”ਇਹਦੇ ‘ਚ ਰੱਬ ਦਾ ਕੀ
ਕਸੂਰ ਐ ਜਾਰ!” ਇਕ ਸਧਾਰਨ ਜਿਹੇ ਦਿਸਦੇ ਬੰਦੇ ਦੀ ਗੱਲ ਨੇ ਮੇਰਾ ਧਿਆਨ ਖਿੱਚਿਆ।ਆਪੋ ਆਪਣੇ
ਟੋਲਿਆਂ ‘ਚ ਬੈਠੇ,ਮਕਾਣ ਆਏ ਹੋਏ ਹੋਰ ਵੀ ਕਈ ਜਣੇ ਉਹਦੇ ਵੱਲ ਓਪਰਾ ਜਿਹਾ ਝਾਕੇ।ਉਹ
ਸ਼ਰਮਿੰਦਾ ਜਿਹਾ ਹੋ ਗਿਆ ਕਿਉਂਕਿ ਪੰਜਾਬ ਵੀ ਅੱਜ ਕੱਲ੍ਹ ‘ਸੱਭਿਅਕ‘ ਹੋਣ ਦੇ ਰਾਹ ਪਿਆ ਹੋਇਆ
ਹੈ।ਕੋਈ ਕਿਸੇ ਨੂੰ ਆਪਣੀ ਗੱਲ ਨਾਲ ‘ਡਿਸਟਰਬ‘ ਨਹੀਂ ਕਰਦਾ। ਵਿਆਹ ਜਾਓ ਤਾਂ ਦੇਖੋਗੇ ਕਿ
ਜਿਹੜੇ ਚਾਰ ਜਣੇ ਘਰੋਂ ਜਾਂ ਪਿੰਡੋਂ ਹੀ ਇਕੱਠੇ ਆਏ ਹੁੰਦੇ ਹਨ, ਫਰਕ ਰੱਖ ਕੇ ਸਜਾਏ ਗੋਲ
ਮੇਜ਼ਾਂ ਤੇ ਇਕ ਦੂਜੇ ਵੱਲ ਮੂੰਹ ਕਰਕੇ ਬੈਠ ਜਾਂਦੇ ਹਨ।ਜਿਹੜੀ ਗੱਲ ਕਾਰ ‘ਚ ਕਰਦੇ ਆਏ ਸਨ
ਓਹੀ ਫੇਰ ਤੋਰ ਲੈਂਦੇ ਹਨ।ਕੋਈ ਇਕ ਜਣਾ(ਇਹ ਲੱਗ ਪੱਗ ਤੈਅ ਹੀ ਹੁੰਦਾ ਹੈ ਕਿ ਕਿਸ ਨੇ ਦੇਣੇ
ਹਨ... ‘ਫਲਾਣਾ‘ ਪਿਛਲੇ ਵਿਆਹ ਵਿਚ ਇਹ ‘ਭਾਈਚਾਰਾ‘ ਨਿਭਾ ਚੁੱਕਿਆ ਹੁੰਦਾ ਹੈ) ਵੀਹ, ਪੰਜਾਹ
ਰੁਪਈਏ ਦਾ ਨੋਟ ਦਿਖਾ ਕੇ ਬਹਿਰੇ ਨੂੰ ਬਲਾਉਂਦਾ ਹੈ, ਨੋਟ ਦਿੰਦਾ ਹੈ ਤੇ ਅਗਲੇ ਦਾ ‘ਦਸਾਂ
ਤੇ ਇਕ‘ ਦਾ ਹਿਸਾਬ ਕਰਕੇ ਲਿਆਂਦਾ ਬਹਿਰਾ ਚਾਰ ਜਣਿਆਂ ਦੀ ਸੇਵਾ ਵਿਚ ਲੱਗ ਜਾਂਦਾ ਹੈ ।
ਅਜਿਹੇ ਹੀ ਕਿਸੇ ਹੋਰ ਨੇ ਵਿਆਹ ਦਾ ‘ਲੇਖਾ-ਜੋਖਾ‘ ਕਰਦਿਆਂ,ਲਮਕਦੀ ਜਿਹੀ ਆਵਾਜ਼ ‘ਚ ਕਹਿ
ਦੇਣਾ ਹੈ, ”ਹੋਰ ਤਾਂ ਠੀਕ ਸੀ ਵਿਆਹ ‘ਚ, ਸਰਵਿਸ ਨੀ ਠੀਕ ਹੋਈ...ਬਹਿਰਿਆਂ ‘ਚ ਕਰਗੇ
ਕੰਜੂਸੀ...”
ਖੈਰ, ਉਹਦੀ ਉੱਚੀ ਆਵਾਜ਼ ਸੁਣਕੇ ਚੁੱਪ ਤਾਂ ਸਾਰੇ ਕਰ ਈ ਗਏ ਸਨ।ਇਸ ਵਾਰ ਉਹਦੀ ‘ਬਚਾ ਕੇ‘
ਕੱਢੀ ਹੌਲ਼ੀ ਆਵਾਜ਼ ਵੀ ਸਾਰਿਆਂ ਨੂੰ ਸੁਣੀ-
”ਪੈਸੇ ਨੇ ਅੰਨ੍ਹੀ ਕਰੀ ਪਈ ਐ ਦੁਨੀਆਂ...ਨਹੀਂ ਤਿੰਨ ਵਜੇ ਤੁਰਨ ਨੂੰ ਦੱਸ ਕੀ ਘਲਾੜੀ ‘ਚ
ਬਾਂਹ ਆਈ ਹੋਈ ਤੀ...ਭੱਟੀ ਸਿਆਣਾ ਬਿਆਣਾ ਬੰਦਾ ਤੀ...ਹੁੰ...ਕਮਲੇ ਹੋਏ ਫਿਰਦੇ ਨੇ...”
ਸਾਰੇ ਸਮਝ ਗਏ ਕਿ ਉਹ ਜਸਪਾਲ ਭੱਟੀ ਦੀ ਮੌਤ ਦੀ ਗੱਲ ਕਰ ਰਿਹਾ ਸੀ-
”ਹੋਰ...ਐਮੇਂ ਭੰਗ ਦੇ ਭਾਣੇ ਗਿਆ!ਕਮਲਿਆ!! ਤੇਰੇ ਵਰਗੇ ਕਿਤੇ ਰੋਜ ਰੋਜ ਜੰਮਦੇ ਨੇ...”
ਉਸੇ ਟੋਲੀ ਵਿਚੋਂ ਕੋਈ ਹੋਰ ਜਸਪਾਲ ਭੱਟੀ ਨੂੰ ਸਿੱਧਾ ਸੰਬੋਧਨ ਹੋਇਆ...
...ਮੈਨੂੰ ਲੱਗਿਆ, ਉਹਨੇ ਇਹ ਗੱਲ ‘ਕੱਲੇ ਭੱਟੀ ਨੂੰ ਨਹੀਂ ,ਜ਼ਮਾਨੇ ਨੂੰ ਕਹੀ ਸੀ। ਪਹਿਲੇ
ਬੰਦੇ ਦੀ ਗੱਲ ਨੇ ‘ਜਿਵੇਂ ਲਿਖੀ ਹੋਈ ਤੀ‘ ਦੀ ਧਾਰਨਾ ਨੂੰ ਤੇ ਦੂਜੇ ਬੰਦੇ ਦੇ, ਦੁੱਖ ‘ਚ
ਭਰੇ ਹੌਕੇ ਨੇ ਭੱਟੀ ਦੀ ਮੌਤ ਬਾਰੇ ਕੀਤੀਆਂ ‘ਅਖਬਾਰੀ‘ ਟਿੱਪਣੀਆਂ ਨੂੰ ਰੱਦ ਕਰ ਦਿੱਤਾ
ਸੀ।ਉਹਨਾ ਦੀ ਗੱਲ ਦਾ ਨਿਚੋੜ ਸੀ ਕਿ ਸੱਚ ਹਮੇਸ਼ਾ ਸਰਲ ਨਹੀਂ ਹੁੰਦਾ।ਬਹੁਤੀ ਵਾਰ ਦਿਸਦੇ ਦੇ
ਓਹਲੇ ‘ਚ ਹੁੰਦਾ ਹੈ।ਉਸ ਤੱਕ ਪਹੁੰਚ ਨਾ ਸੌਖੀ ਹੁੰਦੀ ਹੈ ਨਾ ਖੁਸ਼ਗਵਾਰ।ਸੱਚੀ ਗੱਲ ਐ ਕਿ
ਜਸਪਾਲ ਭੱਟੀ ਦੀ ਮੌਤ ਇਕ ਦੁਖਦਾਈ ਵਰਤਾਰਾ ਹੈ।ਇਹ ਵੀ ਸੱਚ ਹੈ ਕਿ ਜੁਗੜੇ ਬੀਤ ਜਾਂਦੇ ਹਨ
ਇਕ ਜਸਪਾਲ ਭੱਟੀ ਉਸਾਰਦਿਆਂ।ਪਰ ਉਸ ਦਿਨ, ਮਕਾਣ ‘ਚ ਗੱਲਾਂ ਕਰਦੇ ਉਹਨਾ ਬੰਦਿਆਂ ਨੇ ਭੱਟੀ
ਦੀ ਮੌਤ ਨੂੰ ਇਕ ਵੱਖਰੇ ਵਰਤਾਰੇ ਵਜੋਂ ਦੇਖਿਆ-
”ਇਕ ਦੂਏ ਤੋਂ ਮੂਹਰੇ ਲੰਘਣ ਦੀ ਅਨ੍ਹੀਂ ਪਈ ਹੋਈ ਐ...ਹੋਰ ਕੀ?”
ਬੜੀਆਂ ਗੱਲਾਂ,ਟਿੱਪਣੀਆਂ ਤੇ ਲੇਖ ਅਖਬਾਰਾਂ ਵਿਚ ਜਸਪਾਲ ਭੱਟੀ ਦੀ ਮੌਤ ਤੇ ਲਿਖੇ ਗਏ।ਉਹਦੀ
ਬਣਦੀ ਪ੍ਰਸ਼ੰਸ਼ਾ ਕੀਤੀ ਗਈ।ਉਹਦੇ ਨਿਵੇਕਲੇ ਅੰਦਾਜ਼ ਨੂੰ ਸਲਾਹਿਆ ਗਿਆ।ਪਰ ਉਸਦੀ ਮੌਤ ਦੇ
ਕਾਰਨਾ ਦੀ ਗੱਲ ਮਾੜੀਆਂ ਸੜਕਾਂ , ਟਰੈਫਿਕ ਦੀ ਮਾਰਾ-ਮਾਰੀ ਤੇ ਮਾੜੇ ਪ੍ਰਬੰਧ ਤੇ ਆ ਕੇ ਰੁਕ
ਜਾਂਦੀ।ਬਹੁਤੀ ‘ਡੁੰਘਾਈ‘ ਤੱਕ ਗਏ ਸਿਆਣਿਆਂ ਨੇ ਜਿਹੜਾ ਕਾਰਨ ਲੱਭਿਆ ਉਹ ਇਹ ਸੀ ਕਿ ਮਗਰਲੀ
ਸੀਟ ਤੇ ਬੈਠੇ ਭੱਟੀ ਤੇ ਉਹਦੇ ਸਾਥੀ ਨੇ ‘ਸੀਟ ਬੈਲਟ‘ ਨਹੀਂ ਸੀ ਲਾਈ ਹੋਈ ਜਿਸ ਕਾਰਨ
‘ਸੇਫਟੀ ਬੈਲੂਨ‘ ਨਹੀਂ ਸੀ ਖੁੱਲ੍ਹੇ।ਤੇ ਫਿਰ ਨਵੀਂ ਸੇਫਟੀ ਟੈਕਨੀਕ ਨਾਲ ਬਣੀਆਂ ਇਹਨਾ
ਕਾਰਾਂ ਦੀ ਪ੍ਰਸ਼ੰਸ਼ਾ ਭੱਟੀ ਦੀ ਮੌਤ ਦੇ ਹਾਦਸੇ ਨੂੰ ‘ਓਵਰ-ਲੈਪ‘ ਕਰਨ ਲੱਗ ਜਾਂਦੀ।ਬੰਦੇ ਨੂੰ
ਪਤਾ ਤੱਕ ਨਹੀਂ ਲਗਦਾ ਕਿ ਉਹ ਉਸ(ਜਾਂ ਉਸ ਜਿਹੀਆਂ ਹੋਰ) ਕਾਰ ਕੰਪਨੀਆਂ ਦਾ ਬਿਨਾ ਪੈਸਿਓਂ
ਪ੍ਰਚਾਰਕ ਬਣ ਗਿਆ ਹੈ।ਪਰ ਇਹ,ਜਿਨ੍ਹਾਂ ਨੇ ਅਖਬਾਰੀ ਲੇਖ ਨਹੀਂ ਸੀ ਪੜ੍ਹੇ,ਜਿਨ੍ਹਾਂ ਦਾ
ਵਿਕਾਸ ਗੱਡੇ ਤੋਂ ਟਰੈਕਟਰ ਤੱਕ ਤੇ ਕਰਜਾ ਬਾਣੀਏ ਦੀ ਵਹੀ ਤੋਂ ਬੈਂਕ ਦੇ ‘ਲੋਨ‘ ਤੇ ਆ ਕੇ
ਰੁਕ ਗਿਆ ਸੀ, ਜਿਨ੍ਹਾਂ ਨੇ ਫੋਟੋਆਂ ਸਜਾਵਟ ਜਾਂ ਯਾਦ ਸਾਂਭਣ ਵਜੋਂ ਨਹੀਂ ਸਗੋਂ ਪਹਿਲੀ ਵਾਰ
ਤਕਾਵੀ ਲੈਣ ਲਈ ਕਾਪੀ ਤੇ ਲਾਉਣ ਲਈ ਖਿਚਵਾਈਆਂ ਸਨ, ਉਹਨਾ ਵਿੱਚੋਂ ਇਕ ‘ਆਪਣੀ ਸਮਝ ਮੁਤਾਬਕ‘
ਭੱਟੀ ਦੀ ਮੌਤ ਦੇ ਕਾਰਨਾ ਤੇ ਤਬਸਰਾ ਕਰ ਰਿਹਾ ਸੀ-
” ਮੈਨੂੰ ਤਾਂ ਐਂ ਲਗਦੈ ਬਈ ਜਿਵੇਂ ਹੇਮੂ ਪਾਧਾ ਆਪਣੇ ਬੁੜ੍ਹਿਆਂ ਨੂੰ ‘ਕਾਲ਼‘ ਤੋਂ ਡਰਾਈਂ
ਰੱਖਦਾ ਤੀ...ਭੱਟੀ ਵਰਗੇ ਫਿਲਮ ਫੇਲ੍ਹ ਹੋਣ ਦੇ ਡਰੋਂ ਈ ‘ਣੀਂਦੇ ਮਰੀ ਜਾਂਦੇ ਨੇ...”-
ਮੈਂ ਹੈਰਾਨ ਹੋਇਆ।ਮੋਢੇ ਤੇ ਰੱਖੇ ਪਰਨੇ ਨਾਲ ਮੁੱਛਾਂ ਪੂੰਝਦਾ ਇਹ ਬੰਦਾ, ਮੌਜੂਦਾ ਦੌਰ ਦੀ
ਨੱਠ-ਭੱਜ ਤੋਂ ਵੀ ਅਗਾਂਹ ਜਾ ਕੇ ,ਪੂੰਜੀਵਾਦ ਦੀ ਪੈਦਾ ਕੀਤੀ ਅਨਿਸ਼ਚਤਤਾ ਤੇ ਸਟੀਕ ਟਿੱਪਣੀ
ਕਰ ਰਿਹਾ ਸੀ।ਰਿਸ਼ਤਿਆਂ ਤੋਂ ਲੈ ਕੇ ਵਸਤੂਆਂ ਤੱਕ ਹਰ ਚੀਜ਼ ਵਿਚੋਂ ਤੁਹਾਡਾ ਵਿਸ਼ਵਾਸ਼ ਖਤਮ ਹੋਣ
ਤੇ ਆਇਆ ਪਿਐ।ਮੇਰੇ ਯਾਦ ਆਇਆ ਸਾਡੀ ਸੰਸਥਾ ‘ਸੁਪਨਸਾਜ਼‘ ਵੱਲੋਂ ਬੁਲਾਏ ਵਿਦਵਾਨ ਨੇ ਆਪਣੇ
ਸਾਰਾ ਭਾਸ਼ਣ ਪੂੰਜੀਵਾਦ ਵੱਲੋਂ ‘ਅਨਿਸ਼ਚਤਤਾ‘ ਨੂੰ ਇਕ ਹਥਿਆਰ ਵਜੋਂ ਵਰਤੇ ਜਾਣ ਨੂੰ ਸਥਾਪਿਤ
ਕਰਨ ਤੇ ਲਾਇਆ ਸੀ।ਤੇ ਇਹ ਇਕ ਅਨਪੜ੍ਹ ਬੰਦਾ...ਮੇਰਾ ਜੀਅ ਕੀਤਾ ਮੈਂ ਗੱਲਾਂ ਸੁਨਣ ਲਈ ਉਹਨਾ
ਦੀ ਟੋਲੀ ਵਿਚ ਜਾ ਮਿਲਾਂ।ਜਦ ਨੂੰ ਮੇਰੇ ਬਰਾਬਰ ਬੈਠਾ ਜੀਤ ਬੋਲ ਪਿਆ-
”ਇਹਨਾ ਦੇ ਫੇਲ੍ਹ ਪਾਸ ਦਾ ਕਿਹੜਾ ਪਤਾ ਲਗਦੈ...।ਸਾਡੇ ਮੁੰਡਾ...ਮੇਰਾ ਬੜਾ ਪੋਤਾ...ਆਹ
ਲਿਆਇਆ ਕੀ ਕਹਿੰਦੇ ਨੇ...ਮਬੈਲ...ਤੀਹ ਹਜ਼ਾਰ ਦਾ।ਮਹੀਨਾ ਪਹਿਲਾਂ ਘਰ ਕਲੇਸ਼ ਰਿਹਾ...ਮੈਂ
ਕਿਹਾ ਓਏ ਤੀਹ ਹਜ਼ਾਰ ‘ਚ ਤਾਂ ਪਹਿਲੇ ਸੂਏ ਝੋਟੀ ਆਜੂ...ਸਾਰਾ ਟੱਬਰ ਛੇ ਮਹੀਨੇ ਦੁੱਧ
ਪੀਊ...ਪਰ ਕਾਹਨੂੰ...ਅਖੇ ਮਰਾਂ ਮਾਰਾਂ...ਇਹੀ ਲੈਣੈ।ਲੈ ਲਿਆ।ਪਰਸੋਂ ਕ ਚੌਥ।ਅੱਜ ਮੂੰਹ
ਜਿਹਾ ਲਟਕਾਈਂ ਬੈਠਾ।ਉਹਦੇ ਮਾਮੇ ਦਾ ਮੁੰਡਾ ਕੋਈ ਹੋਰ ਲਿਆਇਆ ਨਮੇ ਨਮੂਨੇ ‘ਚ...।ਸਾਡੇ ਆਲੇ
ਨੂੰ ਲਗਦੈ ਬਈ ਮੈਂ ਲੁਟਿਆ ਗਿਆ...ਮਾਮੇ ਦਾ ਮੁੰਡਾ ਮੂਹਰੇ ਲਾਂ‘ਘਿਆ”
ਭੱਟੀ ਦੀ ਮੌਤ ਦੇ ਕਾਰਨਾ ਦਾ ਵਿਸ਼ਲੇਸ਼ਣ ਕਰਨ ਵਾਲਿਆਂ ‘ਚੋਂ ਕਿਸੇ ਨੇ ਨੀ ਪੁੱਛਿਆ ਬਈ ਇਹੋ
ਜੀ ਕਿਹੜੀ ਚੀਜ਼ ਸੀ ਜਿਹਨੇ ਭੱਟੀ ਪਰਿਵਾਰ ਦੇ ਨਾਲ ਨਾਲ ਉਹਦੀ ਯੁਨਿਟ ਨੂੰ ਵੀ ਪੰਜ ਰਾਤਾਂ
ਸੌਣ ਨਹੀਂ ਸੀ ਦਿੱਤਾ।ਕਿਸੇ ਨੇ ਸੜਕ ਦੇ ਮੋੜ ਦੀ ਗੱਲ ਕੀਤੀ ਤੇ ਕਿਸੇ ਨੇ ਕਾਰ ਦੀ ਸਪੀਡ
ਦੀ।ਕਿਸੇ ਨੇ ਨਹੀਂ ਕਿਹਾ ਕਿ ਆਪਣੀ ਸਮਾਜੀ, ਸਿਆਸੀ ਸੂਝ ਨੂੰ ਨਸ਼ਤਰ ਬਣਾ ਕੇ ਵਿਅੰਗ ਦੇ ਬਾਣ
ਚਲਾਉਣ ਵਾਲੇ ,ਇਕ ਕੀ ਕਿੰਨੇ ਹੀ ਭੱਟੀ,ਭਗਵੰਤ, ਕਦੋਂ ਉਸੇ ਸਮਝ ਨੂੰ ਕਸਬ ਬਣਾਉਣ ਦੀ ‘ਕਲਾ‘
ਦਾ ਸ਼ਿਕਾਰ ਹੋ ਗਏ।ਡਰਾਈਵਰ ਮੁੰਡੇ ਦੀ ਗੱਲ ਕਰਨ ਵਾਲਿਆਂ ਵਿਚੋਂ, ਅਸਲ ਡਰਾਈਵਿੰਗ ਫੋਰਸ ਦੀ
ਗੱਲ ਕਿਸੇ ਨੇ ਨਹੀਂ ਕੀਤੀ।ਪਰਨੇ ਵਾਲਾ ਕਰ ਰਿਹਾ ਸੀ-
”ਮੁੱਕਦੀ ਗੱਲ ਤਾਂ ਇਹ ਐ ਬਈ ਇਹ ਦਿਸਦੀ ਨੀ....ਊਂ ਖੇਡਾਂ ਸਭ ਮਾਇਆ ਦੀਆਂ ਨੇ.....ਨਹੀਂ
ਕੀਹਨੂੰ ਨੀ ਪਤਾ ਬਈ ਹਿਰਨ ਸੋਨੇ ਦਾ ਨੀ ਹੁੰਦਾ ...ਰਾਮ ਭੱਜਿਐ ਉਹਦੇ ਮਗਰ ...ਆਪਾਂ ਤਾਂ
ਕੀਹਦੇ ਵਿਚਾਰੇ ਐਂ...”
-0-
|