ਗੱਲ ਕੋਈ ਛੇ ਕੁ ਸਾਲ ਪਹਿਲਾਂ ਦੀ ਹੈ । ਕਿਸੇ ਮਰੀਜ਼ ਦੇ ਜ਼ੋਰ ਦੇਣ ਤੇ ਮੈਨੂੰ ਲੁਧਿਆਣੇ
ਦੇ ਸਿਵਲ ਹਸਪਤਾਲ ‘ਚ ਡਾਕਟਰ ਨੂੰ ‘ ਚੰਗੀ ਤਰ੍ਹਾਂ ਵੇਖਣ’ ਦੀ ਸਿਫਾਰਿਸ਼ ਕਰਨ ਲਈ ਜਾਣਾ
ਪਿਆ । ਜੂਨ ਦਾ ਮਹੀਨਾ ਹੋਣ ਕਾਰਨ ਗਰਮੀ ਨੇ ਅੱਤ ਚੁੱਕੀ ਹੋਈ ਸੀ ਅਤੇ ਉਪਰੋਂ ਮਰੀਜ਼ਾਂ ਦੀ
ਭੀੜ ਨੇ ਵੀ ਡਾਕਟਰਾਂ ਦੇ ਪਸੀਨੇ ਕੱਢੇ ਹੋਏ ਸਨ । ਇੰਜ ਜਾਪਦਾ ਸੀ ਜਿਵੇਂ ਸਾਰੀ ਦੁਨੀਆ ਹੀ
ਮਰੀਜ਼ ਬਣਕੇ ਸਿਵਲ ਹਸਪਤਾਲ ‘ਚ ਆਣ ਢੁਕੀ ਹੋਵੇ । ਖੈਰ, ਜਿਸ ਡਾਕਟਰ ਕੋਲ ਮੈ ਸਿਫਾਰਿਸ਼
ਕਰਨ ਲਈ ਗਿਆ ਸਾਂ, ਉਹ ਤਾਂ ਮੈਨੂੰ ਲੱਭੇ ਨਹੀਂ, ਪਰ ਮੈਨੂੰ ਹੱਥ ‘ਚ ਫਾਰਮ ਜਿਹੇ ਫੜੀ ਇਕ
ਗਰੀਬੜਾ ਜਿਹਾ ਬੰਦਾ ਜ਼ਰੂਰ ਮਿਲ ਗਿਆ ਜੋ ਸਾਡੇ ਨਾਲ ਦੇ ਮੁਹੱਲੇ ‘ਚ ਰਹਿੰਦਾ ਸੀ । ਉਸ ਨੇ
ਮੇਰੇ ‘ਅਖਬਾਰਾ ਵਾਲਾ’ ਹੋਣ ਦਾ ਵੀ ਪਤਾ ਸੀ । ਮੈ ਖੁਦ ਹੀ ਉਸ ਨੂੰ ਉਥੇ ਆਉਣ ਦਾ ਕਾਰਨ
ਪੁੱਛਣ ਲੱਗਾ ਸਾਂ ਕਿ ਮਦਦ ਦੀ ਆਸ ਲਾਈ ਬੈਠੇ ਉਸ ਭਲੇਮਾਣਸ ਨੇ ਪਹਿਲਾਂ ਹੀ ਪੈਨਸ਼ਨ ਫਾਰਮ
‘ਤੇ ਡਾਕਟਰ ਦੇ ਦਸਤਖਤ ਕਰਵਾ ਕੇ ਦੇਣ ਦੀ ਅਰਜ਼ੋਈ ਕਰ ਦਿੱਤੀ । ਸਵੇਰੇ 9 ਵਜੇ ਦੇ ਪੁਰਾਣੀ
ਤੋਂ ਨਵੀਂ ਅਤੇ ਨਵੀਂ ਤੋਂ ਪੁਰਾਣੀ ਬਿਲਡਿੰਗ ਵੱਲ ਭਟਕਦੇ ਇੰਨ੍ਹਾਂ ਭੁੱਖੇ ਪਿਆਸੇ
ਬਜ਼ੁਰਗਾਂ ਨੂੰ ਦੁਪਿਹਰ ਚੜ੍ਹ ਗਈ ਸੀ ਪਰ ਕੋਈ ਵੀ ਇੰਨ੍ਹਾਂ ਕਿਸਮਤ ਮਾਰਿਆਂ ਦੀ ਸੁਣਨ ਲਈ
ਤਿਆਰ ਨਹੀਂ ਸੀ ।
ਆਦਤਨ, ਮਦਦ ਲਈ ਹਰ ਵੇਲੇ ਤਿਆਰ ਰਹਿਣ ਦੇ ਸੁਭਾਅ ਕਾਰਨ ਮੈਂ ਫੌਰਨ ਅੰਦਰ ਜਾ ਕੇ ਆਪਣੇ
ਵਾਕਿਫਕਾਰ ਡਾਕਟਰ ਨੂੰ ਬਾਹਰ ਖੜ੍ਹੇ ਪੈਨਸ਼ਨਾਂ ਵਾਲੇ ਦੋ ਤਿੰਨ ਜਣਿਆਂ ਦੇ ਫਾਰਮਾਂ ‘ਤੇ
ਦਸਤਖਤ ਕਰਨ ਲਈ ਬੇਨਤੀ ਜਾ ਕੀਤੀ ਪਰ ਉਸ ਨੇ ਰੁਟੀਨ ਦਾ ਹੀ ਇਹ ਕੰਮ ਹੋਣ ਕਰਕੇ ਇਸ ਨੂੰ
ਗੰਭੀਰਤਾ ਦੇ ਨਾਲ ਨਹੀਂ ਲਿਆ ਅਤੇ ਕਿਹਾ ‘ਕੋਈ ਨਹੀਂ, ਕੋਈ ਨਹੀਂ, ਸਾਰਾ ਦਿਨ ਇਹੀ ਕੁਝ
ਕਰੀਦੈ, ਕਰ ਦਿੰਨੇ ਆਂ । ਨਾਲ ਹੀ ਉਸ ਨੇ ਇਹ ਵੀ ਆਖ ਦਿੱਤਾ ਕਿ ਵੈਸੇ ਡਿਊਟੀ ਤਾਂ ਪਰਲੀ
ਬਿਲਡਿੰਗ ‘ਚ ਕਮਰਾ ਨੂੰ...ਵਾਲਿਆਂ ਦੀ ਹੀ ਹੈ, ਉਨ੍ਹਾਂ ਕੋਲੋਂ ਕਰਵਾ ਲਓ ਤਾਂ ਬਿਹਤਰ ਹੈ ।
ਮੈਂ ਉਸ ਨੂੰ ਤਕਲੀਫ ਨਾ ਦੇਣ ਦਾ ਮਨ ਬਣਾ ਕੇ ਦੱਸੇ ਕਮਰੇ ਵੱਲ ਜਾਣ ਲਈ ਡਾ: ਸਾਹਿਬ ਦੇ
ਕੈਬਿਨ ‘ਚੋਂ ਬਾਹਰ ਨਿਕਲਿਆ ਤਾਂ ਪੈਨਸ਼ਨਾਂ ਵਾਲੇ ਕੇਸ ਇੱਕ ਤੋਂ ਵੱਧ ਕੇ ਪੰਜ ਹੋ ਚੁੱਕੇ
ਸਨ । ਦੱਸੇ ਗਏ ਕਮਰੇ ਵੱਲ ਜਾਂਦਿਆਂ ਇਹ ਗਿਣਤੀ 10 ਹੋ ਗਈ ਅਤੇ ਕਮਰੇ ਤੱਕ ਅੱਪੜਦੇ ਹੋਏ 20
ਤੋਂ ਵੱਧ ਬਜ਼ੁਰਗ, ਮਰਦ ਅਤੇ ਔਰਤਾਂ ਮੇਰੇ ਪਿੱਛੇ ਪਿੱਛੇ ਸਨ ।
ਕਮਰੇ ਦੇ ਅੰਦਰ ਇਕ ਡਾਕਟਰਨੀ ਬੜੇ ਮਜ਼ੇ ਦੇ ਨਾਲ ਵਿਹਲੀ ਬੈਠੀ ਮੋਬਾਇਲ ‘ਤੇ ਗੇਮ ਖੇਡਣ ‘ਚ
ਮਸਰੂਫ ਸੀ । ਮੈਂ ਉਸ ਦੇ ਟੇਬਲ ਦੇ ਮੂਹਰੇ ਖੜ੍ਹਾ ਸਾਂ ਪਰ ਉਸ ਨੇ ਸਿਰ ਚੱਕ ਕੇ ਵੇਖਣ ਦੀ
ਲੋੜ ਨਾ ਸਮਝੀ । ਮੈਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਉਸ ਨੇ ਬਿਨਾਂ ਧੋਣ ਚੁੱਕਿਆਂ
ਹੀ ਜਵਾਬੀ ਸਾਸਰੀ ‘ਕਾਲ ਆਖ ਦਿੱਤੀ । ਮੈਂ ਜੁਰਅਤ ਜਹੀ ਇੱਕਠੀ ਕਰਕੇ ਉਸ ਨੂੰ ਆਪਣੇ ਇਥੇ
ਆਉਣ ਦਾ ਮੰਤਵ ਦੱਸਿਆ ਤਾਂ ਉਸ ਨੇ ਮੇਰੇ ਵੱਲ ਕੌੜਾ ਜਿਹਾ ਝਾਕਿਆ । ਮੇਰੀ ਬੇਨਤੀ ਉਸ ਨੂੰ
ਗਾਲ੍ਹ ਬਣਕੇ ਵੱਜੀ ਜਾਪਦੀ ਸੀ । ‘ਏਨੇ ਫਾਰਮ ਮੇਰੇ ਕੋਲੋਂ ਨਹੀ ਹੋਣੇ’ ਉਹ ਵਿਹਲੀ ਬੈਠੀ ਹੀ
ਕੰਮ ਲੱਗੀ ਹੋਣ ਦਾ ਢੌਂਗ ਕਰ ਰਹੀ ਸੀ । ਜਦੋ ਮੈ ਡਾਕਟਰ ਸਾਹਿਬ ਦਾ ਨਾਮ ਲੈ ਦੱਸਿਆ ਕਿ
ਉਨਾਂ ਨੇ ਮੈਨੂੰ ਆਪ ਜੀ ਦੇ ਕੋਲ ਭੇਜਿਆ ਹੈ ਤਾਂ ਉਹ ਚਿੜ ਗਈ ‘ਤੇ ਆਖਣ ਲੱਗੀ ਕਿ ‘ਡਿਊਟੀ
ਤਾਂ ਸਾਰਿਆਂ ਦੀ ਹੀ ਹੈ, ਥੋੜ੍ਹੇ ਮੈਂ ਕਰ ਦਿੰਦੀ ਆਂ ਤੇ ਬਾਕੀ ਕਿਸੇ ਹੋਰ ਤੋਂ ਕਰਵਾ ਲਿਓ’
ਸ਼ਾਇਦ ਭਲਾਈ ਦਾ ਇਹ ਕੰਮ ਇਸ ਬੀਬੀ ਨੂੰ ਗਾਂ ਕਤਲ ਕਰਨ ਵਾਲਾ ਲੱਗ ਰਿਹਾ ਸੀ । ਉਸ ਦੇ ਤੌਰ
ਤਰੀਕੇ ਤੇ ਨਾਜ ਨਖਰੇ ਤੋ ਮੈਨੂੰ ਖਿਝ ਆ ਗਈ ਅਤੇ ਮੇਰੇ ਅੰਦਰਲਾ ਪੱਤਰਕਾਰ ਉਠ ਖਲੋਤਾ । ਮੈ
ਉਸ ਨੂੰ ਥੋੜੇ ਗੁੱਸੇ ਨਾਲ ਕਿਹਾ, ‘‘ ਇਹ ਸਭਨਾਂ ‘ਚੋਂ ਮੇਰੀ ਕੋਈ ਮਾਸੀ, ਭੂਆ ਨਹੀਂ ਹੈ ਤੇ
ਨਾ ਹੀ ਕੋਈ ਫੱਫੜ ਜਾਂ ਚਾਚਾ ਹੈ, ਮਾਂ ਬਾਪ ਪਹਿਲਾ ਹੀ ਚੜਾਈ ਕਰ ਚੱਕੇ ਹਨ, ਇਸ ਲਈ ਮੇਰਾ
ਇਹ ਕੋਈ ਨਿੱਜੀ ਕੰਮ ਨਹੀਂ ਹੈ, ਫਿਰ ਵੀ ਮੈ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਕ ਅਹਿਸਾਨ
ਮੇਰੇ ਤੇ ਕਰਦੇ ਹੋਏ ਇਨ੍ਹਾਂ ਵਿਚਾਰੇ ਬਜ਼ੁਰਗਾਂ ਦੇ ਫਾਰਮ ਤਸਦੀਕ ਕਰ ਦਿਓ । ਮੈਂ ਇਕ ਛੋਟੀ
ਜਿਹੀ ਅਖਬਾਰ ਦਾ ਛੋਟਾ ਜਿਹਾ ਪੱਤਰਕਾਰ ਹਾਂ । ਇਹ ਸਵੇਰ ਦੇ ਇਥੇ ਰੁੱਲ ਰਹੇ ਹਨ, ਤੁਹਾਨੂੰ
ਅਸੀਸਾਂ ਦੇਣਗੇ । ਇਨ੍ਹਾਂ ਨੂੰ ਇਕ ਇਕ ਕਰਕੇ ਅੰਦਰ ਭੇਜੋ’ , ਕਹਿੰਦੀ ਹੋਈ ਉਹ ਕੁਝ ਇਸ
ਤਰ੍ਹਾਂ ਦੀ ਔਖ ਮਹਿਸੂਸ ਕਰ ਰਹੀ ਸੀ ਜਿਵੇਂ ਕਿਸੇ ਬੱਚੇ ਨੂੰ ਕੌੜੀ ਦਵਾਈ ਪੀਣੀ ਪੈ ਜਾਵੇ ।
ਮੇਰਾ ਛੋਟੇ ਅਖਬਾਰ ਵਾਲਾ ਲਫਜ਼ ਉਸ ਦੇ ਪੱਲੇ ਪੈ ਗਿਆ ਸੀ ਅਤੇ ਮੇਰਾ ਪੱਤਰਕਾਰੀ ਵਾਲਾ ਦਾਬਾ
ਚੱਲ ਗਿਆ ਸੀ । ਖੈਰ ! ਰੱਬ ਰੱਬ ਕਰਦੇ ਸਭਨਾਂ ਫਾਰਮਾਂ ਤੇ ਡਾਕਟਰਨੀ ਸਾਹਿਬਾ ਦੇ ਦਸਤਖਤ ਹੋ
ਗਏ । ਹੁਣ ਗੱਲ ਮੋਹਰ ਲੱਗਵਾਉਣ ਦੀ ਸੀ ਜੋ ਤੀਜੀ ਮੰਜਿ਼ਲ ਵਾਲੇ ਕਮਰੇ ‘ਚ ਲਗਣੀ ਸੀ । ਇੱਕ
ਵਾਕਿਫਕਾਰ, ਜੋ ਸਬੱਬ ਨਾਲ ਉਥੇ ਖੜ੍ਹਾ ਸੀ , ਨੂੰ ਸਾਰੇ ਫਾਰਮ ਇੱਕਠੇ ਕਰਕੇ ਉਪਰ ਜਾ ਕੇ
ਮੋਹਰਾਂ ਲਗਵਾ ਕੇ ਲਿਆਉਣ ਲਈ ਕਹਿ ਦਿੱਤਾ । ਦੁਪਹਿਰ ਦੀ ਗਰਮੀ ‘ਚੋ ਮੁੜ੍ਹਕੋ ਮੁੜ੍ਹਕੀ ਹੋਏ
ਮਰੀਜ਼ਾ ਦੇ ਭੀੜ ਭੱੜਕੇ ‘ਚੋਂ ਨਿਕਲਦੇ ਹੋਏ ਪੈਨਸ਼ਨਾਂ ਵਾਲੇ ਇਨ੍ਹਾਾਂ ਬੁਜ਼ਰਗਾਂ ਨੂੰ
ਸੁੱਖ ਦਾ ਸਾਹ ਆਇਆ । ਕੁਝ ਮਿੰਟਾ ਬਾਅਦ ਮੋਹਰਾਂ ਲੱਗ ਕੇ ਫਾਰਮ ਆ ਗਏ । ਮੈਂ ਇਕ ਇਕ ਨਾਮ
ਬੋਲ ਕੇ, ਫਾਰਮ ਸਭਨਾਂ ਦੇ ਹੱਥੀ ਫੜਾ ਦਿੱਤੇ । ਫਾਰਮ ਹੱਥਾ ‘ਚ ਫੜੀ ਇਨ੍ਹਾਂ ਬੁਜ਼ਰਗਾਂ ਦੇ
ਚਿਹਰਿਆਂ ਤੋ ਜੋ ਖੁਸ਼ੀ ਮੈਂ ਵੇਖੀ, ਉਸ ਦਾ ਵਰਨਣ ਕਰਨਾ ਸ਼ਬਦਾ ਵਿਚ ਮੁਸ਼ਕਿਲ ਹੈ । ਹੁਣ
ਸਾਰੇ ਹੀ ਮੇਰੇ ਦੁਆਲੇ ਹੋ ਤੁਰੇ । ‘ਓਏ ਇਹ ਤਾਂ ਕਾਮਰੇਡ ਦਾ ਮੁੰਡਾ ਹੈ’ ਇਕ ਮੋਟੇ ਜਿਹੇ
ਸ਼ੀਸ਼ੇ ਵਾਲੇ ਐਂਨਕਾ ਵਾਲੇ ਬਜ਼ੁਰਗ ਨੇ ਬਾਕੀਆਂ ਨੂੰ ਦੱਸਿਆ । ਕੋਈ ਮੈਨੂੰ ਚਾਹ ਪੀਣ ਲਈ
ਮਜਬੂਰ ਕਰ ਰਿਹਾ ਸੀ ਤੇ ਕੋਈ ਇਸ ਗਰਮੀ ‘ਚ ਮੇਰੇ ਲਈ ਠੰਡਾ ਲਿਆਉਣ ਦੀ ਸਲਾਹ ਦੇ ਰਿਹਾ ਸੀ ।
ਜਦੋਂ ਮੈਂ ਨਿਰਮਤਾ ਦੇ ਨਾਲ ਕੁਝ ਵੀ ਪੀਣ ਤੋਂ ਇਨਕਾਰ ਕਰ ਦਿਤਾ ਤਾਂ ਇਕੋਂ ਵਾਰੀ ਕਈ ਹੱਥ
ਮੇਰਾ ਸਿਰ ਪਲੋਸਣ ਲਈ ਉਠੇ । ਇਕ ਦੋ ਨੇ ਤਾਂ ਜਜ਼ਬਾਤੀ ਹੋ ਕੇ ਮੇਰੀ ਪੱਗ ਚੁੰਮ ਲਈ ‘ਤੇ
ਬੁੱਕਾਂ ਦੇ ਬੁੱਕ ਅਸੀਸਾਂ ਮੇਰੀ ਝੋਲੀ ਪਾ ਦਿੱਤੀਆਂ । ਇਨ੍ਹਾਂ ਅਸੀਸਾਂ ਦਾ ਸਰੂਰ ਮੈਨੂੰ
ਕਈ ਦਿਨ ਤੱਕ ਰਿਹਾ ।
ਸੁਰਜੀਤ ਭਗਤ
94172-07477
-0-
|