ਮੇਰਾ ਦੂਜਾ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਪ੍ਰਕਾਸ਼ਿਤ ਤਾਂ ਭਾਵੇਂ 1979 ਵਿੱਚ ਹੋਇਆ, ਪਰ
ਇਸਦੀਆਂ ਕਹਾਣੀਆਂ ਦਾ ਲਿਖਣ, ਅਤੇ ਮੈਗ਼ਜ਼ੀਨਾਂ ਵਿੱਚ ਛਪਣ ਦਾ ਸਮਾਂ 1971 ਤੋਂ 1979 ਤੱਕ
ਫੈਲਿਆ ਹੋਇਆ ਹੈ। ਇਹਨਾਂ ਸਾਲਾਂ ਵਿੱਚ ਪੰਜਾਬ ਦੇ ਰਾਜਨੀਤਕ, ਆਰਥਕ, ਸਮਾਜਕ ਅਤੇ ਸਭਿਆਚਾਰਕ
ਜੀਵਨ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਵਾਪਰਨੀ ਸ਼ੁਰੂ ਹੋਈ। ਰਾਜਨੀਤਕ ਅਤੇ ਸਮਾਜਕ ਜੀਵਨ ਵਿੱਚ
ਕੁੱਝ ਚੰਗਾ ਵਾਪਰ ਜਾਣ ਦਾ ਸੁਪਨਾ ਅਤੇ ਆਦਰਸ਼ ਵਿਖੰਡਤ ਹੋਣਾ ਸ਼ੁਰੂ ਹੋ ਗਿਆ। ਮੰਡੀ ਕੀਮਤਾਂ
ਦੀ ਵਿਆਪਕਤਾ ਤੇ ਪੈਸੇ ਦੀ ਸਰਦਾਰੀ ਨੇ ਬੰਦੇ ਅੰਦਰੋਂ ਹੌਲੀ ਹੌਲੀ ‘ਬੰਦਿਆਈ’ ਖੋਰਨੀ ਸ਼ੁਰੂ
ਕਰ ਦਿੱਤੀ। ਭਾਈਚਾਰੇ ਅਤੇ ਸਮੂਹ ਦੀ ਭਲਾਈ ਦੀ ਭਾਵਨਾ ਦੀ ਥਾਂ ਨਿਰੋਲ ਨਿੱਜੀ ਲਾਭ ਲਈ ਜੀਣ
ਦੇ ਮਕਸਦ ਨੇ ਮੱਲ ਲਈ। ਮੇਰੀ ਕਹਾਣੀ ਦੇ ਦੂਸਰੇ ਦੌਰ ਦਾ ਇਹ ਸਮਾਂ ਪੰਜਾਬ ਵਿੱਚ ਹਰੇ
ਇਨਕਲਾਬ ਦੀ ਆਮਦ ਅਤੇ ਚੜ੍ਹਤ ਦਾ ਸਮਾਂ ਵੀ ਸੀ। ਬਿਜਲੀ ਦੇ ਟਿਊਬਵੈੱਲ ਤੋਂ ਸਿੰਜਾਈ ਅਤੇ
ਟ੍ਰੈਕਟਰ ਰਾਹੀਂ ਸਮੇਂ ਸਿਰ ਵਹਾਈ ਤੋਂ ਇਲਾਵਾ; ਖ਼ਾਦ, ਵਧੀਆ ਬੀਜ ਅਤੇ ਹੋਰ ਲੋੜੀਂਦੇ
ਸੰਦ-ਸਾਧਨ ਮੁਹੱਈਆ ਕਰ ਸਕਣ ਦੀ ਸੁਵਿਧਾ ਤੇ ਸਮਰੱਥਾ ਨੇ ਪੰਜਾਬ ਦੀ ਧਨੀ ਕਿਰਸਾਣੀ ਲਈ
ਖੇਤੀ-ਬਾੜੀ ਦਾ ਧੰਦਾ ਬੜਾ ਲਾਹੇਵੰਦਾ ਬਣਾ ਦਿੱਤਾ। ਖੇਤੀ ਤੋਂ ਪ੍ਰਾਪਤ ਧਨ ਨਾਲ ਪੰਜਾਬ ਦੀ
ਧਨੀ ਕਿਰਸਾਣੀ ਦੇ ਜ਼ਮੀਨ ਦੇ ਚੱਕ ਹੋਰ ਮੋਕਲੇ ਹੋਣ ਲੱਗੇ ਅਤੇ ਉਹਨਾਂ ਦੀ ਜੀਵਨ-ਸ਼ੈਲੀ ਵਿੱਚ
ਵੀ ਗੁਣਾਤਮਕ ਪਰਿਵਰਤਨ ਵਾਪਰਨ ਲੱਗਾ। ਪੈਸੇ ਤੋਂ ਹੋਰ ਪੈਸਾ ਖਿੱਚਣ ਦੀ ਲਾਲਸਾ ਕਾਰਨ ਉਹਨਾਂ
ਨੇ ਖੇਤੀ ਤੋਂ ਇਲਾਵਾ ਹੋਰ ਵੀ ਲਾਭਦਾਇਕ ਕਾਰੋਬਾਰ ਕਰਨੇ ਸ਼ੁਰੂ ਕੀਤੇ। ਆਪਣੇ ਹਿਤਾਂ ਦੀ
ਰਖਵਾਲੀ ਖੁਦ ਕਰਨ ਦੀ ਨੀਤੀ ਅਧੀਨ ਇਸ ਸ਼੍ਰੇਣੀ ਨੇ ਰਾਜਨੀਤੀ ਵਿੱਚ ਵੀ ਸਰਗਰਮ ਭਾਗ ਲੈਣਾ
ਸ਼ੁਰੂ ਕੀਤਾ। ਲਾਲਚ, ਝੂਠ, ਦੰਭ, ਧੋਖਾ, ਧੱਕਾ ਅਤੇ ਕਮੀਣਗੀ ਨੇ ਸੰਤੋਖ, ਸੱਚ, ਵਿਸ਼ਵਾਸ ਅਤੇ
ਈਮਾਨਦਾਰੀ ਨੂੰ ਹੌਲੀ ਹੌਲੀ ਨਿਗਲਣਾ ਸ਼ੁਰੂ ਕਰ ਲਿਆ।
ਦੂਜੇ ਪਾਸੇ ਪੰਜਾਬ ਦੀ ਨਿਮਨ-ਕਿਰਸਾਣੀ ਕੋਲ ਖੇਤੀ ਲਈ ਲੋੜੀਂਦੇ ਸਾਧਨਾਂ ਦੀ ਅਣਹੋਂਦ ਅਤੇ
ਆਰਥਕ ਅਸਮਰੱਥਾ ਕਾਰਨ ਉਸਦੀ ਦਸ਼ਾ ਦਿਨੋ ਦਿਨ ਨਿਘਰਨ ਲੱਗੀ ਅਤੇ ਇਹ ਸ਼੍ਰੇਣੀ ਹੌਲੀ ਹੌਲੀ
ਕੰਗਾਲੀਕਰਨ ਦੀ ਪ੍ਰਕਿਰਿਆ ਵਿੱਚ ਪੈ ਗਈ। ਨਿਮਨ-ਕਿਰਸਾਣੀ ਦੀਆਂ ਜ਼ਮੀਨਾਂ ਗਹਿਣੇ ਪੈਣ ਤੇ
ਵਿਕਣ ਲੱਗੀਆਂ ਅਤੇ ਉਸਦਾ ਇੱਕ ਵੱਡਾ ਹਿੱਸਾ ਕਿਰਸਾਣੀ ਤੋਂ ਕਿਰਤੀ-ਮਜ਼ਦੂਰ ਬਣਨ ਦੇ ਰਾਹੇ ਪੈ
ਗਿਆ। ਮੈਂ ਨਿਮਨ-ਕਿਰਸਾਣੀ ਦੇ ਦਿਨੋ ਦਿਨ ਨਿਘਾਰ ਵੱਲ ਤੁਰੇ ਜਾਣ ਦਾ ਚਸ਼ਮਦੀਦ ਗਵਾਹ ਸਾਂ।
ਸੱਚੀ ਗੱਲ ਤਾਂ ਇਹ ਸੀ ਕਿ ਮੈਂ ਇਸ ਸ਼੍ਰੇਣੀ ਦਾ ਹਿੱਸਾ ਸਾਂ। ਛੋਟੇ ਕਿਰਸਾਣ ਦੀਆਂ ਲੋੜਾਂ
ਅਤੇ ਤੰਗੀਆਂ ਤੁਰਸ਼ੀਆਂ ਨੂੰ ਮੈਂ ਹੱਡੀਂ ਹੰਡਾਇਆ ਸੀ।
ਪਾਕਿਸਤਾਨ ਵਿਚਲੀ ਜ਼ਮੀਨ ਦੇ ਇਵਜ਼ ਵਿੱਚ ਸਾਨੂੰ ਅਬੋਹਰ ਨੇੜੇ ਚਰਾਗ-ਢਾਣੀ ਵਿੱਚ ਆਪਣੇ ਪਿਛਲੇ
ਪਿੰਡ ਭਡਾਣੇ ਦੇ ਹੋਰ ਪਰਿਵਾਰਾਂ ਨਾਲ ਜ਼ਮੀਨ ਅਲਾਟ ਹੋਈ ਸੀ, ਜਿੱਥੇ ਮੇਰਾ ਸੱਕਾ ਦਾਦਾ ਚੰਦਾ
ਸਿੰਘ ਜ਼ਮੀਨ ਦੀ ਦੇਖ-ਭਾਲ ਕਰਦਾ ਸੀ। ਜਦੋਂ ਮੈਂ ਅਠਵੀਂ ਵਿੱਚ ਪੜ੍ਹਦਾ ਸਾਂ ਤਾਂ ਅਸੀਂ ਆਪਣੀ
ਜ਼ਮੀਨ ‘ਤੇ ਜਾਣ ਦਾ ਫ਼ੈਸਲਾ ਕਰ ਲਿਆ। ਸਮਾਨ ਲੱਦ ਕੇ ਲੈ ਜਾਣ ਲਈ ਮੇਰਾ ਪਿਤਾ ਟਰੱਕ ਵੀ
ਕਿਰਾਏ ‘ਤੇ ਕਰ ਲਿਆਇਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੂੰ ਜਦੋਂ ਇਸਦਾ ਪਤਾ ਲੱਗਾ ਤਾਂ
ਉਹਨਾਂ ਨੇ ਮੇਰੇ ਪਿਤਾ ਦੀ ਨੇੜਲੀ ਜਾਣ-ਪਛਾਣ ਅਤੇ ਰਸੂਖ ਵਾਲੇ ਬੰਦਿਆਂ ਕੋਲ ਸਾਨੂੰ ਅਬੋਹਰ
ਜਾਣੋਂ ਰੋਕਣ ਦਾ ਤਰਲਾ ਲਿਆ।
ਵਿਚਲੀ ਗੱਲ ਇਹ ਸੀ ਕਿ ਸੁਰ ਸਿੰਘ ਵਿਚਲੀ ਸਾਰੀ ਜ਼ਮੀਨ-ਜਾਇਦਾਦ ਤਾਂ ਹਕੀਕਤ ਸਿੰਘ ਦੇ ਨਾਂ
ਸੀ ਅਤੇ ਉਸਤੋਂ ਬਾਅਦ ਉਸ ਉੱਤੇ ਉਸਦੇ ਭਤੀਜਿਆਂ ਦਾ ਹੱਕ ਹੋ ਜਾਣਾ ਸੀ। ਮੇਰਾ ਪਿਤਾ ਕਹਿੰਦਾ
ਸੀ ਕਿ ਜੇ ਉਹ ਏਥੇ ਹੀ ਬੈਠਾ ਰਿਹਾ ਤਾਂ ਕੱਲ੍ਹ ਨੂੰ ਆਪਣੇ ਪਰਿਵਾਰ ਨੂੰ ਰੋਟੀ ਕਿਥੋਂ
ਖੁਆਵੇਗਾ! ਉਂਜ ਵੀ ਜ਼ਮੀਨ ਦੀ ਸਾਰੀ ਖੱਟੀ ਹਕੀਕਤ ਸਿੰਘ ਦੀ ਜੇਬ ਵਿੱਚ ਜਾਂਦੀ ਸੀ ਅਤੇ
ਘਰ-ਪਰਿਵਾਰ ਦੇ ਸਾਰੇ ਖ਼ਰਚਿਆਂ ਲਈ ਹਰ ਵੇਲੇ ਉਸਦੇ ਮੂੰਹ ਵੱਲ ਵੇਖਣਾ ਪੈਂਦਾ ਸੀ। ਇਹ ਵੱਖਰੀ
ਗੱਲ ਸੀ ਕਿ ਹਕੀਕਤ ਸਿੰਘ ਸਾਡੇ ਪਰਿਵਾਰ ਦਾ ਪਾਲਣ-ਪੋਸਣ ਪੂਰੇ ਅਪਣੱਤ-ਭਾਵ ਨਾਲ ਕਰ ਰਿਹਾ
ਸੀ ਅਤੇ ਉਸਦੇ ਵਿਹਾਰ ਵਿੱਚ ਕਿਸੇ ‘ਹੋਰ’ ਦੇ ਓਪਰੇ ਪਰਿਵਾਰ ਨੂੰ ਪਾਲਣ ਵਾਲੀ ਅਹਿਸਾਨਮੰਦੀ
ਦਾ ਕੋਈ ਭਾਵ ਨਹੀਂ ਸੀ। ਘਰ ਵਿੱਚ ਲੋੜ ਜੋਗਾ ਲਵੇਰਾ ਹੋਣ ਦੇ ਬਾਵਜੂਦ ਉਹ ਦੇਸੀ ਘਿਉ ਦਾ
ਪੀਪਾ ਖ਼ਰੀਦ ਕੇ ਲਿਆਉਂਦਾ। ਮੈਨੂੰ ਅਤੇ ਮੇਰੇ ਪਿਤਾ ਨੂੰ ਖਾਣ-ਵਰਤਣ ਲਈ ਉਸ ਵਿਚੋਂ ਬਣਦਾ
ਹਿੱਸਾ ਦਿੰਦਾ। ਉਸਨੂੰ ਦੁੱਧ-ਘਿਓ ਪੀਣ-ਖਾਣ ਦਾ ਸ਼ੌਕ ਸੀ। ਹਰ ਰੋਜ਼ ਲਗਭਗ ਪਾ ਪੱਕਾ ਘਿਓ ਗਰਮ
ਕਰਦਾ ਅਤੇ ਝੀਕ ਲਾ ਕੇ ਪੀ ਲੈਂਦਾ। ਕਿਸੇ ਕਾਰਨ ਜੇ ਦੁੱਧ ਫੁੱਟ ਵੀ ਜਾਂਦਾ ਤਾਂ ਘਰਦਿਆਂ ਦੇ
ਰੋਕਦਿਆਂ ਵੀ ਇਹ ਆਖ ਕੇ ਪੀ ਜਾਂਦਾ ਕਿ ਇਸਨੇ ਪੀਣ ਤੋਂ ਬਾਅਦ ਢਿੱਡ ਵਿੱਚ ਜਾ ਕੇ ਵੀ ਤਾਂ
ਫੁੱਟਣਾ ਹੀ ਸੀ! ਖਾਧੀ ਖੁਰਾਕ ਪਚਾਉਣ ਲਈ ਡੰਡ-ਬੈਠਕਾਂ ਵੀ ਮਾਰਦਾ ਅਤੇ ਮੂੰਗਲੀਆਂ ਫੇਰਦਾ।
ਉਸਨੇ ਆਪਣੀਆਂ ਮੂੰਗਲੀਆਂ ਵਿੱਚ ਲੋਹੇ ਦੇ ਭਾਰੇ ਸਰੀਏ ਵਗੈਰਾ ਫਸਾ ਕੇ ਉਹਨਾਂ ਦਾ ਵਜ਼ਨ
ਵਧਾਇਆ ਹੋਇਆ ਸੀ। ਇਧਰੋਂ-ਉਧਰੋਂ, ਅੰਦਰੋਂ-ਬਾਹਰੋਂ ਜਿੱਥੋਂ ਵੀ ਉਸਨੂੰ ਲੋਹੇ ਦਾ ਕੋਈ ਮੋਟਾ
ਟੁਕੜਾ ਲੱਭਦਾ, ਉਹ ਉਸਨੂੰ ਮੂੰਗਲੀਆਂ ਵਿੱਚ ਠੋਕ ਲੈਂਦਾ। ਉਹ ਇਹਨਾਂ ਮੂੰਗਲੀਆਂ ਨੂੰ
ਡਿਓੜ੍ਹੀ ਦੇ ਵੱਡੇ ਦਰਵਾਜ਼ੇ ਦੇ ਬਾਹਰਵਾਰ ਵਿਖਾਲੇ ਵਜੋਂ ਰੱਖਦਾ ਅਤੇ ਹਰ ਆਏ ਗਏ ਨੂੰ
ਆਪਣੀਆਂ ਇਹ ‘ਹੌਲੀਆਂ ਜਿਹੀਆਂ’ ਮੂੰਗਲੀਆਂ ਫੇਰਨ ਦੀ ਵੰਗਾਰ ਦਿੰਦਾ ਰਹਿੰਦਾ। ਜਾਣੂ ਲੋਕ
ਤਾਂ ਉਸਦੇ ਝਾਸੇ ਵਿੱਚ ਨਾ ਆਉਂਦੇ ਪਰ ਪਹਿਲੀ ਵਾਰ ਵੇਖਣ ਵਾਲੇ ਉਹਨਾਂ ਨੂੰ ਆਕਾਰ ਪੱਖੋਂ
ਛੋਟੀਆਂ ਅਤੇ ਹੌਲੀਆਂ ਸਮਝ ਕੇ ਹੱਥ ਪਾ ਲੈਂਦੇ। ਜਦੋਂ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ
ਤਾਂ ਉਹਨਾਂ ਨੂੰ ਮੂੰਗਲੀਆਂ ਵਿੱਚ ਫਸਾਏ ਲੋਹੇ ਦੇ ਭਾਰ ਦਾ ਅਹਿਸਾਸ ਹੁੰਦਾ। ਉਹ ਛਿੱਥੇ ਪੈ
ਕੇ ਹੱਸ ਪੈਂਦੇ ਅਤੇ ਆਪਣੇ ਹੱਥ ਖੜੇ ਕਰ ਦਿੰਦੇ। ਬਾਪੂ ਵਿਅੰਗ ਨਾਲ ਮੁਸਕੜੀਆਂ ਵਿੱਚ ਹੱਸਦਾ
ਅਤੇ ਆਖਦਾ, “ਭਈ ਚੰਗੇ ਜਵਾਨ ਗੱਭਰੂ ਓ ਤੁਸੀਂ! ਇਹ ਤਾਂ ਮੇਰੇ ਵਰਗਾ ਬੁੱਢਾ ਬੰਦਾ ਘੁਕਾਈ
ਫਿਰਦੈ।”
ਪਿਛਲੀ ਉਮਰ ਵਿੱਚ ਤਾਂ ਉਹ ਆਪਣੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੁੰਦੇ ਸਾਲਾਨਾ
ਜੋੜ-ਮੇਲਿਆਂ ਸਮੇਂ ਲੱਗਦੇ ਅਖਾੜਿਆਂ ਵਿੱਚ ਆਪਣੀਆਂ ਮੂੰਗਲੀਆਂ ਚੁੱਕ ਕੇ ਲੈ ਜਾਂਦਾ ਅਤੇ
ਢੋਲੀ ਨੂੰ ਕਹਿ ਕੇ ਅਖਾੜੇ ਵਿੱਚ ਹੋਕਾ ਦਵਾਉਂਦਾ ਕਿ ਉਸਦੀ ਉਮਰ ਦਾ ਕੋਈ ਵੀ ਆਦਮੀ ਉਸ ਨਾਲ
ਮੂੰਗਲੀਆਂ ਫੇਰਨ ਦਾ ਮੁਕਾਬਲਾ ਕਰ ਸਕਦਾ ਹੈ। ਉਸਦੀ ਉਮਰ ਦੇ ਕਿਸੇ ਬੰਦੇ ਨੇ ਤਾਂ ਕੀ
ਮੁਕਾਬਲਾ ਕਰਨਾ ਹੁੰਦਾ ਸੀ, ਜਵਾਨ ਵੀ ਇਹਨਾਂ ਨੂੰ ਹੱਥ ਪਾਉਣੋਂ ਝਿਜਕਦੇ। ਜਾਣੂ ਤਾਂ ਉਸ
ਨਾਲ ਹੱਥ ਮਿਲਾਉਣ ਤੋਂ ਵੀ ਝਿਜਕਦੇ ਕਿਉਂਕਿ ਉਹ ਆਪਣੇ ਜਾਨਦਾਰ ਹੱਥਾਂ ਨਾਲ ਅਗਲੇ ਦੇ ਹੱਥ
ਨੂੰ ਸ਼ੁਗਲ ਨਾਲ ਘੁੱਟ ਕੇ ਉਸਦੀਆਂ ਚੀਕਾਂ ਕਢਾ ਦਿੰਦਾ। ਇੱਕ ਵਾਰ ਮੇਰੀ ਭੈਣ ਦੇ ਸਹੁਰਿਆਂ
ਤੋਂ ਲਾਗੀ ਭਾਜੀ ਲੈ ਕੇ ਆਇਆ ਤਾਂ ਉਸਨੇ ਬਾਪੂ ਨੂੰ ਹੱਥ ਜੋੜ ਕੇ ‘ਫ਼ਤਹਿ’ ਬੁਲਾਈ। ਬਾਪੂ
ਕਹਿੰਦਾ, “ਰਾਜਾ ਜੀ ਤੁਸੀਂ ਹੱਥ ਕਿਉਂ ਜੋੜਦੇ ਓ। ਤੁਸੀਂ ਸਾਡੇ ਮਹਿਮਾਨ ਓ। ਆਓ ਹੱਥ ਮਿਲਾ
ਕੇ ਮਿਲੋ।” ਉਸਨੇ ਸਤਿਕਾਰ ਨਾਲ ਹੱਥ ਅੱਗੇ ਵਧਾਇਆ ਤਾਂ ਬਾਪੂ ਨੇ ਉਹਦਾ ਹੱਥ ‘ਆਪਣੇ ਅੰਦਾਜ਼’
ਵਿੱਚ ਘੁੱਟ ਲਿਆ। ਨਾਲੇ ਉਸਦਾ ਹੱਥ ਘੁੱਟੀ ਜਾਵੇ ਤੇ ਨਾਲੇ ਮੁਸਕੜੀਆਂ ਵਿੱਚ ਹੱਸਦਾ ਆਖੀ
ਜਾਵੇ, “ਰਾਜਾ ਜੀ ਹੋਰ ਸੁਣਾਓ, ਬਾਕੀ ਸਭ ਸੁੱਖ-ਸਾਂਦ ਹੈ? ਠੀਕ ਠਾਕ ਹੈ ਨਾ ਸਾਰਾ ਕੁਝ?”
ਲਾਗੀ ਕਸੀਸ ਵੱਟ ਕੇ ਰੋਣਹਾਕੀ ਆਵਾਜ਼ ਵਿੱਚ ਕਹਿੰਦਾ, “ਬਾਪੂ ਜੀ ਜਦੋਂ ਮੈਂ ਰੋ ਈ ਪਵਾਂਗਾ
ਤਦ ਈ ਮੇਰਾ ਹੱਥ ਛੱਡੋਗੇ?” ਮੂੰਗਲੀਆਂ ਫੇਰਨ ਅਤੇ ਹੱਥ ‘ਮਿਲਾਉਣ’ ਦਾ ਸੱਦਾ ਅਤੇ ਸਵਾਦ
ਉਸਨੇ ਮੇਰੇ ਕੋਲ ਆਉਣ ਵਾਲੇ ਹਰੇਕ ਮਿੱਤਰ ਨੂੰ ਦਿੱਤਾ।
ਗਰਮੀਆਂ ਦੀ ਸਿਖ਼ਰ ਦੁਪਹਿਰ ਦੇ ਸਮੇਂ ਉਹ ਮੈਨੂੰ ਆਵਾਜ਼ ਦਿੰਦਾ ਅਤੇ ਆਪਣੇ ਨਾਲ ਮਿਲ ਕੇ ਬਦਾਮ
ਭੰਨਣ ‘ਤੇ ਲਾਉਂਦਾ। ਫਿਰ ਉਹ ਬਦਾਮਾਂ ਦੀਆਂ ਸੱਬਰਕੱਤੀਆਂ ਗਿਰੀਆਂ, ਖ਼ਸਖ਼ਾਸ, ਮਗਜ਼ ਅਤੇ
ਕਾਲੀਆਂ ਮਿਰਚਾਂ ਪਾਕੇ ਪੱਥਰ ਦੇ ਵੱਡੇ ਕੂੰਡੇ ਵਿੱਚ ਬੜੀ ਰੀਝ ਨਾਲ ਸ਼ਰਦਾਈ ਰਗੜਦਾ। ਲੋੜ
ਜੋਗਾ ਮਿੱਠਾ ਪਾਉਂਦਾ ਤੇ ਮੈਨੂੰ ਅਤੇ ਮੇਰੇ ਪਿਓ ਨੂੰ ਕੜੀ ਵਾਲੇ ਵੱਡੇ ਗਲਾਸ ਭਰ ਕੇ ਪੀਣ
ਨੂੰ ਦਿੰਦਾ। ਵਿੱਚ ਕਾਲੀਆਂ ਮਿਰਚਾਂ ਪਈਆਂ ਹੋਣ ਕਰਕੇ ਮੈਂ ਸ਼ਰਦਾਈ ਪੀਣ ਤੋਂ ਨੱਕ-ਮੂੰਹ
ਵੱਟਦਾ ਤਾਂ ਉਹ ਮੇਰਾ ਮਖ਼ੌਲ ਉਡਾਉਂਦਾ ਅਤੇ ਅਜਿਹੇ ‘ਪਦਾਰਥ’ ਛੱਡ ਕੇ ਖਟਮਿੱਠੀਆਂ ਬਾਜ਼ਾਰੀ
ਚੀਜ਼ਾਂ ਖਾਣ ਦੀ ਮੇਰੀ ਤੇ ਮੇਰੇ ਪਿਓ ਦੀ ਮਾੜੀ ਆਦਤ ਨੂੰ ਨਿੰਦਦਾ। ਉਹ ਖੋਆ ਮਰਵਾਉਂਦਾ ਅਤੇ
ਸਾਡਾ ਖਾਣ ਦਾ ਹਿੱਸਾ ਸਾਨੂੰ ਦੇ ਕੇ ਬਾਕੀ ਖੋਆ ਆਪਣੇ ਲਈ ਸੰਦੂਕ ਵਿੱਚ ਰਾਖਵਾਂ ਰੱਖ ਕੇ
ਸੰਦੂਕ ਨੂੰ ਜਿੰਦਰਾ ਮਾਰ ਕੇ ਕੁੰਜੀ ਆਪਣੇ ਕਬਜ਼ੇ ਵਿੱਚ ਕਰ ਲੈਂਦਾ। ਸਾਨੂੰ ਉਸਦੇ ਸੰਦੂਕ ਦੇ
ਇੱਕ ਤਖ਼ਤੇ ਨੂੰ ਇੱਕ ਪਾਸਿਓਂ ਕਬਜ਼ੇ ਉਖੇੜ ਕੇ ਖੋਲ੍ਹਣ ਦਾ ਵੱਲ ਆਉਂਦਾ ਸੀ। ਅਸੀਂ ਵੇਲੇ
ਕੁਵੇਲੇ ਉਸਦੇ ਘਿਓ, ਖੋਏ ਜਾਂ ਅਲਸੀ ਦੀਆਂ ਪਿੰਨੀਆਂ ਨੂੰ ਚੋਰੀ ਦਾਅ ਵੀ ਲਾ ਲੈਂਦੇ। ਉਹ
ਅਕਸਰ ਕਹਿੰਦਾ ਰਹਿੰਦਾ ਕਿ ਉਸਦੇ ਘਿਓ ਜਾਂ ਖੋਏ ਵਿੱਚ ‘ਘਾਪਾ’ ਵੱਜਿਆ ਹੋਇਆ ਹੈ ਪਰ ਮਾਂ
ਹਰਨਾਮ ਕੌਰ, ਜਿਹੜੀ ਵੇਖ ਕੇ ਅਣਡਿੱਠਾ ਕਰਨ ਵਾਲੀ ਸਾਡੀ ਸਭ ਤੋਂ ਵੱਡੀ ਸਹਾਇਕ ਹੁੰਦੀ ਸੀ;
ਉਸਨੂੰ ਆਖਦੀ, “ਦੀਦਾਰ ਦਾ ਮਾਮਾ! ਤੈਨੂੰ ਤਾਂ ਵਹਿਮ ਦੀ ਬਮਾਰੀ ਹੈ। ਸੰਦੂਕ ਨੂੰ ਵੱਜੇ
ਜਿੰਦਰੇ ਵਿਚੋਂ ਦੀ ਲੰਘ ਕੇ ਕੋਈ ਭੂਤ ਚੁੜੇਲ ਤਾਂ ਭਾਵੇਂ ਤੇਰਾ ਖੋਆ ਖਾ ਗਿਆ ਹੋਵੇ, ਕਿਸੇ
ਬੰਦੇ ਦੇ ਵੱਸ ਦੀ ਤਾਂ ਇਹ ਗੱਲ ਹੈ ਨਹੀਂ।” ਬਾਪੂ ਨੂੰ ਵੀ ਅਣਮੰਨੇ ਮਨ ਨਾਲ ਇਹ ਹਕੀਕਤ
ਸਵੀਕਾਰ ਕਰਨੀ ਪੈਂਦੀ।
ਆਪਣੇ ਖਵਾਏ ਘਿਓ ਤੇ ਖੋਏ ਅਤੇ ਪਿਆਏ ਦੁੱਧ ਤੇ ਸ਼ਰਦਾਈ ਦਾ ‘ਅਸਰ ਵੇਖਣ’ ਲਈ ਉਹ ਸਾਨੂੰ
ਦੋਵਾਂ ਪਿਓ-ਪੁੱਤਾਂ ਨੂੰ ਵੀ ਆਪਣੇ ਨਾਲ ਵੀਣੀਂ ਫੜ੍ਹਨ ਤੇ ਮੂੰਗਲੀਆਂ ਫੇਰਨ ਲਈ ਵੰਗਾਰਦਾ
ਰਹਿੰਦਾ।
ਇਸ ਸਭ ਕੁੱਝ ਦੇ ਬਾਵਜੂਦ ਮੇਰੇ ਪਿਤਾ ਨੂੰ ਇਸ ਘਰ ਵਿੱਚ ਕਿਸੇ ਪਰਕਾਰ ਦੇ ਹੱਕ ਅਤੇ ਮਾਣ ਦੀ
ਘਾਟ ਦੁਖੀ ਕਰਦੀ ਸੀ। ਉਹ ਲੱਖ ਕੋਸ਼ਿਸ਼ ਕਰਨ ‘ਤੇ ਵੀ ਆਪਣੇ ਪਿਓ ਵਰਗਾ ਮਾਣ ਆਪਣੇ ਪਿਓ ਵਰਗੇ
ਮਾਮੇ ਤੇ ਨਹੀਂ ਸੀ ਕਰ ਸਕਦਾ। ਬਹੁਤੀ ਵਾਰ ਤਾਂ ਉਹ ਮਾਂ ਹਰਨਾਮ ਕੌਰ ਕੋਲ ਹੀ ਆਪਣੀ ਮੰਗ
ਰੱਖਦਾ ਤੇ ਉਹੋ ਹੀ ਅੱਗੇ ਆਪਣੀ ਸਿਫ਼ਾਰਸ਼ ਸਮੇਤ ਹਕੀਕਤ ਸਿੰਘ ਤੱਕ ਉਸਦਾ ਸੁਨੇਹਾ
ਪਹੁੰਚਾਉਂਦੀ। ਦੂਜੇ ਪਾਸੇ ਹਕੀਕਤ ਸਿੰਘ ਦੇ ਅੰਦਰ ਵੀ ਸ਼ਾਇਦ ਇਹ ਕੰਡਾ ਰੜਕਦਾ ਹੀ ਰਹਿੰਦਾ
ਸੀ ਕਿ ਉਸਦਾ ਅਸਲੀ ਪੁੱਤ ਹੁੰਦਾ ਤਾਂ ਉਸਨੂੰ ਖ਼ਬਰੇ ਕਿਵੇਂ ਦਾ ਮੋਹ ਅਤੇ ਆਦਰ-ਮਾਣ ਦਿੰਦਾ!
ਮਾਮਾ-ਭਣੇਵਾਂ ਦੋਵੇ ਇੱਕ ਦੂਜੇ ਨੂੰ ਆਪਣੀ ਵੱਲੋਂ ਬਣਦਾ ਮੋਹ-ਪਿਆਰ ਦੇਣ ਦੇ ਬਾਵਜੂਦ
ਅੰਦਰੋਂ ਅੰਦਰੀ ਕਿਤੇ ਖਾਲੀਪਨ ਮਹਿਸੂਸ ਕਰਦੇ ਸਨ। ਇਸੇ ਕਰਕੇ ਕਦੀ ਕਦੀ ਮਾਮੇ-ਭਣੇਵੇਂ ਵਿੱਚ
ਮਨ-ਮੁਟਾਵ ਵੀ ਹੋ ਜਾਂਦਾ ਸੀ। ਇੱਕ ਵਾਰ ਤਾਂ ਮੇਰੇ ਨਾਲ ਨਰਾਜ਼ ਹੋ ਕੇ ਬਾਪੂ ਨੇ
ਹਥੌੜਾ-ਛੈਣੀ ਲੈ ਕੇ ਪੱਕੀ ਬੈਠਕ ਦੀ ਕੰਧ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ ਕਿ ‘ਇਹ ਮੇਰੀ ਥਾਂ
ਹੈ ਅਤੇ ਮੈਂ ‘ਤੁਹਾਡੀ’ ਬਣਾਈ ਬੈਠਕ ਏਥੇ ਰਹਿਣ ਨਹੀਂ ਦੇਣੀ।’ ਭਾਵੇਂ ਤਾਏ ਲਾਭ ਚੰਦ ਨੇ
ਓਸੇ ਵੇਲੇ ਆ ਕੇ ਉਸਨੂੰ ਇਹ ‘ਤਮਾਸ਼ਾ’ ਕਰਨੋਂ ਵਰਜਦਿਆਂ ਝਿੜਕਿਆ ਸੀ, “ਚਾਚਾ, ਜੇ ਬੈਠਕ
ਇਹਨਾਂ ਦੀ ਹੈ ਤਾਂ ਇਹ ਕੀਹਦੇ ਨੇ? ਕੋਈ ਅਕਲ ਨੂੰ ਹੱਥ ਮਾਰ।” ਪਰ ਅੱਜ ਤੱਕ ਕੰਧ ਦੀਆਂ ਦੋ
ਇੱਟਾਂ ਵਿਚਕਾਰ ਪਈ ਛੈਣੀ-ਹਥੌੜੇ ਦੀ ਸੱਟ ਦਾ ਪਿਆ ਦੋ-ਢਾਈ ਇੰਚ ਦਾ ਨਿਸ਼ਾਨ ‘ਸਾਡੇ ਲਹੂਓਂ
ਸਕੇ ਨਾ ਹੋਣ’ ਦੀ ਗਵਾਹੀ ਦਿੰਦਾ ਰਿਹਾ ਹੈ।
ਅੱਜ ਮੈਨੂੰ ਲੱਗਦਾ ਹੈ ਕਿ ਮਾਮਾ-ਭਣੇਵਾਂ ਦੋਵੇਂ ਹੀ ਸ਼ਾਇਦ ਆਪਣੀ ਆਪਣੀ ਥਾਂ ਸੱਚੇ ਸਨ।
ਦੋਵਾਂ ਨੂੰ ਕਿਤੇ ਕਿਤੇ ‘ਪਿਓ-ਪੁੱਤ’ ਦਾ ਇਹ ਰਿਸ਼ਤਾ ‘ਅੰਬ’ ਦੀ ਥਾਂ ‘ਅੰਬਾਕੜੀ’ ਲੱਗਣ ਦਾ
ਅਹਿਸਾਸ ਸਤਾਉਣ ਲੱਗ ਜਾਂਦਾ ਸੀ।
ਕਦੀ ਕਦੀ ਬਾਪੂ ਮੈਨੂੰ ਗਿਲੇ ਨਾਲ ਆਖਦਾ, “ਸਰਦਾਰਾ ਕਦੀ ਖੋਟੀ ਦਵਾਨੀ ਵੀ ਮੇਰੇ ਹੱਥ ‘ਤੇ
ਰੱਖੀ ਊ?”
ਮੈਂ ਹੱਸ ਕੇ ਆਖਦਾ, “ਬਾਪੂ ਤੂੰ ਜ਼ਮੀਨ-ਜਾਇਦਾਦ ਦਾ ਮਾਲਕ! ਤੂੰ ਕਿਹੜਾ ਭੁੱਖਾ ਮਰਦਾ ਏਂ ਜੋ
ਮੇਰੀ ਦਵਾਨੀ ਦੀ ਝਾਕ ਲਾਈ ਬੈਠਾ ਏਂ!”
ਸੱਚੀ ਗੱਲ ਹੈ; ਮੈਨੂੰ ਲੱਗਦਾ ਹੀ ਨਹੀਂ ਸੀ ਕਿ ਬਾਪੂ ਨੂੰ ਮੇਰੇ ਕੋਲੋਂ ਵੀ ਪੈਸੇ ਦੀ ਲੋੜ
ਹੋ ਸਕਦੀ ਹੈ! ਉਹ ਤਾਂ ਸਾਰੀ ਉਮਰ ਸਾਡੀਆਂ ਅੜੀਆਂ-ਥੁੜ੍ਹੀਆਂ ਕੱਢਦਾ ਰਿਹਾ। ਪਰ ਅੱਜ ਸੋਚਦਾ
ਹਾਂ ਕਿ ਬਾਪੂ ਆਪਣੀ ਥਾਂ ਠੀਕ ਸੀ। ਉਸਦੀ ਲੋੜ ਆਰਥਕ ਨਾਲੋਂ ਮਾਨਸਿਕ ਵਧੇਰੇ ਸੀ। ਉਸ ਅੰਦਰ
ਵੀ ਹਸਰਤ ਸੀ ਕਿ ਉਸਦਾ ਕੋਈ ਆਪਣਾ ਧੀ-ਪੁੱਤ ਆਪਣੀ ਕਮਾਈ ਵਿਚੋਂ ਕੁੱਝ ਤਿਲ਼-ਫੁੱਲ ਉਸਦੇ ਹੱਥ
ਉੱਤੇ ਧਰ ਕੇ ਉਸਦਾ ਮਾਣ ਰੱਖਦਾ ਅਤੇ ਉਹ ਵੀ ਕਿਸੇ ਨੂੰ ਹੁੱਬ ਕੇ ਆਖਦਾ, “ਆਹ ਮੇਰੇ ਵਰਿਆਮ
ਪੁੱਤ ਨੇ ਮੈਨੂੰ ਘਿਓ ਲੈਣ ਲਈ ਜਾਂ ਨਵੇਂ ਕੱਪੜੇ ਬਨਾਉਣ ਲਈ ਪੈਸੇ ਦਿੱਤੇ ਨੇ!”
ਸਚਾਈ ਉੱਤੇ ਜਿੰਨਾਂ ਮਰਜ਼ੀ ਆਦਰਸ਼ ਦਾ ਪੋਚਾ ਮਾਰਦੇ ਫਿਰੀਏ ‘ਆਪਣਿਆਂ ਅਤੇ ਆਪਣੇ-ਪਨ ਦੀ ਘਾਟ’
ਰੜਕਦੀ ਹੀ ਰਹਿੰਦੀ ਹੈ। ਹੋਰ ਤਾਂ ਹੋਰ ਸਾਡੀ ਦਾਦੀ ਹਰਨਾਮ ਕੌਰ, ਜੋ ਨਿਰ੍ਹੀ ਮਮਤਾ ਦੀ
ਮੂਰਤ ਸੀ ਅਤੇ ਜਿਸਨੇ ਮੇਰੇ ਪਿਤਾ ਅਤੇ ਸਾਨੂੰ ਭੈਣ-ਭਰਾਵਾਂ ਨੂੰ ਅੰਤਾਂ ਦਾ ਪਿਆਰ ਦਿੱਤਾ;
ਜਦੋਂ ਇੱਕ ਵਾਰ ਦੋ ਕੁ ਮਹੀਨੇ ਆਪਣੇ ਭਤੀਜੇ ਦੇ ਪੁੱਤਰ ਅਜਾਇਬ ਸਿੰਘ ਕੋਲ ਰਹਿ ਕੇ ਆਈ ਤਾਂ
ਉਹਦੇ ਵਾਰਤਾਲਾਪਾਂ ਵਿੱਚ ‘ਸਾਡਾ ਅਜਾਇਬ’, ‘ਸਾਡੇ ਅਜਾਇਬ ਦੀ ਕੋਠੀ’, ‘ਸਾਡੇ ਅਜਾਇਬ ਦਾ
ਬਗੀਚਾ’, ‘ਸਾਡੇ ਅਜਾਇਬ ਦਾ ਟੌਅ੍ਹਰ’ ਜਿਹੇ ਵਾਕ-ਅੰਸ਼ਾਂ ਨੇ ਸਾਨੂੰ ਇਹ ਸੋਚਣ ਲਾ ਦਿੱਤਾ ਕਿ
‘ਜੇ ਅਜਾਇਬ ਹੀ ਮਾਂ ਦਾ ‘ਸਾਡਾ’ ਹੈ ਤਾਂ ਫਿਰ ਅਸੀਂ ਕੌਣ ਹੋਏ!’ ਰਿਸ਼ਤਿਆਂ ਦੀ ਇਸ ਗੁੰਝਲ
ਵਿੱਚ ਫਸਿਆ ਮੇਰਾ ਪਿਤਾ ਆਪਣੇ ਆਪ ਨੂੰ ਹਕੀਕਤ ਸਿੰਘ ਦੀ ਦਇਆ ‘ਤੇ ਨਿਰਭਰ ਸਮਝਦਾ ਸੀ। ਇਹ
‘ਦਇਆ’ ਉਸਦੇ ਸਵੈਮਾਣ ਨੂੰ ਜ਼ਖ਼ਮੀ ਕਰਦੀ ਰਹਿੰਦੀ ਸੀ। ਉਸਨੂੰ ਹਰ ਨਿੱਕੇ ਮੋਟੇ ਪਰਿਵਾਰਕ
ਖ਼ਰਚੇ ਲਈ ਆਪਣੇ ਮਾਮੇ ਅੱਗੇ ਹੱਥ ਅੱਡਣੇ ਗਵਾਰਾ ਨਹੀਂ ਸਨ। ਉਹ ਹੁਣ ਕੋਈ ਛੋਟਾ ਬੱਚਾ ਨਹੀਂ
ਸੀ ਰਹਿ ਗਿਆ!
ਦੂਜੇ ਪਾਸੇ ਹਕੀਕਤ ਸਿੰਘ ਦਾ ਵਿਚਾਰ ਸੀ ਕਿ ਸਾਨੂੰ ਏਥੇ ਕਿਸ ਚੀਜ਼ ਦਾ ਘਾਟਾ ਸੀ! ਉਸਨੇ
ਕਿਹੜਾ ਸਾਡੇ ਕੋਲੋਂ ਕੁੱਝ ਲੁਕਾਇਆ ਸੀ! ਉਹ ਜਟਕੀ ਜਿਹੀ ਦਲੀਲ ਦਿੰਦਾ ਕਿ ਜਦੋਂ ਮੈਂ ਤੈਨੂੰ
ਆਪਣਾ ਪੁੱਤ ਬਣਾ ਕੇ ਪਾਲਿਆ ਹੈ ਅਤੇ ਕੋਲ ਰੱਖਿਆ ਹੈ ਤਾਂ ਮੇਰੀ ਜਾਇਦਾਦ ਦਾ ਵਾਰਿਸ ਕੋਈ
ਹੋਰ ਕਿਵੇਂ ਬਣ ਜਾਵੇਗਾ! ਉਸਨੇ ਬਾਕਾਇਦਾ ਕਾਨੂੰਨੀ ਤੌਰ ‘ਤੇ ਮੇਰੇ ਪਿਤਾ ਨੂੰ ਆਪਣਾ
ਮੁਤਬੰਨਾ ਨਹੀਂ ਸੀ ਬਣਾਇਆ ਹੋਇਆ। ਮੇਰਾ ਪਿਤਾ ਕਾਨੂੰਨੀ ਮੁਤਬੰਨਾ ਬਣਾਏ ਜਾਣ ਦੀ ਗੱਲ
ਉਸਨੂੰ ਆਖਦਾ ਨਹੀਂ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਉਸਦੇ ਮਾਮਾ-ਮਾਮੀ ਉਸ ਬਾਰੇ ਇਹ
ਸੋਚਣ ਕਿ ਉਹ ਉਹਨਾਂ ਦੀ ਜਾਇਦਾਦ ਉੱਤੇ ਲਾਲਚੀ ਨਜ਼ਰ ਰੱਖੀ ਬੈਠਾ ਹੈ। ਸ਼ਾਇਦ ਅੰਦਰਲੀ ਗੱਲ ਇਹ
ਸੀ ਕਿ ਹਕੀਕਤ ਸਿੰਘ ਜ਼ਮੀਨ ਆਪਣੇ ਹੱਥ ਵਿੱਚ ਇਸ ਲਈ ਵੀ ਰੱਖੀ ਰੱਖਣਾ ਚਾਹੁੰਦਾ ਹੋਵੇ ਕਿ ਜੇ
ਸਾਰੀ ਜ਼ਮੀਨ ਸਾਡੇ ਨਾਂ ਲਵਾ ਦਿੱਤੀ ਤਾਂ ਕੀ ਪਤਾ ਲੋੜ ਪੈਣ ‘ਤੇ ਅਸੀਂ ਉਹਨਾਂ ਦੀ ਦੇਖ-ਭਾਲ
ਕਰੀਏ ਵੀ ਜਾਂ ਨਾ ਕਰੀਏ! ਉਸਦੀ ਇਹ ਸ਼ੰਕਾ ਵੀ ਦੁਨਿਆਵੀ ਵਿਹਾਰ ਦੇ ਪੱਖੋਂ ਨਿਰਮੂਲ ਨਹੀਂ ਸੀ
ਆਖੀ ਜਾ ਸਕਦੀ। ਪਰ ‘ਉਸਦੇ ਪਿੱਛੋਂ ਵੀ ਜ਼ਮੀਨ ਜਾਇਦਾਦ ਸਾਡੀ ਹੋਵੇਗੀ’ ਇਹ ਗੱਲ ਏਨੀ ਸਿੱਧੀ
ਤਾਂ ਨਹੀਂ ਸੀ। ਸਾਡੇ ਵੱਲੋਂ ਪਿੰਡ ਛੱਡ ਕੇ ਚਲੇ ਜਾਣ ਦੀ ਖ਼ਬਰ ਸੁਣ ਕੇ ਅਤੇ ਮਾਤਾ ਹਰਨਾਮ
ਕੌਰ ਦੇ ਤਰਲਿਆਂ ਕਰਕੇ ਪਰਿਵਾਰ ਦੇ ਸਨੇਹੀਆਂ ਦਾ ਸਾਡੇ ਘਰ ਆਉਣ-ਜਾਣ ਅਤੇ ਬਾਪੂ ਹਕੀਕਤ
ਸਿੰਘ ਨੂੰ ਸਮਝਾਉਣ ਦਾ ਸਿਲਸਿਲਾ ਦੋ ਕੁ ਦਿਨ ਚੱਲਿਆ ਅਤੇ ਆਖ਼ਰਕਾਰ ਅੰਗਾਂ-ਸਾਕਾਂ ਤੇ ਹਰਨਾਮ
ਕੌਰ ਦੇ ਕਹਿਣ ‘ਤੇ ਉਸਨੇ ‘ਹਾਲ ਦੀ ਘੜੀ’ ਆਪਣੀ ਜ਼ਮੀਨ ਵਿਚੋਂ ਅੱਠ ਕੁ ਕਿੱਲੇ ਜ਼ਮੀਨ ਮੇਰੇ
ਪਿਤਾ ਦੇ ਨਾਂ ਲਗਵਾ ਦਿੱਤੀ।
ਪਿਤਾ ਨੇ ਅਬੋਹਰ ਜਾਣ ਦਾ ਇਰਾਦਾ ਤਰਕ ਕਰ ਦਿੱਤਾ। ਉਂਜ ਵੀ ਉਹ ਬਚਪਨ ਤੋਂ ਹੀ ਸੁਰ ਸਿੰਘ
ਪਿੰਡ ਵਿੱਚ ਪਲਿਆ, ਪੜ੍ਹਿਆ ਅਤੇ ਹੁਣ ਕਈ ਸਾਲਾਂ ਤੋਂ ਏਥੇ ਹੀ ਵੱਸਦਾ ਰਿਹਾ ਹੋਣ ਕਰਕੇ ਇਸ
ਪਿੰਡ ਨਾਲ ਉਸਦੀਆਂ ਗੂੜ੍ਹੀਆਂ ਸਾਂਝਾਂ ਬਣੀਆਂ ਹੋਈਆਂ ਸਨ। ਇਸ ਲਈ ਇਸ ਪਿੰਡ ਨੂੰ ਛੱਡ ਕੇ
ਤੁਰ ਜਾਣ ਦਾ ਉਸਦਾ ਆਪਣਾ ਮਨ ਵੀ ਨਹੀਂ ਸੀ। ਸਾਡੀ ਬੱਚਿਆਂ ਦੀ ਆਤਮਾ ਵਿੱਚ ਤਾਂ ਇਹ ਪਿੰਡ
ਅਸਲੋਂ ਹੀ ਵੱਸਿਆ ਹੋਇਆ ਸੀ। ਇਸਨੂੰ ਛੱਡ ਕੇ ਕਿਤੇ ਹੋਰ ਤੁਰ ਜਾਣ ਦੇ ਅਹਿਸਾਸ ਨੇ ਤਾਂ
ਮੈਨੂੰ ਪਿਛਲੇ ਕੁੱਝ ਦਿਨਾਂ ਤੋਂ ਬੌਂਦਲਾ ਛੱਡਿਆ ਸੀ। ਪਰ ਹੁਣ ਏਸੇ ਪਿੰਡ ਵਿੱਚ ਟਿਕੇ ਰਹਿਣ
ਦੇ ਫ਼ੈਸਲੇ ਨਾਲ ਕੇਵਲ ਸਾਡੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਾਡੇ ਸਕਿਆਂ ਸੰਬੰਧੀਆਂ ਅਤੇ
ਪਰਿਵਾਰਕ ਸਨੇਹੀਆਂ ਨੇ ਵੀ ਸੁਖ ਦਾ ਸਾਹ ਲਿਆ। ਰਹਿੰਦਾ ਤਾਂ ਸਾਡਾ ਪਰਿਵਾਰ ਪਹਿਲਾਂ ਵੀ
ਇਕੱਠਾ ਸੀ ਤੇ ਹੁਣ ਵੀ ਮੇਰਾ ਪਿਤਾ ਹੀ ‘ਆਪਣੀ’ ਅਤੇ ਹਕੀਕਤ ਸਿੰਘ ਦੀ ਜ਼ਮੀਨ ਦੀ
ਸਾਂਭ-ਸੰਭਾਲ ਕਰਦਾ ਸੀ।
ਮੁਰੱਬੇਬੰਦੀ ਵਿੱਚ ਚਵਾਨੀ-ਅਠਿਆਨੀ ਮੁੱਲ ਵਾਲੀ ਜ਼ਮੀਨ ਦੀ ਥਾਂ ਰੁਪਏ ਮੁੱਲ ਦੀ ਜ਼ਮੀਨ ਪੁਆ
ਲੈਣ ਕਰਕੇ ਸੱਠ-ਸੱਤਰ ਏਕੜ ਦੇ ਲਗਭਗ ਜ਼ਮੀਨ ਘਟ ਕੇ ਤੀਹ ਏਕੜ ਦੇ ਕਰੀਬ ਰਹਿ ਗਈ ਸੀ। ਬਾਪੂ
ਹਕੀਕਤ ਸਿੰਘ ‘ਆਪਣੇ ਹਿੱਸੇ’ ਦੀ ਕੁੱਝ ਜ਼ਮੀਨ ਹਿੱਸੇ ਠੇਕੇ ‘ਤੇ ਦੇ ਛੱਡਦਾ। ਉਸਦੀ ਕੁੱਝ
ਜ਼ਮੀਨ ਮੇਰਾ ਪਿਤਾ ਵਾਹੁੰਦਾ ਅਤੇ ਬਾਪੂ ਦੀ ਹਿੱਸੇ-ਠੇਕੇ ਵਾਲੀ ਜ਼ਮੀਨ ਦੀ ਦੇਖ-ਰੇਖ ਵੀ
ਕਰਦਾ। ਮੈਂ ਵੀ ਆਪਣੇ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਉਂਦਾ ਰਿਹਾ। ਉਦੋਂ ਅਜੇ ਹਰੇ ਇਨਕਲਾਬ
ਨੇ ਦਰਸ਼ਨ ਨਹੀਂ ਸਨ ਦਿੱਤੇ। ਬਲਾਕ ਦੇ ਕਰਮਚਾਰੀ ਕਿਸਾਨਾਂ ਨੂੰ ਖੇਤਾਂ ਵਿੱਚ ਪਾਉਣ ਲਈ ਅਤੇ
‘ਆਪਣੀ ਅੱਖੀਂ ਫ਼ਸਲ ਦੇ ਵਧੇ ਝਾੜ ਦਾ ਕਮਾਲ ਦੇਖਣ ਲਈ’ ਨਮੂਨੇ ਵਜੋਂ ਰਸਾਇਣਕ ਖ਼ਾਦ ਮੁਫ਼ਤ
ਦਿੰਦੇ ਪਰ ਕਿਸਾਨ ਛੇਤੀ ਕੀਤੇ ਉਹਨਾਂ ਦੇ ‘ਝੱਪੇ’ ਵਿੱਚ ਨਾ ਆਉਂਦੇ ਅਤੇ ਆਖਦੇ ਖਾਦ ਪਾਉਣ
ਨਾਲ ਉਹਨਾਂ ਦੀ ਜ਼ਮੀਨ ਨੂੰ ਅਮਲੀ ਵਾਂਗ ਅਮਲ ਲੱਗ ਜਾਵੇਗਾ; ਅੱਗੋਂ ਤੋਂ ਅਮਲ ਖਾਧੇ ਬਿਨਾਂ
ਜ਼ਮੀਨ ਨੇ ਫ਼ਸਲ ਦੇਣੋਂ ਹਟ ਜਾਣਾ ਹੈ ਅਤੇ ਹੌਲੀ ਹੌਲੀ ਜ਼ਮੀਨ ਅਮਲੀਆਂ ਦੇ ਜਿਸਮ ਵਾਂਗ ਕਮਜ਼ੋਰ
ਅਤੇ ਨਿਕਾਰਾ ਹੋ ਕੇ ਰਹਿ ਜਾਵੇਗੀ!
ਸਿਆਲੀ ਰਾਤ ਦੀਆਂ ਕਕਰੀਲੀਆਂ ਰਾਤਾਂ ਵਿੱਚ ਮੈਂ ਕਦੀ ਕਦੀ ਆਪਣੇ ਪਿਤਾ ਨਾਲ ਨਹਿਰ ਦਾ ਪਾਣੀ
ਲਵਾਉਣ ਵੀ ਜਾਂਦਾ। ਖੂਹ ਤਾਂ ਮੈਂ ਦੋ ਤਿੰਨ ਸਾਲ ਇਕੱਲਾ ਹੀ ਵਾਹੁੰਦਾ ਰਿਹਾ। ਬੋਤੀ ਨੂੰ
ਖੋਪੇ ਲਾ ਕੇ ਸ਼ਿਸ਼ਕਾਰ ਦਿੰਦਾ ਅਤੇ ਉਹ ਆਪਣੀ ਚਾਲੇ ਤੁਰੀ ਰਹਿੰਦੀ। ਟਿੰਡਾਂ ਪਾੜਛੇ ਵਿੱਚ
ਚਾਂਦੀ ਰੰਗਾ ਪਾਣੀ ਉਲਟਾਈ ਜਾਂਦੀਆਂ ਅਤੇ ਮੈਂ ਵਗਦੇ ਖੂਹ ਦੀ ਸੰਗੀਤਕ ‘ਟਿੱਕ ਟਿੱਕ’ ਵਿੱਚ
ਨੇੜੇ ਹੀ ਚੰਨੇ ਨਾਲ ਝੁੱਲ ਵਿਛਾ ਕੇ ਬੈਠਾ ਕੋਈ ਕਿਤਾਬ ਪੜ੍ਹਦਾ ਰਹਿੰਦਾ ਅਤੇ ਵਿੱਚ ਵਿੱਚ
ਉੱਠ ਕੇ ਕਿਆਰੇ ਵੱਲ ਝਾਤੀ ਵੀ ਮਾਰ ਲੈਂਦਾ। ਮਾਲ-ਡੰਗਰ ਲਈ ਪੱਠੇ ਵੱਢਣ ਤੇ ਲਿਆਉਣ ਦੀ
ਜ਼ਿਮੇਵਾਰੀ ਮੈਂ ਅਠਵੀਂ ਨੌਵੀਂ ਵਿੱਚ ਪੜ੍ਹਦਿਆਂ ਹੀ ਸੰਭਾਲ ਲਈ ਸੀ। ਪਹਿਲਾਂ ਮੈਂ ਪੱਠਿਆਂ
ਦੀ ਚਿੱਲੀ ਵੱਢਦਾ, ਬੋਤੀ ਤੇ ਲੱਦਦਾ ਤੇ ਘਰ ਆਕੇ ਮਸ਼ੀਨੀ ਟੋਕੇ ‘ਤੇ ਉਸਨੂੰ ਕੁਤਰਦਾ। ਇੱਕ
ਅੱਧੀ ਵਾਰ ਹਲ਼ ਵਾਹੁਣ ਦਾ ਅੱਧ-ਪਚੱਧਾ ਤਜਰਬਾ ਵੀ ਕੀਤਾ। ਪਰ ਹਲ ਵਾਹੁਣ ਨੂੰ ਕਾਮਾ ਰੱਖਿਆ
ਹੁੰਦਾ ਸੀ। ਮੈਂ ਵਾਢੀ ਕਰਨੀ, ਫਲ੍ਹੇ ਹਿੱਕਣੇ, ਗੋਡੀ ਕਰਨੀ, ਪਾਣੀ ਲਾਉਣਾ, ਡੰਗਰ ਚਾਰਨੇ
ਆਦਿ ਖੇਤੀ ਨਾਲ ਜੁੜੇ ਹੋਰ ਸਾਰੇ ਕੰਮ ਕਰਦਾ ਰਿਹਾ।
ਵਿਸ਼ੇਸ਼ ਦੱਸਣ ਵਾਲੀ ਗੱਲ ਤਾਂ ਇਹ ਹੈ ਕਿ ਏਨੀ ਜ਼ਮੀਨ ਦੇ ਹੁੰਦਿਆਂ ਵੀ ਬਚਪਨ ਤੋਂ ਹੀ ਅਸੀਂ
ਕੋਈ ਐਸ਼ ਦੀ ਜ਼ਿੰਦਗੀ ਨਹੀਂ ਸੀ ਗੁਜ਼ਾਰੀ। ਖ਼ਰਚਣ ਲਈ ਇੱਕ ਆਨਾ ਵੀ ਲੈਣ ਲਈ ਬਾਪੂ ਹਕੀਕਤ ਸਿੰਘ
ਦੇ ਘੰਟਾ-ਘੰਟਾ ਤਰਲੇ ਕਰਨੇ ਪੈਂਦੇ। ਉਸਨੇ ਅੱਗੋਂ ਆਖਣਾ, “ਉਏ ਕਿਥੋਂ ਦਿਆਂ ਮੈਂ? ਮੇਰੀ
ਕੋਈ ਇੰਗਸ ਲੱਗੀ ਆ?” ਡੰਗਰ ਚਾਰਦਿਆਂ ਜੇ ਨੰਗੇ ਪੈਰੀਂ ਕੰਡੇ ਵੱਜਣ ਦੀ ਪੀੜ ਅਜੇ ਤੱਕ
ਪੈਰਾਂ ਵਿੱਚ ਚੁਭਦੀ ਹੈ ਤਾਂ ਸਾਫ਼ ਜ਼ਾਹਿਰ ਹੈ ਕਿ ਪੈਰੀਂ ਪਾਉਣ ਲਈ ਸਦਾ ਤੇ ਸਮੇਂ ਸਿਰ
ਜੁੱਤੀ ਨਸੀਬ ਨਹੀਂ ਸੀ ਹੁੰਦੀ। ਨਵੇਂ ਕੱਪੜੇ ਵੀ ਵਿਆਹ-ਸ਼ਾਦੀ ਜਾਂ ਕਿਸੇ ਮੇਲੇ-ਮੁਸਾਹਿਬੇ
‘ਤੇ ਹੀ ਮਿਲਦੇ ਸਨ। ਮਹੀਨੇ ਬਾਅਦ ਸਕੂਲ ਦੀ ਪੰਜ-ਸੱਤ ਰੁਪਏ ਫੀਸ ਦੇਣੀ ਮੁਸ਼ਕਿਲ ਜਾਪਦੀ ਸੀ।
ਮੈਨੂੰ ਇਹ ਵੀ ਯਾਦ ਹੈ ਕਿ ਮੇਰੇ ਨਾਨਕਿਆਂ ਵਿੱਚ ਕਿਸੇ ਵਿਆਹ ‘ਤੇ ਜਾਣ ਸਮੇਂ ਮੇਰੇ ਪਿਤਾ
ਨੇ ਆਪਣੇ ਕਿਸੇ ਮਿੱਤਰ ਤੋਂ ਉਸਦੀ ਗਰਮ ਲੋਈ ਮੰਗ ਕੇ ਖੜੀ ਸੀ। ਇੰਜ ਹੀ ਇੱਕ ਵਾਰ ਕੋਈ
ਵਾਂਢਾ ਵੇਖਣ ਲਈ ਉਸਨੂੰ ਕਿਸੇ ਦੀ ਨਵੀਂ ਜੁੱਤੀ ਵੀ ਮੰਗਣੀ ਪਈ ਸੀ। ਭਾਵੇਂ ਜੁੱਤੀ ਅਤੇ
ਕੱਪੜੇ ਮੰਗ ਕੇ ਵਿਆਹ ਜਾਂ ਵਾਂਢਾ ਵੇਖ ਲੈਣ ਦਾ ਰਿਵਾਜ ਛੋਟੀ ਕਿਰਸਾਣੀ ਵਿੱਚ ਆਮ ਹੀ
ਪ੍ਰਚੱਲਿਤ ਸੀ ਤਦ ਵੀ ਮੇਰੇ ਸੰਵੇਦਨਸ਼ੀਲ ਮਨ ਨੂੰ ਇਸ ਗੱਲ ਦੀ ਤਕਲੀਫ਼ ਹੁੰਦੀ ਸੀ ਕਿ ਇਹ ਸਭ
ਲੋੜੀਂਦੀਆਂ ਚੀਜ਼ਾਂ ਲੋੜ ਪੈਣ ‘ਤੇ ਸਾਡੇ ਆਪਣੇ ਘਰ ਕਿਉਂ ਨਹੀਂ ਹੁੰਦੀਆਂ!
ਬਚਪਨ ਵਿੱਚ ਆਪਣੇ ਨਾਨਕਿਆਂ ਨੂੰ ਜਾਣ ਲਈ ਜਦੋਂ ਅੰਮ੍ਰਿਤਸਰੋਂ ਬੱਸ ਵਿੱਚ ਬੈਠ ਕੇ ਖ਼ਾਲਸਾ
ਕਾਲਜ ਕੋਲ ਦੀ ਲੰਘਦਾ ਸਾਂ ਤਾਂ ਕਾਲਜ ਦੀ ਸ਼ਾਹਾਨਾ ਇਮਾਰਤ ਵੱਲ ਵੇਖ ਕੇ ਆਪਣੇ ਮਨ-ਮਸਤਕ
ਵਿੱਚ ਇਸ ਕਾਲਜ ਵਿੱਚ ਪੜ੍ਹਨ ਦਾ ਸੁਪਨਾ ਪਾਲਿਆ ਹੋਇਆ ਸੀ ਪਰ ਦਸਵੀਂ ਪਾਸ ਕਰਨ ਤੱਕ ਮੈਨੂੰ
ਇਹ ਅਹਿਸਾਸ ਹੋ ਚੁੱਕਾ ਸੀ ਕਿ ਮੇਰੇ ਮਾਪੇ ਕਾਲਜ ਦੀ ਪੜ੍ਹਾਈ ਦਾ ਖ਼ਰਚਾ ਦੇਣ ਦੇ ਸਮਰੱਥ
ਨਹੀਂ ਸਨ। ਮੈਂ ‘ਸਾਊ ਪੁੱਤ’ ਬਣ ਕੇ ਕਾਲਜ ਪੜ੍ਹਨ ਦੀ ਰੀਝ ਨੂੰ ਅੰਦਰ ਹੀ ਘੁੱਟ ਲਿਆ ਅਤੇ
ਇੱਕ ਵਾਰ ਵੀ ਆਪਣੇ ਮਾਪਿਆਂ ਨੂੰ ਅੱਗੇ ਪੜ੍ਹਨ ਲਈ ਖ਼ਰਚਾ ਦੇਣ ਲਈ ਆਖ ਕੇ ਛਿੱਥਾ ਨਾ ਪਾਇਆ।
ਹੁਣ ਮੈਂ ਘਰਦਿਆਂ ਦੀ ਆਰਥਕ ਸਹਾਇਤਾ ਕਰਨ ਲਈ ਕੋਈ ਛੋਟੀ-ਮੋਟੀ ਨੌਕਰੀ ਕਰਕੇ ਉਹਨਾਂ ਦਾ ਹੱਥ
ਵਟਾਉਣਾ ਚਾਹੁੰਦਾ ਸਾਂ। ਪਰ ਕੀ ਕਰਾਂ? ਕਿਰਸਾਣੀ ਲਈ ਨੌਕਰੀ ਕਰਨ ਵਾਲੇ ਦੋ ਹੀ ਖੇਤਰ
ਜਾਣੇ-ਪਛਾਣੇ ਸਨ; ਪੁਲਿਸ ਤੇ ਫੌਜ ਦੀ ਭਰਤੀ। ਪੁਲਿਸ ਤੇ ਫੌਜ ਵਿੱਚ ਮੈਂ ਜਾਣਾ ਨਹੀਂ ਸਾਂ
ਚਾਹੁੰਦਾ। ਮੈਂ ਸੋਚਿਆ ਕਿ ਜੇ ਬੀ ਟੀ ਕਰ ਕੇ ਅਧਿਆਪਕ ਲੱਗ ਜਾਵਾਂਗਾ। ਥੋੜ੍ਹੀ ਬਹੁਤੀ ਕਮਾਈ
ਵੀ ਕਰਨ ਲੱਗ ਜਾਵਾਂਗਾ ਤੇ ਨਾਲ ਨਾਲ ਅੱਗੇ ਪ੍ਰਾਈਵੇਟ ਪੜ੍ਹਾਈ ਕਰਕੇ ਤਰੱਕੀ ਕਰਨ ਦੀ ਕੋਸ਼ਿਸ਼
ਕਰਾਂਗਾ। ਪਰ ਜੇ ਬੀ ਟੀ ਕਰਨ ਲਈ ਵੀ ਤਾਂ ਖ਼ਰਚਾ ਚਾਹੀਦਾ ਸੀ! ਮੈਂ ਆਪਣੇ ਦਾਦੇ ਚੰਦਾ ਸਿੰਘ
ਕੋਲ ਅਬੋਹਰ ਗਿਆ ਅਤੇ ਉਸਨੂੰ ਆਪਣੇ ਕੋਰਸ ਦਾ ਖ਼ਰਚਾ ਚੁੱਕਣ ਲਈ ਤਰਲਾ ਕੀਤਾ। ਬਾਪੂ ਚੰਦਾ
ਸਿੰਘ ਅਬੋਹਰ ਵਾਲੀ ਜ਼ਮੀਨ ਸਾਂਭਦਾ ਸੀ ਅਤੇ ਮੇਰਾ ਪਿਤਾ ਸਾਲ-ਛਿਮਾਹੀ ਉਸ ਕੋਲ ਜਾ ਕੇ ਉਸ
ਕੋਲੋਂ ਆਪਣੇ ਟੱਬਰ ਦੇ ਉਤਲੇ-ਪੁਤਲੇ ਖ਼ਰਚਿਆਂ ਲਈ ਸਹਾਇਤਾ ਲੈਂਦਾ ਰਹਿੰਦਾ ਸੀ। ਬਾਪੂ ਚੰਦਾ
ਸਿੰਘ ਨੇ ਮੇਰਾ ਖ਼ਰਚਾ ਅਦਾ ਕਰਨ ਦੀ ਹਾਮੀ ਤਾਂ ਭਰ ਦਿੱਤੀ ਪਰ ਇਸ ਭੱਜ-ਨੱਸ ਵਿੱਚ ਦਾਖ਼ਲੇ ਦਾ
ਸਮਾਂ ਲੰਘ ਗਿਆ।
ਉਹ ਸਾਲ ਘਰ ਵਿੱਚ ਖੇਤੀ ਦਾ ਕੰਮ ਧੰਦਾ ਕਰਨ ਵਿੱਚ ਗੁਜ਼ਾਰਿਆ। ਅਗਲੇ ਸਾਲ ਬਾਪੂ ਚੰਦਾ ਸਿੰਘ
ਵੱਲੋਂ ਦਿੱਤੀ ਮੁਢਲੀ ਸਹਾਇਤਾ ਨਾਲ ਮੈਂ ਸਰਹਾਲੀ ਦੇ ਜੇ ਬੀ ਟੀ ਸਕੂਲ ਵਿੱਚ ਜਾ ਦਾਖ਼ਲਾ
ਲਿਆ। ਏਥੇ ਜਾ ਕੇ ਮੈਨੂੰ ਆਰਥਕ ਤੰਗੀ ਦਾ ਘੋਰ ਅਹਿਸਾਸ ਹੋਇਆ ਕਿਉਂਕਿ ਕਦੀ ਕਦੀ ਮੈਨੂੰ
ਬਾਪੂ ਵੱਲੋਂ ਭੇਜੇ ਜਾਣ ਵਾਲਾ ਮਨੀ-ਆਰਡਰ ਸਮੇਂ ਸਿਰ ਨਹੀਂ ਸੀ ਮਿਲਦਾ ਜਾਂ ਕਈ ਵਾਰ ਤੰਗੀ
ਤੁਰਸ਼ੀ ਜਾਂ ਹੱਥ ਤੰਗ ਹੋਣ ਕਰਕੇ ਇੱਕ-ਅੱਧਾ ਮਹੀਨਾ ਉਹ ਪੈਸੇ ਭੇਜ ਹੀ ਨਾ ਸਕਦਾ। ਮੇਰੇ ਲਈ
ਪੈਸਿਆਂ ਦੀ ਉਡੀਕ ਵਿੱਚ ਉਹ ਦਿਨ ਲੰਘਾਉਣੇ ਬੜੇ ਮੁਸ਼ਕਿਲ ਹੁੰਦੇ। ਮਹੀਨੇ ਬਾਅਦ ਹੋਸਟਲ ਦਾ
ਖ਼ਰਚਾ ਅਤੇ ਫ਼ੀਸ ਤਾਂ ਸਮੇਂ ਸਿਰ ਦੇਣੀ ਹੀ ਪੈਂਦੀ ਸੀ। ਮੈਂ ਪਿੰਡ ਵੱਲ ਭੱਜਦਾ ਤਾਂ ਕਿਸੇ ਨਾ
ਕਿਸੇ ਤਰ੍ਹਾਂ ਮੇਰੇ ਮਾਂ-ਬਾਪ ਏਧਰੋਂ ਓਧਰੋਂ ਫੜ੍ਹ ਕੇ ਜਾਂ ਬਾਪੂ ਹਕੀਕਤ ਸਿੰਘ ਦਾ ਤਰਲਾ
ਕਰਕੇ ਮੇਰੀ ਲੋੜ ਸਾਰਦੇ। ਇੱਕ ਵਾਰ ਤਾਂ ਮੇਰੀ ਬਾਂਹ ਫੜ੍ਹਨ ਤੋਂ ਘਰਦਿਆਂ ਨੇ ਵੀ ਅਸਮਰੱਥਾ
ਪ੍ਰਗਟਾ ਦਿੱਤੀ ਤਾਂ ਮੈਂ ਜ਼ਿਲ੍ਹਾ ਕਰਨਾਲ (ਹੁਣ ਕੁਰੂਕਸ਼ੇਤਰ) ਦੇ ਪਿੰਡ ‘ਠਸਕਾ ਮੀਰਾਂ ਜੀ’
ਵਿੱਚ ਰਹਿੰਦੇ ਆਪਣੇ ਫੁੱਫੜ ਗੁਰਮੇਜ ਸਿੰਘ ਨੂੰ ਚਿੱਠੀ ਲਿਖੀ। ਉਸਨੇ ਤੁਰਤ ਪੰਜਾਹ ਰੁਪਏ
ਮਨੀਆਰਡਰ ਕਰ ਦਿੱਤੇ। ਉਸਦੇ ਇਹਨਾਂ ਰੁਪਈਆਂ ਦੀ ਕ੍ਰਿਤੱਗਤਾ ਦਾ ਭਾਰ ਸਾਰੀ ਉਮਰ ਮੇਰੇ ਮਨ
‘ਤੇ ਰਿਹਾ।
ਪੈਸੇ ਦੀ ਤੰਗੀ ਵਾਲੇ ਇਹਨਾਂ ਹੀ ਦਿਨਾਂ ਵਿਚਲੀ ਇੱਕ ਹੋਰ ਘਟਨਾ ਮੈਨੂੰ ਹੁਣ ਵੀ ਸ਼ਰਮਿੰਦਾ
ਕਰ ਦਿੰਦੀ ਹੈ। ਹੋਸਟਲ ਵਿੱਚ ਰਹਿੰਦਿਆਂ ਰੋਟੀ ਖਾਣ ਸਮੇਂ ਦਾਲ-ਸਬਜ਼ੀ ਵਿੱਚ ਪਾਉਣ ਵਾਸਤੇ
ਮੁੰਡੇ ਅਕਸਰ ਹੀ ਆਪਣੇ ਘਰਾਂ ਤੋਂ ਦੇਸੀ ਘਿਉ ਦੀਆਂ ਪੀਪੀਆਂ ਭਰ ਕੇ ਲਿਆਉਂਦੇ। ਮੈਂ ਵੀ ਔਖਾ
ਸੌਖਾ ਡੰਗ ਸਾਰਦਾ ਰਹਿੰਦਾ ਸਾਂ। ਮੇਰੀ ਮਾਂ ਛੋਟੇ ਭੈਣ-ਭਰਾਵਾਂ ਦੇ ਹਿੱਸੇ ਆਉਂਦਾ ਥਿੰਦਾ
ਮੇਰੇ ਵਾਸਤੇ ਜੋੜ ਛੱਡਦੀ। ਪਰ ਇਹਨਾਂ ਦਿਨਾਂ ਵਿੱਚ ਲਵੇਰੇ ਦੀ ਤੰਗੀ ਹੋਣ ਕਰਕੇ ਇੱਕ ਫੇਰੀ
ਸਮੇਂ ਮੈਨੂੰ ਘਰੋਂ ਘਿਉ ਨਾ ਜੁੜਿਆ। ਮੇਰੇ ਨਾਲ ਦੇ ਦੂਜੇ ਮੁੰਡੇ ਦਾਲ-ਸਬਜ਼ੀ ਵਿੱਚ ਘਿਉ ਪਾ
ਕੇ ਖਾਂਦੇ ਹੋਣ ਤੇ ਮੈਂ ਬਿਨਾਂ ਘਿਉ ਤੋਂ ਰੋਟੀ ਖਾਵਾਂ! ਇਸ ਨਾਲ ਤਾਂ ਮੇਰੀ ਪਰਿਵਾਰਕ ਆਰਥਕ
ਤੰਗੀ ਦਾ ਵਿਖਾਲਾ ਹੋ ਜਾਣਾ ਸੀ! ਮੇਰੀ ਹਉਮੈਂ ਨੂੰ ਇਹ ਗਵਾਰਾ ਨਹੀਂ ਸੀ। ਮੈਂ ਦੁਕਾਨ ‘ਤੇ
ਗਿਆ ਅਤੇ ਡਾਲਡੇ ਘਿਉ ਦਾ ਡੱਬਾ ਖ਼ਰੀਦ ਕੇ ਆਪਣੀ ਦੇਸੀ ਘਿਉ ਵਾਲੀ ਪੀਪੀ ਵਿੱਚ ਪਾ ਲਿਆ।
ਰੋਟੀ ਖਾਣ ਸਮੇਂ ਉਸ ਪੀਪੀ ਵਿਚੋਂ ‘ਦੇਸੀ ਘਿਉ’ ਪਾ ਲੈਂਦਾ ਪਰ ਅਜਿਹਾ ਕਰਦਿਆਂ ਵੀ ਮੈਂ
ਆਪਣੇ ਨੇੜਲੇ ਦੋਸਤਾਂ ਤੋਂ ਅੱਗਾ ਪਿੱਛਾ ਕਰਕੇ ਜਾਂ ਵੱਖਰਾ ਬੈਠ ਕੇ ਰੋਟੀ ਖਾਣ ਦਾ ਬਹਾਨਾ
ਬਣਾ ਲੈਂਦਾ ਰਿਹਾ ਤਾਕਿ ਮੇਰੇ ‘ਦੇਸੀ ਘਿਉ’ ਦਾ ਭੇਤ ਉਹਨਾਂ ਅੱਗੇ ਜ਼ਾਹਿਰ ਨਾ ਹੋ ਜਾਂਦਾ
ਹੋਵੇ! ਅਜਿਹੀ ਸਥਿਤੀ ਵਿੱਚ ਬੜੀ ਸ਼ਿੱਦਤ ਨਾਲ ਆਰਥਕ ਤੰਗਦਸਤੀ ਦੀ ਲਾਹਨਤ ਨੂੰ ਮਹਿਸੂਸ
ਕਰਦਿਆਂ ਸੋਚਦਾ ਕਿ ਉਹ ਵੀ ਕੀ ਜ਼ਿੰਦਗੀ ਹੋਈ ਜੇ ਤੁਹਾਡੀਆਂ ਰੋਜ਼-ਮੱਰਾ ਦੀਆਂ ਸਾਧਾਰਨ ਲੋੜਾਂ
ਦੀ ਪੂਰਤੀ ਲਈ ਵੀ ਤੁਹਾਨੂੰ ਹਰ ਵੇਲੇ ਤਰਲੇ ਕਰਨੇ ਪੈਣ!
ਜੇ ਬੀ ਟੀ ਕਰਨ ਤੋਂ ਬਾਅਦ ਉੱਨੀ ਸਾਲ ਦੀ ਉਮਰ ਵਿੱਚ ਮੈਂ ਪਿੰਡ ਦੇ ਨੇੜੇ ਹੀ ਪੂਹਲਾ ਭਾਈ
ਤਾਰੂ ਸਿੰਘ ਵਿੱਚ ਅਧਿਆਪਕ ਜਾ ਲੱਗਾ। ਪਹਿਲੀ ਤਨਖ਼ਾਹ ਨੜ੍ਹਿੰਨਵੇਂ ਰੁਪਏ ਮਿਲੀ। ਮੈਂ ਆਪਣੇ
ਖ਼ਰਚਿਆਂ ਲਈ ਕੁੱਝ ਪੈਸੇ ਕੋਲ ਰੱਖ ਕੇ ਬਾਕੀ ਤਨਖ਼ਾਹ ਆਪਣੀ ਮਾਂ ਨੂੰ ਫੜਾ ਦਿੰਦਾ। ਪਰ ਘਰ ਦੀ
ਹਾਲਤ ਸੁਧਰਨ ਦੀ ਥਾਂ ਵਿਗੜਨ ਲੱਗੀ ਸੀ। ਕੁੱਝ ਸਾਲ ਪਹਿਲਾਂ ਮੇਰੀ ਭੂਆ ਦੀਆਂ ਦੋ ਧੀਆਂ ਦੇ
ਇੱਕੋ ਸਮੇਂ ਕੀਤੇ ਵਿਆਹਾਂ ‘ਤੇ ਉਸਦੇ ਇਕਲੌਤੇ ਭਰਾ, ਮੇਰੇ ਪਿਓ ਵੱਲੋਂ, ‘ਬਣ-ਠਣ’ ਕੇ ਜਾਣ
ਦੇ ਸਭਿਆਚਾਰਕ ਮੁੱਲ ਨੇ ਸਾਡੀ ਕੁੱਝ ਜ਼ਮੀਨ ਗਹਿਣੇ ਪੁਆ ਦਿੱਤੀ ਸੀ। ਪਰਿਵਾਰ ਨੇ ਸੋਚਿਆ ਕਿ
ਅਬੋਹਰ ਵਾਲੀ ਜ਼ਮੀਨ ਵੇਚ ਕੇ ਗਹਿਣੇ ਪਈ ਜ਼ਮੀਨ ਛੁਡਵਾ ਲਈ ਜਾਵੇ ਅਤੇ ਕੁੱਝ ਹੋਰ ਜ਼ਮੀਨ ਹੱਥ
ਹੇਠਾਂ ਕਰ ਲਈ ਜਾਵੇ। ਬਾਪੂ ਚੰਦਾ ਸਿੰਘ ਉਂਜ ਵੀ ਬੁੱਢਾ ਹੋ ਰਿਹਾ ਸੀ। ਉਸਨੂੰ ਵੀ ਪਿਛਲੀ
ਉਮਰੇ ਹੁਣ ਆਰਾਮ ਦੀ ਜ਼ਰੂਰਤ ਸੀ। ਅਬੋਹਰ ਵਾਲੀ ਜ਼ਮੀਨ ਵੇਚ ਕੇ ਉਹ ਸਾਡੇ ਕੋਲ ਸੁਰ ਸਿੰਘ ਆ
ਗਿਆ। ਉਸਦਾ ਛੜਾ ਭਰਾ ਬਿਸ਼ਨ ਸਿੰਘ, ਜਿਹੜਾ ਬਾਪੂ ਕੋਲ ਅਬੋਹਰ ਰਹਿੰਦਾ ਸੀ, ਉਹ ਵੀ ਉਸਦੇ
ਨਾਲ ਸੀ।
ਚੰਦਾ ਸਿੰਘ, ਬਿਸ਼ਨ ਸਿੰਘ, ਮੇਰੇ ਮਾਂ-ਪਿਓ ਅਤੇ ਅਸੀਂ ਪੰਜ ਭੈਣ-ਭਰਾ ਮਿਲ ਕੇ ਟੱਬਰ ਦੇ ਨੌਂ
ਜੀਅ ਬਣਦੇ ਸਾਂ। ਇਹਨਾਂ ਹੀ ਦਿਨਾਂ ਵਿੱਚ ਅਸੀਂ ਬਾਪੂ ਹਕੀਕਤ ਸਿੰਘ ਨਾਲੋਂ ਜਾਂ ਉਹ ਸਾਡੇ
ਨਾਲੋਂ ਘਰੋਂ ਅੱਡ ਹੋ ਗਿਆ। ਉਹਨਾਂ ਦੋਵਾਂ ਜੀਆਂ ਨੇ ਇੱਕ ਕੋਠੇ ਵਿੱਚ ਆਪਣਾ ਨਿੱਜੀ
ਮਾਲ-ਅਸਬਾਬ ਧਰ ਲਿਆ ਅਤੇ ਵਿਹੜੇ ਦੀ ਇੱਕ ਨੁੱਕਰੇ ਮਾਂ ਹਰਨਾਮ ਕੌਰ ਨੇ ਆਪਣਾ ਚੌਂਤਰਾ ਬਣਾ
ਲਿਆ। ਮਾਂ ਹਰਨਾਮ ਕੌਰ ਅਤੇ ਮੇਰੇ ਪਿਤਾ ਨੂੰ ਇਸ ਅੱਡ-ਅਡਾਈ ਦਾ ਬਹੁਤਾ ਦੁੱਖ ਸੀ। ਦੋਵਾਂ
ਦਾ ਆਪਸ ਵਿੱਚ ਬਹੁਤ ਪਿਆਰ ਸੀ। ਮੈਨੂੰ ਵੀ ਇਹ ਸਭ ਕੁੱਝ ਚੰਗਾ ਨਹੀਂ ਸੀ ਲੱਗਦਾ। ਪਰ ਮਾਂ
ਜੀ ਨੇ ਸਾਨੂੰ ਕਦੀ ਦੁਪਰਿਆਰਾ ਨਹੀਂ ਸੀ ਸਮਝਿਆ। ਜੇ ਕਿਤੇ ਮੈਨੂੰ ਆਪਣੀ ਬੀਬੀ ਦੀ ਬਣਾਈ
ਦਾਲ-ਸਬਜ਼ੀ ਪਸੰਦ ਨਾ ਆਉਂਦੀ ਤਾਂ ਮੈਨੂੰ ਰੋਟੀ ਖਾਣ ਤੋਂ ਨੱਕ-ਮੂੰਹ ਵੱਟਦਾ ਵੇਖ ਕੇ ਮਾਂ ਜੀ
ਨੇ ਆਖਣਾ, ‘ਜੋਗਿੰਦਰ ਕੁਰੇ, ਬਣਾ ਦੇ ਜੋ ਮੁੰਡਾ ਆਂਹਦਾ ਏ।” ਉਸਨੇ ਅੱਗੋਂ ਆਖਣਾ, “ਮਾਂ ਜੀ
ਮੈਥੋਂ ਨਹੀਂ ਇਹਦੇ ਨਖ਼ਰੇ ਪੁੱਗਦੇ।” ਮਾਂ ਜੀ ਨੇ ਓਸੇ ਵੇਲੇ ਆਪਣੇ ਚੁੱਲ੍ਹੇ ‘ਤੇ ਮੇਰੀ
ਪਸੰਦ ਦੀ ਦਾਲ-ਸਬਜ਼ੀ ਬਨਾਉਣ ਲੱਗ ਜਾਣਾ। ਨਾਲ ਨਾਲ ਗੱਲਾਂ ਕਰਦੀ ਨੇ ਮੇਰੀ ਮਾਂ ਨੂੰ
ਸੁਨਾਉਣਾ, “ਸਾਡੀ ਮਾਂ ਆਂਹਦੀ ਹੁੰਦੀ ਸੀ, ਗੁਣਵੰਤੀ ਜ਼ਨਾਨੀ ਤਾਂ ਘੋੜੇ ‘ਤੇ ਚੜ੍ਹੇ ਜਾਂਦੇ
ਸਵਾਰ ਨੂੰ ਰੋਟੀ ਬਣਾ ਕੇ ਖਵਾ ਸਕਦੀ ਏ।” ਉਂਜ ਵੀ ਮਾਂ ਜੀ ਬਾਪੂ ਦੇ ਸੰਦੂਕ ਨੂੰ ਸੰਨ੍ਹ
ਲਾਉਣ ਦੇ ਸਾਡੇ ਭੇਤ ਦੀ ਸਾਂਝੀਦਾਰ ਹੁੰਦੀ ਸੀ।
ਬਾਪੂ ਚੰਦਾ ਸਿੰਘ ਤਾਂ ਕੱਚੀ ਬੈਠਕ ਵਿੱਚ ਬੈਠ ਕੇ ਆਰਾਮ ਕਰਦਾ, ਬਾਜ਼ਾਰ ਵਿਚੋਂ ਲੰਘਦੇ
ਆਉਂਦੇ ਦੀ ‘ਸਾਹਬ-ਸਲਾਮ’ ਸੁਣਦਾ। ਅੰਦਰ ਲੰਘ ਆਏ ਨਾਲ ਗੱਲ-ਬਾਤ ਕਰਦਾ। ਕਦੀ ਕਦੀ ਬਾਪੂ
ਹਕੀਕਤ ਸਿੰਘ ਤੇ ਬਾਪੂ ਚੰਦਾ ਸਿੰਘ ਦੀ ਆਪਸ ਵਿੱਚ ਨੋਕ-ਝੋਕ ਵੀ ਚੱਲਦੀ ਰਹਿੰਦੀ। ਬਾਪੂ
ਹਕੀਕਤ ਸਿੰਘ ਬੈਠਕ ਵਿੱਚ ਵੱਡੇ ਪਾਵਿਆਂ ਵਾਲੇ ਮੰਜੇ ‘ਤੇ ਲੇਟੇ ਬਾਪੂ ਚੰਦਾ ਸਿੰਘ ਨੂੰ
ਆਪਣੇ ਸੁਭਾ ਮੁਤਾਬਕ ਛੇੜਦਾ, “ਬੱਲੇ! ਬੱਲੇ! ! ਭਈ, ਆਹ ਤਾਂ ਸਾਡੇ ਭਾਈਆ ਜੀ ਲੰਮੇ ਪਏ ਨੇ?
ਵਾਹ ਬਈ! ਭਾਈਏ ਭਲਾ ਐਹੋ ਜਿਹੇ ਹੁੰਦੇ ਨੇ? ਮੂੰਹ ਵੇਖ ਭਾਈਏ ਸਾਡੇ ਦਾ, ਜਿਵੇਂ ਬੁਝਿਆ
ਹੋਇਆ ਟੁੱਟਾ ਦੀਵਾ ਹੁੰਦੈ। ਪਤਾ ਨਹੀਂ ਇਹੋ ਜਿਹਾ ਭਾਈਆ ਪਸੰਦ ਕੀਹਨੇ ਕਰ ਲਿਆ ਸੀ?”
ਬਾਪੂ ਚੰਦਾ ਸਿੰਘ ਸੁਭਾ ਦਾ ਕੜੰਘਾ ਸੀ। ਉਸਨੂੰ ਇਹੋ ਜਿਹੇ ਮਖੌਲ ਪਸੰਦ ਨਹੀਂ ਸਨ। ਉਂਜ ਵੀ
ਉਹ ਹਕੀਕਤ ਸਿੰਘ ਤੋਂ ਉਮਰੋਂ ਵੱਡਾ ਸੀ ਅਤੇ ਉਸਦਾ ਭਣਵੱਈਆ ਹੋਣ ਦੇ ਨਾਤੇ ਆਦਰ ਦੀ ਥਾਂ ਸੀ।
ਉਹ ਖਿਝਦਾ, “ਭੌਂਕ ਨਾ ਕੁੱਤਿਆ! ਇਹ ਤੇਰਾ ਭਣਵੱਈਆ ਤੇਰੇ ਪਿਓ ਕੰਜਰ ਨੇ ਪਸੰਦ ਕੀਤਾ ਸੀ।”
ਹਕੀਕਤ ਸਿੰਘ ‘ਤੇ ਇਸਦਾ ਕੋਈ ਅਸਰ ਨਾ ਹੁੰਦਾ। ਉਹ ਹੱਸ ਕੇ ਆਖਦਾ, “ਬੜੀ ਗਰਮੀ ਹੈ ਬਈ ਸਾਡੇ
ਭਾਈਏ ਵਿਚ। ਜਦੋਂ ਪੀਣੀ ਢਿੱਡ ਫੂਕਣੀ ਹੋਈ ਤਾਂ ਗਰਮੀ ਤਾਂ ਆਪੇ ਹੋਣੀ ਹੋਈ। ਭਾਈਆ, ਕਿਤੇ
ਸੇਰ ਦੁੱਧ ਪੀਆ ਕਰ, ਪਾ ਅੱਧ ਪਾ ਘਿਓ ਖਾਇਆ ਕਰ। ਤੇਰੇ ਤੇ ਰੁਹਾਨਗੀ ਆਏ। ਚਾਹ ਨਾਲ ਤਾਂ
ਸਾਡੇ ਭਾਈਏ ਦਾ ਫੁੱਲ ਲੂਸ ਗਿਐ।”
“ਤੈਨੂੰ ਸਿਵਾਇ ਖਾਣ ਤੋਂ ਹੋਰ ਕੋਈ ਦੁਜੀ ਗੱਲ ਆਉਂਦੀ ਵੀ ਹੈ? ਠੇਠਰ ਕਿਸੇ ਥਾਂ ਦਾ!”
ਬਾਜ਼ਾਰ ਵਿੱਚ ਕੋਈ ਆਉਂਦਾ ਜਾਂਦਾ ਬੈਠਕ ਵਿੱਚ ਵੀ ਲੰਘ ਆਉਂਦਾ ਤੇ ਦੋਵਾਂ ਦੀ ਨੋਕ-ਝੋਕ ਦਾ
ਆਨੰਦ ਮਾਣਦਾ।
ਹਕੀਕਤ ਸਿੰਘ ਕਦੀ ਬਾਪੂ ਚੰਦਾ ਸਿੰਘ ਨੂੰ ਆਖਦਾ, “ਬੱਲੇ ਭਈ, ਆਹ ਬੈਠੇ ਜੇ ਖੋਤੀਆਂ ਵਾਲੇ
ਸਰਦਾਰ। ਘੋੜਿਆਂ ਵਾਲੇ ਸਰਦਾਰਾਂ ਦਾ ਭਣਵੱਈਆ ਖੋਤੀਆਂ ਵਾਲਾ ਸਰਦਾਰ!”
“ਸ਼ਰਮ ਕਰ ਓ ਕੁਛ; ਸ਼ਰਮ ਕਰ। ਅਸੀਂ ਵੀ ਕਦੀ ਆਪਣੇ ਘਰ ਸਰਦਾਰ ਹੁੰਦੇ ਸਾਂ।” ਬਾਪੂ ਨੂੰ
ਪਾਕਿਸਤਾਨ ਵਿੱਚ ਰਹਿ ਗਏ ਆਪਣੇ ਘਰ ਅਤੇ ਜ਼ਮੀਨ-ਜਾਇਦਾਦ ਦਾ ਅਜੇ ਵੀ ਵਿਗੋਚਾ ਸੀ।
ਹਕੀਕਤ ਸਿੰਘ ਹੁਰਾਂ ਦਾ ਪਰਿਵਾਰ ਘੋੜੇ ਪਾਲਣ ਵਾਲਿਆਂ ਦੇ ਪਰਿਵਾਰ ਵਜੋਂ ਮਸ਼ਹੂਰ ਸੀ। ਉਸਦਾ
ਦਾਦਾ ਅਤੇ ਪਿਓ ਤਾਂ ਘੋੜੇ ਪਾਲਦੇ ਹੀ ਰਹੇ ਸਨ, ਹਕੀਕਤ ਸਿੰਘ ਵੀ ਬੜਾ ਚਿਰ ਸ੍ਹਾਨ ਘੋੜੇ
ਪਾਲਦਾ ਰਿਹਾ ਸੀ। ਨੇੜਲੇ ਪਿੰਡਾਂ ਤੋਂ ਸਾਡੇ ਪਿੰਡ ਸੌਦਾ-ਸੂਤ ਖ਼ਰੀਦਣ ਲਈ ਆਉਣ ਵਾਲੇ ਲੋਕ
ਆਪਣੇ ਘੋੜੀਆਂ ਜਾਂ ਘੋੜੇ ਸਾਡੀ ਹਵੇਲੀ ਵਿੱਚ ਬੰਨ੍ਹਦੇ ਸਨ। ਜਿਵੇਂ ਅੱਜ ਕੱਲ੍ਹ ਕਾਰਾਂ ਦੀ
ਪਾਰਕਿੰਗ ਲਈ ਥਾਂ ਲੋੜੀਂਦੀ ਹੈ। ਉਦੋਂ ਘੋੜੀਆਂ-ਘੋੜਿਆਂ ਨੂੰ ਠਹਿਰਾਉਣ ਲਈ ਵੀ
‘ਪਾਰਕਿੰਗ-ਲੌਟ’ ਦੀ ਜ਼ਰੂਰਤ ਹੁੰਦੀ ਸੀ। ਆਉਣ ਵਾਲਿਆਂ ਲਈ ਸਾਡੀ ਹਵੇਲੀ ਦੇ ਦਰਵਾਜ਼ੇ
ਖੁੱਲ੍ਹੇ ਹੁੰਦੇ ਸਨ। ਆਏ ਗਏ ਨੂੰ ਪੀਣ ਲਈ ਪਾਣੀ-ਧਾਣੀ ਵੀ ਮਿਲਦਾ ਸੀ। ਬਾਪੂ ਹਕੀਕਤ ਸਿੰਘ
ਨਵੇਂ ਆਏ ਘੋੜੇ-ਘੋੜੀ ਦੇ ਦੰਦ ਵੇਖ ਕੇ ਉਸਦੀ ਅਸਲੀ ਉਮਰ ਦੱਸ ਦਿੰਦਾ ਸੀ। ਲੋਕ ਦੂਰ ਦੂਰ
ਤੋਂ ਅਜੇ ਵੀ ਆਪਣੇ ਬੀਮਾਰ ਹੋ ਗਏ ਘੋੜੇ-ਘੋੜੀ ਲਈ ਉਸ ਕੋਲੋਂ ਇਲਾਜ ਦੇ ਟੋਟਕੇ ਲੈਣ ਆਉਂਦੇ
ਰਹਿੰਦੇ ਸਨ। ਇਹ ਕਾਰਗਰ ਟੋਟਕੇ ਉਸਨੇ ਪੀੜ੍ਹੀ-ਦਰ-ਪੀੜ੍ਹੀ ਆਪਣੇ ਵਡੇਰਿਆਂ ਤੋਂ ਲਏ ਸਨ।
ਉਹਨਾਂ ਦੀ ਅੱਲ ‘ਘੋੜਿਆਂ ਵਾਲੇ ਸਰਦਾਰ’ ਪਈ ਹੋਈ ਸੀ। ਵਾਹੀ ਕਰਨ ਸਮੇਂ ਅਸੀਂ ਪੱਠੇ ਢੋਣ ਲਈ
ਅਕਸਰ ਬੋਤੀ ਹੀ ਰੱਖਦੇ ਸਾਂ ਪਰ ਇੱਕ ਵਾਰ ਪੁਰਾਣੀ ਬੋਤੀ ਵੇਚਣ ਅਤੇ ਨਵੀਂ ਖਰੀਦਣ ਤੋਂ
ਪਹਿਲਾਂ ਦੇ ਵਿਚਕਾਰਲੇ ਸਮੇਂ ਵਿੱਚ ਸਾਨੂੰ ਕੁੱਝ ਸਮਾਂ ਪੱਠੇ ਢੋਣ ਲਈ ਇੱਕ ਖੋਤੀ ਵੀ ਰੱਖਣੀ
ਪਈ ਸੀ। ਬਾਪੂ ਦੇ ਤ੍ਹਾਨਿਆਂ ਤੋਂ ਤੰਗ ਆ ਕੇ ਸਾਨੂੰ ਨਵੀਂ ਬੋਤੀ ਖ਼ਰੀਦਣੀ ਪਈ।
ਬਾਪੂ ਬਿਸ਼ਨ ਸਿੰਘ ਨੇ ਮਾਲ-ਡੰਗਰ ਚਾਰਨ ਦਾ ਕੰਮ ਸੰਭਾਲ ਲਿਆ ਸੀ। ਉਹ ਭਗਤ ਕਿਸਮ ਦਾ ਸਿੱਧੜ
ਬੰਦਾ ਸੀ। ਸ਼ਾਮ ਨੂੰ ਉਹ ਜਦੋਂ ਮਾਲ ਲੈ ਕੇ ਵਾਪਸ ਆਉਂਦਾ ਤਾਂ ਉਸਦੇ ਹੱਥ ਵਿੱਚ ਪੰਜਾਹ-ਸੌ
ਦਾਤਣਾ ਦਾ ਥੱਬਾ ਹੁੰਦਾ। ਉਹ ਬਾਜ਼ਾਰ ਵਿਚੋਂ ਲੰਘਦਾ ਤਾਂ ਹਰੇਕ ਦੁਕਾਨਦਾਰ ਨੂੰ ਆਵਾਜ਼ ਮਾਰ
ਕੇ ਦਾਤਣ ਦਿੰਦਾ। ਸਾਰੀ ਦਿਹਾੜੀ ਉਹ ਕਿੱਕਰਾਂ ਦੀਆਂ ਟਾਹਣੀਆਂ ਛਾਂਗਦਾ ਰਹਿੰਦਾ ਤੇ ਛਿੱਲ
ਤਰਾਸ਼ ਕੇ ਬੜੀ ਰੀਝ ਨਾਲ ਦਾਤਣਾ ਬਣਾਉਂਦਾ। ਲੋਕ ਉਸਨੂੰ ‘ਰੱਬ ਜੀ’ ਆਖਣ ਲੱਗ ਪਏ ਸਨ। ਹਰ
ਰੋਜ਼ ਹਰੇਕ ਨੂੰ ਦਾਤਣ ਦੇਣਾ ਪੁੰਨ ਦਾ ਕੰਮ ਸੀ। ਲੋਕ ਘਰੋਂ ਆਵਾਜ਼ ਮਾਰ ਵੀ ਉਸਤੋਂ ਦਾਤਣ ਲੈਣ
ਆਉਂਦੇ। ਉਸਦੇ ਹਿੱਸੇ ਦੀ ਜ਼ਮੀਨ ਮਲੋਟ ਨੇੜਲੇ ਪਿੰਡ ‘ਸਾਓਂਕੇ’ ਵਿਖੇ ਅਲਾਟ ਹੋਈ ਸੀ। ਉਸਦਾ
ਹਿੱਸਾ ਠੇਕਾ ਵੀ ਮੇਰੇ ਇਹ ਦੋਵੇਂ ਦਾਦੇ ਜਾ ਕੇ ਲਿਆਉਂਦੇ ਸਨ। ਇੱਕ ਤਰੀਕੇ ਨਾਲ ਬਾਪੂ ਬਿਸ਼ਨ
ਸਿੰਘ ਦੀ ਜ਼ਮੀਨ ਵੀ ਸਾਡੇ ਕੋਲ ਸੀ।
ਪਰ ਅਸਲੀਅਤ ਇਹ ਸੀ ਕਿ ਸਾਡਾ ਹੱਥ ਹੁਣ ਖੁੱਲ੍ਹਾ ਨਹੀਂ ਸੀ ਰਹਿ ਗਿਆ। ਮੇਰਾ ਪਿਓ ਮਾਰ-ਖ਼ੋਰਾ
ਆਦਮੀ ਨਹੀਂ ਸੀ। ਉਹ ਵਾਹੀ ਵਿੱਚ ਜਾਨ ਮਾਰ ਕੇ ਕੰਮ ਨਹੀਂ ਸੀ ਕਰ ਸਕਦਾ। ਬਹੁਤਾ ਕੰਮ ਕਾਮੇ
ਨੂੰ ਹੀ ਕਰਨਾ ਪੈਂਦਾ ਸੀ। ਅਬੋਹਰ ਵਾਲੀ ਜ਼ਮੀਨ ਦੇ ਪੈਸਿਆਂ ਨਾਲ ਅਸੀਂ ਗਹਿਣੇ ਪਈ ਜ਼ਮੀਨ
ਛੁਡਵਾਈ। ਨਵੀਂ ਜੋਗ ਲਈ, ਬੋਤੀ ਖ਼ਰੀਦੀ, ਡਿਓੜ੍ਹੀ ਵਾਲੀ ਥਾਂ ‘ਤੇ ਵੱਡੀ ਪੱਕੀ ਬੈਠਕ
ਬਣਵਾਈ। 1963-64 ਵਿੱਚ ਜ਼ਮੀਨਾਂ ਦੇ ਮੁੱਲ ਹੈ ਵੀ ਕਿੰਨੇ ਕੁ ਸਨ? ਸ਼ਾਇਦ ਤਿੰਨ ਕੁ ਹਜ਼ਾਰ
ਰੁਪਏ ਪ੍ਰਤੀ ਏਕੜ ਨੂੰ ਜ਼ਮੀਨ ਵਿਕੀ ਸੀ। ਜ਼ਮੀਨ ਛੁਡਵਾ ਕੇ, ਬੈਠਕ ਬਣਾ ਕੇ ਤੇ ਕੁੱਝ ਹੋਰ
ਉਤਲੇ ਪੁਤਲੇ ਕੰਮਾਂ ‘ਤੇ ਪੈਸੇ ਖ਼ਰਚਣ ਤੋਂ ਬਾਅਦ ਤਿੰਨ ਕੁ ਹਜ਼ਾਰ ਰੁਪੈਆ ਬਚਿਆ ਸੀ ਜਿਹੜਾ
ਅਸੀਂ ਪੱਟੀ ਦੇ ਸਟੇਟ ਬੈਂਕ ਆਫ਼ ਪਟਿਆਲਾ ਵਿੱਚ ਜਮ੍ਹਾਂ ਕਰਵਾ ਦਿੱਤਾ। ਇਹ ਰੁਪੈ ਵੀ ਹੌਲੀ
ਹੌਲੀ ਕਿਰਦੇ ਗਏ।
ਇਹਨਾਂ ਸਾਲਾਂ ਵਿੱਚ ਹੀ ਪਹਿਲਾਂ ਬਾਪੂ ਬਿਸ਼ਨ ਸਿੰਘ ਅਤੇ ਸਾਲ-ਸਵਾ-ਸਾਲ ਪਿੱਛੋਂ ਹੀ ਬਾਪੂ
ਚੰਦਾ ਸਿੰਘ ਵਾਰੀ ਵਾਰੀ ਰੱਬ ਨੂੰ ਪਿਆਰੇ ਹੋ ਗਏ। ਮੇਰਾ ਪਿਓ ਫਿਰ ਇਕੱਲਾ ਰਹਿ ਗਿਆ ਸੀ।
ਉਸਨੂੰ ਆਰਥਕ ਤੰਗੀ ‘ਚੋਂ ਪੈਦਾ ਹੋਏ ਵਿਸ਼ਾਦ ਨੇ ਘੇਰ ਲਿਆ ਤੇ ਉਸਨੇ ਨਸ਼ਾ ਕਰਨਾ ਸ਼ੁਰੂ ਕਰ
ਦਿੱਤਾ। ਪਹਿਲਾਂ ਅਫ਼ੀਮ ਅਤੇ ਮਰਨ ਤੋਂ ਦੋ-ਚਾਰ ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਨੇ ਉਸਨੂੰ ਖਾਣਾ
ਸ਼ੁਰੂ ਕਰ ਦਿੱਤਾ। ਉਹ ਮੇਰੇ ਨਾਲ ਵੀ ਘੁੱਟਿਆ-ਵੱਟਿਆ ਰਹਿੰਦਾ। ਉਸਨੂੰ ਲੱਗਦਾ ਸੀ ਕਿ ਮੈਂ
ਉਸਨੂੰ ਬਣਦਾ ਆਦਰ ਨਹੀਂ ਦਿੰਦਾ। ਇਹ ਕੁੱਝ ਹੱਦ ਤੱਕ ਸੱਚ ਵੀ ਸੀ। ਮੈਨੂੰ ਉਸਦਾ ਨਸ਼ੱਈ ਬਣ
ਜਾਣ ਵਾਲਾ ਵਤੀਰਾ ਚੰਗਾ ਨਹੀਂ ਸੀ ਲੱਗਦਾ। ਮੈਂ ਆਪਣੀ ਤਨਖ਼ਾਹ ਵਿਚੋਂ ਘਰ ਵਿੱਚ ਖ਼ਰਚਣ ਲਈ
ਜਿਹੜੇ ਪੈਸੇ ਬੀਬੀ ਦੇ ਹੱਥ ‘ਤੇ ਰੱਖਦਾ ਸਾਂ, ਉਸਨੂੰ ਇਸਦਾ ਵੀ ਰੋਸਾ ਸੀ। ਉਹ ਸੋਚਦਾ ਸੀ
ਕਿ ਜੇ ਮੈਂ ਉਸਨੂੰ ਪਿਓ ਵਾਲਾ ਆਦਰ ਦਿੰਦਾ ਹੁੰਦਾ ਤਾਂ ਇਹ ਪੈਸੇ ਜ਼ਰੂਰ ਉਸਦੇ ਹੱਥ ਉੱਤੇ
ਧਰਦਾ। ਮੇਰੀ ਜ਼ਿਦ ਸੀ ਕਿ ਜਿੰਨਾਂ ਚਿਰ ਉਹ ਸ਼ਰਾਬ ਨਹੀਂ ਛੱਡਦਾ, ਮੇਰਾ ਰਿਸ਼ਤਾ ਉਸ ਨਾਲ
ਸੁਖਾਵਾਂ ਨਹੀਂ ਹੋ ਸਕਦਾ। ਉਸਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਵੀ, ਪਰ ਫਿਰ ਕੁੱਝ
ਚਿਰ ਬਾਅਦ ਨਸ਼ਾ ਉਸਦੀ ਇੱਛਾ-ਸ਼ਕਤੀ ਨੂੰ ਢਾਹ ਲੈਂਦਾ। ਉਹ ਇਸਦੀ ਜਕੜ ਵਿੱਚ ਆ ਜਾਂਦਾ। ਹੁਣ
ਮੈਂ ਵੀ ਸੋਚਦਾ ਹਾਂ ਕਿ ਜੇ ਮੈਂ ਉਸ ਨਾਲ ਮੋਹ-ਪਿਆਰ ਨਾਲ ਵਰਤਦਾ, ਉਸਨੂੰ ਮਾਨਸਿਕ ਸੁਰੱਖਿਆ
ਦਿੰਦਾ ਅਤੇ ਉਸਤੋਂ ਦੂਰ ਨਾ ਹੁੰਦਾ ਤਾਂ ਉਹ ਜ਼ਰੂਰ ਆਪਣੇ ਉੱਤੇ ਕਾਬੂ ਪਾ ਸਕਦਾ ਸੀ। ਪਰ
ਅਜਿਹਾ ਹੋ ਨਾ ਸਕਿਆ। ਫ਼ਲਸਰੂਪ ਮੇਰਾ ਪਿਤਾ ਪੰਜਤਾਲੀ-ਛਿਆਲੀ ਸਾਲ ਦੀ ਛੋਟੀ ਜਿਹੀ ਉਮਰ ਵਿੱਚ
ਦਿਮਾਗ਼ ਦੀ ਨਾਲੀ ਫਟਣ ਕਰ ਕੇ ਸਦਾ ਲਈ ਸਾਥੋਂ ਵਿੱਛੜ ਗਿਆ।
ਅੱਜ ਸਮੇਂ ਦੀ ਵਿੱਥ ਤੋਂ ਲੱਗਦਾ ਹੈ ਕਿ ਛੋਟੀ ਉਮਰ ਤੋਂ ਹੀ ਉਸਦੇ ਅੰਦਰ ਇੱਕ ਡੂੰਘਾ ਖ਼ਿਲਾਅ
ਪਸਰ ਗਿਆ ਸੀ। ਮਾਂ ਦੀ ਮੌਤ ਹੋ ਜਾਣੀ, ਪਿਓ ਦਾ ਪਿਆਰ ਖੁੱਸ ਜਾਣਾ, ‘ਆਪਣੇ ਘਰ’ ਤੋਂ
ਵਿਛੁੰਨੇ ਜਾਣਾ। ਮਾਮਾ-ਮਾਮੀ ਜਿੰਨਾਂ ਮਰਜ਼ੀ ਪਿਆਰ ਕਰਦੇ ਰਹੇ ਹੋਣ, ਉਹਨਾਂ ਦੇ ਘਰ ਵਿੱਚ
ਜਿੰਨੀ ਮਰਜ਼ੀ ਸੁੱਖ-ਸਹੂਲਤ ਮਿਲੀ ਹੋਵੇ, ਪਰ ਦਿਲ ਦੀਆਂ ਧੁਰ-ਡੁੰਘਾਣਾਂ ਤੋਂ ਆਪਣੇ ਮਾਪਿਆਂ
ਅਤੇ ਆਪਣੇ ਘਰ ਦਾ ਵਿਗੋਚਾ ਉਸਦੇ ਕਾਲਜੇ ਦੀ ਪੀੜ ਬਣ ਕੇ ਰਹਿ ਗਿਆ ਸੀ। ਆਪਣੇ ਮਾਂ-ਪਿਓ ਦਾ
ਝਿੜਕਣਾ-ਮਾਰਨਾ ਵੀ ਬੱਚਾ ਅਗਲੇ ਪਲ ਭੁੱਲ ਜਾਂਦਾ ਹੈ ਪਰ ਮਾਮਾ-ਮਾਮੀ ਦਾ ਜ਼ਾਇਜ਼ ਝਿੜਕਣਾ ਵੀ
ਚੇਤੇ ਕਰਵਾ ਦਿੰਦਾ ਹੈ, ‘ਮੈਂ ਇਹਨਾਂ ਦਾ ਅਸਲੀ ਪੁੱਤ ਨਹੀਂ ਨਾ! ਇਸੇ ਕਰਕੇ ਮੇਰੇ ਨਾਲ ਇਹ
ਸਲੂਕ ਹੁੰਦਾ ਹੈ!” ਸ਼ਾਇਦ ਬੇਗ਼ਾਨਗੀ ਦੇ ਅਹਿਸਾਸ ਦੇ ਡੰਗ ਦੀ ਪੀੜ ਹੀ ਸੀ ਜਿਸਨੇ ਕਦੀ ਵੀ
ਮੇਰੇ ਪਿਤਾ ਨੂੰ ਵੱਖੀਆਂ ਤੋੜਨ ਵਾਲਾ ਹਾਸਾ ਹੱਸਣ ਵਾਲੀ ਖ਼ੁਸ਼ੀ ਨਹੀਂ ਸੀ ਦਿੱਤੀ। ਉਹ ਨਾ
ਬਹੁਤਾ ਉੱਚੀ ਹੱਸਦਾ ਸੀ ਤੇ ਨਾ ਹੀ ਬਹੁਤਾ ਉੱਚੀ ਬੋਲਦਾ ਸੀ। ਉੱਚੀ ਤਾਂ ਕੀ ਉਹ ਬੋਲਦਾ ਹੀ
ਬੜਾ ਘੱਟ ਸੀ।
ਉਂਜ ਜਿਵੇਂ ਮੈਂ ਪਹਿਲਾਂ ਕਹਿ ਆਇਆ ਹਾਂ, ਮੇਰਾ ਪਿਤਾ ਬੜਾ ਹੀ ਸੰਵੇਦਨਸ਼ੀਲ ਵਿਅਕਤੀ ਸੀ।
ਸਾਹਿਤ ਪੜ੍ਹਨ ਦੀ ਚੇਟਕ ਤਾਂ ਮੈਨੂੰ ਲੱਗੀ ਹੀ ਉਸ ਕੋਲੋਂ ਸੀ। ਉਹ ਮੇਰੇ ਕੋਲ ਆਉਣ ਵਾਲੇ
ਰਾਜਨੀਤਕ ਵਿਚਾਰਾਂ ਵਾਲੇ ਦੋਸਤਾਂ ਨੂੰ ‘ਭਗਤ ਸਿੰਘ’ ਹੁਰਾਂ ਦਾ ਰੂਪ ਸਮਝ ਕੇ ਪਿਆਰ ਦਿੰਦਾ
ਸੀ। ਮੈਂ ਜਦੋਂ ਬੀ ਐੱਡ ਕਰਦਿਆਂ 1972 ਵਿੱਚ ਮੋਗਾ ਐਜੀਟੇਸ਼ਨ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ
ਸਾਂ ਤਾਂ ਮੇਰੀ ਮਾਂ ਨੂੰ ਸਮਝਾਉਂਦਿਆਂ ਉਸਨੇ ਕਿਹਾ ਸੀ, “ਤੂੰ ਫ਼ਿਕਰ ਨਾ ਕਰਿਆ ਕਰ। ਮੇਰਾ
ਪੁੱਤ ਤਾਂ ਦਰਿਆ ਹੈ ਅਤੇ ਇਸਨੇ ਅੱਗੇ ਹੀ ਅੱਗੇ ਵਧਦੇ ਜਾਣਾ ਹੈ।” ਏਨੀ ਗੱਲ ਕਹਿਣ ਤੋਂ
ਕੁੱਝ ਦਿਨ ਹੀ ਪਿੱਛੋਂ ਉਹ ਇਸ ਸੰਸਾਰ ਨੂੰ ਛੱਡ ਕੇ ਤੁਰ ਗਿਆ ਸੀ। ਉਸਦੀ ਇਹ ਗੱਲ ਵੀ ਮੇਰੀ
ਬੀਬੀ ਨੇ ਮੈਨੂੰ ਉਸਦੇ ਤੁਰ ਜਾਣ ਤੋਂ ਪਿੱਛੋਂ ਦੱਸੀ ਸੀ। ਮੈਨੂੰ ਅਫ਼ਸੋਸ ਹੈ ਕਿ ਮੇਰੇ ਉੱਤੇ
ਏਨਾ ਮਾਣ ਕਰਨ ਵਾਲੇ ਪਿਓ ਨੂੰ ਮੈਂ ਉਸਦੇ ਜਿਊਂਦੇ-ਜੀਅ ਸਮਝ ਅਤੇ ਸਾਂਭ ਨਾ ਸਕਿਆ। ਉਸ ਬੰਦੇ
ਨੇ ਤਾਂ ਅੰਦਰੋਂ ਖੁਰਨਾ ਹੀ ਸੀ ਜਿਸਨੂੰ ਮਾਂ-ਪਿਓ ਦਾ ਪਿਆਰ ਨਾ ਮਿਲਿਆ; ਜਿਹੜਾ ਹਮੇਸ਼ਾ
ਬੇਗ਼ਾਨਗੀ ਦਾ ਝੋਰਾ ਹੰਢਾਉਂਦਾ ਰਿਹਾ; ਜਦੋਂ ਉਸਨੂੰ ਆਪਣੇ ਪਰਿਵਾਰ ਤੋਂ ਮਨੋਵਿਗਿਆਨਕ ਆਸਰਾ
ਚਾਹੀਦਾ ਸੀ ਤਾਂ ਉਸਦਾ ਆਪਣਾ ਪੁੱਤਰ ਉਸਤੋਂ ਦੂਰ ਦੂਰ ਰਹਿਣ ਲੱਗਾ!
ਮੈਨੂੰ ਯਾਦ ਹੈ ਜਦੋਂ ਜੇ ਬੀ ਟੀ ਕਰਦਿਆਂ ਇੱਕ ਵਾਰ ਮੈਨੂੰ ਬੜੇ ਔਖੇ ਹੋ ਕੇ ਉਸਨੇ ਮਹੀਨੇ
ਦਾ ਖ਼ਰਚਾ ਦਿੱਤਾ ਸੀ ਤਾਂ ਮੈਂ ਜਾਕੇ ਉਸਨੂੰ ਧੰਨਵਾਦੀ ਚਿੱਠੀ ਲਿਖੀ। ਉਸਨੇ ਜਵਾਬ ਦਿੱਤਾ ਸੀ
ਕਿ ਮੈਂ ਉਹਨਾਂ ਦੇ ਖੂੰਨ ਨਾਲ ਸਿੰਜਿਆ ਉਹਨਾਂ ਦਾ ਆਪਣਾ ਬੂਟਾ ਹਾਂ ਅਤੇ ਇਸਨੂੰ ਪਾਲਣਾ ਅਤੇ
ਵੱਡਾ ਕਰਨਾ ਉਸਦਾ ਫ਼ਰਜ਼ ਹੈ। ਇਸਦੇ ਜਵਾਬ ਵਿੱਚ ਮੈ ਕੁੱਝ ਭਾਵਕ ਅੰਦਾਜ਼ ਵਿੱਚ ਲਿਖਿਆ ਸੀ ਕਿ
ਤੁਸੀਂ ਜਿਸ ਬੂਟੇ ਨੂੰ ਆਪਣੇ ਖੂੰਨ ਨਾਲ ਸਿੰਜਿਆ ਹੈ ਅਤੇ ਏਨੀ ਮਿਹਨਤ ਨਾਲ ਜਿਸਨੂੰ ਔਖੇ ਹੋ
ਕੇ ਪਾਲ ਰਹੇ ਹੋ ਉਹ ਜਦੋਂ ਵੱਡਾ ਤੇ ਫ਼ਲ ਦੇਣ ਦੇ ਯੋਗ ਹੋਇਆ ਤਾਂ ਤੁਹਾਡਾ ਦਿੱਤਾ ਕਰਜ਼ਾ
ਲਾਹੁਣ ਦੀ ਕੋਸ਼ਿਸ਼ ਕਰੇਗਾ!
ਇਹ ਕਰਜ਼ਾ ਪੈਸਿਆਂ ਦੀ ਸ਼ਕਲ ਵਿੱਚ ਤਾਂ ਭਾਵੇਂ ਮੈਂ ਕੁੱਝ ਨਾ ਕੁੱਝ ਉਤਾਰ ਸਕਿਆ ਹੋਵਾਂ ਪਰ
ਮੋਹ-ਮੁਹੱਬਤ ਦਾ ਬਣਦਾ ਕਰਜ਼ਾ ਮੈਂ ਉਤਾਰ ਨਾ ਸਕਿਆ। ਇਸਦਾ ਭਾਰ ਅੱਜ ਵੀ ਮੇਰੇ ਸਿਰ ਉੱਤੇ
ਹੈ। ਮੈਨੂੰ ਤਾਂ ਇਹ ਵੀ ਯਾਦ ਹੈ ਕਿ ਜਦੋਂ ਮੇਰਾ ਰਿਸ਼ਤਾ ਤੈਅ ਹੋਇਆ ਤਾਂ ਉਸਨੇ ਬੜੇ
ਖੁੱਲ੍ਹੇ ਦਿਲ ਨਾਲ ਕਿਹਾ ਸੀ ਕਿ ਮੈਂ ਜਿੱਥੇ ਚਾਹਵਾਂ ਆਪਣੀ ਮਨ-ਮਰਜ਼ੀ ਨਾਲ ਵਿਆਹ ਕਰ ਸਕਦਾ
ਹਾਂ। ਇਸਤੋਂ ਪਹਿਲਾਂ ਵੀ ਜਦ ਕਦੀ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਤਾਂ ਉਹ ਅਗਲਿਆਂ ਨੂੰ
ਕਹਿੰਦਾ ਕਿ ਇਸ ਰਿਸ਼ਤੇ ਦਾ ਅੰਤਮ ਫ਼ੈਸਲਾ ਕਿਉਂਕਿ ਮੇਰੇ ਪੁੱਤਰ ਨੇ ਹੀ ਕਰਨਾ ਹੈ, ਇਸ ਲਈ
ਗੱਲ ਉਸ ਨਾਲ ਹੀ ਕੀਤੀ ਜਾਵੇ; ਆਪਣੇ ਪੁੱਤਰ ਦਾ ਹਰ ਫ਼ੈਸਲਾ ਉਸਨੂੰ ਪਰਵਾਨ ਹੋਵੇਗਾ। ਬੀਬੀ
ਨੇ ਜੇ ਆਖਣਾ ਕਿ ਉਹ ਆਪਣੀ ਕੋਈ ਰਾਇ ਤਾਂ ਦੇਵੇ ਤਾਂ ਉਸਨੇ ਕਹਿਣਾ ਮੈਂ ਉਸਦੀ ਕਵਿਤਾ ਪੜ੍ਹੀ
ਹੋਈ ਹੈ। ਕਵਿਤਾ ਵਾਲੀ ਗੱਲ ਵੀ ਉਹ ਬੀਬੀ ਨੂੰ ਹੀ ਆਖਦਾ ਸੀ, ਮੈਨੂੰ ਨਹੀਂ।
ਕਵਿਤਾ ਦਾ ਮਾਜਰਾ ਇਹ ਸੀ। ਦਸਵੀਂ ਦਾ ਇਮਤਿਹਾਨ ਦੇ ਕੇ ਮੈਂ ਬਾਪੂ ਚੰਦਾ ਸਿੰਘ ਕੋਲ ਜੇ ਬੀ
ਟੀ ਦੇ ਖ਼ਰਚੇ ਦੇ ਸੰਬੰਧ ਵਿੱਚ ਗੱਲ ਕਰਨ ਗਿਆ ਹੋਇਆ ਸੀ। ਅਬੋਹਰ ਤੋਂ ਵਾਪਸੀ ‘ਤੇ ਮੈਂ
ਫ਼ੀਰੋਜ਼ਪੁਰੋਂ ਮਖੂ ਦੀ ਗੱਡੀ ਫੜ੍ਹਨੀ ਸੀ। ਮੈਂ ਬੁੱਕ ਸਟਾਲ ਤੋਂ ਅੰਮ੍ਰਿਤਸਰ ਤੋਂ ਛਪਦਾ
ਮਾਸਿਕ-ਪੱਤਰ ‘ਕਹਾਣੀ’ ਖ੍ਰੀਦਿਆ। ਇਸ ਵਿੱਚ ਕੁੱਝ ਦਿਨ ਪਹਿਲਾਂ ਭੇਜੀ ਮੇਰੀ ਕਵਿਤਾ ਛਪੀ
ਹੋਈ ਸੀ। ਬਾਪੂ ਵੱਲੋਂ ਖ਼ਰਚਾ ਦੇਣ ਦੀ ਹਾਮੀ ਅਤੇ ਛਪੀ ਕਵਿਤਾ ਸਮੇਤ ਮੈਂ ਚਾਈਂ ਚਾਈਂ ਪਿੰਡ
ਪੁੱਜਾ। ਬਾਪੂ ਦੀ ‘ਹਾਂ’ ਸੁਣ ਕੇ ਖ਼ੁਸ਼ ਹੋਏ ਮੇਰੇ ਪਿਓ ਨੇ ਪਰਚਾ ਮੇਰੇ ਹੱਥੋਂ ਫੜ੍ਹਿਆ ਅਤੇ
ਉਸਤੇ ਝਾਤ ਮਾਰਨ ਲੱਗਾ। ਮੇਰਾ ਨਾਮ ਛਪਿਆ ਵੇਖ ਕੇ ਮੇਰੀ ਕਵਿਤਾ ਪੜ੍ਹਨ ਲੱਗਾ। ਕਵਿਤਾ ਤਾਂ
ਭਾਵੇਂ ਤੁਕ-ਬੰਦੀ ਜਿਹੀ ਸੀ ਪਰ ਕਿਸੇ ਸਾਹਿਤਕ ਪਰਚੇ ਵਿੱਚ ਛਪਣ ਦਾ ਚਾਅ ਤਾਂ ਹੈ ਹੀ ਸੀ।
ਉਂਜ ਮੈਂ ਪਿਤਾ ਨੂੰ ਕਵਿਤਾ ਪੜ੍ਹਾਉਣੋਂ ਝਿਜਕਦਾ ਸਾਂ, ਪਰ ਉਸਨੇ ਆਪ ਹੀ ਮੇਰੇ ਕੋਲੋਂ ਪਰਚਾ
ਲੈ ਲਿਆ ਸੀ। ਮੈਂ ਚਾਹੁੰਦਾ ਸਾਂ ਕਿ ਉਹ ਮੇਰੀ ਗ਼ੈਰਹਾਜ਼ਰੀ ਵਿੱਚ ਕਵਿਤਾ ਪੜ੍ਹਦਾ। ਉਸਦੇ
ਕਵਿਤਾ ਪੜ੍ਹਨ ਸਮੇਂ ਕੋਲ ਖਲੋਤਿਆਂ ਮੈਨੂੰ ਸੰਗ ਆਉਂਦੀ ਸੀ। ਸਾਢੇ ਕੁ ਪੰਦਰਾਂ ਸਾਲ ਦੀ ਉਮਰ
ਸੀ ਮੇਰੀ ਉਦੋਂ। ਮੈਂ ਚੋਰ-ਅੱਖਾਂ ਨਾਲ ਪਿਤਾ ਦੇ ਚਿਹਰੇ ਵੱਲ ਵੇਖਦਾ ਉਸਦੇ ਹਾਵ-ਭਾਵ ਨੋਟ
ਕਰ ਰਿਹਾ ਸਾਂ। ਕਵਿਤਾ ਖ਼ਤਮ ਕਰਕੇ ਉਹ ਮੁਸਕਰਾਇਆ ਅਤੇ ਮੇਰੇ ਨਾਲ ਇਸ ਬਾਰੇ ਕੋਈ ਗੱਲ ਕਰਨ
ਦੀ ਥਾਂ ਅੱਗੋਂ ਕੋਈ ਹੋਰ ਚੀਜ਼ ਪੜ੍ਹਨ ਲੱਗਾ। ਮੈਂ ਸੁਖ ਦਾ ਸਾਹ ਲਿਆ ਕਿ ਉਸਨੇ ਕੋਈ ਟਿੱਪਣੀ
ਨਹੀਂ ਸੀ ਕੀਤੀ। ਮੈਂ ਟਿੱਪਣੀ ਚਾਹੁੰਦਾ ਹੀ ਨਹੀਂ ਸਾਂ। ਕਵਿਤਾ ਹੀ ਕੁੱਝ ਇਸਤਰ੍ਹਾਂ ਦੀ
ਸੀ। ਇਹ ਪਿਓ ਵੱਲੋਂ ਪੁੱਤ ਨੂੰ ਸੰਬੋਧਤ ਹੋ ਕੇ ਲਿਖੀ ਗਈ ਸੀ। ਚੇਤੇ ਤੇ ਜ਼ੋਰ ਪਾਇਆਂ ਲਗਭਗ
ਅੱਧੀ ਸਦੀ ਪਹਿਲਾਂ ਲਿਖੀ ਇਸ ਕਵਿਤਾ ਦੀਆਂ ਸਤਰਾਂ ਅੱਜ ਵੀ ਮੇਰੇ ਜ਼ਿਹਨ ਵਿਚੋਂ ਬੜੇ ਸਹਿਜ
ਨਾਲ ਹੀ ਕਿਰਨ-ਮ-ਕਿਰਨੀ ਕਿਰ ਪਈਆਂ ਹਨ:
ਐ ਮੇਰੇ ਪੁਤਰ ਪਿਆਰੇ, ਮੇਰੀ ਅੱਖ ਦੇ ਲਾਲ ਸਿਤਾਰੇ।
ਜ਼ਿੰਦਗੀ ਦੇ ਸੰਗਰਾਮਾਂ ਅੰਦਰ, ਲੱਖਾਂ ਰਾਹੀ ਥੱਕ-ਟੁੱਟ ਹਾਰੇ।
ਮੈਂ ਵੀ ਉਹਨਾਂ ‘ਚੋਂ ਇੱਕ, ਮੇਰੇ ਗਏ ਕਦੀ ਸਨ ਜਜ਼ਬੇ ਮਾਰੇ।
ਦਿਲ ਦਾ ਹਰ ਕੋਨਾ ਰੁਸ਼ਨਾਇਆ, ਪਿਆਰ ਦੀ ਦੇਵੀ ਚਰਨ ਜਾਂ ਪਾਇਆ।
ਜੀਵਨ ਖਿੜਿਆ ਵਾਂਗ ਗੁਲਾਬਾਂ, ਚੰਨੀ ਨੂੰ ਹਿੱਕ ਨਾਲ ਜਾਂ ਲਾਇਆ।
ਸਾਥ ਚੁਣਨ ਦਾ ਸਮਾਂ ਜਾਂ ਆਇਆ, ਪਿਤਾ ਅੱਗੇ ਸਵਾਲ ਮੈਂ ਪਾਇਆ।
ਉਹਨਾਂ ਮੇਰੀ ਇੱਕ ਨਾ ਮੰਨੀ, ਤੇਰੀ ਮਾਂ ਦੇ ਨਾਲ ਵਿਆਹਿਆ।
ਤੜਪਦੀਆਂ ਰਹੀਆਂ ਦੋ ਜਿੰਦਾਂ, ਪਰ ਉਹਨਾਂ ਨੂੰ ਤਰਸ ਨਾ ਆਇਆ।
ਬਹੁਤਾ ਕੀ ਵਿਸਥਾਰ ‘ਚ ਜਾਣਾ, ਮੈਂ ਤਾਂ ਹੈ ਤੈਨੂੰ ਸਮਝਾਣਾ।
ਜੀਵਨ ਸਾਥੀ ਚੁਣ ਮਰਜ਼ੀ ਦਾ ਮੈਂ ਨਹੀਂ ਵਿੱਚ ਰੋੜਾ ਅਟਕਾਣਾ।
ਆਪ ਤੜਪ ਕੇ ਵੇਖ ਲਿਆ ਮੈਂ ਚਾਹੁੰਦਾ ਨਹੀਂ ਤੈਨੂੰ ਤੜਪਾਣਾ।
ਇਹ ਕਵਿਤਾ ਮੇਰੇ ਅਨੁਭਵ ਦੀ ਕੋਈ ਸੱਚੀ ਆਵਾਜ਼ ਨਹੀਂ ਸੀ। ਮੈਂ ਤਾਂ ਕਿਤਾਬੀ ਪ੍ਰੇਮ-ਕਹਾਣੀਆਂ
ਪੜ੍ਹ ਕੇ ਕਿ ਦੋ ਦਿਲਾਂ ਦੇ ਮਿਲਣ ਵਿੱਚ ਉਹਨਾਂ ਦੇ ਮਾਪੇ ਅਤੇ ਬਕੌਲ ਦਿਲ-ਜਲੇ ਆਸ਼ਕਾਂ ਦੇ,
‘ਜ਼ਾਲਮ ਸਮਾਜ’, ਨਜਾਇਜ਼ ਰੁਕਾਵਟਾਂ ਖੜੀਆਂ ਕਰਦੇ ਰਹਿੰਦੇ ਹਨ; ਇਹ ਕਵਿਤਾ ਲਿਖੀ ਸੀ। ਇਸਦਾ
ਮੇਰੀ ਨਿੱਜੀ ਇੱਛਾ ਨਾਲ ਉਸ ਵੇਲੇ ਕੋਈ ਲੈਣਾ ਦੇਣਾ ਹੈ ਹੀ ਨਹੀਂ ਸੀ। ਪਿਆਰ-ਮੁਹੱਬਤ ਦੀ
ਗੱਲ ਤਾਂ ਦੂਰ ਰਹੀ ਮੈਂ ਤਾਂ ਉਸ ਵੇਲੇ ਤੱਕ ਕਿਸੇ ਜਵਾਨ ਲੜਕੀ ਨਾਲ ਬੋਲ ਤੱਕ ਵੀ ਸਾਂਝਾ
ਕਰਨ ਦੀ ਜੁਰਅਤ ਨਹੀਂ ਸੀ ਕੀਤੀ। ਜਦੋਂ ਮੇਰੇ ਪਿਤਾ ਨੇ ਕਵਿਤਾ ਪੜ੍ਹ ਲਈ ਤਾਂ ਮੈਂ ਬੜਾ
ਸ਼ਰਮਸਾਰ ਹੋਇਆ ਸਾਂ। ਸੋਚਦਾ ਸਾਂ ਮੇਰਾ ਪਿਤਾ ਆਖੇਗਾ, ‘ਜੰਮ ਮੁਕਿਆ ਨਹੀਂ ਤੇ ਇਸ਼ਕ ਦਾ ਭੂਤ
ਪਹਿਲਾਂ ਹੀ ਸਿਰ ‘ਤੇ ਸਵਾਰ ਹੋ ਗਿਐ। ਇਹ ਛੋਕਰਾ ਹੁਣ ਤੋਂ ਪਿਓ ਨੂੰ ਉਪਦੇਸ਼ ਦੇਣ ਲੱਗਾ
ਹੈ!”
ਕਈ ਦਿਨ ਮੈਂ ਉਸਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਤੋਂ ਝਿਜਕਦਾ ਰਿਹਾ। ਡਰਦਾ ਸਾਂ ਕਿ ਉਸਨੇ
ਹੁਣ ਵੀ ਇਸ ਮਸਲੇ ਤੇ ਗੱਲ ਕੀਤੀ ਕਿ ਕੀਤੀ। ਪਰ ਕਵਿਤਾ ਪੜ੍ਹ ਕੇ ਚਿਹਰੇ ‘ਤੇ ਇੱਕ ਪਲ ਆਈ
ਮੁਸਕਰਾਹਟ ਤੋ ਇਲਾਵਾ ਉਸਨੇ ਕਦੀ ਵੀ ਮੇਰੇ ਨਾਲ ਇਸ ਕਵਿਤਾ ਜਾਂ ਇਸ ਵਿਚਲੇ ਸੁਨੇਹੇ ਬਾਰੇ
ਗੱਲ-ਬਾਤ ਨਹੀਂ ਸੀ ਕੀਤੀ। ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸਨੇ ਮੇਰੇ ਨਾਲ ਤਾਂ
ਕੋਈ ਗੱਲ ਨਾ ਕੀਤੀ ਸਗੋਂ ਮੇਰੀ ਮਾਂ ਨੂੰ ਬਾਰਾਂ-ਤੇਰਾਂ ਸਾਲ ਪਹਿਲਾਂ ਮੇਰੀ ਕਵਿਤਾ ਪੜ੍ਹੀ
ਹੋਣ ਦਾ ਹਵਾਲਾ ਦੇ ਕੇ ਮੈਨੂੰ ਮਨ-ਮਰਜ਼ੀ ਕਰਨ ਦੀ ਛੋਟ ਦੇ ਦਿੱਤੀ। ਮੇਰੀ ਕਵਿਤਾ ਵਿਚੋਂ ਹੀ
ਮੇਰੇ ਮਨ ਦੀ ਕਾਵਿਕ-ਇੱਛਾ ਪੜ੍ਹ ਕੇ ਉਸਨੂੰ ਮਾਨਤਾ ਦੇਣੀ ਇਹ ਉਸਦੀ ਸੰਵੇਦਨਸ਼ੀਲਤਾ ਦੀ ਜਗਦੀ
ਮਿਸਾਲ ਹੈ।
ਮੈਨੂੰ ਆਪਣੇ ਬਚਪਨ ਅਤੇ ਆਪਣੇ ਪਿਓ ਦੀ ਜਵਾਨੀ ਦੇ ਉਹ ਦਿਨ ਵੀ ਯਾਦ ਹਨ ਜਦੋਂ ਉਹ ਗਾਜਰੀ
ਰੰਗ ਦੀ ਪੱਗ ਬੰਨ੍ਹਦਾ ਤਾਂ ਉਹਦਾ ਚਿਹਰਾ ਪੱਗ ਦੇ ਰੰਗ ਨਾਲ ਹੋਰ ਵੀ ਦਗ੍ਹਣ ਲੱਗ ਪੈਂਦਾ।
ਅੱਠ-ਦਸ ਸਾਲ ਦੀ ਉਮਰ ਵਿੱਚ ਮੈਂ ਉਸਦੇ ਨਾਲ ਪਿੰਡ ਵਿਚੋਂ ਲੰਘ ਰਿਹਾ ਸਾਂ ਤਾਂ ਅਸੀਂ ਦੋਵੇਂ
ਇੱਕ ਰੌੜ ਵਿੱਚ ਛਾਲਾਂ ਵੱਜਦੀਆਂ ਵੇਖ ਕੇ ਖਲੋ ਗਏ। ਪਿੰਡ ਦੇ ਨੌਜਵਾਨ ਅਖਾੜਾ ਗੋਡ ਕੇ
ਛਾਲਾਂ ਮਾਰ ਰਹੇ ਸਨ ਅਤੇ ਤਮਾਸ਼ਬੀਨਾਂ ਦੀ ਵੱਡੀ ਭੀੜ ਉਹਨਾਂ ਦੇ ਦੁਆਲੇ ਜੁੜੀ ਹੋਈ ਸੀ।
ਕਿਸੇ ਬਜ਼ੁਰਗ ਨੇ ਮੇਰੇ ਪਿਤਾ ਨੂੰ ਕਿਹਾ, “ਦੀਦਾਰ, ਆ ਜਾ ਤੂੰ ਵੀ ਮੈਦਾਨ ‘ਚ। ਤੂੰ ਵੀ ਕਦੀ
ਛਾਲਾਂ ਮਾਰਦਾ ਰਿਹੈਂ।” ਮੇਰੇ ਪਿਤਾ ਦੀ ਉਮਰ ਉਸ ਵੇਲੇ ਇਕੱਤੀ ਬੱਤੀ ਸਾਲ ਹੋਵੇਗੀ, ਪਰ ਮੈਂ
ਆਪਣੀ ਸੰਭਾਲ ਵਿੱਚ ਤਾਂ ਉਸਨੂੰ ਕਦੀ ਛਾਲਾਂ ਮਾਰਦਿਆਂ ਵੇਖਿਆ ਨਹੀਂ ਸੀ। ਮੇਰੇ ਜੰਮਣ ਜਾਂ
ਆਪਣੇ ਵਿਆਹ ਤੋਂ ਪਹਿਲਾਂ ਭਾਵੇਂ ਕਦੀ ਛਾਲਾਂ ਮਾਰਦਾ ਰਿਹਾ ਹੋਵੇ। ਬਜ਼ੁਰਗ ਦੀ ਗੱਲ ਸੁਣ ਕੇ
ਮੁੰਡੇ ਵੀ ਕਹਿਣ ਲੱਗੇ, “ਆ ਜਾਓ ਭਾਊ ਜੀ।”
ਮੇਰਾ ਪਿਓ ਝਿਜਕ ਰਿਹਾ ਸੀ। ਉਸਦੇ ਕਹਿਣ ਮੁਤਾਬਕ ਉਸਨੇ ਪਿਛਲੇ ਕਈ ਸਾਲਾਂ ਤੋਂ ਛਾਲ ਮਾਰ ਕੇ
ਵੇਖੀ ਨਹੀਂ ਸੀ। ਪਰ ਵੰਗਾਰ ਦੇਣ ‘ਤੇ ਉਹ ਲਾਂਗੜ ਕੱਸ ਕੇ ਮੈਦਾਨ ਵਿੱਚ ਨਿੱਤਰ ਪਿਆ। ਉਸਨੇ
ਪਹਿਲੀ ਛਾਲ ਈ ਸਭ ਤੋਂ ਵੱਧ ਛਾਲ ਮਾਰਨ ਵਾਲੇ ਮੁੰਡੇ ਦੇ ਬਰਾਬਰ ਮਾਰੀ ਤਾਂ ਸਭ ਨੇ ਖ਼ੁਸ਼ੀ
ਵਿੱਚ ਤਾੜੀਆਂ ਮਾਰੀਆਂ, “ਕਮਾਲ ਕਰ ‘ਤੀ ਬਈ ਇਹ ਤਾਂ ਦੀਦਾਰ ਸੁੰਹ ਨੇ।” ਬਜ਼ੁਰਗ ਆਖ ਰਿਹਾ
ਸੀ, “ਬਿਨਾਂ ਪਰਾਟੀਸ ਤੋਂ ਵੇਖ ਲੌ ਮੁੰਡਿਓ ਤੁਹਾਡੇ ਨਾਲ ਭਿੜ ਗਿਐ। ਦੂਜੀ ਛਾਲ ਨੂੰ ਅਜੇ
ਵੇਖਿਓ। ਇਹ ਤਾਂ ਆਪਣੇ ਵੇਲੇ ਦੂਜਿਆਂ ਨਾਲੋਂ ਹੱਥ ਭਰ ਛਾਲ ਅੱਗੇ ਮਾਰਦਾ ਹੁੰਦਾ ਸੀ।” ਪਰ
ਮੇਰੇ ਪਿਓ ਨੇ ਦੂਜੀ ਛਾਲ ਨਾ ਲਾਈ। ਉਸਦੀ ਇੱਜ਼ਤ ਰਹਿ ਗਈ ਸੀ। ਉਹ ਅਠਾਰਾਂ ਵੀਹ ਸਾਲ ਦੇ ਭਰ
ਜਵਾਨ ਮੁੰਡਿਆਂ ਨਾਲ ਮੁਕਾਬਲੇ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਉਸਨੂੰ ਤਾਂ ਪਤਾ ਨਹੀਂ
ਕਿਹੋ ਜਿਹੀ ਖ਼ੁਸ਼ੀ ਹੋਈ ਹੋਵੇਗੀ ਪਰ ਮੈਂ ਅੱਜ ਵੀ ਜਦੋਂ ਉਹ ਦ੍ਰਿਸ਼ ਚੇਤੇ ਕਰਦਾ ਹਾਂ ਤਾਂ
ਖ਼ੁਸ਼ੀ ਵਿੱਚ ਮੇਰਾ ਆਪਾ ਖਿੜ ਜਾਂਦਾ ਹੈ।
ਪਰ ਘਰ ਦੇ ਖ਼ਰਚਿਆਂ ਤੇ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨੇ ਉਸਨੂੰ ਹੌਲੀ ਹੌਲੀ ਢਾਹ ਲਿਆ
ਸੀ। ਮੈਂ ਉਦੋਂ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਵਿੱਚ ਬਿਨਾਂ ਤਨਖ਼ਾਹ ਤੋਂ ਛੁੱਟੀ
ਲੈ ਕੇ ਬੀ ਐੱਡ ਕਰ ਰਿਹਾ ਸਾਂ। ਖ਼ਾਲਸਾ ਕਾਲਜ ਵਿੱਚ ਪੜ੍ਹਨ ਸਮੇਂ ਹੀ ਮੈਨੂੰ ‘ਮੋਗਾ
ਐਜੀਟੇਸ਼ਨ’ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਪਿੱਛੋਂ ਰਿਹਾ ਹੋਏ ਨੂੰ
ਕੁੱਝ ਦਿਨ ਹੀ ਹੋਏ ਸਨ ਕਿ ਮੇਰੇ ਪਿਤਾ ਦੀ ਮੌਤ ਹੋ ਗਈ। ਇਹ ਉਨੱਤੀ ਨਵੰਬਰ 1972 ਦਾ ਦਿਨ
ਸੀ। ਉਸਦੇ ਮਰਨ ‘ਤੇ ਸਾਰੇ ਪਰਿਵਾਰ ਦਾ ਬੋਝ ਹੁਣ ਮੇਰੇ ਸਿਰ ਉੱਤੇ ਪੈ ਗਿਆ। ਇਹ ਵੀ ਸ਼ੁਕਰ
ਦੀ ਗੱਲ ਸੀ ਕਿ ਮੇਰੇ ਤੋਂ ਛੋਟੀਆਂ ਤਿੰਨਾਂ ਭੈਣਾਂ ਵਿਚੋਂ ਉਹ ਦੋ ਦਾ ਵਿਆਹ ਆਪਣੇ ਹੱਥੀਂ
ਕਰ ਗਿਆ ਸੀ। ਛੋਟਾ ਭਰਾ ਉਦੋਂ ਸੋਲਾਂ-ਸਤਾਰਾਂ ਸਾਲ ਦਾ ਸੀ ਅਤੇ ਸਭ ਤੋਂ ਛੋਟੀ ਭੈਣ
ਬਾਰਾਂ-ਤੇਰਾਂ ਸਾਲ ਦੀ। ਭਰਾ ਤਾਂ ਪੜ੍ਹਨੋਂ ਹਟਿਆ ਹੋਇਆ ਸੀ ਪਰ ਭੈਣ ਅਜੇ ਪੜ੍ਹਦੀ ਸੀ।
ਮੇਰੀ ਬਹੁਤੀ ਤਨਖ਼ਾਹ ਤਾਂ ਪਹਿਲਾਂ ਹੀ ਘਰ ਦੇ ਖ਼ਰਚਿਆਂ ਵਿੱਚ ਵਰਤੀ ਜਾਂਦੀ ਸੀ। ਬਚਾ ਕੇ
ਰੱਖੀ ਕੋਈ ਰਾਖਵੀਂ ਰਾਸ਼ੀ ਤਾਂ ਕੋਲ ਹੈ ਨਹੀਂ ਸੀ। ਇਹਨੀਂ ਦਿਨੀਂ ਹੀ ਸਾਡਾ ਬਿਜਲੀ ਦਾ
ਟਿਊਬਵੈੱਲ ਲਵਾਉਣ ਦਾ ਕੁਨੈਕਸ਼ਨ ਮਨਜ਼ੂਰ ਹੋ ਗਿਆ। ਹੁਣ ਤੱਕ ਤਾਂ ਮੈਂ ਘਰ ਦੀਆਂ
ਜ਼ਿੰਮੇਵਾਰੀਆਂ ਤੋਂ ਲਟੰਕ ਹੀ ਰਿਹਾ ਸਾਂ। ਨੌਕਰੀ ਮਿਲਣ ਤੋਂ ਬਾਅਦ ਮੇਰਾ ਘਰ ਤੇ ਵਾਹੀ ਦੀਆਂ
ਸਰਗਰਮੀਆਂ ਨਾਲ ਸਿੱਧਾ ਸੰਬੰਧ ਨਹੀਂ ਸੀ ਰਹਿ ਗਿਆ। ਮੈਂ ਜਾਂ ਤਾਂ ਆਪਣੀ ਨੌਕਰੀ ਕਰਦਾ ਜਾਂ
ਪੜ੍ਹਦਾ ਲਿਖਦਾ ਰਹਿੰਦਾ। ਕਬੀਲਦਾਰੀ ਜਾਣੇ ਤੇ ਮੇਰਾ ਮਾਂ ਪਿਓ ਜਾਣੇ! ਪਰ ਜਦੋਂ ਸਿੰਗਾਂ
ਤੋਂ ਸਿਰ ਤੇ ਪਈ ਤਾਂ ਨਾਨੀ ਚੇਤੇ ਆਉਣੀ ਹੀ ਸੀ। ਹੁਣ ਨਿਸਚਿਤ ਸਮੇਂ ਵਿੱਚ ਬਿਜਲੀ ਬੋਰਡ ਦੇ
ਦਫ਼ਤਰ ‘ਟੈਸਟ ਰੀਪੋਰਟ’ ਜਮ੍ਹਾਂ ਕਰਵਾਉਣੀ ਸੀ, ਬਿਜਲੀ ਦੀ ਮੋਟਰ ਖ਼ਰੀਦਣੀ ਸੀ, ਪੱਕਾ ਕੋਠਾ
ਪਾਉਣਾ ਸੀ ਅਤੇ ਹੋਰ ਉਤਲੇ ਪੁਤਲੇ ਖ਼ਰਚੇ ਕਰਨੇ ਸਨ। ਘਰ ਦਾ ਸਾਰਾ ਖ਼ਰਚਾ ਵੀ ਤਾਂ ਹੁਣ ਮੈਂ
ਹੀ ਜੁਟਾਉਣਾ ਸੀ। ਪਰ ਮੇਰੇ ਕੋਲ ਤਾਂ ਨਵੰਬਰ ਤੋਂ ਅਪ੍ਰੈਲ ਤੱਕ ਕਾਲਜ ਵਿੱਚ ਹੋਣ ਵਾਲੇ
ਖ਼ਰਚੇ ਦਾ ਹੀ ਥੋੜ੍ਹਾ ਬਹੁਤ ਹਿੱਸਾ ਪਿਆ ਸੀ। ਉਸਤੋਂ ਬਾਅਦ ਹੀ ਪਹਿਲੀ ਨੌਕਰੀ ਤੇ ਹਾਜ਼ਰ ਹੋ
ਸਕਣਾ ਸੀ ਅਤੇ ਤਨਖ਼ਾਹ ਮਿਲਣੀ ਸੀ।
ਪਿਤਾ ਦੀਆਂ ਅੰਤਮ ਰਸਮਾਂ ਨਿਭਾ ਕੇ ਤੇ ਪੜ੍ਹਾਈ ਦੇ ਖ਼ਰਚੇ ਲਈ ਆਪਣੇ ਕੋਲ ਬਚਾ ਕੇ ਰੱਖੇ
ਪੈਸੇ ਬੀਬੀ ਨੂੰ ਘਰ ਦੇ ਖ਼ਰਚ-ਪਾਣੀ ਲਈ ਫੜਾ ਕੇ ਕਾਲਜ ਪਹੁੰਚ ਗਿਆ। ਹੁਣ ਕੀ ਕਰਾਂ? ਨੌਕਰੀ
‘ਤੇ ਹਾਜ਼ਰ ਹੋਣ ਤੋਂ ਪਹਿਲਾਂ ਤਨਖ਼ਾਹ ਨਹੀਂ ਸੀ ਮਿਲਣੀ ਤੇ ਪੜ੍ਹਾਈ ਵਿਚੇ ਛੱਡ ਨਹੀਂ ਸਾਂ
ਸਕਦਾ। ਮੈਂ ਬਹੁਤ ਹੀ ਪਰੇਸ਼ਾਨੀ ਅਤੇ ਘਬਰਾਹਟ ਦੇ ਆਲਮ ਵਿੱਚ ਸਾਂ। ਅੱਜ ਤੱਕ ਕਿਸੇ
ਯਾਰ-ਦੋਸਤ ਤੋਂ ਦਸ ਰੁਪਏ ਵੀ ਉਧਾਰ ਨਹੀਂ ਸਨ ਲਏ। ਪੈਸੇ ਲਵਾਂ ਤਾਂ ਕਿੱਥੋਂ ਲਵਾਂ? ਮੰਗਾਂ
ਤਾਂ ਕਿਸ ਕੋਲੋਂ? ਮੋਟਰ ਨਾ ਲੱਗੀ ਤਾਂ ਵਾਹੀ ਦਾ ਕੀ ਬਣੂ? ਹਫ਼ਤੇ ਵਿੱਚ ਹੀ ਪਤਾ ਲੱਗ ਗਿਆ
ਕਿ ਪਿਓ ਕਿਓਂ ਪਰੇਸ਼ਾਨ ਰਹਿੰਦਾ ਸੀ? ਕਿਓਂ ਨਸ਼ਾ ਕਰਨ ਲੱਗ ਪਿਆ ਸੀ। ਆਰਥਕ ਤੰਗਦਸਤੀ ਦਾ
ਅਹਿਸਾਸ ਤਾਂ ਬਚਪਨ ਤੋਂ ਹੀ ਸੀ ਪਰ ਇਹ ਪਤਾ ਹੁਣ ਹੀ ਲੱਗਾ ਕਿ ਅਜਿਹੀ ਸਥਿਤੀ ਵਿੱਚ ਪਰਿਵਾਰ
ਦਾ ਮੁਖੀ ਬਣ ਕੇ ਘਰ ਦਾ ਗੁਜ਼ਾਰਾ ਚਲਾਉਣਾ ਕਿੰਨਾਂ ਮੁਸ਼ਕਿਲ ਹੈ!
ਸੋਚਾਂ ਦੀ ਇਸੇ ਉਧੇੜ-ਬੁਣ ਵਿੱਚ ਹੋਸਟਲ ਦੇ ਕਮਰੇ ਵਿੱਚ ਲੇਟਿਆ ਹੋਇਆ ਸਾਂ ਕਿ ਘਰਿੰਡੇ
ਵਾਲਾ ਜਸਵੰਤ ਕਮਰੇ ਅੰਦਰ ਦਾਖ਼ਲ ਹੋਇਆ। ਅਸੀਂ ਦੋਵੇਂ ਸਰਹਾਲੀ ਵਿੱਚ ਜੇ ਬੀ ਟੀ ਕਰਦਿਆਂ
ਦੋਸਤ ਬਣੇ ਸਾਂ ਅਤੇ ਇਹ ਦੋਸਤੀ ਉਦੋਂ ਤੋਂ ਹੀ ਡਾਢੀ ਪੱਕੀ-ਪੀਚਵੀਂ ਬਣ ਗਈ ਸੀ। ਆਪਸੀ
ਦੁਖ-ਸੁਖ ਸਾਂਝਾ ਕਰਨ ਲਈ ਸਾਡਾ ਇੱਕ ਦੂਜੇ ਕੋਲ ਆਉਣ ਜਾਣ ਬਣਿਆਂ ਹੀ ਰਹਿੰਦਾ ਸੀ। ਸਾਡੇ
ਰਾਹੀਂ ਦੋਵਾਂ ਪਰਿਵਾਰਾਂ ਦੀ ਆਪਸੀ ਸਾਂਝ ਦੀਆਂ ਤੰਦਾਂ ਵੀ ਬੁਣੀਆਂ ਗਈਆਂ ਸਨ। ਹੱਥ ਮਿਲਾਉਣ
ਅਤੇ ਮੁਸਕਰਾਹਟਾਂ ਦਾ ਵਟਾਂਦਰਾ ਕਰਨ ਤੋਂ ਬਾਅਦ ਉਸਨੇ ਕੁਰਸੀ ਖਿੱਚ ਕੇ ਮੇਰੇ ਮੰਜੇ ਦੇ
ਨੇੜੇ ਕਰ ਲਈ ਅਤੇ ਆਪਣੀ ਜੇਬ ਵਿਚੋਂ ਪਲਾਸਟਿਕ ਦੇ ਲਿਫ਼ਾਫ਼ੇ ਵਾਲਾ ਛੋਟਾ ਜਿਹਾ ਪੈਕਟ ਕੱਢ ਕੇ
ਮੇਰੇ ਹੱਥਾਂ ਵਿੱਚ ਫੜਾ ਦਿੱਤਾ। ਮੈਂ ਹੈਰਾਨੀ ਨਾਲ ਉਸਦੇ ਚਿਹਰੇ ਵੱਲ ਵੇਖ ਰਿਹਾ ਸਾਂ।
ਉਹ ਕਹਿਣ ਲੱਗਾ, “ਇਹਨਾਂ ਪੈਸਿਆਂ ਨਾਲ ਤੂੰ ਟਿਊਬਵੈੱਲ ਲਵਾ ਤੇ ਹੋਸਟਲ ਦਾ ਖ਼ਰਚਾ ਮੈਂ ਹਰ
ਮਹੀਨੇ ਤੈਨੂੰ ਦੇ ਕੇ ਜਾਇਆ ਕਰੂੰ। ਦਿਲ ਨਹੀਂ ਛੱਡਣਾ। ਆਹ ਤੇਰਾ ਵੀਰ ਤੇਰੇ ਨਾਲ ਐ।”
ਅਣਬੋਲੇ ਮੇਰੀ ਬਿਰਥਾ ਜਾਣ ਲੈਣ ਵਾਲੇ ਇਸ ਵੀਰ ਦੇ ਹੱਥ ਘੁੱਟਦਿਆਂ ਮੇਰੀਆਂ ਅੱਖਾਂ ਤਰ ਹੋ
ਗਈਆਂ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਪਿਤਾ ਦੇ ਭੋਗ ਵਾਲੇ ਦਿਨ ਉਸਨੇ ਮੇਰੇ ਤੋਂ ਚੋਰੀ
ਬੀਬੀ ਕੋਲੋਂ ਘਰ ਦੀ ਮੌਜੂਦਾ ਆਰਥਕ ਸਥਿਤੀ ਬਾਰੇ ਪੁੱਛ ਕੇ ਸਾਰਾ ਅਨੁਮਾਨ ਲਾ ਲਿਆ ਸੀ।
ਬੀ ਐੱਡ ਕਰਨ ਤੋਂ ਬਾਅਦ ਮੈਂ ਪਹਿਲੀ ਨੌਕਰੀ ‘ਤੇ ਹਾਜ਼ਰ ਹੋ ਗਿਆ। ਤਨਖ਼ਾਹ ਮਿਲਣ ਲੱਗੀ। ਘਰ
ਦਾ ਖ਼ਰਚਾ ਤੁਰਨ ਲੱਗਾ। ਮੋਟਰ ਲੱਗ ਗਈ ਸੀ। ਕਣਕ ਸਾਂਭੀ ਗਈ ਸੀ ਅਤੇ ਨਵੀਂ ਫ਼ਸਲ ਬੀਜਣ ਦੀਆਂ
ਤਿਆਰੀਆਂ ਸਨ। ਮੈਂ ਸੋਚਿਆ ਸੀ ਕਿ ਛੋਟੇ ਭਰਾ ਨਾਲ ਮਿਲ ਕੇ ਵਾਹੀ ਦਾ ਚੰਗਾ ਠਕ-ਠਕਾ ਤੋਰ
ਲਵਾਂਗਾ ਅਤੇ ਅਗਲੀ ਫ਼ਸਲ ਤੋਂ ਜਸਵੰਤ ਦੇ ਪੈਸੇ ਮੋੜ ਦਿਆਂਗਾ। ਮਨ ਹੀ ਮਨ ਪ੍ਰਤੀ ਏਕੜ ਜ਼ਮੀਨ
ਵਿਚੋਂ ਹੋਣ ਵਾਲੀ ਆਮਦਨ ਦਾ ਹਿਸਾਬ ਕਿਤਾਬ ਜੋੜਨ ਲੱਗਾ। ਪਰ ਛੇਤੀ ਹੀ ਨਵਾਂ ਰਹੱਸ ਉਦਘਾਟਿਤ
ਹੋਇਆ। ਪਤਾ ਲੱਗਾ ਕਿ ਜ਼ਮੀਨ ਦਾ ਕੁੱਝ ਹਿੱਸਾ ਤਾਂ ਗਹਿਣੇ ਪਿਆ ਹੋਇਆ ਸੀ। ਮਾਂ ਨੂੰ ਪੁੱਛਿਆ
ਤਾਂ ਉਸਨੇ ਆਖਿਆ, “ਕਾਕਾ, ਦੋਵਾਂ ਕੁੜੀਆਂ ਦਾ ਵਿਆਹ ਕਿਤੇ ਫ਼ਸਲਾਂ ਦੀ ਆਮਦਨ ਤੋਂ ਤਾਂ ਨਹੀਂ
ਹੋਇਆ! ਜ਼ਮੀਨ ਗਹਿਣੇ ਨਾ ਪਾਉਂਦਾ ਤਾਂ ਕੀ ਕਰਦਾ ਉਹ। ਤੂੰ ਤਾਂ ਹਰ ਵੇਲੇ ਆਪਣੀਆਂ ਕਿਤਾਬਾਂ
ਤੇ ਆਪਣੇ ਯਾਰਾਂ ਵਿੱਚ ਰੁਝਿਆ ਰਹਿੰਦਾ ਸੈਂ। ਘਰ ਦਾ ਤੈਨੂੰ ਧਿਆਨ ਕੋਈ ਨਹੀਂ ਸੀ; ਬੱਸ
ਜ਼ਮਾਨੇ ਦਾ ਹੀ ਧਿਆਨ ਸੀ!”
ਕੁਝ ਦਿਨਾਂ ਬਾਅਦ ਸੋਸਾਇਟੀ ਦਾ ਇੰਸਪੈਕਟਰ ਆ ਗਿਆ। ਪਤਾ ਲੱਗਾ ਕਿ ਕੁੱਝ ਸਾਲ ਪਹਿਲਾਂ ਘਰ
ਦੇ ਖ਼ਰਚੇ ਤੋਰਨ ਲਈ ਖੂਹ ਲਵਾਉਣ ਦੇ ਬਹਾਨੇ ਪਿਤਾ ਨੇ ਕਰਜ਼ਾ ਲਿਆ ਹੋਇਆ ਸੀ। ਉਸਦੀਆਂ ਬਕਾਇਆ
ਕਿਸ਼ਤਾਂ ਪਿਤਾ ਦੀ ਮੌਤ ਤੋਂ ਬਾਅਦ ਹੁਣ ਯੱਕ-ਮੁਸ਼ਤ ਜਮ੍ਹਾਂ ਕਰਵਾਉਣੀਆਂ ਪੈਣੀਆਂ ਸਨ।
‘ਅੰਗ-ਸੰਗ’ ਕਹਾਣੀ ਦੇ ਬਹੁਤੇ ਵੇਰਵੇ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਦੀ ਸਾਡੇ ਪਰਿਵਾਰ ਦੀ
ਮਾਨਸਿਕਤਾ ਨਾਲ ਜੁੜੇ ਹੋਏ ਸਨ।
ਪਿਤਾ ਦੀ ਮੌਤ ਤੋਂ ਅਗਲੇ ਹੀ ਸਾਲ ਇਸੇ ਤੰਗੀ-ਤੁਰਸ਼ੀ ਵਿੱਚ ਮੇਰਾ ਵਿਆਹ ਹੋ ਗਿਆ। ਮੇਰੀ
ਪਤਨੀ ਰਜਵੰਤ ਨੇ ਹਰ ਮੁਸ਼ਕਿਲ ਵਿੱਚ ਮੇਰਾ ਸਾਥ ਨਿਭਾਉਣ ਦਾ ਕੇਵਲ ਵਚਨ ਹੀ ਨਾ ਦਿੱਤਾ ਸਗੋਂ
ਖ਼ੁਸ਼ੀ ਖ਼ੁਸ਼ੀ ਪੂਰੀ ਸਮਰਪਣ ਭਾਵਨਾ ਨਾਲ ਇਸਨੂੰ ਨਿਭਾਇਆ ਵੀ। ਘਰ ਵਿੱਚ ਦੋ ਤਨਖ਼ਾਹਾਂ ਆਉਣ
ਲੱਗੀਆਂ। ਪਤਨੀ ਦੀ ਸਹਾਇਤਾ ਨਾਲ ਅਗਲੇ ਕੁੱਝ ਸਾਲ ਤਾਂ ਪਿਤਾ ਦਾ ਕਰਜ਼ਾ ਲਾਹੁਣ ਤੇ ਗਹਿਣੇ
ਪਈ ਜ਼ਮੀਨ ਛੁਡਾਉਣ ਵਿੱਚ ਲੱਗ ਗਏ। ਭਰਾ ਨਾਲ ਰਲ ਕੇ ਵਾਹੀ ਕਰਨ ਦਾ ਮੇਰਾ ਆਪਣਾ ਤਜਰਬਾ ਵੀ
ਫੇਲ੍ਹ ਹੋਇਆ।
ਹਰੇ ਇਨਕਲਾਬ ਨੇ ਸਾਨੂੰ ਤਾਂ ਨਿਰਾਸ਼ ਹੀ ਕੀਤਾ ਸੀ। ਖੇਤੀ ਕਰਦੇ ਸਮੇਂ ਸਭ ਤੋਂ ਉਤਸ਼ਾਹ ਅਤੇ
ਨਿਰਾਸ਼ਾ ਦਾ ਆਲਮ ਉਸ ਦਿਨ ਹੁੰਦਾ ਜਦੋਂ ਫ਼ਸਲ ਜੁਖਣੀ ਹੁੰਦੀ। ਉਤਸ਼ਾਹ ਇਸ ਗੱਲ ਦਾ ਕਿ ਫ਼ਸਲ ਘਰ
ਆਵੇਗੀ ਤੇ ਸਾਲ ਭਰ ਦੀਆਂ ਰੁਕੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਅਤੇ ਨਿਰਾਸ਼ਾ ਇਸ ਗੱਲ ਦੀ ਕਿ
ਫ਼ਸਲ ਦੀ ਜਿੰਨੀ ਆਮਦ ਅੰਗੀ ਜਾਂਦੀ, ਫ਼ਸਲ ਕਦੀ ਵੀ ਓਨੀ ਨਾ ਨਿਕਲਦੀ। ਇਸ ਉਤਸ਼ਾਹ ਅਤੇ ਨਿਰਾਸ਼ਾ
ਵਿੱਚ ਉਦੋਂ ਵੀ ਡੁੱਬਦਾ-ਤਰਦਾ ਰਹਿੰਦਾ ਸਾਂ ਜਦੋਂ ਮੇਰਾ ਪਿਤਾ ਖੇਤੀ ਕਰਦਾ ਸੀ ਅਤੇ ਉਦੋਂ
ਵੀ ਜਦੋਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਭਰਾ ਨਾਲ ਮਿਲ ਕੇ ਖ਼ੁਦ ਖੇਤੀ ਕਰਦਾ ਰਿਹਾ।
ਇਹ ਡੁੱਬਣਾ-ਤਰਨਾ ਉਂਜ ਸਾਰਾ ਸਾਲ ਹੀ ਜਾਰੀ ਰਹਿੰਦਾ। ਕਦੀ ਖੂਹ ਲਵਾਉਣ ਲਈ ਪਿਤਾ ਵੱਲੋਂ
ਚੁਕੇ ਕਰਜ਼ੇ ਦੀ ਕਿਸ਼ਤ ਮੋੜਨ ਅਤੇ ਉਸ ਵੱਲੋਂ ਲੋੜ-ਪੂਰਤੀ ਲਈ ਗਹਿਣੇ ਪਈ ਜ਼ਮੀਨ ਛੁਡਾਉਣ ਦਾ
ਫ਼ਿਕਰ, ਕਦੇ ਬਿਜਲੀ ਦੀ ਮੋਟਰ ਦਾ ਬਿੱਲ ਤਾਰਨ ਦੀ ਚਿੰਤਾ, ਕਦੀ ਸਮੇਂ ਸਿਰ ਖ਼ਾਦ ਨਾ ਮਿਲ ਸਕਣ
ਦਾ ਪੰਗਾ, ਕਦੀ ਡਿਮ ਬਿਜਲੀ ‘ਤੇ ਮੋਟਰ ਚਲਾਉਣ ਕਰਕੇ ਮੋਟਰ ਸੜ ਜਾਣ ਤੇ ਮੁੜ ਬਨ੍ਹਾਉਣ ਦਾ
ਖ਼ਰਚਾ! ਇੱਕ ਸਾਲ ਤਾਂ ਇਸਤਰ੍ਹਾਂ ਵੀ ਹੋਇਆ ਕਿ ਕਿਸੇ ਤੋਂ ਕਣਕ ਦਾ ਵਧੀਆ ਅਤੇ ਨਵਾਂ ਬੀਜ
ਖ਼ਰੀਦ ਕੇ ਪਾਇਆ ਪਰ ਉਹ ਕਣਕ ਉੱਗੀ ਹੀ ਨਾ। ਮਹੀਨਾ ਭਰ ਅਸੀਂ ਉਸਦੇ ਵਿਰਲੇ ਵਿਰਲੇ ਉੱਗੇ
ਸੂਇਆਂ ਨੂੰ ਵਿੰਹਦੇ ਰਹੇ ਕਿ ਸ਼ਾਇਦ ਪਾਣੀ ਦੇਣ ਨਾਲ ਰਹਿੰਦਾ ਬੀ ਉੱਗ ਸਕੇ ਪਰ ਇਹ ਹੋ ਨਾ
ਸਕਿਆ ਅਤੇ ਇੰਜ ਸਮੇਂ ਮਾਰ ਹੋ ਗਈ।
ਅਸਲ ਵਿੱਚ ਇਹ ਮੇਰੀ ਇਕੱਲੇ ਦੀ ਕਹਾਣੀ ਨਹੀਂ ਸੀ। ਮੇਰੇ ਵਰਗੇ ਹੋਰ ਵੀ ਛੋਟੇ ਕਿਰਸਾਣੀ
ਪਰਿਵਾਰਾਂ ਦੀ ਅਜਿਹੀ ਹੀ ਮਿਲੀ ਜੁਲੀ ਹਾਲਤ ਸੀ। ਮੈਂ ਛੋਟੇ ਕਿਰਸਾਣ ਦੀ ਜ਼ਿੰਦਗੀ ਤਾਂ ਆਪਣੇ
ਸਾਹੀਂ ਜਿਊਂ ਰਿਹਾ ਸਾਂ। ਹਰੇ ਇਨਕਲਾਬ ਨੇ ਫ਼ਸਲਾਂ ਦੇ ਝਾੜ ਅਤੇ ਭਾਅ ਵਧਾ ਦਿੱਤੇ ਸਨ ਪਰ
ਨਾਲ ਹੀ ਜ਼ਿੰਦਗੀ ਦੀਆਂ ਨਵੀਆਂ ਸੁਖ-ਸਹੂਲਤਾਂ ਦੇ ਉਪਲਬਧ ਹੋਣ ਕਰਕੇ ਖ਼ਰਚਿਆਂ ਵਿੱਚ ਵੀ ਢੇਰ
ਵਾਧਾ ਹੋ ਗਿਆ ਸੀ। ਖੇਤੀ ਲਈ ਵੀ ਜਿਹੜੇ ਲੋਕ ਸਮੇਂ ਸਿਰ ਵਾਹੁਣ-ਬੀਜਣ ਦੇ ਨਾਲ ਨਾਲ ਖ਼ਾਦ,
ਪਾਣੀ ਅਤੇ ਕੀਟ-ਨਾਸ਼ਕ ਦਵਾਈਆਂ ਪਾ ਸਕਣ ਦੇ ਸਮਰੱਥ ਸਨ, ਉਹਨਾਂ ਲਈ ਤਾਂ ਹਰਾ ਇਨਕਲਾਬ ਰਹਿਮਤ
ਬਣ ਕੇ ਆਇਆ ਸੀ ਪਰ ਮੇਰੇ ਵਰਗੇ ਛੋਟੇ ਕਿਰਸਾਣਾਂ ਨੂੰ ਇਸ ‘ਇਨਕਲਾਬ’ ਵਿਚੋਂ ਬਣਦਾ ਹਿੱਸਾ
ਨਹੀਂ ਸੀ ਮਿਲ ਰਿਹਾ। ਮੈਂ ਹੁਣ ਸੋਚ ਲਿਆ ਸੀ ਕਿ ਰਾਜਨੀਤਕ ਇਨਕਲਾਬ ਦੀਆਂ ਉਤਸ਼ਾਹੀ ਅਤੇ
ਬਨਾਵਟੀ ਕਹਾਣੀਆਂ ਲਿਖਣ ਦੀ ਥਾਂ ਮੈਨੂੰ ਆਪਣੇ ਕਿਰਸਾਣ ਭਾਈਚਾਰੇ ਦੀ ਹੱਡੀਂ-ਹੰਢਾਈ ਪੀੜ
ਨੂੰ ਜ਼ਬਾਨ ਦੇਣੀ ਚਾਹੀਦੀ ਹੈ। ਇਸ ਪੀੜ ਦੀ ਹੂੰਗਰ ਮੇਰੀਆਂ ‘ਕਿੱਥੇ ਗਏ’, ‘ਡੁੰਮ੍ਹ’,
‘ਆਪਣਾ ਆਪਣਾ ਹਿੱਸਾ’, ‘ਗੁਰਮੁਖ ਸਿੰਘ’, ‘ਸੁਨਹਿਰੀ ਕਿਣਕਾ’, ‘ਵਾਪਸੀ’ ਆਦਿ ਕਹਾਣੀਆਂ
ਵਿੱਚ ਬੋਲਦੀ ਸੁਣਾਈ ਦਿੰਦੀ ਹੈ।
-0-
|