1.
ਵਾਕਫ਼ੀ ਨੂੰ ਦੋਸਤੀ ਨਾ ਮੰਨ ਲੈਣਾ
ਮੂੰਹ-ਮੁਲਾਜ਼ਾ, ਦਿਲਬਰੀ ਨਾ ਮੰਨ ਲੈਣਾ॥
ਤੂੰ ਹੈਂ ਸਭ ਦਾ ਮੰਨ ਕੇ ਤੁਰਨਾ ਤੇਰੀ ਮਰਜ਼ੀ
ਸਭ ਨੇ ਤੇਰੇ, ਭੁਲ ਕੇ ਵੀ ਨਾ ਮੰਨ ਲੈਣਾ॥
ਦੀਨ ਦੁਨੀ ਦਾ ਮਾਮਲਾ ਜਾਂ ਹੋਵੇ ਦਿਲ ਦਾ
ਜੋ ਨਹੀਂ, ਉਹ ਹੈ, ਕਦੀ ਨਾ ਮੰਨ ਲੈਣਾ॥
ਪਾਣੀ ਨਈਂ ਹੁੰਦਾ ਹਰ ਇਕ ਸ਼ੀਸ਼ੇ ਦੇ ਨੈਣੀਂ
ਕੱਚ ਹਰ ਇਕ, ਆਰਸੀ ਨਾ ਮੰਨ ਲੈਣਾ॥
ਕਾਫ਼ਲੇ ਵਿਚ ਹਮਕਦਮ ਹਮਦਮ ਹੋ ਸਕਦੈ
ਏਸ ਨੂੰ, ਪਰ ਲਾਜ਼ਮੀ ਨਾ ਮੰਨ ਲੈਣਾ॥
ਇਸ ‘ਚ ਨਾ ਹੈ ਬੇਵਫ਼ਾਈ ਦੀ ਸਹੂਲਤ
ਦੁਸ਼ਮਣੀ ਨੂੰ, ਦੋਸਤੀ ਨਾ ਮੰਨ ਲੈਣਾ॥
ਚੁੱਪ ਹੁੰਦੀ ਹੈ ਭਲੀ ਪਰ ਚੁੱਪ ਵੇਲੇ
ਬੋਲਣੇ ਵੇਲੇ ਭਲੀ ਨਾ ਮੰਨ ਲੈਣਾ॥
ਵੇਲੇ ਸਿਰ ਹੋਵੇ ਤਾਂ ਸਭ ਨੂੰ ਪੈਰੀਂ ਪਾਏ
ਚੁੱਪ ਸਦ ਹੀ, ਨਿਰਬਲੀ ਨਾ ਮੰਨ ਲੈਣਾ॥
ਕੱਚੇ ਤੇ ਠਿਲਣਾ ਝਨਾ ਵੀ ‘ਪ੍ਰੀਤ’ ਆਖੇ
ਪਰ ਹਰ ਇਕ ਹੀ, ਓਸਦੀ ਨਾ ਮੰਨ ਲੈਣਾ॥
2.
ਦਿਲ ਦੇ ਵੱਲ ਨੂੰ ਤੁਰਦਾਂ ਰੁਕ ਜਾਨਾ।
ਬੱਸ ਏਨਾ ਕੁ ਹੈ ਮੇਰਾ ਅਫ਼ਸਾਨਾ॥
ਬਰਸਾਤ ਆਈ ਸ਼ਰਾਬ ਵਰੀ ਸੀ ਜਦ
ਖਾਲੀ ਨਾ ਸੀ ਮੇਰਾ ਪੈਮਾਨਾ॥
ਲੱਭ ਰਿਹਾਂ ਦਿਲ ਬਾਜ਼ਾਰ ਗਲੀ ਗਲੀ
ਦਿਲ ਅਪਣੇ ਤੋਂ ਹੋ ਕੇ ਬੇਗਾਨਾ॥
ਕੀ ਇਸ ਨੂੰ ਹੀ ਕਹਿੰਦੇ ਨੇ ਸਿਆਣਪ
ਦਿਲ ਦਾ ਜੋ ਵੀ ਹੈ ਉਹ ਬਚਕਾਨਾ॥
ਥਾਂ ਥਾਂ ਮਹਿਫ਼ਲ ਹੈ ਕਲਮ ਝਰੀਟਾਂ ਦੀ
ਦਿਲ ਦੀ ਝਰੀਟ ਹੈ ਮੇਰਾ ਅਫ਼ਸਾਨਾ॥
ਵਾਕਿਫ਼ ਹੋਏ ਜਦ ਇਕ ਅਪਣੇ ਤੋਂ
ਤਦ ਸਮਝੇ ਕੀ ਹੁੰਦਾ ਬੇਗਾਨਾ॥
ਪਿੰਡ ਛੱਡੇ ਤਾਂ ਪਿੰਡਾ ਵੀ ਛੱਡ ਜਾਏ
ਰੂਹ ਜਿਹਾ ਹੈ ਕੌਣ ਫ਼ਕੀਰਾਨਾ॥
-0-
|