ਕੀ ਪਤਾ ਨੈਣਾਂ 'ਚ ਕਿੰਨੇ ਤੁਰ ਗਿਆ ਜੁਗਨੂੰ ਲੁਕੋ
ਰੌਸ਼ਨੀ ਦੀ ਆਸ ਨੂੰ ਬੇਆਸ ਦੇ ਦਰਿਆ ਡੁਬੋ
ਦੂਰ ਤੀਕਰ ਫੈਲਿਆ ਉਸਦਾ ਹੀ ਸਾਇਆ ਜਾਪਦਾ
ਝਲਕ ਛਾਂ ਦੀ ਦੇ ਗਿਆ ਕੋਈ ਮੇਰੇ ਨੇੜੇ ਖਲੋ
ਬਿਨ ਤੇਰੇ ਇਹ ਹੋਂਦ ਮੈਨੂੰ ਇਸ ਤਰਾਂ ਦੀ ਜਾਪਦੀ
ਰਹਿ ਗਿਆ ਹੋਵਾਂ ਜਿਵੇਂ ਦਰਿਆ ਤੋਂ ਸੁੱਕੀ ਰੇਤ ਹੋ
ਫਿਰ ਕਦੀ ਨਈਂ ਡੁੱਬਿਆ ਸੂਰਜ ਉਹ ਮੇਰੇ ਅੰਦਰੋਂ
ਤੁਰ ਗਈ ਸੀ ਸ਼ਾਮ ਜਿਸਦੀ ਬੈਠ ਮੇਰੇ ਕੋਲ ਰੋ
ਕੀ ਖ਼ਤਾ ਇਹਦੇ 'ਚ ਮੇਰੀ ਤੂੰ ਹੀ ਨਿਰਣਾ ਕਰ ਕੋਈ
ਚੁੱਪ ਮੇਰੀ ਸੁਰ ਤੇਰੀ ਜੇਕਰ ਨਾ ਸਕੀਆਂ ਇੱਕ ਹੋ
ਸ਼ਿਕਨ ਉਸਦੇ ਚੇਤਿਆਂ ਦੀ ਰੇਤ ਉੱਤੇ ਰਹਿ ਗਏ
ਮੁੜ ਗਈ ਸੀ ਜੋ ਨਦੀ ਮੇਰੇ ਲਬਾਂ ਦੇ ਕੋਲ ਹੋ
-0- |