ਕਿਸੇ ਦੇ ਜ਼ਜ਼ਬਾਤਾਂ ਨੂੰ
ਠੇਸ ਪਹੁੰਚਦੀ ਏ
ਤਾਂ ਪਹੁੰਚਣ ਦਿਓ।
ਕਿਸੇ ਦੇ ਸੁਪਨਿਆਂ ਦਾ
ਕਤਲ ਹੁੰਦਾ ਏ
ਤਾਂ ਹੋਣ ਦਿਓ।
ਕਿਸੇ ਦੀਆਂ ਧੀਆਂ ਦੀ ਇੱਜ਼ਤ ਦਾ
ਬਣਦਾ ਏ ਤਮਾਸ਼ਾ
ਤਾਂ ਬਣਨ ਦਿਓ।
ਸਾਡੀਆਂ ਤਾਂ ਮੱਝਾਂ ਦੇ ਚਾਰੇ ਲਈ
ਸਾਡੇ ਮਨ ਦੀ ਭੁੱਖ ਮਿਟਾਉਣ ਵਾਲ਼ਾ
ਜਿਸਮਾਂ ਦੀ ਬੋਟੀ ਪਾਉਣ ਵਾਲ਼ਾ
ਬੱਸ ਸਾਨੂੰ ਤਾਂ
ਇੱਕ ਮਜ਼ਦੂਰ ਚਾਹੀਦਾ।
ਲਾਚਾਰ,ਬਦਨਸੀਬ
ਤੇ ਮਜ਼ਬੂਰ ਚਾਹੀਦਾ।
ਕਿਸਮਤਵਾਦੀ ਹੋਵੇ ਤਾਂ
ਹੋਰ ਵੀ ਚੰਗਾ ਏ
ਕਿਓਂ ਕਿ ਕਿਸਮਤਾਂ ਚੋਂ ਕਦੇ
ਕ੍ਰਾਂਤੀ ਨਹੀਂ ਹੁੰਦੀ
ਨਾ ਹੀ ਕ੍ਰਾਂਤੀ ਵਾਲ਼ਾ
ਦਸਤੂਰ ਚਾਹੀਦਾ
ਬੱਸ ਸਾਨੂੰ ਤਾਂ
ਇੱਕ ਮਜ਼ਦੂਰ ਚਾਹੀਦਾ।
ਗੂੰਗਾ ਹੋਵੇ,ਹੋਵੇ ਨਾ ਜ਼ੁਬਾਨ ਉਸ ਕੋਲ਼ੇ
ਇਜ਼ਤਾਂ ਦਾ ਹੋਵੇ ਨਾ ਨਿਸ਼ਾਨ ਉਸ ਕੋਲ਼ੇ
ਬੇਇਜ਼ਤੀ ਨਾ ਮੰਨੇ ਸਾਡੀ ਕੀਤੀ ਬੇਇਜ਼ਤੀ ਦੀ
ਨਾ ਹੀ ਮਨ ਵਿੱਚੇ ਉਹਦੇ
ਕੋਈ ਗਰੂਰ ਚਾਹੀਦਾ
ਬੱਸ ਸਾਨੂੰ ਤਾਂ
ਇੱਕ ਮਜ਼ਦੂਰ ਚਾਹੀਦਾ।
ਨਸ਼ਿਆਂ ਦਾ ਆਦੀ ਹੋਵੇ
ਘਰ ਆਪਣੇ ਦੀ ਕਰਦਾ ਬਰਬਾਦੀ ਹੋਵੇ
ਹੋਵੇ ਨਾ ਕਸੂਰ ਭਾਵੇਂ
ਕਿਸੇ ਗੱਲ ਵਿੱਚ ਉਹਦਾ
ਪਰ ਸਾਨੂੰ ਉਹਦਾ ਹੀ ਕਸੂਰ ਚਾਹੀਦਾ
ਬੱਸ ਸਾਨੂੰ ਤਾਂ
ਇੱਕ ਮਜ਼ਦੂਰ ਚਾਹੀਦਾ।
ਮਾਰਕਸਬਾਦ ਵਰਗੀ ਬੀਮਾਰੀ ਨਾ ਹੋਵੇ
ਪਾਸ਼ ਦੀ ਕਵਿਤਾ ਵੀਚਾਰੀ ਨਾ ਹੋਵੇ
ਪਸ਼ੂਆਂ ਦੇ ਨਾਵਾਂ ਜਿਹਾ
ਨਾਂ ਹੋਣਾ ਉਹਦਾ ਮਸ਼ਹੂਰ ਚਾਹੀਦਾ
ਬੱਸ ਸਾਨੂੰ ਤਾਂ
ਇੱਕ ਮਜ਼ਦੂਰ ਚਾਹੀਦਾ।
‘ਬਲਵੰਤ‘ ਕਦੋਂ ਤੱਕ ਇਹੋ ਜਿਹੇ
ਇਸ਼ਤਿਹਾਰ ਸੁਣਦੇ ਰਹਾਂਗੇ
ਕਦੋਂ ਤੱਕ ਕ੍ਰਾਂਤੀ ਦੇ
ਤਾਣੇ ਨੂੰ ਬੁਣਦੇ ਰਹਾਂਗੇ
ਸਾਨੂੰ ਉਲ਼ਝਿਆ ਨਹੀਂ ਸੰਸਾਰ ਚਾਹੀਦਾ
ਸਾਨੂੰ ਆਪਣਾ ਘਰ ਬਾਰ ਚਾਹੀਦਾ
ਕ੍ਰਾਂਤੀ ਨਾਲ਼ ਲਿਬੜਿਆ ਵਿਚਾਰ ਚਾਹੀਦਾ
ਸੁਣੇ ਸਾਡੇ ਜੋ ਪੁਕਾਰ ਉਹ ਅਖ਼ਬਾਰ ਚਾਹੀਦਾ
ਸਾਨੂੰ ਸੱਚਾ ਪਹਿਰੇਦਾਰ ਚਾਹੀਦਾ
ਨਹੀਂ ਸਾਨੂੰ ਮਜ਼ਦੂਰ ਦਾ
ਇਸ਼ਤਿਹਾਰ ਚਾਹੀਦਾ।
ਪਿੰਡ-ਫ਼ਰਵਾਲ਼ੀ,ਡਾਕ-ਕਲਿਆਣ
ਤਹਿ-ਮਾਲੇਰਕੋਟਲਾ,ਜ਼ਿਲ੍ਹਾ-ਸੰਗਰੂਰ
ਪਿਨ ਕੋਡ-148020
ਸੰਪਰਕ ਨੰਬਰ-9872394459
-ਬਲਵੰਤ ਫ਼ਰਵਾਲ਼ੀ
-0-
|