Welcome to Seerat.ca
Welcome to Seerat.ca

ਨਾਵਲ ਅੰਸ਼ / ਮਹਾਂਰਾਜਾ ਪਿੰਡ ਵਾਸੀ

 

- ਹਰਜੀਤ ਅਟਵਾਲ

ਮੇਰੀ ਸਾਹਿਤਕ ਸਵੈ-ਜੀਵਨੀ

 

- ਸਵਰਨ ਚੰਦਨ

ਬਾਬਾ ਭਗਤ ਸਿੰਘ ਬਿਲਗਾ ਨਾਲ ਮੁਲਾਕਾਤ, ਕਾ: ਬਚਨ ਸਿੰਘ ਘੋਲੀਆ ਦੀ

 

- ਸੁਦਾਗਰ ਬਰਾੜ ਲੰਡੇ

ਪੈਂਦੇ ਖਾਨ! ਪੜ੍ਹ ਕਲਮਾ ਨਬੀ ਰਸੂਲ

 

- ਗੱਜਣਵਾਲਾ ਸੁਖਮਿੰਦਰ ਸਿੰਘ

ਤਿਤਲੀ

 

- ਬਰਜਿੰਦਰ ਗੁਲਾਟੀ

ਔਰਤ ਨੂੰ ਆਦਮੀ ਆਪਣੀ ਮਰਜ਼ੀ ਨਾਲ ਵਰਤਦਾ ਆਇਆ ਹੈ

 

- ਗੁਲਸ਼ਨ ਦਿਆਲ

ਸਾਹਿਤਕ ਸਵੈਜੀਵਨੀ / ਹੱਡੀਂ ਹੰਢਾਏ ਅਨੁਭਵ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਸ਼ੇਰਾਂ ਦਾ ਵਾਨਪ੍ਰਸਤਾਂ

 

- ਨ੍ਰਿਪਇੰਦਰ ਰਤਨ

ਜਤਿੰਦਰ ਰੰਧਾਵਾ ਦੀਆਂ ਕਵਿਤਾਵਾਂ

ਇਸ਼ਤਿਹਾਰ

 

- ਬਲਵੰਤ ਫ਼ਰਵਾਲ਼ੀ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਡਾ. ਜੋਗਿੰਦਰ ਸਿੰਘ ਰਾਹੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਹੁੰਗਾਰੇ

 

Online Punjabi Magazine Seerat

ਨਾਵਲ ਅੰਸ਼
ਮਹਾਂਰਾਜਾ ਪਿੰਡ ਵਾਸੀ
- ਹਰਜੀਤ ਅਟਵਾਲ

 

ਇੰਗਲੈਂਡ ਵਿਚ ਆਇਆ ਮਹਾਂਰਾਜਾ ਬਹੁਤਾ ਸਮਾਂ ਲੰਡਨ ਵਿਚ ਹੀ ਰਹਿੰਦਾ ਆ ਰਿਹਾ ਸੀ। ਉਸ ਨੂੰ ਪਿੰਡਾਂ ਵਿਚ ਜਾਣਾ ਬਹੁਤ ਚੰਗਾ ਲਗਦਾ। ਕਿਸੇ ਪਿੰਡ ਘੁੰਮਣ ਗਿਆ ਉਹ ਉਥੇ ਸਿ਼ਕਾਰ ਖੇਡਣ ਦੀਆਂ ਸੰਭਾਵਨਾਵਾਂ ਬਾਰੇ ਸੋਚਣ ਲਗਦਾ। ਘੋੜ-ਸਵਾਰੀ ਦਾ ਵੀ ਉਸ ਦਾ ਹਾਲੇ ਚਾਅ ਪੂਰਾ ਨਹੀਂ ਸੀ ਹੋਇਆ। ਭਾਵੇਂ ਸ਼ਾਹੀ ਪਰਿਵਾਰ ਵਿਚ ਕਾਫੀ ਸਾਰੇ ਘੋੜੇ ਸਨ ਤੇ ਉਹ ਨੂੰ ਮੌਕਾ ਮਿਲਦਾ ਰਹਿੰਦਾ ਸੀ ਪਰ ਮਨ ਦੀ ਭੁੱਖ ਪੂਰੀ ਨਹੀਂ ਸੀ ਹੋਈ। ਉਸ ਨੇ ਪਤਾ ਕਰ ਲਿਆ ਸੀ ਕਿ ਵਧੀਆ ਸਿ਼ਕਾਰ-ਗਾਹਾਂ ਜਾਂ ਤਾਂ ਸਕੌਟ ਲੈਂਡ ਵਿਚ ਹਨ ਜਾਂ ਫਿਰ ਯੌਰਕਸ਼ਾਇਰ ਵਿਚ। ਉਹ ਹਰ ਵੇਲੇ ਓਧਰ ਕਿਧਰੇ ਕੋਈ ਟਿਕਾਣਾ ਬਣਾਉਣ ਬਾਰੇ ਸੋਚਦਾ ਰਹਿੰਦਾ। ਪਹਿਲੀਆਂ ਵਿਚ ਆ ਕੇ ਮਹਾਂਰਾਜਾ ਵਿੰਬਲਡਨ ਰਿਹਾ ਤੇ ਕੁਝ ਦੇਰ ਬਾਅਦ ਉਸ ਨੂੰ ਰੋਹੈਂਪਟਨ ਵਿਚ ਇਕ ਵੱਡਾ ਸਾਰਾ ਮਕਾਨ ਕਿਰਾਏ ‘ਤੇ ਲੈ ਦਿਤਾ ਗਿਆ ਪਰ ਇੰਡੀਆ ਹਾਊਸ ਵਲੋਂ ਉਸ ਦੇ ਪੱਕਾ ਰਹਿਣ ਲਈ ਜਗਾਹ ਦੀ ਭਾਲ ਹਾਲੇ ਜਾਰੀ ਸੀ।
ਕੁਝ ਦੇਰ ਬਾਅਦ ਸਕੌਟਲੈਂਡ ਵਿਚ ਇਕ ਇਸਟੇਟ ਕਿਰਾਏ ‘ਤੇ ਮਿਲ ਰਹੀ ਸੀ ਜੋ ਕਿ ਮਹਾਂਰਾਜੇ ਲਈ ਬਹੁਤ ਢੁਕਵੀਂ ਸੀ। ਇਹ ਪਰਥਸ਼ਾਇਰ ਵਿਚ ਮੈਨਜ਼ੀ ਪੈਲੇਸ ਸੀ ਜੋ ਸਰ ਜੌਹਨ ਮੈਨਜ਼ੀ ਦੀ ਜਾਇਦਾਦ ਸੀ। ਮਹਾਂਰਾਜੇ ਨੂੰ ਇਹ ਜਗਾਹ ਪਸੰਦ ਆਈ ਤੇ ਇੰਡੀਆ ਹਾਊਡ ਨੇ ਇਸ ਇਸਟੇਟ ਦਾ ਇੰਤਜ਼ਾਮ ਕਰ ਦਿਤਾ। ਲੋਗਨ ਜੋੜੇ ਨੇ ਮੈਨਜ਼ੀ ਪੈਲੇਸ ਲਈ ਸਟਾਫ ਭਰਤੀ ਕਰ ਲਿਆ। ਮਹਾਂਰਾਜੇ ਦੀ ਆਪਣੀ ਪਸੰਦ ਦੇ ਕੁਝ ਲੋਕ ਤਾਂ ਫੌਜ ਵਿਚੋਂ ਆਏ ਲੋਕ ਸਨ ਪਰ ਰਸੋਈ ਤੇ ਸਫਾਈ ਦੇ ਕੰਮਾਂ ਲਈ ਮਿਸਜ਼ ਲੋਗਨ ਨੇ ਆਪਣੀ ਮਰਜ਼ੀ ਦੇ ਕਰਮਚਾਰੀ ਭਰਤੀ ਕੀਤੇ। ਮਹਾਂਰਾਜੇ ਨੇ ਹੌਲੀ ਹੌਲੀ ਇਸ ਨੂੰ ਆਪਣਾ ਟਿਕਾਣਾ ਬਣਾਉਣਾ ਸ਼ੁਰੂ ਕਰ ਦਿਤਾ। ਮੈਨਜ਼ੀ ਪੈਲੇਸ ਨੂੰ ਸਜਾਉਣ ਦਾ ਬਾਕੀ ਕੰਮ ਮਿਸਜ਼ ਲੋਗਨ ਦਾ ਸੀ ਪਰ ਇਕ ਕਮਰਾ ਮਹਾਂਰਾਜਾ ਆਪਣੀ ਦੇਖ ਰੇਖ ਵਿਚ ਸਜਾ ਰਿਹਾ ਸੀ ਜਿਸ ਵਿਚ ਉਸ ਨੇ ਆਪਣੇ ਸਾਰੇ ਪਰਿਵਾਰ ਦੀਆਂ ਤਸਵੀਰਾਂ, ਜੋ ਕਿ ਵੱਖ ਵੱਖ ਕਲਾਕਾਰਾਂ ਨੇ ਬਣਾਈਆਂ ਸਨ, ਲਗਵਾ ਦਿਤੀਆਂ। ਕੁਝ ਤਸਵੀਰਾਂ ਮਹਾਂਰਾਜੇ ਨੇ ਆਪਣੇ ਕੈਮਰੇ ਨਾਲ ਵੀ ਖਿੱਚੀਆਂ ਸਨ ਤੇ ਕੁਝ ਪਰਿੰਸ ਔਫ ਵੇਲਜ਼ ਵਲੋਂ ਤੇ ਹੋਰ ਦੋਸਤਾਂ ਵਲੋਂ ਵੀ। ਤੇ ਸਥਾਨਕ ਲੋਕਾਂ ਨਾਲ ਮੇਲ ਜੋਲ ਵਧਾਉਣ ਲਗਿਆ। ਛੇਤੀ ਹੀ ਸਾਰਾ ਇਲਾਕਾ ਮਹਾਂਰਾਜੇ ਨੂੰ ਜਾਨਣ ਲਗ ਪਿਆ। ਉਹ ਬਲੈਕ ਪਰਿੰਸ ਦੇ ਤੌਰ ਤੇ ਮਸ਼ਹੂਰ ਹੋ ਗਿਆ। ਲੋਕ ਉਸ ਦੀਆਂ ਗੱਲਾਂ ਕਰਨ ਲਗੇ। ਲੋਗਨ ਜੋੜਾ ਵੀ ਨਜ਼ਦੀਕਲੇ ਸ਼ਹਿਰ ਐਂਡੰਬਰਾ ਤੋਂ ਹੀ ਸੀ। ਪਹਿਲੀਆਂ ਵਿਚ ਤਾਂ ਮਹਾਂਰਾਜੇ ਨੂੰ ਬਹੁਤੇ ਲੋਕ ਉਹੀ ਮਿਲਣ ਆਉਂਦੇ ਜੋ ਲੋਗਨ ਦੇ ਵਾਕਫ ਹੁੰਦੇ ਪਰ ਫਿਰ ਉਸ ਦਾ ਆਪਣੇ ਨਾਤੇ ਜੁੜਨ ਲਗੇ। ਸਾਰੇ ਗਵਾਂਢੀਆਂ ਨਾ ਉਸ ਦੇ ਚੰਗੇ ਸਬੰਧ ਹੋ ਗਏ। ਉਸ ਦੇ ਬਹੁਤੇ ਦੋਸਤ ਵਡੇਰੀ ਉਮਰ ਦੇ ਸਨ। ਉਸ ਦੀ ਆਪਣੀ ਉਮਰ ਦਾ ਇਕੋ ਦੋਸਤ ਬਣਿਆਂ ਉਹ ਸੀ ਰੋਨਲਡ ਲੈਜ਼ਲੀ-ਮੈਲਵਿਲ ਜੋ ਕਿ ਲੌਰਡ ਲੈਵਨ ਮੈਲਵਿਲ ਦਾ ਜਾਨਸ਼ੀਨ ਸੀ। ਸਿ਼ਕਾਰ ਖੇਡਣ ਲਈ ਇਹ ਇਲਾਕਾ ਬਹੁਤ ਢੁਕਵਾਂ ਸੀ। ਇਸ ਖੇਡ ਰਾਹੀਂ ਉਸ ਦੀ ਦੋਸਤੀ ਦਾ ਘੇਰਾ ਹੋਰ ਵੀ ਵਸੀਹ ਹੋਣ ਲਗਿਆ। ਆਲੇ ਦੁਆਲੇ ਦੇ ਇਲਾਕੇ ਦੇ ਲੌਰਡਜ਼ ਤੇ ਹੋਰ ਵੱਡੇ ਲੋਕ ਮਹਾਂਰਾਜੇ ਨੂੰ ਆਪਣੀਆਂ ਦਾਅਵਤਾਂ ਵਿਚ ਬੁਲਾਉਣ ਲਗੇ। ਮਹਾਂਰਾਜਾ ਵੀ ਉਨ੍ਹਾਂ ਦੀ ਸ਼ਾਨ ਵਿਚ ਵਿਸ਼ੇਸ਼ ਭੋਜ ਦਾ ਇੰਤਜ਼ਾਮ ਕਰਦਾ। ਜੇ ਕੋਈ ਸ਼ਾਹੀ ਪਰਿਵਾਰ ਵਿਚੋਂ ਸਿ਼ਕਾਰ ਖੇਡਣ ਆਇਆ ਹੁੰਦਾ ਤਾਂ ਸਾਰੇ ਪਰਥਸ਼ਾਇਰ ਵਿਚ ਹੀ ਗਹਿਮਾ-ਗਹਿਮੀ ਹੋ ਜਾਂਦੀ। ਮਹਾਂਰਾਜੇ ਦੀ ਇਸਟੇਟ ਤਿਤਰ, ਬਟੇਰੇ ਤੇ ਖਰਗੋਸ਼ਾਂ ਦੇ ਸਿ਼ਕਾਰ ਲਈ ਖਾਸ ਗਿਣੀ ਜਾਣ ਲਗੀ ਸੀ। ਜਦ ਵੀ ਮਹਾਂਰਾਜਾ ਸਿ਼ਕਾਰ ਲਈ ਨਿਕਲਦਾ ਤਾਂ ਇਕ ਵੱਡਾ ਕਾਫਲਾ ਹੁੰਦਾ, ਜਿਸ ਵਿਚ ਕਈ ਘੋੜੇ ਦੇ ਕਈ ਕਿਸਮ ਦੇ ਕੁੱਤੇ ਹੁੰਦੇ। ਸਿ਼ਕਾਰ ਉਠਾਲਣ ਵਾਲੇ ਹੋਰ ਕੁੱਤੇ ਤੇ ਭੱਜ ਕੇ ਮਾਰਨ ਵਾਲੇ ਹੋਰ।
ਬੰਦੂਕਬਾਜ਼ੀ ਦੇ ਨਾਲ ਨਾਲ ਮਹਾਂਰਾਜ ਦੀ ਬਾਜ਼ ਨਾਲ ਸਿ਼ਕਾਰ ਖੇਡਣ ਦੀ ਖੱਬਤ ਵੀ ਘਟੀ ਨਹੀਂ ਸੀ। ਉਹ ਹਮੇਸ਼ਾ ਵਧੀਆ ਕਿਸਮ ਦਾ ਬਾਜ਼ ਰਖਿਆ ਕਰਦਾ ਸੀ। ਬਾਜ਼ ਦੇ ਪੈਰਾਂ ਨੂੰ ਘੁੰਗਰੂ ਬੰਨੇ ਹੁੰਦੇ ਤਾਂ ਜੋ ਉਸ ਦੇ ਉਤਰਨ ਦਾ ਪਤਾ ਚਲ ਜਾਵੇ। ਮਹਾਂਰਾਜਾ ਆਪਣੇ ਹੱਥ ਵਿਚ ਚਮੜੇ ਦਾ ਦਸਤਾਨਾ ਪਾ ਰੱਖਦਾ ਤੇ ਹਵਾ ਵਿਚੋਂ ਬਾਜ਼ ਹੌਲੇ ਜਿਹੇ ਉਸ ਦੀ ਬਾਂਹ ਤੇ ਆ ਬੈਠਦਾ। ਬਾਜ਼ ਅਸਮਾਨ ਵਿਚ ਹੁੰਦਾ ਤਾਂ ਉਸ ਦੇ ਉੜਨ ਦੇ ਤਰੀਕੇ ਤੋਂ ਪਤਾ ਚਲ ਜਾਂਦਾ ਕਿ ਸਿ਼ਕਾਰ ਉਸ ਦੀ ਨਜ਼ਰੇ ਪੈ ਚੁੱਕਾ ਹੈ। ਮਹਾਂਰਾਜਾ ਉਸ ਦੇ ਉਡਾਨ ਮਗਰ ਘੋੜਾ ਲਗਾ ਲੈਂਦਾ ਤੇ ਬਾਜ਼ ਦੇ ਸਿ਼ਕਾਰ ‘ਤੇ ਝਪਟਿਆਂ ਹੀ ਮਹਾਂਰਾਜਾ ਵੀ ਜਾ ਪੁੱਜਦਾ ਤੇ ਹੋਰ ਨੌਕਰ ਵੀ। ਇਸ ਵਿਚ ਬਾਜ਼ ਕਈ ਵਾਰ ਹਿਰਨ ਜਾਂ ਜੰਗਲੀ ਬਕਰੀ ਦਾ ਸਿ਼ਕਾਰ ਵੀ ਕਰ ਲੈਂਦਾ। ਲੂੰਬੜੀ ਆਦਿ ਤਾਂ ਬਾਜ਼ ਸਹਿਜੇ ਹੀ ਚੁੱਕ ਲਿਆਂਉਂਦਾ ਸੀ। ਬਾਕੀ ਛੋਟੇ ਪੰਛੀ ਤਾਂ ਬਾਜ਼ ਆਪਣੇ ਖਾਣ ਲਈ ਮਾਮੂਲੀ ਜਿਹੀ ਕੋਸਿ਼ਸ਼ ਨਾਲ ਲੈ ਆਉਂਦਾ। ਲੋਗਨ ਤਾਂ ਪਹਿਲਾਂ ਹੀ ਇਸ ਖੇਡ ਨੂੰ ਨਿਰਦਈ ਕਿਹਾ ਕਰਦਾ ਸੀ, ਹੋਰ ਵੀ ਕਈ ਲੋਕ ਇਸ ਗੇਮ ਨੂੰ ਪੰਛੀਆਂ ਨਾਲ ਦੁਰ-ਵਿਵਹਾਰ ਦੀ ਖੇਡ ਕਹਿੰਦੇ। ਮਹਾਂਰਾਜੇ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਲੋਗਨ ਕਈ ਵਾਰ ਕਹਿਣ ਲਗਦਾ ਕਿ ਇਸ ਦੇ ਹਿੰਦੁਸਤਾਨ ਸੁਭਾਅ ਵਿਚ ਨਿਰਦੈਅਤਾ ਹੈ। ਜਦੋਂ ਉਹ ਕਿਸੇ ਨੂੰ ਮਹਾਂਰਾਜੇ ਦੇ ਪਰਿਵਾਰ ਦੀ ਕਹਾਣੀ ਸੁਣਾਉਂਦਾ ਕਿ ਕਿਵੇਂ ਭਰਾ ਨੇ ਭਰਾ ਮਾਰ ਦਿਤੇ ਤਾਂ ਲੋਕ ਹੈਰਾਨ ਹੁੰਦੇ ਤੇ ਹਿੰਦੁਸਤਾਨੀਆਂ ਨੂੰ ਨਿਰਦੇਈ ਲੋਕ ਕਹਿਣ ਲਗਦੇ। ਦੁਨੀਆਂ ਦੇ ਪੂਰਬੀ ਭਾਗ ਵਿਚੋਂ ਹੋਰ ਵੀ ਕਈ ਕਹਾਣੀਆਂ ਪੱਛਮ ਵਿਚ ਇਨਸਾਨੀ ਜ਼ੁਲਮ ਦੀਆਂ ਪੁੱਜਦੀਆਂ ਰਹਿੰਦੀਆਂ ਸਨ ਇਸ ਲਈ ਸਾਰਾ ਪੂਰਬ ਹੀ ਨਿਰਦੇਈ ਗਿਣਿਆ ਜਾਂਦਾ ਸੀ।
ਇਕ ਦਿਨ ਇਕ ਕਹਾਣੀ ਵਾਪਰ ਗਈ ਜੋ ਮਹਾਂਰਾਜੇ ਦੇ ਨਿਰਏਈ ਹੋਣ ਦਾ ਸਬੂਤ ਬਣ ਗਈ। ਹੋਇਆ ਇਸ ਤਰ੍ਹਾਂ ਕਿ ਇਕ ਦਿਨ ਮਹਾਂਰਾਜਾ ਸਿ਼ਕਾਰ ਤੋਂ ਵਾਪਸ ਮੁੜ ਰਿਹਾ ਸੀ ਤਾਂ ਉਸ ਨੇ ਆਪਣੇ ਮਹੱਲ ਦੇ ਨੇੜੇ ਇਕ ਬਿੱਲੀ ਘੁੰਮਦੀ ਦੇਖੀ। ਮਹਾਂਰਾਜੇ ਨੇ ਬੰਦੂਕ ਉਸ ਵਲ ਸਿੱਧੀ ਕੀਤੀ ਤੇ ਗੋਲੀ ਚਲਾ ਦਿਤੀ। ਬਿੱਲੀ ਥਾਵੇਂ ਮਰ ਗਈ। ਇਹ ਕਿਸੇ ਗਰੀਬ ਔਰਤ ਦੀ ਬਿੱਲੀ ਸੀ। ਲੇਡੀ ਲੋਗਨ ਨੇ ਸੋਚਿਆ ਕਿ ਬਿੱਲੀ ਦੀ ਮਾਲਕਣ ਖਾਹਮਖਾਹ ਕੋਈ ਬਖੇੜਾ ਸ਼ੁਰੂ ਨਾ ਕਰ ਲਵੇ। ਉਹ ਮਹਾਂਰਾਜੇ ਨੂੰ ਸਮਝਾਉਦੀ ਬੋਲੀ,
“ਯੋਅਰ ਹਾਈ ਨੈੱਸ, ਇਹ ਤਾਂ ਠੀਕ ਨਹੀਂ ਹੋਇਆ, ਲੋਕਾਂ ਨੇ ਇਹ ਗੱਲ ਪਸੰਦ ਨਹੀਂ ਕਰਨੀ, ਬੁੱਢੀ ਔਰਤ ਵੀ ਪਤਾ ਚਲਣ ਤੇ ਰੋਵੇਗੀ ਤੇ ਸ਼ੋਰ ਮਚਾਵੇਗੀ।”
“ਮੈਅਮ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਜਿਹਨੇ ਜੋ ਕਰਨਾ ਏ ਕਰੇ।”
ਉਸ ਵਕਤ ਉਥੇ ਕੁਝ ਹੋਰ ਲੋਕ ਵੀ ਹਾਜ਼ਰ ਸਨ ਜਿਹਨਾਂ ਨੇ ਇਹ ਗੱਲ ਸਾਰੇ ਪਾਸੇ ਫੈਲਾ ਦਿਤੀ। ਜੋ ਵੀ ਸੁਣਦਾ ਮਹਾਂਰਾਜੇ ਦੀ ਇਸ ਗਲੋਂ ਨਿੰਦਿਆ ਕਰਨ ਲਗਦਾ, ਖਾਸ ਤੌਰ ‘ਤੇ ਔਰਤਾਂ। ਔਰਤਾਂ ਵਿਚ ਲੇਡੀ ਹੈਦਰਟਨ ਮਹਾਂਰਾਜੇ ਨੂੰ ਬਹੁਤ ਪਸੰਦ ਕਰਦੀ ਸੀ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮਹਾਂਰਾਜੇ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਸੀ। ਉਸ ਨੇ ਲੋਕਾਂ ਨੂੰ ਗਲਤ ਸਿੱਧ ਕਰਨ ਲਈ ਬਿੱਲੀ ਦੀ ਗਰੀਬ ਮਾਲਕਣ ਦਾ ਭੇਸ ਧਾਰਿਆ ਤੇ ਮਹਾਂਰਾਜੇ ਨੂੰ ਮਿਲਣ ਚਲੇ ਗਈ। ਮਹਾਂਰਾਜਾ ਆਪਣੇ ਦੋਸਤ ਐਲਕ ਲਾਰੰਸ, ਜੋ ਕਿ ਸਰ ਹੈਨਰੀ ਲਾਰੰਸ ਦਾ ਪੁੱਤਰ ਸੀ, ਨਾਲ ਪੂਲ ਖੇਡ ਰਿਹਾ ਸੀ। ਲੇਡੀ ਹੈਦਰਟਨ ਬੁੱਢੀ ਦੇ ਭੇਸ ਵਿਚ ਜਾ ਕੇ ਮਹਾਂਰਾਜੇ ਦੇ ਸਾਹਮਣੇ ਰੋਂਦੀ ਹੋਈ ਆਪਣੀ ਬਿੱਲੀ ਦੀ ਮੁਆਵਾਜ਼ਾ ਮੰਗਣ ਲਗੀ। ਮਹਾਂਰਾਜਾ ਆਪਣੀ ਪੂਲ-ਸਟਿੱਕ ਘੁਮਾਉਂਦਾ ਬੋਲਿਆ,
“ਗੁੱਡ ਓਲਡ ਲੇਡੀ, ਰੋ ਰੋ, ਤੇ ਚੰਗੀ ਤਰ੍ਹਾਂ ਰੋ ਲੈ, ਓਨਾ ਚਿਰ ਰੋ ਜਦ ਤਕ ਤੂੰ ਥੱਕ ਨਹੀਂ ਜਾਂਦੀ, ...ਮੇਰੇ ਤੋਂ ਤੈਨੂੰ ਇਕ ਪੈਨੀ ਨਹੀਂ ਮਿਲਣ ਵਾਲੀ, ਕਿਉਂਕਿ ਗਲਤੀ ਤੇਰੀ ਏ, ਤੂੰ ਆਪਣੇ ਇਸ ਭੈੜੇ ਜਾਨਵਰ ਨੂੰ ਮੇਰੇ ਰਾਹ ਵਿਚ ਆਉਣ ਹੀ ਕਿਉਂ ਦਿਤਾ?”
ਲੇਡੀ ਹੈਦਰਟਨ ਹਾਲੇ ਵੀ ਖੜੀ ਰੋਣ ਦਾ ਅਭਿਨਯ ਕਰੀ ਜਾ ਰਹੀ ਸੀ। ਮਹਾਂਰਾਜੇ ਨੇ ਪੂਲ-ਸਟਿੱਕ ਨਾਲ ਦਰਵਾਜ਼ੇ ਵਲ ਇਸ਼ਾਰਾ ਕਰਦਿਆਂ ਕਿਹਾ,
“ਮੇਰੇ ਵਲ ਕੀ ਦੇਖਦੀ ਏਂ, ਬਾਹਰ ਜਾਣ ਦਾ ਰਾਹ ਓਹ ਐ!”
ਬੁੱਢੀ ਦੇ ਭੇਸ ਵਿਚ ਲੇਡੀ ਹੈਦਰਟਨ ਹਾਲੇ ਵੀ ਅਹਿੱਲ ਖੜੀ ਸੀ। ਅਚਾਨਕ ਉਸ ਦੇ ਸਿਰ ‘ਤੇ ਲਿਆ ਕਪੜਾ ਡਿਗ ਪਿਆ ਤੇ ਮਹਾਂਰਾਜੇ ਨੇ ਉਸ ਨੂੰ ਪੱਛਾਣ ਲਿਆ। ਮਹਾਂਰਾਜਾ ਭੱਜ ਕੇ ਉਸ ਦਾ ਹੱਥ ਫੜਦਾ ਬੋਲਿਆ,
“ਓ ਮਾਈ ਡੀਅਰ ਲੇਡੀ ਹੈਦਰਟਨ, ਇਹ ਤੁਸੀਂ ਓ, ਓ, ਆਏ’ਮ ਰੀਅਲੀ ਸੌਰੀ, ਮੈਨੂੰ ਨਹੀਂ ਸੀ ਪਤਾ, ਮੈਂ ਦਿਲੋਂ ਦੁੱਖੀ ਆਂ। ਜੇ ਮੈਨੂੰ ਪਤਾ ਹੁੰਦਾ ਕਿ ਇਹ ਤੁਸੀਂ ਓ ਤਾਂ ਅਜਿਹੀ ਅੜ੍ਹਬਾਈ ਕਦੇ ਵੀ ਨਾ ਕਰਦਾ।”
ਲੇਡੀ ਹੈਦਰਟਨ ਨੇ ਖੁਸ਼ ਹੁੰਦਿਆਂ ਮਹਾਂਰਾਜੇ ਦੇ ਮੋਢ੍ਹੇ ‘ਤੇ ਹੱਥ ਰੱਖਿਆ ਤੇ ਬੋਲੀ,
“ਕੋਈ ਗੱਲ ਨਹੀਂ ਮਹਾਂਰਾਜਾ, ਰਾਜੇ ਅੜ੍ਹਬ ਹੀ ਹੁੰਦੇ ਨੇ।”
ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਨੂੰ ਮਹਾਂਰਾਣੀ ਵਿਕਟੋਰੀਆ ਵਲੋਂ ਜਨਮ ਦਿਨ ਦਾ ਤੋਹਫਾ ਮਿਲਿਆ। ਇਕ ਤਾਂਬੇ ਦੀ ਪਲੇਟ ਜਿਸ ਉਪਰ ਮਹਾਂਰਾਜੇ ਦਾ ਚਿੱਤਰ ਉਕਰਿਆ ਸੀ ਤੇ ਨਾਲ ਇਕ ਬਾਈਬਲ। ਮਹਾਂਰਾਜਾ ਮਹਾਂਰਾਣੀ ਨੂੰ ਧੰਨਵਾਦ ਦੀ ਲੰਮੀ ਚਿੱਠੀ ਲਿਖਣ ਬਹਿ ਗਿਆ।
ਇਕ ਦਿਨ ਮਹਾਂਰਾਜੇ ਨੂੰ ਇਕ ਚਿੱਠੀ ਮਿਲੀ। ਇਹ ਲੰਡਨ ਤੋਂ ਹੀ ਆਈ ਸੀ। ਲਿਖਣ ਵਾਲਾ ਕੋਈ ਮਿਸਟਰ ਸਿੰਘ ਸੀ। ਇਹ ਨਾਂ ਪੜ ਕੇ ਮਹਾਂਰਾਜੇ ਦੇ ਮਨ ਦੀਆਂ ਤਾਰਾਂ ਖੜਕਣ ਲਗੀਆਂ। ਉਹ ਆਪ ਵੀ ਸਿੰਘ ਸੀ। ਇਸਾਈ ਬਣਨ ਵੇਲੇ ਉਸ ਨੇ ਇਕ ਸ਼ਰਤ ਰੱਖੀ ਸੀ ਕਿ ਉਹ ਆਪਣਾ ਨਾਂ ਨਹੀਂ ਬਦਲੇਗਾ ਤੇ ਉਸ ਦੀ ਇਸ ਸ਼ਰਤ ਨੂੰ ਸਹਿਜੇ ਹੀ ਮਨਜ਼ੂਰ ਕਰ ਲਿਆ ਗਿਆ ਸੀ। ਇਹ ਨਾਂ ਦੇਖ ਕੇ ਉਸ ਨੂੰ ਯਾਦ ਆਇਆ ਕਿ ਕਾਫੀ ਦੇਰ ਪਹਿਲਾਂ ਜਦ ਉਹ ਸੇਂਟ ਪਾਲ ਕੈਥੀਡਰਲ ਗਿਆ ਸੀ ਤਾਂ ਉਥੇ ਦੋ ਪੱਗਾਂ ਦਿਸੀਆਂ ਸਨ। ਹੁਣ ਉਹ ਪੱਗਾਂ ਉਸ ਨੂੰ ਫਿਰ ਯਾਦ ਆਉਣ ਲਗੀਆਂ। ਚਿੱਠੀ ਲਿਖਣ ਵਾਲੇ ਨੇ ਮਿਲਣ ਦਾ ਵਕਤ ਮੰਗਿਆ ਸੀ। ਮਹਾਂਰਾਜੇ ਨੇ ਇਕ ਦਮ ਜਵਾਬੀ ਚਿੱਠੀ ਲਿਖ ਦਿਤੀ ਤੇ ਕਹਿ ਦਿਤਾ ਕਿ ਉਹ ਕਦੇ ਵੀ ਮਿਲਣ ਆ ਸਕਦਾ ਹੈ ਤੇ ਰੇਲ ਰਾਹੀਂ ਸਾਰਾ ਰਸਤਾ ਵੀ ਸਮਝਾ ਦਿਤਾ। ਸਕੌਟਲੈਂਡ ਲੰਡਨ ਤੋਂ ਕਾਫੀ ਦੂਰ ਸੀ ਪਰ ਨਵੀਂਆਂ ਵਿਛੀਆਂ ਰੇਲਵੇ ਲਾਈਨਾਂ ਨੇ ਇਹ ਦੂਰੀਆਂ ਬਹੁਤ ਨੇੜੇ ਕਰ ਦਿਤੀਆਂ ਹੋਈਆਂ ਸਨ।
ਕੁਝ ਦਿਨਾਂ ਬਾਅਦ ਤਿੰਨ ਪਗੜੀਆਂ ਵਾਲੇ ਸਰਦਾਰ ਮੈਨਜ਼ੀ ਪੈਲੇਸ ਦੇ ਗੇਟ ‘ਤੇ ਖੜੇ ਸਨ। ਦਰਬਾਨ ਨੇ ਦਰਵਾਜ਼ਾ ਖੋਹਲਿਆ ਤੇ ਉਹਨਾਂ ਨੂੰ ਮਹਿਮਾਨਖਾਨੇ ਵਿਚ ਬੈਠਾ ਕੇ ਮਹਾਂਰਾਜੇ ਨੂੰ ਉਹਨਾਂ ਦੇ ਆਉਣ ਦੀ ਸੂਚਨਾ ਦੇਣ ਚਲੇ ਗਿਆ। ਮਹਾਂਰਾਜੇ ਨੇ ਉਹਨਾਂ ਨੂੰ ਪੈਲੇਸ ਦੇ ਮੁੱਖ ਮਹਿਮਾਨਖਾਨੇ ਵਿਚ ਬੁਲਾ ਲਿਆ। ਆਉਣ ਵਾਲਿਆਂ ਹੱਥ ਜੋੜ ਕੇ ਫਤਿਹ ਬੁਲਾਈ। ਮਹਾਂਰਾਜੇ ਨੇ ਵੀ ਹੱਥ ਜੋੜ ਕੇ ਫਤਿਹ ਦਾ ਜਵਾਬ ਦਿਤਾ। ਉਸ ਨੂੰ ਖੁਦ ਵੀ ਹੈਰਾਨੀ ਹੋਈ ਕਿ ਉਸ ਨੇ ਫਤਿਹ ਦਾ ਜਵਾਬ ਫਤਿਹ ਵਿਚ ਦਿਤਾ ਹੈ। ਉਸ ਨੂੰ ਤਾਂ ਲਗਦਾ ਸੀ ਕਿ ਹੁਣ ਪੰਜਾਬੀ ਨੂੰ ਭੁੱਲ-ਭੁਲਾ ਚੁੱਕੀ ਹੈ। ਉਹ ਤਾਂ ਬਹੁਤ ਦੇਰ ਤੋਂ ਅੰਗਰੇਜ਼ੀ ਵਿਚ ਹੀ ਸੋਚਣ ਲਗਿਆ ਸੀ। ਮਹਾਂਰਾਜੇ ਨੂੰ ਚਾਅ ਜਿਹਾ ਚੜ ਗਿਆ। ਆਉਣ ਵਾਲਿਆਂ ਵਿਚੋਂ ਇਕ ਆਪਣਾ ਤੁਆਰਫ ਕਰਾਉਂਦਾ ਦੱਸਣ ਲਗਿਆ,
“ਮਹਾਂਰਾਜਾ ਜੀਓ, ਮੇਰਾ ਨਾਂ ਸੁਮੰਦ ਸਿੰਘ ਏ, ਇਹ ਮੇਰਾ ਦੋਸਤ ਏ ਕਾਬਲ ਸਿੰਘ ਤੇ ਇਹ ਇਹਨਾਂ ਦਾ ਬੇਟਾ ਜਸਵੀਰ ਸਿੰਘ।”
“ਆਪ ਲੋਗ ਕਦੋਂ ਆਏ ਪੰਜਾਬ ਤੋਂ?” ਮਹਾਂਰਾਜੇ ਨੇ ਪੰਜਾਬੀ ਵਿਚ ਪੁੱਛਿਆ।
“ਮਹਾਂਰਾਜਾ ਜੀਓ, ਅਸੀਂ ਦੋ ਦੋਸਤ ਤਾਂ ਕੁਝ ਸਾਲਾਂ ਤੋਂ ਲੰਡਨ ਵਿਚ ਈ ਰਹਿੰਦੇ ਆਂ ਪਰ ਇਹ ਜਸਵੀਰ ਸਿੰਘ ਕੁਝ ਦਿਨ ਪਹਿਲਾਂ ਈ ਆਇਆ ਏ।”
ਸਮੁੰਦ ਸਿੰਘ ਗੱਲ ਕਰਕੇ ਚੁੱਪ ਕਰ ਗਿਆ। ਮਹਾਂਰਾਜਾ ਵੀ ਕੁਝ ਨਾ ਬੋਲਿਆ। ਸਮੁੰਦ ਸਿੰਘ ਨੇ ਜ਼ਰਾ ਕੁ ਬਾਅਦ ਆਖਿਆ,
“ਅਸੀਂ ਤੁਹਾਨੂੰ ਉਸ ਦਿਨ ਵੀ ਦੇਖਿਆ ਸੀ ਜਿਸ ਦਿਨ ਤੁਸੀਂ ਵੱਡੇ ਚਰਚ ਆਏ ਸਾਓ, ਮੁੜ ਕੇ ਅਸੀਂ ਤੁਹਾਨੂੰ ਮਿਲਣ ਦੀ ਕੋਸਿ਼ਸ਼ ਕਰਦੇ ਰਹੇ ਹਾਂ ਪਰ ਸਾਨੂੰ ਇਜਾਜ਼ਤ ਨਹੀਂ ਮਿਲਦੀ ਰਹੀ ਇਸੇ ਲਈ ਅਸੀਂ ਚਿੱਠੀ ਲਿਖੀ ਸੀ ਕਿ ਜੇ ਹੋ ਸਕੇ ਤਾਂ...।”
“ਦੱਸੋ ਕਿਸ ਸਿਲਸਿਲੇ ਵਿਚ ਮਿਲਣ ਆਏ ਹੋ?” ਹੁਣ ਮਹਾਂਰਾਜੇ ਨੇ ਅੰਗਰੇਜ਼ੀ ਵਿਚ ਪੁੱਛਿਆ। ਪੰਜਾਬੀ ਬੋਲਣੀ ਕੁਝ ਮੁਸ਼ਕਲ ਹੋ ਰਹੀ ਸੀ। ਇਕ ਪਲ ਲਈ ਮਹਾਂਰਾਜੇ ਨੂੰ ਪਤਾ ਚਲ ਗਿਆ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਉਸ ਨੇ ਉਹਨਾਂ ਦੀ ਗੱਲ ਤੋਂ ਪਹਿਲਾਂ ਹੀ ਕਿਹਾ,
“ਕੀ ਨਾਂ ਦੱਸਿਆ ਤੁਸੀਂ! ਸੁਮੰਦ ਸਿੰਘ? ...ਹਾਂ, ਸਰਦਾਰ ਜੀ ਅਸੀਂ ਹੁਣ ਇਸਾਈ ਧਰਮ ਅਪਣਾ ਚੁੱਕੇ ਹਾਂ ਤੇ ਸਿੱਖ ਧਰਮ ਨਾਲ ਸਾਡਾ ਕੋਈ ਸਰੋਕਾਰ ਨਹੀਂ ਰਿਹਾ।”
“ਮਹਾਂਰਾਜਾ ਜੀਓ, ਤੁਹਾਡਾ ਸਰੋਕਾਰ ਨਹੀਂ ਰਿਹਾ ਤਾਂ ਕੋਈ ਗੱਲ ਨਹੀਂ ਪਰ ਸਿੱਖ ਧਰਮ ਦਾ ਤਾਂ ਤੁਹਾਡੇ ਨਾਲ ਵਾਹ ਹੈ, ਪੂਰੇ ਪੰਜਾਬ ਦਾ ਹੈ ਹੋ ਤੁਹਾਡੇ ਸਾਹ ਵਿਚ ਸਾਹ ਲੈ ਰਿਹੈ।”
“ਸਰਦਾਰ ਜੀ, ਸਭ ਕੁਝ ਬਦਲ ਚੁੱਕਿਆ ਏ, ਅਸੀਂ, ਹਾਲਾਤ, ਪੰਜਾਬ ਤੇ ਸਾਰੀ ਦੁਨੀਆਂ।”
“ਕੁਝ ਵੀ ਹੋਵੇ, ਜਿਹੜਾ ਬੂਟਾ ਜਿਵੇਂ ਜੰਮਿਆਂ ਹੈ ਉਵੇਂ ਹੀ ਰਹਿੰਦਾ ਏ, ਜੇ ਕੋਈ ਪੇਂਦ ਚੜ੍ਹਾ ਦੇਵੇ ਤਾਂ ਬੂਟੇ ਦਾ ਅਸਲੀ ਖਾਸਾ ਖਤਮ ਨਹੀਂ ਹੁੰਦਾ, ਤੁਸੀਂ ਜੋ ਸੀ ਉਹੋ ਰਹੋਗੇ, ਇਹ ਤਹਾਡੀ ਸੋਚ ਆਰਜ਼ੀ ਏ।” ਸੁਮੰਦ ਸਿੰਘ ਨੇ ਪੂਰੇ ਵਿਸਵਾਸ਼ ਨਾਲ ਕਿਹਾ। ਮਹਾਂਰਾਜੇ ਨੂੰ ਉਸ ਦੀ ਗੱਲ ਚੰਗੀ ਨਾ ਲਗੀ। ਉਸ ਦੇ ਚਿਹਰੇ ‘ਤੇ ਹਲਕਾ ਜਿਹਾ ਤਣਾਵ ਉਭਰ ਆਇਆ। ਜਸਵੀਰ ਸਿੰਘ ਨੇ ਕਹਿਣਾ ਸ਼ੁਰੂ ਕੀਤਾ,
“ਮਹਾਂਰਾਜਾ ਜੀਓ, ਮੈਂ ਤਾਂ ਥੋੜੇ ਦਿਨ ਪਹਿਲਾਂ ਈ ਪੰਜਾਬ ਤੋਂ ਆਇਆਂ, ਪੰਜਾਬ ਦਾ ਬੱਚਾ-ਬੱਚਾ ਤਹਾਨੂੰ ਯਾਦ ਕਰ ਰਿਹੈ, ਠੀਕ ਏ ਫਰੰਗੀਆਂ ਨੇ ਜਿ਼ਆਦਤੀਆਂ ਕੀਤੀਆਂ ਨੇ ਪਰ ਏਹਦੇ ਵਿਚ ਤੁਹਾਡਾ ਤਾਂ ਕੋਈ ਕਸੂਰ ਨਹੀਂ, ਜੇ ਹੋ ਸਕੇ ਤਾਂ ਇਕ ਵਾਰ ਪੰਜਾਬ ਚਲੋ ਤੇ ਦੇਖੋ ਕਿਵੇਂ ਤੁਹਾਨੂੰ ਹੱਥਾਂ ‘ਤੇ ਚੁੱਕਦੇ ਨੇ, ਤੁਸੀ ਪੰਜਾਬ ਦੇ ਮਹਾਂਰਾਜੇ ਓ।”
“ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਸਭ ਪਿੱਛੇ ਰਹਿ ਗਿਆ ਏ, ਫਰੰਗੀਆਂ ਸਾਡੇ ਨਾਲ ਬਹੁਤ ਧੱਕਾ ਕੀਤਾ ਏ ਪਰ ਹੁਣ ਸਾਡੀ ਸਹਾਇਤਾ ਵੀ ਕਰ ਰਹੇ ਨੇ, ਹਰ ਮੈਜਿਸਟੀ ਸਾਨੂੰ ਬੀਬੀ ਜੀ ਵਾਂਗ ਈ ਨੇ।”
“ਹਾਂ, ਮਹਾਂਰਾਜਾ ਜੀਓ, ਰਾਜਮਾਤਾ ਜੀ ਨਿਪਾਲ ਵਿਚ ਨੇ, ਕੀ ਤੁਹਾਨੂੰ ਕੋਈ ਖਬਰ ਏ।”
ਮਹਾਂਰਾਜਾ ਕੁਝ ਪਲ ਲਈ ਚੁੱਪ ਰਿਹਾ ਤੇ ਫਿਰ ਅੰਗਰੇਜ਼ੀ ਵਿਚ ਬੋਲਿਆ,
“ਹਾਂ, ਪਤਾ ਏ, ਜ਼ਰਾ ਵਿਹਲਾ ਹੋ ਲਵਾਂ ਤਾਂ ਉਹਨਾਂ ਦਾ ਪਤਾ ਕਰਦਾਂ, ਵੈਸੇ ਇੰਡੀਆ ਹਾਊਸ ਵਾਲੇ ਉਹਨਾਂ ਨਾਲ ਸਪੰਰਕ ਵਿਚ ਨੇ।”
ਮਹਾਂਰਾਜੇ ਨੇ ਇਹ ਗੱਲ ਆਪਣੇ ਕੋਲੋਂ ਹੀ ਕਹਿ ਦਿਤੀ। ਉਸ ਨੂੰ ਇਹ ਤਾਂ ਪਤਾ ਸੀ ਕਿ ਰਾਜਮਾਤਾ ਨਿਪਾਲ ਵਿਚ ਹੈ ਪਰ ਕਿਸ ਹਾਲਤ ਵਿਚ ਹੈ ਇਸ ਬਾਰੇ ਨਹੀਂ ਸੀ ਪਤਾ। ਇਹ ਵੀ ਪਤਾ ਸੀ ਕਿ ਅੰਗਰੇਜ਼ ਰਾਜਮਾਤਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਮਹਾਂਰਾਜਾ ਇਹੋ ਸੋਚਦਾ ਰਹਿੰਦਾ ਸੀ ਕਿ ਵਕਤ ਆਵੇਗਾ ਸਭ ਠੀਕ ਹੋ ਜਾਵੇਗਾ। ਉਸ ਨੂੰ ਇਹ ਲੋਕ ਪੰਜਾਬ ਜਾਣ ਲਈ ਕਹਿ ਰਹੇ ਸਨ ਪਰ ਉਸ ਨੂੰ ਪਤਾ ਸੀ ਕਿ ਇੰਡੀਆ ਹਾਊਸ ਕਿਸੇ ਵੀ ਹਾਲਤ ਵਿਚ ਨਹੀਂ ਜਾਣ ਦੇਵੇਗਾ। ਮਹਾਂਰਾਜਾ ਉਹਨਾਂ ਨੂੰ ਕਹਿਣ ਲਗਿਆ,
“ਜਦ ਸਮਾਂ ਆਵੇਗਾ, ਜਦ ਜੀਸਸ ਚਾਹੁਣਗੇ ਸਭ ਕੁਝ ਆਪਣੇ ਆਪ ਸਹੀ ਹੋ ਜਾਵੇਗਾ, ਇਸ ਵੇਲੇ ਤੁਸੀਂ ਆਪਣਾ ਧਿਆਨ ਰੱਖੋ, ਮੈਨੂੰ ਮਿਲਣ ਕਾਰਨ ਤੁਸੀਂ ਕਿਸੇ ਕਿਸਮ ਦੀ ਮੁਸੀਬਤ ਵਿਚ ਨਾ ਪੈ ਜਾਇਓ।”
ਫਤਿਹਗੜ੍ਹ ਉਸ ਨੂੰ ਮਿਲਣ ਆਏ ਬੰਦਿਆਂ ਬਾਰੇ ਸੰਤਾ ਸਿੰਘ ਰਾਹੀਂ ਪਤਾ ਚਲ ਚੁਕਿਆ ਸੀ ਤੇ ਇਹ ਵੀ ਪਤਾ ਸੀ ਕਿ ਜੇ ਉਹ ਮੁੜ ਉਸ ਇਲਾਕੇ ਵਿਚ ਦੇਖੇ ਗਏ ਤਾਂ ਗੋਲੀ ਮਾਰ ਦਿਤੀ ਜਾਣੀ ਸੀ। ਉਸ ਨੂੰ ਡਰ ਸੀ ਕਿ ਕਿਤੇ ਇਹਨਾਂ ਬੰਦਿਆਂ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ। ਉਹ ਤਿੰਨੋ ਮਹਿਮਾਨ ਤੁਰਨ ਵੇਲੇ ਕਹਿਣ ਲਗੇ,
“ਮਹਾਂਰਾਜਾ ਜੀਓ, ਸਾਨੂੰ ਕਿਸੇ ਕਿਸਮ ਦਾ ਡਰ ਨਹੀਂ, ਹੁਣ ਅਸੀਂ ਜਾਂਦੇ ਹਾਂ ਪਰ ਅਸੀਂ ਫਿਰ ਤੁਹਾਨੂੰ ਮਿਲਣ ਆਵਾਂਗੇ।”
“ਹਾਂ, ਪਰ ਪਹਿਲਾਂ ਖਤ ਲਿਖ ਕੇ ਪੱਕਾ ਕਰ ਲੈਣਾ।” ਮਹਾਂਰਾਜੇ ਨੇ ਫਿਰ ਅੰਗਰੇਜ਼ੀ ਵਿਚ ਕਿਹਾ।
ਉਹ ਤਿੰਨੋ ਚਲੇ ਗਏ ਪਰ ਮਹਾਂਰਾਜੇ ਨੂੰ ਬਹੁਤ ਉਦਾਸ ਕਰ ਗਏ। ਰਾਤ ਨੂੰ ਉਹ ਬਹੁਤ ਦੇਰ ਤਕ ਸੌਂ ਨਾ ਸਕਿਆ ਪਰ ਜਦ ਸੁੱਤਾ ਤਾਂ ਅਜੀਬ ਜਿਹੇ ਸੁਫਨੇ ਵਿਚ ਦੀ ਲੰਘਦਾ ਰਿਹਾ;
...‘ਮਹਾਂਰਾਜੇ ਦੇ ਹੱਥ ਵਿਚ ਕੁਝ ਫੜਿਆ ਹੋਇਆ ਹੈ ਜੋ ਕਿਸੇ ਚੀਜ਼ ਨਾਲ ਢਕਿਆ ਹੋਇਆ ਹੈ, ਇਹ ਕੀ ਚੀਜ਼ ਹੈ ਮਹਾਂਰਾਜੇ ਨੂੰ ਸਮਝ ਨਹੀਂ ਪੈ ਰਹੀ, ਉਹ ਇਹ ਚੀਜ਼ ਕਿਸੇ ਨੂੰ ਭੇਂਟ ਕਰਨ ਜਾ ਰਿਹਾ ਹੈ। ਕੁਝ ਕਦਮ ਹੀ ਤੁਰਦਾ ਹੈ ਕਿ ਉਸ ਨੂੰ ਧੱਕਾ ਜਿਹਾ ਵਜਦਾ ਹੈ।’
ਮਹਾਂਰਾਜੇ ਦੀ ਜਾਗ ਖੁਲ੍ਹ ਗਈ। ਉਹ ਉਠ ਕੇ ਬੈਠ ਗਿਆ। ਉਸ ਨੂੰ ਖਿਆਲ ਆਇਆ ਕਿ ਇਹ ਸੁਫਨਾ ਤਾਂ ਉਹ ਕਈ ਵਾਰ ਦੇਖ ਚੁੱਕਿਆ ਸੀ। ਬਲਕਿ ਇਹ ਸੁਫਨਾ ਤਾਂ ਉਹ ਅਕਸਰ ਦੇਖਦਾ ਰਹਿੰਦਾ ਸੀ। ਇਹ ਸੁਫਨਾ ਉਸ ਨੂੰ ਡਰਾਉਣਾ ਵੀ ਨਹੀਂ ਸੀ ਲਗਦਾ। ਮਹਾਂਰਾਜਾ ਨੇ ਪਾਣੀ ਦਾ ਗਲਾਸ ਪੀਤਾ ਤੇ ਉਠ ਕੇ ਮੁੱਖ ਮਹਿਮਾਨਖਾਨੇ ਵਿਚ ਆ ਗਿਆ ਜਿਥੇ ਉਸ ਦੇ ਸਾਰੇ ਪਰਿਵਾਰ ਦੀਆਂ ਤਸਵੀਰਾਂ ਸਨ। ਉਸ ਦੇ ਰਾਜ ਦਰਬਾਰ ਦੀਆਂ, ਅਮ੍ਰਿਤਸਰ ਸਾਹਿਬ ਦੀਆਂ ਤੇ ਪੰਜਾਬ ਦੀ ਜਿ਼ੰਦਗੀ ਦੇ ਝਲਕਾਰੇ ਦਿਖਾਉਂਦੀਆਂ ਕੁਝ ਹੋਰ ਵੀ। ਮਹਾਂਰਾਜਾ ਸ਼ੇਰ ਸਿੰਘ ਆਕੜਿਆ ਹੋਇਆ ਬੈਠਾ ਸੀ। ਇਵੇਂ ਹੀ ਖੜਕ ਸਿੰਘ ਵੀ। ਉਹ ਉਹਨਾਂ ਵਾਂਗ ਬੈਠਣ ਤੇ ਖੜ੍ਹਨ ਦੀ ਕੋਸਿ਼ਸ਼ ਕਰਨ ਲਗਿਆ। ਫਿਰ ਉਸ ਨੇ ਇਕ ਇਕ ਤਸਵੀਰ ਦੇਖੀ ਤੇ ਆਪਣੇ ਬਿਸਤਰ ਵਿਚ ਮੁੜ ਕੇ ਆ ਪਿਆ ਪਰ ਨੀਂਦ ਫਿਰ ਸਾਰੀ ਰਾਤ ਨਹੀਂ ਆ ਸਕੀ।
ਮਿਸਜ਼ ਲੋਗਨ ਨੂੰ ਮਹਾਂਰਾਜੇ ਦੇ ਇਕੱਲੇ ਹੋਣ ਦੀ ਚਿੰਤਾ ਰਹਿੰਦੀ ਸੀ। ਉਹ ਚਾਹੁੰਦੀ ਸੀ ਕਿ ਮਹਾਂਰਾਜੇ ਦੀ ਉਸ ਦੀ ਭਾਂਣਜੀ ਐਨੀ ਨਾਲ ਸ਼ਾਦੀ ਹੋ ਜਾਵੇ। ਮਹਾਂਰਾਜਾ ਹੁਣ ਬ੍ਰਤਾਨਵੀ ਸਮਾਜ ਦੀਆਂ ਉਪਰਲੀਆਂ ਸਫਾਂ ਵਿਚ ਵਿਚਰਨ ਵਾਲਾ ਵਿਅਕਤੀ ਸੀ। ਐਨੀ ਭਾਵੇਂ ਸਾਧਾਰਣ ਜਿਹੀ ਕੁੜੀ ਸੀ ਪਰ ਮਹਾਂਰਾਜੇ ਨਾਲ ਉਸ ਦੀ ਜੋੜੀ ਬਹੁਤ ਖੂਬ ਫੱਬਦੀ ਸੀ। ਐਨੀ ਕਈ ਵਾਰ ਮੈਨਜ਼ੀ ਪੈਲੇਸ ਆਉਂਦੀ ਵੀ, ਮਹਾਂਰਾਜਾ ਨਾਲ ਉਸ ਦੀ ਗੱਲਬਾਤ ਹੁੰਦੀ ਵੀ ਸੀ ਪਰ ਗੱਲ ਕਿਸੇ ਕੰਢੇ ਲਗ ਨਾ ਸਕੀ। ਇਕ ਤਾਂ ਉਸੇ ਵੇਲੇ ਹੀ ਮਹਾਂਰਾਜੇ ਦਾ ਦੋ ਕੁ ਹੋਰ ਕੁੜੀਆਂ ਨਾਲ ਨਾਂ ਜੁੜਨ ਲਗ ਪਿਆ ਸੀ ਤੇ ਦੂਜੇ ਮਹਾਂਰਾਣੀ ਦੀ ਆਈ ਇਕ ਚਿੱਠੀ ਨੇ ਮਿਸਜ਼ ਲੋਗਨ ਦੀਆਂ ਕਈ ਯੋਯਨਾਵਾਂ ਤੇ ਪਾਣੀ ਫੇਰ ਦਿਤਾ। ਮਹਾਂਰਾਣੀ ਚਾਹੁੰਦੀ ਸੀ ਕਿ ਰਾਜਕੁਮਾਰੀ ਗਰੈਹਮਾ ਦੀ ਸ਼ਾਦੀ ਮਹਾਂਰਾਜੇ ਨਾਲ ਹੋ ਜਾਵੇ। ਰਾਜਕੁਮਾਰੀ ਦੇ ਪਿਤਾ ਦਾ ਰਾਜ ਵੀ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਿਆ ਸੀ। ਇਸ ਲਈ ਦੋਨਾਂ ਦਾ ਇਕੋ ਜਿਹਾ ਪਿਛੋਕੜ ਸੀ ਤੇ ਇਹ ਰਿਸ਼ਤਾ ਠੀਕ ਵੀ ਰਹਿ ਜਾਣਾ ਸੀ। ਰਾਜਕੁਮਾਰੀ ਮਹਾਂਰਾਜੇ ਤੋਂ ਦੋ ਕੁ ਸਾਲ ਛੋਟੀ ਸੀ। ਪਹਿਲਾਂ ਉਹ ਮਿਸਜ਼ ਡਰੁਮਡ ਦੀ ਦੇਖਰੇਖ ਹੇਠ ਸੀ ਪਰ ਮਹਾਂਰਾਣੀ ਵਿਕਟੋਰੀਆ ਇਸ ਤੋਂ ਬਹੁਤੀ ਖੁਸ਼ ਨਹੀਂ ਸੀ। ਪਿਛੇ ਜਿਹੇ ਰਾਜਕੁਮਾਰੀ ਦਾ ਨਾਂ ਅਸਤਬਲ ਵਿਚ ਕੰਮ ਕਰਨ ਵਾਲੇ ਇਕ ਮੁੰਡੇ ਨਾਲ ਜੁੜਨ ਲਗਿਆ ਸੀ, ਮਹਾਂਰਾਣੀ ਨੇ ਕਾਹਲੀ ਨਾਲ ਉਸ ਨੂੰ ਮਿਸਜ਼ ਲੋਗਨ ਦੀ ਸੰਭਾਲ ਵਿਚ ਦੇ ਦਿਤਾ। ਉਥੇ ਹੀ ਮਹਾਂਰਾਜੇ ਤੇ ਉਸ ਰਾਜਕੁਮਾਰੀ ਨੂੰ ਮਿਲਾ ਦਿਤਾ ਗਿਆ। ਮਿਸਜ਼ ਲੋਗਨ ਨੇ ਤਾਂ ਪਹਿਲਾਂ ਹੀ ਦੇਖ ਲਿਆ ਸੀ ਕਿ ਰਾਜਕੁਮਾਰੀ ਮਹਾਂਰਾਜੇ ਦੇ ਕਾਬਲ ਨਹੀਂ ਹੈ ਪਰ ਮਹਾਂਰਾਣੀ ਦੇ ਇਰਾਦੇ ਵਿਚ ਉਹ ਕਿਸੇ ਕਿਸਮ ਦਾ ਦਖਲ ਨਹੀਂ ਸੀ ਦੇਣਾ ਚਾਹੁੰਦੀ। ਕੁਝ ਮੁਲਕਾਤਾਂ ਤੋਂ ਬਾਅਦ ਉਸ ਨੇ ਮਹਾਂਰਾਜੇ ਨੂੰ ਪੁੱਛਿਆ,
“ਯੌਅਰ ਹਾਈਨੈੱਸ, ਕਿਹੋ ਜਿਹੀ ਏ ਇਹ ਰਾਜਕੁਮਾਰੀ?”
“ਬਹੁਤ ਚੰਗੀ ਕੁੜੀ ਏ।”
“ਪਤਨੀ ਦੇ ਤੌਰ ਤੇ ਤੁਹਾਨੂੰ ਕਿਹੋ ਜਿਹੀ ਲਗਦੀ ਏ?” ਮਿਸਜ਼ ਲੋਗਨ ਨੇ ਸਿਧਾ ਸਵਾਲ ਹੀ ਕਰ ਲਿਆ। ਮਹਾਂਰਾਜਾ ਕੁਝ ਦੇਰ ਲਈ ਸੋਚਦਾ ਰਿਹਾ ਤੇ ਫਿਰ ਕਹਿਣ ਲਗਿਆ,
“ਮੈਅਮ, ਵਿਆਹ ਲਈ ਠੀਕ ਨਹੀਂ, ਇਹ ਕੁੜੀ ਬਹੁਤ ਚੰਗੀ ਏ, ਜਿਥੇ ਵੀ ਜਾਏਗੀ ਖੁਸ਼ ਰਹੇਗੀ ਤੇ ਅਗਲੇ ਨੂੰ ਵੀ ਖੁਸ਼ ਰੱਖੇਗੀ ਪਰ ਮੇਰੇ ਲਈ ਇਹ ਨਹੀਂ ਬਣੀ। ਇਹਦੇ ਨਾਲੋਂ ਤਾਂ ਮੈਂ ਕਿਸੇ ਅੰਗੇਰੇਜ਼ ਕੁੜੀ ਨਾਲ ਵਿਆਹ ਕਰਾਉਣਾ ਪਸੰਦ ਕਰਾਂਗਾ।”
“ਮਹਾਂਰਾਣੀ ਦਾ ਇਰਾਦਾ ਤਾਂ ਇਹੋ ਏ ਕਿ ਤੁਸੀਂ ਗਰੈਹਮਾ ਨਾਲ ਵਿਆਹ ਕਰਾਵੋਂ।” ਮਿਸਜ਼ ਲੋਗਨ ਨੇ ਫੈਸਲਾ ਸੁਣਾਉਣ ਵਾਂਗ ਕਿਹਾ। ਮਹਾਂਰਾਜਾ ਫਿਰ ਸੋਚਾਂ ਵਿਚ ਪੈ ਗਿਆ ਕਿ ਕੀ ਜਵਾਬ ਦੇਵੇ। ਕੁਝ ਸੋਚ ਕੇ ਉਸ ਨੇ ਕਿਹਾ,
“ਮੈਅਮ, ਅਸਲ ਵਿਚ ਮੈਂ ਸੋਚ ਰਿਹਾਂ ਕਿ ਮੈਂ ਸਾਰੀ ਉਮਰ ਵਿਆਹ ਹੀ ਨਾ ਕਰਾਵਾਂ, ਮੇਰੇ ਤੋਂ ਗ੍ਰਹਿਸਥੀ ਦਾ ਬੋਝ ਨਹੀਂ ਚੁੱਕਿਆ ਜਾਣਾਂ, ਮੈਂ ਤਾਂ ਸਿ਼ਕਾਰ ਖੇਡਣ ਵਾਲੀ ਤਬੀਅਤ ਦਾ ਮਾਲਕ ਵਾਂ ਤੇ ਮੈਂ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਏ।”
ਮਹਾਂਰਾਜਾ ਨੇ ਇਕ ਦਮ ਹੀ ਆਪਣਾ ਫੈਸਲਾ ਕਰਕੇ ਸੁਣਾ ਵੀ ਦਿਤਾ। ਅਗਲੀ ਵਾਰ ਉਹ ਮਹਾਂਰਾਣੀ ਨੂੰ ਮਿਲਿਆ ਤਾਂ ਉਸ ਨੂੰ ਵੀ ਇਹੋ ਕਹਿਣ ਲਗਿਆ,
“ਯੋਅਰ ਮੈਜਿਸਟੀ, ਮੈਂ ਹਾਲੇ ਵਿਆਹ ਕਰਾਉਣ ਦੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ, ਮੈਂ ਹਾਲੇ ਦੁਨੀਆਂ ਦੇਖਣੀ ਏ, ਹਾਲੇ ਮੈਂ ਬਹੁਤ ਛੋਟਾਂ, ਮੈਂ ਤੇਈ ਚੌਵੀ ਸਾਲ ਤੋਂ ਪਹਿਲਾਂ ਵਿਆਹ ਨਹੀਂ ਕਰਾ ਸਕਦਾ, ਕਿਸੇ ਵੀ ਹਾਲਤ ਵਿਚ ਨਹੀਂ।”
ਮਹਾਂਰਾਣੀ ਨੂੰ ਤਾਂ ਮਹਾਂਰਾਜੇ ਦਾ ਹਰ ਫੈਸਲਾ ਹੀ ਚੰਗਾ ਲਗਿਆ ਕਰਦਾ ਸੀ। ਉਸ ਨੇ ਉਸ ਦੀ ਇਹ ਗੱਲ ਵੀ ਇਕ ਦਮ ਖਿੜੇ ਮੱਥੇ ਕਬੂਲ ਕਰ ਲਈ। ਅਸਲ ਵਿਚ ਇਹ ਸਲਾਹ ਪਿਛਿਓਂ ਡਲਹੌਜ਼ੀ ਦੀ ਸੀ। ਡਲਹੌਜ਼ੀ ਚਾਹੁੰਦਾ ਸੀ ਕਿ ਗੱਦੀਓਂ ਲਾਹੇ ਇਹ ਦੋਵੇਂ ਇਕੋ ਜਿਹਾ ਤਜਰੁਬਾ ਰਖਦੇ ਹਨ ਤੇ ਇਕ ਦੂਜੇ ਨਾਲ ਵਿਆਹ ਕਰਾ ਕੇ ਕਾਮਯਾਬ ਰਹਿਣਗੇ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਹਾਂਰਾਜੇ ਦੀ ਤੇ ਰਾਜਕੁਮਾਰੀ ਦੀ ਸਖਸ਼ੀਅਤ ਵਿਚ ਬਹੁਤ ਅੰਤਰ ਸੀ। ਕੁਝ ਲੋਕਾਂ ਦਾ ਇਹ ਖਿਆਲ ਵੀ ਸੀ ਕਿ ਡਲਹੌਜ਼ੀ ਸੋਚਦਾ ਸੀ ਕਿ ਇਹ ਦੋਵੇਂ ਹਿੰਦੁਸਤਾਨੀ ਹਨ ਤੇ ਜੇ ਆਪਸ ਵਿਚ ਵਿਆਹ ਕਰਾ ਲੈਣ ਤਾਂ ਠੀਕ ਹੈ ਨਹੀਂ ਤਾਂ ਕਿਸੇ ਅੰਗਰੇਜ਼ ਪਰਿਵਾਰ ਨੂੰ ਖਰਾਬ ਕਰਨਗੇ। ਪਰ ਮਹਾਂਰਾਣੀ ਅਜਿਹਾ ਨਹੀਂ ਸੀ ਸੀ ਸੋਚਦੀ। ਉਸ ਨੇ ਇਸ ਬਾਰੇ ਇਕ ਚਿੱਠੀ ਡਲਹੌਜ਼ੀ ਨੂੰ ਵੀ ਲਿਖ ਦਿਤੀ ਕਿ ਇਹ ਨੌਜਵਾਨ ਜੋੜਾ ਇਕ ਦੂਜੇ ਲਈ ਨਹੀਂ ਬਣਿਆਂ ਤੇ ਇਹ ਵਿਆਹ ਹੋ ਸਕਣ ਦੇ ਮੌਕੇ ਨਹੀਂ ਹਨ। ਚਿੱਠੀ ਵਿਚ ਮਹਾਂਰਾਣੀ ਨੇ ਇਹ ਵੀ ਲਿਖ ਦਿਤਾ ਕਿ ਇਹ ਮਹਾਂਰਾਜੇ ਵਿਚ ਪੂਰਬ ਦਾ ਖੂਨ ਹੈ ਜਿਸ ਨੂੰ ਮਨਾਉਣਾ ਮੁਸ਼ਕਲ ਹੁੰਦਾ ਹੈ। ਮਹਾਂਰਾਣੀ ਜਿੰਨਾ ਮਰਜ਼ੀ ਮਹਾਂਰਾਜੇ ਨੂੰ ਪਸੰਦ ਕਰਦੀ ਸੀ ਪਰ ਉਸ ਦੀਆਂ ਰਗਾਂ ਵਿਚ ਦੌੜਦੇ ਪੂਰਬੀ ਖੂਨ ਨੂੰ ਨਹੀਂ ਸੀ ਭੁੱਲਦੀ। ਮਹਾਂਰਾਣੀ ਹੀ ਨਹੀਂ ਲੌਰਡ ਡਲਹੌਜ਼ੀ ਵੀ ਮਹਾਂਰਾਜੇ ਦੀ ਕਿਸੇ ਗੱਲ ਨੂੰ ਨਕਾਰਨ ਵੇਲੇ ਉਸ ਦੇ ਪੂਰਬੀ ਖੂਨ ਜਾਂ ਏਸ਼ੀਅਨ ਖੂਨ ਜਿਹੇ ਲਫਜ਼ ਵਰਤਦਾ।
ਮਹਾਂਰਾਜੇ ਨੇ ਤਾਂ ਭਾਵੇਂ ਇਨਕਾਰ ਕਰ ਦਿਤਾ ਸੀ ਪਰ ਰਾਜਕੁਮਾਰੀ ਇਸ ਗੱਲ ਨੂੰ ਦਿਲ ਤੇ ਲਾਈ ਬੈਠੀ ਸੀ। ਉਹ ਐਂਡੰਬਰਾ ਰਹਿੰਦੀ ਹੋਣ ਕਰਕੇ ਅਕਸਰ ਮਹਾਂਰਾਜੇ ਨੂੰ ਮਿਲਣ ਆ ਜਾਇਆ ਕਰਦੀ ਸੀ। ਉਹ ਮਹਾਂਰਾਜੇ ਨਾਲ ਰਿਸ਼ਤਾ ਜੋੜਨ ਲਈ ਬਹੁਤ ਕਾਹਲੀ ਸੀ। ਮਹਾਂਰਾਜੇ ਨੇ ਗੱਲ ਸਾਫ ਕਰਦਿਆਂ ਕਿਹਾ,
“ਦੇਖੋ ਰਾਜਕੁਮਾਰੀ, ਤੁਸੀਂ ਬਹੁਤ ਖੂਬਸੂਰਤ ਹੋ, ਬਹੁਤ ਅਕਲਵੰਦ ਹੋ, ਜੋ ਵੀ ਤੁਹਾਡੇ ਨਾਲ ਵਿਆਹ ਕਰਾਏਗਾ ਬਹੁਤ ਖੁਸ਼ਕਿਸਮਤ ਹੋਵੇਗਾ ਪਰ ਮੈਂ ਉਹ ਖੁਸ਼ਕਿਸਮਤ ਨਹੀਂ ਹਾਂ, ਮੇਰੀ ਮੰਜ਼ਲ ਵਿਆਹ ਨਹੀਂ ਏ। ਮੈਂ ਵਿਆਹ ਕਰਵਾਉਣਾ ਈ ਨਹੀਂ ਚਾਹੁੰਦਾ, ਇਸ ਲਈ ਤੁਸੀਂ ਕੋਈ ਚੰਗਾ ਜਿਹਾ ਲੜਕਾ ਲਭ ਕੇ ਵਿਆਹ ਕਰਾ ਲਓ।”
“ਯੋਅਰ ਹਾਈਨੈੱਸ, ਮੇਰੇ ਕੋਲ ਕੋਈ ਦੋਸਤ ਨਹੀਂ ਏ, ਮੈਂ ਬਹੁਤ ਇਕੱਲੀ ਆਂ, ਮੈਂ ਕੋਈ ਦੋਸਤ ਨਹੀਂ ਲੱਭ ਸਕੀ, ਪਤੀ ਕਿਵੇਂ ਲੱਭਾਂਗੀ!”
“ਫਿਕਰ ਨਾ ਕਰੋ, ਮਿਲ ਜਾਵੇਗਾ, ਮੈਂ ਵੀ ਕੋਸਿ਼ਸ਼ ਕਰਾਂਗਾ।”
“ਪਲੀਜ਼, ਮੇਰੀ ਮੱਦਦ ਕਰੋ, ਮੈਂ ਬਹੁਤ ਇਕੱਲੀ ਹਾਂ।”
“ਮੈਂ ਵਾਅਦਾ ਕਰਦਾਂ ਕਿ ਜਲਦੀ ਹੀ ਤੁਹਾਡੇ ਲਈ ਕੋਈ ਪਤੀ ਲੱਭ ਦੇਵਾਂਗਾ।”
“ਯੋਅਰ ਹਾਈਨੈੱਸ, ਮੈਂ ਤੁਹਾਡੀ ਦੋਸਤ ਤਾਂ ਰਹਿ ਸਕਦੀ ਹਾਂ, ਤੁਹਾਨੂੰ ਮਿਲਣ ਤਾਂ ਆ ਸਕਦੀ ਆਂ? ਇਸ ਤਰ੍ਹਾਂ ਤੁਹਾਨੂੰ ਚੇਤੇ ਰਹੇਗਾ ਕਿ ਤੁਸੀਂ ਮੇਰੇ ਲਈ ਪਤੀ ਵੀ ਲਭਣਾਂ ਏ।”
“ਹਾਂ, ਰਾਜਕੁਮਾਰੀ ਤੁਸੀਂ ਜਦੋਂ ਚਾਹੋਂ ਮੈਨਜ਼ੀ ਪੈਲੇਸ ਆ ਸਕਦੇ ਓ, ਤੇ ਮੈਂ ਤੁਹਾਡੇ ਲਈ ਪਤੀ ਲੱਭਣ ਦਾ ਹਰ ਯਤਨ ਕਰਾਂਗਾ।”
ਮਹਾਂਰਾਜੇ ਨੇ ਗੌਰੈਹਮਾ ਨੂੰ ਕਹਿ ਤਾਂ ਦਿਤਾ ਪਰ ਇਸ ਪੱਖੋਂ ਉਹ ਗੰਭੀਰ ਨਹੀਂ ਸੀ। ਅਜਿਹੀਆਂ ਗੱਲਾਂ ਉਸ ਦੇ ਏਜੰਡੇ ‘ਤੇ ਨਹੀਂ ਸਨ। ਇਸ ਵੇਲੇ ਉਸ ਸਾਹਮਣੇ ਹੋਰ ਬਹੁਤ ਸਾਰੇ ਮਸਲੇ ਸਨ। ਸਭ ਤੋਂ ਪਹਿਲਾਂ ਤਾਂ ਉਸ ਨੂੰ ਸੋਲਾਂ ਸਾਲ ਦੀ ਉਮਰ ਵਿਚ ਜੋ ਖੁਦਮੁਖਤਿਆਰੀ ਮਿਲਣੀ ਸੀ ਉਹ ਨਹੀਂ ਸੀ ਮਿਲੀ। ਇਸ ਵੇਲੇ ਉਸ ਨੂੰ ਸਭ ਕੁਝ ਸਰ ਲੋਗਨ ਤੋਂ ਮੰਗਣਾਂ ਪੈਂਦਾ ਸੀ। ਆਪਣੀ ਮਰਜ਼ੀ ਨਾਲ ਉਹ ਕੁਝ ਵੀ ਨਹੀਂ ਸੀ ਖਰਚ ਸਕਦਾ। ਖੁਦਮੁਖਤਿਆਰ ਹੋ ਕੇ ਉਸ ਦੀ ਈਸਟ ਇੰਡੀਆ ਕੰਪਨੀ ਵਲੋਂ ਲਗਾਈ ਜਾਣ ਵਾਲੀ ਪੈਂਸ਼ਨ ਵੀ ਵਧਣੀ ਸੀ। ਮਹਾਂਰਾਜਾ ਬ੍ਰਤਾਨੀਆਂ ਤੋਂ ਬਾਹਰ ਵੀ ਘੁੰਮਣਾ ਫਿਰਨਾ ਚਾਹੁੰਦਾ ਸੀ ਪਰ ਅਜਿਹਾ ਬਾਲਗ ਹੋਣ ਤੇ ਹੀ ਕਰ ਸਕਦਾ ਸੀ। ਜਦੋਂ ਮਹਾਂਰਾਜੇ ਨੇ ਇਸ ਬਾਰੇ ਈਸਟ ਇੰਡੀਆ ਕੰਪਨੀ ਨਾਲ ਗੱਲ ਕੀਤੀ ਤਾਂ ਕੰਪਨੀ ਵਾਲਿਆਂ ਨੇ ਉਸ ਦੇ ਬਾਲਗ ਹੋਣ ਦੀ ਉਮਰ ਸੋਲਾਂ ਸਾਲ ਤੋਂ ਵਧਾ ਕੇ ਇੱਕੀ ਸਾਲ ਦੀ ਕਰ ਦਿਤੀ ਜੋ ਕਿ ਵੇਲੇ ਦਾ ਬ੍ਰਤਾਨਵੀ ਕਨੂੰਨ ਸੀ। ਮਹਾਂਰਾਜਾ ਇਸ ਗੱਲ ਨੂੰ ਲੈ ਕੇ ਕੰਪਨੀ ਨਾਲ ਚੁੱਪ ਜਿਹੀ ਲੜਾਈ ਲੜ ਰਿਹਾ ਸੀ। ਆਪਣਾ ਵਿਆਹ ਜਾਂ ਕਿਸੇ ਦਾ ਵਿਆਹ ਉਸ ਦੀ ਸੋਚ ਦਾ ਹਿੱਸਾ ਹੈ ਹੀ ਨਹੀਂ ਸੀ। ਦੂਜੇ ਉਹ ਸਕੌਟਲੈਂਡ ਵਿਚ ਸ਼ੁਰੂ ਕੀਤੀ ਜਿ਼ੰਦਗੀ ਵਲੋਂ ਵੀ ਚੁਮਾਂਚਿਤ ਸੀ। ਉਹ ਆਪਣੇ ਭਵਿੱਖ ਬਾਰੇ ਵੀ ਸੋਚਦਾ ਰਹਿੰਦਾ ਸੀ ਕਿ ਆਉਣ ਵਾਲੇ ਪੰਜ ਸਾਲ ਵਿਚ ਉਹ ਕਿਸ ਮੁਕਾਮ ‘ਤੇ ਹੋਵੇਗਾ।
ਮਹਾਂਰਾਜੇ ਦੇ ਮਸਲਿਆਂ ਨਾਲ ਗੋਰੈਹਮਾ ਨੂੰ ਕੋਈ ਸਰੋਕਾਰ ਨਹੀਂ ਸੀ। ਉਹ ਅਲ੍ਹੜ ਉਮਰ ਵਿਚੋਂ ਨਿਕਲ ਰਹੀ ਸੀ, ਉਸ ਨੂੰ ਤਾਂ ਕਿਸੇ ਸਾਥ ਦੀ ਲੋੜ ਸੀ। ਇਕ ਦਿਨ ਜਦ ਮਹਾਂਰਾਜਾ ਮਹਿਮਾਨਖਾਨੇ ਵਿਚ ਲਗੀਆਂ ਤਸਵੀਰਾਂ ਦੇਖ ਰਿਹਾ ਸੀ ਤਾਂ ਗੋਰੈਹਮਾ ਨੇ ਆ ਕੇ ਪਿਛਿਓਂ ਮਹਾਂਰਾਜੇ ਨੂੰ ਬਾਹਾਂ ਵਿਚ ਲੈ ਲਿਆ। ਮਹਾਂਰਾਜਾ ਆਪਣੀ ਉਮਰ ਨਾਲੋਂ ਕੁਝ ਵੱਡਾ ਹੋ ਚੁੱਕਾ ਸੀ ਇਸ ਲਈ ਕਈ ਗੱਲਾਂ ਨੂੰ ਸਮਝਦਾ ਸੀ। ਉਸ ਨੇ ਗੋਰੈਹਮਾ ਨੂੰ ਬਾਹੋਂ ਫੜ ਕੇ ਆਪਣੇ ਸਾਹਮਣੇ ਲਿਆਂਦਾ ਤੇ ਕਿਹਾ,
“ਰਾਜਕੁਮਾਰੀ, ਨਹੀਂ ਇਵੇਂ ਨਹੀਂ, ਮੈਂ ਤੁਹਾਡੇ ਨਾਲ ਕਿਸੇ ਕਿਸਮ ਦੇ ਸਬੰਧ ਨਹੀਂ ਰੱਖ ਸਕਦਾ।”
“ਦੋਸਤੀ ਵੀ ਨਹੀਂ?”
“ਅਜਿਹੀ ਦੋਸਤੀ ਨਹੀਂ।”
“ਯੋਅਰ ਹਾਈਨੈੱਸ, ਕੀ ਐਨੀ ਬਹੁਤੀ ਸੁਹਣੀ ਏ?”
“ਹਾਂ!”
ਮਹਾਂਰਾਜੇ ਨੇ ਕਾਹਲੀ ਵਿਚ ਕਹਿ ਦਿਤਾ। ਉਸ ਨੂੰ ਗਰੈਹਮਾ ਤੋਂ ਪਿੱਛਾ ਛੁਡਵਾਉਣ ਦਾ ਇਹ ਵਧੀਆ ਤਰੀਕਾ ਜਾਪਿਆ ਨਹੀਂ ਤਾਂ ਉਸ ਦਾ ਐਨੀ ਨਾਲ ਵੀ ਕੋਈ ਖਾਸ ਰਿਸ਼ਤਾ ਨਹੀਂ ਸੀ, ਏਨਾ ਕੁ ਕਿ ਲੇਡੀ ਲੋਗਨ ਚਾਹੁੰਦੀ ਸੀ ਕਿ ਉਹ ਐਨੀ ਨਾਲ ਵਿਆਹ ਕਰਾ ਲਵੇ। ਇਸ ਤੋਂ ਵੱਧ ਕੁਝ ਨਹੀਂ ਸੀ। ਅਖਬਾਰਾਂ ਵਾਲੇ ਐਨੀ ਨਾਲ ਉਸ ਦਾ ਨਾਂ ਜ਼ਰੂਰ ਜੋੜ ਰਹੇ ਸਨ। ਮਹਾਂਰਾਜੇ ਨੇ ਲੇਡੀ ਲੋਗਨ ਨਾਲ ਗੋਰੈਹਮਾ ਬਾਰੇ ਗੱਲ ਕੀਤੀ ਤਾਂ ਉਹ ਬੋਲੀ,
“ਮਹਾਂਰਾਜਾ, ਮੈਂ ਤਾਂ ਆਪ ਏਸ ਕੁੜੀ ਬਾਰੇ ਫਿਕਰਵੰਦ ਆਂ, ਕਈ ਵਾਰ ਇਹ ਅਜੀਬ ਜਿਹੀਆਂ ਹਰਕਤਾਂ ਕਰਨ ਲਗਦੀ ਏ ਤੇ ਮੈਨੂੰ ਜਾਪਣ ਲਗਦਾ ਏ ਕਿ ਇਹ ਕੁੜੀ ਨੌਰਮਲ ਨਹੀਂ ਏ।”
ਲੇਡੀ ਲੋਗਨ ਸਮਝਦੀ ਸੀ ਕਿ ਗੋਰੈਹਮਾ ਦਾ ਹੁਣ ਵਿਆਹ ਹੋ ਜਾਣਾ ਚਾਹੀਦਾ ਹੈ ਪਰ ਵਿਆਹ ਲਈ ਕੋਈ ਮੁੰਡਾ ਵੀ ਤਾਂ ਮਿਲੇ।
ਇਕ ਦਿਨ ਮਹਾਂਰਾਜੇ ਨੂੰ ਉਹੀ ਦੋ ਸਿਖ ਫਿਰ ਮਿਲਣ ਆ ਗਏ ਜੋ ਪਿਛਲੇ ਸਾਲ ਆਏ ਸਨ। ਪਹਿਲੀ ਵਾਰ ਮਹਾਂਰਾਜਾ ਉਹਨਾਂ ਨਾਲ ਏਨਾ ਖੁਸ਼ ਹੋ ਕੇ ਨਹੀਂ ਸੀ ਮਿਲਿਆ ਪਰ ਇਸ ਵਾਰ ਉਸ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਮਹਿਮਾਨਖਾਨੇ ਵਿਚ ਬੈਠਾ ਕੇ ਉਹਨਾਂ ਨਾਲ ਸੂਪ ਪੀਤਾ ਤੇ ਫਿਰ ਕੁਝ ਫਰੂਟ ਵੀ ਖਾਧਾ। ਉਹਨਾਂ ਨੇ ਆਉਣ ਤੋਂ ਪਹਿਲਾਂ ਮਹਾਂਰਾਜੇ ਤੋਂ ਮਿਲਣ ਲਈ ਵਕਤ ਮੰਗਿਆ ਸੀ। ਇਸ ਵਾਰ ਮਹਾਂਰਾਜਾ ਨੇ ਉਹਨਾਂ ਦੀ ਚਿੱਠੀ ਦਾ ਜਵਾਬ ਵੀ ਇਕ ਦਮ ਦੇ ਦਿਤਾ ਸੀ। ਕਾਬਲ ਸਿੰਘ ਨੇ ਆਉਂਦਿਆਂ ਹੀ ਮਹਾਂਰਾਜੇ ਨੂੰ ਇਕ ਗੁਟਕਾ ਤੋਹਫੇ ਵਜੋਂ ਭੇਂਟ ਕੀਤਾ। ਪਹਿਲਾਂ ਤਾਂ ਮਹਾਂਰਾਜਾ ਸਮਝ ਨਾ ਸਕਿਆ ਜਦ ਪਤਾ ਚਲਿਆਂ ਕਿ ਗੁਰਬਾਣੀ ਦੇ ਕੁਝ ਚੋਣਵੇਂ ਹਿੱਸੇ ਇਸ ਗੁਟਕੇ ਵਿਚ ਅੰਕਿਤ ਹਨ ਤਾਂ ਉਹ ਖੁਸ਼ ਹੋ ਗਿਆ। ਉਹ ਕਹਿਣ ਲਗਿਆ,
“ਸਰਦਾਰ ਕਾਬਲ ਸਿੰਘ ਜੀ, ਮੈਂ ਸਚਮੁੱਚ ਹੀ ਸਿਖ ਧਰਮ ਤੋਂ ਬਹੁਤ ਦੂਰ ਜਾ ਚੁੱਕਿਆ ਹਾਂ, ਮੇਰਾ ਗਡਰੀਆ ਮੇਰਾ ਜੀਸਸ ਏ ਤੇ ਮੈਂ ਉਸ ਦੀ ਭੇਡ, ਮੇਰੀ ਪੂਰੀ ਦੀ ਪੂਰੀ ਆਸਥਾ ਇਸਾਈ ਧਰਮ ਵਿਚ ਏ, ਮੈਂ ਸੋਚਦਾਂ ਕਿ ਇਸਾਈ ਮੱਤ ਦੁਨੀਆਂ ਦਾ ਸਭ ਤੋਂ ਸੰਪੂਰਨ ਮੱਤ ਏ।”
“ਮਹਾਂਰਾਜਾ ਜੀਓ, ਫਿਰ ਵੀ ਇਸ ਨੂੰ ਆਪਣੇ ਕੋਲ ਰੱਖੋ, ਗਰੁਮੁੱਖੀ ਤਾਂ ਆਉਂਦੀ ਹੀ ਹੋਵੇਗੀ, ਕਦੇ ਦਿਲ ਕਰੇ ਤਾਂ ਪੜ੍ਹ ਲੈਣਾ।”
ਕਾਬਲ ਸਿੰਘ ਦੇ ਜਿ਼ਆਦਾ ਕਹਿਣ ‘ਤੇ ਮਹਾਂਰਾਜੇ ਨੇ ਗੁਟਕੇ ਨੂੰ ਸੰਭਾਲ ਕੇ ਇਕ ਪਾਸੇ ਰੱਖ ਲਿਆ। ਕੁਝ ਦੇਰ ਬਾਅਦ ਸਮੁੰਦ ਸਿੰਘ ਬੋਲਿਆ,
“ਮਹਾਂਰਾਜਾ ਜੀਓ, ਆਹ ਅਖਬਾਰਾਂ ਵਾਲੇ ਤੁਹਾਡੇ ਖਿਲਾਫ ਬਹੁਤ ਲਿਖ ਜਾਂਦੇ ਨੇ, ਸਾਡਾ ਮਨ ਬਹੁਤ ਖਰਾਬ ਹੁੰਦੈ।”
“ਇਸ ਮੁਲਕ ਨੂੰ ਇਹ ਅਖਬਾਰਾਂ ਰੂਲ ਕਰਨਾ ਚਾਹੁੰਦੀਆਂ ਨੇ ਪਰ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ, ਮੈਨੂੰ ਹਰ ਮੈਜਿਸਟੀ ਨੇ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ।”
“ਮਹਾਂਰਾਜਾ ਜੀਓ, ਅਸੀਂ ਉਮਰ ਵਿਚ ਤੁਹਾਡੇ ਤੋਂ ਵੱਡੇ ਹਾਂ ਤੇ ਏਸ ਮੁਲਕ ਵਿਚ ਕਈ ਸਾਲ ਤੋਂ ਰਹਿ ਰਹੇ ਆਂ, ਇਕ ਗੱਲ ਦਾ ਧਿਆਨ ਰੱਖਿਓ ਕਿ ਇਹ ਅੰਗਰੇਜ਼ ਕਿਸੇ ਦੇ ਮਿੱਤ ਨਹੀਂ, ਹਿੁੰਦਸਤਾਨੀਆਂ ਦੇ ਤਾਂ ਬਿਲਕੁਲ ਨਹੀਂ, ਇਹਨਾਂ ਦੇ ਮੂੰਹ ਤੇ ਕੁਝ ਹੋਰ ਤੇ ਦਿਲ ਵਿਚ ਕੁਝ ਹੋਰ ਹੁੰਦਾ ਏ।”
“ਠੀਕ ਕਹਿੰਦੇ ਓ ਸਮੁੰਦ ਸਿੰਘ ਜੀ, ਮੈਂ ਤਾਂ ਸਭ ਕੁਝ ਗਵਾਇਆ ਏ, ਮੈਨੂੰ ਨਹੀਂ ਪਤਾ ਹੋਵੇਗਾ ਤਾਂ ਕਿਸ ਨੂੰ ਪਤਾ ਹੋਵੇਗਾ!”
ਸਮੁੰਦ ਸਿੰਘ ਤੇ ਕਾਬਲ ਸਿੰਘ ਤਾਂ ਮੁੜ ਗਏ ਪਰ ਮਹਾਂਰਾਜੇ ਨੂੰ ਸੋਚਾਂ ਵਿਚ ਪਾ ਗਏ। ਉਸ ਦਾ ਜੋ ਕਲੇਮ ਈਸਟ ਇੰਡੀਆ ਵਾਲੇ ਦੇ ਨਹੀਂ ਰਹੇ ਕਿਤੇ ਇਸੇ ਗੱਲ ਦਾ ਨਤੀਜਾ ਤਾਂ ਨਹੀਂ। ਇਹ ਅੰਗਰੇਜ਼ ਸ਼ਾਇਦ ਹੁਣ ਉਸ ਨੂੰ ਪਸੰਦ ਨਹੀਂ ਸਨ ਕਰਦੇ ਇਸੇ ਲਈ ਕਲੇਮ ਬਾਰੇ ਕੋਈ ਲੜੀ ਸਿਰਾ ਹੱਥ ਨਹੀਂ ਸਨ ਫੜਾ ਰਹੇ। ਹੁਣ ਮਹਾਂਰਾਜਾ ਅਠਾਰਾਂ ਸਾਲ ਦਾ ਹੋ ਚੁੱਕਾ ਸੀ। ਉਸ ਨੇ ਆਪਣੇ ਕਾਨੂੰਨੀ ਸਲਾਹਕਾਰ ਪੌਲ ਸ਼ੀਨ ਦੇ ਕਹਿਣ ‘ਤੇ ਈਸਟ ਇੰਡੀਆ ਕੰਪਨੀ ਨੂੰ ਲਿਖਿਆ ਕਿ ਉਹ ਬ੍ਰਿਟਿਸ਼ ਸ਼ਹਿਰੀ ਨਹੀਂ ਹੈ ਜਿਹੜਾ ਕਿ ਉਸ ਉਪਰ ਬ੍ਰਤਾਨਵੀ ਕਨੂੰਨ ਲਾਗੂ ਹੋਵੇ। ਸਿੱਖ ਕਨੂੰਨ ਮੁਤਾਬਕ ਸੋਲਾਂ ਦੀ ਉਮਰ ਵਿਚ ਵਿਅਕਤੀ ਨੂੰ ਖੁਦਮੁਖਤਿਆਰੀ ਦੇ ਦਿਤੀ ਜਾਂਦੀ ਹੈ ਇਸ ਲਈ ਜਲਦੀ ਤੋਂ ਜਲਦੀ ਉਸ ਨੂੰ ਖੁਦ ਮੁਖਤਿਆਰੀ ਸੌਂਪੀ ਜਾਵੇ। ਇਸ ਬਾਰੇ ਰਾਜਕੁਮਾਰ ਨੇ ਇਕ ਚਿੱਠੀ ਮਹਾਂਰਾਣੀ ਨੂੰ ਵੀ ਲਿਖ ਦਿਤੀ। ਈਸਟ ਇੰਡੀਆ ਕੰਪਨੀ ਨੂੰ ਮਹਾਂਰਾਜੇ ਨੇ ਇਕ ਤੋਂ ਬਾਅਦ ਇਕ ਚਿੱਠੀ ਲਿਖੀ ਪਰ ਉਸ ਨੇ ਮਹਾਂਰਾਜੇ ਦੀਆਂ ਚਿੱਠੀਆਂ ਦਾ ਕੋਈ ਜਵਾਬ ਹੀ ਨਹੀਂ ਦਿਤਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346