ਪੰਜਾਬੀ ਦੇ ਸਿਰਮੌਰ ਗਲਪ ਸ਼ਾਸਤਰੀ ਡਾ. ਜੋਗਿੰਦਰ ਸਿੰਘ ਰਾਹੀ ਨਾਲ ਮੇਰਾ
ਅਕਾਦਮਿਕ ਕਿਸਮ ਦਾ, ਪਰ ਫਿਰ ਵੀ ਬਹੁਤ ਨੇੜਲਾ ਸਬੰਧ ਰਿਹਾ। ਸਾਲ 1983-84
ਦੌਰਾਨ ਜਦੋਂ ਮੈਂ ਐਮ.ਫ਼ਿਲ ਦਾ ਕੰਮ ਕਰ ਰਿਹਾ ਸਾਂ ਤਾਂ ਮੇਰੇ ਨਿਗਰਾਨ ਡਾ.
ਕੇਸਰ ਹੋਰਾਂ ਮੈਨੂੰ ਵਿਸ਼ੇਸ਼ ਲੈਕਚਰ ਲੈਣ ਲਈ ਡਾ. ਰਵਿੰਦਰ ਰਵੀ ਅਤੇ ਡਾ.
ਜੋਗਿੰਦਰ ਸਿੰਘ ਰਾਹੀ ਕੋਲ ਭੇਜਿਆ। ਉਨ੍ਹਾਂ ਦੀ ਸਮੀਖਿਆ-ਸ਼ਕਤੀ ਦਾ ਤਾਂ
ਮੈਂ ਪਹਿਲਾਂ ਹੀ ਕਾਇਲ ਸਾਂ, ਮਿਲਨ ਪਿੱਛੋਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ
ਭਾਸ਼ਣ-ਕਲਾ ਦਾ ਜਾਦੂ ਵੀ ਮੇਰੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ। ਸਾਲ
1988-89 ਵਿਚ ਕਰਮਜੀਤ ਸਿੰਘ ਕੁੱਸਾ ਦੇ ਨਾਵਲਾਂ ਬਾਰੇ ਆਲੋਚਨਾ ਦੀ ਕਿਤਾਬ
ਦਾ ਸੰਪਾਦਨ ਕਰਨ ਲੱਗਿਆ ਤਾਂ ਸੇਧ ਲੈਣ ਲਈ ਡਾ. ਜੋਗਿੰਦਰ ਸਿੰਘ ਰਾਹੀ ਨਾਲ
ਫਿਰ ਰਾਬਤਾ ਬਣਿਆ ਰਿਹਾ। ਫਿਰ ਖ਼ੁਦ ਜਦੋਂ ਯੂਨੀਵਰਸਿਟੀ ਵਿਚ ਆ ਗਿਆ ਤਾਂ
ਸੈਮੀਨਾਰਾਂ ਦੇ ਬਹਾਨੇ ਡਾ. ਰਾਹੀ ਨਾਲ ਮੁਲਾਕਾਤ ਦਾ ਸਬੱਬ ਅਕਸਰ ਬਣ
ਜਾਂਦਾ। ਕਦੇ ਕਦੇ ਦੂਰ ਦੀ ਵਾਟ ਕਾਰਣ ਮਿਲਨ ਪਟਿਆਲੇ ਤੋਂ ਅੰਮ੍ਰਿਤਸਰ ਨਾ
ਜਾ ਸਕਦਾ ਤਾਂ ਚਿੱਠੀ ਲਿਖ ਕੇ ਆਪਣੀ ਸਮੱਸਿਆ ਦਾ ਹੱਲ ਪੁੱਛਦਾ। ਮੂਡ
ਹੁੰਦਾ ਤਾਂ ਉਹ ਜੁਆਬ ਲਿਖ ਦਿੰਦੇ। ਇਕ ਸਮੇਂ ਉਨ੍ਹਾਂ ਨੇ ਪੰਜਾਬੀ ਦੀ ਥਾਂ
ਅੰਗਰੇਜ਼ੀ ਵਿਚ ਲਿਖਣ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ। ਮੈਂ ਉਨ੍ਹਾਂ
ਦਿਨਾਂ ਵਿਚ ‘ਨਵਾ ਜ਼ਮਾਨਾ‘ ਅਖ਼ਬਾਰ ਵਿਚ ‘ਅਦਬਨਾਮਾ‘ ਨਾਂ ਦਾ ਕਾਲਮ ਲਿਖਦਾ
ਸਾਂ। ਮੈਂ ਇਕ ਕਾਲਮ ਵਿਚ ਭਾਵੁਕ ਹੋ ਕੇ ਲਿਖੇ ਆਪਣੇ ਵਿਚਾਰਾਂ ਨੂੰ
ਸਿਰਲੇਖ ਦਿੱਤਾ ‘ਮੇਰਾ ਮੁਰਸ਼ਦ ਮੋੜ ਲਿਆਓ‘। ਇਸ ਦੀ ਪ੍ਰਤੀਕਿਰਿਆ ਵਿਚ
ਉਨ੍ਹਾਂ ਨੇ ਚਿੱਠੀ ਲਿਖੀ। ਮੈਨੂੰ ਉਨ੍ਹਾਂ ਦੀਆਂ ਸਿਰਫ ਦੋ ਚਿੱਠੀਆਂ ਹੀ
ਲੱਭ ਸਕੀਆਂ ਹਨ, ਜੋ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ :
ਬੀ-15,
ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰਮ੍ਰਿਤਸਰ
3.11.95
ਪਿਆਰੇ ਬਲਦੇਵ,
ਤੇਰੀ ਮੁਹੱਬਤ ਭਰੀ ਚਿੱਠੀ ਮਿਲੀ। ਨਵਾਂ ਜ਼ਮਾਨਾ ਵਾਲਾ ਲੇਖ ਮੈਨੂੰ ਪਹਿਲਾਂ
ਹੀ ਕਿਸੇ ਨੇ ਪੜ੍ਹਾ ਦਿੱਤਾ ਸੀ। ਪਰ ਜਦੋਂ ਇਹ ਮੈਨੂੰ ਤੇਰੇ ਆਪਣੇ ਵੱਲੋਂ
ਵੀ ਮਿਲਿਆ ਤਾਂ ਚੰਗਾ ਲੱਗਾ। ਤੇਰੀ ਸਾਫ਼ਗੋਈ ਅੱਛੀ ਲੱਗੀ ਹੈ।
ਜਦੋਂ ਦਾ ਅੰਗਰੇਜ਼ੀ ਵਿਚ ਲਿਖਣਾ ਸ਼ੁਰੂ ਕੀਤਾ ਹੈ, ਪੰਜਾਬੀ ਵਿਚ ਜ਼ਿਆਦਾ
ਸਲੀਸ (ਸਪੱਸ਼ਟ ਅਤੇ ਸੁਖਾਲਾ) ਢੰਗ ਨਾਲ ਸੋਚਣ ਲਗ ਪਿਆ ਹਾਂ। ਪਰ ਜੋ ਲਿਖਦਾ
ਹਾਂ ਕੋਲ ਰੱਖੀ ਜਾਂਦਾ ਹਾਂ। ਛਪਵਾਉਣ ਦੀ ਕਾਹਲ ਮਹਿਸੂਸ ਨਹੀਂ ਹੁੰਦੀ।
ਮਹਿਸੂਸ ਹੋਵੇ ਵੀ ਕਿਵੇਂ ? ਕਿਸੇ ਨੂੰ ਇਸਦੀ ਉਡੀਕ ਵੀ ਨਹੀਂ ਤੇ ਲੋੜ ਵੀ
ਨਹੀਂ। ਇਸ ਹਾਲਤ ਵਿਚ ਮੇਰੇ ਅੰਦਰ ਸੁੱਤਾ ਰਚਨਾਕਾਰ ਇਕ ਨਵੀਂ ਸ਼ਕਲ ਵਿਚ
ਜ਼ਾਹਰ ਹੋ ਰਿਹਾ ਹੈ।
ਅੱਜਕੱਲ੍ਹ ਅਸੀਂ ਕੁਝ ਦੋਸਤ ਇਥੇ ਇਕ ਝਚ;ਵਜ;ਜਅਪਚ :ਜਵਕਗ਼ਗਖ Øਰਗਚਠ ਬਣਾਉਣ
ਦੀ ਕੋਸ਼ਿਸ਼ ਵਿਚ ਹਾਂ। ਕਾਫੀ ਸੰਜੀਦਾ ਦੋਸਤਾਂ ਵੱਲੋਂ ਚੰਗਾ ਹੁੰਗਾਰਾ
ਮਿਲਿਆ ਹੈ। ਜਿਵੇਂ ਹੀ ਗੱਲ ਸਿਰੇ ਚੜ੍ਹਦੀ ਹੈ, ਤੁਹਾਨੂੰ ਦੱਸਾਂਗੇ ਤੇ ਇਸ
ਫੋਰਮ ਦੇ ਤਹਿਤ ਜਲੰਧਰ ਵਿਖੇ ਪਹਿਲਾ ਸੈਮੀਨਾਰ ਕਰਾਂਗੇ। ਅਗਲੇ ਸੈਮੀਨਾਰ
ਪੰਜਾਬ ਦੇ ਹੋਰ ਸ਼ਹਿਰਾਂ ਵਿਚ ਕਰਾਂਗੇ। ਤਿਗੜਮਬਾਜ਼ ਸਿਆਸਤਦਾਨਾਂ ਜਾਂ
ਲੇਖਕਾਂ ਜਾਂ ਆਲੋਚਕਾਂ ਲਈ ਇਸਦੇ ਪ੍ਰਬੰਧਕੀ ਢਾਂਚੇ ਵਿਚ ਕੋਈ ਥਾਂ ਨਹੀਂ
ਹੋਵੇਗੀ। ਕਿਸੇ ਤੋਂ ਕੋਈ ਪੈਸਾ ਨਹੀਂ ਮੰਗਾਂਗੇ। ਜਿਸਨੂੰ ਜੇ ਕੋਈ
ਸ਼ਰਮ-ਹਯਾ ਹੋਈ ਤਾਂ ਪੈਸਾ ਆਪਣੇ ਆਪ ਆ ਜਾਵੇਗਾ। ਨਾ ਵੀ ਆਇਆ ਤਾਂ ਕਾਫ਼ਲਾ
ਫਿਰ ਵੀ ਚਲਦਾ ਰਹੇਗਾ।
ਅੰਗਰੇਜ਼ੀ ਵਿਚ ਇਸ ਲਈ ਨਹੀਂ ਲਿਖਦਾ ਕਿ ਪੰਜਾਬੀ ਨਾਲ ਮੁਹੱਬਤ ਨਹੀਂ। ਬਲਕਿ
ਇਸ ਲਈ ਲਿਖਦਾ ਹਾਂ ਕਿ ਪੰਜਾਬੀ ਨਾਲ ਮੁਹੱਬਤ ਕੁਝ ਜ਼ਿਆਦਾ ਹੈ। ਜਿਨ੍ਹਾਂ
ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਉਨ੍ਹਾਂ ਦੀ ਕਰੋਪੀ ਦਾ ਸ਼ਿਕਾਰ ਹਾਂ। ਪਰ
ਮੈਂ ਆਪਣਾ ਕੰਮ ਆਪਣੀ ਰੋਸ਼ਨੀ ਮੁਤਾਬਕ ਕਰਾਂਗਾ। ਤੇਰੇ ਜਜ਼ਬਾਤ ਮੈਨੂੰ ਸਮਝ
ਆਉਂਦੇ ਹਨ। ਪਰ ਇਨ੍ਹਾਂ ਜਜ਼ਬਾਤਾਂ ਦੀ ਪੈਰਵੀ ਦਾ ਤਰੀਕਾ ਮੇਰਾ ਆਪਣਾ ਹੈ।
ਪਿਛਲੇ ਦਿਨੀਂ ਅਜਾਇਬ ਹੁੰਦਲ ਦੀਆਂ ਦੋ ਰਚਨਾਵਾਂ ਬਾਰੇ ਆਪਣੇ ਖਰਚੇ ਤੇ
ਸੈਮੀਨਾਰ ਕੀਤਾ ਸੀ। ਉਸਦੀ ਕਾਪੀ ਭੇਜ ਰਿਹਾ ਹਾਂ।
ਪਿਆਰ ਨਾਲ
ਤੇਰਾ
ਜੋਗਿੰਦਰ ਸਿੰਘ ਰਾਹੀ
ਡਾ. ਬਲਦੇਵ ਸਿੰਘ ਧਾਲੀਵਾਲ
ਲੈਕਚਰਾਰ (ਪੰਜਾਬੀ)
ਪੱਤਰ ਵਿਹਾਰ ਸਿੱਖਿਆ ਵਿਭਾਗ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ।
...
ਜੇ.ਐਸ. ਰਾਹੀ,
ਪ੍ਰੋਫੈਸਰ ਐਂਡ ਨੈਸ਼ਨਲ ਲੈਕਚਰਾਰ (ਯੂ.ਜੀ.ਸੀ. 1991)
ਪਿਆਰੇ ਬਲਦੇਵ,
ਮੇਰੇ ਤੋਂ ਕਦੇ ਕਿਸੇ ਚਿੱਠੀ ਦਾ ਜਵਾਬ ਏਨੀ ਛੇਤੀ ਨਹੀਂ ਦੇ ਹੋਇਆ ਜਿੰਨੀ
ਛੇਤੀ ਮੈਂ ਤੇਰੀ ਚਿੱਠੀ ਦਾ ਜਵਾਬ ਦੇ ਰਿਹਾ ਹਾਂ। ਹੁਣੇ ਤੇਰੀ ਚਿੱਠੀ
ਮਿਲੀ ਹੈ ਤੇ ਹੁਣੇ ਮੈਂ ਜਵਾਬ ਦੇਣ ਬਹਿ ਗਿਆ ਹਾਂ।
ਤੇਰੇ ਕਿਸੇ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ, ਕੋਈ ਸੁਝਾਵ ਨਹੀਂ।
ਮੇਰੀ ਸੋਚ ਇਕ ਪੰਛੀ ਹੈ ਜਿਸਨੂੰ ਹਰ ਸਰਸਬਜ਼ ਟਹਿਣੀ ਬਹਿਣ ਦੀ ਇਜਾਜ਼ਤ ਦੇ
ਦੇਂਦੀ ਹੈ। ਜੋ ਚੁਗਦਾ ਹਾਂ, ਆਪਣੇ ਢੰਗ ਨਾਲ ਅੱਗੇ ਉਗਲ ਦੇਂਦਾ ਹਾਂ। ਇਸ
ਲਈ ਹੀ ਮੈਂ ਸਨਦਬੱਧ ਵਿਦਵਾਨ ਨਹੀਂ ਹਾਂ। ਰਿਟਾਇਰ ਹੋਣ ਪਿੱਛੋਂ ਸ਼ਾਇਦ
ਸਨਦਬੱਧ ਹੋਣ ਦੀ ਕੋਸ਼ਿਸ਼ ਕਰਾਂ, ਜੇ ਜ਼ਿੰਦਗੀ ਨੇ ਸਾਥ ਦਿੱਤਾ।
ਮੈਨੂੰ ਜ਼ਿੰਦਗੀ ਵਿਚ ਬਹੁਤ ਮੁਹੱਬਤ ਮਿਲੀ ਹੈ, ਪਰ ਵਿਰਲਿਆਂ ਤੋਂ। ਤੂੰ
ਉਨ੍ਹਾਂ ਵਿਰਲਿਆਂ ਵਿਚੋਂ ਹੈੇਂ। ਮੈਂ ਕਦੇ ਕਿਸੇ ਤੋਂ ਕਦੇ ਕੁਝ ਮੰਗਿਆ
ਨਹੀਂ, ਪਰ ਮੈਨੂੰ ਬਹੁਤ ਮਿਲਿਆ ਹੈ। ਮੈਨੂੰ ਯਕੀਨ ਹੈ ਤੂੰ ਵੀ ਮੰਗਤਾ
ਨਹੀਂ ਬਣੇਂਗਾ।
ਬਸ ਇਕ ਹਸਰਤ ਹੈ : ਮੈਂ ਜੋ ਕਰਨਾ ਹੈ, ਉਸਦਾ ਫ਼ੈਸਲਾ ਮੈਂ ਆਪ ਕਰਾਂ; ਮੇਰੇ
ਨਾਲ ਕੰਮ ਕਿਨ੍ਹਾਂ ਕਰਨਾ ਹੈ, ਉਹ ਮੇਰੀ ਚੋਣ ਹੋਣ; ਮੈਂ ਕੰਮ ਕਿਵੇਂ ਕਰਨਾ
ਹੈ, ਇਹ ਮੇਰਾ ਹੱਕ ਹੋਵੇ; ਇਹ ਕੰਮ ਮੈਂ ਕਿੰਨੇ ਸਮੇਂ ਵਿਚ ਕਰਨਾ ਹੈ, ਇਸ
ਬਾਰੇ ਮੈਂ ਆਜ਼ਾਦ ਹੋਵਾਂ।
ਤੈਨੂੰ ਆਪਣੇ ਹੁਣੇ ਹੁਣੇ ਲਿਖੇ ਦੋ ਲੇਖਾਂ ਦੀ ਕਾਪੀ ਭੇਜ ਰਿਹਾ ਹਾਂ।
ਸ਼ਾਇਦ ਇਨ੍ਹਾਂ ਤੋਂ ਤੈਨੂੰ ਮੇਰੀ ਸੋਚ ਦਾ ਕੁਝ ਪਤਾ ਚੱਲ ਸਕੇ। ਇਹ ਲੇਖ
ਅਜੇ ਛਪੇ ਨਹੀਂ। ਕਦੋਂ ਛਪਣਗੇ, ਮੈਨੂੰ ਪਤਾ ਨਹੀਂ। ਛਪਣਗੇ ਵੀ ਜਾਂ ਨਹੀਂ,
ਮੈਨੂੰ ਪਤਾ ਨਹੀਂ। ਮੈਂ ਕਈ ਲੇਖ ਛਪਵਾਉਣ ਦੀ ਕੋਸ਼ਿਸ਼ ਕੀਤੀ, ਪਰ ਛਪੇ
ਨਹੀਂ।
ਤੇਰਾ,
ਜੋਗਿੰਦਰ ਸਿੰਘ ਰਾਹੀ
-0- |