ਹਰਬੰਸ ਕੌਰ 16 ਕੁ ਸਾਲਾਂ ਦੀ ਸੀ ਜਦੋਂ ਮੁਲਕ ਦੀਆਂ ਵੰਡੀਆਂ ਪੈ ਗਈਆਂ। ਘਰੋਂ ਉੱਠ ਕੇ
ਜਾਂਦਿਆਂ ਇਨ੍ਹਾਂ ਤੇ ਹੱਲਾ ਹੋ ਗਿਆ। ਵੱਢ ਟੁੱਕ ਚ ਇਹਦੇ ਸਕਿਆਂ ਚਾਚਿਆਂ-ਤਾਇਆਂ ਇਹਦੇ
‘ਬੇਇੱਜ਼ਤ’ ਹੋਣ ਨਾਲ਼ੋਂ ਇਹਨੂੰ ਮਾਰ ਦੇਣਾ ਹੀ ਚੰਗਾ ਸਮਝਿਆ। ਇੱਜ਼ਤ ਬਚਾਉਣ ਹਿਤ। ਇਹ ਫਿਰ ਵੀ
ਬਚ ਗਈ। ਇਹਦੇ ਸਾਹ ਚਲਦੇ ਹੀ ਸੀ ਤੇ ਕੋਈ ਭਲਾ ਮੁਸਲਮਾਨ ਇਹਨੂੰ ਘਰ ਲੈ ਗਿਆ। ਅਪਣੀ ਧੀ ਬਣਾ
ਕੇ ਰੱਖੀ। ਫਿਰ ਵਿਆਹ ਦਿੱਤੀ, ਧੀ ਕਰਕੇ; ਪਾਕਿਸਤਾਨੀ ਕਸ਼ਮੀਰ ਦੇ ਢੰਡਾਲੀ ਪਿੰਡ ਚ। ਇਹ ਆਪ
ਕੋਟਲੀ ਦੀ ਰਹਿਣ ਵਾਲ਼ੀ ਸੀ। ਇਹਦਾ ਆਪਣਾ ਪਿੰਡ ਰੌਲ਼ਿਆਂ ਚ ਆ ਗਿਆ ਸੀ। ਸਾਰਾ ਵੱਢਿਆ-ਵਢਾਇਆ
ਗਿਆ ਸੀ।
ਵੰਡ ਹੋ ਗਈ ਤਾਂ ਨਹਿਰੂ ਤੇ ਲਿਆਕਤ ਅਲੀ ਖ਼ਾਨ ਨੇ ਅਹਿਦ ਬਣਾ ਲਿਆ: ਬਈ ਪਿੱਛੇ ਰਹਿ ਗਈਆਂ
ਹਿੰਦੂ-ਸਿੱਖ ਔਰਤਾਂ ਨੂੰ ਭਾਰਤ ਲਿਆਇਆ ਜਾਵੇ ਤੇ ਏਧਰ ਰਹਿ ਗਈਆਂ ਮੁਸਲਮਾਨ ਔਰਤਾਂ
ਪਾਕਿਸਤਾਨ ਨੂੰ ਭੇਜ ਦਿੱਤੀਆਂ ਜਾਣ। ਵੱਡਿਆਂ ਦਿਮਾਗ਼ਾਂ ਵਾਲ਼ਿਆਂ ਨੂੰ ਇਹ ਸੁੱਝੀ ਹੀ ਨਾ ਕਿ
ਇਹ ਬੀਬੀਆਂ ਹੁਣ ਮਾਵਾਂ ਵੀ ਬਣ ਗਈਆਂ ਸੀ। ਇਨ੍ਹਾਂ ਦੇ ਘਰ ਵਸ-ਵਸਾ ਗਏ ਸੀ। ਜ਼ਖ਼ਮ ਆਠਰ ਰਹੇ
ਸੀ। ਸਰਕਾਰਾਂ ਨੂੰ ਇਨ੍ਹਾਂ ਗੱਲਾਂ ਦੀਆਂ ਪਰਵਾਵ੍ਹਾਂ ਨਹੀਂ ਹੁੰਦੀਆਂ, ਨਾ ਹੀ ਏਨਾਂ ਸਮਾਂ
ਹੁੰਦਾ ਹੈ ਇਨ੍ਹਾਂ ਕੋਲ਼।
ਅਪਣੇ ਨਿਕਾਹ ਤੋਂ ਬਾਅਦ, ਹਰਬੰਸ ਕੌਰ ਨੇ ਵੀ ਦੀਨ ਕਬੂਲ ਕਰ ਲਿਆ ਸੀ - ਕਰਨਾ ਹੀ ਸੀ। ਹੋਰ
ਕੀ ਕਰਦੀ। ਬਾਪ ਬਣੇ ਮੁਸਲਮਾਨ ਨੇ ਕਿਸੇ ਸਖ਼ੀ ਉੱਲਾ ਫ਼ੌਜੀ ਨਾਲ਼ ਇਹਦਾ ਨਿਕਾਹ ਕਰ ਦਿੱਤਾ।
ਇਹਦਾ ਵਸੇਬਾ ਹੋ ਗਿਆ। ਉਹਦੇ ਤੋਂ ਇਹਨੂੰ ਦੋ ਬੱਚੇ ਹੋ ਗਏ ਸੀ। ਵੱਡਾ ਕਰਾਮਤ ਉੱਲਾ ਤੇ
ਨਿੱਕਾ ਕੁਦਰਤ ਉੱਲਾ। ਜਦੋਂ ਪੁਲਸ ਆਈ ਤਾਂ ਇਹ ਆਪਣੇ ਮੀਏਂ ਨਾਲ਼ ਸਿਆਲ਼ਕੋਟ ਸੀ। ਮਿਲਟਰੀ
ਕੁਆਟਰਾਂ ਚ ਰਹਿੰਦੇ ਸੀ। ਪੁਲਸ ਵਾਲੇ ਕਹਿੰਦੇ: ਚੱਲ ਬੀਬੀ, ਸਾਡੇ ਨਾਲ਼ ਚੱਲ। ਠਾਣੇ ਜਾ ਕੇ
ਅਪਣੀ ਮਰਜ਼ੀ ਦੱਸ ਆ, ਤੇ ਫਿਰ ਮੁੜ ਆਈਂ। ਬੀਬੀ ਅਪਣੇ ਨੌਂ ਮਹੀਨਿਆਂ ਦੇ ਦੁੱਧ ਚੁੰਘਦੇ ਬਾਲ
ਨੂੰ ਛਾਤੀ ਨਾਲੋਂ ਲਾਹ ਕੇ ਕਹਿੰਦੀ: ਮੈਂ ਠਾਣਿਓਂ ਹੋ ਕੇ ਹੁਣੇ ਆਈਂ। ਠਾਣੇ ਗਈ ਨੂੰ ਪੁਲਸ
ਵਾਲਿਆਂ ਹੁਕਮ ਕਹਿ ਸੁਣਾਇਆ: ਬੀਬੀ, ਇਹ ਤੇਰਾ ਮੁਲਕ ਨਹੀਂ ਹੁਣ। ਤੂੰ ਤਾਂ ਇੰਡੀਅਨ ਏਂ।
ਸਿੱਖ ਵੀ ਏ। ਓਥੇ ਹੀ ਜਾਹ। ਧਰਤੀ ਦਾ ਇਹ ਟੋਟਾ ਹੁਣ ਪਾਕਿਸਤਾਨ ਹੋ ਗਿਆ ਏ। ਏਥੇ ਤੇਰਾ ਕੁਛ
ਨਹੀਂ, ਤੂੰ ਬੇਗ਼ਾਨੇ ਮੁਲਕ ਚ ਨਹੀਂ ਰਹਿ ਸਕਦੀ। ਮਾਈ ਨੇ ਬਥੇਰੇ ਤਰਲ਼ੇ ਪਾਏ; ਲੇਲ੍ਹੜੀਆਂ
ਕੱਢੀਆਂ: ਓਏ ਬੰਦਿਓਂ ਰੱਬ ਦਿਓ, ਮੈਂ ਤਾਂ ਹੁਣ ਮੁਸਲਮਾਨ ਹੋ ਗਈ ਹਾਂ। ਮੇਰਾ ਨਿਕਾਹ ਵੀ ਹੋ
ਗਿਆ ਹੈ। ਮੇਰਾ ਮੀਆਂ ਫ਼ੌਜੀ ਹੈ। ਮੇਰੇ ਦੋ ਬੱਚੇ ਨੇ। ਕੁਦਰਤ ਉੱਲਾ ਦੋ ਸਾਲਾਂ ਦਾ। ਛੋਟਾ
ਕਰਾਮਤ ਉੱਲਾ ਨੌਂ ਮਹੀਨੇ ਦਾ। ਦੋਵੇਂ ਮੁਸਲਮਾਨ ਨੇ। ਅਸੀਂ ਚਾਰੇ ਮੁਸਲਮਾਨ ਹਾਂ। ਇਹਦੀ
ਨਹਿਰੂ-ਅਲੀ ਦੇ ਹੁਕਮਾਂ ਮੋਹਰੇ ਇੱਕ ਨਾ ਚੱਲੀ। ਸੱਭ ਮਿੰਨਤਾਂ ਤਰਲ਼ੇ ਬੇਅਸਰ। ਬੇਕਾਰ।
ਅਗਲਿਆਂ ਰੋਂਦੀ ਕੁਰਲਾਉਂਦੀ ਮਾਂ 1954 ਚ ਕਸ਼ਮੀਰੋਂ ਚੱਕ ਕੇ, ਧੱਕੇ ਨਾਲ਼ ਬੰਬੇ ਜਾ ਸੁੱਟੀ।
ਮਾਂ-ਬਾਪ ਕੋਲ਼। ਘਰ ਦਿਆਂ ਕਿਸੇ ਤਰ੍ਹਾਂ ਔਖੀ ਸੌਖੀ ਕਬੂਲ ਤਾਂ ਲਈ ਪਰ ਇਹਦੇ ਢਿੱਡ ਦਾ ਦੁੱਖ
ਕਿਸੇ ਨਾ ਪੁੱਛਿਆ। ਉਹ ਤਾਂ ਇਹਨੂੰ ਮਰੀ ਮੁੱਕੀ ਸਮਝਦੇ ਰਹੇ ਸੀ। ਫਿਰ ਇਹਦਾ ਅਨੰਦ ਕਾਰਜ
ਪੜ੍ਹਾ ਦਿੱਤਾ- ਕਿਸੇ ਕੌਰ ਸਿੰਘ ਨਾਂ ਦੇ ਬੰਦੇ ਨਾਲ਼। ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ
ਤੇ ਹੋ ਗਿਆ ਦਲ਼ੀਆ। ਮੰਦੇ ਭਾਗੀਂ ਵਿਚਾਰੀ ਦੀ ਕੁੱਖ ਅਜੇ ਫੁੱਟੀ ਵੀ ਨਹੀਂ ਸੀ ਕਿ ਇਹਦਾ ਕੌਰ
ਸਿਓਂ ਵੀ ਛੇਤੀ ਚਲਾਣੇ ਕਰ ਗਿਆ।
ਹੁਣ ਹਰਬੰਸ ਕੌਰ ਕਰਦੀ ਤਾਂ ਕੀ ਕਰਦੀ। ਇਹਦੀ ਪੁੱਤਾਂ ਨੂੰ ਮਿਲਣ ਦੀ ਆਸ ਸੁੱਕੀ ਨਹੀਂ ਸੀ।
ਇਹ ਗੁਰਦੁਅਰਿਆਂ ਚ ਸਾਲੋ ਸਾਲ ਬੰਬਈਓਂ ਪਾਕਿਸਤਾਨ ਨੂੰ ਜਾਂਦੀ ਰਹੀ। ਗੁਰਧਾਮਾਂ ਦੇ ਦਰਸ਼ਣਾਂ
ਨੂੰ। ਇਹਨੇ ਜਦੋਂ ਵੀ ਪਾਕਿਸਤਾਨ ਜਾਣਾ, ਇਹਦੀ ਤਾਰ ਤਾਂ ਪੁੱਤਾਂ ਚ ਹੀ ਵੱਜਦੀ ਰਹਿੰਦੀ ਸੀ।
ਹਰ ਵਾਰੀ ਅਰਦਾਸ ਕਰਨੀ: ਹੇ ਸੱਚਿਆ ਪਾਤਸ਼ਾਹ, ਓਨਾ ਚਿਰ ਮੇਰੇ ਸੁਆਸ ਨਾ ਕੱਢੀਂ, ਜਿੰਨਾ ਚਿਰ
ਮੈਂ ਨੌ ਮਹੀਨੇ ਦਾ ਦੁੱਧ ਚੁੰਘਦਾ ਛੱਡਿਆ ਬੱਚਾ ਮੁੜ ਨਾ ਦੇਖ ਲਵਾਂ। ਇਹ ਮੁੜ ਮੁੜ
ਪਾਕਿਸਤਾਨ ਨੂੰ ਏਸੇ ਆਸ ਨਾਲ਼ ਹੀ ਆਉਂਦੀ ਰਹੀ ਸੀ।
2005 ਚ ਕਸ਼ਮੀਰ ਚ ਭੂਚਾਲ ਆਇਆ ਤਾਂ ਦੁਖੀ ਮਾਂ ਦਾ ਮਨ ਹੋਰ ਤੜਪਿਆ। ਅਰਦਾਸਾਂ ਬੇਨਤੀਆਂ
ਕੀਤੀਆਂ: ਹੇ ਵਾਹਿਗੁਰੂ, ਭੁਚਾਲ ਆਇਆ ਹੈ, ਮੇਰੇ ਜਿਗਰ ਦੇ ਟੋਟੇ ਠੀਕ ਠਾਕ ਹੋਣ। ਕਰਾਮਤ
ਉੱਲਾ ਤੇ ਕੁਦਰਤ ਉੱਲਾ। ਉਨ੍ਹਾਂ ਤੇ ਮਿਹਰ ਦਾ ਹੱਥ ਰੱਖੀਂ; ਤੱਤੀਆਂ ਤੋਂ ਬਚਾ ਕੇ ਰੱਖੀਂ।
ਓਸੇ ਸਾਲ ਮਾਈ ਫਿਰ ਪੰਜਾ ਸਾਹਿਬ ਚਲੇ ਗਈ। ਇਹਦਾ ਮਨ ਜਰੂਰ ਇਹਨੂੰ ਕੁਛ ਦੱਸਦਾ ਹੋਣਾ। ਪਤਾ
ਕੱਢਣ ਦੀ ਕੋਸਿਸ਼ ਕੀਤੀ। ਕੋਈ ਪਤਾ ਨਾ ਲੱਗਾ। ਮੇਲ਼ ਫਿਰ ਨਹੀਂ ਹੋਇਆ। ਵਾਪਿਸ ਮੁੜ ਗਈ ਹੋਰ
ਦੁਖੀ ਹੋ ਕੇ।
ਫਿਰ ਵਿਸਾਖੀ ਤੇ ਪੰਜਾ ਸਾਹਿਬ ਮੇਲੇ ਗਈ। ਪਹਿਲਾਂ ਵਾਂਗ ਹੀ ਪੁੱਛਿਆ ਕਰੇ: ਭਾਈ ਕੋਈ
ਮੁਜੱਫਰਾਬਾਦ ਦਾ ਵੀ ਹੈ। ਅਖ਼ੀਰ ਕਿਸੇ ਦੇ ਮੋਢੇ ਤੇ ਬੈਜ ਲੱਗਾ ਦੇਖ ਕੇ ਪੁਛਿਆ: ਕਾਕਾ ਤੂੰ
ਸੱਚੀਂ ਮੁਜੱਫਰਾਬਾਦ ਦਾ ਏਂ। ਮੇਰੇ ਦੋ ਬੱਚੇ ਉੱਥੇ ਰਹਿ ਗਏ ਸੀ - ਕੁਦਰਤ ਉੱਲਾ ਤੇ ਕਰਾਮਤ
ਉੱਲਾ। ਸੁਣਨ ਵਾਲ਼ਾ ਹੈਰਾਨ ਪ੍ਰੇਸ਼ਾਨ। ਹਰਬੰਸ ਕੌਰ ਨੂੰ ਝੱਲੀ ਸਮਝੇ। ਕੋਈ ਸਿੱਖ ਮਾਈ ਦੱਸ
ਰਹੀ ਸੀ ਕਿ ਓਹਦੇ ਦੋ ਪੁੱਤ ਮੁਸਲਮਾਨ ਸੀ। ਮਾਤਾ ਆਵਦਾ ਦੁੱਖ ਫਰੋਲ਼ਦੀ ਗਈ। ਸਾਰੀ ਦੀ ਸਾਰੀ
ਉਧੜ ਗਈ। ਪੂਰੀ ਕਹਾਣੀ ਕਹਿ ਸੁਣਾਈ। ਸੁਣਨ ਵਾਲ਼ੇ ਦਾ ਮਨ ਵੀ ਪਸੀਜਆ ਗਿਆ। ਇਹਦੇ ਮਨ ਮਿਹਰ
ਪੈ ਗਈ।
ਮਾਈ ਜਾਂਦੀ ਹੋਈ ਫ਼ੌਜੀ ਮੀਏਂ ਤੇ ਪੁੱਤਾਂ ਦੀ ਫੋਟੋ ਦੇ ਗਈ। ਉਹ ਫੋਟੋ ‘ਗਾਹ ਕਿਸੇ ਮਿਹਰਬਾਨ
ਪ੍ਰੋਫੈਸਰ ਕੋਲ਼ ਪਹੁੰਚ ਗਈ। ਇਹਨੇ 2006 ਮਾਈ ਦੇ ਪੁੱਤਾਂ ਦੀ ਸੂਹ ਕੱਢ ਲਈ। ਫਿਰ ਬੀਬੀ ਨੂੰ
ਹੌਂਸਲਾ ਦਿੱਤਾ। ਟੈਲੀਫੂਨ ਤੇ ਦੱਸਿਆ: ਮਾਈ ਤੇਰੇ ਪੁੱਤ ਮਿਲ ਗਏ। ਠੀਕ ਠਾਕ ਨੇ। ਮਾਂ
ਪੁੱਤਾਂ ਦੀਆਂ ਟੈਲੀਫੂਨ ਤੇ ਗੱਲਾਂ ਬਾਤਾਂ ਹੋਣ ਲੱਗ ਪਈਆਂ। ਮਾਂ ਦੀ ਲੰਮੀ ਆਸ ਨੂੰ ਬੂਰ ਪੈ
ਗਿਆ ਸੀ।
ਮਾਂ ਫਿਰ ਪਾਕਿਸਤਾਨ ਆਈ। ਕਸ਼ਮੀਰ ਗਈ, ਪੁੱਤ-ਪੋਤਿਆਂ ਕੋਲ਼। ਜਦੋਂ ਮਾਈ ਪੁੱਤਾਂ ਨੂੰ ਮਿਲ਼ੀ
ਤਾਂ ਵਿਛੋੜੇ ਨੂੰ ਬਵੰਜਾ ਸਾਲ ਹੋ ਗਏ ਸੀ; ਕੁਰਦਤ ਤੇ ਕਰਾਮਤ ਤਾਂ ਆਪ ਬਜ਼ੁਰਗ਼ੀ ਚ ਪੈਰ ਧਰ
ਗਏ ਸੀ। ਸੋਟੀ ਨਾਲ਼ ਮਸਾਂ ਤੁਰਦੀ ਮਾਈ, ਪੁੱਤਰਾਂ ਨੂੰ ਦੇਖ ਕੇ ਸੋਟੀ ਸੁੱਟ ਕੇ ਨੱਠ ਪਈ।
ਜੱਫੀਆਂ ਭਰ ਲਈਆਂ। ਪੁੱਤਾਂ ਨੂੰ ਕਲ਼ਾਵੇ ਚ ਲੈ ਕੇ ਮਾਂ ਪਰਲ ਪਰਲ ਰੋਵੇ। ਮੱਥੇ ਚੁੰਮੇ।
ਮੂੰਹਾਂ ਤੇ ਹੱਥ ਫੇਰੇ। ਸਾਰਾ ਮਹੌਲ ਸੋਗਵਾਰ ਸੀ। ਸਰਕਾਰ ਨੇ ਮਾਂ ਨੂੰ ਤਿੰਨ ਮਹੀਨੇ
ਪਾਕਿਸਤਾਨ ਰਹਿਣ ਦੀ ਮੰਨਜ਼ੂਰੀ ਦਿੱਤੀ। ਮਾਂ ਢਿੱਡੋਂ ਜਾਏ ਪੁੱਤਾਂ ਨੂੰ ਵੀ ਕੋਲ਼ ਰੱਖਣਾ
ਚਾਹੁੰਦੀ ਹੈ ਤੇ ਪੁੱਤਾਂ ਵਰਗੇ ਭਤੀਜਿਆਂ ਨੂੰ ਵੀ ਨਹੀਂ ਛੱਡਣਾ ਚਾਹੁੰਦੀ। ਸਰਕਾਰਾਂ ਨੂੰ
ਇਹ ਮਨਜ਼ੂਰ ਨਹੀਂ। ਇਹਦੇ ਕੋਲ ਪਾਸਪੋਰਟ ਵੀ ਭਾਰਤੀ ਹੈ। ਮਾਂ ਦਾ ਦਿਲ ਤਾਂ ਜ਼ਰੂਰ ਪੁੱਛਦਾ
ਹੋਊ। ਵੰਡੀਆਂ ਮੈਂ ਤਾਂ ਨਹੀਂ ਸੀ ਪਾਈਆਂ। ਤੁਸੀਂ ਮੇਰਾ ਦਿਲ ਕਿਓਂ ਵੰਡਦੇ ਹੋ। ਆਹ ਉਮਰ
ਭਲਾ ਕਿਤੇ ਦੁੱਖੜੇ ਸਹਿਣ ਦੀ ਹੁੰਦੀ ਹੈ?
-0-
|