ਬਹਾਰੋ
ਜਾਓ ਨੀ ਬਹਾਰੋ ਕਿਸੇ ਹੋਰ ਵਿਹੜੇ ਫੁੱਲ ਖਿੜਾਓ,
ਸਾਡੇ ਬਾਗਾਂ ਨੂੰ ਖਿੜਨ ਦੀ ਇਜਾਜ਼ਤ ਨਹੀਂ ਹੈ।
ਜਾਓ ਨੀ ਹਵਾਓ ਕਿਸੇ ਹੋਰ ਨੂੰ ਠੰਡ ਵਰਤਾਓ,
ਏਥੇ ਮਘ੍ਹਦੀ ਏ ਭੱਠੀ, ਅੰਗਾਰੇ ਨਾ ਖਿਲਾਰੋ,
ਅੱਗ ਬੋਚਣ ਦੀ ਤਲੀਆਂ ਨੂੰ ਆਦਤ ਨਹੀਂ ਹੈ।
ਅਸੀ ਤਾਂ ਆਪਾ ਬਵਾਉਣਾ ਅਜੇ ਆਪਣਿਆਂ ਕੋਲੋਂ,
ਗੈਰਾਂ ਨਾਲ ਆਢਾ ਲਾਈਏ, ਤਾਕਤ ਨਹੀਂ ਹੈ।
ਖਿੜ ਖਿੜ ਕਮਲੀਓ! ਐਵੇਂ ਨਾ ਹੱਸੋ ਨਾ ਵਰ੍ਹ ਵਰ੍ਹ ਪਵੋ,
ਛੱਪਰਾਂ-ਢਾਰਿਆਂ ਨੂੰ ਰੋਣ ਦੀ, ਇਜਾਜ਼ਤ ਨਹੀਂ ਹੈ।
ਜੀਅ ਤਾਂ ਲਲਚਾਵੇ, ਮੁੜ ਮੁੜ ਲਲਚਾਵੇ,
ਅਸੀਂ ਸ਼ੂਕ ਸ਼ੂਕ ਵਗੀਏ, ਅੰਬਰੀ ਤਾਰੀਆਂ ਲਾਈਏ।
ਛਲ-ਛਲ ਵਹਿ ਤੇਰੀਏ, ਪਹਾੜੀ ਨਦੀ ਦੀ ਤਰ੍ਹਾਂ,
ਠੋਏ-ਟਿੱਬੇ ਗੰਦ-ਮੰਦ, ਦੁਮੇਲੋਂ ਦੂਰ ਲੈ ਜਾਈਏ।
ਵੈਰਨੋ! ਸਰਾਪੀ ਰੂਹ ਨੂੰ, ਇਹ ਇਜਾਜ਼ਤ ਨਹੀਂ ਹੈ!
ਅੱਗ ਬੋਚਣ ਦੀ ਤਲੀਆਂ ਨੂੰ ਆਦਤ ਨਹੀਂ ਹੈ!!
ਇਕ ਸੁਆਲ
ਜਦ ਵੀ ਕਿਸੇ ਧੀਅ ਦੇ ਅੱਥਰੂ ਛਲਕੇ
ਦਿਲ ਭਰ ਆਇਆ-
ਨਾ ਮੁੱਕਣ ਵਾਲਾ ਕੋਈ ਦਰਦ ਹੰਡਾਇਆ।
ਦਿੱਤਾ, ਤਾਂ ਬਸ ਇਕ ਧਰਵਾਸਾ
ਇਕ ਦਿਲਾਸਾ-
ਧੀਏ ਤੇਰੇ ਲੇਖ।
ਭਵਪਨ ਵਿਚ ਮਾਂ ਕੋਲੋਂ ਸੁਣਿਆਂ
ਨਾਨੀ ਵੀ ਇਹੀ ਸੁਣਾਇਆ
ਕਿ- ਜਦ ਕੋਈ ਬੱਚਾ ਜਨਮ ਲਵੇ
ਵਿਧ-ਮਾਤਾ ਉਸਦੇ ਲੇਖ ਲਿਖੇ
ਸੁੱਤਾ ਸੁੱਤਾ ਬਾਲ ਜੇ ਰੋਵੇ
ਵਿਧ ਮਾਤਾ ਹੀ ਰੋਣ ਰੁਵਾਵੇ
ਬਾਲ ਜੇ ਈਕਣ ਮੁਸਕਾਉਂਦਾ ਹੈ
ਵਿਧ-ਮਾਤਾ ਉਸ ਨੂੰ ਆਪ ਹਸਾਵੇ!
ਇੰਝ ਖਿਡਾਉਣੇ ਬਣਾ ਬਣਾ ਕੇ ਮਾਤਾ ਆਪ ਖੇਡਦੀ ਹੈ?
ਜਾਂ ਸਾਰੇ ਜੱਗ ਨੂੰ ਖਿਡਾਉਂਦੀ ਹੈ?
ਜੋ ਮੇਰੀ ਸਮਝੇ ਕਦੀ ਨਹੀਂ ਆਇਆ
ਜਾਂ ਤੱਤੇ ਮਨ ਦੇ ਸਵਾਲ ਖ਼ਲਾਅ‘ਚ ਭਟਕਦੇ ਨੇ!
ਨੀ ਵਿਧ-ਮਾਤਾ
ਨੀ ਮਾਤਾ-ਰਾਣੀਏ ਦੱਸ ਦੇ
ਧੀਆਂ ਦੇ ਲੇਖ ਤੂੰ ਆਪ ਲਿਖੇ
ਜਾਂ ਤੇਰੇ ਪੈਰੋਕਾਰਾਂ ਆਪੇ ਹੀ ਮਿਥ ਲਏ?
ਇਹ ਹੱਸਦੇ ਰੋਂਦੇ ਖਿਡਾਉਣੇ…
ਸਵਾਲੀ ਨੇ ਕਿ ਧੀਆਂ ਦੇ ਲੇਖ ਕੌਣ ਲਿਖਦੈ?
ਤੈਨੂੰ ਕੁਝ ਪਤਾ ਲੱਗੈ…ਤੈਨੂੰ ਕੁਝ ਪਤਾ ਲਗੈ!!
ਮੈਂ ਨਿਤਾਣੀ ਨਹੀਂ ਹਾਂ!
ਮੈਂ ਵੇਲ ਹਾਂ, ਲਿਪਟੀ ਹਾਂ ਤੇਰੇ ਆਸਰੇ
ਪਰ, ਕਮਜ਼ੋਰ ਨਹੀਂ ਹਾਂ।
ਇਹ ਤਾਂ ਮੇਰੀ ਫਿ਼ਤਰਤ ਹੈ-
ਤੈਨੂੰ ਵਡਿਆਉਣ ਦੀ
ਤੈਨੂੰ ਉਚਿਆਉਣ ਦੀ
ਤੂੰ ਮੈਨੂੰ ਕਮਜ਼ੋਰ ਕਰਨ ਦੀ ਭੁੱਲ ਨਾ ਕਰੀਂ!
ਮੰਗਦੀ ਹਾਂ ਤੇਰੀ ਛਾਂ ਕਿ ਤੇਰਾ ਗਰੂਰ ਬਣਿਆ ਰਹੇ
ਵਿਹੰਦੀ ਹਾਂ ਤੇਰੀ ਰਾਹ ਕਿ ਤੇਰਾ ਸਰੂਰ ਬਣਿਆ ਰਹੇ
ਝੁਕਦੀ ਹਾਂ ਤੇਰੇ ਅੱਗੇ ਕਿ ਤੇਰੀ ਸ਼ਾਨ ਵਧਦੀ ਰਹੇ
ਨਿਮਾਣੀ ਹਾਂ ਤਾਂ ਇਸ ਲਈ ਕਿ ਤੇਰਾ ਮਾਣ ਬਣਿਆ ਰਹੇ।
ਪਰ, ਤੂੰ ਮੇਰਾ ਅੰਨਦਾਤਾ ਨਹੀਂ
ਤੇ ਨਾਂ ਹੀ ਮੈਂ ਚੰਮ ਦੀ ਗੁੱਡੀ
ਸਗੋਂ, ਮੈਂ ਤੇਰੀ ਅੰਨ-ਪੂਰਣਾ ਹਾਂ!
ਇਹ, ਘਰ ਵੀ ਮੇਰੇ ਸਦਕੇ
ਇਹ, ਜੱਗ ਵੀ ਮੇਰੇ ਸਦਕੇ
ਮੈਂ ਤਾਂ ਤੇਰੇ ਰੱਥ ਦਾ ਉਹ ਪਹੀਆ ਹਾਂ
ਜੋ ਗ੍ਰਹਿਸਥ ਦਾ ਰੱਥ ਰੇੜ੍ਹਦਾ ਹੈ
ਤੇ ਫਿਰ, ਚੱਕੀ ਦਾ ਪੁੜ ਵੀ ਬਣਦਾ ਹੈ।
ਮੈਂ ਹੀ ਸਾਂ
ਭਗੌਤੀ…ਦੁਰਗਾ
ਤੇ ਕਦੀ ਕਾਲੀ ਮਾਤਾ
ਦੁਸ਼ਮਣਾਂ ਦਾ ਸੰਹਾਰ ਕਰਦੀ ਰਹੀ
ਪਾਰਵਤੀ, ਫਿਰ ਸਤੀ ਵੀ ਬਣੀ-
ਤੇਰੀ ਚਿਤਾ ਨਾਲ ਜਿੰਦਾ ਵੀ ਸੜਦੀ ਰਹੀ!
ਝਾਂਸੀ ਦੀ ਰਾਣੀ-
ਮਦਰ ਟੈਰੇਸਾ-
ਮੇਰਾ ਹੀ ਰੂਪ ਸਨ!
ਹਾਂ, ਮੈਂ ਵੇਲ ਹਾਂ
ਤੇਰੇ ਗਲ ਲੱਗੀ
ਪਰ, ਨਿਤਾਣੀ ਨਹੀਂ ਹਾਂ
ਇਹ ਤਾਂ ਮੇਰੀ ਫਿ਼ਤਰਤ ਹੈ-
ਤੈਨੂੰ ਵਡਿਆਉਣ ਦੀ
ਤੈਨੂੰ ਉਚਿਆਉਣ ਦੀ
ਮੈਨੂੰ ਅਬਲਾ ਸਮਝਣ ਦੀ ਭੁੱਲ ਨਾ ਕਰੀਂ!!
ਆਖਿਰ ਕਦ ਤਕ!
ਕਦ ਤਕ ਦੇਵੇਗੀ ਸੀਤਾ ਅਗਨ ਪ੍ਰੀਖਿਆ
ਕਦ ਤਕ ਧੋਬੀ ਦੂਸ਼ਨ ਲਾਉਂਦੇ ਰਹਿਣਗੇ
ਕਦ ਤਕ ਤਾਰੇਗੀ ਮੁੱਲ-
ਆਪਣੀ ਹੋਣੀ ਦਾ ਇਹ ਔਰਤ?
ਕਦ ਤਕ ਇਹ ਰਾਵਣ ਜਿੳਂਦੇ ਰਹਿਣਗੇ?
ਕਦੋਂ ਤਕ ਹਾਰੀ ਜਾਵੇਗੀ-
ਦਰੋਪਦੀ ਭਰੇ ਦਰਬਾਰ ਦੇ ਅੰਦਰ
ਇਨਸਾਨ ਨਹੀਂ…
ਸਿਰਫ਼, ਹਾਂ ਸਿਰਫ਼ ਬਣ ਕੇ ਇਕ ਵਸਤੂ!
ਕਦ ਤਕ ਇਹ ਰਾਵਣ ਜਿਉਂਦੇ ਰਹਿਣਗੇ?
ਕਿਉਂ ਸਰਾਪੀ ਜਾਵੇ ਅੱਹਲਿਆ?
ਨਿਰਦੋਸ਼ ਹੀ!
ਕਦ ਤਕ ਧਰੋਹ ਕਮਾਂਉਦੇ ਰਹਿਣਗੇ?
ਇੰਦਰ ਜਿਹੇ ਧਰੋਹੀ!
ਕਿਵੇਂ ਸਾਬਿਤ ਕਰੇਗੀ ਕੋਈ-
ਸਤ ਆਪਣਾ…ਜਿਉਂਦੇ ਜੀ?
ਨਿਅਮਤਾਂ ਦੇ ਮਾਲਕਾ ਰੱਬਾ!
ਸੀਤਾ, ਦ੍ਰੋਪਦੀ, ਅੱਹਿਲਿਆ
ਅੱਜ ਵੀ ਥਾਂ ਥਾਂ ਵਿਲਕਦੀਆਂ
ਤੈਨੂੰ ਹੀ ਪ੍ਰਸ਼ਨ ਕਰਦੀਆਂ-
ਕਦੋਂ ਤਕ ਤੇਰੇ ਫ਼ਰਜੰ਼ਦ ਅਜ਼ਮਾਉਂਦੇ ਰਹਿਣਗੇ?
ਕਦੋਂ ਤਕ…ਅਜ਼ਮਾੳਂੁਦੇ…ਰਹਿਣਗੇ??
ਗੀਤ
ਕੀ ਦਸਾਂ ਨੀ ਸਈਓ
ਕਿਵੇਂ ਗੁਜ਼ਰੀ, ਕਿਵੇਂ ਬੀਤੀ ਤੇ ਕੀ ਹੋਈ
ਮੈਂ ਚੰਨ ਦੀ ਰਿਸ਼ਮ ਸਾਂ ਜੁ ਬਿਨ ਚਮਕੇ ਫ਼ਨਾਂ ਹੋਈ।
ਮੇਰੇ ਹਿੱਸੇ ਦਾ ਸੂਰਜ ਸੀ
ਜੋ ਮੈਥੋਂ ਖੋਹ ਲਿਆ ਜਿਸਨੇ-
ੳਹ ਤਕਦੀਰ ਹੀ ਐਸੀ ਸੀ ਜੁ ਬਣ ਤਦਬੀਰ ਅਦਾ ਹੋਈ।
ਇਹ ਕੈਸੀ ਬਿਜਲੀ ਸੀ ਨਾ ਚਮਕੀ ਤੇ ਨਾ ਗਰਜ਼ੀ
ਘਟਾ ਕਾਲੀ, ਡਿਗੀ ਬਣ ਬਿਜ਼ਲੀ-
ਮੇਰੇ ਆਸਿ਼ਆਨੇ ਤੇ ਲਾਂਬੂ ਲਾ ਪਰ੍ਹਾਂ ਹੋਈ।
ਖ਼ੁਸ਼ ਹਾਂ, ਬਹੁਤ ਖ਼ੁਸ਼ ਹਾਂ…ਗ਼ਮ ਨਹੀਂ ਕੋਈ
ਇਹੀ ਅਹਿਸਾਸ ਅਸਾਸਾ ਹੈ-
ਤੇਰੇ ਹੀ ਵਾਸਤੇ ਹੋਈ…ਜਦ ਜਦ ਜਿ਼ਬ੍ਹਾ ਹੋਈ।
ਕੀ ਦਸਾਂ ਨੀ ਸਈਓ
ਕਿਵੇਂ ਗੁਜ਼ਰੀ, ਕਿਵੇਂ ਬੀਤੀ ਤੇ ਕੀ ਹੋਈ
ਮੈਂ ਚੰਨ ਦੀ ਰਿਸ਼ਮ ਸਾਂ ਜੁ ਬਿਨ ਚਮਕੇ ਫ਼ਨਾਂ ਹੋਈ।
ਕੀ ਮੇਰਾ ਸਿਰਨਾਵਾਂ
ਆਪੇ ਦਰਦ ਕਮਾਵਾਂ ਨੀ ਮੈਂ
ਆਪੇ ਦਰਦ ਕਮਾਵਾਂ।
ਕਿਹੜਾ ਮੇਰਾ ਟਿਕਾਣਾ ਅੜੀਓ,
ਕੀ ਲਿਖਾਂ ਸਿਰਨਾਵਾਂ!
ਇਸ ਘਰ ਤੋਂ ਉਸ ਘਰ ਤਾਈਂ,
ਡੱਕਮ-ਡੋਲੀ ਹੋਈ।
ਨਾ ਮੈਂ ਖਿੜ ਖਿੜ ਹੱਸੀ,
ਨਾ ਕਦੀ ਅੜੀਓ ਰੋਈ।
ਦਿਲ ਦੇ ਜ਼ਖਮ ਲੁਕਾਵਣ ਖ਼ਾਤਰ-
ਤਰਲੋ ਮੱਛੀ ਹੋਈ!
ਕਦੋਂ ਦਿਨ ਚੜ੍ਹਿਆ ਕਦੋਂ ਧੁੱਪ ਨਿੱਖਰੀ,
ਪਤਾ ਨਾ ਮੈਨੂੰ ਲੱਗਾ।
ਪਹਿਰ ਤੇ ਘੜੀਆਂ ਗਿਣਦੀ ਰਹਿ ਗਈ,
ਕਦ ਢਲ ਗਏ ਪਰਛਾਵੇਂ-
ਸਮਝ ਨਾ ਮੈਨੂੰ ਆਈ!
ਹੌਲੀ ਹੌਲੀ ਤੋਰੇ ਤੁਰਿਆਂ ਪੈਂਡਾ ਮੁਕਦਾ ਨਾਹੀਂ,
ਨਾ ਕਿਤੇ ਮੈਂ ਅਪੜ ਸੱਕੀ ਨਾ ਕੋਈ ਮੰਜ਼ਲ ਆਈ।
ਰੇਤ ਜਿਵੇਂ ਪਈ ਮੁੱਠੀਓਂ ਕਿਰਦੀ,
ਇਓਂ ਕਿਰ ਗਏ ਹਮਸਾਏ-
ਇਹੀ ਮੇਰੀ ਰੁਸਵਾਈ!
ਤੁਰਣਾ ਮੈਂ ਤਾਂ ਬਹੁਤ ਹੈ ਤੁਰਣਾ,
ਜਦ ਤਕ ਸਾਹ-ਸਤ ਆਏ।
ਦਰਦ ਪਰੁਤੀ ਰੂਹ ਨਾਲ ਢਲ ਜਾਏ,
ਇਹੀ ਮੰਗਾਂ ਦੁਆਵਾਂ-
ਇਹੀ ਹੈ ਅਰਜ਼ੋਈ!
-0-
|