(ਅਜ਼ਾਦੀ ਪ੍ਰਾਪਤੀ ਲਈ, ਜੀਵਨ ਅਤੇ ਜਾਇਦਾਦ ਵਾਰਨ ਵਾਲੇ, ਅਜੋਕੇ ਜ਼ਿਲਾ ਮੋਗੇ ਦੇ ਹਲਕਾ
ਬਾਘਾਪੁਰਾਣਾ ਦੇ ਪਹਿਲੇ ਐਮ.ਐਲ.ਏ.ਗਦਰੀ ਬਾਬਾ ਕਾ: ਬਚਨ ਸਿੰਘ ਘੋਲੀਆ ਦੇ ਉੱਤਰ)
ਮੇਰਾ ਜਨਮ ਸਧਾਰਾਨ ਕਿਸਾਨ ਪਿਤਾ ਭਗਵਾਨ ਸਿੰਘ, ਮਾਤਾ ਪ੍ਰੇਮ ਕੌਰ ਦੇ ਘਰ ਜ਼ਿਲਾ ਫਿਰੋਜ਼ਪੁਰ
ਤਹਿਸੀਲ ਮੋਗਾ ਅਜੋਕਾ ਜ਼ਿਲਾ, ਪਿੰਡ ਘੋਲੀਆਂ ਖੁਰਦ ‘ਚ 6 ਸਤੰਬਰ 1896 ਨੂੰ ਹੋਇਆ। ਸੁਰਤ
ਸੰਭਾਲਣ ਸਮੇਂ ਦੇਸ਼ ਦੀ ਹਾਲਤ ਇਹ ਸੀ ਬਈ ਕਮਾਈ ਬਹੁਤ ਕਰਦੇ ਸੀ ਪਰ ਪੱਲੇ ਕੁੱਝ ਨਹੀਂ ਪੈਂਦਾ
ਸੀ। ਮਜ਼ਾਰੇ ਸਮਝੋ, ਪੈਲੀ ਹਿੱਸੇ ‘ਤੇ ਲੈਣੀ, ਕੰਮ ਬੜਾ ਕਰਨਾ, ਪੱਲੇ ਕੁੱਝ ਨਾ ਪੈਣਾਂ।
ਅਸੀਂ 4 ਭਾਈ ਸੀ, ਛੋਟਾ ਭਰਾ ਭਜਨ ਸਿੰਘ ਮਾਤਾ ਦੇ ਕੁੱਛੜ ਹੀ ਸੀ, ਜਦੋਂ ਪਹਿਲਾਂ ਸਾਡਾ ਬਾਪ
ਪਲੇਗ ਨਾਲ, ਤੇ ਛੇ ਮਹੀਨੇ ਬਾਅਦ ਕੱਤੇ ਵਿੱਚ ਮਾਈ ਮਰ ਗਈ। ਵੱਡੇ ਭਰਾ ਚੰਨਣ ਸਿੰਘ ਤੇ
ਨਿਰੰਜਣ ਸਿੰਘ ਸਨ, ਬੱਸ ਵੱਡਾ ਭਰਾ ਚੰਨਣ ਸਿੰਘ ਹੀ ਸੇਧ ਦਿੰਦਾ ਸੀ। ਇੱਕ ਮੇਰੀ ਭੂਆ ਸੀ,
ਨਿਰੰਜਣ ਕੌਰ ਜੋ ਮਾਝੇ ਵਿੱਚ ਵਿਆਹੀ ਹੋਈ ਤੇ ਫੁੱਫੜ ਮਲਾਇਆ ਰਹਿੰਦਾ ਸੀ। ਬੱਸ ਸਾਡੀ ਉਸ
ਭੂਆ ਨੇ ਸਾਨੂੰ ਪਾਲਿਆ ਤੇ ਅਸੀਂ ਗੱਭਰੂ ਹੋ ਗਏ।
ਸਾਡੇ ਖੇਤਾਂ ਕੋਲੋ਼ਂ ਦੀ ਨਹਿਰ ਸਰਹਿੰਦ ਵਗਦੀ ਹੈ ਤੇ ਨਹਿਰ ਦੀ ਕੋਠੀ ਹੈ, ਉੱਥੇ ਜਿਸ ਵੇਲੇ
ਚੇਤ ਦੇ ਮਹੀਨੇ ਛੋਲਿਆਂ ਨੂੰ ਟਾਟਾਂ ਪੈ ਜਾਣੀਆਂ, ਮੋਹਕਮ ਆਉਂਦਾ, ਊਠਾਂ ‘ਤੇ ਭਾਰ ਲੱਦਿਆਂ
ਆਉਂਦਾ, ਫੇਰ ਨੇੜੇ ਤੇੜੇ ਦੇ ਸਾਰੇ ਪਿੰਡ ਇੱਥੇ ਇੱਕਠੇ ਹੋ ਜਾਣੇ, ਜ਼ੈਲਦਾਰ ਆਉਣੇ, ਸਫੈਦਪੋਸ਼
ਆਉਣੇ, ਨੰਬਰਦਾਰ ਆਉਣੇ, ਦੁਕਾਨਾਂ ਲਗ ਜਾਣੀਆਂ, ਪਿੰਡਾਂ ਦੇ ਪਿੰਡ ਪੰਜ-ਪੰਜ ਛੇ-ਛੇ ਦਿਨ
ਰਹਿਣੇ ਤੇ ਉਂਨੇ ਦਿਨ ਸਾਨੂੰ ਬਿਪਤਾ ਪਈ ਰਹਿਣੀ, ਕਿਉਂਕਿ ਉੱਥੇ ਸਾਡੀ ਕੁੱਝ ਪੈਲੀ ਅਪਣੀ ਸੀ
ਤੇ ਕੁੱਝ ਹਿੱਸੇ ‘ਤੇ ਹੁੰਦੀ ਸੀ। ਉਨ੍ਹਾਂ ਨੇ ਉੱਥੇ ਖੇਤਾਂ ‘ਚ ਘੋੜੀਆਂ ਛੱਡ ਦੇਣੀਆਂ
ਸਾਡੀਆਂ ਫਸਲਾਂ ਵਿੱਚ ਚਰਨ ਲਈ, ਅਸੀਂ ਚੋਰੀ ਰਾਖੀ ਕਰਨ ਬੈਠਣਾ, ਮੈਂ ਨੌਜਵਾਨ ਸੀ, ਅਸੀਂ
ਫਸਲਾਂ ਦੀ ਰਾਖੀ ਲਈ ਲੁਕ ਛਿਪਕੇ ਟੰਬੇ ਫੜ੍ਹ ਕੇ ਬੈਠੇ ਰਹਿਣਾ, ਜਦੋਂ ਉਨ੍ਹਾਂ ਦੀਆਂ
ਘੋੜੀਆਂ ਮੋੜਨੀਆਂ ਤਾਂ ਉਨ੍ਹਾਂ ਸਾਨੂੰ ਗਾਲ੍ਹਾਂ ਕੱਢਣੀਆਂ, ਫੇਰ ਉਨ੍ਹਾਂ ਘੋੜੀਆਂ ਰਾਤ ਨੂੰ
ਛੱਡ ਦੇਣੀਆਂ, ਅਸੀਂ ਫਿਰ ਰਾਤ ਨੂੰ ਵੀ ਰਾਖੀ ਕਰਨੀ।
ਉਹ ਸਿਰਫ ਇੱਕ ਸਾਹਿਬ ਤੇ ਇੱਕ ਮੇਮ ਅਤੇ ਦੋ ਬੱਚੇ, ਵੇਖ ਕੇ ਮੈਂਨੂੰ ਖਿਆਲ ਆਉਣਾ ਬਈ ਇਹ
ਜਿਹੜੇ ਦੋ ਬੱਚੇ ਆਏ ਐ, ਪਤਾ ਨਹੀਂ ਕਿਹੜੇ ਮੁਲਕ ਦੇ ਐ, ਕਿੰਨੇ ਸਾਰੇ ਲੋਕ ਇਨ੍ਹਾਂ ਦੇ
ਪੈਰੀਂ ਹੱਥ ਲਾਉਂਦੇ ਐ, ਕਿਵੇਂ ਦੁਕਾਨਾਂ ਕਰਦੇ ਐ, ਇਹ ਕਿਹੜੇ ਮੁਲਕ ਦੇ ਹੋਏ, ਇਨ੍ਹਾਂ ਦਾ
ਮੁਲਕ ਕਿਹੋ ਜਿਹਾ ਹੋਵੇਗਾ, ਇਨ੍ਹਾਂ ਦਾ ਮੁਲਕ ਦੇਖਣਾ ਚਾਹੀਦੈ, ਬਸ ਇਸ ਗੱਲ ਕਰਕੇ ਮੇਰੇ ਮਨ
ਵਿੱਚ ਬਾਹਰ ਜਾਣ ਦਾ ਵਿਚਾਰ ਪੈਦਾ ਹੋਇਆ।
ਏਥੇ ਪਿੰਡ ਵੀ ਕੀ ਕਰਦੇ, ਮਾਪੇ ਮਰ ਗਏ ਸਨ, ਵੱਡਾ ਭਰਾ ਮੈਨੂੰ ਬਾਹਰ ਨਹੀਂ ਜਾਣ ਦੇਣਾ
ਚਾਹੁੰਦਾ ਸੀ, ਕਿਉਂ ਜੋ ਸਾਰਿਆ ਭਰਾਵਾਂ ਤੋਂ ਪਹਿਲਾਂ ਮੇਰੀ ਹੀ ਸ਼ਾਦੀ 1912 ‘ਚ ਹੋਈ ਸੀ,
ਬੱਚੇ ਨਿੱਕੇ-ਨਿੱਕੇ ਸੀ। ਇੱਕ ਬੱਚਾ ਜਗਮੇਲ ਸਿੰਘ ਇੱਕ ਸਾਲ ਦਾ ਸੀ ਦੂਜਾ ਜਸਮੇਰ ਸਿੰਘ ਤੇ
ਵੱਡੀ ਲੜਕੀ ਜਸਮੇਲ ਕੌਰ ਚਾਰ ਸਾਲ ਦੀ ਸੀ।
ਉਸ ਸਮੇਂ ਲੋਕਾਂ ਸਿਰ ਆਮ ਕਰਜਾ ਸੀ, ਲਾਮ ਲੱਗੀ ਹੋਈ ਸੀ 1914 ਵਾਲੀ, ਉਦੋ ਮੈਂ ਵੀ ਭਰਤੀ
ਹੋਣ ਲਈ ਗਿਆ, ਭਰਤੀ ਵੀ ਉਸੇ ਨਹਿਰੀ ਕੋਠੀ ਵਿੱਚ ਹੋਈ, ਮੇਰੇ ਸਾਥੀਆਂ ਨੂੰ ਰੱਖ ਲਿਆ, ਪਰ
ਮੈਂਨੂੰ ਨਾ ਰੱਖਿਆ ਤਾਂ ਮੈਂ ਅਪਣੇ ਚਾਚੇ ਨੂੰ ਲੈ ਕੇ ਗਿਆ, ਉਹ ਕਹਿੰਦੇ ਤੇਰੀ ਛਾਤੀ ਕੁੱਝ
ਨਰਮ ਹੈ, ਊਂ ਤੂੰ ਠੀਕ ਐਂ, ਇਸ ਲਈ ਤੂੰ ਫੌਜ ‘ਚ ਨਹੀਂ ਜਾ ਸਕਦਾ। ਪਰ ਮੇਰੀ ਖਾਹਸ਼ ਸੀ ਬਾਹਰ
ਨਿਕਲ ਕੇ ਪਤਾ ਪੁਤਾ ਲਈਏ ਬਈ ਇਹ ਲੋਕ ਕਿਵੇਂ ਰਹਿੰਦੇ ਕਰਦੇ ਹਨ। ਉਦੋਂ ਪੂਰਾ ਪੈਂਦਾ ਹੀ
ਨਹੀਂ ਸੀ, ਲੋਕ ਬਹੁਤ ਔਖੇ ਸਨ। ਮੈਂ ਫਿਰ ਬਾਹਰ ਜਾਣ ਲਈ ਅਪਣੇ ਵੱਡੇ ਭਰਾ ਤੋਂ ਚੋਰੀ
ਪਾਸਪੋਰਟ ਬਣਵਾਇਆ ਸੀ।
ਸਾਡੇ ਨੇੜੇ ਇੱਕ ਪਿੰਡ ਬੁਰਜ ਦੁੱਨਾ ਹੈ, ਉੱਥੋਂ ਦਾ ਇੱਕ ਦਰਜੀ ਪ੍ਰਤਾਪ ਸਿੰਘ ਵਲੈਤ ਰਹਿਕੇ
ਆਇਆ ਸੀ, ਉਹਦੀ ਜਮੀਨ ਸਾਡੀ ਜਮੀਨ ਦੇ ਨਾਲ ਲਗਦੀ ਸੀ, ਉਸ ਨੇ ਕਿਹਾ, ਚੱਲ ਬਾਹਰ ਚਲਦੇ ਐਂ,
ਤੈਨੂੰ ਮੈਂ ਬਾਹਰ ਲੈ ਕੇ ਜਾਵਾਂਗਾ। ਜਦੋਂ ਪਾਸਪੋਰਟ ਬਣਿਆ, ਮੈਂ ਪੈਲੀ ਬੀਜਦਾ ਸੀ, ਕੱਤੇ
ਦਾ ਮਹੀਨਾ ਸੀ, ਮੈਂਨੂੰ ਬੁਖਾਰ ਚੜ੍ਹ ਗਿਆ, ਬਾਹਰ ਖੇਤ ਵਿੱਚ ਹੀ ਪੈ ਗਿਆ, ਘਰੇ ਚਪੜਾਸੀ
ਪਾਸਪੋਰਟ ਲੈ ਕੇ ਆਇਆ ਤੇ ਪੁੱਛਣ ਲੱਗਾ, ਬਚਨ ਸਿਓਂ ਕਿੱਥੇ ਐ, ਪੁੱਛ ਕੇ ਡੇੜ ਦੋ ਕੋਹ ਖੇਤ
ਆਇਆ, ਮੈਂ ਬੁਖ਼ਾਰ ਚੜ੍ਹੇ ਪਿਆ ਸੀ, ਬਲਦ ਕੋਲ਼ ਖੜ੍ਹੇ ਸਨ। ਉਸ ਨੇ ਕਿਹਾ, ਬਈ ਬਚਨ ਸਿੰਘ
ਤੇਰਾ ਨਾਂ ਐ, ਅਸੀਂ ਤੇਰਾ ਪਾਸਪੋਰਟ ਲੈ ਕੇ ਆਏ ਹਾਂ, ਪ੍ਰਵਾਨ ਹੋਵੇ, ਮੈਂ ਕਿਹਾ ਸ਼ੁਕਰ ਹੈ,
ਪਰ ਮੈਂ ਤਾਂ ਤਾਪ ਚੜ੍ਹੇ ਵਾਹਣ ‘ਚ ਪਿਆ ਸੀ। ਸੰਨ 1922 ‘ਚ ਕੱਤੇ ਦੇ ਮਹੀਨ ‘ਚ ਪਾਸਪੋਰਟ
ਆਇਆ ਸੀ, ਮੈਂ ਮਾਰਚ 1923 ਵਿੱਚ ਬਾਹਰ ਜਾਨੈ। ਅਸੀ ਪਿੰਡੋਂ ਚੱਲਕੇ ਕਲਕੱਤੇ ਪਹੁੰਚੇ, 5-6
ਦਿਨ ਬਾਅਦ ਸ਼ਿੱਪ ‘ਤੇ ਚੱੜ੍ਹਕੇ ਰੰਗੂਨ ਅਪੜੇ, 2 ਦਿਨ ਠਹਿਰਕੇ ਸ਼ਿੱਪ ਸਿੰਘਾਪੁਰ ਅੱਪੜਿਆ,
ਸਾਡੇ ਪਿੰਡ ਦੇ ਹੋਰ ਵੀ ਸਨ, ਪਰ ਇੱਕ ਸਾਡੇ ਪਿੰਡ ਦਾ ਸੁੰਦਰ ਸਿੰਘ ਸੀ, ਕਹਿਣ ਲੱਗਾ
ਸਿੰਘਾਪੁਰ ਖੁਸ਼ੀ ਰਹੀਂ, ਉੱਥੇ ਕੁੱਝ ਨਹੀਂ, ਤੂੰ ਅਗਾਂਹ ਚੱਲ, ਸਿੰਘਾਪੁਰ ਤੋਂ ਮੇਰਾ
ਪਾਸਪੋਰਟ ਸ਼ੰਘਈ (ਚੀਨ) ਦਾ ਬਣ ਗਿਆ। ਇੱਥੋਂ 11 ਦਿਨ ਬਾਅਦ ਸ਼ਿੱਪ ਚੱਲਕੇ ਸ਼ੰਘਈ ਅੱਪੜਿਆਂ ਤੇ
ਉੱਤਰ ਕੇ ਅਸੀਂ ਸੰਘਈ ਦੇ ਗੁਰਦੁਆਰੇ ਗਏ, ਉੱਥੇ ਪਹਿਲਾਂ ਵੀ 6-7 ਵੀਹਾਂ ਬੰਦਾ ਗੁਰਦੁਆਰੇ
ਬੈਠਾ ਸੀ। ਅਸੀਂ ਗੁਰਦੁਆਰੇ ਦੇ ਗ੍ਰੰਥੀ ਸੁੱਚਾ ਸਿੰਘ ਨੂੰ ਉਸ ਦੇ ਮਾਮੇ ਪ੍ਰਤਾਪ ਸਿੰਘ
ਬੁਰਜ ਦੁੰਨੇ ਵਾਲੇ ਦੀ ਚਿੱਠੀ ਦਿੱਤੀ, ਉਸ ਨੇ ਸਾਡੇ ਬਾਰੇ ਚਿੱਠੀ ‘ਚ ਲਿਖ ਦਿੱਤਾ ਸੀ।
ਗ੍ਰੰਥੀ ਸੁੱਚਾ ਸਿੰਘ ਨੇ ਮੇਰਾ ਨਾਂ ਥਾਣੇ ‘ਚ ਲਿਖਵਾ ਦਿੱਤਾ ਤਾਂ ਕਿ ਨੌਕਰੀ ਲਈ ਮੈਂਨੂੰ
ਬੁਲਾ ਲਿਆ ਜਾਵੇ।
ਕੁੱਝ ਚਿਰ ਬਾਅਦ ਚੀਨ ਦੇ ਛੋਟੇ ਜਿਹੇ ਸ਼ਹਿਰ ਠਿਮਕਨ/ਥਿਮਕਨ ਤੋਂ ਤੇਲ ਕੰਪਨੀ ਨੇ ਗ੍ਰੰਥੀ
ਸੁਚਾ ਸਿੰਘ ਨੂੰ ਚਿੱਠੀ ਭੇਜੀ ਕਿ ਛੇ ਬੰਦੇ ਭੇਜ ਦਿਓ, ਭੇਜਿਓ ਨਵੇਂ ਆਏ ਹੋਣ। ਮੈ ਤੇ
ਲੋਹਗੜ੍ਹ ਦਾ ਰੂੜ ਸਿੰਘ, ਚਾਰ ਪੱਬੀਆਂ ਸੋਹੀਆਂ ਦੇ, ਅਸੀਂ ਛੇ ਬੰਦੇ ਥਿਮਕਨ ਗਏ। ਇੰਨ੍ਹਾ
‘ਚ ਸ਼ੇਰ ਸਿੰਘ ਪੱਬੀਆਂ ਦਾ ਸੀ ਜੋ ਪਹਿਲਾਂ ਅਮਰੀਕਾ ਵੀ ਰਹਿ ਆਇਆ ਸੀ। ਅਸੀਂ ਥਿਮਕਨ ਸ਼ਹਿਰ
ਤੇਲ ਦੀ ਕੰਪਨੀ ਦੀ ਪਹਿਰੇਦਾਰੀ ਕਰਨੀ ਸੀ, ਉੱਥੇ ਅਸੀਂ ਇੱਕ ਸਾਲ ਰਹੇ, $23 ਚੀਨ ਦੇ
ਮਿਲਦੇ, ਅਪਣੇ ਦੇਸ਼ ਦੇ ਇੱਕ ਡਾਲੇ ਦੇ ਪੌਣੇ ਦੋ ਰੁਪਏ ਬਣਦੇ, ਚੀਨ ਦੀ ਹਾਲਤ ਵੀ ਚੰਗੀ ਨਹੀਂ
ਸੀ, ਜਪਾਨ ਤੇ ਅੰਗ੍ਰੇਜ, ਆਪਸ ‘ਚ ਲੜੀ ਜਾਂਦੇ ਸਨ, ਕੰਮ ਸਾਰਾ ਖਤਰੇ ‘ਚ ਸੀ, 1923 ਦਾ
ਸਮਾਂ ਆਪਸੀ ਲੜਾਈ ਦਾ ਸੀ।
ਸਾਨੂੰ ਸ਼ੰਘਈ ਜਾ ਕੇ ਪਤਾ ਲਗਾ ਬਈ ਮਸਕਾਲੀ ਖੁੱਲੀ ਹੈ ਜੋ ਮੈਕਸੀਕੋ ਦਾ ਇਲਾਕਾ ਸੀ। ਇੱਕ
ਅੰਗ੍ਰੇਜ਼ ਨੇ $5 ਲੈ ਕੇ ਮਸਕਾਲੀ ਦੀ ਮੋਹਰ ਲੁਆਤੀ, ਪਰ ਮੇਰੇ ਘਰ ਦੀ ਹਾਲਤ ਇਹ ਸੀ ਕਿ ਮੈਂ
ਕਿਸੇ ਤੋਂ 200 ਰੁਪਏ ਕਰਜਾ ਲੈਕੇ ਘਰੋਂ ਤੁਰਿਆ ਸੀ, ਭਰਾ ਮੈਨੂੰ ਬਾਹਰ ਘੱਲਕੇ ਰਾਜ਼ੀ ਨਹੀਂ
ਸੀ, ਸੋ ਅਗਾਂਹ ਜਾਣ ਲਈ ਮੇਰੇ ਪਾਸ ਪੈਸੇ ਨਹੀਂ ਸਨ, ਉੱਥੇ ਰਹਿੰਦਿਆਂ ਕੋਸ਼ਸ਼ ਕੀਤੀ ਬਈ ਪੈਸੇ
ਬਣਾਵਾਂ ਤੇ ਅਗਾਹ ਜਾਵਾਂ। ਫੇਰ ਮੈਂ ਦੋ ਸਾਲ ਲਾ ਕੇ ਅੱਗਾਂਹ ਜਾਣ ਦੀ ਕੋਸ਼ਸ਼ ਕੀਤੀ, ਪਰ
ਪੱਬੀਆਂ ਵਾਲਾ ਸ਼ੇਰ ਸਿੰਘ ਮੇਰੇ ਗਲ਼ ਪੈ ਗਿਆ, ਉਹ ਆਂਹਦਾ ਪਹਿਲਾਂ ਮੈਂਨੂੰ ਘੱਲੋ ਤੇ
ਤੁਹਾਨੂੰ ਬਾਅਦ ਵਿੱਚ ਫੇਰ ਮੈਂ ਘੱਲੂੰ। ਉਹ ਦਸ ਜਮਾਤਾਂ ਪਾਸ ਸੀ। ਉਸ ਦਾ ਇੱਕ ਭਰਾ ਸੀ ਤੇ
ਇੱਕ ਚਾਚਾ, ਉਹਦੇ ਨਾਲ ਸਨ। ਉਹ ਸੁਨਿਆਰੇ ਸਨ, ਮੈਂ ਉਸ ਨੂੰ $100 ਅਪਣੇ ਕੋਲੋਂ ਦਿੱਤਾ ਤੇ
$100 ਅਪਣੀ ਜਾਮਨੀ ‘ਤੇ ਦੁਆ ਕੇ ਅੱਗੇ ਤੋਰਿਆ। ਸਾਡੇ ਨਾਲ ਜੈਤੋ ਦੇ ਦੋ ਹੌਲਦਾਰ ਹੀਰਾ
ਸਿੰਘ ਤੇ ਬਚਨ ਸਿੰਘ ਕੰਮ ਕਰਦੇ ਸਨ, ਉਹ ਪੂਰੇ ਭਜਨੀਕ ਸਨ, ਦੋਵੇਂ ਉਹ ਤੇ ਉਨ੍ਹਾਂ ਦੇ ਦੋ
ਲੜਕੇ ਨਾਲ ਸਨ, ਉਹ ਗੁਰਦੁਆਰੇ ਰਹਿੰਦੇ ਸਨ। ਪੰਜਾਬੀ ਮੈਂ ਫਿਰ ਉੱਥੇ ਉਨ੍ਹਾਂ ਕੋਲੋਂ
ਪੜ੍ਹੀ, ਸਾਰੀ ਪੰਜ ਗ੍ਰੰਥੀ ਦਾ ਪਾਠ ਵੀ ਉਨ੍ਹਾਂ ਤੋਂ ਸਿੱਖਿਆ, ਪੂਰੀ ਪਾਬੰਦੀ ਨਾਲ ਮੈਂ
ਅਪਣੀ ਪੜ੍ਹਾਈ ਪੂਰੀ ਕੀਤੀ, ਅਸੀ ਕਿਤੇ ਬਾਹਰ ਇੱਕਠਿਆਂ ਜਾਣਾ ਤੇ ਸ਼ਬਦ ਬਾਣੀ ਪੜ੍ਹਨੀ।
ਘੱਲਕਲਾਂ ਦਾ ਵਰਿਆਮ ਸਿੰਘ, ਭਾਗ ਸਿੰਘ ਤੇ ਦਲੇਲ ਸਿੰਘ ਅਤੇ ਦੋ ਤਿੰਨ ਹੋਰ, ਅਸੀਂ ਰਲਕੇ
ਕਿਹਾ ਚੱਲੀਏ। ਭਾਗ ਸਿੰਘ ਤੇ ਮੈਂ ਦੋਹਾ ਨੇ ਇਕੱਠੇ ਚੀਨ ਵਿੱਚ ਕੰਮ ਕੀਤਾ ਸੀ, ਉਹ ਦੇ ਕੋਲ਼
ਪੈਸੇ ਚੰਗੇ ਸਨ ਉਹ ਕਹਿੰਦਾ ਬਚਨ ਸਿੰਘ ਤੂੰ ਚੱਲ, ਜੇ ਤੇਰੇ ਕੋਲ ਪੈਸੇ ਥੁੜ ਗਏ ਤਾਂ ਮੈਂ
ਦੇ ਦੇਊਂ, ਤੂੰ ਫਿਕਰ ਨਾ ਕਰ ਤੇ ਚੱਲ। ਅਸੀ 1924 ਵਿੱਚ ਚੱਲੇ, ਜਦੋਂ ਜਪਾਨ ਆ ਕੇ ਮੋਹਰ
ਲਵਾਉਣ ਗਏ, ਲੇਟ ਹੋ ਗਏ ਸਾਂ। ਪਤਾ ਲੱਗਾ ਕਿ ਮਸਕਾਲੀ ਪਹਿਲੀ ਜਨਵਰੀ 1925 ਤੋਂ ਬੰਦ ਹੈ।
ਅਸੀਂ ਅੱਗੇ ਜਰਮਨੀ ਚਲੇ ਗਏ, ਇੱਥੇ ਪਹਿਲਾਂ ਹੀ ਫਿਰਦਾ ਸੀ ਢਾਣਾ ਪੰਜਾਬੀਆਂ ਦਾ, 7 ਅਸੀਂ
ਫਿਰਦੇ ਰਹੇ ਤੇ ਸਾਨੂੰ ਉੱਥੇ ਇੱਕ ਦੁਆਬੇ ਦਾ ਸਿੰਘ ਮਿਲ ਗਿਆ ਜੋ ਪਨਾਮਾ ਤੋਂ ਆਇਆ ਸੀ, ਉਹ
ਵੇਖ ਕੇ ਆਖਣ ਲੱਗਾ, ਮਲਵਈਓ ਕਿਵੇਂ ਫਿਰਦੇ ਹੋ? ਅਸੀਂ ਆਖਿਆ ਕਾਹਦੇ ਫਿਰਦੇ ਐਂ, ਕੋਈ ਹਾਲ
ਨਹੀਂ, ਅਸੀਂ ਆਏ ਸੀ ਮਸਕਾਲੀ ਨੂੰ, ਇਹ ਬੰਦ ਹੋ ਗਈ ਐ ਤੇ ਹੁਣ ਕੀ ਕਰੀਏ? ਅਸੀਂ ਤਾਂ ਹੁਣ
ਪਾਸਪੋਰਟਾਂ ‘ਤੇ ਮੋਹਰਾਂ ਲੁਆ ਲਈਆਂ ਕਿਊਬਾ ਦੀਆਂ, ਉਹ ਆਖਣ ਲੱਗਾ, ਕਿਊਬੇ ਤਾਂ ਸਾਡੇ
ਦੁਆਬੇ ਦੇ ਨੀਂ ਕੰਮ ਕਰ ਸਕਦੇ, ਤੁਸੀਂ ਕਿਵੇਂ ਕਰ ਲਉਗੇ? ਅਸੀਂ ਆਖਿਆ ਫਿਰ ਅਸੀਂ ਕੀ ਕਰੀਏ?
ਉਹ ਕਹਿੰਦਾ ਤੁਸੀਂ ਵਾਇਆ ਪਨਾਮਾ ਦੀਆਂ ਮੋਹਰਾਂ ਲੁਆ ਲਉ ਤੇ ਮੈਂ ਚਿੱਠੀ ਦੇ ਦਿਨੈਂ, ਸਾਡੀ
ਉੱਥੇ ਕਮੇਟੀ ਹੈ, ਉੱਥੇ ਰਲਾ ਸਿੰਘ ਸਾਡਾ ਮੈਂਬਰ ਹੈ, ਉਹ ਤੁਹਾਨੂੰ ਉਤਾਰ ਲੈਣਗੇ ਤੇ
ਸਾਂਭਣਗੇ ਵੀ। ਅਸੀਂ ਸੱਤੇ ਵਾਇਆ ਪਨਾਮਾ ਦੀਆਂ ਮੋਹਰਾਂ ਲੁਆ ਕੇ ਜਪਾਨੀ ਜਹਾਜ਼ ਵਿੱਚ ਚੜ੍ਹ
ਗਏ ਤਾਂ ਖਾਣਾ ਵੇਖ ਕੇ ਅਸੀਂ ਆਖਿਆ, ਅਸੀਂ ਇਹ ਖਾਣਾ ਨਹੀਂ ਖਾਣਾ, ਉਨ੍ਹਾਂ ਤੋਂ ਸੁੱਕਾ
ਰਾਸ਼ਨ ਲੈ ਲੈਣਾਂ ਤੇ ਅਪਣਾ ਖਾਣਾ ਆਪ ਪਕਾ ਕੇ ਖਾਣਾ। ਜਦ 45 ਦਿਨਾ ਬਾਅਦ ਸਾਡਾ ਜਹਾਜ਼
ਸਨਫਰਾਂਸਿਸਕੋ ਅਮਰੀਕਾ ਅੱਪੜਿਆ ਤੇ ਬੰਦਰਗਾਹ ਤੋਂ ਦੂਰ ਹੀ 2-3 ਦਿਨ ਜਹਾਜ਼ ਖੜ੍ਹਾ ਰਿਹਾ।
ਉੱਥੇ ਸਾਨੂੰ ਉਤਾਰ ਲਿਆ ਤੇ ਬਾਹਰ ਨਹੀਂ ਜਾਣ ਦਿੱਤਾ ਕਿਉਂਕਿ ਲੜਾਈ ਲੱਗੀ ਹੋਈ ਸੀ। ਪਰ
ਜਹਾਜ਼ ‘ਚ ਧੂੰਆ ਧਾਅ ਕਰਕੇ ਸਫਾਈ ਕੀਤੀ ਗਈ ਸੀ।
ਜਦੋਂ ਜਹਾਜ਼ ਚੱਲਿਆ, ਥੋੜੀ ਦੂਰ ਗਿਆ, ਇੱਕ ਬੋਟ (ਕਿਸ਼ਤੀ) ਆਈ, ਜਹਾਜ਼ ‘ਚੋਂ ਦੋ ਤਿੰਨ ਬੰਦੇ
ਉਤਾਰ ਕੇ ਲੈ ਗਏ, ਸਾਨੂੰ ਪਤਾ ਲੱਗਾ ਕਿ ਜਹਾਜ਼ ‘ਚੋਂ ਬੰਦੇ ਚੋਰੀ ਲੈ ਗਏ ਹਨ। ਅਸੀਂ ਜਹਾਜ਼
ਦੇ ਕਪਤਾਨ ਨੂੰ ਮਿਲੇ ਤੇ ਕਿਹਾ ‘ਆਹ ਜਿਹੜੇ ਬੰਦੇ ਉੱਤਰੇ ਐ’ ਇਵੇਂ ਸਾਨੂੰ ਵੀ ਉਤਾਰ ਦੇਹ
ਤੇ ਜਿਹੜਾ 100-100 ਡਾਲਾ ਤੇਰੇ ਕੋਲ ਜੋ ਜਾਮਨੀ ਰੱਖਿਆ ਹੈ ਉਹ ਤੂੰ ਰੱਖ ਲੈ। ਕਪਤਾਨ ਨੇ
ਕਿਹਾ ਜੇ ਤੁਸੀਂ ਮੈਂਨੂੰ ਜਪਾਨ ਵਿੱਚ ਮਿਲਦੇ ਤਾਂ ਮੈਂ ਉਤਾਰ ਸਕਦਾ ਸੀ, ਪਰ ਹੁਣ ਤੁਸੀਂ
ਲਿਖੇ ਗਏ ਹੋ, ਹੁਣ ਤੁਹਾਨੂੰ ਉਤਾਰ ਨਹੀਂ ਸਕਦਾ। ਅਸੀਂ ਪਨਾਮਾ ਆ ਉੱਤਰੇ, ਸਾਨੂੰ ਰਲਾ
ਸਿੰਘ, ਧਰਮ ਸਿੰਉਂ ਤੇ ਗੁਰਬਚਨ ਸਿੰਘ ਮਿਲੇ, ਮੈਂ ਤੇ ਗੁਰਬਚਨ ਸਿੰਘ ਇੱਕਠੇ ਸ਼ਬਦ ਬਾਣੀ
ਪੜ੍ਹਦੇ ਰਹੇ ਸੀ, ਗੁਰਬਚਨ ਸਿੰਘ ਨੂੰ ਗੁਰਦੁਆਰੇ ਵਾਲਾ ਵੀ ਕਹਿੰਦੇ ਸਨ। ਇੰਨ੍ਹਾ ਸਾਨੂੰ ਲੈ
ਜਾ ਕੇ ਇੱਕ ਹੋਟਲ ਵਿੱਚ ਬਿਠਾ ਦਿੱਤਾ ਤੇ ਕਿਹਾ, ਇੱਥੇ ਰਾਸ਼ਨ ਕਮੇਟੀ ਦਾ ਸਾਂਝਾ ਹੈ, ਜਿਸ
ਚੀਜ਼ ਦੀ ਲੋੜ ਹੈ ਲਓ ਤੇ ਖਾਓ, ਪਰ ਏਥੇ ਕੰਮ ਸਾਡੇ ਕੋਲ ਹੈ ਨਹੀਂ। ਅਸੀਂ ਉੱਥੇ ਮਹੀਨਾ ਰਹੇ।
ਵਰਿਆਮ ਸਿੰਘ ਘਾਲੀ ਪੁਰਾਣਾ ਸੀ, ਉਹ ਪੰਜ ਸਾਲ ਅਮਰੀਕਾ ਲਾ ਕੇ ਆਇਆ ਸੀ ਤੇ ਦੂਜਾ ਸੀ ਕਿਸ਼ਨ
ਸਿੰਘ ਖੋਸਿਆਂ ਦਾ, ਇੰਨ੍ਹਾ ਨੂੰ ਦੇਖਕੇ ਪਹਿਲਾਂ ਰਹਿਣ ਵਾਲੇ ਡਰ ਗਏ ਕਿ ਮਲਵਈ ਤੰਗ ਕਰਨਗੇ।
ਉਨ੍ਹਾਂ ਸਾਨੂੰ ਕੱਲੇ-ਕੱਲੇ ਨੂੰ ਉੱਥੋਂ ਅਗਾਂਹ ਪਿੱਛਾਹ ਹੋਰ ਮੁਲਕਾਂ ਵਿੱਚ ਨਿਕਲਣ ਲਈ
ਕਿਹਾ, ਸਾਡੇ ਪਾਸਪੋਰਟ ਬਣਵਾ ਦਿੱਤੇ ਗੁਆਟੇਮਾਲਾ ਦੇ ਤੇ ਕਿਹਾ, ਉੱਥੋਂ ਅੱਗੇ ਮੈਕਸੀਕੋ
ਨਿਕਲ਼ ਜਾਇਓ। ਅਸੀਂ ਸਾਰੇ ਅਪੜ ਗਏ ਗੁਆਟੇਮਾਲਾ, ਉੱਥੇ ਪੁੱਛਿਆ, ਏਥੇ ਕੋਈ ਸਾਡੇ ਦੇਸ਼ ਦਾ
ਬੰਦਾ ਹੈਗਾ? ਕਹਿੰਦੇ ਸਿੱਧੇ ਤੁਰੇ ਜਾਓ ਰੇਲ ਦੀ ਲਾਈਨ ਦੇ ਨਾਲ-ਨਾਲ 7 ਮੀਲ ‘ਤੇ ਬੈਰਕਾਂ
ਹਨ, ਉੱਥੇ ਜਾ ਕੇ ਹਿੰਦੋਸਤਾਨ ਵਾਲੇ ਕਾਲੇ ਕੁਲੀਆਂ ਬਾਰੇ ਪੁੱਛ ਲੈਣਾ। ਅਸਲ ‘ਚ 1911 ‘ਚ
ਆਏ ਹੁਸ਼ਿਆਰਪੁਰੀਏ ਉੱਥੇ ਰਹਿੰਦੇ ਸਨ। ਇੱਥੇ ਮੈਕਸੀਕੋ ਜਾਣ ਦੀਆਂ ਕਈ ਸਕੀਮਾਂ ਕੀਤੀਆਂ ਤੇ
ਆਪਸ ਵਿੱਚ ਵੀ ਇੱਕ ਦੂਜੇ ਤੋਂ ਅੱਗਾ ਪਿੱਛਾ ਕਰਨ ਦੀਆਂ ਘਤਿੱਤਾਂ ਵੀ ਹੋਈਆਂ, ਪਰ ਕੋਈ ਵੀ
ਸਿਰੇ ਨਾ ਚੜ੍ਹੀ, ਪਰ ਕਿਸ਼ਨ ਸਿੰਘ ਉੱਥੇ ਹੀ ਰਹਿ ਗਿਆ ਸੀ।
ਅਸੀਂ ਪੰਜੇ ਗੁਆਟੇਮਾਲਾ ਤੋਂ ਮੋਹਰਾਂ ਲੁਆ ਕੇ ਜਾ ਉੱਤਰੇ ਸੰਨਤਿਆਗੋ (ਕਿਊਬਾ), ਉੱਥੇ ਲੋਕ
ਆਮ ਗੰਨਾ ਹੀ ਵਢਦੇ ਸਨ। ਇੱਕ ਹੋਰ ਜਹਾਜ ਆ ਗਿਆ, ਜਿਸ ‘ਤੇ 300 ਆਦਮੀ ਦੁਆਬੇ ਦੇ ਸਨ।
ਜਿਨ੍ਹਾਂ ‘ਚ ਖੜੌਦੀਵਾਲਾ ਬੂੜਾ ਸੀ, ਬੋਲਾ ਬੜਾ ਪੁਰਾਣਾ ਸੀ, ਉਸ ਜਹਾਜ਼ ‘ਚ ਖੜੌਦੀ, ਚਹੇੜੂ,
ਮਹੇੜੂ ਪਿੰਡਾਂ ਦੇ ਤਕੜੇ ਲੋਕ ਸਨ। ਜਹਾਜ਼ ਨੂੰ ਸਫਾਈ ਲਈ ਕੁਲਾਟੀਨ ਪੈ ਗਈ, ਜਹਾਜ਼ ‘ਚ ਧੂਆਂ
ਛਡਿਆ ਤੇ ਜਹਾਜ ਉੱਥੇ 15 ਦਿਨ ਠਹਿਰਨਾ ਸੀ। ਉੱਥੇ ਮਰਾਂਡਾ ਗੰਨਾ ਮਿਲ ਨਾਲ ਹੀ ਸੀ, ਉਸ ਸਾਲ
ਸਾਨੂੰ ਗੰਨਾ ਵੱਢਣਾ ਪਿਆ ਸੀ।
ਗੰਨੇ ਦੇ ਕੰਮ ਦੇ ਵੱਖ-ਵੱਖ ਥਾਂ 85, 90, 75, ਪੈਂਸ ਟਨ ਦੇ ਮਿਲਦੇ ਸਨ, ਤਕੜਾ ਆਦਮੀ ਦੋ
ਟਨ ਗੰਨਾ ਵੱਢਕੇ ਲੱਦ ਲੈਂਦਾ ਸੀ ਗੱਡੇ ਤੇ, ਮਾੜਾ ਤਾਂ ਅੱਧਾ ਟਨ ਹੀ ਵੱਢ ਸਕਦਾ ਸੀ। ਕਿਊਬਾ
ਦੇ ਲੋਕਾਂ ਦਾ ਬੁਰਾ ਹਾਲ ਸੀ, ਜਿਹੜਾ ਪਹਿਲਾ ਪ੍ਰਧਾਨ ਸੀ, ਉਸ ਨੇ ਅਮਰੀਕਾ ਤੋਂ ਪੈਸਾ ਲੈ
ਲਿਆ ਸੀ ਗੰਨੇ ‘ਤੇ, ਅਮਰੀਕਾ ਨੇ ਕਿਹਾ, ਜਿੰਨਾ ਚਿਰ ਤੂੰ ਮੇਰਾ ਪੈਸਾ ਨਹੀਂ ਲਾਹੁੰਦਾ, ਮੈਂ
ਤੁਹਾਨੂੰ ਉੱਨਾਂ ਹੀ ਗੰਨਾ ਪੀੜ੍ਹਨ ਦੇਵਾਗਾ ਜਿੰਨੀ ਮੈਂਨੂੰ ਲੋੜ ਹੋਵੇ ਗੀ, ਅਮਰੀਕਾ ਨੇ
ਐਲਾਨ ਕਰਤਾ ਬਈ ਮਿੱਲ ਐਨੇ ਦਿਨ ਚੱਲੇਗੀ, ਉਤਨੇ ਦਿਨਾਂ ਤੋਂ ਵੱਧ ਮਿੱਲ ਨਹੀ ਚੱਲ ਸਕਦੀ ਸੀ।
ਪਰ ਉੱਥੇ ਐਨਾਂ ਗੰਨਾ ਹੁੰਦਾ ਸੀ ਭਾਵੇਂ ਲੱਖ ਟਨ ਆ ਜੇ, ਮਿਲ ਨੇ ਤਾਂ ਵੀ ਪੀੜ ਦੇਣਾ ਸੀ।
ਅੱਗੋਂ ਏਜੰਟ ਅਫਵਾਹ ਫੈਲਾ ਦਿੰਦੇ ਸਨ ਕਿ ਉੱਥੇ ਮਿਲਾਂ ਸਾਰਾ ਸਾਲ ਚਲਦੀਆਂ। ਇਸ ਬਹਾਨੇ ਉਹ
ਏਜੰਟ ਮਿਲਾਂ ਵਾਲਿਆਂ ਤੋਂ 1 ਪੌਂਡ ਪ੍ਰਤੀ ਆਦਮੀ ਲੈ ਲੈਂਦੇ, ਆਦਮੀਆਂ ਨੂੰ ਕੰਮ ਭਾਵੇਂ
ਮਿਲੇ ਜਾਂ ਨਾ। ਪਰ ਅਮਰੀਕਾ ਮਿੱਲਾਂ ਕਦੋਂ ਚਲਣ ਦਿੰਦਾ ਸੀ? ਵੈਸੇ ਕਿਊਬਾ ਬਹੁਤ ਗਰੀਬ ਮੁਲਕ
ਸੀ ਉਸ ਵੇਲੇ, ਜਦੋਂ ਮਿਲ ਬੰਦ ਕਰਨ ਦਾ ਸਮਾਂ ਆਉਂਦਾ ਮਿਲ ਮਾਲਕਾ ਦਾ ਵੀ ਅੱਧਾ ਗੰਨਾ ਖੜਾ
ਹੀ ਰਹਿ ਜਾਂਦਾ ਸੀ। ਮੀਂਹ ਬਹੁਤੇ ਪੈਣ ਸਦਕਾ ਗੰਨਾ 7-7, 8-8 ਹੱਥ, 10-12 ਫੁੱਟ ਲੰਮਾਂ
ਮਾਰੂ ਖੇਤ ‘ਚ ਹੀ ਹੋ ਜਾਂਦਾ ਅਤੇ ਕਮਾਦ 10 ਸਾਲ ਤੱਕ ਮੋਢੀ ਹੀ ਰਹਿ ਜਾਂਦਾ ਸੀ। ਬਚਦੇ
ਗੰਨੇ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਮੈਂ ਉੱਥੇ ਦੋ ਸਾਲ ਹੀ ਕੱਟੇ, ਵਰਿਆਮ ਸਿੰਘ ਉੱਥੇ
ਹੀ ਮਰ ਗਿਆ ਸੀ, ਭਾਵੇਂ ਉਸ ਨੂੰ ਕੰਮ ਅਸੀਂ ਕਰਨ ਨਹੀਂ ਦਿੰਦੇ ਸੀ ਤੇ ਉਹ ਰੋਟੀ ਲੈ ਕੇ ਹੀ
ਆਉਂਦਾ ਸੀ, ਪਰ ਸ਼ਰਾਬ ਪੀਣੋਂ ਨਹੀਂ ਹਟਿਆ ਤੇ ਮਰ ਗਿਆ।
“ਮੈਂਨੂੰ ਹਵਾਨਾ ਤੋਂ ਚਿੱਠੀ ਆਈ ਕਿ ਅਸੀਂ 28-30 ਬੰਦੇ ਅਰਜਨਟਾਈਨਾਂ ਜਾਣ ਲੱਗੇ ਹਾਂ, ਜੇ
ਬਚਨ ਸਿੰਘ ਤੂੰ ਆ ਜਾਵੇਂ ਤਾਂ ਚੰਗਾ ਹੈ” ਖੈਰ! ਮੈਂ ਅਗਲੇ ਦਿਨ ਹੀ ਹੈਵਾਨਾ ਆ ਗਿਆ ਤੇ
ਕਿਹਾ ਮੇਰੇ ਕੋਲ ਪੈਸੇ ਨਹੀਂ, ਅਸਲ ‘ਚ $80 ਅਮਰੀਕਨ ਮੇਰੇ ਕੋਲ ਸਨ। ਉਨ੍ਹਾਂ ਮੇਰੀ ਜੇਬ
‘ਚੋਂ ਪਾਸਪੋਰਟ ਕੱਢਿਆ ਤੇ ਮੋਹਰ ਲੁਆ ਲਿਆਏ, ਮੈਂ ਅਮਰੀਕ ਸਿੰਘ ਨੂੰ ਪੈਸੇ ਦੇਕੇ ਹਵਾਨਾ
ਭੇਜਿਆ ਸੀ, ਤਾਰ ਦੇ ਕੇ ਸੱਦਿਆ ਕਿ ਪੈਸੇ ਲੈ ਕੇ ਆਵੇ। ਗੁਰਬਚਨ ਸਿੰਘ ਤੇ ਅਮਰੀਕ ਸਿੰਘ
ਬਿਨਾਂ ਪੈਸਿਆਂ ਦੇ ਹੀ ਆ ਗਏ ਸਨ।
ਜਹਾਜ਼ ‘ਤੇ ਅਸੀਂ ਪੀਰੂ ਦੀ ਬੰਦਰਗਾਹ ‘ਤੇ ਜਾ ਉੱਤਰੇ, ਰੇਲ ਰਾਹੀਂ ਲੀਮਾਂ ਪਹੁੰਚੇ, ਪੀਰੂ
‘ਚ ਬਹੁਤ ਗਰੀਬੀ ਸੀ। ਪਰ ਸਾਡੇ ਪਾਸਪੋਰਟਾਂ ‘ਤੇ ਤਾਂ ਬੋਲੀਵੀਆ ਦੀਆਂ ਮੋਹਰਾਂ ਸਨ, ਅਸੀਂ
ਤੀਜੇ ਦਿਨ ਬੋਟ ਜਿਹੇ ਛੋਟੇ ਜਹਾਜ ‘ਚ ਬੈਠ ਕੇ ਅਗੇ ਰੇਲ ਗੱਡੀ ਰਾਹੀਂ ਬੋਲੀਵੀਆ ਜਾ
ਪਹੁੰਚੇ, ਇੱਥੋਂ ਅੱਗੇ ਅਰਜਨਟਾਈਨਾ ਜਾਣਾ ਸੀ, ਪਰ ਪਤਾ ਲੱਗਾ ਕਿ ਅਰਜਨਟਾਈਨਾਂ ਬੰਦ ਹੈ।
ਅਸੀਂ ਰਾਤ ਨੂੰ 8-9 ਵਜੇ ਲਾਈਨ ਦੇ ਨਾਨ-ਨਾਲ ਪੈਦਲ ਚੱਲ ਪਏ, ਠੰਡ ਆਖੇ ਮੈਂ ਵੀ ਹੁਣੇ ਈ
ਐਂ, ਅਸੀਂ ਰਲੇ ਰਲਾਏ ਕਈ ਸਟੇਸ਼ਨ ਲੰਘ ਗਏ, ਆਖ਼ਰ ਤੜਕਾ ਹੋਣ ਤੋਂ ਕੁੱਝ ਚਿਰ ਪਹਿਲਾਂ ਕਿਸ਼ਨ
ਸਿੰਘ ਤੇ ਮੰਗਾ ਸਿੰਘ ਨੂੰ ਤਾਪ ਚੜ੍ਹ ਗਿਆ ਸੀ। ਉਹ ਕਹਿੰਦੇ, ਸਾਡੀ ਬੇਵਾਹ, ਸਾਨੂੰ ਲੀੜੇ
ਕੱਪੜੇ ਦੇ ਦਿਓ ਤੇ ਤੁਸੀਂ ਜਾਓ, ਅਗੇ ਅਸੀਂ ਆਪੇ ਆ ਜਾਵਾਂਗੇ। ਅਸੀਂ ਅੱਗੇ ਤੁਰ ਪਏ, ਧੁੱਪ
ਚੜ੍ਹੀ ਤਾਂ ਅਸੀਂ ਲਾਈਨ ਤੋਂ ਪਾਸੇ ਹੋ ਕੇ ਜੰਗਲ ਵਿੱਚ ਸਾਰੇ ਜਣੇ ਪੈ ਗਏ ਤੇ ਜੱਗੇ ਨੂੰ
ਕਿਹਾ ਬਈ ਜਾ ਕੇ ਸਟੇਸ਼ਨ ‘ਤੇ ਦੇਖ ਭੱਲਾ ਕੀ ਕੁੱਝ ਐ, ਉਹ ਸਟੇਸ਼ਨ ਤੋਂ ਆ ਕੇ ਕਹਿਣ ਲੱਗਾ,
ਗੱਡੀ ਤਾਂ ਰਾਤ ਲੰਘਗੀ ਤੇ ਅੱਜ ਨਹੀਂ ਆਉਣੀ, ਸਵੇਰੇ ਆਵੇਗੀ। ਉੱਥੇ ਸਟੇਸ਼ਨ ‘ਤੇ ਢਾਰੇ
ਵਿਹਲੇ ਪਏ ਐ, ਅਸੀਂ ਸਾਰੇ ਸਟੇਸ਼ਨ ‘ਤੇ ਚਲੇ ਗਏ।
ਧੁੰਨਾ ਸਿੰਘ ਨਾਲ ਉਹਦਾ ਚਾਚਾ ਤੇ ਚਾਚੇ ਦਾ ਪੁੱਤ ਸੀ, ਕਿਸ਼ਨ ਸਿੰਘ ਤੇ ਮੰਗਾ ਸਿੰਘ, ਜਿਹੜੇ
ਪਿੱਛੇ ਰਹਿ ਗਏ ਸਨ, ਮੈਂ ਕਿਹਾ, ਧੁੰਨਾ ਸਿੰਆਂ ਤੂੰ ਅਪਣੇ ਚਾਚੇ ਤੇ ਚਾਚੇ ਦੇ ਪੁੱਤ ਦਾ
ਪਤਾ ਲੈ, ਗੱਲ ਸੁਣਦਿਆ ਹੀ ਉਸ ਦੀਆਂ ਅੱਖਾਂ ‘ਚੋਂ ਪਾਣੀ ਡਿੱਗਣ ਲੱਗਾ, ਆਹਦਾ ਮੈਂ ਜਾਵਾਂ
ਗਾ ਤਾਂ ਗੁਆਚ ਜੂੰ। ਮੈ ਆਖਿਆਂ ਚੱਲ ਆਪਾਂ ਚਲਦੇ ਐਂ, ਮੈਂ ਤੇ ਧੁੰਨਾ ਸਿੰਘ ਤੁਰ ਪਏ ਪਿੱਛੇ
ਵੱਲ ਰੇਲ ਦੀ ਲੀਹੋ ਲੀਹ, ਅਜੇ ਥੋੜ੍ਹੀ ਦੂਰ ਹੀ ਗਏ ਤਾਂ ਉਹ ਤੁਰੇ ਆਉਣ ਸਿਰ ‘ਤੇ ਰਜਾਈਆਂ
ਚੁੱਕੀ, ਅਸੀਂ ਪੁੱਛਿਆਂ ਕਿਵੇ ਰਹੇ, ਕਹਿੰਦੇ ਬਚਨ ਸਿਆਂ ਬਚ ਗਏ ਆਂ ਅੱਜ ਤਾਂ। ਅਸੀ ਸਟੇਸ਼ਨ
‘ਤੇ ਆ ਗਏ। ਰਾਤ ਨੂੰ ਗੱਡੀ ਚੜ੍ਹਕੇ ਸੰਨਪੈਟਰੋ ਅਰਜਨਟਾਈਨਾਂ ਲਿਚਮਿਲ ਪਹੁੰਚ ਗਏ ਸੀ।
ਇੱਥੇ ਪਹਿਲੇ ਪੰਜਾਬੀ ਕਾਮਿਆਂ ਨੇ ਸਾਡੀ ਰੋਟੀ ਪਾਣੀ ਦੀ ਸੇਵਾ ਕੀਤੀ ਤੇ ਕਹਿੰਦੇ ਕਿ ਇੱਥੇ
ਕੰਮ ਨਹੀਂ, ਕੰਮ ਦੀ ਭਾਲ ਆਪ ਕਰਨੀ ਪਊਗੀ। ਅਸੀਂ ਆਵਦੇ ਕੋਲੋਂ ਇੱਕ ਆਦਮੀ ਨੂੰ $10 ਦੇ ਦਿਆ
ਕਰਾਂਗੇ, ਜਿਹਨੇ ਰਹਿਣਾ ਰਹਿ ਪਓ, ਗੰਨਾ ਮਿੱਲ ਚੱਲ ਰਹੀ ਸੀ। ਉੱਥੇ ਮੇਰੇ ਜਾਣੂ ਸਨ,
ਧੱਲੇਕਿਆ ਦਾ, ਲੱਖੇਕਿਆਂ ਦਾ ਕਿਸ਼ਨ ਸਿੰਘ, ਸੰਤਾ ਸਿੰਘ, ਨਿੱਕਾ ਸਿਓਂ, ਕਾਕਾ ਸਿਓਂ, ਮੈਂ
ਕਿਹਾ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ ਹਾਂ। ਮੇਰੇ ਨਾਲ ਦਲੇਲ ਸਿੰਘ ਰਹਿ ਪਿਆ, ਕਿਸ਼ਨ
ਸਿਓਂ ਮੇਰੇ ਕੋਲ਼ ਧੁੰਨਾ ਸਿਓ ਨੂੰ ਛੱਡ ਗਿਆ ਤੇ ਅਰਜਣ ਸਿਓਂ ਅਸੀਂ ਚਾਰੇ ਰਹਿ ਪਏ ਤੇ ਕਾਕਾ
ਸਿੰਘ ਨੇ ਸਾਨੂੰ ਕੰਮ ਦਵਾਇਆ। ਮੈਂ ‘ਤੇ ਦਲੇਲ ਸਿੰਘ 20 ਕੁ ਦਿਨ ਇੱਕਠੇ ਕੰਮ ਕਰਦੇ ਰਹੇ।
ਫੇਰ ਕਾਕਾ ਸਿੰਘ ਨੇ ਸਾਨੂੰ ਰੇਲਵੇ ਦਾ ਪਾਸ ਮੰਗਵਾ ਦਿੱਤਾ, ਉਹਦਾ ਮੇਹਟ ਸੀ ਮਹੇਸਰੀ ਵਾਲਾ
ਇੰਦਰ ਸਿੰਘ, ਲਾਈਨ ਦਾ ਕੰਮ ਚਲਦਾ ਸੀ ਮਿਲ ਤੱਕ, ਸਾਡੇ ਕੰਮ ਨੂੰ ਕੁਤੱਰੀਆ ਕਹਿੰਦੇ ਸਨ, ਬਈ
ਤੁਰਦੇ ਫਿਰਦੇ ਕੰਮ ਕਰਦੇ, ਅਸੀਂ 12 ਆਦਮੀ ਚਲੇ ਗਏ, ਉੱਥੇ ਸਾਨੂੰ 1927-28 ਤੱਕ ਕੰਮ
ਮਿਲਦਾ ਰਿਹਾ ਸੀ।
ਗਦਰ ਦੀ ਮੁੜ ਸੁਰਜੀਤੀ
ਤੇਜਾ ਸਿੰਘ ਸੁਤੰਤਰ 7 ਸਾਲ ਟਰਕੀ ‘ਚ ਜਰਨੈਲੀ ਪਾਸ ਕਰਨ ਬਾਅਦ ਕੈਲੇਫੋਰਨੀਆਂ ਪਹੁੰਚਿਆ ਤੇ
ਨਿਧਾਨ ਸਿੰਘ ਮਹੇਸਰੀ ਨੂੰ ਪ੍ਰਧਾਨ ਚੁਣਿਆਂ ਤੇ ਪਨਾਮਾ ਆ ਕੇ ਪਾਰਟੀ ਬੰਨ੍ਹੀ, ਬਾਬਾ ਦੁੱਲਾ
ਸਿੰਘ ਨੂੰ ਪਾਰਟੀ ‘ਚ ਲਿਆਂਦਾ ਸੀ।
1927 ‘ਚ ਅਸੀਂ ਭਗਤ ਸਿੰਘ ਬਿਲਗਾ ਨੂੰ ਅਰਜਨਟਾਈਨਾਂ ‘ਚ ਪਹਿਲੀ ਵਾਰ ਉਸ ਦੇ ਹੈਡਕੁਆਰ
ਸਾਹਰੀ ‘ਚ ਮਿਲੇ ਸੀ ਫੇਰ ਇੱਥੋਂ ਸੇਧ ਲੈਂਦੇ ਰਹੇ ਸਾਂ। 1928 ‘ਚ ਮੈਂ ਅਰਜਨਟਾਈਨਾਂ ‘ਚ
ਪਿਦਰੀਤੇ ਸਟਸ਼ਨ ‘ਤੇ ਕੰਮ ਕਰਦਾ ਸੀ, ਜਦੋਂ ਸਟੇਸ਼ਨ ‘ਤੇ ਮਾਲ ਗੱਡੀ ‘ਚੋਂ ਦੋ ਆਦਮੀ ਉੱਤਰਕੇ
ਆਏ, ਇੱਕ ਈਸ਼ਰ ਸਿੰਘ ਤੇ ਦੂਜਾ ਕੁੱਝ ਲੰਗ ਜਿਹਾ ਮਾਰਦਾ ਸੀ। ਉਨ੍ਹਾਂ ਦੱਸਿਆ ਅਮਰੀਕਾ ‘ਚੋਂ
ਗਦਰ ਪਾਰਟੀ ਵਾਲਿਆ ਨੇ ਸਾਨੂੰ ਘੱਲਿਆ ਹੈ। ਅਸੀਂ ਰਾਤ ਨੂੰ ਅਪਣੇ ਬੰਦਿਆਂ ਦੀ ਮੀਟਿੰਗ
ਕਰਵਾਈ ਤੇ ਉਨ੍ਹਾਂ ਤੋਂ $5-$5 ਵੀ ਇੱਕਠੇ ਕਰਕੇ ਦਿੱਤੇ, ਮੇਰੇ ਕੋਲ $19 ਸਨ ਸਾਰੇ ਦੇ
ਦਿੱਤੇ, ਦੂਜੇ ਦਿਨ ਐਤਵਾਰ ਨੂੰ ਗੱਡੀ ਦਾ ਟਾਈਮ ਨਾ ਹੋਣ ਕਰਕੇ ਅਸੀਂ ਤੁਰਕੇ ਬਾਰਾਂ ਕੁ ਵਜੇ
ਤੱਕ ਅਗਲੇ ਸਟੇਸ਼ਨ ‘ਤੇ ਪਹੁੰਚੇ, ਉੱਥੇ ਮੀਟਿੰਗ ਕਰਵਾਕੇ $10-$10, $5-$5 ਵੀ ਇੱਕਠੇ ਕਰਕੇ
ਦਿੱਤੇ, ਉਸ ਤੋਂ ਅਗਲੇ ਸਟੇਸ਼ਨ ‘ਤੇ ਵੀ 30-35 ਬੰਦੇ ਸਨ, ਸਾਨੂੰ ਉੱਥੇ ਜਾਣ ਲਈ ਟਰਾਲੀ ਮਿਲ
ਗਈ, ਖਾਓ ਪੀਏ ਤੱਕ ਅਸੀਂ ਵੀਜ਼ਾ ਮਦਰੇਨਾ, ਂੲੱ ੜਲਿਲਅਗੲ ਮਾਡਲ ਗਰਾਮ ਸਟੇਸ਼ਨ ‘ਤੇ ਅਪੜੇ ਤੇ
ਮੀਟਿੰਗ ਕਰਵਾ ਕੇ ਮੈਂ ਫਿਰ ਰਾਤੋ ਰਾਤ ਵਾਪਸ 30 ਕਿ: ਮੀ: ਤੁਰਕੇ ਦਿਨ ਚੜ੍ਹਦੇ ਨੂੰ 7 ਵਜੇ
ਅਪਣੇ ਸਟੇਸ਼ਨ ‘ਤੇ ਕੰਮ ‘ਤੇ ਆ ਗਿਆ ਸੀ। ਮੇਰਾ ਮੇਹਟ ਇਟਲੀ ਦਾ ਸੀ, ਉਸ ਨੇ ਕਿਹਾ ਕਿੱਥੋਂ
ਆਏ ਹੋ? ਮੈਂ ਟਾਲ਼ ਗਿਆ ਸਾਂ।
1930 ‘ਚ ਅਰਜਨਟਾਈਨਾਂ ਵਿਖੇ ਮੈਂਨੂੰ ਤੇਜਾ ਸਿੰਘ ਸੁਤੰਤਰ ਮਿਲਿਆ ਤੇ ਕਹਿੰਦਾ ਮੀਟਿੰਗ
ਕਰਾਉਣੀ ਐਂ, ਗ਼ਦਰ ਪਾਰਟੀ ਬੰਨਣੀ ਐਂ ਤੇ ਮੇਰੇ ਸਟੇਸ਼ਨ ਦਾ ਮੇਟ ਇੰਦਰ ਸਿੰਘ ਮਹੇਸਰੀ ਵਾਲਾ
ਸੀ। ਮੇਰਾ ਸਟੇਸ਼ਨ ਸ਼ਹਿਰ ਤੋਂ ਦੂਰ ਇਕੱਲਾ ਸਟੇਸ਼ਨ ਸੀ। ਤੇਜਾ ਸਿੰਘ ਨੇ ਕਿਹਾ, ਦੇਖੋ ਸ਼ਹਿਰ
ਕੋਈ ਨੇੜੇ ਨਹੀਂ, ਆਪਾਂ ਰੇਲਵੇ ਦੇ ਜਿੰਨੇ ਅਪਣੇ ਆਦਮੀ ਹਨ, ਇੱਥੇ ਇੱਕਠੇ ਕਰ ਲਓ, 10-12
ਬੰਦੇ ਸਨ, ਅਸੀਂ ‘ਵੀਜ਼ਾ ਮੁੰਦਰੇਨਾ’ (ਮਾਡਲ ਗਰਾਮ) ‘ਚ ਮੀਟਿੰਗ ਰੱਖੀ ਜੋ ਚਾਰ ਦਿਨ ਚੱਲੀ,
ਗ਼ਦਰ ਪਾਰਟੀ ਕੀ ਹੈ, ਕਿਵੇਂ ਪਾਰਟੀ ਬੰਨ੍ਹਣੀ ਹੈ, ਚਾਰੇ ਦਿਨ ਸਟਡੀ ਸਰਕਲ ਕਰਕੇ ਗ਼ਦਰ ਪਾਰਟੀ
ਦੇ ਨਿਸ਼ਾਨਿਆਂ ਬਾਰੇ ਦੱਸਿਆ ਗਿਆ ਤੇ ਮੈਂਬਰਸ਼ਿਪ ਲੈਕੇ ਪਾਰਟੀ ਮੈਂਬਰ ਬਣਾਇਆ, ਜੋ ਵੱਧ ਪੈਸੇ
ਦੇਊ, ਵੱਡਾ ਮੈਂਬਰ ਤੇ ਵੱਡਾ ਲੀਡਰ ਬਣ ਸਕਦੇ ਕਿਉਂਕਿ ਪੈਸਾ ਦੇਸ਼ ਨੂੰ ਘੱਲਣੈ, ਬੰਦੇ ਘੱਲਣੇ
ਤੇ ਹੱਥਿਆਰ ਦੇ ਕੇ ਵੀ ਤੋਰਨੇ ਐਂ, ਅੰਗ੍ਰੇਜ਼ਾਂ ਨੂੰ ਦੇਸ਼ ‘ਚੋਂ ਕੱਢਣੈ, ਸਾਡਾ ਫਰਜ਼ ਬਣਦੈ
ਅਪਣੀ ਜਾਨ ਦੀ ਵੀ ਪ੍ਰਵਾਹ ਨਾ ਕਰੀਏ। ਉੱਥੇ ਸੀ ਬੂਝਾ ਸਿੰਘ ਕਾਉਂਕਿਆਂ ਵਾਲਾ, ਨਿਰੰਜਨ
ਸਿੰਘ ਵੀ ਉੱਥੇ ਸੀ ਤੇ ਧਲੇਤੇ ਵਾਲੇ ਕਰਮ ਸਿਓਂ ਨੂੰ ਪ੍ਰ੍ਰਧਾਨ ਤੇ ਮੈਂਨੂੰ ਖਜ਼ਾਨਚੀ ਬਣਾ
ਕੇ ਬੂਝਾ ਸਿੰਘ ਕਮੇਟੀ ਦਾ ਰਜਿਸਟਰ ਬਣਾ ਕੇ ਦੇ ਆਇਆ। ਅਸੀਂ 10ਵੇਂ ਮਹੀਨੇ ਉਗਰਾਹੀ ਸ਼ੁਰੂ
ਕਰਕੇ ਉਸ ਰਜਿਸਟਰ ਵਿੱਚ ਦਰਜ ਕਰ ਦੇਣੀ, 12ਵੇਂ ਮਹੀਨੇ ਦੀ 25 ਤਰੀਕ ਨੂੰ ਗਦਰ ਪਾਰਟੀ ਦੇ
ਦਫਤਰ ਹਿਸਾਬ ਦੇ ਆਉਣਾ, $12 ਤੋਂ ਘੱਟ ਮੈਂਬਰਸ਼ਿਪ ਨਹੀਂ ਲਿਖਦੇ ਸੀ, ਇਸ ਤੋਂ ਵੱਧ $50,
ਜਾਂ $100 ਜਿੰਨੇ ਮਰਜੀ ਕੋਈ ਦੇਵੇ, ਇੱਕ ਵਾਰ ਪੁਰਾਣੇ ਵਾਲੇ ਦੇ ਕੇਹਰ ਸਿੰਘ ਨੇ $200 ਵੀ
ਦਿੱਤਾ ਸੀ।
ਮੈਂ ਪਹਿਲੇ ਸਾਲ $1400 ਸੰਤੋਖ ਸਿੰਘ ਕੋਲ ਜਮ੍ਹਾਂ ਕਰਾਏ ਸਨ। ਉੱਥੇ ਵੱਖ-ਵੱਖ ਖੇਤਰਾਂ ਦੇ
ਅਸੀਂ ਛੇ ਖਜ਼ਾਨਚੀ ਸੀ, ਇੱਕ ਪੈਸੇ ਲੈ ਕੇ ਵੀ ਭੱਜ ਗਿਆ ਸੀ, ਮੈਂਨੂੰ ਪਹਿਲਾਂ ਖਜਾਨਚੀ, ਫੇਰ
ਸੈਂਟਰ ਕਮੇਟੀ ਵਿੱਚ ਤੇ ਫਿਰ ਕਮਿਸ਼ਨ ਵਿੱਚ ਲੈ ਲਿਆ ਸੀ। ਤੇਜਾ ਸਿੰਘ ਸੁਤੰਤਰ ਨੇ ਗਦਰ ਦੀ
ਗੂੰਜ ਅਖ਼ਬਾਰ ਦੀ ਇੱਕ ਕਾਪੀ ਮੈਂਨੂੰ ਭੇਜਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਜੋਸ਼ੀਲੀਆਂ
ਕਵਿਤਾਵਾਂ ਪੜ੍ਹਕੇ ਸਭ ਸਾਥੀਆਂ ਦਾ ਦੇਸ਼ ਅਜਾਦ ਕਰਵਾਣ ਦਾ ਜਜ਼ਬਾ ਬੁਲੰਦ ਹੁੰਦਾ ਸੀ।
ਅਸੀਂ ਪਹਿਲਾ ਜੱਥਾ 20-25 ਬੰਦਿਆਂ ਦਾ ਸੱਭ ਤੋਂ ਵੱਡਾ ਮਾਸਕੋ ਭੇਜਿਆ, ਜਿਸ ਦਾ ਮੁੱਖੀ
ਨੈਣਾਂ ਸਿੰਘ ਧੂਤ ਸੀ, ਇੱਕ ਜੱਥਾ ਮੈਂ ਤੇ ਸੰਤੋਖ ਸਿਓਂ ਨੇ ਭੇਜਿਆ, ਜਿਸ ਦਾ ਮੁੱਖੀ ਦਲੀਪ
ਸਿੰਘ ਸੀ, 1934 ‘ਚ ਲਹਿਰੇ ਵਾਲੇ ਓੁਜਾਗਰ ਸਿਓਂ ਦੁਸਾਂਝ ਨੂੰ ਖਜ਼ਾਨਚੀ ਬਣਾਇਆ ਤੇ ਮੈਂ
ਮਾਸਕੋ ਗਿਆ, ਬਚਨ ਸਿੰਘ ਤਖਾਣਵੱਧ, ਕਿਹਰ ਸਿੰਘ ਵੱਡਾ ਮਾਹਲਾ, ਅਮਰ ਸਿੰਘ ਜੰਡਿਆਲਾ, ਜਵਾਲਾ
ਸਿੰਘ ਤੇ ਕਰਤਾਰ ਸਿੰਘ ਮੂਸੇਵਾਲ ਪੰਜਾਂ ਸਮੇਤ ਮੈਂ ਵੀ ਰੂਸ ਟ੍ਰੇਨਿੰਗ ਲਈ ਗਿਆ।
1934 ‘ਚ ਜਦੋਂ ਸੰਤੋਖ ਸਿੰਘ ਸਾਨੂੰ ਛੇ ਸਾਥੀਆਂ ਨੂੰ ਬੋਏਨਸਅਰੋਜ਼ ਸ਼ਹਿਰ ਤੱਕ ਛੱਡਣ ਗਿਆ,
ਨਵਾਂ ਪਾਸਪੋਰਟ ਬਣਾ ਕੇ ਜਰਮਨ ਲਈ ਰਵਾਨਾ ਹੋਣ ਤੋਂ ਪਹਿਲਾਂ ਮੈਂ ਜਰਮਨ ਰਹਿੰਦੇ ਰਤਨ ਸਿੰਘ
ਨੂੰ ਛੇ ਨਗ (ਕੋਡ ਵਰਡ) ਲਿਖ ਕੇ ਜਰਮਨ ਦੀ ਬੰਦਰਗਾਹ ਬਰੇਮਰ ‘ਤੇ ਜਹਾਜ਼ ਦੇ ਪਹੁੰਚਣ ਦੀ
ਤਾਰੀਖ ਲਿਖ ਕੇ ਤਾਰ ਦੇ ਦਿੱਤੀ ਸੀ। ਅਗਲੇ ਦਿਨ ਰੇਲ ਰਾਹੀਂ ਬੈਲਜੀਅਮ ਪਹੁੰਚੇ, ਸਟੇਸ਼ਨ ‘ਤੇ
ਸਾਨੂੰ ਰਤਨ ਸਿੰਘ ਮਿਲਿਆ। ਯੁਰਪ ਦੇ ਦੇਸ਼ਾ ਨੂੰ ਰੂਸੀ ਜਹਾਜ਼ ਲਕੜੀ ਲੈ ਕੇ ਜਾਂਧੇ ਯੁਰਪੀ
ਬੰਦਰਗਾਹਾਂ ‘ਤੇ ਲਗਦੇ ਸਨ, ਜਿਨ੍ਹਾਂ ਜਹਾਜ਼ਾ ‘ਚ ਭੇਜਣ ਦੀ ਡਿਉਟੀ ਰਤਨ ਸਿੰਘ ਨੇ ਅੱਗੇ ਲਾਈ
ਹੋਈ ਸੀ। ਤੀਜੇ ਦਿਨ ਜਹਾਜ਼ ਚੱਲਿਆ ਤੇ ਬੈਲਜੀਅਮ ਦੀ ਹੱਦ ਪਾਰ ਕਰ ਕੇ ਰੂਸ ਦੇ ਮਾਣ ਮੱਤੇ
ਲੈਨਨਗਰਾਦ ਪਹੁੰਚਿਆ, ਇੱਥੇ ਬਹੁਤ ਇਕੱਠ ਸੀ। ਰੂਸੀ ਲੋਕ ਸਰਮਾਏਦਾਰ ਦੇਸ਼ਾਂ ਵੱਲ ਜਹਾਜ਼ ਤੋਰਨ
ਵੇਲੇ ਤੇ ਵਾਪਸੀ ਵੇਲੇ ਇਨ੍ਹਾਂ ਦੇਸ਼ਾਂ ਨਾਲ ਲਮਾ ਸਮਾਂ ਲੜਾਈ ਰਹਿਣ ਸਦਕਾ ਕੋਈ ਘਟਨਾ ਵਾਪਰ
ਜਾਣ ਦੇ ਖਦਸ਼ੇ ਤੋਂ ਸੁਰਖੁਰੂ ਹੋ ਕੇ ਇੱਕਠੇ ਹੋ ਕੇ ਲੋਕ ਜਹਾਜ਼ ਦਾ ਸੁਆਗਤ ਕਰਕੇ ਖੁਸ਼ੀ
ਮਨਾਉਂਦੇ ਸਨ।
ਜਿਓ ਹੀ ਜਹਾਜ਼ ਲੈਨਨਗਰਾਦ ਬੰਦਰਗਾਹ ‘ਤੇ ਰੁਕਿਆ, ਸਾਹਮਣਿਓਂ ਇੱਕ ਕਾਰ ਆ ਕੇ ਸਾਨੂੰ ਛੇਆਂ
ਨੂੰ ਹੋਟਲ ਵਿੱਚ ਲੈ ਗਈ, ਪੰਜ ਛੇ ਦਿਨ ਬਾਅਦ ਕਾਰ ਸਟੇਸ਼ਨ ‘ਤੇ ਲੈ ਗਈ ਜੋ ਪੂਰੇ ਹੋਟਲ ਵਾਂਗ
ਸਜਿਆ ਸੀ, ਵਧੀਆ ਬੈਡ ਲੱਗੇ ਸਨ, ਹੋਰ ਗੱਡੀ ਜਾਂ ਸਟੇਸ਼ਨ ਬਦਲੇ ਬਿਨਾ ਸਾਡਾ ਜੱਥਾ ਪੰਜ
ਦਿਨਾਂ ਬਾਅਦ ਮਾਸਕੋ ਰੇਲਵੇ ਸਟੇਸ਼ਨ ‘ਤੇ ਪਹੁੰਚ ਗਿਆ। ਉੱਤਰਨ ਸਾਰ ਸਾਨੂੰ ਇੱਕ ਆਦਮੀ ਨੇ
ਸਪੇਨੀ ‘ਚ ਪੁੱਛਿਆ, ਮੇਰੇ ਹਾਂ ਕਰਨ ‘ਤੇ ਉਹ ਕਾਰ ‘ਚ ਬਿਠਾ ਕੇ ‘ਇੰਟਰਨੈਸ਼ਨਲ’ ਯੂਨੀਵਰਸਟੀ
ਮਾਸਕੋ ਲੈ ਗਿਆ। ਯੂਨੀਵਰਸਟੀ ਦਾ ਖਰਚ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਤੋਂ ਪ੍ਰਾਪਤ ਹੁੰਦਾ
ਤੇ ਇਕੱਲਾ ਰੂਸ ਇਸ ਦਾ ਖਰਚ ਬਰਦਾਸ਼ਤ ਨਹੀਂ ਕਰਦਾ ਸੀ, ਕਿਉਂਕਿ ਕੌਮਾਂਤਰੀ ਜੱਥੇਬੰਦੀ ਹੋਣ
ਕਰਕੇ ਸਾਰੇ ਦੇਸ਼ ਇਸ ਦਾ ਖਰਚ ਰਲ਼ ਮਿਲ ਕੇ ਕਰਦੇ ਸਨ।
ਯੂਨੀਵਰਸਟੀ ਵਿੱਚ ਸੱਭ ਤੋਂ ਪਹਿਲੇ ਪ੍ਰੋ: ਦਿਆਕੂਫ ਨੇ ਪੰਜਾਬੀ ‘ਚ ਜਾਣ ਪਛਾਣ ਕਰਾਈ ਤੇ
ਪੁੱਛਿਆ, ਤੁਹਾਡੇ ‘ਚੋਂ ਬਚਨ ਸਿੰਘ ਕੌਣ ਹੈ? ਮੈਂ ਅਪਣਾ ਤੁਆਰਫ ਕਰਾਇਆ। ਤੇਜਾ ਸਿੰਘ
ਸੁਤੰਤਰ ਦੇਸ਼ ਵਾਪਸੀ ਤੋਂ ਪਹਿਲਾਂ ਪ੍ਰੋ: ਦਿਆਕੂਫ ਨੂੰ ਮੇਰੇ ਬਾਰੇ ਦੱਸਕੇ ਆਇਆ ਸੀ। ਪ੍ਰੋ:
ਦਿਆਕੂਫ ਨੇ ਸਾਨੂੰ ਬੱਚਿਆਂ, ਼ਜ਼ਮੀਨਾਂ, ਪਿਛੇ ਚਲਦੇ ਕੰਮਾਂ ਤੇ ਘਰੋਂ ਬਾਹਰ ਆਉਣ ਦੇ ਮਕਸਦ
ਬਾਰੇ ਪੁੱਛਿਆ, ਤੇ ਕਿਹਾ ਕਿ ਤੁਸੀਂ ਪੈਸੇ ਕਮਾਉਣ ਲਈ ਘਰੋਂ ਬਾਹਰ ਨਿਕਲੇ ਹੋ ਤਾਂ ਕਿ ਬਾਲ
ਬੱਚਿਆਂ ਦਾ ਗੁਜ਼ਾਰਾ ਵਧੀਆ ਹੋ ਸਕੇ, ਪਰ ਹੁਣ ਤੁਸੀਂ ਰੂਸ ਪਹੁੰਚ ਗਏ ਹੋ, ਇੱਥੋਂ ਘਰ ਚਿੱਠੀ
ਵੀ ਨਹੀਂ ਲਿਖ ਸਕਦੇ। ਗਦਰ ਪਾਰਟੀ ਤੁਹਾਡੇ ਪਰਿਵਾਰ ਦੀ ਕੋਈ ਮਦਦ ਨਹੀਂ ਕਰ ਸਕਦੀ। ਫਿਰ
ਤੁਹਾਡੇ ਪਰਿਵਾਰਾਂ ਦਾ ਕੀ ਬਣੇਗਾ? ਮੈਂ ਕਿਹਾ, ਸਾਡਾ ਦੇਸ਼ ਗੁਲਾਮ ਹੈ, ਅਸੀਂ ਦੇਸ਼ ਨੂੰ ਹਰ
ਹੀਲੇ ਅਜ਼ਾਦ ਕਰਵਾਉਣਾ ਚਾਹੁੰਦੇ ਹਾਂ। ਸਾਡੇ ਪਰਿਵਾਰ ਜ਼ਮੀਨ ਵੇਚਣ ਜਾਂ ਜਿਵੇਂ ਕਿਵੇਂ ਵੀ
ਗੁਜ਼ਾਰਾ ਕਰਨ, ਅਸੀਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹਰ ਕੁਰਬਾਨੀ ਕਰਨੀ ਹੈ।
ਪਹਿਲਾਂ ਸਾਡੇ ਸਭ ਦੇ ਅਸਲੀ ਨਾਂ ਪਤੇ ਲਿੱਖੇ ਤੇ ਂਫੇਰ ਸਾਨੂੰ ਅਰਜਨਟੀਨਾ ਦੇ ਆਦਮੀ ਸ਼ੋਅ
ਕੀਤਾ ਗਿਆ। ਟ੍ਰੇਨਿੰਗ ਸ਼ੁਰੂ ਹੋਣ ‘ਚ ਅਜੇ ਮਹੀਨਾ ਰਹਿੰਦਾ ਸੀ, ਜਦੋਂ ਕੈਲੇਫਰਨੀਆਂ ਤੋਂ ਆਏ
ਮੁਹਿੰਦਰ ਸਿੰਘ ਸੋਢੀ ਨੇ ਅਨਪੜ੍ਹਾਂ ਨੂੰ ਪੰਜਾਬੀ ਪੜ੍ਹਨ ਲਿਖਣ ਜੋਗੇ ਕੀਤਾ। ਪ੍ਰੋ:
ਦਿਆਕੂਫ ਨੇ ਦੱਸਿਆ ਕਿ ਸਾਰੇ ਦੇਸ਼ਾਂ ‘ਚ ਕਮਿਊਨਿਸਟ ਪਾਰਟੀਆਂ ਬਣ ਚੁੱਕੀਆਂ ਹਨ। ਇਹ ਸੱਭ
ਤੋਂ ਅਖ਼ੀਰਲਾ ਗਰੁੱਪ ਸੀ, ਬਾਅਦ ‘ਚ ਕੋਈ ਵੀ ਗਰੁੱਪ ਟ੍ਰੇਨਿੰਗ ਲਈ ਰੂਸ ਨਹੀਂ ਪਹੁੰਚਿਆ।
ਯੂਨੀਵਰਸਟੀ ਸ਼ਹਿਰ ਤੋਂ 30 ਕੁ ਮੀਲ ਜੰਗਲ ‘ਚ ਸੀ। ਬੈਲਸਵਿਨ ਤੋਂ ਬਿਨਾਂ ਉੱਥੇ ਕਿਸੇ ਹੋਰ
ਨੂੰ ਜਾਣ ਦੀ ਆਗਿਆ ਨਹੀਂ ਸੀ। ਪ੍ਰੋ: ਦਿਆਕੂਫ ਨਾਲ ਮਿ: ਕੋਜ਼ਲੈਫ, ਮਿ: ਸਿਵਰਨੋਟ ਮਿਲੱਸ ਤੇ
(ੲ) ਤੇ ਮਿ: ਨਚਾਲਨੀਕ ਜੋ ਹਥਿਆਰਾਂ ਦਾ ਮਾਹਰ ਸੀ। ਹਰ ਰੋਜ਼ ਸਵੇਰੇ ਪੀ.ਟੀ., ਦੌੜਾਂ ਤੇ
ਕਸਰਤ ਕਰਵਾਈ ਜਾਂਦੀ, ਬੌਲਸ਼ਵਿਕ ਪਾਰਟੀ ਦਾ ਸੁਨਾਹਿਰੀ ਇਤਿਹਾਸ, ਬਗਾਵਤਾਂ ਤੇ ਗਲਤੀਆਂ ਦੇ
ਵੇਰਵੇ ਪੜ੍ਹਾਏ ਜਾਂਦੇ, ਘਟਨਾਵਾਂ ਸਪਸ਼ਟ ਕਰਨ ਲਈ ਮੂਵੀਆਂ ਵੀ ਦਿਖਾਈਆ ਜਾਂਦੀਆਂ। ਵੱਖ-ਵੱਖ
ਦੇਸ਼ਾ ਦੀ ਅਜਾਦੀ ਘੋਲਾਂ ਦੀ ਜਾਣਕਾਰੀ ਤੇ ਭਾਰਤੀ ਲੀਡਰਾਂ ਤੇ ਕਾਂਗਰਸ ਬਾਰੇ ਵਿਸਥਾਰ ‘ਚ
ਪਾਰਟੀ ਦੇ ਸਰਮਾਏਦਾਰੀ ਰੋਲ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ ਜਾਂਦਾ। ਉੱਥੇ ਪੜ੍ਹਾਈ
ਗ੍ਰੇਡਿੰਗ ਸਿਸਟਮ ਨਾਲ ਚਲਦੀ ਸੀ। ਇੱਥੇ ਸਾਡੇ 6-7 ਗਰੁੱਪਾਂ ‘ਚ ਕੁੱਲ ਭਾਰਤੀਆਂ ਦੀ ਗਿਣਤੀ
30 ਕੁ ਹੋਵੇਗੀ, ਇਨ੍ਹਾਂ ‘ਚ ਮੇਰਾ ਨਾਂ ‘ਗੋਰਦੇ’ ਸੀ, ਜਿਸ ਦਾ ਅਰਥ ਮੋਟਾ ਹੈ, ਮੈਂ ਮੋਟਾ
ਸੀ ਵੀ।
ਪਹਿਲੇ ਸ਼ੈਸ਼ਨ ਵਾਲੇ ਨੈਣਾ ਸਿੰਘ ਧੂਤ, ਕਰਤਾਰ ਸਿੰਘ ਸ਼ਰੀਂਹ, ਰਤਨ ਸਿੰਘ ਘੋਲੀਆਂ ਕਲਾਂ ਸਾਡੇ
ਸ਼ੈਸ਼ਨ ‘ਚ ਹੀ ਆ ਮਿਲੇ ਸਨ। ਬਾਬਾ ਨਿਧਾਨ ਸਿੰਘ ਮਹੇਸਰੀ ਕੈਲੇਫੋਰਨੀਆਂ ਤੋਂ ਆਇਆ ਸੀ,
ਪੜ੍ਹਾਈ ਅੰਗ੍ਰੇਜ਼ੀ ‘ਚ ਕਰਦਾ ਸੀ। ਪਹਿਲਾਂ ਨੈਣਾਂ ਸਿੰਘ ਧੂਤ ਯੂਨੀਵਰਸਿਟੀ ਦਾ ਸੈਕਟਰੀ
ਨਿਯੁਕਤ ਹੋਇਆ ਸੀ। ਨੈਣਾਂ ਸਿੰਘ ਧੂਤ ਵਾਪਸ ਪਰਤ ਆਇਆ ਤਾਂ ਯੂ: ਵ: ਦਾ ਸੈਕਟਰੀ, ਵੱਧ
ਪੜ੍ਹਿਆਂ ਲਿਖਿਆਂ ਦੇ ਇਤਰਾਜ਼ ਕਰਨ ਦੇ ਬਾਵਜੂਦ ਵੀ ਮੈਂਨੂੰ ਹੀ ਨਿਯੁਕਤ ਕੀਤਾ ਗਿਆ। ਇੱਥੇ
ਕਿਤਾਬੀ ਸਿਖਿਆ ਨਾਲ ਸਪੀਚ ਕਰਨਾ ਤੇ ਦੋ ਮਹੀਨਆਂ ਦੀ ਫੌਜੀ ਟ੍ਰੇਨਿੰਗ ਦੇਣ ਸਮੇਂ ਫੌਜੀ
ਲੜਾਈ ਤੇ ਹਥਿਆਰਾਂ ਦੀ ਪ੍ਰੈਕਟਸ ਵੀ ਕਰਵਾਕੇ ਆਖਰ ‘ਚ ਮਜਦੂਰਾਂ ਨਾਲ ਕੰਮ ਕਰਨ ਦੀ
ਟ੍ਰੇਨਿੰਗ ਦਿੱਤੀ ਜਾਂਦੀ। 1936 ‘ਚ ਮੈਂਨੂੰ ਕਾਲੀਨਲ ਸ਼ਹਿਰ ਵਿੱਚ ਬਿਜਲੀ ਮਹਿਕਮੇਂ ਵਿੱਚ
ਕੰਮ ਕਰਨ ਲਈ ਭੇਜਿਆ ਗਿਆ। 300 ਰੂਬਲ (ਰੂਸੀ ਕਰੰਸੀ) ਮਹੀਨਾ ਤਨਖਾਹ ਮਿਲਦੀ ਸੀ, ਛੇ ਮਹੀਨੇ
ਕੰਮ ਕਰਨ ਬਾਅਦ ਮੈਂਨੂੰ ਪ੍ਰੋ: ਕਜ਼ਲੋਟ ਦਾ ਖਤ ਮਿਲਿਆ ਬਈ ਮਾਸਕੋ ਵਾਪਸ ਆ, ਕਾਰਖਾਨੇ ਦੇ
ਅਧਿਕਾਰੀ ਤੋਂ ਆਗਿਆ ਲੈ ਕੇ ਮੈਂ ਮਾਸਕੋ ਆ ਕੇ ਪ੍ਰੋ: ਕੋਜ਼ਲੈਫ ਨੂੰ ਮਿਲਿਆ, ਉਸ ਨੇ ਕਿਹਾ,
ਤੇਰੀ ਟ੍ਰੇਨਿੰਗ ਪੂਰੀ ਹੋ ਗਈ, ਤੁਸੀਂ ਵਾਪਸ ਜਾਣਾ ਤਾਂ ਜਾ ਸਕਦੇ ਹੋ, ਇੱਥੇ ਵੀ ਰਹਿ ਸਕਦੇ
ਹੋ, ਕੋਈ ਬੰਦਸ਼ ਨਹੀਂ। ਮੈਂ ਛੇ ਮਹੀਨਿਆਂ ‘ਚ ਬਚਾਏ 600 ਰੂਬਲ ਪ੍ਰੋ: ਕੋਜ਼ਲੋਟ ਨੂੰ ਫੜਾਏ
ਕਿ ਮਜਦੂਰਾਂ ਦੀ ਕਮਾਈ ਦੇ ਪੈਸੇ ਮੈਂ ਨਹੀਂ ਰੱਖਣੇ, ਮੇਰੀ ਭਾਵਨਾ ਨੂੰ ਸਮਝਦਿਆਂ ਪ੍ਰੋ:
ਕ਼ੋਜਲੋਟ ਨੇ ਪੈਸੇ ਲੈ ਲਏ ਤੇ ਮੈਂਨੂੰ ਸਵਿਟਜ਼ਰਲੈਂਡ ਦੀ ਬਣੀ ਘੜੀ ਤੇ ਇੱਕ ਬ੍ਰ੍ਰਾਂਡੀ ਦੀ
ਵੱਡੀ ਬੋਤਲ ਗਿਫਟ ਵਜੋਂ ਦਿੱਤੀਆਂ ਗਈਆਂ ਸਨ। 1934 ਤੋਂ 1937 ਤੱਕ ਮੈਂ ਮਾਸਕੋ ਰਹਿ ਕੇ
ਟ੍ਰੇਨਿੰਗ ਪ੍ਰਾਪਤ ਕਰ ਲਈ ਸੀ।
ਪਹਿਲਾਂ ਦੇਸ਼ ਪਰਤਣ ਵਾਲਿਆਂ ਨੂੰ ਚੋਰੀ ਭੇਜਿਆ ਜਾਂਦਾ ਜੋ ਰਸਤੇ ਵਿੱਚ ਹੀ ਫੜੇ ਜਾਂਦੇ ਸਨ।
ਮੈਂਨੂੰ ਰੇਲ ਰਾਹੀਂ ਰੂਸ ਤੋਂ ਬਾਹਰ ਹੋਣ ‘ਤੇ ਮੈਂਨੂੰ ਇੱਕ ਵਰਕਰ ਵਿਕਟੋਰੀਆ ਜਹਾਜ਼ ਦੀ
(ਇਟਲੀ) ਜਨੇਵਾ ਬੰਦਰਗਾਹ ਤੋਂ ਬੰਬਈ ਤੱਕ ਦੀ ਟਿਕਟ ਦੇ ਗਿਆ। ਮੈਂਨੂੰ ਕਿਹਾ, ਬੰਬਈ ਤੁਸੀਂ
ਫੜੇ ਜਾਂਦੇ ਹੋ ਤਾਂ ਤੁਹਾਨੂੰ ਪੁਛਿਆ ਜਾਵੇਗਾ ਕਿ ਤੁਸੀਂ ਮਾਸਕੋ ਤੋਂ ਆਏ ਹੋ? ਤੁਸੀਂ ਇਹ
ਨਹੀਂ ਮੰਨਣਾ, ਤੁਹਾਨੂੰ ਸਾਥੀਆਂ ਬਾਰੇ ਤੇ ਹੋਰ ਵੀ ਬਹੁਤ ਕੁੱਝ ਪੁੱਛਣਗੇ, ਪਰ ਤੁਹਾਨੂੰ
ਰੱਖ ਕੇ ਛੱਡ ਦੇਣਗੇ। ਇਹ ਜਾਣਕਾਰੀ ਮਾਸਕੋ ਪਹੁੰਚਦੀ ਰਹਿੰਦੀ ਸੀ। ਦੋ ਮਹੀਨੇ ਬਾਅਦ ਤੁਸੀਂ
ਪਾਰਟੀ ਦਾ ਕੰਮ ਸ਼ੁਰੂ ਕਰ ਦੇਣਾ ਹੈ, ਮੈਂਨੂੰ ਪਹਿਲਾਂ ਹੀ ਪੱਕਾ ਕਰ ਦਿੱਤਾ ਗਿਆ ਸੀ।
ਵਿਕਟੋਰੀਆ ਜਹਾਜ਼ ਦੀ ਟਿਕਟ ਅਨੁਸਾਰ ਜਹਾਜ਼ (ਇਟਲੀ) ਜਨੇਵਾ ਤੋਂ 5 ਮਾਰਚ ਨੂੰ ਚੱਲਿਆ ਤੇ 16
ਮਾਰਚ 1937 ਨੂੰ ਮੈਂ ਬੰਬਈ ਆ ਉੱਤਰਿਆ, ਪੂਰੇ 11 ਦਿਨ ਲੱਗੇ ਤੇ 22 ਪੌਂਡ ਖਰਚ ਹੋਇਆ,
ਯਾਨੀ 2 ਪੌਂਡ ਰੋਜ਼ਦੇ। ਬੰਬਈ ਉੱਤਰੇ ਤਾਂ ਵੱਡੇ-ਵੱਡੇ ਅੰਗ੍ਰੇਜ਼ ਅਫਸਰ ਖੜ੍ਹੇ ਸੀ, ਉਨ੍ਹਾਂ
ਉੱਤਰਦੇ ਨੂੰ ਪਾਸੇ ਬਿਠਾ ਲਿਆ ਤੇ ਜਦ ਮੈਂ ਇਕੱਲਾ ਰਹਿ ਗਿਆ, ਮੇਰੀ ਤਲਾਸ਼ੀ ਲਈ, ਮੇਰੀ ਸ਼ੀਸ਼ੇ
ਦੀ ਜੰਜੀਰੀ ਵੀ ਤੋੜ ਦਿੱਤੀ, ਕੇਸ ਵੀ ਖੋਲ੍ਹ ਦਿੱਤੇ ਤਾਂ ਮੈਂ ਕਿਹਾ, ਉਹ ਜਿਹੜੇ
ਵੱਡੇ-ਵੱਡੇ ਸੰਦੂਕ ਲਈ ਜਾਂਦੇ ਐ, ਭਾਵੇਂ ਬੰਦਾ ਮਾਰਕੇ ਲਈ ਜਾਂਦੇ ਹੋਣ ਵਿੱਚ ਪਾਕੇ,
ਇਨ੍ਹਾਂ ਦੀ ਤਲਾਸ਼ੀ ਨਹੀਂ ਲਈ। ਮੈਂ ਵਿਦੇਸ਼ ਗਿਆ, ਦੇਸ਼ ਮੁੜਿਆ, ਏਥੇ ਪਲ਼ਿਆ, ਏਥੋਂ ਦਾ ਹੀ
ਵਸਨੀਕ ਹਾਂ, ਮੇਰੀ ਤਲਾਸ਼ੀ ਕਿਉਂ? ਉਨ੍ਹਾਂ ਕਿਹਾ ਕਿ ਇਹ ਸਾਨੂੰ ਹੁਕਮ ਹੈ ਤੇ ਸਾਡੀ ਡਿਉਟੀ
ਹੈ। ਪਰ ਕੁਦਰਤੀ ਮੇਰੀ ਜੇਬ ‘ਚ ਇੱਕ ਚਿੱਠੀ ਰਹਿ ਗਈ ਸੀ ਭੁਲੇਖੇ ਨਾਲ, ਚਿੱਠੀ ਉਨ੍ਹਾਂ ਦੇਖ
ਲਈ ਸੀ, ਪਰ ਸਖ਼ਤੀ ਨਾ ਕੀਤੀ, ਤਲਾਸ਼ੀ ਲੈਕੇ ਮੇਰੇ ਪਿੱਛੇ ਸੀ.ਆਈ.ਡੀ.ਲਾ ਦਿੱਤੀ। ਅਗਲੇ ਦਿਨ
ਬੰਬਈਓ ਤੋਂ ਚੱਲਕੇ ਮੈਂ ਮਾਰਚ 19 ਨੂੰ ਪਿੰਡ ਘੋਲੀਏ ਖੁਰਦ ਅਪਣੇ ਘਰ ਪਹੁੰਚਿਆ ਤਾਂ ਮੇਰੇ
ਕਾਲਾ ਕੋਟ ਪੈਂਟ ਪਾਇਆ ਹੋਇਆ ਸੀ। ਜਦੋਂ ਮੈਂਨੂੰ ਘਰ ਦੀਆਂ ਤੀਵੀਆਂ ਨੇ ਵੀ ਨਾ ਪਛਾਣਿਆਂ।
ਮੇਰਾ ਭਰਾ ਤੇ ਬੇਟੇ ਮਾੜੀ ਦੇ ਮੇਲੇ ‘ਤੇ ਮੰਡੀ ‘ਚ ਪਸ਼ੂ ਵੇਚਣ ਗਏ ਹੋਏ, ਆਂਥਣੇ ਘਰ ਮੁੜੇ
ਤਾਂ ਮੈ ਅਪਣੇ ਭਰਾ ਨੂੰ ਕਿਹਾ ਮੈਂ 1923 ‘ਚ ਵਿਦੇਸ਼ ਗਿਆ ਸੀ, ਪੂਰੇ 14 ਸਾਲਾ ਬਾਅਦ 1937
‘ਚ ਘਰ ਮੁੜਿਆ ਹਾਂ, ਮੇਰੇ ਬੱਚੇ ਗਭਰੂ ਹੋ ਗਏ ਹਨ। ਮੇਰੇ ਭਰਾ ਨੇ ਬੱਚਿਆਂ ਨੂੰ ਕਿਹਾ,
ਤੁਹਾਡਾ ਪਿਉ ਆਇਐ, ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ, ਸਾਡਾ ਪਿਓ ਕਿਹੋ ਜਿਹਾ ਹੈ, ਕਿਹੋ
ਜਿਹਾ ਨਹੀਂ। ਅਜੇ ਮੇਰੇ ਘਰ ਆਉਣ ਦੀ ਖੁਸ਼ੀ ਮਾਣ ਰਹੇ ਸਾਂ ਕਿ 22 ਮਾਰਚ ਨੂੰ ਸਵੇਰੇ ਹੀ
ਪੁਲਸ ਦੇ ਸਿਪਾਹੀ ਆ ਗਏ, ਨਾਲ ਸਫੈਦ ਪੋਸ, ਮੈਂ ਬਾਹਰੋਂ ਜੰਗਲ਼ ਪਾਣੀ ਜਾ ਕੇ ਆਇਆ ਤੇ ਆਉਂਦੇ
ਨੂੰ ਬੈਠੇ, ਮੈਂਨੂੰ ਆਖਣ ਲੱਗੇ, ਸਰਦਾਰ ਜੀ ਚਲਣਾਂ ਲਹੌਰ ਨੂੰ, ਮੈਂਨੂੰ ਪਤਾ ਸੀ, ਮੈਂ
ਕਿਹਾ ਚੱਲੋ ਚਲਦੇ ਐਂ। ਮੈਂ ਅਪਣੇ ਭਰਾ ਨੂੰ ਕਿਹਾ, ਮੈਂ ਹੁਣ ਚਲਿਆਂ, ਇਨ੍ਹਾ ਮੈਂਨੂੰ ਦੋ
ਮਹੀਨੇ ਰੱਖਣੈਂ, ਉੱਥੇ ਬੱਸ ਇਨ੍ਹਾਂ ਬਿਆਨ ਹੀ ਲੈਣੈਂ ਨੇ ਤੇ ਤੁਸੀਂ ਮੇਰੇ ਮਗਰ ਨਾ ਆਇਓ,
ਮੈਂ ਉਨ੍ਹਾਂ ਨਾਲ ਅਪਣਾ ਲੀੜਾ ਲੱਤਾ ਬਦਲ ਕੇ ਸਾਦੇ ਕੱਪੜਿਆਂ ਵਿੱਚ ਗਿਆ ਸਾਂ।
ਮੈਨੂੰ ਲਹੌਰ ਕਿਲੇ ‘ਚ ਲੈ ਜਾ ਕੇ ਬੰਦ ਕਰ ਦਿੱਤਾ ਤੇ ਇੱਕ ਵੱਡੀ-ਵੱਡੀ ਦਾੜ੍ਹੀ ਵਾਲਾ ਸਿੱਖ
ਮਹੀਨਾ ਤਾਂ ਪ੍ਰਚਾਰ ਹੀ ਕਰਦਾ ਰਿਹਾ, ਹੋਰ ਕਿਸੇ ਨੇ ਕੁੱਝ ਨਹੀਂ ਪੁੱਛਿਆ। ਉਹ ਕਿਹਾ ਕਰੇ
ਦੇਖੋ ਜੀ, ਮੁਸਲਮਾਨ ਆਉਂਦੇ ਐ, ਸੱਭ ਕੁੱਝ ਦੱਸ ਦਿੰਦੇ ਐ ਤੇ ਅਪਣੇ ਬਾਲ ਬੱਚਿਆਂ ‘ਚ ਚਲੇ
ਜਾਂਦੇ ਐ, ਤੇ ਜਦ ਸਿੱਖ ਆਉਂਦੇ ਐ, ਦਸਦੇ ਕੁੱਝ ਨਹੀਂ, ਕੇਸਾਂ ਦੀ ਬੇਅਦਬੀ ਕਰਵਾਉਂਦੇ ਐ,
ਦਾੜ੍ਹੀ ਦੀ ਬੇਅਦਬੀ ਕਰਵਾਉਂਦੇ ਐ, ਮਗਰੋਂ ਸੱਭ ਕੁੱਝ ਦੱਸ ਵੀ ਦਿੰਦੇ ਐ, ਕਹਿੰਦਾ ਰਹਿੰਦਾ
ਸੀ।
ਮੇਰਾ ਵੱਡਾ ਭਰਾ ਚੰਨਣ ਸਿੰਘ ਮੁਲਾਕਾਤ ਲਈ ਆਇਆ, ਮੈਂ ਮਿਲਣ ਤੋਂ ਆਨਾ ਕਾਨੀ ਕੀਤੀ, ਖੈਰ
ਅਧਿਕਾਰੀ ਕਹਿੰਦੇ ਚੱਲੋ, ਬਹਿ ਕੇ ਗੱਲਾਂ ਬਾਤਾਂ ਕਰ ਲਵੋ, ਡੀ.ਐਸ.ਪੀ. ਜੇਹਲ ਸੰਪੂਰਨ ਸਿੰਘ
ਕਹਿੰਦਾ ਉੱਚੀ-ਉੱਚੀ ਗੱਲਾਂ ਕਰਨੀਆਂ ਜੋ ਮੈਂਨੂੰ ਸੁਣਦੀਆਂ ਰਹਿਣ, ਉਹ ਬੜਾ ਚਾਲਬਾਜ਼ ਆਦਮੀ
ਸੀ। ਮੈਂ ਅਪਣੇ ਭਰਾ ਨੂੰ ਕਿਹਾ, ਬਾਈ ਤੂੰ ਕੀ ਲੈਣ ਆਇਐਂ, ਬੱਸ ਜਾ ਕੇ ਇੱਕ ਗਊ ਦੁੱਧ ਲਈ
ਲੈ ਲੈ ਤੇ ਬੱਚੇ ਪਾਲ਼ੋ। ਇਹ ਜਿੱਨਾਂ ਚਿਰ ਰੱਖਣਗੇ, ਰੱਖਣ ਦਿਓ, ਸੰਪੂਰਨ ਸਿੰਘ ਬੋਲਿਆ, ਇਹ
ਬਿਆਨ ਦੇ ਦੇਵੇ ਤੇ ਚਲਾ ਜਾਵੇ। ਮੈਂ ਕਿਹਾ, ਮੈਂਨੂੰ ਘਰ ਜਾਣ ਦੀ ਕੋਈ ਕਾਹਲ਼ ਨਹੀ, ਅੱਗੇ 14
ਸਾਲ ਕਿਹੜਾ ਮੈਂ ਏਥੇ ਰਿਹੈਂ, ਭਰਾ ਨੂੰ ਕਿਹਾ, ਤੂੰ ਜਾਹ ਘਰ ਨੂੰ। ਦੋ ਮਹੀਨੇ ਬਾਅਦ
ਮੈਂਨੂੰ ਛੱਡ ਕੇ ਸਰਕਾਰ ਨੇ ਪਿੰਡ ‘ਚ ਜੂਹ ਬੰਦ ਕਰਤਾ, ਪਿੰਡ ਦੀ ਹੱਦ ਤੋਂ ਬਾਹਰ ਨਹੀਂ
ਜਾਣਾ, ਪ੍ਰਚਾਰ ਨਹੀਂ ਕਰਨਾ, ਕੋਈ ਬਿਆਨ ਨਹੀਂ ਦੇਣਾ।
ਜਦ ਓਧਰੋਂ ਤੁਰਨ ਲੱਗਾ ਤਾਂ ਮੈਂ ਪੁੱਛਿਆ ਕਿ ਮੈਂਨੂੰ ਪੰਜਾਬ ‘ਚ ਇਸ ਕੰਮ ਲਈ ਕੌਣ ਮਿਲੇਗਾ,
ਉਨ੍ਹਾਂ ਕਿਹਾ ਚੀਮਾਂ ਜਾਂ ਰੂੜ ਸਿੰਘ ਮਿਲਣਗੇ। ਤੂੰ ਕਿਸੇ ਨੂੰ ਖੁਸ਼ੀ ਭਾਲੀ, ਉਹ ਤੈਂਨੂੰ
ਆਪ ਮਿਲ ਪੈਣ ਗੇ। ਪਿੰਡ ਆਉਣ ‘ਤੇ ਸੱਭ ਤੋਂ ਪਹਿਲਾਂ ਮੈਂਨੂੰ ਬਾਬਾ ਰੂੜ ਸਿੰਘ ਤੇ ਬਾਬਾ
ਗੇਂਦਾ ਸਿੰਘ ਮਿਲੇ ਸਨ। ਸਾਡੇ ਨੇੜੇ ਇੱਕ ਪਿੰਡ ਹੈ ਰਣੀਆਂ, ਉੱਥੇ ਸਾਡਾ ਇੱਕ ਪਾਰਟੀ ਮੈਂਬਰ
ਸੀ ਚੰਦਾ ਸਿੰਘ ਰਿਟਾਇਰਡ ਪਟਵਾਰੀ, ਜਿਸ ਦੇ ਘਰ ਜਸਵੰਤ ਸਿੰਘ ਚੂਹੜਚੱਕ ਵਗੈਰਾ ਨੂੰ ਇੱਕਠੇ
ਕਰ ਲੈਣਾਂ ਤੇ ਰਾਤ ਨੂੰ ਮੈ ਰਣੀਂਏ ਜਾਣਾ, ਸਾਈਕਲ ‘ਤੇ ਜਾ ਕੇ ਤੜਕੇ ਵਾਪਸ ਪਿੰਡ ਆ ਜਾਣਾ।
ਉੱਥੇ ਮੈਂ ਪਹਿਲਾ ਸਕੂਲ ਲਾਇਆ ਤੇ ਫਿਰ ਮੇਰੀ ਪਾਬੰਦੀ ਟੁੱਟ ਗਈ ਸੀ।
17, 18, 19 ਸਤੰਬਰ 1937 ਨੂੰ ਜ਼ਿਲਾ ਫਿਰੋਜ਼ਪੁਰ ਤਹਿਸੀਲ ਮੋਗਾ ‘ਚ ਪਿੰਡ ਦੌਧਰ ਵਿੱਚ ਬਹੁਤ
ਭਾਰੀ ਕਿਸਾਨ ਪਾਰਟੀ ਕਾਨਫਰੰਸ ਹੋਈ ਤੇ ਜ਼ਿਲਾ ਫਿਰੋਜ਼ਪੁਰ ਦੀ ਕਿਸਾਨ ਸਭਾ ਦੀ ਭਰਤੀ ਸ਼ੁਰੂ
ਕਰਨ ਵਾਸਤੇ ਕਾਪੀਆਂ ਛਪਵਾ ਕੇ ਵੰਡੀਆਂ ਗਈਆਂ ਸਨ। ਭਰਤੀ ਦੀ ਫੀਸ ਇੱਕ ਆਨਾ ਰੱਖੀ ਗਈ
ਕਿਉਂਕਿ ਸ਼ੁਰੂ-ਸ਼ੁਰੂ ‘ਚ ਲੋਕ ਇਨ੍ਹਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਸਨ, ਫਿਰ ਵੀ 10-12
ਸਾਥੀਆਂ ਦੀ ਟੋਲੀ ਪਿੰਡ ‘ਚ ਚੱਕਰ ਲਾਉਣ ਲਗੀ ਸੀ। ਮੈਂ ਪਾਰਟੀ ਮੈਂਬਰਾ ਨਾਲ ਰੂਸ ਦੇ
ਸਮਾਜਵਾਦ ਤੇ ਅੰਗ੍ਰੇਜ਼ਾਂ ਖਿਲਾਫ ਪ੍ਰਚਾਰ ਕਰਦਾ, ਪਰ ਕਮਿਊਨਿਸਟ ਪਾਰਟੀ ਗੈਰਕਾਨੂੰਨੀ ਸੀ।
ਪ੍ਰਚਾਰ ਤੇ ਭਰਤੀ ਖੁੱਲੇ ਤੌਰ ‘ਤੇ ਨਹੀਂ ਕੀਤੀ ਜਾ ਸਕਦੀ ਸੀ। ਹਾਈ ਕਮਾਂਡ ਦੀਆਂ ਹਦਾਇਤਾਂ
ਅਨੁਸਾਰ ਕਮਿਊਨਿਸਟ ਪਾਰਟੀ ਮੈਂਬਰ ਪਹਿਲਾਂ ਕਾਂਗਰਸ ਪਾਰਟੀ ਦੇ ਮੈਂਬਰ ਬਣ ਕੇ ਕੰਮ ਕਰਦੇ
ਸਨ। ਮੁੱਢ ਤਾਂ ਇੱਥੋਂ ਹੀ ਬੱਝਿਆ, ਬਾਬਾ ਗੇਂਦਾ ਸਿੰਘ ਦੇ ਪਿੰਡੋਂ ਦਾਊਧਰੋਂ, ਇੱਥੋਂ ਹੀ
ਕਿਤਾਬਾਂ ਚੁੱਕੀਆਂ ਕਿਸਾਨ ਸਭਾ ਦੀਆਂ, ਇੱਥੋਂ ਹੀ ਚੁੱਕਿਆ ਕੰਮ 1935 ‘ਚ ਤੇ 1936 ‘ਚ ਕੰਮ
ਚੱਲਿਆ ਸੀ।
1938 ‘ਚ ਜਦ ਅਸੀਂ ਪਾਰਟੀ ਬੰਨ੍ਹ ਕੇ ਮੋਗੇ ਕੰਮ ਸ਼ੁਰੂ ਕਰ ਦਿੱਤਾ। ਬਚਨ ਸਿੰਘ ਘੋਲੀਆ,
ਜਸਵੰਤ ਸਿੰਘ ਚੂਹੜਚੱਕ, ਬਾਬਾ ਰੂੜ ਸਿੰਘ, ਬਾਬਾ ਗੇਂਦਾ ਸਿੰਘ, ਉਜਾਗਰ ਸਿੰਘ
ਬੁੱਧਸਿੰਘਵਾਲਾ, ਕੇਹਰ ਸਿੰਘ ਮਾਹਲਾ, ਬਚਨ ਸਿੰਘ ਤਖਾਣਵੱਧ ਤੇ ਕੁੱਝ ਹੋਰ ਸਾਥੀਆਂ ਨੇ ਮਿਲ
ਕੇ ਜ਼ਿਲਾ ਫਿਰੋਜ਼ਪੁਰ ਦੀ ਪਾਰਟੀ ਦੀ ਨੀਂਹ ਰੱਖੀ ਤੇ ਕਿਸਾਨ ਸਭਾ ਦੀ ਭਰਤੀ ਵੀ ਸ਼ੁਰੂ ਕਰ
ਦਿੱਤੀ ਸੀ। ਸੱਭ ਤੋਂ ਪਹਿਲਾ ਕਿਸਾਨ ਸਭਾ ਦਾ ਸਕੂਲ ਮੋਗੇ ਲਾਇਆ ਤਾਂ ਸੁਰੈਣ ਸਿੰਘ ਘਾਲੀ,
ਜਸਵੰਤ ਸਿੰਘ ਚੂਹੜਚੱਕ, ਭੂਰਵਜਿੰਦਰ ਸਿੰਘ ਪੱਤੋ, ਡਾ: ਸ਼ਾਂਤੀ ਲਾਲ ਆਦਿ ਮੇਰੀ ਕਲਾਸ ‘ਚ
ਆਉਂਦੇ ਰਹੇ ਤੇ ਕੁੱਝ ਇੱਥੋਂ ਸਿੱਖ ਕੇ ਅੱਗੇ ਵੀ ਕਲਾਸਾਂ ਲਾਉਣ ਲੱਗ ਪਏ ਸਨ।
ਪਹਿਲਾਂ ਕਾਂਗਰਸ ਮੈਂਬਰਸ਼ਿਪ ਲਈ ਵੀ ਬਹੁਤ ਕੰਮ ਕੀਤਾ, ਕਾਂਗਰਸ ‘ਚ ਸੁਭਾਸ਼ ਚੰਦਰ ਬੋਸ ਦੇ
ਪ੍ਰਧਾਨ ਚੁਣੇ ਜਾਣ ‘ਤੇ 1938 ਨੂੰ ਤ੍ਰਿਪੁਰਾ ‘ਚ ਆਲ ਇੰਡੀਆ ਕਾਂਗਰਸ ਇਜਲਾਸ ਹੋਇਆ ਤਾਂ
ਫਿਰੋਜ਼ਪੁਰ ਜ਼ਿਲੇ ਵੱਲੋਂ ਡੈਲੀਗੇਟਾਂ ਦੀ ਚੋਣ ਲਈ ਮੋਗੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ,
ਡੈਲੀਗੇਟ ਚੁਨਣ ਸਮੇਂ ਸਰਗਰਮ ਵਰਕਰ ਕਾ. ਰਾਮ ਨਾਥ ਨੇ ਮੇਰੇ (ਬਚਨ ਸਿੰਘ ਘੋਲੀਆ) ‘ਤੇ ਖ਼ਦਰ
ਨਾ ਪਹਿਨਣ ਦਾ ਇਤਰਾਜ ਕੀਤਾ, ਬਾਬਾ ਰੂੜ ਸਿੰਘ ਨੇ ਕਿਹਾ, “ਅਮਰੀਕਾ ‘ਚ ਤਾਂ ਪਤਾ ਨਹੀਂ ਇਹ
ਕੀ ਪਹਿਨਦਾ ਸੀ, ਪਰ ਇੱਥੇ ਮੈਂ ਕਦੇ ਖੱਦਰ ਪਹਿਨਣ ਤੋਂ ਬਗੈਰ ਨਹੀ ਦੇਖਿਆ” ਕਾਂਗਰਸ ਸਕੱਤਰ
ਰੂੜ ਸਿੰਘ ਬਰਗਾੜੀ ‘ਤੇ ਵੀ ਖੱਦਰ ਨਾ ਪਹਿਨਣ ਦਾ ਇਤਰਾਜ ਹੋਇਆ, ਪਰ ਬਸੰਤ ਸਿੰਘ ਚੂਹੜਚੱਕ
ਦੀ ਸਿਫਾਰਸ਼ ‘ਤੇ ਸਕੱਤਰ ਰਹਿਣ ਦਿੱਤਾ ਗਿਆ। ਤ੍ਰਿਪੁਰਾ ਕਾਂਗਰਸ ਇਜਲਾਸ ਲਈ ਬਚਨ ਸਿੰਘ
ਘੋਲੀਆ, ਬਾਬਾ ਰੂੜ ਸਿੰਘ ਚੂਹੜਚੱਕ ਤੇ ਬਿਸ਼ਨ ਸਿੰਘ ਬਿਲਾਸਪੁਰ ਡੈਲੀਗੇਟ ਚੁਣੇ ਗਏ ਸਨ।
ਤ੍ਰਿਪੁਰਾ ਜਾਣ ਲਈ ਖਰਚਾ ਨਾ ਕਰ ਸਕਣ ਬਾਰੇ ਮੇਰੇ ਕਹਿਣ ‘ਤੇ ਬਾਬਾ ਰੂੜ ਸਿੰਘ ਚੂਹੜਚੱਕ ਨੇ
ਦੋਹਾਂ ਸਾਥੀਆਂ ਨੂੰ 50-50 ਰੁਪਏ ਦਿੱਤੇ ਤੇ ਹੋਰ ਉਗਰਾਹੀ ਵੀ ਕੀਤੀ ਗਈ। ਇਸਤਰ੍ਹਾਂ ਮੇਰੇ
ਸਮੇਤ ਤਿੰਨੇ ਡੈਲੀ ਗੇਟ ਤ੍ਰਿਪੁਰਾ ਕਾਂਗਰਸ ਇਜਲਾਸ ‘ਚ ਪਹੁੰਚੇ ਸਨ।
1938 ‘ਚ ਕਾਂਗਰਸ ਪਾਰਟੀ ਦੇ ਤ੍ਰਿਪੁਰਾ ਸਲਾਨਾ ਜਨਰਲ ਇਜਲਾਸ ‘ਚ ਡੈਲੀਗੇਟ ਵਜੋਂ ਅਸੀਂ
ਤਿੰਨ ਡੈਲੀਗੇਟ ਅਪੜੇ, ਸੁਭਾਸ਼ ਚੰਦਰ ਬੋਸ ਨੂੰ ਪਹਿਲੇ ਦਿਨ ਬਹੁਤ ਹੀ ਤੇਜ ਬੁਖ਼ਾਰ ਹੋਣ ਕਾਰਨ
ਪਹੀਆਂ ਵਾਲੀ ਕੁਰਸੀ ‘ਤੇ ਬਿਠਾਕੇ ਪੰਡਾਲ ‘ਚ ਲਿਆਂਦਾ ਗਿਆ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ
ਕੀਤੀ ਕਿ ਜੋ ਮੁੱਖ ਨੇਤਾ ਇੱਥੇ ਹਾਜ਼ਰ ਹਨ, ਉਹ ਸਟੇਜ ‘ਤੇ ਆ ਜਾਣ, ਪਹਿਲਾਂ ਤਾਂ ਜੈ ਪ੍ਰਕਾਸ਼
ਨਰਾਇਣ ਤੇ ਪੰਡਤ ਜਵਾਹਰ ਲਾਲ ਨਹਿਰੂ ਸਟੇਜ਼ ‘ਤੇ ਨਹੀਂ ਬੈਠੇ ਸਨ। ਪਰ ਸੁਭਾਸ਼ ਚੰਦਰ ਬੋਸ ਦੇ
ਅਪੀਲ ਕਰਨ ‘ਤੇ ਨੇਤਾ ਸਟੇਜ ‘ਤੇ ਆਏ ਸਨ, ਪੰਡਤ ਨਹਿਰੂ ਨੇ ਅਪਣੇ ਸਮੇਂ ‘ਚ ਪਹਿਲਾ ਮਤਾ
ਰਖਦੇ ਹੋਏ ਅਪੀਲ ਕੀਤੀ ਕਿ ਕਾਂਗਰਸ ਦੀ ਵਰਕਿੰਗ ਕਮੇਟੀ ਅੱਜ ਦੇ ਇਜਲਾਸ ‘ਚ ਚੁਣੀ ਜਾਣੀ ਹੈ,
ਉਸ ਦੀ ਚੋਣ ਦੇ ਸਾਰੇ ਅਧਿਕਾਰ ਮਹਾਤਮਾਂ ਗਾਂਧੀ ਨੂੰ ਦਿੱਤੇ ਜਾਣ। ਜਦ ਕਿ ਇਹ ਅਧਕਾਰ
ਕਾਂਗਰਸ ਪ੍ਰਧਾਨ ਕੋਲ਼ ਹੁੰਦਾ ਹੈ। ਇਸ ਮਤੇ ‘ਤੇ ਬੰਗਾਲ, ਪੰਜਾਬ ਤੇ ਹੋਰ ਬਹੁਤ ਸਾਰੇ
ਸੂਬਿਆਂ ਦੇ ਡੈਲੀਗੇਟਾਂ ਨੇ ਸ਼ੇਮ, ਸ਼ੇਮ ਦੇ ਅਵਾਜ਼ੇ ਖੜੇ ਹੋ ਕੇ ਕੱਸੇ। ਪੰਡਤ ਨਹਿਰੂ ਨੇ ਕਈ
ਵਾਰ ਇਹ ਮਤਾ ਪੇਸ਼ ਕਰਕੇ ਪਾਸ ਕਰਵਾਉਣ ਦੀ ਕੋਸ਼ਸ਼ ਕੀਤੀ, ਪਰ ਹਰ ਵਾਰ ਉਸ ਦਾ ਇਹੋ ਹਸ਼ਰ ਹੋਇਆ,
ਮਜਬੂਰ ਹੋ ਕੇ ਪੰਡਤ ਨਹਿਰੂ ਨੇ ਇਹ ਮਤਾ ਵਾਪਸ ਲਿਆ ਤੇ ਹੋਰ ਮਤੇ ਪਰਵਾਨਗੀ ਲਈ ਅੱਗੇ
ਲਿਆਂਦੇ ਸਨ।
ਇਹ ਇਜਲਾਸ ਸ਼ੁਰੂ ਹੋਣ ਤੋਂ ਪਹਿਲੀ ਰਾਤ ਜੈ ਪ੍ਰਕਾਸ਼ ਨਰਾਇਣ ਤੇ ਹੋਰ ਨੇਤਾਵਾਂ ਨੇ ਡੈਲੀਗਟਾਂ
ਦੇ ਤੰਬੂਆਂ ਵਿੱਚ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਤੇ ਅਪੀਲ ਕੀਤੀ ਕਿ ਮਹਾਤਮਾ ਗਾਂਧੀ ਨੂੰ
ਬਚਾਓ, ਮਹਾਤਮਾਂ ਗਾਂਧੀ ਇਸ ਇਜਲਾਸ ਵਿੱਚ ਹਾਜਰ ਨਹੀਂ ਸਨ, ਉਹ ਕਿਸੇ ਹੋਰ ਥਾਂ ਸਤਿਆਗ੍ਰਹਿ
ਤੇ ਗਏ ਹੋਏ ਸਨ। ਸੁਭਾਸ਼ ਚੰਦਰਬੋਸ ਮਹਾਤਮਾ ਗਾਂਧੀ ਦੇ ਉਮੀਦਵਾਰ ਨੂੰ ਹਰਾ ਕੇ ਕਾਂਗਰਸ
ਪ੍ਰਧਾਨ ਚੁਣੇ ਗਏ ਸਨ।
ਇਜਲਾਸ ਦੇ ਦੂਜੇ ਦਿਨ ਜੈ ਪ੍ਰਕਾਸ਼ ਨਰਾਇਣ ਜੋ ਕਾਂਗਰਸ ਦੇ ਵਿੰਗ ਸੋਸ਼ਲਿਸਟ ਪਾਰਟੀ ਦੇ ਸਕੱਤਰ
ਸਨ, ਦੋ ਘੰਟੇ ਬੋਲੇ ਕੇ ਅਪਣੀ ਪਾਰਟੀ ਦੇ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਮਹਾਤਮਾਂ ਗਾਧੀ
ਨੂੰ ਅਧਿਕਾਰ ਦੇਣ ਵਾਲੇ ਮਤੇ ਦੀ ਹਮਾਇਤ ਕਰਨ ਤੇ ਨਾਲ ਇਹ ਗੱਲ ਵੀ ਕਹੀ ਕਿ ਵਰਕਿੰਗ ਕਮੇਟੀ
ਦੀ ਚੋਣ ਲਈ ਸੁਭਾਸ਼ ਚੰਦਰ ਬੋਸ ਤੇ ਮਹਾਤਮਾਂ ਗਾਧੀ ਦੋਹਾ ਨੂੰ ਹੀ ਅਧਿਕਾਰ ਦੇਣ ਵਾਲੇ ਮਤੇ
ਦੀ ਹਮਾਇਤ ਦੇਣ ਦੀ ਸਹਿਮਤੀ ਦਿੱਤੀ ਜਾਵੇ। ਪਰ ਇਹ ਗੱਲ ਵੀ ਡੈਲੀਗੇਟਾਂ ਨੇ ਮਨਜ਼ੂਰ ਨਾ
ਕੀਤੀ। ਆਖਿਰ ਵੋਟਾਂ ਪਈਆਂ ਤਾਂ ਬੰਗਾਲ ਤੇ ਪੰਜਾਬ ਦੇ ਡੈਲੀਗੇਟਾਂ ਨੇ ਸੁਭਾਸ਼ ਚੰਦਰ ਬੋਸ ਦੇ
ਹੱਕ ‘ਚ ਵੋਟਾਂ ਪਾਈਂਆਂ ਤੇ ਬਾਕੀ ਸੂਬਿਆਂ ਦੇ ਡੈਲੀਗੇਟਾਂ ਨੇ (ਮਹਾਤਮਾਂ ਗਾਂਧੀ) ਨੂੰ
ਅਧਿਕਾਰ ਦੇਣ ਵਾਲੇ ਮਤੇ ਦੇ ਹੱਕ ਵਿੱਚ ਵੋਟਾਂ ਪਾਈਆਂ, ਇਹ ਮਤਾ ਸੋਸ਼ਲਿਸਟ ਪਾਰਟੀ ਦੇ ਸਮਰਥਣ
ਨਾਲ ਪਾਸ ਹੋਇਆ। ਮੈਂ ਵੀ ਸੋਸ਼ਲਿਸਟ ਪਾਰਟੀ ਦਾ ਮੈਂਬਰ ਸਾਂ, ਉਸੇ ਵਕਤ ਸੋਸ਼ਲਿਸਟ ਪਾਰਟੀ ਦੀ
ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਕਾਂਗਰਸ ਪਾਰਟੀ ਤੇ ਕਿਸਾਨ ਸਭਾ ਦਾ ਮੈਂਬਰ
ਬਣਿਆ ਰਿਹਾ। ਸੁਭਾਸ਼ ਚੰਦਰ ਬੋਸ ਨੂੰ ਬਹੁਤ ਸਰਗਰਮ ਵੇਖ ਕੇ ਕਮਿਊਨਿਸਟਾਂ ਨੇ ਸੋਚਿਆ ਕਿ ਇਸ
ਨੂੰ ਰੂਸ ਪਹੁੰਚਾਇਆ ਜਾਵੇ। ਇਸ ਕੰਮ ਲਈ ਅੱਛਰ ਸਿੰਘ ਛੀਨਾ ਦੀ ਡਿਊਟੀ ਲਾਈ ਗਈ ਸੀ, ਉਹ
ਸੁਭਾਸ਼ ਚੰਦਰ ਬੋਸ ਨਾਲ ਕਾਬਲ ਪਹੁੰਚੇ, ਪਰ ਰੂਸ ਜਾਣ ਵਾਲਾ ਜਹਾਜ਼ ਦੇਰ ਨਾਲ ਆਇਆ, ਜਰਮਨ ਦਾ
ਜਹਾਜ਼ ਪਹਿਲਾਂ ਆ ਗਿਆ ਸੀ, ਇਸ ਸਦਕਾ ਸੁਭਾਸ਼ ਚੰਦਰ ਬੋਸ ਜਰਮਨ ਵਾਲੇ ਜਹਾਜ਼ ‘ਤੇ ਬੈਠ ਕੇ ਚਲੇ
ਗਏ ਸਨ।
ਪੰਜਾਬ ਸੂਬਾ ਕਮੇਟੀ ਵੱਲੋਂ ਬਾਬਾ ਰੂੜ ਸਿੰਘ ਨੂੰ ਚਿੱਠੀ ਆਈ ਕਿ ਮਿੰਟਗੁੰਮਰੀ ਜਾਣ ਲਈ
ਬੰਦੇ ਭੇਜੋ, ਗੁਰਦੁਆਰਾ ਸਿੰਘ ਸਭਾ ਮੋਗਾ ‘ਚ ਪਾਰਟੀ ਦੀ ਮੀਟਿੰਗ ਰੱਖੀ ਸੀ, ਮੇਰਾ 10 ਕੁ
ਮਹੀਨੇ ਦਾ ਕੁੱਛੜਲਾ ਛੋਟਾ ਮੁੰਡਾ ਹਰਦੇਵ ਸਿੰਘ ਤੇ ਮੇਰੀ ਪਤਨੀ ਬੀਮਾਰ ਸਨ, ਮੈਂ ਦਵਾਈ
ਖਰੀਦਣ ਲਈ ਪਿੰਡੋਂ ਹਕੀਮ ਨੂੰ ਨਾਲ ਲੈ ਕੇ ਮੋਗੇ ਆਇਆ ਸਾਂ, ਪਾਰਟੀ ਮੀਟਿੰਗ ‘ਚ ਗਿਆ ਤਾਂ
ਨੀਲੀ ਬਾਰ ਜਾਣ ਲਈ ਮੇਰਾ ਨਾਂ ਆ ਗਿਆ ਸੀ, ਵਿਸਾਖ ਦੇ ਮਹੀਨੇ ਕੁੱਝ ਦਾਣੇ ਕੱਢੇ ਸੀ, ਕੁੱਝ
ਕੱਢਣ ਵਾਲੇ ਪਏ ਸੀ। ਮੈਂ ਸਾਥੀਆਂ ਨੂੰ ਕਿਹਾ ਮੇਰਾ ਮੁੰਡਾ ਬੀਮਾਰ ਹੈ, ਮੈਨੂੰ 15 ਦਿਨ ਦੀ
ਛੁੱਟੀ ਦੇ ਦਿਓ, ਫਿਰ ਮੈਂ ਚਲਾ ਜਾਵਾਂ ਗਾ। ਕਹਿੰਦੇ ਮਿੰਟ 15 ਨਹੀਂ ਮਿਲਣੇ, ਜਾਂ ਤਾਂ
ਜਬਾਬ ਦੇ ਦੇ ਜਾਂ ਫਿਰ ਚਲਿਆ ਜਾਹ, ਮੈਂ ਕਿਹਾ ਇਹ ਗੱਲ ਤਾਂ ਬੜੀ ਮੁਸ਼ਕਲ ਹੈ, ਮੇਰੀ ਐਨੀ
ਤਾਂ ਇਮਦਾਦ ਕਰੋ, ਪਰ ਨਾ ਮੰਨੇ। ਮੈਂ ਹਕੀਮ ਨੂੰ ਕਿਹਾ, ਤੂੰ ਘਰ ਸੁਨੇਹਾ ਦੇ ਦੇਈਂ ਕਿ 5-6
ਦਿਨ ਮੈਂਨੂੰ ਲੱਗਣ ਗੇ, ਮੋਗਿਓਂ ਮੈਂ ਸਿੱਧਾ ਲਹੌਰ ਵੱਲ ਚੱਲਿਆ ਤੇ ਪਾਰਟੀ ਦਫਤਰ ਆਇਆ,
ਹਰਨਾਮ ਸਿੰਘ ਚਮਕ ਉੱਥੇ ਨਹੀਂ ਸਨ, 15 ਦਿਨਾਂ ਬਾਅਦ ਆਇਆ, ਮੈਂ ਦੱਸਿਆ ਕਿ 15 ਦਿਨਾਂ ਦਾ
ਆਇਐਂ, ਚਮਕ ਨੇ ਕਿਹਾ, ਮੈਂ ਤਾਂ ਬੰਦੇ ਮੰਗੇ ਸੀ, ਕਿਹੜਾ ਤਰੀਕ ਦਿੱਤੀ ਸੀ, ਤੂੰ ਠਹਿਰਕੇ ਆ
ਸਕਦਾ ਸੀ।
ਹਰਨਾਮ ਸਿੰਘ ਚਮਕ ਨੇ ਕਰਤਾਰ ਸਿੰਘ ਗਿੱਲ ਸਾਹਿਬ ਕੋਲ਼ ਅੰਮ੍ਰਿਤਸਰ ਜਾਣ ਲਈ ਕਿਹਾ,
ਅੰਮ੍ਰਿਤਸਰ ਅਇਆ ਤਾਂ ਉਨ੍ਹਾਂ ਕਿਹਾ, ਤੂੰ ਬਾਬਾ ਜਸਵੰਤ ਸਿੰਘ ਕੋਲ ਆਰਫਕੇ ਜਾਣਾ ਐ, ਤੇ
ਕਮਿਊਨਿਸਟ ਪਾਰਟੀ ਬੰਨ੍ਹਣੀ ਐ, ਤੇ ਕਿਸਾਨ ਸਭਾ ‘ਚ ਰਹਿਕੇ ਬੰਨ੍ਹਣੀ ਐ, ਕਿਸੇ ਨੂੰ ਪਤਾ ਨਾ
ਲੱਗੇ, ਤੁਹਾਨੂੰ ਹੀ ਪਤਾ ਹੋਵੇ। ਪਹਿਲਾਂ ਨੈਣਾਂ ਸਿੰਘ ਧੂਤ, ਸੋਹਣ ਸਿੰਘ ਜੋਸ਼ ਗਏ ਸਨ, ਉਹ
ਕਿਸਾਨ ਸਭਾ ਬੰਨ੍ਹ ਆਏ ਹਨ। ਇਹ ਚਿੱਠੀ ਬਾਬਾ ਜਸਵੰਤ ਸਿੰਘ ਨੂੰ ਫੜਾਉਂਣੀ ਐਂ, ਕਹਿਕੇ ਗੱਡੀ
ਚੜ੍ਹਾ ਦਿੱਤਾ। ਮੇਰੇ ਕੋਲ ਡੇੜ ਰੁਪਇਆ ਸੀ, ਅਪਣੇ ਕੋਲ ਰਹਿੰਦੇ 70-75 ਪੈਸੇ ਵੀ ਚਿੱਠੀ
ਨਾਲ ਹੀ ਫੜਾ ਦਿੱਤੇ। ਚਿੱਠੀ ਪੜ੍ਹਕੇ ਇੱਕ ਸਾਈਕਲ ਦੇ ਕੇ ਬਾਬਾ ਜਸਵੰਤ ਸਿੰਘ ਨੇ ਕਿਹਾ ਕਿ
ਇਸ ਦੀ ਮੁਰੰਮਤ ਮੈਂ ਕਰਾਵਾਂਗਾ। ਇਸ ਦੇ ਪੈਸੇ ਕਿਸਾਨ ਸਭਾ ਫੰਡ ਵਿੱਚੋਂ ਖਰਚੇ ਜਾਣਗੇ।
ਮੈਂ ਇਸ ਸਾਈਕਲ ‘ਤੇ ਚਾਰ ਪੰਜ ਮਹੀਨੇ ਕੰਮ ਕੀਤਾ, ਕੋਲ਼ ਪੈਸਾ ਕੋਈ ਨਹੀਂ ਸੀ। ਇੱਕ ਦਿਨ
ਬਾਬਾ ਜਸਵੰਤ ਸਿੰਘ ਨੇ ਮੈਂਨੂੰ 1 ਰੁਪਇਆ ਦੇ ਕੇ ਮੰਡੀ ਆਰਫਵਾਲੀ ਤੋਂ 25 ਮੀਲ ਮੰਡੀ ਬੂਰੇ
ਵਾਲੀ ਟਕਾਏ ਰਾਮ ਓਡ ਕੋਲ ਭੇਜਿਆ, ਮੈਂ ਸਾਈਕਲ ‘ਤੇ ਹੀ ਗਿਆ ਤੇ ਟਕਾਏ ਰਾਮ ਤੋਂ ਰੀਪੋਰਟ ਲੈ
ਕੇ ਆ ਗਿਆ, ਰਸਤੇ ‘ਚ 1 ਆਨੇ ਦੀ ਲੱਸੀ ਪੀਤੀ ਤੇ 15 ਆਨੇ ਬਾਬਾ ਜੀ ਨੂੰ ਮੋੜ ਦਿੱਤੇ, ਬਾਬਾ
ਜਸਵੰਤ ਸਿੰਘ ਨੇ ਇੱਕ ਆਨਾ ਪਾ ਕੇ 1 ਰੁਪਈਆ ਪੂਰਾ ਕਰ ਦਿੱਤਾ। ਇੱਕ ਹੋਰ ਮੇਰੇ ਨਾਲ
ਅੰਮ੍ਰਿਤਸਰ ਦਾ ਭਾਂਬੜ ਸੀ, ਉਹ ਵੀ ਮੇਰੇ ਨਾਲ ਕਿਸਾਨ ਸਭਾ ਬੰਨ੍ਹਣ ਲਈ ਆਇਆ ਸੀ।
ਮੇਰੇ ਹੁੰਦੇ ਗੁਰਦੁਆਰਾ ਨਣਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜੇ ‘ਚੋਂ ਅਜਾਦ
ਕਰਵਾਣ ਲਈ ਇੱਕ ਜੱਥਾ ਮੰਡੀ ਆਰਫਵਾਲੀ ਆ ਠਹਿਰਿਆ, ਬਾਬਾ ਜਸਵੰਤ ਸਿੰਘ ਦੇ ਪਿਛਲੇ ਪਿੰਡ
ਮਹਿੰਮਾ ਸਿੰਘ ਵਾਲਾ ਜ਼ਿਲਾ ਲੁਧਿਆਣਾ ਦੇ ਗਰੇਵਾਲ ਗੋਤੀ ਸਨ। ਬਾਬਾ ਦੇ ਬਜ਼ੁਰਗ ਜੰਗ ਸਿੰਘ
ਨੂੰ ਅੰਗ੍ਰੇਜ਼ ਵੱਲੋਂ ਜਾਗੀਰ ਮਿਲੀ ਸੀ, ਬਜ਼ੁਰਗ ਦੇ ਨਾਂ ‘ਤੇ ਨਵੇਂ ਪਿੰਡ ਦਾ ਨਾਂ ਜੰਗ
ਸਿੰਘਵਾਲਾ ਰੱਖਿਆ ਸੀ। ਬਾਬਾ ਜਸਵੰਤ ਸਿੰਘ ਨੂੰ ਵੰਡਵੀਂ 6 ਮੁਰੱਬੇ ਜ਼ਮੀਨ ਆਉਂਦੀ ਸੀ। ਜੱਥੇ
ਨੇ ਬਾਬਾ ਜਸਵੰਤ ਸਿੰਘ ਨੂੰ ਜਲਸੇ ਦੀ ਪ੍ਰਧਾਨਗੀ ਲਈ ਕੁਰਸੀ ‘ਤੇ ਬਿਠਾਉਣ ਸਦਕਾ ਹੀ
ਅੰਗ੍ਰੇਜ਼ ਸਰਕਾਰ ਨੇ ਬਾਬਾ ਜਸਵੰਤ ਸਿੰਘ ਦੇ 6 ਮੁਰੱਬੇ ਜਬਤ ਕਰਕੇ ਨੀਲਾਮ ਕਰਨ ਦਾ ਐਲਾਨ ਕਰ
ਦਿੱਤਾ ਸੀ। ਇਹ ਮੁਰੱਬੇ ਬਾਬਾ ਜੀ ਦੇ ਸਾਥੀ ਆੜ੍ਹਤੀਏ ਨੇ ਬੋਲੀ ਦੇ ਕੇ 25000 ਰੁਪਏ ‘ਚ
ਖਰੀਦ ਕੇ ਮੁੜ ਬਾਬਾ ਜੀ ਨੂੰ ਮੋੜ ਦਿੱਤੇ ਸਨ।
ਦੂਜੀ ਸੰਸਾਰ ਜੰਗ ਸਮੇਂ ਪਾਰਟੀ ਗੈਰ ਕਾਨੂੰਨੀ ਹੋ ਗਈ, ਮੈਂ ਦਾੜ੍ਹੀ ਚਾੜ੍ਹਕੇ ਫਿੱਫਟੀ
ਫੁਫਟੀ ਲਾ, ਹੌਲਦਾਰ ਬਣ ਗਿਆ ਸਾਂ, ਪਿੰਡ ‘ਮੀਆਂ ਚੰਨੂੰ’ ‘ਚ ਸਕੂਲ ਲਾਇਆ, ਇਸ ਵੇਲੇ ਕੰਮ
ਕਰਨ ਵਾਲਾ ਆਇਤੁੱਲਾ ਜਹਾਨੀਆਂ ਮੈਂਨੂੰ ਪਛਾਣ ਨਾ ਸਕਿਆ। ਰਤਨ ਸਿੰਘ ਘੋਲੀਆ ਦੇ ਵਰੰਟ ਨਿਕਲ
ਗਏ ਤਾਂ ਉਹ ਰੂਹਪੋਸ਼ ਹੋ ਕੇ ਤੇਜਾ ਸਿੰਘ ਚੂਹੜਕਾਣਾ ਕੋਲ਼ ਸਰਗੋਧੇ ਆਇਆ, ਉਹ ਸੂਬੇ ਦੀ ਕਿਸਾਨ
ਸਭਾ ਦਾ ਪ੍ਰਧਾਨ ਸੀ, ਉਨ੍ਹਾਂ ਨੇ ਅੱਗੇ ਗੁਰਬਖ਼ਸ ਸਿੰਘ 30 ਚੱਕ ‘ਚ ਕੋਲ ਭੇਜ ਦਿੱਤਾ ਜਿੱਥੇ
ਮੈਂ ਤੇ ਰਤਨ ਸਿੰਘ ਘੋਲੀਆ ਮਿਲੇ ਸਾਂ।
ਅਪਣੀ ਮਤ ਦੇ ਬੰਦੇ ਭਾਲਦਿਆਂ ਵਿਧਾਵਾ ਰਾਮ ਨਹਿਰੀ ਪਟਵਾਰੀ ਸਾਨੂੰ ਮਿਲ ਪਿਆ ਜੋ ਫਸਲ ਖਰਾਬੇ
ਲਿਖਣ ਵੇਲੇ ਠੀਕ ਖਰਾਬੇ ਵਾਲੇ ਜਿਮੀੰਦਾਰਾਂ ਦੇ ਹੀ ਲਿਖਦਾ ਸੀ, ਕੋਈ ਵਾਧਾ ਘਾਟਾ ਨਹੀਂ
ਕਰਦਾ, ਅਫਸਰਾਂ ਦੀ ਅੱਖ ‘ਚ ਰੜਕਦਾ ਹੋਣ ਸਦਕਾ ਮਹਿਕਮੇਂ ਵਾਲੇ ਉਸ ਨੂੰ ਕੱਢਣ ਨੂੰ ਫਿਰਦੇ
ਸਨ। ਅਸੀਂ ਉਸ ਨੂੰ ਅਪਣੇ ਨਾਲ ਜੋੜ ਲਿਆ ਤੇ ਉਹ ਹੌਲੀ-ਹੌਲੀ ਸਾਡੇ ਨਾਲ ਸਕੂਲ ਲਾਉਣ ਲਗ ਪਿਆ
ਸੀ। ਇੱਕ ਹੋਰ ਮੁੰਡਾ ਸ਼ਾਰਦਾ ਸਕੂਲ ਲਾਉਣ ਲਈ ਆਇਆ ਔਖ ਮਹਿਸੂਸ ਕਰਦਾ ਸੀ, ਅੱਠ ਕੁ ਸਕੂਲ
ਸਾਡੇ ਨਾਲ ਲਾਉਣ ਬਾਅਦ ਉਸ ਦੀ ਮੁਹਾਰਤ ਹੋ ਗਈ ਸੀ। ਅਸੀਂ ਚੱਕ ਨੰ: 22 ਤੇ 79 ਵਿੱਚ ਅਤੇ
ਗਿਆਨ ਸਿੰਘ ਦੇ ਟਿੱਲੇ ਤੇ ਵੀ ਸਕੂਲ ਲਾਇਆ ਸੀ। ਪਿੰਡ-ਪਿੰਡ ਕਿਸਾਨ ਸਭਾਵਾਂ ਬਣਾ ਲਈਆਂ ਸਨ,
ਜਿ਼ਆਦਾ ਕੰਮ ਮੁਜ਼ਾਰਿਆਂ ‘ਚ ਹੁੰਦਾ ਸੀ। ਨਾਹਰਾ ਦਿੱਤਾ ਜਾਂਦਾ ਸੀ, “ਅੱਧੋ ਅੱਧ ਵੱਟ ‘ਤੇ
ਰੱਖ” ਸਕੂਲ ‘ਚ ਐਵੂਲੇਸ਼ਨ ਆਫ ਲਾਈਫ, ਸਰਮਾਏਦਾਰੀ ਦੇ ਅੰਗ, ਰਾਜਨੀਤਕ ਆਰਥਿਕਤਾ ਪੌਲੀਟੀਕਲ
ਇੱਕਨੌਮੀ ਬਾਰੇ ਦਸਿਆ ਜਾਂਦਾ। ਇੱਕ ਪਟਵਾਰੀ ਹੁੰਦਾ ਦੁਆਬੇ ਦਾ ਮੁਸਲਮਾਨ ਅਰਾਂਈ, ਉਹ ਮਜ਼੍ਹਬ
ਤੋਂ ਅਜ਼ਾਦ ਸੀ ਤੇ 32-33 ਚੱਕ ‘ਚ ਰਹਿੰਦਾ ਸੀ। ਉਹ ਵੀ ਪਾਰਟੀ ਚੰਦਾ ਦਿੰਦਾ ਸੀ। ਅਸੀਂ ਉਸ
ਕੋਲ ਜਾ ਰਹਿਣਾਂ।
ਅੰਮ੍ਰਿਤਸਰ ਦਾ ਹਜੂਰਾ ਸਿੰਘ ਜਿਸ ਨੂੰ ਮਿੰਟਗੁਮਰੀ ‘ਚ ਜਮੀਨ ਮਿਲੀ ਸੀ, ਦੇਸ਼ ਭਗਤਾਂ ਤੇ
ਪਾਰਟੀ ਵਰਕਰਾਂ ਦੀ ਬੜੀ ਸੇਵਾ ਕਰਦਾ ਸੀ। ਬਾਬਾ ਜਸਵੰਤ ਸਿੰਘ ਤੇ ਸ਼ੇਰ ਸਿੰਘ ਇਲੈਕਸ਼ਨ ‘ਚ
ਖੜੇ ਸਨ। ਹਜੂਰਾ ਸਿੰਘ ਨੂੰ ਸਰ ਛੋਟੂ ਰਾਮ ਨੇ ਕਿਹਾ ਕਿ ਵੋਟ ਸ਼ੇਰ ਸਿੰਘ ਨੂੰ ਪਾਵੇ ਨਹੀਂ
ਤਾਂ ਉਸ ਦੀ ਸਰਕਾਰੀ ਜਮੀਨ ਜਬਤ ਹੋ ਜਾਵੇਗੀ। ਪਰ ਉਸ ਨੇ ਵੋਟ ਠੋਕ ਕੇ ਬਾਬਾ ਜਸਵੰਤ ਸਿੰਘ
ਨੂੰ ਪਾਈ ਸੀ। ਬਾਬਾ ਜੀ ਦੀ ਮਦਦ ਲਈ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ, ਤੇਜਾ ਸਿੰਘ ਸੁਤੰਤਰ
ਤੇ ਅੱਛਰ ਸਿੰਘ ਛੀਨਾਂ ਆਏ ਸਨ।
ਮਾਹਵਾਰੀ ਮੈਗਜੀਨ ‘ਲਾਲ ਝੰਡਾ’ ਹਰ ਮਹੀਨੇ ਲਾਇਲਪੁਰ ਕੋਲ ਪਿੰਡ ਚੱਬਾ ਤੋਂ ਪਾਰਟੀ ਦਾ
ਖੁਫੀਆ ਪੱਤਰ ਛਪਦਾ ਸੀ। ਹਰ ਮਹੀਨੇ ਇਹ ਪਰਚਾ ਮੈਂ ਥਾਂ-ਥਾਂ ਅੱਡਿਆਂ ‘ਤੇ ਵੰਡਦਾ। ਇਸ ਪਰਚੇ
‘ਚ ਰੂਸ ਦੀ ਹਮਾਇਤ ਤੇ ਜਰਮਨ ਦੀ ਵਿਰੋਧਤਾ ਹੁੰਦੀ ਸੀ। ਮੈਂ ਤੇ ਵਧਾਵਾ ਰਾਮ ਪ੍ਰਚਾਰ ਕਰਦੇ
ਲਾਲ ਝੰਡਾ ਪਰਚਾ ਵੰਡਦੇ ਕਈ ਵਾਰ ਰਾਤ ਨੂੰ ਕਿਧਰੇ ਬਾਹਰ ਹੀ ਸੌਂ ਜਾਂਦੇ, ਪੁਲਸ ਹੱਥ ਆਉਣ
ਤੋਂ ਬਚ ਜਾਂਦੇ ਸਾਂ। ਮੁਲਤਾਨ ਇਲਾਕੇ ‘ਚ ਇੱਕ ਤੇਜਾ ਸਿੰਘ ਅਜ਼ਾਦੀ ਘੁਲਾਟੀਆ ਨਿਹੰਗ ਸਿੰਘ
ਵੀ ਸੀ ਉਸ ਨੂੰ ਮੁਕੱਦਮੇਂ ‘ਚ ਜੱਜ ਨੇ ਕੈਦ ਹੁਕਮ ਸੁਣਾਇਆ ਤਾਂ ਉਸ ਨੇ ਕਿਹਾ ਸੀ ਬੱਸ! ਲਾ
ਲਿਆ ਜੋਰ, ਜੱਜ ਨੇ ਹੋਰ ਕੈਦ ਵਧਾ ਦਿੱਤੀ ਤਾਂ ਉਸ ਨੇ ਦੁਬਾਰਾ ਵੀ ਉਹੋ ਹੀ ਕਿਹਾ ਤਾਂ ਜੱਜ
ਬੋਲਿਆ, ਮੇਰੇ ਕੋਲ ਹੋਰ ਕੈਦ ਕਰਨ ਦੀ ਪਾਵਰ ਨਹੀਂ ਹੈ ਤਾਂ ਉਹ ਬੋਲਿਆ, ਕੈਦ ਜਿੰਨੀ ਮਰਜੀ
ਦੇ ਦਿਓ, ਪਰ ਜਦ ਮੈਂ ਕੈਦ ਤੋਂ ਬਾਹਰ ਆਵਾ ਤਾਂ ਦੇਸ਼ ਅਜਾਦ ਹੋਣਾ ਚਾਹੀਦਾ ਹੈ। ਮੁਲਤਾਨ
ਨੇੜੇ ਹੀ ਪਿੰਡ ਮੀਆਂ ਚੰਨੂੰ ‘ਚ ਇਹ ਨਿਹੰਗ ਸਿੰਘ ਰਹਿੰਦਾ ਸੀ, ਜੋ ਪਾਰਟੀ ਮੈਂਬਰ ਵੀ ਸੀ।
ਇੱਥੇ ਅਸੀਂ ਸਕੂਲ ਵੀ ਲਾਉਂਦੇ ਸਾਂ ਆਇਤੁੱਲਾ ਜਹਾਨੀਆਂ ਇਸ ਵਕਤ ਇੱਕ ਚੋਟੀ ਦਾ ਪਾਰਟੀ ਦਾ
ਬੁਲਾਰਾ ਸੀ, ਮੈਂ ਉਸ ਦਾ ਸਾਥੀ ਸੀ। ਪਰ ਮੀਆਂ ਚੰਨੂੰ ਪਿੰਡ ਸਕੂਲ ਲਾਉਣ ਵੇਲੇ ਮੇਰੇ ਬਦਲੇ
ਭੇਸ ‘ਚ ਉਹ ਮੈਂਨੂੰ ਪਛਾਣ ਨਹੀਂ ਸਕਿਆ ਸੀ।
ਦਲੀਪ ਸਿੰਘ ਦੇ ਪਾਰਟੀ ਬੱਝਣ ਬਾਰੇ ਰੀਪੋਰਟ ਲੈ ਕੇ ਜਾਣ ਬਾਅਦ 1940 ‘ਚ ਵਧਾਵਾ ਰਾਮ
ਪਟਵਾਰੀ, ਗੁਰਬਖ਼ਸ਼ ਸਿੰਘ, ਕੇਸਰ ਸਿੰਘ ਤੇ ਗਿਆਨ ਸਿੰਘ ਤੇ ਮੇਰੇ ਸਮੇਤ 5 ਜਾਣੇ ਸਕੂਲ
ਲਾਉਂਦੇ ਸਾਂ। ਮਿੰਟਗੁਮਰੀ ਇਲਾਕੇ ‘ਚ ਜਿਨ੍ਹਾਂ ਪਹਿਲੀ ਕਮਿਊਨਿਸਟ ਬਰਾਂਚ ਬਣਾਈ ਸੀ, ਪਹਿਲੇ
ਸਾਲ ਸਕੱਤਰ ਮੈਂਨੂੰ ਚੁਣਿਆ, ਅਗਲੇ ਸਾਲ ਵਧਾਵਾ ਰਾਮ ਸਕੱਤਰ ਨੂੰ ਨਾਲ ਕਿਸਾਨ ਸੱਭਾ ਦਾ
ਪ੍ਰਾਪੇਗੰਡਾ ਸਕੱਤਰ ਵੀ ਬਣਾਇਆ ਸੀ। ਬਾਬਾ ਜੁਆਲਾ ਸਿੰਘ ਦਾ ਐਕਸੀਡੈਂਟ ਹੋਇਆ ਸੀ, ਉਹ
ਪਾਰਟੀ ਬੱਝਣ ਬਾਅਦ ਆਉਂਦੇ ਰਹੇ ਤੇ ਰਾਮ ਸਿੰਘ ਘਾਲ਼ਾਮਾਲ਼ਾ ਸਿਰਫ ਚੋਣਾ ਵੇਲੇ ਹੀ ਗਏ ਸਨ।
21, 22, 23, 1941 ਨੂੰ ਜਦ ਜ਼ਿਲਾ ਫਿਰੋਜ਼ਪੁਰ ਤਹਿਸੀਲ ਮੋਗਾ ਦੇ ਪਿੰਡ ਫਤਿਹਗੜ੍ਹ
ਕੋਰੋਟਾਣਾ ‘ਚ ਕਿਸਾਨ ਕਾਨਫਰੰਸ ਵਿੱਚ ਮੈਂ ਆਇਆ ਨਹੀਂ ਸੀ, ਪਰ 5-6 ਬੰਦੇ ਕਾਨਫਰੰਸ ਦੇਖਣ
ਲਈ ਨੀਲੀਬਾਰ ਤੋਂ ਆਏ ਸਨ। ਕਿਸਾਨ ਸਭਾਵਾਂ ਦਾ ਜੋਰ ਹੋਣ ਸਦਕਾ ਹੀ ਇਹ ਕਾਨਫਰੰਸ ਕਰਵਾਈ ਗਈ
ਸੀ। ਹੋਰ ਬਹੁਤ ਸਾਰੇ ਵਿਸਥਾਰ ਤੋਂ ਬਿਨਾਂ ਇਸ ਕਾਨਫਰੰਸ ਦੀ ਵਿਲੱਖਣ ਗੱਲ ਇਹ ਸੀ ਕਿ
ਪ੍ਰਧਾਨਗੀ ਕਰਨ ਵਾਲੇ ਪ੍ਰਧਾਨ ਨੂੰ ਪੁਲਸ ਫੜ ਲੈਂਦੀ ਤੇ ਪਾਰਟੀ ਨਵਾਂ ਪ੍ਰਧਾਨ ਮੁਕੱਰਰ ਕਰ
ਦਿੰਦੀ, ਇਸਤਰ੍ਹਾਂ ਛੇ ਸੱਤ ਪ੍ਰਧਾਨ ਬਣੇ, ਫੜੇ ਜਾਣ ਬਾਅਦ ਬਦਲਕੇ ਨਵੇਂ ਬਣਦੇ ਰਹੇ, ਪੁਲੀਸ
ਅਪਣਾ ਸਿਰਤੋੜ ਯਤਨ ਕਰਕੇ ਵੀ ਕਾਨਫਰੰਸ ਦਾ ਕੰਮ ਰੋਕ ਨਾ ਸਕੀ, ਲੋਕਾਂ ‘ਚ ਜੋਸ਼ ਐਨਾ ਸੀ ਕਿ
ਕਿਸੇ ਨੇ ਪੁਲਸ ਦੀ ਪ੍ਰਵਾਹ ਨਹੀ ਕੀਤੀ ਸੀ, ਇਹ ਕਾਨਫਰੰਸ ਚੋਟੀ ਦੀ ਸੀ। ਸੰਸਾਰ ਜੰਗ ਦੇ
ਦੌਰਾਨ 4 ਸਾਲ ਮੈਂ ਨੀਲੀਬਾਰ ‘ਚ ਅੰਡਰਗਰਾਊਂਡ ਰਹਿਕੇ ਕੰਮ ਕੀਤਾ, ਇਸ ਸਮੇਂ ਮੈਂ ਦੋ ਵਾਰ
ਹੀ ਪਾਰਟੀ ਦੇ ਕਹਿਣ ‘ਤੇ ਪਾਰਟੀ ਲਈ ਏਧਰ ਆਇਆ ਪਿੰਡ ਗਿਆ ਸੀ। ਜਦੋਂ ਮੱਲ੍ਹੇ ਵਾਲੇ ਗੋਪੀ
ਦੇ ਘਰ ਮੀਟਿੰਗ ਰੱਖੀ ਗਈ ਸੀ। ਮੇਰੀ ਕੁਰਕੀ ਤਾਂ ਤਿੰਨ ਵਾਰ ਹੋਈ ਸੀ, ਪਰ ਹੁਣ ਰਤਨ ਸਿੰਘ
ਘੋਲੀਆ ਦੀ ਕੁਰਕੀ ਤੇ ਬਚਨ ਸਿੰਘ ਤਖਾਣਵੱਧ ਦਾ ਵਿਵਾਦ, ਭੂਰਦਵਿੰਦਰ ਸਿੰਘ ਤੇ ਚੰਦਾਵਾਲੇ
ਇੰਦਰ ਸਿੰਘ ਕਿਰਤੀ ਬਾਰੇ ਵਿਚਾਰ ਚਰਚਾ ਕਰਨ ਆਇਆ ਹੀ ਮੈਂ ਪਹਿਲਾਂ ਅਪਣੇ ਖੇਤ ਆਇਆ ਤੇ ਫੇਰ
ਘਰ ਵੀ ਗੇੜਾ ਮਾਰਨ ਆਇਆ ਸੀ।
ਪਹਿਲਾਂ ਚੂਹੜਚੱਕ ‘ਚ ਚੌਕੀਦਾਰੇ ਦਾ ਮੋਰਚਾ, ਫੇਰ ਚੜਿੱਕ ਦਾ ਮੋਰਚਾ, ਜਿਸ ‘ਚ ਕਲਸੀਆਂ
ਸਟੇਟ ਦੇ ਰਾਜੇ ਤੋਂ ਔਰਤਾਂ ਨੇ ਮੁਆਫੀ ਮਗਵਾਈ ਸੀ, ਲੀਡ ਬਾਬਾ ਰੂੜ ਸਿੰਘ ਕਰਦੇ ਸਨ। ਜਦੋਂ
ਅਸੀਂ ਅੱਠ ਜਣੇ ਰਿਹਾ ਹੋ ਕੇ ਆਏ ਤੇ ਭਕਨੇ ਕਾਨਫਰੰਸ ਵਿੱਚ ਅਸੀਂ ਅੱਠਾਂ ਨੇ ਇੱਕ ਪ੍ਰਮੋਸ਼ਨ
ਕਮੇਟੀ ਨਾਮਜਦ ਕੀਤੀ ਸੀ। ਉਦੋਂ ਇੱਥੇ ਪਾਰਟੀ ‘ਚ ਦੋ ਧੜੇ ਬਣੇ ਸਨ। ਇੱਕ ਨੂੰ ਜੋਸ਼ ਗਰੁੱਪ
ਕਹਿੰਦੇ ਸਨ ਤੇ ਦੂਸਰੇ ਨੂੰ ਕਿਰਤੀ ਪਾਰਟੀ। ਕੰਮ ਦੁੋਹਾਂ ਧੜਿਆਂ ਦਾ ਬਹੁਤ ਸੀ। ਸਾਡਾ ਕੋਈ
ਆਪਸੀ ਮੱਤ ਭੇਦ ਨਹੀਂ ਸੀ। ਜਦੋਂ ਅਸੀਂ ਅੱਠ ਜਣੇ ਭੱਕਨੇ ਵਾਲੀ ਕਾਨਫਰੰਸ ‘ਤੇ ਗਏ। ਮੇਰਾ
ਟੱਬਰ ਪਰਤਾਪ ਕੌਰ ਤੇ ਮੇਰਾ ਵੱਡਾ ਭਰਾ ਚੰਨਣ ਸਿੰਘ ਵੀ ਨਾਲ ਗਏ ਸਨ। ਉੱਥੇ ਸਪੀਚਾਂ ਹੋਈਆਂ
ਬਈ ਜਿਨ੍ਹਾਂ ਦੇ ਵਰੰਟ ਹਨ, ਉਹ ਕੈਂਸਲ ਹੋ ਗਏ ਹਨ। ਉਹ ਅਪਣੇ-ਅਪਣੇ ਘਰਾਂ ਨੂੰ ਜਾ ਸਕਦੇ
ਹਨ। ਜੋ ਏਦੂੰ ਪਹਿਲਾਂ ਫੜੇ ਗਏ ਸੀ, ਉਹ ਵੀ ਆ ਜਾਣ ਗੇ। ਫੇਰ ਅਸੀਂ ਲਹੌਰ ਜਾ ਕੇ ਜੋਸ਼ ਨੂੰ
ਮਿਲੇ, ਮੈਂ ਜਸਵੰਤ ਸਿੰਘ ਤੇ ਤਖਾਣਵਧੀਆ ਬਚਨ ਸਿੰਘ ਸੀ, ਸਾਨੂੰ ਉਨ੍ਹਾਂ ਕਿਹਾ ਤੁਸੀ ਘਰ ਜਾ
ਸਕਦੇ ਹੋ।
ਮਈ 1947 ਨੂੰ ਸਿਕੰਦਰਾ ਰਾਓ (ਯੂ.ਪੀ) ਵਿੱਚ ਸਰਬ ਹਿੰਦ ਕਿਸਾਨ ਕਾਨਫਰੰਸ ਹੋਈ, ਜਿਸ ‘ਚ
ਪਾਰਟੀ ਵੱਲੋਂ ਨੀਤੀਆਂ ਸਬੰਧੀ ਖੁੱਲ੍ਹੀ ਬਹਿਸ ਕੀਤੀ ਗਈ। ਜੋਸ਼ੀ ਦੀ ਅਗਵਾਈ ਵਾਲੀ ਲੀਡਰਸ਼ਿੱਪ
ਵੱਲੋਂ ‘ਜਮਾਤੀ ਘੋਲ ਬੰਦ ਕਰਨ ‘ਚ ਅਗਵਾਈ ਕਰਨੀ, ਮਾਊਂਟ ਬੈਟਨ ਫੈਸਲੇ ਨੂੰ ਮੰਨਣਾ, (ਜੋ
ਮੁਸਲਿਮ ਲੀਗ ਤੇ ਕਾਂਗਰਸ ਪਾਰਟੀ ਇੱਕ ਹੋਣ ਸਬੰਧੀ ਸੀ।) ਦੇਸੀ ਸਰਮਾਏਦਾਰੀ ਦੀ ਵੱਡੀ ਜਿੱਤ
ਮੰਨਣਾ ਤੇ ਪਾਰਟੀ ਕੇਡਰ ਨੂੰ ਉਸ ਦੀ ਹਿਮਾਇਤ, ਮੁਲਕ ਦੇ ਟੋਟੇ ਕਰਨ ਦੀ ਹਿਮਾਇਤ, ਇਸੇ ਨੂੰ
ਅਧਾਰ ਮੰਨ ਕੇ ਗਾਂਧੀ-ਜਿਨਾਹ ਦਾ ਫਿਰ ਮਿਲਣ ਹੋਇਆ। ਅਜ਼ਾਦ ਦੇਸ਼ ਵਿੱਚ ਅਜ਼ਾਦ ਸਿੱਖ ਦੇਸ਼
ਭੂਮੀਆਂ ਆਦਿ ਪੈਂਫਲੈਂਟ ਵੰਡਣੇ ਅਤੇ ਕਾਂਗਰਸ ਤੇ ਲੀਗ ਦੀਆਂ ਵਜਾਰਤਾਂ ਦੀ ਹਿਮਇਤ ਕਰਨੀ।
ਪਰ ਕਾਮਰੇਡ ਤੇਜਾ ਸਿੰਘ ਸੁਤੰਤਰ ਨੇ ਇਸ ਉਲਟ ਮਤਾ ਰੱਖਿਆ ਕਿ ਭਾਰਗੋ ਵਜਾਰਤ ਨੇ ਕੋਈ ਚੰਗਾ
ਕੰਮ ਨਹੀਂ ਕੀਤਾ। ਮੋਘਿਆਂ ‘ਤੇ ਮਿੰਟਗੁਮਰੀ ਦੇ ਮੋਰਚਿਆਂ ‘ਤੇ ਗੋਲੀ ਚਲਾ ਚੁੱਕੀ ਹੈ। ਅਸੀਂ
ਇਸ ਵਜਾਰਤ ਨਾਲ ਮਿਲਵਰਤਣ ਨਹੀਂ ਕਰ ਸਕਦੇ। ਪੰਜਾਬ ਦੀ ਸੂਬਾ ਕਾਂਗਰਸ ਸ਼ਹਿਰੀ ਅਜਾਦੀ ਬਾਰੇ
ਸਾਡੇ ਨਾਲ ਸਾਂਝਾ ਫਰੰਟ ਬਨਾਉਣ ਲਈ ਤਿਆਰ ਨਹੀਂ। ਇਨ੍ਹਾਂ (ਵਜਾਰਤਾਂ) ਨੂੰ ਮਿਲਵਰਤਣ ਦੇ ਕੇ
ਅਮਲ ਨਹੀਂ ਹੋ ਸਕਦਾ।
ਕਾ: ਤੇਜਾ ਸਿੰਘ ਸੁਤੰਤਰ ਦੀ ਉਪਰੋਕਤ ਤਕਰੀਰ ਨੂੰ ਸਾਥੀ ਜੋਸ਼ੀ ਨੇ ਬੱਚਿਆਂ ਵਾਲੀ ਤਕਰੀਰ
ਕਿਹਾ ਤੇ ਲੀਡਰਸ਼ਿਪ ਨੇ ਵੀ ਮਖੋਲ ਉਡਾਇਆ ਤੇ ਕਿਹਾ ਕਿ ਮਜ਼੍ਹਬੀ ਤੇ ਫਿਰਕੂਆਂ ਦੇ ਹਥਿਆਰਬੰਦ
ਟੋਲਿਆਂ ਦੇ ਮੁਕਾਬਲੇ ‘ਤੇ ਸਾਨੂੰ ਵੀ ਹੱਥਿਆਰਬੰਦ ਹੋਣਾ ਚਾਹੀਦਾ ਹੈ।
1947 ਦੇ ਘੱਲੂ ਘਾਰੇ ਤੋਂ ਕੁੱਝ ਚਿਰ ਪਹਿਲਾਂ ਕਮਿਊਨਿਸਟ ਪਾਰਟੀ ਦੀ ਸੂਬਾ ਚੋਣ ਦਾ ਸਮਾਂ
ਸੀ। ਜ਼ਿਲੇ ਪੱਧਰ ਦੀ ਕਮੇਟੀ (ਡੀ.ਸੀ.) ਚੁਣੀ ਜਾਣੀ ਸੀ ਤੇ ਸੂਬਾ ਕਮੇਟੀ ਲਈ ਡੈਲੀਗੇਟਾਂ ਦੀ
ਚੋਣ ਲਈ ਮੀਟਿੰਗ ਪਿੰਡ ਰਾਜਿਆਣਾ ‘ਚ ਰੱਖੀ ਗਈ। ਇੱਸ ਮੀਟਿੰਗ ‘ਚ ਤੇਜਾ ਸਿੰਘ ਸੁਤੰਤਰ ਸੂਬਾ
ਕਮੇਟੀ ਦਾ ਜਨਰਲ ਸਕੱਤਰ ਹੋਣ ਸਦਕਾ ਨਿਗਰਾਨ ਵਜੋਂ ਆਇਆ, ਬਾਬਾ ਰੂੜ ਸਿੰਘ ਚੂਹੜਚੱਕ ਤੇ
ਬਾਬਾ ਨਿਧਾਨ ਸਿੰਘ ਮਹੇਸਰੀ ਇਸ ਮੀਟਿੰਗ ‘ਚ ਹਾਜ਼ਰ ਨਹੀਂ ਸਨ। ਮੈਂ ਬਚਨ ਸਿੰਘ ਘੋਲੀਆ ਦਾ
ਮਸ਼ਵਰਾ ਸੀ ਕਿ ਜ਼ਿਲਾ ਕਮੇਟੀ ਤੇ ਸੂਬਾ ਕਮੇਟੀ ਦੇ ਡੈਲੀਗੇਟ ਸਰਵਸੰਮਤੀ ਨਾਲ ਚੁਣੇ ਜਾਣ,
ਬਾਬਾ ਗੇਂਦਾ ਸਿੰਘ ਨੂੰ ਇਸ ਕੰਮ ਲਈ ਜੋਰ ਦੇਣ ਲਈ ਕਿਹਾ। ਤੇਜਾ ਸਿੰਘ ਸੁਤੰਤਰ ਨੇ ਬਤੌਰ
ਨਿਗਰਾਨ ਕੋਈ ਦਖਲ ਅੰਦਾਜ਼ੀ ਨਾ ਕੀਤੀ। ਆਖਰ ਚੋਣ ਹੋਈ, ਬਾਬਾ ਰੂੜ ਸਿੰਘ ਤੇ ਬਾਬਾ ਨਿਧਾਨ
ਸਿੰਘ ਦੀਆਂ ਵੋਟਾਂ ਘੱਟ ਗਈਆਂ, ਚੋਣ ਨਤੀਜਾ ਲੈ ਕੇ ਜਦ ਕਾ: ਤੇਜਾ ਸਿੰਘ ਸੁਤੰਤਰ ਲਹੌਰ
ਪਹੁੰਚਿਆ, ਨਕਸ਼ਾ ਪੇਸ਼ ਹੋਇਆ ਕਿ ਸੂਬਾ ਕਮੇਟੀ ਦੀ ਚੋਣ ਕਰਵਾਈ ਗਈ ਤਾਂ ਤੇਜਾ ਸਿੰਘ ਸੁਤੰਤਰ
ਦੇ ਡੈਲੀਗੇਟ ਜ਼ਿਆਦਾ ਹਨ। ਅਧਿਕਾਰੀਆਂ ਨੇ ਚੋਣ ਮੁਲਤਵੀ ਕਰ ਦਿੱਤੀ ਤੇ ਦੋਸ਼ ਲਾਇਆ ਗਿਆ ਕਿ
ਡੈਲੀਗੇਟਾਂ ਦੀ ਚੋਣ ਗੈਰਵਾਜ਼ਬ ਸੀ। ਬਾਅਦ ਵਿੱਚ ਫਾਰਮ ਪ੍ਰਕਾਸ਼ਤ ਕਰਕੇ ਵੰਡੇ ਗਏ ਕਿ ਹੇਠਲੇ
ਪੱਧਰ ਦੇ ਮੈਂਬਰ ਦਸਤਖ਼ਤ ਕਰਕੇ ਮੰਨਣ ਕਿ ਇਸ ਕੰਮ ਲਈ ਤੇਜਾ ਸਿੰਘ ਸੁਤੰਤਰ ਨੇ ਗਦਾਰੀ ਕੀਤੀ
ਹੈ।
11, 12 ਤੇ 13 ਅਗਸਤ 1947 ਨੂੰ ਮੋਗਾ ਵਿਖੇ ਇਸ ਸਬੰਧ ‘ਚ ਵਿੱਚ ਵਿਸ਼ੇਸ਼ ਮੀਟਿੰਗ ਹੋਈ ਤੇ
ਇਸ ਮੀਟਿੰਗ ਵਿੱਚ ਅਜੈ ਕੁਮਾਰ ਘੋਸ਼ ਤੇ ਉਨਾਂ ਨਾਲ ਰੀਡਰ ਦਾ ਕੰਮ ਕਰਨ ਵਾਲਾ ਅਵਤਾਰ ਸਿੰਘ
ਮਲਹੋਤਰਾ ਸੀ। ਅਜੈ ਕੁਮਾਰ ਘੋਸ਼ ਨੇ ਵੀ ਵਰਕਰਾਂ ਨੂੰ ਕਿਹਾ ਕਿ ਤੇਜਾ ਸਿੰਘ ਸੁਤੰਤਰ ਨੂੰ
ਗਦਾਰ ਲਿਖੋ, ਘੋਸ਼ ਦੀ ਇਸ ਅਪੀਲ ਦੇ ਪ੍ਰਤੀਕਰਮ ਵਿੱਚ ਬਚਨ ਸਿੰਘ ਘੋਲੀਆਂ ਨੇ ਕਿਹਾ, “ਤੁਸੀਂ
ਪੜ੍ਹੇ ਲਿਖੇ ਆਗੂ ਹੋ, ਸਾਨੂੰ ਦੱਸਿਆ ਜਾਵੇ ਕਿ ਤੇਜਾ ਸਿੰਘ ਸੁਤੰਤਰ ਨੇ ਕੀ ਗਦਾਰੀ ਕੀਤੀ
ਹੈ। ਕੀ ਉਸ ਨੇ ਫੰਡ ਖਾਧੇ ਹਨ? ਕੀ ਉਸ ਨੇ ਪਾਰਟੀ ਅਨੁਸ਼ਾਸ਼ਨ ਭੰਗ ਕੀਤਾ ਹੈ? ਜਾਂ ਕੋਈ ਫੰਡ
ਛੱਕ ਕੇ ਖਿਆਨਤ ਕੀਤੀ। ਜਮਹੂਰੀਅਤ ਦੀ ਮੰਗ ਸੀ, ਚੋਣਾ ਨੇਪਰੇ ਚੜ੍ਹਾਈਆਂ ਜਾਦੀਆਂ, ਵੋਟਾਂ
ਰਾਹੀਂ ਕੋਈ ਬੰਦਾ ਵੀ ਅੱਗੇ ਆ ਸਕਦਾ ਹੈ। ਇੱਥੇ ਕੋਈ ਡਿਕਟੇਟਸ਼ਿਪ ਨਹੀਂ?” ਪਰ ਅਜੈ ਕੁਮਾਰ
ਘੋਸ਼ ਨੇ ਫਿਰ ਆਖਿਆਂ ਕਿ ਤੇਜਾ ਸਿੰਘ ਨੂੰ ਗ਼ਦਾਰ ਲਿਖੋ। ਇਸ ਦੇ ਜਬਾਬ ਵਿੱਚ ਬਚਨ ਸਿੰਘ
ਘੋਲੀਆਂ ਨੇ ਕਿਹਾ ਤੁਹਾਡੇ ਤੇ ਮੇਰੇ ਵਿੱਚ ਵੱਡਾ ਫਰਕ ਹੈ, ਤੁਸੀਂ ਕਹਿੰਦੇ ਹੋ ਕਿ ਗ਼ਦਾਰ
ਲਿਖੋ, ਪਰ ਮੈਂ ਜਿਸ ਦੇ ਮੂੰਹੋਂ ਇਹ ਸ਼ਬਦ ਨਿਕਲ਼ਣ ਉਹ ਜੀਭ ਕੱਟ ਦੇਣਾਂ ਚਾਹੁੰਦਾ ਹਾਂ।
ਬਹਿਸ ਦੌਰਾਨ ਇੱਕ ਹੋਰ ਗੱਲ ਉਭਰ ਕੇ ਆਈ ਕਿ ਗ਼ਦਾਰ ਨਾ ਲਿਖਿਆ ਜਾਵੇ ਪਰ ਚੁਣੇ ਗਏ ਡੀ.ਸੀ.
(ਡੈਲੀਗੇਟ ਕਮੇਟੀ) ਮੈਂਬਰ ਅਸਤੀਫੇ ਦੇਣ। ਇਸ ਦੇ ਉੱਤਰ ‘ਚ ਬਚਨ ਸਿੰਘ ਘੋਲੀਆਂ ਨੇ ਕਿਹਾ,
ਜਿਨ੍ਹਾਂ ਨੇ ਸਾਨੂੰ ਵੋਟਾਂ ਪਾਕੇ ਭੇਜਿਆ ਹੈ, ਅਸੀਂ ਉਨ੍ਹਾਂ ਨੂੰ ਕੀ ਜਬਾਬ ਦੇਵਾਂ ਗੇ। ਉਹ
ਸਾਨੂੰ ਗ਼ਦਾਰ ਨਾ ਕਹਿਣਗੇ? ਅਸੀਂ ਉਨ੍ਹਾਂ ਨੂੰ ਕੀ ਮੂੰਹ ਵਿਖਾਵਾਂ ਗੇ? ਮੈਂ ਬਚਨ ਸਿੰਘ
ਘੋਲੀਆ ਨੇ ਬਾਬਾ ਰੂੜ ਸਿੰਘ ਦੀ ਚਿੱਠੀ ਦਿਖਾਈ, ਜਿਸ ਵਿੱਚ ਲਿਖਿਆ ਸੀ, ਸਾਥੀਓ ਤੇਜਾ ਸਿੰਘ
ਸੁਤੰਤਰ ਨੂੰ ਗੁੱਠੇ ਲਾ ਦਿਓ। ਨਾਲ ਹੀ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਤੇਜਾ ਸਿੰਘ
ਸੁਤੰਤਰ ਨੂੰ ਗ਼ਦਾਰ ਕਹਿਕੇ ਪਾਰਟੀ ‘ਚੋਂ ਖਾਰਜ ਕਰ ਰਹੇ ਹੋ, ਉਹ ਪਾਰਟੀ ਦਾ ਸੂਬਾ ਸਕੱਤਰ ਹੈ
ਜੇ ਉਹ ਪਾਰਟੀ ਦਾ ਵੱਡਾ ਹਿੱਸਾ ਲੈ ਕੇ ਬਾਹਰ ਹੋ ਗਿਆ ਫਿਰ ਕੀ ਬਣੇ ਗਾ। ਪਹਿਲਾ ਉਸ ਨੂੰ
ਥੱਲੇ ਵਾਲੇ ਰੈਂਕ ‘ਚ ਲਿਆਓ, ਫੇਰ ਉਸ ‘ਤੇ ਕੋਈ ਐਕਸ਼ਨ ਲੈ ਲੈਣਾਂ। ਅਰੁਣ ਕੁਮਾਰ ਘੋਸ਼ ਤਾਂ
ਇਸ ਗੱਲ ‘ਤੇ ਸਹਿਮਤ ਹੋ ਗਿਆ, ਪਰ ਤੇਜਾ ਸਿੰਘ ਸੁਤੰਤਰ ਨੂੰ ਹੁਣ ਹੇਠਲੇ ਰੈਂਕ ਵਿੱਚ
ਲਿਆਉਣਾ ਸੌਖਾ ਨਹੀਂ ਸੀ। ਆਖ਼ਰ ਕਿਹਾ ਗਿਆ ਪਹਿਲੀ ਚੋਣ ਠੀਕ ਢੰਗ ਨਾਲ ਨਹੀਂ ਹੋਈ, ਚੋਣ
ਦੁਬਾਰਾ ਕੀਤੀ ਜਾਵੇ। ਇਸ ਗੱਲ ਨਾਲ ਬਚਨ ਸਿੰਘ ਘੋਲੀਆ ਵੀ ਸਹਿਮਤ ਹੋ ਗਏ। ਬਚਨ ਸਿੰਘ ਘੋਲੀਆ
ਜ਼ਿਲਾ ਫਿਰੋਜ਼ਪੁਰ ਦੀ ਜ਼ਿਲਾ ਕਮੇਟੀ ਦਾ ਸਕੱਤਰ ਚੁਣਿਆ ਗਿਆ ਸੀ। ਉਨ੍ਹਾਂ ਕਿਹਾ, ਅਸੀਂ ਜੱਫਾ
ਮਾਰਕੇ ਨਹੀਂ ਬੈਠਦੇ ਚੋਣ ਦੁਬਾਰਾ ਕਰਵਾ ਲਈ ਜਾਵੇ।
ਇਹ ਚੋਣ ਦੋ ਥਾਵਾਂ ‘ਤੇ ਕਰਵਾਣ ਲਈ ਇੱਕ ਮੋਗਾ ਇਲਾਕੇ ‘ਚ ਬੱਧਣੀ ਕਲਾਂ 20 ਅਗਸਤ 1947 ਨੂੰ
ਸਹਿਮਤੀ ਹੋਈ ਤਾਂ ਅਜੈ ਕੁਮਾਰ ਘੋਸ਼ ਨੇ ਬਚਨ ਸਿੰਘ ਘੋਲੀਆ ‘ਤੇ ਪਾਬੰਦੀ ਲਾਈ ਕਿ ਤੁਸੀ
ਬੱਧਣੀ ਤਾਂ ਜਾ ਸਕਦੇ ਹੋ, ਪਰ ਉੱਥੇ ਬੋਲ ਨਹੀਂ ਸਕਦੇ। ਬਚਨ ਸਿੰਘ ਨੇ ਕਿਹਾ ਕਿ ਹਰ ਕੋਈ
ਅਪਣਾ ਪੱਖ ਪੇਸ਼ ਕਰ ਸਕਦਾ ਹੈ, ਇਹ ਪਾਬੰਦੀ ਜਾਇਜ ਨਹੀਂ, ਦੂਜਾ ਮੈਂ ਲੋਕਾਂ ਨੂੰ ਰੂੜ ਸਿੰਘ
ਦੀ ਤੇਜਾ ਸਿੰਘ ਸੁਤੰਤਰ ਨੂੰ ਗੂੱਠੇ ਲਾਉਣ ਵਾਲੀ ਚਿੱਠੀ ਵੀ ਦਿਖਾਵਾਂ ਗਾ, ਅਜੇ ਕੁਮਾਰ ਘੋਸ਼
ਨੇ ਕਿਹਾ ਕਿ ਚਿੱਠੀ ਤੁਸੀਂ ਨਸ਼ਰ ਨਹੀਂ ਕਰ ਸਕਦੇ। ਪਰ ਮੇਰੇ ਜੋਰ ਦੇਣ ‘ਤੇ ਇਹ ਦੋਵੇਂ ਹੱਕ
ਅਜੈ ਕੁਮਾਰ ਘੋਸ਼ ਨੂੰ ਬਹਾਲ ਕਰਨੇ ਪਏ ਸਨ। ਅਜੈ ਕੁਮਾਰ ਘੋਸ਼ ਤੇ ਅਵਤਾਰ ਸਿੰਘ ਮਲਹੋਤਰਾ 13
ਅਗਸਤ 1947 ਚਲੇ ਗਏ ਸਨ। 14 ਅਗਸਤ ਨੂੰ ਦੋਵੇਂ ਪਾਸੇ ਕਤਲੇਆਮ ਸ਼ੁਰੂ ਹੋ ਗਿਆ। ਜਦੋਂ
ਕਮਿਊਨਿਸਟ ਆਗੂ ਇੱਕ ਦੂਜੇ ਨੂੰ ਗੁੱਠੇ ਲਾਉਣ ਤੇ ਗਦਾਰ ਕਹਿੰਦੇ ਫਿਰਦੇ ਸਨ। ਉੱਪਰੋਂ ਹੁਕਮ
ਕਰ ਦਿੱਤਾ ਕਿ ਕਿਸੇ ਪਾਰਟੀ ਮੈਂਬਰ ਕੋਲ ਹਥਿਆਰ ਨਹੀਂ ਹੋਣਾ ਚਾਹੀਦਾ। ਪਰ ਅਜੈ ਕੁਮਾਰ ਘੋਸ਼
ਨਾਲ ਸਹਿਮਤੀ ਰੱਖਣ ਵਾਲੇ ਕੁੱਝ ਪਾਰਟੀ ਲੀਡਰ ਜਾਨ ਬਚਾਉਣ ਲਈ ਸਾਡੇ ਕੋਲ਼ ਆ ਗਏ ਸਨ।
ਤੇਜਾ ਸਿੰਘ ਸੁਤੰਤਰ ਨੇ ਪੰਜ ਆਦਮੀਆਂ ਦੀ ਪਾਕਿਸਤਾਨ ਕਮਿਊਨਿਸਟ ਪਾਰਟੀ ਨਿਯੁਕਤ ਕਰ ਦਿੱਤੀ
ਸੀ, ਬਾਅਦ ਇਸ ਨੂੰ ਦੋਸ਼ ਬਣਾ ਕੇ ਸੁਤੰਤਰ ‘ਤੇ ਲਾਇਆ ਗਿਆ। ਇਨ੍ਹਾਂ ਮੱਤਭੇਦਾ ਬਾਰੇ ਸੁਤੰਤਰ
ਨੇ ‘ਮੱਤਭੇਦ’ ਇੱਕ ਕਿਤਾਬਚਾ ਵੀ ਲਿਖਿਆ ਸੀ। ਪਹਿਲੀ ਜਨਵਰੀ 1948 ਨੂੰ ਮੱਤਭੇਦਾਂ ਦੇ ਅਧਾਰ
‘ਤੇ ਪਾਰਟੀ ਵਰਕਰਾਂ ਦਾ ਇੱਕ ਵਿਸ਼ਾਲ ਇਕੱਠ ਨਕੋਦਰ ਵਿੱਚ ਕਰਕੇ ਛੇ ਦਿਨ ਲਗਾਤਾਰ ਬਹਿਸ ਹੋਣ
ਬਾਅਦ ਕ਼ਾ: ਤੇਜਾ ਸਿੰਘ ਸੁਤੰਤਰ, ਗਦਰੀ ਬਾਬਾ ਭਾਗ ਸਿੰਘ ਕਨੇਡੀਅਨ, ਰਾਮ ਸਿੰਘ ਦੱਤ, ਬੂਝਾ
ਸਿੰਘ ਤੇ ਬਚਨ ਸਿੰਘ ਘੋਲੀਆ ਤੋਂ ਇਲਾਵਾ ਅਨੇਕਾਂ ਆਗੂ ਵੱਡੀ ਗਿਣਤੀ ‘ਚ ਵਰਕਰ ਇਕੱਠੇ ਹੋਏ
ਸਨ। ਜਦੋਂ ਲਾਲ ਪਾਰਟੀ ਬਨਾਉਣ ਦਾ ਐਲਾਨ ਕੀਤਾ ਗਿਆ। ਇਸ ਸਮੇਂ ਲਾਲ ਪਾਰਟੀ ਦਾ ਪ੍ਰਧਾਨ ਰਾਮ
ਸਿੰਘ ਦੱਤ ਤੇ ਸਕੱਤਰ ਤੇਜਾ ਸਿੰਘ ਸੁਤੰਤਰ ਨੂੰ ਬਣਾਇਆ ਗਿਆ। ਪਰ ਕਾ: ਤੇਜਾ ਸਿੰਘ ਸੁਤੰਤਰ
ਨੂੰ ਲਾਲ ਪਾਰਟੀ ਦੀ ਅਗਵਾਈ ਕਰਨ ਲਈ ਕਿਹਾ ਗਿਆ। ਭਾਗ ਸਿੰਘ ਕਨੇਡੀਅਨ, ਬੂਝਾ ਸਿੰਘ ਤੇ ਬਚਨ
ਸਿੰਘ ਨੂੰ ਇਸ ਟੀਮ ਦੇ ਮੈਂਬਰ ਚੁਣਿਆ ਗਿਆ। ਇਸ ਚੋਣ ਤੋਂ ਤੁਰੰਤ ਬਾਅਦ ਸਮਾਜ ਸੁਧਾਰ ਲਹਿਰ
‘ਚ ਜਾਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਹੋਰ ਕਈ ਸਮਰਪੱਤ ਲੀਡਰ ਪਾਰਟੀ ਮੈਂਬਰ ਸਨ। ਇਸ
ਪਾਰਟੀ ਨੇ ਮੁਜ਼ਾਰਿਆਂ ਨੂੰ ਜ਼ਮੀਨ ਦਵਾਉਣ ਲਈ ਲੜਿਆ ਘੋਲ਼ ਇਤਿਹਾਸਕ ਮਹਾਨਤਾ ਰੱਖਦਾ ਹੈ। ਜਦੋਂ
ਇਹ ਪਹਿਲੀ ਜਨਵਰੀ 1948 ਲਾਲ ਪਾਰਟੀ ਦੀ ਸਥਾਪਨਾ ਹੋਈ ਤੇ ਮਈ 1952 ਨੂੰ ਲਾਲ ਪਾਰਟੀ ਤੋੜ
ਕੇ ਕਮਿਊਨਿਸਟ ਪਾਰਟੀ ਆਫ ਇੰਡੀਆ ਵਿੱਚ ਮਿਲਾ ਦਿੱਤੀ ਗਈ ਸੀ।
1948 ਚ ਮੈਂਨੂੰ ਗ੍ਰਿਫਤਾਰ ਕਰ ਕੇ ਦੋ ਸਾਲ ਅੰਬਾਲਾ ਜਿਹਲ਼ ‘ਚ ਰੱਖਿਆ ਤੇ 6 ਮਹੀਨੇ ਪਿੰਡ
‘ਚ ਜੂਹ ਬੰਦ। 1952 ‘ਚ ਅਜਾਦ ਭਾਰਤ ਦੀਆਂ ਆਮ ਚੋਣਾਂ ‘ਚ ਮੈਂ ਵਿਧਾਨ ਸਭਾ ਹਲਕਾ
ਬਾਘਾਪੁਰਣਾ ਤੋਂ ਚੋਣ 2300 ਵੋਟਾ ‘ਤੇ ਜਿੱਤੀ, ਮੇਰੇ ਮੁਕਾਬਲੇ ‘ਤੇ ਥੰਮਣ ਸਿੰਘ ਚੋਟੀਆਂ
ਥੋਬਾ ਕਾਂਗਰਸ, ਮਕੰਦ ਸਿੰਘ ਥਰਾਜ ਅਕਾਲੀ, ਹੈਡ ਮਾਸਟਰ ਕਰਤਾਰ ਸਿੰਘ ਬਰਾੜ ਸਮਾਲਸਰ ਫਾਰਵਰਡ
ਬਲਾਕ, ਸੁੱਚਾ ਸਿੰਘ ਰੋਡੇ (ਅਕਾਲੀ ਮਾਸਟਰ ਗਰੁੱਪ ਦੇ ਉਲਟ) ਦੋ ਉਮੀਦਵਾਰ ਹੋਰ ਸਨ ਅਤੇ
ਨਿਹਾਲਵਾਲਾ ਹਲਕੇ ਤੋਂ ਬਾਬਾ ਕਾ: ਨਿਧਾਨ ਸਿੰਘ 2300 ਵੋਟਾਂ ਤੇ ਅਪਣੀ ਚੋਣ ਜਿੱਤੇ ਸਨ।
ਇੱਥੇ ਬਹੁਤ ਸਾਰੇ ਵਾਕਿਆਂ ‘ਚੋਂ ਇੱਕ ਵਾਕਿਆ ਹੈ ਕਿ ਭਾਖੜਾ ਡੈਂਮ ਦੀ ਸਾਰੀ ਦੇਖ ਰੇਖ ਕਰਨ
ਵਾਲਾ ਅਮਰੀਕੀ ਇੰਜਨੀਅਰ ਸਲੋਕਮ 30000 ਤੀਹ ਹਜ਼ਾਰ ਰੁਪਏ ਮਹੀਨਾ ਤਨਖਾਹ ਲੈਂਦਾ ਸੀ ਤੇ
ਇਸਤਰਾਂ ਨਾਲ ਹੋਰ ਵੀ ਅਨੇਕ ਇੰਜਨੀਅਰ ਕੰਮ ਕਰਨ ਵਾਲਿਆ ਦੀ ਵੀ। ਪਰ ਉਨ੍ਹਾਂ ਨਾਲ ਕੰਮ ਕਰਦੇ
ਭਾਰਤੀ ਇੰਜਨੀਅਰਾਂ ਦੀ ਤਨਖਾਹਾਂ ਬਹੁਤ ਘੱਟ ਸੀ, ਪਰ ਯੋਗਤਾ, ਕੰਮ ਕਰਨ ਦੀ ਚੁਸਤੀ ਤੇ
ਮੁਹਾਰਤ ਦੇ ਹਿਸਾਬ ਨਾਲ ਭਾਰਤੀ ਇੰਜਨੀਅਰ ਕਿਸੇ ਗੱਲੋਂ ਘੱਟ ਨਹੀਂ ਸਨ। ਭਾਰਤੀ ਇੰਜਨੀਅਰਾਂ
ਨੇ ਇਸ ਧੱਕੇ ਵਿਰੁੱਧ ਸ਼ਕਾਇਤ ਸਰਕਾਰ ਨੂੰ ਭੇਜੀ, ਜਿਸ ਦੀ ਕਾਪੀ ਮੇਰੇ ਹੱਥ ਵੀ ਆ ਗਈ ਸੀ।
ਉੱਜਲ਼ ਸਿੰਘ ਭਾਖੜਾ ਡੈਂਮ ਨਾਲ ਸਬੰਧਤ ਮੰਤਰੀ ਸਨ, ਹਾਊਸ ਦੀ ਚਲਦੀ ਕਾਰਵਾਈ ‘ਚ ਜਦ ਮੈਂ ਉਹ
ਚਿੱਠੀ ਮੇਜ ‘ਤੇ ਰੱਖੀ, ਬਹਿਸ ਸ਼ੁਰੂ ਹੋਈ ਤਾਂ ਵਜੀਰ ਉੱਜਲ਼ ਸਿੰਘ ਨਾਲੇ ਜਬਾਬ ਦੇਈ ਜਾਣ,
ਨਾਲੇ ਧਮਕੀ ਦੇਈ ਜਾਣ ਕਿ ਮੈਂ ਦੇਖਾਂਗਾ ਕਿ ਇਹ ਚਿੱਠੀ ਤੁਹਾਡੇ ਹੱਥ ਕਿਵੇਂ ਲੱਗੀ! ਪਰ
ਵਿਰੋਧੀ ਪਾਰਟੀ ਦੀ ਕੋਈ ਸੁਣਦਾ ਨਹੀਂ ਸੀ।
ਨੋਟ: ਕਿਤਾਬ ਵਿੱਚ ਇਹ ਵੀ ਦਰਜ਼ ਹੈ ਕਿ ਬਾਬਾ ਭਗਤ ਸਿੰਘ ਬਿਲਗਾ ਨੇ ਬਾਬਾ ਬਚਨ ਸਿੰਘ
ਘੋਲੀਆ ਨਾਲ ਮੁਲਾਕਾਤ 1980 ‘ਚ ਕੀਤੀ ਸੀ ਤੇ 1984 ‘ਚ ਬਾਬਾ ਬਚਨ ਸਿੰਘ ਘੋਲੀਆ ਇਸ ਦੁਨੀਆਂ
ਨੂੰ ਅਲਵਿਦਾ ਕਹਿ ਗਏ ਸਨ।
ਆਪ ਦਾ ਵੱਡਾ ਪੁੱਤਰ ਜਗਮੇਲ ਸਿੰਘ ਅਜਾਦ ਹਿੰਦ ਫੌਜ ‘ਚ ਸੁਭਾਸ਼ ਚੰਦਰ ਬੋਸ਼ ਦੀ ਹਾਜਰੀ ‘ਚ
ਲੈਫਟੀਨੈਂਟ ਹੋਣ ਸਦਕਾ, ਦੋਹਾਂ ਪਿਓ ਪੁੱਤਾਂ ਨੂੰ ਭਾਰਤ ਸਰਕਾਰ ਵੱਲੋਂ ਤਾਮਰ ਪੱਤਰ ਦੇ ਕੇ
ਸਨਮਾਨਤ ਕੀਤਾ ਗਿਆ। ਇਨ੍ਹਾਂ ਦਾ ਦੂਜਾ ਪੁੱਤਰ ਕਰਨਲ ਹਰਦੇਵ ਸਿੰਘ 1965 ਤੇ 1971 ਦੀਆਂ
ਜੰਗਾਂ ਲੜਨ ਬਾਅਦ ਭਾਰਤੀ ਫੌਜ ‘ਚੋਂ ਰੀਟਾਇਰ ਹੋ ਕੇ ਪ੍ਰਵਾਰ ਸਮੇਤ ਕੈਲੇਫੋਰਨੀਆਂ ਅਮਰੀਕਾ
ਵਿੱਚ ਵਸੇ ਹੋਏ ਹਨ।
ਸੁਦਾਗਰ ਬਰਾੜ ਲੰਡੇ 905 799 8407
ਧੰਨਵਾਦ ਸਹਿਤ: -
‘ਗਦਰੀ ਬਾਬਾ ਕਾ: ਬਚਨ ਸਿੰਘ ਘੋਲੀਆ’ ਦੀ ਜੀਵਨੀ, ਅਮਰਜੀਤ ਸਿੰਘ ਬੱਬਰੀ ‘ਚੋਂ
-0-
-0-
|