ਮਾਸਟਰ ਨਿਹਾਲ ਚੰਦ ਨੇ
ਉਸੇ ਰਿਟਾਇਰਮੈਂਟ ਤੋਂ ਬਾਅਦ ਅਜਿਹਾ ਰੋਮਾਚਿਕ ਅਨੁਭਵ ਪ੍ਰਾਪਤ ਕੀਤਾ ,ਜਿਸ ਰਿਟਾਇਰਮੈਂਟ ਦੇ
ਖ਼ਿਆਲ ਨਾਲ ਹੀ ਉਸਦਾ ਦਿਲ ਮੁਰਝਾ ਜਾਂਦਾ ਸੀ । ਇਹ ਇਕਲਾਪੇ ਦਾ ਕਾਲਪਨਿਕ ਭੈਅ ਹੀ ਸੀ ਕਿ
ਪਿੰਡ ਵਿੱਚ ਪਹਿਲਾਂ ਤੋਂ ਹੀ ਸਟੇਸ਼ਨਰੀ ਦੀ ਇੱਕ ਦੁਕਾਨ ਮੌਜੂਦ ਹੋਣ ਦੇ ਬਾਵਜੂਦ ਉਹਨਾਂ ਨੇ
ਆਪਣੀ ਇੱਕ ਹੋਰ ਦੁਕਾਨ ਖੋਲ ਲਈ ਸੀ । ਪੈਨਸ਼ਨ ਆਉਂਦੀ ਸੀ ਤੇ ਇਕਲੌਤਾ ਮੁੰਡਾ ਸ਼ਹਿਰ ਵਿੱਚ
ਨੌਕਰੀ ਕਰਦਾ ਤੇ ਉੱਥੇ ਹੀ ਰਹਿੰਦਾ ਸੀ , ਕੋਈ ਜਿਆਦਾ ਬੋਝ ਰੱਖਣ ਵਾਲਾ ਮਾਮਲਾ ਨਹੀਂ ਸੀ,
ਉਹਨਾਂ ਦੀ ਇਹ ਦੁਕਾਨ । ਉਚੇਰੀ ਵਿੱਦਿਆ ਹਾਸਿਲ ਕਰਨ ਦੇ ਚੱਕਰ ਵਿੱਚ ਵਿਆਹ ਦੀ ਉਮਰ ਲੰਘਾ
ਚੁੱਕੀਆਂ ਆਪਣੀਆਂ ਧੀਆਂ ਤੇ ਅਨਪ੍ਹੜ ਘਰਵਾਲੀ ਨਾਲ ਮਾਸਟਰ ਜੀ ਨੇ ਪਿੰਡ ਵਿੱਚ ਰਹਿਣ ਦਾ ਹੀ
ਫੈਸਲਾ ਕੀਤਾ ਸੀ । ਉਹਨਾਂ ਦਾ ਖਿਆਲ ਸੀ ਕਿ ਪਿੰਡ ਵਿੱਚ ਰਹਿ ਰਹੇ ਸ਼ਰੀਕੇ ਕਬੀਲੇ ਦੇ ਪੰਜ
ਸੱਤ ਘਰ ਵੱਡਾ ਸਹਾਰਾ ਹਨ । ਦੁਕਾਨ ਤਾਂ ਠੀਕ ਠਾਕ ਹੀ ਚੱਲੀ ਪਰ ਮਾਸਟਰ ਜੀ ਦੀ ਜਿੰਦਗੀ ਉਸ
ਦਿਨ ਇੱਕ ਨਵੇਂ ਮੋੜ ਤੋਂ ਮੁੜ ਗਈ ਜਿਸ ਦਿਨ ਉਹਨਾਂ ਦਾ ਲੇਖ ਅਖਬਾਰ ਵਿੱਚ ਛਪ ਗਿਆ ਸੀ ।
ਮਾਸਟਰ ਨਿਹਾਲ ਚੰਦ ਸੁਭਾਅ ਤੋਂ ਹੀ ਗਹਿਰ ਗੰਭੀਰ ਸਨ । ਖਤੋ-ਖਤੂਤ ਤੇ ਲਿਖਣ ਪੜ੍ਹਣ ਦੇ
ਸ਼ੌਕੀਨ । ਇਹ ਲੇਖ ਵੀ ਉਹਨਾਂ ਨੇ ਇੱਕ ਖਤ ਦੀ ਤਰ੍ਹਾਂ ਲਿਖਿਆ ਸੀ ਤੇ ਅਖ਼ਬਾਰ ਨੂੰ ਭੇਜ ਕੇ
ਭੁੱਲ ਗਏ ਸਨ । ਲੇਖ ਛਪਣ ਵਾਲੇ ਦਿਨ ਮਾਸਟਰ ਜੀ ਦੇ ਫੋਨ ਤੇ ਕਈ ਨਵੇਂ ਨੰਬਰਾਂ ਨੇ ਦਸਤਕ
ਦਿੱਤੀ । ਉਹਨਾਂ ਦੇ ਲੇਖ ਦੀ ਤਾਰੀਫ਼ ਹੋਈ ਤੇ ਇੱਕ ਦੋ ਨਾਮਵਰ ਹਸਤੀਆਂ ਨੇ ਵੀ ਹੌਸਲਾਅਫ਼ਜਾਈ
ਕੀਤੀ ਸੀ । ਥੱਕੇ ਹਾਰੇ ਦਿਸਣ ਵਾਲੇ ਮਾਸਟਰ ਜੀ ਵਿੱਚ ਉਸ ਦਿਨ ਪਤਾ ਨਹੀਂ ਕਿੱਥੋਂ ਤਾਕਤ ਆ
ਗਈ ਸੀ । ਸ਼ਹਿਰ ਗਏ ਦਸ ਅਖ਼ਬਾਰ ਲਏ ਤੇ ਇੱਕ ਅਖ਼ਬਾਰ ਮੁੰਡੇ ਦੇ ਘਰ ਦਿੱਤਾ ਬਾਕੀ ਆ ਕੇ ਪਿੰਡ
ਦੇ ਮੋਹਤਬਰ ਬੰਦਿਆਂ ਦੇ ਘਰ ਜਾ ਕੇ ਦੇ ਆਏ। ਇਹਨਾਂ ਬੰਦਿਆਂ ਨਾਲ ਉਹ ਘੱਟ ਹੀ ਗੱਲ ਕਰਿਆ
ਕਰਦੇ ਸਨ ਪਰ ਉਸ ਦਿਨ ਉਹਨਾਂ ਨੇ ਕਈ ਮੁੱਦਿਆਂ ਤੇ ਵਿਚਾਰ ਵਿਟਾਂਦਰਾਂ ਹੀ ਨਹੀਂ ਕੀਤਾ ਸਗੋਂ
ਉਹਨਾਂ ਦੇ ਹੱਲ ਵੀ ਦੱਸੇ । ਦੂਜੇ ਦਿਨ ਤੋਂ ਹੀ ਮਾਸਟਰ ਜੀ ਨੂੰ ਦੁਕਾਨਦਾਰੀ ਦਕੀਆਨੂਸੀ
ਲੱਗਣ ਲੱਗ ਪਈ ਸੀ । ਹੁਣ ਉਹ ਸ਼ਾਮ ਨੂੰ ਬਚਤ ਨਹੀਂ ਸਨ ਗਿਣਦੇ, ਬਲਕਿ ਉਹਨਾਂ ਲੋਕਾਂ ਬਾਰੇ
ਸੋਚਦੇ ਰਹਿੰਦੇ ਜਿੰਨਾਂ ਨਾਲ ਉਹਨਾਂ ਨੇ ਸਮਾਜਿਕ ਬੁਰਾਈਆਂ ਬਾਰੇ ਚਰਚਾ ਕੀਤੀ ਸੀ ਤੇ ਉਹਨਾਂ
ਦੀ ਨਾਸਮਝੀ ਤੋਂ ਉਹ ਡਾਢੇ ਨਿਰਾਸ਼ ਹੋਏ ਸਨ । ਕੁੜੀਆਂ ਦੀਆਂ ਡਿਗਰੀਆਂ ਤੇ ਲਾਏ ਪੈਸੇ
ਂਉਹਨਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਉਹਨਾਂ ਨੂੰ ਬੇਕਾਰ ਲੱਗਣ ਲੱਗ ਪਏ ਸਨ ।
ਡਿਗਰੀਆਂ ਤਾਂ ਲੈ ਲਈਆਂ ਸਨ ਪਰ ਉਹਨਾਂ ਦੇ ਖਿਆਲ ਅਨੁਸਾਰ ਉਹਨਾਂ ਦਾ ਬੌਧਿਕ ਪੱਧਰ ਵਿਕਾਸ
ਨਹੀਂ ਸੀ ਕਰ ਸਕਿਆ । ਇਹ ਸੋਚਦਿਆਂ ਸੋਚਦਿਆਂ ਹੀ ਉਹ ਖੁਸ਼ ਵੀ ਹੋ ਜਾਂਦੇ ਕਿ ਚਲੋ ! ਇੱਕ
ਵਿਸ਼ਾ ਇਹ ਵੀ ਹੈ , ਕੱਲ੍ਹ ਨੂੰ ਇਸ ਤੇ ਵੀ ਲੇਖ ਲਿਖਾਂਗਾ ।
ਮਾਸਟਰ ਜੀ ਵਿੱਚ ਆਈ ਇਸ ਤਬਦੀਲੀ ਤੋਂ ਘਰ ਦੇ ਹੈਰਾਨ ਸਨ ਤੇ ਪ੍ਰੇਸ਼ਾਨ ਵੀ । ਸਮਾਜ ਨੂੰ
ਜਗਾਉਣਾ ਚਾਹੁੰਦੇ ਹਨ ਤਾਂ ਉਹ ਸਾਨੂੰ ਤਾਂ ਰਾਤ ਨੂੰ ਦੋ ਵਜੇ ਨਾ ਜਗਾਉਣ । ਦਰਅਸਲ ਮਾਸਟਰ
ਜੀ ਅੱਜਕੱਲ੍ਹ ਨੀਂਦ ਦੇ ਗੁਲਾਮ ਨਹੀਂ ਸਨ ਰਹੇ । ਉਹ ਕਿਸੇ ਵੇਲੇ ਵੀ ਉਠ ਕੇ ਲਿਖਣ ਬੈਠ
ਜਾਂਦੇ ਸਨ । ਹੁਣ ਰਾਹ ਮਿਲ ਗਿਆ ਸੀ ਮਾਸਟਰ ਜੀ ਨੇ 60-62 ਸਾਲ ਦਾ ਗੁੱਬ ਗੁਬਾਰ ਕੱਢਿਆ ਤੇ
ਅਖ਼ਬਾਰਾਂ ਨੂੰ ਭੇਂਜ ਦਿੱਤਾ । ਉਹ ਛਪ ਗਏ ਸਨ । ਹੁਣ ਮਾਸਟਰ ਜੀ ਦੇ ਤੌਰ ਤਰੀਕੇ ਬਦਲਦੇ ਜਾ
ਰਹੇ ਸਨ । ਚਾਲ ਵਿੱਚ ਮੜ੍ਹਕ ਸੀ ਤੇ ਚਿਹਰੇ ਤੇ ਰੌਣਕ । ਉਹ ਅਕਸਰ ਫ਼ੋਨ ਤੇ ਮਸਰੂਫ਼ ਦਿਖਾਈ
ਦਿੰਦੇ ਤੇ ਗੱਲਾਂ ਹੁੰਦੀਆਂ ਸਮਾਜਿਕ ਕ੍ਰਾਂਤੀ ਤੇ ਆ ਰਹੇ ਨਿਘਾਰ ਦੀਆਂ । ਪਿੰਡ ਵਾਲੇ
ਰਿਸਤੇਦਾਰ ਤੇ ਘਰਵਾਲੇ ਪਹਿਲਾਂ ਤਾਂ ਮਾਸਟਰ ਜੀ ਵਿੱਚ ਆਏ ਇਸ ਬਦਲਾਅ ਨੂੰ ਮਾਨਤਾ ਨਹੀਂ ਸਨ
ਦੇਣਾ ਚਾਹੁੰਦੇ ਪਰ ਗੱਲ ਉਦੋਂ ਵਿਗੜੀ ਜਦੋਂ ਕੁੱਝ ਲੋਕਾਂ ਨੂੰ ਲੱਗਿਆ ਕਿ ਮਾਸਟਰ ਹੁਣ ਆਪਣੇ
ਆਪ ਨੂੰ ਬੜੀ ਉੱਚੀ ਚੀਜ਼ ਸਮਝਣ ਲੱਗ ਪਿਆ ਹੈ । ਅਖ਼ਬਾਰ ਵਿੱਚ ਲੇਖ ਕੀ ਲਿਖ ਲਏ ਜਦੋਂ ਦੇਖੋ
ਆਪਣੀ ਵਿਦਵਤਾ ਝਾੜਣ ਲੱਗ ਪੈਂਦਾ ਐ । ਹਾਂ ! ਕੁੱਝ ਚਲਾਕ ਕਿਸਮ ਦੇ ਲੋਕਾਂ ਨੇ ਬਦਲੇ
ਹਾਲਾਤਾਂ ਦਾ ਫਾਇਦਾ ਵੀ ਉਠਾਇਆ । ਦੁਕਾਨ ਤੇ ਜਾਂਦੇ, ਉਹਨਾਂ ਦੇ ਲੇਖ ਦੀ ਤਾਰੀਫ਼ ਕਰਦੇ ਤੇ
ਚਾਹੀਦਾ ਸਾਮਾਨ ਲੈ ਜਾਂਦੇ । ਛੇ ਮਹੀਨਿਆਂ ਵਿੱਚ ਹੀ ਦੁਕਾਨ ਦਾ ਭੱਠਾ ਬੈਠ ਗਿਆ ਸੀ ਕਿਉਂਕਿ
ਮਾਸਟਰ ਜੀ ਦੇ ਰੁਝੇਵੇਂ ਅੱਜਕੱਲ੍ਹ ਵਧ ਗਏ ਸਨ । ਕਦੇ ਕੋਈ ਉਹਨਾਂ ਨੂੰ ਮਿਲਣ ਆ ਰਿਹਾ ਹੈ
ਤੇ ਕਦੇ ਉਹ ਕਿਸੇ ਕੋਲ ਜਾ ਰਹੇ ਹੁੰਦੇ ਹਨ । ਗੋਸ਼ਟੀਆਂ ਸਭਾਵਾਂ ਤੇ ਸਮਾਜਿਕ ਸੰਸਥਾਵਾਂ ਵੀ
ਉਹਨਾਂ ਨੂੰ ਬੁਲਾਉਂਦੀਆਂ ਹੀ ਰਹਿੰਦੀਆਂ ਸਨ । ਬੁਧੀਜੀਵੀਆਂ ਦੀਆਂ ਕੁਰਸੀਆਂ ਤੇ ਉਹਨਾਂ
ਵਿੱਚ ਬੈਠਿਆਂ ਕਈ ਵਾਰ ਉਹ ਸੋਚਦੇ ਕਿ ‘‘ਇੰਟਲੈਕਚੂਅਲ‘‘ ਲਫ਼ਜ ਪਹਿਲਾਂ ਤੋਂ ਹੀ ਉਹਨਾਂ ਨੂੰ
ਖਿਚਦਾ ਰਿਹਾ ਹੈ ।ਇੰਟਲੈਕਚੁਅਲ ਲੋਕਾਂ ਦੀਆਂ ਤਸਵੀਰਾਂ ਉਹਨਾਂ ਨੇ ਅਖ਼ਬਾਰ ਜਾਂ ਟੈਲੀਵਿਜ਼ਨ
‘ਚ ਦੇਖੀਆਂ ਸਨ ਤੇ ਉਹ ਵਿਸਵਾਸ਼ ਨਾ ਕਰ ਪਾਉਂਦੇ ਕਿ ਹੁਣ ਉਹ ਵੀ ਇੰਟਲੈਕਚੁਅਲ ਲੋਕਾਂ ਵਿਚ
ਸ਼ਾਮਲ ਹਨ ।
ਮਾਸਟਰ ਜੀ ਦੀ ਘਰਵਾਲੀ ਕੁੜੀਆਂ ਦੇ ਵਿਆਹ ਦੀ ਚਿੰਤਾਂ ਵਿੱਚ ਬਿਮਾਰ ਪੈ ਗਈ । ਇੱਕ ਇਸ ਚੀਜ਼
ਨੇ ਵੀ ਉਸਨੂੰ ਬਿਮਾਰ ਕਰ ਦਿੱਤਾ ਸੀ ਕਿ ਲੋਕ ਹੁਣ ਮਾਸਟਰ ਜੀ ਬਾਰੇ ਦਿਮਾਗ ਹਿੱਲ ਗਿਆ ਜਿਹੇ
ਸ਼ਬਦ ਕਹਿੰਦੇ ਹਨ । ਉਹਨੂੰ ਖ਼ੁਦ ਨੂੰ ਵੀ ਕੁੱਝ ਅਜਿਹਾ ਹੀ ਲੱਗਿਆ ਸੀ । ਦੂਜਾ ਪਿੰਡ ਵਿੱਚ
ਵੀ ਕੁੜੀਆਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਸਨ । ਮੁੰਡਾ ਪਿੰਡ ਆਇਆ ਤਾਂ ਖਿਝ
ਕੇ ਵਾਪਸ ਮੁੜ ਗਿਆ । ਮਾਸਟਰ ਜੀ ਹੁਣ ਲੇਖਕਾਂ ਅਤੇ ਪ੍ਰੰਸ਼ਸ਼ਕਾਂ ਦੇ ਘੇਰੇ ਤੋਂ ਸਿਵਾ ਇੱਕਲੇ
ਪੈ ਚੁੱਕੇ ਸਨ । ਕੁੱਝ ਲੋਕ ਈਰਖਾਂ ਕਰਦੇ ਸਨ ਤੇ ਘਰ ਵਾਲਿਆਂ ਸਮੇਤ ਬਹੁਤੇ ਉਹਨਾਂ ਨੂੰ
ਘ੍ਰਿਣਾ ਕਰਨ ਲੱਗ ਪਏ ਸਨ । ਦਰਅਸਲ ਜਿਵੇਂ ਜਿਵੇਂ ਉਹਨਾਂ ਦੀ ਸ਼ੌਹਰਤ ਦਾ ਸੂਰਜ ਚੜ੍ਹ ਰਿਹਾ
ਸੀ ਉਵੇਂ ਉਵੇਂ ਹੀ ਉਹ ਨਿੱਜ ਤੋਂ ਉਪਰ ਉੱਠ ਕੇ ਦੇਸ਼ ਕੌਮ ਤੇ ਸਮਾਜ ਵਾਸਤੇ ਕੁੱਝ ਕਰਨ ਬਾਰੇ
ਸੋਚਣ ਲੱਗ ਪਏ ਸਨ । ਦਰਅਸਲ ਉਹਨਾਂ ਦੀ ਸ਼ੌਹਰਤ ਦਾ ਸੂਰਜ ਚੜ੍ਹ ਰਿਹਾ ਸੀ ਦਾਇਰਾ ਵਧ ਰਿਹਾ
ਸੀ ਪਰ ਉਹ ਬੇਖਬਰ ਸਨ ਕਿ ਉਹਨਾਂ ਦੇ ਪੈਰਾ ਦੀ ਜ਼ਮੀਨ ਤਿੜਕ ਰਹੀ ਸੀ ।
ਗਲੀ ਨੰ:20,
ਪ੍ਰਤਾਪ ਨਗਰ,
ਬਠਿੰਡਾ।
ਮੋ: 99156-20944
ਈ ਮੇਲ :---tarsem54@gmail.com
-0- |