Welcome to Seerat.ca
|
|
ਟੋਰੰਟੋ
ਦੀਆਂ ਪੰਜਾਬੀ ਅਖ਼ਬਾਰਾਂ
-
ਗੁਰਦੇਵ ਚੌਹਾਨ
|
ਟੋਰੰਟੋ ਦੀਆਂ ਪੰਜਾਬੀ
ਅਖ਼ਬਾਰਾਂ ਦੀ ਜੁਲਾਹੇ ਦੀ ਤਹਿਸੀਲੇ ਜਾ ਆਈ ਖੋਤੀ ਵਾਂਗ ਆਪਣੀ ਵੱਖਰੀ ਪਹਿਚਾਣ ਹੈ। ਪਹਿਲੀ
ਗਲ ਜਿਹੜੀ ਇਹਨਾਂ ਬਾਰੇ ਵੱਖਰੀ ਹੈ ਉਹ ਹੈ ਇਹਨਾਂ ਦਾ ਬਗੈਰ ਕਿਸੇ ਖ਼ਰੀਦਦਾਰੀ ਲੋੜ ਅਤੇ
ਥੋੜ ਤੋਂ ਛਾਪਿਆ ਅਤੇ ਵੰਡਿਆ ਜਾਣਾ। ਸ਼ਾਇਦ ਸਾਰੀ ਦੁਨੀਆਂ ਵਿਚ ਟੋਰੰਟੋ ਦੀਆਂ ਪੰਜਾਬੀ
ਅਖਬਾਰਾਂ ਹੀ ਹਨ ਜਿਹੜੀਆਂ ਪੈਸੇ ਪਲਿਓਂ ਖਰਚ ਕੇ, ਪਹਿਲਾਂ ਦਿਨ ਰਾਤ ਝਾਗ ਕੇ ਤਿਆਰ ਕੀਤੀਆਂ
ਜਾਂਦੀਆਂ ਹਨ, ਫਿਰ ਡਰਾਈਵਰਾਂ ਨੂੰ ਪਲਿਓਂ ਪੈਸੇ ਦੇ ਕੇ ਥਾਂ ਕੁਥਾਂ ਪੁਹੰਚਾਈਆਂ ਜਾਂਦੀਆਂ
ਹਨ ਅਤੇ ਫਿਰ ਦੁਕਾਨਦਾਰਾਂ ਦੀ ਦੁਆ ਸਲਾਮ ਕਰ ਕੇ ਉਹਨਾਂ ਦੀਆਂ ਸ਼ਾਪਾਂ ਵਿਚ ਰਖੀਆਂ
ਜਾਂਦੀਆਂ ਹਨ। ਪੰਜਾਬੀਆਂ ਲਈ ਨਜ਼ਾਇਜ਼ ਸ਼ਰਾਬ ਕਢਣਾ ਅਤੇ ਪੀਣਾ ਇਜ਼ਤਦਾਰ ਕੰਮ ਸਮਝਿਆ
ਜਾਂਦਾ ਹੈ। ਪਰ ਵਾਲ ਸਟਰੀਟ ਨੇ ਪਿੱਛੇ ਜਿਹੇ ਪੰਜਾਬੀ ਅਖ਼ਬਾਰ ਕਢਣਾ ਖਾਸ ਕਰ ਕੇ ਕੈਨੇਡਾ
ਵਿਚ, ਇਕਦੰਮ ਬਚਕਾਨਾ, ਨਿਕੰਮਾ ਅਤੇ ਘਾਟੇ ਵਾਲਾ ਕਾਰਜ ਗਰਦਾਨਿਆ ਹੈ।
ਹੁਣ ਅਸੀਂ ਕੈਨੇਡ ਦੀਆਂਾ ਪੰਜਾਬੀ ਅਖਬਾਰਾਂ ਦੇ ਨੱਖ਼ਰਿਆਂ ਵੱਲ ਆਉਂਦੇ ਹਾਂ ਅਤੇ ਇਹਨਾਂ
ਨੂੰ ਮੁਫਤ ਵਿਚ ਪ੍ਰਾਪਤ ਕਰਕੇ ਪੜ੍ਹਣ ਵਾਲਿਆਂ ਦੇ ਨੱਖ਼ਰਿਆਂ ਵੱਲ। ਕੈਨੇਡਾ ਦੀਆਂ ਪੰਜਾਬੀ
ਅਖਬਾਰਾਂ ਨੂੰ ਨਵ-ਮੁਗਲਈ ਨਵਾਬਾਂ ਦੇ ਸਿਗਾਰਾਂ ਵਾਂਗ ਹੱਥ ਵਿਚ ਲੈ ਕੇ ਪੜਿਆ ਜਾਂਦਾ ਹੈ
ਅਤੇ ਫਿਰ ਕਿਸੇ ਠੋਸ ਪੰਜਾਬੀ ਕਚੈਹਿਰੀ ਵਿਚ ਕੇਸ ਲਈ ਅੰਦਰੋਂ ‘ਵਾਜ਼ ਪੈਣ ਤੇ ਜੱਟ ਦੇ ਵਾੜ
ਵਿਚ ਜਲਦੀ ਵਿਚ ਸੁੱਟੇ ਅੱਧਚੂਪੇ ਅੰਬ ਵਾਂਗ ਕਿੱਧਰੇ ਵੀ ਲਾਪਰਵਾਹੀ ਜਾਂ ਬੇਪ੍ਰਵਾਹੀ ਵਿਚ
ਜਾਂਦਾ ਹੈ। ਪੰਜਾਬੀ ਅਖਬਾਰ ਪੜਨਾ ਹੋਵੇ ਤਾਂ ਕਿਸੇ ਦੁਕਾਨ ਵਿਚ ਜਾਣ ਦੀ ਜ਼ਰੂਰਤ ਨਹੀਂ।
ਬੱਸਾਂ, ਪਾਰਕਾਂ ਵਿਚ ਬਣੇ ਜਾਂ ਗੱਡੇ ਬੈਂਚਾਂ ਤੋਂ ਇਹ ਲਭ ਕੇ ਪੜ੍ਹੀ ਜਾ ਸਕਦੀ ਹੈ। ਹਵਾ
ਚਲਦੀ ਹੋਵੇ ਤਾਂ ਇਸ ਨੂੰ ਇਧਰੋਂ ਉੱਧਰੋਂ ਉਡਦੀ ਆਉਂਦੀ ਨੂੰ ਗ਼ੁਬਾਰੇ ਵਾਂਗ ਅਸਮਾਨ ਤੋਂ
ਬੋਚ ਕੇ ਵੀ ਪੜ੍ਹਿਆ ਜਾ ਸਕਦਾ ਹੈ। ਬਰੈਂਪਟਨ ਦੀਆਂ ਬੱਸਾਂ ਵਿਚ ਤਾਂ ਇਹਨਾਂ ਦੀ ਗਿਣਤੀ
ਸੀਟਾਂ ਦੀ ਗਿਣਤੀ ਤੋਂ ਵੀ ਵੱਧ ਹੁੰਦੀ ਹੈ। ਹੁਣ ਤਾਂ ਕਿਧਰੇ ਕਿਧਰੇ ਅਜੇਹਾ ਅਖਬਾਰੀ ਮੌਸਮ
ਮਿਸੀਸਾਗਾ ਦੀਆਂ ਪਬਲਿਕ ਬੱਸਾਂ ਵਿਚ ਵੀ ਵੇਖਣ ਅਤੇ ਸੁੰਘਣ ਨੂੰ ਮਿਲਦਾ ਹੈ। ਪੰਜਾਬੀ
ਅਖਬਾਰਾਂ ਨੂੰ ਤੁਸੀਂ ਲੋੜ ਪੈਣ ਤੇ ਮੀਂਹ ਤੋਂ ਬਚਣ ਲਈ ਵੀ ਵਰਤ ਸਕਦੇ ਹੋ ਅਤੇ ਮਿੱਟੀ ਘੱਟੇ
ਨਾਲ ਗੰ਼ਦੇ ਹੋ ਗਏ ਬੂਟ ਪੂੰਝਣ ਲਈ ਵੀ। ਕਈ ਜਨਾਨੀਆਂ ਇਸ ਨਾਲ ਆਪਣੇ ਅੜੀਅਲ ਬੱਚਿਆਂ ਦੇ
ਨੱਕ ਪੂਝਣਾ ਪਸੰਦ ਕਰਦੀਆਂ ਹਨ। ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਪੰਜਾਬ ਦੇ ਬੁਢੇ ਜਵਾਨ
ਅਮਲੀਂ ਸਰਾਬ ਦੀ ਸ਼ੀਸ਼ੀ ਲਕੋ ਕੇ ਪਾਰਕ ਵਿਚ ਲੈ ਜਾਣ ਲਈ ਵੀ ਵਰਤਦੇ ਹਨ ਅਤੇ ਫਿਰ ਇਸ ਦੀ
ਓਟ ਵਿਚ ਇਹ ਸ਼ੀਸੀ ਖਾਲੀ ਕਰਨ ਲਈ ਵੀ। ਜੇਕਰ ਇੱਥੇ ਪੰਜਾਬ ਵਾਂਗ ਅਖਬਾਰਾਂ ਦੀ ਰੱਦੀ ਵਿਕ
ਸਕਦੀ ਹੁੰਦੀ ਤਾਂ ਵਿਹਲੜਾਂ ਅਤੇ ਅਮਲੀਆਂ ਦੀ ਚਾਂਦੀ ਹੋਣੀ ਸੀ। ਤਾਂ ਸਿਆਲ ਨੂੰ ਪੰਜਾਬੀ
ਅਖ਼ਬਾਰਾਂ ਨੂੰ ਅੱਗ ਲਾ ਕੇ ਵਿਹਲੜ ਹੱਥ ਸੇਕਣ ਦਾ ਆਹਲਾ ਦਰਜੇ ਦਾ ਅਨੰਦ ਵੀ ਹਾਸਿਲ ਕੀਤਾ
ਜਾ ਸਕਦਾ ਸੀ। ਨੱਕ ਅਤੇ ਮੂੰਹ ਤੋਂ ਮੱਖੀਆਂ ਉਡਾਉਣ ਲਈ ਵੀ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ
ਇਤਿਹਾਸਕ ਭੂਮਕਾ ਨਿਭਾ ਸਕਦੀਆਂ ਹਨ ਪਰ ਬਦਕਿਸਮਤੀ ਨਾਲ ਇੱਥੇ ਮੱਖੀਆਂ ਹੀ ਨਹੀਂ ਹਨ ਅਤੇ ਜੇ
ਹਨ ਵੀ ਤਾਂ ਉਹਨਾਂ ਨੂੰ ਕਿਸੇ ਦੇ ਨੱਕ ਉੱਤੇ ਬੈਠਣ ਦੀ ਹੀ ਜਾਚ ਨਹੀਂ ਆਉਂਦੀ।
ਪੰਜਾਬੀ ਅਖਬਾਰਾਂ ਨੂੰ ਗਰੌਸਰੀ ਸਟੋਰਾਂ ਵਿਚ ਬਕਸਿਆਂ ਦੀ ਕਮੀ ਕਾਰਣ ਆਪਣਾ ਵਾਸ ਬਾਹਰ ਕਰਨਾ
ਪੈਂਦਾ ਹੈ। ਜਦ ਮੀਂਹ ਪੈਂਦਾ ਹੋਵੇ ਤਾਂ ਇਹਨਾਂ ਦੇ ਅੱਖਰਾਂ ਨੂੰ ਰੋਂਦੇ ਵੇਖਿਆ ਜਾ ਸਕਦਾ
ਹੈ। ਜਦ ਕਈ ਕਈ ਦਿਨ ਪੰਜਾਬੀ ਅਖਬਾਰਾਂ ਨੂੰ ਇਕੋ ਥਾਂ ਪਈਆਂ ਨੂੰ ਹੋ ਜਾਣ ਤਾਂ ਉਹਨਾਂ ਦੀ
ਪਿੱਠ ਨੂੰ ਲਾਗਾ ਲੱਗ ਜਾਂਦਾ ਹੈ ਅਤੇ ਉਹਨਾਂ ਦੀ ਢੂਹੀ ਦੁਖਣ ਲਗ ਪੈਂਦੀ ਹੈ।
ਪੰਜਾਬੀ ਦੀਆਂ ਅਖਬਾਰਾਂ ਵਿਚ ਪੰਜਾਬ ਦੇ ਰੋਣੇ ਧੋਣੇ ਹੁੰਦੇ ਹਨ ਜਾਂ ਕੈਨੇਡਾ ਦੀ ਵਿਵੱਸਥਾਂ
ਦੀ ਚਾਪਲੂਸੀ। ਕੁਝ ਜਿਹੜੇ ਪੰਜਾਬ ਵਿਚ ਰਹਿੰਦਿਆਂ ਕੈਨੇਡਾ ਦੀਆਂ ਗਲਾਂ ਕਰਦੇ ਸਨ, ਉਹ ਹੁਣ
ਕੈਨੇਡਾ ਬੈਠੇ ਪੰਜਾਬ ਦਾ ਆਲਾਪ ਕਰਦੇ ਨਜ਼ਰ ਆਉਂਦੇ ਹਨ। ਪੰਜਾਬੀ ਅਖਬਾਰਾਂ ਨੂੰ ਮਾਸਟਰ ਅਮਰ
ਵਰਗਿਆਂ ਬਾਬਿਆਂ ਦਾ ਵਰ੍ਹ ਅਤੇ ਸਰਾਪ ਦੋਵੇਂ ਨਾਲ ਨਾਲ ਮਿਲੇ ਹੋਏ ਹਨ। ਇਸੇ ਤਰ੍ਹਾਂ
ਪੰਜਾਬੀ ਅਖਬਾਰਾਂ ਵਿਚ ਇਹਨਾਂ ਦੇ ਇਸ਼ਤਿਹਾਰ ਪੜ੍ਹਣ ਅਤੇ ਇਹਨਾਂ ਤੇ ਅਮਲ ਕਰਨ ਵਾਲੇ
ਪਰਿਵਾਰਾਂ ਨੂੰ ਵੀ ਇਹਨਾਂ ਦੀ ਖੱਟੀ ਮਿੱਠੀ ਗਿਦੜਸਿੰਗੀ ਦਾ ਸਵਾਦ ਚੱਖਣਾ ਪਿਆ ਹੈ। ਸ਼ਾਇਦ
ਭਵਿੱਖ ਵਿਚ ਜਦੋਂ ਕੈਨੇਡਾ ਵਿਚ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਲਿਖਣਾ ਪਿਆ ਤਾਂ ਇਸ
ਇਤਿਹਾਸ ਦੇ ਇਕ ਬਾਬ ਦਾ ਹੈਡਿੰਗ ਹੋਵੇਗਾ: ਕੈਨੇਡਾ ਦੀ ਪੰਜਾਬੀ ਪੱਤਰਕਾਰੀ ਵਿਚ ਗਿਦੜਸਿੰਗੀ
ਵਾਲੇ ਬਾਬਿਆਂ ਦੀ ਭੂਮਿਕਾ। ਦੂਸਰਾ ਬਾਬ ਹੋਵੇਗਾ: ਕੈਨੇਡੀਅਨ ਪੰਜਾਬੀ ਅਖਬਾਰਾਂ ਨੂੰ ਸਫਲਤਾ
ਨਾਲ ਚਲਾਣ ਵਾਲੀ ਗਿਦੜਸਿੰਗੀ ਦੀ ਭਾਲ ਅਤੇ ਵਿਗੋਚਾ!
-0-
|
|