'ਅੱਜ ਤਬੀਅਤ ਕੁਝ ਠੀਕ
ਲੱਗ ਰਹੀ ਹੈ। ਟੋਰੌਂਟੋ ਵਿੱਚ ਸਿਤੰਬਰ ਦੀ ਇਹ ਸੁਹਣੀ ਦੁਪਹਿਰ ਐ ਤੇ ਮੌਸਮ ਵੀ ਚੰਗਾ ਐ।
ਹਵਾ ਵੀ ਤੇਜ਼ ਨਹੀਂ ਚੱਲ ਰਹੀ, ਸੈਰ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ‘। ਇਨ੍ਹਾਂ ਹੀ ਸੋਚਾਂ
ਵਿੱਚ ਮੈਂ ਆਪਣਾ ਵਾਕਰ ਲੈ ਕੇ ਬਾਹਰ ਸੜਕ ਵੱਲ ਤੁਰ ਪਈ। ਜਾਂਦੀ ਜਾਂਦੀ ਸੋਚ ਰਹੀ ਸੀ,
'ਕਿੰਨਾ ਚੰਗਾ ਸਿਸਟਮ ਹੈ ਇੱਥੇ ਕੈਨੇਡਾ ਵਿੱਚ ਸਾਡੇ ਵਰਗੇ ਬਜ਼ੁਰਗਾਂ ਲਈ ਵੀ ਤੁਰਨ ਫਿਰਨ
ਦਾ; ਇੰਡੀਆ ਵਿੱਚ ਸੜਕ ਤੇ ਇਸ ਤਰ੍ਹਾਂ ਤੁਰਨਾ ਮੇਰੇ ਵਰਗੇ ਲਈ ਤਾਂ ਨਾਮੁਮਕਿਨ ਹੀ ਲੱਗਦਾ
ਐ। ਪਹਿਲਾਂ ਤਾਂ ਸੜਕ ਕੰਢੇ ਤੇ ਵਾਕਰ ਲੈ ਕੇ ਤੁਰਨ ਲਈ ਕੋਈ ਜਗ੍ਹਾ ਹੀ ਨਹੀਂ ਬਣੀ ਹੋਈ ਅਤੇ
ਜੇ ਕਿਤੇ ਬਣੀ ਵੀ ਹੋਈ ਹੈ ਤਾਂ ਕੋਈ ਸਾਈਕਲ ਰਿਪੇਅਰ ਵਾਲਾ, ਕੋਈ ਚਾਹ ਵਾਲਾ ਜਾਂ ਕੋਈ ਹੋਰ
ਬੈਠ ਗਿਆ ਹੋਵੇਗਾ। ਕੋਈ ਨਾ ਕੋਈ ਮੇਰੇ ਵਰਗੇ ਕੋਲੋਂ ਲੰਘਦਾ ਇਹ ਵੀ ਕਹਿ ਜਾਏਗਾ - ਕੀ ਲੋੜ
ਪਈ ਐ ਇਸ ਬੁੱਢੀ ਨੂੰ ਬਾਹਰ ਨਿਕਲਣ ਦੀ? ਬਈ ਆਪਣੇ ਘਰ ਬੈਠ ਤੇ ਹੋਰਾਂ ਨੂੰ ਸੜਕ ਤੇ ਤੁਰ
ਲੈਣ ਦੇ - ਲੈ, ਸੋਚਾਂ ਵਿੱਚ ਪਤਾ ਵੀ ਨਹੀਂ ਲੱਗਾ ਕਦੋਂ ਚੌਂਕ ਵੀ ਆ ਗਿਆ‘। ਸੜਕ ਪਾਰ ਕਰਨ
ਲਈ ਬਟਨ ਦਬਾਉਣ ਲੱਗੀ ਤਾਂ ਦੇਖਿਆ ਕਿ ਚੌਂਕ ਵਿੱਚ ਇੱਕ ਪੁਲੀਸ ਵਾਲਾ ਸੜਕ ਪਾਰ ਕਰਨ ਲਈ
ਇਸ਼ਾਰੇ ਦੇ ਰਿਹਾ ਸੀ, ਮੈਂ ਸੋਚਿਆ 'ਜ਼ਰੂਰ ਲਾਈਟਾਂ ਖਰਾਬ ਹੋ ਗਈਆਂ ਹੋਣਗੀਆਂ‘, ਜਦ ਧਿਆਨ
ਨਾਲ ਦੇਖਿਆ ਤਾਂ ਕਿਸੇ ਦੀ ਫਿਊਨਰਲ ਵਾਲੀ ਗੱਡੀ ਪਿੱਛੇ ਹੋਰ ਕਾਰਾਂ ਦੀ ਲਾਈਨ ਆਉਂਦੀ ਹੋਈ
ਦਿਸੀ।
ਜਦ ਉਹ ਲਾਈਨ ਖ਼ਤਮ ਹੋਈ ਤਾਂ ਦੂਜੇ ਪਾਸੇ ਵਾਲਿਆਂ ਨੂੰ ਸੜਕ ਪਾਰ ਕਰਨ ਲਈ ਇਸ਼ਾਰਾ ਕਰ ਪੁਲੀਸ
ਵਾਲਾ ਆਪਣੀ ਕਾਰ ਵੱਲ ਚਲਾ ਗਿਆ। ਸਕੂਲਾਂ ਦੀ ਛੁੱਟੀ ਦਾ ਵਕਤ ਸੀ, ਇਸ ਲਈ 'ਕਰੌਸਿੰਗ ਗਾਰਡ‘
ਸੜਕ ਪਾਰ ਕਰਵਾਉਣ ਲਈ ਹੱਥ ਵਿੱਚ 'ਸਟੌਪ‘ ਸਾਈਨ ਵਾਲਾ ਬੋਰਡ ਲੈ ਆ ਪਹੁੰਚਿਆ। ਮੇਰੇ ਨਾਲ
ਨਾਲ ਤੁਰਦਾ ਹੋਇਆ ਉਹ ਵੀ ਕਿਨਾਰੇ ਜਾ ਖੜਾ ਹੋਇਆ। ਸਕੂਲ ਖੁਲ੍ਹ ਗਏ ਨੇ ਅਤੇ ਬੱਚਿਆਂ ਨੂੰ
ਸੜਕ ਪਾਰ ਕਰਵਾਉਣ ਲਈ ਕਰੌਸਿੰਗ ਗਾਰਡਾਂ ਦੀ ਡਿਊਟੀ ਵੀ ਸ਼ੁਰੂ ਹੋ ਗਈ ਹੈ, ਸਕੂਲ ਖੁਲ੍ਹਣ
ਅਤੇ ਛੁੱਟੀ ਵੇਲੇ ਉਹ ਚੌਂਕ ਤੇ ਆ ਖੜਦੇ ਨੇ। ਜਦ ਵੀ ਸੈਰ ਲਈ ਜਾਂਦੀ ਹਾਂ ਇਸ ਕਰੌਸਿੰਗ
ਗਾਰਡ ਨਾਲ ਦੋ ਗੱਲਾਂ ਕਰ ਲੈਂਦੀ ਹਾਂ। "ਸਮ ਪੂਅਰ ਫੈਲੋ ਲੈਫਟ ਦਿਸ ਵਰਲਡ”, ਮੈਂ ਕਰੌਸਿੰਡ
ਗਾਰਡ ਨੂੰ ਕਿਹਾ।
"ਓ ਯੈੱਸ, ਦਿਸ ਵਾਜ਼ ਏ ਚਾਈਲਡ, ਅ ਲਿਟਲ ਗਰਲ ਔਫ਼ ਅਬਾਊਟ ਏਟ ”, ਕਹਿ ਉਹ ਮੁੜ ਕਿਸੇ ਹੋਰ
ਨੂੰ ਸੜਕ ਪਾਰ ਕਰਵਾਉਣ ਲਈ ਤੁਰ ਪਿਆ।
ਮੈਂ ਆਪਣੀ ਚਾਲੇ ਤੁਰਦੀ ਹੋਈ ਥੋੜ੍ਹਾ ਹੋਰ ਅੱਗੇ ਜਾ ਕੇ ਬੈਂਚ ਉੱਤੇ ਬੈਠ ਗਈ। ਬੈਂਚ ਦੇ
ਆਲੇ ਦੁਆਲੇ ਫੁੱਲਾਂ ਦੀਆਂ ਕਿਆਰੀਆਂ ਸਨ। ਫੁੱਲ ਖਿੜੇ ਹੋਏ ਸਨ ਅਤੇ ਉਨ੍ਹਾਂ ਦੀਆਂ
ਰੰਗੀਨੀਆਂ ਦੇਖ ਰਹੀ ਸੀ ਜਦ ਇੰਜ ਲੱਗਾ ਜਿਵੇਂ ਇੱਕ ਆਵਾਜ਼ ਆਈ ਹੋਵੇ - "ਆਂਟੀ”। ਮੈਂ ਆਲੇ
ਦੁਆਲੇ ਦੇਖਿਆ, ਕੋਈ ਵੀ ਨਹੀਂ ਸੀ। ਹਾਂ, ਇੱਕ ਤਿੱਤਲੀ ਸਾਹਮਣੇ ਉੱਡ ਰਹੀ ਸੀ। ਮੈਂ ਹਲਕਾ
ਜਿਹਾ ਮੁਸਕਰਾ ਪਈ, ਹੁਣ ਮੈਨੂੰ ਸਮਝ ਪਈ ਕਿ ਇਸ ਤਿਤਲੀ ਨੂੰ ਦੇਖ ਮੇਰੀ ਆਪਣੀ ਤਿਤਲੀ ਦੀ
ਆਵਾਜ਼ ਯਾਦ ਆ ਰਹੀ ਸੀ। ਹੁਣੇ ਜਿਹੜੀ ਬੱਚੀ ਦੇ ਆਖਰੀ ਸਫ਼ਰ ਨੂੰ ਦੇਖ ਰਹੀ ਸੀ, ਉਸ ਜਿੰਨੀ ਹੀ
ਸੀ ਸਾਡੀ ਤਿਤਲੀ। ਮੈਂ ਸੋਚਾਂ ਵਿੱਚ ਹੀ ਕਿੰਨੇ ਪੁਰਾਣੇ ਵਕਤ ਵਿੱਚ ਵਿਚਰਣ ਲੱਗੀ, 'ਜਦ ਮੈਂ
ਪਹਿਲੀ ਵਾਰ ਉਸ ਨੂੰ ਮਿਲੀ ਸੀ, ਉਹ ਦੌੜਦੀ ਹੋਈ ਮੇਰੇ ਕੋਲ ਆਈ ਅਤੇ "ਆਂਟੀ” ਕਹਿ ਮੇਰੇ ਨਾਲ
ਜੱਫੀ ਪਾ ਲਈ।
"ਆਂਟੀ, ਅਸੀਂ ਤੁਹਾਡੇ ਸਾਹਮਣੇ ਵਾਲੇ ਘਰ ਵਿੱਚ ਨਵਂੇ ਆਏ ਹਾਂ। ਮੇਰਾ ਨਾਂ 'ਸਪਨਾ‘ ਹੈ” ਉਹ
ਆਪਣੀ ਲੋਰ ਵਿੱਚ ਕਹਿ ਰਹੀ ਸੀ।
"ਗੁੱਡ... ਸਪਨਾ, ਬੜਾ ਸੁਹਣਾ ਨਾਂਅ ਐ” ਮੈਂ ਛੋਟਾ ਜਿਹਾ ਜਵਾਬ ਦਿੱਤਾ।
"ਮੇਰੇ ਪਾਪਾ ਡਾਕਟਰ ਨੇ”
"ਅੱਛਾ! ਤੇ ਤੁਹਾਡੇ ਮੰਮੀ?” ਮੈਂ ਪੁੱਛਿਆ।
"ਮੰਮੀ ਨਰਸ ਨੇ। ਦੋਵੇਂ ਇੱਕੋ ਹੀ ਹਸਪਤਾਲ ਵਿੱਚ ਕੰਮ ਕਰਦੇ ਨੇ”, ਉਹ ਹੱਥ ਵਿੱਚ ਫੜਿਆ
ਬਿਸਕੁਟ ਖਾਂਦਿਆਂ ਬੋਲੀ।
"ਆਂਟੀ, ਤੁਸੀਂ ਕਿੱਥੇ ਕੰਮ ਕਰਦੇ ਓ?” ਉਸ ਨੇ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਬੈਠਦਿਆਂ
ਸਵਾਲ ਕੀਤਾ।
"ਮੈਂ? ਬੇਟਾ, ਮੈਂ ਘਰ ਵਿੱਚ ਹੀ ਰਹਿੰਦੀ ਹਾਂ, ਕੋਈ ਨੌਕਰੀ ਨਹੀਂ ਕਰਦੀ”।
"ਹੈਂ, ਇਹ ਕਿਵੇਂ? ਸਾਰੇ ਵੱਡੇ ਕਿਤੇ ਨਾ ਕਿਤੇ ਕੰਮ ਕਰਦੇ ਹੁੰਦੇ ਨੇ?” ਸ਼ਾਇਦ ਉਹ ਜਿੰਨੇ
ਵੱਡਿਆਂ ਨੂੰ ਜਾਣਦੀ ਸੀ ਉਹ ਕਿਤੇ ਨਾ ਕਿਤੇ ਨੌਕਰੀ ਕਰਦੇ ਸਨ। ਫਿਰ ਇਕਦਮ ਉਹ ਬੋਲੀ, "ਤੇ
ਅੰਕਲ ਕਿੱਥੇ ਨੇ?”
"ਬੇਟਾ, ਤੁਹਾਡੇ ਅੰਕਲ ਕੈਨੇਡਾ ਗਏ ਹੋਏ ਨੇ ਤੇ ਮੈਂ ਇਥੇ ਇਕੱਲੀ ਰਹਿੰਦੀ ਹਾਂ”
"ਤੁਹਾਨੂੰ ਇਕੱਲਿਆਂ ਡਰ ਨਹੀਂ ਲੱਗਦਾ?” ਉਹ ਬਹੁਤ ਹੈਰਾਨ ਹੋਈ।
ਮੈਂ ਹੱਸਣ ਲੱਗੀ। ਇੰਨੀ ਦੇਰ ਵਿੱਚ ਉਸ ਦੇ ਮੰਮੀ ਉਸ ਨੂੰ ਲੈਣ ਲਈ ਆ ਗਏ। "ਨਮਸਤੇ ਜੀ, ਇਸ
ਨੇ ਤੁਹਾਨੂੰ ਤੰਗ ਤਾਂ ਨਹੀਂ ਕੀਤਾ?”
"ਨਹੀਂ, ਨਹੀਂ, ਬਿਲਕੁਲ ਨਹੀਂ”।
"ਮੈਂ ਮਿਸਜ਼ ਗਰਗ। ਇਹ ਸਾਡੀ ਸਪਨਾ, ਬਹੁਤ ਗਲਾਧੜ ਏ। ਸਾਰੇ ਜਹਾਨ ਦੀਆਂ ਗੱਲਾਂ ਕਰਵਾ ਲਓ,
ਇਹ ਨਹੀਂ ਥੱਕਦੀ”।
"ਬੜੀ ਪਿਆਰੀ ਐ, ਮੇਰਾ ਤੇ ਜੀਅ ਲਾ ਦਿੱਤੈ ਇਸ ਨੇ” ਮੈਂ ਸਪਨਾ ਵੱਲ ਪਿਆਰ ਨਾਲ ਦੇਖਦਿਆਂ
ਕਿਹਾ।
ਇਸ ਤਰ੍ਹਾਂ ਸਪਨਾ ਨੇ ਸਾਡੀ ਵਾਕਫ਼ੀਅਤ ਕਰਵਾ ਦਿੱਤੀ। ਸਾਹਮਣੇ ਘਰ ਹੋਣ ਕਾਰਨ, ਘਰੋਂ ਬਾਹਰ
ਆਂਦੇ ਜਾਂਦੇ ਸਾਡਾ ਸਾਹਮਣਾ ਹੋ ਜਾਂਦਾ। ਸਵੇਰੇ ਉਸ ਨੂੰ ਸਕੂਲ ਜਾਣ ਵੇਲੇ ਦੇਖਣ ਲਈ ਮੈਂ
ਡਰਾਇੰਗ ਰੂਮ ਦੀ ਖਿੜਕੀ ਕੋਲ ਆ ਖੜੀ ਹੁੰਦੀ। ਉਹ ਰਿਕਸ਼ੇ ਤੇ ਚੜ੍ਹਦੀ ਅਤੇ ਆਪਣੀ ਮੰਮੀ ਨੂੰ
ਬਾਏ ਬਾਏ ਬੋਲਦੀ ਹੱਥ ਹਿਲਾਉਂਦੀ ਜਾਂਦੀ। ਜਦ ਉਸ ਦੇ ਮੰਮੀ ਦੀ ਰਾਤ ਦੀ ਡਿਊਟੀ ਹੁੰਦੀ ਤਾਂ
ਸਕੂਲ ਲਈ ਉਸ ਦੇ ਪਾਪਾ ਭੇਜਦੇ। ਸਕੂਲ ਤੋਂ ਆ ਕੇ ਕੁਝ ਖਾ ਪੀ ਕੇ ਸਕੂਲੋਂ ਮਿਲਿਆ ਹੋਮ ਵਰਕ
ਲੈ ਕਈ ਵਾਰ ਉਹ ਮੇਰੇ ਕੋਲ ਆ ਬੈਠਦੀ। ਮੇਰਾ ਵੀ ਜੀਅ ਲੱਗਾ ਰਹਿੰਦਾ ਅਤੇ ਮੈਂ ਉਸ ਦਾ ਹੋਮ
ਵਰਕ ਕਰਵਾ ਦਿੰਦੀ। ਉਸ ਦਾ ਦਿਮਾਗ ਚੰਗਾ ਤੇਜ਼ ਸੀ ਅਤੇ ਵੈਸੇ ਵੀ ਉਹ ਬਹੁਤ ਫੁਰਤੀਲ਼ੀ ਸੀ।
ਛੁੱਟੀ ਵਾਲੇ ਦਿਨ ਤਾਂ ਉਹ ਬਹੁਤਾ ਵਕਤ ਮੇਰੇ ਨਾਲ ਹੀ ਗੁਜ਼ਾਰਦੀ। ਮੈਨੂੰ ਵੀ ਜਿਵੇਂ ਇੱਕ
ਕੰਮ ਮਿਲ ਗਿਆ ਸੀ।
ਉਸ ਨੂੰ ਸਾਡੇ ਪਿਛਲੇ ਵਿਹੜੇ ਵਿੱਚ ਫੁੱਲਾਂ ਦੀਆਂ ਕਿਆਰੀਆਂ ਕੋਲ ਜਾ ਕੇ ਬੈਠਣਾ ਬਹੁਤ ਚੰਗਾ
ਲੱਗਦਾ ਸੀ। ਫੁੱਲਾਂ ਤੇ ਤਿਤਲੀਆਂ ਉੱਡਦੀਆਂ ਤਾਂ ਉਹ ਫੜਨ ਲਈ ਉਨ੍ਹਾਂ ਪਿੱਛੇ ਦੌੜਦੀ
ਰਹਿੰਦੀ। ਇੱਕ ਵਾਰ ਉਹ ਇੱਕ ਐਲਬਮ ਲੈ ਕੇ ਆਈ, ਜਿਸ ਵਿੱਚ ਸਿਰਫ਼ ਤਿਤਲੀਆਂ ਦੀਆਂ ਫੋਟੋ ਸਨ।
ਜਿਸ ਵੀ ਮੈਗਜ਼ੀਨ ਵਿੱਚ ਜਾਂ ਹੋਰ ਕਿਤੇ ਉਸ ਨੂੰ ਤਿਤਲੀ ਦੀ ਫੋਟੋ ਦਿਸਦੀ, ਉਹ ਕੱਟ ਕੇ ਐਲਬਮ
ਵਿੱਚ ਲਗਾ ਦਿੰਦੀ। ਮੰਮੀ ਨੂੰ ਕਹਿ ਕੇ ਸਪੈਸ਼ਲ ਤਿਤਲੀ ਵਾਲੇ ਪ੍ਰਿੰਟ ਦੇ ਕਪੜੇ ਦੀ ਫਰਾਕ ਲਈ
ਫ਼ਰਮਾਇਸ਼ ਕਰਦੀ। ਇੱਕ ਦਿਨ ਫੁੱਲਾਂ ਕੋਲ ਬੈਠੀ, ਕਹਿਣ ਲੱਗੀ, "ਆਂਟੀ, ਇੱਕ ਗੱਲ ਪੁੱਛਾਂ?”
"ਹਾਂ ਬੇਟਾ, ਪੁੱਛ”, ਮੈਂ ਉਸ ਦੇ ਚਿਹਰੇ ਵੱਲ ਦੇਖਦਿਆਂ ਕਿਹਾ।
"ਤਿਤਲੀ ਕੈਸਾ ਨਾਂ ਐ?”
"ਚੰਗਾ ਨਾਂਅ ਐ, ਪਰ ਤੂੰ ਕਿਉਂ ਪੁੱਛ ਰਹੀ ਐਂ?”
"ਮੇਰਾ ਦਿਲ ਕਰਦੈ ਕਿ ਮੇਰਾ ਨਾਂ ਤਿਤਲੀ ਹੋਵੇ, ਤੁਸੀਂ ਮੈਨੂੰ ਤਿਤਲੀ ਬੁਲਾਓ”, ਕਹਿ ਉਹ
ਮੇਰੇ ਕੋਲ ਆ ਖੜੀ ਹੋਈ।
ਮੇਰੇ "ਤਿਤਲੀ” ਕਹਿਣ ਦੀ ਦੇਰ ਸੀ, ਉਹ ਛਾਲਾਂ ਮਾਰ ਹੱਸਣ ਲੱਗੀ। ਹਾਂ, ਇਹ ਠੀਕ ਐ। ਤੁਸੀਂ
ਮੈਨੂੰ ਤਿਤਲੀ ਹੀ ਬੁਲਾਇਆ ਕਰੋ”।
ਉਸ ਦਿਨ ਤੋਂ ਉਹ ਮੇਰੀ ਤਿਤਲੀ ਹੋ ਗਈ।
ਮੇਰੇ ਸਾਹਮਣੇ ਉੱਡ ਰਹੀ ਇੱਕ ਤਿਤਲੀ ਨੇ ਮੈਨੂੰ ਮੁੜ 'ਹੁਣ‘ ਵਿੱਚ ਲਿਆ ਖੜਾ ਕੀਤਾ। ਮੇਰੇ
ਨਾਲ ਦੇ ਬੈਂਚ ਤੇ ਇੱਕ ਬੰਦਾ ਆਪਣੇ ਸਫ਼ੇਦ ਛੋਟੇ ਜਿਹੇ ਕੁੱਤੇ ਨੂੰ ਨਾਲ ਲੈ ਆ ਬੈਠਾ ਸੀ ਅਤੇ
ਉਸ ਦਾ ਕੁੱਤਾ ਤਿਤਲੀਆਂ ਦੇਖ ਉਨ੍ਹਾਂ ਵੱਲ ਮੂੰਹ ਕਰ ਦੇਖਦਾ ਅਤੇ ਹੌਲੀ ਹੌਲੀ ਬਹੂ, ਬਹੂ ਕਰ
ਰਿਹਾ ਸੀ, ਜਿਵੇਂ ਉਨ੍ਹਾਂ ਨਾਲ ਖੇਡ ਰਿਹਾ ਹੋਵੇ। ਕੁੱਤੇ ਦੀ ਇਸ ਖੇਡ ਨੂੰ ਦੇਖ ਮੈਂ ਫਿਰ
ਗ਼ੁਜ਼ਰੇ ਵਕਤ ਵਿੱਚ ਵਿਚਰਨ ਲੱਗੀ।
ਮੈਨੂੰ ਸਪਨਾ ਯਾਦ ਆ ਗਈ। ਉਹ ਜਦ ਵੀ ਬੜੇ ਹੀ ਚੰਗੇ ਮੂਡ ਵਿੱਚ ਹੁੰਦੀ, ਤਿਤਲੀਆਂ ਪਿੱਛੇ
ਗਾਣਾ ਗਾਉਂਦੀ ਦੌੜਦੀ,
"ਤਿਤਲੀ ਉੜੀ, ਉੜ ਜੋ ਚਲੀ
ਫੂਲ ਨੇ ਕਹਾ, 'ਆ ਜਾ ਮੇਰੇ ਪਾਸ‘
ਤਿਤਲੀ ਕਹੇ, ਮੈਂ ਚਲੀ ਆਕਾਸ਼”
ਉਹ ਦੱਸਦੀ ਕਿ ਉਹ ਜਦ ਵੀ ਆਪਣੇ ਪਾਪਾ ਦੇ ਸਕੂਟਰ ਅੱਗੇ ਖੜੀ ਹੁੰਦੀ ਹੈ, ਤਾਂ ਵੀ ਉਹ ਇਹੀ
ਗਾਣਾ ਗਾਉਂਦੀ ਹੈ ਅਤੇ ਕਈ ਵਾਰ ਤਿਤਲੀਆਂ ਉਸ ਦੇ ਸਕੂਟਰ ਅੱਗੋਂ ਦੀ ਉੜ ਕੇ ਲੰਘਦੀਆਂ ਹਨ
ਜਿਵੇਂ ਉਸ ਨਾਲ ਗੱਲਾਂ ਕਰ ਰਹੀਆਂ ਹੋਣ।
ਗਰਗ ਪਰਿਵਾਰ ਨੂੰ ਸਾਡੇ ਗੁਆਂਢ ਵਿੱਚ ਆਇਆਂ ਦੋ ਸਾਲ ਹੋ ਗਏ ਸਨ, ਪਰ ਇੰਨਾ ਵਕਤ ਕਿਵੇਂ ਲੰਘ
ਗਿਆ, ਪਤਾ ਵੀ ਨਾ ਚੱਲਿਆ। ਸਪਨਾ ਹੁਣ, ਸੱਤ ਸਾਲ ਦੀ ਹੋ ਗਈ ਸੀ। ਉਸ ਦੇ ਇਸ ਜਨਮ ਦਿਨ ਤੇ
ਮੈਂ 'ਸਕਰੈਬਲ‘ (ਸ਼ਬਦ ਬਣਾਉਣ ਵਾਲੀ ਇੱਕ ਖੇਡ) ਲੈ ਆਈ ਕਿਉਂਕਿ ਮੇਰਾ ਖਿਆਲ ਸੀ ਕਿ ਹੁਣ ਉਸ
ਨੂੰ ਸਪੈਲਿੰਗ ਸਿਖਾਉਣੇ ਚਾਹੀਦੇ ਹਨ, ਅਸੀਂ ਦੋਵੇਂ ਪਹਿਲਾਂ ਵੀ ਸਪੈਲਿੰਗ ਗੇਮ ਖੇਡਦੀਆਂ
ਰਹਿੰਦੀਆਂ ਸੀ। ਮੈਂ ਉਸ ਲਈ ਕੋਈ ਨਾ ਕੋਈ ਖੇਡ ਲਿਆ ਰੱਖਦੀ ਅਤੇ ਅਸੀਂ ਦੋਵੇਂ ਕਦੀ
ਕੈਰਮ-ਬੋਰਡ ਅਤੇ ਕਦੀ ਕੋਈ ਹੋਰ ਖੇਡ ਖੇਡਣ ਲੱਗ ਜਾਂਦੀਆਂ।
ਮੇਰੇ ਪਤੀ ਇਸ ਸਰਦੀਆਂ ਵਿੱਚ ਛੁੱਟੀਆਂ ਲੈ ਕੇ ਆਏ ਸਨ ਅਤੇ ਮੇਰੇ ਕੈਨੇਡਾ ਲਈ ਕਾਗ਼ਜ਼ ਭਰਵਾ
ਕੇ ਗਏ ਸਨ। ਉਹ ਵੀ ਸਪਨਾ ਬਾਰੇ ਜਾਣਦੇ ਸਨ ਅਤੇ ਉਸ ਲਈ ਉਹ ਤਿਤਲੀਆਂ ਵਾਲੀ ਇੱਕ ਗੇਮ ਲੈ ਕੇ
ਆਏ ਸਨ। ਤਿਤਲੀਆਂ ਨੂੰ ਕਿਸੇ ਜਗ੍ਹਾ ਤੇ ਟੰਗ ਕੇ, ਇੱਕ ਬਟਨ ਦਬਾਉਣ ਨਾਲ ਉਹ ਆਪਣੇ ਪਰ ਇੰਜ
ਮਾਰਦੀਆਂ ਸਨ ਜਿਵੇਂ ਉੱਡ ਰਹੀਆਂ ਹੋਣ। ਸਪਨਾ ਨੂੰ ਜਿਵੇਂ ਇਸ ਤੋਂ ਵਧੀਆ ਹੋਰ ਕੋਈ ਵੀ ਖੇਡ
ਚੰਗੀ ਨਹੀਂ ਲੱਗਦੀ ਸੀ।
ਇੱਕ ਦਿਨ ਸਪਨਾ ਮੇਰੇ ਕੋਲ ਨਾ ਆਈ, ਮੇਰਾ ਜੀਅ ਨਾ ਲੱਗਾ। ਫਿਰ ਸੋਚਿਆ ਸਾਰੇ ਕਿਤੇ ਚਲੇ ਗਏ
ਹੋਣਗੇ। ਜਦ ਦੂਸਰੇ ਦਿਨ ਵੀ ਉਹ ਨਾ ਦਿਸੀ ਅਤੇ ਨਾ ਹੀ ਉਸ ਦਾ ਰਿਕਸ਼ਾ ਆਇਆ ਤਾਂ ਮੈਂ ਉਨ੍ਹਾਂ
ਦੇ ਘਰ ਗਈ। ਸਪਨਾ ਬਿਸਤਰ ਵਿੱਚ ਲੇਟੀ ਸੀ, ਮੈਨੂੰ ਦੇਖ ਉੱਠਣ ਲੱਗੀ ਤਾਂ ਉਸ ਦੇ ਮੰਮੀ ਨੇ
ਉਸ ਨੂੰ ਲੇਟੇ ਰਹਿਣ ਲਈ ਕਿਹਾ। ਮੈਂ ਉਸ ਦੇ ਕੋਲ ਪਈ ਕੁਰਸੀ ਤੇ ਜਾ ਬੈਠੀ। ਸਪਨਾ ਦੇ ਮੰਮੀ
ਨੇ ਦੱਸਿਆ ਕਿ ਪਿਛਲੇ ਦਿਨ ਇਹ ਵਿਹੜੇ ਵਿੱਚ ਡਿੱਗ ਪਈ ਸੀ। ਸਪਨਾ ਚੁੱਪ ਕਿਵੇਂ ਰਹਿੰਦੀ,
ਕਹਿਣ ਲੱਗੀ, "ਆਂਟੀ, ਮੇਰਾ ਸਿਰ ਬਹੁਤ ਦੁਖਦਾ ਐ”।
"ਕੋਈ ਨਹੀਂ ਬੇਟਾ, ਠੀਕ ਹੋ ਜਾਏਗਾ” ਕਹਿ ਮੈਂ ਉਸ ਦਾ ਸਿਰ ਦਬਾਉਣ ਲੱਗੀ।
ਉਸ ਦੇ ਮੰਮੀ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉਸ ਦੇ ਸਿਰ ਵਿੱਚ ਦਰਦ ਹੁੰਦੀ ਰਹਿੰਦੀ ਐ
ਪਰ, ਉਹ ਪਰਵਾਹ ਨਹੀਂ ਕਰਦੀ, ਬੱਚੀ ਜੁ ਹੋਈ।
"ਸਪਨਾ, ਤੂੰ ਮੈਨੂੰ ਤਾਂ ਕਦੀ ਨਹੀਂ ਦੱਸਿਆ?”
"ਨਹੀਂ ਆਂਟੀ, ਮੰਮੀ ਤਾਂ ਐਵੇਂ ਈ ਫਿਕਰ ਕਰਨ ਲੱਗ ਜਾਂਦੇ ਨੇ, ਮੈਨੂੰ ਤਾਂ ਕੁਝ ਵੀ ਨਹੀਂ
ਹੋਇਆ” ਉਸ ਨੇ ਮੰਮੀ ਵੱਲ ਬੜੇ ਹੀ ਧਿਆਨ ਨਾਲ ਦੇਖਦਿਆਂ ਕਿਹਾ।
ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ ਅਤੇ ਹੁਣ ਉਹ ਆਪਣੇ ਘਰ ਵਿੱਚ ਹੀ
ਜ਼ਿਆਦਾ ਦੇਰ ਰਹਿੰਦੀ, ਉਸ ਦੇ ਦਾਦੀ ਜੀ ਜੋ ਘਰ ਆ ਗਏ ਸਨ। ਪਰ ਥੋੜ੍ਹੀ ਦੇਰ ਲਈ ਹੀ ਸਹੀ, ਉਹ
ਮੇਰੇ ਨਾਲ ਦੋ ਗੱਲਾਂ ਜ਼ਰੂਰ ਕਰ ਜਾਂਦੀ। ਉਸ ਦੀ ਸਿਰ ਦਰਦ ਅਕਸਰ ਹੀ ਸਵੇਰ ਵੇਲੇ ਉਸ ਨੂੰ
ਤੰਗ ਕਰਦੀ ਰਹਿੰਦੀ। ਇੱਕ ਦੋ ਵਾਰ ਤਾਂ ਉਸ ਨੂੰ ਉਲਟੀ ਵੀ ਹੋ ਗਈ ਸੀ। ਉਸ ਦੇ ਪਾਪਾ ਨੇ
ਦੱਸਿਆ ਸੀ ਕਿ ਉਸ ਦੇ ਟੈਸਟ ਕਰਵਾ ਰਹੇ ਹਨ।
ਮੇਰਾ ਵੀ ਕੈਨੇਡਾ ਜਾਣ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਅਤੇ ਮੈਨੂੰ ਆਪਣੇ ਪਿੰਡ ਕੁਝ ਕੰਮ
ਨਿਪਟਾਉਣ ਲਈ ਜਾਣਾ ਪਿਆ।
ਜਦ ਮੈਂ ਵਾਪਸ ਆਈ ਤਾਂ ਸਭ ਤੋਂ ਪਹਿਲਾਂ ਸਪਨਾ ਦੇ ਘਰ ਉਸ ਦੀ ਸਿਹਤ ਬਾਰੇ ਜਾਣਨ ਲਈ ਗਈ,
ਮੈਂ ਪਿੰਡ ਬੈਠੀ ਵੀ ਉਸ ਬਾਰੇ ਹੀ ਸੋਚਦੀ ਰਹੀ ਸੀ। ਮੈਨੂੰ ਛੋਟੀ ਜਿਹੀ ਬੱਚੀ ਦੇ ਇਸ
ਤਰ੍ਹਾਂ ਸਿਰ ਦਰਦ ਹੋਣ ਦਾ ਕੋਈ ਕਾਰਨ ਸਮਝ ਨਹੀਂ ਆ ਰਿਹਾ ਸੀ। ਮੈਂ ਬਾਹਰੋਂ ਘੰਟੀ ਵਜਾਉਣ
ਤੋਂ ਵੀ ਘਬਰਾ ਰਹੀ ਸੀ ਕਿ ਕਿਤੇ ਉਹ ਸੌਂ ਰਹੀ ਹੋਵੇ ਅਤੇ ਉਹ ਘੰਟੀ ਦੀ ਆਵਾਜ਼ ਸੁਣ ਕੇ ਜਾਗ
ਨਾ ਜਾਵੇ। ਉਸ ਦੇ ਮੰਮੀ ਨੇ ਸ਼ਾਇਦ ਮੈਨੂੰ ਆਪਣੇ ਘਰ ਵੱਲ ਆਉਂਦਿਆਂ ਦੇਖ ਲਿਆ ਸੀ, ਮੇਰੇ
ਦਰਵਾਜ਼ੇ ਕੋਲ ਪਹੁੰਚਦਿਆਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਸਪਨਾ ਆਪਣੇ ਦਾਦੀ ਜੀ
ਨਾਲ ਡਾਈਨਿੰਗ ਟੇਬਲ ਕੋਲ ਬੈਠੀ ਸੀ ਅਤੇ ਉਹ ਉਸ ਨੂੰ ਖਾਣਾ ਖੁਆ ਰਹੇ ਸਨ। ਮੈਨੂੰ ਦੇਖ ਉਸ
ਨੇ ਆਵਾਜ਼ ਦਿੱਤੀ, "ਆਂਟੀ”, ਉਸ ਦੀ ਆਵਾਜ਼ ਵੀ ਦੱਬੀ ਹੋਈ ਸੀ। ਕੋਲ ਪਹੁੰਚ, ਮੈਂ ਉਸ ਦਾ
ਛੋਟਾ ਜਿਹਾ ਕਮਜ਼ੋਰ ਚਿਹਰਾ ਦੇਖ ਹੈਰਾਨ ਰਹਿ ਗਈ।
"ਸਪਨਾ” ਤੇ ਮੇਰੇ ਕੋਲੋਂ ਹੋਰ ਕੁਝ ਵੀ ਬੋਲਿਆ ਨਾ ਗਿਆ। ਮੈਂ ਉਸ ਦੇ ਨਿੱਕੇ ਜਿਹੇ ਹੱਥ ਨੂੰ
ਆਪਣੇ ਹੱਥ ਵਿੱਚ ਫੜ ਲਿਆ। ਮੈਂ ਉਸ ਦੇ ਦਾਦੀ ਜੀ ਵੱਲ ਸਵਾਲੀਆ ਨਜ਼ਰ ਨਾਲ ਦੇਖਿਆ ਤਾਂ ਸਪਨਾ
ਹੀ ਬੋਲ ਪਈ, "ਆਂਟੀ, ਘਬਰਾਓ ਨਹੀਂ ਪਲੀਜ਼, ਸਭ ਠੀਕ ਹੋ ਜਾਏਗਾ”। ਉਸ ਦੀ ਆਵਾਜ਼ ਵਿੱਚ ਕੰਬਣੀ
ਸੀ ਪਰ ਬੋਲਣ ਦਾ ਅੰਦਾਜ਼ ਪਹਿਲਾਂ ਦੀ ਤਰ੍ਹਾਂ ਹੀ ਚੁਲਬੁਲਾ ਸੀ। ਮੈਂ ਉਸ ਨੂੰ, "ਤੂੰ
ਪਹਿਲਾਂ ਦਾਦੀ ਜੀ ਕੋਲੋਂ ਖਾਣਾ ਖਾ ਲੈ, ਫਿਰ ਮੈਂ ਤੇਰੇ ਨਾਲ ਗੱਲ ਕਰਾਂਗੀ” ਕਹਿ ਕੇ ਉਸ ਦੇ
ਮੰਮੀ ਨਾਲ ਡਰਾਇੰਗ ਰੂਮ ਵਿੱਚ ਆ ਬੈਠੀ।
"ਮਿਸਜ਼ ਗਰਗ, ਇਸ ਨੂੰ ਹੋ ਕੀ ਗਿਆ ਐ? ਇਹ ਤਾਂ ਬਹੁਤ ਹੀ ਕਮਜ਼ੋਰ ਹੋ ਗਈ ਐ, ਪਹਿਲਾਂ ਵਾਲੀ
ਸਪਨਾ ਕਿੱਥੇ ਲੱਗਦੀ ਐ ਇਹ?” ਮੇਰਾ ਦਿਲ ਉਸ ਦੀ ਇਹ ਹਾਲਤ ਦੇਖ ਰੋ ਰਿਹਾ ਸੀ। ਜਦ ਮੈਂ ਪਿੰਡ
ਗਈ ਸੀ ਤਾਂ ਇਸ ਨੂੰ ਸਿਰਫ਼ ਸਿਰ ਦਰਦ ਅਤੇ ਹਲਕਾ ਜਿਹਾ ਬੁਖਾਰ ਹੀ ਤਾਂ ਹੋਇਆ ਸੀ। ਇੰਨੀ
ਛੇਤੀ, ਐਨੀ ਕਿਵੇਂ ਵਿਗੜ ਗਈ ਇਸ ਦੀ ਹਾਲਤ?”
"ਮਿਸਜ਼ ਧਨੋਆ, ਕੀ ਦੱਸਾਂ ਮੈਂ ਤੁਹਾਨੂੰ? ਉਸ ਵੇਲੇ ਤਾਂ ਬੁਖ਼ਾਰ ਅਤੇ ਸਿਰ ਦਰਦ ਹੀ ਸੀ, ਫਿਰ
ਕੁਝ ਦਿਨਾਂ ਵਿੱਚ ਹੀ ਉਲਟੀ ਵੀ ਕਰਨ ਲੱਗ ਗਈ। ਬੱਸ, ਦਿਨਾਂ ਵਿੱਚ ਹੀ ਪਤਾ ਨਹੀਂ ਕਿਵੇਂ ਇਸ
ਛੋਟੀ ਜਿਹੀ ਬੱਚੀ ਨੂੰ ਬਰੇਨ ਕੈਂਸਰ ਹੋ ਗਿਆ ਏ। ਸਾਡੀ ਤਾਂ ਹਰ ਰੋਜ਼ ਇਸ ਨੂੰ ਦੇਖ ਕੇ ਜਾਨ
ਨਿਕਲਦੀ ਏ।”
"ਬਰੇਨ ਕੈਂਸਰ!” ਮੇਰੇ ਤੇ ਜਿਵੇਂ ਪਹਾੜ ਟੁੱਟ ਪਿਆ ਹੋਵੇ। ਮੈਨੂੰ ਕੁਝ ਵੀ ਸਮਝ ਨਾ ਆਵੇ ਕਿ
ਮੈਂ ਕੀ ਕਹਾਂ। ਦੋਵੇਂ ਮਾਂ ਪਿਓ ਮੈਡੀਕਲ ਵਿੱਚ, ਤੇ ਫਿਰ ਵੀ ਪਤਾ ਨਾ ਲੱਗਾ ਕਦੋਂ ਇਹ
ਨਾ-ਮੁਰਾਦ ਬਿਮਾਰੀ ਨੇ ਬੱਚੀ ਨੂੰ ਆ ਘੇਰਿਆ। ਕੁਝ ਸੰਭਲ ਕੇ ਮੈਂ ਬੋਲੀ, ਮੈਂ ਤਾਂ ਸਿਰ ਦਰਦ
ਮਾਮੂਲੀ ਜਿਹੀ ਗੱਲ ਸਮਝੀ ਸੀ, ਚੱਲੋ ਬੁਖਾਰ ਵੀ ਹੋ ਹੀ ਜਾਂਦਾ ਹੈ ਪਰ ਇੰਨੀ ਵੱਡੀ ਗੱਲ...
ਸੱਚ ਦੱਸਾਂ, ਮੈਨੂੰ ਹਾਲੇ ਤੱਕ ਵੀ ਤੁਹਾਡੀ ਗੱਲ ਤੇ ਯਕੀਨ ਨਹੀਂ ਆਉਂਦਾ”।
"ਸਾਨੂੰ ਖ਼ੁਦ ਨੂੰ ਯਕੀਨ ਨਹੀਂ ਆਉਂਦਾ। ਉਸ ਦੇ ਟੈਸਟਾਂ ਦੀਆਂ ਰਿਪੋਰਟਾਂ ਬਾਰ ਬਾਰ ਦੇਖਦੇ
ਰਹਿੰਦੇ ਹਾਂ। ਇਸ ਦੇ ਪਾਪਾ ਤਾਂ ਸਾਰਾ ਦਿਨ ਦੁਨੀਆਂ ਭਰ ਦੇ ਡਾਕਟਰਾਂ ਨਾਲ ਸਲਾਹਾਂ ਕਰਨ ਤੇ
ਹੀ ਲੱਗੇ ਰਹਿੰਦੇ ਨੇ”, ਉਸ ਮਾਂ ਦਾ ਵੀ ਕੀ ਹਾਲ ਹੁੰਦਾ ਹੈ ਜਿਸ ਦਾ ਬੱਚਾ ਇੰਨਾ ਬਿਮਾਰ
ਹੋਵੇ।
ਇੰਨੀ ਦੇਰ ਵਿੱਚ ਸਪਨਾ ਵੀ ਉਧਰ ਹੀ ਆ ਗਈ। ਉਹ ਮੁਸਕਰਾ ਰਹੀ ਸੀ। ਆਪਣੇ ਮੰਮੀ ਦੇ ਮੋਢੇ ਤੇ
ਸਿਰ ਲਗਾ ਕੇ ਨਾਲ ਹੀ ਸੋਫ਼ੇ ਤੇ ਬੈਠ ਗਈ। ਮੇਰੇ ਵੱਲ ਦੇਖ ਕਹਿਣ ਲੱਗੀ, "ਆਂਟੀ, ਕਿੰਨੇ ਹੀ
ਦਿਨ ਹੋ ਗਏ ਨੇ ਤਿਤਲੀਆਂ ਨਹੀਂ ਦੇਖੀਆਂ। ਕਿੰਨੇ ਦਿਨਾਂ ਤੋਂ ਬਾਰਿਸ਼ ਹੀ ਹੋਈ ਜਾਂਦੀ ਏ।
ਬਾਹਰ ਨਿਕਲਿਆ ਹੀ ਨਹੀਂ ਜਾਂਦਾ”।
"ਕੋਈ ਗੱਲ ਨਹੀਂ, ਪਹਿਲਾਂ ਠੀਕ ਹੋ ਜਾ, ਫਿਰ ਤਿਤਲੀਆਂ ਨਾਲ ਖੇਡਾਂਗੇ। ਸਾਡੀ ਤਾਂ ਤੂੰ ਹੀ
ਤਿਤਲੀ ਐਂ, ਰੰਗ ਬਿਰੰਗੀਆਂ ਗੱਲਾਂ ਕਰਦੀ ਐਂ” ਅਤੇ ਮੈਂ ਉਸ ਦੇ ਸਿਰ ਤੇ ਹੱਥ ਰੱਖ ਬੋਲੀ,
"ਜਿੰਨੇ ਦਿਨ ਤੂੰ ਠੀਕ ਨਹੀਂ ਐਂ ਨਾ, ਆਪਾਂ ਘਰ ਅੰਦਰ ਹੀ ਤਿਤਲੀਆਂ ਵਾਲੀ ਖੇਡ ਖੇਡਿਆ
ਕਰਾਂਗੇ, ਚੰਗਾ”।
"ਸਪਨਾ, ਹੁਣ ਦਵਾਈ ਖਾ ਲੈ ਤੇ ਆਂਟੀ ਨੂੰ ਬਾਏ ਕਰ ਕੇ ਬੈੱਡਰੂਮ ਵਿੱਚ ਆ ਜਾ”, ਉਸ ਦੇ ਦਾਦੀ
ਜੀ ਨੇ ਕਿਹਾ।
ਮੈਂ ਵੀ ਆਪਣੇ ਘਰ ਵਾਪਸ ਆ ਗਈ। ਹੁਣ ਆਪਣੇ ਉਸੇ ਹੀ ਘਰ ਵਿੱਚ ਮੇਰਾ ਜੀਅ ਨਾ ਲੱਗਦਾ। ਮੇਰੀ
ਹਰ ਵੇਲੇ ਕੋਸ਼ਿਸ਼ ਰਹਿੰਦੀ ਕਿ ਮੈਂ ਸਪਨਾ ਕੋਲ ਜਾ ਬੈਠਾਂ, ਅਤੇ ਜਿੰਨੀ ਵੀ ਥੋੜ੍ਹੀ ਬਹੁਤ
ਮਦਦ ਉਸ ਨੂੰ ਖ਼ੁਸ਼ ਰੱਖਣ ਵਿੱਚ ਕਰ ਸਕਾਂ, ਕਰ ਲਵਾਂ। ਕਈ ਵਾਰ ਮੈਂ ਸੋਚਦੀ ਜੇ ਮੈਂ ਪਿੰਡ ਨਾ
ਜਾਂਦੀ ਸ਼ਾਇਦ ਉਹ ਠੀਕ ਹੀ ਰਹਿੰਦੀ, ਪਰ ਅੰਦਰੋਂ ਜਾਣਦੀ ਵੀ ਸੀ ਕਿ ਇਹ ਤਾਂ ਮਨ ਦਾ ਇੱਕ
ਵਹਿਮ ਹੀ ਸੀ। ਮੈਂ ਪਾਠ ਕਰਦੀ ਤਾਂ ਵੀ ਮੇਰੀ ਅਰਦਾਸ ਸਪਨਾ ਬਾਰੇ ਹੀ ਹੁੰਦੀ, ਇਹੀ ਹਾਲ ਗਲੀ
ਦੀਆਂ ਹੋਰ ਔਰਤਾਂ ਦਾ ਵੀ ਸੀ ਜਿਨ੍ਹਾਂ ਨਾਲ ਉਸ ਪਿਆਰੀ ਜਿਹੀ ਰੱਬ ਦੀ ਭੇਜੀ ਸੁਗਾਤ ਨੇ
ਬਹੁਤ ਪਿਆਰ ਪਾ ਲਿਆ ਸੀ। ਕੁਝ ਦਿਨਾਂ ਬਾਅਦ ਹੀ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਮੈਂ
ਉਸ ਨੂੰ ਆਪਣੇ ਘਰੋਂ ਹੀ ਕੁਝ ਫੁੱਲ ਲੈ ਕੇ ਮਿਲਣ ਗਈ। ਫੁੱਲ ਦੇਖਦਿਆਂ ਹੀ ਉਹ ਹੱਸ ਕੇ
ਬੋਲੀ, "ਆਂਟੀ, ਇਹ ਉਹੀ ਫੁੱਲ ਨੇ ਜਿਹੜੇ ਉਸ ਅਖੀਰਲੀ ਕਿਆਰੀ ਵਿੱਚ ਆਪਾਂ ਦੋਹਾਂ ਨੇ ਲਗਾਏ
ਸੀ। ਕਿੰਨੇ ਸੁਹਣੇ ਨੇ!” ਉਸ ਨੇ ਬੜੇ ਹੀ ਪਿਆਰ ਨਾਲ ਫੁੱਲਾਂ ਤੇ ਹੱਥ ਲਾਉਂਦਿਆਂ ਕਿਹਾ,
"ਹੁਣ ਕਮਰੇ ਵਿੱਚ ਇਨ੍ਹਾਂ ਫੁੱਲਾਂ ਤੇ ਤਿਤਲੀਆਂ ਨਹੀਂ ਬੈਠ ਸਕਦੀਆਂ, ਹੈ ਨਾ ਆਂਟੀ”, ਮੇਰੀ
ਹਾਮੀ ਸੁਣਨ ਲਈ ਉਸ ਕਿਹਾ।
"ਕੋਈ ਗੱਲ ਨਹੀਂ ਬੱਚੇ, ਜਦ ਸਾਡੀ ਪਿਆਰੀ ਸਪਨਾ, ਸਾਡੀ ਤਿਤਲੀ ਠੀਕ ਹੋ ਜਾਏਗੀ ਨਾ, ਫੇਰ
ਆਪਾਂ ਹੋਰ ਤਿਤਲੀਆਂ ਦੇਖਣ ਜਾਵਾਂਗੇ”, ਉਸ ਦੀ ਗੱਲ ਸੁਣ ਕੇ ਮੇਰਾ ਦਿਲ ਭਰ ਆਇਆ ਸੀ।
ਉਸ ਦੇ ਮੰਮੀ ਵੀ ਆਪਣੀਆਂ ਅੱਖਾਂ ਪੂੰਝ ਰਹੇ ਸਨ। ਉਨ੍ਹਾਂ ਨੂੰ ਦੇਖ ਕਹਿਣ ਲੱਗੀ, "ਮੰਮੀ,
ਤੁਸੀਂ ਆਪ ਤਾਂ ਕਹਿੰਦੇ ਰਹਿੰਦੇ ਓ ਕਿ ਕਦੀ ਵੀ ਦਿਲ ਛੋਟਾ ਨਹੀਂ ਕਰਨਾ ਚਾਹੀਦਾ। ਭਗਵਾਨ ਜੋ
ਕਰਦੈ ਚੰਗਾ ਕਰਦੈ, ਫੇਰ ਹੁਣ ਕਿਉਂ ਰੋਂਦੇ ਓ?”
"ਆਂਟੀ, ਮੈਂ ਕਿਸੇ ਦੀ ਕੋਈ ਚੀਜ਼ ਲੈ ਲੈਂਦੀ ਸੀ ਤੇ ਮੈਨੂੰ ਮੰਮੀ ਕਹਿੰਦੇ ਸੀ ਕਿ ਜਾ
ਉਨ੍ਹਾਂ ਨੂੰ ਵਾਪਸ ਕਰ ਕੇ ਆ”। ਫਿਰ ਆਪਣੇ ਮੰਮੀ ਵੱਲ ਮੂੰਹ ਕਰਕੇ ਬੋਲੀ, "ਕਿਉਂ ਮੰਮੀ,
ਕਹਿੰਦੇ ਸੀ ਨਾ?” ਮੰਮੀ ਦੇ ਹਾਂ ਵਿੱਚ ਸਿਰ ਹਿਲਾਉਣ ਤੇ ਕਹਿਣ ਲੱਗੀ, "ਫੇਰ, ਹੁਣ ਕਿਉਂ
ਰੋਂਦੇ ਓ? ਤੁਸੀਂ ਮੈਨੂੰ ਰੱਬ ਤੋਂ ਮੰਗ ਕੇ ਲਿਆ ਸੀ ਨਾ, ਹੁਣ ਰੱਬ ਮੈਨੂੰ ਵਾਪਸ ਮੰਗ ਰਿਹਾ
ਐ, ਬੱਸ ਇੰਨੀ ਜਿਹੀ ਗੱਲ ਐ।”, ਸਾਡੇ ਤੋਂ ਰਿਹਾ ਨਾ ਗਿਆ ਅਤੇ ਬਦੋਬਦੀ ਅੱਖਾਂ ਵਹਿ
ਤੁਰੀਆਂ।
ਹਫ਼ਤੇ ਬਾਅਦ ਉਸ ਨੂੰ ਦਿੱਲੀ ਲੈ ਗਏ ਸਨ। ਮੈਂ ਤਾਂ ਉਨ੍ਹਾਂ ਨੂੰ ਕੈਨੇਡਾ ਬਾਰੇ ਵੀ ਕਿਹਾ ਸੀ
ਕਿ ਉਥੇ ਲੈ ਜਾਣ। ਮੇਰੀ ਇੰਟਰਵਿਊ, ਮੈਡੀਕਲ ਵਗੈਰਾ ਸਭ ਹੋ ਚੁੱਕਿਆ ਸੀ ਅਤੇ ਦੱਸ ਕੁ ਦਿਨਾਂ
ਵਿੱਚ ਮੇਰੇ ਪਤੀ ਮੈਨੂੰ ਲੈਣ ਲਈ ਵੀ ਆ ਗਏ। ਦਿੱਲੀ ਵਿੱਚ ਏਅਰਪੋਰਟ ਤੇ ਜਾਣ ਤੋਂ ਪਹਿਲਾਂ
ਅਸੀਂ ਸਪਨਾ ਨੂੰ ਮਿਲਣ ਲਈ ਹਸਪਤਾਲ ਗਏ। ਮੈਨੂੰ ਦੇਖ ਉਹ ਬਹੁਤ ਹੀ ਖ਼ੁਸ਼ ਹੋਈ। ਜਦ ਮੈਂ
ਦੱਸਿਆ ਕਿ ਮੈਂ ਕੈਨੇਡਾ ਜਾ ਰਹੀ ਹਾਂ ਤਾਂ ਕਹਿਣ ਲੱਗੀ, "ਆਂਟੀ, ਅੱਜ ਤੁਸੀਂ ਵੀ ਤਿਤਲੀ ਬਣ
ਚੱਲੇ ਓ। ਤੁਸੀਂ ਕੈਨੇਡਾ ਉੱਡ ਕੇ ਜਾਓਗੇ, ਹੈ ਨਾ?”
"ਹਾਂ ਮੇਰੀ ਬੱਚੀ”
"ਆਂਟੀ, ਤਿਤਲੀ ਕਹੋ ਨਾ, ਉਹ ਵਾਲਾ ਗਾਣਾ ਯਾਦ ਐ?”
ਮੇਰੀ ਸਵਾਲੀਆ ਨਜ਼ਰ ਦੇਖ ਉਹ ਮੱਧਮ ਜਿਹੀ ਆਵਾਜ਼ ਵਿੱਚ ਗਾਉਣ ਲੱਗੀ,
"ਤਿਤਲੀ ਉੜੀ, ਉੜ ਜੋ ਚੱਲੀ
ਫੂਲ ਨੇ ਕਹਾ, ਆ ਜਾ ਮੇਰੇ ਪਾਸ
ਤਿਤਲੀ ਕਹੇ. ਮੈਂ ਚਲੀ ਆਕਾਸ਼”
"ਹੁਣ, ਤੁਸੀਂ ਕੈਨੇਡਾ ਜਾ ਰਹੇ ਓ ਤੇ ਮੈਂ...। ਚੱਲੋ, ਮੈਂ... ਕੈਨੇਡਾ ਤੁਹਾਨੂੰ ਮਿਲਣ
ਆਊਂਗੀ”, ਫਿਰ ਮੇਰੇ ਪਤੀ ਵੱਲ ਦੇਖ ਕਹਿਣ ਲੱਗੀ, "ਅੰਕਲ, ਆਂਟੀ ਬਹੁਤ ਚੰਗੇ ਨੇ”। ਉਨ੍ਹਾਂ
ਨੇ ਉਸ ਦੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਅਤੇ ਅਸੀਂ "ਬਾਏ, ਬਾਏ” ਕਹਿ ਬਾਹਰ ਆ ਗਏ। ਉਸ
ਦੇ ਪਾਪਾ, ਮੰਮੀ ਵੀ ਸਾਡੇ ਨਾਲ ਹੀ ਬਾਹਰ ਆ ਗਏ। ਮੇਰੇ ਪਤੀ ਨੇ ਉਨ੍ਹਾਂ ਨੂੰ ਆਪਣਾ ਐਡਰੈੱਸ
ਕਾਰਡ ਦਿੱਤਾ ਅਤੇ ਲੋੜ ਪੈਣ ਤੇ ਉਥੇ ਆਉਣ ਲਈ ਕਿਹਾ ਅਤੇ ਏਅਰਪੋਰਟ ਲਈ ਚੱਲ ਪਏ।
ਟੋਰੌਂਟੋ ਪਹੁੰਚ ਕੇ ਵੀ ਇੱਕ ਦੋ ਵਾਰ ਉਨ੍ਹਾਂ ਨਾਲ ਗੱਲ ਹੋਈ। ਜਦ ਮੈਨੂੰ 'ਸਿੱਕ ਕਿੱਡਜ਼‘
ਹਸਪਤਾਲ ਬਾਰੇ ਪਤਾ ਲੱਗਾ ਤਾਂ ਮੈਂ ਉਨ੍ਹਾਂ ਨੂੰ ਉੱਥੇ ਆਉਣ ਲਈ ਕਿਹਾ।
ਪੰਦਰਾਂ ਕੁ ਦਿਨ ਹੋ ਗਏ ਸਨ ਉਨ੍ਹਾਂ ਨਾਲ ਗੱਲ ਕੀਤਿਆਂ, ਜਦ ਮੈਨੂੰ ਪਤਾ ਲੱਗਾ ਕਿ ਮੇਰੀ
ਤਿਤਲੀ ਉੱਡ ਕੇ ਆਕਾਸ਼ ਜਾ ਚੁੱਕੀ ਸੀ। ਦਿਲ ਬਹੁਤ ੳਦਾਸ ਹੋਇਆ ਪਰ ਉਹ ਛੋਟੀ ਜਿਹੀ ਬੱਚੀ
ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਸੀ, ਇਹ ਯਾਦ ਕਰਕੇ ਉਦਾਸ ਹੁੰਦਿਆਂ ਵੀ ਹਲਕੀ ਜਿਹੀ
ਮੁਸਕਰਾਹਟ ਆ ਜਾਂਦੀ। ਉਸ ਲੜਕੀ ਨੇ ਕਿੰਨੇ ਜਣਿਆਂ ਨਾਲ ਆਪਣਾ ਰੂਹ ਦਾ ਪਿਆਰਾ ਜਿਹਾ ਰਿਸ਼ਤਾ
ਕਾਇਮ ਕਰ ਲਿਆ ਸੀ। ਵਕਤ ਲੰਘਦਾ ਗਿਆ, ਜਦ ਕਦੀ ਵੀ ਕੋਈ ਦਰਦ ਮੈਨੂੰ ਤੰਗ ਕਰਦੀ ਤਾਂ ਸਪਨਾ
ਮੇਰੀਆਂ ਅੱਖਾਂ ਅੱਗੇ ਆ ਜਾਂਦੀ। ਮੇਰੀ ਆਪਣੀ ਬੇਟੀ ਹੋਈ। ਉਹ ਬਹੁਤ ਛੋਟੀ ਸੀ ਤਾਂ ਉਸ ਨੂੰ
ਵੀ ਤਿਤਲੀਆਂ ਚੰਗੀਆਂ ਲੱਗਦੀਆਂ ਸਨ। ਪਰ ਥੋੜ੍ਹੀ ਵੱਡੀ ਹੋਈ ਤਾਂ ਇੱਕ ਵਾਰ ਮੈਂ ਪਿਆਰ ਨਾਲ
ਹੀ ਉਸ ਨੂੰ 'ਤਿਤਲੀ‘ ਕਹਿ ਬੁਲਾਇਆ, ਉਹ ਨਾਰਾਜ਼ ਹੋ ਗਈ, "ਮੌਮ... ਪਲੀਜ਼, ਡੋਂਅ ਕਾਲ ਮੀ
ਤਿਤਲੀ, ਆਈ ਡੋਂਅ ਲਾਈਕ ਇਟ”। ਉਸ ਦਿਨ ਤੋਂ ਬਾਅਦ ਮੈਂ ਉਸ ਕੋਲ ਕਦੀ ਵੀ ਇਹ ਸ਼ਬਦ ਨਾ
ਬੋਲਿਆ। ਇਹ ਮੇਰੀ ਅਤੇ ਤਿਤਲੀ ਦੀ ਆਪਸੀ ਸਾਂਝ ਹੀ ਰਹੀ। ਸਪਨਾ ਕਦੀ ਕਦੀ ਮੇਰੇ ਸੁਪਨਿਆਂ
ਵਿੱਚ ਵੀ ਆਉਂਦੀ ਰਹੀ। ਹੁਣ, ਉਹ ਮੇਰੇ ਲਈ ਇੱਕ ਸੁਪਨਾ, ਇੱਕ ਖੁੰੀ ਦੇਣ ਵਾਲੀ ਯਾਦ ਬਣ ਗਈ
ਸੀ।
ਮੇਰਾ ਧਿਆਨ ਉਖੜਿਆ ਅਤੇ ਮੈਂ ਫਿਰ ਆਪਣੇ ਵਾਕਰ ਨੂੰ ਸੰਭਾਲਣ ਲੱਗੀ। ਸਕੂਲਾਂ ਵਿੱਚ ਛੁੱਟੀ
ਹੋ ਚੁੱਕੀ ਸੀ ਅਤੇ ਸਾਹਮਣੇ ਕੁੜੀਆਂ, ਮੁੰਡਿਆਂ ਦੇ ਕੁਝ ਟੋਲੇ ਸੜਕ ਤੇ ਨਜ਼ਰ ਆਉਣ ਲੱਗੇ।
ਰੰਗ ਬਿਰੰਗੇ ਕਪੜਿਆਂ ਵਿੱਚ ਬੱਚੇ ਵੀ ਤਿਤਲੀਆਂ ਵਾਂਗ ਰੰਗੀਨੀ ਬਿਖੇਰ ਰਹੇ ਸਨ। ਮੇਰਾ ਧਿਆਨ
ਇੱਕ ਦੱਸ ਕੁ ਸਾਲ ਦੀ ਲੜਕੀ ਵੱਲ ਗਿਆ ਜੋ ਆਪਣੇ ਚੁਲਬੁਲੇ ਅੰਦਾਜ਼ ਵਿੱਚ ਸ਼ਾਇਦ ਆਪਣੀ ਵੱਡੀ
ਭੈਣ ਨਾਲ ਗੱਲਾਂ ਕਰ ਰਹੀ ਸੀ ਅਤੇ ਫੁੱਲਾਂ ਨੂੰ ਹੱਥਾਂ ਨਾਲ ਸਹਿਲਾ ਕੇ ਅੱਗੇ ਲੰਘ ਗਈ। ਮੈਂ
ਵੀ ਆਪਣਾ ਵਾਕਰ ਫੜ ਉਨ੍ਹਾਂ ਦੇ ਪਿੱਛੇ ਹੀ ਤੁਰਨ ਲੱਗੀ ਪਰ ਮੇਰਾ ਉਨ੍ਹਾਂ ਦਾ ਕੀ ਮੇਲ ਸੀ,
ਉਨ੍ਹਾਂ ਦੀ ਅਤੇ ਮੇਰੀ ਤੋਰ ਵਿੱਚ ਇੱਕ ਜ਼ਮਾਨੇ ਦਾ ਫ਼ਰਕ ਦਿਸ ਰਿਹਾ ਸੀ।
-0-
|