Welcome to Seerat.ca

ਬਾਤ ਬਲਵੰਤ ਗਾਰਗੀ ਦੀ

 

- ਪ੍ਰਿੰ. ਸਰਵਣ ਸਿੰਘ

ਲੱਸੀ

 

- ਇਕਬਾਲ ਰਾਮੂਵਾਲੀਆ

ਖਾਲਸਾ ਬਨਾਮ ਖਾਲਸਾ

 

- ਹਰਜੀਤ ਅਟਵਾਲ

ਪ੍ਰੇਮ ਕੇਲਾ

 

- ਅਮਰਜੀਤ ਚੰਦਨ

ਧੁਖ਼ਦਾ ਅਗਸਤ

 

- ਸੁਖਦੇਵ ਸਿੱਧੂ

ਵਗਦੀ ਏ ਰਾਵੀ
ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ

 

- ਵਰਿਆਮ ਸਿੰਘ ਸੰਧੂ

ਇਹ ਕੁੜੀ ਸਾਡੇ ਘਰ ਵਿਆਹੁਣ ਵਾਲੀ ਨਹੀਂ ਸੀ

 

- ਬੇਅੰਤ ਗਿੱਲ ਮੋਗਾ

ਅੰਗੂਰਾਂ ਦੇ ਪੱਤਿਆ ਦੀ ਸਾਂਝ

 

- ਜੋਗਿੰਦਰ ਬਾਠ ਹੌਲੈਂਡ

ਬਣਿਆਂ ਰੋਟੀ ਦਾ ਸੀ ਮਸ੍ਹਾਂ ਜੁਗਾੜ ਮੀਆਂ

 

- ਹਰਮੰਦਰ ਕੰਗ

ਦੇਰ ਤੱਕ ਚੜ੍ਹਿਆ ਰਿਹਾ ਅਸੀਸਾਂ ਦਾ ਸਰੂਰ

 

- ਸੁਰਜੀਤ ਭਗਤ

 ਇਕ ਕਵਿਤਾ

 

- ਦਿਲ੍ਜੋਧ ਸਿੰਘ

ਗਜ਼ਲ

 

- ਗੁਰਮੀਤ ਖੋਖਰ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਹੁੰਗਾਰੇ

 

ਖਾਲਸਾ ਬਨਾਮ ਖਾਲਸਾ
- ਹਰਜੀਤ ਅਟਵਾਲ

 

ਕਈ ਲੋਕ ਭਾਈ ਬੀਰ ਸਿੰਘ ਦੀ ਫੌਜ ਨੂੰ ਵੀ ਖਾਲਸਾ ਫੌਜ ਹੀ ਕਹਿੰਦੇ ਸਨ ਜਿਵੇਂ ਕਿ ਪੰਜਾਬ ਦੀ ਫੌਜ ਨੂੰ।
ਪੰਚਾਂ ਵਲੋਂ ਕੀਤੀ ਸਾਰੀ ਕਾਰਵਾਈ ਹੀਰਾ ਸਿੰਘ ਲਈ ਬਹੁਤ ਵੱਡੀ ਵਿਸ਼ਾਦ ਭਰੀ ਸੀ। ਉਹ ਸੋਚਦਾ ਜਾ ਰਿਹਾ ਸੀ ਕਿ ਜਿਹੜੇ ਪੰਚ ਉਸ ਤੋਂ ਪੈਸੇ ਖਾ ਕੇ ਉਸ ਦੀ ਬੋਲੀ ਬੋਲਦੇ ਸਨ, ਹੁਣ ਉਸ ਦਾ ਸਿਰ ਕਲਮ ਕਰਨ ਦੀ ਧਮਕੀ ਦੇ ਰਹੇ ਸਨ। ਬੇਸ਼ੱਕ ਇਹ ਸਾਰੀ ਚੁੱਕਤ ਭਾਈ ਬੀਰ ਸਿੰਘ ਦੀ ਸੀ ਪਰ ਭਾਈ ਬੀਰ ਸਿੰਘ ਖਾਲਸਾ ਫੌਜ ਲਈ ਹੀਰਾ ਸਿੰਘ ਤੋਂ ਪਹਿਲਾਂ ਤਾਂ ਨਹੀਂ ਹੋ ਗਿਆ। ਰਿਸ਼ਵਤ ਉਹ ਖਵਾਉਂਦਾ ਰਿਹਾ ਸੀ ਤੇ ਸਾਥ ਭਾਈ ਬੀਰ ਸਿੰਘ ਦਾ; ਇਹ ਤਾਂ ਕੋਈ ਇਨਸਾਫ ਨਾ ਹੋਇਆ! ਜੱਲੇ ਉਪਰ ਖਾਲਸਾ ਫੌਜ ਨੇ ਪਾਬੰਦੀਆਂ ਲਗਾ ਦਿਤੀਆਂ ਸਨ ਤੇ ਜਵਾਹਰ ਸਿੰਘ ਨੂੰ ਕੈਦ ਵਿਚੋਂ ਰਿਹਾ ਕਰ ਦਿਤਾ ਗਿਆ ਸੀ ਤੇ ਉਹ ਮੁੜ ਦਰਬਾਰ ਵਿਚ ਆਉਣ ਲਗ ਪਿਆ ਸੀ। ਉਹ ਆਉਂਦਾ ਵੀ ਪੂਰੀ ਸ਼ਾਨ ਨਾਲ। ਕਦੇ ਕਦੇ ਤਾਂ ਹੀਰਾ ਸਿੰਘ ਦਾ ਦਿਲ ਕਰਨ ਲਗਦਾ ਕਿ ਸਭ ਕੁਝ ਛੱਡ ਛਡਾ ਕੇ ਵਾਪਸ ਜੰਮੂ ਚਲੇ ਜਾਵੇ ਪਰ ਇਹ ਵੀ ਕੋਈ ਹੱਲ ਨਹੀਂ ਸੀ। ਹੁਣ ਇਕ ਗੱਲ ਤਾਂ ਸਪੱਸ਼ਟ ਸੀ ਕਿ ਖਾਲਸਾ ਫੌਜ ਉਪਰ ਉਸ ਦਾ ਪਹਿਲੇ ਜਿਹਾ ਕਾਬੂ ਨਹੀਂ ਸੀ। ਜੱਲਾ ਉਸ ਦਾ ਦਿਲ ਰੱਖਦਾ ਹੋਇਆ ਕਹਿ ਰਿਹਾ ਸੀ,
ਰਾਜਾ ਜੀ, ਦਿਲ ਨਾ ਛੱਡੋ, ਰਾਜ ਕਰਨ ਲਈ ਸਖਤੀ ਕਰਨੀ ਪੈਂਦੀ ਏ, ਇਸੇ ਈ ਸਖਤੀ ਵਿਚੋਂ ਫੌਜ ਦੀ ਬਦ-ਹਵਾਸੀ ਨਿਕਲੀ ਏ, ਕੁਝ ਸਮਾਂ ਪਾ ਕੇ ਉਹ ਸਮਝ ਜਾਣਗੇ, ਪੈਸਿਆਂ ਦੀ ਲੋੜ ਤਾਂ ਪੰਚਾਂ ਨੂੰ ਫਿਰ ਵੀ ਪਏਗੀ, ਰਿਸ਼ਵਤ ਅਜਿਹੀ ਚੀਜ਼ ਹੁੰਦੀ ਕਿ ਇਕ ਵਾਰ ਇਸ ਦੀ ਆਦਤ ਬਣ ਜਾਏ ਤਾਂ ਹਟਦੀ ਨਹੀਂ।
ਪੰਡਤ ਜੀ, ...ਜੋ ਉਹਨਾਂ ਦੇ ਤੇਵਰ ਸਨ ਉਹ ਅਲੱਗ ਈ ਸਨ, ਲਾਲ ਸਿੰਘ ਵਰਗੇ ਵੀ ਅੱਖਾਂ ਬਦਲੀ ਖੜੇ ਸਨ।
ਰਾਜਾ ਜੀ, ਤੁਸੀਂ ਲਾਲ ਸਿੰਘ ਬਾਰੇ ਫਿਕਰ ਨਾ ਕਰੋ, ਅਜਿਹੇ ਬੰਦਿਆਂ ਦੀ ਰੀੜ ਦੀ ਹੱਡੀ ਨਹੀਂ ਹੁੰਦੀ। ਜਿਥੋਂ ਤਕ ਬਾਕੀ ਪੰਚਾਂ ਦੀ ਗੱਲ ਏ, ਕੁਝ ਦਿਨਾਂ ਦੀ ਗੱਲ ਏ, ਸਭ ਠੀਕ ਹੋ ਜਾਵੇਗਾ, ਤੁਸੀਂ ਆਪਣਾ ਕੰਮ ਕਰਦੇ ਜਾਓ, ਬਸ ਇਹੋ ਕਿ ਫੌਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖੁਸ਼ ਰੱਖੋ, ਹੁਣ ਇਹਨਾਂ ਪੰਚਾਂ ਨੂੰ ਵੀ ਆਪਸ ਵਿਚ ਪਾੜ ਕੇ ਰੱਖਣਾ ਹੋਏਗਾ।
ਜੱਲੇ ਦੀਆਂ ਗੱਲਾਂ ਉਸਦੇ ਮਨ ਨੂੰ ਬਹੁਤਾ ਧਰਵਾਸ ਨਹੀਂ ਸਨ ਦੇ ਰਹੀਆਂ। ਉਸ ਨੂੰ ਫੌਜ ਦੇ ਪੰਚ ਜ਼ਹਿਰ ਦਿਖਾਈ ਦੇ ਰਹੇ ਸਨ ਤੇ ਨਾਲ ਦੀ ਨਾਲ ਭਾਈ ਬੀਰ ਸਿੰਘ ਵੀ। ਸਭ ਕੁਝ ਆਪਣੇ ਦਿਲ ਦੀਆਂ ਡੁੰਘਾਣਾਂ ਵਿਚ ਰੱਖ ਕੇ ਉਸ ਨੇ ਖਾਲਸਾ ਫੌਜ ਦੀ ਮਰਜ਼ੀ ਮੁਤਾਬਕ ਲਹੌਰ ਦਰਬਾਰ ਦਾ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ ਤੇ ਪੰਚਾਂ ਨਾਲ ਮੁੜ ਕੇ ਸਬੰਧ ਸੁਧਰ ਲਏ ਸਨ ਜਿਵੇਂ ਕੁਝ ਹੋਇਆ ਹੀ ਨਾ ਹੋਵੇ।...
ਇਕ ਦਿਨ ਉਸ ਨੂੰ ਖਬਰ ਮਿਲੀ ਕਿ ਅਤਰ ਸਿੰਘ ਸੰਧਾਵਾਲੀਆ ਆਪਣੇ ਬੰਦੇ ਲੈ ਕੇ ਭਾਈ ਬੀਰ ਸਿੰਘ ਦੇ ਡੇਰੇ ਉਪਰ ਆ ਬੈਠਾ ਹੈ ਤੇ ਲਹੌਰ ਵਲ ਕੂਚ ਕਰਨ ਬਾਰੇ ਸੋਚ ਰਿਹਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਤਾਂ ਪਹਿਲਾਂ ਹੀ ਟੱਬਰਾਂ ਸਮੇਤ ਉਥੇ ਬੈਠੇ ਸਨ। ਪੰਚਾਂ ਵਲੋਂ ਹੀਰਾ ਸਿੰਘ ਦੀ ਕੀਤੀ ਝਾੜ-ਝੰਬ ਨੇ ਉਸ ਦੇ ਹੌਂਸਲੇ ਬੁਲੰਦ ਕਰ ਦਿਤੇ ਸਨ। ਅਤਰ ਸਿੰਘ ਸੋਚਣ ਲਗਿਆ ਕਿ ਬਦਲੇ ਹੋਏ ਹਾਲਾਤ ਮੁਤਾਬਕ ਖਾਲਸਾ ਫੌਜ ਹੀਰਾ ਸਿੰਘ ਦੇ ਖਿਲਾਫ ਉਸ ਦੀ ਮੱਦਦ ਕਰੇਗੀ। ਹੁਣ ਡੇਰੇ ਦੀ ਫੌਜ ਦੀ ਗਿਣਤੀ ਵੀ ਕਾਫੀ ਹੋ ਗਈ ਸੀ। ਵੈਸੇ ਭਾਈ ਬੀਰ ਸਿੰਘ ਆਪਣੀ ਫੌਜ ਨੂੰ ਖਾਲਸਾ ਫੌਜ ਦਾ ਹੀ ਇਕ ਹਿੱਸਾ ਮੰਨਦਾ ਸੀ। ਗੱਲ ਇਥੇ ਹੀ ਖਤਮ ਨਹੀਂ ਹੋਈ, ਰਾਜਾ ਸੁਚੇਤ ਸਿੰਘ ਦੀ ਵਿਧਵਾ ਵੀ ਡੇਰੇ ਨਾਲ ਜਾ ਰਲ਼ੀ। ਉਸ ਨੇ ਪੰਜਾਬ ਵਿਚਲੀ ਆਪਣੇ ਪਤੀ ਦੀ ਜਾਇਦਾਦ ਨਾਲ ਡੇਰੇ ਦੀ ਮੱਦਦ ਕਰਨ ਦਾ ਵਿਚਾਰ ਬਣਾ ਲਿਆ। ਹੀਰਾ ਸਿੰਘ ਨੂੰ ਪਤਾ ਚਲਿਆ ਤਾਂ ਉਹ ਤੜਫ ਉਠਿਆ। ਉਹ ਸੋਚਣ ਲਗਿਆ ਕਿ ਖਾਲਸਾ ਫੌਜ ਤਾਂ ਪਹਿਲਾਂ ਹੀ ਭਾਈ ਬੀਰ ਸਿੰਘ ਦੇ ਕਹਿਣ ਵਿਚ ਸੀ ਤੇ ਹੋ ਸਕਦਾ ਸੀ ਕਿ ਅਤਰ ਸਿੰਘ ਨੂੰ ਮੁੜ ਕੇ ਕਿਸੇ ਤਰ੍ਹਾਂ ਦਰਬਾਰ ਵਿਚ ਵਾੜਨ ਦੀ ਕੋਸਿ਼ਸ਼ ਕੀਤੀ ਜਾਵੇ। ਇਹ ਗੱਲ ਉਸ ਦੇ ਬਰਦਾਸ਼ਤ ਤੋਂ ਬਾਹਰ ਹੋਣੀ ਸੀ। ਉਸ ਨੇ ਸਾਰੀ ਗੱਲ ਜੱਲੇ ਨੂੰ ਦੱਸੀ ਤਾਂ ਉਹ ਬੋਲਿਆ,
ਰਾਜਾ ਜੀ, ਤੁਸੀਂ ਵਧੀਆ ਬੁਲਾਰੇ ਓ, ਇਹਨਾਂ ਪੰਚਾਂ ਨੂੰ ਡੇਰੇ ਤੇ ਅਤਰ ਸਿੰਘ ਦੇ ਖਿਲਾਫ ਭੜਕਾਉਣ ਦੀ ਲੋੜ ਏ।
ਉਹਨਾਂ ਦੋਨਾਂ ਨੇ ਰਲ਼ ਕੇ ਕੁਝ ਜਾਹਲੀ ਚਿੱਠੀਆਂ ਤਿਆਰ ਕੀਤੀਆਂ ਜਿਹਨਾਂ ਤੋਂ ਪਤਾ ਚਲਦਾ ਸੀ ਕਿ ਅਤਰ ਸਿੰਘ ਸੰਧਾਵਾਲੀਆ ਤੇ ਅੰਗਰੇਜ਼ ਫੌਜ ਵਿਚ ਕੋਈ ਗੁਪਤ-ਸੰਧੀ ਹੋਈ ਹੈ। ਅਜਿਹੇ ਨਕਲੀ ਦਸਤਾਵੇਜ਼ ਤਿਆਰ ਕਰਨ ਦਾ ਰਿਵਾਜ ਲਹੌਰ ਦਰਬਾਰ ਵਿਚ ਹੁਣ ਪੁਰਾਣਾ ਹੋ ਚੁਕਿਆ ਸੀ ਪਰ ਭੋਲੇ ਫੌਜੀ ਫਿਰ ਵੀ ਇਸ ਦਾ ਸੱਚ ਮੰਨ ਲਿਆ ਕਰਦੇ ਸਨ। ਕੁਝ ਦਿਨਾਂ ਵਿਚ ਹੀ ਹੀਰਾ ਸਿੰਘ ਪੂਰੀ ਤਿਆਰੀ ਕਰਕੇ ਬੁਧੂ ਕੇ ਆਵੇ ਪੁੱਜ ਗਿਆ। ਫੌਜ ਦੇ ਮੁਖੀਆਂ ਪ੍ਰਮੁੱਖ ਜਰਨੈਲਾਂ ਨੂੰ ਇਕੱਠੇ ਕਰ ਕੇ ਬੋਲਣ ਲਗਿਆ,
ਖਾਲਸਾ ਜੀ, ਮੇਰੇ ਕੋਲ ਪੁੱਖਤਾ ਸਬੂਤ ਨੇ ਕਿ ਅਤਰ ਸਿੰਘ ਫਿਰੰਗੀਆਂ ਦੀ ਮੱਦਦ ਨਾਲ ਲਹੌਰ ਤੇ ਹਮਲਾ ਕਰਨ ਆ ਰਿਹਾ ਏ, ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਹਾਂ ਕਿ ਇਹ ਉਹੋ ਸੰਧਾਵਾਲੀਏ ਸਰਦਾਰ ਨੇ ਜਿਹਨਾਂ ਨੇ ਤੁਹਾਡੀ ਤੇ ਮੇਰੀ ਸਰਕਾਰ ਦੇ ਪੁੱਤਰ ਮਹਾਂਰਾਜਾ ਸ਼ੇਰ ਸਿੰਘ ਦਾ ਕਤਲ ਕੀਤਾ ਸੀ, ਕੁੰਵਰ ਪਰਤਾਪ ਸਿੰਘ ਦਾ ਵੀ ਤੇ ਰਾਜਾ ਧਿਆਨ ਸਿੰਘ ਦਾ ਵੀ, ਇਹਨਾਂ ਦੇ ਨਾਲ ਨਾਲ ਹੋਰ ਹਜ਼ਾਰਾਂ ਸਿਪਾਹੀਆਂ ਤੇ ਸ਼ਹਿਰੀਆਂ ਦੀ ਮੌਤ ਦੀ ਜਿੰ਼ਮੇਵਾਰੀ ਇਹਨਾਂ ਉਪਰ ਏ। ਅਤਰ ਸਿੰਘ ਬਹੁਤ ਸ਼ਾਤਰ ਦਿਮਾਗ ਆਦਮੀ ਏ, ਉਸ ਨੇ ਫਿਰੰਗੀਆਂ ਨਾਲ ਵਾਅਦਾ ਕੀਤਾ ਏ ਕਿ ਜੇ ਉਸ ਨੂੰ ਵਜ਼ੀਰ ਬਣਾਇਆ ਜਾਏ ਤਾਂ ਉਹ ਪੰਜਾਬ ਦੀ ਆਮਦਨ ਦੇ ਇਕ ਰੁਪਏ ਮਗਰ ਛੇ ਆਨੇ ਉਹਨਾਂ ਨੂੰ ਦੇਵੇਗਾ। ਖਾਲਸਾ ਜੀ, ਉਸ ਨੇ ਪੰਜਾਬ ਨੂੰ ਫਿਰੰਗੀਆਂ ਪਾਸ ਵਿਕਰੀ ਤੇ ਲਾ ਦਿਤਾ ਏ, ਉਸ ਨੇ ਪੂਰੀ ਖਾਲਸਾ ਫੌਜ ਦਾ ਵਕਾਰ ਵੀ ਦਾਅ ਉਪਰ ਲਾਇਆ ਹੋਇਆ ਏ। ਉਸ ਦਾ ਮਕਸਦ ਹੌਲੀ ਹੌਲੀ ਪੰਜਾਬ ਨੂੰ ਫਿਰੰਗੀਆਂ ਹਵਾਲੇ ਕਰਨਾ ਹੈ। ਡੇਰੇ ਵਾਲੇ ਭਾਈ ਬੀਰ ਸਿੰਘ ਜੀ ਇਕ ਸ਼ਰੀਫ ਤੇ ਸੱਚੇ ਸੁੱਚੇ ਇਨਸਾਨ ਨੇ, ਅਤਰ ਸਿੰਘ ਨੇ ਉਹਨਾਂ ਨੂੰ ਵਰਗਲਾਇਆ ਹੋਇਆ ਏ, ਇਹ ਦੋਵੇਂ ਸ਼ਹਿਜ਼ਾਦੇ; ਪਿਸ਼ੌਰਾ ਸਿੰਘ ਤੇ ਕਸ਼ਮੀਰ ਸਿੰਘ ਵੀ ਅਤਰ ਸਿੰਘ ਦੇ ਹੱਥਾਂ ਵਿਚ ਖੇਡਣ ਲਗ ਪਏ ਨੇ।
ਹੀਰਾ ਸਿੰਘ ਨੇ ਭਾਈ ਬੀਰ ਸਿੰਘ ਦੀ ਤਰੀਫ ਇਸ ਲਈ ਕੀਤੀ ਕਿ ਉਸ ਨੂੰ ਪਤਾ ਸੀ ਕਿ ਫੌਜ ਦਾ ਵੱਡਾ ਹਿੱਸਾ ਭਾਈ ਬੀਰ ਸਿੰਘ ਦੇ ਖਿਲਾਫ ਕੁਝ ਨਹੀਂ ਸੁਣ ਸਕੇਗਾ। ਉਸ ਨੇ ਆਪਣੀ ਗੱਲ ਰੋਕ ਕੇ ਫੌਜ ਤੇ ਪੰਚਾਂ ਵਲ ਦੇਖਿਆ। ਉਸ ਨੂੰ ਲਗਿਆ ਕਿ ਉਸ ਦੀਆਂ ਗੱਲਾਂ ਦਾ ਅਸਰ ਹੋ ਰਿਹਾ ਹੈ। ਉਸ ਨੇ ਫਿਰ ਕਹਿਣਾ ਸ਼ੁਰੂ ਕੀਤਾ,
ਖਾਲਸਾ ਜੀ, ਮੈਂ ਭਾਈ ਬੀਰ ਸਿੰਘ ਦਾ ਪੂਰਾ ਸਤਿਕਾਰ ਕਰਦਾ ਹਾਂ ਪਰ ਇਕ ਗੱਲ ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਵਿਚ ਜੇਕਰ ਇਕ ਖਾਲਸਾ ਫੌਜ ਹੈ ਵੇ ਤੇ ਉਸ ਦੇ ਬਰਾਬਰ ਹੋਰ ਫੌਜ ਖੜੀ ਕਰਨ ਦਾ ਕੀ ਕਾਰਨ ਏ, ਇਸ ਵਕਤ ਉਹਨਾਂ ਕੋਲ ਪੰਜ ਹਜ਼ਾਰ ਸਿਪਾਹੀਆਂ ਦੀ ਫੌਜ ਏ, ਕਿਸ ਲਈ ਏ? ਅਸਲ ਵਿਚ ਇਹ ਅਤਰ ਸਿੰਘ ਤੇ ਅੰਗਰੇਜ਼ਾਂ ਦੀ ਰਲ਼ੀ ਮਿਲ਼ੀ ਸਾਜਿ਼ਸ਼ ਏ।
ਉਹ ਇਕ ਪਲ ਲਈ ਰੁਕਿਆ ਕਿ ਸ਼ਾਇਦ ਕੋਈ ਇਸ ਗੱਲ ਦਾ ਜਵਾਬ ਦੇਵੇ। ਜੇ ਕੋਈ ਜਵਾਬ ਦਿੰਦਾ ਤਾਂ ਉਸ ਕੋਲ ਉਸ ਦਾ ਪ੍ਰਤੀ-ਉਤਰ ਹਾਜ਼ਰ ਸੀ ਕਿ ਭਾਈ ਬੀਰ ਸਿੰਘ ਨੂੰ ਕਿਹਾ ਜਾਵੇ ਕਿ ਆਪਣੀ ਫੌਜ ਨੂੰ ਖਾਲਸਾ ਫੌਜ ਦਾ ਇਕ ਹਿੱਸਾ ਬਣਾ ਲਵੇ ਜਿਹੜਾ ਕਿ ਸੰਭਵ ਨਹੀਂ ਸੀ ਹੋਣਾ। ਉਸ ਨੇ ਦੁਬਾਰਾ ਆਖਣਾ ਅਰੰਭਿਆ,
ਖਾਲਸਾ ਜੀ, ਮੈਨੂੰ ਭਾਈ ਜੀ ਨਾਲ ਜਾਂ ਸ਼ਹਿਜ਼ਾਦਿਆਂ ਨਾਲ ਕੋਈ ਗਿਲਾ ਨਹੀਂ, ਪੰਜਾਬ ਲਈ ਖਤਰਾ ਏ ਸਿਰਫ ਅਤਰ ਸਿੰਘ ਸੰਧਾਵਾਲੀਆ, ਮੈਂ ਚਾਹੁੰਦਾ ਹਾਂ ਕਿ ਫੌਜ ਦੀ ਇਕ ਟੁਕੜੀ ਆਪ ਭਾਈ ਜੀ ਦੇ ਡੇਰੇ ਤੇ ਜਾਵੇ ਤੇ ਅਤਰ ਸਿੰਘ ਨੂੰ ਵਾਪਸ ਹਿੰਦੁਸਤਾਨ ਭੇਜ ਦੇਵੇ ਜਿਥੋਂ ਉਹ ਆਇਆ ਸੀ, ਨਹੀਂ ਤਾਂ ਉਸ ਨੂੰ ਕੈਦ ਕਰਕੇ ਲਹੌਰ ਲਿਆਂਦਾ ਜਾਵੇ ਤੇ ਉਸ ਉਪਰ ਮੁਕੱਦਮਾ ਚਲਾਇਆ ਜਾਵੇ।
ਕੁਝ ਲੋਕਾਂ ਨੇ ਉਸ ਨਾਲ ਸਹਿਮਤ ਹੁੰਦਿਆਂ ਹੱਥ ਖੜ੍ਹੇ ਕਰ ਦਿਤੇ। ਹੀਰਾ ਸਿੰਘ ਖੁਸ਼ ਹੁੰਦਾ ਅਗੇ ਬੋਲਿਆ,
ਖਾਲਸਾ ਜੀ, ਜੇ ਤੁਸੀਂ ਜਾਇਜ਼ ਸਮਝੋਂ ਤਾਂ ਡੇਰੇ ਬਾਰੇ ਵੀ ਤਫਤੀਸ਼ ਕੀਤੀ ਜਾਵੇ ਕਿਉਂਕਿ ਭਾਈ ਬੀਰ ਸਿੰਘ ਭਲੇ ਲੋਕ ਨੇ ਪਰ ਉਹਨਾਂ ਦੇ ਸੇਵਾਦਾਰਾਂ ਵਿਚ ਗਲਤ ਅਨਸਰ ਵੜਿਆ ਹੋਇਆ ਏ, ਉਹਨਾਂ ਵਿਚ ਬਹੁਤ ਸਾਰੇ ਫਿਰੰਗੀਆਂ ਦੇ ਜਸੂਸ ਵੀ ਨੇ। ਇਸ ਸਾਰੀ ਗੱਲ ਦੀ ਪੜਤਾਲ ਹੋਣੀ ਜਾਣੀ ਚਾਹੀਦੀ ਏ।
ਉਹ ਇਕ ਵਾਰ ਰੁਕਿਆ। ਉਸ ਦੀ ਸਾਰੀ ਗੱਲ ਬਹੁਤ ਧਿਆਨ ਨਾਲ ਸੁਣੀ ਜਾ ਰਹੀ ਸੀ। ਉਸ ਨੇ ਗੱਲ ਜਾਰੀ ਰੱਖੀ,
ਖਾਲਸਾ ਜੀ, ਸਾਡੀ ਸੂਹ ਮੁਤਾਬਕ ਇਸ ਵੇਲੇ ਡੇਰੇ ਕੋਲ ਤੇ ਅਤਰ ਸਿੰਘ ਕੋਲ ਸੱਤ ਤੋਂ ਦਸ ਹਜ਼ਾਰ ਦੀ ਗਿਣਤੀ ਤਕ ਫੌਜ ਏ। ਮੁਲਤਾਨ ਤੋਂ ਢਲਵਾਈਆਂ ਕੁਝ ਤੋਪਾਂ ਵੀ ਨੇ ਤੇ ਹੋਰ ਬਹੁਤ ਸਾਰਾ ਅਸਲਾ ਵੀ ਸੋ ਤਫਤੀਸ਼ ਕਰਨ ਜਾਣ ਲਈ ਸਾਨੂੰ ਬਹੁਤ ਧਿਆਨ ਰੱਖਣਾ ਪਵੇਗਾ, ਕਿਤੇ ਕੁਝ ਗਲਤ ਹੋ ਜਾਣ ਦੇ ਡਰੋਂ ਉਹਨਾਂ ਦੀ ਗਿਣਤੀ ਤੋਂ ਵੱਡੀ ਗਿਣਤੀ ਵਿਚ ਫੌਜ ਲੈ ਕੇ ਜਾਣੀ ਹੋਵੇਗੀ। ਖਾਲਸਾ ਜੀ, ਇਹ ਵੀ ਸੰਭਵ ਏ ਕਿ ਅਸਲੇ ਦੇ ਵੱਡੇ ਭੰਡਾਰ ਦਾ ਭਾਈ ਜੀ ਨੂੰ ਵੀ ਇਲਮ ਨਾ ਹੋਵੇ। ...ਮੈਨੂੰ ਯਕੀਨ ਏ ਕਿ ਭਾਈ ਬੀਰ ਸਿੰਘ ਜੀ ਵੀ ਇਸ ਪੜਤਾਲ ਕਰਨ ਉਪਰ ਕੋਈ ਇਤਰਾਜ਼ ਨਹੀਂ ਕਰਨਗੇ।
ਫੌਜ ਉਸ ਦੀਆਂ ਗੱਲਾਂ ਵਿਚ ਆ ਗਈ। ਜਿਹੜੇ ਪੰਚ ਖਿਲਾਫਤ ਕਰ ਸਕਦੇ ਸਨ ਉਹੋ ਇਹੋ ਸੋਚ ਰਹੇ ਸਨ ਕਿ ਇਹ ਤਾਂ ਮਹਿਜ਼ ਇਕ ਤਫਤੀਸ਼ ਹੀ ਹੈ ਤੇ ਭਾਈ ਬੀਰ ਸਿੰਘ ਨੂੰ ਵੀ ਇਸ ਦਾ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਹੀਰਾ ਸਿੰਘ ਦੇ ਕਹਿਣ ਅਨੁਸਾਰ ਫੌਜ ਦੇ ਇਕ ਦਸਤੇ ਨੂੰ ਡੇਰੇ ਭੇਜਣ ਲਈ ਤਿਆਰ ਕੀਤਾ ਜਾਣ ਲਗਿਆ। ਇਸ ਦਸਤੇ ਦੇ ਮੁਖੀ ਹੀਰਾ ਸਿੰਘ ਨੇ ਮੀਆਂ ਲਾਭ ਸਿੰਘ ਤੇ ਸਰਦਾਰ ਸੱਜਣ ਸਿੰਘ ਨੂੰ, ਜਿਹੜੇ ਅਤਰ ਸਿੰਘ ਦੇ ਕੱਟੜ ਵਿਰੋਧੀ ਸਨ, ਨੂੰ ਬਣਾਇਆ। ਮਹਿਤਾਬ ਸਿੰਘ ਮਜੀਠੀਆ, ਗੁਲਾਬ ਸਿੰਘ ਕੱਲਕੱਤੀਆ, ਸ਼ੇਖ ਇਮਾਮੂਦੀਨ ਤੇ ਦੀਵਾਨ ਜਵਾਹਰ ਮੱਲ ਦੀ ਫੌਜ ਦੇ ਨਾਲ ਨਾਲ ਹੀਰਾ ਸਿੰਘ ਨੇ ਦੋ ਦਰਬਾਰੀ ਵੀ ਭੇਜੇ ਉਹ ਵੀ ਅਜਿਹੇ ਜਿਹੜੇ ਅਤਰ ਸਿੰਘ ਨੂੰ ਨਫਰਤ ਕਰਦੇ ਸਨ। ਫੌਜ ਦੇ ਇਹ ਦਸਤੇ ਮਹਿਜ਼ ਦਸਤੇ ਨਹੀਂ ਸਨ ਬਲਕਿ ਪੂਰੀ ਫੌਜ ਹੀ ਸੀ। ਇਸ ਦੀ ਨਫਰੀ ਵੀਹ ਹਜ਼ਾਰ ਸੀ ਪਰ ਬਹੁਤ ਹੀ ਚਲਾਕੀ ਵਰਤਦਿਆਂ ਇਸ ਹਿਸਾਬ ਨਾਲ ਭੇਜੀ ਗਈ ਕਿ ਗਿਣਤੀ ਵਿਚ ਨਾ ਆ ਸਕੇ। ਫੌਜ ਦੇ ਨਾਲ ਹੀ ਆਧੁਨਿਕ ਹਥਿਆਰ ਤੇ ਤੋਪਾਂ ਵੀ ਭੇਜੀਆਂ ਗਈਆਂ। ਫੌਜ ਵਿਚ ਜਿ਼ਆਦਾਤਰ ਮੁਸਲਮਾਨ ਤੇ ਡੋਗਰੇ ਹੀ ਸਨ। ਲਹੌਰ ਤੋਂ ਤੁਰਨ ਤੋਂ ਪਹਿਲਾਂ ਹੀਰਾ ਸਿੰਘ ਸੱਜਣ ਸਿੰਘ ਨੂੰ ਮਿਲਿਆ ਤੇ ਕਿਹਾ,
ਸਰਦਾਰ ਜੀ, ਤੁਸੀਂ ਮੇਰਾ ਕੰਮ ਕਰ ਦਿਓ ਤੇ ਮੈਂ ਤੁਹਾਨੂੰ ਖੁਸ਼ ਕਰ ਦੇਵਾਂਗਾ।
ਸੱਜਣ ਸਿੰਘ ਨੂੰ ਖੁਸ਼ ਕਰਨ ਦੇ ਮਤਲਵ ਦਾ ਪਤਾ ਹੀ ਸੀ। ਉਹ ਫੌਜ ਦੀ ਅਗਵਾਈ ਕਰਦਾ ਹੋਇਆ ਕੁਝ ਦਿਨਾਂ ਬਾਅਦ ਡੇਰੇ ਜਾ ਪੁਜਿਆ। ਸਾਰੀ ਫੌਜ ਨੇ ਡੇਰਾ ਘੇਰ ਲਿਆ। ਭਾਈ ਬੀਰ ਸਿੰਘ ਇੰਨੀ ਫੌਜ ਦੇਖ ਕੇ ਹੈਰਾਨ ਰਹਿ ਗਿਆ। ਕੁੰਵਰ ਪਿਸ਼ੌਰਾ ਸਿੰਘ ਤਾਂ ਉਸੇ ਵੇਲੇ ਮੌਕਾ ਪਾ ਕੇ ਦੌੜ ਗਿਆ ਤੇ ਸਤਲੁਜ ਪਾਰ ਕਰਕੇ ਉਸ ਨੇ ਅੰਗਰੇਜ਼ਾਂ ਤੋਂ ਜਾ ਕੇ ਪਨਾਹ ਮੰਗ ਲਈ ਤੇ ਅੰਗਰੇਜ਼ਾਂ ਨੇ ਪਨਾਹ ਦੇ ਵੀ ਦਿਤੀ। ਕੁੰਵਰ ਕਸ਼ਮੀਰਾ ਸਿੰਘ ਡੇਰੇ ਵਿਚ ਹੀ ਰਿਹਾ। ਡੇਰੇ ਦੀ ਫੌਜ ਮੁਕਾਬਲਾ ਕਰਨ ਦੀ ਤਿਆਰੀ ਕਰਨ ਲਗੀ ਪਰ ਭਾਈ ਬੀਰ ਸਿੰਘ ਹਾਲੇ ਸ਼ਾਂਤ ਨਜ਼ਰ ਆ ਰਿਹਾ ਸੀ। ਅਤਰ ਸਿੰਘ ਦੀ ਫੌਜ ਨੇ ਲੜਨ ਲਈ ਮੋਰਚਾਬੰਦੀ ਕਰਨੀ ਅਰੰਭ ਕਰ ਲਈ। ਅਤਰ ਸਿੰਘ ਦਾ ਸਾਹਮਣੇ ਖੜੀ ਫੌਜ ਵਲ ਦੇਖ ਕੇ ਖੂਨ ਖੌਲਣ ਲਗ ਪਿਆ ਸੀ। ਇਹੋ ਉਹ ਫੌਜ ਸੀ ਜਿਸ ਨੇ ਉਸ ਦੇ ਪੁੱਤਰ ਤੇ ਭਰਾ ਨੂੰ ਮਾਰਿਆ ਸੀ। ਉਹ ਲੜਾਈ ਕਰਨੀ ਚਾਹੁੰਦਾ ਸੀ, ਸਾਹਮਣੇ ਦੁਸ਼ਮਣ ਭਾਵੇਂ ਕਿੱਡਾ ਵੀ ਸੀ ਇਸ ਗੱਲ ਦੀ ਉਸ ਨੂੰ ਪਰਵਾਹ ਨਹੀਂ ਸੀ। ਭਾਈ ਬੀਰ ਸਿੰਘ ਲੜਾਈ ਦੇ ਹੱਕ ਵਿਚ ਨਹੀਂ ਸੀ। ਉਸ ਨੂੰ ਤਾਂ ਖਾਲਸਾ ਫੌਜ ਵੀ ਆਪਣੀ ਹੀ ਜਾਪਦੀ ਸੀ। ਉਹ ਆਪ ਜਾ ਕੇ ਸੱਜਣ ਸਿੰਘ ਨੂੰ ਮਿਲਿਆ ਤੇ ਕਹਿਣ ਲਗਿਆ,
ਸਰਦਾਰ ਜੀ, ਇਹ ਗੱਲ ਕੀ ਏ, ਖਾਲਸਾ ਫੌਜ ਈ ਖਾਲਸਾ ਫੌਜ ਦੇ ਖਿਲਾਫ ਆ ਖੜੀ ਏ, ਕਿਉਂ?
ਭਾਈ ਜੀ, ਤੁਹਾਡੇ ਡੇਰੇ ਵਿਚ ਅਤਰ ਸਿੰਘ ਨੇ ਸ਼ਰਣ ਲਈ ਹੋਈ ਏ ਜੋ ਫਿਰੰਗੀਆਂ ਨਾਲ ਰਲ਼ ਕੇ ਪੰਜਾਬ ਖਿਲਾਫ ਬਗਾਵਤ ਕਰਨ ਲਈ ਤੁਹਾਡੇ ਡੇਰੇ ਨੂੰ ਅੱਡਾ ਬਣਾ ਰਿਹਾ ਏ, ਉਸ ਨੂੰ ਸਾਡੇ ਹਵਾਲੇ ਕਰ ਦਿਓ, ਅਸੀਂ ਉਸ ਨੂੰ ਲੈ ਕੇ ਚੁੱਪ ਚਾਪ ਵਾਪਸ ਚਲੇ ਜਾਵਾਂਗੇ।
ਸੱਜਣ ਸਿੰਘ, ਮੈਂ ਖਾਲਸਾ ਫੌਜ ਦਾ ਹਿੱਸਾ ਰਿਹਾਂ ਤੇ ਹਾਲੇ ਵੀ ਸਮਝ ਰਿਹਾਂ। ...ਤੁਸੀਂ ਇਹ ਗੱਲ ਠੀਕ ਨਹੀਂ ਕਰ ਰਹੇ।
ਭਾਈ ਜੀ, ਤੁਹਾਡੇ ਵਡੱਪਣ ਦੀ ਅਸੀਂ ਵੀ ਕਦਰ ਕਰਦੇ ਹਾਂ, ਅਸੀਂ ਆਏ ਤਾਂ ਡੇਰੇ ਵਿਚਲੇ ਅਸਲੇ ਦੀ ਤਫਤੀਸ਼ ਕਰਨ ਹਾਂ ਪਰ ਇਸ ਵੇਲੇ ਸਾਨੂੰ ਸਿਰਫ ਅਤਰ ਸਿੰਘ ਚਾਹੀਦਾ ਏ ਹੋਰ ਕੁਝ ਨਹੀਂ।
ਭਾਈ ਬੀਰ ਸਿੰਘ ਨੇ ਆ ਕੇ ਸਾਰੀ ਗੱਲ ਅਤਰ ਸਿੰਘ ਨੂੰ ਦੱਸੀ ਤਾਂ ਅਤਰ ਸਿੰਘ ਭੜਕਦਾ ਹੋਇਆ ਬੋਲਿਆ,
ਭਾਈ ਜੀ, ਇਹ ਕਿਵੇਂ ਹੋ ਸਕਦਾ ਏ, ਤੁਸੀਂ ਮੈਨੂੰ ਦੁਸ਼ਮਣ ਦੇ ਹੱਥ ਕਿਵੇਂ ਦੇ ਸਕਦੇ ਹੋ?
ਸਰਦਾਰ ਜੀ, ਮੈਂ ਇਸ ਟਕਰਾ ਨੂੰ ਟਾਲਣਾ ਚਾਹੁੰਦਾ ਹਾਂ, ਬਿਨਾਂ ਕਾਰਨ ਦਾ ਖੂਨ ਖਰਾਬ ਮੈਨੂੰ ਚੰਗਾ ਨਹੀਂ ਲਗਦਾ।
ਭਾਈ ਜੀ, ਉਹੀ ਜਿ਼ਆਦਤੀ ਕਰਨ ਆਏ ਨੇ ਪਰ ਡਰੋ ਨਾ, ਅਸੀਂ ਵੀ ਪੂਰੀ ਤਾਕਤ ਵਿਚ ਹਾਂ, ਦੁਸ਼ਮਣ ਦੇ ਦੰਦ ਖੱਟੇ ਕਰਕੇ ਵਾਪਸ ਭੇਜਾਂਗੇ।
ਸਰਦਾਰ ਅਤਰ ਸਿੰਘ ਜੀ, ਮੈਨੂੰ ਲੜਾਈ ਤੋਂ ਡਰ ਨਹੀਂ ਲਗਦਾ ਪਰ ਲੜਨ ਤੋਂ ਪਹਿਲਾਂ ਮੈਂ ਇਕ ਵਾਰ ਖਾਲਸਾ ਫੌਜ ਦੇ ਪੰਚਾਂ ਨਾਲ ਗੱਲ ਕਰਨੀ ਚਾਹਾਂਗਾ, ਮੇਰਾ ਮਕਸਦ ਪੰਜਾਬ ਦੀ ਸੇਵਾ ਏ ਜਿਵੇਂ ਬਾਕੀ ਖਾਲਸਾ ਫੌਜ ਦਾ, ਇਹ ਲੜਾਈ ਜਾਇਜ਼ ਨਹੀਂ ਏ।
ਭਾਈ ਜੀ, ਜਿਉਂਦੇ ਨੂੰ ਮੈਨੂੰ ਇਹ ਨਹੀਂ ਲੈ ਕੇ ਜਾ ਸਕਦੇ, ਹੱਥ ਇਹਨਾਂ ਦੇ ਮੈਂ ਲੜਾਈ ਤੋਂ ਬਾਅਦ ਈ ਆਵਾਂਗਾ ਸੋ ਲੜਾਈ ਇਕੋ ਇਕ ਰਾਹ ਏ।
ਭਾਈ ਬੀਰ ਸਿੰਘ ਦੋਨੋ ਪਾਸੇ ਘੇਰਿਆ ਗਿਆ ਸੀ। ਖਾਲਸਾ ਫੌਜ ਨਾਲ ਲੜਨਾ ਉਸ ਨੂੰ ਸਹੀ ਨਹੀਂ ਸੀ ਲਗ ਰਿਹਾ ਤੇ ਅਤਰ ਸਿੰਘ ਨੂੰ ਜਿਉਂਦੇ ਜੀਅ ਉਹਨਾਂ ਦੇ ਹੱਥ ਦੇ ਦੇਣਾ ਵੀ ਬਹੁਤ ਗਲਤ ਸੀ। ਉਸ ਨੇ ਜਾ ਕੇ ਸੱਜਣ ਸਿੰਘ ਨੂੰ ਸਾਰੀ ਗੱਲ ਦਸ ਦਿਤੀ ਪਰ ਸੱਜਣ ਸਿੰਘ ਅਤਰ ਸਿੰਘ ਨੂੰ ਹਰ ਹਾਲਤ ਵਿਚ ਲਹੌਰ ਲੈ ਜਾਣ ਲਈ ਬਾਜਿ਼ਦ ਸੀ; ਜਿਉਂਦਾ ਜਾਂ ਮੁਰਦਾ। ਯੁੱਧ ਸਾਹਮਣੇ ਖੜਾ ਸੀ। ਇਸ ਸਥਿਤੀ ਨੂੰ ਟਾਲਣ ਦਾ ਕੋਈ ਰਾਹ ਨਜ਼ਰ ਨਹੀਂ ਸੀ ਆ ਰਿਹਾ। ਭਾਈ ਬੀਰ ਸਿੰਘ ਵਿਚੋਲਾ ਬਣ ਕੇ ਦੋਨੋਂ ਪਾਸੇ ਸੁਲਾਹ ਕਰਾਉਣ ਦੀ ਕੋਸਿ਼ਸ਼ ਕਰਨ ਲਗਿਆ। ਉਸ ਨੇ ਸੱਜਣ ਸਿੰਘ ਮੁਹਰੇ ਇਕ ਤਜਵੀਜ਼ ਰੱਖੀ,
ਸੱਜਣ ਸਿੰਘ ਜੀ, ਇਸ ਲੜਾਈ ਨੂੰ ਬਚਾਉਣ ਦਾ ਇਕ ਤਰੀਕਾ ਏ, ਮੈਂ ਅਤਰ ਸਿੰਘ ਨੂੰ ਵਾਪਸ ਹਿੰਦੁਸਤਾਨ ਭੇਜ ਦਿੰਨਾਂ, ਇਹਦੇ ਨਾਲ ਤੁਹਾਡੀ ਵੀ ਰਹਿ ਜਾਵੇਗੀ, ਲੜਾਈ ਵੀ ਟਲ਼ ਜਾਵੇਗੀ ਤੇ ਫਿਰ ਮੈਂ ਲਹੌਰ ਆ ਕੇ ਸਭ ਨਾਲ ਗੱਲ ਕਰਾਂਗਾ ਤੇ ਇਸ ਬਾਰੇ ਵਿਚਾਰ ਕਰਾਂਗਾ।
ਸੱਜਣ ਸਿੰਘ ਸੋਚਾਂ ਵਿਚ ਪੈ ਗਿਆ। ਵੈਸੇ ਤਾਂ ਹੀਰਾ ਸਿੰਘ ਨੇ ਬੁਧੂ ਕੇ ਆਵੇ ਆ ਕੇ ਇਹੋ ਉਦੇਸ਼ ਸਭ ਦੇ ਸਾਹਮਣੇ ਰਖਿਆ ਸੀ ਕਿ ਅਤਰ ਸਿੰਘ ਸੰਧਾਵਾਲੀਆ ਨੂੰ ਵਾਪਸ ਹਿੰਦੁਸਤਾਨ ਭੇਜ ਦਿਤਾ ਜਾਵੇ। ਅਤਰ ਸਿੰਘ ਦਾ ਖਾਤਮਾ ਤਾਂ ਉਸ ਦਾ ਤੇ ਹੀਰਾ ਸਿੰਘ ਦਾ ਗੁਪਤ ਸਮਝੌਤਾ ਸੀ ਤੇ ਇਸ ਦੇ ਬਦਲੇ ਉਸ ਨੂੰ ਬਹੁਤ ਸਾਰੇ ਤੋਹਫੇ ਮਿਲਣੇ ਸਨ। ਕੋਈ ਹੋਰ ਰਾਹ ਨਾ ਦੇਖ ਕੇ ਸੱਜਣ ਸਿੰਘ ਨੇ ਵੀ ਸੋਚਿਆ ਕਿ ਜੇ ਇਵੇਂ ਤਾਂ ਇਵੇਂ ਹੀ ਸਹੀ। ਘੱਟੋ ਘੱਟ ਲੜਾਈ ਤਾਂ ਟਲ਼ਦੀ ਹੈ। ਉਸ ਸਹਿਮਤ ਹੋ ਗਿਆ।
ਅਤਰ ਸਿੰਘ ਫੌਜ ਦੇ ਸਾਹਮਣੇ ਹੀ ਖੜਾ ਸੀ। ਭਾਵੇਂ ਭਾਈ ਬੀਰ ਸਿੰਘ ਦੀ ਸੱਜਣ ਸਿੰਘ ਤੇ ਦੋ ਦਰਬਾਰੀਆਂ ਵਿਚਕਾਰ ਹੋ ਰਹੀ ਗੱਲਬਾਤ ਉਸ ਨੂੰ ਸੁਣ ਨਹੀਂ ਸੀ ਰਹੀ ਪਰ ਉਹ ਦੇਖ ਸਭ ਕੁਝ ਰਿਹਾ ਸੀ। ਜਦ ਦੋਨੋਂ ਧਿਰਾਂ ਨੇ ਨਤੀਜੇ ਤੇ ਪੁੱਜਣ ਦੀ ਖੁਸ਼ੀ ਵਿਚ ਜੈਕਾਰੇ ਛੱਡੇ ਤਾਂ ਅਤਰ ਸਿੰਘ ਨੂੰ ਜਾਪਿਆ ਕਿ ਭਾਈ ਬੀਰ ਸਿੰਘ ਨੇ ਉਸ ਨੂੰ ਉਹਨਾਂ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਹੈ। ਉਸ ਦੇ ਸਬਰ ਦਾ ਬੰਨ ਤਾਂ ਪਹਿਲਾਂ ਹੀ ਟੁੱਟਣ ਕਿਨਾਰੇ ਸੀ, ਉਸ ਨੇ ਆਪਣੇ ਸਿਪਾਹੀਆਂ ਨੂੰ ਹਮਲੇ ਦਾ ਹੁਕਮ ਦੇ ਦਿਤਾ। ਸਿਪਾਹੀਆਂ ਨੇ ਹੁਕਮ ਮਿਲਦਿਆਂ ਹੀ ਗੋਲ-ਬਾਰੀ ਸ਼ੁਰੂ ਕਰ ਦਿਤੀ। ਇਸ ਵਿਚ ਇਕ ਦਰਬਾਰੀ ਮਾਰਿਆ ਗਿਆ। ਇਹ ਦੇਖ ਕੇ ਸੱਜਣ ਸਿੰਘ ਨੇ ਵੀ ਡੇਰੇ ਉਪਰ ਹਮਲੇ ਦਾ ਹੁਕਮ ਦੇ ਦਿਤਾ। ਦੋਨਾਂ ਪਾਸਿਆਂ ਤੋਂ ਘਮਸਾਨ ਯੁੱਧ ਹੋਇਆ। ਭਾਈ ਬੀਰ ਸਿੰਘ ਦੀ ਲੱਤ ਵਿਚ ਗੋਲੀ ਵੱਜੀ ਤੇ ਉਹ ਤਾਂ ਉਥੇ ਥਾਂਵੇਂ ਹੀ ਢੇਰ ਹੋ ਗਿਆ। ਪੂਰਾ ਇਕ ਘੜੀ ਯੁੱਧ ਚਲਿਆ। ਅਤਰ ਸਿੰਘ, ਕੁੰਵਰ ਕਸ਼ਮੀਰਾ ਸਿੰਘ ਵੀ ਮਾਰੇ ਗਏ। ਇਹਨਾਂ ਤੋਂ ਬਿਨਾਂ ਹੋਰ ਵੀ ਸੈਂਕੜੇ ਸਿਪਾਹੀ ਦੋਨਾਂ ਪਾਸਿਆਂ ਤੋਂ ਜਾਨ ਗੁਆ ਬੈਠੇ। ਧਰਤੀ ਖੂਨ ਨਾਲ ਸਿੰਜੀ ਗਈ। ਯੁੱਧ ਤੋਂ ਬਾਅਦ ਜਦ ਭਾਈ ਬੀਰ ਸਿੰਘ ਦੀ ਲਾਸ਼ ਦੇਖੀ ਤਾਂ ਖਾਲਸਾ ਫੌਜ ਦੇ ਬਹੁਤ ਸਾਰੇ ਸਿਪਾਹੀ ਰੋਣ ਲਗੇ। ਪਛਤਾਉਣ ਲਗੇ ਕਿ ਉਹਨਾਂ ਨੇ ਤਾਂ ਆਪਣੇ ਹੀ ਗੁਰੂ ਨੂੰ ਹੀ ਮਾਰ ਦਿਤਾ ਹੈ। ਡੇਰੇ ਤੋਂ ਫੌਜ ਵਾਪਸ ਆਪਣੀ ਛਾਉਣੀ ਵਿਚ ਮੁੜ ਆਈ ਪਰ ਸਾਰੀ ਫੌਜ ਹੀ ਉਦਾਸ ਸੀ। ਬਾਕੀ ਦੀ ਫੌਜ ਨੂੰ ਵੀ ਭਾਈ ਬੀਰ ਸਿੰਘ ਦੀ ਮੌਤ ਬਾਰੇ ਪਤਾ ਚਲਿਆ ਉਸ ਵੀ ਗਮ ਵਿਚ ਡੁੱਬ ਗਈ।...
ਇਹ ਘਟਨਾ ਇਕ ਵਾਰ ਫਿਰ ਲੋਕਾਂ ਨੂੰ ਉਦਾਸ ਕਰ ਗਈ। ਲਹੌਰ ਸ਼ਹਿਰ ਵਿਚ ਹੀ ਨਹੀਂ ਪੂਰਾ ਪੰਜਾਬ ਹੀ ਇਸ ਘਟਨਾ ਨੂੰ ਮੰਦਭਾਗੀ ਕਹਿ ਰਿਹਾ ਸੀ। ਬਹੁਤ ਸਾਰੇ ਪਰਿਵਾਰ ਦੇ ਲੋਕ ਦੋਹਾਂ ਫੌਜਾਂ ਵਿਚ ਸਨ। ਜਿਵੇਂ ਕਿ ਨੱਥ ਸਿੰਘ ਦੀ ਵੱਡੀ ਘਰਵਾਲੀ ਨਾਮੀ ਦਾ ਇਕ ਭਰਾ ਡੇਰੇ ਵਿਚ ਮਾਰਿਆ ਗਿਆ ਤੇ ਇਕ ਭਰਾ ਖਾਲਸਾ ਫੌਜ ਵਲੋਂ ਡੇਰੇ ਉਪਰ ਚੜ੍ਹਾਈ ਕਰ ਕੇ ਗਿਆ ਹੋਇਆ ਸੀ। ਉਸ ਦਿਨ ਸਰਦਾਰ ਨੱਥਾ ਸਿੰਘ ਮੁਕੇਰੀਆਂ ਤੋਂ ਆਪਣੇ ਸਾਲੇ ਸੁਰਾਇਣ ਸਿੰਘ ਦੇ ਭੋਗ ਤੋਂ ਵਾਪਸ ਆਇਆ ਹੀ ਸੀ ਕਿ ਬਹੁਤ ਸਾਰੇ ਲੋਕ ਉਸ ਦੀ ਹਵੇਲੀ ਵਿਚ ਦੁੱਖ ਸਾਂਝਾ ਕਰਨ ਲਈ ਇਕੱਠੇ ਹੋ ਗਏ। ਹਵੇਲੀ ਦੇ ਬਰਾਮਦੇ ਵਿਚ ਅਫਸੋਸ ਕਰਨ ਲਈ ਆਉਣ ਵਾਲਿਆਂ ਲਈ ਚਾਦਰ ਵਿਛਾਈ ਹੋਈ ਸੀ ਤੇ ਪੰਜਤਾਲੀ-ਪੰਜਾਹ ਕੁ ਬੰਦੇ ਬੈਠੇ ਵੀ ਸਨ। ਚੌਧਰੀ ਅਮਾਨਤ ਅਲੀ ਕਹਿ ਰਿਹਾ ਸੀ,
ਦੇਖੋ ਜੀ, ਲੜਾਈ ਵਿਚ ਜਾਨਬਹੱਕ ਹੋਣਾ ਤੇ ਇਕ ਗੱਲ ਏ ਪਰ ਭਰਾ ਦਾ ਭਰਾ ਹੱਥੋਂ ਮਾਰਿਆ ਜਾਣਾ ਦੂਜੀ ਗੱਲ, ਇਹ ਡੋਗਰੇ ਨੇ ਬਹੁਤ ਵੱਡੀ ਗੱਲਤੀ ਕੀਤੀ ਏ।
ਗੱਲ ਏ ਵੇ ਚੌਧਰੀ ਜੀ, ਡੋਗਰੇ ਤਾਂ ਪੰਜਾਬ ਦੇ ਪਹਿਲੇ ਦਿਨ ਤੋਂ ਈ ਦੁਸ਼ਮਣ ਸਨ ਪਰ ਹੀਰਾ ਸਿੰਘ ਤਾਂ ਬਹੁਤ ਈ ਘਟੀਆ ਦੁਸ਼ਮਣ ਏ।
ਲਾਲਾ ਸ਼ਾਮ ਸੁੰਦਰ ਜੀ, ਡੋਗਰਿਆਂ ਦੇ ਨਾਲ ਨਾਲ ਖਾਲਸਾ ਫੌਜ ਵੀ ਓਨੀ ਈ ਕਸੂਰਵਾਰ ਏ, ਉਹਨਾਂ ਇਸ ਹਮਲੇ ਦੀ ਇਜਾਜ਼ਤ ਹੀ ਕਿਉਂ ਦਿਤੀ? ਪਹਿਲਾਂ ਭਾਈ ਬੀਰ ਸਿੰਘ ਨਾਲ ਗੱਲ ਕਰਦੇ। ਚੌਧਰੀ ਅਮਾਨਤ ਅਲੀ ਨੇ ਆਖਿਆ ਤੇ ਲਾਲਾ ਜਵਾਬ ਦਿੰਦਾ ਬੋਲਿਆ
ਇਹ ਵੀ ਠੀਕ ਏ ਚੌਧਰੀ ਜੀ, ...ਦੇਖੋ ਕਿੰਨੇ ਨਹੱਕੇ ਲੋਕ ਮਾਰੇ ਗਏ ਨੇ।
ਲਾਲਾ ਜੀ, ਨਹੱਕੇ ਲੋਕ ਤਾਂ ਉਸ ਦਿਨ ਤੋਂ ਈ ਮਰ ਰਹੇ ਸਨ ਜਿਸ ਦਿਨ ਸਰਕਾਰ ਇਸ ਫਾਨੀ ਦੁਨੀਆਂ ਤੋਂ ਤੁਰ ਗਏ, ਉਹਨਾਂ ਦੇ ਰਾਜ ਵਿਚ ਇਕ ਵੀ ਫਾਂਸੀ ਨਹੀਂ ਲਗੀ, ਹਰ ਸਭ ਨੂੰ ਇਕ-ਬਰਾਬਰ ਸਮਝਿਆ ਗਿਆ, ਉਹਨਾਂ ਤੋਂ ਬਾਅਦ ਤਾਂ ਭਰਾ ਨੇ ਭਰਾ ਨੂੰ ਬਰਾਬਰ ਨਹੀਂ ਸਮਝਿਆ ਤਾਂ ਹੋਰ ਕਿਸੇ ਨੇ ਕੀ ਸਮਝਣਾ ਏਂ।
ਇਹ ਤਾਂ ਪੰਜਾਬ ਨੂੰ ਪ੍ਰਮਾਤਮਾ ਵਲੋਂ ਕੋਈ ਸਰਾਪ ਮਿਲਿਆ ਹੋਇਆ ਏ, ਨਹੀਂ ਤਾਂ ਏਨੀ ਕਤਲੋ-ਗਾਰਤ ਕੀ ਕਹਿ!
ਇਸ ਬੈਠਕ ਵਿਚ ਹੀ ਬੈਠੇ ਮੁਨਸ਼ੀ ਰਲ਼ਾ ਰਾਮ ਨੇ ਕਿਹਾ। ਉਸ ਦੇ ਨਾਲ ਹੀ ਲਾਲਾ ਸ਼ਾਮ ਸੁੰਦਰ ਬੋਲ ਉਠਿਆ,
ਇਹ ਗੱਲ ਸੱਚ ਏ ਜੀ। ਤੁਹਾਨੂੰ ਯਾਦ ਹੋਵੇਗਾ ਕਿ ਸਰਕਾਰ ਦੇ ਪੂਰੇ ਹੋਣ ਸਮੇਂ ਕਿੰਨੀ ਹਨੇਰੀ ਆਈ ਸੀ, ਫਿਰ ਖੜਕ ਸਿੰਘ ਵੇਲੇ ਬੇਮੌਸਮੀ ਅਹਿਣ ਏਨੀ ਪਈ ਕਿ ਪਹਿਲਾਂ ਨਹੀਂ ਸੀ ਦੇਖੀ, ਫਿਰ ਟਿੱਡੀਦਲ ਵਲੋਂ ਫਸਲਾਂ ਦਾ ਸਫਾਇਆ ਕਰ ਦੇਣਾ, ਖੜਕ ਸਿੰਘ ਦੇ ਦਾਗਾਂ ਵੇਲੇ ਦਰਖਤ ਦਾ ਬਿਨਾਂ ਕਿਸੇ ਕਾਰਣ ਡਿਗਣਾ, ਦਰਵਾਜ਼ੇ ਦਾ ਢਹਿ ਪੈਣਾ ਤੇ ਇਵੇਂ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਸਰਾਪ ਦੀਆਂ, ...ਵਾਕਿਆ ਈ ਪੰਜਾਬੀਆਂ ਨੂੰ ਕਿਸੇ ਗੁਨਾਹ ਦੀ ਸਜ਼ਾ ਮਿਲ ਰਹੀ ਏ।
ਕੋਲ ਬੈਠੇ ਸਰਦਾਰ ਚਾਨਣ ਸਿੰਘ ਨੇ ਸੋਚਿਆ ਕਿ ਗੱਲ ਅਫਸੋਸ ਤੋਂ ਬਾਹਰ ਜਾ ਰਹੀ ਹੈ, ਉਸ ਨੇ ਗੱਲ ਨੂੰ ਸਹੀ ਮੁੱਦੇ ਵਲ ਲਿਆਉਂਦਿਆਂ ਨੱਥਾ ਸਿੰਘ ਨੂੰ ਪੁੱਛਿਆ,
ਸਰਦਾਰ ਜੀ, ਅਮਰ ਸਿੰਘ, ਤੁਹਾਡਾ ਦੂਜਾ ਸਾਲਾ ਭਾਈ ਵੀ ਭੋਗ ਤੇ ਹਾਜ਼ਰ ਹੋਏਗਾ?
ਜੀ, ਅਮਰ ਸਿੰਘ ਵੀ ਹਾਜ਼ਰ ਸੀ, ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਸੁਰਾਇਣ ਸਿੰਘ ਡੇਰੇ ਦਾ ਸੇਵਾਦਾਰ ਏ, ਜੇ ਪਤਾ ਵੀ ਹੁੰਦਾ ਤਾਂ ਸ਼ਾਇਦ ਇਹੋ ਕੁਝ ਹੁੰਦਾ। ਸੱਜਣ ਸਿੰਘ ਨੇ ਹੀਰਾ ਸਿੰਘ ਤੋਂ ਪੈਸੇ ਖਾਧੇ ਹੋਏ ਸਨ ਤੇ ਉਸ ਦਾ ਤਾਂ ਮਕਸਦ ਈ ਡੇਰਾ ਖਤਮ ਕਰਨਾ ਸੀ। ਸਰਦਾਰ ਜੀ, ਸੱਚ ਜਾਣਿਓਂ, ਅਮਰ ਸਿੰਘ ਦਾ ਦੁੱਖ ਤਾਂ ਦੇਖਿਆ ਈ ਨਹੀਂ ਸੀ ਜਾਂਦਾ।
ਸਰਦਾਰ ਜੀ, ਬਹੁਤ ਹੀ ਅਫਸੋਸ ਵਾਲੀ ਗੱਲ ਏ ਪਰ ਕੀਤਾ ਕੀ ਜਾਵੇ, ਉਪਰ ਵਾਲੇ ਅਗੇ ਬੰਦੇ ਦਾ ਕੋਈ ਜ਼ੋਰ ਵੀ ਨਹੀਂ ਚਲਦਾ।
ਨੱਥਾ ਸਿੰਘ ਤੋਂ ਪਹਿਲਾਂ ਹੀ ਲਾਲ ਸ਼ਾਮ ਸੁੰਦਰ ਕਹਿਣ ਲਗਿਆ,
ਪ੍ਰਮਾਤਮਾ ਦਾ ਜ਼ੋਰ ਤਾਂ ਬੰਦਾ ਉਹਦੀ ਰਜ਼ਾ ਸਮਝ ਕੇ ਝੱਲ ਲੈਂਦਾ ਏ ਪਰ ਬੰਦੇ ਵਲੋਂ ਬੰਦੇ ਉਪਰ ਕੀਤਾ ਜ਼ੋਰ ਝੱਲਣਾ ਔਖਾ ਹੋ ਜਾਂਦਾ ਏ।
ਲਾਲਾ ਜੀ, ਇਹ ਵੀ ਰੱਬ ਈ ਕਰਾਉਂਦਾ ਏ, ਬੰਦਾ ਕੌਣ ਹੁੰਦਾ ਏ ਕਰਨ ਵਾਲਾ।
ਚਾਨਣ ਸਿੰਘ ਨੇ ਜਵਾਬ ਵਿਚ ਕਿਹਾ ਤੇ ਇਕ ਵਾਰ ਫਿਰ ਨੱਥਾ ਸਿੰਘ ਨੂੰ ਸੰਬੋਧਨ ਹੋ ਕੇ ਪੁੱਛਣ ਲਗਿਆ,
ਬੱਚੇ ਕਿਡੇ ਕਿਡੇ ਕੁ ਨੇ ਸੁਰਾਇਣ ਸਿੰਘ ਦੇ?
ਬੱਚੇ ਹਾਲੇ ਛੋਟੇ ਨੇ, ਆਪਣਾ ਆਪ ਚੁੱਕਣ ਜੋਗੇ ਨਹੀਂ ਹੋਏ, ਬਹੁਤ ਦੁੱਖ ਆਉਂਦਾ ਏ ਦੇਖ ਕੇ, ਵੱਡੇ ਅਮਰ ਸਿੰਘ ਦਾ ਵੀ ਬੁਰਾ ਹਾਲ ਏ, ਉਹ ਇਹੋ ਸੋਚਦਾ ਜਾ ਰਿਹਾ ਏ ਕਿ ਹੋ ਸਕਦਾ ਏ ਸੁਰਾਇਣ ਸਿੰਘ ਉਹਦੀ ਹੀ ਗੋਲੀ ਨਾਲ ਹੀ ਮਰਿਆ ਹੋਵੇ।
ਸਰਦਾਰ ਜੀ, ਦੋਹਰੀ ਮਾਰ ਵੱਜੀ ਏ, ਭਰਾ ਗਿਆ ਤੇ ਨਾਲ ਪਛਤਾਵਾ ਵੀ ਏ, ਤੁਸੀਂ ਦੇਖਦੇ ਜਾਇਓ ਸਰਦਾਰ ਜੀ, ਹੀਰਾ ਸਿੰਘ ਦੇ ਪਾਪ ਦਾ ਭਰਿਆ ਘੜਾ ਵੀ ਟੁੱਟਣ ਵਾਲਾ ਏ, ਸੁਣਿਆਂ ਏ ਬਹੁਤੀ ਫੌਜ ਇਹੋ ਸਮਝ ਰਹੀ ਏ ਕਿ ਹੀਰਾ ਸਿੰਘ ਨੇ ਜਾਣ ਬੁੱਝ ਕੇ ਡੇਰਾ ਢਾਹਿਆ ਏ ਤੇ ਸੁਲਾਹ ਦਾ ਕਿਸੇ ਨੂੰ ਮੌਕਾ ਨਹੀਂ ਦਿਤਾ।
ਚੌਧਰੀ ਅਮਾਨਤ ਅਲੀ ਆਖ ਰਿਹਾ ਸੀ। ਉਸ ਦੀ ਗੱਲ ਸੁਣ ਕੇ ਨੱਥਾ ਸਿੰਘ ਦੱਸਣ ਲਗਿਆ,
ਨਹੀਂ ਚੌਧਰੀ ਜੀ, ਇਹ ਗੱਲ ਨਹੀਂ, ਸੁਲਾਹ ਦਾ ਮੌਕਾ ਤਾਂ ਸੀ, ਸੁਲਾਹ ਹੋਣ ਵਾਲੀ ਵੀ ਸੀ ਪਰ ਸਰਦਾਰ ਅਤਰ ਸਿੰਘ ਸੰਧਾਵਾਲੀਏ ਕਾਹਲ ਕਰ ਗਏ। ਇਹ ਗੱਲ ਸੱਚ ਏ ਕਿ ਇਸ ਵੇਲੇ ਫੌਜ ਦੀ ਵੱਡੀ ਗਿਣਤੀ ਹੀਰਾ ਸਿੰਘ ਦੇ ਖਿਲਾਫ ਏ ਤੇ ਗੁਰੂ ਜੀ ਦਾ ਤੇ ਕੁੰਵਰ ਕਸ਼ਮੀਰਾ ਸਿੰਘ ਦੇ ਮਾਰੇ ਜਾਣ ਦਾ ਬਹੁਤ ਦੁੱਖ ਏ, ਬਹੁਤ ਸਾਰੇ ਅਫਸਰਾਂ ਨੇ ਹੀਰਾ ਸਿੰਘ ਦੇ ਦਿਤੇ ਤੋਹਫੇ ਮੋੜ ਦਿਤੇ ਨੇ ਤੇ ਫੌਜ ਨੇ ਉਸ ਵਲੋਂ ਕੀਤਾ ਤਨਖਾਹ ਵਿਚ ਵਾਧਾ ਲੈਣੋਂ ਵੀ ਇਨਕਾਰ ਕਰ ਦਿਤਾ ਏ।
ਹੀਰਾ ਸਿੰਘ ਇਕੱਲਾ ਈ ਨਹੀਂ, ਜੱਲਾ ਹਾਲੇ ਵੀ ਉਸ ਦੀ ਪਿੱਠ ਤੇ ਵੇ, ਹਾਲੇ ਵੀ ਸਾਰੀ ਸਲਾਹ ਉਸੇ ਦੀ ਈ ਚਲਦੀ ਏ, ਮੈਨੂੰ ਤੇ ਲਗਦਾ ਏ ਕਿ ਇਹ ਡੇਰੇ ਉਪਰ ਹਮਲੇ ਵਾਲਾ ਸੁਝਾਅ ਵੀ ਉਸੇ ਦਾ ਈ ਦਿਤਾ ਹੋਇਆ ਸੀ।
ਚੌਧਰੀ ਅਮਾਨਤ ਅਲੀ ਨੇ ਆਪਣੀ ਰਾਏ ਦੱਸੀ। ਇਵੇਂ ਲੋਕ ਅਫਸੋਸ ਕਰਦੇ ਕਰਦੇ ਸਿਆਸਤ ਵਲ ਵੀ ਚਲੇ ਜਾਂਦੇ। ਇਵੇਂ ਘੜੀ ਕੁ ਬੈਠਕੇ ਤੁਰ ਜਾਂਦੇ ਤੇ ਹੋਰ ਆ ਜਾਂਦੇ। ਨੱਥਾ ਸਿੰਘ ਨੇ ਬਾਹਰ ਵਿਹੜੇ ਵੱਲ ਦੇਖਿਆ ਤੇ ਪਰਛਾਵਿਆਂ ਤੋਂ ਵਕਤ ਦਾ ਅੰਦਾਜ਼ਾ ਲਗਾਇਆ ਤੇ ਆਪਣੇ ਨੌਕਰ ਗਾਮੇ ਨੂੰ ਅਵਾਜ਼ ਮਾਰੀ। ਗਾਮਾ ਵੀ ਸਮਝ ਗਿਆ ਸਰਦਾਰ ਜੀ ਕੀ ਚਾਹੁੰਦੇ ਹਨ। ਉਹ ਚਾਂਦੀ ਦੀ ਤਸ਼ਤਰੀ ਅਫੀਮ ਦੀਆਂ ਗੋਲੀਆਂ ਨਾਲ ਭਰ ਲਿਆਇਆ ਤੇ ਉਸ ਦੇ ਨਾਲ ਹੀ ਰਾਮੇ ਦੇ ਹੱਥ ਵਿਚ ਗਰਮ ਪਾਣੀ ਦਾ ਜੱਗ ਤੇ ਗਲਾਸ ਸਨ। ਗਾਮਾ ਹਰ ਇਕ ਸਾਹਮਣੇ ਤਸ਼ਤਰੀ ਕਰਦਾ ਜਿਸ ਦਾ ਦਿਲ ਕਰਦਾ ਆਪਣੀ ਮਰਜ਼ੀ ਮੁਤਾਬਕ ਇਕ ਜਾਂ ਦੋ ਗੋਲ਼ੀਆਂ ਉਠਾ ਲੈਂਦਾ ਤੇ ਰਾਮਾ ਥੋੜਾ ਜਿਹਾ ਗਰਮ ਪਾਣੀ ਗਲਾਸ ਵਿਚ ਪਾ ਉਸ ਨੂੰ ਫੜਾ ਦਿੰਦਾ। ਮਹਿਮਾਨ ਗੋਲ਼ੀ ਮੂੰਹ ਵਿਚ ਪਾ ਗਰਮ ਪਾਣੀ ਦੀ ਘੁੱਟ ਭਰ ਕੇ ਗਲਾਸ ਵਾਪਸ ਇਕ ਹੋਰ ਨੌਕਰ ਨੂੰ ਫੜਾ ਦਿੰਦਾ ਜੋ ਜੂਠੇ ਵਰਤਨ ਇਕੱਠੇ ਕਰ ਰਿਹਾ ਸੀ। ਕਈ ਅਫੀਮ ਤੋਂ ਨਾਂਹ ਵੀ ਕਰ ਦਿੰਦੇ। ਅਫਸੋਸ ਵਿਚ ਬੈਠੇ ਤਿੰਨੋਂ ਮੁਸਲਮਾਨਾਂ ਨੇ ਅਫੀਮ ਤੋਂ ਇਨਕਾਰ ਕਰ ਦਿਤਾ। ਚਾਰ ਲਾਲਿਆਂ ਵਿਚੋਂ ਦੋਂਹ ਨੇ ਇਕ ਇਕ ਗੋਲ਼ੀ ਉਠਾ ਲਈ। ਨੌਕਰ ਹਾਲੇ ਵਰਤਾ ਹੀ ਰਹੇ ਸਨ ਕਿ ਮ੍ਹੀਦਾ ਤੇ ਸ੍ਹੀਦਾ ਆ ਗਏ। ਗਾਮੇ ਨੇ ਉਹਨਾਂ ਨੂੰ ਦੇਖਿਆ ਤੇ ਉਹ ਬੁਲ੍ਹੀਆਂ ਵਿਚ ਜ਼ਰਾ ਕੁ ਮੁਸਕਰਾਇਆ। ਦੋਵੇਂ ਮਰਾਸੀ ਵੀ ਅਫਸੋਸ ਦਾ ਵਕਤ ਹੋਣ ਕਰਕੇ ਸਲਾਮ ਦੁਆ ਤੋਂ ਵੱਧ ਨਾ ਬੋਲੇ। ਗਾਮਾ ਪਰ੍ਹਿਆ ਤੋਂ ਬਾਹਰ ਨਿਕਲ ਕੇ ਉਹਨਾਂ ਕੋਲ ਆ ਗਿਆ ਤੇ ਪੁੱਛਣ ਲਗਿਆ,
ਦੋ ਦੋ ਦਾਣੇ ਬਹੁਤ ਨੇ?
ਕਿਉਂ ਮਰਨ ਡਿਆਂ, ਕਿਸੇ ਮਾਤ੍ਹੜ ਦਾ ਘਰ ਹੁੰਦਾ ਤਾਂ ਤੂੰ ਕਹਿੰਦਾ ਵੀ, ਜਿਥੇ ਮਣੀ ਦਾ ਪਹਾੜ ਹੋਵੇ ਉਥੋਂ ਦੋ ਦਾਣੇ ਈ!
ਮ੍ਹੀਦਾ ਬੋਲਿਆ ਤੇ ਉਸ ਨੇ ਕਈ ਗੋਲ਼ੀਆਂ ਚੁੱਕ ਲਈਆਂ ਤੇ ਉਸ ਦੇ ਮਗਰ ਹੀ ਸ਼੍ਹੀਦੇ ਨੇ ਵੀ। ਉਹਨਾਂ ਮਣੀ ਮੂੰਹ ਵਿਚ ਪਾਈ ਤੇ ਪਰ੍ਹਿਆ ਦੇ ਨਜ਼ਦੀਕ ਚਾਦਰ ਤੋਂ ਹੇਠ ਹੀ ਬੈਠ ਗਏ। ਮ੍ਹੀਦਾ ਬੋਲਿਆ,
ਸਰਦਾਰ ਜੀ, ਤੁਹਾਡੇ ਸਾਲ਼ਾ ਜੀ ਦਾ ਸੁਣ ਕੇ ਮਨ ਸਾਲ਼ਾ ਡੁੱਬਣ ਡੁੱਬਣ ਕਰਨ ਲਗ ਪਿਆ, ਬਹੁਤ ਮਾੜੀ ਗੱਲ ਹੋਈ ਏ ਜੀ, ਰਿਸ਼ਤੇਦਾਰਾਂ ਦਾ ਤਾਂ ਦੂਰ ਬੈਠਿਆਂ ਦਾ ਈ ਬਹੁਤ ਆਸਰਾ ਹੁੰਦਾ ਏ।
ਸਰਦਾਰ ਨੱਥਾ ਸਿੰਘ ਉਸ ਦੀ ਗੱਲ ਸੁਣਦਾ ਜਾ ਰਿਹਾ ਸੀ। ਮ੍ਹੀਦਾ ਆਪਣੀ ਗੱਲ ਕਰਕੇ ਚੁੱਪ ਕਰ ਗਿਆ। ਕੁਝ ਦੇਰ ਹੋਰ ਸੁਰਾਇਣ ਸਿੰਘ ਦੀ ਮੌਤ ਦੀਆਂ ਗੱਲਾਂ ਹੋਈਆਂ ਤੇ ਚਰਚਾ ਫਿਰ ਲਹੌਰ ਦਰਬਾਰ ਦੇ ਆਲੇ ਦੁਆਲੇ ਘੁੰਮਣ ਲਗੀ। ਕਿਸੇ ਨੇ ਕਿਹਾ,
ਇਹ ਵੀ ਚੰਗਾ ਹੋ ਗਿਆ ਕਿ ਕੁੰਵਰ ਪਿਸ਼ੌਰਾ ਸਿੰਘ ਦਰਿਆ ਪਾਰ ਕਰ ਗਿਆ ਸੀ।
ਪਰ ਉਹਨੇ ਵੀ ਤਾਂ ਦੁਸ਼ਮਣ ਦੀ ਪਨਾਹ ਈ ਲਈ!
ਚੌਧਰੀ ਜੀ, ਬੰਦਾ ਕੀ ਕਰੇ, ਲੋੜ ਵੇਲੇ ਦੁਸ਼ਮਣ ਦਾ ਫਾਇਦਾ ਲੈਣਾ ਮਾੜੀ ਗੱਲ ਨਹੀਂ, ਜੇ ਉਹ ਇਧਰ ਹੁੰਦਾ ਤਾਂ ਉਹ ਵੀ ਮਾਰਿਆ ਜਾਂਦਾ।
ਪਰ ਏਹਦੇ ਨਾਲ ਫਿਰੰਗੀਆਂ ਦੇ ਹੌਂਸਲੇ ਵਧ ਗਏ ਹੋਣਗੇ।
ਉਹ ਤਾਂ ਪਹਿਲਾਂ ਈ ਸ਼ੇਰ ਬਣੇ ਫਿਰਦੇ ਨੇ, ਸੁਣਨ ਵਿਚ ਆਇਆ ਕਿ ਉਹਨਾਂ ਨੇ ਸਰਹੱਦੀ ਕਿਸਾਨਾਂ ਨੂੰ ਕਹਿ ਦਿਤਾ ਕਿ ਐਤਕੀਂ ਫਸਲ ਨਾ ਬੀਜਣ, ਇਹਦਾ ਮਤਲਵ ਕਿ ਲੜਾਈ ਦੇ ਅਸਾਰ ਸਾਫ ਦਿਖਾਈ ਦਿੰਦੇ ਨੇ।
ਫਿਰੰਗੀਆਂ ਵਿਚ ਦਮ ਹੈ ਨਹੀਂ, ਖਾਲੀ ਡਰਾਵੇ ਨੇ ਉਹਨਾਂ ਦੇ, ਖਾਲਸਾ ਫੌਜ ਸਾਹਮਣੇ ਉਹਨਾਂ ਦੀ ਫੌਜ ਟਿਕ ਨਹੀਂ ਸਕਦੀ।
ਸੁਣਨ ਵਿਚ ਆਇਆ ਏ ਕਿ ਹੀਰਾ ਸਿੰਘ ਡੇਰੇ ਉਪਰ ਹਮਲੇ ਲਈ ਰਾਜਾ ਲਾਲ ਸਿੰਘ ਨੂੰ ਵੱਡਾ ਫੌਜਦਾਰ ਬਣਾ ਕੇ ਭੇਜਣਾ ਚਾਹੁੰਦਾ ਸੀ ਪਰ ਉਹਨੇ ਨਾਂਹ ਕਰ ਦਿਤੀ ਇਸੇ ਕਰਕੇ ਸੁਣਦੇ ਹਾਂ ਕਿ ਦੋਨਾਂ ਦੇ ਰਿਸ਼ਤੇ ਬਹੁਤ ਖਰਾਬ ਹੋ ਗਏ ਨੇ।
ਨਹੀਂ ਸਰਦਾਰ ਜੀ, ਮੈਨੂੰ ਲਗਦਾ ਏ ਕਿ ਇਹ ਗੱਲ ਸਹੀ ਨਹੀਂ, ਕਿਉਂ ਕਿ ਸਰਦਾਰ ਸੱਜਣ ਸਿੰਘ ਦੀ ਸੰਧਾਂਵਾਲੀਆਂ ਨਾਲ ਖਾਨਦਾਨੀ ਦੁਸ਼ਮਣੀ ਏ ਇਸੇ ਲਈ ਹੀਰਾ ਸਿੰਘ ਨੇ ਉਸ ਨੂੰ ਮੁਹਰੇ ਰਖਿਆ, ਲਹਿਣਾ ਸਿੰਘ ਤੇ ਅਜੀਤ ਸਿੰਘ ਦੇ ਕਤਲ ਵੇਲੇ ਵੀ ਉਹ ਹੀਰਾ ਸਿੰਘ ਦੇ ਨਾਲ ਹੀ ਸੀ।
ਸੰਧਾਂਵਾਲੀਆਂ ਦੇ ਨਾਂ ਤੋਂ ਮ੍ਹੀਦੇ ਨੂੰ ਕੁਝ ਯਾਦ ਆਇਆ ਤੇ ਸਾਂਝਾ ਜਿਹਾ ਸਵਾਲ ਪੁੱਛਣ ਲਗਿਆ,
ਮੈਂ ਕਿਹਾ ਸਰਦਾਰੋ, ਇਹਨਾਂ ਸੰਧਾਵਾਲੀਆਂ ਦਾ ਕਿੱਸਾ ਤਮਾਮ ਹੋ ਗਿਆ ਕਿ ਹਾਲੇ ਵੀ ਕੋਈ ਹੈਗਾ?
ਮ੍ਹੀਦੇ ਦਾ ਇਹ ਸਵਾਲ ਕਿਸੇ ਨੂੰ ਵੀ ਚੰਗਾ ਨਾ ਲਗਿਆ, ਉਹਨਾਂ ਵਿਚੋਂ ਕਈ ਸੰਧਾਂਵਾਲੀਆਂ ਦੇ ਰਿਸ਼ਤੇਦਾਰ ਵੀ ਸਨ। ਇਕ ਜੁਆਨ ਜਿਹਾ ਸਰਦਾਰ ਗੁੱਸੇ ਵਿਚ ਆਉਂਦਾ ਬੋਲਿਆ,
ਮਰਾਸੀਆ, ਕਿੱਸਾ ਕਿਵੇਂ ਤਮਾਮ ਹੋ ਜਾਊ, ਸ਼ੇਰਾਂ ਦਾ ਵੀ ਕਦੇ ਕਾਲ਼ ਪਿਆ ਧਰਤੀ ਤੇ! ...ਥੋੜੇ ਹੋਣਗੇ ਪਰ ਹੋਣਗੇ ਜ਼ਰੂਰ।
ਸੁੱਖ ਨਾਲ ਅਤਰ ਸਿੰਘ ਦਾ ਵੱਡਾ ਟੱਬਰ ਏ ਪਰ ਹੈ ਦਰਿਆਓਂ ਪਾਰ, ਅਜੀਤ ਸਿੰਘ ਦਾ ਪੁੱਤਰ ਵੀ ਹੁਣ ਭਰ ਜਵਾਨ ਹੋ ਗਿਆ ਹੋਏਗਾ।
ਕੁਝ ਹੋਰ ਨਵੇਂ ਬੰਦੇ ਆਏ। ਇਕ ਵਾਰ ਫਿਰ ਗੱਲ ਅਫਸੋਸ ਦੀ ਹੋਣ ਲਗ ਪਈ। ਸ਼ਾਮ ਦਾ ਵਕਤ ਹੋਣ ਕਰਕੇ ਇਕ ਵਾਰ ਫਿਰ ਲੋੜਵੰਦਾਂ ਨੂੰ ਮਣੀ ਵਰਤਾਈ ਗਈ। ਮ੍ਹੀਦੇ ਨੇ ਇਸ ਵਾਰ ਵੀ ਲੋੜ ਤੋਂ ਜਿ਼ਆਦਾ ਦਾਣੇ ਚੁੱਕ ਲਏ। ਇਕ ਵਾਰ ਫਿਰ ਪੰਡਤ ਜੱਲੇ ਦਾ ਜਿ਼ਕਰ ਹੋਣ ਲਗਿਆ। ਕਿਸੇ ਨੇ ਕਿਹਾ,
ਮੈਂ ਸੁਣਿਆ ਏਂ ਕਿ ਹੀਰਾ ਸਿੰਘ ਨੇ ਲਾਲ ਸਿੰਘ ਨੂੰ ਸ਼ਾਹੀ ਮਹੱਲ ਵਿਚ ਜਾਣ ਤੋਂ ਰੋਕਿਆ ਸੀ ਪਰ ਜਵਾਹਰ ਸਿੰਘ ਨੇ ਇਸਦਾ ਵਿਰੋਧ ਕੀਤਾ, ਇਵੇਂ ਗੱਲ ਕੁਝ ਵਧ ਵੀ ਗਈ ਸੀ, ਕਹਿੰਦੇ ਹੁਣ ਠੀਕ ਏ।
ਉਹ ਅਸਲ ਗੱਲ ਇਹ ਵੇ ਕਿ ਜੱਲਾ ਰਾਮੀ ਬੰਦਾ ਏ ਤੇ ਹਾਲੇ ਵੀ ਰਾਮੀਪੁਣੇ ਤੋਂ ਨਹੀਂ ਹਟਦਾ, ਉਹ ਮਾਈ ਜੀ ਤੇ ਲਾਲ ਸਿੰਘ ਬਾਰੇ ਗਲਤ ਅਫਵਾਹਾਂ ਉਡਾ ਰਿਹਾ ਏ, ਇਥੋਂ ਈ ਸਾਰੀ ਗੱਲ ਨਿਕਲੀ ਹੋਏਗੀ।
ਮ੍ਹੀਦਾ ਹੁਣ ਪੂਰੇ ਨਸ਼ੇ ਵਿਚ ਸੀ। ਉਹ ਨੱਕ ਰਾਹੀਂ ਬੋਲਦਾ ਹੋਇਆ ਕਹਿਣ ਲਗਿਆ,
ਸਰਦਾਰੋ, ਛੋਟਾ ਬੰਦਾਂ ਪਰ ਗੱਲ ਕਹਿਣ ਲਗਿਆਂ ਬਈ ਲੱਤ ਲੈਣੀ ਦੇ ਪੰਡਤ ਜੱਲੇ ਨੂੰ ਪੁੱਠਾ ਟੰਗ ਦੇਣਾ ਚਾਹੀਦਾ ਏ, ਬਈ ਹਰਾਮੀਆਂ, ਤੈਨੂੰ ਕੀ, ਅਗਲੇ ਦੀ ਚੀਜ਼, ਜਿੱਦਾਂ ਮਰਜ਼ੀ ਕੋਈ ਖੇਡੇ!
ਜਿਹੜੇ ਮ੍ਹੀਦੇ ਨੂੰ ਜਾਣਦੇ ਸਨ ਉਸ ਡਰ ਗਏ ਕਿ ਹੁਣ ਉਹ ਕੋਈ ਹੋਰ ਵੀ ਔਹੜੀ ਗੱਲ ਕਰ ਦੇਵੇਗਾ। ਕਿਸੇ ਨੇ ਕਿਹਾ,
ਮਰਾਸੀਓ, ਤੁਸੀਂ ਮਣੀ ਛੱਕ ਲਈ ਤੇ ਹੁਣ ਉਡ ਜਾਓ ਇਥੋਂ।
ਪਹਿਲਾਂ ਸ਼੍ਹੀਦਾ ਉਠਿਆ ਤੇ ਮਗਰ ਹੀ ਮ੍ਹੀਦਾ ਵੀ ਹੌਲੀ ਹੌਲੀ ਉਠਦਾ ਹੋਇਆ ਕਹਿਣ ਲਗਿਆ,
ਸਰਦਾਰੋ, ਮੈਂ ਤਾਂ ਸੁਭਾਓਕੀ ਗੱਲ ਕੀਤੀ ਏ, ਮੈਂ ਕਿਹੜੇ ਉਤੋਂ ਫੜੇ ਨੇ!
(ਤਿਆਰੀ ਅਧੀਨ ਨਾਵਲ: ਦਸ ਸਾਲ ਦਸ ਯੁੱਗ ਵਿਚੋਂ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346