Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

‘ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 


ਵਗਦੀ ਏ ਰਾਵੀ
ਥਾਵਾਂ ਤੇ ਮਨਾਂ ਦੀ ਯਾਤਰਾ
- ਵਰਿਆਮ ਸਿੰਘ ਸੰਧੂ
 

 

ਅੱਜ ਅਸੀਂ ਲਾਹੌਰ ਦਾ ਸ਼ਾਹੀ ਕਿਲਾ ਦੇਖਣ ਜਾਣਾ ਸੀ। ਉਮਰ ਗਨੀ, ਰਿਜ਼ਵਾਨ ਅਹਿਮਦ ਸਮੇਤ ਆਪਣੀ ਕਾਰ ਲੈ ਕੇ ਹਾਜ਼ਰ ਸੀ। ਅਸੀਂ ਨਹਾ ਧੋ ਕੇ ਤਿਆਰ ਹੋਏ ਤਾਂ ਖਾਵਰ ਰਾਜਾ ਵੀ ਆਪਣੀ ਲੜਕੀ ਅਲਬਰਕਾਤ ਤੇ ਆਪਣੇ ਦੋ ਸੋਹਣੇ ਮੁੰਡਿਆਂ ਦੇ ਸਾਥ ਵਿਚ ਗੁਜਰਾਂਵਾਲਾ ਤੋਂ ਆ ਪੁੱਜੀ। ਉਹ ਆਪਣੇ ਮੁਕੰਮਲ ਪਰਿਵਾਰ ਸਮੇਤ ਡਾ. ਜਗਤਾਰ ਨਾਲ ਦਿਹਾੜੀ ਗੁਜ਼ਾਰਨਾ ਚਾਹੁੰਦੀ ਸੀ।
ਨਾਸ਼ਤਾ ਤਾਂ ਹੋਟਲ ਵਿਚ ਵੀ ਕੀਤਾ ਜਾ ਸਕਦਾ ਸੀ ਪਰ ਜਗਤਾਰ ਦੀ ਇੱਛਾ ਸੀ ਕਿ ਕਿਲੇ ਵੱਲ ਜਾਣ ਤੋਂ ਪਹਿਲਾਂ ਲਾਹੌਰ ਦੀ ਬਹੁਚਰਚਿਤ ‘ਫੂਡ ਸਟਰੀਟ’ ਵਿਚ ਨਾਸ਼ਤਾ ਕਰੀਏ। ਇਸ ਬਹਾਨੇ ਉਹ ਵੀ ਉਸ ਜਗ੍ਹਾ ਨੂੰ ਦੇਖ ਲਵੇਗਾ। ਉਹ ਗਵਾਲ ਮੰਡੀ ਵਿਚਲੀ ‘ਫੂਡ ਸਟਰੀਟ’ ਦੇ ਜਲੌਅ ਦੀਆਂ ਗੱਲਾਂ ਮੇਰੇ ਕੋਲੋਂ ਸੁਣ ਚੁੱਕਾ ਸੀ ; ਪਰ ਜਦੋਂ ‘ਫੂਡ ਸਟਰੀਟ’ ਪੁੱਜੇ ਤਾਂ ਉਤੇ ਉਸ ਰਾਤ ਵਾਲਾ ਜਲ-ਜਲੌਅ ਗ਼ੈਰਹਾਜ਼ਰ ਸੀ। ਆਮ ਬਜ਼ਾਰਾਂ ਵਾਂਗ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਵਾਹਨਾਂ ਦੀ ਆਵਾਜਾਈ ਬੰਦ ਕਰਨ ਲਈ ਲੱਗੀਆਂ ਰੁਕਾਵਟਾਂ ਚੁੱਕ ਦਿੱਤੀਆਂ ਸਨ। ਜ਼ਾਹਿਰ ਹੈ ਦੁਕਾਨਾਂ ਦੇ ਬਾਹਰ ਸੜਕਾਂ ਉਤੇ ਗਾਹਕਾਂ ਲਈ ਡਾਹੀਆਂ ਮੇਜ਼ ਕੁਰਸੀਆਂ ਵੀ ਚੁੱਕ ਲਈਆਂ ਗਈਆਂ ਸਨ। ਅਸਲ ਵਿਚ ‘ਫੂਡ ਸਟਰੀਟ’ ਦੀ ‘ਉਹ’ ਵਿਸ਼ੇਸ਼ ਦਿੱਖ ਹੈ ਹੀ ਰਾਤ ਨਾਲ ਸਬੰਧਤ ਸੀ। ਹੁਣ ਤਾਂ ਇਹ ਆਮ ਬਾਜ਼ਾਰਾਂ ਜਿਹਾ ਬਾਜ਼ਾਰ ਸੀ। ਰਾਤਾਂ ਵਾਲੀ ਮੋਢੇ ਖਹਿੰਦੀ ਭੀੜ ਦੀ ਬਜਾਇ ਸੜਕ ਉਤੋਂ ਇੱਕਾ-ਦੁੱਕਾ ਆਦਮੀ ਗੁਜ਼ਰ ਰਿਹਾ ਸੀ। ਇਕ ਆਦਮੀ ਨੂੰ ਰੋਕ ਕੇ ਅਸੀਂ ਉਸ ਨੂੰ ਨਾਸ਼ਤਾ ਕਰਨ ਲਈ ‘ਬਿਹਤਰ ਦੁਕਾਨ’ ਬਾਰੇ ਦੱਸਣ ਲਈ ਕਿਹਾ। ਉਸ ਨੇ ਪੂਰੇ ਉਤਸ਼ਾਹ ਨਾਲ ਦੱਸਿਆ।
‘‘ਦੁਕਾਨਾਂ ਤਾਂ ਐਥੇ ਵੀ ਚੰਗੀਆਂ ਨੇ ਪਰ ਤੁਸੀਂ ਔਹ ਅਗਲੇ ਬਾਜ਼ਾਰ ਵਿਚ ਜਾ ਕੇ ਸੱਜੇ ਹੱਥ ਥੋੜ੍ਹਾ ਕੁ ਅੱਗੇ ਜਾਣਾ। ਉਥੇ ਇਕ ਦੁਕਾਨ ਵਾਲੇ ਹਨ ਉਹ ਦੇਸੀ ਘਿਓ ਦੀਆਂ ਪੂਰੀਆਂ ਬਣਾਉਂਦੇ ਹਨ। ਰਾਹ ਵਿਚ ਹੋਰ ਬਹੁਤ ਨੇ ਪੂਰੀਆ ਬਣਾਉਣ ਵਾਲੇ। ਪਰ ਤੁਸੀਂ ਮਹਿਮਾਨ ਹੋ, ਤੁਸੀਂ ਉਥੇ ਹੀ ਜਾਓ।’’
ਉਸ ਬਾਜ਼ਾਰ ਵਿਚ ਸੱਜੇ ਮੁੜਦਿਆਂ ਹੀ ਦੋ ਦੁਕਾਨਾਂ ਨਜ਼ਰ ਆਈਆਂ। ਅਸੀਂ ਇਨ੍ਹਾਂ ਵਿਚੋਂ ‘ਚੰਗੀ ਦੁਕਾਨ’ ਬਾਰੇ ਕਿਸੇ ਨੂੰ ਪੁੱਛਿਆ ਤਾਂ ਉਸ ਨੇ ਵੀ ਕਿਹਾ, ‘ਦੁਕਾਨਾਂ ਤਾਂ ਇਹ ਵੀ ਠੀਕ ਨੇ ਪਰ ਤੁਸੀਂ ਅੱਗੇ ਜਾਓ। ਉਥੇ ਦੇਸੀ ਘਿਓ...‘‘
ਕਿੰਨੀ ਚੰਗੀ ਗੱਲ ਸੀ। ਉਹ ਲੋਕ ਚਾਹੁੰਦੇ ਸਨ ਕਿ ਅਸੀਂ ‘ਚੰਗੀ ਦੁਕਾਨ’ ਤੋਂ ਹੀ ਨਾਸ਼ਤਾ ਕਰੀਏ। ਉਨ੍ਹਾਂ ਨੇ ਕਿਹੜਾ ਦੁਕਾਨ ਵਾਲੇ ਤੋਂ ‘ਕਮਿਸ਼ਨ’ ਲੈਣਾ ਸੀ! ਇੰਜ ਕਰ ਕੇ ਵੀ ਉਹ ਆਪਣੀ ਮਹਿਮਾਨ-ਨਵਾਜ਼ੀ ਦਾ ਫ਼ਰਜ਼ ਅਦਾ ਕਰ ਰਹੇ ਸਨ।
ਵੇਖਣ ਨੂੰ ਤਾਂ ਉਹ ਦੁਕਾਨ ਵੀ ਆਮ ਦੁਕਾਨਾਂ ਵਰਗੀ ਹੀ ਸੀ। ਦੁਕਾਨ ਵਿਚ ਲੰਮੇ ਮੇਜ਼ਾਂ ਨਾਲ ਪਏ ਬੈਂਚਾਂ ਉਪਰ ਬੈਠ ਕੇ ਅਸੀਂ ਨਾਸ਼ਤਾ ਕੀਤਾ। ਪੂਰੀਆਂ, ਦਹੀਂ, ਛੋਲੇ, ਹਲਵਾ ਤੇ ਦਹੀਂ ਦੀ ਮਿੱਠੀ ਲੱਸੀ ਸੱਚਮੁੱਚ ਡਾਢੇ ਸਵਾਦ ਸਨ। ਅਸੀਂ ਉਥੋਂ ਆਨੰਦ-ਪ੍ਰਸੰਨ ਹੋ ਕੇ ਉਠੇ।
ਨਾਸ਼ਤੇ ਦੇ ਪੈਸੇ ਉਮਰ ਗਨੀ ਨੇ ਹੀ ਦਿੱਤੇ। ਉਹਦੇ ਹੁੰਦਿਆਂ ਅਸੀਂ ਆਪਣੀ ਜੇਬ ਨੂੰ ਹੱਥ ਨਹੀਂ ਸਾਂ ਲਾ ਸਕਦੇ।
ਬਾਹਰ ਗਲੀ ਵਿਚ ਰਾਜ-ਮਜ਼ਦੂਰ ਆਪਣਾ ਸੰਦ-ਸੰਧੇੜਾ ਲੈ ਕੇ ਬੈਠੇ ਸਨ। ਮੈਂ ‘ਸਲਾਮ’ ਕਹਿ ਕੇ ਹਾਲ-ਹਾਲ ਪੁੱਛਿਆ ਤਾਂ ਇਕ ਜਣਾ ਕਹਿੰਦਾ, ‘‘ਸਰਦਾਰ ਜੀ, ਉਥੇ ਰਾਜ ਮਿਸਤਰੀ ਦੀ ਦਿਹਾੜੀ ਕੀ ਜੇ?’’
ਮੈਂ ਮੁਸਕਰਾਇਆ। ਉਸ ਦਿਨ ਰਿਕਸ਼ੇ ਵਾਲਾ ਵੀ ਭਾਰਤ ਦੇ ਰਿਕਸ਼ੇ ਵਾਲਿਆਂ ਬਾਰੇ ਪੁੱਛ ਰਿਹਾ ਸੀ। ਇਹ ਵੀ ਮੁਕਾਬਲੇਬਾਜ਼ੀ ਦਾ ਇਕ ਅੰਦਾਜ਼ ਸੀ ਸ਼ਾਇਦ!... ਤੇ ਜਾਂ ਦੋਵਾਂ ਮੁਲਕਾਂ ਵਿਚ ਆਪਣੇ ਜਿਹੇ ਗਰੀਬ ਲੋਕਾਂ ਦੀ ਹੋਣੀ ਜਾਨਣ ਦੀ ਉਤਸੁਕਤਾ ਸੀ।
ਅਸੀਂ ਹੌਲੀ ਹੌਲੀ ਬਾਜ਼ਾਰ ਵਿਚ ਵਾਪਸ ਤੁਰੇ ਆ ਰਹੇ ਸਾਂ। ਮੈਂ ਬਾਜ਼ਾਰ ਵਿਚੋਂ ਸੱਜੇ ਖੱਬੇ ਨਿਕਲਦੀਆਂ ਛੋਟੀਆਂ ਛੋਟੀਆਂ ਗਲੀਆਂ ਦੇ ਦੋਪਾਸੀਂ ਦੋ-ਮੰਜਿ਼ਲੇ, ਤਿੰਨ-ਮੰਜਿ਼ਲੇ ਮਕਾਨਾਂ ਨੂੰ ਦੇਖਦਿਆਂ ਇਤਿਹਾਸ ਵਿਚ ਉਤਰ ਗਿਆ ਸਾਂ। ਇਸੇ ਗਵਾਲ ਮੰਡੀ ਵਿਚ ਕਿਸੇ ਵੇਲੇ ਭਗਤ ਸਿੰਘ ਦੇ ਘਰਦਿਆਂ ਨੇ ਉਸ ਨੂੰ ਸਰਗਰਮ ਸਿਆਸਤ ਵਲੋਂ ਮੋੜਨ ਲਈ ਗਾਵਾਂ ‘ਪਾ ਕੇ’ ਦਿੱਤੀਆਂ ਸਨ ਤਾਂ ਕਿ ਉਹ ਕੰਮ-ਧੰਦੇ ਵਿਚ ਰੁੱਝ ਜਾਵੇ। ਪਰ ਭਗਤ ਸਿੰਘ ਇਥੋਂ ਦੇ ਰੁਝੇਵਿਆਂ ਵਿਚੋਂ ਵੀ ਸਮਾਂ ਕੱਢ ਕੇ ਰਾਤ-ਬ-ਰਾਤੇ ਹੁੰਦੀਆਂ ਮੀਟਿੰਗਾਂ ਵਿਚ ਹਾਜ਼ਰੀ ਭਰ ਆਉਂਦਾ ਸੀ। ਇਹ ‘ਗਵਾਲ ਮੰਡੀ’ ਉਸ ਨੂੰ ਬੰਨ੍ਹ ਕੇ ਨਹੀ ਸੀ ਰੱਖ ਸਕੀ। ਇਨ੍ਹਾਂ ਗਲੀਆਂ ਵਿਚੋਂ ‘ਨਿਕਲ ਕੇ’ ਉਹ ਸਾਰੇ ਭਾਰਤ ‘ਤੇ ਛਾ ਗਿਆ ਸੀ। ਇਨ੍ਹਾਂ ਹੀ ਗਲੀਆਂ ਵਿਚੋਂ ਕਦੀ ‘47’ ਦਾ ਦੈਂਤ ਦਨਦਨਾਉਂਦਾ ਲੰਘਿਆ ਸੀ ਤੇ ਇਨ੍ਹਾਂ ਇਮਾਰਤਾਂ ਵਿਚੋਂ ਹੀ ਸੜਦਾ ਧੂਆਂ ਆਸਮਾਨ ਤਕ ਉਠਿਆ ਸੀ। ਇਨ੍ਹਾਂ ਹੀ ਗਲੀਆਂ ਵਿਚ ਕਈ ਨਿਰਦੋਸ਼ ਲੋਕਾਂ ਦੀਆਂ ਵੱਖੀਆਂ ਵਿਚ ਛੁਰੇ ਖੁਭੇ ਸਨ। ਇਨ੍ਹਾਂ ਹੀ ਗਲੀਆਂ ਵਿਚ ‘ਇਕ-ਦੂਜੇ’ ਨੂੰ ਦੇਖ ਕੇ ਅਸੀਂ ਨਫਰਤ ਦਾ ਲਹੂ ਥੁੱਕਿਆ ਸੀ। ਇਨ੍ਹਾਂ ਹੀ ਗਲੀਆਂ ਵਿਚ ਉਸ ਰਾਤ ਨੌਜਵਾਨ ਮੈਨੂੰ ਕਹਿ ਰਿਹਾ ਸੀ, ‘‘ਤੁਹਾਡੀਆਂ ਪੱਗਾਂ ਦੀ ਹਾਜ਼ਰੀ ਵਿਚ ਹੀ ਇਹ ਸ਼ਹਿਰ ਮੁਕੰਮਲ ਲਗਦਾ ਹੈ... ਤੁਹਾਡੇ ਬਿਨਾਂ ਪੰਜਾਬ ਅਧੂਰਾ ਹੈ!’’
ਉਮਨ ਗਨੀ, ਰਿਜ਼ਵਾਨ, ਖਾਵਰ ਰਾਜਾ ਸਾਡੇ ਅੰਗ-ਸੰਗ ਸਨ। ਅਸੀਂ ਕੁਝ ਪਲਾਂ ਲਈ ਆਪਣੇ ਆਪ ਨੂੰ ‘ਪੂਰੇ-ਪੰਜਾਬ’ ਹੋਣ ਦਾ ਭਰਮ ਪਾਲਿਆ ਹੋਇਆ ਸੀ। ਤੇ ਇਹ ਪੂਰਾ ਪੰਜਾਬ ਲਾਹੌਰ ਦੇ ਸ਼ਾਹੀ ਕਿਲੇ ਵੱਲ ਤੁਰਿਆ ਜਾ ਰਿਹਾ ਸੀ।
ਅਸੀਂ ਕਿਲੇ ਦੇ ਗੇਟ ਅੱਗੇ ਪੁੱਜੇ ਤਾਂ ਰਿਜ਼ਵਾਨ ਨੇ ਕਿਹਾ ਕਿ ਉਹ ਉਮਰ ਗਨੀ ਦੀ ਕਾਰ ਲੈ ਜਾਂਦਾ ਹੈ ਤੇ ਕਾਨਫ਼ਰੰਸ ‘ਤੇ ਆਏ ਭਾਰਤੀ ਵਫ਼ਦ ਦੇ ਡੈਲੀਗੇਟ ਸੁਰਿੰਦਰ ਸਿੰਘ ਜੌਹਰ ਨੂੰ ਏਅਰਪੋਰਟ ‘ਤੇ ਛੱਡ ਕੇ ਘੰਟੇ, ਡੇਢ ਘੰਟੇ ਵਿਚ ਵਾਪਸ ਪਰਤ ਆਏਗਾ। ਉਮਰ ਗਨੀ ਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਸੀ। ਏਨਾ ਕੁ ਚਿਰ ਤਾਂ ਸਾਨੂੰ ਕਿਲ੍ਹਾ ਅਤੇ ਹੋਰ ਆਲਾ-ਦੁਆਲਾ ਦੇਖਦਿਆਂ ਲੱਗ ਹੀ ਜਾਣਾ ਸੀ।
ਕਿਲ੍ਹੇ ਦੇ ਸਾਹਮਣੇ ਪਾਸੇ ਹਜੂਰੀ ਬਾਗ਼, ਸੱਜੇ ਹੱਥ ਰਣਜੀਤ ਸਿੰਘ ਦੀ ਸਮਾਧ ਤੇ ਗੁਰਦੁਆਰਾ ਡੇਰਾ ਸਾਹਿਬ ਸਨ। ਹਜ਼ੂਰੀ ਬਾਗ਼ ਦੇ ਪਾਰ ਅਲਾਮਾ ਇਕਬਾਲ ਦੀ ਯਾਦਗਾਰ ਉਹਦੇ ਸਿਰ ਉਤੇ ਸ਼ਾਹੀ ਮਸਜਿਦ। ਮੈਂ ਇਸ ਸਮੁੱਚੇ ਦ੍ਰਿਸ਼ ਨੂੰ ਨਿਹਾਰਿਆ।
ਅਸੀਂ ਕਿਲ੍ਹੇ ਦੇ ਮੁੱਖ ਦਰਵਾਜ਼ੇ ਵੱਲ ਪਰਤੇ। ਕੱਲ੍ਹ ਵਾਂਗ ਅੱਜ ਵੀ ਜਥੇ ਨਾਲ ਆਏ ‘ਸਿੰਘ’ ਸੜਕ, ਬਾਗ਼ ਤੇ ਕਿਲ੍ਹੇ ਦੇ ਅੰਦਰ ਬਾਹਰ ਘੁੰਮ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਸਾਡਾ ਵੀ ਲਾਹੌਰ ਵਿਚ ‘ਹਿੱਸਾ’ ਹੈ। ਉਮਰ ਗਨੀ ਨੇ ਕਿਲ੍ਹੇ ਦੇ ਪ੍ਰਵੇਸ਼ ਦੁਆਰ ਅੱਗੇ ਖਲੋ ਕੇ ਟਿਕਟਾਂ ਖਰੀਦੀਆਂ ਅਤੇ ਕਿਲ੍ਹੇ ਦੇ ਅੰਦਰ ਦਾਖ਼ਲ ਹੋਏ। ਕਿਲ੍ਹੇ ਦਾ ਇਹ ਸਾਹਮਣਾ ਪਾਸਾ ਪੂਰਬ ਤੋਂ ਪੱਛਮ ਵੱਲ ਪੰਜ ਸੌ ਫੁੱਟ ਚੌੜਾ ਹੈ। ਖਾਵਰ ਰਾਜਾ ਆਪਣੇ ਬੱਚਿਆਂ ਨੂੰ ਜਗਤਾਰ ਨੂੰ ਮਿਲਾਉਣ ਲਿਆਈ ਸੀ, ਇਸ ਲਈ ਉਨ੍ਹਾਂ ਨੂੰ ਥੋੜ੍ਹੀ ਵਿੱਥ ਅਤੇ ਗੱਲਾਂ ਕਰਨ ਦੀ ਵਿਹਲ ਦੇ ਕੇ ਮੈਂ ਅਤੇ ਉਮਰ ਗਨੀ ਨਾਲ ਨਾਲ ਤੁਰਨ ਲੱਗੇ। ਲੱਗਦਾ ਹੀ ਨਹੀਂ ਸੀ ਕਿ ਸਾਡੀ ਦੋ ਕੁ ਦਿਨਾਂ ਦੀ ਮੁਲਾਕਾਤ ਹੈ। ਉਮਰਾਂ ਦਾ ਜਾਣੂ ਲਗਦਾ ਸੀ ਉਮਰ ਗਨੀ।
ਕਿਲ੍ਹੇ ‘ਚ ਦਾਖ਼ਲ ਹੁੰਦਿਆਂ ਹੀ ਸਦੀਆਂ ਦਾ ਇਤਿਹਾਸ ਮੇਰੇ ਅੰਗ-ਸੰਗ ਤੁਰਨ ਲੱਗਾ। ਕਿਲ੍ਹਾ ਲਾਹੌਰ ਦੇ 1883-84 ਦੇ ਗਜ਼ਟੀਅਰ ਦੇ ਪੰਨਾ 176-77 ‘ਤੇ ਦਰਜ ਹੈ ਕਿ ਗੁਰੂ ਅਰਜਨ ਦੇਵ ਦੇ ਗੁਰਦੁਆਰੇ ਦੇ ਨਾਲ ਹੀ, ਕਿਲ੍ਹੇ ‘ਚ ਦਾਖ਼ਲ ਹੁੰਦਿਆਂ ‘ਸੀਤਾ’ ਦੇ ਨਾਂ ‘ਤੇ ਬਣਾਇਆ ਇਕ ਮੰਦਰ ਹੈ, ਜੋ ਹੁਣ ਖੰਡਰ ਬਣ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਕਿਲ੍ਹੇ ਦੇ ਬਣਨ ਤੋਂ ਪਹਿਲਾਂ ਰਾਵੀ ਦਰਿਆ ਦੇ ਕਿਨਾਰੇ ਉਤੇ ਇਹ ਮੰਦਰ ਬਣਾਇਆ ਗਿਆ ਸੀ। ਇਹ ਉਸ ਸਮੇਂ ਹੀ ਯਾਦਗਾਰ ਵਜੋਂ ਸੀ ਜਦੋਂ ਸੀਤਾ ਆਪਣੇ ਪੁੱਤਰਾਂ ‘ਲਵ’ ਅਤੇ ‘ਕੁਸ਼’ ਨਾਲ ਮਹਾਂਰਿਸ਼ੀ ਬਾਲਮੀਕ ਕੋਲ ਠਹਿਰੀ ਹੋਈ ਸੀ। ‘ਲਵ’ ਦੇ ਨਾਂ ‘ਤੇ ਹੀ ਲਾਹੌਰ ਵਸਿਆ ਕਿਹਾ ਜਾਂਦਾ ਹੈ। ਪਰ ਸਦੀ ਤੋਂ ਵੱਧ ਸਮਾਂ ਪਹਿਲਾਂ ਜਿਹੜਾ ਮੰਦਰ ਖੰਡਰ ਬਣ ਚੁੱਕਾ ਸੀ, ਉਸ ਦੇ ਅਵਸ਼ੇਸ਼ ਹੁਣ ਕਿਥੋਂ ਲੱਭਣੇ ਸਨ। ਹੁਣ ਤਾਂ ਕਿਲ੍ਹੇ ਅੰਦਰਲੇ ਮਹਿਲ ਵੀ ਲੁੜੀਂਦੀ ਸਾਂਭ ਸੰਭਾਲ ਨੂੰ ਤਰਸਦੇ ਖੰਡਰਾਤ ਵਿਚ ਤਬਦੀਲ ਹੁੰਦੇ ਜਾ ਰਹੇ ਸਨ।
ਇਹ ਗੱਲ ਸੋਚ ਕੇ ਬੰਦਾ ਜ਼ਰੂਰ ਰੋਮਾਂਚਿਤ ਹੋ ਜਾਂਦਾ ਹੈ ਕਿ ਇਸ ਕਿਲ੍ਹੇ ਨੂੰ ਉਸਾਰਨ ਵਿਚ ਤੇ ਇਸ ਵਿਚ ਸਮੇਂ ਸਮੇਂ ਵਾਧਾ ਕਰਨ ਵਾਲੇ ਬਾਦਸ਼ਾਹ ਕਦੀ ਇਨ੍ਹਾਂ ਰਾਹਾਂ ਉਤੇ ਵਿਚਰਦੇ ਰਹੇ ਸਨ। ਅਕਬਰ, ਜਹਾਂਗੀਰ, ਸ਼ਾਹ ਜਹਾਨ, ਔਰੰਗਜ਼ੇਬ ਤੇ ਰਣਜੀਤ ਸਿੰਘ ਹਾਥੀਆਂ ‘ਤੇ ਸਵਾਰ ਘੁੰਮ ਰਹੇ ਸਨ। ਸ਼ਾਹਾਂ ਨੂੰ ਯਾਦ ਕਰਦਿਆਂ ਸ਼ਾਹਾਂ ਦੇ ਜ਼ੁਲਮ ਵੀ ਯਾਦ ਆਏ। ਇਥੇ ਹੀ ਜਹਾਂਗੀਰ ਨੇ ਸੰਮਣ ਬੁਰਜ ਵਿਚ ਘੜਿਆਲ ਟੰਗਿਆ ਹੋਇਆ ਸੀ ਜਿਸ ਨੂੰ ਖੜਕਾ ਕੇ ਫ਼ਰਿਆਦੀ ਫ਼ਰਿਆਦ ਕਰ ਸਕਦਾ ਸੀ। ਜਹਾਂਗੀਰ ਦਾ ‘ਅਦਲ’ ਕਿਲ੍ਹੇ ਦੇ ਸਾਹਮਣੇ ਗੁਰੂ ਅਰਜਨ ਦੇਵ ਦੀ ਯਾਦਗਾਰ ਨੂੰ ਵੇਖਦਿਆਂ ਪਤਾ ਚੱਲ ਜਾਂਦਾ ਸੀ! ਇਸੇ ਹੀ ਕਿਲ੍ਹੇ ਵਿਚ ਰਣਜੀਤ ਸਿੰਘ ਤੋਂ ਬਾਅਦ ਸ਼ੁਰੂ ਹੋਏ ਕਤਲਾਂ ਦੇ ਸਿਲਸਿਲੇ ਵਿਚ ਖੜਕ ਸਿੰਘ ਦੇ ਨਜ਼ਦੀਕੀ ਮਿੱਤਰ ਚੇਤ ਸਿੰਘ ਦਾ ਡੋਗਰਿਆਂ ਨੇ ਪਹਿਲਾਂ ਕਤਲ ਕੀਤਾ ਸੀ ਤੇ ਫਿਰ ਹੌਲੀ ਹੌਲੀ ਜ਼ਹਿਰ ਦੇ ਕੇ ਖੜਕ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇੰਜ ਇਥੋਂ ਸ਼ੁਰੂ ਹੋਇਆ ਕਤਲਾਂ ਦਾ ਅਮੁੱਕ ਸਿਲਸਿਲਾ ਪੰਜਾਬ ਦੇ ਕਤਲ ਦੀ ਕਹਾਣੀ ਬਣ ਗਿਆ। ਇਸੇ ਸ਼ਾਹੀ ਕਿਲ੍ਹੇ ਵਿਚ ਅੰਗਰੇਜ਼ਾਂ ਨੇ ਦੇਸ਼-ਭਗਤਾਂ ਨੂੰ ਅਕਹਿ-ਅਸਹਿ ਤਸੀਹੇ ਦਿੱਤੇ ਸਨ। ਇਥੇ ਹੀ ਸਿਰ ‘ਤੇ ਨਿੱਕੇ ਜਿਹੇ ਜੂੜੇ ਤੇ ਉਤਰਦੀ ਦਾੜ੍ਹੀ ਵਾਲੀ ਭਗਤ ਸਿੰਘ ਦੀ, ਹੱਥਕੜੀਆਂ ਤੇ ਬੇੜੀਆਂ ਸਮੇਤ ਅਲਾਣੀ ਮੰਜੀ ਉਤੇ ਬੈਠੇ ਦੀ, ਤਸਵੀਰ ਖਿੱਚੀ ਮਿਲਦੀ ਹੈ। ਸ਼ਾਇਦ ਇਥੇ ਹੀ ਅਰਜਨ ਸਿੰਘ ਗੜਗੱਜ ਦੇ ਵਾਲਾਂ ਨੂੰ ਛੱਤ ਨਾਲ ਬੰਨ੍ਹਿਆਂ ਗਿਆ ਸੀ ਤੇ ਸਿਰ ਦੀ ਚਮੜੀ ਤੇ ਵਾਲ ਉਖੜ ਕੇ ਉਪਰ ਟੰਗੇ ਰਹਿ ਗਏ ਸਨ ਤੇ ਗੜਗੱਜ ਜ਼ਮੀਨ ‘ਤੇ ਡਿੱਗ ਪਿਆ ਸੀ। ਅੱਜ ਵੀ ਸ਼ਾਹੀ ਕਿਲੇ ਦਾ ਇਕ ਹਿੱਸਾ ਤਸੀਹਾ ਕੇਂਦਰ ਵਜੋਂ ਵਰਤੋਂ ਵਿਚ ਲਿਆਂਦਾ ਜਾ ਰਿਹਾ ਸੀ। ਪਰ ਉਸ ਪਾਸੇ ਦਰਸ਼ਕਾਂ ਦਾ ਜਾਣਾ ਵਰਜਿਤ ਸੀ।
ਉਮਰ ਗਨੀ ਆਪਣੀ ਜਾਣਕਾਰੀ ਅਨੁਸਾਰ ਦੱਸੀ ਜਾ ਰਿਹਾ ਸੀ। ਕਿਤੇ ਕਿਤੇ ਡਾ. ਜਗਤਾਰ ਵੀ ਕੋਈ ਸੂਚਨਾ ਦਿੰਦਾ। ਇਸ ਰਾਹੋਂ ਸ਼ਾਹੀ ਔਰਤਾਂ ਹਾਥੀਆਂ ‘ਤੇ ਬੈਠ ਕੇ ਹਵਾਖੋਰੀ ਲਈ ਨਿਕਲਦੀਆਂ ਸਨ। ਐਧਰ ‘ਹਰਮ’ ਸਨ। ਇਹ ਦੀਵਾਨੇ-ਆਮ ਸੀ। ਅੱਗੇ ਖੁੱਲ੍ਹਾ ਦਲਾਨ ਛੱਤਿਆ ਹੋਇਆ। ਸਾਹਮਣੇ ਉੱਚੇ ਸਥਾਨ ਤੇ ਇਮਾਰਤ ਵਿਚੋਂ ਅੱਗੇ ਨੂੰ ਵਧਿਆ ਹੋਇਆ ਸੰਗਮਰਮਰੀ ਥੜ੍ਹਾ, ਜਿਥੇ ਆ ਕੇ ਬਾਦਸ਼ਾਹ ਬੈਠਿਆ ਕਰਦਾ ਸੀ ਤੇ ਸਾਹਮਣੇ ਉਸ ਦੀਆਂ ਨਜ਼ਰਾਂ ਹੇਠਾਂ ਆਦਮੀਆਂ, ਘੋੜਿਆਂ, ਹਾਥੀਆਂ ਦਾ ਜਲੂਸ ਲੰਘਦਾ ਸੀ। ਸ਼ਾਹ ਜਹਾਨ ਦੇ ਸਮੇਂ ਇਸ ਸ਼ਾਹੀ ਨਿਰੀਖਣ ਦਾ ਸਮਾਂ ਲਗਪਗ ਇਕ ਘੰਟਾ ਹੁੰਦਾ ਸੀ।
ਮੈਂ ਉਮਰ ਗਨੀ ਨੂੰ ਕਿਹਾ, ‘‘ਚਲੋ ਆਪਾਂ ਉਧਰ ਚੱਲੀਏ ਤੇ ਉਸ ਥਾਂ ‘ਤੇ ਖਲੋ ਕੇ ਵੇਖੀਏ ਜਿਥੇ ਕਦੀ ਭਾਰਤ ਦਾ ਬਾਦਸ਼ਾਹ ਖਲੋਂਦਾ ਸੀ। ਅਸੀਂ ਦੋਵੇਂ ਪੌੜੀਆਂ ਚੜ੍ਹ ਕੇ ਤਖ਼ਤ ਦੇ ਉਪਰ ਜਾ ਚੜ੍ਹੇ। ਹੇਠੋਂ ਡਾ. ਜਗਤਾਰ ਨੇ ਸਾਡੀ ਤਸਵੀਰ ਖਿੱਚ ਦਿੱਤੀ। ਇਸ ਜਗ੍ਹਾ ਦੇ ਪਿੱਛੇ ਹੀ ਸੱਜੇ ਖੱਬੇ ਕਈ ਕਮਰੇ ਸਨ ਜਿਹੜੇ ‘ਖ਼ਵਾਬਗਾਹ’ ਵਜੋਂ ਜਾਣੇ ਜਾਂਦੇ ਸਨ, ਜਿਥੇ ਬਾਦਸ਼ਾਹ ਸੌਂਦੇ ਸਨ। ਆਰਾਮ ਕਰਦੇ ਸਨ ਤੇ ਫਿਰ ਉਠ ਕੇ ਜਨਤਾ ਨੂੰ ਦਰਸ਼ਨ ਦਿੰਦੇ ਸਨ।
ਮੈਨੂੰ ਸਾਇੰਸ ਦੀ ਤਰੱਕੀ ਦਾ ਖਿ਼ਆਲ ਆਇਆ। ਉਪਰਲੀ ਸ਼੍ਰੇਣੀ ਦੇ ਅਤਿ-ਆਧੁਨਿਕ ਸਹੂਲਤਾਂ ਵਾਲੇ ਬੈੱਡ-ਰੂਮ ਚੇਤੇ ਆਏ ਤਾਂ ਮੈਨੂੰ ਭਾਰਤ ਦੇ ਉਹ ਬਾਦਸ਼ਾਹ ਗਰੀਬ ਲੱਗੇ। ਮੈਂ ਹੱਸਦਿਆਂ ਹੋਇਆਂ ਉਮਰ ਗਨੀ ਨੂੰ ਕਿਹਾ, ‘‘ਇਨ੍ਹਾਂ ਛੋਟੇ ਛੋਟੇ ਕਮਰਿਆਂ ਵਿਚ ਸੌਣ ਵਾਲੇ ਬਾਦਸ਼ਾਹ ਕੋਲ ਅੱਜ ਦੇ ਮਿਡਲ ਕਾਲਸ ਦੇ ਬੰਦੇ ਵਰਗੇ ਵੀ ਬੈੱਡ-ਰੂਮ ਨਹੀਂ ਸਨ।
ਉਮਰ ਗਨੀ ਨੇ ਕਿਹਾ, ‘‘ਏ.ਸੀ. ਦੀ ਸਹੂਲਤ ਤਾਂ ਛੱਡੋ। ਉਹਦੇ ਸਿਰ ‘ਤੇ ਤਾਂ ਕਿਲ੍ਹੇ ਗਰਮੀਆਂ ਵਿਚ ਬਿਜਲੀ ਦਾ ਪੱਖਾ ਵੀ ਨਹੀਂ ਸੀ ਚੱਲਦਾ।’’
‘‘ਵੱਡੇ ਬਾਦਸ਼ਾਹ ਬਣੇ ਫਿਰਦੇ ਸਨ!’’ ਅਸੀਂ ਠਹਾਕਾ ਲਾਇਆ। ਠੀਕ ਹੀ ਸਾਇੰਸ ਨੇ ਆਦਮੀ ਨੂੰ ਸ਼ਾਹਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ। ਪਰ ‘ਸ਼ਾਹ’ ਫਿਰ ਵੀ ਸ਼ਾਹ ਸਨ।
ਇਹ ਦੀਵਾਨੇ ਆਮ ਸੀ, ਇਸ ਦੇ ਨਾਲ ਜੁੜਵੇਂ ਕਈ ਇਸ਼ਨਾਨ ਕਮਰੇ। ਇਥੇ ਹੀ ਕਈ ਵਾਰ ਬਾਦਸ਼ਾਹ ਮੰਤਰੀ ਮੰਡਲ ਨਾਲ ਮੀਟਿੰਗ ਵੀ ਕਰ ਲੈਂਦਾ।
ਕਿਲ੍ਹੇ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਇਕ ਅਜਾਇਬ ਘਰ ਵੀ ਹੈ ਤੇ ਮੁਗ਼ਲ ਰਾਜ ਨਾਲ ਸਬੰਧਤ ਵੀ। ਜਦੋਂ ਕੋਈ ਸਿੱਖ ਜਥਾ ਆਉਂਦਾ ਹੈ ਤਾਂ ਮੁਗ਼ਲਾਂ ਵਾਲਾ ਅਜਾਇਬ ਘਰ ਬੰਦ ਕਰ ਦਿੱਤਾ ਜਾਂਦਾ ਹੈ ਤੇ ਸਿੱਖਾਂ ਵਾਲਾ ਖੋਲ੍ਹ ਦਿੱਤਾ ਜਾਂਦਾ ਹੈ। ਅਸੀਂ ਪੌੜੀਆਂ ਚੜ੍ਹ ਕੇ ਸਿੱਖ ਅਜਾਇਬ ਘਰ ਵਿਚ ਦਾਖ਼ਲ ਹੋਏ। ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਰਾਜਕਾਲ ਤੇ ਉਸ ਦੇ ਵਾਰਸਾਂ ਨਾਲ ਸਬੰਧਤ ਵਸਤਾਂ, ਹਥਿਆਰ, ਤਲਵਾਰਾਂ ਆਦਿ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ। ਬਹੁਤ ਸਮਾਂ ਬੰਦ ਰਹਿਣ ਕਰਕੇ ਤਸਵੀਰਾਂ ਜਾਂ ਹੋਰ ਵਸਤਾਂ ਵਿਚ ਕੋਈ ਵਿਗਾੜ ਆ ਜਾਂਦਾ ਹੋਵੇਗਾ, ਸ਼ਾਇਦ ਇਸੇ ਲਈ ਬਹੁਤ ਸਾਰੀਆਂ ਵਸਤਾਂ ਤੇ ਤਸਵੀਰਾਂ ਪਲੇਟਫਾਰਮਾਂ ‘ਤੇ ਹਾਜ਼ਰ ਨਹੀਂ ਸਨ ਤੇ ਉਨ੍ਹਾਂ ਨੂੰ ਠੀਕ ਕਰਨ ਵਾਸਤੇ ਉਤਾਰੇ ਜਾਣ ਦੀ ਸੂਚਨਾ ਲੱਗੀ ਹੋਈ ਸੀ।
ਰਾਣੀ ਜਿੰਦਾਂ ਇਕ ਤਸਵੀਰ ਵਿਚ ਅੱਧਲੇਟੀ ਤਕੀਏ ਨਾਲ ਢੋ ਲਾ ਕੇ ਪਈ ਸੀ। ਦੋ ਮੁਸਲਮਾਨ ਮੁੰਡੇ ਉਸ ਤਸਵੀਰ ਵੱਲ ਵੇਖ ਕੇ ਹੌਲੀ-ਹੌਲੀ ਗੱਲਾਂ ਕਰ ਰਹੇ ਹਨ।
‘‘ਇਹ ਕਿਉਂ ਲੰਮੀ ਪਈ ਏ?’’
‘‘ਇਹ ਆਰਾਮ ਕਰਦੀ ਏ।’’
‘‘ਇਨ੍ਹਾਂ ਨੂੰ ਕੀ ਪਤਾ ਆਰਾਮ ਕਰਨ ਦਾ?’’
ਪਹਿਲੇ ਮੁੰਡੇ ਨੇ ਕਿਹਾ ਤਾਂ ਕੋਲ ਖੜੋਤਾ ਜਗਤਾਰ ਕਹਿਣ ਲੱਗਾ, ‘ਪੁੱਤਰ! ਇਨ੍ਹਾਂ ਲੋਕਾਂ ਨੂੰ ਹੀ ਤਾਂ ਆਰਾਮ ਕਰਨਾ ਆਉਂਦਾ ਸੀ।’’
ਅਸੀਂ ਹਾਲ ਵਿਚ ਘੁੰਮ ਰਹੇ ਸਾਂ ਤੇ ਮੇਰੇ ਮਨ ਵਿਚ ਬੱਚਿਆਂ ਤੇ ਜਗਤਾਰ ਦੀ ਗੱਲ ਦੇ ਆਪਣੇ ਆਪਣੇ ਅਰਥ ਘੁੰਮ ਰਹੇ ਸਨ ਤੇ ਨਾਲ ਹੀ ਜਿੰਦਾਂ ਦੀ ਦੁੱਖ ਭਰੀ ਕਹਾਣੀ ਜਿਸ ਨੂੰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਕ ਪਲ ਵੀ ਚੈਨ ਤੇ ਆਰਾਮ ਦੀ ਜਿ਼ੰਦਗੀ ਜਿਊਣ ਨੂੰ ਨਹੀਂ ਸੀ ਮਿਲੀ।
ਅਸੀਂ ਪੌੜੀਆਂ ਉੱਤਰ ਰਹੇ ਸਾਂ ਤੇ ਅੱਗੋਂ ਸਾਧਾਰਨ ਪੇਂਡੂ ਦਿਸਦੇ ਇਕ ਨੌਜਵਾਨ ਨੇ ਸਲਾਮ ਬੁਲਾਈ ਤੇ ਕਿਹਾ, ‘‘ਸਰਦਾਰ ਜੀ! ਸਾਡੇ ਪਿੰਡ ਨਹੀਂ ਜੇ ਜਾਣਾ।’’
ਅਸੀਂ ਉਹਦੀ ਪੇਸ਼ਕਸ਼ ਦਾ ਧੰਨਵਾਦ ਕੀਤਾ। ‘‘ਸਰਦਾਰ ਜੀ, ਮੈਂ ਕਿਸੇ ਐਸੇ ਵੈਸੇ ਪਿੰਡੋਂ ਨਹੀਂ ਜੇ ਆਇਆ। ਮੈਂ ਹੀਰ ਦੇ ਪਿੰਡੋਂ ਜੇ... ਝੰਗ ਸਿਆਲ ਤੋਂ।’’
ਕਿਹਾ ਜਾਂਦਾ ਹੈ ਕਿ ਹਰ ਬੰਦਾ ਹੀਰ ਦੀ ਤਾਰੀਫ਼ ਤਾਂ ਕਰਦਾ ਹੈ ਪਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਕੋਈ ਧੀ ਭੈਣ ਹੀਰ ਬਣੇ। ਆਪਣੀ ਧੀ ਦਾ ‘ਹੀਰ’ ਬਣਨਾ ਉਸ ਦੇ ਮਾਨ-ਸਨਮਾਨ ਨੂੰ ਵੱਟਾ ਲਾਉਂਦਾ ਹੈ। ਪਰ ਇਹ ਹੀਰ ਦੇ ਪਿੰਡ ਦਾ ਨੌਜਵਾਨ ‘ਹੀਰ’ ਉਤੇ ਮਾਣ ਕਰ ਰਿਹਾ ਸੀ। ਇਸੇ ਮਾਣ ਵਿਚੋਂ ਹੀ ਸਾਨੂੰ ਆਪਣੇ ਪਿੰਡ ਸੱਦ ਰਿਹਾ ਸੀ। ਉਸ ਨੂੰ ਪਤਾ ਸੀ ‘ਹੀਰ’ ਸਾਡੇ ਲਈ ਵੀ ਓਨੀ ਹੀ ਮਾਣ-ਮੱਤੀ ਹੈ ਜਿੰਨੀ ਉਸ ਲਈ। ਪੂਰਨ ਸਿੰਘ ਬੋਲ ਉਠਿਆ।
ਆ ਵੀਰਾ ਰਾਂਝਿਆ!
ਤੇ ਆ ਭੈਣ ਹੀਰੇ!
ਤੁਧ ਬਾਝੋਂ ਅਸੀਂ ਸੱਖਣੇ!
ਏਨੇ ਚਿਰ ਨੂੰ ਜਗਤਾਰ ਵੀ ਪੌੜੀਆਂ ਉਤਰ ਕੇ ਸਾਡੇ ਕੋਲ ਆ ਗਿਆ। ਨੌਜਵਾਨ ਨੇ ਉਸ ਨੂੰ ਵੀ ਉਸੇ ਉਤਸ਼ਾਹ ਨਾਲ ਸੱਦਾ ਦਿੱਤਾ। ਜਗਤਾਰ ਨੇ ਉਸ ਦੀ ਪਿੱਠ ਥਾਪੜੀ ਤੇ ਪਿਆਰ ਨਾਲ ਕਿਹਾ, ‘‘ਜਦੋਂ ਮਾਈ ਹੀਰ ਨੇ ਚਾਹਿਆ, ਜ਼ਰੂਰ ਆਵਾਂਗੇ... ਤੇਰੇ ਪਿੰਡ ਵੀ...‘‘
ਬਾਬਾ ਫਰੀਦ ਦੇ ਅਸਥਾਨ ਪਾਕ-ਪਟਨ ਬਾਰੇ ਵੀ ਉਹ ਇਕ ਦਿਨ ਇਸੇ ਅੰਦਾਜ਼ ਵਿਚ ਕਹਿ ਰਿਹਾ ਸੀ। ‘‘ਜਦੋਂ ਮੇਰੇ ਬਾਬੇ ਨੇ ਬੁਲਾਇਆ, ਉਦੋਂ ਜਾਣੋਂ ਕਿਸੇ ਰੋਕ ਨਹੀਂ ਸਕਣਾ।’’
‘‘ਮੇਰਾ ਪਤਾ ਲਿਖ ਲਵੋ। ਤੇ ਆਣਾ ਜ਼ਰੂਰ ਜੇ... ਮੈਂ ਸਭ ਥਾਂ ਦਿਖਾਵਾਂਗਾ... ਤੇ ਜਿੰਨਾ ਚਿਰ ਚਾਹੋ ਆਪਣੇ ਕੋਲ ਰੱਖਾਂਗਾਂ... ਐਥੇ ਕਰਕੇ...‘‘
ਉਸਨੇ ਹੱਥ ਆਪਣੀ ਛਾਤੀ ਨਾਲ ਲਾਇਆ।
ਸ਼ੀਸ਼ ਮਹਿਲ ਤੇ ਹੋਰ ਮਹਿਲਾਂ ਵੱਲ ਚਲਾਵੀਂ ਜਿਹੀ ਨਜ਼ਰ ਮਾਰਦੇ ਅਸੀਂ ਅੱਗੇ ਤੋਂ ਅੱਗੇ ਤੁਰੇ ਜਾ ਰਹੇ ਸਾਂ। ਗਰਮੀ ਦਾ ਮੌਸਮ ਸੀ ਤੇ ਜਗਤਾਰ ਥਕਾਵਟ ਮਹਿਸੂਸ ਕਰ ਰਿਹਾ ਸੀ। ਅਸੀਂ ਆਰਾਮ ਕਰਨ ਲਈ ਕਿਲ੍ਹੇ ਦੇ ਵੱਡੇ ਬਾਗ਼ ਦੇ ਕਿਨਾਰੇ ਬਣੀ ਖਾਣ-ਪਾਨ ਦੀ ਦੁਕਾਨ ‘ਤੇ ਗਏ। ਪਿੱਪਲ ਦੇ ਵੱਡੇ ਦਰਖਤਾਂ ਦੀ ਛਾਵੇਂ ਬੈਠ ਗਏ, ਠੰਢਾ ਪਾਣੀ ਪੀਤਾ ਤੇ ਕੁਝ ਚਿਰ ਵਿਸ਼ਰਾਮ ਕੀਤਾ। ਰਿਜ਼ਵਾਨ ਨੂੰ ਗਿਆਂ ਦੋ ਘੰਟੇ ਹੋ ਗਏ ਸਨ। ਕਿਤੇ ਬਾਹਰ ਆ ਕੇ ਸਾਨੂੰ ਉਡੀਕ ਹੀ ਨਾ ਰਿਹਾ ਹੋਵੇ।
ਅਸੀਂ ਛੇਤੀ ਛੇਤੀ ਬਾਹਰ ਗਏ ਪਰ ਨਾ ਤਾਂ ਰਿਜ਼ਵਾਨ ਅਤੇ ਨਾ ਹੀ ਕਿਧਰੇ ਕਾਰ ਦਿਖਾਈ ਦਿੱਤੀ।
‘‘ਹੁਣ ਤਕ ਉਸ ਨੂੰ ਆ ਤਾਂ ਜਾਣਾ ਚਾਹੀਦਾ ਸੀ।’’ ਉਮਰ ਗਨੀ ਨੇ ਆਪਣੇ ਆਪ ਨਾਲ ਗੱਲ ਕੀਤੀ।
ਕਿਲ੍ਹੇ ਦੇ ਦਰਵਾਜ਼ੇ ਅਤੇ ਹਜ਼ੂਰੀ ਬਾਗ਼ ਦੇ ਦਰਮਿਆਨ ਕੇਵਲ ਇਕ ਸੜਕ ਹੀ ਸੀ। ਸੜਕ ਪਾਰ ਕਰਕੇ ਅਸੀਂ ਪ੍ਰਸਿੱਧ ਹਜ਼ੂਰੀ ਬਾਗ਼ ਵਿਚ ਦਾਖ਼ਲ ਹੋਏ ਜਿਸ ਦੇ ਐਨ ਵਿਚਕਾਰ ਸੰਗਮਰਮਰੀ ਬਾਰਾਂਦਰੀ ਬਣੀ ਹੋਈ ਸੀ ਤੇ ਗਰਮੀ ਤੋਂ ਬਚਣ ਲਈ ਕੁਝ ਲੋਕ ਉਸ ਦੀ ਛਾਵੇਂ ਹਵਾ-ਹਰੇ ਬੈਠੇ ਸਨ। ਹਜ਼ੂਰੀ ਬਾਗ਼ ਦੇ ਸੱਜੇ ਹੱਥ ਹੀ ਹੈ ਉਹ ਦਰਵਾਜ਼ਾ ਜਿਸ ਵਿਚੋਂ ਲੰਘਣ ਸਮੇਂ ਕੰਵਰ ਨੌ ਨਿਹਾਲ ਸਿਘ ਨੂੰ ਛੱਜੇ ਹੇਠਾਂ ਦੇ ਕੇ ਕਤਲ ਕੀਤਾ ਗਿਆ ਸੀ। ਉਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਨਾਲ ਜੁੜਵਾਂ ਗੁਰਦੁਆਰਾ ਡੇਰਾ ਸਾਹਿਬ ਸੀ।
ਕਿਲ੍ਹੇ ਦੇ ਸਾਹਮਣੇ ਹਜ਼ੂਰੀ ਬਾਗ਼ ਤੋਂ ਪਾਰ ਸੀ ਜਾਮਾ ਮਸਜਿਦ, ਜਿਸ ਨੂੰ ਸ਼ਾਹੀ ਮਸਜਿਦ ਵੀ ਕਿਹਾ ਜਾਂਦਾ ਹੈ। ਮਸਜਿਦ ਦੇ ਪੈਰਾਂ ਵਿਚ ਸੱਜੇ ਹੱਥ ਅਲਾਮਾ ਇਕਬਾਲ ਦਾ ਮਕਬਰਾ ਸੀ। ਜਗਤਾਰ, ਖਾਵਰ ਰਾਜਾ ਅਤੇ ਉਸ ਦੇ ਬੱਚੇ ਬਾਰਾਂਦਰੀ ਦੀ ਛਾਵੇਂ ਬੈਠ ਗਏ। ਇਕ ਤਾਂ ਜਗਤਾਰ ਨੇ ਸਭ ਕੁਝ ਪਹਿਲਾਂ ਵੇਖਿਆ ਹੋਇਆ ਸੀ ਤੇ ਦੂਜਾ ਇਥੇ ਬੈਠੇ ਉਹ ਰਿਜ਼ਵਾਨ ਨੂੰ ਲੱਭ ਸਕਦੇ ਸਨ।
ਮੈਂ ਤੇ ਉਮਰ ਗਨੀ ਡਾ. ਇਕਬਾਲ ਦੇ ਮਕਬਰੇ ‘ਤੇ ਗਏ ਅਤੇ ਆਪਣਾ ਸਤਿਕਾਰ ਪੇਸ਼ ਕੀਤਾ। ‘ਪਾਕਿਸਤਾਨ’ ਦੇ ਵਿਚਾਰ ਦੇ ਜਨਮਦਾਤਾ ਡਾ. ਇਕਬਾਲ ਦੇ ਮਕਬਰੇ ਤੇ ਸੁਰੱਖਿਆ ਕਰਮਚਾਰੀ ਤੈਨਾਤ ਸਨ। ਦੀਵਾਰਾਂ ‘ਤੇ ਅੰਦਰਵਾਰ ਡਾ. ਇਕਬਾਲ ਦੇ ਪ੍ਰਸਿੱਧ ਸਿ਼ਅਰ ਦਰਜ ਸਨ। ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ’ ਲਿਖਣ ਵਾਲੇ ਸ਼ਾਇਰ ਨੂੰ ਆਖ਼ਰ ਕਿਉਂ ‘ਪਾਕਿਸਤਾਨ’ ਬਣਾਉਣ ਦਾ ਵਿਚਾਰ ਪੇਸ਼ ਕਰਨਾ ਪਿਆ। ਕੀ ਉਹਦੇ ਇਸੇ ਤਰਾਨੇ ਵਿਚ ਹੀ ਇਕ ਹਕੀਕਤ ਨਹੀਂ ਸੀ ਛੁਪੀ ਹੋਈ ਜਦੋਂ ਉਸ ਨੇ ਇਹ ਵੀ ਕਿਹਾ:
ਇਕਬਾਲ ਕੋਈ ਮਹਿਰਮ ਅਪਨਾ ਨਹੀਂ ਜਹਾਂ ਮੇਂ,
ਕੋਈ ਨਹੀਂ ਜੋ ਸਮਝੇ ਦਰ ਦੇ ਨਿਹਾਂ ਹਮਾਰਾ।
ਇਹ ਅੰਦਰ ਦਾ ਕਿਹੜਾ ਦਰਦ ਸੀ ਜਿਹੜਾ ਨਹੀਂ ਸੀ ਸਮਝਿਆ ਗਿਆ। ਕਿਤੇ ਇਹ ਹਿੰਦੂ ਧਰਮ ਦੀ ਉਹ ਕੱਟੜਤਾ ਤਾਂ ਨਹੀਂ ਸੀ, ਜਿਸ ਨੇ ਮੁਸਲਮਾਨਾਂ ਨੂੰ ਮਜ਼੍ਹਬੀ ਤੌਰ ‘ਤੇ ਸਦਾ ਹੀ ਆਪਣੇ ਤੋਂ ਹੀਣੇ ਅਤੇ ਬੌਣੇ ਸਮਝਿਆ। ਉਨ੍ਹਾਂ ਨੂੰ ਆਪਣੇ ਨੇੜੇ ਨਾ ਲੱਗਣ ਦਿੱਤਾ। ਹਮੇਸ਼ਾ ਅਛੂਤ ਸਮਝ ਕੇ ਵਿਹਾਰ ਕੀਤਾ।
ਲਾਹੌਰ ਰੇਡੀਓ ਤੇ ਇਕ ਵਾਰ ਪਾਕਿਸਤਾਨ ਬਣਨ ਦੇ ਹੱਕ ਵਿਚ ਨਜ਼ਾਮਦੀਨ ਇਕ ਮਿਸਾਲ ਦੇ ਰਿਹਾ ਸੀ।
‘‘ਚੌਧਰੀ ਜੀ, ਪਾਕਿਸਤਾਨ ਬਣਨ ਨਾਲ ਸਾਨੂੰ ਸਾਡਾ ਘਰ ਮਿਲਿਐ। ਇੱਜ਼ਤ ਤੇ ਆਬਰੂ ਮਿਲੀ ਹੈ। ਅਸੀਂ ਵੀ ਜ਼ਮੀਨਾਂ ਜਾਇਦਾਦਾਂ ਵਾਲੇ ਬਣੇ ਆਂ। ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਗਰੀਬ ਮੁਸਲਮਾਨਾਂ ਦੀ ਹਾਲਤ ਕੀ ਸੀ, ਉਹ ਵੀ ਸੁਣ ਲਓ।
ਸਾਡੇ ਪਿੰਡ ਇਕ ਕਾਂਸ਼ੀ ਬਾਹਮਣ ਹੁੰਦਾ ਸੀ। ਉਹਦੀ ਕੁੜੀ ਦਾ ਵਿਆਹ ਸੀ। ਉਨ੍ਹਾਂ ਨੇ ਹਲਵਾ ਬਣਾ ਕੇ ਪਰਾਤਾਂ ਵਿਚ ਪਾ ਕੇ ਬਾਹਰ ਵਿਹੜੇ ਵਿਚ ਠੰਢਾ ਹੋਣ ਲਈ ਰੱਖਿਆ। ਉਨ੍ਹਾਂ ਦੇ ਵਿਹੜੇ ਦੀ ਇਕ ਕੰਧ ‘ਤੇ ਮੁਸਲਮਾਨ ਸਨ ਤੇ ਦੂਜੀ ‘ਤੇ ਕੁੱਤੇ। ‘ਘੁਰ ਘੁਰ’ ਕਰਦੇ ਕੁੱਤੇ ਆਪਸ ਵਿਚ ਲੜ ਪਏ ਤੇ ਇਕ ਕੁੱਤਾ ਇਕ ਪਰਾਤ ਵਿਚ ਡਿੱਗ ਪਿਆ। ਉਸ ਪਰਾਤ ਵਾਲਾ ਹਲਵਾ ਉਨ੍ਹਾਂ ਨੇ ਸਾਡੇ ਮੁਸਲਮਾਨਾਂ ਵਿਚ ਵੰਡਿਆ। ਇਹ ਸੀ ਹਾਲਤ ਸਾਡੇ ਮੁਸਲਮਾਨਾਂ ਦੀ।’’
ਨਜ਼ਾਮਦੀਨ ਦਾ ਹਸਾਉਣੇ ਢੰਗ ਨਾਲ ਬਹੁਤ ਹੀ ਕਾਟਵੀਂ ਗੱਲ ਕਰਨ ਦਾ ਇਕ ਆਪਣਾ ਹੀ ਅੰਦਾਜ਼ ਸੀ। ਨਿਸਚੈ ਹੀ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰੇ ਮੁਸਲਮਾਨਾਂ ਦੀ ਅਜਿਹੀ ਹਾਲਤ ਨਹੀਂ ਸੀ। ਉਹ ਵੱਡੀਆਂ ਜ਼ਮੀਨਾਂ, ਜਾਇਦਾਦਾਂ ਤੇ ਸਰਦਾਰੀਆਂ ਵਾਲੇ ਵੀ ਸਨ। ਪਰ ਨਜ਼ਾਮਦੀਨ ਇਥੇ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਸੀ ਕਰ ਰਿਹਾ। ਉਹ ਗੱਲ ਕਰ ਰਿਹਾ ਸੀ ਛੋਟੇ ਗ਼ਰੀਬ ਮੁਸਲਮਾਨਾਂ ਦੀ ਆਰਥਿਕ ਤੰਗਦਸਤੀ ਦੀ, ਜਿਨ੍ਹਾਂ ਦੀ ਹਾਲਤ, ਬਕੌਲ ਉਸ ਦੇ ਪਾਕਿਸਤਾਨ ਬਣਨ ਤੋਂ ਬਾਅਦ ਸੁਧਰ ਗਈ ਸੀ। ਕਿੰਨੀ ਕੁ ਸੁਧਰੀ ਸੀ ਇਹ ਤਾਂ ਪਾਕਿਸਤਾਨ ਦੇ ਲੋਕ ਹੀ ਜਾਣਦੇ ਨੇ ਪਰ ਨਜ਼ਾਮਦੀਨ ਦੀ ਇਕ ਗੱਲ ਬਹੁਤ ਬਾਰੀਕ ਤੇ ਡੂੰਘੀ ਸੀ। ਉਸ ਅਨੁਸਾਰ ਸਮਾਜਿਕ ਤੇ ਸਭਿਆਚਾਰਕ ਜਾਂ ਜਾਤੀਗਤ ਪੱਧਰ ‘ਤੇ ਕੱਟੜ ਹਿੰਦੂ ਭਾਈਚਾਰੇ ਨੇ ਮੁਸਲਮਾਨਾਂ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸੀ ਸਮਝਿਆ। ਉਨ੍ਹਾਂ ਦੀ ਹਾਲਤ ਨੂੰ ਇਨਸਾਨ ਦੀ ‘ਕੁੱਤੇ’ ਨਾਲ ਤੁਲਨਾ ਵਜੋਂ ਪੇਸ਼ ਕਰਨਾ ਬਹੁਤ ਵੱਡਾ ਦੁਖਾਂਤਕ ਵਿਅੰਗ ਸੀ। ਕੀ ਡਾ. ਇਕਬਾਲ ਦੇ ਅੰਦਰ ਵੀ ਮੁਸਲਮਾਨਾਂ ਦੇ ‘ਅਛੂਤ’ ਸਮਝੇ ਜਾਣ ਦਾ ਦਰਦ ਹੀ ਤਾਂ ਨਹੀਂ ਸੀ ਵਿਲਕਦਾ ਪਿਆ ਜਿਹੜਾ ਆਖ਼ਰਕਾਰ ‘ਪਾਕਿਸਤਾਨ’ ਦਾ ਵਿਚਾਰ ਬਣ ਕੇ ਉਸ ਦੇ ਮਨ ਵਿਚੋਂ ਉੱਬਲ ਪਿਆ।
ਅਸੀਂ ਡਾ. ਇਕਬਾਲ ਦੇ ਸਦਾ ਜਿਉਂਦੇ ਸਿ਼ਅਰਾਂ ਦਾ ਜਿ਼ਕਰ ਕਰਕੇ ਇਕ ਵਾਰ ਫੇਰ ਉਸ ਮਹਾਨ ਸ਼ਾਇਰ ਨੂੰ ਨਮਸਕਾਰ ਕੀਤੀ ਤੇ ਬਾਹਰ ਆਏ। ਰਿਜ਼ਵਾਨ ਕਿਸੇ ਵੇਲੇ ਵੀ ਆ ਸਕਦਾ ਸੀ ਤੇ ਅਸੀਂ ਵਾਪਸ ਵੀ ਜਾਣਾ ਸੀ, ਕਿਉਂਕਿ ਉਮਰ ਗਨੀ ਨੇ ਸਾਨੂੰ ਉਤਾਰ ਕੇ ਅੱਜ ਪਾਕ ਪਟਨ ਵੀ ਪਰਤਣਾ ਸੀ।
‘‘ਕੋਈ ਨਹੀਂ ਜੇ ਰਹਿਣਾ ਪਿਆ ਤਾਂ ਮੈਂ ਅੱਜ ਵੀ ਠਹਿਰ ਜਾਵਾਂਗਾ। ਇਹ ਦਿਨ ਕਿਹੜੇ ਰੋਜ਼ ਰੋਜ਼ ਲੱਭਣੇ ਨੇ।’’
ਉਮਰ ਗਨੀ ਨੇ ਕਿਹਾ ਤਾਂ ਸੱਚੀਂ-ਮੁੱਚੀ ਹਵਾ ਦਾ ਠੰਢਾ ਬੁੱਲਾ ਆਇਆ। ਇਸ ਦੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਵਲੋਂ ਕਾਲੇ ਸਿਆਹ ਬੱਦਲ ਆਸਮਾਨ ‘ਤੇ ਉਭਰਦੇ ਦਿਸੇ ਅਤੇ ਕੁਝ ਹੀ ਪਲਾਂ ਵਿਚ ਅਸਮਾਨ ਬੱਦਲਾਂ ਨਾਲ ਭਰ ਗਿਆ। ਮੌਸਮ ਬਹੁਤ ਹੀ ਖ਼ੁਸ਼ਗਵਾਰ ਹੋ ਗਿਆ ਸੀ। ਲੱਗਦਾ ਸੀ, ਮੀਂਹ ਹੁਣੇ ਹੀ ਆਇਆ ਕਿ ਆਇਆ।
ਅਸੀਂ ਛੇਤੀ ਛੇਤੀ ਸ਼ਾਹੀ ਮਸਜਿਦ ਦੀਆਂ ਪੌੜੀਆਂ ਚੜ੍ਹੇ ਅਤੇ ਸ਼ਾਹੀ ਸ਼ਾਨ ਵਾਲਾ ਦਰਵਾਜ਼ਾ ਲੰਘ ਕੇ ਅੰਦਰ ਗਏ। ਇਸ ਮਸਜਿਦ ਦੀ ਉਸਾਰੀ ਲਾਲ ਪੱਥਰ ਨਾਲ ਹੋਈ ਹੈ। ਪਹਿਲਾ ਪ੍ਰਭਾਵ ਜੋ ਮਸਜਿਦ ਦੇ ਅੰਦਰ ਵੜਦਿਆਂ ਪਿਆ ਉਹ ਸੀ ਇਸ ਦੀ ਮਹਾਨ ਵਿਸ਼ਾਲਤਾ ਦਾ ; ਖੁੱਲ੍ਹੇਪਨ ਦਾ। ਇਸ ਦੇ ਉੱਚੇ ਮੀਨਾਰ ਮੀਲਾਂ ਤਕ ਦਿਖਾਈ ਦਿੰਦੇ ਹਨ। 1084 ਹਿਜਰੀ ਜਾਂ 1674 ਵਿਚ ਇਹ ਮਸਜਿਦ ਫਿ਼ਦਾ ਖ਼ਾਨ ਨੇ ਸ਼ਹਿਨਸ਼ਾਹ ਔਰਗਜ਼ੇਬ ਲਈ ਬਣਵਾਈ ਸੀ।
ਹਵਾ ਤੇਜ਼ ਹੋ ਗਈ ਸੀ ਤੇ ਨਿੱਕੀ ਜਿਹੀ ਕਣੀ ਵੀ ਡਿੱਗਣ ਲੱਗੀ।
‘‘ਮੈਨੂੰ ਧਾਰਮਿਕ ਸਥਾਨਾਂ ਦੀ ਅਜਿਹੀ ਵਿਸ਼ਾਲਤਾ ਮਨ ਨੂੰ ਬਹੁਤ ਸਕੂਨ ਦੇਣ ਵਾਲੀ ਲੱਗਦੀ ਹੈ। ਇਹ ਮਾਹੌਲ ਸ਼ਾਇਦ ਬੰਦੇ ਅੰਦਰਲੇ ਨੂੰ ਵੀ ਸੌੜਾਪਣ ਛੱਡ ਕੇ ਚੁੜਿਤਣ ਬਖ਼ਸ਼ਦਾ ਹੋਵੇ।’’
ਉਮਰ ਗਨੀ ਮੇਰੀ ਇਸ ਗੱਲ ਨਾਲ ਸਹਿਮਤ ਸੀ। ਅਸੀਂ ਦੂਰ ਤਕ ਨਿੱਕੀਆਂ ਨਿੱਕੀਆਂ ਕਣੀਆਂ ਵਿਚ ਨਿੱਕੀਆਂ ਗੱਲਾਂ ਕਰਦੇ ਗਏ। ਮਸਜਿਦ ਵਿਚ ਇਕ ਵੱਡਾ ਅਜਾਇਬ ਘਰ ਵੀ ਹੈ, ਜਿਥੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਪਵਿੱਤਰ ਵਸਤਾਂ ਤੇ ਕੱਪੜੇ ਵੀ ਸਾਂਭੇ ਹੋਏ ਹਨ। ਪਰ ਇਕ ਤਾਂ ਮੀਂਹ ਆਉਣ ਵਾਲਾ ਸੀ ਤੇ ਦੂਜਾ ਜਗਤਾਰ ਹੁਰੀਂ ਬਾਹਰ ਹਜ਼ੂਰੀ ਬਾਗ਼ ਵਿਚ ਬੈਠੇ ਹੋਏ ਸਾਨੂੰ ਉਡੀਕ ਰਹੇ ਸਨ। ਉਧਰ ਸ਼ਾਇਦ ਰਿਜ਼ਵਾਨ ਵੀ ਆ ਗਿਆ ਹੋਵੇ। ਇਸ ਲਈ ਅਸੀਂ ਸ਼ਾਹੀ ਮਸਜਿਦ ਦੇ ਥੋੜ੍ਹੇ ਦਰਸ਼ਨਾਂ ਨੂੰ ਬਹੁਤਾ ਸਮਝਦੇ ਹੋਏ ਬਾਹਰ ਆਏ।
ਮਸਜਿਦ ਦੀਆਂ ਵਿਸ਼ਾਲ ਪੌੜੀਆਂ ਉਤਰਦੇ ਸਮੇਂ ਅਸੀਂ ਵੇਖਿਆ ਜਗਤਾਰ ਹੁਰੀਂ ਬਾਰਾਂਦਰੀ ਦੇ ਫਰਸ਼ ‘ਤੇ ਬੈਠੇ ਕਿਸੇ ਮੁਸਲਮਾਨ ਪਰਿਵਾਰ ਨਾਲ ਗੱਲੀਂ ਰੁੱਝੇ ਹੋਏ ਸਨ। ਜਗਤਾਰ ਨੇ ਉਨ੍ਹਾਂ ਨਾਲ ਸਾਡੀ ਜਾਣ-ਪਛਾਣ ਕਰਵਾਈ। ਉਸ ਆਦਮੀ ਨੇ ਮੋਟੇ ਮੋਟੇ ਸੰਤਰੇ ਸਾਡੇ ਹੱਥ ਫੜਾਏ। ਉਹ ਕੈਨੇਡਾ ਤੋਂ ਆਪਣੇ ਵਤਨ ਪਾਕਿਸਤਾਨ ਆਇਆ ਹੋਇਆ ਸੀ ਤੇ ਆਪਣੇ ਪਰਿਵਾਰ ਨਾਲ ਸੈਰ-ਸਪਾਟੇ ਲਈ ਨਿਕਲਿਆ ਹੋਇਆ ਸੀ। ਉਹ ਵਾਰ ਵਾਰ ਆਪਣਾ ਪਤਾ ਦੱਸ ਰਿਹਾ ਸੀ ਤੇ ਕੈਨੇਡਾ ਆਪਣੇ ਕੋਲ ਆ ਕੇ ਠਹਿਰਨ ਦਾ ਸੱਦਾ ਦੇ ਰਿਹਾ ਸੀ।
ਦੁਪਹਿਰ ਢਲ ਚੁੱਕੀ ਸੀ, ਪਰ ਰਿਜ਼ਵਾਨ ਅਜੇ ਵੀ ਨਹੀਂ ਸੀ ਆਇਆ। ਦੱਸੇ ਸਮੇਂ ਤੋਂ ਤਾਂ ਤਿਗੁਣਾ ਸਮਾਂ ਹੋ ਗਿਆ ਸੀ। ਅਸੀਂ ਚਿੰਤਾ ਵਿਚ ਸਾਂ ਕਿ ਕਿਤੇ ਐਕਸੀਡੈਂਟ ਹੀ ਨਾ ਹੋ ਗਿਆ ਹੋਵੇ।
‘‘ਓ ਨਹੀਂ, ਉਹ ਜੌਹਰ ਨੂੰ ਲੈ ਕੇ ਉਹਦੇ ਕੰਮ ਧੰਦੇ ਕਰਵਾਉਂਦਾ ਫਿਰਦਾ ਹੋਣੈ...‘‘ ਜਗਤਾਰ ਖਿਝ ਗਿਆ ਸੀ। ਉਸ ਦੀ ਖਿਝ ਜਾਇਜ਼ ਸੀ।
‘‘ਕੋਈ ਨਹੀਂ ਡਾਕਟਰ ਸਾਹਿਬ! ਹੁਣ ਉਡੀਕਣ ਬਿਨਾਂ ਚਾਰਾ ਹੀ ਕੋਈ ਨਹੀਂ’’ ਮੈਂ ਜਗਤਾਰ ਨੂੰ ਸ਼ਾਂਤ ਕਰਨਾ ਚਾਹਿਆ।
‘‘ਉਮਰ ਗਨੀ ਯਾਰ! ਤੂੰ ਮੇਰੀ ਗੱਲ ਸੁਣ!’’ ਜਗਤਾਰ ਨੇ ਉਮਰ ਗਨੀ ਨੂੰ ਬਾਹੋਂ ਫੜਿਆ, ‘‘ਤੂੰ ਦੱਸ! ਤੈਨੂੰ ਫੋਨ ਕਰਕੇ ਮੈਂ ਪਾਕ ਪਟਨ ਤੋਂ ਸੱਦਿਐ ਨਾ? ਤੂੰ ਕਾਰ ਮੇਰੇ ਲਈ ਲੈ ਕੇ ਆਇਆ ਨਾ’’
ਉਮਰ ਗਨੀ ਮੁਸਕਰਾਉਂਦਾ ਹੋਇਆ ਹਾਂ ਆਖੀ ਜਾ ਰਿਹਾ ਸੀ ਤੇ ਹਕੀਕਤ ਵੀ ਇਹੋ ਸੀ।
‘‘ਤਾਂ ਫਿਰ ਇਹ ਸਵੇਰ ਦਾ ਕਾਰ ‘ਤੇ ਕਬਜ਼ਾ ਕਿਉਂ ਕਰੀ ਫਿਰਦਾ ਏ। ਅਸੀਂ ਮੂੰਹ ਚੁੱਕ ਕੇ ਉਹਨੂੰ ਉਡੀਕਦੇ ਪਏ ਆਂ।’’
‘‘ਹੁਣ ਉਹ ਆਖਦਾ ਸੀ। ਏਨਾ ਤਾਂ ਕਰਨਾ ਹੀ ਪੈਂਦਾ। ਸੁੱਖ ਹੋਵੇ ਸਹੀ।’’ ਗਨੀ ਆਪ ਵੀ ਛਿੱਥਾ ਪਿਆ ਹੋਇਆ ਸੀ। ਹੁਣ ਹੋਰ ਉਹ ਕੀ ਜੁਆਬ ਦਿੰਦਾ।
‘‘ਸੁਖ ਹੀ ਹੋਣੀ ਏਂ, ਸੁਖ ਨੂੰ ਕੀ ਐਂ’’, ਜਗਤਾਰ ਨੇ ਕਿਹਾ।
ਕੁਝ ਚਿਰ ਉਥੇ ਹੋਰ ਉਡੀਕ ਕੇ ਅਸੀਂ ਕਿਲ੍ਹੇ ਵਾਲੀ ਸੜਕ ਵੱਲ ਆ ਗਏ। ਕਾਰ ਏਥੇ ਹੀ ਆਉਣੀ ਸੀ। ਬੇਸਬਰੀ ਨਾਲ ਮੂੰਹ ਚੁੱਕ ਕੇ ਦੂਰ ਤਕ ਵਿੰਹਦੇ ਅਸੀਂ ਸੜਕ ‘ਤੇ ਹੀ ਏਧਰ ਉਧਰ ਘੁੰਮਣ ਲੱਗੇ। ਅਚਨਚੇਤ ਕਣੀਆਂ ਤੇਜ਼ ਹੋ ਗਈਆਂ ਤੇ ਛੜਾਕੇ ਨਾਲ ਮੀਂਹ ਉਤਰ ਪਿਆ। ਅਸੀਂ ਭੱਜ ਕੇ ਕਿਲ੍ਹੇ ਦੇ ਦਰਵਾਜ਼ੇ ਹੇਠਾਂ ਜਾ ਖੜੋਤੇ। ਹੋਰ ਲੋਕ ਵੀ ਮੀਂਹ ਤੋਂ ਬਚਦੇ ਬਚਾਉਂਦੇ ਦਰਵਾਜ਼ੇ ਦੀ ਡਿਉਢੀ ਹੇਠਾਂ ਆ ਗਏ। ਕਾਫ਼ੀ ਭੀੜ ਹੋ ਗਈ ਸੀ। ਕੁਝ ਸਿੱਖ ਯਾਤਰੀ ਵੀ ਸਨ ਪਰ ਬਹੁਤੀ ਭੀੜ ਸਥਾਨਕ ਮੁਸਲਮਾਨਾਂ ਦੀ ਸੀ। ਸਾਡੀਆਂ ਅੱਖਾਂ ਵਰ੍ਹਦੇ ਮੀਂਹ ਵਿਚ ਲੰਘਦੀ ਆਉਂਦੀ ਹਰ ਕਾਰ ‘ਤੇ ਨਜ਼ਰ ਰੱਖ ਲਈਆਂ ਸਨ।
‘‘ਔਹ ਲੰਘੇ ਨੇ...‘‘ ਉਮਰ ਗਨੀ ਨੇ ਡਿਉਢੀ ਅੱਗੋਂ ਲੰਘਦੀ ਆਪਣੀ ਕਾਰ ਪਛਾਣ ਲਈ। ਡਰਾਈਵਰ ਨੇ ਮੋੜ ਕੇ ਕਾਰ ਡਿਉਢੀ ਅੱਗੇ ਲਾਈ ਤੇ ਰਿਜ਼ਵਾਨ ਸਾਡੇ ਕੋਲ ਆਣ ਖਲੋਤਾ। ਉਹ ਆਪੇ ਹੀ ਸਪਸ਼ਟੀਕਰਨ ਦੇਣ ਲੱਗਿਆ, ‘‘ਜੌਹਰ ਸਾਹਿਬ ਨੇ ਪਹਿਲਾਂ ਤਾਂ ਸਾਮਾਨ ਪੈਕ ਕਰਦਿਆਂ ਵਾਹਵਾ ਚਿਰ ਲਾ ਦਿੱਤਾ। ਫਿਰ ਕਹਿੰਦੇ ਥੋੜ੍ਹੀ ਜਿਹੀ ਸ਼ਾਪਿੰਗ ਕਰ ਲਈਏ। ਹੁਣ ਆਪਣੇ ਮਹਿਮਾਨ ਸਨ, ਵਿਚੋਂ ਛੱਡ ਕੇ ਤਾਂ ਆ ਨਹੀਂ ਸਾਂ ਸਕਦਾ। ਮੈਨੂੰ ਪਤਾ ਸੀ ਤੁਸੀਂ ਇੰਤਜ਼ਾਰ ਕਰਦੇ ਹੋਵੋਗੇ... ਪਰ...‘‘
ਜਗਤਾਰ ਭਰਿਆ ਪੀਤਾ ਉਹਦੇ ਮੂੰਹ ਵੱਲ ਵੇਖ ਰਿਹਾ ਸੀ। ਉਸ ਤੋਂ ਰਿਹਾ ਨਾ ਗਿਆ, ‘‘ਜੇ ਆਪਣੇ ਮਹਿਮਾਨ ਸਨ ਤੇ ਉਨ੍ਹਾਂ ਨੂੰ ਛੱਡਿਆ ਨਹੀਂ ਸੀ ਜਾ ਸਕਦਾ ਤਾਂ ਵੀਰ ਆਪ ਪੈਸੇ ਖਰਚ ਕੇ ਆਪਣੀ ਟੈਕਸੀ ਕਰ ਲੈਣੀ ਸੀ। ਅਸੀਂ ਜੂ ਏਨੇ ਚਿਰ ਦਾ ਤੇਰੇ ਵੱਲ...‘‘
‘‘ਕੋਈ ਨਹੀਂ ਡਾਕਟਰ ਸਾਹਿਬ ਕੋਈ ਨਹੀਂ’’ ਉਮਰ ਗਨੀ ਨੇ ਜਗਤਾਰ ਨੂੰ ਸ਼ਾਂਤ ਕਰਨਾ ਚਾਹਿਆ। ਬਬੋਲਿੱਕੇ ਰਿਜ਼ਵਾਨ ਨੂੰ ਕੋਈ ਗੱਲ ਔੜ ਨਹੀਂ ਸੀ ਰਹੀ। ਮੈਂ ਉਹਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਚੁੱਪ ਹੀ ਰਹਿਣ ਲਈ ਕਿਹਾ। ਮੈਂ ਉਮਰ ਗਨੀ ਨੂੰ ਕਿਹਾ ਕਿ ਜਗਤਾਰ ਤੇ ਖਾਵਰ ਹੁਰੀਂ ਕਾਰ ‘ਤੇ ਬੈਠ ਕੇ ਚਲੇ ਜਾਣ। ਆਪਾਂ ਤਿਨੇ ਪਿੱਛੋਂ ਵੱਖਰੇ ਤੌਰ ‘ਤੇ ਚਲੇ ਜਾਂਦੇ ਹਾਂ। ਜਗਤਾਰ ਹੁਰੀਂ ਸਾਡੇ ਆਖੇ ਲੱਗ ਕੇ ਚਲੇ ਗਏ। ਅਸੀਂ ਕਣੀਆਂ ਹਟਣ ਦੀ ਇੰਤਜ਼ਾਰ ਵਿਚ ਰੁਕੇ ਹੋਏ ਸਾਂ। ਡਿਉਢੀ ਵਿਚ ਰੁਕੀ ਹੋਈ ਭੀੜ ਸਾਡੀ ਵਾਰਤਾਲਾਪ ਸੁਣ ਚੁੱਕੀ ਸੀ ਤੇ ਦਿਲਚਸਪੀ ਨਾਲ ਸਾਡੇ ਵੱਲ ਵੇਖ ਰਹੀ ਸੀ। ਰਿਜ਼ਵਾਨ ਅਜੇ ਵੀ ਸਪਸ਼ਟੀਕਰਨ ਦੇਣਾ ਚਾਹ ਰਿਹਾ ਸੀ। ਮੈਂ ਉਸ ਨੂੰ ਚੁੱਪ ਰਹਿਣ ਲਈ ਕਿਹਾ।
‘‘ਡਾਕਟਰ ਸਾਹਿਬ ਨਰਾਜ਼ ਹੋ ਗਏ ਨੇ,’’ ਅਫਸੋਸ ਵਿਚ ਉਮਰ ਗਨੀ ਨੇ ਕਿਹਾ।
‘‘ਫਿ਼ਕਰ ਨਾ ਕਰੋ। ਡਾਕਟਰ ਸਾਹਿਬ ਦੇ ਮਨ ਵਿਚ ਲੰਮੇ ਗੁੱਸੇ ਨਹੀਂ ਹੁੰਦੇ। ਉਨ੍ਹਾਂ ਦਾ ਗੁੱਸਾ ਪਲ ਦੀ ਪਲ ਔਹ ਮੀਂਹ ਦੇ ਛਰਾਟੇ ਵਾਂਗ ਹੀ ਹੁੰਦਾ ਹੈ, ਹੁਣ ਵਰ੍ਹਿਆ ਤੇ ਫੇਰ ਸੁੱਕ ਪੁਕਾ...‘‘
ਬਾਹਰ ਮੀਂਹ ਠੱਲ੍ਹ ਗਿਆ ਸੀ ਤੇ ਲੋਕ ਡਿਉਢੀ ‘ਚੋਂ ਹੌਲੀ ਹੌਲੀ ਬਾਹਰ ਨਿਕਲਣ ਲੱਗੇ।
ਅਸੀਂ ਵੀ ਫਲੈਟੀਜ਼ ਹੋਟਲ ਜਾਣ ਲਈ ਸੜਕ ‘ਤੇ ਨਿਕਲ ਆਏ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346