ਆਪਣੇਂ ਪੰਜਾਬ ਵਿਚਲੇ ਪਿੰਡ ਵਿੱਚ ਵਿਚਰਦਿਆਂ ਹੋਇਆਂ ਜਦ ਪਤਾ ਲੱਗਾ ਕਿ ਆਸਟ੍ਰੇਲੀਆ ਦਾ
ਵੀਜਾ ਲੱਗ ਗਿਆ ਤਾਂ ਖੁਸ਼ੀ ਤਾਂ ਹੋਣੀਂ ਹੀ ਸੀ ਨਾਲ ਹੀ ਆਪਣੇਂ ਆਪ ‘ਤੇ ਮਾਂਣ ਜਿਹਾ ਹੋਣ
ਲੱਗਾ ਬਈ ਬੱਸ ਹੁਣ ਮਾਰ ਜਾਣੈਂ ਉਡਾਰੀ, ਅਤੇ ਪਹੁੰਚ ਕੇ ਡਾਲਰਾਂ ਦੇ ਦੇਸ਼ ਵਿੱਚ ਡਾਲਰਾਂ ਦੇ
ਥੱਬੇ ਭਰ ਦੇਣੇਂ ਨੇਂ। ਮਨ ਵਿੱਚ ਚਾਅ ਲਏ ਉਹ ਦਿਨ ਵੀ ਆਂਣ ਪੁੱਜਾ ਜਦ ਭਰੇ ਮਨ ਨਾਲ ਆਪਣਿਆਂ
ਨੂੰ ਅਲਵਿਦਾ ਆਖ ਭਰੇ ਮਨ ਨਾਲ ਜਹਾਜ ਦੀ ਸੀਟ ਮੱਲ ਲਈ। ਕਲਪਨਾਂਵਾਂ ਦੀਆਂ ਕਲਾਬਾਜੀਆਂ
ਖਾਂਦਾ ਮਨ ਕਦੀ ਖੁਸ਼ ‘ਤੇ ਕਦੀ ਉਦਾਸ ਹੋਈ ਜਾਵੇ। ਕਈ ਤਰ੍ਹਾਂ ਦੇ ਸੁਪਨੇਂ ਮਨ ਵਿੱਚ ਆਪ
ਮੁਹਾਰੇ ਹੀ ਜਨਮ ਲਈ ਜਾਣ। ਸ਼ਵੇਰ ਦੇ ਪੌਂਣੇ ਕੁ ਪੰਜ ਵਜੇ ਜਦ ਜਹਾਜ ਨੇਂ ਸਿਡਨੀਂ ਏਅਰਪੋਰਟ
ਦੇ ਰਨਵੇਅ ਉੱਤੇ ਟਾਇਰ ਘਸਾਏ ਤਾਂ ਸੋਚਾਂ ਦੀ ਲੜੀ ਟੁੱਟੀ। ਹੁਣ ਯਕੀਨ ਹੋ ਗਿਆ ਸੀ ਕਿ
ਪਹੁੰਚ ਗਏ ਹਾਂ ਸੁਪਨਿਆਂ ਦੇ ਦੇਸ਼ ਵਿੱਚ। ਪਰ ਇੱਥੋਂ ਦੇ ਰੰਗ ਢੰਗ ਦੇਖ ਕੇ ਯਕੀਨ ਨਹੀਂ ਆ
ਰਿਹਾ ਸੀ ਕਿ ਮੈਂ ਪਿੰਡ ‘ਚ ਜੰਮਿਆਂ ਪਲਿਆ ਇੱਕ ਸਾਧਾਰਨ ਜਿਹਾ ਇਨਸਾਨ ਵੱਡੀਆਂ ਵੱਡੀਆਂ
ਬਿਲਡਿੰਗਾਂ ਵਾਲੇ ਸ਼ਹਿਰ ਵਿੱਚ ਪਹੁੰਚ ਗਿਆ ਹਾਂ ਜਿੱਥੇ ਦਿਨ ਰਾਤ ਇੱਕੋ ਜਿਹੇ ਹਨ, ਹਰ ਇੱਕ
ਬੰਦਾ ਆਪਣੇ ‘ਚ ਮਸਤ ਹੈ। ਨਾਲ ਲਿਆਂਦੇ ਹੋਏ ਲੱਖ ਕੁ ਰੁਪਏ ਦੇ ਇੱਥੇ ਆ ਕੇ ਬਣੇਂ 2300 ਕੁ
ਡਾਲਰ ਬੈਂਕ ਵਿੱਚ ਜਮਾਂ ਕਰਵਾ ਦਿੱਤੇ ਅਤੇ ਜਿੰਨੇ ਕੁ ਦੀ ਲੋੜ ਹੁੰਦੀ ਬੈਂਕ ਵਿੱਚੋਂ ਕਢਵਾ
ਕੇ ਦੋਸਤਾਂ ਮਿਤਰਾਂ ਨਾਲ ਘੁੰਮਣਾਂ ਫਿਰਨਾਂ ਸ਼ੁਰੂ ਕਰ ਦਿੱਤਾ। ਇੱਥੋਂ ਦੀਆਂ ਰੰਗੀਨੀਆਂ ਨੇਂ
ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਮੈਨੂੰ ਇੱਥੇ ਆਏ ਨੂੰ ਦੋ ਹਫਤੇ ਬੀਤ ਚੱਲੇ ਸਨ। ਜਦ ਬੈਂਕ
ਬੈਂਲੈਂਸ ਚੈੱਕ ਕੀਤਾ ਤਾਂ ਮਸਾਂ 1277 ਕੁ ਡਾਲਰ ਬਾਕੀ ਬਚਦੇ ਸਨ। ਮਨ ਨੂੰ ਝੋਰਾ ਜਿਹਾ ਲੱਗ
ਗਿਆ ਕਿ ਦੋ ਹਫਤਿਆਂ ਵਿੱਚ ਇੰਡੀਆ ਦੇ ਰੁਪਈਆਂ ਦੇ ਹਿਸਾਬ ਨਾਲ 40000 ਰੁਪਈਏ ਉਡਾ ਦਿੱਤੇ।
ਯਾਰਾਂ ਮਿੱਤਰਾਂ ਨੂੰ ਕਿਹਾ ਕਿ ਯਾਰ ਹੁਣ ਬਹੁਤ ਘੁੰਮ ਫਿਰ ਲਿਆ ਮੈਨੂੰ ਵੀ ਲਗਵਾ ਦਿਓ ਕਿਤੇ
ਜੌਬ ‘ਤੇ ਤਾਂ ਅੱਗਿਓ ਜਵਾਬ ਮਿਲਦਾ ਕਿ ‘ਕੋਈ ਨੀਂ ਬਾਈ, ਅਜੇ ਹੋਰ ਕਰ ਲਾ ਐਸ਼, ਅਜੇ ਦੇਖ ਲੈ
ਗੋਰੀਆਂ ਸ਼ੋਰੀਆਂ, ਨਹਾ ਲੈ ਅਜੇ ਹੋਰ ਸਮੁੰਦਰ ‘ਚ, ਜੌਬ ‘ਤੇ ਤਾਂ ਲੱਗ ਹੀ ਜਾਣੈਂ’। ਜਦ ਸ਼ਾਮ
ਨੂੰ ਨਾਲ ਦੇ ਸਾਥੀ ਦੋ ਦੋ ਸ਼ਿਫਟਾ ਜੌਬ ਕਰਕੇ ਘਰ ਆਉਦੇ ਤਾਂ ਮੈਂ ਹਰ ਇੱਕ ਨੂੰ ਪੁੱਛਦਾ ਕਿ
ਅੱਜ ਕਿੰਨੇਂ ਕਿੰਨੇਂ ਡਾਲਰ ਕਮਾਏ ਹਨ। ਕੋਈ 140 ਅਤੇ ਕੋਈ 80 ਕੁ ਹੀ ਕਹਿੰਦਾ ਤਾਂ ਮੈ 40
ਨਾਲ ਗੁਣਾਂ ਕਰਕੇ ਡਾਲਰਾਂ ਨੂੰ ਰੁਪਈਆਂ ਵਿੱਚ ਬਦਲ ਬਦਲ ਦੇਖੀ ਜਾਂਦਾ ‘ਤੇ ਨਾਲ ਹੀ ਸੋਚਣ
ਲੱਗ ਪੈਂਦਾ ਬਈ ਆਪਣੇਂ ਪਿੰਡ ਵਾਲਾ ਜਰਨੈਲ ਸਿਓਂ ਮਾਸਟਰ ਐਨੇਂ ਪੈਸੇ ਸਾਲ ਵਿੱਚ ਮਸਾਂ
ਕਮਾਉਂਦੈ ਜਿੰਨੇ ਇੱਥੇ ਇੱਕ ਮਹੀਨੇਂ ਵਿੱਚ ਕਮਾ ਲਈਦੇ ਹਨ। ਮਨ ਬੜਾ ਖੁਸ਼ ਹੁੰਦਾ ਕਿ ਆਪਣੇਂ
ਇੰਡੀਆਂ ‘ਚ ਕਾਹਦੀਆਂ ਨੌਕਰੀਆਂ ਨੇਂ, ਬੱਸ ਧੱਕੇ ਹੀ ਨੇਂ।
ਜਦ ਫਿਰ ਯਾਰਾਂ ਮਿੱਤਰਾਂ ਨੂੰ ਕਿਹਾ ਕਿ ਯਾਰ ਮੈਨੂੰ ਵੀ ਕਿਤੇ ਜੌਬ ‘ਤੇ ਲਗਵਾ ਦਿਓ ਤਾਂ
ਉਹਨਾਂ ਨੇ ਸੱਚ ਸੁਣਾ ਦਿੱਤਾ ਕਿ ਇੱਥੇ ਜੌਬ ਲੱਭਣਾਂ ਕੋਈ ਆਸਾਨ ਕੰਮ ਨਹੀਂ। ਕਹਿਣ ਲੱਗੇ ਕਿ
ਤੂੰ ਇੱਥੋਂ ਦੀਆਂ ਅਖਬਾਰਾਂ ‘ਚ ‘ਜੌਬ ਵੈਕੈਂਸੀਆਂ’ ਦੇਖਿਆ ਕਰ, ਇੰਟਰਨੈੱਟ ‘ਤੇ ਸਰਚ ਕਰ, ਆ
ਪਣਾਂ ‘ਰਿਸਊਮ’ ਬਣਾ ਕੇ ਫੈਕਟਰੀਆਂ, ਸ਼ੌਪਾਂ ‘ਤੇ ਵੰਡ, ਫਿਰ ਹੀ ਜੌਬ ਲੱਭਣੀਂ ਹੈ ਇੱਥੇ।
ਇਕੱਲਾ ਘਰ ਬੈਠਾ ਸਾਰਾ ਦਿਨ ਇਹੀ ਕੰਮ ਕਰਦੇ ਰਹਿਣਾਂ। ਸ਼ਾਂਮ ਨੂੰ ਜੌਬ ਤੋ ਘਰ ਆਏ ਮਿੱਤਰਾਂ
ਨੂੰ ਪੁੱਛਦੇ ਰਹਿਣਾਂ ਕਿ ਯਾਰ ਆਹ ‘ਕਿਚਨ ਹੈਂਡ’ ਕੀ ਜੌਬ ਹੁੰਦੀ ਹੈ, ਆਹ ‘ਪੈਕਰ’ ਨੇਂ ਕੀ
ਕੰਮ ਕਰਨਾਂ ਹੁੰਦਾ ਹੈ? ਮਹੀਨਾਂ ਭਰ ਇਹੀ ਸਿਲਸਿਲਾ ਚੱਲਦਾ ਰਿਹਾ। ਜਿਹੜੀ ਵੀ ਜੌਬ ਅਖਬਾਰ
‘ਚ ਦੇਖਦਾ ਜਾਂ ਕਿਤੇ ਇੰਟਰਵਿਊ ‘ਤੇ ਜਾਂਦਾ ਤਾਂ ਅਗਲੇ ਉਸ ਜੌਬ ਦੇ ਖੇਤਰ ਵਿੱਚ ਤਜੁਰਬਾ
ਹੋਣ ਦੀ ਗੱਲ ਪੁੱਛਦੇ। ਦਿਲ ਕਰਦਾ ਕਿ ਇਹਨਾਂ ਨੂੰ ਪੰਜਾਬੀ ਵਿੱਚ ਗਾਲ੍ਹਾਂ ਕੱਢ ਕੇ ਦੱਸਾਂ
ਕਿ ਸਾਲਿਓ ਥੋਡਾ ਪ੍ਰਹੁਣਾਂ ਅਜੇ ਡੇਢ ਮਹੀਨਾਂ ਪਹਿਲਾਂ ਤਾਂ ਉਤਰਿਐ ਥੋਡੇ ਦੇਸ਼ ‘ਚ। ਜੇ ਜੌਬ
ਦਿਓਂਗੇ ਤਾਂ ਹੀ ਕੰਮ ਸਿੱਖ ਕੇ ਤਜੁਰਬਾ ਹੋਊ। ਪੰਜਾਬ ‘ਚ ਅਸੀਂ ਇਸ ਤੋਂ ਵੀ ਔਖੇ ਕੰਮ ਕੀਤੇ
ਹੋਏ ਨੇਂ, ਨਾਲੇ ਸਾਡੇ ਪੰਜਾਬੀਆਂ ਨਾਲੋਂ ਵੱਧ ਤਜੁਰਬੇ ਕਿਹੜੀ ਕੌਮ ਨੂੰ ਹੋਣਗੇ? ਪਰ
ਕਹਿੰਦੇ ਕਿ ਇਹ ਗੋਰੇ ਡਿਸਪਲਿਨ ਦੇ ਬਹੁਤ ਪੱਕੇ ਹੁੰਦੇ ਨੇਂ, ਅੱਗੇ ਦੀ ਕੀੜੀ ਨੀਂ ਲੰਘਣ
ਦਿੰਦੇ।
ਦਿਨੋਂ ਦਿਨ ਨਾਲ ਲਿਆਂਦੇ ਪੈਸੇ ਵੀ ਘਟਦੇ ਜਾ ਰਹੇ ਸਨ। ਘਰ ਦਾ ਕਿਰਾਇਆਂ, ਗਰਾਸਰੀ ਅਤੇ ਹੋਰ
ਫੂੱਟਕਲ਼ ਖਰਚੇ। ਜਦ ਪਿੰਡ ਹੁੰਦੇ ਸੀ ਤਾਂ ਕਿਸੇ ਗੱਲ ਦਾ ਫਿਕਰ ਹੀ ਨਹੀਂ ਹੁੰਦਾ ਸੀ, ਪਰ
ਇੱਥੇ ਆ ਕੇ ਤਾਂ ਪਹਿਲੇ ਤਿੰਨ ਹਫਤਿਆਂ ਵਿੱਚ ਹੀ ਪਤਾ ਲੱਗ ਗਿਆ ਕਿ ਪੇਟ ਪਾਲਣ ਲਈ ਕੀ ਕੀ
ਕਰਨਾਂ ਪੈਂਦਾ ਹੈ। ਵਾਰਿਸ ਸ਼ਾਹ ਦੀਆਂ ਸਤਰਾਂ “ਪਤਾ ਲੱਗਜੂ ਤੈਨੂੰ ਲਟਕਿਆ ਓਏ ਰੋਟੀ ਕਿਸ
ਤਰਾਂ ਜੱਗ ਕਮਾਂਵਦਾ ਈ” ਦੇ ਅਰਥ ਸਮਝ ਆਂਉਣ ਲੱਗੇ। ਅਹਿਸਾਸ ਹੋਣ ਲੱਗਾ ਕਿ ਮੁਲਕ ਭਾਵੇਂ
ਆਪਣਾਂ ਹੋਵੇ ਜਾਂ ਪਰਾਇਆ, ਬੰਦੇ ਨੂੰ ਮੁਸ਼ੱਕਤ ਓਨੀਂ ਹੀ ਕਰਨੀਂ ਪੈਂਦੀ ਹੈ। ਜੇ ਇੱਥੇ
ਡਾਲਰਾਂ ‘ਚ ਕਮਾਈ ਹੁੰਦੀ ਹੈ ਤਾਂ ਖਰਚ ਵੀ ਡਾਲਰਾਂ ‘ਚ ਹੀ ਕਰਨਾਂ ਪੈਂਦੈਂ। ਦੋ ਡਾਲਰ ਦਾ
ਗੋਭੀ ਦਾ ਫੁੱਲ 80 ਰੁਪਈਆਂ ਦਾ ਅਤੇ ਤਿੰਨ ਲਿਟਰ ਦੁੱਧ ਜਦ ਇੱਥੇ 120 ਰੁਪਈਆਂ ਦੇ ਹਿਸਾਬ
ਨਾਲ ਖਰੀਦਣਾਂ ਪੈਦਾ ਤਾਂ ਦਿਲ ਨੁੰ ਹੌਲ ਜਿਹਾ ਪੈਂਦਾ ਕਿਉਂਕਿ ਮੈਂ ਕੋਈ ਅਜੇ ਤੱਕ ਇੰਡੀਆਂ
ਵਾਲੇ ਰੁਪਈਆਂ ਨੂੰ ਹੀ ਡਾਲਰਾਂ ‘ਚ ਖਰਚ ਕਰੀ ਜਾ ਰਿਹਾ ਸੀ।
ਖੈਰ ਰੱਬ ਰੱਬ ਕਰਦੇ ਨੂੰ ਇੱਕ ਇਟਾਲੀਅਨ ਰੈਸਟੋਰੈਂਟ ‘ਤੇ ਹਫਤੇ ‘ਚ ਚਾਰ ਕੁ ਦਿਨ ਕੰਮ ਮਿਲ
ਗਿਆ। ਬਾਗੋ ਬਾਗ ਹੋਇਆ ਜਦ ਪਹਿਲੇ ਦਿਨ ਕੰਮ ‘ਤੇ ਗਿਆ ਤਾਂ ਰੈਸਟੋਰੈਂਟ ਦੇ ਮਾਲਕ ਨੇਂ ਹੁਕਮ
ਸੁਣਾ ਦਿੱਤਾ ਕਿ ਪਹਿਲਾ ਹਫਤਾ ਕੇਵਲ ਟਰੇਨਿੰਗ ਹੀ ਹੋਵੇਗੀ ‘ਤੇ ਟਰੇਨਿੰਗ ਦਾ ਕੋਈ ਪੈਸਾ
ਨਹੀਂ ਮਿਲੇਗਾ। ਮਨ ਨੂੰ ਠੇਸ ਜਿਹੀ ਲੱਗੀ ਕਿ ਯਾਰ ਆਹ ਵੀ ਕੋਈ ਗੱਲ ਹੋਈ, ਆਹ ਲੋਕਾਂ ਨੂੰ
ਖਾਣਾਂ ਪਲਸਟਿਕ ਦੇ ਡੱਬਿਆਂ ‘ਚ ਪਾ ਕੇ ਦੇਣਾਂ, ਇਹ ਕਿੱਡੀ ਕੁ ਗੱਲ ਹੈ। ਕਸਟਮਰ ਸਰਵ
ਕਰਨਾਂ, ਰਾਤੀ ਰੈਸਟੋਰੈਂਟ ਬੰਦ ਕਰਨ ਤੋਂ ਬਾਦ ਸਫਾਈ ਕਰਨੀਂ, ਇਹਦੇ ‘ਚ ਟਰੇਨਿੰਗ ਵਾਲੀ ਭਲਾ
ਕਿਹੜੀ ਗੱਲ ਹੈ, ਇਹ ਕੰਮ ਤਾਂ ਘੰਟੇ ‘ਚ ਸਿੱਖਿਆ ਜਾ ਸਕਦਾ ਹੈ। ਮਨ ਨੂੰ ਆਪਣੇਂ ਆਪ ਹੀ
ਧਰਵਾਸ ਦੇ ਲਿਆ ਕਿ ਚਲ ਹਫਤੇ ਦਾ ਕੀ ਐ, ਫਿਰ ਤਾਂ ਕੀਤੇ ਕੰਮ ਦੇ ਪੈਸੇ ਮਿਲਣੇਂ ਹੀ ਨੇਂ।
ਇਹੀ ਸੋਚ ਕੇ ਕੁੱਦ ਪਿਆ ਮੈਦਾਨ ਵਿੱਚ ਬਈ ਘਰ ਵੀ ਤਾਂ ਇਸੇ ਲਈ ਹੀ ਛੱਡਿਆ ਹੈ, ਜੇ ਚਾਰ
ਪੈਸੇ ਕਮਾਵਾਂਗੇ, ਤਾਂ ਹੀ ਤਾਂ ਘਰ ਵਾਲੇ ਚੰਗਾ ਸਮਝਣਗੇ। ਉੱਤੋਂ ਯਾਰ ਦੋਸਤ ਆਖੀ ਜਾਣ ਕਿ
ਜਿਹੜੀ ਜੌਬ ਮਿਲਦੀ ਹੈ, ਕਰ ਲੈ ਬੱਸ।
ਸ਼ਵੇਰੇ ਭੱਜ ਕੇ ਕੰਮ ‘ਤੇ ਜਾਣਾਂ ਅਤੇ ਪੂਰੀ ਮਿਹਨਤ ਕਰਨੀਂ। ਜਦ ਪੈਸੇ ਮਿਲਦੇ ਤਾਂ ਸਾਰੀ
ਕੀਤੀ ਹੋਈ ਮਿਹਨਤ ਭੁੱਲ ਜਾਂਦੀ। ਸੁਪਨੇਂ ਜਵਾਨ ਹੁੰਦੇ ਜਾਪਦੇ। ਆਉਂਦੇ ਜਾਂਦੇ ਕਲਪਨਾਂ ਦੇ
ਅਨੇਕਾਂ ਮਹਿਲ ਉਸਰਦੇ ‘ਤੇ ਢਹਿੰਦੇ। ਕਾਫੀ ਸਮਾਂ ਕੰਮ ਕਰਦੇ ਨੂੰ ਗੁਜਰਦਾ। ਹੌਲੀ ਹੌਲੀ
ਇੱਥੋ ਦੇ ਮਹੌਲ ਦੀ ਆਦਤ ਪੈ ਗਈ। ਸਵੇਰੇ ਕੰਮ ‘ਤੇ ਜਦ ਟਰੇਨ ‘ਤੇ ਜਾਣਾਂ ਮਨ ਸੋਚਾਂ ਦੀ
ਉਡਾਰੀ ਮਾਰਦਾ ਕਿ ਕਿਹੋ ਜਿਹਾ ਸਮਾਂ ਹੈ, ਕਿਹੋ ਜਿਹੇ ਹਾਲਾਤ ਹਨ? ਪੰਜਾਬ ਵਿੱਚ ਤਾਂ ਕਦੇ
ਬੱਸ ਤੇ ਸ਼ਫਰ ਕਰਨਾਂ ਵੀ ਔਖਾ ਲੱਗਦਾ ਸੀ, ਉਥੇ ਤਾਂ ਖੇਤਾਂ ਵੱਲ ਨੂੰ ਵੀ ਕਦੇ ਜਾਣਾਂ ਹੁੰਦਾ
ਤਾਂ ਮੋਟਰਸਾਈਕਲ ਜਾ ਕਾਰ ‘ਤੇ ਚੜ੍ਹ ਕੇ ਜਾਣਾਂ। ਸੋਚਾਂ ਦੀ ਘੁੰਮਣਘੇਰੀ ਵਿੱਚ ਸੁਰਜੀਤ
ਪਾਤਰ ਦੀਆਂ ਲਿਖੀਆਂ ਸਤਰਾਂ ਚੇਤੇ ਆਂਉਦੀਆਂ ਕਿ ‘ਪਿੰਡ ਜਿੰਨ੍ਹਾਂ ਦੇ ਗੱਡੇ ਚੱਲਦੇ ‘ਤੇ
ਪੂਰੀ ਸਰਦਾਰੀ, ਸ਼ਹਿਰ ‘ਚ ਆ ਕਿ ਬਣ ਜਾਂਦੇ ਨੇਂ ਬੱਸ ਦੀ ਇੱਕ ਸਵਾਰੀ”। ਜਿਨ੍ਹਾਂ ਟੇਬਲਾਂ
‘ਤੇ ਹੁਣ ਆਪ ਕੱਪੜਾ ਮਾਰਦੇ ਹਾਂ, ਜਿਨ੍ਹਾਂ ਫਰਸ਼ਾਂ ਦੀ ਹੁਣ ਆਪ ਸਫਾਈ ਕਰਨੀਂ ਪੈਂਦੀ ਹੈ,
ਇਹ ਕੰਮ ਤਾਂ ਪੰਜਾਬ ‘ਚ ਆਪ ਤੋਂ ਨੀਵੇਂ ਤਬਕੇ ਦੇ ਲੋਕਾਂ ਤੋਂ ਰੋਹਬ ਨਾਲ ਕਰਵਾਈਦਾ ਸੀ।
ਨਾਲ ਹੀ ਸੋਚਣਾਂ ਕਿ ਕੋਈ ਗੱਲ ਨਹੀਂ, ਕੰਮ ਕੋਈ ਮਾੜਾ ਜਾਂ ਛੋਟਾ ਵੱਡਾ ਨਹੀਂ ਹੁੰਦਾ, ਨਾਂ
ਹੀ ਕੰਮ ਦਾ ਕੋਈ ਮਿਹਣਾਂ ਹੁੰਦਾ ਹੈ, ਲੱਗਿਆ ਰਹਿ, ਭਲੇ ਦਿਨ ਵੀ ਆਵਣਗੇ। ਮਨ ਫਿਰ ਵੀ ਨਾਂ
ਟਿਕਦਾ, ਆਖਿਰ ਸਵੈ-ਅਭਿਮਾਨ ਦੀ ਗੱਲ ਸੀ ਕਿ ਆਪਣੇ ਪਿੰਡ ‘ਚ ਸਰਮਾਏਦਾਰ ਕਹਿੰਦੇ ਕਹਾਉਂਦੇ
ਪਰਿਵਾਰ ਦਾ ਮੁੰਡਾ ਜੀਹਦੇ ਘਰ ‘ਚ ਘੁੰਮਣ ਫਿਰਨ ਲਈ ਕਾਰਾਂ ‘ਤੇ ਅੱਡ ਅੱਡ ਕੰਮ ਕਰਨ ਲਈ
ਨੌਕਰ ਰੱਖੇ ਹੋਏ ਹਨ, ਅੱਜ ਉਹ ਆਪ ਨੌਕਰਾਂ ਵਾਂਗ ਕੰਮ ਕਰ ਰਿਹਾ ਹੈ।
ਆਪਣੇਂ ਆਪ ਨੂੰ ਘਿਰਣਾਂ ਜਿਹੀ ਹੋਣ ਲੱਗਦੀ ਬਈ ਯੂਨੀਵਰਸਿਟੀ ਤੋਂ ਡਬਲ ਪੋਸਟ ਗਰੈਜੁਏਟ ਅਤੇ
ਐਜੂਕੇਸ਼ਨ ਦੀ ਪਰੋਫੈਸ਼ਨਲ ਡਿਗਰੀ ਪਹਿਲੇ ਦਰਜੇ ‘ਚ ਪਾਸ ਵਿਅਕਤੀ ਇੱਥੇ ਆ ਕੇ ਆਪ ਤੋਂ ਛੋਟੀ
ਉਮਰ ਦੇ ਅਤੇ ਆਪ ਤੋਂ ਘੱਟ ਪੜੇ ਲੋਕਾਂ ਦੇ ਥੱਲੇ ਕੰਮ ਕਰਦਾ ਹੈ। ਮੇਰੀਆਂ ਡਿਗਰੀਆਂ ਇੱਥੇ
ਕੋਈ ਕੰਮ ਨਹੀਂ ਆਉਣਗੀਆਂ? ਚੌਧਰਾਈਆਂ ਛੱਡ ਕੇ ਚਾਕ ਬਣੇਂ ਰਾਂਝੇ ਦਾ ਖਿਆਲ ਆਉਂਦਾ ਕਿ ਉਹ
ਤਾਂ ਹੀਰ ਦੀ ਖਾਤਰ ਚੂਚਕ ਦੀਆਂ ਮੱਝਾਂ ਚਾਰਦਾ ਸੀ। ਤੂੰ ਇੱਥੇ ਕਿਹੜੀ ਹੀਰ ਲੱਭਣ ਆਇਆਂ
ਹੈਂ? ਪਰ ਇੱਥੇ ਮੇਰਾ ਪਿੱਛਲਾ ਸਟੇਟਸ ਕੋਈ ਮਾਅਣੇਂ ਨਹੀਂ ਰੱਖਦਾ ਸੀ। ਇੱਥੇ ਮੈਂ ਇੱਥੋਂ ਦੇ
ਬਸ਼ਿੰਦਿਆਂ ਵਰਗਾ ਇੱਕ ਸਾਧਾਰਨ ਇਨਸਾਨ ਹੀ ਹਾਂ, ਜੋ ਰੋਜੀ ਰੋਟੀ ਲਈ ਸਭਨਾਂ ਦੀ ਤਰ੍ਹਾਂ
ਸ਼ੰਘਰਸ਼ ਕਰ ਰਿਹਾ ਹੈ।
ਮਜਬੂਰੀ ਵੱਸ ਇਨਸਾਨ ਕੀ ਨਹੀਂ ਕਰਦਾ। ਚਲੋ ਜਿੱਥੇ ਮਾਲਕ ਨੇ ਚੋਗ ਖਿਲਾਰੀ ਹੈ ਉਹ ਤਾਂ
ਚੁਗਣੀਂ ਹੀ ਪੈਣੀਂ ਹੈ। ਜਦ ਦਿਲ ਉਦਾਸ ਹੋਣ ਨੂੰ ਕਰਦਾ ਤਾਂ ਟੇਬਲਾਂ ‘ਤੇ ਬੈਠੇ ਕਿਸੇ
ਕਸਟਮਰ ਨਾਲ ਚਾਰ ਗੱਲਾਂ ਮਾਰ ਲੈਣੀਆਂ ਇਸ ਤਰਾਂ ਕਈ ਕਸਟਮਰ ਜਾਣੂੰ ਹੋ ਗਏ ‘ਤੇ ਜਦ ਵੀ
ਰੈਸਟੋਰੈਂਟ ਖਾਣਾਂ ਖਾਂਣ ਆਉਂਦੇ ਤਾਂ ਮੈਥੋਂ ਹੀ ਡੀਲਿੰਗ ਮੰਗਦੇ। ਇਹਨਾਂ ਗੱਲਾਂ ਤੋਂ ਮੇਰੇ
ਨਾਲ ਕੰਮ ਕਰਦੇ ਮੁੰਡਿਆਂ ਨੂੰ ਪਤਾ ਨਹੀਂ ਕਿਉਂ ਮੈਥੋ ਸਾੜਾ ਹੋਣ ਲੱਗਾ। ਗੱਲ ਮਾਲਕ ਦੇ
ਕੰਨਾਂ ਤੱਕ ਪਹੁੰਚ ਗਈ। ਮਾਲਕ ਨੇ ਇੱਕ ਦਿਨ ਹੁਕਮ ਸੁਣਾ ਦਿੱਤਾ ਕਿ ਉਸਦੀ ਯਾਨੀ ਮਾਲਕ ਦੀ
ਗੈਰ ਹਾਜਰੀ ਵਿੱਚ ਰੈਸਟੋਰੈਂਟ ‘ਤੇ ਕੰਮ ਕਰਦੇ ‘ਰੋਜਰ’ ਨਾਂ ਦੇ ਮੁੰਡੇ ਦਾ ਸਭ ਨੇ ਹੁਕਮ
ਮੰਨਣਾਂ ਹੈ। ਰੋਜਰ ਮੈਥੋਂ ਚਾਰ ਸਾਲ ਛੋਟਾ ਕਾਲੇ ਰੰਗ ਦਾ ਮੁੰਡਾ ਸਿਰਫ ਦਸ ਜਮਾਤਾਂ ਪਾਸ
ਆਪਣੀਂ ਮਾਂ ਦਾ ਇਕੱਲਾ ਮੁੰਡਾ ਹੈ ਜਿਸ ਦੇ ਬਾਪ ਦਾ ਕੋਈ ਪਤਾ ਨਹੀਂ ਸੀ। ਜਦ ਉਹ ਈਰਖਾ ਵੱਸ
ਚੰਗਾ ਭਲਾ ਕੰਮ ਕਰ ਰਹੇ ਸਾਰੇ ਕਾਮਿਆਂ ਨੂੰ “ਇੰਝ ਨਹੀਂ ਇੰਝ ਕਰੋ” ਦਾ ਹੁਕਮ ਸੁਣਾਉਂਦਾ
ਤਾਂ ਬਹੁਤ ਗੁੱਸਾ ਆਉਂਦਾ। ਖਾਸ ਕਰ ਮੈਨੂੰ ਇੰਝ ਸਮਝਾਉਂਦਾ ਜਿਵੇਂ ਨਵਾਂ ਆਇਆ ਜੇਲਰ ਕੈਦੀਆਂ
‘ਤੇ ਰੋਹਬ ਮਾਰ ਕੇ ਦਹਿਸ਼ਤ ਪਾ ਰਿਹਾ ਹੋਵੇ। ਫਿਰ ਦਿਲ ਕਰਦਾ ਕੇ ਲੱਤ ਮਾਰ ਯਾਰ ਅਜਿਹੀ ਜੌਬ
ਨੂੰ, ਪਲ ਭਰ ਵਿੱਚ ਹੀ ਫਿਰ ਸੋਚਦਾ ਕਿ ਮਸਾਂ ਤਾਂ ਜੌਬ ਮਿਲੀ ਹੈ, ਜੇ ਛੱਡ ਦਿੱਤੀ ਤਾਂ ਫਿਰ
ਹੋਰ ਜਾਬ ਲ਼ੱਭਣ ਲਈ ਫਿਰ ਤੋਂ ਟੱਕਰਾਂ ਮਾਰਨੀਆਂ ਪੈਣਗੀਆਂ। ਦਿਲ ਨੂੰ ਆਪ ਹੀ ਧਰਵਾਸ ਦਿੰਦਾ
ਕਿ ਕੋਈ ਨੀਂ ਕਦੇ ਤਾਂ ਸੁਪਨੇਂ ਪੂਰੇ ਹੋਣਗੇ ਬੱਸ ਇੱਕ ਵਾਰ ਮਾੜੇ ਜਿਹੇ ਪੈਰ ਲੱਗ ਜਾਂਣ।
ਸਾਰਾ ਦਿਨ ਦਿਲ ਅਤੇ ਦਿਮਾਗ ਦੀ ਸ਼ਬਦੀ ਜੰਗ ਚਲਦੀ ‘ਤੇ ਮੈਨੂੰ ਆਪਣੀ ਪੰਜਾਬ ਵਿੱਚ ਚਾਰ ਸਾਲ
ਰੇਡੀਓ ਸਟੇਸ਼ਨ ਤੇ ਕੀਤੀ ਅਨਾਊਂਸਰ ਦੀ ਨੌਕਰੀ ਯਾਦ ਆਉਂਦੀ ‘ਤੇ ਆਪਣੇਂ ਆਪ ਨੂੰ ਦੋਸ਼ ਦੇਈ
ਜਾਣਾਂ ‘ਹੁਣ ਚੰਗੈ? ਕਦੇ ਜੂਠੇ ਬਰਤਨ ਚੱਕਦੈ, ਕਦੇ ਟੇਬਲ ਸਾਫ ਕਰਦੈ ‘ਤੇ ਉਤੋਂ ਆਹ ਕਾਲੇ
ਦਾ ਰੋਹਬ ਸਹਿਣ ਕਰਦੈ। ਉਦੋਂ ਤਾਂ ਪੂਛ ਨੂੰ ਅੱਗ ਲੱਗੀ ਹੋਈ ਸੀ ਆਸਟ੍ਰੇਲੀਆ ਆਉਣ ਦੀ। ਉੱਥੇ
ਪੰਜਾਬ ‘ਚ ਨਹੀਂ ਸੀ ਚੰਗਾ? ਰਿਵੋਲਵਿੰਗ ਚੇਅਰ ‘ਤੇ ਸਾਰਾ ਦਿਨ ਸਟੂਡੀਓ ਦੇ ਏ.ਸੀ.ਕਮਰੇ ‘ਚ
ਬੌਸ ਬਣਕੇ ਬੈਠਦਾ ਸੀ। ਲੋਕ ਮਿਨਤਾਂ ਕਰਦੇ ਸੀ, ਬਾਈ ਜੀ ਅੱਜ ਸਾਡਾ ਨਾਂ ਬੋਲ ਦਿਓ,
ਫਰਮਾਇਸ਼ੀ ਗੀਤ ਵਿੱਚ, ਬਾਈ ਜੀ ਸਾਡੀ ਪਸੰਦ ਦਾ ਗੀਤ ਲਗਾ ਦਿਓ। ਕਲਾਕਾਰਾਂ, ਸਿੰਗਰਾਂ ਤੋਂ
ਲੈ ਕੇ ਪੁਲਿਸ ਕਪਤਾਨਾਂ ‘ਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਤੱਕ ਦੀਆਂ ਇੰਟਰਵਿਊਆਂ
ਕੀਤੀਆਂ। ਸਿਰਫ ਆਵਾਜ ਦੀ ਪਹਿਚਾਣ ਕਰਕੇ ਹੀ ਸਾਰੇ ਛੋਟੇ ਵੱਡੇ ਲੋਕ ਇੱਜਤ ਕਰਦੇ ਸਨ। ਪਰ ਆਹ
ਕੀ ਕੰਮ ਫੜ ਲਿਆ ਹੈ ਮੈਂ ਐਥੇ ਆ ਕੇ” ? ਸੋਚਦੇ ਸੋਚਦੇ ਘਰ ਪਹੁੰਚ ਜਾਣਾਂ।
ਅੱਜ ਫਰਾਈਡੇ ਦਾ ਦਿਨ ਹੋਂਣ ਕਰਕੇ ਸਵੇਰ ਤੋਂ ਹੀ ਰੇਸਟੋਰੈਂਟ ਬਿਜੀ ਹੋਣ ਕਰਕੇ ਸਾਰੇ ਕਾਮੇ
ਜੀਅ ਤੋੜ ਕੇ ਕੰਮ ਕਰ ਰਹੇ ਸੀ। ਮਸਾਂ ਰੱਬ ਰੱਬ ਕਰਦਿਆਂ ਨੇਂ ਰਾਤ ਦੇ ਗਿਆਰਾਂ ਬਜਾਏ ‘ਤੇ
ਰੈਸਟੋਰੈਂਟ ਬੰਦ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਮੇਰੀ ਡਿਊਟੀ ਅੱਜ ਰੈਸਟੋਰੈਂਟ ਦੀ ਫਰਸ਼
ਸਾਫ ਕਰਨ ਦੀ ਲੱਗ ਗਈ। ਰੋਜਰ ਨਾਂ ਦਾ ਉਹ ਮੁੰਡਾ ਉੱਚੀ ਕੁਰਸੀ ਤੇ ਬੈਠਾ ਹਿਸਾਬ ਕਿਤਾਬ ਕਰ
ਰਿਹਾ ਸੀ। ਸਾਰੇ ਥੱਕੇ ਹੋਏ ਜਲਦੀ ਜਲਦੀ ਕੰਮ ਮੁਕਾ ਕੇ ਘਰਾਂ ਨੂੰ ਜਾਂਣ ਦੀ ਕਾਹਲ ਵਿੱਚ
ਸਨ। ਮੈਂ ਵੀ ਫਰਸ਼ ਸਾਫ ਕਰ ਕਰ ਕੇ ਵਿਹਲਾ ਹੋਣ ਹੀ ਲੱਗਾ ਸੀ ਕਿ ਰੋਜਰ ਨੇਂ ਹੁਕਮ ਚਾੜ੍ਹ
ਦਿੱਤਾ ਕਿ ਫਰਸ਼ ਸਾਫ ਨਹੀਂ ਹੋਈ ਚੰਗੀ ਤਰਾਂ ਘਸਾ ਕੇ ਦੁਬਾਰਾ ਪੋਚਾ ਮਾਰ। ਮੇਰਾ ਦਿਲ ਕੀਤਾ
ਇਸਦੇ ਸਿਰ ਵਿੱਚ ਹੱਥ ਵਿੱਚ ਫੜੇ ‘ਮੌਪ’ ਦਾ ਡੰਡਾ ਮਾਰਾਂ। ਮੈਂ ਦੁਬਾਰਾ ਪੋਚਾ ਮਾਰ ਕੇ ਫਰਸ਼
ਸਾਫ ਕਰਨ ਲੱਗਾ ਹੀ ਸੀ ਕਿ ਉਸਨੇਂ ‘ਘਸਾ ਘਸਾ ਕੇ ਚੰਗੀ ਤਰ੍ਹਾਂ” ਸ਼ਬਦ ਜਦ ਫਿਰ ਦੁਹਰਾਇਆਂ
ਤਾਂ ਗੁੱਸੇ ਦੇ ਨਾਲ ਨਾਲ ਅਣਖ ਵੀ ਜਾਗ ਪਈ। ਉਸ ਵੱਲ ਨੂੰ ਹੱਥ ‘ਚ ਫੜਿਆ ਮੌਪ ਵਗਾਹ ਮਾਰਿਆਂ
‘ਤੇ ਨਾਲੇ ਪੰਜਾਬੀ ਵਿੱਚ ਉਸਨੂੰ ਗਾਲਾਂ ਕੱਢੀ ਜਾਵਾਂ ਕਿ ਸਾਲਿਆ ਤੁੰ ਇੱਥੇ ਜੰਨ ਬਿਠਾਉਣੀਂ
ਹੈ ਫਰਸ਼ ਸਾਫ ਕਰਵਾ ਕੇ। ਰੋਜਰ ਡਰਿਆ ਹੋਇਆ ਸੌਰੀ ਸੌਰੀ ਕਰੀ ਜਾਵੇ। ਬਾਹੋਂ ਫੜ ਕੇ ਉਸ ਨੂੰ
ਉੱਚੀ ਕੁਰਸੀ ਤੋਂ ਧੂਹ ਕੇ ਹੁਕਮ ਚਾੜ੍ਹਿਆ ਕਿ ਆਂਹ ਚੱਕ ਉਏ ਆਵਦਾ ਸਮਾਨ। ਮੈ ਨਹੀਂ ਆਉਣਾਂ
ਕੱਲ ਤੋਂ ਕੰਮ ‘ਤੇ, ਕਹਿ ਦੀ ਆਵਦੇ ਮਾਲਕ ਨੂੰ। ਰੈਸਟੋਰੈਂਟ ਤੋਂ ਬਾਹਰ ਨਿੱਕਲ ਕੇ ਮੈਂ
ਆਪਣੇਂ ਆਪ ਨੂੰ ਆਜਾਦ ਮਹਿਸੂਸ ਕਰ ਰਿਹਾ ਸੀ। ਰਾਤ ਦੇ ਪੌਣੇ ਇੱਕ ਵਜੇ ਸਿਡਨੀਂ ਸਿਟੀ ਵਿੱਚ
ਵਗ ਰਹੀ ਠੰਢੀ ਹਵਾ ਮੇਰੇ ਮੱਥੇ ਉੱਪਰ ਆਈਆਂ ਗੁੱਸੇ ਦੀਆਂ ਤਰੇਲੀਆਂ ਸੁਕਾਉਣ ਦਾ ਯਤਨ ਕਰ
ਰਹੀ ਸੀ। ਘਰ ਨੂੰ ਆਉਂਦੇ ਨੂੰ ਮੈਨੂੰ ਆਪਣਾਂ ਆਪ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ
ਮੱਝੀਆਂ ਦੇ ਸੰਗਲ ਹੀਰ ਦੇ ਪਿਓ ਚੂਚਕ ਨੂੰ ਫੜਾ ਤਖਤ ਹਜਾਰੇ ਨੂੰ ਵਾਪਸ ਪਰਤ ਰਿਹਾ ਹੋਵਾਂ।
ਬਕੌਲ ਸ਼ਾਇਰ ਇਹ ਬੋਲ ਆਪ ਮੁਹਾਰੇ ਜਨਮੇਂ ਕਿ
ਹੱਥ ਫੜ ਤੇਸਾ ਸ਼ੀਰੀ ਦੇ ਪਿਆਰ ਖਾਤਰ,
ਚੀਰ ਸੁੱਟੇ ਸੀ ਭਾਵੇਂ ਪਹਾੜ ਮੀਆਂ।
ਖਾਤਰ ਅਣਖ ਦੀ ਰਿਜਕ ਨੂੰ ਲੱਤ ਮਾਰੀ,
ਬਣਿਆਂ ਰੋਟੀ ਦਾ ਸੀ ਮਸਾਂ ਜੁਗਾੜ ਮੀਆਂ।
-----------------0------------------------
ਧੰਨਵਾਦ ਸਹਿਤ
ਫੋਨ-0434288301
e-mail-harmander.kang@gmail.com
-0-
|