Welcome to Seerat.ca
|
-
ਪਿਆਰੇ ਡਾਕਟਰ ਸੰਧੂ ਜੀਓ
ਕਲ੍ਹ ਮੈ ਬਲੈਕ ਟਾਊਨ (ਸਿਡਨੀ) ਦੀ ਸਰਕਾਰੀ ਲਾਇਬ੍ਰੇਰੀ ਵਿਚ ਜਾ ਵੜਿਆ। ਪੰਜਾਬੀ ਸੈਕਸ਼ਨ
ਚੋਂ ਤੁਹਾਡੀ ਕਹਾਣੀਆਂ ਦੀ ਕਿਤਾਬ ‘ਭੱਜੀਆਂ ਬਾਹੀਂ‘ ਕਢ ਕੇ ਓਥੇ ਹੀ ਪੜ੍ਹਨ ਬੈਠ ਗਿਆ।
ਸ਼ੁਰੂ ਤੋਂ ਲੈ ਕੇ ਇਸ ਨਾਂ ਦੀ ਕਹਾਣੀ ਤੱਕ ਪੜ੍ਹ ਗਿਆ ਤੇ ਫਿਰ ਘਰ ਵਾਲ਼ੀ ਮੈਨੂੰ ਚੁੱਕਣ ਲਈ
ਕਾਰ ਲੈ ਕੇ ਆ ਗਈ ਤਾਂ ਪੂਰੀ ਕਿਤਾਬ ਵਿਚਦੀ ਨਾ ਲੰਘ ਸਕਿਆ। ਅਗਲੀ ਵਾਰ ਰਹਿੰਦੇ ਪੰਨੇ ਵੀ
ਮੁਕਾ ਹੀ ਆਵਾਂਗਾ ਜੀ।
ਇਹ ਤੇ ਤੁਹਾਡੀ ਲਿਖਣ ਸ਼ੈਲੀ ਹੈ, ਤੇ ਹੈ ਵੀ ਪਾਠਕਾਂ ਵਿਚ ਮਕਬੂਲ ਕਿ ਤੁਸੀਂ ਵਾਕਿਆ ਨੂੰ
ਲੰਮੇਰਾ ਦਾਈਆ ਰੱਖ ਕੇ, ਏਨੀ ਮਾਰਮਿਕਤਾ ਨਾਲ਼ ਚਿਤਰਦੇ ਹੋ ਕਿ ਪਾਠਕ ਦੇ ਮਨ ਮਸਤਕ ਵਿਚ ਉਹ
ਘਟਨਾ ਫਿਲਮੀ ਸੀਨ ਵਾਂਗ ਵਿਚਰ ਜਾਂਦੀ ਹੈ।
ਇਹ ਤਾਂ ਮੇਰੀ ਹੀ ਕਮਜੋਰੀ ਹੈ ਕਿ ਤੁਹਾਡੀ ਹਰੇਕ ਕਹਾਣੀ ਪੜ੍ਹਦੇ ਸਮੇ ਮੇਰੀਆਂ ਅੱਖਾਂ ਜ਼ਰੂਰ
ਹੀ ਗਿੱਲੀਆਂ ਹੋ ਜਾਂਦੀਆਂ ਨੇ। ਤੁਹਾਡਾ ਇਸ ਵਿਚ ਮੈਂ ਦੋਸ਼ ਨਹੀਂ ਕੱਢਦਾ ਪਰ ਮੈਂ ਆਪਣੀ ਇਸ
ਕਮਜੋਰੀ ਦਾ ਕੀ ਇਲਾਜ ਕਰਾਂ!
ਬੱਚਾ ਰਤਨ ਜਦੋਂ ਗਲ਼ੀ ਵਿਚ ਪਿਓ ਦੇ ਮਗਰ "ਭਾ, ਮੈਂ ਵੀ ਤੇਰੇ ਨਾਲ਼ ਖੇਤ ਨੂੰ ਜਾਣਾ‘ ਆਖਦਾ,
ਪਿਓ ਦੇ ਮਗਰ ਭੱਜਦਾ ਏ ਤੇ ਪਿਓ ਨਿਰਮੋਹਾ ਹੋ ਕੇ ਉਸਨੂੰ ਘਚਾਨੀ ਦੇ ਕੇ ਅਲੋਪ ਹੋ ਜਾਂਦਾ ਏ।
ਕੀ ਆਖਾਂ? ਇਹ ਟਾਈਪਦੇ ਸਮੇ ਵੀ ਮੇਰੀਆਂ ਅੱਖਾਂ ਗਿੱਲੀਆਂ ਹੋ ਰਹੀਆਂ ਨੇ।
ਕਈ ਵਾਰੀਂ ਸੋਚਦਾ ਹਾਂ ਕਿ ਤੁਹਾਡੀ ਕਹਾਣੀ ਨਹੀਂ ਪੜ੍ਹਨੀ; ਇਸ ਨਾਲ਼ ਮੇਰੇ ਉਪਰ ਢਹਿੰਦੀਕਲਾ
ਵਾਲ਼ਾ ਅਸਰ ਹੁੰਦਾ ਹੈ ਪਰ ਫਿਰ ਰਹਿ ਨਹੀਂ ਹੁੰਦਾ। ਜਿਥੇ ਤੁਹਾਡਾ ਨਾਂ ਪੜ੍ਹਦਾ ਹਾਂ, ਅੱਖਾਂ
ਓਧਰ ਤੁਹਾਡੇ ਨਾਂ ਪਿਛੇ ਹੀ ਘੁੰਮ ਜਾਂਦੀਆਂ ਹਨ ਤੇ ਪੜ੍ਹੇ ਬਿਨਾ ਰਹਿ ਨਹੀਂ ਹੁੰਦਾ।
ਇਸ ਵਾਰੀਂ ਦੇ ਪਰਚੇ ਵਿਚ ਮੇਰੀਆਂ ‘ਅੱਲ-ਵਲੱਲੀਆਂ‘ ਛਾਪ ਕੇ ਮਾਣ ਦੇਣ ਲਈ ਧੰਨਵਾਦ ਜੀ।
ਕਿਸੇ ਇਕ ਲੇਖਕ ਦੀ ਲਿਖਤ ਦਾ ਉਚੇਚੇ ਜ਼ਿਕਰ ਕਰਕੇ ਮੈਂ ਦੂਜਿਆ ਨੂੰ ਛੁਟਿਆਉਣ ਦਾ ਭਾਗੀ ਨਾ
ਬਣਨ ਬਚਣ ਦੇ ਯਤਨਾਂ ਵਿਚ ਹਾਂ; ਫਿਰ ਵੀ ਤੁਹਾਡੀਆਂ, ਇਕਬਾਲ ਦੀਆਂ, ਸਰਵਣ ਸਿੰਘ ਦੀਆਂ
ਲਿਖਤਾਂ ਨੂੰ ਦੂਜਿਆਂ ਦੀਆਂ ਲਿਖਤਾਂ ਨਾਲ਼ੋਂ ਪਹਿਲਾਂ ਪੜ੍ਹਦਾ ਹਾਂ। ‘ਕਵਿਆਤਮਿਕ‘ ਰੁਚੀ ਦੀ
ਅਣਹੋਂਦ ਕਾਰਨ ਭਾਵੇਂ ਮੈਂ ਕਵਿਤਾ ਪਾਠ ਦਾ ਪੂਰਾ ਆਨੰਦ ਨਹੀਂ ਉਠਾ ਸਕਦਾ ਪਰ ਉਹਨਾਂ ਦੇ
ਵਿਚਦੀ ਜਰੂਰ ਲੰਘਣ ਦਾ ਯਤਨ ਕਰਦਾ ਹਾਂ।
ਚੰਗਾ ਕਾਰਜ ਜਾਰੀ ਰੱਖੋ। ਰੱਬ ਤੁਹਾਡਾ ਸਹਾਇਕ ਹੈ; ਤੁਸੀਂ ਭਾਵੇਂ ਉਸਨੂੰ ‘ਤਿਆਗ-ਪੱਤਰ‘ ਹੀ
ਦੇ ਛੱਡਿਆ ਹੋਵੇ!
9 ਨਵੰਬਰ ਨੂੰ ਪੱਛਮੀ ਸੰਸਾਰ ਦੀ ਯਾਤਰਾ ਤੋਂ ਮੁੜਿਆ ਹਾਂ ਤੇ 24 ਨਵੰਬਰ ਨੂੰ ਪੂਰਬੀ
ਸੰਸਾਰ, ਅਰਥਾਤ ਅੰਮ੍ਰਿਤਸਰ ਦੀ ਰਵਾਨਗੀ ਹੈ, ਜੋ ਕਿ ਦੁਬਈ ਰਾਹੀਂ, ਦੋ ਕੁ ਦਿਨਾਂ ਵਿਚ, ਆਸ
ਹੈ, ਅੰਮ੍ਰਿਤਸਰ ਲੈ ਵੜੇਗੀ!
ਰੱਬ ਰਾਖਾ
ਸੰਤੋਖ ਸਿੰਘ
|