ਸਭ ਤੋਂ ਵਧ ਕੇ ਅਪਣੇ
ਵਸਲ ਦਾ ਏਨੇ ਸਾਲ ਪਹਿਲਾਂ ਲਿਆ ਸਵਾਦ ਵੀ। ਸੰਸਕ੍ਰਿਤ ਵਿਚ ਕੇਲੇ ਦੇ ਦਸ ਨਾਂ ਹਨ। ਦੁਆਬੀ
ਵਿਚ ਕੇਲੇ ਨੂੰ ਛੱਲੀ ਵੀ ਆਖਿਆ ਜਾਂਦਾ ਹੈ। ਗੜ੍ਹਵਾਲੀ ਲੋਕ ਗੀਤ ਨੂੰ ਰਤਾ ਬਦਲ ਕੇ ਮੈਂ
ਇਹ ਬੋਲੀ ਬਣਾਈ ਹੈ: ਯਾਰ ਮੇਰਾ ਕੇਲੇ ਦੀ ਛੱਲੀ, ਮੈਂ ਖਾ-ਖਾ ਨਹੀਂ ਰੱਜਦੀ।
ਛਿੱਲੇ ਹੋਏ ਕੇਲੇ ਦਾ ਜੇ ਡੂੰਘਾ ਮਤਲਬ ਕੱਢਣਾ ਹੋਏ, ਤਾਂ ਉਹਦੇ ਵਾਸਤੇ ਫ਼ਰਾਇਡ ਦੀਆਂ
ਪੋਥੀਆਂ ਵਾਚਣ ਦੀ ਲੋੜ ਨਹੀਂ। ਆਦਮ ਤੇ ਹੱਵਾ ਨੂੰ ਅਦਨ ਦੇ ਬਾਗ਼ ਵਿੱਚੋਂ ਸਿਉਂ ਖਾਣ ਕਰ
ਕੇ ਨਿਕਲਣਾ ਪਿਆ ਸੀ। ਧਰਤੀ ਦੀ ਇਸ ਹੱਵਾ ਬੀਬੀ ਨੇ ਕੇਲੇ ਦਾ ਵਰਜਿਆ ਫਲ ਅਪਣੇ ਆਦਮ ਨੂੰ
ਖਵਾਇਆ ਹੀ ਨਹੀਂ, ਸਗੋਂ ਉਹਦੀ ਪੱਕੀ ਨਿਸ਼ਾਨੀ ਵੀ ਰੱਖੀ ਹੈ। ਇਸ ਦੁਨੀਆ ਦੇ ਬਾਗ਼ ਵਿੱਚੋਂ
- ਜਿਹਨੂੰ ਬਾਬਾ ਸ਼ੇਖ਼ ਫ਼ਰੀਦ ਸੁਹਾਵਾ ਬਾਗ਼ ਆਖਦੇ ਹਨ - ਕੋਈ ਰੱਬ ਇਨ੍ਹਾਂ ਨੂੰ ਧਕ ਕੇ
ਕਿਥੇ ਸੁੱਟੇਗਾ? ਇਸ ਤਸਵੀਰ ਨੂੰ ਨੀਝ ਲਾ ਕੇ ਦੇਖਿਆਂ ਲਗਦਾ ਹੈ ਕਿ ਇਹ ਦੋਹਵੇਂ ਸ਼ੀਸ਼ੇ ਚ
ਦੇਖ ਰਹੇ ਹਨ ਤੇ ਸ਼ੀਸ਼ਾ ਜਿਵੇਂ ਮੈਂ ਹਾਂ। ਫੇਰ ਲਗਦਾ ਹੈ, ਨਹੀਂ ਇਹ ਤਾਂ ਮੈਂ ਹਾਂ, ਜੋ
ਮੋਹਰੇ ਦਿਸਦਾ ਹੈ। ਇਹ ਤਸਵੀਰ ਚਤਾਰਦੀ ਹੈ ਕਿ ਇੱਕੋ ਮੂਲ ਵਿੱਚੋਂ ਪੈਦਾ ਹੋਏ
ਇਸਤਰੀ-ਪੁਰਸ਼ ਦਾ ਕੋਈ ਵੈਰ ਨਹੀਂ; ਜੇ ਹੈ, ਤਾਂ ਹੋਣਾ ਨਹੀਂ ਚਾਹੀਏ। ਇਹ ਵਿਪਰੀਤ ਹੁੰਦੇ
ਹੋਏ ਵੀ ਇਕ ਦੂਜੇ ਦੇ ਪੂਰਕ ਹਨ। ਦੋਹਵਾਂ ਦਾ ਇਕ ਦੂਏ ਬਿਨਾਂ ਗੁਜ਼ਾਰਾ ਨਹੀਂ। ਜਾਂ ਅਸੀਂ
ਇਹ ਮੰਨ ਹੀ ਲਿਆ ਹੈ। ਜਿਵੇਂ ਕਬੀਰ ਸਾਹਬ ਆਖਦੇ ਹਨ - ਕੇਲਾ ਪਾਕਾ ਝਾਰਿ। ਕਿ ਕੰਡਿਆਲ਼ੀ
ਝਾੜੀ ਨੂੰ ਕੇਲਾ ਮੰਨ ਕੇ ਮੂਰਖ ਗਵਾਰ ਲੋਕ ਮੁਗਧ ਬੈਠੇ ਹਨ।
-0- |