(1943)
ਕਰੀਬ ਤਿੰਨ ਸਾਲ ਪਹਿਲਾਂ ਜੈ ਗੋਪਾਲ ਰਿਟਾਇਰ ਹੋ ਗਿਆ ਸੀ। ਜਦੋਂ ਇਕੱਤੀ ਸਾਲ ਪਹਿਲਾਂ ਉਸਨੇ
ਬਾਰਾਂ ਸੌ ਗ਼ਜ਼ ਦੇ ਪਲਾਟ ਵਿਚ ਮਕਾਨ ਬਣਾਇਆ ਸੀ ਤਾਂ ਦੂਰ ਦੀ ਸੋਚ ਕੇ ਨਕਸ਼ਾ ਤਿਆਰ
ਕਰਵਾਇਆ ਸੀ। ਕੋਠੀ ਇਸ ਤਰੀਕੇ ਨਾਲ ਬਣਵਾਈ ਸੀ ਕਿ ਉਹ ਸਾਰੇ – ਤਿੰਨੇ ਟੱਬਰ ਇਕੱਠੇ ਵੀ
ਰਹਿਣ ਪਰ ਹਰ ਕੋਈ ਆਜ਼ਾਦ ਹੋਵੇ। ਕੋਈ ਕਿਸੇ ਵਿਚ ਦਖਲ ਅੰਦਾਜ਼ੀ ਨਾ ਕਰੇ।
ਜੈ ਗੋਪਾਲ ਨੇ ਹੇਠਲੀ ਮੰਜਿ਼ਲ ਉੱਤੇ ਆਪਣੇ ਵਾਸਤੇ ਅਤੇ ਆਣ-ਜਾਣ ਵਾਲਿਆਂ ਲਈ ਦੋ ਕਮਰੇ
ਬਣਵਾਏ। ਇੱਕ ਵੱਡੀ ਸਾਰੀ ਰਸੋਈ, ਲਾਬੀ ਅਤੇ ਬਹੁਤ ਵੱਡਾ ਖੁਲ੍ਹਾ-ਡੁੱਲ੍ਹਾ ਡਰਾਇੰਗ ਰੂਮ ਸਭ
ਦੇ ਵਾਸਤੇ ਸਾਂਝੇ ਸਨ। ਪਹਿਲੀ ਮੰਜਿ਼ਲ ਉੱਤੇ ਦੋਨੋਂ ਲੜਕਿਆਂ ਵਾਸਤੇ ਦੋ-ਦੋ ਬੈੱਡਰੂਮ ਅਤੇ
ਇੱਕ ਇੱਕ ਰਸੋਈ ਬਣਵਾਏ ਸਨ। ਪਿਛਲੇ ਪਾਸੇ ਖੁਲ੍ਹਾ ਵਿਹੜਾ ਰੱਖਿਆ ਸੀ। ਦਿਲ ਕਰੇ, ਹੇਠਾਂ
ਸਾਂਝੀ ਰਸੋਈ ਚਲਾਉਣ, ਜੇ ਦਿਲ ਕਰੇ ਤਾਂ ਆਪੋ ਆਪਣੀ ਤਵੀ ਤਪਾਉਣ।
ਉਸਦੀ ਘਰ ਵਾਲੀ ਕੈਂਸਰ ਦੀ ਮਰੀਜ਼ ਹੋ ਗਈ ਸੀ ਅਤੇ ਅਠਾਰਾਂ ਸਾਲ ਪਹਿਲਾਂ ਦੁਨੀਆਂ ਤੋਂ ਵਿਦਾ
ਹੋ ਗਈ ਸੀ। ਦੋਨੋਂ ਲੜਕੇ ਉਸ ਨਾਲ ਜੁੜੇ ਹੋਏ ਸਨ। ਕਦੀ ਵਿਸਾਹ ਨਹੀਂ ਸਨ ਕਰਦੇ। ਨੌਕਰੀ ਵਿਚ
ਹੁੰਦਿਆਂ ਜਦੋਂ ਉਸਨੂੰ ਦੌਰਿਆਂ ਉੱਤੇ ਜਾਣਾ ਪੈ ਜਾਂਦਾ ਸੀ ਤਾਂ ਕਲੇਸ਼ ਹੋ ਜਾਂਦਾ ਸੀ।
ਜਦੋਂ ਦੀ ਪਤਨੀ ਕੈਂਸਰ-ਪੀੜਿਤ ਹੋਈ ਸੀ, ਉਹ ਆਪ ਹੀ ਬੱਚਿਆਂ ਦਾ ਪਿਓ ਸੀ, ਆਪ ਹੀ ਮਾਂ ਸੀ,
ਆਪ ਹੀ ਘਰ ਦਾ ਸਾਰਾ ਪ੍ਰਬੰਧ ਚਲਾਉਂਦਾ ਰਿਹਾ ਸੀ। ਪਰ ਜਦੋਂ ਦਾ ਘਰ ਵਿਚ ਕੰਮ ਕਰਨ ਵਾਲਾ
ਮੁੰਡਾ ਆ ਗਿਆ ਸੀ ਉਹ ਬੱਚਿਆਂ ਨੂੰ ਮਾਂ ਵਾਂਗ ਸਾਂਭ ਲੈਂਦਾ ਸੀ। ਫਿ਼ਰ ਉਸਦਾ ਵੀ ਵਿਆਹ ਹੋ
ਗਿਆ, ਘਰ ਵਾਲੀ ਆ ਗਈ, ਦੋ ਬੱਚੇ ਹੋ ਗਏ। ਵੱਡੀ ਲੜਕੀ ਪੰਜ ਸਾਲ ਦੀ ਤੇ ਛੋਟਾ ਲੜਕਾ ਤਿੰਨ
ਸਾਲ ਦਾ। ਪਰ ਉਹ ਘਰ ਨਾਲੋਂ ਨਹੀਂ ਟੁੱਟਿਆ ਅਤੇ ਘਰ ਦੀ ਅਨੈਕਸੀ ਵਿਚ ਹੀ ਸਾਰਾ ਪਰਿਵਾਰ
ਰਹਿੰਦਾ ਅਤੇ ਘਰ ਦੀ ਰਸੋਈ ਵਿੱਚੋਂ ਹੀ ਰੋਟੀ ਪਾਣੀ ਆਦਿ ਖਾਂਦਾ ਸੀ। ਦੋਨਾਂ ਲੜਕਿਆਂ ਨੇ ਵੀ
ਉਸਨੂੰ ਭਰਾਵਾਂ ਵਰਗਾ, ਉਸਦੀ ਪਤਨੀ ਨੂੰ ਭਰਜਾਈਆਂ ਵਰਗਾ ਮਾਣ ਦਿੱਤਾ ਸੀ ਅਤੇ ਉਸਨੂੰ ‘ਰਾਮ
ਜੀ’ ਕਹਿ ਕੇ ਬੁਲਾਉਂਦੇ ਸਨ। ‘ਰਾਮ ਜੀ’ ਦੇ ਦੋਨੋਂ ਛੋਟੇ ਬੱਚੇ ਲੜਕਿਆਂ ਨੂੰ ‘ਸੰਨੀ ਭਈਆ’
ਅਤੇ ‘ਵਿਭੂ ਭਈਆ’ ਕਹਿੰਦੇ ਸਨ। ਫਿ਼ਰ ਜਿਉਂ ਜਿਉਂ ਜੈ ਗੋਪਾਲ ਦੇ ਆਪਣੇ ਬੱਚੇ ਜਵਾਨ ਹੋਣ
ਲੱਗੇ, ਉਸਨੇ ਹੌਲੀ-ਹੌਲੀ ਘਰ ਦੀ ਜਿ਼ੰਮੇਵਾਰੀ ਬੱਚਿਆਂ ਨੂੰ ਸੰਭਾਲਣੀ ਸ਼ੁਰੂ ਕਰ ਦਿੱਤੀ।
ਪੈਸਿਆਂ ਦਾ ਹਿਸਾਬ ਕਿਤਾਬ ਅਤੇ ਬਾਹਰਲੀਆਂ ਜਿ਼ੰਮੇਵਾਰੀਆਂ ਛੋਟੇ ਵਿਭੂ ਨੂੰ ਦੇਣੀਆਂ ਸ਼ੁਰੂ
ਕੀਤੀਆਂ ਅਤੇ ਘਰ ਦਾ ਪ੍ਰਬੰਧ, ਖ਼ਰੀਦੋ ਫ਼ਰੋਖ਼ਤ ਸੰਨੀ ਦੇ ਜਿ਼ੰਮੇ ਲਾ ਦਿੱਤੇ ਸਨ।
ਰਿਟਾਇਰ ਹੋਣ ਪਿੱਛੋਂ ਉਸਨੇ ਸਾਰੀਆਂ ਜਿ਼ੰਮੇਵਾਰੀਆਂ ਤੋਂ ਮੁਕਤੀ ਪਾ ਲਈ ਸੀ ਅਤੇ ਆਪਣਾ ਵਕਤ
ਸੈਰ, ਗੌਲਫ਼, ਲਿਖਣ-ਪੜ੍ਹਨ ਅਤੇ ਘੁੰਮਣ ਫਿ਼ਰਨ ਵਿਚ ਬਤੀਤ ਕਰਨ ਲੱਗਾ। ਕੀ ਬਣਾਉਣਾ? ਕੀ
ਖੁਆਉਣਾ? ਕਿਸ ਨੂੰ ਸੱਦਣਾ? ਕਿਸ ਕੋਲ ਜਾਣਾ ਦੋਹਾਂ ਨੂੰਹਾਂ ਦੀ ਸਿਰਦਰਦੀ ਸੀ। ਉਸਨੇ ਤਾਂ
ਬੱਸ ਆਪਣੀ ਇੱਛਾ ਦੱਸਣੀ ਹੁੰਦੀ ਸੀ ਅਤੇ ਉਹ ਪੂਰੀ ਹੋ ਜਾਂਦੀ ਸੀ। ਘਰ ਵਿਚ ਉਸਦਾ ਦਬਦਬਾ
ਅਤੇ ਗੜ੍ਹਕਾ ਕਾਇਮ ਰਿਹਾ ਸੀ।
ਵਕਤ ਬੀਤਣ ਨਾਲ ਘਰ ਵਿਚ ਤਬਦੀਲੀ ਦੀ ਹਵਾ ਚੱਲਣੀ ਸ਼ੁਰੂ ਹੋ ਗਈ। ਜਿਹੜੇ ਲੜਕਿਆਂ ਨੇ ਸਿਰਫ਼
‘ਹਾਂ ਜੀ ਡੈਡ ਜੀ’, ਹੀ ਕਿਹਾ ਸੀ, ਉਹ ਹੁਣ ‘ਨੋ ਡੈਡ’, ‘ਪਲੀਜ਼ ਸਮਝਣ ਦੀ ਕੋਸਿ਼ਸ਼ ਕਰੋ
ਡੈਡ’, ਕਹਿਣ ਲੱਗ ਪਏ ਸਨ। ਨੂੰਹਾਂ ਪੁੱਤਾਂ ਨੇ ਨਾ ਸਿਰਫ਼ ਸਲਾਹਾਂ ਦੇਣੀਆਂ ਸ਼ੁਰੂ ਕਰ
ਦਿੱਤੀਆਂ ਸਨ, ਸਗੋਂ ਇਕ ਕਿਸਮ ਨਾਲ ਹਦਾਇਤਾਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ‘ਅੱਜ
ਸ਼ਾਮ ਡੈਡ ਜਲਦੀ ਆ ਜਾਣਾ, ਅਸਾਂ ਕਿਸੇ ਪਾਰਟੀ ਉਤੇ ਜਾਣਾ ਹੈ’, ਇਕ ਲੜਕੇ ਨੇ ਕਹਿ ਦੇਣਾ।
ਜਾਂ ਦੂਜੇ ਨੇ ਕਹਿ ਦੇਣਾ ਕਿ ‘ਡੈਡ! ਅੱਜ ਪਲੀਜ਼ ਤੁਸੀਂ ਗੌਲਫ ਕਲੱਬ ਵਿਚ ਹੀ ਰੋਟੀ ਖਾ
ਲੈਣੀ ਅਤੇ ਰਾਤ 10 ਕੁ ਵਜੇ ਤੋਂ ਪਿੱਛੇ ਹੀ ਘਰ ਆਣਾ। ਅੱਜ ਮੇਰੇ ਬੌਸਿਜ਼ ਨੇ ਆਣਾ ਹੈ ਅਤੇ
ਉਨ੍ਹਾਂ ਨੂੰ ਐਂਟਰਟੇਨ ਕਰਨਾ ਹੈ।’
ਉਹ ਇਹੋ ਜਿਹੀਆਂ ਹਦਾਇਤਾਂ ਸੁਣ ਕੇ ਹੱਸ ਛੱਡਦਾ ਸੀ ਪਰ ਕਦੀ ਉਲੰਘਣਾ ਵੀ ਨਹੀਂ ਕਰਦਾ ਸੀ।
ਜਦੋਂ ਕਦੀ ਵੀ ਰਾਮ ਜੀ ਦੀ ਵਹੁਟੀ ਨੇ ਵਿੱਚੋਂ ਟੋਕ ਦੇਣਾ ਕਿ, ਇਤਨੀ ਸਰਦੀ ਮੇਂ ਡੈਡੀ ਜੀ
ਕਹਾਂ ਰਹੇਂਗੇ ਬਾਹਰ? ਆਪ ਅਪਨੇ ਵਕਤ ਪਰ ਆ ਜਾਨਾ ਡੈਡੀ ਜੀ। ਮੰੈਂ ਆਪਕੋ ਕਮਰੇ ਮੇਂ ਖਾਨਾ
ਦੇ ਦੂੰਗੀ’ ਤਾਂ ਨੂੰਹਾਂ ਨੇ ਉਸਦੀ ਝਾੜ ਝੰਬ ਕਰ ਦੇਣੀ ਅਤੇ ਉਸਨੂੰ ਚੁੱਪ ਕਰਵਾ ਦੇਣਾ। ਦੋ
ਚਾਰ ਵਾਰ ਰਾਮਜੀ ਉਸ ਕੋਲ ਆ ਕੇ ਰੋ ਵੀ ਪਿਆ ਸੀ। ਉਸਦੀ ਬਹੁਤ ਝਾੜ-ਝੰਬ ਹੋਣ ਲੱਗ ਪਈ ਸੀ
ਛੋਟੀ-ਛੋਟੀ ਗੱਲ ਤੋਂ। ਰਾਮ ਜੀ ਨੇ ਕਈ ਵਾਰ ਮਨ ਬਣਾਇਆ ਕਿ ਕਿਤੇ ਹੋਰ ਚਲਾ ਜਾਵੇ, ਕਿਤੇ
ਵੱਖਰੀ ਥਾਂ ਲੈ ਲਵੇ। ਬੱਚੇ ਵੱਡੇ ਹੋ ਰਹੇ ਸਨ ਅਤੇ ਦੋਨੋਂ ਨੂੰਹਾਂ ਦੇ ਮਿਹਣੇ, ਤਾਨ੍ਹੇ,
ਰੋਕਾਂ-ਟੋਕਾਂ ਵਧਦੀਆਂ ਜਾ ਰਹੀਆਂ ਸਨ। ਪਰ ਰਾਮਜੀ ਦੀ ਅਨਪੜ੍ਹ ਪਤਨੀ ਨੇ ਹਰੇਕ ਵਾਰ ਰਾਮਜੀ
ਦੇ ਮਨਸੂਬੇ ਢਹਿ ਢੇਰੀ ਕਰ ਦੇਣੇ ਇਹੋ ਕਹਿ ਕੇ ਕਿ ਪਿਛਲੇ ਤੇਰਾਂ ਸਾਲ ਦਾ ਸਾਥ ਕਿਵੇਂ
ਛੱਡਿਆ ਜਾਵੇ? ਉਸਦੇ ਬੱਚੇ, ‘ਦਾਦਾ ਜੀ’, ਬਾਰੇ ਪੁੱਛਣਗੇ ਤਾਂ ਉਹ ਕੀ ਜਵਾਬ ਦੇਵੇਗੀ?
ਕਿਵੇਂ ਸਮਝਾਏਗੀ?
ਘਰ ਦੇ ਮਾਹੌਲ ਵਿਚ ਗਰਮੀ ਜਿਹੀ ਫੈਲਣ ਲੱਗ ਪਈ ਸੀ। ਬਿਨਾਂ ਕੁਝ ਕਿਹਾਂ ਜਾਂ ਕੀਤਿਆਂ ਜਾਂ
ਬੋਲਿਆਂ ਘਰ ਵਿਚ ਇਕ ਖਿੱਚੋਤਾਣ ਮਹਿਸੂਸ ਹੋਣ ਲੱਗ ਪਈ ਸੀ। ਉਹ ਵੱਧ ਤੋਂ ਵੱਧ ਘਰ ਤੋਂ ਦੂਰ
ਰਹਿਣ ਲੱਗ ਪਿਆ ਸੀ ਪਰ ਕਿਸੇ ਨੇ ਵੀ ਕੁਝ ਗੌਲਿਆ ਨਹੀਂ ਸੀ। ਘਰ ਵਾਪਿਸ ਆਣ ਦੀ ਕੋਈ ਕਸਿ਼ਸ਼
ਨਹੀਂ ਸੀ ਰਹੀ ਸਿਵਾਏ ਰਾਮਜੀ ਦੇ ਬੱਚਿਆਂ ਦੇ ਪਿਆਰ ਤੋਂ। ਰਾਮਜੀ ਦੀ ਵੱਡੀ ਲੜਕੀ ‘ਮਨੀਸ਼ਾ
ਰਾਣੋ’ ਨੇ ਉਹਦੇ ਵਾਪਸ ਆਉਣ ਉੱਤੇ ਬਾਹਰਲਾ ਦਰਵਾਜ਼ਾ ਖੋਲ੍ਹਣ ਦੀ ਜਿ਼ੰਮੇਵਾਰੀ ਆਪਣੇ ਆਪ ਹੀ
ਆਪਣੇ ਉੱਤੇ ਲੈ ਲਈ ਸੀ ਪਿਛਲੇ ਸਾਲ ਤੋਂ। ਉਹ ਜਦੋਂ ਵੀ ਬਾਹਰੋਂ ਆਉਂਦਾ ਤਾਂ ਦਰਵਾਜ਼ੇ ਅੱਗੇ
ਆ ਕੇ ਤਿੰਨ ਵਾਰ ਕਾਰ ਦਾ ਹੌਰਨ ਦਿੰਦਾ ਸੀ। “ਟੀਂਟੀਂ…ਟੀਂਟੀਂ…ਟੀਂਟੀਂ”, ਦੀ ਆਵਾਜ਼ ਸੁਣ
ਕੇ ਹੀ ਮਨੀਸ਼ਾ ਨੇ, ‘ਦਾਦਾ ਜੀ ਆ ਗਏ। ਦਾਦਾ ਜੀ ਆ ਗਏ।’, ਕਹਿਣਾ ਅਤੇ ਦੌੜ ਪੈਣਾ। ਇੱਕ
ਦਿਨ ਦੁਪਹਿਰ ਵੇਲੇ ਉਹ ਇੰਜ ਹੀ ਨੰਗੇ ਪੈਰ ਦੌੜ ਆਈ। ਸਖ਼ਤ ਗਰਮੀ ਹੋਣ ਕਰਕੇ ਫ਼ਰਸ਼ ਤਪਿਆ
ਪਿਆ ਸੀ। ‘ਸੀ ਸੀ’, ਕਰਦੀ, ਪੈਰ ਜਲਦੀ-ਜਲਦੀ ਚੁੱਕ ਕੇ ਕੁੱਦਦੀ ਰਹੀ ਪਰ ਹੋਰ ਕਿਸੇ ਨੂੰ
ਦਰਵਾਜ਼ਾ ਨਹੀਂ ਖੋਲ੍ਹਣ ਦਿੱਤਾ ਸੀ। ਜਦੋਂ ਉਸ ਨੇ ਕਾਰ ਅੰਦਰ ਕਰ ਲੈਣੀ ਤਾਂ ਮਨੀਸ਼ਾ ਨੇ
ਆਪਣੇ ਛੋਟੇ ਛੋਟੇ ਹੱਥਾਂ ਨਾਲ ਕਾਰ ਦਾ ਦਰਵਾਜ਼ਾ ਚੁੱਪ ਚਾਪ ਖੋਲ੍ਹਣਾ, ਸ਼ੀਸ਼ਾ ਚੜ੍ਹਾਉਣਾ
ਅਤੇ ਫੇਰ ਦੌੜਕੇ ਜਾ ਕੇ ਲਾਬੀ ਵਾਲੇ ਪਾਸੇ ਦਾ ਦਰਵਾਜ਼ਾਂ ਖੋਲ ਕੇ ਖੜ੍ਹੇ ਹੋ ਜਾਣਾ। ਕੁਝ
ਚਿਰ ਤੋਂ ਮਨੀਸ਼ਾ ਦਾ ਛੋਟਾ ਭਰਾ ਵੀ ਮਗਰ ਦੌੜ ਕੇ ਆਣ ਲੱਗ ਗਿਆ ਸੀ। ਬੋਲਦਾ ਉਹ ਵੀ ਕੁਝ
ਨਹੀਂ ਸੀ। ਪਰ ਸ਼ਰਾਰਤੀ ਅੱਖਾਂ ਨਾਲ ਹੱਸ ਕੇ, ਕੁਝ ਮੁਸਕਰਾ ਕੇ ਕਾਰ ਦੇ ਅੰਦਰਲੇ ਜਿੰਦਰੇ
ਦੀ ਨੌਬ ਦਬਾ ਦਿੰਦਾ ਸੀ ਅਤੇ ਉਸ ਕੋਲੋਂ ਕਾਰ ਦੀ ਚਾਬੀ ਲੈ ਕੇ ਠੁਮਕ-ਠੁਮਕ ਤੁਰ ਕੇ ਭੈਣ
ਕੋਲ ਚਲਾ ਜਾਂਦਾ ਸੀ। ਉਹ ਦੋਨੋਂ ਬੱਚਿਆਂ ਨੂੰ ਇੱਕ ਇੱਕ ਟਾਫ਼ੀ ਦਿੰਦਾ ਸੀ, ਉਨ੍ਹਾਂ ਨਾਲ
ਹੱਥ ਮਿਲਾਉਂਦਾ ਸੀ, ਚਾਬੀ ਲੈਂਦਾ ਸੀ ਅਤੇ ‘ਥੈਂਕਯੂ’ ਕਹਿ ਕੇ ਅੰਦਰ ਵੜਦਾ ਸੀ। ਮਨੀਸ਼ਾ ਨੇ
ਵੀ ‘ਥੈਂਕਯੂ’, ਕਹਿਣਾ ਤੇ ਮਾਂ ਕੋਲ ਭੱਜ ਜਾਣਾ। ਜਿਸ ਦਿਨ ਉਹਨੇ ਬੱਚਿਆਂ ਨੂੰ ਚਾਕਲੇਟ
ਦੇਣਾ ਤਾਂ ਛੋਟਾ ਲੜਕਾ ਰੌਲਾ ਪਾਉਂਦਾ ਮਾਂ ਕੋਲ ਦੌੜਦਾ ਸੀ, ‘ਮੰਮੀ-ਮੰਮੀ ਦਾ-ਦਾ ਜੀ
ਚਾ-ਲੇ-ਤ’ ਕਹਿੰਦਿਆਂ। ਇਨ੍ਹਾਂ ਬੱਚਿਆਂ ਦਾ ਇਹ ਪਿਆਰ ਅਤੇ ਇੰਤਜ਼ਾਰ ਹੀ ਉਸਦੇ ਵਾਸਤੇ ਘਰ
ਪਰਤਣ ਦਾ ਕਾਰਨ ਬਣਦੇ ਜਾ ਰਹੇ ਸਨ। ਪਰ ਜਿਸ ਦਿਨ ਸੰਨੀ ਦੀ ਘਰ ਵਾਲੀ ਨੇ ਇਹ ਗੱਲ ਕਹੀ ਕਿ
‘ਡੈਡੀ ਜੀ ਬੜੇ ਦੂਰ ਅੰਦੇਸ਼ ਹਨ। ਦਫ਼ਤਰੋਂ ਤਾਂ ਰਿਟਾਇਰ ਹੋ ਗਏ ਪਰ ਘਰ ਵਿਚ ਦੋ ਚਪੜਾਸੀ
ਤਿਆਰ ਕਰ ਲਏ ਨੇ’, ਤਾਂ ਉਸ ਦਿਨ ਉਸਨੂੰ ਬਹੁਤ ਕਸ਼ਟ ਹੋਇਆ ਸੀ। ਉਸਦਾ ਦਿਲ ਕੀਤਾ ਸੀ ਕਿ
ਚੀਕ ਕੇ ‘ਯੂ ਸ਼ੱਟ ਅੱਪ’, ਕਹੇ ਪਰ ਅੰਦਰੋ ਅੰਦਰੀ ਗੁੱਸੇ ਨੂੰ ਪੀ ਗਿਆ ਸੀ।
ਉਸ ਰਾਤ ਉਸਨੂੰ ਪਹਿਲੀ ਵਾਰ ਸ਼ੇਰਾਂ ਬਾਰੇ ਸੁਪਨਾ ਆਇਆ ਸੀ। ਕਰੀਬ ਇੱਕ ਸਾਲ ਪਹਿਲਾਂ ਉਸਨੇ
ਡਿਸਕਵਰੀ ਉੱਤੇ ਸ਼ੇਰਾਂ ਦੇ ਕਬੀਲੇ ਬਾਰੇ ਅਤੇ ਉਨ੍ਹਾਂ ਵਿਚ ਆਉਂਦੇ ਸਮਾਜਕ ਵਰਤਾਰਿਆਂ ਬਾਰੇ
ਬਹੁਤ ਵਿਸਥਾਰ ਵਾਲਾ ਪ੍ਰੋਗਰਾਮ ਦੇਖਿਆ ਸੀ। ਜਦੋਂ ਨੀਂਦ ਵਿਚ ਉਹ ਤ੍ਰਬਕ ਕੇ ਉੱਠਿਆ ਤਾਂ
ਉਸਨੂੰ ਯਾਦ ਆਇਆ ਕਿ ਉਸੇ ਦੇਖੇ ਪ੍ਰੋਗਰਾਮ ਦੇ ਅੰਸ਼ ਹੀ ਉਸਦੇ ਸੁਪਨੇ ਵਿਚ ਆਏ ਸਨ।
ਕਲੱਬਾਂ, ਗੋਸ਼ਟੀਆਂ, ਸੰਗੀਤ ਸੰਮੇਲਨਾਂ ਵਿਚ ਉਹ ਵੱਧ ਤੋਂ ਵੱਧ ਸਮਾਂ ਬਿਤਾਉਣ ਲੱਗ ਪਿਆ
ਸੀ। ਇਹਨਾਂ ਗੋਸ਼ਟੀਆਂ-ਸੰਮੇਲਨਾਂ ਵਿਚ ਹੀ ਉਸਦੀ ਮੁਲਾਕਾਤ ਇੱਕ ਬਹੁਤ ਹੀ ਭਰਵੀਂ,
ਪ੍ਰਭਾਵਸ਼ਾਲੀ, ਖੂ਼ਬਸੂਰਤ ਦਿੱਖ ਵਾਲੀ ਔਰਤ ਨਾਲ ਹੋਈ ਜੋ ਹੌਲੀ-ਹੌਲੀ ਦੋਸਤੀ ਅਤੇ ਨੇੜਤਾ
ਵਿਚ ਬਦਲਣ ਲੱਗੀ। ਉਹ ਔਰਤ ਆਂਧਰਾ ਪ੍ਰਦੇਸ਼ ਵਿਚ ਨਿਯੁਕਤ ਇੱਕ ਸੀਨੀਅਰ ਰਹਿ ਚੁੱਕੇ ਕੁਲੀਗ
ਦੀ ਪਤਨੀ ਸੀ ਜੋ ਕੁਝ ਸਾਲ ਪਹਿਲਾਂ ਵਿਧਵਾ ਹੋ ਚੁੱਕੀ ਸੀ। ਉਸਦੀ ਇੱਕੋ ਇੱਕ ਲੜਕੀ ਸੀ ਜੋ
ਵਿਆਹੀ ਹੋਈ ਸੀ ਅਤੇ ਉਸੇ ਸ਼ਹਿਰ ਵਿਚ ਹੀ ਰਹਿੰਦੀ ਸੀ। ਪਰ ਉਸਦੀ ਇਹ ਦੋਸਤ ਔਰਤ ਆਪਣੇ ਘਰ
ਵਿਚ ਇਕੱਲੀ ਅਤੇ ਸੁਤੰਤਰ ਰਹਿੰਦੀ ਸੀ। ਉਮਰ ਤਾਂ ਉਸਦੀ ਪਚਵੰਜਾ-ਸਤਵੰਜਾ ਸਾਲ ਦੇ ਕਰੀਬ ਸੀ
ਪਰ ਆਪਣੀ ਦਿੱਖ, ਰੱਖ-ਰਖਾਵ ਅਤੇ ਸਰੀਰ ਦੀ ਸਾਂਭ ਸੰਭਾਲ ਕਰਕੇ ਚਾਲੀਆਂ ਬਿਆਲੀਆਂ ਨੂੰ ਵੀ
ਮਾਤ ਪਾਉਂਦੀ ਸੀ। ਪਹਿਲਾਂ ਉਹ ਔਰਤ ਕਦੀ-ਕਦੀ ਘਰ ਆਣ ਜਾਣ ਲੱਗ ਪਈ। ਡਰਾਇੰਗ ਰੂਮ ਵਿਚ ਬੈਠ
ਕੇ ਚਾਹ ਪਾਣੀ, ਗੱਪ ਸ਼ੱਪ ਹੁੰਦੀ ਸੀ। ਫੇਰ ਆਣ ਜਾਣ ਕਰੀਬ ਰੋਜ਼ ਦੀ ਗੱਲ ਹੋ ਗਈ ਅਤੇ ਫੇਰ
ਦੋਨੋਂ ਡਰਾਇੰਗ ਰੂਮ ਦੀ ਜਗ੍ਹਾ ਜੈ ਗੋਪਾਲ ਦੇ ਬੈੱਡਰੂਮ ਵਿਚ ਬੈਠਣ ਲੱਗ ਪਏ। ਘਰ ਵਿਚ ਘੁਸਰ
ਮੁਸਰ ਹੋਣੀ ਸ਼ੁਰੂ ਹੋ ਗਈ। ਨੂੰਹਾਂ ਨੇ ਰਾਮਜੀ ਦੀ ਵਹੁਟੀ ਕੋਲੋਂ ਘਰੋੜ - ਮਰੋੜ ਕੇ ਸੂਹਾਂ
ਲੈਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦਿਨ ਉਹ ਦੋਨੋਂ ਜਣੇ ਬੈੱਡ ਰੂਮ ਵਿਚ ਬੈਠੇ ਅਤੇ ਪਹਿਲੀ
ਵਾਰ ਦਰਵਾਜ਼ਾ ਬੰਦ ਹੋ ਕੇ ਦੋ ਕੁ ਘੰਟੇ ਖੁਲ੍ਹਿਆ ਨਹੀਂ ਤਾਂ ਸ਼ਾਮ ਨੂੰ ਘਰ ਵਿਚ ਤੂਫ਼ਾਨ
ਖੜ੍ਹਾ ਹੋ ਗਿਆ। ਦੋਨੋਂ ਪੁੱਤਰ ਅਤੇ ਨੂੰਹਾਂ ਸ਼ਾਮ ਨੂੰ ਜੱਥਾ ਬਣਾ ਕੇ ਉਸ ਨਾਲ ਬਹਿਸ ਕਰਨ
ਲੱਗ ਪਏ। ਬਹਿਸ ਤਾਂ ਕੀ ਕਰਨੀ, ਉਸਦੀ ਤਾਂ ਕਿਸੇ ਨੇ ਸੁਣੀ ਵੀ ਨਹੀਂ। ਬੱਸ ਨਿਹੋਰੇ,
ਤਾਨ੍ਹੇ ਅਤੇ ਮੱਤਾਂ ਦੇਣ ਵਾਲੀਆਂ ਗੱਲਾਂ ਹੀ ਚਾਰੋਂ ਕਰਨ ਲੱਗ ਪਏ। ਅਖ਼ੀਰ ਜਦੋਂ ਉਹਨਾਂ ਦੀ
ਬਕਬਕ ਤੋਂ ਉਹ ਤੰਗ ਆ ਗਿਆ ਤਾਂ ਉਸਨੇ ਮੇਜ਼ ਉਤੇ ਜ਼ੋਰ ਦੀ ਹੱਥ ਮਾਰ ਕੇ ਚੀਕ ਕੇ ਕਿਹਾ,
‘ਸ਼ਟਅਪ ਨਾਉ ਐਂਡ ਲਿਸਨ ਟੂ ਮੀ।’ ਉਸਦੀ ਦਹਾੜ ਨਾਲ ਇੱਕਦਮ ਚੁੱਪੀ ਛਾ ਗਈ, ਚਾਰਂੋ ਜਣੇ
ਜਿਵੇਂ ਹੈਰਾਨ ਹੋ ਗਏ। ਉਸਨੇ ਕਿਹਾ, “ਅਕਲ ਤੇ ਧਿਆਨ ਨਾਲ ਮੇਰੀ ਗੱਲ ਸੁਣੋ। ਠੀਕ ਹੈ ਤੁਸੀਂ
ਸਾਰੇ ਜਵਾਨ ਹੋ ਗਏ ਹੋ, ਪੜ੍ਹੇ ਲਿਖੇ ਹੋ, ਸਿਆਣੇ ਹੋ ਅਤੇ ਆਪੋ ਆਪਣੇ ਕੰਮਾਂ ਵਿਚ ਨਿਪੁੰਨ
ਹੋ। ਪਰ ਇਹ ਯਾਦ ਰੱਖੋ ਕਿ ਮੈਂ ਤੁਹਾਡੇ ਕਿਸੇ ਉੱਤੇ ਨਿਰਭਰ ਨਹੀਂ ਹਾਂ ਅਤੇ ਨਾ ਕਦੀ
ਹੋਵਾਂਗਾ। ਇਹ ਨਾ ਭੁੱਲੋ ਕਿ ਇਹ ਅਸੀਂ ਹਾਂ ਜਿਨ੍ਹਾਂ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ,
ਤੁਹਾਨੂੰ ਹੱਕ ਅਤੇ ਆਜ਼ਾਦੀਆਂ ਦਿੱਤੀਆਂ ਹਨ। ਤੁਹਾਡੇ ਕੋਲੋਂ ਲਿਆ ਕੁਝ ਨਹੀਂ ਤੇ ਨਾ ਹੀ
ਲੈਣ ਦੀ ਲੋੜ ਹੈ। ਪਰ ਇਹ ਯਾਦ ਰੱਖੋ ਕਿ ਜੇ ਅਸੀਂ ਤੁਹਾਨੂੰ ਹੱਕ ਅਤੇ ਆਜ਼ਾਦੀਆਂ ਦਿੱਤੀਆਂ
ਹਨ ਤਾਂ ਸਾਡੇ ਆਪਣੇ ਵੀ ਹੱਕ ਅਤੇ ਫ੍ਰੀਡੈਮਜ਼ ਹੈਗੀਆਂ। ਅਸੀਂ ਤੁਹਾਨੂੰ ਇਹ ਸਭ ਕੁਝ
ਦਿੱਤਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਵੀ ਹੈਵ ਲੋਸਟ ਐਵਰੀਥਿੰਗ, ਵੀ ਹੈਵ ਨੋ ਰੲਾਟਿਸ ਐਂਡ
ਲਿਬਰਟੀਜ਼। ਸੋ ਪਲੀਜ਼ ਕਦੀ ਵੀ ਇਹ ਨਾ ਭੁੱਲਿਓ ਕਿ ਜੋ ਕੁਝ ਅਸੀਂ ਤੁਹਾਨੂੰ ਦਿੱਤੈ, ਐਲਾਓ
ਕੀਤਾ ਹੈ, ਉਹ ਸਭ ਸਾਡੇ ਵਾਸਤੇ ਵੀ ਹੈ। ਸੀਮਾ ਜਾਂ ਸ਼ੰਮੀ ਜਾਂ ਮੰਟੀ ਹੁਰਾਂ ਦੇ ਪੇਰੈਂਟਸ
ਵਾਂਗ ਮੈਂ ਤੁਹਾਨੂੰ ਇਹ ਪਾਵਰ ਨਹੀਂ ਦੇਣੀ ਕਿ ਉਨ੍ਹਾਂ ਵਾਂਗ ਤੁਸੀਂ ਵੀ ਮੇਰੇ ਉੱਤੇ ਹੁਕਮ
ਚਲਾਉਣ ਲੱਗ ਪਵੋ। ਉਨ੍ਹਾਂ ਦੇ ਪੇਰੈਂਟਸ ਨੇ ਬੱਚਿਆਂ ਦੇ ਇਹ ਕੰਟਰੋਲ ਮੰਨ ਲਏ ਨੇ ਪਰ ਮੈਂ
ਇਹ ਨਹੀਂ ਮੰਨਣੇ। ਦੇਅਰ ਇਜ਼ ਏ ਲਿਮਿਟ ਐਂਡ ਨੈਵਰ ਕ੍ਰਾਸ ਇਟ। ਜੇਕਰ ਅਸੀਂ ਤੁਹਾਨੂੰ ਹੱਕ
ਅਤੇ ਫ੍ਰੀਡਮਜ਼ ਦੇ ਸਕਦੇ ਹਾਂ ਅਸੀਂ ਕਦੀ ਵੀ ਵਾਪਸ ਲੈ ਸਕਦੇ ਹਾਂ।”
ਡੈਡੀ ਦੀ ਇਹ ਦਹਾੜ ਸੁਣ ਕੇ ਚਾਰੋ ਜਣੇ ਸਕਤੇ ਵਿਚ ਆ ਗਏ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ
ਕਿ , ‘ਡੈਡੀ ਜੀ’, ਇੰਜ ਵੀ ਕਰ ਸਕਦੇ ਸਨ, ਇੰਜ ਵੀ ਕਹਿ ਸਕਦੇ ਸਨ।
ਉਸ ਰਾਤ ਉਸਨੂੰ ਫੇਰ ਸ਼ੇਰਾਂ ਦੇ ਸੁਪਨੇ ਆਏ ਸਨ।
ਉਸ ਰਾਤ ਤੋਂ ਪਿਛੋਂ ਘਰ ਵਿਚ ਤਲਖ਼ੀ, ਓਪਰਾਪਣ ਅਤੇ ਟੈਨਸ਼ਨ ਬਹੁਤ ਵਧ ਗਈਆਂ ਸਨ। ਪਿਛਲੇ
ਤਿੰਨ ਚਾਰ ਮਹੀਨਿਆਂ ਤੋਂ ਇੱਕ ਹੋਰ ਸ਼ਗੂਫ਼ਾ ਸ਼ੁਰੂ ਹੋ ਗਿਆ ਸੀ। ਇੱਕ ਦਿਨ ਦੋਨੋਂ ਪੁੱਤਰ
ਤੇ ਦੋਨੋਂ ਨੂੰਹਾਂ ਉਹਨੂੰ ਘੇਰ ਕੇ ਬਹਿ ਗਏ ਸਨ ਅਤੇ ਇਹ ਸਲਾਹ ਦੇਣ ਲੱਗੇ ਕਿ ਇਹ ਵੱਡਾ
ਮਕਾਨ ਵੇਚ ਦਿਸੱਤਾ ਜਾਵੇ। ਐਡੇ ਵੱਡ ਘਰ ਦੀ ਸਾਂਭ ਸੰਭਾਲ ਹੀ ਮੁਸ਼ਕਿਲ ਹੋਈ ਜਾ ਰਹੀ ਸੀ
ਅਤੇ ਘਰ ਵੀ ਪੁਰਾਣਾ ਹੋ ਰਿਹਾ ਸੀ। ਇਸ ਲਈ ਇਸ ਘਰ ਨੂੰ ਵੇਚ ਕੇ ਮਿਲਣ ਵਾਲੀ ਰਕਮ ਨਾਲ
ਕਨਾਲ-ਕਨਾਲ ਦੇ ਦੋ ਮਕਾਨ ਖ਼ਰੀਦ ਦਿੱਤੇ ਜਾਣ ਦੋਨਾਂ ਭਰਾਵਾਂ ਨੂੰ ਅਤੇ ‘ਤੁਸੀਂ ਡੈਡੀ ਜੀ
ਛੇ-ਛੇ ਮਹੀਨੇ ਸਾਡੇ ਦੋਨਾਂ ਕੋਲ ਰਿਹਾ ਕਰਨਾ।’ ਤਜਵੀਜ਼ ਸੁਣ ਕੇ ਉਸਨੂੰ ਧੱਕਾ ਵੱਜਾ ਸੀ
ਅਤੇ ਉਸ ਸੋਚਿਆ, ‘ਅੱਛਾ! ਹੁਣ ਮੈਂ ਏਨਾ ਨਕਾਰਾ ਹੋ ਰਿਹਾ ਹਾਂ ਜਾਂ ਉਹ ਐਨੇ ਵੱਡੇ ਹੋ ਰਹੇ
ਨੇ ਕਿ ਮੇਰਾ ਟਿਕਾਣਾ ਲੁੱਟਣ ਦੀਆਂ ਵਿਉਂਤਾਂ ਘੜਨ ਲੱਗ ਪਏ ਨੇ।” ਪਰ ਉਸਨੇ ਕੁਝ ਨਹੀਂ
ਕਿਹਾ, “ਅੱਛਾ! ਸੋਚਾਂਗੇ,” ਕਹਿ ਕੇ ਗੱਲ ਟਾਲ ਦਿੱਤੀ ਸੀ।
ਉਸ ਦਿਨ ਤੋਂ ਪਿੱਛੋਂ ਉਸ ਨੂੰ ਹਫ਼ਤੇ ਦਸੀਂ ਦਿਨੀਂ ਉਹੋ ਸ਼ੇਰਾਂ ਵਾਲੇ ਸੁਪਨੇ ਆਣੇ ਸ਼ੁਰੂ
ਹੋ ਗਏ। ਪੁੱਤਰ ਨੂੰਹਾਂ ਨਹੀਂ ਸਨ ਜੋ ਟਲ ਜਾਂਦੇ। ਚੌਥੇ ਪੰਜਵੇਂ ਦਿਨ ਇਹੋ ਗੱਲ ਛੇੜ ਹੀ
ਬੈਠਦੇ ਸਨ। ਬਸ ਇੱਕ ਗੱਲ ਤੋਂ ਬਿਨਾਂ ਹੋਰ ਤਾਂ ਹੁਣ ਉਹਨਾਂ ਚਾਰਾਂ ਕੋਲ ਕੋਈ ਗੱਲ ਕਰਨ ਜਾਂ
ਕੋਲ ਬੈਠਣ ਲਈ ਇੱਕ ਮਿੰਟ ਵੀ ਨਹੀਂ ਰਿਹਾ ਸੀ। ਰਸੋਈਆਂ ਵੱਖ ਹੋ ਗਈਆਂ ਸਨ ਅਤੇ ਇੱਕੋ ਘਰ
ਵਿਚ ਤਿੰਨ-ਤਿੰਨ ਰਸੋਈਆਂ ਸ਼ੁਰੂ ਹੋ ਗਈਆਂ ਸਨ। ਸਿਰਫ਼ ਰਾਮਜੀ, ਉਸਦੀ ਪਤਨੀ ਦੀ ਸੇਵਾ
ਸੰਭਾਲ ਅਤੇ ਉਨ੍ਹਾਂ ਦੇ ਬੱਚਿਆਂ ਦੇ ਪਿਆਰ ਕਰ ਕੇ ਵਕਤ ਕਟੀ ਹੋਈ ਜਾ ਰਹੀ ਸੀ।
ਪਿਛਲੇ ਕੁਝ ਦਿਨਾਂ ਤੋਂ ਜੈ ਗੋਪਾਲ ਨੂੰ ਬੁਖਾਰ ਹੋ ਰਿਹਾ ਸੀ ਅਤੇ ਇਸੇ ਕਰ ਕੇ ਉਸਦਾ ਆਣਾ
ਜਾਣਾ ਬੰਦ ਹੋਇਆ ਪਿਆ ਸੀ। ਔਰਤ ਦੋਸਤ ਰੋਜ਼ ਆਉਂਦੀ ਸੀ ਹਾਲ-ਚਾਲ ਪੁੱਛਣ ਪਰ ਸਿਵਾਏ ਰਾਮਜੀ
ਅਤੇ ਉਸਦੀ ਪਤਨੀ ਦੇ ਹੋਰ ਕੋਈ ਵੀ ਉਸ ਨਾਲ ਗੱਲ ਨਹੀਂ ਸੀ ਕਰਦਾ। ਨਾਲ ਦੀ ਨਾਲ ਇਹ ਵੀ ਹੋਇਆ
ਕਿ ਰਾਮਜੀ ਅਤੇ ਉਸਦੀ ਪਤਨੀ ਨਾਲ ਦੋਨਾਂ ਪੁੱਤਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਆਨੇ
ਬਹਾਨੇ ਕਿਹਾ ਸੁਣੀ ਹੋਣ ਲੱਗ ਪਈ। ਉਹ ਰਲ ਕੇ ਰਾਮਜੀ ਹੁਰਾਂ ਨੂੰ ਤਾਨੇ ਮੇਹਣੇ ਦੇਣ ਲੱਗ
ਪਏ, ਟਕੋਰਾਂ ਤੇ ਊਜਾਂ ਲਗਾਉਣ ਲੱਗ ਪਏ ਸਨ। ਗੱਲੀਂ ਗੱਲੀਂ ਉਨ੍ਹਾਂ ਦੇ ਬੱਚਿਆਂ ਨੂੰ
ਦੁਤਕਾਰਨ ਲੱਗ ਪਏ ਸਨ, ਡਰਾਇੰਗ ਰੂਮ ਜਾਂ ਘਰ ਵਿਚ ਖੇਡਣ ਦੌੜਨ ਤੋਂ ਟੋਕਾ ਟਾਕੀ ਕਰਨ ਲੱਗ
ਪਏ ਸਨ।
ਉਹ ਇਹਨਾਂ ਸਾਰੇ ਬਦਲੇ ਵਰਤਾਰਿਆਂ ਬਾਰੇ ਸੋਚ ਹੀ ਰਿਹਾ ਸੀ ਕਿ ਘਰ ਵਿਚ ਜਿਵੇਂ ਭੁਚਾਲ ਆ
ਗਿਆ। ਚਾਰੇ ਪਾਸਿਓਂ ਰੌਲਾ ਪੈਣਾ ਸ਼ੁਰੂ ਹੋ ਗਿਆ, ਚੀਕ ਚਿਹਾੜਾ ਸ਼ੁਰੂ ਹੋ ਗਿਆ। ਸੰਨੀ ਅਤੇ
ਉਸਦੀ ਪਤਨੀ ਉੇੱਚੀ ਉੱਚੀ ਬੋਲ ਰਹੇ ਸਨ, ਰਾਮਜੀ ਅਤੇ ਉਸਦੀ ਪਤਨੀ ਦੀਆਂ ਤਲਖ਼ ਆਵਾਜ਼ਾਂ ਵੀ
ਆ ਰਹੀਆਂ ਸਨ। ਉਹ ਹੰਭਲਾ ਮਾਰ ਕੇ ਉੱਠਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਸੁਣਦਾ,
ਮਨੀਸ਼ਾ ਚੀਕਾਂ ਮਾਰਦੀ ਉਸਦੇ ਕਮਰੇ ਵੱਲ ਦੌੜਦੀ ਆਈ, ‘ਮੈਨੇ ਨਹੀਂ ਲੀਏ। ਮੰੈਨੇ ਕੁਛ ਨਹੀਂ
ਕੀਆ ਦਾਦਾ ਜੀ। ਮੰੈਨੇ ਦਾਦਾ ਜੀ ਚੋਰੀ ਨਹੀਂ ਕੀ। ਮੰੈਨੇ ਕੁਛ ਨਹੀਂ ਲੀਆ ਦਾਦਾ ਜੀ।’,
ਬੋਲਦੀ ਹੋਈ ਉਹ ਆ ਕੇ ਉਸਨੂੰ ਚੰਬੜ ਗਈ। ਮਗਰ-ਮਗਰ ਦੋਨੋਂ ਪੁੱਤਰ ਅਤੇ ਧੀਆਂ ਵੀ ਕਮਰੇ ਵਿਚ
ਆ ਧਮਕੇ। ਉਸਨੇ ਅਜੇ ਪੁੱਛਿਆ ਹੀ ਸੀ ਕਿ , ‘ਕੀ ਹੋ ਗਿਆ?’ ਤਾਂ ਸੰਨੀ ਨੇ ਧੂਹ ਕੇ ਮਨੀਸ਼ਾ
ਨੂੰ ਖਿੱਚ ਲਿਆ ਅਤੇ ਕੜਕਵੀਂ ਆਵਾਜ਼ ਵਿਚ ਬੋਲਿਆ, ‘ਤੁਸੀਂ ਚੁੱਪ ਰਹੋ ਡੈਡੀ। ਇਹ ਸਭ
ਤੁਹਾਡੇ ਪੁਆੜੇ ਪਾਏ ਹੋਏ ਹਨ। ਐਨ ਸਿਰ ਚੜ੍ਹਾ ਰੱਖਿਆ ਹੋਇਐ ਨੌਕਰਾਂ ਦੇ ਬੱਚਿਆਂ ਨੂੰ। ਅੱਜ
ਪੈਸੇ ਚੁੱਕੇ ਨੇ ਮਾਂ ਦੀ ਸ਼ਹਿ 'ਤੇ। ਕੱਲ ਕੁਝ ਹੋਰ ਕਾਰਾ ਕਰੇਗੀ।’ ਅਤੇ ਨਾਲ ਹੀ ਉਸਨੇ
ਮਨੀਸ਼ਾ ਨੂੰ ਤਿੰਨ-ਚਾਰ ਥੱਪੜ ਮਾਰ ਦਿੱਤੇ। ਉਸਦੀ ਮਾਂ ਨੇ ਛੁਡਾਣਾ ਚਾਹਿਆ ਤਾਂ ਉਸਨੂੰ
ਸੰਨੀ ਦੀ ਪਤਨੀ ਨੇ ਧੱਕਾ ਮਾਰ ਦਿੱਤਾ। ਉਸਨੇ ਫੇਰ ਬੋਲਣ ਦੀ ਕੋਸਿਸ਼ ਕੀਤੀ, “ਕੀ ਕੀ
ਹੋਇਆ……”, ਪਰ ਸੰਨੀ ਨੇ ਵਿੱਚੋਂ ਹੀ ਟੋਕ ਦਿੱਤਾ ਅਤੇ ਦਹਾੜਦਾ ਹੋਇਆ ਬੋਲਿਆ, “ਕਿਹਾ ਨਾ ਕਿ
ਸਾਰੇ ਤੁਹਾਡੇ ਪੁਆੜੇ ਨੇ। ਬਸ ਹੁਣ ਹੋਰ ਨਾ ਬੋਲੋ। ਚੁੱਪ ਕਰਕੇ ਲੇਟ ਜਾਵੋ। ਮੈਂ ਅੱਜ
ਇਹਨਾਂ ਦਾ ਫ਼ਸਤਾ ਮੁਕਾ ਕੇ ਹੀ ਛੱਡਣਾ ਹੈ। ਹੁਣੇ ਟਿੰਡ ਫਹੁੜੀ ਚੁੱਕ ਕੇ ਬਾਹਰ ਮਾਰਨੀ ਐ।
ਦਫ਼ਾ ਹੋਣ, ਜਿਥੇ ਮਰਜ਼ੀ ਮਰਨ ਹੁਣੇ ਹੀ।” ਲਲਕਾਰੇ ਮਾਰਦਾ ਸੰਨੀ ਮਨੀਸ਼ਾ ਨੂੰ ਘੜੀਸ ਕੇ
ਬਾਹਰ ਲੈ ਗਿਆ।
ਰਾਤ ਹੋ ਗਈ ਸੀ। ਘਰ ਵਿਚ ਪੂਰੀ ਖ਼ਾਮੋਸ਼ੀ ਛਾ ਗਈ ਸੀ। ਦੂਰੋਂ ਰਾਮਜੀ ਦੇ ਕਮਰੇ ਵੱਲੋਂ
ਜਿਵੇਂ ਸਮਾਨ-ਬੰਨ੍ਹਣ ਰੱਖਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਾਂ ਫਿ਼ਰ ਮਨੀਸ਼ਾ ਅਤੇ ਛੋਟੂ
ਦੇ ਹਟਕੋਰਿਆਂ ਵਿੱਚੋਂ, ‘ਦਾਦਾ ਜੀ, ਦਾਦਾ ਜੀ, ਮੰਮੀ ਦਾਦਾ ਜੀ’ ਦੇ ਤਰਲੇ ਸੁਣਾਈ ਦੇ ਰਹੇ
ਸਨ। ਬੁਖਾਰ ਅਤੇ ਕਮਜ਼ੋਰੀ ਦਾ ਝੰਬਿਆ ਨਾ ਉਹ ਉੱਠ ਸਕਿਆ ਅਤੇ ਨਾ ਹੀ ਰਾਮਜੀ ਹੁਰਾਂ ਨੂੰ
ਆਵਾਜ਼ ਮਾਰ ਸਕਿਆ। ਬਿਲਕੁਲ ਬਲਹੀਣ, ਸਾਹਸਤ ਹੀਣ, ਅਸਹਾਏ ਜਿਹਾ ਉਸਨੇ ਮਹਿਸੂਸ ਕੀਤਾ ਅਤੇ
ਬੌਂਦਲਿਆਂ ਜਿਹਾਂ ਵਾਂਗ ਲੇਟ ਗਿਆ।
ਲੇਟਦਿਆਂ ਹੀ ਸ਼ੇਰਾਂ ਦਾ ਉਹ ਪ੍ਰੋਗਰਾਮ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਪਿਆ।
ਸ਼ੇਰਾਂ ਦੇ ਝੁੰਡ ਅਤੇ ਉਹਨਾਂ ਦੇ ਜੀਵਨ ਢੰਗ ਉੱਤੇ ਸੀ ਇਹ ਪ੍ਰੋਗਰਾਮ। ਇੱਕ ਝੁੰਡ ਵਿਚ
ਬੱਬਰ-ਸ਼ੇਰ ਹੁੰਦਾ ਹੈ ਅਤੇ ਬਾਕੀ ਸ਼ੇਰਨੀਆਂ ਅਤੇ ਉਹਨਾਂ ਦੇ ਬੱਚੇ। ਜਦੋਂ ਤੱਕ ਬੱਬਰ ਸ਼ੇਰ
ਬਲਵਾਨ ਹੁੰਦਾ ਹੈ, ਝੁੰਡ ਵਿਚ ਉਹ ਸ੍ਰੇਸ਼ਟ ਹੁੰਦਾ ਹੈ ਅਤੇ ਬਾਕੀ ਸਾਰੇ ਉਸਦੇ ਅਧੀਨ। ਜੇ
ਕਿਸੇ ਜਵਾਨ ਹੁੰਦੇ ਬੱਚੇ ਕੋਲੋਂ ਜ਼ਰਾ ਵੀ ਖਤਰਾ ਲੱਗੇ ਤਾਂ ਉਸ ਨੂੰ ਬੱਬਰ –ਸ਼ੇਰ ਮਾਰ
ਦਿੰਦਾ ਹੈ ਜਾਂ ਭਜਾ ਦਿੰਦਾ ਹੈ ਪਰ ਹੋਰ ਕਿਸੇ ਨੂੰ ਵੀ ਸ਼ੇਰਨੀਆਂ ਨਹੀਂ ਭੋਗਣ ਦਿੰਦਾ।
ਫਿ਼ਰ ਇੱਕ ਵਕਤ ਆ ਜਾਂਦਾ ਹੈ ਜਦੋਂ ਕੋਈ ਪੁੱਤਰ ਜਵਾਨ ਹੋ ਜਾਂਦੈ ਅਤੇ ਸ਼ੇਰ ਬੁੱਢਾ ਹੋਣਾ
ਸ਼ੁਰੂ ਹੋ ਜਾਂਦਾ ਹੈ। ਉਹ ਉੱਠਦਾ ਜਵਾਨ ਬੁੱਢੇ ਪਿਉ ਨੂੰ ਕਈ ਤਰ੍ਹਾਂ ਨਾਲ ਵੰਗਾਰਨ ਲੱਗ
ਪੈਂਦਾ ਹੈ। ਕਦੀ ਉਸਦੇ ਸਿ਼ਕਾਰ ਨੂੰ ਮੂੰਹ ਮਾਰਦਾ ਹੈ ਜੋ ਸ਼ੇਰਨੀਆਂ ਬੱਬਰ-ਸ਼ੇਰ ਲਈ ਲੈ ਕੇ
ਆਉਂਦੀਆਂ ਹਨ, ਕਦੀ ਉਸਦੇ ਛੋਟੇ ਬੱਚਿਆਂ ਨੂੰ ਡਰਾਉਂਦਾ, ਦੰਦ ਮਾਰਦਾ ਹੈ ਅਤੇ ਕਦੀ
ਸ਼ੇਰਨੀਆਂ ਨੂੰ ਘੇਰਨ ਦੀ ਕੋਸਿ਼ਸ਼ ਕਰਦਾ ਹੈ। ਬੱਬਰ-ਸ਼ੇਰ ਜਿੱਥੋਂ ਤੱਕ ਹੋ ਸਕਦੈ ਆਪਣੀਆਂ
ਸ਼ੇਰਨੀਆਂ ਨੂੰ, ਬੱਚਿਆਂ ਨੂੰ, ਸਿ਼ਕਾਰ ਨੂੰ ਨਵੇਂ ਉੱਠਦੇ ਜਵਾਨ ਤੋਂ ਬਚਾਉਣ ਲਈ ਮੁਕਾਬਲਾ
ਕਰਦਾ ਹੈ। ਅੰਤ ਉਹ ਦਿਨ ਵੀ ਆ ਜਾਂਦਾ ਹੈ ਜਦੋਂ ਨਵਾਂ ਜਵਾਨ ਬੁੱਢੇ ਸ਼ੇਰ ਨੂੰ ਜਿ਼ੰਦਗੀ ਦੀ
ਸਭ ਤੋਂ ਵੱਡੀ ਚੁਣੌਤੀ ਦਿੰਦਾ ਹੈ ਅਤੇ ਉਹ ਬੁੱਢੇ ਸ਼ੇਰ ਦੇ ਛੋਟੇ-ਛੋਟੇ ਬੱਚਿਆਂ ਨੂੰ ਉਸਦੇ
ਸਾਹਮਣੇ ਮਾਰ ਦਿੰਦਾ ਹੈ। ਜਦੋਂ ਬੁੱਢਾ ਸ਼ੇਰ ਕੁਝ ਵੀ ਨਹੀਂ ਕਰ ਸਕਦਾ ਤਾਂ ਉਸਨੂੰ ਵੀ ਸਮਝ
ਆ ਜਾਂਦੀ ਹੈ। ਤਾਂ ਹੀ ਬੁੱਢਾ ਸ਼ੇਰ ਉੱਠਦਾ ਹੈ। ਇੱਕ ਵਾਰ ਆਪਣੇ ਸਾਰੇ ਸਰੀਰ ਨੂੰ ਛੰਡਦਾ
ਹੈ, ਪੂਛ ਉੱਚੀ ਚੁੱਕ ਕੇ ਹਵਾ ਵਿਚ ਲਹਿਰਾਉਂਦਾ ਹੈ, ਸਾਰੇ ਝੁੰਡ ਵੱਲ ਮੂੰਹ ਕਰ ਕੇ ਇਕ ਵਾਰ
ਪੂਰੀ ਤਾਕਤ ਨਾਲ ਗਰਜਦਾ ਹੈ, ਦਹਾੜਦਾ ਹੈ। ਫੇਰ ਉਨ੍ਹਾਂ ਸਾਰਿਆਂ ਵੱਲ ਪਿੱਠ ਕਰ ਕੇ
ਹੌਲੀ-ਹੌਲੀ, ਸ਼ਾਹੀ ਚਾਲ ਦੀ ਮਸਤੀ ਨਾਲ ਤੁਰਦਾ, ਸਭ ਨੂੰ ਪਿੱਛੇ ਛੱਡ ਕੇ ਨਵੇਂ ਉੱਠੇ ਜਵਾਨ
ਨੂੰ ਸਭ ਕੁਝ ਸੰਭਾਲ ਕੇ ਉਹ ਇਕੱਲਾ ਹੀ ਜੰਗਲ ਵੱਲ ਨੂੰ ਤੁਰ ਜਾਂਦਾ ਹੈ।
ਜੈ ਗੋਪਾਲ ਦਾ ਵੀ ਦਿਲ ਕੀਤਾ ਉਹ ਵੀ ਬੱਬਰ ਸ਼ੇਰ ਵਾਂਗ ਉੱਠੇ, ਉਹ ਵੀ ਇੱਕ ਵਾਰ
ਸ਼ੀਂਹ-ਗਰਜਣ ਕਰੇ ਅਤੇ ਸਭ ਵੱਲ ਪਿੱਠ ਕਰ ਕੇ ਤੁਰ ਜਾਵੇ। ਪਰ ਬੁਖ਼ਾਰ ਅਤੇ ਕਮਜ਼ੋਰੀ ਨਾਲ
ਝੰਬਿਆ ਉਹ ਕੁਝ ਵੀ ਨਾ ਕਰ ਸਕਿਆ। ਸਿਰਫ਼ ਦੋਨਾਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅਤੇ
ਉਸਨੇ ਰਜਾਈ ਵਿਚ ਮੂੰਹ ਲੁਕਾ ਲਿਆ।
-0-
|