ਪੰਚਮ ਪਾਤਸ਼ਾਹ ਗੁਰੁ
ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ: ਸਿੱਖ ਕੌਮ ਦੀ ਵਿਚਾਰਧਾਰਾ ਵਿਚ ਨਵੀਂ ਕ੍ਰਾਂਤੀ ਦਾ
ਆਵੇਸ਼ ਹੋ ਜਾਂਦਾ ਹੈ : ਸਿੱਖਾਂ ਦੇ ਜੀਵਨ ਕਾਰਜ ਦੇ ਵਡੇ ਤਲਖ ਪਰਿਵਰਤਨ ਦਾ ਬਾਇਸ ਬਣ
ਜਾਂਦੀ ਹੈ । ਮੁਗਲ ਦੌਰ ਦਾ ਇਤਿਹਾਸਕ ਵਿਦਰੋਹ ਅਦੁੱਤੀ ਸੁਮਾਰਕ “ ਅਕਾਲ ਤਖਤ “ ਨੂੰ
ਪਰਗਟ ਕਰ ਦਿੰਦਾ । ਗੁਰੂ ਜੀ ਦਾ ਮਹਾਨ ਬਲੀਦਾਨ ; ਉਨ੍ਹਾਂ ਦਾ ਮਹਾਨ ਆਦੇਸ਼ ਕੌਮ ਦੇ ਅਗਲੇ
ਵਾਰਸ (ਗੁਰੁ ਛੇਂਵੇ ) ਦੇ ਹਿਰਦੇ ਅੰਦਰ ਦ੍ਰਿੜ ਸੰਕਲਪ ਦਾ ਬੀਜ ਬੋ ਦਿੰਦਾ । ਜ਼ੁਲਮ ਜ਼ਬਰ
ਦਾ ਟਾਕਰਾ ਕਰਨਾ ਅਟੱਲ ਹੋ ਜਾਂਦਾ ; ਉਸ ਵੇਲੇ ਪੀਰੀ ਦਾ ਸੰਕਲਪ ਕਾਫੀ ਨਹੀਂ ਰਹਿੰਦਾ ;
ਮੀਰੀ ਨੂੰ ਧਾਰਨ ਕਰਨਾ ਲਾਜ਼ਮ ਹੋ ਜਾਂਦਾ ; ਭਗਤੀ ਭਾਵ ਦੇ ਨਾਲ ਨਾਲ ਸ਼ਕਤੀ-ਸੂਰਬੀਰਤਾ ਦਾ
ਪ੍ਰਦਰਸ਼ਨ ਵੱਡੀ ਲੋੜ ਬਣ ਜਾਂਦਾ -.
ਇਕ ਦਿਨ ਗੁਰੁ ਛੇਵਾਂ ਪਾਤਸ਼ਾਹ ਦਰਸ਼ਨੀ ਡਿਉਡੀ ਦੇ ਸਨਮੁਖ ,ਦਰਬਾਰ ਲਾਉਂਦਾ ਹੈ ;ਆਪਣੀ ਰੇਖ
ਦੇਖ ਹੇਠ ਸਦੀਂਵੀਂ ‘ਅਕਾਲ ਤਖਤ‘ ਦੀ ਰਚਨਾ ਕਰਵਾਉਂਦਾ ਹੈ ;ਭਰੇ ਦਰਬਾਰ ਅੰਦਰ ਫਰਮਾਨ
ਜਾਰੀ ਹੋ ਜਾਂਦਾ ; ਤਮਾਮ ਮਸੰਦਾਂ ਅਤੇ ਮੁਖੀ ਸਿੱਖਾਂ ਵੱਲ ਹੁਕਮਨਾਮਾ ਨਸ਼ਰ ਹੋ ਜਾਂਦਾ -
ਆਉਣ ਵਾਲੇ ਕੱਲ੍ਹ ਦਾ ਰੂਪ ਹੋਰ ਹੋਵੇਗਾ ; ਹਥਿਆਰ, ਘੋੜੇ ਸਿਖੀ ਦੀ ਸ਼ਾਨ ਹੋਣਗੇ ; ਜੰਗੀ
ਭੇਟਾਵਾਂ ਨੂੰ ਪਹਿਲ ਹੋਵੇਗੀ-.(1*)
ਜੋ ਸਿਖ ਆਨਹਿ ਸ਼ਸਤ੍ਰ ਤੁਰੰਗਾ .
ਹੋਏ ਖੁਸ਼ੀ ਗੁਰ ਕੀ ਸੁਖ ਸੰਗਾ ॥18॥
ਹਾੜ ਸੁਦੀ ਦਸਵੀਂ ਐਤਵਾਰ ਨੂੰ ਸ੍ਰੀ ਹਰਿਗੋਬਿੰਦ ਸਾਹਿਬ ਦੇ ਸ਼੍ਰੇਸਟ ਮਸਤਕ ‘ਤੇ
ਗੁਰਤਾਗੱਦੀ ਦਾ ਤਿਲਕ ਲਾਉਣ ਦਾ ਦਿਨ ਮੁਕੱਰਰ ਹੋ ਜਾਂਦਾ ;ਪਾਤਸ਼ਾਹ ਅਕਾਲ ਬੁੰਗੇ ਦੇ ਸਥਾਨ
‘ਤੇ ਸੁੰਦਰ ਸਿੰਘਾਸਨ ‘ਤੇ ਆ ਬਿਰਾਜਮਾਨ ਹੁੰਦਾ ।ਸੰਗਤਾਂ ਵਿਚ ਉਤਸ਼ਾਹ ਹੈ ਉਮੰਗ ਹੈ ਚਾਅ
ਹੈ ;ਦਰਬਾਰ ਸਜ ਜਾਂਦਾ ।ਗੁਰੁ ਪਾਤਸ਼ਾਹ ਦਾ ਹੁਕਮ ਨਾਫਿਜ਼ ਹੁੰਦਾ - ਦਰਬਾਰ ਵਿਚ ਸ਼ਸਤਰ
ਪਰਗਟ ਕੀਤੇ ਜਾਣ -।ਭਾਂਤ ਭਾਂਤ ਦੇ ਕੀਮਤੀ ਅਣਮੁੱਲੇ ਹਥਿਆਰ ਸਨਮੁਖ ਕਰ ਦਿਤੇ ਜਾਂਦੇ ;
ਗੁਰੁ ਪਾਤਸ਼ਾਹ ਦੋ ਸੁੰਦਰ ਕਿਰਪਾਨਾਂ ਚੁੱਕਦਾ ; ਇਕ ਸੱਜੇ ਪਾਸੇ ਇਕ ਖੱਬੇ ਪਾਸੇ ;ਦੋਨੋਂ
ਹੀ ਧਾਰਨ ਕਰ ਲੈਂਦਾ ।ਗੁਰੂ ਪਾਤਸ਼ਾਹ ਇਨ੍ਹਾਂ ਦਾ ਨਾਂ ਬਖਸ਼ਦਾ ; ਇਕ ਮੀਰੀ ਦੀ ,ਇਕ ਪੀਰੀ
ਦੀ । ਬਲੰਦ ਅਵਾਜ਼ ਵਿਚ ਫਿਰ ਫਰਮਾਨ ਜਾਰੀ ਹੁੰਦਾ - ਮਾਝੇ, ਦੁਆਬੇ ਵੱਲ ਸਿੱਖ ਭੇਜੇ ਜਾਣ
; ਇਤਲਾਹਤ ਕੀਤਾ ਜਾਵੇ ; ਗੁਰੂ ਪਾਤਸ਼ਾਹ - ਸੂਰਮਿਆਂ ਦੀ ਫੌਜ ਤਿਆਰ ਕਰ ਰਿਹਾ ਹੈ ; ਜੋ
ਕੋਈ ਫੌਜ ‘ਚ ਚਾਕਰੀ ਕਰਨਾ ਚਾਹੁੰਦਾ ਹੈ ; ਗੁਰੁ-ਦਰਬਾਰ ਵਿਚ ਹਾਜ਼ਰ ਹੋਵੇ ਸ਼ਸ਼ਤਰ ਧਾਰਨ
ਕਰੇ ਅਤੇ ਯਥਾਯੋਗ ਧਨ ਪ੍ਰਾਪਤ ਕਰੇ -।ਦੂਜਾ ਫਰਮਾਨ ਜਾਰੀ ਹੁੰਦਾ -ਦੂਰ ਦੂਰ ਦੇਸਾਂ
ਇਲਾਕਿਆਂ ਵਿਚ ਸੰਦੇਸ਼ ਪਹੁੰਚਦਾ ਹੋਵੇ ; ਸ਼ਸ਼ਤਰਾਂ ਦੇ ਵਪਾਰੀ ਅਤੇ ਘੋੜਿਆਂ ਦੇ ਸੌਦਾਗਰ ;
ਗੁਰੁ ਦਰਬਾਰ ਵਿਚ ਆਉਣ ; ਸ਼ਸਤਰ ਘੋੜੇ ਖਰੀਦੇ ਜਾਣਗੇ ਅਤੇ ਮੁਨਾਸਬ ਧਨ ਦਰਬ ਦਿੱਤਾ
ਜਾਵੇਗਾ .(2*)
ਗੁਰੁ ਪਾਤਸ਼ਾਹ ਦੇ ਹੁਕਮ ਦੀ ਤਾਮੀਲ ਹੁੰਦੀ ਹੈ ; ਦਿਨਾਂ ਵਿਚ ਮਜ਼ਬੂਤ ਫੌਜੀ ਸੰਗਠਨ ਕਾਇਮ
ਹੋ ਜਾਂਦਾ ।ਘੋੜੇ ,ਹਥਿਆਰ ਖੰਡੇ ਨੇਜ਼ੇ ਢਾਲਾਂ ਤਲਵਾਰਾਂ ਭੱਥੇ ,ਤੀਰ ,ਖਪਰੇ ਭਾਰੀ ਮਾਤਰਾ
ਵਿਚ ਇਕੱਤਰ ਹੋ ਜਾਂਦੇ ।ਘੋੜਿਆਂ ਦੀ ਰੇਖ-ਦੇਖ ਲਈ ਡਿਉਟੀਆਂ ਲੱਗ ਜਾਂਦੀਆਂ । ਸਾਂਭ
ਸੰਭਾਲ ਲਈ ਤਬੇਲੇ ਬਣ ਜਾਂਦੇ ;ਦਾਣੇ ਫੱਕੇ ਦਾ ਸਥਾਈ ਪੱਕਾ ਪ੍ਰਬੰਧ ਹੋ ਜਾਂਦਾ ॥
ਸੂਰਮਿਆਂ ਲਈ ਜੰਗੀ ਅਭਿਆਸ ਆਰੰਭ ਹੋ ਜਾਂਦਾ । ਮਨੋਬਲ ਉਚਾ ਕਰਨ ਹਿਤ ਗੁਰੁ ਪਾਤਸ਼ਾਹ ਖੁਦ
ਸ਼ਸਤਰ ਸਜਾਉਂਦਾ; ਘੋੜੇ ‘ਤੇ ਸਵਾਰ ਹੁੰਦਾ ;ਸੂਰਮਿਆਂ ਨੂੰ ਸ਼ਿਕਾਰ ਖਿਡਾਉਂਦਾ : ਮੁਖੀ ਬਣ
ਕੇ ਨਾਲ ਜਾਂਦਾ ;ਆਪ ਸ਼ਿਕਾਰ ਖੇਡਦਾ ; ਸੂਰਮਿਆਂ ਨੂੰ ਸਾਹਸੀ ਬਣਾਉਂਦਾ । ਅੰਮ੍ਰਿਤਸਰ
ਸ਼ਹਿਰ ਦੀ ਸ਼ੁਭਾ ਦਾ ਜਲੌਅ ; ਇਲਾਹੀ ਬਾਣੀ ਦਾ ਕੀਰਤਨ ਹੁੰਦਾ ਅਨਹਦ ਨਾਦ ਦੀ ਧੁਨ ਉਪਜਦੀ ;
ਸ਼ਾਮਾਂ ਦਾ ਵੱਖਰਾ ਰੂਪ ; ਦਰਬਾਰ ਲਗਦਾ ।ਗੁਰੁ ਪਾਤਸ਼ਾਹ ਬਿਰਾਜਮਾਨ ਹੁੰਦਾ। ਅਬਦੁੱਲਾ
ਢਾਢੀ ਦੀਆਂ ਬੀਰ ਰਸੀ ਵਾਰਾਂ ; ਸੂਰਮਿਆਂ ਦੇ ਹੌਸਲੇ ਬਲੰਦ ਹੁੰਦੇ ।ਨਜ਼ਰ-ਏ-ਕਰਮ ਪੀਰੀ
ਤਾਂ ਪਹਿਲਾਂ ਹੀ ਬਲੰਦ ਏ ਸਥਾਨ ਸੀ ; ਮੀਰੀ ਦਾ ਸੰਕਲਪ ਵੀ ਪ੍ਰਕਾਸ਼ ਮਾਨ ਹੋਣ ਲੱਗ ਪੈਂਦਾ
।ਸਰਕਾਰੇ ਦਰਬਾਰੇ ਖਬਰਾਂ - ਗੁਰੂ ਘਰ ਦੀ ਮਰਯਾਦਾ ਬਦਲ ਗਈ ਹੈ ; ਭਗਤੀ ਦੇ ਨਾਲ ਸ਼ਕਤੀ ਦਾ
ਪ੍ਰਗਟਾਉ ਹੈ .
ਤੁਜ਼ਕ-ਏ-ਜਹਾਂਗੀਰੀ ਦਾ ਹਵਾਲਾ ਦਿੰਦੇ ਹੋਏ ਡਾ: ਕਿਰਪਾਲ ਸਿੰਘ ਆਪਣੀ ਪੁਸਤਕ
–ਫਰੋਸਪੲਚਟਵਿੲ ੋਾ ੰਕਿਹ ਘੁਰੁਸ- ਲਿਖਦੇ ਹਨ : ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਨੂੰ
ਸ਼ਹੀਦ ਕਰਨ ਲਈ ਬਾਦਸ਼ਾਹ ਜਹਾਂਗੀਰ ਫਰਮਾਨ ਜਾਰੀ ਕਰਦਾ ਹੈ - ਅਰਜਨ ਨਾਮੀ ਹਿੰਦੂ ਪੀਰ ਨੂੰ
ਹਾਜ਼ਰ ਕਰੋ ; ਉਸ ਦੇ ਘਰ , ਮਾਲ- ਜਾਇਦਾਦ ਨੂੰ ਜ਼ਬਤ ਕੀਤਾ ਜਾਵੇ ; ਯਾਸਾ ਰਾਹੀਂ ਤਸੀਹੇ
ਦੇ ਕੇ ਮਾਰ ਦਿੱਤਾ ਜਾਵੇ ;ਉਸ ਦੇ ਬੱਚਿਆਂ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਵੇ -
।ਪਰ ਬਾਦਸ਼ਾਹ ਦੇ ਅਧਿਕਾਰੀ ਉਸ ਦੇ ਹੁਕਮ ਨੂੰ ਅੰਸ਼ਕ ਰੂਪ ਵਿਚ (ਅਪੂੁਰਨ) ਮੰਨਦੇ ਹਨ
।ਗੁਰੁ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ; ਸ੍ਰੀ ਹਰਿਗੋਬਿੰਦ ਸਾਹਿਬ ਨੁੰ ਕੈਦ
ਨਹੀਂ ਕੀਤਾ ਜਾਂਦਾ ।ਲੁਕਿਆ ਹੋਇਆ ਭੇਦ ਪਰਗਟ ਹੋ ਜਾਂਦਾ -ਮੁਰਤਜ਼ਾ ਫਰੀਦ ਖਾਂ ਬੁਖਾਰੀ
ਮੁਗਲ ਸਲਤਨਤ ਦਾ ਉਚ ਅਹੁਦੇਦਾਰ ਗੁਰੁ ਪਾਤਸ਼ਾਹ ਛੇਂਵੇਂ ਨੂੰ ਕੈਦ ਦੀ ਬਜਾਏ ਵੱਡੀ ਤੋਂ
ਵੱਡੀ ਸਜ਼ਾ ਦੇਣ ਦੀ ਤਾਕ ‘ਚ ਹੁੰਦਾ .
ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੁਗਲ ਦਾ ਰਵੱਈਆ ਅਤਿ ਤਲਖ ਹੋ ਜਾਂਦਾ ।
ਅਣਸੁਖਾਵੇਂ ਹਾਲਾਤ ਨੂੰ ਭਾਂਪਦਿਆਂ ਸੁਝਵਾਨ ਸਿੱਖ ਬਾਬਾ ਬੁਢਾ , ਬਾਈ ਗੁਰਦਾਸ ਆਦਿ ਦੀ
ਨੇਕ ਸਲਾਹ ਹੁੰਦੀ - ਸਮੇਂ ਦੀ ਨਜ਼ਕਤ ਨੂੰ ਖਿਆਲਦਿਆਂ ਗੁਰੁ ਹਰਿਗੋਬਿੰਦ ਸਾਹਿਬ ਨੂੰ ਪੂਰੇ
ਪਰਿਵਾਰ ਸਮੇਤ ਯਥਾਯੋਗ ਮੌਕਾ ਸੰਭਾਲਿਦਆ ਮੁਗਲ ਛਾਇਆ ਹੇਠ ਪੈਂਦੇ ਅ੍ਰੰਮਿਤਸਰ ਦੇ ਇਲਾਕੇ
ਚੋਂ ਆਸੇ ਪਾਸੇ ਹੋ ਜਾਣਾ ਉਚਿਤ ਹੈ । ਸੁਰੱਖਿਅਤ ਸਥਾਨ ਡਰੋਲੀ ਭਾਈ (ਮੋਗਾ) ਹੈ ; ਗੁਰੁ
ਸਾਹਿਬ ਦਾ ਆਪਣੇ ਰਿਸ਼ਤੇਦਾਰ ਸਾਂਢੂ ਸਾਈਂਦਾਸ ਕੋਲ ਚਲੇ ਜਾਣਾ ਬੇਹਤਰ ਹੈ -। ਆਈਨੇ -ਏ-
ਅਕਬਰੀ ਦੇ ਅਨੁਸਾਰ - ਡਰੋਲੀ (ਭਾਈ ) ਦਾ ਇਲਾਕਾ ਸਤਲੁਜ ਤੋਂ ਉਰਾਰ ਦਾ ਹੈ ਅਤੇ ਦਿਲੀ
ਸੂਬੇ ਵਿਚ ਪੈਂਦਾ ਹੈ ਜੋ ਲਾਹੌਰ ਸੂਬੇ ਦੇ ਅਧਿਕਾਰ ਖੇਤਰ ਵਿਚ ਨਹੀਂ ; ਉਸ ਦੇ ਦਖਲ ਤੋਂ
ਬਾਹਰ ਹੈ ; ਪਾਣੀ ਤੋਂ ਰਹਿਤ ਹੈ ਅਤੇ ਸੰਨ੍ਹ ਵਿਚ ਭਾਰੀ ਜੰਗਲ ਪੈਂਦਾ ਜੋ ਮੁਗਲਾਂ ਦੀ
ਪਹੁੰਚ ‘ਚ ਨਹੀਂ .(3*)
ਗੁਰੁ ਪਾਤਸ਼ਾਹ, ਸਿਆਣਿਆਂ ਦੀ ਸਲਾਹ ਸਵੀਕਾਰ ਲੈਂਦਾ; ਆਰਜ਼ੀ ਤੌਰ ‘ਤੇ ਅ੍ਰੰਮਿਤਸਰ ਨੂੰ
ਛੱਡ ਦੇਣਾ ਵਿਚਾਰ ਲੈਂਦਾ ; ਪਰਿਵਾਰ ਨੰ ਸਿੱਖ ਸੂਰਮਿਆਂ ਦੀ ਹਿਫਾਜ਼ਤ ਹੇਠ ਡਰੋਲੀ ਭਾਈ
ਵੱਲ ਭੇਜ ਦਿੱਤ ਜਾਂਦਾ । ਗੁਰੁ ਪਾਤਸ਼ਾਹ ਆਪ ਸਾਰੀ ਸੈਨਾ ਅਤੇ ਬਾਬਾ ਬੁਢਾ ਜੀ ਆਦਿਕ
ਸ਼੍ਰੇਸ਼ਟ ਸਿੱਖਾਂ ਸਹਿਤ ਗੁਰੂ ਅਰਜਨ ਸਾਹਿਬ ਜੀ ਦੇ ਵਸਾਏ ਸ਼ਹਿਰ ਕਰਤਾਰਪੁਰ ਆ ਜਾਂਦਾ ।
ਲੋਕਾਂ ਨੂੰ ਪਤਾ ਲਗਦਾ ; ਗੁਰੁ ਸਾਹਿਬ ਕਰਤਾਰਪੁਰ ਆਏ ਹਨ ;ਸੰਗਤਾਂ ਹੁੰਮ-ਹੁਮਾ ਕੇ
ਦਿਦਾਰ ਹਿਤ ਆਉਂਦੀਆਂ ਨਜ਼ਰਾਨੇ ਲਿਆਉਂਦੀਆਂ । ਕਰਤਾਰਪੁਰ ਦੇ ਨੇੜੇ ਹੀ ਪਠਾਣਾਂ ਦਾ ‘ਵੱਡੇ
ਮੀਰ‘ ਨਾਮੀ ਇਕ ਪਿੰਡ ਹੁੰਦਾ ।ਪਠਾਣ ਬਹੁਤ ਹੀ ਜੁੱਧ ਅਭਿਆਸੀ ਅਤੇ ਜੰਗਾਂ ‘ਚ ਜੂਝਣ ਦਾ
ਸੌਕ ਰੱਖਣ ਵਾਲੇ ਹੁੰਦੇ ।ਪਠਾਣਾਂ ਨੂੰ ਗੁਰੁ ਪਾਤਸ਼ਾਹ ਦੇ ਕੌਤਕਾਂ ਕਾਰਜਾਂ ਅਤੇ ਜੀਵਨ
ਸ਼ੈਲੀ ਬਾਰੇ ਪਤਾ ਲਗਦਾ ; ਉਨ੍ਹਾ ਅੰਦਰ ਗੁਰੁ ਪਾਤਸ਼ਾਹ ਨੂੰ ਮਿਲਣ ਦੀ ਤੀਬਰ ਇੱਛਾ ਉਪਜਦੀ
ਹੈ ; ।ਇਸਮਾਈਲ ਖਾਨ ਮੁਖੀ ਪਠਾਣ ਸੁਣਦਾ - ਗੁਰੁ ਪਾਤਸ਼ਾਹ ਕਰਤਾਰਪੁਰ ਆਇਆ ; ਉਹ ਆਪਣੀ
ਸੈਨਾ ਵਿਚ ਸੂਰਮੇ ਭਰਤੀ ਕਰ ਰਿਹਾ -। ਉਹ ਸੋਲਾਂ ਕੁ ਗਭਰੂ ਪਠਾਣ ਆਪਣੇ ਨਾਲ ਲੈਂਦਾ ਅਤੇ
ਕਰਤਾਰਪੁਰ ਆ ਪਹੁੰਚਦੱ.(4*)
ਗੁਰੁ ਦਾ ਦਰਬਾਰ ਸਜਿਆ ਹੈ ।ਸਿੱਖ ਸੂਰਮੇ ਆਲੇ ਦੁਆਲੇ ਸੁਚੇਤ ਹੋਏ ਖੜੇ ਹਨ । ਸੰਗਤਾਂ ਆ
ਰਹੀਆਂ ਦਰਸ਼ਨ ਪਾ ਰਹੀਆਂ , ਭੇਟਾ ਚੜ੍ਹਾ ਰਹੀਆਂ ; ਬੈਠਦੀਆਂ ਜਾ ਰਹੀਆਂ । ਗੁਰੁ ਪਾਤਸ਼ਾਹ
ਨੇ ਲੰਮੀ ਨਜ਼ਰ ਮਾਰੀ ;ਦ੍ਰਿਸ਼ਟੀ ਸ੍ਹਾਮਣੇ ਸ਼ਸ਼ਤਰਧਾਰੀ ਚੋਣਵਂੇ ਗਭਰੂ ਖੜੇ ਹਨ ।ਗੁਰੁ
ਪਾਤਸ਼ਾਹ ਪੁੱਛਦਾ - ਇਹ ਬਾਂਕੇ ਭਰਵੇਂ ਜੁੱਸੇ ਵਾਲੇ ਕੌਣ ਹਨ ? ਬੁਲਾ ਕੇ ਲਿਆਵੋ -। ਟੋਲੀ
ਦਾ ਸਰਦਾਰ ਅੱਗੇ ਲੱਗ ਕੇ ਸਾਰਿਆਂ ਨੂੰ ਨਾਲ ਲੈ ਕੇ ਹਾਜ਼ਰ ਹੋ ਜਾਂਦਾ ; - ਸਲਾਮ ਏ ਲੇਕਮ
- ਫਰਮਾਉਂਦਾ । ਗੁਰੁ ਪਾਤਸ਼ਾਹ ਵੀ “ਜੀ ਆਇਆਂ ‘ ਆਖ ਪੁੱਛਣਾ ਕਰਦਾ -ਆਪ ਕੌਣ ਹੌ ਕਿਥੌਂ
ਆਏ ਹੋ ?। ਸਰਦਾਰ ਦਾ ਜਵਾਬ ਹੁੰਦਾ - ਅਸੀਂ ਪਠਾਣ ਲੋਕ ਹਾਂ ਜੀ। ਛੋਟੇ ਮੀਰ ਪਿੰਡ ਦੇ
ਵਾਸੀ ਹਾਂ ।ਕੰਮ ਸਾਡਾ ਜੰਗਾਂ-ਜੁੱਧਾਂ ਵਿਚ ਮਰਨਾ ਮਾਰਨਾ ਹੈ । ਗੁਰੁ ਪਾਤਸ਼ਾਹ ਸੁਣ ਕੇ
ਆਖਦਾ - ਚਾਕਰੀ ਕਰੋਗੇ ਫੌਜ ‘ਚ ਰਹੋਗੇ -?। ਸਰਦਾਰ ਬੋਲਦਾ - ਇਹ ਹੀ ਸਾਡਾ ਕਿਸਬ ਹੈ ਇਹ
ਸਾਡਾ ਕਿਤਾ ਹੈ: ਜੀਵਪਾਲਿਕਾ ਹਿਤ ਇਸ ਖਾਤਰ ਹੀ ਆਪ ਦੇ ਹਜ਼ੂਰ ਪਹੁੰਚੇ ਹਾਂ -.
ਉਨ੍ਹਾਂ ਵਿਚ ਇਕ ਸੋਲਾਂ ਕੁ ਸਾਲ ਦਾ ਉਚੀ ਲੰਮੀ ਡੀਲ ਡੌਲ ਵਾਲਾ ਗਭਰੂ ਨੌਜਵਾਨ ਹੁੰਦਾ ;
ਵੇਖ ਕੇ ਗੁਰੁ ਪਾਤਸ਼ਾਹ ਪੁੱਛਦਾ- ਇਹ ਚੋਬਰ ਕੌਣ ਹੈ ? ਇਸਮਾਈਲ ਖਾਨ ਦੇ ਮੁਖੌਂ ਨਿਕਲਦਾ -
ਹਜ਼ੂਰ !ਇਸ ਦਾ ਨਾਮ ਪੈਂਦੇ ਖਾਨ ਹੈ । ਇਹ ਜਲੰਧਰ ਦੇ ਨਜ਼ਦੀਕ ਆਲਮਪੁਰ ਗਿਲਜੀਆਂ ਪਿੰਡ ਦਾ
ਹੈ । ਛੋਟੀ ਉਮਰੇ ਮਾਤਾ ਪਿਤਾ ਤੋਂ ਮਹਿਰੂਮ ਹੋ ਗਿਆ; ਇਹ ਮੇਰਾ ਭਣੇਵਾਂ ਮੇਰੀ ਭੈਣ ਦਾ
ਪੁੱਤਰ ਹੈ । ਮੈਂ ਇਸ ਨੂੰ ਆਪਣੇ ਘਰੇ ਲੈ ਆਇਆ ਅਤੇ ਮੈਂ ਹੀ ਇਸ ਨੂੰ ਪਾਲਦਾ ਹਾਂ ; ਮਾਮਾ
ਹਾਂ ਮੈਂ ਇਸ ਦਾ -।ਆਪ ਦੀ ਨਜ਼ਰ ਸਵੱਲੀ ਹੋਵੇ ਆਪ ਦੇ ਹਜ਼ੂਰ ਸਮਰਪਤ ਹੈ ; ਯੁੱਧ ਦੇ ਮੈਦਾਨ
ਵਿਚ ਖੂਬ ਕੰਮ ਆਏਗਾ ;ਪੂਰਾ ਅੁਤਰੇਗੱ.(5*)
ਹਰਵਾਨਗੀ ਆਪ ਜਿ ਧਰਿਹੋ। ਰਾਖਹੁ ਢਿਗ ਪ੍ਰਤਿਪਾਰਨ ਕਰਿਹੋ।ਇਹ ਪਠਾਨ ਕੋ ਪੁਤਾ ਮਹਾਨੋ।
ਕਰਹਿ ਕਾਜ ਜਬਿ ਤੁਮ ਰਣ ਠੱਨੋ॥11॥
ਗੁਰੁ ਪਾਤਸ਼ਾਹ , ਹੋਰਨਾਂ ਸਣੇ ਪੈਂਦੇ ਖਾਨ ਨੂੰ ਨੌਕਰ ਰੱਖ ਲੈਂਦਾ । ਪੈਂਦੇ ਖਾਨ ਨੂੰ
ਚੋਟੀ ਦਾ ਜੋਧਾ ਬਣਾਉਣ ਦੀ ਮਨ ਵਿਚ ਧਾਰ ਲੈਂਦਾ ; ਉਸ ਨੂੰ ਪੂਰੀ ਤਰਾਂ ਰਿਸ਼ਟਪੁਸ਼ਟ ਬਲਵਾਨ
ਬਣਾਉਣ ਲਈ ਖਾਧ ਕੁਰਾਕ ਅਤੇ ਵਰਜ਼ਿਸ ਦੇ ਸਾਰੇ ਇੰਤਜ਼ਾਮ ਕਰ ਦਿੱਤੇ ਜੱਦੇ.
ਗੁਰੁ ਪਾਤਸ਼ਾਹ ਦਾ ਅਗਲਾ ਪਰੋਗਰਾਮ ਨਾਨਕਮੱਤੇ ਤੇ ਫਿਰ ਡਰੋਲੀ ਭਾਈ ਜਾਣ ਦਾ ਬਣ ਜਾਂਦਾ ।
ਕਰਤਾਰਪੁਰ ਦਾ ਸਾਰਾ ਪ੍ਰਬੰਧ ਅਤੇ ਫੌਜ ਨੂੰ ਬਾਬਾ ਬੁਢਾ ਜੀ ਦੇ ਹਵਾਲੇ ਕਰ ਗੁਰੂ ਪਾਤਸ਼ਾਹ
ਆਪ ਨਾਨਕਮੱਤੇ ਦੇ ਪੰਧ ‘ਤੇ ਟੁਰ ਪੈਂਦਾ ।ਉਥੇ ਕੰਮ ਨਿਪਟ ਜਾਂਦਾ ਹੈ ਤਾਂ ਗੁਰੁ ਪਾਤਸ਼ਾਹ
ਉਥੋਂ ਸਿੱਧੇ ਡਰੋਲੀ ਭਾਈ ( ਮੋਗਾ ਪੰਜਾਬ ) ਆਪਣੇ ਸਾਂਢੂ ਭਾਈ ਸਾਈਂਦਾਸ ਕੋਲ ਆ ਬਿਰਾਜਦਾ
ਹੈ । ਗੁਰੁ ਪਰਿਵਾਰ ਪਹਿਲਾਂ ਹੀ ਅੰਮ੍ਰਿਤਸਰ ਤੋਂ ਡਰੋਲੀ ਭਾਈ ਪਹੁੰਚ ਚੁੱਕਾ ਹੁੰਦਾ ।
ਡਰੋਲੀ ਭਾਈ ਗੁਰੂ ਪਾਤਸ਼ਾਹ ਦੇ ਚਰਨ ਪੈਂਦੇ ਆਸ ਪਾਸ ਸਿੱਖੀ ਦਾ ਪਰਚਾਰ ਪਸਾਰ ਹੁੰਦਾ ;
ਮਾਲਵੇ ਦੇ ਇਲਾਕੇ ਵਿਚ ਡਰੋਲੀ ਭਾਈ ਸਥਾਨ ਇਤਿਾਹਸਕ ਹੋ ਜਾਂਦਾ ਸਿੱਖੀ ਦਾ ਕੇਂਦਰ ਬਣ
ਜਾਂਦਾ .(6*)
ਸਮਾਂ ਕਰਵਟ ਲੈਂਦਾ 1607-1608 ਈ: ਤੋਂ ਬਾਅਦ ਅੰਮ੍ਰਿਤਸਰ ਦੇ ਹਾਲਾਤ ਸੁਖਾਵਂੇ ਹੋ
ਜਾਂਦੇ । ਪੰਜਾਬ ਦਾ ਗਵਰਨਰ ਬਦਲ ਜਾਂਦਾ ਨਵਾਂ ਗਵਰਨਰ ਕੁਲੀਜ਼ ਖਾਂ ਆ ਜਾਦਾ ; ਪਹਿਲੇ
ਵਾਂਗ ਉਹ ਕੱਟੜ ਜ਼ਨੂੰਨੀ ਨਹੀਂ ਹੁੰਦਾ । ਮੁਆਸੁਰ -ਉਲ-ਉਮਰਾ ਅਨੁਸਾਰ ਕੁਲੀਜ਼ ਖਾਂ ਬੜਾ
ਦਰਵੇਸ਼ੀ, ਤਿਆਗੀ ਤੇ ਸੰਜਮੀ ਹੁੰਦਾ .
ਸ਼ਾਹੀ ਪ੍ਰਬੰਧਾਂ ਵਿਚ ਤਬਦੀਲੀ ਆ ਜਾਂਦੀ ;ਹਾਲਾਤ ਬਦਲ ਜਾਂਦੇ ; ਅੰਮ੍ਰਿਤਸਰ ਵਸਦੇ
ਸ਼੍ਰੇਸਟ ਸਿੱਖਾਂ ਦੀ ਡਰੋਲੀ ਭਾਈ ਅਰਜ਼ ਪਹੁੰਚਦੀ ਹੈ ; ਗੁਰੁ ਪਾਤਸ਼ਾਹ, ਪਰਵਾਰ ਸਮੇਤ
ਡਰੋਲੀ ਭਾਈ ਤੋਂ ਵਾਪਸ ਅ੍ਰੰਮਿਤਸਰ ਆ ਪਹੁੰਚਦਾ ਹੈ ।ਬਾਬਾ ਬੁਢਾ ਜੀ ਨੂੰ ਫੌਜ ਸਮੇਤ
ਕਰਤਾਰਪੁਰ ਤੋਂ ਅੰਮ੍ਰਿਤਸਰ ਵਾਪਸ ਬੁਲਾ ਲਿਆ ਜਾਦਾ । ਭਰਤੀ ਹੋਇਆ ਪਠਾਣ ਪੈਂਦੇ ਖਾਨ
ਗੁਰੂ ਪਾਤਸ਼ਾਹ ਦੇ ਦਿਦਾਰ ਕਰਦਾ ।ਉਹ ਖੂਬ ਜ਼ੋਰਾਵਰ ਬਲ ਧਾਰ ਵੱਡੀ ਡੀਲ ਡੌਲ ਵਾਲਾ
;ਖੁਰਾਕਾਂ ਖਾ ਖਾ ਭਰ ਗਿਆ ਹੁੰਦਾ । ਮੁੱਛ-ਫੁੱਟ ਜਵਾਨ ਕੱਦ ਕੱਢ ਗਿਆ ਹੁੰਦਾ ।ਗੁਰੁ
ਪਾਤਸ਼ਾਹ ਵੇਖ ਕੇ ਖੁਸ ਹੁੰਦਾ ਗੁਰੁ ਸਾਹਿਬ ਨੂੰ ਆਪਣੀ ਚੋਣ ਯੋਗ ਜਾਪਦੀ ਹੈ -ਇਹ
ਸ਼ਕਤੀਸ਼ਾਲੀ ਜੋਧਾ ਬਣੇਗਾ ਜੰਗ ਦੇ ਮੈਦਾਨ ਵਿਚ ਚੰਗੇ ਹੱਥ ਵਖਾਏਗਾ ਲੋਹੇ ਨਾਲ ਲੋਹਾ
ਖੜਕਾਏਗਾ .(7*)
ਦੇਖਿ ਪ੍ਰਸੰਨ ਭਏ ਗੁਰ ਸਾਈਂ ।-ਬਨਹਿ ਬਲੀ ਜੋਧਾ ਰਣ ਥਾਈਂ .38.
ਗੁਰੁ ਪਾਤਸ਼ਾਹ ਦੀ ਪੈਂਦੇ ਖਾਨ ਵੱਲ ਤਵੱਜੋ ਹੋਰ ਵਧ ਜਾਦੀ ; ਪੈਂਦੇ ਖਾਨ ਨੂੰ ਆਦੇਸ਼
ਹੁੰਦਾ ; ਉਹ ਦਿਨ ‘ਚ ਦੋ ਵਾਰ ਵਰਜ਼ਿਸ਼ ਕਰੇ ਸਰੀਰ ਨੁੰ ਖੂਬ ਕਮਾਵੇ ;ਪੈਂਦੇ ਖਾਨ ਦੋ ਦੋ
ਮਣ ਦੀਆਂ ਮੂੰਗਲੀਆਂ ਫੇਰਦਾ ;ਮੂੰਗਲੀਆਂ ਦੇ ਬਾਲੇ ਕੱਡਦਾ ; ਮੂੰਗਲੀਆਂ ਨੂੰ ਸਿਰ ਦੇ
ਉਪਰੋਂ ਦੀ ਲਿਆ ਕੇ ਘੁਮਾਂਉਂਦਾ । ਰੇਤ ਦੇ ਘੜੇ ਭਰਵਾਉਂਦਾ ;ਆਪਣੀਆਂ ਮਜ਼ਬੂਤ ਬਾਹ੍ਹਾਂ
ਨਾਲ ਬੰਨ੍ਹਾਉਂਦਾ ; ਫਿਰ ਵੀ ਤੇਜ਼ੀ ਨਾਲ ਮੂੰਗਲੀਆਂ ਘੁਮਾਉਂਦਾ ;ਉਹ ਮੁਗਦਰ ਚੁੱਕਦਾ
।ਭਲਵਾਨ ਬੁਲਾਏ ਜਾਂਦੇ ;ਦੋਨੋ ਪੈਂਦੇ ਖਾਨ ਦੀਆਂ ਬਾਹਾਂ ਨਾਲ ਲਮਕਾਏ ਜਾਂਦੇ । ਪੈਂਦੇ
ਖਾਨ ਜੋਰ ਮਾਰ ਕੇ ਉਨ੍ਹਾਂ ਦੋਨਾਂ ਨੂੰ ਉਪਰ ਚੁੱਕ ਲੈਂਦਾ ; ਮੂੰਗਲੀਆਂ ਘੁਮਾਉਂਦਾ ਸਿਰ
ਦੇ ਉਪਰੋਂ ਦੀ ਲਿਆਂਉਂਦਾ ।ਉਸ ਦੀ ਵਧੀਆ ਖੁਰਾਕ ਦਾ, ਦੁਧ ਘਿਉ ਦਾ ,ਹੋਰ ਪ੍ਰਬੰਧ ਕੀਤਾ
ਜਾਂਦਾ ।ਪੈਂਦੇ ਖਾਨ ਇਸ ਕਦਰ ਬਲਵਾਨ ਹੋ ਜਾਂਦਾ ; ਉਹ ਢਾਲ ਨੂੰ ਫੜ੍ਹ ਕੇ ਮਰੋੜ ਦਿੰਦਾ ;
ਮਸਲ ਕੇ ਸਿਕੇ ਦੇ ਅੱਖਰ ਢਾਹ ਦਿੰਦਾ ਮਿਟਾ ਦਿੰਦਾ । ਉਸ ਦੇ ਬਲ ਦੀ ਇਕ ਦਿਨ ਪਰਖਣਾ
ਹੁੰਦੀ ;ਦੋ ਸੰਢੇ ਆਉਂਦੇ ; ਭਿੜਨ ਲਈ ਅੱਗੇ ਵਧਦੇ ; ਪੈਂਦੇ ਖਾਨ ਵਿਚਕਾਰ ਖੜੋ ਜਾਂਦਾ
ਸਿੰਗਾਂ ਤੋਂ ਫੜ ਕੇ ਦੋਨਾਂ ਨੂੰ ਪੈਰ ਨਹੀਂ ਪੁੱਟਣ ਦਿੰਦਾ .
ਅੰਮ੍ਰਿਤਸਰ ‘ਚ ਗੁਰੁ ਪਾਤਸ਼ਾਹ ਦਾ ਦਰਬਾਰ ਫਿਰ ਸਜਣ ਲਗ ਪੈਂਦਾ ;ਸੰਗਤਾਂ ਦੂਰੋਂ ਦੂਰੋਂ
ਆਉਂਦੀਆਂ ਅਤੇ ਅਦਭੁਤ ਵਸਤਾਂ ਲਿਆਉਂਦੀਆਂ । ਪੈਂਦੇ ਖਾਨ ‘ਤੇ ਗੁਰੁ ਪਾਤਸ਼ਾਹ ਦਾ ਦਿਲ ਆ
ਚੁੱਕਿਆ ਹੁੰਦਾ । ਗੁਰੁ ਪਾਤਸ਼ਾਹ , ਪੈਂਦੇ ਨੂੰ ਬੁਲਾਉਂਦਾ ; ਸੱਭ ਤੋ ਪਹਿਲਾਂ ਸਭ ਤੋਂ
ਵਧੀਆ ਵਸਤੂ ਉਸ ਨੂੰ ਦੁਆਉਂਦਾ । ਪੈਂਦੇ ਖਾਨ, ਤੌੜੀਆਂ ਦੁੱਧਾਂ ਦੀਆਂ ਪੀਂਦਾ ; ਰੱਜਵੇਂ
ਖੋਏ ਖਾਂਦਾ ; ਕਸਰਤਾਂ ਕਰਦਾ ਜਿਥੇ ਮੂੰਗਲੀਆਂ ਫੇਰਦਾ ਉਥੇ ਡੁੰਘੇ ਟੋਏ ਪੈ ਜਾਂਦੇ ।
ਨਰੋਈ ਖੁਰਾਕ ;ਪੈਂਦੇ ਖਾਨ ਜਰਵਾਣਾ ਹੋ ਜਾਂਦਾ ਘੋੜੇ ਨਾਲੋਂ ਤਾਕਤ ਵਿਚ ਦੂਣਾ ; ਪੈਰ ਨਾ
ਪੱਟਣ ਦਿੰਦਾ ਘੋੜੇ ਨੁੰ ਥਾਂ ਤੋਂ ਹਿਲਣ ਨਹੀਂ ਦਿੰਦਾ ।ਸਵਾਰ ਸਣੇ ਘੋੜੇ ਨੁੰ ਹੇਠ ਸੁੱਟ
ਲੈਂਦੱ.
ਗੁਰੁ ਪਾਤਸ਼ਾਹ ਸਿਫਤ ਕਰਦਾ ਹੋਇਆ ਆਖਦਾ : ਪੈਂਦੇ ਖਾਨ ਦੁਨੀਆ ਵਿਚ ਤੇਰੇ ਵਰਗਾ ਹੋਰ ਕੋਈ
ਨਹੀਂ -। ਪਂੈਦੇ ਖਾਨ ਬੋਲਦਾ - ਆਪ ਜੀ ਦੁਆਰਾ ਕੀਤੀ ਪਾਲਣਾ ਪੋਸਣਾ ਦਾ ਸਬਬ ਹੈ ; ਜੰਗ
ਵਿਚ ਮੇਰੇ ਹੱਥ ਵੇਖਣੇ ਮੈਦਾਨ ਵਿਚ ਤਬਾਹੀ ਮਚਾ ਦੇਵਾਂਗਾ ;ਆਪ ਦੇ ਦਿਤੇ-ਖਾਧੇ ਦਾ ਮੁੱਲ
ਤਾਰ ਦੇਵਾਂਗਾ .
ਗੁਰੁ ਪਾਤਸ਼ਾਹ ਸਿੱਖਾਂ ਤੋਂ ਵੱਧ ਕੇ ਪੈਂਦੇ ਖਾਨ ਦਾ ਖਿਆਲ ਰੱਖਦਾ ;ਦਰਬਾਰ ਵਿਚ ਜਦ ਵੀ
ਦੂਰ ਦੂਰ ਤੋਂ ਵਧੀਆ ਨਜ਼ਰਾਨੇ ਆਉਂਦੇ ਸੱਭ ਤੋਂ ਪਹਿਲਾਂ ਪੈਂਦੇ ਖਾਨ ਨੁੰ ਬੁਲਾਇਆ ਜਾਂਦਾ
ਾਂਵਧੀਆ ਤੋਹਫੇ ਉਸ ਨੂੰ ਦਿੱਤੇ ਜਾਂਦੇ । ਮੂੰਹ ਮੰਗਿਆ ਧਨ ਦਿੱਤਾ ਜਾਂਦਾ । ਉਸ ਦੇ ਹੇਠ
ਵਧੀਆ ਨਸਲ ਦਾ ਘੋੜਾ ਹੁੰਦਾ ।ਪੈਂਦੇ ਖਾਨ ਰਤਨਾਂ ਜਵਾਹਰਾਂ ਨਾਲ ਜੜੀ ਬਹੁਮੁੱਲੀ ਕਾਠੀ ਪਾ
ਕੇ ਸਵਾਰ ਹੁੰਦਾ ।ਉਸ ਦੇ ਕੀਮਤੀ ਪੁਸ਼ਾਕਾ ਪਹਿਨਿਆ ਹੁੰਦਾ ।ਗੁਰੁ ਪਾਤਸ਼ਾਹ ਉਸ ਨੂੰ ਬਹੁਤ
ਹੀ ਸਜਿਆ ਫਬਿਆ ਵੇਖਣਾ ਲੋੜਦਾ ।ਸਿਖ ਸੰਗਤਾਂ ਇਹ ਸੋਚ ਕੇ ਬੜੇ ਪ੍ਰੇਮ ਨਾਲ ਭੇਟਾਵਾਂ
ਅਰਪਣ ਕਰਦੀਆਂ ਇਕ ਆਸ਼ੇ ਹਿਤ ਕਿ ਇਹ ਗੁਰੁ ਸਾਹਿਬ ਜੀ ਦੇ ਪਹਿਨਣ ਲਈ ਹਨ ਉਹ ਜਰੂਰ
ਪਹਿਨਣਗੇ । ਪਰ ਉਹ ਸੱਭ ਤੋਂ ਪਹਿਲਾਂ ਪੈਂਦੇ ਖਾਨ ਨੂੰ ਅਵਾਜ਼ ਮਾਰ ਕੇ, ਉਸ ਨੂੰ ਭੇਟ ਕਰ
ਦਿੰਦੇ।ਸਿੱਖ , ਗੁਰੁ ਪਾਤਸ਼ਾਹ ਦੇ ਇਸ ਰਵੱਈਏ ਨੂੰ ਚੰਗਾ ਨਾ ਜਾਣਦੇ ।ਪੈਂਦੇ ਖਾਨ ਨੂੰ
ਬਾਹਲਾ ਹੀ ਸਿਰ ‘ਤੇ ਚੁੱਕੀ ਜਾਣ ‘ਤੇ ਉਨ੍ਹਾਂ ਦਾ ਮਨ ਟੁੱਟਦਾ ਉਨ੍ਹਾ ਦਾ ਮਨ ਈਰਖਾਲੂ
ਹੁੰਦਾ ।ਸਿੱਖ ਵਿਚਾਰਾਂ ਕਰਦੇ - ਪਹਿਲੇ ਗੁਰ ਸਹਿਬਾਨ ਦੀ ਭਗਤੀ ਭਾਵ ਵਾਲੀ ਰੀਤ ਸੀ ;ਹੁਣ
ਇਨ੍ਹਾ ਨੇ ਉਲਟੀ ਧਾਰਾ ਹੀ ਚਲਾ ਦਿਤੀ ਹੈ । ਇਨ੍ਹਾ ਦਾ ਸਿੱਖਾਂ ਵੱਲ ਝੁਕਾਅ ਘੱਟ ਇਸ
ਪਠਾਣ ਵੱਲ ਬਹੁਤਾ ਹੋ ਗਿਆ ਹੈ ॥ਗੁਰੁ ਜੀ ਨੂੰ ਪਤਾ ਕਿਉਂ ਨਹੀਂ ਲੱਗ ਰਿਹਾ ; ਪੈਂਦੇ ਖਾਨ
ਪਠਾਣ ਹੰਕਾਰੀ ਹੋਇਆ ਫਿਰਦਾ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ । ਗੁਰੁ ਸਾਹਿਬ ਨੁੰ ਕੁਝ
ਸੋਚਣਾ ਚਾਹੀਦਾ ਕੁਝ ਵਿਚਾਰਨਾ ਚਾਹੀਦਾ ਹੈ।ਫਿਰ ਇਕ ਦਿਨ ਪਰਮੁੱਖ ਸਿੱਖ ਭਾਈ ਗੁਰਦਾਸ ਕੋਲ
ਜਾ ਕੇ ਅਰਜ਼ ਕਰਦੇ ਹਨ ਕਿ ਗੁਰੁ ਜੀ ਦਾ ਸ਼੍ਰੇਸ਼ਟ ਸਿੱਖਾਂ ਵੱਲ ਘੱਟ ਸਗੋਂ ਪੈਂਦੇ ਪਠਾਣ
ਮਲੇਸ਼ ਵੱਲ ਜ਼ਿਆਦਾ ਹੀ ਝੁਕਾਅ ਹੈ .
- ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲੱਇੳੱ-.(7*ਅ)
ਫਿਰ ਉਹ ਸਮਾਂ ਵੀ ਆ ਜਾਂਦਾ ਜਦ ਸ਼ਾਹੀ ਦਰਬਾਰ ਦੀ ਗੁਰੂ ਪਾਤਸ਼ਾਹ ਨਾਲ ਠਨਕ ਜਾਂਦੀ ਹੈ
।ਮੁਗਲ ਨੂੰ ਗੁਰੁ ਘਰ ਦੀ ਪੀਰੀ ‘ਤੇ ਕੋਈ ਅਤਰਾਜ਼ ਨਹੀਂ ਹੁੰਦਾ ਗੁਰੁ ਸਾਹਿਬ ਦੀ ਪੀਰੀ
ਰੜਕਣ ਲੱਗ ਪੈਂਦੀ ਹੈ ।ਕਾਰਨ ਲੜਨ ਦਾ ਬਹਾਨਾ ਬਣ ਜਾਂਦਾ ।ਮੁਗਲ ਸਲਤਨਤ ਨੂੰ ਗੁਰੁ
ਪਾਤਸ਼ਾਹ ਦੀ ਮੀਰੀ ਦਾ ਸੰਕਲਪ ਡਰਾਉਣਾ ਲੱਗਣ ਲੱਗ ਪੈਂਦਾ । ਗੁਰੁ ਪਾਤਸ਼ਾਹ ਦਾ ਘੋੜੇ ‘ਤੇ
ਸਵਾਰ ਹੋਣਾ ਹੱਥ ‘ਚ ਬਾਜ਼ ਰੱਖਣਾ, ਨਗਾਰਾ ਵਜਾਉਣਾ ਤਖਤ ‘ਤੇ ਬੈਠਣਾ ਇਸਲਾਮੀ ਅਸੂਲ ਦੀ
ਬਰਖਿਲਾਫੀ ਜਾਪਣ ਲਗਦਾ ।ਫਿਰ ਇਕ ਵੇਲੇ ਗੁਰੂ ਪਾਤਸ਼ਾਹ ਨਾਲ ਲੜਨ ਦਾ ਕਾਰਨ ਮਿਥਿਆ ਜਾਂਦਾ
; ਗੁਰੁ ਪਾਤਸ਼ਾਹ ‘ਤੇ ਦੋਸ਼ ਨਾਫਿਜ਼ ਹੋ ਜਾਂਦਾ ਇਨ੍ਹਾਂ ਬਾਦਸ਼ਾਹ ਦੇ ਬਾਜ਼ ‘ਤੇ ਕਬਜ਼ਾ ਕਰ
ਲਿਆ ਹੈ ।ਸ਼ਾਹੀ ਫਰਮਾਨ ਜਾਰੀ ਹੋ ਜਾਂਦਾ ਹੈ। ਰਾਤ ਦਾ ਵਕਤ ਹੁੰਦਾ ਤੁਰਕ ਜਰਨੈਲ ਮੁਖਲਿਸ
ਖਾਨ ਦੀ ਕਮਾਂਡ ਹੇਠ ਸ਼ਾਹੀ ਲਸਕਰ ਚੜ੍ਹ ਆਉਂਦਾ । ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ
ਲੋਹਗੜ੍ਹ ਦੇ ਸਥਾਨ ‘ਤੇ ਦੋਹਾਂ ਧਿਰਾਂ ਵਿਚ ਖੜਕ ਪੈਂਦੀ ਹੈ । ਸ਼ਾਹੀ ਸੈਨਾ ਵਿਚ ਗੁਰੂ
ਪਾਤਸ਼ਾਹ ਦੇ ਸੁਰਮਿਆਂ ਵਰਗੀ ਮਰ ਮਿਟਣ ਵਾਲੀ ਦ੍ਰਿੜਤਾ ਨਹੀਂ ਹੁੰਦੀ ;ਉਨਾਂ ਦਾ ਗੁਰੂ
ਪਾਤਸ਼ਾਹ ਦੇ ਸੂਰਮਿਆਂ ਅੱਗੇ ਵੱਸ ਨਹੀਂ ਚੱਲਦਾ । ਤੁਰਕਾਂ ਦੇ ਪੈਰ ਨਹੀਂ ਜੰਮਦੇ ਜਖਮ ਖਾ
ਜਾਂਦੇ ਹਨ । ਅਨਵਰ ਖਾਨ , ਸ਼ਮਸ ਖਾਨ , ਅਲੀ ਮੁਹੰਮਦ , ਲੁਤਫ ਖਾਨ, ਦਵੰਦੇ ਖਾਨ ,ਇਸਮਾਈਲ
ਖਾਨ , ਬਲੀ ਬੇਗ ਜੈਨ ਖਾਨ ਵਰਗੇ ਤੁਰਕ ਜਰਨੈਲ ਇਕ ਇਕ ਕਰਕੇ ਜੰਗ ਦੀ ਭੇਟ ਹੋ ਜਾਂਦੇ ।
ਜਰਨੈਲ ਮੁਖਲਿਸ ਖਾਨ ਬਾਜ਼ੀ ਹੱਥੋਂ ਜਾਂਦੀ ਵੇਖਦਾ ; ਵੱਟ ਖਾਂਦਾ ; ਪੰਜ ਹਜ਼ਾਰ ਹੋਰ ਸੈਨਾ
ਝੋਕ ਦਿੰਦਾ ।ਗੁਰੁ ਪਾਤਸ਼ਾਹ, ਸ਼ਾਹੀ ਸੈਨਾ ਭਾਰੀ ਪੈਂਦੀ ਵੇਖਦਾ ਤਾਂ ਹੁਕਮ ਕਰਦਾ - ਪੈਂਦੇ
ਖਾਨ! ਤੇਰਾ ਦੋ ਹੱਥ ਕਰਨ ਦਾ ਵੇਲਾ ਆ ਗਿਆ ਹੈ ਮੈਦਾਨ ਵਿਚ ਜਾਉ ਤੇ ਮਾਰ ਮਚਾ ਦਿਅੁ.(8*)
-ਕਹਿ ਗੁਰੁ ਪੈਂਦੇ ਖਾਨ ਕੋ ਤੁਰਕ ਸੈਨ ਸਮੁਦੱਇ.
ਹੋਹਿ ਨਬੇਰੋ ਹਤੇ ਤੇ ਇਸ ਬਿਧਿ ਕੀਜੈ ਦਾਇ –.
ਪੈਂਦੇ ਖਾਨ ਮੈਦਾਨ ਵਿਚ ਜਾ ਕੁਦਦਾ ; ਤੁਰਕਾਂ ਦੇ ਖਿਲਾਰੇ ਪਾ ਦਿੰਦਾ ;ਸਰੋਹੀ ਤਲਵਾਰ ਦੇ
ਵਾਰ ਹੁੰਦੇ ; ਦੁਸ਼ਮਨ ਨੂੰ ਖਦੇੜ ਦਿੰਦਾ ;ਮੈਦਾਨ ਸੱਖਣਾ ਹੋ ਜਾਂਦਾ ;ਫਿਰ ਤੁਰਕ ਜਰਨੈਲ
ਦਿਦਾਰ ਅਲੀ ਚੜ੍ਹ ਆਉਂਦਾ ।ਗੁਰੂ ਪਾਤਸ਼ਾਹ ਦਾ ਫਿਰ ਹੁਕਮ ਹੁੰਦਾ -ਦੁਸ਼ਮਣ ਜੰਮ ਨਾ ਸਕੇ ਇਕ
ਪਾਸੇ ਪੈਂਦੇ ਖਾਨ ਡਟ ਜਾਵੇ ਦੂਜੇ ਪਾਸੇ ਬਿਧੀ ਚੰਦ .
ਭਟ ਪੈਂਦ ਖਾਨ ਨਿਜ ਬਾਮ ਕੀਨਿ।ਭਟ ਬਿਧੀਚੰਦ ਦਾਇਂ ਸੁ ਲੀਨਿ। 35॥
ਪੈਂਦੇ ਖਾਨ ਵਿਚ ਅਥਾਹ ਬਲ ; ਵੱਡੇ ਤੋਂ ਵੱਡੇ ਘੋੜੇ ਨੂੰ ਥਾਂ ‘ਤੇ ਰੱਖ ਲੈਣ ਦੇ ਸਮਰੱਥ
; ਉਹ ਜੱਫਾ ਮਾਰਦਾ , ਦਿਦਾਰ ਅਲੀ ਨੂੰ ਘੋੜੇ ਤੋਂ ਥੱਲੇ ਸੁਟ ਲੈਂਦਾ । ਦੋਨੋਂ ਘੋੜਿਆਂ
ਤੋਂ ਥੱਲੇ ਆ ਜਾਂਦੇ; ਆਹਮੋ ਸਾਮਣੇ ਤਲਵਾਰਾਂ ਸੂਤ ਲੈਂਦੇ । ਸੈਨਿਕ ਰੁਕ ਜਾਂਦੇ । ਵਾਰ
ਪੈਂਦੇ ਖਾਨ ਨੂੰ ਮਿਲ ਜਾਂਦਾ ; ਦਿਦਾਰ ਅਲੀ ਪਾਰ ਹੋ ਜਾਂਦਾ । ਤੁਰਕ ਲਸ਼ਕਰ ਮੈਦਾਨ ਛੱਡ
ਭਜ ਜਾਂਦਾ ; ਨਗਾਰਾ ਵੱਜ ਪੈਂਦਾ ਗੁਰੂ ਪਾਤਸ਼ਾਹ ਜਿੱਤ ਜਾਂਦਾ । ਲੋਹਗੜ੍ਹ ਦੀ ਲੜਾਈ
;ਪਂੈਦੇ ਖਾਨ ਦਾ ਮੁੱਲ ਪੈ ਜਾਂਦਾ ; ਪੈਂਦੇ ਖਾਨ ਖਾਧੀਆਂ ਖੁਰਾਕਾਂ ਦਾ ਪਹਿਲੇ ਹੱਲੇ ਹੀ
ਗੁਰੂ ਪਾਤਸ਼ਾਹ ਦਾ ਇਵਜਾਨਾ ਉਤਾਰ ਦਿੰਦਾ .
ਸਮਾਂ ਬੜਾ ਬਲਵਾਨ ਕਿਸੇ ਦੇ ਵਸ ਨਹੀਂ ਹੋਇਆ ਕਰਦਾ ।ਵਕਤ ਫਿਰ ਅਤਿ ਤਲਖ ਹੋ ਜਾਂਦਾ ਗੁਰੁ
ਘਰ ਲਈ ਅੰਮ੍ਰਿਤਸਰ ਬਹੁਤਾ ਚਿਰ ਸੁਖਾਵਾਂ ਨਹੀਂ ਰਹਿੰਦਾ ।ਫਿਰ ਬਚਾਅ ਵਿਚ ਹੀ ਬਚਾਅ
ਸਮਝਿਆ ਜਾਂਦਾ ; ਰੱਖਿਆਤਮਿਕ ਰਵੱਈਆ ਅਖਤਿਆਰ ਕਰਨਾ ਬੇਹਤਰ ਜਾਣਿਆ ਜਾਂਦਾ ; ਗੁਰੁ
ਪਰਿਵਾਰ ਲਈ ਫਿਰ ਅੰਮ੍ਰਿਤਸਰ ਤੋਂ ਪਾਸੇ ਹੋ ਜਾਣ ਯੋਗ ਸਮਝਿਆ ਜਾਂਦਾ । ਸੁਰੱਖਿਅਤ ਸਥਾਨ
ਫਿਰ ਮਾਲਵਾ ਹੀ ਹੁੰਦਾ ।ਗੁਰੁ ਸਾਹਿਬ ਅਤੇ ਸਮੁੱਚਾ ਪਰਿਵਾਰ ਡਰੋਲੀਭਾਈ ( ਮੋਗਾ ) ਵੱਲ
ਰਵਾਨਾ ਹੋ ਜਾਂਦਾ ; ਫਰਕ ਇਸ ਵਾਰ ਇਹ ਹੁੰਦਾ ਕਿ ਸਾਰੀ ਸੈਨਾ ਨਾਲ ਹੁੰਦੀ ; ਪੈਂਦੇ ਖਾਨ
ਵੀ ਨਾਲ ਹੁੰਦਾ।ਗੁਰੁ ਪਾਤਸ਼ਾਹ ਮਾਲਵਾ ਖੇਤਰ ਵਿਚ ਵਿਚਰਦਾ ਜਿਥੇ ਜਾਂਦਾ ਪੈਂਦੇ ਖਾਨ ਗੁਰੁ
ਸਾਹਿਬ ਦੇ ਨਾਲ ਹੁੰਦਾ ਮੋਹਰੀਆਂ ਵਿਚ ਹੁੰਦਾ ।ਡਰੋਲੀ ਭਾਈ ਰਹਿੰਦਿਆਂ ਘਟਨਾ ਵਾਪਰਦੀ ਹੈ
ਗੁਰੂ ਪਾਤਸ਼ਾਹ ਅਚਾਨਕ ਬਿਨਾ ਦੱਸੇ ਸੱਭ ਨੂੰ ਛੱਡ ਕੇ ਭਾਈ ਰੂਪੇ ਚਲਾ ਜਾਂਦਾ ਤਾਂ ਪੈਂਦੇ
ਖਾਨ ਹੁਰਾਂ ਦੀ ਚਿੰਤਾ ਵਧ ਜਾਂਦੀ ।ਪੈਂਦੇ ਖਾਨ ਘੋੜਾ ਦੁੜਾਉਂਦਾ ਹੋਇਆ ਹਿਫਾਜ਼ਤ ਵਜੋਂ
ਗੁਰੁ ਪਾਤਸ਼ਾਹ ਦੇ ਪਿੱਛੇ ਜਾਂਦਾ .(9*)
ਬਿਧੀਚੰਦ ਪੈਂਦੇ ਖਾਂ ਆਦਿਕ।ਆਇ ਪਹੁੰਚੇ ਢਿਗ ਸੁਖ ਸੱਧਕ॥105॥
ਮਾਤਾ ਦਮੋਦਰੀ ਜੀ ਜਦ ਪਹਿਲਾਂ ਇਥੇ ਡਰੋਲੀ ਭਾਈ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਦੀ
ਕੁੱਖੋਂ ਇਸ ਸਥਾਨ ‘ਤੇ ਗੁਰਦਿਤਾ ਜੀ ਜਨਮੇ ਸਨ । ਇਸ ਦੂਜੀ ਵਾਰ ਮਾਤਾ ਦਮੋਦਰੀ ਜੀ ਦਾ
ਇਥੇ ਦੇਹਾਂਤ ਹੋ ਜਾਂਦਾ ।ਉਸ ਦੇ ਅਚਾਨਕ ਚਲੇ ਜਾਣ ਦਾ ਸਦਮਾ ਨਾ ਸਹਿੰਦੇ ਹੋਏ ਗੁਰੁ
ਪਾਤਸ਼ਾਹ ਦਾ ਸਾਂਢੂ ਸਾਈਂਦਾਸ ‘ਤੇ ਗੁਰੁ ਦੀ ਸਾਲੀ ਬੀਬੀ ਰਾਮੋ ਜੋ ਮਾਤਾ ਦਮੋਦਰੀ ਜੀ ਦੀ
ਭੈਣ ਸੀ ਉਹ ਵੀ ਚੱਲ ਵਸਦੇ । ਗੁਰੁ ਪਾਤਸ਼ਾਹ, ਸੋਚ ਵਿਚਾਰ ਕੇ ਫਿਰ ਡਰੋਲੀ ਭਾਈ ਛਡ ਦੇਣ
ਦਾ ਮਨ ਬਣਾ ਲੈਂਦਾ ਤੇ ਅੱਗੇ ਜਾਣ ਦਾ ਫੈਸਲਾ ਕਰ ਲੈਂਦਾ।ਉਨੀਂ ਦਿਨੀ ਗੁਰੁ ਪਾਤਸ਼ਾਹ ਦਾ
ਜੇਠਾ ਪੁਤਰ ਬਾਬਾ ਗੁਰਦਿੱਤਾ ਜੋ ਕਰਤਾਰਪੁਰ ਨਿਵਾਸ ਕਰ ਰਿਹਾ ਹੁੰਦਾ ਉਹ ਆਪਣੇ ਪਰਿਵਾਰ
ਸਹਿਤ ਮਿਲਣ ਲਈ ਡਰੋਲੀ ਭਾਈ ਆਇਆ ਹੁੰਦਾ ; ਗੁਰੁ ਪਾਤਸ਼ਾਹ ਦੀ ਉਸ ਨੂੰ ਆਗਿਆ ਹੁੰਦੀ -
ਗੁਰਦਿਤਾ ਜੀ ! ਪਰਵਾਰ ਦਾ ਵਾਪਸ ਅ੍ਰੰਮਿਤਸਰ ਜਾਣਾ ਉਚਿਤ ਨਹੀਂ ਹੈ ;ਆਪ ਆਪਣੀ ਮਾਤਾ
ਮਰਵਾਹੀ, ਮਾਤਾ ਨਾਨਕੀ ਅਤੇ ਅਣੀਰਾਇ , ਸੁਰਜਮੱਲ , ਤੇਗ ਬਹਾਦੁਰ ਆਦਿ ਸਾਰੇ ਪਰਵਾਰ ਨੂੰ
ਨਾਲ ਲਵੋ ; ਸਿੱਧੇ ਕਰਤਾਰਪੁਰ ਚਲੇ ਜਾਉ ; ਉਥੇ ਵਸਣਾ ਕਰੋ । ਹਿਫਾਜ਼ਤ ਲਈ ਬਲਧਾਰੀ ਸਿੱਖ
ਸੂਰਮੇ ਤੇ ਪੈਂਦੇ ਖਾਨ ਤੁਹਾਡੇ ਨਾਲ ਹੋਵੇਗਾ ।ਬਾਕੀ ਦੀ ਸਾਰੀ ਸੈਨਾ ਸਾਡੇ ਨਾਲ ਰਹੇਗੀ
ਅਸੀਂ ਅੱਗੇ ਕੂਚ ਕਰਨਾ ਹੈ ਹਾਲਾਤ ਸੁਖਾਵੇਂ ਨਹੀਂ ਹਨ । (10*)
ਉਨ੍ਹਾਂ ਦਿਨਾਂ ਵਿਚ ਦੋ ਆਹਲਾ ਨਸਲ ਦੇ ਅਰਬੀ ਘੋੜੇ ਦਿਲਬਾਗ ਅਤੇ ਗੁਲਬਾਗ ਗੁਰੂ ਪਾਤਸ਼ਾਹ
ਲਈ ਕੋਈ ਗੁਰੁ ਘਰ ਦਾ ਸੇਵਕ ਕਾਬੁਲ ਵੱਲੋਂ ਲਿਆ ਰਿਹਾ ਹੁੰਦਾ ਜਿਨ੍ਹਾ ਨੂੰ ਧੱਕੇ ਨਾਲ
ਤੁਰਕ ਰਾਹ ਵਿਚ ਹੀ ਖੋਹ ਲੈਂਦੇ ਅਤੇ ਲਾਹੌਰ ਸ਼ਾਹੀ ਅਸਤਬਲ ਵਿਚ ਡੱਕ ਲਏ ਜਾਂਦੇ । ਉਨ੍ਹਾਂ
ਨੂੰ ਲਿਆਉਣ ਲਈ ਬਿਧੀ ਚੰਦ ਸ਼ਾਹੀ ਕਿਲੇ ਲਾਹੌਰ ਜਾਂਦਾ ।ਉਹ ਸ਼ਾਹੀ ਕਿਲੇ ਵਿਚੋਂ ਕੱਢ ਕੇ
ਲਿਆਉਣ ਵਿਚ ਉਹ ਸਫਲ ਹੋ ਜਾਂਦਾ ; ਮੁਗਲ ਹਾਕਮ ਨੂੰ ਘੋੜਿਆਂ ਦੇ ਚੋਰੀ ਹੋਣ ਦੀ ਸੂਹ ਲਗਦੀ
ਹੈ। ਫਲਸਰੂਪ ਮਾਲਵੇ ਦਾ ਨਿਥਾਨੇ- ਮਹਿਰਾਜ ਦਾ ਸਥਾਨ ਮੁਗਲਾਂ ਦਾ ਗੁਰੁ ਪਾਤਸ਼ਾਹ ਨਾਲ ਇਕ
ਹੋਰ ਭਿਆਨਕ ਜੰਗ ਦਾ ਕਾਰਨ ਬਣ ਜਾਂਦਾ ।ਤੁਰਕ ਅੰਦਰ ਬਦਲਾ ਲਊ ਭਾਵਨਾ ਹੋਰ ਪਰਚੰਡ ਹੋ
ਜਾਂਦੀ । ਲਾਹੌਰ ਸ਼ਾਹੀ ਦਰਬਾਰ ਲਗਦਾ । ਗੁਰੁ ਸਾਹਿਬ ‘ਤੇ ਚੜ੍ਹਾਈ ਕਰਨ ਦਾ ਫੈਸਲਾ ਲੈ
ਲਿਆ ਜਾਂਦਾ ; ਕਾਬੁਲ ਦਾ ਹਾਕਮ ਲਲਾਬੇਗ ਸੈਨਿਕ ਮੁਖੀ ਵਜੋਂ ਤਲਵਾਰ ਅਤੇ ਪਾਨਾਂ ਦਾ ਬੀੜਾ
ਚੁੱਕ ਲੈਂਦਾ । ਸ਼ਾਹੀ ਸੈਨਾ ਲਾਹੌਰ ਤੋਂ ਚੜ੍ਹ ਪੈਂਦੀ । ਦੋਨਾਂ ਧਿਰਾਂ ਦੀ ਮਾਲਵੇ ‘ਚ
ਗਹਿ ਗੱਡਵੀ ਲੜਾਈ ਹੁੰਦੀ । ਤੁਰਕ ਸੈਨਾ ਦਾ ਬਹੁਤ ਘਾਣ ਹੁੰਦਾ । ਸ਼ਮਸ ਬੇਗ, ਕਾਸਮ ਬੇਗ,
ਕੰਬਰ ਬੇਗ, ਕਾਬਲੀ ਬੇਗ ਅਤੇ ਲਲਾ ਬੇਗ ਵਰਗੇ ਸੈਨਾ ਸਮੇਤ ਸਾਰੇ ਤੁਰਕ ਸਰਦਾਰ ਮੌਤ ਦੇ
ਘਾਟ ਉਤਰ ਜਾਂਦੇ ।ਗੁਰੁ ਦੀ ਵੱਡੀ ਜਿੱਤ ਹੁੰਦੀ ਹੈ .(11*)
ਮਾਲਵੇ ਦੀ ਜੰਗ ਤੋਂ ਬਾਅਦ ਗੁਰੁ ਪਾਤਸ਼ਾਹ ਤੁਰੰਤ ਸੈਨਾ ਸਮੇਤ ਕਰਤਾਰਪੁਰ ਆ ਜਾਂਦਾ
।ਮਾਲਵੇ ਦੀ ਨਿਥਾਨਾ - ਮਹਿਰਾਜ਼ ਦੀ ਜੰਗ ਵਿਚ ਪੈਂਦੇ ਖਾਨ ਸ਼ਾਮਲ ਨਹੀਂ ਹੁੰਦਾ ਜਾਂ ਕੀਤਾ
ਨਹੀਂ ਜਾਂਦਾ । ਉਸ ਨੂੰ ਤਾਂ ਪਹਿਲਾਂ ਹੀ ਪਰਿਵਾਰ ਨਾਲ ਬਾਬਾ ਗੁਰਦਿਤਾ ਨਾਲ ਕਰਤਾਰਪੁਰ
ਭੇਜ ਦਿਤਾ ਗਿਆਤ ਸੀ । ਪੈਂਦੇ ਖਾਨ ਦੇ ਮਨ ਵਿਚ ਮਾਲਵੇ ਦੀ ਵੱਡੀ ਜੰਗ ਵਿਚ ਸ਼ਾਮਲ ਨਾ
ਕੀਤੇ ਜਾਣ ਦਾ ਬਹੁਤ ਅਫਸੋਸ ਹੁੰਦਾ ; ਉਸ ਦੇ ਹਿਰਦੇ ‘ਚ ਬਹੁਤ ਰੰਜ ਉਪਜਦਾ । ਪੈਂਦੇ ਖਾਨ
, ਬਿਧੀ ਚੰਦ ਕੋਲ ਜਾਂਦਾ ਤੇ ਗੁੱਸਾ ਪਰਗਟ ਕਰਦਾ ਹੋਇਆ ਆਖਦਾ - ਮੈਨੂੰ ਜੰਗ ਵਿਚ ਨਾ ਲੜਾ
ਕੇ ਗੁਰੁ ਨੇ ਚੰਗਾ ਨਹੀਂ ਕੀਤਾ । ਜੇ ਮੈਂ ਜੰਗ ਦੇ ਮੈਦਾਨ ਵਿਚ ਹੁੰਦਾ ਤਾਂ ਗੁਰੁ ਜੀ ਦਾ
ਐਨਾ ਨੁਕਸਾਨ ਨਹੀਂ ਸੀ ਹੋਣਾ । ਮੈਂ ਇਕੱਲੇ ਨੇ ਜੰਗ ਦਾ ਮੁੱਖ ਮੋੜ ਦੇਣਾ ਸੀ । ਗੁਰੁ ਜੀ
ਨੂੰ ਮੇਰੀ ਤਾਕਤ ਦਾ ਫਾਇਦਾ ਉਠਾਉਣਾ ਚਾਹੀਦਾ ਸੀ ਜੇ ਮੈਨੂੰ ਨਾਲ ਰੱਖਿਆ ਹੁੰਦਾ ਤਾਂ ਜੰਗ
ਵਿਚ ਭਾਈ ਜੇਠਾ ਵਰਗੇ ਅਤੇ ਹੋਰ ਸੂਰਮੇ ਮੌਤ ਦੇ ਮੂੰਹ ਵਿਚ ਨਾ ਜਾਂਦੇ ; ਗੁਰੁ ਜੀ ਦਾ
ਅਣਮੁੱਲਾ ਘੋੜਾ ਵੀ ਨਾ ਮਾਰਿਆ ਜੱਦੱ.(12*)
ਸੁਨ ਪੈਂਦੇ ਖਾਂ ਕਹਤਿ ਭਾ “ ਕਯਾ ਕਰੋਂ ਉਚਾਰੇ .
ਮੈਂ ਹੋਤੋ ਜੇ ਰਣ ਬਿਖੈ ਬਲਿ ਕਰਤਿ ਘਨੇਰੇ.
ਨਿਕਟਿ ਨ ਹੋਨੇ ਦੇਤਿ ਰਿਪੁ ਘਾਲਿਤ ਘਮਸਾਨਾ ।ਕਯੋਂ ਜੇਠਾ, ਹਯ ਮਰਤਿ ਕਯਾ ਕਰੋਂ ਬਖਾਨਾ .
ਗੁਰੁ ਪਾਤਸ਼ਾਹ ਕਰਤਾਪੁਰ ਨਿਵਾਸ ਕਰ ਰਿਹਾ ਹੁੰਦਾ ਤਾਂ ਇਕ ਦਿਨ ਦਰਬਾਰ ਲੱਗਾ ਹੁੰਦਾ
।ਵਿਸਾਖੀ ਦਾ ਦਿਹਾੜਾ ਹੁੰਦਾ ।ਗੁਰ ਦਰਬਾਰ ਵਿਚ ਬਦਖਸ਼ਾਂ ਨਗਰ ਦਾ ਇਕ ਵਪਾਰੀ ਚਤਰ ਸੈਨ
ਬਹੁਤ ਹੀ ਕੀਮਤੀ ਤੋਹਫੇ ਲੈ ਕੇ ਆਉਂਦਾ ।ਵੱਡਮੁੱਲਾ ਘੋੜਾ , ਚਿੱਟਾ ਬਾਜ਼ . ਜ਼ਰੀਦਾਰ
ਕੀਮਤੀ ਪੁਸ਼ਾਕਾ , ਸੋਨੇ ਦੀ ਮੁੱਠ ਵਾਲੀ ਤਲਵਾਰ ਅਤੇ ਆਹਲਾ ਢਾਲ ; ਓਹ ਇਹ ਸਾਰਾ ਸਾਮਾਨ
ਗੁਰੁ ਦੇ ਹਜ਼ੂਰ ਭੇਟ ਕਰ ਦਿੰਦੱ.(13*)
ਗੁਰ ਪਾਤਸ਼ਾਹ ੁ, ਆਹਲਾ ਚਿੱਟੇ ਬਾਜ਼ ਨੂੰ ਬਾਬਾ ਗੁਰਦਿੱਤਾ ਦੇ ਹਵਾਲੇ ਕਰ ਦਿੰਦਾ ਅਤੇ
ਆਦੇਸ਼ ਕਰਦਾ - ਕੱਲ ਨੂੰ ਸ਼ਿਕਾਰ ‘ਤੇ ਜਾਣਾ , ਬਾਜ਼ ਨੂੰ ਜਾਨਵਰਾਂ ਮਗਰ ਛੱਡ ਕੇ ਪਰਖ ਕਰਨੀ
-। ਫਿਰ ਪੈਂਦੇ ਖਾਨ ਨੂੰ ਬੁਲਾਇਆ ਜਾਂਦਾ । ਬਾਕੀ ਦਾ ਕੀਮਤੀ ਸਮਾਨ ਪਹਿਲਾਂ ਵਾਂਗ ਹੀ
ਆਪਣੇ ਸਿੱਖ ਸੂਰਮਿਆਂ ਨੂੰ ਦੇਣ ਦੀ ਬਜਾਏ ਗੁਰੂ ਪਾਤਸ਼ਾਹ, ਪੈਂਦੇ ਖਾਨ ਨੂੰ ਬਖਸ਼ ਦਿੰਦਾ
ਤੇ ਕਹਿੰਦਾ -ਇਹ ਪੁਸ਼ਾਕਾ ਸ਼ਸਤਰ ਪਹਿਨੋ ਅਤੇ ਘੋੜੇ ‘ਤੇ ਚੜ੍ਹ ਕੇ ਵਿਖਾਵੋ- ।ਪੈਂਦੇ ਖਾਨ
ਆਗਿਆ ਦਾ ਪਾਲਣ ਕਰਦਾ ; ਘੋੜੇ ਨੂੰ ਅੱਡੀ ਲਾਉਂਦਾ ;ਘੋੜਾ ਬਹੁਤ ਹੀ ਕਮਾਲ ਦਾ ਹੁੰਦਾ ,ਪਲ
‘ਚ ਹਵਾ ਬਣ ਜਾਂਦਾ ;ਗੁਰੁ ਪਾਤਸ਼ਾਹ ਖੁਸ਼ ਹੋ ਕੇ ਸਿਫਤ ਕਰਦਾ ਹੋਇਆ ਘੋੜੇ ਦਾ ਨਾ ‘ਵਰੋਲਾ‘
ਰੱਖ ਦਿੰਦਾ । ਗੁਰੁ ਪਾਤਸ਼ਾਹ ਦਾ ਹੁਕਮ ਹੁੰਦਾ - ਪੈਂਦੇ ਖਾਨ!ਇਹ ਸੱਭ ਕੁਝ ਲੈ ਕੇ ਹੁਣ
ਆਪਣੇ ਘਰ ਚਲੇ ਜਾਉ ਕੱਲ੍ਹ ਨੂੰ ਸ਼ਿਕਾਰ ‘ਤੇ ਬਾਬਾ ਗੁਰਦਿਤਾ ਕੋਲ ਆ ਜਾਣਾ -। ਇਸ ਤੋਂ
ਇਲਾਵਾ , ਪੈਂਦੇ ਖਾਨ ਨੂੰ ਹਦਾਇਤ ਹੁੰਦੀ ਹੈ -ਪੈਂਦੇ ਖਾਨ ਸੁਣੋ ! ਅੱਗੇ ਤੋਂ ਜਦ ਵੀ
ਸਾਡੇ ਕੋਲ ਆਉਣਾ ਤਾਂ ਏਸੇ ਕੀਮਤੀ ਲਿਬਾਸ ਵਿਚ ਅਤੇ ਏਸੇ ਵਰੋਲੇ ਘੋੜੇ ‘ਤੇ ਸਵਾਰ ਹੋਕੇ
ਵਸਤਰਾਂ ਸ਼ਸਤਰਾਂ ਨਾਲ ਸਜ ਕੇ ਆਉਣਾ .
ਭਏ ਪ੍ਰਸੰਨ ਬਹੁਰ ਸਮੁਝਾਵਹਿਂ।“ਜਬਿ ਤੂੰ ਹਮਰੇ ਢਿਗ ਚਲਿ
ਆਵਹਿਂ। ਇਹ ਪੋਸ਼ਿਸ਼ ਤਨ ਪਹਿਰ ਸੁ ਆਵਹੁ। ਖੜਗ ਸਿਪਰ ਤਬਿ ਅੰਗ ਸਜਾਵਹੁ। ਰਾ;8/ਅੰ.8/
ੳੰਕ17।
ਪੈਂਦੇ ਖਾਨ ਸੱਜ ਧਜ ਕੇ ਆਪਣੇ ਪਿੰਡ ਛੋਟੇ ਮੀਰ ਵੱਲ ਜਾ ਰਿਹਾ ਹੁੰਦਾ ਤਾਂ ਉਸ ਦੇ ਮਨ
ਵਿਚ ਹੰਕਾਰ ਆ ਜਾਂਦਾ - ਗੁਰੁ ਮੇਰੀ ਬਲਵਾਨੀ ‘ਤੇ ਖੁਸ਼ ਹੈ ਕਿ ਇਹ ਜੰਗ ਵਿਚ ਘਮਸਾਨ ਦਾ
ਜੁੱਧ ਕਰਦਾ ਇਸ ਕਰਕੇ ਸੱਭ ਤੋਂ ਪਹਿਲਾਂ ਮੈਨੂੰ ਹੀ ਕੀਮਤੀ ਤੋਹਫੇ ਦਿਤੇ ਜਾਂਾਦੇ ਹੋਰਨਾ
ਸਿੱਖਾਂ ਨੂੰ ਨਹੀਂ ।ਮੇਰੇ ਵਰਗਾ ਸੂਰਮਾ ਜਹਾਨ ਵਿਚ ਹੋਰ ਨਹੀਂ ਹੈ.(14*)
ਜੇ ਗੁਰੁ ਨ ਰਖੈਂ ਮੁਹਿ ਰਾਜ਼ੀ। ਤੌ ਮੈਂ ਉਲਟੈਹੋਂ ਬੱਜੀ.
ਉਹ ਪਿੰਡਾਂ ਵਿਚ ਦੀ ਘੋੜੇ ‘ਤੇ ਸਵਾਰ ਹੋਇਆ ਆਪਣੇ ਪਿੰਡ ਵੱਲ ਜਾ ਰਿਹਾ ਹੁੰਦਾ ਤਾਂ ਰਾਹ
ਵਿਚ ਉਸ ਦਾ ਘਰ-ਜਵਾਈ ਅਸਮਾਨ ਖਾਨ ਮਿਲ ਜਾਂਦਾ । ਉਹ ,ਪੈਂਦੇ ਖਾਨ ਦੇ ਪਹਿਨਿਆ ਕੀਮਤੀ
ਪੁਸ਼ਾਕਾ ਅਤੇ ਹੇਠ ਆਹਲਾ ਨਸਲ ਦਾ ਘੋੜਾ ਵੇਖ ਕੇ ਲਲਚਾ ਜਾਂਦਾ । ਉਹ ਪੈਂਦੇ ਖਾਨ ਪਾਸੋਂ
ਕੀਮਤੀ ਪੁਸ਼ਾਕਾ ਅਤੇ ਘੋੜਾ ਲੈਣ ਦੀ ਕੋਸ਼ਿਸ ਕਰਦਾ । ਪੈਂਦੇ ਖਾਨ ਮਨ੍ਹਾ ਕਰ ਦਿੰਦਾ ।
ਜਵਾਈ, ਅਸਮਾਨ ਖਾਨ ਘਰ ਜਾ ਕੇ ਆਪਣੀ ਸੱਸ ਕੋਲ ਰੋਣਾ ਰੋਂਦਾ ਹੋਇਆ ਆਖਦਾ - ਪੁਸ਼ਾਕਾ ਤੇ
ਘੋੜਾ ਮੈਨੂੰ ਦਿੱਤਾ ਜਾਵੇ ਨਹੀਂ ਤਾਂ ਮੈਂ ਤੁਹਾਡੀ ਲੜਕੀ ਛੱਡ ਕੇ ਚਲਾ ਜਾਂਵਾਗਾ ਫਕੀਰ
ਹੋ ਜਾਵਾਂਗਾ -। ਉਸ ਦੀ ਸੱਸ ਆਪਣੇ ਪਤੀ ਪੈਂਦੇ ਖਾਨ ਨਾਲ ਮਿੱਠੀ ਪਿਆਰੀ ਹੋ ਕੇ ਸਾਰਾ
ਸਮਾਨ ਜਵਾਈ ਨੂੰ ਦੁਆ ਦਿੰਦੀ ਹੈ .
ਉਧਰ ਅਗਲੇ ਦਿਨ ਸਵੇਰ ਵੇਲੇ ਬਾਬਾ ਗੁਰਦਿਤਾ ‘ਤੇ ਉਨ੍ਹਾ ਦੇ ਹੋਰ ਸਾਥੀ ਬਾਜ਼ ਦੀ ਪਰਖ ਕਰਨ
ਲਈ ਬਾਹਰ ਜੰਗਲ ਵਿਚ ਸ਼ਿਕਾਰ ਖੇਡਣ ਚਲੇ ਜਾਂਦੇ । ਪੈਂਦੇ ਖਾਨ ਨਹੀਂ ਜਾਂਦਾ ; ਉਸ ਦਾ
ਸਾਰਾ ਸਮਾਨ ਖੁੱਸ ਗਿਆ ਹੁੰਦਾ । ਜਦ ਬਾਬਾ ਗੁਰਦਿੱਤਾ ਹੁਰੀਂ ਸ਼ਿਕਾਰ ਖੇਡ ਵਾਪਸ ਮੁੜਦੇ
ਹਨ ਤਾਂ ਰਾਹ ਵਿਚ ਉਨ੍ਹਾਂ ਨੂੰ ਇਕ ਜਗ੍ਹਾ ਸੁਖਰਾਬ ਪੰਛੀ ਉਡਦਾ ਦਿਸਦਾ । ਬਾਜ ਨੂੰ ਉਸ
ਸੁਖਰਾਬ ਦੇ ਪਿਛੇ ਛੱਡ ਦਿਤਾ ਜਾਂਦਾ।ਬਾਜ ਸ਼ਿਕਾਰ ਕਰਦਾ ਹੋਇਆ ਪਹਿਲਾਂ ਬਹੁਤ ਜ਼ਿਆਦਾ ਰੱਜ
ਚੁੱਕਿਆ ਹੁੰਦਾ ;ਉਹ ਸ਼ਿਕਾਰ ਦਾ ਪਿੱਛਾ ਕਰਨ ਦੀ ਬਜਾਏ ਇਕ ਬਾਗ ਵਿਚ ਜਾ ਬੈਠਦਾ ।ਉਧਰ
ਕਿਧਰੇ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ ਉਸੇ ਵਰੋਲੇ ਘੋੜੇ ‘ਤੇ ਸਵਾਰ ਹੋਇਆ ਘੁੰਮਦਾ
ਫਿਰਦਾ ਉਥੇ ਆ ਜਾਂਦਾ ।ਉਹ ਬਾਗ ਵਿਚ ਚਿਟਾ ਬਾਜ ਬੈਠਾ ਵੇਖਦਾ ਤਾਂ ਜਾ ਕੇ ਉਸ ਨੂੰ ਕਬਜ਼ੇ
ਵਿਚ ਕਰ ਲੈਂਦਾ ਅਤੇ ਚੁੱਪ ਕਰਕੇ ਆਪਣੇ ਘਰ ਲੈ ਜਾਂਦਾ। ਘਰੇ ਜਾ ਕੇ ਉਹ ਆਪਣੀ ਸੱਸ ਨੂੰ
ਦੱਸਦਾ -ਵੇਖੋ ਖੁਦਾ ਨੇ ਸਾਨੂੰ ਕਿੰਨਾ ਵਧੀਆ ਬਾਜ਼ ਦਿਤਾ ਹੈ -।ਉਸ ਵੇਲੇ ਪੈਂਦੇ ਖਾਨ ਜੋ
ਘਰੇ ਆਰਾਮ ਕਰ ਰਿਹਾ ਹੁੰਦਾ ; ਉਹ ਸੁਣ ਕੇ ਉਠ ਪੈਂਦਾ ਅਤੇ ਬਾਜ ਨੂੰ ਵੇਖਣ ਲਈ ਆ ਜਾਂਦਾ
; ਬਾਜ ਨੂੰ ਵੇਖ ਕੇ ਉਹ ਪਛਾਣ ਜਾਂਦਾ ਤੇ ਬੋਲਦਾ - ਇਹ ਚਿੱਟਾ ਬਾਜ ਤਾਂ ਗੁਰੁ ਦਾ ਹੈ
ਮੇਰੇ ਸਾਮ੍ਹਣੇ ਬਾਬਾ ਗੁਰਦਿਤਾ ਨੂੰ ਦਿੱਤਾ ਸੀ ; ਚੰਗਾ ਹੋਇਆ ਮੈਂ ਗੁਰੁ ਨੂੰ ਵਾਪਸ ਦੇ
ਕੇ ਆਪਣੀ ਭੁੱਲ ਬਖਸ਼ਾ ਲਵਾਂਗਾ । ਤਾਂ ਸੁਣ ਕੇ ਉਸ ਦਾ ਜਵਾਈ ਅਸਮਾਨ ਖਾਨ ਆਖਦਾ- ਅਸੀਂ
ਬਾਜ ਬਿਲਕੁਲ ਵਾਪਸ ਨਹੀਂ ਕਰਾਂਗੇ ਅਸੀਂ ਚੁਰਾਇਆ ਨਹੀਂ ;ਸਾਨੂੰ ਤਾਂ ਬਾਗ ਚੋਂ ਮਿਲਿਆ ਹੈ
-। ਉਹ, ਪੈਂਦੇ ਖਾਨ ਨੂੰ ਬਹੁਤ ਲਾਹਨਤਾਂ ਪਾਉਂਦਾ ਹੋਇਆ ਆਖਣ ਲੱਗ ਪੈਂਦਾ - ਤੂੰ ਪਠਾਣ
ਹੋ ਕੇ ਗੁਰੁ ਦਾ ਗੁਲਾਮ ਬਣਿਆਂ ਫਿਰਦਾ ਹੈਂ। ਤੇਰੇ ਵਿਚ ਭੋਰਾ ਜਿੰਨ੍ਹੀ ਵੀ ਗੈਰਤ ਨਹੀਂ
ਰਹੀ । ਹੋਰ ਪਠਾਣ ਲੋਕ ਵੀ ਤਾਂ ਰਹਿ ਹੀ ਰਹੇ ਹਨ ਕੀ ਉਹ ਗੁਰੁ ਦੇ ਸਹਾਰੇ ਜਿਉਂਦੇ ਹਨ ?
ਕੀ ਗੁਰੁ ਤੋਂ ਬਿਨਾਂ ਉਨ੍ਹਾਂ ਦਾ ਜੀਵਨ ਬਸਰ ਨਹੀਂ ਹੁੰਦਾ - ?(15*)
ਕਹਾ ਦਮਾਦ ਦੀਨ ਤੁਮ ਖੋਯੋ। ਹਿੰਦੂ ਗੁਰ ਕਾ ਸੇਵਕ ਹੋਯੋ। 20/311
ਕੋਲ ਖੜੀ ਪੈਂਦੇ ਖਾਨ ਦੀ ਸੱਸ ਵੀ ਪੈਂਦੇ ਖਾਨ ਨੂੰ ਵਰਜਦੀ ਹੋਈ ਕਹਿਣ ਲੱਗ ਪੈਂਦੀ -
ਖਬਰਦਾਰ !ਜੇ ਤੂੰ ਗੁਰੁ ਕੋਲ ਬਾਜ ਬਾਰੇ ਗੱਲ ਕੀਤੀ । ਜੇ ਜਵਾਈ ਦਾ ਜੀਵਨ ਚਾਂਹਦਾ ਹੈਂ
ਤਾਂ ਤੂੰ ਗੁਰੁ ਨੂੰ ਕੁਝ ਨਹੀਂ ਦੱਸਣਾ ।ਕੋਈ ਘਰੇ ਆ ਕੇ ਪੁੱਛੇ ਤਾਂ ਵੀ ਬਿਲਕੁਲ ਨਹੀਂ
ਦੱਸਣਾ ਕਿ ਸਾਡੇ ਘਰ ਵਿਚ ਬਾਜ ਹੈ -॥
ਅਸਲ ਵਿਚ ਮਾਂ ਪਿਉ ਤੋਂ ਮਹਿਰੂਮ ਪੈਂਦੇ ਖਾਨ ਜਦ ਗੁਰੁ ਦੀ ਸ਼ਰਨ ਵਿਚ ਆਇਆ ਹੁੰਦਾ ; ਉਸ
ਦੇ ਘਰੇਲੂ ਹਾਲਾਤ ਬਹੁਤ ਹੀ ਅਣਸੁਖਾਵੇਂ ਹੁੰਦੇ ; ਦੀਨ ਤੋਂ ਹਟ ਕੇ ਉਸ ਨੂੰ ਉਪਜੀਵਕਾ ਦੀ
ਲੋੜ ਹੁੰਦੀ ਹੈ ।ਪਰ ਜਦ ਉਸ ਦੇ ਜਵਾਈ ਅਸਮਾਨ ਖਾਨ ਦਾ ਸਮਾਂ ਹੁੰਦਾ ਉਸ ਨੂੰ ਵੇਲੇ ਹਾਲਾਤ
ਹੋਰ ਹੁੰਦੇ ਉਹ ਇਕ ਮਕਬੂਲ ਘਰਾਣੇ ਨਾਲ ਸਬੰਧਤ ਹੁੰਦਾ ਉਸ ਨੂੰ ਪੈਂਦੇ ਖਾਨ ਦੇ ਪਿਛਲੇਰੇ
ਦੁਖਾਂ ਸੁੱਖਾ ਦਾ ਕੋਈ ਅਹਿਸਾਸ ਨਹੀਂ ਹੁੰਦਾ । ਜਵਾਈ ਅਸਮਾਨ ਖਾਨ ਦਾ ਪਿਤਾ ਲਾਹੌਰ
ਦਰਬਾਰ ਵਿਚ ਅਹਿਲਕਾਰ ਲੱਗਿਆ ਹੁੰਦਾ ।ਅਹਿਲਕਾਰ ਦਾ ਰੁਤਬਾ ਸ਼ਾਹੀ ਨਿਜ਼ਾਮ ਵਿਚ ਕਾਫੀ
ਮਹੱਤਵਪੂਰਨ ਹੁੰਦਾ । ਉਹ ਆਪਣੇ ਵਰਤਮਾਨ ਵਿਚ ਇਸਲਾਮੀ ਬਿਬੇਕ ਵਿਚ ਜਿਉਂਦਾ ਹੁੰਦਾ :
ਮਾਜ਼ੀ (ਅਤੀਤ )ਵਿਚ ਗੁਰੁ ਪਾਤਸ਼ਾਹ ਦੀਆਂ ਪੈਂਦੇ ਖਾਨ ਉਪਰ ਕੀਤੀਆਂ ਬਖਸ਼ਸ਼ਾ ਉਸ ਦੇ ਦਿਲ-ਓ
ਦਿਮਾਗ ਤੇ ਬੇਅਸਰਾਤ ਹੁੰਦੀਆਂ। ਉਸ ਦੇ ਜ਼ਿਹਨ ਵਿਚ ਦੀਨੀ ਗੈਰਤ ਦਾ ਮੁੱਦਾ ਪ੍ਰ੍ਰਬਲ ਹੋ
ਚੁੱਕਿਆ ਹੁੰਦਾ ;ਉਸ ਨੂੰ ਉਸ ਵੇਲੇ ਇਕ ਪਠਾਣ ਦਾ ਹਿੰਦੂਆਂ ਦੇ ਗੁਰੁ ਦੀ ਸ਼ਰਨ ਵਿੱਚ
ਰਹਿਣਾ ਚੁਭ ਰਿਹਾ ਹੁੰਦਾ ।ਉਸ ਨੂੰ ਪੈਂਦੇ ਖਾਨ ਦਾ ਗੁਰੁ ਪਾਤਸ਼ਾਹ ਦੀ ਆਗਿਆ ‘ਚ ਰਹਿਣਾ
ਮੂਲ ਨਹੀਂ ਭਾਅ ਰਿਹਾ ਹੁੰਦਾ .
ਉਧਰ ਬਾਬਾ ਗੁਰਦਿਤਾ ਦੇ ਸਾਥੀ ਗੁਆਚੇ ਹੋਏ ਬਾਜ਼ ਦੀ ਖੋਜ ਕਰਦੇ ਹੋਏ ਪੈਂਦੇ ਖਾਨ ਦੇ ਪਿੰਡ
ਕੋਲ ਬਾਗ ਵਿਚ ਆ ਜਾਂਦੇ ਤਾਂ ਉਨ੍ਹਾਂ ਨੂੰ ਲੱਗਦਾ; ਬਾਜ਼ ਨਿਸ਼ਚੇ ਤੌਰ ‘ਤੇ ਇਸ ਛੋਟੇ ਮੀਰ
ਪਿੰਡ ਵਿਚ ਹੀ ਹੈ ਹੋਰ ਕਿਧਰੇ ਨਹੀਂ ਜਾ ਸਕਦਾ ।ਇਹ ਛੋਟੇ ਮੀਰ ਪੈਂਦੇ ਖਾਨ ਦਾ ਪਿੰਡ
ਹੁੰਦਾ ; ਉਹ ਚੱਲ ਕੇ ਪੈਂਦੇ ਖਾਨ ਦੇ ਘਰ ਆ ਜਾਂਦੇ ਅਤੇ ਜਦ ਬਾਜ ਬਾਰੇ ਪੁੱਛਦੇ ਹਨ ਤਾਂ
ਪੈਂਦੇ ਖਾਨ ਸਾਫ ਮੁੱਕਰ ਜਾਂਦਾ - ਸਾਡੇ ਕੋਲ ਕੋਈ ਬਾਜ਼ ਨਹੀਂ ਪਿੰਡ ‘ਚ ਕਿਸੇ ਹੋਰ ਦੇ ਘਰ
ਹੋ ਸਕਦਾ -। ਉਹ ਸੱਚਾ ਹੋਣ ਲਈ ਪਿੰਡ ਵਿਚ ਢੰਡੋਰ ਫਿਰਾਂਉਂਦਾ ਤੇ ਪਿੰਡ ਚੋਂ ਪੁਛਗਿੱਛ
ਵੀ ਕਰਾਂਉਂਦਾ ।ਜਦ ਬਾਜ਼ ਨਹੀਂ ਮਿਲਦਾ ਤਾਂ ਬਾਬਾ ਗੁਰਦਿਤਾ ਦੇ ਸ਼ਿਕਾਰੀ ਸਾਥੀ ਖਾਲੀ ਵਾਪਸ
ਚਲੇ ਜਾਂਦੇ ਹਨ ਅਤੇ ਜਾ ਬਾਬਾ ਗੁਰਦਿਤਾ ਨੂੰ ਦਸਦੇ ਹਨ ਕਿ ਸਾਰੀ ਗੱਲ ਇੰਝ ਹੋਈ ਹੈ
ਸਾਨੂੰ ਜਾਪਦਾ ਹੈ ਕਿ ਬਾਜ਼ ਪੈਂਦੇ ਖਾਨ ਦੇ ਘਰ ਵਿਚ ਹੀ ਹੈ । ਬਾਬਾ ਗੁਰਦਿਤਾ ਸੋਚ ਵਿਚਾਰ
ਕਰਕੇ ਕੁਝ ਚਿਰ ਬਾਅਦ ਗੁਰੁ ਸਾਹਿਬ ਕੋਲ ਜਾਂਦਾ ਤੇ ਜਾ ਕੇ ਦੱਸਦਾ - ਚਿੱਟਾ ਬਾਜ ਬਹੁਤ
ਆਹਲਾ ਨਸਲ ਦਾ ਹੈ ਅਸੀਂ ਉਸ ਨਾਲ ਬਹੁਤ ਸ਼ਿਕਾਰ ਕੀਤਾ ।ਬੜੀ ਤੇਜ਼ ਝਪਟ ਮਾਰ ਕੇ ਸ਼ਿਕਾਰ
ਕਰਦਾ ਹੈ ।ਪਰ ਮਾੜੀ ਗੱਲ ਇਹ ਹੋਈ ਕਿ ਜਦ ਅਸੀਂ ਵਾਪਸ ਮੁੜੇ ਤਾ ਸਾਡੇ ਸਾਮ੍ਹਣਿਉਂ ਇਕ
ਸੁਖਰਾਬ ਪੰਛੀ ਉਡਿਆ ਸੀ ਅਸੀਂ ਉਸ ਪਿਛੇ ਬਾਜ਼ ਛੱਡ ਦਿਤਾ ।ਬਾਜ਼ ਰੱਜਿਆ ਹੋਣ ਕਰਕੇ ਸ਼ਿਕਾਰ
ਕਰਨ ਦੀ ਬਜਾਏ ਇਕ ਬਾਗ ਵਿਚ ਉਤਰ ਗਿਆ ਅਤੇ ਉਹ ਉਥੋਂ ਚੋਰੀ ਹੋ ਗਿਆ ।ਉਸ ਦੀ ਬਹੁਤ ਖੋਜ
ਕੀਤੀ ਪਰ ਮਿਲਿਆ ਨਹੀਂ ।ਸ਼ਿਕਾਰੀਆਂ ਨੂੰ ਯਕੀਨ ਹੈ ਕਿ ਬਾਜ਼ ਪੈਂਦੇ ਖਾਨ ਦੇ ਘਰ ਹੈ ਤੇ ਉਹ
ਦੇਣ ਤੋਂ ਟਾਲ ਮਟੋਲ ਕਰ ਗਿਆ ਹੈ -.
ਉਨ੍ਹੀ ਦਿਨੀ ਗੁਰੁ ਪਾਤਸ਼ਾਹ ਜਦ ਕਰਤਾਰਪੁਰ ਰਹਿ ਰਹੇ ਹੁੰਦੇ ਤਾਂ ਇਕੇ ਖਾਸ ਦਿਹਾੜਾ ਹੋਣ
ਕਰਕੇ ਸੰਗਤਾਂ ਦੂਰ ਦੂਰ ਤੋਂ ਆਈਆਂ ਹੁੰਦੀਆਂ । ਫਿਰ ਪੰਜ ਕੁ ਦਿਨ ਉਥੇ ਰਹਿ ਕੇ ਵਾਪਸ
ਆਪੋ ਆਪਣੇ ਦੇਸ਼ਾ ਇਲਾਕਿਆ ਵਲ ਮੁੜ ਜਾਂਦੀਆਂ ।ਉਥੇ ਬਦਖਸਾਂ ਇਲਾਕੇ ਦਾ ਵਪਾਰੀ ਚਤੁਰਸੈਨ
ਜੋ ਉਪਰੋਕਤ ਦੱਸਿਆ ਬਹੁਤ ਬਹੁਮੁਲਾ ਘੋੜਾ ,ਚਿਟਾ ਬਾਜ਼ ਤੇ ਹੋਰ ਕੀਮਤੀ ਵਸਤਰ ਭੇਟ ਕਰਨ
ਆਇਆ ਸੀ ਉਹ ਵੀ ਚਲਾ ਜਾਂਦਾ ਹੈ ਅਤੇ ਸਭ ਕਾਸੇ ਤੋਂ ਵੇਹਲੇ ਹੋ ਕੇ ਗੁਰੁ ਪਾਤਸ਼ਾਹ ਇਕ ਦਿਨ
ਸਿੱਖਾਂ ਨੁੰ ਪੁਛਦੇ -ਜਿਸ ਦਿਨ ਦਾ ਪੈਂਦੇ ਖਾਨ ਕੀਮਤੀ ਘੋੜਾ ਅਤੇ ਵਸਤਰ ਲੈ ਕੇ ਗਿਆ ਉਸ
ਦਿਨ ਤੋਂ ਬਾਅਦ ਉਹ ਇਥੇ ਆਇਆ ਹੀ ਨਹੀਂ ; ਕੀ ਗੱਲ ਹੋ ਗਈ ਉਹ ਆਇਆ ਕਿਉਂ ਨਹੀਂ ? ਗੁਰੁ
ਪਾਤਸ਼ਾਹ , ਇਕ ਸੇਵਕ ਦੀ ਡਿਉਟੀ ਲਾਉਂਦਾ ਅਤੇ ਉਸ ਨੂੰ ਪੈਂਦਾ ਖਾਨ ਨੂੰ ਲਿਆਉਣ ਲਈ ਉਸ ਦੇ
ਪਿੰਡ ਵੱਲ ਭੇਜ ਦਿੰਦਾ । ਸੇਵਕ ਚਲਾ ਜਾਂਦਾ ਤੇ ਪੈਂਦੇ ਖਾਨ ਨੂੰ ਗੁਰੂ ਦਾ ਸੁਨੇਹਾ ਜਾ
ਦਿੰਦਾ । ਪੈਂਦੇ ਖਾਨ ਜਿਸ ਹਾਲਤ ‘ਚ ਬੈਠਾ ਹੁੰਦਾ ਸੁਨੇਹਾ ਸੁਣ ਕੇ ਉਵੇਂ ਹੀ ਮੈਲੇ
ਕੁਚੈਲੇ ਜੇਹੇ ਕੱਪੜਿਆਂ ਵਿਚ ਚੱਲ ਕੇ ਗੁਰੁ ਪਾਤਸ਼ਾਹ ਕੋਲ ਆ ਜਾਂਦਾ । ਉਸ ਦਾ ਘਟੀਆ ਜੇਹਾ
ਲਿਬਾਸ ਵੇਖ ਕੇ ਬਹੁਤ ਹੀ ਹੈਰਾਨ ਹੋ ਗੁਰੂ ਪਾਤਸ਼ਾਹ ਪੁੱਛਦਾ - ਪੈਂਦੇ ਖਾਨ ਮੈਂ ਕੀ ਵੇਖ
ਰਿਹਾਂ ;ਤੈਨੂੰ ਅਜ਼ੀਜ਼ ਸਮਝ ਕੇ ਆਗਿਆ ਕੀਤੀ ਸੀ ਕਿ ਤੂੰ ਅੱਗੇ ਤੋਂ ਸਾਡੇ ਕੋਲ ਜਦ ਵੀ
ਆਏਂਗਾ ਤੈਨੂੰ ਦਿੱਤਾ ਹੋਇਆ ਕੀਮਤੀ ਪੁਸ਼ਾਕਾ ਅਤੇ ਸਿਰ ‘ਤੇ ਸੁੰਦਰ ਚੀਰਾ ਬੰਨ੍ਹਿਆ
ਹੋਵੇਗਾ ਅਤੇ ਤੇਰੇ ਹੇਠ ਵਰੋਲਾ ਘੋੜਾ ਹੋਇਆ ਕਰੇਗਾ ; ਤੂੰ ਇਹ ਕੀ ਉਦਾਸ ਬੀਮਾਰਾਂ ਵਰਗੇ
ਹੁਲੀਏ ਵਿਚ ਆ ਹਾਜ਼ਰ ਹੋਇਆਂ -। ਤਾਂ ਸੁਣ ਕੇ ਪੈਂਦੇ ਖਾਨ ਬਹਾਨਾ ਜੇਹਾ ਲਾਉਂਦਾ ਹੋਇਆ
ਬੋਲਦਾ - ਜੀ ਮੈਂ ਛੇਤੀ ਨਾਲ ਜਿਵੇਂ ਬੈਠਾ ਸੀ ਉਵੇਂ ਹੀ ਉਠ ਕੇ ਬਿਨਾ ਤਿਆਰੀ ਦੇ ਤੁਰ
ਪਿਆ ਸਾਂ , ਐਸੀ ਕੋਈ ਗੱਲ ਨਹੀਂ ਹੈ-। ਗੁਰੁ ਪਾਤਸ਼ਾਹ ਫੇਰ ਪੁਛਦਾ - ਸਾਨੂੰ ਪਤਾ ਲੱਗਾ
ਹੈ ਕਿ ਚਿੱਟਾ ਬਾਜ਼ ਤੇਰੇ ਘਰ ਵਿਚ ਹੈ ਤੂੰ ਦੇਣ ਤੋਂ ਇਨਕਾਰ ਕਰ ਦਿਤਾ ਹੈ -। ਤਾਂ ਪੈਂਦੇ
ਖਾਨ ਝੂਠ ਮਾਰਦਾ ਹੋਇਆ ਆਖਦਾ - ਨਹੀਂ ਜੀ ਤੁਹਾਡੇ ਕੋਲ ਕਿਸੇ ਨੇ ਝੂਠ ਮਾਰਿਆ ਜਾਪਦਾ ਹੈ
ਸਾਡੇ ਘਰ ਬਾਜ਼ ਨਹੀਂ ਹੈ- । ਗੁਰੁ ਫੇਰ ਆਖਦਾ -ਪੈਂਦੇ ਖਾਨ ਤੁੂੰ ਮੇਰਾ ਖਾਸ ਸੂਰਮਾ ਹੈਂ
; ਸੱਚੋ ਸਚ ਦੱਸ ਦੇਵੋ -। ਪੈਂਦੇ ਖਾਨ ਫਿਰ ਉਹੀ ਗੱਲ ਦੁਹਰਾਉਂਦਾ - ਤੁਹਾਨੂੰ ਕਿਸੇ ਨੇ
ਗਲਤ ਦੱਸ ਦਿਤਾ ;ਬਾਜ਼ ਸਾਡੇ ਕੋਲ ਨਹੀਂ ;ਇਹ ਸਾਡਾ ਕੰਮ ਨਹੀਂ ਅਸੀਂ ਇਹੋ ਜੇਹਾ ਕੰਮ ਹੀ
ਨਹੀਂ ਕਰਦੇ । ਹੋਰ ਕਿਸੇ ਨੇ ਚੋਰੀ ਕੀਤਾ ਹੋਵੇਗਾ -। ਤਾਂ ਗੁਰੁ ਪਾਤਸ਼ਾਹ ਪਾਸੇ ਖੜੇ
ਬਿਧੀਚੰਦ ਨੁੰ ਕੋਲ ਬੁਲਾਉਂਦਾ ਅਤੇ ਉਸ ਦੇ ਕੰਨ ਵਿਚ ਪਰਦੇ ਨਾਲ ਆਖਦਾ - ਬਿਧੀ ਚੰਦ !
ਸਵਾਰ ਹੋ ਕੇ ਛੇਤੀ ਦੇਣੇ ਇਸ ਪੈਂਦੇ ਖਾਨ ਦੇ ਘਰ ਜਾਉ ਤੇ ਸਾਵਧਾਨੀ ਨਾਲ ਸਾਰਾ ਸਮਾਨ ਲਿਆ
ਕੇ ਆਪਣੇ ਕੋਲ ਰੱਖ ਲਵੋ-.(16*)
ਸ੍ਰੀ ਗੁਰ ਬਿਧੀਆ ਨਿਕਟਿ ਬੁਲਾਯੋ। ਸ੍ਰਵਨ ਲਾਗਿ ਤਿਹ ਐਸ ਸੁਨਾਯੋ।ਛੋਟੇ ਮੀਰ ਜਾਇ ਅਸ
ਕੀਜੈ।ਚੀਰਾ ਬਾਜ ਤਹਾਂ ਤੇ ਲੀਜੈ। 20/333
ਬਿਧੀ ਚੰਦ ਘੋੜੇ ਨੂੰ ਅੱਡੀ ਲਾਉਂਦਾ ਅਤੇ ਫੁਰਤੀ ਨਾਲ ਅਛੋਪਲੇ ਜੇਹੇ ਪੈਂਦੇ ਖਾਨ ਦੇ ਘਰ
ਅੰਦਰ ਪ੍ਰਵੇਸ਼ ਹੋ ਜਾਂਦਾ । ਪੈਂਦੇ ਖਾਨ ਦਾ ਜਵਾਈ ਸੁਸਤਾਇਆ ਹੋਇਆ ਘਰੇ ਅਰਾਮ ਕਰ ਰਿਹਾ
ਹੁੰਦਾ ਅਤੇ ਘਰ ਵਿਚ ਹੋਰ ਕੋਈ ਨਹੀਂ ਹੁੰਦਾ । ਸਾਰਾ ਸਮਾਨ ਪੁਸ਼ਾਕਾ, ਸੁੰਦਰ ਚੀਰਾ ਅਤੇ
ਚਿਟਾ ਬਾਜ਼ ਉਸ ਦੇ ਕਮਰੇ ਵਿਚ ਪਏ ਹੁੰਦੇ । ਬਿਧੀਚੰਦ ਬਾਜ਼ ਫੜ ਲੈਂਦਾ ਅਤੇ ਸਾਰੇ ਵਸਤਰ
ਲੈਕੇ ਵਾਪਸ ਪਹੁੰਚ ਕਰਤਾਰਪੁਰ ਪਹੁੰਚ ਜਾਂਦਾ । ਸਾਰਾ ਸਮਾਨ ਇਕ ਪਾਸੇ ਟਿਕਾ ਕੇ ਉਹ ਗੁਰੂ
ਪਾਤਸ਼ਾਹ ਕੋਲ ਚਲਾ ਜਾਂਦਾ । ਗੁਰੁ ਪਾਤਸ਼ਾਹ ਫਿਰ ਪੈਂਦੇ ਖਾਨ ਨੂੰ ਆਖਦਾ - ਪੈਂਦੇ ਖਾਨ
ਸੱਚੋ ਸੱਚ ਦੱਸ ਦੇਵੋ ਅਜੇ ਕੁਝ ਨਹੀਂ ਵਿਗੜਿਆ ।ਝੂਠ ਨਾ ਮਾਰੋ ਸੱਚੋ ਸੱਚ ਦਸ
ਦੇਵੋ-।ਗੁਰੁ ਪਾਤਸ਼ਾਹ ਇਹੀ ਗੱਲ ਜਦ ਤੀਜੀ ਵਾਰ ਆਖਦਾ ਹੈ ਤਾਂ ਪੈਂਦੇ ਖਾਨ ਝੂਠੀ ਸਹੁੰ
ਖਾਂਦਾ ਹੋਇਆ ਬੋਲਦਾ - ਮੈਨੂੰ ਤੁਹਾਡੇ ਚਰਨਾਂ ਦੀ ਕਸਮ ਜੇ ਮੈਂ ਬਾਜ਼ ਵੇਖਿਆ ਹੋਵੇ-। ਤਾਂ
ਉਸ ਵੇਲੇ ਗੁਰੁ ਪਾਤਸ਼ਾਹ ਬਿਧੀ ਚੰਦ ਨੂੰ ਆਖਦਾ -ਜਾਉ ਸਾਰਾ ਕੁਝ ਲਿਆਵੋ ਤੇ ਇਸ ਨੂੰ ਵਿਖਾ
ਦੇਵੋ ਜੋ ਇਸ ਦੇ ਘਰੋਂ ਲਿਆਏ ਹੋ -। ਬਿਧੀ ਚੰਦ ਸਾਰੇ ਵਸਤਰ ਅਤੇ ਉਹ ਚਿਟਾ ਬਾਜ਼ ਉਨ੍ਹਾ
ਦੇ ਅੱਗੇ ਰੱਖ ਦਿੰਦਾ । ਪੈਂਦੇ ਖਾਨ ਲਜ਼ਿਤ ਹੋਣ ਦੀ ਬਜਾਏ ਬਾਜ਼ ਨੂੰ ਵੇਖ ਕੇ ਕਰੋਧਤ ਹੋ
ਕੇ ਬੋਲਣ ਲੱਗਦਾ - ਮੈਨੂੰ ਬਦਨਾਮ ਕਰਨ ਲਈ ਇਹ ਬਿਧੀ ਚੰਦ ਨੇ ਸਾਰਾ ਛਲ ਕਪਟ ਰਚਿਆ ਹੈ
-।ਗੁਰੁ ਪਾਤਸ਼ਾਹ ਫਿਰ ਪਿਆਰ ਨਾਲ ਪੁੱਛਦਾ -ਪਂੈਦੇ ਖਾਨ ! ਸੱਚੋ ਸੱਚ ਦੱਸ ਦੇਵੋ ਮਾਫੀ ਹੋ
ਜਾਏਗੀ ਜੇ ਤੈਨੂੰ ਬਾਜ਼ ਚਾਹੀਦਾ ਹੈ ਤਾਂ ਦੇ ਦਿਤਾ ਜਾਏਗਾ -। ਪੈਂਦੇ ਖਾਨ ਗੁੱਸੇ ‘ਚ
ਬਹੁਤ ਹੀ ਪੁੱਠਾ ਬੋਲਦਾ ਤੇ ਉਹ ਗੁਰੁ ਘਰ ਪ੍ਰਤੀ ਬਹੁਤ ਹੀ ਬੋਲ ਕਬੋਲ ਕਰਨ ਲੱਗ ਪੈਂਦਾ ।
ਸਿੱਖ ਪੈਂਦੇ ਖਾਨ ਦੇ ਮੰਦੇ ਬੋਲਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉੁਹ ਪੈਂਦੇ ਖਾਨ ਨੂੰ
ਫੜ੍ਹ ਲੈਂਦੇ ਤੇ ਉਸ ਦੀ ਬਹੁਤ ਲਾਹ-ਪਾਹ ਕੀਤੀ ਜਾਂਦੀ । ਕੁੱਟ ਮਾਰ ਕਰਕੇ ਉਸ ਦਾ ਬੁਰਾ
ਹਾਲ ਕਰ ਦਿਤਾ ਜਾਂਦਾ ।ਉਹ ਉਥੌਂ ਚੱਲ ਪੈਂਦਾ ਤੇ ਬੁਰੇ ਹਾਲੀਂ ਅੰਦਰੇ ਅੰਦਰੀ ਰਿਝਦਾ
ਹੋਇਆ ਆਪਣੇ ਪਿੰਡ ਆਪਣੇ ਘਰ ਚਲਾ ਜਾਂਦਾ .(17*)
ਦੁਖੀ ਹੋਇ ਘਰ ਜਾਇ, ਹਾਲ ਸਭ ਹੀ ਸੁਨਾਇ, ਕਹਯੋ ਸ਼ਾਹੀ ਫੌਜ ਲਯਾਇ, ਗੁਰੂ ਕੋ ਗਹਾਇ ਹੈ॥56
ਪੈਂਦੇ ਖਾਨ ਨੂੰ ਬਹੁਤ ਹੀ ਲਜ਼ਿਤ ਤੇ ਉਦਾਸ ਚਿਤ ਹੋਇਆ ਵੇਖ ਕੇ ਉਸ ਦਾ ਜਵਾਈ ਅਸਮਾਨ ਖਾਨ
ਉਸ ਨੂੰ ਹੌਸਲਾ ਦਿੰਦਾ ਹੋਇਆ ਆਖਦਾ - ਖਾਨ ਸਾਹਬ ! ਢੇਰੀ ਨਾ ਢਾਹੋ ਤੁਸੀਂ ਪਠਾਣ ਹੋ
।ਗੈਰਤਮੰਦ ਪਠਾਣ ਇਸ ਤਰਾਂ ਨਹੀਂ ਕਰਿਆ ਕਰਦੇ ।ਤੁਹਾਡੇ ਵਿਚ ਬਲ ਸ਼ਕਤੀ ਅਜੇ ਵੀ ਕਾਇਮ ਹੈ
।ਚਿੰਤਾ ਨਾ ਕਰੋ ਆਪਾਂ ਬਾਦਸ਼ਾਹ ਕੋਲ ਚੱਲਾਂਗੇ ਇਸ ਬੇਇਜ਼ਤੀ ਦਾ ਹਰ ਹਾਲਤ ਵਿਚ ਬਦਲਾ
ਲਵਾਂਗੇ -.
ਉਨਾਂ ਦੇ ਆਲੇ ਦੁਆਲੇ ਪਠਾਣਾਂ ਦਾ ਇਲਾਕਾ ਹੁੰਦਾ ਉਹ ਉਨ੍ਹਾਂ ਕੋਲ ਜਾਂਦੇ ਹਨ ।ਉਨ੍ਹਾ
ਨਾਲ ਮੇਲ-ਜੋੜ ਕਰਕੇ ਉਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਅਤੇ ਇਕ ਦਿਨ ਉਹ ਜਲੰਧਰ ਦੇ
ਸੁਬੇਦਾਰ ਕੋਲ ਪਹੁੰਚ ਜਾਂਦੇ ਹਨ । ਜਲੰਧਰ ਦਾ ਸੂਬੇਦਾਰ ਕੁਤਬਖਾਨ ਪੈਂਦੇ ਖਾਨ ਦਾ ਚਚੇਰਾ
ਭਰਾ ਲਗਦਾ ਹੁੰਦਾ ਜੋ ਹੁਣੇ ਹੁਣੇ ਇਸ ਅਹੁਦੇ ‘ਤੇ ਲਾਇਆ ਗਿਆ ਹੁੰਦਾ ।ਪੈਂਦੇ ਖਾਨ ਉਸ
ਕੋਲ ਜਾ ਕੇ ਆਪਣੀ ਸਾਰੀ ਵਿਥਿਆ ਸੁਣਾਉਂਦਾ ਹੋਇਆ ਅਰਜ਼ ਕਰਦਾ- ਆਪ ਪਠਾਣ ਹੋਣ ਦੇ ਨਾਤੇ
ਮੇਰੀ ਮਦਦ ਕਰੋ । ਅਸੀਂ ਆਪ ਦਾ ਸਹਾਰਾ ਤਕਿਆ ਹੈ । ਆਪ ਵਿਚ ਪੈ ਕੇ ਮੇਰੀ ਪੁਕਾਰ ਬਾਦਸ਼ਾਹ
ਤਕ ਪਹੁੰਚਾਉ ਮੈਂ ਗੁਰੁ ਵੱਲੋਂ ਕੀਤੀ ਬੇਇਜ਼ਤੀ ਦਾ ਬਦਲਾ ਲੈਣਾ ਹੈ -॥(18*)
ਕੁਤਬਖਾਨ ਉਸ ਦੀ ਗਲ ਸਵੀਕਾਰ ਕਰ ਲੈਂਦਾ ਹੈ ਤੇ ਇਕ ਦਿਨ ਉਸ ਦੀ ਬਾਦਸ਼ਾਹ ਸ਼ਾਹਜਹਾਨ ਨਾਲ
ਮੁਲਾਕਾਤ ਕਰਾ ਦਿੰਦਾ । ਬਾਦਸ਼ਾਹ ਪੈਂਦੇ ਖਾਨ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਅਤੇ ਮਨ
ਵਿਚ ਲੰਮੀ ਸੋਚ ਵਿਚਾਰ ਕਰਦਾ ਹੋਇਆ ਇਸ ਨਤੀਜੇ ‘ਤੇ ਪਹੁੰਚਦਾ ਕਿ ਪੈਂਦੇ ਖਾਨ ਬਹੁਤ
ਪ੍ਰਸਿੱਧ ਸੂਰਮਾ ਪਰਗਟ ਹੋ ਚੁਕਿਆ । ਇਹ ਲੰਮਾ ਸਮਾਂ ਗੁਰੁ ਨਾਲ ਰਿਹਾ ।ਇਹ ਗੁਰੁ ਦੀਆਂ
ਸਾਰੀਆਂ ਗਤਵਿਧੀਆਂ ਨੂੰ ਭਲੀ ਪ੍ਰਕਾਰ ਜਾਣਦਾ ਹੈ । ਉਸ ਦੇ ਸੈਨਿਕ ਪਰਬੰਧ ਤੋਂ ਪੂਰੀ
ਤਰਾਂ ਵਾਕਫ ਹੈ । ਇਹ ਗੁਰੂ ਦੇ ਖਾਸ ਸੂਰਮੇ ਵਜੋਂ ਅੰਮਿਤਸਰ ਦੀ ਲੜ੍ਹਾਈ ਵਿਚ ਅਗੇ ਹੋ ਕੇ
ਲੜਿਆ ਹੈ ।ਇਹ ਗੁਰੂ ਦੀ ਜੰਗ ਕਲਾ ਤੋਂ ਭਲੀ ਭਾਂਤ ਜਾਣੂ ਹੈ। ਗੁਰੁ ਨੇ ਸਾਡੀ ਸ਼ਾਹੀ ਸੈਨਾ
ਦਾ ਲੋਹਗੜ੍ਹ ਦੀ ਲੜਾਈ ਵਿਚ, ਰੁਹੇਲਾ ਦੀ ਲੜਾਈ ਵਿਚ , ਅਤੇ ਮਹਿਰਾਜ਼ ਮਾਲਵੇ ਦੀ ਲੜਾਈ
ਵਿਚ , ਭਾਰੀ ਜਾਨੀ ‘ਤੇ ਮਾਲੀ ਬਹੁਤ ਨੁਕਸਾਨ ਪਹੁੰਚਾਇਆ ਹੈ । ਸਾਡੇ ਵੱਡੇ ਵੱਡੇ ਜਰਨੈਲ
ਮੁਖਲਿਸ ਕਾਨ , ਅਬਦੁੱਲਾ ਖਾਨ ਅਤੇ ਲੱਲਾ ਬੇਗ ਵਰਗੇ ਚੋਟੀ ਦੇ ਸਰਦਾਰ ਜੰਗ ਵਿਚ ਮਾਰ
ਮੁਕਾਏ ਹਨ ; ਸਾਨੂੰ ਇਸ ਪੈਂਦੇ ਖਾਨ ਦਾ ਗੁਰੂ ਦੇ ਭੇਤੀ ਹੋਣ ਦਾ ਫਾਇਦਾ ਉਠਾਉਣਾ ਚਾਹੀਦਾ
.(19*)
ਸੁਨਤ ਸ਼ਾਹ ਮਨ ਮੈ ਹਰਖਾਯੋ।ਘਰ ਫੂਟਯੋ ਨਿਹਚੈ ਅਰਿ ਘਾਯੋ।ਸੁੰਦਰ ਡੀਲ ਬਲੀ ਇਹ ਭਾਰੀ। ਆਯੋ
ਫੂਟ ਨ ਬਨੈ ਆਵਾਰੀ।ਅਬ ਬਦਲਾ ਹੈ ਮਮ ਕਰ ਆਵੈ। ਨਿਸਚੈ ਪਕਰਿ ਗੁਰੁ ਕੋ ਲਯੱਵੈ.20/423॥
ਪੈਂਦੇ ਖਾਨ ਪ੍ਰਣ ਕਰਦਾ ਹੋਇਆ ਆਖਦਾ - ਹਜ਼ੂਰ ਬਾਦਸ਼ਾਹ ! ਮੈਂ ਗੁਰੂ ਨੂੰ ਜਿਉਂਦੇ ਫੜਾਂਗਾ
ਮੇਰੇ ਬਲ ਅੱਗੇ ਉਹ ਟਿਕ ਨਹੀਂ ਸਕੇਗਾ; ਉਸ ਉਤੇ ਹੱਲਾ ਕੀਤਾ ਜਾਵੇ । ਗੁਰੁ ਮੇਰੇ ਅੱਗੇ
ਕੁਝ ਵੀ ਨਹੀਂ -।ਬਾਦਸ਼ਾਹ ਸੋਚ ਵਿਚਾਰ ਕੇ ਪੈਂਦੇ ਖਾਨ ਦੀ ਅਰਜ਼ ਮੰਨ ਲੈਂਦਾ ਅਤੇ ਦਰਬਾਰ
ਲਗਾਉਂਦਾ ਅਤੇ ਸਾਰੇ ਤੁਰਕ ਜਰਨੈਲਾਂ ਨੂੰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੰਦਾ ।ਗੁਰੁ
‘ਤੇ ਚੜ੍ਹਾਈ ਕਰਨ ਦਾ ਮਤਾ ਰਖਿਆ ਜਾਂਦਾ । ਪਿਸ਼ੌਰ ਦਾ ਸੂਬੇਦਾਰ ਕਾਲੇ ਖਾਨ ਜਰਨੈਲ ਹਾਜ਼ਰ
ਹੁੰਦਾ ;ਗੁਰੁ ਪਾਤਸ਼ਾਹ ਨੇ ਉਸ ਦੇ ਭਾਈ ਮੁਖਲਿਸ ਖਾਨ ਨੂੰ ਲੋਹਗੜ੍ਹ ਦੀ ਲੜਾਈ ਵਿਚ ਮਾਰ
ਮੁਕਾਇਆ ਹੁੰਦਾ ।ਕਾਲੇ ਖਾਨ ਦੇ ਦਿਲ ਵਿਚ ਆਪਣੇ ਸਕੇ ਭਾਈ ਦੀ ਮੌਤ ਦੀ ਗੁਰੂ ਪਾਤਸ਼ਾਹ ਦੇ
ਵਿਰੁੱਧ ਬਦਲਾ ਲੈਣ ਦੀ ਭਾਵਨਾ ਪਰਬਲ ਹੁੰਦੀ । ਉਹ ਗੁਰੂ ਪਾਤਸ਼ਾਹ ਨਾਲ ਜੰਗ ਕਰਨ ਲਈ ਤਿਆਰ
ਹੋ ਜਾਂਦਾ ॥ ਦਰਬਾਰ ਵਿਚ ਕਿਰਪਾਨ ਅਤੇ ਪਾਨਾਂ ਦਾ ਬੀੜਾ ਮੰਗਵਾਇਆ ਜਾਂਦਾ ।ਕਾਲੇ ਖਾਨ
ਉਠਦਾ ‘ਤੇ ਕਿਰਪਾਨ ਅਤੇ ਬੀੜਾ ਚੁੱਕ ਲੈਂਦਾ ।ਬਾਦਸ਼ਾਹ ਵਲੋਂ ਉਸ ਨੂੰ ਤੋਹਫੇ ਸਿਰੋਪੇ
ਦਿਤੇ ਜਾਂਦੇ ;ਭਾਰੀ ਫੌਜ ਨਿਯੁਕਤ ਕਰ ਦਿਤੀ ਜਾਂਦੀ ॥ ਉਸ ਨੂੰ ਕਰਤਾਰਪੁਰ ਰਹਿ ਰਹੇ ਗੁਰੁ
ਪਾਤਸ਼ਾਹ ‘ਤੇ ਚੜ੍ਹਾਈ ਕਰਨ ਲਈ ਸ਼ਾਹੀ ਸੈਨਾ ਦੀ ਕਮਾਂਡ ਸੰਭਾਲ ਦਿਤੀ ਜਾਂਦੀ ਹੈ।ਲਾਹੌਰ
ਤੋਂ ਕਰਤਾਰਪੁਰ ਵੱਲ ਸੈਨਾ ਚੜ੍ਹ ਪੈਂਦੀ ਹੈ । ਜਲੰਧਰ ਦਾ ਸੂਬੇਦਾਰ ਕੁਤਬਖਾਨ ਕਾਲੇ ਖਾਨ
ਦੇ ਨਾਲ ਲਾ ਦਿਤਾ ਜਾਂਦਾ ; ਉਹ ਲਾਹੌਰ ਤੋਂ ਚੱਲ ਪੈਂਦੇ ਹਨ ਅਤੇ ਕਰਤਾਰਪੁਰ ਗੁਰੁ
ਪਾਤਸ਼ਾਹ ਦੀ ਸੈਨਾ ਤੇ ਹਮਲਾ ਕਰ ਦਿਤਾ ਜਾਂਦਾ .(20*)
ਭਟ ਵਹੀਆਂ ਅਨੁਸਾਰ 29, 30, 31 ਵਿਸਾਖ ਨੂੰ ਤਿੰਨ ਦਿਨ ਕਰਤਾਰਪੁਰ ਦੇ ਸਥਾਨ ਤੇ ਲਗਾਤਾਰ
ਭਿਆਨਕ ਗਹਿਗੱਡ ਜੰਗ ਹੁੰਦੀ ।ਦੋਨਾਂ ਧਿਰਾਂ ਦਾ ਬਹੁਤ ਨੁਕਸਾਨ ਹੁੰਦਾ ।ਸੈਨਿਕਾਂ
ਸੂਰਮਿਆਂ ਘੋੜਿਆਂ ਦੀਆਂ ਲਾਸ਼ਾਂ ਦੇ ਢੇਰ ਲਗ ਜਾਂਦੇ;ਜੰਗਲੀ ਜਾਨਵਰ ਲਾਸ਼ਾਂ ਨੂੰ ਨੋਚ ਨੋਚ
ਕੇ ਖਾ ਰਹੇ ਹੁੰਦੇ ਧਰਤੀ ਖੂਨ ਨਾਲ ਲੱਥ-ਪੱਥ ਹੋ ਜਾਂਦੀ ਹੈ
ਤੀਜੇ ਦਿਨ ਜਦ ਸ਼ਾਹੀ ਸੈਨਾ ਦੇ ਵੱਡੇ ਵੱਡੇ ਸਰਦਾਰ ਅਨਵਰ ਖਾਨ , ਸੈਦ ਖਾਨ ਅਤੇ ਅਬਦੁੱਲ
ਬੇਗ ਵਰਗੇ ਤੁਰਕ ਸੈਨਾ ਸਮੇਤ ਮਾਰੇ ਜਾਂਦੇ ਅਤੇ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ ਬਾਬਾ
ਗੁਰਦਿਤਾ ਦੇ ਹੱਥੋਂ ਮਾਰਿਆ ਜਾਦਾ ਹੈ ਤਾਂ ਸੈਨਾ ਮੁਖੀ ਕਾਲੇ ਖਾਨ ਦਾ ਦਿਲ ਡੋਲ ਜਾਂਦਾ ।
ਉਹ ਸਾਰੀ ਸੈਨਾ ਨੂੰ ਇਕ ਥਾਂ ਇਕੱਤਰ ਕਰ ਲੈਂਦਾ ਅਤੇ ਹੁਕਮ ਝਾੜਦਾ ; ਸੈਨਾ ਅਲੱਗ ਅਲੱਗ
ਫਰੰਟਾਂ ਤੇ ਲੜਨ ਦੀ ਬਜਾਏ ਇਕੱਠੀ ਹੋ ਕੇ ਹਮਲਾ ਕਰ ਦੇਵੇ ; ਹੁਣ ਵਕਤ ਨਹੀਂ ਰਿਹਾ ਮਰੋ
ਜਾਂ ਮਰ ਜਾਵੋ ਦੀ ਲੜਾਈ ਲੜੀ ਜਾਵੇ ।ਉਹ ਹੁਕਮ ਕਰਦਾ ; ਕੁਤਬ ਖਾਨ ,ਪੈਂਦੇ ਖਾਨ ਦੋਨੋਂ ,
ਗੁਰੂ ਤੇ ਸਿੱਧਾ ਹਮਲਾ ਕਰ ਦੇਣ।ਲੋਹੇ ਨਾਲ ਲੋਹਾ ਖੜਕਦਾ ; ਜਲੰਧਰ ਦਾ ਸੂਬੇਦਾਰ ਕੁਤਬ
ਖਾਨ ਵੀ ਜੰਗ ਦੀ ਭੇਟ ਹੋ ਜਾਂਦਾ ; ਹਾਰ ਦੀ ਜਾਂਦੀ ਬਾਜੀ ਵੇਖ ਕਾਲੇ ਖਾਨ ਬਲੰਦ ਅਵਾਜ਼
ਵਿਚ ਪੈਂਦੇ ਖਾਨ ਨੂੰ ਵੰਗਾਰਦਾ ਹੋਇਆ ਆਖਦਾ - ਪੈਂਦੇ ਖਾਨ ਤੂੰ ਬਾਦਸ਼ਾਹ ਅੱਗੇ ਪ੍ਰਣ
ਕੀਤਾ ਸੀ ਮੇਰੇ ਬਲ ਅੱਗੇ ਗੁਰੂ ਟਿਕ ਨਹੀਂ ਸਕੇਗਾ ਮੈਂ ਗੁਰੂ ਨੂੰ ਫੜ ਕੇ ਤੁਹਾਡੇ ਪੇਸ਼
ਕਰਾਂਗਾ ।ਸਾਰੇ ਚੋਟੀ ਦੇ ਸਰਦਾਰ ਮਰ ਗਏ ਹਨ ਸੈਨਾ ਦਾ ਖਾਤਮਾ ਹੋ ਚੁਕਿਆ ਹੈ; ਤੂੰ ਆਪਣੀ
ਤਾਕਤ ਦਾ ਜੌਹਰ ਕਦ ਦਿਖਾਏਂਗਾ ਆਪਣੇ ਵਾਅਦੇ ਨੂੰ ਪੂਰਾ ਕਰ ਵਕਤ ਆ ਗਿਆ ਹੈ ? (21*)
ਪੈਂਦੇ ਖਾਨ ਆਖਦਾ - ਕਾਲੇ ਖਾਨ! ਤੁਸੀਂ ਸੈਨਕਾਂ ਨੂੰ ਹੁਕਮ ਦੇਵੋ ਉਹ ਸਿੱਖਾਂ ਨੂੰ ਰੋਕ
ਕੇ ਰੱਖਣ ਅੱਗੇ ਨਾ ਆਉਣ ਦੇਣ ; ਮੈਂ ਸਿੱਧਾ ਜਾਵਾਂਗਾ ਤੇ ਗੁਰੂ ਨੂੰ ਫੜ ਲਵਾਂਗਾ -।ਉਹ
ਗੁੱਸਾ ਧਾਰ ਕੇ ਵਰੋਲੇ ਘੋੜੇ ਨੂੰ ਦੁੜਾਉਂਦਾ ਹੋਇਆ ਛੋਟੀ ਜੇਹੀ ਕੰਧ ਟਪਾ ਕੇ ਵਧਦਾ ਹੋਇਆ
ਗੁਰੂ ਪਾਤਸ਼ਾਹ ਦੇ ਕੋਲ ਜਾ ਪਹੁੰਚਦਾ ।ਦੋਨੋ ਆਹਮੋ ਸਾਮ੍ਹਣੇ ਹੋ ਜਾਂਦੇ ਹਨ । ਘੋੜੇ ‘ਤੇ
ਸਵਾਰ ਗੁਰੂ ਪਾਤਸ਼ਾਹ ਰੋਹ ਵਿਚ ਆ ਕੇ ਆਖਦਾ - ਪੈਂਦੇ ਖਾਨ ! ਜੰਗ ਜੰਗ ਹੀ ਹੁੰਦੀ ਹੈ ਜੰਗ
ਵਿਚ ਲਿਹਾਜ਼ ਤਰਸ ਦੀ ਕੋਈ ਚੀਜ਼ ਨਹੀਂ ਹੁੰਦੀ ।ਫਿਰ ਵੀ ਪਹਿਲਾਂ ਤੈਨੂੰ ਵਾਰ ਦਿਤਾ ਤੂੰ
ਵਾਰ ਕਰ ; ਕਿਧਰੇ ਤੇਰੇ ਦਿਲ ਵਿਚ ਕੋਈ ਅਰਮਾਨ ਨਾ ਰਹਿ ਜੱਵੇ-.(22*)
ਕਰਿ ਬਾਰ ਨਿਮਕ ਹਰਾਮਿ।ਨਹਿ ਹੌਸ ਰਹੇ ਤੁਵ ਖੱਮਿ .26/167
ਪੈਂਦੇ ਖਾਨ ਖੰਡਾ ਕੱਢਦਾ ‘ਤੇ ਗੁਰੂ ਪਾਤਸ਼ਾਹ ਤੇ ਸਿੱਧਾ ਵਾਰ ਕਰਦਾ । ਗੁਰੁ ਪਾਤਸ਼ਾਹ
ਖੰਡੇ ਅੱਗੇ ਰਕਾਬ ਕਰ ਦਿੰਦਾ ਤੇ ਵਾਰ ਰੋਕ ਲੈਂਦਾ । ਪੈਂਦੇ ਖਾਨ ਦਾ ਵਾਰ ਖਾਲੀ ਚਲਾ
ਜਾਂਦਾ ਤਾਂ ਉਹ ਫਿਰ ਵਾਰ ਕਰਦਾ । ਗੁਰੁ ਪਾਤਸ਼ਾਹ ਇਸ ਵਾਰ ਖੰਡੇ ਅੱਗੇ ਢਾਲ ਕਰ ਦਿੰਦਾ ।
ਉਸ ਦਾ ਦੂਜਾ ਵਾਰ ਵੀ ਖਾਲੀ ਨਿਕਲ ਜਾਂਦਾ । ਪੈਂਦੇ ਖਾਨ ਫਿਰ ਬਹੁਤ ਹੀ ਰੋਹ ਵਿਚ ਆ ਕੇ
ਪੂਰੇ ਜ਼ੋਰ ਨਾਲ ਤੀਜੀ ਵਾਰ ਖੰਡਾ ਚਲਾਂਉਂਦਾ ਤਾਂ ਖੰਡਾ ਗੁਰੁ ਪਾਤਸ਼ਾਹ ਦੀ ਢਾਲ ਦੇ ਲੋਹੇ
ਦੇ ਫੁੱਲ ਤੇ ਜਾ ਵੱਜਦਾ ; ਖੰਡਾ ਟੁੱਟ ਕੇ ਦੋ ਟੁਕੜੇ ਹੋ ਜਾਂਦਾ । ਪੈਂਦੇ ਖਾਨ ਸੋਚਦਾ ;
ਗੁਰੁ ਕਿਤੇ ਦੌੜ ਨਾ ਜਾਵੇ । ਉਹ ਬਲ ਲਾ ਕੇ ਗੁਰੁ ਪਾਤਸ਼ਾਹ ਦੇ ਘੋੜੇ ਨੂੰ ਜੱਫਾ ਮਾਰ
ਲੈਂਦਾ ; ਉਹ ਗੁਰ ਪਾਤਸ਼ਾਹ ਨੂੰ ਅਤੇ ਘੋੜੇ ਨੂੰ ਹੇਠਾਂ ਸੁੱਟ ਲੈਣਾ ਚਾਹੁੰਦਾ । ਗੁਰੁ
ਪਾਤਸ਼ਾਹ ਫੁਰਤੀ ਨਾਲ ਆਪਣੀ ਢਾਲ ਸੰਭਾਲਦਾ ਅਤੇ ਉਪਰੋਂ ਹੀ ਪੂਰੇ ਬਲ ਨਾਲ ਪੈਂਦੇ ਖਾਨ ਦੇ
ਸਿਰ ‘ਤੇ ਮਾਰਦਾ । ਪੈਂਦੇ ਖਾਨ ਚੱਕਰ ਖਾ ਕੇ ਥੱਲੇ ਡਿਗ ਪੈਂਦਾ । ਗੁਰੂ ਪਾਤਸ਼ਾਹ ਵੀ
ਘੋੜੇ ਤੋਂ ਉਤਰ ਕੇ ਧਰਤੀ ਤੇ ਆ ਜਾਂਦਾ ।ਅਧਮੋਇਆ ਜੇਹਾ ਹੋਣ ਕਰਕੇ ਗੁਰੁ ਪਾਤਸ਼ਾਹ ਪੈਂਦੇ
ਖਾਨ ‘ਤੇ ਵਾਰ ਨਹੀਂ ਕਰਦਾ।ਦੋਨੋਂ ਧਿਰਾਂ ਦੇ ਸੈਨਿਕ ਅਚੰਭਤ ਹੋਏ ਅਸਚਰਜ ਨਜ਼ਾਰੇ ਨੂੰ ਵੇਖ
ਰਹੇ ਹੁੰਦੇ ।ਆਸੇ ਪਾਸੇ ਜੰਗ ਰੁਕ ਗਿਆ ਹੁੰਦਾ ।ਕੁਝ ਪਲ ਬਾਅਦ ਪੈਂਦੇ ਖਾਨ ਨੂੰ ਹੋਸ਼
ਆਉਂਦੀ ਹੈ; ਉਹ ਇਕ ਦਮ ਉਠਦਾ ਤੇ ਗੁਰੁ ਪਾਤਸ਼ਾਹ ‘ਤੇ ਵਾਰ ਕਰਨ ਲਈ ਅਹੁਲਦਾ ।ਤਾ ਉਸ ਵੇਲੇ
ਗੁਰੁ ਪਾਤਸ਼ਾਹ ਦੇ ਮੁੱਖ ਤੋਂ ਆਵਾਜ਼ ਬਲੰਦ ਹੁੰਦੀ - ਪੈਂਦੇ ਖਾਨ ! ਨਹੀਂ ਹੁਣ ਨਹੀਂ !
ਹੁਣ ਸਾਡਾ ਵਾਰ ਹੈ ਤੁੰ ਸਾਡਾ ਵਾਰ ਲੈ ਅਤੇ ਸਾਵਧਾਨ ਹੋ ਜੱ-.
ਸੁਨ ਰੇ ਪਠਾਨ ! ਮਮ ਵਾਰ ਦੇਹੁ ਬਨਿ ਸੱਵਧੱਨੱ.
ਕਰਿ ਲੀਨ ਤੀਨ ਤੈ ਬਲ ਲਗੱਇ.8/277/47
ਗੁਰੁ ਕਿਰਪਾਨ ਖਿਚਦਾ ਤੇ ਵਾਰ ਕਰਦਾ ਹੋਇਆ ਆਖਦਾ - ਪਂੈਦੇ ਖਾਨ ਤੇਰਾ ਆਖਰੀ ਸਮਾਂ ਆ ਗਿਆ
ਹੈ ।ਤੇਰਾ ਮੁਸਲਮਾਨ ਘਰ ਦਾ ਜਨਮ ਹੈ - ਕਲਮਾ ਪੜ੍ਹ ਲੈ - ਸਾਡਾ ਵਾਰ ਆਇਆ .(23*)
ਤੂ ਤੋ ਮਿਤ੍ਰ ਹਮਾਰਾ ਅਹਾ, ਪੜ੍ਹ ਕਲਮਾ ਮੁਖ ਨਬੀ ਰਸੂਲ.
ਪੈਂਦੇ ਖਾਨ ਗੁਰ ਪਾਤਸ਼ਾਹੁ ਵੱਲ ਤੱਕਦਾ ; ਉਸ ਦੇ ਮਨ-ਮਸਤਕ ਅੰਦਰ ਗੁਰੁ ਪਾਤਸ਼ਾਹ ਦੀਆਂ
ਸੱਭੇ ਮੇਹਰਾਂ-ਬਖਸ਼ਸ਼ਾਂ ਦ੍ਰਿਸਟੀਗੋਚਰ ਹੋ ਜਾਂਦੀਆਂ ;ਉਸ ਦੇ ਮੁਰਝਾਏ ਹੋਏ ਮੁੱਖ ਤੋਂ ,
ਜੁੜੇ ਹੋਏ ਬੁੱਲਾਂ ਚੋਂ ਬਹੁਤ ਹੀ ਧੀਮੀ ਜੇਹੀ ਅਵਾਜ਼ ‘ਚ ਅੰਤਿਮ ਸ਼ਬਦ ਨਿਕਲਦੇ - ਗੁਰੂ ਜੀ
! ਆਪ ਦੀ ਤਲਵਾਰ ਹੀ ਕਲਮਾ ਹੈ ।ਦਇਆ ਕਰੋ ਮੇਰਾ ਪਾਰ ਉਤਾਰਾ ਕਰ ਦਿਉ –.
ਗੁਰੁ ਤੁਮਰੀ ਤਲਵਾਰ ਕਲਮਾ ਹੋਇ ਲੱਗੀ.
ਤਲਵਾਰ ਪਾਰ ਹੋ ਜਾਂਦੀ ਹੈ ;ਪੈਂਦੇ ਖਾਨ ਦੇ ਆਖਰੀ ਸਵਾਸ ਚਲ ਰਹੇ ਹੁੰਦੇ ; ਸਾਹ ਮੁੱਕ
ਰਹੇ ਹੁੰਦੇ ।ਕੋਲ ਖੜੇ ਗੁਰੁ ਪਾਤਸ਼ਾਹ ਤੋਂ ਆਪਣੇ ਹੱਥੀਂ ਬੜੀ ਰੀਝ ਨਾਲ ਪਾਲ ਪੋਸ ਕੇ
ਜੁਝਾਰੂ ਕੀਤੇ ਸੂਰਮੇ ਦੀ ਧੁੱਪ ‘ਚ ਪਏ ਦੀ ਹਾਲਤ ਜਰੀ ਨਹੀਂ ਜਾਂਦੀ ।ਗੁਰੁ ਪਾਤਸ਼ਾਹ ਬੜਾ
ਮੇਹਰਬਾਨ ; ਉਸ ਦੇ ਸਾਰੇ ਔਗੁਣ ਭੁਲਾ ਦਿੰਦਾ ।ਗੁਰੂ ਪਾਤਸ਼ਾਹ ਆਪਣੀ ਢਾਲ ਨਾਲ ਪੈਂਦੇ ਖਾਨ
ਦੇ ਮੁੱਖ ‘ਤੇ ਛਾਂ ਕਰ ਦਿੰਦਾ । ਪੈਂਦੇ ਖਾਨ ਦੀਆ ਅੱਖਾਂ ਮਿਟ ਰਹੀਆਂ ਹੁੰਦੀਆਂ ਤੇ ਪਲਾਂ
‘ਚ ਮਿਟਦੀਆਂ ਮਿਟਦੀਆਂ ਗੁਰੁ ਪਾਤਸ਼ਾਹ ਦੇ ਸਨਮੁਖ ਸਦਾ ਲਈ ਮਿਟ ਜਾਂਦੀਆਂ .
ਸਹਾਇਕ ਸਮ‘ਗਰੀ
1. ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਚੌਥੀ ੳਧਿੳੱਇ।42
2.ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਚੌਥੀ,ਅਧਿਆਇ 43।
3.ਆਈਨੇ ਅਕਬਰੀ ,ਅਫਜ਼ਲ ਫਜ਼ਲ, ਪੰਨਾ 283।
4.ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਪੰਜਵੀਂ,ਅਧਿਆਇ 31।
5.ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਪੰਜਵੀਂ,ਅਧਿਆਇ 32
6.ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਪੰਜਵੀ ਅਧਿਆਇ 36
7 ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਪੰਜਵੀ ਅਧਿਆਇ. 40
*7ਅ, ਵਾਰਾਂ ਭਾਈ ਗੁਰਦਾਸ ਵਾਰ 26ਵੀਂ ਪਾਉੜੀ 24
8 ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ ਛੇਵੀਂ ੳਧਿੳੱਇ।11
9 ਸ੍ਰੀ ਗੁਰੁ ਪੰਥ ਪ੍ਰਕਾਸ਼ ਪੂਰਬਾਰਧ ਪਹਿਲਾ ਬਿਸ੍ਰਾਮ 25
10 ਗੁਰ ਬਿਲਾਸ ਪਾਤਸਾਹੀ ਛੇਵੀਂ ਅਧਿਆਇ 19
11. ਉਕਤ ਅਧਿਅਇ 19
12 ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ 7ਵੀਂ ਅਧਿਆਇ 61
13 ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਧਿਆਇ 20
14 ਗੁਰੁ ਪੰਥ ਪ੍ਰਕਾਸ਼ ਅਧਿਅਇ 26
15 ਗਰ ਬਿਲਾਸ ਪਾਤਸ਼ਾਹੀ ਛੇਵੀਂ ਅਧਿਆਇ 20 /311
16. ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਧਿਆਇ 20
17 ਸ੍ਰੀ ਗੁਰੁ ਪੰਥ ਪ੍ਰਕਾਸ਼ ਪੂਰਬਾਰਧ ਪਹਿਲਾ ਬਿਸ੍ਰਾਮ 26
18 ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ 8ਵੀਂ ਅਧਿਆਇ 12
19 ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਧਿਆਇ 20
20 ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ 8ਵੀਂ ਅਧਿਆਇ 15
21 ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ 8ਵਂਿ ਅਧਿਆਇ 26
22 ਸ੍ਰੀ ਪੰਥ ਪ੍ਰਕਾਸ਼ ਪੂਰਬਾਰਧ ਪਹਿਲਾ ,ਬਿਸਰਾਮ 26
23 ਮਹਿਮਾ ਪ੍ਰਕਾਸ਼ , ਭਾਈ ਸਰੂਪ ਦਾਸ ਭ‘ਲੱ
ਗੱਜਣਵਾਲਾ ਸੁਖਮਿੰਦਰ ਸਿੰਘ (ਰਿਸਰਚ ਸਕੱਲਰ)
3076 , ਸੈਕਟਰ 44 ਡੀ , ਚੰਡੀਗੜ
ਮੋਬਾਈਲ 9915106449
-0- |