ਹਾਲੇ ਇੱਕ ਹਫ਼ਤਾ ਹੀ ਹੋਇਆ ਸੀ ਕਸਬਾ ਸੁਧਾਰ ਦੇ ਖ਼ਾਲਸਾ ਕਾਲਜ ‘ਚ ਪੜ੍ਹਾਉਂਦਿਆˆ ਕਿ
ਜੁਲਾਈ-ਅਗਸਤ ਦੇ ਹੁੰਮਸ ਵਿੱਚ ਵੀ ਕਾਲਜ ਦੇ ਸਟਾਫ਼ਰੂਮ ਦੀਆˆ ਸਮੈਂਟੀ ਕੰਧਾˆ ‘ਚੋਂ
ਠਰਿਆ-ਠਰਿਆ ਅਕੇਵਾˆ ਸਿੰਮਣ ਲੱਗਾ। ਖ਼ਾਲੀ ਪੀਰੀਅਡਾˆ ਦੌਰਾਨ ਮੈਂ ਆਪਣੇ-ਆਪ ਨੂੰ ਜਮਾਤਾˆ
‘ਚੋਂ ਸਟਾਫ਼ਰੂਮ ਵੱਲ ਘੜੀਸਦਾ, ਤਾˆ ਮੇਰੀ ਧੌਣ ਮੇਰੇ ਮੋਢਿਆˆ ‘ਚ ਧਸਣ ਲਗਦੀ, ਤੇ ਮੈਂ
ਆਪਣੀਆˆ ਬਾਹਾˆ ‘ਤੇ ਕੰਡਿਆਈ ਲੂਈਂ ਨੂੰ ਖੁਰਕਣ ਲਗਦਾ। ਸਟਾਫ਼ਰੂਮ ਦੇ ਐਨ ਵਿਚਕਾਰ ਚਾਰ-ਪੰਜ
ਕਾਫ਼ੀ-ਟੇਬਲਾˆ ਦੀ ਕਤਾਰ ਸੀ, ਤੇ ਉਸ ਕਤਾਰ ਦੇ ਦੋਹੀਂ ਪਾਸੀਂ ਬੈਠੀਆˆ ਹੁੰਦੀਆˆ ਸਨ ਦੋ-ਢਾਈ
ਦਰਜਨ ਅਰਾਮ-ਕੁਰਸੀਆˆ! ਕੁਰਸੀਆˆ ਦੀਆˆ, ਪਲਾਸਟਕੀ-ਬੈਂਤ ਨਾਲ਼ ਬੁਣੀਆˆ ਸੀਟਾˆ ਦੀ ਸੁਫ਼ੈਦੀ
ਉੱਤੇ ਸਾਰਾ ਦਿਨ ਜੰਮਦੀ ਰਹਿੰਦੀ ਅਣਦਿਸਵੀਂ ਬੇਅਰਾਮੀ! ਇੱਕ ਕੁਰਸੀ ‘ਤੇ ਢੋਅ ਲਾਈ ਬੈਠਾ
ਪੰਜਾਬੀ ਦਾ ਪ੍ਰੋਫ਼ੈਸਰ ਆਪਣੀ ਨੇਵੀ-ਬਲੂਅ ਦਸਤਾਰ ਦੀ ਚੁੰਝ ਨੂੰ ਵਾਰ-ਵਾਰ ਟੋਹੰਦਾ, ਤੇ
ਗੁੱਟੀ ਕਰ ਕੇ ਬੰਨ੍ਹੀਂ ਆਪਣੀ ਅਰਧ-ਸਫ਼ੈਦ ਦਾੜ੍ਹੀ ਦੀ ਸੰਘਣਤਾ ਨੂੰ, ਦੋਹਾˆ ਤਲ਼ੀਆˆ ਨਾਲ਼,
ਕੰਨਾˆ ਲਾਗਿਓˆ, ਘੰਡੀ ਵੱਲ ਨੂੰ ਪਲ਼ੋਸੀ ਜਾਂਦਾ। ਮੇਰੇ ਹੱਥਾˆ ‘ਚ ‘ਪ੍ਰੀਤਲੜੀ‘ ਜਾˆ ‘ਪੰਜ
ਦਰਿਆ‘ ਰਿਸਾਲੇ ਦੇ ਤਾਜ਼ੇ ਅੰਕ ‘ਤੇ ਛਪੀ ਕਿਸੇ ਨਵੀਨ ਲੇਖਕ ਦੀ ਤਸਵੀਰ ਨੂੰ ਦੇਖ ਕੇ ਉਹਦੇ
ਮੱਥੇ ਉੱਤੇ ਹਰੜਾˆ ਉੱਭਰ ਆਉਂਦੀਆˆ, ਤੇ ਉਹ, ਸਾਹਮਣੇ ਕਾਫ਼ੀ-ਟੇਬਲ ਉੱਪਰ ਰੱਖੇ ਆਪਣੇ ਬੈਗ਼
‘ਚੋਂ ਭਾਈ ਵੀਰ ਸਿੰਘ ਦੀ ਕਿਤਾਬ ਕੱਢ ਕੇ, ਉਸ ਦੇ ਬਜ਼ੁਰਗ ਪੱਤਰਿਆˆ ਨੂੰ ਬੇਅਰਾਮ ਕਰਨ ਲੱਗ
ਜਾˆਦਾ। ਏਨੇ ਨੂੰ ਪ੍ਰੋਫ਼ੈਸਰ ਘ. ਸਿੰਘ ਦਰਾਵਾਜ਼ੇ ‘ਤੇ ਆ ਖਲੋਂਦਾ, ਤੇਜ਼ ਰਫ਼ਤਾਰ ‘ਚ
ਖੱਬੇ-ਸੱਜੇ ਘੁੰਮਦੇ ਆਪਣੇ ਡੇਲਿਆˆ ਨਾਲ਼ ਸਟਾਫ਼ਰੂਮ ਦੇ ਖੂੰਜਿਆˆ ਨੂੰ ਖੁਰਲਦਾ ਹੋਇਆ। ਉਹਦੇ
ਅਣ-ਅਵਾਜ਼ਿਤ ਫੁੰਕਾਰਿਆˆ ਨਾਲ਼ ਕਾਫ਼ੀ-ਟੇਬਲਾˆ ‘ਤੇ ਖਿੱਲਰੇ ਅਖ਼ਬਾਰਾˆ ਦੀਆˆ ਖ਼ਬਰਾˆ ਇੱਕ-ਦੂਜੀ
‘ਚ ਵੱਜਣ ਲੱਗ ਜਾˆਦੀਆˆ। ਮੈਂ ਆਪਣੀਆਂ ਨੈਣ-ਗੋਲ਼ੀਆਂ (ਡੇਲਿਆਂ) ਨੂੰ ਪਲ ਕੁ ਲਈ ਉਸ ਦੇ
ਘੁੱਟੇ ਹੋਏ ਮੱਥੇ ਵੱਲ ਘੁੰਮਾਉਂਦਾ ਤਾˆ ਮੇਰੀਆˆ ਵਰਾਛਾˆ ਹੇਠਾˆ ਨੂੰ ਢਿਲ਼ਕ ਜਾˆਦੀਆˆ।
ਇੱਕ ਦਿਨ ਮੈਂ ਕਾਲਜ ਦੇ ਸਹਮਣੇ ਬਸੋਂ ਉੱਤਰਿਆ ਤੇ ਆਪਣੀ ਸੁਫ਼ੈਦ ਕਮੀਜ਼ ਦੇ ਅਸਮਾਨੀ ਕਫ਼ਾˆ
ਤੋਂ ਗਰਦ ਝਾੜਦਾ-ਝਾੜਦਾ ਕਾਲਜ ਦੇ ਅਹਾਤੇ ‘ਚ ਦਾਖ਼ਲ ਹੋ ਗਿਆ। ਇਸ ਕਮੀਜ਼ ਦੇ ਕਾਲਰ ਅਤੇ
ਜੇਬਾˆ ਵੀ ਗੂੜ੍ਹੇ ਅਸਮਾਨੀ ਰੰਗ ਦੇ ਹੀ ਸਨ, ਇਸ ਲਈ ਗੇਟ ਤੋਂ ਸਟਾਫ਼ਰੂਮ ਤੱਕ ਮੇਰੇ
ਸਾਹਮਣਿਓˆ ਆਉਂਦਾ ਹਰ ਵਿਦਿਆਰਥੀ ਚੋਰ-ਨਜ਼ਰੇ ਮੇਰੀ ਕਮੀਜ਼ ਦਾ ਐਕਸਰੇਅ ਕਰਨ ਲੱਗਾ। ਸਟਾਫ਼ਰੂਮ
‘ਚ ਵੜਿਆ ਤਾˆ ਦੇਖਿਆ ਕਿ ਪੰਜਾਬੀ ਵਾਲ਼ਾ ਪ੍ਰੋਫ਼ੈਸਰ ‘ਪੁਰਾਤਨ ਜਨਮਸਾਖੀਆˆ‘ ਨਾਮ ਦੇ ਇੱਕ
ਜੁੱਸੇਦਾਰ ਗ੍ਰੰਥ ਦੇ ਚਾਹ-ਰੰਗੇ ਵਰਕਿਆˆ ਨੂੰ ਘੂਰ ਰਿਹਾ ਸੀ। ਮੈਂ ਆਪਣੇ-ਆਪ ਨੂੰ ਹਾਲੇ
ਖੱਬੀ ਨੁੱਕਰ ਵਾਲ਼ੀ ਕੁਰਸੀ ‘ਤੇ ਉਤਾਰਿਆ ਹੀ ਸੀ ਕਿ ਸਾਹੋ-ਸਾਹ ਹੋਇਆ ਪ੍ਰੋਫ਼ੈਸਰ ਘ. ਸਿੰਘ
ਧੁੱਸ ਦੇ ਕੇ ਸਟਾਫ਼ਰੂਮ ‘ਚ ਆ ਵੜਿਆ। ਦਰਵਾਜ਼ਿਓˆ ਅੰਦਰ ਹੁੰਦਿਆˆ ਹੀ ਇੱਕ ਦਮ ਰੁਕ ਕੇ, ਉਸ
ਨੇ ਆਪਣੇ ਮੱਥੇ ‘ਚ ਖੁਣੀਆਂ ਤਿਊੜੀਆˆ ਨੂੰ ਕੇੜਾ ਚਾੜ੍ਹਿਆ, ਅਤੇ ਆਪਣੀਆˆ ਪੁਲ਼ਸੀਆ-ਨਜ਼ਰਾˆ
ਨਾਲ਼ ਮੇਰੀਆˆ ਅਸਮਾਨੀ ਜੇਬਾˆ ਨੂੰ ਫਰੋਲ਼ ਕੇ ਉਹ ਪੰਜਾਬੀ ਵਾਲ਼ੇ ਪ੍ਰੋਫ਼ੈਸਰ ਦੇ ਸਾਹਮਣੇ ਵਾਲ਼ੀ
ਕੁਰਸੀ ‘ਤੇ ਬੈਠ ਗਿਆ।
ਉਸ ਨੇ ਆਪਣੀਆਂ ਨੈਣ-ਗੋਲ਼ੀਆਂ {ਡੇਲਿਆˆ} ਨੂੰ ਪਲ ਕੁ ਲਈ ਮੇਰੇ ਵੱਲ ਗੇੜਿਆ ਤੇ ਆਪਣੀ ਧੜ
ਨੂੰ ਕਾਫ਼ੀ-ਟੇਬਲ ‘ਤੇ ਝੁਕਾਅ ਕੇ ਆਪਣੇ ਚਿਹਰੇ ਨੂੰ ਪੰਜਾਬੀ ਵਾਲ਼ੇ ਪ੍ਰੋਫ਼ੈਸਰ ਵੱਲ ਵਧਾਅ
ਦਿੱਤਾ। -ਦੇਖਿਆ ਨ੍ਹੀ ਅੱਜ ਤੁਸੀਂ ‘ਫਲਾਣੇ‘ ਪਿੰਡ ਆਲ਼ੇ ‘ ‘ਫਲਾਣੇ ਮੁੰਡੇ‘ ਨੂੰ? ਉਹ
ਚੁਗਲੀਆ-ਸੁਰ ‘ਚ ਪੰਜਾਬੀ-ਪ੍ਰਫ਼ੈਸਰ ਨੂੰ ਸੰਬੋਧਤ ਹੋਇਆ।
-ਸਿਰੇ ਦਾ ਸ਼ਰਾਰਤੀ ਐ ਉਹ ਤਾˆ, ਪੰਜਾਬੀ-ਪ੍ਰਫ਼ੈਸਰ ਨੇ ਹੇਅਰ-ਫ਼ਿਕਸਰ ਨਾਲ਼ ਦੋਹਾˆ ਪਾਸਿਆˆ
ਤੋਂ ਦਾਹੜੀ ‘ਚ ਇੱਕ-ਮਿੱਕ ਕੀਤੀਆˆ ਆਪਣੀਆˆ ਡੱਬ-ਖੜੱਬੀਆˆ ਮੁੱਛਾˆ ਨੂੰ ਫਰਕਾਉਣ ਦੀ ਅਸਫ਼ਲ
ਕੋਸ਼ਿਸ਼ ਕੀਤੀ। -ਕੋਈ ਪੁੱਠਾ ਈ ਕੰਮ ਕੀਤਾ ਹੋਣੈ ਅੱਜ ਉਹਨੇ!
-ਕਈ ਰੰਗਾˆ ਆਲ਼ੀ ਟੀ-ਸ਼ਰਟ ਜੲ੍ਹੀ ਪਾਈ ਫਿਰਦੈ, ਖੁਸਰਿਆˆ ਆˆਗੂੰ, ਘ. ਸਿੰਘ ਨੇ, ਮੇਰੇ ਵੱਲ
ਚੋਰ-ਨਜ਼ਰ ਮਾਰਦਿਆˆ, ਆਪਣੇ ਬੁੱਲ੍ਹਾˆ ਨੂੰ ਕੱਸ ਕੇ ਉਨ੍ਹਾˆ ਦੀ ਕਾਲ਼ੋਂ ਨੂੰ ਗੂੜ੍ਹੀ ਕਰ
ਦਿੱਤਾ। -ਮੈਂ ਰੋਕ ਲਿਆ ਉਹਨੂੰ, ਪ੍ਰੋਫ਼ੈਸਰ ਸਾਹਿਬ... ਮੈਂ ਕਿਹਾ ਹਾਅ ਕੀ ਕੁੱਤੇ-ਝੱਗੀ
ਜ੍ਹੀ ਪਾਈ ਫਿਰਦੈਂ ਉਏ... ਬੰਦਿਆਂ ਆਲ਼ੇ ਕੱਪੜੇ ਨੀ ਪਾ ਹੁੰਦੇ ਤੈਥੋਂ? ਪ੍ਰਫ਼ੈਸਰ ਸਾਅ੍ਹਬ!
ਇਹ ਪੜ੍ਹਨ-ਪੜ੍ਹਾਉਣ ਨੀ ਆਉਂਦੇ ਕਾਲਜ, ਸਗੋਂ ਫੁਕਰੀਆˆ ਮਾਰ ਕੇ ਹੋਰਨਾˆ ਨੂੰ ਖ਼ਰਾਬ ਕਰਨ
ਔਂਦੇ ਨੇ!
ਮੈਂ ਬਿਨਾ-ਵਜ੍ਹਾ ਹੀ ਆਪਣੇ ਖੱਬੇ ਕਫ਼ ਨੂੰ ਝਾੜਿਆ ਤੇ ਜੇਬਾˆ ‘ਚ ਅੰਗੂਠੇ ਫਸਾਅ ਕੇ ਜੇਬਾˆ
ਦੇ ਬਾਡਰ ਨੂੰ ਅੰਦਰੋਂ ਬਾਹਰ ਨੂੰ ਖਿੱਚਣ-ਛੱਡਣ ਲੱਗਾ। ਘ. ਸਿੰਘ ਦੀ ਤਿਊੜੀ ਦਾ ਅਕਾਰ ਰਤਾ
ਕੁ ਸੁੰਗੜਿਆ ਤਾˆ ਮੈਂ ਤਾਰਾ ਸਿੰਘ ‘ਕਾਮਲ‘ ਦੀ ਕਾਵਿ-ਕਿਤਾਬ ‘ਸਿੰਮਦੇ ਪੱਥਰ‘ ਨੂੰ ਖੋਲ੍ਹ
ਲਿਆ:
ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਏਨਾ ਚਿਰ ਮਿਲ਼ਿਆ
ਜਿਓˆ ਥਲ ਭੁਜਦੇ ਸਿਖ਼ਰ ਦੁਪਹਿਰੇ, ਅੱਕ ਕੱਕੜੀ ਦਾ ਫੰਭਾ
ਉਡਦਾ-ਉਡਦਾ ਇੱਕ ਕਿਣਕੇ ‘ਤੇ, ਪਲ-ਛਿਣ ਛਾˆ ਕਰ ਜਾਵੇ!
ਏਨੇ ਚਿਰ ਨੂੰ, ਲੰਬੂਤਰੀਆˆ ਲੱਤਾˆ ਉਦਾਲ਼ੇ ਡਿਗੂੰ-ਡਿਗੂੰ ਕਰਦੀ ਖਾਕੀ ਪੈਂਟ ਨੂੰ ਇੱਕ ਹੱਥ
ਨਾਲ਼ ਉਤਾˆਹ ਨੂੰ ਖਿਚਦਾ ਹਿੰਦੀ ਵਾਲ਼ੇ ਪੋਫ਼ੈਸਰ ਦਾ ਅਰਧ-ਗੰਜਾ ਸਿਰ ਸਟਾਫ਼ਰੂਮ ਦੇ ਦਰਵਾਜ਼ੇ
‘ਤੇ ਪਰਗਟ ਹੋ ਗਿਆ। ਨੱਕ ਦੀ ਬੰਨ ਤੀਕ ਢਿਲ਼ਕ ਗਈਆˆ ਮੋਟ-ਸ਼ੀਸ਼ੀਆ ਐਨਕਾˆ ਨੂੰ, ਡੌਰ-ਭੌਰ
ਜਾਪਦੀਆˆ ਆਪਣੀਆˆ ਅੱਖਾˆ ਵੱਲ ਨੂੰ ਧੱਕ ਕੇ, ਉਸ ਨੇ ਫ਼ਰੇਮ ਦੇ ਉੱਪਰੋਂ ਦੀ ਆਪਣੀਆˆ ਨਜ਼ਰਾˆ
ਮੇਰੇ ਚਿਹਰੇ ‘ਤੇ ਸੇਧ ਦਿੱਤੀਆˆ ਪਰ ਮੈਂ ਆਪਣੀਆˆ ਭਵਾˆ ਨੂੰ ਰਤਾ ਕੁ ਸੁੰਗੇੜ ਕੇ ਜਿਓˆ ਹੀ
ਉਦ੍ਹੇ ਵੱਲ ਝਾਕਿਆ, ਉਹ ਪਾਣੀ ਨਾਲ਼ ਭਰਿਆ ਖਾਲ਼ ਟੱਪਣ ਵੇਲ਼ੇ ਜਕੂੰ-ਤਕੂੰ ਕਰਦੀ ਗਊ ਵਾˆਗ
ਖੱਬੇ-ਸੱਜੇ ਝਾਕਣ ਲੱਗਾ: ਜਿਵੇਂ ਉਹ ਗ਼ਲਤ ਖੁਰਲੀ ‘ਤੇ ਆ ਗਿਆ ਹੋਵੇ। ਹੁਣ ਉਸ ਨੇ ਆਪਣੇ
ਸੱਜੇ ਹੱਥ ‘ਚ ਫੜੇ ਖੱਦਰ ਦੇ ਝੋਲ਼ੇ ਨੂੰ ਮੇਜ਼ ‘ਤੇ ਟਿਕਾਇਆ ਤੇ ਘਰੋੜ ਕੇ ਸ਼ੇਵ ਕੀਤੇ ਆਪਣੇ
ਜੁਬਾੜਿਆˆ ਨੂੰ ਆਪਣੀਆˆ ਦੋਹਾˆ ਤਲ਼ੀਆˆ ਵਿਚਕਾਰ ਕਰ ਕੇ ਉਹ ਕੁਝ ਸੋਚਣ ਲੱਗ ਪਿਆ। ਫੇਰ ਝੋਲ਼ੇ
ਨੂੰ ਫਰੋਲ਼ਦਿਆˆ ਉਹ ਦੋ-ਤਿੰਨ ਵਾਰ ਚੋਰ-ਨਜ਼ਰੇ ਮੇਰੇ ਵੱਲ ਝਾਕਿਆ ਤੇ ਟਿਫ਼ਨ ਨੂੰ ਝੋਲ਼ੇ ‘ਚੋਂ
ਮੁਕਤ ਕਰ ਕੇ, ਲੱਸੀ ਨਾਲ਼ ਭਰੀ ਬੋਤਲ ਨੂੰ ਉਲ਼ਟਾ-ਸਿੱਧਾ ਕਰਨ ਲੱਗ ਪਿਆ। ਪਲਾਸਟਿਕ ਦੇ ਗਲਾਸ
ਨੂੰ ਲੱਸੀ ਨਾਲ਼ ਭਰ ਕੇ ਉਸ ਨੇ ਟਿਫ਼ਨ ਦਾ ਢੱਕਣ ਖੋਲ੍ਹਿਆ। ਗੁੱਛਾ-ਮੁੱਛਾ ਹੋਏ ਦੋ ਪਰੌਂਠੇ
ਇੱਕ-ਦੂਜੇ ਦੀ ਗਲਵਕੜੀ ਤੋਂ ਜਿਓˆ ਹੀ ਮੁਕਤ ਹੋਏ, ਅੰਬ ਦੇ ਅਚਾਰ ਦੀ ਮਸਾਲੇਦਾਰ ਗੰਧ
ਮੇਰੀਆˆ ਨਾਸਾˆ ‘ਚ ਗੁਲੇਲ ਦੇ ਰੋੜੇ ਵਾˆਗ ਆਣ ਵੱਜੀ। ਪਰੌਂਠਾ ਚਬਦਿਆˆ ਉਸ ਦੇ ਪਚਾਕੇ ਕਮਰੇ
ਦੀ ਚੁੱਪ ਨੂੰ ਖੁਰਚਣ ਲੱਗੇ। ‘ਪਰੌਂਠਾ-ਪ੍ਰੋਫ਼ੈਸਰ‘ ਦੇ ਸੱਜੇ ਹੱਥ ਬੈਠੇ ਘ. ਸਿੰਘ ਨੇ ਆਪਣੇ
ਭਰਵੱਟੇ ਅੰਦਰ ਵੱਲ ਨੂੰ ਖਿੱਚੇ ਤੇ ਆਪਣੀਆਂ ਨੈਣ-ਗੋਲ਼ੀਆਂ {ਡੇਲਆਂ} ਨੂੰ ਤੇਜ਼ੀ ਨਾਲ਼
ਪਰੌਂਠਾ-ਪ੍ਰੋਫ਼ੈਸਰ ਵੱਲ ਗੇੜ ਕੇ, ਉਹ ਪੰਜਾਬੀ-ਪ੍ਰੋਫ਼ੈਸਰ ਦੇ ਨਾਲ਼ ਵਾਲ਼ੀ ਕੁਰਸੀ ਵੱਲ ਨੂੰ
ਹੋ ਗਿਆ। ਪਰੌਂਠਾ-ਪ੍ਰੋਫ਼ੈਸਰ ਨੇ ਆਪਣੀਆˆ ਚਟਮ-ਕੀਤੀਆਂ ਮੁੱਛਾˆ ਉੱਪਰ ਉਂਗਲ਼ੀਆˆ ਫੇਰੀਆਂ;
ਆਪਣੀ ਐਨਕ ਨੂੰ ਪਲ ਕੁ ਲਈ ਘ. ਸਿੰਘ ‘ਤੇ ਸੇਧਿਆ; ਤੇ ਇੱਕ ਪੁੜੀ ‘ਚੋਂ ਕਾਲ਼ੇ ਲੂਣ ਤੇ
ਕਾਲ਼ੀਆˆ ਮਿਰਚਾˆ ਦਾ ਧੂੜਾ ਗਲਾਸ ਵਿਚਲੀ ਲੱਸੀ ਉੱਪਰ ਭੁੱਕ ਦਿੱਤਾ। ਕੁਰਸੀ ਉੱਤੇ ਬਰਾਜਿਆ
ਘ. ਸਿੰਘ ਆਪਣੇ ਸਿਰ ਨੂੰ ਪੰਜਾਬੀ-ਪ੍ਰੋਫ਼ੈਸਰ ਦੇ ਮੋਢੇ ਵੱਲ ਨੂੰ ਉਲਾਰ ਕੇ, ਵਾਰ-ਵਾਰ ਮੇਰੇ
ਵੱਲ ਘੂਰਦਿਆਂ, ਉਸ ਨਾਲ਼ ਮੱਝਾˆ ਦੇ ਦਲਾਲਾˆ ਵਾਲ਼ੀ ਕਾਨਾਫੂਸੀ ‘ਚ ਲੱਥ ਗਿਆ। ਮੇਰੇ ਹੱਥਾˆ
‘ਚ ਫੜੇ ਤਾਰਾ ਸਿੰਘ ‘ਕਾਮਲ‘ ਦੇ ਅਣਛੋਹ ਉਪਮਾਵਾਂˆ-ਅਲੰਕਾਰ ਬੇਚੈਨ ਹੋਣ ਲੱਗੇ, ਤੇ ਚਿੱਟੇ
ਕਮੀਜ਼ ‘ਤੇ ਚਮਕਦੀਆˆ ਮੇਰੀਆˆ ਨੀਲੀਆˆ ਜੇਬਾˆ ‘ਚ ਬੇਚੈਨੀ ਭਿਣਕਣ ਲੱਗੀ।
ਅਗਲੇ ਪਲ ਲੰਬੂਤਰੇ ਕੱਦ ਵਾਲ਼ੀ ਮੈਡਮ, ਆਪਣੇ ਬੋਝਲ਼ ਸਰੀਰ ਨੂੰ ਨਿੱਕੇ-ਨਿੱਕੇ ਕਦਮਾˆ ‘ਤੇ
ਰੋੜ੍ਹਦੀ, ਸਟਾਫ਼ਰੂਮ ‘ਚ ਆਣ ਵੜੀ। ਮੋਟੀਆˆ ਅੱਖਾˆ ‘ਚ ਟੁੰਗੀ ਮਜ਼ਾਕੀਆ ਨਜ਼ਰ ਦਾ ਛਿੱਟਾ
ਮੇਰੇ ਵੱਲ ਸੁਟਦਿਆਂ, ਉਸ ਨੇ ਆਪਣੀ ਚੁੰਨੀ ਦੇ ਰੰਗ ਨਾਲ਼ ਮੇਲ਼ ਖਾˆਦੀ ਗੂੜ੍ਹੀ ਲਿਪਸਟਿਕ
ਉੱਪਰ ਮੁਸਕਰਾਹਟ ਦਾ ਹਲਕਾ ਜਿਹਾ ਲੇਪ ਲੈ ਆˆਦਾ। ਮੇਰੇ ਸਾਹਮਣੇ ਵਾਲ਼ੀ ਅਰਾਮ-ਕੁਰਸੀ ਨੂੰ
ਆਪਣੀਆˆ ਖੁੱਚਾˆ ਨਾਲ਼ ਪਿੱਛੇ ਨੂੰ ਧਕ ਕੇ, ਉਹ ਆਪਣੇ ਫ਼ਿਕਰੇ ਨੂੰ ਰਬੜ ਦੀ ਛਿਲਤਰ ਵਾਂਗ
ਲਮਕਾਉਂਦਿਆਂ ਬੋਲੀ: ਕਿਵੇਂ ਲੱਗਿਆ ਸਾਡਾ ਪੇਂਡੂ ਕਾਲਜ, ਇਕਬਾਲ ਸਿੰਘ?
ਮੈਂ ਹਾਲੇ ਮੈਡਮ ਦੇ ਸੁਆਲ ਵਾਸਤੇ ਮਸਾਲੇਦਾਰ ਮੁਸਕਰਾਹਟ ਅਤੇ ਲਫ਼ਾਫ਼ੀਆ-ਸ਼ਬਦ ਲੱਭਣ ਲਈ ਆਪਣੇ
ਸਿਰ ‘ਚ ਫ਼ਰੋਲ਼ਾ-ਫ਼ਰੋਲ਼ੀ ਕਰ ਰਿਹਾ ਸਾˆ ਕਿ ਅਸਮਾਨੀ ਪੱਗ ਦੇ ਆਖ਼ਰੀ ਲੜ ਨੂੰ ਆਪਣੀ ਸੱਜੀ ਅੱਖ
ਵੱਲ ਨੂੰ ਖਿਚਦਾ ਹੋਇਆ ਪ੍ਰੋਫ਼ਸੈਰ ਹਰਦਿਆਲ ਸਿੰਘ ਸਟਾਫ਼ਰੂਮ ਦੇ ਦਰਵਾਜ਼ੇ ‘ਤੇ ਆ ਖਲੋਤਾ।
ਦੋਹਾਂ ਹੱਥਾਂ ‘ਚੋਂ ਦੋ-ਤਿੰਨ ਚੁਟਕੀਆˆ ਮਾਰ ਖੜਕਾਅ ਕੇ, ਉਸ ਨੇ ਮੇਰੇ ਸਾਹਮਣੇ ਵਾਲ਼ੀ
ਕੁਰਸੀ ਨੂੰ ਮੱਲ ਲਿਆ। ਫਿਰ ਹੁਨਰੀ ਉਂਗਲ਼ਾਂ ਨਾਲ਼ ਡੋਰੀ ਦੇ ਪਿਛਾੜੀ ਟਿਕਾਈ ਆਪਣੀ ਦਾਹੜੀ
ਨੂੰ ਪਲੋਸਦਾ ਹੋਇਆ, ਉਹ ਮੇਰੇ ਹੱਥਾˆ ਵੱਲ ਝਾਕਿਆ: ਉਏ ‘ਅਕਵਾਅਅਲ‘, ਉਏ ਹਾਅ ਕੀ ਚੁੱਕੀ
ਬੈਠੈਂ ‘ਸਿੰਮਦੇ ਪੱਥਰ‘? ਉਏ ਐਸ ਸਟਾਫ਼ਰੂਮ ‘ਚ ਬਥੇਰੇ ਪੱਥਰ ਪਹਿਲਾˆ ਈ ਕੁਰਸੀਆˆ ਨੂੰ
ਲਿਫ਼ਾਈ ਜਾˆਦੇ ਐ ਪੰਦਰਾਂ-ਪੰਦਰਾਂ ਸਾਲਾਂ ਤੋਂ, ਤੂੰ ਹਾਅ ਨਵਾˆ ਪੱਥਰ ਕਿੱਥੋਂ ਲੈ ਆਇਐਂ?
ਇਹ ਆਖ ਕੇ, ਆਪਣੀਆˆ ਗੱਲ੍ਹਾˆ ‘ਚ ਗ਼ੁਲਾਬੀਅਤ ਘੋਲ਼ਦਿਆˆ, ਉਹ ਘ. ਸਿੰਘ ਤੇ
ਪੰਜਾਬੀ-ਪ੍ਰੋਫ਼ੈਸਰ ਦੀ ਜੋੜੀ ਵੱਲ ਝਾਕਿਆ, ਤੇ ਆਪਣੀਆˆ ਨਜ਼ਰਾˆ ਵਿਚਲੀ ਸ਼ਰਾਰਤ ਨੂੰ ਤੁਰਤ
ਮੇਰੇ ਵੱਲ ਗੇੜਦਿਆˆ, ਠਹਾਕਾ ਮਾਰ ਕੇ ਹੱਸ ਪਿਆ।
-ਇਹ ਸ਼ਾਇਰੀ ਐ, ਹਰਦਿਆਲ ਸਿੰਘ ਜੀ, ਸ਼ਾਇਰੀ... ਪੁਰਾਣੇ ਕਵੀਆਂ ਨਾਲ਼ੋਂ ਬਿਲਕੁਲ ਵੱਖਰੇ
ਮੁਹਾˆਦਰੇ ਵਾਲ਼ੀ... ਨਿਵੇਕਲ਼ੇ ਅਲੰਕਾਰ ਤੇ ਉਪਮਾਵਾˆ... ਤੇ ਰਵਾਇਤ ਤੋਂ ਹਟਵਾˆ ਸਟਾਇਲ!
-ਉਏ ਤੂੰ ਆਇਐਂ ਲੁਧਿਆਣਿਓˆ ਨਵੇਂ ਯੁੱਗ ਦੀਆˆ ਸ਼ਾਇਰੀਆਂˆ ਪੜ੍ਹਦਾ-ਪੜ੍ਹਦਾ, ਤੇ ਭੱਠੀ ‘ਤੇ
ਰੱਖੀ ਦੁੱਧ ਦੀ ਕੜਾਹੀ ਵਾˆਗੂੰ ਉੱਬਾਲ਼ੇ ਮਾਰਦਾ, ਪ੍ਰੋਫ਼ੈਸਰ ਹਰਦਿਆਲ ਸਿੰਘ ਦੀਆਂ
ਨੈਣ-ਗੋਲ਼ੀਆਂ {ਡੇਲੇ} ਪਰੌਂਠਾ-ਪ੍ਰੋਫ਼ੈਸਰ, ਘ ਸਿੰਘ ਤੇ ਪੰਜਾਬੀ-ਪ੍ਰੋਫ਼ੈਸਰ ਵੱਲੀਂ ਤੁਰਤ
ਲਿਸ਼ਕਾਰਾ ਮਾਰ ਕੇ ਮੇਰੇ ਵੱਲ ਨੂੰ ਗਿੜ ਗਈਆਂ। -ਪਰ ਐਸ ਸਟਾਫ਼ਰੂਮ ‘ਚ ਪੰਜਾਬੀ ਦੇ ਸਾਹਿਤ ਦੀ
ਪੂਛ ਤਾਂ ਭਾਈ ਵੀਰ ਸਿੰਘ ‘ਤੇ ਆ ਕੇ ਸੁੱਕ ਜਾˆਦੀ ਐ... ਓਦੂੰ ਬਾਅਦ ਤਾਂ, ਅਕਵਾਲ
ਸਿਅ੍ਹਾਂ, ਬੱਸ ਲੱਸੀ ਰਹਿ ਜਾਂਦੀ ਐ... ਚਾਟੀ ‘ਚ ਸੁੱਤੀ ਛਿੱਦੀਆˆ ਆਲ਼ੀ ਗੁੰਗੀ ਲੱਸੀ! ਹਾ,
ਹਾ, ਹਾ, ਹਾ!
ਮੈਂ ਦਿਨਾˆ ‘ਚ ਹੀ ਭਾˆਪ ਗਿਆ ਕਿ ਕਾਲਜ ਦੀ ਹਦੂਦ ‘ਚ ਦਾਖ਼ਲ ਹੁੰਦਿਆ ਹੀ ਪ੍ਰੋਫ਼ੈਸਰ ਆਪਣੇ
ਚਿਹਰਿਆˆ ‘ਤੇ ਝੁਰੜੀਆˆ ਪਹਿਨ ਲੈਂਦੇ ਸਨ। ਉਨ੍ਹਾˆ ਦੇ ਹੱਸਣ ‘ਤੇ ਅਣਐਲਾਨਿਆˆ ਕਰਫ਼ਿਊ ਬਾਹਰ
ਸੜਕ ‘ਤੇ ਜਾ ਕੇ ਵੀ ਆਸਾ-ਪਾਸਾ ਦੇਖ ਕੇ ਹੀ ਖੁਲ੍ਹਦਾ ਸੀ। ਹਰ ਪ੍ਰੋਫ਼ੈਸਰ ਨੂੰ ਦੂਸਰੇ ਦੇ
ਕੱਪੜਿਆˆ ਅੰਦਰ ਜਸੂਸ ਦੇ ਝਾਉਲ਼ੇ ਪੈਂਦੇ। ਪ੍ਰੋਫ਼ੈਸਰਾˆ ਨੂੰ ਅਣਲਿਖਤ ਹੁਕਮ ਸੀ ਕਿ ਆਪਣੇ
ਅਤੇ ਵਿਦਿਆਰਥੀਆˆ ਦਰਮਿਆਨ ਕੰਧਾˆ ਉਸਾਰ ਕੇ ਵਿਚਰਣ! ਪਰ ਮੈਂ ਨਵਾˆ-ਨਵਾˆ ਲੁਧਿਆਣੇ ਦੇ
ਗੌਰਮਿੰਟ ਕਾਲਜ ‘ਚੋਂ ਆਇਆ ਸਾˆ ਜਿੱਥੇ ਬੰਗਾਲ ਦੇ ਨਕਸਬਾੜੀ-ਕਿਸਾਨਾਂ ਦੇ ਹੱਥਾਂ ‘ਚ ਕੜ-ਕੜ
ਚਲਦੀਆˆ ਬੰਦੂਕਾˆ ਮੇਰੇ ਲਹੂ ‘ਚ ਵੀ ਮੱਠਾ-ਮੱਠਾ ਸੇਕ ਖਿਲਾਰਨ ਲੱਗ ਪਈਆˆ ਸਨ। ਸੁਖਸਾਗਰ ਲਈ
ਤੜਫ਼ਦੀਆˆ ਕਵਿਤਾਵਾˆ ਲਿਖਣ ਵਾਲ਼ੀ ਮੇਰੀ ਕਲਮ ਐਮ. ਏ. ਫ਼ਾਈਨਲ ਦੇ ਆਖ਼ਰੀ ਮਹੀਨਿਆˆ ‘ਚ,
ਪੱਛਮੀਂ ਬੰਗਾਲ ‘ਚ ‘ਲੋਹੇ ਦੇ ਉਬਲ਼ਦੇ ਦਰਿਆਵਾਂ‘ ਦੇ ਨਕਸ਼ ਉਲੀਕਣ ਲੱਗ ਪਈ ਸੀ। ਪਰ ਸਟਾਫ਼ਰੂਮ
‘ਚ ਤਣਿਆˆ ਬੁਢਾਪਾ ਮੇਰੀ ਖੋਪੜੀ ‘ਚ ਜੀਭਾˆ ਫੇਰਨ ਲੱਗਾ। ਵਿਹਲੇ ਪੀਰੀਅਡਾˆ ਦੌਰਾਨ
ਸਟਾਫ਼ਰੂਮ ਦੀ ਕਾਨਾਫੂਸੀ ‘ਚ ਬੈਠਿਆˆ ਮੈਨੂੰ ਇੰਝ ਜਾਪਦਾ ਜਿਵੇਂ ਚਾਰੇ ਦੀਵਾਰਾˆ, ਮੈਨੂੰ
ਨਪੀੜਨ ਲਈ, ਮੇਰੇ ਵੱਲ ਨੂੰ ਖਿਸਕ ਰਹੀਆˆ ਹੋਵਣ। ਮੇਰੇ ਅੰਦਰ ਉਬਲ਼ਦੀ ਪਤੀਲੀ ਉਦਾਲ਼ੇ ਜਿਵੇਂ
ਬਰਫ਼ ਦੀਆˆ ਡਲ਼ੀਆˆ ਜੁੜਨ ਲੱਗ ਪਈਆˆ ਹੋਣ। ਮੇਰਾ ਦਿਮਾਗ਼ ਵਾਰ-ਵਾਰ ਮੈਨੂੰ ਕੈਨਟੀਨ ‘ਚ
ਦੀਵਾਲ਼ੀ ਦੇ ਅਨਾਰਾਂ ਵਾਂਗੂੰ ਖਿੜਦੀਆਂ ਮਸਫੁੱਟ ਕਿਲਕਾਰੀਆਂ ਵੱਲ ਨੂੰ ਧੂੰਹਦਾ; ਦਿਲ ਕਰਦਾ
ਬਾਹਰ ਲਾਅਨ ‘ਚ ਬੈਠੇ ਭੋਲ਼ੇ-ਭਾਲ਼ੇ ਪੇਂਡੂ ਮੁੰਡਿਆਂ ਨਾਲ਼ ਛੋਟੇ ਭਰਾ ਰਛਪਾਲ ਵਾਂਗ ਹੱਸਾਂ,
ਗੱਲਾਂ ਕਰਾਂ ਤੇ ਮਜ਼ਾਕੋ-ਮਜ਼ਾਕੀ ਹੋਵਾਂ, ਪਰ ਸਟਾਫ਼ਰੂਮ ‘ਚ ਬੈਠੀਆਂ ਜਸੂਸੀਆ ‘ਛਿੱਦੀਆਂ’
ਮੇਰੇ ਬੂਟਾਂ ਦੇ ਤਸਮੇਂ ਖਿੱਚਣ ਲੱਗ ਜਾਂਦੀਆਂ।
ਦਿਨਾਂ ‘ਚ ਹੀ ਸਟਾਫ਼ਰੂਮ ਅਤੇ ਕਲਾਸਾਂ ‘ਚ ਹੌਂਕਦੀ ਘੁਟਨ ਤੋਂ ਮੈਂ ਏਨਾ ਉਕਤਾਅ ਗਿਆ ਕਿ
ਅੰਗਰੇਜ਼ੀ ਦੇ ‘ਦ ਟਰਬਿਊਨ’ ਅਖ਼ਬਾਰ ਨੂੰ ਖੋਲ੍ਹਦਿਆਂ ਹੀ ਮੇਰੀਆਂ ਅੱਖਾਂ ‘ਵਾਂਟ ਐਡਜ਼’
ਵਾਲ਼ੇ ਸਫ਼ੇ ਵੱਲ ਨੂੰ ਦੌੜਨ ਲਗਦੀਆਂ। ਸਵੇਰੇ-ਸ਼ਾਮੀਂ ਬੱਸ ਰਾਹੀਂ ਲੁਧਿਆਣਿਓਂ ਕਾਲਜ ਦਾ
ਸਫ਼ਰ ਕਰ ਰਿਹਾ ਹੁੰਦਾ ਤਾਂ ਰਤਾ ਕੁ ਊਂਘ ਆਉਂਦਿਆਂ ਹੀ ਪ੍ਰੋਫ਼ੈਸਰੀ ਤੋਂ ਅਸਤੀਫ਼ਾ ਲਿਖਣ
ਦੀ ਇਬਾਰਤ ਮੇਰੇ ਸੁਪਨਿਆਂ ‘ਚ ਜੁੜਨ-ਉਧੜਣ ਲਗਦੀ।
ਇੱਕ ਦਿਨ ਹੌਸਲਾ ਕਰ ਕੇ ਮੈਂ ਮਲਕੜੇ ਜੇਹੇ ਸਟਾਫ਼ਰੂਮ ‘ਚੋਂ ਖਿਸਕਿਆ ਤੇ ਕੈਨਟੀਨ ‘ਚੋਂ ਚਾਹ
ਦਾ ਗਲਾਸ ਫੜ ਕੇ, ਪਰਲੇ ਪਾਸੇ ਡੇਕਾˆ ਹੇਠ ਪਏ ਸਮੈਂਟ ਦੇ ਬੈਂਚਾˆ ‘ਤੋਂ ਫ਼ੁਹਾਰੇ ਵਾਂਗ
ਉੱਠਦੀ ‘ਹਾਹਾ-ਹਾਹਾ, ਹੋਹੋ-ਹੋਹੋ‘ ਵੱਲ ਨੂੰ ਹੋ ਤੁਰਿਆ। ਮੈਨੂੰ ਦੇਖਦਿਆˆ ਹੀ ਬੈਂਚਾˆ
ੳਦਾਲ਼ੇ ਜੁੜੀ ਢਾਣੀ ਦੇ ਬੁੱਲ੍ਹਾˆ ‘ਤੇ ਸਿਓਣਾˆ ਵੱਜ ਗਈਆˆ।
-ਉੱਠ ਕਿਉਂ ਖੜ੍ਹੇ ਓˆ, ਮੁੰਡਿਓ! ਮੈਂ ਚਾਹ ਵਾਲ਼ੇ ਗਲਾਸ ਨੂੰ ਆਪਣੀਆˆ ਤਲ਼ੀਆˆ ‘ਚ ਗੇੜਦਿਆˆ
ਬੈਂਚ ਵੱਲ ਨੂੰ ਵਧਿਆ। -ਬੈਠੋ ਐਥੇ ਮੇਰੇ ਕੋਲ਼... ਮੈਂ ਯਾਰੋ ਤੁਹਾਡੇ ਨਾਲ਼ ਗੱਲਾˆ ਕਰਨ
ਆਇਆˆ, ਤੇ ਤੁਸੀਂ ਤਾਂ ਐਂ ਖਿੱਲਰਗੇ ਪਾਸਿਆˆ ਨੂੰ ਜਿਵੇਂ ਮੈਂ ਕੋਈ ਸੱਪ ਛੱਡਿਆ ਹੁੰਦੈ!
ਮੋਢਿਆˆ ਨੂੰ ਉੱਪਰ ਨੂੰ ਅਗਾਸਦਿਆˆ, ਮੁਸਕੜੀਂ ਹਸਦੇ ਮੁੰਡੇ ਆਪਣੀਆˆ ਅੱਖਾˆ ‘ਚੋਂ ਪਿੰਡਾˆ
ਦਾ ਭੋਲ਼ਾਪਣ ਇੱਕ-ਦੂਜੇ ਦੇ ਚਿਹਰਿਆਂ ਵੱਲ ਪਿਚਕਾਰਨ ਲਗੇ। ਉਹ ਜ਼ਰੂਰ ਹੈਰਾਨ ਹੋਏ ਹੋਣਗੇ ਕਿ
ਆਹ ਅਜੀਬ ਬੰਦਾ ਕਿੱਥੋਂ ਆ ਗਿਆ ਉਨ੍ਹਾˆ ਨਾਲ਼ ਗੱਲਾˆ ਕਰਨ ਦੀ ਚਾਹਨਾ ਲੈ ਕੇ; ਉਹ ਤਾˆ
ਸਮਝਦੇ ਸਨ ਕਿ ਪ੍ਰਫ਼ੈਸਰਾਂ ਦੇ ਮੂੰਹਾˆ ‘ਚ ਜ਼ਬਾਨਾˆ ਨਹੀਂ ਸਗੋਂ ਮੋਟੀਆਂ ਕਿਤਾਬਾˆ ਦੀਆˆ
ਗੁੱਛਾ-ਮੁੱਛਾ ਕੀਤੀਆਂ ਜਿਲਦਾˆ ਹੀ ਹੁੰਦੀਆˆ ਨੇ ਤੇ ਉਨ੍ਹਾਂˆ ਨੂੰ ‘ਰੱਬ’ ਨੇ ਮੱਥੇ ਸਿਰਫ਼
ਤਿਊੜੀਆਂ ਪਹਿਨਣ ਲਈ ‘ਬਖ਼ਸ਼ੇ’ ਹੁੰਦੇ ਨੇ ਤੇ ਮੂੰਹ ਛੱਲੀਆਂ ਭੁੰਨਣ ਲਈ। ਮੈਂ ਆਪਣੇ ਸੱਜੇ
ਪੰਜੇ ਨੂੰ ਆਪਣੇ ਚਿਹਰੇ ਦੇ ਸਾਹਮਣੇ ਫ਼ੈਲਾਅ ਕੇ, ਉਂਗਲ਼ਾˆ ਨੂੰ ਅੰਦਰ ਵੱਲ ਨੂੰ ਝੱਲਿਆ ਤਾˆ
ਚਾਰ-ਪੰਜ ਜਣੇ ਇੱਕ-ਦੂਜੇ ਵੱਲ ਝਾਕੇ। ਅਗਲੇ ਛਿਣੀਂ ਜਕੋ-ਤਕੀ ਕਰਦੀਆਂ ਕੁਰਮ ਦੀਆਂ 12-14
ਜੁੱਤੀਆਂ ਤੇ ਅਰਧ-ਪਾਲਸ਼ੀਆਂ ਗੁਰਗਾਬੀਆਂ ਮੇਰੇ ਵੱਲ ਨੂੰ ਵਧੀਆਂ। ਹੌਲ਼ੀ-ਹੌਲ਼ੀ ਛੇ-ਸੱਤ
ਮੁੰਡੇ ਮੇਰੇ ਸੱਜੇ-ਖੱਬੇ ਬੈਠ ਗਏ।
-ਚਾਹ ਕਿਹੜੇ-ਕਿਹੜੇ ਪੀਣਗੇ, ਬਈ? ਬੁੱਲ੍ਹਾˆ ਨੂੰ ਪਾਸਿਆˆ ਵੱਲ ਨੂੰ ਤੇ ਭਰਵੱਟਿਆˆ ਨੂੰ
ਉਤਾਹਾˆ ਵੱਲ ਨੂੰ ਖਿਚਦਿਆˆ ਮੈਂ ਆਪਣੀਆˆ ਨੈਣ-ਗੋਲ਼ੀਆˆ ਨੂੰ ਖੱਬਿਓˆ ਸੱਜੇ ਵੱਲ ਨੂੰ
ਫੇਰਿਆ। ਸਾਰਿਆˆ ਦੇ ਮੋਢੇ ਉਨ੍ਹਾˆ ਦੇ ਕੰਨਾˆ ਵੱਲ ਨੂੰ ਉੱਭਰੇ। ਉਹਨਾˆ ਦੀਆˆ ਅੱਖਾˆ ਕਦੇ
ਮੇਰੇ ਵੱਲੀਂ ਤੇ ਕਦੇ ਇੱਕ-ਦੂਜੇ ਵੱਲੀਂ ਗਿੜ ਕੇ ਸਵਾਲੀਆ-ਨਿਸ਼ਾਨ ਬਣਨ ਲੱਗੀਆˆ। ਲੰਮੀ ਚੁੱਪ
ਨੂੰ ਉਧੇੜਨ ਲਈ ਮੈਂ ਆਖਿਆ: ਚੰਗਾ ਫਿਰ ਮੈਂ ਦਸਦਾˆ ਕਿੰਨੇ ਗਲਾਸ ਮੰਗੌਣੇਂ ਐਂ ਚਾਹ ਦੇ!
ਤੇ ਮੇਰੀ ਸੱਜੀ ਮੁੱਠੀ ‘ਚੋਂ ਨਿੱਕਲ਼ੀ ਪਹਿਲੀ ਉਂਗਲ਼ੀ ਇਕੱਲੇ-ਇਕੱਲੇ ‘ਤੇ ਸੇਧਤ ਹੋ ਕੇ,
ਕੰਧ-ਕਲਾਕ ਦੀ ਸਕਿੰਟਾˆ ਵਾਲ਼ੀ ਸੂਈ ਵਾˆਗ ਇੱਕ ਹਿੰਦਸੇ ਤੋਂ ਦੂਸਰੇ ਵੱਲ ਛੜੱਪਣ ਲਗੀ: ਇੱਕ,
ਦੋ, ਤਿੰਨ, ਚਾਰ, ਪੰਜ...
ਪੰਜ-ਸੱਤ ਮਿੰਟਾˆ ਬਾਅਦ ਹਰੇਕ ਮੁੰਡੇ ਦੀਆˆ ਉਂਗਲ਼ਾˆ ਭਾਫ਼ਾˆ ਮਾਰਦੇ ਚਾਹ ਦੇ ਗਲਾਸਾˆ ਉਦਾਲ਼ੇ
ਲਿਪਟੀਆˆ ਹੋਈਆˆ ਸਨ।
ਮੇਰੀਆˆ ਨਜ਼ਰਾˆ ਉਨ੍ਹਾˆ ਦੇ ਹੱਥਾˆ ਦੀ ਬਾਹਰਲੀ ਜਿਲਦ ਦੀ ਕਾਲ਼ੋਂ ਨੂੰ ਪੜ੍ਹਨ ਲੱਗੀਆˆ, ਤੇ
ਉਨ੍ਹਾˆ ਦੇ ਝੱਗਿਆˆ-ਪਜਾਮਿਆˆ-ਪੈਂਟਾਂ ‘ਚੋਂ ਉਠਦੀ ਪਸੀਨੇ ਦੀ ਤੇ ਕੁਤਰੇ-ਹੋਏ ਚਾਰੇ ਦੀ
ਹਲਕੀ-ਹਲਕੀ ਗੰਧ ਮੇਰੀਆˆ ਨਾਸਾˆ ‘ਚ ਖੁਰਕ ਕਰਨ ਲਗੀ: ਉਨ੍ਹਾˆ ਨੂੰ ਜੁੱਤੀਆˆ ਤੋਂ ਪੱਗਾˆ
ਤੀਕ ਨਿਹਾਰਦਾ-ਨਿਹਾਰਦਾ ਮੈਂ ਆਪਣੇ ਪਿੰਡ ਚਰ੍ਹੀ ਦੇ ਟੱਕ ‘ਚ ਜਾ ਉੱਤਰਿਆ। ਮੇਰੇ ਸੱਜੇ ਹੱਥ
‘ਚ ਪਕੜੀ ਦਾਤੀ ਦੀ ਕਚਰ-ਕਚਰ ਭਾਦੋਂ ਦੇ ਤਪਾੜ ਨੂੰ ਝੰਜੋੜਨ ਲੱਗੀ, ਤੇ ਪਸੀਨੇ ਨਾਲ਼ ਗੱਚ
ਹੋਏ ਮੇਰੇ ਮੌਰਾˆ ਉੱਤੇ ਜਲੂਣ ਰੀਂਗਣ ਲੱਗੀ। ਮੇਰਾ ਖੱਬਾ ਹੱਥ ਸੱਥਰੀਆˆ ਨੂੰ ਫੜ-ਫੜ ਕੇ
ਧਰਤੀ ‘ਤੇ ਲਿਟਾਉਣ ਲੱਗਿਆ, ਤੇ ਅਗਲੇ ਛਿਣੀਂ ਘਰੋਂ ਲਿਆˆਦਾ ਰੱਸਾ, ਇਕੱਠੀਆˆ ਕੀਤੀਆˆ
ਸੱਥਰੀਆˆ ਉਦਾਲ਼ੇ ਲਿਪਟ ਗਿਆ। ਭਰੀ ਨੂੰ ਸਿਰ ‘ਤੇ ਟਿਕਾਉਣ ਲਈ ਕਿਸੇ ਹੋਰ ਵਿਅਕਤੀ ਦੀ ਉਡੀਕ
‘ਚ ਮੈਂ ਆਪਣੀ ਵਾਲ਼-ਵਿਹੂਣੀ ਠੋਡੀ ਨੂੰ ਖੁਰਕਦਾ ਹੋਇਆ, ਸਾਡੇ ਖੇਤ ਵਿੱਚੋਂ ਦੀ ਵਗਦੀ ਪਹੀ
ਵੱਲ ਝਾਕਣ ਲਗਾ।
ਪੜ੍ਹਾਉਣ ਲਈ ਜਮਾਤਾ ‘ਚ ਜਾˆਦਾ ਤਾˆ ਸਟਾਫ਼ਰੂਮ ਦਾ ਬੁਢਾਪਾ, ਡੈਸਕਾˆ ਦੇ ਪਿਛਾੜੀ ਬੈਠੀਆˆ
ਤੀਹ-ਚਾਲ਼ੀ ਅਲੂਈਆˆ ਠੋਡੀਆˆ ‘ਤੇ ਹੱਥ ਫੇਰ ਗਿਆ ਜਾਪਦਾ। ਸਤਾਰਾˆ-ਸਤਾਰਾˆ ਸਾਲਾˆ ਦੇ ਚੋਬਰ
ਜਿਓˆ ਹੀ ਜਮਾਤ ਵਾਲ਼ੇ ਕਮਰੇ ‘ਚ ਦਾਖ਼ਲ ਹੁੰਦੇ, ਉਨ੍ਹਾˆ ਦੇ ਮੂੰਹਾˆ ‘ਚੋਂ ਜ਼ਬਾਨਾˆ ਗ਼ਾਇਬ ਹੋ
ਜਾˆਦੀਆˆ: ਜਿਵੇਂ ਉਹ ਕਿਸੇ ਮਰਗ ਦੇ ਭੋਗ ‘ਤੇ ਕੀਰਤਨ ਸੁਣਨ ਆਏ ਹੋਵਣ। ਕੋਈ ਆਮ ਜਿਹਾ ਸੁਆਲ
ਹਵਾ ‘ਚ ਛੱਡ ਕੇ, ਮੈਂ ਮੁੰਡਿਆˆ ਦੇ ਅੰਦਰ ਦੀਆˆ ਤਹਿਆˆ ਫ਼ਰੋਲਣ ਲਈ ਆਪਣੀਆਂˆ ਅੱਖਾˆ ਨੂੰ
ਸੰਗੋੜਦਾ, ਪਰ ਉਨ੍ਹਾˆ ਦੀਆˆ ਉੱਪਰਲੀਆˆ ਝਿੰਮਣੀਆˆ ਡੈਸਕਾˆ ‘ਤੇ ਲੇਟੀਆˆ ਕਿਤਾਬਾˆ ‘ਤੇ
ਡਿੱਗ ਪੈਂਦੀਆˆ।
ਇੱਕ ਦਿਨ ਹਾਜ਼ਰੀ ਲਗਾਉਣ ਤੋਂ ਬਾਅਦ, ਕੁਰਸੀ ਨੂੰ ਆਪਣੇ ਬੋਝ ਤੋਂ ਅਜ਼ਾਦ ਕਰ ਕੇ, ਆਪਣੀਆˆ
ਨਜ਼ਰਾˆ ਜਦੋਂ ਮੈਂ ਮੋਢਿਆˆ ਵਿਚਕਾਰ ਡੁੱਬੀਆਂ ਹੋਈਆਂ ਧੌਣਾਂ ‘ਤੇ ਫੇਰੀਆˆ, ਤਾˆ ਮਲੂਕੜੇ
ਜਿਹੇ ਹੱਥ, ਡੈਸਕਾˆ ‘ਤੇ ਲੇਟੀਆˆ ਕਿਤਾਬਾˆ ਨੂੰ ਜਗਾਉਣ ਲਈ ਹਰਕਤ ‘ਚ ਆਉਣ ਲੱਗੇ।
-ਅੱਜ ਕਿਤਾਬਾˆ ਨੀਂ ਖੋਲ੍ਹਣੀਆˆ, ਮੈਂ ਆਪਣੀ ਦਾੜ੍ਹੀ ਦੀ ਗੁੱਟੀ ਨੂੰ ਪਲ਼ੋਸਦਿਆˆ ਐਲਾਨ
ਕੀਤਾ। -ਅੱਜ ਕੁਝ ਵੱਖਰਾ ਕਰਨੈਂ ਆਪਾˆ; ਬਿਲਕੁਲ ਈ ਵੱਖਰਾ!
ਸਾਰੀਆˆ ਉਂਗਲ਼ਾˆ ਡੈਸਕਾˆ ‘ਤੇ ਬੇਹਰਕਤ ਹੋ ਗਈਆˆ।
-ਬੁੱਝੋ ਭਲਾ ਕੀ ਕਰਨੈਂ ਅੱਜ ਆਪਾˆ!
ਸਾਹਮਣੇ ਬੈਠੀਆˆ ਅੱਖਾˆ ‘ਚ ਤੈਰਦੀ ਡੌਰ-ਭੌਰਤਾ ਛਤਰੀ ਵਾˆਗ ਫੈਲ ਗਈ ਤੇ ਮੇਰੇ ਵੱਲ ਸੇਧਤ
ਦਰਜਣਾˆ ਚਿਹਰਿਆˆ ਦੀਆਂ ਨੈਣ-ਗੋਲ਼ੀਆਂ ਖੱਬੇ-ਸੱਜੇ ਤੇ ਉੱਪਰ-ਨੀਚੇ ਘੁੰਮਣ ਲੱਗੀਆਂ। ਛੱਤ
ਤੋਂ ਲਟਕਦੇ ਪੱਖਿਆˆ ਨਾਲ਼ ਰਿੜਕੀ ਜਾ ਰਹੀ ਚੁੱਪ ਨੂੰ ਛੰਡਣ ਲਈ ਮੈਂ ਆਪਣੀਆˆ ਅੱਖਾˆ ਨੂੰ
ਸੰਗੋੜਿਆ, ਤੇ ਧੜ ਨੂੰ ਕੁੱਬੇ ਵਿਅਕਤੀ ਵਾˆਗ ਝੁਕਾਉਂਦਿਆˆ ਆਪਣੇ ਹੱਥਾˆ ਨੂੰ ਪਿੱਠ ਉੱਪਰ
ਜੋੜ ਦਿੱਤਾ। ਅਗਲੇ ਪਲੀਂ, ਉਤਸੁਕ ਹੋਏ ਚਿਹਰਿਆˆ ਵੱਲ ਝਾਕਦਿਆˆ ਮੈਂ ਬੁੱਲ੍ਹਾˆ ਨੂੰ ਕੰਨਾˆ
ਵੱਲ ਨੂੰ ਵਧਾਅ ਦਿੱਤਾ। ਝੁਕੀ ਹੋਈ ਕਮਰ ਉੱਪਰ ਜੁੜੇ ਹੋਏ ਹੱਥਾˆ ਦੀ ਕਲਿੰਘੜੀ ਨੂੰ
ਖੋਲ੍ਹਦਿਆˆ ਮੈਂ ਇੱਕ ਚੋਰ-ਨਜ਼ਰ ਦਰਵਾਜ਼ੇ ਵੱਲ ਸੁੱਟੀ, ਤੇ ਸੱਜੀ ਮੁੱਠੀ ‘ਚੋਂ ਪਹਿਲੀ ਉਂਗਲ਼
ਨੂੰ ਚਾਕ ਦੀ ਡੰਡੀ ਵਾਂਗ ਸਿੱਧੀ ਕਰ ਕੇ, ਆਪਣੇ ਬੁੱਲ੍ਹਾˆ ‘ਤੇ ਟਿਕਾਅ ਦਿੱਤਾ। ਘੁੱਟੇ ਸੰਘ
ਨਾਲ਼ ਲਫ਼ਜ਼ਾˆ ਨੂੰ ਘਰੋੜ-ਘਰੋੜ ਕੇ ਲਮਕਾਉਂਦਿਆˆ, ਮੈਂ ਬੈਠੀ-ਹੋਈ ਅਵਾਜ਼ ਵਾਲ਼ੇ ਅੰਦਾਜ਼ ‘ਚ
ਬੋਲਿਆ: ਅੱਜ... ਮੈਂਅਅ... ਤੁਹਾਅਅਥੋਂ... ਗਾਅਅਅਣੇ... ਸੁਣਨੇ... ਐਂਅਅ... ਗਾਅਅਅਣੇ!
ਡੌਰ-ਭੌਰ ਹੋਏ ਵਿਦਿਆਰਥੀਆˆ ਦੀਆਂ ਨੈਣ-ਗੋਲ਼ੀਆਂ {ਡੇਲੇ} ਉਨ੍ਹਾˆ ਦੀਆˆ ਚੌੜੀਆˆ-ਹੋ-ਗਈਆˆ
ਪੁਤਲੀਆˆ ‘ਚੋਂ ਬਾਹਰ ਨੂੰ ਡੁੱਲ੍ਹਣ ਲੱਗੀਆਂ ਤੇ ਉਨ੍ਹਾˆ ਦੇ ਜੁਬਾੜੇ ਮੋਢਿਆˆ ਤੀਕ ਲਮਕ
ਗਏ।
-ਕੌਅਅਣ... ਸੁਣਾਊ ਗਾਅਅਣਾ... ਅੱਜ ਸਾਅਅਰੀ... ਕਲਾਅਅਸ ਨੂੰ? ਭਰਵੱਟਿਆˆ ਨੂੰ ਉੱਪਰ ਵੱਲ
ਖਿਚਦਿਆˆ ਤੇ ਅਵਾਜ਼ ਨੂੰ ਫੂਕ ਵਰਗੀ ਕਰਦਿਆˆ ਮੈਂ ਆਪਣੇ ਧੜ ਨੂੰ ਹੋਰ ਝੁਕਾਅ ਦਿੱਤਾ।
ਘਾਹ ‘ਚ ਗਿਰ ਗਈ ਸੂਈ ਨੂੰ ਲੱਭਣ ਵਾˆਗ, ਆਪਣੀਆˆ ਅੱਖਾˆ ਨੂੰ ਹੌਲ਼ੀ-ਹੋਲ਼ੀ ਮੈਂ ਇੱਕ ਚਿਹਰੇ
ਤੋਂ ਦੂਜੇ ਵੱਲ ਘੜੀਸਿਆ। ਅੱਧੇ ਕੁ ਮਿੰਟ ਲਈ ਉਨ੍ਹਾˆ ਦੀਆˆ ਅੱਖਾˆ ਵਿਚਲੇ ਸਹਿਮ ਤੇ
ਹੈਰਾਨੀ ਨੂੰ ਖਰੋਚਣ ਤੋਂ ਬਾਅਦ, ਮੈਂ ਘੁਸਮੁਸੀ ਟੋਨ ਵਿੱਚ ਬੋਲਿਆ: ਜੇ... ਤੁਸੀਂ
ਨੀਂਅਅ... ਸੁਣਾਅਅਉਣਾ... ਗਾਅਅਣਾ... ਤਾˆ ਫ਼ੇਅਅਅਰ... ਮੈਨੂੰ ਪਊ ਸੁਣਾਅਅਅਣਾ!
ਸਹਿਮੇ ਹੋਏ ਬੁੱਲ੍ਹਾˆ ਦੀਆˆ ਗੰਨੀਆˆ ਠੋਡੀਆਂ ਤੀਕਰ ਖਿੱਚੀਆˆ ਗਈਆˆ, ਤੇ ਉਨ੍ਹਾˆ ਦੇ ਆਨੇ
{ਨੈਣ-ਗੋਲ਼ੀਆਂ} ਗੋਲ਼ੀਆˆ ਵਾˆਗ ਘੁੰਮਣ ਲੱਗੇ।
-ਜ਼ੋਰ ਨਾਲ ਮਾਰੋ ਇੱਕ ਤਾੜੀ! ਇੱਕ ਦਮ ਡਾˆਗ ਵਾˆਗ ਸਿੱਧਾ ਹੋ ਕੇ ਮੈਂ ਹੁਕਮੀਆˆ-ਅੰਦਾਜ਼ ‘ਚ
ਕੜਕਿਆ।
ਮੁੰਡੇ ਤ੍ਰਭਕੇ! ਦਰਜਣ ਕੁ ਤਲ਼ੀਆˆ, ਚਾਰ ਕੁ ਵਾਰੀ ਇੱਕ-ਦੂਜੇ ਨਾਲ ਟਕਰਾਈਆˆ ਤੇ
ਭਿੱਜੀ-ਜਿਹੀ ‘ਗੜ-ਗੜ‘ ਦਾ ਨਿਰਮਾਣ ਕਰ ਕੇ ਡੈਸਕਾˆ ਉੱਪਰ ਬੈਠ ਗਈਆˆ।
-ਜ਼ੋਰ ਨਾਲ਼! ਜ਼ੋਰ ਨਾਲ਼!! ਜ਼ੋਰ ਨਾਲ਼!!! ਸਿਰ ਨੂੰ ਝਟਕਿਦਆˆ ਤੇ ਤਿਊੜੀਆˆ ਨੂੰ ਕੱਸਦਿਆˆ, ਮੈਂ
ਬੁੱਲ੍ਹਾˆ ਨੂੰ ਟੂਟੀ ਬਣਾ ਕੇ ਚਿੱਲਾਇਆ।
ਅਗਲੇ ਛਿਣਾˆ ‘ਚ ਤਾੜੀਆˆ ਦੀ ‘ਕੜ-ਕੜ‘ ਨਾਲ਼, ਬਲੈਕ-ਬੋਰਡ ਉੱਪਰ ਚਾਕ ਨਾਲ਼ ਲਿਖੇ ਹਰਫਾˆ ਦੀ
ਸਫ਼ੈਦੀ ਝੜਨ ਲੱਗੀ।
ਸਾਰੀਆˆ ਅੱਖਾˆ ਹੁਣ ਮੇਰੇ ਬੁੱਲ੍ਹਾˆ ‘ਤੇ ਕੇਂਦਰਤ ਸਨ। ਮੇਰੇ ਹਲਕੇ ਜਿਹੇ ਖੰਘੂਰੇ ਤੋਂ
ਬਾਅਦ, ਮੇਰੇ ਗਲ਼ੇ ‘ਚੋਂ ਤਰੰਨਮ ਸਿੰਮਣ ਲੱਗੀ: ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੱਠੜੇ
ਯਾਰ ਮੰਨਾਂਵਦਾ ਈ....
ਪ੍ਰੋਫ਼ੈਸਰਾˆ ਦੇ ਮੱਥਿਆˆ ‘ਚ ਤਰੇੜਾˆ ਤੇ ਅਵਾਜ਼ ‘ਚ ਝਾਵੇਂ ਦੀ ਰਗੜ ਦੇਖਣ ਦੇ ਆਦੀ ਹੋ
ਚੁੱਕੇ ਵਿਦਿਆਰਥੀ, ਮੇਰੇ ਬੁੱਲ੍ਹਾˆ ‘ਚੋਂ ਕਿਰਦੀ ਤਰੰਨਮ ਦੇਖ ਕੇ ਚਕਿੱਤ ਹੋ ਉੱਠੇ।
ਬੀਤੇ ਦਿਨਾˆ ਦੌਰਾਨ ਮੁੱਠੀ ਵਾˆਗ ਘੁੱਟੇ ਚਿਹਰਿਆˆ ਉੱਪਰ, ਮੇਰੀ ਕਲਾਸ ‘ਚ ਵੜਦਿਆˆ ਹੀ,
ਹੁਣ ਤਿਤਲੀਆˆ ਫਰਕਣ ਲੱਗੀਆˆ। ਹਾਜ਼ਰੀ ਵਾਲ਼ੇ ਰਜਿਸਟਰ ਨੂੰ ਮੈਂ ਜਿਓˆ ਹੀ ਸੰਤੋਖ਼ਦਾ, ‘ਸਰ,
ਅੱਜ ਹੀਰ ਸੁਣਾਓ! ਸਰ ਜੀ, ਮਿਰਜ਼ਾ ਸੁਣਾਓ‘ ਦੇ ਅਵਾਜ਼ੇ ਫ਼ੁਹਾਰਨ ਲੱਗੇ।
ਕੁਝ ਹੀ ਦਿਨਾˆ ‘ਚ ਤੈਅ ਹੋ ਗਿਆ ਕਿ ਸੋਮ ਤੋਂ ਸ਼ੁਕਰ ਤੀਕ ਜਿਹੜੀ ਕਲਾਸ ਪੂਰੀ ਤਵੱਜੋ ਨਾਲ਼
ਪੜ੍ਹੂ, ਉਹਦਾ ਸ਼ਨੀਵਾਰ ਗੌਣ-ਵਜਾਉਣ ਤੇ ਚੁਟਕਲਿਆˆ ਦੇ ਲੇਖੇ! ਹਰ ਸ਼ਨੀਵਾਰ ਨੂੰ ਮੇਰੀਆˆ
ਕਲਾਸਾˆ ‘ਚ ਰਾˆਝਾ ਹੀਰ ਦੀਆˆ ਮੱਝਾˆ ਨੂੰ ਪੁਚਕਾਰਨ ਲੱਗਿਆ, ਮਿਰਜ਼ੇ ਦੀਆˆ ਕਾਨੀਆˆ ਟੁੱਟਣ
ਲੱਗੀਆˆ, ਤੇ ਸੱਸੀ ਦੀਆˆ ਤਲ਼ੀਆˆ ਦੇ ਛਾਲੇ ਫਿੱਸਣ ਲੱਗੇ। ਗਾਹੇ-ਬਗਾਹੇ, ਤੰਗੀਆˆ-ਤੁਰਸ਼ੀਆˆ
ਨਾਲ਼ ਪੱਛੇ ਮੇਰੇ ਜੀਵਨ ਦੀਆˆ ਘਟਨਾਵਾˆ ਸੁਣ-ਸੁਣ ਕੇ ਵਿਦਿਆਰਥੀ ਵੀ ਆਪਣੀਆˆ ਵਾਰੀਆਂ ਲੈਣ
ਲਈ ਹੱਥ ਖੜ੍ਹੇ ਕਰਨ ਲੱਗੇ।
ਪਤਾ ਹੀ ਨਾ ਲੱਗਾ ਕਿ ਕਦੋਂ ਮੇਰੀ ‘ਹੀਰ‘ ਦੀਆˆ ਝਾਂਜਰਾਂ ਸਾਰੇ ਕਾਲਜ ਦੀ ਪ੍ਰਕਰਮਾਂ ਕਰਨ
ਲੱਗ ਪਈਆˆ। ਦਿਨਾਂ ‘ਚ ਹੀ ਸਮੈਂਟੀ ਬੈਂਚਾˆ ਉਦਾਲ਼ੇ ਬਝਦੀ ਮੁੰਡਿਆˆ ਦੀ ਢਾਣੀ ਸੰਘਣੀ ਹੋਣ
ਲੱਗੀ। ਕੈਨਟੀਨ ‘ਚੋਂ ਆਉਣ ਵਾਲ਼ੇ ਚਾਹ ਦੇ ਗਲਾਸਾˆ ਦੀ ਉਡੀਕ ਕਰਦਿਆˆ ਮੁੰਡੇ ਹੀਰ, ਮਿਰਜ਼ੇ
ਤੇ ਚੁਟਕਲਿਆਂ ਦੀਆਂ ਸਿਫ਼ਾਰਸ਼ਾਂ ਕਰਨ ਲੱਗੇ। ਮੈਂ ਕਾਲਜ ਦੇ ਕਿਸੇ ਵੀ ਕੋਨੇ ‘ਚ ਹੁੰਦਾ,
ਵਿਦਿਆਰਥੀ ਦੌੜੇ ਆਉਂਦੇ: ਹਰ ਪਾਸਿਓˆ ‘ਸਾ-ਸਰੀ-ਕਾਲ ਜੀ’, ‘ਸਾ-ਸਰੀ-ਕਾਲ ਜੀ’ ਉਭਰਨ ਲੱਗੀ।
ਉਧਰ ਸਟਾਫ਼ਰੂਮ ‘ਚ ਪੰਜਾਬੀ-ਪ੍ਰੋਫ਼ੈਸਰ ਤੇ ਘ. ਸਿੰਘ ਮੇਰੀ ‘ਹੀਰ’ ਦੀ ਤਰੰਨਮ ਨੂੰ ਤੇ
ਸਮੈਂਟੀ ਬੈਂਚਾˆ ਉੱਪਰ ਮੇਰੇ ਉਦਾਲ਼ੇ ਬਝਦੀ ਢਾਣੀ ਨੂੰ ਲੱਸੀ-ਪ੍ਰੋਫ਼ੈਸਰ ਦੇ ਪਰੌਂਠਿਆਂ ਵਾਂਗ
ਚਿੱਥਣ ਲੱਗੇ: ਅਖ਼ੇ ‘ਅਕਵਾਲ‘ ਸਿਓˆ ਮੁੰਡਿਆˆ ਨਾਲ਼ ਬਾਹਲ਼ਾ ਈ ਖੁੱਲ੍ਹ ਪਿਐ! ਦਿਨਾˆ ‘ਚ ਹੀ
ਮੇਰੇ ਕਲਾਸਰੂਮਾˆ ‘ਚ ਰਾˆਝੇ ਦੇ ਮੂੰਹ ‘ਚ ਚੂਰੀਆˆ ਪਾਉਂਦੀ ਹੀਰ ਦੀਆˆ ਵੰਙਾˆ, ਸਟਾਫ਼ਰੂਮ
ਦੀ ਲੱਸੀ ਨੂੰ ਪ੍ਰੇਸ਼ਾਨ ਕਰਦੀਆਂ-ਕਰਦੀਆਂ ਪ੍ਰਿੰਸੀਪਲ ਦੇ ਦਫ਼ਤਰ ‘ਚ ਜਾ ਛਣਕੀਆਂ।
ਇੱਕ ਦਿਨ ਇੱਕ ਖਾਕੀ ਵਰਦੀ ਸਟਾਫ਼ਰੂਮ ਦੇ ਦਰਵਾਜ਼ੇ ‘ਤੇ ਠੱਕ-ਠੱਕ ਕਰ ਕੇ ਬੋਲੀ: ਸਰਦਾਰ
ਇਕਬਾਲ ਸਿੰਘ!
ਮੈਂ ਸਿ਼ਵ ਕੁਮਾਰ ਦੀ ਪੁਸਤਕ ‘ਪੀੜਾਂ ਦਾ ਪਰਾਗਾ’ ‘ਚੋ ਕੜੱਕ-ਕੜੱਕ ਖਿੜਦੀਆਂ ਖਿੱਲਾਂ ਚੁਗਣ
ਵਿੱਚ ਮਸਤ ਸਾਂ।
-ਹਾਂ ਜੀ, ਰੱਖਾ ਸਿੰਘ ਜੀ! ਮੈਂ ਅਲੰਕਾਰਾਂ ਦੀਆਂ ਫੁੱਲਝੜੀਆਂ ਤੋਂ ਅੱਖਾਂ ਚੁਕਦਿਆਂ
ਸੇਵਾਦਾਰ ਰੱਖਾ ਸਿੰਘ ਵੱਲ ਝਾਕਿਆ।
-ਪ੍ਰਿੰਸੀਪਲ ਸਾਅ੍ਹਬ ਯਾਦ ਕਰਦੇ ਐ! ਰੱਖਾ ਸਿੰਘ ਆਪਣੀ ਪੋਚਵੀਂ ਪਗੜੀ ‘ਤੇ ਹੱਥ ਫੇਰਦਿਆਂ
ਬੋਲਿਆ।
-ਇਕਬਾਲ ਸਿੰਘ, ਪੇਪਰ-ਵੇਟ ਨੂੰ ਸ਼ੀਸ਼ੇਦਾਰ ਮੇਜ਼ ਉੱਪਰ ਪਰ੍ਹਾਂ ਨੂੰ ਖਿਸਕਾਉਣ ਤੋਂ ਬਾਅਦ,
ਪ੍ਰਿੰਸੀਪਲ ਕ. ਸਿੰਘ ਗੁੱਟੀ ‘ਚ ਨੂੜੀ ਆਪਣੀ ਦਾਹੜੀ ਦੀ ਸਫ਼ੈਦੀ ਨੂੰ ਘੁੱਟਣ ਲੱਗਾ।
-ਥੋੜ੍ਹਾ ਡਿਸਟੈਂਸ ਰੱਖੀਦੈ, ਭਾਈ, ਮੁੰਡਿਆˆ ਤੋਂ।
-ਡਿਸਟੈਂਸ? ਮੈਂ ਅੱਖਾਂ ਨੂੰ ਸੁੰਗੇੜ ਕੇ ਪ੍ਰਿੰਸੀਪਲ ਦੀਆਂ ਭੀੜੀਆਂ ਅੱਖਾਂ ਵੱਲ ਝਾਕਿਆ।
-ਹਾਂ, ਭਾਈ ਡਿਸਟੈਂਸ... ਜਸੂਸੀ ਬਹੁਤ ਚਲਦੀ ਐ ਐਥੇ, ਸਟਾਫ਼ਰੂਮ ‘ਚ ਵੀ ਤੇ ਬਾਬੂਆਂ ਦੇ
ਕਮਰੇ ‘ਚ ਵੀ ... ਆਹ ਭੰਗੜੇ ਦੀ ਟੀਮ ‘ਚ ਪਲੇਅਬੈਕ ਗੌਣ ਵਾਲ਼ੀ ਗੱਲ ‘ਤੇ ਕਿਸੇ ਨੂੰ ਕੋਈ
‘ਅਤਰਾਅਅਜ’ ਨੀ; ਨਾਲ਼ੇ ਤਾਂ ਤੇਰਾ ਭੁਸ ਪੂਰਾ ਹੋ ਜਾਂਦੈ, ਨਾਲ਼ੇ ਭੰਗੜੇ ਦੀ ‘ਛਬ’ ਵਧ ਜਾਂਦੀ
ਐ... ਪਰ ਕਲਾਸਾਂ ‘ਚ ਗਾਣੇ-ਗੂਣੇ ਗੌਣ ਤੋਂ ਗੁਰੇਜ਼ ਕਰੀਦਾ ਹੁੰਦੈ।
-ਓਹ ਤਾਂ ਜੀ ਐਵੇਂ ਸ਼ੁਗਲ ਕਰ ਲਈਦੈ ਸ਼ਨੀਚਰਵਾਰ ਨੂੰ, ਮੈਂ ਆਪਣੇ ਭਰਵੱਟਿਆਂ ਨੂੰ ਮੱਥੇ ਵੱਲ
ਨੂੰ ਖਿੱਚਿਆ। -ਏਸ ਲਾਲਚ ‘ਚ ਮੁੰਡੇ ਸਾਰਾ ਹਫ਼ਤਾ ਤਵੱਜੋ ਨਾਲ਼ ਪੜ੍ਹਦੇ ਐ!
ਅਗਲੇ ਦਿਨ, ਕਾਲਜ ਦੇ ਖ਼ਾਤਮੇ ‘ਤੇ ਹਰਦਿਆਲ ਸਿੰਘ ਮੈਨੂੰ ਸਟਾਫ਼-ਕੁਆਰਟਰਾˆ ‘ਚ ਆਪਣੀ ਰਹਾਇਸ਼
‘ਤੇ ਲੈ ਗਿਆ। ਮੇਜ਼ ‘ਤੇ, ਪਾਣੀ ਦਾ ਜੱਗ ਤੇ ਦੋ ਗਲਾਸ ਟਿਕਉਣ ਤੋਂ ਬਾਅਦ ਉਹ ਮੇਰੇ ਵੱਲ
ਝਾਕਿਆ: ਏਅਰ ਫ਼ੋਰਸ ਆਲ਼ੀ ਰੰਮ ਵੀ ਪਈ ਐ ਤੇ ਜਿੰਨ ਵੀ!
-ਜਿੰਨ ਪੀ ਕੇ ਤਾਂ, ਯਾਰ, ਮੇਰੀਆਂ ਕਲਾਈਆਂ ਉਦਾਲ਼ੇ ਵੰਗਾਂ ਜਿਹੀਆਂ ਛਣਕਣ ਲੱਗ ਜਾਂਦੀਐਂ ਤੇ
ਬੁੱਲ੍ਹਾਂ ‘ਤੇ ਲਿਪਸਟਿਕ ਹੋਣ ਦੇ ਝੌਲ਼ੇ ਜ੍ਹੇ ਪੈਣ ਲੱਗ ਜਾਂਦੇ ਐ, ‘ਰੰਮ’ ਈ ਔਣ ਦੇ...
ਮਰਦਾਂ ਦੀ ਡਰਿੰਕ ਐ, ਬਾਡਰ ‘ਤੇ ਮੋਰਚੇ ਪੱਟਣ ਆਲ਼ੇ ਫੌਜੀਆਂ ਦੀ ਡਰਿੰਕ!
ਪਹਿਲਾ ਪੈੱਗ ਮੁਕਦਿਆਂ ਹਰਦਿਆਲ ਦੀ ਦਾਹੜੀ ਦੀ ਕਾਲ਼ੋਂ ‘ਚ ਬਗ਼ਾਵਤ ਕਰਦੇ ਪੰਜ ਕੁ ਚਿੱਟੇ
ਵਾਲ਼ਾਂ ਦੀ ਚਮਕ ਅੱਖਾਂ ਝਮਕਣ ਲੱਗੀ। ਪਲੇਟ ‘ਚੋਂ ਚੁੱਕੀ ਪਕੌੜੀ ਦੇ ‘ਵਲ਼ਾਂ’ ਨੂੰ ਚਿਹਰੇ
ਮੂਹਰੇ ਲਿਆ ਕੇ ਨਿਹਾਰਦਿਆਂ ਉਹ ਮੈਨੂੰ ਸੰਬੋਧਤ ਹੋਇਆ: ਪ੍ਰਿੰਸੀਪਲ ਨੇ ਬੁਲਾਇਆ ਸੀ ਮੈਨੂੰ
ਅੱਜ।
-ਹੱਛਾਅ?
-ਕਹਿੰਦਾ ਅਕਵਾਲ ਦੇ ਹੀਰ-ਰਾਂਝੇ ਦੀਆਂ ਮੱਝਾਂ ਖੁਰਗੋ ਕਰੀ ਜਾਂਦੀਐਂ ਪ੍ਰਧਾਨ {ਬਖ਼ਤਾਵਰ
ਸਿੰਘ} ਦੀ ਕੋਠੀ ‘ਚ... ਓਹ ਤਾਂ ਭਾਈ ਬਾਅ੍ਹਲ਼ਾ ਈ ਔਖਾ ਹੋਇਆ ਪਿਐ... ਪ੍ਰਿੰਸੀਪਲ ਨੂੰ
ਕਹਿੰਦੈ ‘ਅਕਵਾਲ’ ਨੂੰ ਡਾਂਟੋ ਤੇ ਜਾਂ ਫ਼ਿਰ...
-ਮੈਨੂੰ ਵੀ ਕੱਲ੍ਹ ਸੱਦਿਆ ਸੀ ਦਫ਼ਤਰ ‘ਚ ਕੁੰਦਨ ਸਿਓਂ ਨੇ, ਮੈਂ ਰੰਮ ਦੀ ਪਤਲੀ ਜਿਹੀ ਘੁੱਟ
ਸੰਘੋਂ ਨਿਘਾਰਦਿਆਂ ਬੋਲਿਆ। –ਗੱਲੀਂ-ਗੱਲੀਂ ਮੈਨੂੰ ਰੋਕਦਾ ਸੀ ਮੁੰਡਿਆਂ ਨਾਲ਼ ਘੁਲਣ-ਮਿਲਣ
ਤੋਂ ਤੇ ਕਲਾਸਾਂ ‘ਚ ਗੌਣ-ਵਜਾਉਣ ਤੋਂ।
ਹਰਦਿਆਲ ਸਿੰਘ ਅਗਲੇ ਪੈੱਗ ਨੂੰ ਪਾਣੀ ਨਾਲ਼ ਪਤਲਾ ਕਰਨ ਤੋਂ ਬਾਅਦ, ਅੱਖਾਂ ਸੰਗੋੜ ਕੇ ਮੇਰੇ
ਵੱਲ ਝਾਕਿਆ।
ਇੱਕ ਗੱਲ ਦਸਦਾਂ ਤੈਨੂੰ ਨੁਕਤੇ ਦੀ, ਅਕਵਾਲ ਸਿਆਂ, ਉਹ ਇੱਕ ਹੋਰ ਪਕੌੜੀ ਦੇ ਵਲ਼ਾਂ ਨੂੰ
ਪਲ਼ੋਸਣ ਲੱਗਾ। –ਮੈਂ ਦਸ ਸਾਲ ਦਾ ਦੇਖੀ ਜਾਨਾਂ, ਪ੍ਰਧਾਨ {ਬਖ਼ਤਾਵਰ ਸਿੰਘ} ਨੇ ਅੰਗਰੇਜ਼ੀ ਦੀ
ਲੈਕਚਰਾਰੀ ਕਿਸੇ ਪੇਂਡੂ ਨੂੰ ਨੀ ਦਿੱਤੀ... ਤੇਰੇ ‘ਤੇ ਮੇਹਰਬਾਨੀ ਕਰਨ ਦੀ ਗਲਤੀ ‘ਤੇ
ਪਛਤੌਂਦੈ... ਤੂੰ, ਭਾਈ ਸਾਅ੍ਹਬ, ਐਂ ਦੋ ਸਾਲ ਦੀ ਪ੍ਰੋਬੇਸ਼ਨ ‘ਤੇ; ਸਿਆਣਾ ਬਣਜਾ ਤੇ ਦੋ
ਸਾਲ ਲਈ ਤੂੰ ਆਪਣੇ-ਆਪ ਨੂੰ ਘੁੱਟ ਕੇ ਰੁਮਾਲ ‘ਚ ਬੰਨ੍ਹ ਲਾ! ਜਦੋਂ ਪੱਕਾ ਹੋ ਗਿਆ, ਜਿੱਧਰ
ਨੂੰ ਮਰਜ਼ੀ ਘੋੜੇ ਦਵੱਲੀ ਜਾਈਂ!
ਅਗਲੇ ਵਰ੍ਹੇ, ਗਰਮੀਆਂ ਦੀਆਂ ਲੰਮੀਆਂ ਛੁੱਟੀਆਂ ਤੋਂ ਬਾਅਦ ਕਾਲਜ ਦੇ ਕਮਰਿਆਂ ਦੀ ਝਾੜਪੂੰਝ
ਸ਼ੁਰੂ ਹੁੰਦਿਆˆ ਹੀ ਅੰਗਰੇਜ਼ੀ ਦੇ ਸਟਾਫ਼ ‘ਚ ਸੁਰਿੰਦਰ ਸਿੰਘ ਨਾਮੀ ਇੱਕ ਹੋਰ ਪ੍ਰੋਫ਼ੈਸਰ ਸ਼ਾਮਲ
ਹੋ ਗਿਆ। ਪੰਜਾਬ ਯੂਨੀਵਰਸਿਟੀ ਦੇ ਕੈਂਪਸ ‘ਚ ਅੰਗਰੇਜ਼ੀ ਦੀ ਐਮ ਏ ਕਰਨ ਦੌਰਾਨ, ਚੰਡੀਗੜ੍ਹ
ਦੇ ਕਾਫ਼ੀ-ਹਾਊਸਾˆ ‘ਚ ਲਈਆਂ, ਨਵੇਂ ਮੁਹਾਂਦਰੇ ਵਾਲ਼ੀ ਪੰਜਾਬੀ ਕਵਿਤਾ ਦੀਆˆ ਚੁਸਕੀਆˆ ਉਹਦੀ
ਜੀਭ ‘ਤੇ ਹਾਲੇ ਵੀ ਤਾਜ਼ੀਆਂ ਸਨ। ਜਦੋਂ ਨੂੰ ਮੇਰੇ ਵਾˆਗੂੰ ਉਹ ਸਟਾਫ਼ਰੂਮ ‘ਚ ਪੱਸਰੇ ਬੁਢੇਪੇ
ਅਤੇ ਅਕੇਵੇਂ ਦਾ ‘ਮਰੀਜ਼‘ ਬਣਿਆˆ, ਮੈਂ ‘ਇਕਬਾਲ ਸਿੰਘ ਗਿੱਲ‘ ਤੋਂ ‘ਇਕਬਾਲ ਰਾਮੂਵਾਲੀਆ‘
ਬਣਨ ਦੇ ਸਫ਼ਰ ਦੀਆˆ ਮੁਢਲੀਆˆ ਉਪਮਾਵਾˆ, ਅਲੰਕਾਰ ਤੇ ਬਹਿਰਾˆ ਤੈਅ ਕਰ ਚੁੱਕਿਆ ਸਾˆ। ਮੇਰੇ
ਹੱਥ ‘ਚ ‘ਪ੍ਰੀਤ ਲੜੀ‘, ‘ਪੰਜ ਦਰਿਆ‘ ਤੇ ‘ਕਵਿਤਾ‘ ਵਰਗੇ ਰਸਾਲੇ ਅਤੇ ਅਸਲੋਂ ਨਵੇਂ ਸ਼ਾਇਰਾˆ
ਦੀਆˆ ਕਿਤਾਬਾˆ ਦੇਖ ਕੇ ਉਹ ਸਟਾਫ਼ਰੂਮ ‘ਚ ਵੜਦਿਆˆ ਹੀ ਮੇਰੇ ਨਾਲ਼ ਵਾਲ਼ੀ ਕੁਰਸੀ ਨੂੰ ਆਪਣੇ
ਰੁਮਾਲ ਨਾਲ਼ ਝਾੜਨ ਲੱਗਦਾ।
ਇੱਕ ਦਿਨ ਸਬੱਬੀਂ ਲੁਧਿਆਣੇ ਲਈ ਇੱਕੋ ਬੱਸ ਦੇ ਸਫ਼ਰੀ ਹੋ ਜਾਣ ਕਾਰਨ ਮੈਂ ਉਸ ਨੂੰ ਆਪਣੇ
ਲੁਧਿਆਣੇ ਵਾਲ਼ੇ ਮਕਾਨ ‘ਚ ਲੈ ਗਿਆ। ਉਹਨੂੰ ਕੁਰਸੀ ਦੇ ਹਵਾਲੇ ਕਰ ਕੇ ਮੈਂ ਚਾਹ ਬਣਾਉਣ ਲਈ
ਪਤੀਲੀ ਦਾ ਅਤੇ ਸਟੋਵ ਦਾ ਹਾਲ-ਚਾਲ ਪੁੱਛ ਰਿਹਾ ਸਾˆ ਕਿ ਸੁਰਿੰਦਰ, ਮੇਜ਼ ‘ਤੇ ਪਈ ਮੇਰੀ ਇੱਕ
ਲਿਖਣ-ਪੁਸਤਕ ਨੂੰ ਖੋਲ੍ਹ ਬੈਠਾ।
-ਓਏ ਇਕਬਾਅਅਲ, ਪਹਿਲੇ ਸਫ਼ੇ ‘ਤੇ ਉੱਕਰੀ ਕਵਿਤਾ ਨੂੰ ਪੜ੍ਹਨ ਤੋਂ ਬਾਅਦ ਉਹ ਆਪਣੇ ਭਰਵੱਟਿਆਂ
ਨੂੰ ਸੰਗੋੜ ਕੇ ਮੇਰੇ ਵੱਲੀਂ ਝਾਕਿਆ। –ਯਾਰ ਆਹ ਕਵਿਤਾ ਤੂੰ ਕਿੱਥੋਂ ਕਾਪੀ ਕੀਤੀ ਐ?
-ਕਿਹੜੀ?
-ਆਹਾ ਈ: ਜਿਵੇਂ ਕਹਿਰ ਦੀ ਸਰਦੀ ਰੁੱਤੇ,
ਧੁੰਦ ਲਪੇਟੇ ਬਿਰਛਾˆ ਵਿੱਚੋਂ
ਤ੍ਰਿਪ-ਤ੍ਰਿਪ ਪਾਣੀ ਝਰਦਾ ਹੈ;
ਏਸ ਤਰ੍ਹਾˆ ਹੀ ਹੁਣ ਤਾˆ ਜਦ ਵੀ,
ਤੇਰਾ ਚਰਚਾ ਚਲਦਾ ਹੈ;
ਨੈਣਾˆ ਵਿੱਚੋਂ ਇੱਕ-ਇੱਕ ਹੰਝੂ,
ਕਵਿਤਾ ਬਣ-ਬਣ ਢਲ਼ਦਾ ਹੈ!
ਮੈ ਆਪਣੇ ਬੁੱਲ੍ਹਾˆ ਨੂੰ ਫ਼ੈਲਾਇਆ: ਕਿਉਂ? ਚੰਗੀ ਨੀ ਲੱਗੀ?
-ਚੰਗੀ ਤਾˆ ਲੱਗੀ ਈ ਐ ਪਰ ਮੈਂ ਇਹ ਪਹਿਲਾˆ ਵੀ ਪੜ੍ਹੀ ਐ ਕਿਧਰੇ।
-ਜ਼ਰੂਰ ਪੜ੍ਹੀ ਹੋਊ... ‘ਕਵਿਤਾ‘ ਰਸਾਲਾ ਛਪਦੈ ਨਾ ਅਮ੍ਰਿਤਸਰੋਂ? ਓਹਦੇ ‘ਚ ਛਪੀ ਸੀ ਏਹ ਦੋ
ਕੁ ਸਾਲ ਪਹਿਲਾਂ... ਓਦੋਂ ਮੈਂ ਐਮ ਏ ਫ਼ਾਈਨਲ ‘ਚ ਹੁੰਦਾ ਸੀ।
-ਹਾਂ ਓਸੇ ‘ਚ ਈ ਪੜ੍ਹੀ ਹੋਣੀ ਐਂ, ਸੁਰਿੰਦਰ ਦੀ ਠੋਡੀ ਦੋ-ਤਿੰਨ ਵਾਰ ਛਾਤੀ ਵੱਲ ਨੂੰ
ਹਿੱਲੀ। -ਪਰ ਏਹਦਾ ਲੇਖਕ ਨੀ ਮੇਰੇ ਯਾਦ ਆ ਰਿਹਾ।
-ਲੇਖਕ ਏਹਦਾ ਐਅਅਅ ‘ਐੱਸ ਇਕਬਾਲ’, ਮੈਂ ਚਾਹ ਦੀ ਪਤੀਲੀ ‘ਚ ਪੱਤੀ ਸੁਟਦਿਆˆ ਦੱਸਿਆ।
-ਹਾˆ ਆ ਗਿਆ ਯਾਦ... ਏਹ ਕੋਈ ਨਵਾˆ ਈ ਸ਼ਾਇਰ ਐ; ਮੈਂ ਏਹਦੀਆˆ ਕਈ ਕਵਿਤਾਵਾˆ ਪੜ੍ਹੀਐਂ
ਰਸਾਲਿਆˆ ‘ਚ...
-ਜ਼ਰੂਰ ਪੜ੍ਹੀਆˆ ਹੋਣਗੀਆˆ।
-‘ਕੁਸ਼’ ਵੱਖਰਾ ਜਿਆ ਅੰਦਾਜ਼ ਐ ਏਹਦਾ...
- ਹੱਛਾਅ? ਮੈਂ ਆਪਣੀ ਦਾਹੜੀ ਨੂੰ ਪਲ਼ੋਸਦਿਆˆ ਪੁੱਛਿਆ। -ਮਿਲਣੈ ਏਹਨੂੰ?
-ਜ਼ਰੂਰ ਮਿਲਾˆਗੇ, ਪਰ ਇਹ ਰਹਿੰਦਾ ਕਿੱਥੇ ਐ?
-ਰਹਿੰਦਾ ਕਿੱਥੇ ਐ? ਮੈਂ ਆਪਣੇ ਬੁੱਲ੍ਹਾˆ ਨੂੰ ਕੰਨਾˆ ਵੱਲ ਨੂੰ ਖਿੱਚ ਲਿਆ।
-ਹਾˆ...
-ਜੇ ਤੂੰ ਮਿਲਣੈ ਤਾˆ ਅੱਜ ਈ ਮਿਲ਼ਾਅ ਦਿੰਨੇਂ ਆˆ।
-ਨੇੜੇ ਈ ਐ ਕਿਤੇ?
-ਬਹੁਤ ਨੇੜੇ!
-ਹੱਛਾ?
-ਤੇਰੇ ਸਾਹਮਣੇ ਈ ਬੈਠੈ!
-ਹੈਂ? ਸੁਰਿੰਦਰ ਦੇ ਭਰਵੱਟੇ ਅੰਦਰ ਵੱਲ ਨੂੰ ਝਪਟੇ। - ਉਏ ਤੂੰ ਈ ਐਂ ਐੱਸ ਇਕਬਾਲ? ਸੱਚੀਂ
ਕਿ ਐਵੇਂ ਮਜ਼ਾਕ ਕਰਦੈਂ?
ਮੈਂ ਆਪਣੀ ਠੋਡੀ ਨੂੰ ਤਿੰਨ-ਚਾਰ ਵਾਰੀ ਆਪਣੀ ਛਾਤੀ ਵੱਲ ਨੂੰ ਖਿੱਚਿਆ।
-ਪਰ ਆਹ ‘ਐੱਸ’ ਕਿੱਥੋਂ ਆ ਗਿਆ ‘ਇਕਬਾਲ’ ਦੇ ਮੂਹਰੇ?
-ਇਹ, ਯਾਰ, ਮੈਂ ਆਪਣੀ ਪਤਨੀ ਦੇ ਨਾਮ ਤੋਂ ਲਿਐ... ਸੁਖਸਾਗਰ ਐ ਉਹਦਾ ਨਾਮ... ਅਸੀਂ ਐਮ ਏ
‘ਚ ਇੱਕਠੇ ਪੜ੍ਹਦੇ ਸੀ ਲੁਧਿਆਣੇ... ਜਦੋਂ ਸਾਡਾ ਇਸ਼ਕ ਚੱਲ ਰਿਹਾ ਸੀ ਤਾˆ ਆਪਣੇ ਨਾਮ ਦੇ
ਮੂਹਰੇ ਮੈਂ ਆਹ ‘ਐੱਸ’ ਜੋੜ ਲਿਆ।
-ਬੜਾ ਵੈਲੀ ਐਂ ਤੂੰ ਤਾˆ, ਯਾਰ!
ਓਸ ਦਿਨ ਤੋਂ ਬਾਅਦ ਸਮੈਂਟੀ ਬੈਂਚਾਂ ਵਾਲ਼ੀ ਢਾਣੀ ਨੂੰ ਮੇਰੇ ਨਾਲ਼-ਨਾਲ਼ ਸੁਰਿੰਦਰ ਦੀ ਉਡੀਕ
ਵੀ ਹੋਣ ਲੱਗੀ। ‘ਪੰਜਾਬੀ-ਪ੍ਰੋਫ਼ੈਸਰ‘ ਤੇ ਘ. ਸਿੰਘ ਦੀਆਂ ਤਿਊੜੀਆਂ ਹੁਣ ਸੁਰਿੰਦਰ ‘ਤੇ ਵੀ
ਮੇਹਰਬਾਨ ਹੋਣ ਲੱਗੀਆਂ।
ਇਨ੍ਹੀਂ ਦਿਨੀਂ ਹੀ ਕਾਲਜ ਵਾਲ਼ੇ, ਹਰਭਜਨ ਦਿਓਲ ਨਾਮੀ ਵਿਅਕਤੀ ਨੂੰ ਪੋਲੀਟੀਕਲ ਸਾਇੰਸ ‘ਚ
ਲੈਕਚਰਰ ਰੱਖ ਬੈਠੇ। ਉਹ ਕਈ ਸਾਲ ਪਹਿਲਾˆ ਦੁਆਬੇ ਦੇ ਕਿਸੇ ਕਾਲਜ ‘ਚ
ਪੜ੍ਹਾਉਂਦਾ-ਪੜ੍ਹਾਉਂਦਾ ਇੰਗਲੈਂਡ ਜਾਣ ਦਾ ਪੰਗਾ ਲੈ ਬੈਠਾ। ਉਥੇ ਫ਼ੈਕਟਰੀਆˆ ਦੀਆˆ ਮਸ਼ੀਨਾਂ
ਨਾਲ਼ ਆਪਣੀ ਐਮ ਏ ਦੀ ਪੜ੍ਹਾਈ ਨੂੰ ਪੱਛਦਾ-ਪੱਛਦਾ, ਉਹ ਯੂਨੀਅਨਿਸਟਾਂ ਦੀ ਢਾਣੀ ‘ਚ ਵੀ ਖੰਘਣ
ਲੱਗ ਗਿਆ ਸੀ, ਤੇ ਵਲੈਤੋਂ ਪਰਤਦਾ ਹੋਇਆ, ਆਪਣੀ ਗੱਲਬਾਤ ‘ਚ ਸੂਹੇ ਰੰਗ ਦੀ ‘ਪੰਕਚੂਏਸ਼ਨ’
ਵੀ ਖੁਦਵਾ ਲਿਆਇਆ ਸੀ। ਸਟਾਫ਼ਰੂਮ ਦੇ ਮਹੌਲ ਦੀ ‘ਬਜ਼ੁਰਗੀ‘ ਮੇਰੇ ਤੇ ਸੁਰਿੰਦਰ ਵਾˆਗ ਹੀ ਉਸ
ਨੂੰ ਵੀ ਨਿੰਮ ਦੇ ਬਕਬਕੇ ਪੱਤੇ ਚਬਾਉਣ ਲੱਗ ਪਈ ਸੀ। ਹੌਲ਼ੀ-ਹੌਲ਼ੀ, ਡੇਕਾਂ ਹੇਠਲੀ ਸਮੈਂਟੀ
ਬੈਂਚਾਂ ਦੀ ਢਾਣੀ ‘ਚ ਗਾਹੇ-ਬਗਾਹੇ ਦਿਓਲ ਦੇ ਵਲੈਤੀ ਚੁਟਕਲੇ ਵੀ ‘ਗੇੜਾ‘ ਮਾਰਨ ਲੱਗੇ। ਉਧਰ
ਸਟਾਫ਼ਰੂਮ ਦੀ ਹਵਾ ‘ਚ ਕਈਆਂ ਸਾਲਾਂ ਤੋਂ ਲਟਕਦੀ ਲੱਸੀ ਦੀ ਖੱਟਾਸ ਦਾ ਸਤਾਇਆ ਪ੍ਰੋਫ਼ੈਸਰ
ਹਰਦਿਆਲ ਸਿੰਘ ਵੀ ਖ਼ਾਲੀ ਪੀਰੀਅਡਾਂ ਦੌਰਾਨ ਮੇਰੀਆਂ ਤੇ ਸੁਰਿੰਦਰ ਦੀਆਂ ਪੈੜਾਂ ਸੁੰਘਣ
ਲੱਗਾ। ਡੇਕਾਂ ਹੇਠਲੀ ਢਾਣੀ ‘ਚ ਉਹਦੀ ਸ਼ਮੂਲੀਅਤ ਹੋਣ ਮਗਰੋਂ ਓਥੇ ਉਡਦੀ ‘ਹਾ-ਹਾ, ਹਾ-ਹਾ’
ਦੀਆਂ ਛਿੱਟਾਂ ਪ੍ਰਿੰਸੀਪਲ ਕੁੰਦਨ ਸਿੰਘ ਦੇ ਮੇਜ਼ ਨੂੰ ਸਿੱਲ੍ਹਣ ਲੱਗੀਆਂ।
ਮੇਰੇ ਸਿਰੋਂ ਦੋ-ਸਾਲੀ ਪ੍ਰੋਬੇਸ਼ਨ ਦਾ ਡੰਡਾ ਉੱਤਰਿਆ, ਤਾਂ ਮੈਂ ਆਪਣੇ ਉਦਾਲ਼ੇ ਢਿੱਲਾ ਜਿਹਾ
ਕਰ ਕੇ ਲਪੇਟਿਆ ਰੁਮਾਲ ਵਗਾਅ੍ਹ ਮਾਰਿਆ।। ਉਧਰ ਹਰਭਜਨ ਦਿਓਲ ਦੇ ਅੰਦਰ ਉੱਸਲ਼ਵੱਟੇ ਲੈਂਦੀ
ਵਲੈਤੀ ਮਜ਼ਦੂਰ-ਲਹਿਰ ਰੱਸੇ ਤੁੜਾਉਣ ਲੱਗੀ। ਉਹ ਸਟਾਫ਼ਰੂਮ ‘ਚ ਕੁਰਸੀਆਂ ਨੂੰ ਬੇਅਰਾਮ
ਕਰਦੀਆਂ ਲੱਸੀ ਦੀਆਂ ਛਿੱਦੀਆਂ ਦੀ ਖੱਟਾਸ ਨੂੰ ਦੇਖ-ਦੇਖ ਧੁੜਧੁੜੀਆਂ ਲੈਣ ਲੱਗਾ, ਤੇ ਬਾਹਰ
ਲਾਅਨ ‘ਚ ਜਾ ਕੇ ਸਾਡੀ ਪੰਜਾਂ-ਛੇਆਂ ਦੀ ਢਾਣੀ ਕੋਲ਼ ਪ੍ਰਧਾਨ ਬਖ਼ਤਾਵਰ ਸਿੰਘ ਦੀ ਫੂੰ-ਫੂੰ
‘ਤੇ ਦੰਦ ਕਰੀਚਦਾ। ਜਿਸ ਦਿਨ ਪ੍ਰਧਾਨ ਨੇ ਲੁਧਿਆਣਿਓਂ ਕਾਲਜ ਦੇ ਦੌਰੇ ‘ਤੇ ਆਉਣਾ ਹੁੰਦਾ,
ਪ੍ਰਿੰਸੀਪਲ ਦਾ ਪਤਲਾ, ਲੰਬੂਤਰਾ ਸਰੀਰ ਐਵੇਂ ਕੁਲਫ਼ੀ ਕੁ ਜੇਡਾ ਈ ਰਹਿ ਜਾਂਦਾ। ਪਿਚਕੇ ਹੋਏ
ਲੱਕ ਤੋਂ ਢਿਲ਼ਕ-ਢਿਲ਼ਕ ਜਾਂਦੀ ਪੈਂਟ ਨੂੰ ਆਪਣੀਆਂ ਕੂਹਣੀਆਂ ਨਾਲ਼ ਬਿੰਦੇ-ਬਿੰਦੇ ਉੱਪਰ ਨੂੰ
ਅਗਾਸਦਾ, ਉਹ ਡਰੇ ਹੋਏ ਬਲੂੰਗੜੇ ਵਾਂਗੂੰ ਸਟਾਫ਼ਰੂਮ ‘ਚ ਸਿਰ ਘੁਸੌਂਦਾ ਤੇ ਆਖਦਾ: ਓਏ
‘ਨੇਰ੍ਹੀ’ ਨੇ ਆਉਣੈ ਅੱਜ, ‘ਨੇਰ੍ਹੀ’ ਨੇ... ਪਤਾ ਨੀ ਕਿਹੜੀ ਕਲਾਸ ‘ਚ ਆ ਵੜੇ ਬਿਨਾਂ
ਦੱਸਿਆਂ ਈ, ਹੈਸ ਕਰ ਕੇ ਚੌਕਸ ਰਹਿਓ।
ਪ੍ਰਿੰਸੀਪਲ ਦੇ ਬਾਹਰ ਨਿੱਕਲ਼ਦਿਆਂ ਹੀ ਦਿਓਲ ਦੇ ਮੱਥੇ ‘ਚ ਕੇਕੜਾ ਉੱਭਰ ਆਉਂਦਾ: ਇਹ
ਫਿ਼ਊਡਲਿਜ਼ਮ ਐ, ਨਿਰਾ ਫਿ਼ਊਡਲਿਜ਼ਮ! ਕੌਣ ਹੁੰਦੈ ਏਹ ਪ੍ਰਧਾਨ ਸਾਡੀਆਂ ਕਲਾਸਾਂ ‘ਚ ਵੜ ਕੇ
ਵਿਦਿਆਰਥੀਆਂ ਸਾਹਮਣੇ ਸਾਨੂੰ ਬੌਣੇ ਕਰਨ ਵਾਲ਼ਾ! ਹੈਰਾਨੀ ਆਲ਼ੀ ਗੱਲ ਐ ਪਈ ਸਾਰੇ ਪ੍ਰੋਫ਼ੈਸਰ
ਚਟੂਰੇ ‘ਚ ਸੁੱਤੀ ਲੱਸੀ ਬਣੇ ਬੈਠੇ ਐ!
ਬਾਕਾਇਦਾ ਸਲਾਹ ਕਰ ਕੇ ਇੱਕ ਦਿਨ ਮੈਂ, ਦਿਓਲ, ਸੁਰਿੰਦਰ ਤੇ ਹਰਦਿਆਲ ਨੇ
‘ਪ੍ਰੋਫ਼ੈਸਰ-ਯੂਨੀਅਨ’ ਬਣਾਉਣ ਦੀ ਠੀਕਰੀ ਸਟਾਫ਼ਰੂਮ ਦੀ ਲੱਸੀ ‘ਚ ਸੁੱਟ ਦਿੱਤੀ। ਏਨ੍ਹਾˆ
ਦਿਨਾˆ ‘ਚ ਹੀ ਪੰਜਾਬ ਕਾਲਜ ਟੀਚਰਜ਼ ਯੂਨੀਅਨ ਨੇ, ਪ੍ਰਾਈਵੇਟ ਕਾਲਜਾˆ ਦੇ ਲੈਕਚਰਰਾˆ ਲਈ,
300-600 ਰੁਪਏ ਮਹੀਨਾ ਗਰੇਡ ਦੀ ਬਜਾਏ 600-1800 ਦੇ ਸਕੇਲ ਦੀਆˆ ਪੀਪਣੀਆˆ ਅਖ਼ਬਾਰਾˆ ‘ਚ
ਵਜਾਉਣੀਆˆ ਸ਼ੁਰੂ ਕਰ ਦਿੱਤੀਆˆ। ਸਾਡੀ ਢਾਣੀ ਨੇ ਪੰਜਾਬ ਕਾਲਜ ਯੂਨੀਅਨ ਦੀ ਹਮਾਇਤ ਕਰਨ ਦੀ
ਗੱਲ ਸਟਾਫ਼ਰੂਮ ‘ਚ ਤੋਰੀ ਤਾˆ ਸਟਾਫ਼ਰੂਮ ਦੀਆˆ ਕੁਰਸੀਆˆ ‘ਤੇ ਕਈ ਦਹਾਕਿਆˆ ਤੋਂ ਜੰਮੀਆਂ
‘ਛਿੱਦੀਆਂ’ ਉੱਸਲ਼ਵੱਟੇ ਲੈਣ ਲੱਗੀਆਂ।
-ਭਾਈ ਸਾਅਬ, ਸੁਫ਼ਨਿਆˆ ‘ਚ ਬਿਗਾਨੇ ਖੰਭਾਂ ਨਾਲ਼ ਉੱਡੀ ਜਾਨੇ ਓਂ, ਪੰਜਾਬੀ-ਪ੍ਰੋਫ਼ੈਸਰ ਦੀਆˆ
ਫ਼ਿਕਸੋ ਨਾਲ਼ ਜੰਮਾਈਆˆ ਮੁੱਛਾˆ ਫਰਕੀਆਂ। –ਧਰਤੀ ‘ਤੇ ਉੱਤਰੋ, ਧਰਤੀ ‘ਤੇ! ਕਿਹੜਾ ਭੜੂਆ
ਪਰੋਸ ਦੂ ਥੋਨੂੰ 1800 ਰੁਪਏ/ਮਹੀਨਾ ਦਾ ਗਰੇਡ? ਕੋਈ ਵਾਜਬ ਮੰਗ ਹੋਵੇ ਤਾˆ ਹਮਾਇਤ ਕਰੀਏ...
ਇਹ ਤਾˆ ‘ਕੌਮਨਿਸ਼ਟ‘ ‘ਕੱਠੇ ਹੋਗੇ ਐ ਕਾਲਜਾਂ ‘ਚ ਗੜਬੜ ਫ਼ੈਲਾਉਣ ਲਈ।
ਬੈਠਵੀਂ ਕੁਰਸੀ ਨਾਲ਼ ਢੋਅ ਲਾਈ ਬੈਠੇ ‘ਪੰਜਾਬੀ-ਪ੍ਰਫ਼ੈਸਰ‘ ਦੀਆˆ ਅੱਖਾˆ ਘ. ਸਿੰਘ ਤੋਂ
ਹੁੰਗਾਰਾ ਮੰਗਣ ਲੱਗੀਆˆ।
-ਕਾਲਜ ਦਾ ਮਹੌਲ ਖਰਾਬ ਹੋਣ ਤੋਂ ਬਿਨਾˆ ‘ਕੁਸ਼‘ ਨੀ ਲੱਭਣਾ, ਮੁੰਡਿਓ, ਘ ਸਿੰਘ ਨੇ ਆਪਣੀਆˆ
ਮੁੱਛਾˆ ਦੇ ਸਿਰਿਆˆ ਨੂੰ ਮੂਹਰਲੀਆਂ ਉਂਗਲ਼ਾਂ ਨਾਲ਼ ਝਾੜਿਆ। -ਐਵੈਂ ਪੰਗੇ ਨਾ ਖੜ੍ਹੇ ਕਰੋ
ਕਾਲਜ ‘ਚ ਸਿਆਸਤ ਘਸੋੜ ਕੇ... ਕੋਈ ‘ਜੈਨੂਅਨ’ ਗੱਲ ਕਰੋਂ ਤਾˆ ਸੋਭਾ ਵੀ ਦਿੰਦੀ ਐ!
‘ਲੱਸੀ-ਪ੍ਰਫ਼ੈਸਰ‘ ਦੀਆˆ ਡੌਰ-ਭੌਰ ਨਜ਼ਰਾˆ ਕਦੇ ਸਾਡੇ ਵੱਲ ਤੇ ਕਦੇ ਯੂਨੀਅਨ-ਵਿਰੋਧੀਆਂ ਵੱਲ
ਫਿਰਨ ਲੱਗੀਆਂˆ ਤੇ ਬੋਹੜ ਦੇ ਪੱਤਿਆˆ ਵਰਗੇ ਆਪਣੇ ਕੰਨਾˆ ਨੂੰ ਖੁਰਕਦਾ ਹੋਇਆ, ਉਹ ਆਪਣੇ
ਚਿਹਰੇ ਨੂੰ ਹੇਠਾˆ-ਉੱਪਰ ਹਿਲਾਉਣ ਲੱਗਿਆ।
ਧੁੰਦਾਂ ਦਾ ਕਹਿਰ ਸ਼ੁਰੂ ਹੁੰਦਿਆਂ ਹੀ, ਪੂਰੇ ਪੰਜਾਬ ਦੇ ਕਾਲਜਾਂ ‘ਚ ਵੈਰਾਨੀ ਪਸਰ ਗਈ।
ਬਾਕੀ ਪੰਜਾਬ ਦੇ ਪ੍ਰੋਫ਼ੈਸਰਾਂ ਵਾਂਗ, ਸਾਡੇ ਸਟਾਫ਼ ਦੀ ਬਹੁਗਿਣਤੀ ਵੀ ਕਚਹਿਰੀਆਂ, ਡੀ ਸੀ
ਦਫ਼ਤਰਾਂ ਤੇ ਬਜ਼ਾਰਾਂ ਨੂੰ ‘ਜ਼ਿੰਦਾਬਾਦ-ਮੁਰਦਾਬਾਦ’ ਨਾਲ਼ ਮਨੋਰੰਜਤ ਕਰਨ ਲੱਗੀ। ਸਾਡੇ
ਸਟਾਫ਼ਰੂਮ ਦੀਆਂ ਸੱਖਣੀਆਂ ਕੁਰਸੀਆਂ, ਛਿੱਦੀਦਾਰ ਲੱਸੀ ਦੇ ਪੰਜ-ਛੇ ਗਲਾਸਾਂ ਦੇ ਘੁਰਾੜਿਆਂ
ਨਾਲ਼ ਬੇਅਰਾਮ ਹੋਣ ਲੱਗੀਆਂ। ਹਰ ਰੋਜ਼ ਰੈਲੀਆਂ-ਜਲੂਸਾਂ ਤੋਂ ਨਾਅਰੇ ਮਾਰ ਕੇ ਪਰਤਦਿਆਂ ਆਪਣੇ
ਗਲਿ਼ਆਂ ਨੂੰ ਅੰਗੂਠਿਆਂ ਤੇ ਉਂਗਲ਼ਾਂ ਵਿਚਕਾਰ ਘੁਟਦੇ ਹੋਏ ਅਸੀਂ ਪੰਸਾਰੀ ਦੀ ਦੁਕਾਨ ਤੋਂ
ਮਲੱਠੀ ਤੇ ਬਨਫ਼ਸ਼ਾ ਦੀਆਂ ਪੁੜੀਆਂ ਖ਼ਰੀਦਣੀਆਂ ਨਾ ਭੁੱਲਦੇ।
ਪੰਜਾਬ ਭਰ ਦੇ ਕਾਲਜਾਂ ਵਾਂਗ ਹੀ, ਭਾਂਅ-ਭਾਂਅ ਕਰਦੇ ਸਾਡੇ ਸਾਈਕਲ-ਸਟੈਂਡ ‘ਤੇ ਗਾਲ੍ਹੜਾਂ
ਦੀਆਂ ਟੀਮਾਂ ਟੂਰਨਮੈਂਟ ਖੇਡਣ ਲੱਗੀਆਂ, ਤੇ ਘਰਕੀਣ ਦੇ ਝੁੰਡ ਕਲਾਸਰੂਮਾਂ ਦੇ ਤਾਲਿਆਂ ‘ਤੇ
ਬੈਰਕਾਂ ਉਸਾਰਨ ਲੱਗੇ। ਕਲਾਸਰੂਮਾਂ ਦੇ ਸਹਿਮੇ ਹੋਏ ਡੈਸਕ ਗਰਦੇ ਦੀਆਂ ਤਹਿਆਂ ਪਹਿਨ ਕੇ
ਨਿਸਲ਼ੇਵੇਂ (ਹਾਈਬਰਨੇਸ਼ਨ) ‘ਚ ਗੜੂੰਦ ਹੋਣ ਲੱਗੇ। ਕਹਿਰ ਦੀ ਠੰਡ ‘ਚ ਦੰਦੀਆਂ ਕਿਰਚਦਾ, ਸਾਡੇ
ਕਾਲਜ ਦਾ ਪ੍ਰਧਾਨ ਆਪਣੀ ਕੋਠੀ ‘ਚ ਕਦੇ ਪਗੜੀ ਨੂੰ ਉਤਾਰ ਕੇ ਸੋਫ਼ੇ ‘ਤੇ ਵਗਾਹ ਮਾਰਦਾ ਤੇ
ਕਦੇ ਕਮੀਜ਼ ਦੇ ਬਟਨ ਖੋਲ੍ਹ ਕੇ ਪੱਖੀ ਝੱਲਣ ਲੱਗ ਜਾਂਦਾ। ਉਸ ਦੀ ਕੋਠੀਓਂ ਪ੍ਰਿੰਸੀਪਲ ਦੇ
ਦਫ਼ਤਰ ‘ਚ ਟੈਲਾਫ਼ੋਨ ਦੀ ਘੰਟੀ ਦਿਹਾੜੀ ‘ਚ ਬਾਰਾਂ-ਬਾਰਾਂ ਵਾਰੀ ਖੜਕਦੀ ਤੇ ਹਰ ਕਾਲ ਮਗਰੋਂ
ਹੈਂਡਸੈੱਟ ਤੋਂ ਛੁਟਕਾਰਾ ਪਾਉਣ ਤੋਂ ਬਾਅਦ, ਪ੍ਰਿੰਸੀਪਲ ਸਾਹਿਬ ਐਸਪਰੀਨ ਦੀਆਂ ਗੋਲ਼ੀਆਂ ਦਾ
ਫੱਕਾ ਮਰ ਕੇ ਦਫ਼ਤਰ ‘ਚ ਪਏ ਸੋਫ਼ੇ ‘ਤੇ ਸਿਰ ਫੜ ਕੇ ਬੈਠ ਜਾਂਦੇ।
ਮਹੀਨੇ ਕੁ ਦੀ ਕੈਂ-ਕੈਂ ਤੋਂ ਬਾਅਦ ਸਰਕਾਰ ਦੀਆਂ ਲੱਤਾਂ ‘ਚੋਂ ਫੂਕ ਨਿੱਕਲ਼ ਗਈ।
ਕਾਲਜ ਖੁਲ੍ਹਦਿਆਂ ਹੀ ਲੱਸੀ ਦੇ ਗਲਾਸਾਂ ਦੀਆਂ ਤਿਊੜੀਆਂ ਦਾ ਅਕੜੇਵਾਂ ਖੁਰਨ ਲੱਗਾ, ਤੇ ਉਹ
ਬਹੁਤਾ ਸਮਾਂ ਲਾਇਬਰੇਰੀ ‘ਚ ਊਂਘਣ ਦੇ ਲੇਖੇ ਲਾਉਣ ਲੱਗੇ। ਗਰੇਡਾਂ ਦੇ ਸੰਘਰਸ਼ ਦੌਰਾਨ ਬੈਠ
ਗਏ ਗਲ਼ੇ ਮਲੱਠੀ ਅਤੇ ਬਨਫ਼ਸ਼ਾ ਨੂੰ ‘ਬਾਏ-ਬਾਏ’ ਆਖ ਗਏ। ਸਟਾਫ਼ਰੂਮ ਹੁਣ ਹੀਰ ਦੀਆਂ
ਝਾਂਜਰਾਂ ਵਾਂਗ ਛਣਕਣ ਲੱਗਾ। ਮੇਰੀ ਕਲਾਸ ਖ਼ਤਮ ਹੋਣ ਤੋਂ ਦਸ ਮਿੰਟ ਪਹਿਲਾਂ ਹੀ ਸਟਾਫ਼ਰੂਮ
ਮੈਨੂੰ ਉੱਚੀ ਸੁਰ ‘ਚ ਅਵਾਜ਼ਾਂ ਮਾਰਨ ਲਗਦਾ। ਮੈਂ ਸੁਰਿੰਦਰ ਦੀ ਉਡੀਕ ‘ਚ ਵਾਰ-ਵਾਰ
ਸਟਾਫ਼ਰੂਮ ਦੇ ਦਰਵਾਜ਼ੇ ਵੱਲੀਂ ਝਾਕਦਾ ਕਿਉੁਂਕਿ ਸਮੈਂਟੀ ਬੈਂਚ ਉਦਾਲ਼ੇ ਖਿੜੀ ‘ਹਾ-ਹਾ,
ਹਾ,ਹਾ’ ਮੇਰੇ ਅੰਦਰ ਤੁਣਕੇ ਮਾਰ ਰਹੀ ਹੁੰਦੀ। ਹਰਦਿਆਲ ਸਿੰਘ ਦੇ ਚੁਟਕਲੇ ਸਟਾਫ਼ਰੂਮ ਦੀ
ਹਵਾ ‘ਚੋਂ ਲੱਸੀ ਦੀ ਹਮਕ ਨੂੰ ਨਿਚੋੜਨ ਲੱਗੇ। ਪ੍ਰਿੰਸੀਪਲ ਸਾਹਿਬ ਸਟਾਫ਼ਰੂਮ ‘ਚ ਗੇੜਾ ਹੁਣ
ਕਾਲਜ ਖ਼ਤਮ ਹੋਣ ਤੋਂ ਬਾਅਦ ਹੀ ਮਾਰਦੇ, ਤੇ ਰੱਖਾ ਸਿੰਘ ਤੋਂ ਕਰੜੀ ਜਿਹੀ ਚਾਹ ਬਣਵਾ ਕੇ
ਪਕੌੜੀਆਂ ਚੱਬੀ ਜਾਂਦੇ।
ਬਖ਼ਤਾਵਰ ਸਿੰਘ ਜ਼ਖ਼ਮੀ ਸੱਪ ਵਾਂਗੂੰ ਅੰਦਰੋ-ਅੰਦਰ ਵੱਟ ਖਾਂਦਾ ਕਾਲਜ ‘ਚ ਗੇੜਾ ਮਾਰਨ
ਆਉਂਦਾ। ਆਪਣਾ ਨੱਕ ਸਿੱਧਾ ਪਿੰਸੀਪਲ ਦੇ ਦਫ਼ਤਰ ਵੱਲੀਂ ਸੇਧ ਕੇ, ਉਹ ਆਸੇ-ਪਾਸੇ ਦੀ ਹਵਾ
ਨੂੰ ਚੀਰਦਾ ਜਾਂਦਾ। ਪ੍ਰਿੰਸੀਪਲ ਦੇ ਦਫ਼ਤਰ ‘ਚ ਝਗੜਦੀ ‘ਹੂਅ-ਹੂਅ’ ‘ਨੋਅ-ਨੋਅ’ ‘ਵਟ੍ਹਸ
ਦੈਟ?’ ਜਾਂ ‘ਵਾੲ੍ਹੀ ਇਜ਼ ਦੈਟ?’ ਅਤੇ ਮੇਜ਼ ਉੱਪਰ ਠਾਹ-ਠਾਹ ਵਜਦੀਆਂ ਮੁੱਕੀਆਂ, ਬੰਦ
ਦਰਵਾਜ਼ੇ ਦੀਆਂ ਝੀਥਾਂ ਰਾਹੀਂ ਬਾਹਰਲੀ ਹਵਾ ਨੂੰ ਝੰਜੋੜਨ ਲੱਗੇ। ਪ੍ਰਿੰਸੀਪਲ ਦੇ ਕਮੀਜ਼
ਤੋਂ ਗਰਦ ਝਾੜ ਕੇ, ਆਪਣੀ ਕਾਰ ਨੂੰ ਉਹ ਲੁਧਿਆਣੇ ਵਾਲ਼ੀ ਸੜਕ ‘ਤੇ ਪਾ ਦਿੰਦਾ।
ਮਾਰਚ ਦੇ ਚੜ੍ਹਦਿਆਂ ਹੀ, ਸਾਲਾਨਾ ਇਮਤਿਹਾਨ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਦੇ ਸਿਰਾਂ
ਅੰਦਰ ਠੋਲੇ ਮਾਰਨ ਲੱਗੇ। ਇੱਕ ਦਿਨ ਮੈਂ, ਸੁਰਿੰਦਰ, ਦਿਓਲ, ਅਤੇ ਹਰਦਿਆਲ ਸਿੰਘ ਸਟਾਫ਼ਰੂਮ
ਬੈਠੇ ਗੁਟਰਗੂੰ ਕਰ ਰਹੇ ਸਾਂ ਕਿ ਰੱਖਾ ਸਿੰਘ ਨੇ ਇੱਕ ਰਜਿਸਟਰ ਸੁਰਿੰਦਰ ਅਤੇ ਦਿਓਲ ਦੇ
ਸਾਹਮਣੇ ਪ੍ਰੋਸ ਦਿਤਾ। –ਕੋਈ ‘ਲਵ-ਲੈਟਰ’ ਜਾਪਦੈ, ਹਰਦਿਆਲ ਸਿੰਘ ਦੀਆਂ ਅੱਖਾਂ ਚਾਰ-ਚਾਰ
ਝਮਕੀਆਂ।
ਦਸਤਖ਼ਤ ਕਰਾਉਣ ਤੋਂ ਬਾਅਦ ਰੱਖਾ ਸਿੰਘ ਨੇ ਇੱਕ-ਇੱਕ ਲਿਫ਼ਾਫ਼ਾ ਦਿਓਲ ਅਤੇ ਸੁਰਿੰਦਰ ਵੱਲੀਂ
ਵਧਾਅ ਦਿੱਤਾ। ਮੇਰੀਆਂ ਅਤੇ ਹਰਦਿਆਲ ਦੀਆਂ ਸੁੰਗੜੀਆਂ ਹੋਈਆਂ ਅੱਖਾਂ, ਲਿਫ਼ਾਫਿ਼ਆਂ ਨੂੰ
ਖੋਲ੍ਹ ਰਹੀਆਂ ਉਂਗਲ਼ਾਂ ਦੀ ਥਿੜਕਣ ‘ਤੇ ਟਿਕੀਆਂ ਹੋਈਆਂ ਸਨ। ਦਿਓਲ ਤੇ ਸੁਰਿੰਦਰ ਦੀਆਂ
ਨੈਣ-ਗੋਲ਼ੀਆਂ, ਉਨ੍ਹਾਂ ਦੇ ਸਾਹਮਣੇ ਖੁਲ੍ਹੀਆਂ ਚਿੱਠੀਆਂ ਉੱਤੇ ਖੱਬਿਓਂ ਸੱਜੇ ਵੱਲ ਨੂੰ
ਗਿੜ ਰਹੀਆਂ ਸਨ ਤੇ ਜਿਓਂ ਜਿਓਂ ਇਹ ਨੈਣ-ਗੋਲੀਆਂ ਹੇਠਾਂ ਵੱਲ ਖਿਸਕੀਆਂ, ਦਿਓਲ ਅਤੇ
ਸੁਰਿੰਦਰ ਦੇ ਹੇਠਲੇ ਬੁੱਲ੍ਹ ਉਨ੍ਹਾਂ ਦੇ ਦੰਦਾਂ ਵਿਚਕਾਰ ਜਾ ਬੈਠੇ।
-ਕਿਓਂ ਸੁੱਖ ਐ? ਹਰਦਿਆਲ ਨੇ ਆਪਣੇ ਭਰਵੱਟੇ ਅੰਦਰ ਵੱਲ ਨੂੰ ਖਿਚਦਿਆਂ ਪੁੱਛਿਆ।
ਸੁਰਿੰਦਰ ਨੇ ਆਪਣਾ ਸਿਰ ਸੱਜੇ-ਖੱਬੇ ਗੇੜਿਆ।
ਦਿਓਲ ਨੇ ਚਿੱਠੀ ਨੂੰ ਤਹਿ ਕਰ ਕੇ ਮੇਜ਼ ‘ਤੇ ਟਿਕਾਇਆ।
-ਕੀ ਲਿਖਿਐ? ਮੈਂ ਆਪਣੇ ਭਰਵੱਟਿਆਂ ਨੂੰ ਉੱਪਰ ਵੱਲ ਨੂੰ ਖਿੱਚਿਆ।
ਸੁਰਿੰਦਰ ਦੀਆਂ ਅੱਖਾਂ ਦਿਓਲ ਵੱਲੀਂ ਗਿੜੀਆਂ।
-ਸੰਘਰਸ਼ ਲਈ ਤਿਆਰ ਰਹੋ! ਦਿਓਲ ਦੇ ਬੁੱਲ੍ਹ ਥਰਕੇ। –ਛੁੱਟੀਆਂ ਤੋਂ ਬਾਅਦ ਐਸ ਕਾਲਜ ‘ਚ
ਯੂਨੀਅਨ ਦੀਆਂ ਜੜ੍ਹਾਂ ਹਮੇਸ਼ਾ ਲਈ ਗੱਡੀਆਂ ਜਾਣਗੀਆਂ।
-ਪਰ ਲਿਖਿਆ ਕੀ ਐ ਚਿੱਠੀਆਂ ‘ਚ? ਹਰਦਿਆਲ ਨੇ ਅੱਗੇ ਨੂੰ ਝੁਕਦਿਆਂ ਪੁੱਛਿਆ।
-ਮੈਨਜਮੈਂਟਾਂ ਕੀ ਲਿਖਦੀਆਂ ਹੁੰਦੀਆਂ? ਦਿਓਲ ਨੇ ਤਿਊੜੀਆਂ ਨੂੰ ਕੱਸਿਆ!!
-ਕੋਈ ਗੱਲ ਨੀ, ਹਰਦਿਆਲ ਸਿੰਘ ਦੀਆਂ ਤਿਊੜੀਆਂ ਮੇਰੇ ਵੱਲ ਗਿੜੀਆਂ। –ਦਿਖਾ ਦਿਆਂਗੇ
ਮੈਨਜਮੈਂਟ ਨੂੰ ਤਾਰੇ ਸਿਖ਼ਰ ਦੁਪਹਿਰੇ!
ਸੁਰਿੰਦਰ ਤੇ ਦਿਓਲ ਵੱਲੀਂ ਝਾਕਦਿਆਂ, ਧੌਣ ਨੂੰ ਅਕੜਾਅ ਕੇ ਮੈਂ ਆਪਣੀ ਕਮੀਜ਼ ਦੇ ਕਫ਼ ਖੱਬੇ
ਕਫ਼ ਨੂੰ ਪਿਛਲੇ ਪਾਸੇ ਨੂੰ ਮੋੜਨ ਲੱਗਾ।
(ਛਪਣ-ਵਾਲ਼ੀ ਕਿਤਾਬ, ‘ਸੜਦੇ ਸਾਜ਼ ਦੀ ਸਰਗਮ’ ਦਾ ਆਖ਼ਰੀ ਅਧਿਆਇ)
-0-
|