ਬਾਬਾ ਫ਼ਰੀਦ ਜੀ ਨੇ ਆਪਣੀ
ਜਵਾਨੀ ਵੇਲ਼ੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਪੈਦਲ ਯਾਤਰਾਵਾਂ ਕੀਤੀ।ਇਹਨਾਂ ਯਾਤਰਾਵਾਂ
ਦੌਰਾਨ ਬਗਦਾਦ, ਕੰਧਾਰ, ਗਜ਼ਨੀ, ਖੁਰਾਸਾਨ, ਬੁਖਾਰਾ ਆਦਿ ਥਾਵਾਂ ਤੇ ਸਥਿਤ ਇਲਮ ਦੇ ਕੇਂਦਰਾਂ
ਤੇ ਜਾ ਕੇ ਆਪਣੇ ਮਸਤਕ ਨੂੰ ਰੌਸ਼ਨ ਕੀਤਾ। ਦੁਨੀਆਂ ਨੂੰ ਖੂਬ ਦੇਖਿਆ, ਜਾਣਿਆਂ ਅਤੇ ਸਮਝਿਆ।
ਇਸਲਾਮ ਦੇ ਸਾਰੇ ਰੰਗਾਂ ਢੰਗਾਂ ਨੂੰ ਜਾਨਣ ਸਮਝਣ ਦੇ ਨਾਲ ਨਾਲ ਹੋਰ ਮਜ਼ਹਬਾਂ ਦੇ ਵਿਚਾਰਾਂ
ਨਾਲ ਵੀ ਸਾਂਝ ਪਾਈ। ਹੋਰ ਧਰਤੀਆਂ ਤੇ ਵਿਚਰਦਿਆਂ, ਹੋਰ ਲੋਕਾਂ ਨੂੰ ਮਿਲਦਿਆਂ, ਹੋਰ
ਸੱਭਿਆਚਾਰਾਂ ਨੂੰ ਦੇਖਦਿਆਂ ਉਹਨਾਂ ਦੇ ਅੰਦਰ ਆਪਣੀ ਧਰਤੀ ਅਤੇ ਆਪਣੇ ਸੱਭਿਆਚਾਰ ਨਾਲ ਸੰਵਾਦ
ਵੀ ਚਲਦਾ ਰਿਹਾ। ਇਸ ਦੌਰਾਨ ਉਹ ਆਪਣੀ ਧਰਤੀ ਦੇ ਲੋਕਾਂ ਲਈ ਬੜੇ ਨਿਵੇਕਲੇ ਅਤੇ ਅੱਲੋਕਾਰੇ
ਸੁਨੇਹੇ ਵੀ ਲਿਖਦੇ ਰਹੇ:
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ (1378)
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (1382)
ਫਰੀਦ ਜੀ ਜਿਸ ਸੱਭਿਆਚਾਰ ਨਾਲ ਸਬੰਧਤ ਸਨ ਜਾਂ ਜਿਸ ਖਿੱਤੇ ਵਿਚ ਉਹ ਜੰਮੇ, ਪਲ਼ੇ ਅਤੇ ਰਹੇ
ਸਨ ਉਥੇ “ਬੁਰੇ ਦਾ ਭਲਾ” ਵਾਲੀ ਸਿਆਣਪ ਸ਼ਾਇਦ ਲੋਕ-ਮਨ ਦਾ ਹਿੱਸਾ ਨਹੀਂ ਸੀ। ਕਮਜ਼ੋਰ ਨਾਲ
ਅਨਿਆਂ ਅਤੇ ਮਾਸੂਮ ਤੇ ਜ਼ੁਲਮ, ਜਾਂ ਕਹਿ ਲਓ “ਭਲੇ ਨਾਲ ਬੁਰਾ” ਤਾਂ ਬਹੁਤ ਸੀ, “ਭਲੇ ਦਾ
ਭਲਾ” ਗਰਜ਼ ਮੁਤਾਬਕ ਹੋ ਸਕਦਾ ਸੀ ਪਰ “ਬੁਰੇ ਦਾ ਭਲਾ” ਸੋਚਿਆ ਨਹੀਂ ਸੀ ਜਾਂਦਾ। ਵੈਸੇ ਇਹ
ਤੱਥ ਅਜੇ ਤੱਕ ਇਸ ਖਿੱਤੇ ਦੇ ਸੱਭਿਆਚਾਰ ਦੀ ਤਾਸੀਰ ਵਿਚ ਗੁੰਨ੍ਹਿਆਂ ਹੋਇਆ ਹੈ। ਫ਼ਰੀਦ ਜੀ
ਦੇ ਇਸ ਉਪਦੇਸ਼ ਨੂੰ ਬਾਬਾ ਨਾਨਕ ਜੀ ਹੋਰ ਗੂੜ੍ਹਾ ਅਤੇ ਗਹਿਰਾ ਕਰਨਾ ਚਾਹੁੰਦੇ ਹਨ। ਉਹਨਾਂ
ਮੁਤਾਬਕ ਸਾਨੂੰ ਬੁਰੇ ਦਾ ਭਲਾ ਕਰਨ ਵਿਚ ਓਨਾ ਚਿਰ ਦਿੱਕਤ ਆਉਂਦੀ ਰਹਿੰਦੀ ਹੈ ਜਦ ਤੱਕ ਬੁਰੇ
ਨੂੰ ਬੁਰਾ ਸਮਝਦੇ ਰਹਿੰਦੇ ਹਾਂ ਜਾਂ ਕਹਿ ਅਓ ਕਿ ਜਦ ਤੱਕ ਬੁਰੇ ਅਤੇ ਭਲੇ ਨੂੰ ਅਲਹਿਦਾ
ਅਲਹਿਦਾ ਤਸਲੀਮ ਕਰਦੇ ਹਾਂ ਤਦ ਤੱਕ ਸਾਡਾ ਮਨ ਬੁਰੇ ਦਾ ਭਲਾ ਕਰਨ ਵੱਲ ਰੁਚਿਤ ਨਹੀਂ ਹੁੰਦਾ।
ਇਸ ਲਈ ਬਾਬਾ ਨਾਨਕ ਜੀ ਬੁਰੇ ਨੂੰ ਬੁਰਾ ਸਮਝਣ ਤੇ ਹੀ ਰੋਕ ਲਾਉਂਦੇ ਹਨ:
ਬੁਰਾ ਭਲਾ ਕਹੁ ਕਿਸ ਨੋ ਕਹੀਐ॥ ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ॥ (353, ਮਃ 1)
ਗੁਰੂ ਨਾਨਕ ਸਾਹਿਬ ਦੂਸਰਿਆਂ ਨੂੰ ਬੁਰੇ ਅਤੇ ਭਲੇ ਵਿਚ ਨਿਖੇੜਨ ਤੇ ਰੋਕ ਲਾਉਣ ਲਈ ਕਬੀਰ ਜੀ
ਦੀ ਦੱਸੀ ਜੁਗਤ ਦੀ ਪੁਸ਼ਟੀ ਕਰਦੇ ਹਨ ਕਿ ਸਾਰੇ ਲੋਕ ਤਾਂ ਹੀ ਭਲੇ ਲੱਗ ਸਕਦੇ ਹਨ ਜੇ ਅਸੀਂ
ਆਪਣੇ ਆਪ ਨੂੰ ਬੁਰੇ ਅਤੇ ਹੋਰਨਾਂ ਨੂੰ ਆਪਣੇ ਤੋਂ ਚੰਗੇ ਸਮਝੀਏ:
ਕਬੀਰ ਜੀ: ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ (1364)
ਗੁਰੂ ਨਾਨਕ: ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ (728)
ਗੁਰੂ ਨਾਨਕ ਦੂਸਰੇ ਸ਼ਬਦਾਂ ਵਿਚ ਸਪਸ਼ਟ ਕਰਦੇ ਹਨ ਕਿ ਫ਼ਰੀਦ ਜੀ ਦੇ ‘ਬੁਰੇ ਦਾ ਭਲਾ ਕਰਨ‘ ਦੇ
ਉਪਦੇਸ਼ ਨੂੰ ਤਾਂ ਹੀ ਜੀਵਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀ ਹਾਊਮੈ ਤਿਆਗ ਸਕਦੇ ਹੋਈਏ:
ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ॥
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ॥ (1015, ਮਃ 1)
ਇਹ ਗੱਲ ਜਿੰਨੀ ਕਹਿਣੀ ਸੌਖੀ ਹੈ, ਸੁਣਨੀ ਓਸ ਤੋਂ ਔਖੀ, ਮੰਨਣੀ ਓਸ ਤੋਂ ਵੀ ਔਖੀ ਅਤੇ
ਅਪਨਾਉਣੀ ਲਗਪਗ ਅਸੰਭਵ ਹੈ। ਜਿਸ ਧਰਤੀ ਦੇ ਸੱਭਿਆਚਾਰ ਵਿਚ ‘ਦੁਸ਼ਮਣੀ‘ ਅਤੇ ‘ਬਦਲਾ‘ ਏਨਾ
ਰਚਿਆ ਹੋਵੇ ਉਥੋਂ ਦੇ ਲੋਕ-ਮਨ ਵਿਚ ਉਪਰੋਕਤ ਵਿਚਾਰ ਨੂੰ ਟਿਕਾਉਣਾ ਬਹੁਤ ਕਠਿੱਨ ਹੈ। ਇਸ ਲਈ
ਗੁਰੂ ਅਰਜਨ ਜੀ ਮਹਿਸੂਸ ਕਰਦੇ ਹਨ ਕਿ ਇਸ ਵਿਚਾਰ ਨੂੰ ਵਾਰ ਵਾਰ ਦੁਹਰਾਉਣ ਦੀ ਲੋੜ ਹੈ ਕਿ
ਸਿੱਖ ਨੇ ਕਿਸੇ ਨੂੰ ਆਪਣਾ ਦੁਸ਼ਮਣ ਕਰਕੇ ਨਹੀਂ ਜਾਨਣਾ, ਕਿਸੇ ਨਾਲ ਵੈਰ ਨਹੀਂ ਕਮਾਉਣਾ,
ਕਿਸੇ ਪ੍ਰਤੀ ਬਦਲੇ ਦੀ ਭਾਵਨਾ ਨਹੀਂ ਰੱਖਣੀ:
ਬੁਰਾ ਭਲਾ ਕੋਈ ਨ ਕਹੀਜੈ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥ (186, ਮਃ 5)
ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ (266, ਮਃ 5)
ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ ॥ (278, ਮਃ 5)
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ ॥ (383, ਮਃ 5)
ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥ (386, ਮਃ 5)
ਬੈਰੀ ਸਭਿ ਹੋਵਹਿ ਮੀਤ॥ ਨਿਰਮਲੁ ਤੇਰਾ ਹੋਵੈ ਚੀਤ ॥ (895, ਮਃ 5)
ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥ (1077, ਮਃ 5)
ਬੈਰੀ ਮੀਤ ਹੋਏ ਸੰਮਾਨ॥ ਸਰਬ ਮਹਿ ਪੂਰਨ ਭਗਵਾਨ ॥ (1147, ਮਃ 5)
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ (1299, ਮਃ 5)
ਇਹ ਗਿਣਤੀ ਦੀਆਂ ਉਦਾਹਰਨਾ ਹਨ, ਪਰ ਗੁਰੂ ਸਾਹਿਬ ਨੇ ਇਸ ਸੰਦੇਸ਼ ਨੂੰ ਅਣਗਿਣਤ ਵਾਰ ਦੁਹਰਾਇਆ
ਹੈ। ਇਸ ਦੇ ਬਾਵਜੂਦ ਗੁਰਮਤਿ ਵਿਚਾਰਧਾਰਾ ਦਾ ਇਹ ਬੁਨਿਆਦੀ ਤੱਤ ਇਸ ਖਿੱਤੇ ਦੇ ਸਥਾਨਕ
ਸੱਭਿਆਚਾਰ ਦੇ ‘ਦੁਸ਼ਮਣੀ‘ ਅਤੇ ‘ਬਦਲਾ‘ ਦੇ ਤੱਤ ਨੂੰ ਅਜੇ ਤੱਕ ਮਾਤ ਨਹੀਂ ਦੇ ਸਕਿਆ।ਮੈਂ
ਆਪਣੇ ਬਚਪਨ ਤੋਂ ਹੁਣ ਤੱਕ ਸਿੱਖ ਸਟੇਜਾਂ ਤੋਂ ਸਿੱਖ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ ਅਤੇ
ਲੀਡਰਾਂ ਤੋਂ ਇਹੀ ਸੁਣਿਆਂ ਹੈ ਅਤੇ ‘ਸਿੱਖ ਹਤੈਸ਼ੀ‘ ਅਖਵਾਉਣ ਵਾਲੇ ਅਖ਼ਬਾਰਾਂ, ਰਸਾਲਿਆਂ ‘ਚ
ਇਹੀ ਪੜ੍ਹਿਆ ਹੈ ਕਿ ਸਿੱਖਾਂ ਦੇ ਮੁਗਲ ਦੁਸ਼ਮਨ, ਅਫਗਾਨ ਦੁਸ਼ਮਨ, ਡੋਗਰੇ ਦੁਸ਼ਮਨ, ਮਰਹੱਟੇ
ਦੁਸ਼ਮਨ, ਅੰਗਰੇਜ਼ ਦੁਸ਼ਮਨ, ਮਹੰਤ ਦੁਸ਼ਮਨ, ਮੁਸਲਮਾਨ ਦੁਸ਼ਮਨ, ਕਾਂਗਰਸ ਦੁਸ਼ਮਨ, ਕੇਂਦਰ ਦੁਸ਼ਮਨ,
ਹਿੰਦੂ ਦੁਸ਼ਮਨ, ਆਰ.ਐਸ.ਐਸ. ਦੁਸ਼ਮਨ, ਕਮਿਊਨਿਸਟ ਦੁਸ਼ਮਨ, ਮੀਡੀਆ ਦੁਸ਼ਮਨ। ਕਈ ਵਾਰ ਤਾਂ ਗੱਲ
ਇਸ ਤੋਂ ਵੀ ਅਗਾਂਹ ਚਲੀ ਜਾਂਦੀ ਹੈ ਕਿ ਮਾਸਟਰ ਤਾਰਾ ਸਿੰਘ ਦੁਸ਼ਮਨ, ਸੰਤ ਲੌਂਗੋਵਾਲ ਦੁਸ਼ਮਨ
ਵਗੈਰਾ ਵਗੈਰਾ। ਓਦੋਂ ਤਾਂ ਹੱਦ ਹੀ ਹੋ ਜਾਂਦੀ ਹੈ ਜਦ ਸੁਣਦੇ ਹਾਂ ਕਿ ਸਿੱਖ ਦਾ ਹਰ ਸਿੱਖ
ਦੁਸ਼ਮਣ। ਕਿਸੇ ਵਲੋਂ ਸਾਡੇ ਨਾਲ ਦੁਸ਼ਮਨੀ ਕਰਨਾ ਹੋਰ ਗੱਲ ਹੈ ਪਰ ਸਾਡਾ ਉਸ ਨੂੰ ਆਪਣਾ ਦੁਸ਼ਮਨ
ਤਸਲੀਮ ਕਰਨਾ ਹੋਰ ਗੱਲ ਹੈ। ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ ਸਿੱਖ ਹੋ ਕੇ ਉਹ ਅਵੱਸਥਾ
ਧਾਰਨ ਕਰਨੀ ਹੈ ਜਿਥੇ ਕੋਈ ਦੁਸ਼ਮਨ ਮਹਿਸੂਸ ਹੀ ਨਾ ਹੋਵੇ, ਦੁਸ਼ਮਨੀ ਦਾ ਭਾਵ ਹਿਰਦੇ ਤੋਂ ਦੂਰ
ਰਹੇ। ਪਰ ਸਾਨੂੰ ਸਾਰੇ ਹੀ ਦੁਸ਼ਮਨ ਲਗਦੇ ਹਨ, ਕੋਈ ਮੀਤ ਨਜ਼ਰ ਹੀ ਨਹੀਂ ਆਉਂਦਾ। ਗੁਰੂ ਦੇ
ਸਨਮੁਖ ਸਾਡੀ ਸਥਿਤੀ ਕਿੰਨੀ ਹਾਸੋਹੀਣੀ ਹੈ, ਗੁਰੂ ਕਿਵੇਂ ਬਹੁੜੀ ਕਰੇਗਾ?
ਸਾਡੇ ਮਨ ਨੂੰ ਜੋ ਹੁਲਾਰਾ ‘ਦੁਸ਼ਮਨੀ‘ ਜਾਂ ‘ਬਦਲੇ‘ ਦੇ ਜੈਕਾਰੇ ਜਾਂ ਲਲਕਾਰੇ ਨਾਲ ਮਿਲਦਾ
ਹੈ ਉਹ ਗੁਰੂ ਦੇ ‘ਸਰਬੱਤ ਦੇ ਭਲੇ‘ ਦੇ ਸੰਦੇਸ਼ ਨਾਲ ਨਹੀਂ ਮਿਲਦਾ।1984 ਤੋਂ 1992 ਦੌਰਾਨ
ਜਦ ਡਾਹਢੇ ਸਿੱਖਾਂ ਨੇ ਪੰਜਾਬੀ ਗਵੱਈਆਂ ਨੂੰ ਇਸ਼ਕੀਆ ਕਿਸਮ ਦੇ ਗੀਤ ਗਾਉਣ ਤੋਂ ਵਰਜ ਦਿੱਤਾ
ਸੀ ਤਾਂ ਇਹਨਾਂ ਗਵੱਈਆਂ ਨੇ ਸਿਰਾਂ ਤੇ ਗੋਲ ਕੇਸਰੀ ਪਰਨੇ ਸਜਾ ਕੇ “ਪੱਤਾ ਪੱਤਾ ਸਿੰਘਾਂ ਦਾ
ਵੈਰੀ” ਵਰਗੇ ਗੀਤ ਰਿਕਾਰਡ ਕਰਾਉਣੇ ਸ਼ੁਰੂ ਕਰ ਦਿਤੇ ਸਨ, ਜੋ ਲੱਚਰ ਗੀਤਾਂ ਨਾਲੋਂ ਵੀ ਜ਼ਿਆਦਾ
ਮਕਬੂਲ ਹੋਏ। ਭਾਵ ਹਰੇਕ ਨੂੰ ਆਪਣਾ ਵੈਰੀ ਤਸਲੀਮ ਕਰਨਾ ਸਾਨੂੰ ਬੜਾ ਸੁਖਦ ਲੱਗਦਾ ਹੈ, ਆਪਣੀ
ਵਡਿਆਈ ਲਗਦੀ ਹੈ। ਬਾਬਾ ਫ਼ਰੀਦ, ਕਬੀਰ ਜੀ, ਬਾਬਾ ਨਾਨਕ ਅਤੇ ਗੁਰੂ ਅਰਜਨ ਦੇ ਉਪਰੋਕਤ
ਵਿਚਾਰਾਂ ਸਮੇਤ ਆਦਿ ਸ੍ਰੀ ਗਰੰਥ ਸਾਹਿਬ ਨੂੰ ਗੁਰੂ ਦਰਜਾ ਮਿਲਣ ਤੋਂ ਬਾਅਦ ਦੇ ਬਹੁ ਗਿਣਤੀ
ਸਿੱਖ ਯੋਧਿਆਂ ਭਾਵ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ. ਬਲਵੰਤ ਸਿੰਘ ਰਾਜੋਆਣਾ ਤੱਕ
ਦੀ ਮਹਿਮਾ (ਸਮੇਤ ਸ. ਭਗਤ ਸਿੰਘ, ਸ. ਊਧਮ ਸਿੰਘ ਦੇ) ਅਸੀਂ ਉਹਨਾਂ ਵਲੋਂ ‘ਦੁਸ਼ਮਣਾਂ ਤੋਂ
ਲਏ ਬਦਲੇ‘ ਕਾਰਨ ਗਾਉਂਦੇ, ਸੁਣਦੇ ਅਤੇ ਜਾਣਦੇ ਹਾਂ। ਨਾ ਬਾਬਾ ਬੰਦਾ ਸਿੰਘ ਨੂੰ ਵੱਡੀਆਂ
ਅਤੇ ਸਿਫਤੀ ਪ੍ਰਸ਼ਾਸਨਕ ਤਬਦੀਲੀਆਂ ਲਿਆਉਣ ਵਾਲੇ ਸ਼ਾਸਕ ਵਜੋਂ ਅਤੇ ਨਾ ਭਗਤ ਸਿੰਘ ਨੂੰ
ਸਮਾਜਵਾਦੀ ਚਿੰਤਕ ਅਤੇ ਕਾਰਕੁੰਨ ਵਜੋਂ ਗਾਇਆ ਜਾਂਦਾ ਹੈ। ਸਰਬੱਤ ਦਾ ਭਲਾ ਚਾਹੁੰਣ ਵਾਲੇ
ਅਤੇ ਮਨੁੱਖਤਾ ਦਾ ਦੁੱਖ ਘਟਾਉਣ ਵਾਲੇ ਭਗਤ ਪੂਰਨ ਸਿੰਘ ਦੀ ਬਜਾਏ ‘ਦੁਸ਼ਮਣਾ ਤੋਂ ਬਦਲਾ ਲੈਣ‘
ਵਾਲੇ ਜਿਊਣੇ ਮੌੜ ਅਤੇ ਸੁੱਚੇ ਸੂਰਮੇ ਦੀਆਂ ਵਾਰਾਂ ਗਾਈਆਂ, ਸੁਣੀਆਂ ਜਾਂਦੀਆਂ ਹਨ। ਭਾਈ
ਤਾਰੂ ਸਿੰਘ ਜੈਸੇ ਨਾਇਕ ਦੇ ਸਿੱਖੀ ਪਿਆਰ ਅਤੇ ਸਿੱਖੀ ਸਿਦਕ ਬਾਰੇ ਜਿੰਨੀ ਭਾਵਪੂਰਤ ਕਵਿਤਾ
ਬੰਗਾਲ ‘ਚ ਬੈਠੇ ਕਵੀ ਰਾਵਿੰਦਰ ਨਾਥ ਟੈਗੋਰ ਨੇ ਲਿਖੀ ਓਨੀ ਵੱਡੇ ਤੋਂ ਵੱਡੇ ਪੰਜਾਬੀ ਜਾਂ
ਕਿਸੇ ਸਿੱਖ ਕਵੀ ਦੇ ਲਿਖਣੀਂ ਭਾਗੀਂ ਨਹੀਂ ਹੋਈ। ਅਸੀਂੇ ਉਸ ਆਗੂ ਨੂੰ ਬਹੁਤ ਤੇਜ਼ੀ ਨਾਲ ਅਤੇ
ਵੱਡੇ ਪੱਧਰ ਤੇ ਮਾਨਤਾ ਦਿੱਤੀ ਜਿਸ ਨੇ ‘ਦੁਸ਼ਟਾਂ ਨੂੰ ਸੋਧਣ‘ ਜਾਂ ‘ਜ਼ਾਲਮਾ ਨੂੰ ਗੱਡੀ
ਚਾੜ੍ਹਨ‘ ਭਾਵ ਦੁਸ਼ਮਣਾਂ ਤੋਂ ਬਦਲਾ ਲੈਣ ਦੇ ‘ਹਿੱਟ ਲਿਸਟੀ‘ ਖਿਆਲ ਨੂੰ ਜ਼ੋਰ ਸ਼ੋਰ ਨਾਲ
ਪ੍ਰਚਾਰਿਆ। ‘ਦੁਸ਼ਮਣ ਤੋਂ ਬਦਲਾ ਲੈਣ‘ ਦੀ ਇਕਲੌਤੀ ਯੋਗਤਾ ਦੇ ਆਧਾਰ ਤੇ ਇੱਕ ਸਿੰਘ ਨੂੰ ਸਰਬ
ਉੱਚ ਧਾਰਮਕ ਪਦਵੀ ਤੇ ਵੀ ਬਿਰਾਜਮਾਨ ਕੀਤਾ ਗਿਆ।
ਪੰਜਾਬ ਦੇ ਮੁਸਲਮਾਨ ‘ਬੁਰੇ ਦਾ ਭਲਾ ਕਰਿ‘ ਕਹਿਣ ਵਾਲੇ ਬਾਬਾ ਫਰੀਦ ਨੂੰ ਆਪਣਾ ਪੀਰ ਮੰਨਦੇ
ਹਨ ਅਤੇ ਸਿੱਖ ‘ਬੁਰਾ ਨ ਦਿਸੈ ਕੋਇ‘ ਕਹਿਣ ਵਾਲੇ ਬਾਬੇ ਨਾਨਕ ਨੂੰ ਆਪਣਾ ਪੈਗੰਬਰ ਜਾਣਦੇ
ਹਨ। ਪਰ 1947 ਦੀ ਪੰਜਾਬ ਵੰਡ ਵੇਲੇ ਪੱਛਮੀ ਪਾਸੇ ਦੇ ਮੁਸਲਮਾਨਾਂ ਨੇ ਬੇਕਸੂਰ ਹਿੰਦੂ
ਸਿੱਖਾਂ ਦਾ ਅਤੇ ਪੂਰਬੀ ਪਾਸੇ ਦੇ ਹਿੰਦੂ ਸਿੱਖਾਂ ਨੇ ਬੇਕਸੂਰ ਮੁਸਲਮਾਨਾ ਦਾ ਰੱਜ ਕੇ ਲਹੂ
ਵਹਾਇਆ, ਮਾਸੂਮ ਬੱਚਿਆਂ ਨੂੰ ਨਹੀਂ ਬਖ਼ਸ਼ਿਆ, ਦਿਲ ਖੋਲ੍ਹ ਕੇ ਲੁੱਟਾਂ ਖੋਹਾਂ ਕੀਤੀਆਂ,
ਔਰਤਾਂ ਦੀ ਰੱਜ ਕੇ ਬੇਪਤੀ ਕੀਤੀ। ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਦੀ ਧਰਤੀ ਤੇ ਵਾਪਰਿਆ
ਇਹ ਦੁਖਾਂਤ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਵਾਪਰੀਆਂ ਸਭ ਤੋਂ ਘਿਨਾਉਣੀਆਂ ਘਟਨਾਵਾਂ ਵਿਚ
ਗਿਣਿਆਂ ਜਾਂਦਾ ਹੈ।ਅਸਲ ਵਿਚ “ਬੁਰੇ ਦਾ ਭਲਾ ਕਰਿ” ਕਹਿਣ ਵਾਲੇ ਬਾਬਾ ਫ਼ਰੀਦ ਤੋਂ ਲੈ ਕੇ
“ਬੈਰੀ ਮੀਤ ਸਮਾਨਿ” ਕਹਿਣ ਵਾਲੇ ਗੁਰੂ ਤੇਗ ਬਹਾਦਰ ਤੱਕ ਸਾਰੇ ਰਹਿਬਰ ਗੁਰੁੂ ਗ੍ਰੰਥ ਸਾਹਿਬ
ਦੇ ਰੂਪ ‘ਚ ਇਕਜੁੱਟ ਹੋ ਕੇ ‘ਦੁਸ਼ਮਣੀ‘ ਅਤੇ ‘ਬਦਲਾ‘ ਦੇ ਤੱਤ ਨੂੰ ਸਾਡੇ ਸੱਭਿਆਚਾਰ ‘ਚੋਂ
ਮੇਟਣਾ ਚਾਹੁੰਦੇ ਹਨ। ਇਸ ਲਈ ਉਹ ਸਾਰੇ ‘ਹਊਮੈ‘ ਨੂੰ ਮਿਟਾਉਣ ਦੀ ਗੁਹਾਰ ਲਗਾ ਰਹੇ ਹਨ। ਪਰ
ਅਸੀਂ ਉਹਨਾਂ ਨੂੰ ਹਰਗਿਜ਼ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਸਾਡੇ ਪੰਜਾਬੀ
ਸੱਭਿਆਚਾਰ ਦੀ ਤਾਂ ਬੱਲੇ ਬੱਲੇ ਹੀ ਇਸ ‘ਦੁਸ਼ਮਣੀ‘ ਅਤੇ ‘ਬਦਲਾ‘ ਦੇ ਤੱਤ ਕਾਰਨ ਹੈ। ਇਹ ਗੱਲ
ਵੱਖਰੀ ਹੈ ਕਿ ਗੁਰੂ ਨੂੰ ਘਚਾਨੀ ਦੇਣ ਲਈ ਅਸੀਂ ਆਪਣੀ ਵਿਅਕਤੀਗਤ ਅਤੇ ਜਮਾਤੀ ਹਊਮੈ ਦਾ ਨਾਂ
ਬਦਲ ਕੇ ‘ਅਣਖ‘ ਰੱਖ ਲੈਂਦੇ ਹਾਂ। ਸਾਡੀਆਂ ਹੋਰ ਵੀ ਕਈ ਚੀਜ਼ਾਂ ਹਨ ਜੋ ਗੁਰੂ ਨੂੰ ਬਿਲਕੁਲ
ਪਸੰਦ ਨਹੀਂ, ਅਸੀਂ ਉਹਨਾਂ ਨੂੰ ਤਿਆਗਣ ਦੀ ਬਜਾਏ ਉਹਨਾਂ ਦਾ ਨਾਂ ਬਦਲੀ ਕਰ ਲੈਂਦੇ ਹਾਂ।
ਪੁਰਾਣੇ ਜ਼ਮਾਨੇ ਵਿਚ ਰਾਜ ਭਾਗ ਤੇ ਕਬਜ਼ੇ ਦਾ ਫੈਸਲਾ ਜੰਗਾਂ-ਯੁੱਧਾਂ ਵਿਚ ਹੋਣ ਵਾਲੀ ਹਾਰ
ਜਿੱਤ ਨਾਲ ਹੁੰਦਾ ਸੀ। ਜੰਗਾਂ ਯੁੱਧਾਂ ਦੀ ਹਿੰਸਾ ਤੋਂ ਨਜਾਤ ਪਾਉਣ ਲਈ ਸੱਭਿਅਕ ਲੋਕਾਂ ਨੇ
ਚੋਣਾਂ ਜਾਂ ਵੋਟਾਂ ਦੀ ਕਾਢ ਕੱਢੀ। ਪਰ ਸਾਡਾ ਆਪਣੇ ਪੁਰਾਣੇ ਸੱਭਿਆਚਾਰ ਨਾਲ ਪਿਆਰ ਦੇਖੋ।
ਅਸੀਂ ਅਜੇ ਵੀ ਚੋਣਾਂ ਵਿਚ ਭਾਗ ਲੈਣ ਨੂੰ ਚੋਣ ਲੜਨਾ, ਚੁਣੇ ਜਾਣ ਨੂੰ ਚੋਣ ਜਿੱਤਣਾ ਅਤੇ ਨਾ
ਚੁਣੇ ਜਾਣ ਨੂੰ ਚੋਣ ਹਾਰਨਾ ਆਖਦੇ ਹਾਂ। ਗੱਲ ਕੀ, ਸਾਡਾ ਲੜਾਈ, ਟਾਕਰੇ, ਹਿੰਸਾ ਤੋਂ ਬਿਨਾ
ਜਿਵੇਂ ਗੁਜ਼ਾਰਾ ਨਹੀਂ ਹੈ। ਹਿੰਸਾ, ਲੜਾਈ, ਬਦਲੇ, ਹੈਂਕੜ, ਧੌਂਸ ਅਦਿ ਦੇ ਮਸਾਲੇ ਨਾਲ ਨੱਕੋ
ਨੱਕ ਭਰੇ ਪੰਜਾਬੀ ਗੀਤ ਗਾਉਣ ਵਾਲੇ ਗਵੱਈਏ ਜਦ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਨੂੰ
ਬਚਾਉਣ ਵਾਲੇ ਰਖਵਾਲੇ ਦੱਸਦੇ ਹਨ ਤਾਂ ਜਾਪਦਾ ਹੈ ਕਿ ਉਹ ਠੀਕ ਹੀ ਕਹਿ ਰਹੇ ਹਨ ਕਿਉਂਕਿ
ਅਜਿਹਾ ਕਰਕੇ ਉਹ ਪੰਜਾਬੀ ਸੱਭਿਆਚਾਰ ਨੂੰ ਗੁਰੂ ਗਰੰਥ ਸਾਹਿਬ ਦੇ ਫਲਸਫੇ ਦੇ ਪ੍ਰਭਾਵ ਤੋਂ
ਬਚਾ ਰਹੇ ਹਨ। ਸਿੱਖ ਇਤਿਹਾਸ ਦੀ ਮਹਿਮਾ ਗਾਉਣ ਦੇ ਨਾਂ ਹੇਠ ਸਾਡੇ ਢਾਡੀ, ਕਵੀਸ਼ਰ ਵੀ ਮੁੱਖ
ਤੌਰ ਤੇ ਏਹੀ ਸੇਵਾ ਨਿਭਾ ਰਹੇ ਹਨ।
ਦੁਸ਼ਮਨ ਵਲੋਂ ਇਕ ਗੱਲ੍ਹ ਤੇ ਚਪੇੜ ਮਾਰੇ ਜਾਣ ਤੇ ਦੂਜੀ ਗੱਲ੍ਹ ਅੱਗੇ ਕਰਨ ਵਾਲੀ ਮਹਾਤਮਾ
ਗਾਂਧੀ ਦੀ ਗੱਲ ਦਾ ਪੰਜਾਬੀਆਂ ਵਲੋਂ ਸਭ ਤੋਂ ਵੱਧ ਮਜ਼ਾਕ ਉਡਾਇਆ ਜਾਂਦਾ ਹੈ ਹਾਲਾਂ ਕਿ
ਮਹਾਤਮਾ ਗਾਂਧੀ ਦੀ ਇਸ ਗੱਲ ਦੀ ਭਾਵਨਾ ਪੰਜਾਬੀ ਦੇ ਮੋਢੀ ਸ਼ਾਇਰ ਬਾਬਾ ਫਰੀਦ ਦੇ ਗੁਰੂ ਗਰੰਥ
ਸਾਹਿਬ ਵਿਚ ਦਰਜ “ਤਿਨਾ ਨ ਮਾਰੇ ਘੁੰਮਿ” ਅਤੇ “ਬੁਰੇ ਦਾ ਭਲਾ ਕਰਿ” ਵਾਲੇ ਦੋਹਾਂ ਸਲੋਕਾਂ
ਦੇ ਬੜੀ ਨੇੜੇ ਤੇੜੇ ਹੈ। ਜਦ ਮੈਂ ਫ਼ਰੀਦ ਜੀ ਦੇ ਇਹਨਾਂ ਸਲੋਕਾਂ ਦਾ ਧਿਆਨ ਧਰਦਾ ਹਾਂ ਤਾਂ
ਮੈਨੂੰ 1999 ਵਿਚ ਉੜੀਸਾ ‘ਚ ਇਕ ਪਰਿਵਾਰ ਨਾਲ ਵਾਪਰੀ ਭਿਆਨਕ ਘਟਨਾ ਯਾਦ ਆ ਜਾਂਦੀ ਹੈ।
ਆਸਟ੍ਰੇਲੀਆ ਦੇ ਇਸਾਈ ਮਿਸ਼ਨਰੀ ਡਾ. ਗਰ੍ਹੱਮ ਸਟੇਨਜ਼ 1965 ਤੋਂ ਉਡੀਸਾ ਦੇ ਕਬਾਇਲੀ ਇਲਾਕਿਆਂ
ਦੇ ਗਰੀਬਾਂ ਖਾਸਕਰ ਕੋਹੜ ਦੇ ਮਰੀਜ਼ਾਂ ਲਈ ਕੰਮ ਕਰਦੇ ਸਨ। ਕਬਾਇਲੀ ਲੋਕ ਉਹਨਾਂ ਨੂੰ ਮਸੀਹੇ
ਵਾਂਗ ਸਮਝਦੇ ਸਨ। ਉਹਨਾਂ ਦੀ ਨੇਕੀ ਕਰਕੇ ਕਈ ਲੋਕ ਇਸਾਈਅਤ ਵੱਲ ਵੀ ਆਕਰਸ਼ਤ ਹੋਏ ਹੋਣਗੇ। ਇਸ
ਗੱਲ ਤੋਂ ਖਫ਼ਾ ਹੋ ਕੇ ਇਕ ਮਜ਼ਹਬੀ ਸੰਗਠਨ ਦੇ ਕਾਰਕੁੰਨਾ ਨੇ ਇਕ ਰਾਤ ਉਹਨਾਂ ਨੂੰ ਉਹਨਾਂ ਦੇ
9 ਸਾਲ ਅਤੇ 6 ਸਾਲ ਦੇ ਪੁੱਤਰਾਂ ਸਮੇਤ ਉਸ ਸਮੇਂ ਜਿੰਦਾ ਜਲ਼ਾ ਦਿੱਤਾ ਜਦ ਉਹ ਤਿੰਨੋਂ ਆਪਣੀ
ਗੱਡੀ ਵਿਚ ਸੁੱਤੇ ਪਏ ਸਨ। ਆਪਣੇ ਪਤੀ ਅਤੇ ਮਾਸੂਮ ਬੱਚਿਆ ਦੇ ਇਸ ਬੇਰਹਿਮ ਕਤਲ ਮਗਰੋਂ
ਸ਼੍ਰੀਮਤੀ ਗਲੈਡੀ ਸਟੇਨਜ਼ ਨੇ ਜੋ ਅਦਾਲਤੀ ਬਿਆਨ ਦਿੱਤਾ ਉਹ ਦੇਖਣ ਅਤੇ ਵਿਚਾਰਨ ਵਾਲਾ ਹੈ:
“ਡਾ. ਗਰ੍ਹੱਮ ਦੁਆਰਾ ਆਰੰਭੇ ਕਾਰਜ ਨੂੰ ਅੱਗੇ ਤੋਰਨ ਲਈ ਅਤੇ ਮੈਨੂੰ ਨੇਕੀ ਦਾ ਰਸਤਾ
ਦਿਖਾਉਣ ਲਈ ਪ੍ਰਮਾਤਮਾ ਹਮੇਸ਼ਾ ਮੇਰੇ ਅੰਗ ਸੰਗ ਹੈ। ਮੈਨੂੰ ਆਪਣੇ ਪਤੀ ਅਤੇ ਬੱਚਿਆਂ ਦੇ ਏਨੀ
ਬੇਰਹਿਮੀ ਨਾਲ ਮਾਰੇ ਜਾਣ ਤੇ ਕਈ ਵਾਰ ਹੈਰਾਨੀ ਤਾਂ ਹੁੰਦੀ ਹੈ ਪਰ ਮੇਰੇ ਦਿਲ‘ਚ ਇਹ ਬਿਲਕੁਲ
ਨਹੀਂ ਆਉਂਦਾ ਕਿ ਜਿੰਮੇਵਾਰ ਵਿਅਕਤੀਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਮੈਨੂੰ ਆਸ ਹੈ ਕਿ
ਉਹਨਾਂ ਦੇ ਮਨਾਂ ‘ਚ ਜ਼ਰੂਰ ਆਪਣੇ ਕੀਤੇ ਲਈ ਪਛਤਾਵਾ ਹੋਵੇਗਾ ਅਤੇ ਉਹ ਆਪਣੇ ਆਪ ਨੂੰ ਸੁਧਾਰ
ਲੈਣਗੇ।”
ਸ਼੍ਰੀਮਤੀ ਗਲੈਡੀ ਨੇ ਆਪਣੇ ਪਤੀ ਡਾ. ਗਰ੍ਹੱਮ ਸਟੇਨਜ਼ ਤੋਂ ਮਗਰੋਂ ਉਸ ਦੇ ਮਿਸ਼ਨਰੀ ਕਾਰਜਾਂ
ਨੂੰ ਉਸੇ ਤਰ੍ਹਾਂ ਜਾਰੀ ਰੱਖਿਆ, ਕੋਈ ਢਿੱਲ ਨਹੀਂ ਆਉਣ ਦਿੱਤੀ। ਕਬਾਇਲੀ ਖੇਤਰ ਵਿਚ ਕੋਹੜ
ਦੇ ਰੋਗੀਆਂ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਉੇਸ ਨੂੰ 2005 ਵਿਚ ਪਦਮ ਸ਼੍ਰੀ ਐਵਾਰਡ ਦਿੱਤਾ
ਗਿਆ। ਇਸ ਉਦਾਹਰਨ ਦਾ ਇਹ ਮਤਲਬ ਨਹੀਂ ਕਿ ਇਸਾਈਆਂ ਨੇ ਕਦੀ ਮਨੁੱਖਤਾ ਵਿਰੋਧੀ ਕੰਮ ਨਹੀਂ
ਕੀਤੇ ਜਾਂ ਇਸਾਈਅਤ ਕਰਕੇ ਮਨੁੱਖਤਾ ਦਾ ਖੂਨ ਨਹੀਂ ਡੁਲ੍ਹਿਆ ਜਾਂ ਸਾਰੇ ਇਸਾਈ ਡਾ. ਗਰ੍ਹੱਮ
ਜਾਂ ਗਲੈਡੀ ਸਟੇਨਜ਼ ਵਰਗੇ ਨੇਕ ਹਨ। ਅਸੀਂ ਜਾਣਦੇ ਹਾਂ ਕਿ ਸਿੱਖਾਂ ਤੇ ਸਟੇਨਜ਼ ਪਰਿਵਾਰ
ਨਾਲੋਂ ਵੀ ਵੱਡੇ ਅਤੇ ਅਣਗਿਣਤ ਕਹਿਰ ਵਾਪਰੇ ਹਨ, ਅਸਹਿ ਅਤੇ ਅਕਹਿ ਕਸ਼ਟ ਸਹਾਰੇ ਹਨ ਪਰ ਗੁਰੂ
ਸਾਹਿਬਾਨਾਂ ਤੋਂ ਮਗਰਲੇ ਸਿੱਖ ਇਤਿਹਾਸ ਵਿਚ ਕਿਸੇ ਵੀ ਦੁਖਦਾਈ ਘਟਨਾ ਮਗਰੋਂ ਕਦੀ ਇਹੋ ਜਿਹਾ
ਪ੍ਰਤੀਕਰਮ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਦਾ ਅਸੀਂ ਸ਼੍ਰੀਮਤੀ ਗਲੈਡੀ ਦੇ ਲਫ਼ਜ਼ਾਂ ਵਿਚ ਉਪਰ
ਪੜ੍ਹਿਆ ਹੈ।
-0-
|