ਪਾਸ਼ ਨੂੰ ਮੈਂ ਉਦੋਂ
ਤੋਂ ਜਾਣਦਾਂ, ਜਦੋਂ ਮੈਨੂੰ ਪਤਾ ਵੀ ਨਹੀਂ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ
ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ
ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁੜ ਕੇ ਖੁੱਲ੍ਹ ਗਏ ਸੀ। ਮੇਰੇ ਪਿੰਡਾਂ ਵੱਲ ਦੇ ਮੁੰਡੇ
ਪਾਸ਼ ਦੀਆਂ ਗੱਲਾਂ ਬੜੇ ਉਮਾਹ ਨਾਲ ਕਰਿਆ ਕਰਦੇ ਸੀ: ਇਹਦੀ ਕਵਿਤਾ ਦੀਆਂ; ਨਕਸਲਬਾੜੀ ਹੋਣ
ਦੀਆਂ। ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖੜਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ
ਖਿ਼ਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬੜੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ
ਕੁਝ ਵਧਾ ਘਟਾ ਕੇ ਵੀ। ਹਾਣੀ ਪਾੜ੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ
ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖੜਕੇ ਦੜਕੇ ਵਾਲੀ ਤੇ
ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚੜ੍ਹਦੀ ਜੁਆਨੀ ਦਾ
ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ‘ਚ, ਮੱਲੀਆਂ ਲਾਗੇ,
ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ
ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਚ ਸੀ। ਉਦੋਂ
ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ।
ਰਤਾ ਕੁ ਪਹਿਲਾਂ ਤੀਕ ਸਾਰੀਆਂ ਖੱਬੀਆਂ ਧਿਰਾਂ ਇਹਦੇ ਲਿਖੇ ਗੀਤ ਵੀ ਸਟੇਜਾਂ ‘ਤੇ ਗਾ ਲਿਆ
ਕਰਦੀਆਂ ਸੀ - ਬਿਨਾਂ ਕਿਸੇ ਭੇਦ ਭਾਵ ਦੇ। ਕਾਮਰੇਡਾਂ ਦੀਆਂ ਭਾਂਤਾਂ ਚ ਆਪਸੀ ਕੌੜ ਬਾਅਦ ਚ
ਵਧਣੀ ਸ਼ੁਰੂ ਹੋਈ ਸੀ। ਮੈਂ ਇਹਦੀ ਮੂਰਤ ਮਨ ਚ ਕਿਆਸਦਾ। ਮੇਰੇ ਸੰਗੀ ਪਾੜ੍ਹੇ ਮੈਨੂੰ ਪੁਛਦੇ:
ਯਾਰ, ਤੂੰ ਨਹੀਂ ਜਾਣਦਾ ਪਾਸ਼ ਨੂੰ? ਨਾਂਹ ਚ ਮੇਰਾ ਜੁਆਬ ਸੁਣ ਕੇ ਉਹ ਹੈਰਾਨ ਵੀ ਹੁੰਦੇ।
ਉਨ੍ਹਾਂ ਭਾਣੇ ਸਭ ਨੂੰ ਪਾਸ਼ ਬਾਰੇ ਜਾਣਨ ਦੀ ਚਾਹ ਸੀ। ਬਹੁਤ ਸਾਰੇ ਪਾਸ਼ ਨੂੰ ਜਾਣਦੇ ਸੀ,
ਮੈਂ ਕਿਉਂ ਨਹੀਂ ਸੀ ਜਾਣਦਾ? ਉਨ੍ਹਾਂ ਨੂੰ ਮੇਰੀ ਇਸ ਲਾਪ੍ਰਵਾਹੀ ‘ਤੇ ਖਿੱਝ ਵੀ ਆਉਂਦੀ ਸੀ।
ਅੰਦਰੋਂ-ਅੰਦਰੀਂ ਮੈਨੂੰ ਆਪ ਵੀ ਇਹ ਗੱਲ ਨਮੋਸ਼ੀ ਵਾਲ਼ੀ ਲੱਗਦੀ ਸੀ।
ਇਕ ਵਾਰ ਕਾਮਰੇਡ ਗਗਨ ਦੀ ਕਿਤਾਬਾਂ ਵਾਲ਼ੀ ਦੁਕਾਨ (ਨਕੋਦਰ ਬੱਸ ਅੱਡੇ ਲਾਗੇ ਸੱਭ ਤਰਾਂ ਦੇ
ਕਾਮਰੇਡਾਂ ਦੇ ਮਿਲਣ-ਗਿਲਣ ਦੀ ਠਾਹਰ ਸੀ ਇਹ; ਸੀ ਪੀ ਐੱਮ ਦੇ ਏਸ ਕਾਮਰੇਡ -ਵਰਿੰਦਰ ਗਗਨ-
ਨੂੰ ਵੀ ਦਹਿਸ਼ਤਗ਼ਰਦਾ ਨੇ ਧੋਖੇ ਨਾਲ਼ ਕਤਲ ਕੀਤਾ ਸੀ) ‘ਤੇ ਪਾਸ਼ ਤੇ ਮੈਨੂੰ ਇਕ ਦੂਜੇ ਨੂੰ
ਸਾਬ੍ਹ ਸਲਾਮ ਕਰਦਿਆਂ ਨੂੰ ਦੇਖ ਕੇ ਉਹੀ ਮੁੰਡੇ ਕਹਿੰਦੇ: ਆਹ ਕੌਣ ਸੀ। ਮੈਂ ਕਿਹਾ: ਪਤਾ
ਨਹੀਂ। ਅੱਛਾ! ਚਲਾਕੀਆਂ ਕਰਦਾਂ ਤੂੰ ਸਾਡੇ ਨਾਲ਼। ਮੈਨੂੰ ਵਿਚਲੀ ਘੁੰਡੀ ਦਾ ਪਤਾ ਨਾ ਲੱਗੇ।
ਰਤਾ ਕੁ ਅਟਕ ਕੇ ਉਹ ਕਹਿੰਦੇ: ਤੂੰ ਤਾਂ ਕਹਿੰਦਾ ਸੀ, ਤੂੰ ਪਾਸ਼ ਨੂੰ ਜਾਣਦਾ ਨਹੀਂ। ਮੈਂ
ਫਿਰ ਕਿਹਾ: ਮੈਂ ਨਹੀਂ ਜਾਣਦਾ। ਅੱਛਾ, ਉਨ੍ਹਾਂ ਮੁੜ ਕੇ ਫਿਰ ਪੁੱਛਿਆ; ਫਿਰ ਆਹ ਕੌਣ ਸੀ।
ਮੈਨੂੰ ਖੁੜਕ ਗਈ। ਮੈਂ ਪੁੱਛਿਆ: ਇਹ ਪਾਸ਼ ਆ? ਇਹਨੂੰ ਤਾਂ ਮੈਂ ਬਹੁਤ ਚਿਰ ਦਾ ਜਾਣਦਾਂ।
ਕਈਆਂ ਨੂੰ ਮੇਰੀ ਇਸ ਅਸਲੋਂ ਸੱਚੀ ਗੱਲ ‘ਤੇ ਯਕੀਨ ਨਹੀਂ ਸੀ ਆਇਆ। ਮੈਨੂੰ ਆਪ ਵੀ ਨਾ ਆਇਆ।
ਪਾਸ਼ ਨੂੰ ਪਹਿਲੀ ਵਾਰੀ ਮੈਂ ਮੋਗੇ ਐਜੀਟੇਸ਼ਨ ਦੇ ਮੁਜ਼ਾਹਿਰੇ ਚ ਹੀ ਮਿਲਿਆ ਸੀ। ਪੁਲਸ ਦੀ
ਕੁੱਟ ਤੇ ਫੜ-ਫੜਾਈ ਤੋਂ ਡਰਦੇ ਅਸੀਂ ਕੱਠੇ ਲੁਕੇ ਸੀ – ਘੱਟੋ ਘੱਟ ਮੈਂ ਤਾਂ ਜਰੂਰ ਡਰਦਾ
ਸੀ।
ਜਿਹੜੀ ਉਮਰ ਚੜ੍ਹਦੀ ਜਵਾਨੀ ਦੇ ਖੇਡਣ-ਮੱਲ੍ਹਣ ਦੀ ਹੁੰਦੀ ਹੈ, ਤੇ ਮਨ ਕਈ ਤਰ੍ਹਾਂ ਦੇ
ਉਪੱਦਰ ਕਰਨ ਨੂੰ ਉਛਾਲ਼ੇ ਮਾਰਦਾ ਰਹਿੰਦਾ ਹੈ, ਪਾਸ਼ ਨੇ ਉਸ ਉਮਰੇ ਇਨਕਾਲਬ ਦਾ ਔਖਾ ਰਾਹ ਚੁਣ
ਲਿਆ ਸੀ। ਪਹਿਲਾਂ ਸੀ ਪੀ ਆਈ ਨਾਲ਼ ਜੁੜਿਆ ਤੇ ਫਿਰ ਨਕਸਲਬਾੜੀ ਵਾਲੇ ਰਸਤੇ ਚੜ੍ਹ ਗਿਆ।
ਉੱਤੋਂ ਕਵਿਤਾ ਦੀ ਬੱਲੇ ਬੱਲੇ ਨੇ ਇਹਦੇ ਪੈਰ ਵੀ ਜ਼ਰੂਰ ਉਖਾੜੇ ਹੋਣਗੇ। ਜਾਂ ਘੱਟੋ ਘੱਟ
ਹੁਲਾਰਾ ਤਾਂ ਜਰੂਰ ਦਿੱਤਾ ਹੋਊ। ਸਾਡੇ ਸਿਆਣੇ ਕਹਿੰਦੇ ਨੇ, ਜੱਟ ਤਾਂ ਸੁਹਾਗੇ ਚੜ੍ਹਿਆ
ਨਹੀਂ ਮਾਣ! ਪਰ ਏਸੇ ਖ਼ਤਰੇ ਦਾ ਇਹ ਕਈ ਥਾਂ ਫਿਕਰ ਵੀ ਕਰਦਾ ਹੈ, ਚੜ੍ਹਦੀ ਉਮਰੇ ਬਹੁਤ
ਸਿਆਣੀਆਂ ਗੱਲਾਂ ਵੀ ਕਰਦਾ ਹੈ। ਕਿਤੇ ਕਿਤੇ ਤੱਤ ਭੜੱਥੀਆਂ ਵੀ ਤੇ ਕਦੇ ਕਦੇ ਹਲਕੀਆਂ ਵੀ ਕਰ
ਲੈਂਦਾ ਹੋਊ। ਹੁਣ ਇਹ ਗੱਲ ਸਮਝ ਆਉਂਦੀ ਹੈ ਕਿ ਆਖ਼ਰਕਾਰ ਪਾਸ਼ ਬੰਦਾ ਹੀ ਸੀ-
ਅੱਛਾਈਂਆਂ-ਬੁਰਾਈਂਆਂ ਸਣੇ। ਚੜ੍ਹਦੀ ਉਮਰੇ ਹਰ ਕੋਈ ਏਨਾ ਪਰਪੱਕ ਤਾਂ ਨਹੀਂ ਹੁੰਦਾ ਕਿ ਕੋਈ
ਕਿੰਤੂ ਪ੍ਰੰਤੂ ਹੀ ਨਾ ਹੋ ਸਕੇ।
ਪਾਸ਼ ਨੇ ਅਪਣੀ ਪ੍ਰਸਿੱਧੀ ਤੇ ਮਾਣ-ਵਡਿਆਈ ਦੇ ਬਾਵਜੂਦ ਅਪਣੇ ਪੈਰ ਚੱਕ ਕੇ ਅਸਮਾਨ ਵੱਲ ਨਹੀਂ
ਸੀ ਕੀਤੇ; ਧਰਤੀ ‘ਤੇ ਲਾਈ ਰੱਖਣ ਦੇ ਜਤਨ ਚ ਨਜ਼ਰ ਆਉਂਦਾ ਹੈ। ਘੱਟੋ ਘੱਟ ਇਸ ਅਲਾਮਤ ਦਾ
ਗਿਆਨ ਜਰੂਰ ਸੀ ਇਹਨੂੰ। ਇਸ ਬਾਰੇ ਅਪਣੇ ਪਿਤਾ ਨੂੰ ਲਿਖੀ ਕਿਸੇ ਚਿੱਠੀ ਚ ਕਹਿੰਦਾ ਹੈ:
“ਨਾ ਮੈਂ ਚੰਗਾ ਹਾਂ ਨਾ ਮਾੜਾ। ਨਾ ਝੂਠਾ ਹਾਂ ਨਾ ਬਹੁਤਾ ਸੱਚਾ। ਨਾ ਬਹਾਦਰ ਹਾਂ ਨਾ
ਡਰਪੋਕ। ਮੈਂ ਉਹੀ ਹਾਂ ਜੋ ਮੇਰੇ ਆਸੇ ਪਾਸੇ ਦੇ ਲੋਕ ਹਨ। ਮੈਂ ਉਹੀ ਹਾਂ ਜੋ ਸਾਨੂੰ ਸਾਰਿਆਂ
ਨੂੰ ਇਸ ਨਿਜ਼ਾਮ, ਇਸ ਪ੍ਰਬੰਧ ਨੇ ਬਣਾ ਦਿੱਤਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਮੈਂ ਇਸ ਸਾਰੇ
ਕਾਸੇ ਨੂੰ ਲਿਖ ਸਕਦਾ ਹਾਂ ਤੇ ਲੋਕ ਇਸ ਸਾਰੇ ਕਾਸੇ ਨੂੰ ਸਿਰਫ਼ ਜੀ ਰਹੇ ਹਨ; ਲਿਖਣਾ ਉਨ੍ਹਾਂ
ਦਾ ਮਨੋਰਥ ਨਹੀਂ।”
ਉਪਰਲੇ ਸਵੈ-ਬਿਆਨ ਨੂੰ ਓਦੂੰ ਵੱਧ ਕੁਝ ਨਹੀਂ ਸਮਝਣਾ ਚਾਹੀਦਾ ਜੋ ਪਾਸ਼ ਨੇ ਦੱਸਿਆ ਹੈ। ਬੰਦਾ
ਜਿੰਨਾ ਮਰਜ਼ੀ ਵੱਡਾ-ਛੋਟਾ ਹੋਵੇ, ਪਹਿਲਾਂ ਤਾਂ ਬੰਦਾ ਹੀ ਹੁੰਦਾ ਹੈ। ਸਣੇ ਖ਼ਾਮੀਆਂ ਖ਼ੂਬੀਆਂ
ਦੇ।
ਜੇਹਲੋਂ ਬਰੀ ਹੋ ਕੇ ਆਇਆ ਤਾਂ ਮਾਸਿਕ ਰਸਾਲਾ ‘ਸਿਆੜ’ ਕੱਢ ਲਿਆ; ਪਰ ਇਹ ਛੇਤੀ ਹੀ ਬੰਦ ਹੋ
ਗਿਆ। ਮੁੜਕੇ ਫਿਰ ਕੱਢਿਆ, ਤਾਂ ਸਿਰਫ ਇਕੋ ਅੰਕ ਨਿਕਲ ਸਕਿਆ। ਜਦੋਂ ਇਹਨੇ ਉੱਗੀ ਨੂੰ ਅਪਣਾ
ਟਿਕਾਣਾ ਬਣਾਇਆ ਤਾਂ ਢਾਣੀ ਨਾਲ਼ ਰਲ਼ਕੇ ਕੰਧ ਲਿਖਤ ਪਰਚਾ -ਹਾਕ- ਕੱਢ ਲਿਆ। ਇਸ ਵਿਚ ਇਲਾਕੇ
ਦੀਆਂ ਖ਼ਬਰਾਂ ਤੇ ਹੋਰ ਕਈ ਤਰ੍ਹਾਂ ਦੇ ਲੇਖ ਤੇ ਮਸਲੇ ਹੁੰਦੇ ਸੀ। ਇਲਾਕੇ ‘ਚ ਇਹ ਪਰਚਾ ਬਹੁਤ
ਪਾਪੂਲਰ ਹੋਇਆ। ਬਾਬੇ ਨਾਨਕ ਦੀ ਕਿਰਤ ਦੀ ਉੱਮਤ ਤੇ ਤਰਕ ਨਾਲ ਗੱਲ ਕਰਨ ਦਾ ਸੰਦੇਸ਼ ਵੀ
ਹੁੰਦਾ ਸੀ। ਕਿਸੇ ਅੰਕ ‘ਚ ਕਿਸੇ ਲੋਕਲ ਬੰਦੇ ਦਾ ਹਵਾਲਾ ਦੇ ਕੇ ਗੱਲ ਕੀਤੀ ਹੋਈ ਸੀ। ਉਹ
ਨਿਹੰਗ ਆਪ ਤਾਂ ਅਨਪੜ੍ਹ ਹੀ ਸੀ, ਕਿਸੇ ਹੋਰ ਨੇ ਉਹਨੂੰ ਉਂਗਲੀ ਲਾ ਦਿੱਤੀ ਸੀ; ਅਖੇ ਇਨ੍ਹਾਂ
ਨੇ ਤੇਰੇ ਖਿ਼ਲਾਫ਼ ਲਿਖਿਆ ਹੈ। ਮਾੜੀ ਧਾੜ ਜੁਲਾਹਿਆਂ ‘ਤੇ: ਉਹ ਧਰਮਪਾਲ ਦੇ ਘਰਦਿਆਂ ਨੂੰ
ਗੱਲੀਂ ਗੱਲੀਂ ਡਰਾਵੇ ਦੇਣ ਲੱਗ ਪਿਆ ਸੀ ਕਿ ਉਪਰੋਂ ਧਰਮਪਾਲ ਵੀ ਆ ਗਿਆ। ਇਹਨੇ ਅੱਖਾਂ ਚ
ਅੱਖਾਂ ਪਾ ਕੇ ਨਿਹੰਗ ਨੂੰ ਕਹਿ ਦਿੱਤਾ: ਜਾਹ, ਜੋ ਤੈਥੋਂ ਹੁੰਦਾ ਤੂੰ ਕਰਲੈ, ਅਸੀਂ ਜੋ ਸਹੀ
ਜਾਣਿਆ ਲਿਖ ਦਿੱਤਾ। ਉਹ ਨੱਕ ਚੋਂ ਠੂੰਹੇ ਸੁੱਟਦਾ ਉਦੋਂ ਤਾਂ ਚਲੇ ਗਿਆ ਫਿਰ ਸ਼ਾਮ ਨੂੰ ਹੋਰ
ਬੰਦੇ ਲੈ ਕੇ ਆ ਗਿਆ। ਧਰਮਪਾਲ ਨੇ ਜਦੋਂ ਇਹ ਗੱਲ ਪਾਸ਼ ਤੇ ਢਾਣੀ ਨੂੰ ਦੱਸੀ ਤਾਂ ਇਹਨਾਂ ਨੇ
ਫੁਰਤੀ ਨਾਲ ਇਕਵਰਕੀ ਦੀਆਂ ਤੀਹ-ਪੈਂਤੀ ਕਾਪੀਆਂ ਕੱਢ ਕੇ ਵੰਡ ਦਿੱਤੀਆਂ ਕਿ ਕਿਵੇਂ ਬਾਬੇ
ਨਾਨਕ ਦੇ ‘ਕਿਛੁ ਸੁਣੀਏ ਕਿਛ ਕਹੀਏ’ ਦੇ ਪ੍ਰਵਚਨ ਦੇ ਉਲਟ ਅਜੋਕੇ ਅਖੌਤੀ ਸਿੱਖ ਔਰੰਗਜ਼ੇਬੀ
ਧੌਂਸ ਵਿਖਾਉਂਦੇ ਹਨ; ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ। ਕੋਈ ਲਾਗਤਬਾਜ਼ ਭਾਈ ਵੀ ਤਾਕ ‘ਚ
ਹੀ ਬੈਠਾ ਰਹਿੰਦਾ ਸੀ; ਉਹਨੇ ਫਿਰ ਉਸੇ ਬੰਦੇ ਨੂੰ ਜਾ ਕੇ ਉਂਗਲ ਲਾਈ: ਲੈ ਲਾਅ ।।।।
ਸਿੰਘਾ, ਹੁਣ ਤਾਂ ਤੈਨੂੰ ਉਨ੍ਹਾਂ ਨੇ ਔਰੰਗਜ਼ੇਬ ਵੀ ਲਿਖ ਦਿੱਤਾ। ਗੱਲ ਵਧਦੀ ਵਧਦੀ ਧਮਕੀਆਂ
‘ਤੇ ਚਲੇ ਗਈ। ਬੱਬਰਾਂ ਦੇ ਵਧਾਵੇ ਸਿੰਘ ਨੂੰ ਸੁੰਧਕ ਲੱਗੀ ਤਾਂ ਇਹ ਉਸ ਬੰਦੇ ਨੂੰ ਕਹਿ ਆਇਆ
ਕਿ ਇਨ੍ਹਾਂ ਵੱਲ ਨੂੰ ਮੂੰਹ ਨਾ ਕਰੀਂ। ਫਿਰ ਪਾਸ਼ ਦੀ ਢਾਣੀ ਨੂੰ ਆ ਕੇ ਦੱਸ ਗਿਆ ਕਿ ਉਹ
ਦੂਸਰੇ ਬੰਦੇ ਨੂੰ ਦਬਕ ਆਇਆ ਹੈ। ਇਹ ਪਾਸ਼ ਦਾ ਮਾਣ ਸਤਿਕਾਰ ਜਾਣਦਾ ਸੀ। ਗੱਲ ਆਈ ਗਈ ਹੋ ਗਈ।
ਵਧ ਵੀ ਸਕਦੀ ਸੀ। ਮਾੜੇ ਦਿਨਾਂ ਦੀਆਂ ਗੱਲਾਂ ਨੇ ਇਹ। ਜੰਗਲ ਰਾਜ ਦੀਆਂ।
ਪਾਸ਼ ਦੀ ਕਵਿਤਾ ਪੁੰਗਰਦੇ ਲੌਅ ਦੇ ਦਿਲ ਨੂੰ ਸਿੱਧੀ ਜਾ ਲਗਦੀ ਸੀ – ਠਾਹ ਕਰਕੇ। ਐਸੀ ਕਵਿਤਾ
ਦੇ ਡੰਗੇ ਮੁੜ ਕਿੱਥੇ ਜਾ ਸਕਣੇ ਸੀ। ਇਹਦੀ ਡੱਬ ਚ ਸੁਪਨੇ ਸੀ। ਕਵਿਤਾਵਾਂ ਨਾਲ਼ ਇਹ ਸੁਪਨੇ
ਬੁਣਦਾ ਸੀ ਤੇ ਚੜ੍ਹਦੀ ਜੁਆਨੀ ਦੇ ਡੱਬਾਂ ਚ ਏਸ ਤਰ੍ਹਾਂ ਦੀਆਂ ਸੁਪਨੀਲੀਆਂ ਲਿਖਤਾਂ ਵਾਲ਼ੀਆਂ
ਕਿਤਾਬਾਂ ਹੁੰਦੀਆਂ। ਇਨਕਲਾਬੀ ਤਾਅ ਚ ਤਰ - ਗਰਮੋ ਗਰਮ ਕਵਿਤਾਵਾਂ। ਅੱਲੜ੍ਹ ਉਮਰ ਚ ਇਨ੍ਹਾਂ
ਦਾ ਅਸਰ ਜਵਾਨੀ ਦੇ ਗਰਮ ਲੋਹੇ ‘ਤੇ ਪੈਂਦੇ ਘਣ ਵਰਗਾ ਹੋਈ ਜਾਂਦਾ ਸੀ। ਬਹੁਤੀ ਵਾਰ ਲੋੜੋਂ
ਵੱਧ। ਜੋਸ਼ ਹੀ ਜੋਸ਼ ਸੀ, ਉਸ ਵੇਲੇ ਦੀ ਨਵੀਂ ਕਵਿਤਾ ਚ। ਸਮੇਂ ਸਮੇਂ ਦੀ ਗੱਲ ਹੁੰਦੀ ਹੈ, ਇਹ
ਵੇਲ਼ੇ ਫਟਾ ਫੱਟ ਕੁਝ ਕਰਨ ਮਰਨ ਦੇ ਸੀ। ਅੰਬੀ ਹੋਈ ਜੁਆਨੀ ਨੂੰ ਹੋਰ ਕੁਝ ਚੰਗਾ ਹੀ ਨਹੀਂ ਸੀ
ਲੱਗਦਾ। ਬੱਸ ਇਨਕਲਾਬ ਦੀ ਉਡੀਕ ਸੀ। ਏਦੂੰ ਘੱਟ ਕੁਝ ਵੀ ਮਨਜ਼ੂਰ ਨਹੀਂ ਸੀ। ਉਹ ਵੀ, ਹੱਥ
‘ਤੇ ਸਰੋਂ ਜੰਮੀ ਦੇਖਣ ਦੇ ਚਾਹਵਾਨ ਸੀ। ਪਹਿਲੇ ਲਾਰੇ ਲੱਪੇ ਬਥੇਰੇ ਦੇਖ ਪਰਖ ਚੁੱਕੇ ਸੀ।
ਕੋਰਸੀਂ ਲੱਗੀਆਂ ਕਿਤਾਬਾਂ ਅਸੀਂ ਹੱਥ ਚ ਫੜੀਆਂ ਹੁੰਦੀਆਂ ਜਾਂ ਗੋਡਿਆਂ-ਪਿੰਜਣੀਆਂ ਨਾਲ਼
ਖਹਿੰਦੇ, ਲੰਮੇ-ਲੰਮੇ ਝੋਲ਼ਿਆਂ ਚ ਪਾਈਆਂ ਹੁੰਦੀਆਂ। ਸਰਕਾਰੀ ਅਮਲੇ ਫੈਲੇ ਵਲੋਂ ‘ਖ਼ਤਰਨਾਕ’
ਗਰਦਾਨੀਆਂ ਕਿਤਾਬਾਂ ਅਸੀਂ ਨੇਫ਼ਿਆਂ ਚ ਸਾਂਭ ਕੇ ਲੁਕੋਈਆਂ ਹੁੰਦੀਆਂ। ਸਮੇਂ ਸਮੇਂ ਇਨ੍ਹਾਂ
ਨੂੰ ਅਸੀਂ ਬੋਟਾਂ ਵਾਂਗੂੰ ਪਲ਼ੋਸਦੇ, ਨਿਹਾਰਦੇ; ਇਨ੍ਹਾਂ ਨਾਲ ਮਨੋ ਮਨੀਂ ਗੱਲਾਂ ਕਰ ਲੈਂਦੇ।
ਜਾਂ ਕੋਰਸਾਂ ਵਾਲੀਆਂ ਕਿਤਾਬਾਂ ਦੇ ਵਿਚਾਲ਼ੇ ਕਰਕੇ ਲੁਕੋ ਲੈਂਦੇ। ਮੈਂ ਇਹਨਾਂ ਕਿਤਾਬਾਂ ਦੇ
ਜਾਂ ਤਾਂ ਕਵਰ ਲਾਹ ਦਿੰਦਾ ਸੀ ਜਾਂ ਉਪਰ ਕਿਸੇ ਫਿਲਮੀ ਰਸਾਲੇ ਦਾ ਕਵਰ ਚੜ੍ਹਾ ਲੈਂਦਾ। ਲਗਦੀ
ਵਾਹ ਅਪਣੀ ਵੱਲੋਂ ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਣ ਦੇਈਦਾ। ਸਿਆਣੇ ਆਖਦੇ ਨੇ:
ਦੂਸਰੇ ਦੀ ਦੌਲਤ ਤੇ ਅਪਣੀ ਅਕਲ ਹਮੇਸ਼ਾਂ ਵੱਡੀ ਲਗਦੀ ਹੈ। ਦੇਰ ਬਾਅਦ ਸਮਝ ਆਈ ਕਿ ‘ਦੇਖਨੇ
ਵਾਲੇ ਵੀ ਕਿਆਮਤ ਕੀ ਨਜ਼ਰ ਰੱਖਤੇ ਹੈਂ’। ਅਗਲਿਆਂ ਕੱਚੀਆਂ ਗੋਲ਼ੀਆਂ ਨਹੀਂ ਖੇਡੀਆਂ ਹੁੰਦੀਆਂ।
ਉਦੋਂ ਕਾਲਜਾਂ ਚ ਪੜ੍ਹੀਆਂ ਜਾਣ ਵਾਲ਼ੀਆਂ ਦੋ ਨਜ਼ਮਾਂ ਬਹੁਤੀਆਂ ਪਾਪੂਲਰ ਹੋਈਆਂ ਸੀ। ਪਾਸ਼ ਦੀ
‘ਉੱਡਦਿਆਂ ਬਾਜ਼ਾਂ ਮਗਰ’ ਤੇ ਅਮਿਤੋਜ ਦੀ ‘ਬੁੱਢਾ ਬੌਲਦ’। ਇੱਕ ਤਿੱਖੀ ਇਨਕਲਾਬੀ ਸੁਰ ਵਾਲੀ
ਤੇ ਦੂਜੀ, ਪਿੰਡੋਂ ਸ਼ਹਿਰ ਪੜ੍ਹਨ ਗਏ ਮੁੰਡੇ ਦਾ ਮਾਂ ਨਾਲ਼ ਯੂਨੀਵਰਸਿਟੀ ਦੇ ਮਹੌਲ ਬਾਰੇ
ਵਾਰਤਾਲਾਪ। ਠੇਠ ਬੋਲੀ, ਅੱਡਰੇ ਇਸ਼ਤਿਆਰੇ, ਅੰਤਾਂ ਦਾ ਵਹਾਅ, ਕੀਲ ਲੈਣ ਵਾਲ਼ੀ ਸ਼ਕਤੀ ਨਾਲ਼
ਪਰੁੰਨੀਆਂ ਕਵਿਤਾਵਾਂ। ਕਾਲਜਾਂ ਦੇ ਵਾਹਵਾ ਕਵਿਤਾ ਮੁਕਾਬਲੇ ਇਹ ਦੋ ਕਵਿਤਾਵਾਂ ਪੜ੍ਹ ਪੜ੍ਹ
ਕੇ ਜਿੱਤੇ ਗਏ। ਦੋਹਾਂ ਕਵਿਤਾਵਾਂ ‘ਚ ਫ਼ਰਕ ਬੜਾ ਸੀ। ਪਹਿਲਾਂ ਪਹਿਲਾਂ ਜਿੰਨਾ ਚਿਰ ਇਹ
ਜ਼ਿਆਦਾ ਮਸ਼ਹੂਰ ਨਾ ਹੋਈਆਂ, ਕਈ ਤਾਂ ਅਪਣੇ ਨਾਂ ਹੇਠ ਹੀ ਪੜ੍ਹ ਲੈਂਦੇ ਰਹੇ। ਪਾਸ਼ ਤੇ
ਅਮਿਤੋਜ਼ ਦਾ ਅਪਣਾ ਨੇੜ ਵੀ ਬੜਾ ਸੀ।
ਸਗੋਂ ਪਾਸ਼ ਇਹਦੀ ਬਹੁਤ ਸਿਫ਼ਤ ਕਰਿਆ ਕਰਦਾ ਸੀ। ਉਹਦੇ ਬਲਿਹਾਰੇ ਜਾਂਦਾ ਸੀ। ਦੋਵੇਂ ਇਕ ਦੂਜੇ
ਦੀਆਂ ਰਗਾਂ ਤੋਂ ਜਾਣੂੰ ਸੀ। ਭੇਤਾਂ ਦੇ ਸਾਂਝੀ। ਪਾਸ਼ ਜਿੰਨਾ ਅਮਿਤੋਜ ਤੋਂ ਪ੍ਰਭਾਵਿਤ ਸੀ,
ਓਨਾ ਹੀ ਸ਼ਿਵ ਕੁਮਾਰ ਦੇ ਪਖੰਡਾਂ ਦਾ ਭਾਂਡਾ ਭੰਨਦਾ ਸੀ। ਡਰਾਮੇਬਾਜ਼ੀ ਦਾ ਜ਼ਿਕਰ ਸੀ।
‘ਉੱਡਦਿਆਂ ਬਾਜ਼ਾਂ ਮਗਰ’ ਨੇ ਕਾਲਜਾਂ-ਯੂਨੀਵਰਸਿਟੀਆਂ ਚ ਅਪਣੀ ਸ਼ਾਨ ਬਰਕਰਾਰ ਰੱਖੀ:
ਉੱਡ ਗਏ ਨੇ ਬਾਜ਼ ਚੁੰਝਾˆ ‘ਚ ਲੈ ਕੇ ਸਾਡੀ ਚੈਨ ਦਾ ਇਕ ਪਲ ਬਿਤਾ ਸਕਣ ਦੀ ਖ਼ਾਹਸ਼ ਦੋਸਤੋ ਹੁਣ
ਚੱਲਿਆ ਜਾਵੇ ਉਡਦਿਆˆ ਬਾਜ਼ਾˆ ਮਗਰ… ਏਥੇ ਤਾˆ ਪਤਾ ਨਹੀˆ ਕਦੋˆ ਆ ਧਮਕਣ ਲਾਲ-ਪਗੜੀਆˆ ਵਾਲੇ
ਆਲੋਚਕ ਤੇ ਸ਼ੁਰੂ ਕਰ ਦੇਣ ਕਵਿਤਾ ਦੀ ਦਾਦ ਦੇਣੀ ਏਸ ਤੋˆ ਪਹਿਲਾˆ ਕਿ ਪਸਰ ਜਾਏ ਥਾਣੇ ਦੀ
ਨਿੱਤ ਫੈਲਦੀ ਇਮਾਰਤ ਤੁਹਾਡੇ ਪਿੰਡ, ਤੁਹਾਡੇ ਟੱਬਰ ਤੀਕ ਤੇ ਨੱਥੀ ਹੋ ਜਾਏ ਸਵੈਮਾਨ ਦਾ
ਕੰਬਦਾ ਹੋਇਆ ਵਰਕਾ ਉਸ ਕਿਰਚ-ਮੂੰਹੇˆ ਮੁਨਸ਼ੀ ਦੇ ਰੋਜ਼ਨਾਮਚੇ ਵਿਚ- ਦੋਸਤੋ ਹੁਣ ਚੱਲਿਆ ਜਾਵੇ
ਉਡਦਿਆˆ ਬਾਜ਼ਾˆ ਮਗਰ… ਇਹ ਤਾˆ ਸਾਰੀ ਉਮਰ ਨਹੀˆ ਲੱਥਣਾ ਭੈਣਾˆ ਦੇ ਵਿਆਹਾˆ ‘ਤੇ ਚੁੱਕਿਆ
ਕਰਜ਼ਾ, ਪੈਲੀਆˆ ਵਿਚ ਛਿੜਕੇ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਏਨਾ ਰੰਗ ਨਹੀˆ ਬਣਨਾ, ਕਿ
ਚਿਤਰ ਲਵਾˆਗੇ , ਇਕ ਸ਼ਾˆਤ ਮੁਸਕਰਾਉˆਦੇ ਹੋਏ ਜਣੇ ਦਾ ਚਿਹਰਾ ਅਤੇ ਹੋਰ ਕਿ ਜ਼ਿੰਦਗੀ ਦੀਆˆ
ਪੂਰੀਆˆ ਰਾਤਾˆ ਵੀ ਗਿਣੀ ਚੱਲੀਏ ਤਾਰਿਆˆ ਦੀ ਗਿਣਤੀ ਨਹੀˆ ਹੋਣੀ ਕਿਉˆਕਿ ਹੋ ਨਹੀˆ ਸਕਣਾ
ਇਹ ਸਭ ਫਿਰ ਦੋਸਤੋ, ਹੁਣ ਚਲਿਆ ਜਾਵੇ ਉਡਦਿਆˆ ਬਾਜ਼ਾˆ ਮਗਰ… ਜੇ ਤੁਸੀˆ ਮਾਣੀ ਹੋਵੇ ਗੰਡ ‘ਚ
ਜਮਦੇ ਤੱਤੇ ਗੁੜ ਦੀ ਮਹਿਕ ਅਤੇ ਤੱਕਿਆ ਹੋਵੇ ਸੁਹਾਗੀ ਹੋਈ ਵੱਤਰ ਭੋˆ ਦਾ ਚੰਨ ਦੀ ਚਾਨਣੀ
‘ਚ ਚਮਕਣਾ ਤਾˆ ਤੁਸੀˆ ਸਭ ਜ਼ਰੂਰ ਕੋਈ ਚਾਰਾ ਕਰੋ ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ ਜੋ
ਲਾਲ੍ਹਾˆ ਸੱਟ ਰਹੀ ਹੈ ਸਾਡਿਆˆ ਖੂਹਾˆ ਦੀ ਹਰਿਆਵਲ ‘ਤੇ।
ਜਿਨ੍ਹਾˆ ਨੇ ਤੱਕੀਆˆ ਹਨ ਕੋਠਿਆˆ ‘ਤੇ ਸੁੱਕਦੀਆˆ ਸੁਨਹਿਰੀ ਛੱਲੀਆˆ ਤੇ ਨਹੀˆ ਤੱਕੇ ਮੰਡੀ
‘ਚ ਸੁਕਦੇ ਭਾਅ ਉਹ ਕਦੇ ਨਹੀˆ ਸਮਝ ਸਕਣ ਲੱਗੇ ਕਿ ਕਿਵੇˆ ਦੁਸ਼ਮਣੀ ਹੈ- ਦਿੱਲੀ ਦੀ ਉਸ
ਹੁਕਮਰਾਨ ਔਰਤ ਦੀ ਉਸ ਪੈਰੋˆ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ। ਸੁਰੰਗ ਵਰਗੀ ਜ਼ਿੰਦਗੀ ‘ਚ
ਤੁਰਦੇ ਹੋਏ ਜਦ ਪਰਤ ਆਉˆਦੀ ਹੈ
ਅਪਣੀ ਆਵਾਜ਼ ਮੁੜ ਅਪਣੇ ਹੀ ਪਾਸ ਤੇ ਅੱਖਾˆ ‘ਚ ਰੜਕਦੇ ਰਹਿੰਦੇ ਬੁੱਢੇ ਬਲਦ ਦੇ ਉੱਚੜੇ ਹੋਏ
ਕੰਨ੍ਹ ਵਰਗੇ ਸੁਫ਼ਨੇ ਜਦ ਚਿਮਟ ਜਾਵੇ ਗਲੀਆˆ ਦਾ ਚਿੱਕੜ ਉਮਰ ਦੇ ਸਭ ਤੋˆ ਹੁਸੀਨ ਵਰ੍ਹਿਆˆ
‘ਤੇ ਤਾˆ ਕਰਨ ਨੂੰ ਬਸ ਏਹੋ ਬਚਦਾ ਹੈ ਕਿ ਚੱਲਿਆ ਜਾਵੇ ਉਡਦਿਆˆ ਬਾਜ਼ਾˆ ਮਗਰ…
ਡਾ ਰਣਧੀਰ ਸਿੰਘ ਚੰਦ ਦੇ ਪ੍ਰਿੰਸੀਪਲ ਬਣ ਕੇ ਆਉਣ ਨਾਲ ਸਾਡੇ ਨਕੋਦਰ ਕਾਲਜ ਚ ਸਾਹਿਤਕ ਮੱਸ
ਹੋਰ ਤਿੱਖੀ ਹੋ ਗਈ ਸੀ। ਵੱਡੇ ਵੱਡੇ ਗ਼ਜ਼ਲ ਦਰਬਾਰ, ਕਹਾਣੀ ਦਰਬਾਰ ਤੇ ਕਵੀ ਦਰਬਾਰ ਹੋਏ।
ਨਾਮਤਰੀਨ ਵਿਦਵਾਨਾਂ ਦੇ ਭਾਸ਼ਨ ਹੋਏ। ਏਸੇ ਵੇਲੇ ਪਾਸ਼ ਵੀ ਇਕ ਵਾਰੀ ਨੈਸ਼ਨਲ ਕਾਲਜ ਨਕੋਦਰ ਕਵੀ
ਦਰਬਾਰ ‘ਤੇ ਆਇਆ। ਪੂਰੇ ਲਾਮ ਲਸ਼ਕਰ ਸੰਗ; ਹੰਸਾ, ਓਮਾ ਤੇ ਲਖਵਿੰਦਰ ਵੀ ਨਾਲ਼ ਸੀ। ਹੋਰ ਵੀ
ਇਕ ਦੋ ਜਣੇ। ਪਿੱਛਿਓਂ ਕੁੜਤੇ ਪਜਾਮੇ ਨਾਲ ਆਇਆ ਸੀ। ਕਾਲਜ ਦੇ ਲਾਗੇ ਆ ਕੇ ਨਹਿਰ ‘ਤੇ ਆ ਕੇ
ਮੂੰਹ ਹੱਥ ਧੋ ਕੇ ਪੈਂਟ ਕਮੀਜ਼ ਪਾ ਲਈ ਸੀ। ਉਦੋਂ ਨਹਿਰ ਦਾ ਪਾਣੀ ਵਾਹਵਾ ਸਾਫ਼ ਹੁੰਦਾ ਸੀ।
ਕੈਂਚੀ ਚਪਲਾਂ ਲਾਹ ਕੇ ਜੁੱਤੀ ਪਾ ਲਈ ਸੀ। ਕਿਸੇ ਪੇਂਡੂ ਜਟਕੇ ਮੁੰਡੇ ਤੋਂ ਇਕਦਮ ਬਣਦਾ
ਫਬਦਾ ਪਾੜ੍ਹਾ ਬਣ ਗਿਆ ਸੀ – ਸ਼ੌਕੀਨ ਜੈਂਟਲਮੈਨ। ਇਹਦੀ ਵਾਰੀ ਆਈ ਤਾਂ ਇਹਨੇ ਨਜ਼ਮ ‘ਕਲਾਮ
ਮਿਰਜ਼ਾ’ ਸੁਣਾਈ। ਕਵਿਤਾ ਪੜ੍ਹਦਾ ਪੜ੍ਹਦਾ ਜਦੋਂ ਏਥੇ ਪੁੱਜਾ:
ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ
ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਪਹਿਲਾਂ ਹੀ ਬਣ ਚੁੱਿਕਆ ਸੀ
ਤੇ ਪੀਲੂ ਸ਼ਾਇਰ
ਅੱਜਕਲ ਵਿਸ਼ਵ ਵਿਦਿਆਲੇ ਨੌਕਰੀ ‘ਤੇ ਲੱਗ ਗਿਆ ਹੈ
ਤਾਂ ਮਗਰਲੀ ਸਤਰ ਨੂੰ ਬਦਲ ਕੇ, ‘ਤੇ ਪੀਲੂ ਸ਼ਾਇਰ ਅੱਜਕਲ ਰੇਡੀਓ ‘ਤੇ ਪ੍ਰੋਡਿਊਸਰ ਲੱਗ ਗਿਆ
ਹੈ’ ਕਹਿ ਕੇ ਮੀਸ਼ੇ ਨੂੰ ਆਰ ਲਾਈ। ਮੀਸ਼ਾ ਵੀ ਕਵੀ ਦਰਬਾਰ ਚ ਹਾਜ਼ਰ ਸੀ। ਮੋਹਰਲੀ ਕਤਾਰ ਚ
ਬੈਠਾ ਸੀ। ਇਕ ਨੇ ਕਹੀ, ਦੂਏ ਨੇ ਜਾਨੀ – ਦੋਵੇਂ ਵੱਡੇ ਕਵੀ, ਦੋਵੇਂ ਕਵਿਤਾ ਦੇ ਬ੍ਰਹਮ
ਗਿਆਨੀ। ਮੀਸ਼ੇ ਨੂੰ ਟਕੋਰ ਪਹੁੰਚ ਗਈ ਸੀ। ਉਹ ਆਦਤਨ ਮੁਸਕਰਾਇਆ। ਮੀਸ਼ੇ ਦਾ ਮੁਸਕੜੀ ਹਾਸਾ
ਮਸਤ ਹੁੰਦਾ ਸੀ। ਰੋਬ੍ਹ ਦਾਬੇ ਵਾਲ਼ਾ ਵੀ। ਇਹਦੀ ਕਵਿਤਾ ਜੰਮ ਗਈ। ਪਾਸ਼ ਛਾਅ ਗਿਆ। ਕਵਿਤਾ
ਵੱਸ ਗਈ ਸੀ ਤੇ ਅਸੀਂ ਮਾਣ ਮੱਤੇ ਹੋ ਗਏ। ਸਲਾਮ ਦੁਆ ਹੋਈ। ਵੱਡੇ ਕਵੀਆਂ ਦੀ ਹਾਜ਼ਰੀ ‘ਚ
ਇਹਦੀ ਜੈ ਜੈ ਕਾਰ ਹੋਈ। ਜੋ ਉਦੋਂ ਅਕਸਰ ਹੁੰਦੀ ਰਹਿੰਦੀ ਸੀ। ਇਹਦੇ ਆਲ਼ੇ ਦੁਆਲ਼ੇ ਭੀੜ ਜੰਮ
ਗਈ। ਉਨ੍ਹੀਂ ਦਿਨੀਂ ਪ੍ਰੋਗਰਾਮਾਂ ਦੇ ਵਿਚੇ ਹੀ ਸਰਕਾਰੀ ਸੂਹੀਏ ਵੀ ਬੈਠੇ ਹੁੰਦੇ ਸੀ। ਦੂਏ
ਦਿਨ ਤੜਕੇ ਹੀ ਪੁਲਸ ਇਹਨੂੰ ਘਰੋਂ ਚੱਕਣ ਆ ਗਈ ਸੀ। ਇਹ ਪੁੱਛੇ, ਹੁਣ ਕੀ ਗੱਲ ਹੋ ਗਈ? ਆਏ
ਪੁਲਸੀਏ ਕਹਿੰਦੇ: ਸਾਨੂੰ ਬਹੁਤਾ ਤਾਂ ਪਤਾ ਨਹੀਂ ਕੀ ਗੱਲ ਆ, ਬੱਸ ਉਪਰਲਿਆਂ ਦਾ ਈ ਹੁਕਮ ਆ।
ਸ਼ਾਇਦ ਕੱਲ ਨੈਸ਼ਨਲ ਕਾਲਜ ਚ ਕੋਈ ਕਵਿਤਾ ਕੁਵਤਾ ਪੜ੍ਹੀ ਸੀ, ਉਹਦਾ ਈ ਚੱਕਰ ਆ ਕੋਈ। ਇਹ
ਉਨ੍ਹਾਂ ਨਾਲ ਤੁਰ ਪਿਆ। ਪਿਛਲੇ ਸਾਲਾਂ ਤੋਂ ਇਹਦਾ ਪੁਲਸ ਨਾਲ ਆਡ੍ਹਾ ਤੇ ਨਕੋਦਰ ਠਾਣੇ ਆਉਣਾ
ਜਾਣਾ ਬਣਿਆ ਹੀ ਰਹਿੰਦਾ ਸੀ।
ਪਾਸ਼ ਤੇ ਮੈਂ ਉਨ੍ਹੀਂ ਦਿਨੀਂ ਕਪੂਰਥਲੇ ਕਵੀ ਦਰਬਾਰ ਤੇ ’ਕੱਠੇ ਹੋਏ। ਇਹ ਜਲੰਧਰ ਈਵਨਿੰਗ
ਕਾਲਜ ਵੱਲੋਂ ਕਵਿਤਾ ਪੜ੍ਹਨ ਆਇਆ ਸੀ ਤੇ ਮੈਂ ਨੈਸ਼ਨਲ ਕਾਲਜ ਨਕੋਦਰੋਂ। ਹੋਰ ਵੱਡੇ ਥੰਮ ਵੀ
ਓਥੇ ਹਾਜ਼ਰ ਸੀ। ਕਪੂਰਥਲੇ ਕਾਲਜ ਦੇ ਅਪਣੇ ਤਿੰਨ ਚਾਰ ਮਹਾਂਰਥੀ ਵੀ ਵਿਚੇ ਹੀ ਸੀ। ਅਸੀਂ
ਕਵਿਤਾਵਾਂ ਪੜ੍ਹੀਆਂ। ਪਾਸ਼ ਨੇ ਅਪਣਾ ਮਨ ਬਦਲ ਲਿਆ। ਬਾਅਦ ਚ ਕਹਿੰਦਾ ਜੇ ਮੈਂ ਕਵਿਤਾ
ਪੜ੍ਹਦਾ ਤਾਂ ਜੱਜ ਸ਼ਰਮੋ-ਸ਼ਰਮੀ ਕੋਈ ਇਨਾਮ ਤਾਂ ਦਿੰਦੇ ਹੀ। ਏਸ ਬਹਾਨੇ ਕਿਸੇ ਹੋਰ ਦਾ ਹੱਕ
ਮਾਰਿਆ ਜਾਣਾ ਸੀ। ਨਵਿਆਂ ਨੂੰ ਹੌਂਸਲੇ ਦੀ ਲੋੜ ਹੁੰਦੀ ਹੈ। ਏਥੇ ਪ੍ਰਧਾਨਗੀ ਕਰਨ ਲਈ ਡਾ
ਸਾਧੂ ਸਿੰਘ ਹਮਦਰਦ ਨੂੰ ਸੱਦਿਆ ਹੋਇਆ ਸੀ। ਅਖ਼ੀਰ ‘ਚ ਜਦੋਂ ਹਮਦਰਦ ਪ੍ਰਧਾਨਗੀ ਭਾਸ਼ਣ ਦੇਣ
ਲੱਗਾ ਤਾਂ ਹਾਲ ਦੇ ਐਨ ਪਿੱਛੇ ਕਰਕੇ ਬੈਠੇ ਮੁੰਡਿਆਂ ਨੇ ਉੱਚੀ ਉੱਚੀ- ਫਾ ਇਲਾ ਤੁਨ, ਫੇਲਨ,
ਫਾ ਇਲਾ ਤੁਨ, ਫੇਲਨ- ਗਾਉਣਾ ਸ਼ੁਰੂ ਕਰ ਦਿੱਤਾ। ਪਾਸ਼ ਵੀ ਇਨ੍ਹਾਂ ਵਿੱਚੇ ਹੀ ਬੈਠਾ ਸੀ।
ਮੈਂ ਯੂਨੀਵਰਸਿਟੀ ਮੁਕਾਬਲੇ ਲਈ ਕਵਿਤਾ ਪੜ੍ਹਨ ਜਾਣਾ ਸੀ। ਪ੍ਰੋ ਦਿਲਬਾਗ ਸਿੰਘ ਗਿੱਲ ਹੋਰੀਂ
ਪੁੱਛਿਆ, ਕਿਹੜੀ ਕਵਿਤਾ ਪੜ੍ਹੇਂਗਾ। ਮੇਰੀ ਨਜ਼ਮ ਬਹੁਤੀ ਪੁਰਾਣੀ ਨਹੀਂ ਸੀ, ਮੈਂ ਦਿਖਾਈ ਤਾਂ
ਉਹ ਕਹਿੰਦੇ: ਏਦਾਂ ਕਰ, ਤੂੰ ਪਾਸ਼ ਕੋਲੋਂ ਕੋਈ ਨਜ਼ਮ ਲੈ ਆ। ਪ੍ਰੋ ਸਾਹਿਬ ਮੁੰਡਿਆਂ ਦੇ
ਚਹੇਤੇ ਸੀ। ਠਰੰ੍ਹਮੇ ਵਾਲੇ। ਹਸਮੁਖ ਵੀ। ਪਿੱਛਿਓਂ ਨਕੋਦਰ ਦੇ ਹੀ ਸੀ, ਪਰ ਬਾਅਦ ‘ਚ ਜਲੰਧਰ
ਜਾ ਵਸੇ ਸੀ। ਇਨ੍ਹਾਂ ਮੈਨੂੰ ਆਵਦੇ ਘਰ ਜਲੰਧਰ ਸੱਦ ਲਿਆ। ਦੂਸਰੇ ਦਿਨ ਮੈਂ ਤੜਕੇ ਹੀ ਪ੍ਰੋ
ਗਿੱਲ ਹੋਰਾਂ ਦੇ ਘਰ ਸੈਂਟਰਲ ਟਾਊਨ ਚਲੇ ਗਿਆ। ਇਨ੍ਹਾਂ ਨੇ ਮੈਨੂੰ ਗਰਮਾ ਗਰਮ ਚਾਹ ਪਿਲਾ ਕੇ
ਅੱਗੋਂ ਸਾਈਕਲ ਦੇ ਕੇ ਰੇਲਵੇ ਰੋਡ ‘ਤੇ ਪੈਂਦੇ ਵਿਜੇ ਹੋਸਟਲ ਤੋਰ ਦਿੱਤਾ। ਮੈਨੂੰ ਇਹ ਤਾਂ
ਪਤਾ ਸੀ ਕਿ ਪਾਸ਼ ਜਲੰਧਰ ਰਹਿੰਦਾ ਸੀ ਪਰ ਟਿਕਾਣੇ ਦਾ ਪੱਕਾ ਪਤਾ ਨਹੀਂ ਸੀ। ਅਜੇ ਸਵੇਰ ਦੇ
ਮਸਾਂ ਸੱਤ ਕੁ ਹੀ ਵੱਜੇ ਹੋਣਗੇ। ਪੁੱਛ-ਪੁਛਾ ਕੇ ਮੈਂ ਜਾ ਬੂਹਾ ਖੜਕਾਇਆ। ਪਾਸ਼ ਦੇ ਸਰੀਰ
ਨੂੰ ਤੇਲ
ਲੱਗਾ ਹੋਇਆ ਸੀ; ਬੈਠਕਾਂ ਕੱਢ ਕੇ ਹਟਿਆ ਸੀ। ਕੋਲ਼ ਬੈਠੇ ਚਿਰੰਜੀਵ ਨਾਲ ਗੱਲਾਂ ਮਾਰ ਰਿਹਾ
ਸੀ। ਚਾਹ ਦਾ ਕੱਪ ਕੱਪ ਪੀਤਾ ਤਾਂ ਮੈਨੂੰ ਕਵਿਤਾ ਪੜ੍ਹਾੳਣ ਲੱਗ ਪਿਆ: ਸਾਇੰਸ ਦਾ
ਵਿਦਿਆਰਥੀ। ਇਹ ਵੀ ਦੱਸਿਆ ਕਿ ਕਿਨ੍ਹਾਂ ਸ਼ਬਦਾਂ ‘ਤੇ ਵੱਧ ਜ਼ੋਰ ਦੇਣਾ ਹੈ, ਕਿੱਥੇ ਕਿੰਨਾ ਕੁ
ਅਟਕਣਾ-ਰੁਕਣਾ ਹੈ। ਕਵਿਤਾ ਦਾ ਸਾਰ ਤੱਤ ਸਾਇੰਸ ਦੇ ਵਿਦਿਆਰਥੀ ਦਾ ਸਮੇਂ ਦੀ ਨਬਜ਼ ਤੋ
ਬੇਖ਼ਬਰ ਹੋਣਾ ਸੀ। ਇਹ ਖਰੀ ਕਵਿਤਾ ਕਿਤੇ ਨਹੀਂ ਛਪੀ ਨਾ ਮੁੜ ਕੇ ਅਜੇ ਤਾਈਂ ਲੱਭੀ ਹੈ।
ਮੈਨੂੰ ਵੀ ਪੂਰੀ ਯਾਦ ਨਹੀਂ ਰਹੀ।
ਕਵਿਤਾ ਮੈਂ ਜਲੰਧਰੋਂ ਅੰਬਰਸਰ ਨੂੰ ਜਾਂਦੇ ਨੇ ਬੱਸ ਚ ਹੀ ਰਟ ਲਈ; ਲੈਅ-ਲਹਿਜ਼ਾ ਵੀ ਮਿਥ
ਲਿਆ ਸੀ। ਤਿਆਹ ਲੱਗੀ ਤੋਂ ਖੁਹ ਪੁਟਿਆ ਸੀ –ਮਨ ਚ ਸ਼ੰਕਾ ਸੀ। ਬਾਬੇ ਦੀ ਨਗਰੀ, ਮੈਂ ਮਸਾਂ
ਸਾਂਵੇਂ ਟਾਈਮ ਨਾਲ ਹੀ ਪਹੁੰਚਾ। ਹਿੰਦੀ ਦਾ ਕਵਿਤਾ ਮੁਕਾਬਲਾ ਚਲ ਰਿਹਾ ਸੀ। ਮੁਕਾਬਲੇ
ਗਾਂਧੀ ਗਰਾਊਂਡ ਚ ਹੋਣੇ ਸੀ, ਜਿੱਥੇ ਹੁਣ ਵਾਲਾ ਵਿਰਸਾ ਵਿਹਾਰ ਹੈ। ਤੰਬੂ ਸ਼ੰਬੂ ਪੂਰੀ
ਤਰ੍ਹਾਂ ਸਜੇ ਸਜਾਏ ਹੋਏ ਸੀ। ਪੁੱਛ-ਪਛਤਾਲ ਤੇ ਪਤਾ ਲੱਗਾ ਕਿ ਪ੍ਰਬੰਧਕਾਂ ਨੇ ਪੰਜਾਬੀ
ਕਵਿਤਾ ਮੁਕਾਬਲੇ ਮਿਥੇ ਸਮੇਂ ਤੋਂ ਪਹਿਲਾਂ ਹੀ ਕਰਵਾ ਲਏ ਸੀ। ਮੈਂ ਨਾਤ੍ਹਾ ਧੋਤਾ ਹੀ ਰਹਿ
ਗਿਆ। ਮਨ ਖ਼ਰਾਬ ਹੋ ਗਿਆ ਸੀ। ਅਮ੍ਰਿਤਸਰ ਵਾਲ਼ੇ ਰਿਸ਼ਤੇਦਾਰਾਂ ਕੋਲ਼ ਰਾਤ ਕੱਟ ਕੇ ਮੈਂ ਦੂਜੇ
ਦਿਨ ਨਿਰਾਸ਼ ਮੁੜ ਆਇਆ। ਦੋ ਤਿੰਨ ਹਫਤੇ ਬਾਅਦ ਇਹੀ ਕਵਿਤਾ ਮੈਂ ਡੀ ਏ ਵੀ ਕਾਲਜ ਪੜ੍ਹ ਦਿੱਤੀ
ਸੀ। ਪ੍ਰੋ ਵਾਈਸ ਚਾਂਸਲਰ ਜਗਜੀਤ ਸਿੰਘ ਏਥੇ ਪ੍ਰਧਾਨਗੀ ਕਰਨ ਆਇਆ ਹੋਇਆ ਸੀ। ਏਸ ਗੱਲੋਂ ਇਹ
ਮੇਰੇ ‘ਤੇ ਬਹੁਤ ਔਖਾ ਹੋ ਗਿਆ ਸੀ। ਗਰਮੀ ਨਾਲ ਬੋਲਿਆ ਸੀ। ਮੇਰੇ ਕਾਲਜ ਦੇ ਪ੍ਰਿੰਸੀਪਲ
ਰਾਜਾ ਹਰਨਰਿੰਦਰ ਸਿੰਘ ਨੂੰ ਕਹਿ ਕੇ ਉਹਨੇ ਮੈਨੂੰ ਕਾਲਜ ‘ਚੋਂ ਕਢਵਾਉਣਾ ਚਾਹਿਆ ਸੀ। ਪ੍ਰੋ
ਦਿਲਬਾਗ ਗਿੱਲ ਹੋਰਾਂ ਨੇ ਮੇਰੀ ਬਹੁਤ ਮਦਦ ਕੀਤੀ ਸੀ ਕਿ ਕਵਿਤਾ ਬਹੁਤ ਅੱਛੀ ਸੀ; ਕਿਸੇ
ਖ਼ਰਾਬੀ ਵਾਲੀ ਨਹੀਂ ਸੀ। ਪਰ ਪ੍ਰਿੰਸੀਪਲ ‘ਤੇ ਵੀ ਉੁਪਰੋਂ ਦਬਾਅ ਸੀ। ਮੇਰੇ ਸਾਹ ਸੂਤੇ ਹੋਏ
ਸੀ ਕਿ ਹੁਣ ਕੀ ਬਣੂੰਗਾ। ਮੈਂ ਕਾਲਜੋਂ ਨਿਕਲ਼ਦਾ ਨਿਕਲ਼ਦਾ ਮਸਾਂ ਹੀ ਬਚਿਆ। ਅਗਲੇ ਸਾਲ ਜਦੋਂ
ਮੈਂ ਜਲੰਧਰ ਖਾਲਸਾ ਕਾਲਜ ਐਮ ਏ ਪੰਜਾਬੀ ‘ਚ ਜਾ ਦਾਖਲਾ ਲਿਆ ਤਾਂ ਰਾਜਾ ਸਾਹਿਬ ਵੀ ਨਕੋਦਰ
ਛੱਡ ਕੇ ਜਲੰਧਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣ ਕੇ ਚਲੇ ਗਏ ਸੀ। ਮੈਨੂੰ ਦੇਖਕੇ ਮਨ ‘ਚ
ਸੋਚਦੇ ਹੋਣਗੇ, ਇਹ ਜੱਭ ਫਿਰ ਮੇਰੇ ਮਗਰੇ ਹੀ ਆ ਗਿਆ।
ਲਹਿਰ ਮੱਠੀ ਪੈਣ ਨਾਲ਼ ਪਾਸ਼ ਵੀ ਓਦਰ ਗਿਆ। ਅਪਣਿਆਂ ਦਾ ਦਾਬਾ ਵੀ ਸੀ ਤੇ ਅਗਲੇ ਰਾਹਾਂ ਦੀ
ਅੜਾਉਣੀ ਵੀ। ਇਹ ਸਮਾਂ ਬੇਵਿਸ਼ਵਾਸ਼ੀਆਂ, ਗ਼ੈਰਯਕੀਨੀਆਂ, ਬੇਵਸਾਹੀਆਂ, ਸੰਦੇਹਾਂ ਤੇ
ਡਾਵਾਂਡੋਲੀਆਂ ਦਾ ਸੀ। ਇਸ ਦੌਰਾਨ ਇਹ ਵੀ ਬੜੇ ਮਾਨਸਿਕ ਦਵੰਦਾਂ ਚੋਂ ਨਿਕਲ਼ਿਆ। ਕਈ ਤਰ੍ਹਾਂ
ਦੀਆਂ ਤਰਤੀਬਾਂ ਜੋੜੀਆਂ। ਮਨ ਚ ਉਥਲ ਪੁਥਲ ਤੇ ਚੜ੍ਹਾਅ ਉਤਰਾਈਆਂ ਹੋਈਆਂ। ਤਾਂ ਵੀ ਏਸ ਸਮੇਂ
ਇਹਦਾ ਬਹੁਤਾ ਧਿਆਨ ਪੜ੍ਹਨ ਵੱਲ ਲੱਗਾ ਰਿਹਾ। ਪਰ ਹੋਰ ਮੁਸ਼ਕਿਲਾਂ ਨਾਲ ਵੀ ਜੂਝਦਾ ਰਿਹਾ।
ਇਹਦਾ ਮੋਹ ਪਿੰਡ ਨਾਲ਼ ਹੋਰ ਵੱਧ ਗਿਆ। ਏਸ ਦੌਰਾਨ ਇਹਨੇ ਕਵਿਤਾ ਵੱਲ ਵੱਧ ਅੰਤਰਮੁਖੀ ਹੋ ਕੇ
ਸੋਚਿਆ ਵਿਚਾਰਿਆ ਤੇ ਕਵਿਤਾ ਚ ਇਹਦਾ ਪ੍ਰਗਟਾਅ ਵੀ ਕੀਤਾ। ‘ਸਾਡੇ ਸਮਿਆਂ ਚ’ ਇਹਦਾ ਵਾਹਵਾ
ਸਬੂਤ ਹੈ।
ਈਵਨਿੰਗ ਕਾਲਜ ਜਲੰਧਰੋਂ ਬੀ ਏ ਵਿੱਚੇ ਛੱਡ ਕੇ ਪਾਸ਼ ਸਮਰਾਏ-ਜੰਡਿਆਲੇ ਜੇਬੀਟੀ ਕਰਨ ਲੱਗ
ਪਿਆ। ਨਾ ਇਹ ਦਿਖਾਵਾ ਕਰਦਾ ਸੀ ਨਾ ਬਹੁਤੇ ਪੜ੍ਹਨ-ਪੜਾਉਣ ਵਾਲ਼ਿਆਂ ਨੂੰ ਪਾਸ਼ ਦੇ ਸਾਹਿਤ ‘ਚ
ਸਥਾਨ ਦੀ ਖ਼ਬਰ ਹੋਣੀ ਸੀ। ਸੁਭਾਵਾਂ ਹਿੱਤ ਮਾੜਾ ਮੋਟਾ ਅੱਖ ਵਲ਼ ਹੋ ਜਾਣਾ ਸੁਭਾਵਕ ਹੀ ਸੀ।
ਏਥੇ ਇਹ ਆਪ ਆਢ੍ਹਾ ਲੈਣ ਤੋਂ ਕੰਨੀ ਕਤਰਾਉਂਦਾ ਸੀ ਤੇ ਪਰ ਸਕੂਲ ਦੇ ਪ੍ਰਬੰਧਕਾਂ ‘ਤੇ ਔਖਾ
ਮਹਿਸੂਸ ਕਰੇ। ਸਬੱਬ ਨਾਲ ਅਮਰੀਕ ਸਿੰਘ ਪੂਨੀ ਇਹਨੂੰ ਕਿਤੇ ਮਿਲ਼ ਪਿਆ। ਪੁੱਛ-ਪਛਾ ‘ਚ ਇਹਦੇ
ਤੋਂ ਕਹਿ ਹੋ ਗਿਆ ਕਿ ਇਹ ਜੰਡਿਆਲੇ ਔਖਾ ਹੈ, ਜੇ ਹੋ ਸਕਦਾ ਹੈ ਤਾਂ ਕਿਤੇ ਹੋਰ ਬਦਲੀ ਕਰਵਾ
ਦੇਵੇ। ਇਹਨੇ ਤਾਂ ਸਰਾਸਰੀ ਗੱਲ ਕਹੀ ਸੀ ਤੇ ਗੱਲ ਕਹਿਕੇ ਭੁੱਲ ਵੀ ਗਿਆ ਸੀ। ਦੋਂਹ-ਚੌਂਹ
ਮਹੀਨੀਂ, ਪੂਨੀ ਇਹਨੂੰ ਕਿਸੇ ਫੰਕਸ਼ਨ ‘ਤੇ ਫਿਰ ਮਿਲਿਆਂ ਤਾਂ ਪੁੱਛੇ: ਨਵੇਂ ਥਾਂ ਕਿਸ
ਤਰ੍ਹਾਂ ਚੱਲ ਰਿਹਾ ਸੀ। ਪਾਸ਼ ਮੋੜਕੇ ਕਹਿੰਦਾ: ਕਿਹੜੇ ਨਵੇਂ ਥਾਂ? ਅਜੇ ਤਾਂ ਓਸੇ ਜੰਡਿਆਲੇ
ਹੀ ਹਾਂ। ਪੂਨੀ ਨੇ ਉਸੇ ਦਿਨ ਜਾਂਦੇ ਨੇ ਹੀ ਬਦਲੀ ਕਰਵਾ ਦਿੱਤੀ। ਇਹ ਜੰਡਿਆਲਾ (ਮੰਜਕੀ)
ਛੱਡ ਕੇ ਸੇਖ਼ੂਪੁਰੇ (ਕਪੂਰਥਲੇ) ਜਾ ਟਿਕਿਆ। ਹੁਣ ਇਹ ਤਾਂ ਪਤਾ ਨਹੀਂ ਇਹ ਬਦਲੀ ਬਣਦੀ ਵੀ ਸੀ
ਕਿ ਨਹੀਂ। ਵੱਡੇ ਅਫ਼ਸਰਾਂ ਦੇ ਸਰਕਾਰੀ ਹੁਕਮ ਸੀ, ਬੱਜਣੇ ਸੀ; ਬਜਾਏ ਗਏ। ਬਦਲੀ ਹੋ ਗਈ।
ਤਕੜਿਆਂ ਦੇ ਸੱਤੀਂ ਵੀਹੀਂ ਸੌ। ਅਹਿਲਕਾਰ, ਪੂਨੀ ਉਦੋਂ ਕਿਸੇ ਵੱਡੇ ਸਰਕਾਰੀ ਰੁਤਬੇ ‘ਤੇ
ਸੀ। ਬਦਲੀ ਹੋ ਜਾਣ ਦੀ ਗੱਲ ਜੰਡਿਆਲੇ ਦੇ ਪ੍ਰਿੰਸੀਪਲ ਨੂੰ ਜਦੋਂ ਪਹੁੰਚੀ ਤਾਂ ਉਹ ਅੱਡ
ਸਹਿਮਿਆ ਫਿਰੇ। ਸੋਚੇ, ਬਈ ਜਿਸ ਬੰਦੇ ਦੀ ਪੂਨੀ ਵਰਗਿਆਂ ਤੀਕ ਏਨੀ ਪਹੁੰਚ ਹੈ, ਕਿਤੇ ਨੌਕਰੀ
‘ਚ ਹੀ ਲੱਤ ਨਾ ਮਾਰ-ਮਰਵਾ ਦਵੇ। ਜੇਬੀਟੀ ਇਹਨੇ ਸ਼ੇਖ਼ੂਪੁਰੇ ਜਾ ਕੇ ਮੁਕਾਈ।
ਜਦੋਂ ਮੈਂ ਨਕੋਦਰੋਂ ਖਾਲਸਾ ਕਾਲਜ ਜਲੰਧਰ ਐਮ ਏ ‘ਚ ਜਾ ਦਾਖਲ ਹੋਇਆ ਤਾਂ ਮੇਰਾ ਮਾਣ ਦੋ
ਗੱਲਾਂ ਕਰਕੇ ਵਧ ਗਿਆ ਸੀ। ਮੇਰੇ ਤੋਂ ਪਹਿਲਾਂ ਖਾਲਸਾ ਕਾਲਜ ਗਏ ਮੁੰਡਿਆਂ ਨੇ ਦੱਸ ਦਿੱਤਾ
ਸੀ ਕਿ ਮੈਂ ਨਕੋਦਰ ਕਬੱਡੀ ਖੇਡਦਾ ਰਿਹਾ ਸੀ ਤੇ ਨੈਸ਼ਨਲ ਸਟਾਈਲ ਟੀਮ ਦਾ ਕੈਪਟਨ ਸੀ। ਦੂਜੀ
ਕਿ ਪਾਸ਼ ਨਾਲ ਮੇਰਾ ਨੇੜ ਸੀ- ਇਹਦਾ ਮੇਰੇ ਨਾਲ ਦੇ ਪਾੜ੍ਹਿਆਂ ‘ਤੇ ਬਹੁਤ ਅਸਰ ਹੋਇਆ ਸੀ।
ਜਿੰਨਾ ਕੁ ਚਿਰ ਮੈਂ ਉਥੇ ਰਿਹਾ, ਮੇਰੀ ਠਾਠ ਹੀ ਬਣੀ ਰਹੀ। ਜ਼ਿਆਦਾ ਪਾਸ਼ ਨਾਲ ਨੇੜਤਾ ਕਰਕੇ।
ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਡਨ ‘ਚ ਆਉਣ ਨੂੰ ਮੈਂ ਪਾਸ਼ ਨੂੰ ਕਿਹਾ ਸੀ ਕਿ ਜੇ ਇਹਦਾ
ਮਨ ਕਰਦਾ ਤਾਂ ਆ ਜਾਵੇ। ਇਹਦਾ ਕੋਈ ਜੁਆਬ ਨਹੀਂ ਆਇਆ। ਨਾ ਹੂੰਅ, ਨਾ ਹੈਂਅ; ਬੱਸ, ਚੁੱਪ
ਗੜੁੱਪ ਰਿਹਾ। ਇਸ ਗੱਲ ਦਾ ਭੇਤ ਇਹਨੇ ਬਾਅਦ ਚ ਖੋਲ੍ਹਿਆ ਸੀ: ਕਿਹਾ ਤਾਂ ਭਾਵੇਂ ਇਹਨੂੰ
ਹੋਰਾਂ ਵੀ ਕਈਆਂ ਨੇ ਸੀ। ਪਰ ਉਦੋਂ ਇਹ ਆਉਣ ਵਾਲ਼ਾ ਹੀ ਨਹੀਂ ਸੀ। ਇਹ ਕਈ ਮੁਸ਼ਕਿਲਾਂ ਨੇ
ਦਬੱਲਿਆ ਹੋਇਆ ਸੀ, ਸਰੀਰਕ ਵੀ। ਉਨ੍ਹਾਂ ਨੂੰ ਹੱਲ ਕਰਨ ਲੱਗਾ ਹੋਇਆ ਸੀ। ਘਰਦੇ ਹਾਲਤ ਵੀ
ਸਾਵੇਂ ਨਹੀਂ ਸੀ।
ਪਾਸ਼ ਦੱਸਦਾ ਸੀ ਕਿ ਮੇਰੇ ਅਪਣੇ ਪਿੰਡ ਦਾ ਮਹਿੰਦਰ ਸਿਓਂ ਤੇ ਇਹਦਾ ਬਾਪ ਮੇਜਰ ਸੋਹਣ ਸਿੰਘ
ਹਮਜਮਾਤੀ ਰਹੇ ਸੀ। ਦੋਵੇਂ ਨਕੋਦਰ ਦੇ ਸਰਕਾਰੀ ਸਕੂਲੋਂ ਪੜ੍ਹੇ ਸੀ। ਮਹਿੰਦਰ ਸਿੰਘ ਬਾਅਦ ‘ਚ
ਸਹਿਕਾਰੀ ਸੁਸਾਇਟੀਆਂ ਦਾ ਸੈਕਟਰੀ ਲੱਗ ਗਿਆ ਸੀ। ਜਿਵੇਂ ਅਕਸਰ ਹੁੰਦਾ, ਸਿਆਣੇ ਕਿਤੇ ਮਿਲੇ
ਤਾਂ ਇਹਨੇ ਮੇਜਰ ਸਾਹਿਬ ਨੂੰ ਬਾਲ ਬੱਚੇ ਦੀ ਰਾਜੀ-ਬਾਜੀ ਤੇ ਕੰਮ-ਕਾਰ ਦਾ ਹਾਲ ਚਾਲ
ਪੁੱਿਛਆ। ਸੋਹਣ ਸਿੰਘ ਨੇ ਪਾਸ਼ ਦਾ ਦੱਸਿਆ ਕਿ ਇਹ ਲਿਖਾਰੀ ਹੈ- ਤੇ ਕਵਿਤਾ ਲਿਖਦਾ। ਮਹਿੰਦਰ
ਸਿਓਂ ਮੋਹਰਿਓਂ ਕਹਿੰਦਾ: ਮੈਂ ਅਪਣੇ ਗੁਆਂਢੀ ਪਿੰਡਾਂ ਦੇ ਬਹੁਤ ਵੱਡੇ ਲੇਖਕਾਂ ਨੂੰ
ਜਾਣਦਾਂ। ਅਖਬਾਰਾਂ ‘ਚ ਲਿਖਦੇ। ਰੇਡੀਓ ‘ਤੇ ਵੀ ਆਉਂਦੇ-ਜਾਂਦੇ ਰਹਿੰਦੇ। ਕਿਸੇ ਦਿਨ ਤੂੰ
ਆਵਦੇ ਮੁੰਡੇ ਨੂੰ ਮੇਰੇ ਕੋਲ਼ ਘੱਲੀਂ। ਮੈਂ ਇਹਨੂੰ ਕਿਸੇ ਲਿਖਾਰੀ ਨਾਲ ਮਿਲਾਊਂਗਾ। ਉਹ
ਇਹਨੂੰ ਲਿਖਣਾ ਵੀ ਸਿਖਾ ਦਊਗਾ। ਪਾਸ਼ ਦਸਦਾ ਸੀ ਕਿ ਗੱਲ ਨਿਕਲ਼ਦੀ ਨਿਕਲ਼ਦੀ ਨਿਕਲ਼ ਗਈ ਸੀ। ਫਿਰ
ਕਿੰਨਾ ਚਿਰ ਲੇਖਕ ਸਾਹਿਬ ਨੇ ਪਾਸ਼ ਨਾਲ਼ ਅੱਖ ਨਹੀਂ ਸੀ ਮਿਲਾਈ। ਕਿੱਥੇ ਪਾਸ਼ ਤੇ ਕਿੱਥੇ ਇਹ
ਲੇਖਕ ਸਾਹਿਬ। ਇਹ ਦੋਹਾਂ ਨੂੰ ਪਤਾ ਸੀ।
ਪਾਸ਼ ਦੇ ਕਿਸੇ ਉਸਤਾਦ ਦੀ ਭਣੇਵੀਂ ਦਾ ਮੋਹ ਆਵਦੇ ਕਿਸੇ ਸੰਗੀ ਟੀਚਰ ਨਾਲ ਪੈ ਗਿਆ। ਮੁੰਡੇ
ਕੁੜੀ ਦਾ ਹੋਰ ਹਰ ਪਾਸਿਓਂ ਮੇਲ਼ ਸੀ। ਮੁੰਡਾ ਟੀਚਰ ਯੂਨੀਅਨ ‘ਚ ਕੰਮ ਵੀ ਕਰਦਾ ਸੀ। ਪਰ ਜਾਤ
ਬਹੁਤੀ ਉੱਚੀ ਨੀਵੀਂ ਸੀ। ਕੁੜੀ ਮੁੰਡੇ ਨੇ ਅਦਾਲਤੀ ਵਿਆਹ ਵੀ ਕਰਵਾ ਲਿਆ ਸੀ ਤੇ ਕੁੜੀ
ਮੁੰਡੇ ਦੇ ਘਰੇ ਰਹਿ ਰਹੀ ਸੀ – ਮਰਦ ਔਰਤ ਵਾਂਗ। ਕੁੜੀ ਵੀ ਪੜ੍ਹੀ ਲਿਖੀ ਸੀ ਤੇ ਮੁੰਡਾ ਵੀ
ਸਰਕਾਰੀ ਟੀਚਰ ਸੀ। ਮੁੰਡਾ ਨਾਲ਼ੋ ਨਾਲ਼ ਸਿਵਲ ਸਰਵਿਸ ਦੇ ਇਮਤਿਹਾਨਾਂ ਦੀ ਤਿਆਰੀ ਵੀ ਕਰ ਰਿਹਾ
ਸੀ। ਵਿਚ ਵੱਡਾ ਫ਼ਾਨਾ ਠੁਕਿਆ ਹੋਇਆ ਸੀ - ਜਾਤ ਵਾਲ਼ਾ। ਇਕ ਬਾਹਮਣ ਤੇ ਦੂਜਾ ਚਮਾਰ। ਪਰ ਕੁੜੀ
ਅਪਣੇ ਪਿਆਰ ‘ਤੇ ਪੂਰੀ ਤਰਾਂ ਤੁਲੀ ਹੋਈ ਸੀ। ਉਹਦੇ ਕੋਲ ਹਰ ਕਿਸੇ ਦੀ ਗੱਲ ਦਾ ਜੁਆਬ ਸੀ ਤੇ
ਅਗਲੇ ਇਹਦੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਸਤਾਦ ਨੇ ਪਾਸ਼ ਦੇ ਕੰਨ ਭਰੇ ਕਿ
ਕੁੜੀ ਨੂੰ ਵਰਗਲਾਇਆ ਗਿਆ ਹੈ। ਆਪਾਂ ਉਹਨੂੰ ਲਿਆ ਕੇ ਗੱਲਬਾਤ ਹੀ ਕਰਨੀ ਹੈ। ਜੇ ਤਾਂ ਸਾਡੀ
ਗੱਲ ਸਮਝ-ਮੰਨ ਗਈ, ਤਾਂ ਖਰੀ ਵਾਹਵਾ, ਨਹੀਂ ਤਾਂ ਆਪਾਂ ਖੁਦ ਵਿਆਹ ਕਰ ਦਿਆਂਗੇ – ਅਪਣੇ
ਹੱਥੀਂ। ਸਰਦੀਆਂ ਦੀਆਂ ਛੁੱਟੀਆਂ ਮੁੱਕੀਆਂ ਹੀ ਸੀ; ਕੁੜੀ ਚੜ੍ਹਦੀ ਜਨਵਰੀ ‘ਚ ਸਕੂਲੇ ਗਈ ਹੀ
ਸੀ। ਸ਼ਗਨਾਂ ਦੀ ਮਹਿੰਦੀ ਦਾ ਰੰਗ ਵੀ ਮੱਠਾ ਨਹੀਂ ਸੀ ਪਿਆ। ਸ਼ਾਦੀ ਦਾ ਜੋੜਾ ਤੇ ਹੱਥੀਂ ਚੂੜਾ
ਵੀ ਸੋਂਹਦਾ ਸੀ। ਪਾਸ਼, ਹੰਸਾ ਤੇ ਜਹਾਂਗੀਰ ਦਾ ਕੋਈ ਆਦਮੀ ਕੁੜੀ ਨੂੰ ਉਹਦੇ ਸਕੂਲੋਂ ਕਾਰ ‘ਚ
ਧੱਕੇ ਨਾਲ਼ ਚੁੱਕ ਕੇ ਲੈ ਆਏ। ਧੀ-ਧਿਆਣੀ ਅਪਣੇ ਗੁਰੂਦੇਵ ਮਹਾਂਰਾਜ ਦੇ ਹਵਾਲੇ ਕਰ ਦਿੱਤੀ।
ਇਹਦੇ ਉਸਤਾਦ ਦੇ ਮਨ ‘ਚ ਖੋਟ ਸੀ। ਉਹਨੇ ਕੋਈ ਹੋਰ ਹੀ ਮਿਥੀ ਹੋਈ ਸੀ। ਅਗਲੇ ਨੇ ਦਿਨਾਂ ‘ਚ
ਹੀ ਧੱਕੇ ਨਾਲ ਕੁੜੀ ਦਾ ਵਿਆਹ ਕਿਧਰੇ ਹੋਰ ਕਰ ਦਿੱਤਾ। ਉਹ ਮੁੰਡਾ ਬਹੁਤ ਤੜਪਿਆ, ਪਿੱਟਿਆ
ਕੁਰਲਾਇਆ; ਉਹਦੀ ਕਨੂੰਨਨ ਵਿਆਹੀ-ਵਰੀ ਤੇ ਵਸਦੀ-ਰਸਦੀ ਪਤਨੀ ਨੂੰ ਧੱਕੇ ਨਾਲ਼ ਘਰੋ ਲੈ ਗਏ
ਸੀ। ਮੁੰਡਾ ਬਾਅਦ ‘ਚ ਵੀ ਪਾਸ਼ ਨੂੰ ਮਿਲਦਾ ਰਿਹਾ ਤੇ ਅਸਲੀ ਗੱਲ ਦੱਸੀ ਪਰ ਉਸਤਾਦ ਨੇ ਅਪਣਾ
ਕੰਮ ਕਰ ਲਿਆ ਸੀ। ਤੀਰ ਕਮਾਨੋਂ ਨਿਕਲ ਚੁੱਕਾ ਸੀ। ਮੁੰਡਾ ਠੱਗਿਆ ਗਿਆ ਸੀ;ਉਹਦਾ ਘਰ ਲੁੱਟਿਆ
ਗਿਆ ਸੀ। ਪਾਸ਼ ਨੂੰ ਇਸ ਗੁੰਮਰਾਹ ਹੋਣ ਦਾ ਦੁਖ ਹੀ ਰਿਹਾ।
ਤਲਵੰਡੀ ਦੇ ਲਾਗਲੇ ਕੋਈ ਸਟੋਰ ਮਾਲਕ ਲੰਘਦੀਆਂ ਕੁੜੀਆਂ ਨੂੰ ਮਸ਼ਕਰੀਆਂ ਕਰਿਆ ਕਰੇ। ਓਹਦੇ
ਗੜਵੱਈਆਂ ਨੂੰ ਵੀ ਮਾਲਕ ਦੀ ਸ਼ਹਿ ਹੋਣੀ ਸੀ। ਉਪਰੋਂ ਕਾਕੇ ਸ਼ਾਹੀ ਦਾ ਗਰੂਰ ਵੀ। ਇਨ੍ਹਾਂ ਨੇ
‘ਹਾਕ’ ਚ ਇਹਦਾ ਹਵਾਲਾ ਦੇ ਕੇ ਵਿਰੋਧ ਕਰ ਦਿੱਤਾ; ਧੀਆਂ-ਭੈਣਾਂ ਦੀ ਰਾਖੀ ‘ਚ ਖੜ੍ਹ ਗਏ।
ਸਟੋਰ ਮਾਲਕ ਨੂੰ ਪਤਾ ਲੱਗ ਗਿਆ ਤੇ ਉਹਨੇ ਅਪਣੀ ਹੇਠੀ ਮੰਨ ਲਈ। ਬੜੀ ਫੂੰਅ ਫੂੰਅ ਕਰਨ
ਲੱਗਾ। ਉਨ੍ਹਾਂ ਨੇ ਇਕ ਦਿਨ ਹੰਸੇ ਦੇ ਘਰ ਲਾਗਲੀ ਕਿਸੇ ਠਾਹਰ ਦੇ ਘਰ ਬੈਠਣ ਦਾ ਪ੍ਰੋਗਰਾਮ
ਮਿਥ ਲਿਆ। ਮੀਟ ਬਣਾਇਆ। ਦਾਰੂ ਛਕੀ। ਏਸ ਬਹਾਨੇ, ਪਹਿਲਾਂ ਲਾ ਲਾ ਕੇ ਗੱਲਾਂ ਕਰਨ ਲੱਗ ਪਏ;
ਫਿਰ ਧਮਕੀਆਂ ‘ਤੇ ਆ ਗਏ। ਗੱਲ ਨਿਕਲਦੀ ਨਿਕਲਦੀ ਪਾਸ਼ ਨੂੰ ਪਹੁੰਚ ਗਈ। ਇਹਨੇ ਸਕੀਮ ਬਣਾਈ।
ਇਹਨੇ ਕਿਸੇ ਕੋਲੋਂ ਟਰੈਕਟਰ ਦੇ ਪਿੱਛੇ ਪਾਉਣ ਵਾਲੀ ਟੌਪ ਲਿੰਕ ਲੈ ਕੇ ਸਕੀਮ ਨਾਲ ਕਿਸੇ
ਕਪੜੇ ਚ ਲਪੇਟ ਲਈ। ਪੂਰੇ ਹਿਸਾਬ ਨਾਲ਼, ਮੋਹਰਿਓਂ ਥੋੜ੍ਹਾ ਜਿਹਾ ਮੂੰਹ ਨੰਗਾ ਰੱਖ ਲਿਆ;
ਏਦਾਂ ਹੱਥ ਚ ਟੌਪ ਲਿੰਕ ਲਈ ਪਿੰਡ ਚ ਤਿੰਨ-ਚਾਰ ਗੇੜੀਆਂ ਕੱਢ ਦਿੱਤੀਆਂ। ਜਿਸ ਕਿਸੇ ਨੇ
ਲੰਘਦੇ ਨੂੰ ਦੇਖਿਆ, ਰੌਲ਼ਾ ਪਾ ਦਿੱਤਾ: ਬਈ ਆ ਗਿਆ, ਬਈ ਆ ਗਿਆ ਈ, ਪਾਸ਼ ਸਟੇਨ ਗੰਨ ਲੈ ਕੇ ਆ
ਗਿਆ। ਢਕੀ ਹੋਈ ਟੌਪ ਲਿੰਕ ਦੇਖਣ ਨੂੰ ਸਟੇਨ ਗੰਨ ਦੀ ਬੂਥੀ ਹੀ ਲਗਦੀ ਸੀ। ਏਨੀ ਕੁ ਹੁਸ਼ਿਆਰੀ
ਨਾਲ਼ ਧਮਕੀਆਂ ਦੇਣ ਵਾਲੇ ਸੁਸਰੀ ਹੋ ਗਏ। ਮੁੜਕੇ ਕੋਈ ਨਾ ਰੜਕਿਆ-ਬੋਲਿਆ।
1984 ‘ਚ ਮੈਂ ਗਿਆ ਤਾਂ ਪਾਸ਼ ਨੂੰ ਮਿਲਣ ਉੱਗੀ ਗਿਆ। ਐਵੇਂ ਚਲਵੀਆਂ ਜਿਹੀ ਗੱਲਾਂ ਹੀ
ਹੋਈਆਂ। ਮੈਨੂੰ ਲੱਗਿਆ, ਇਹਦਾ ਮਨ ਕਿਤੇ ਹੋਰ ਸੀ। ਅਸੀਂ ਰਾਤ ਲਖਵਿੰਦਰ ਦੇ ਖੂਹ ‘ਤੇ ਕੱਟ
ਕੇ ਸਵੇਰੇ ਤੜਕੇ ਆ ਗਏ ਸੀ। ਇਹ ਆਪ ਸੁਵੱਖਤੇ ਹੀ ਟਿਊਸ਼ਨ ਪੜ੍ਹਾਉਣ ਚਲੇ ਗਿਆ ਸੀ। ਏਥੇ ਇਹਨੇ
ਰੋਟੀ ਰੋਜ਼ੀ ਲਈ ਸਕੂਲ ਖੋਲ੍ਹਿਆ ਹੋਇਆ ਸੀ। ਜਾਣਂੋ ਇਹ ਇਹਦੀਆਂ ਸਰਗਮੀਆਂ ਦਾ ਅੱਡਾ ਵੀ ਸੀ।
ਬਠਿੰਡੇ ਵਾਲੇ
ਗਰੁੱਪ ਦੀ ਦੁਆਬੇ ‘ਚ ਪੱਟੀ ਬਨਾਉਣ ਦੀ ਠਾਹਰ ਬਣਾਈ ਹੋਈ ਸੀ ਇਹ। ਨਾਲ਼ ਬਹੁਤੇ ਆੜੀ ਉੱਗੀ ਦੇ
ਹੀ ਸੀ ਜਾਂ ਲਾਗੇ ਬੰਨੇ ਦੇ। ਲਖਵਿੰਦਰ, ਧਰਮਪਾਲ, ਬਲਦੇਵ, ਵਗੈਰਾ। ਹੋਰ ਸੰਗੀ ਸਾਥੀ ਵੀ ਤੇ
ਸ਼ਰਧਾਵਾਨ ਵੀ ਨਾਲ਼ ਸੀ। ਜਾਨ ਕੁਰਬਾਨ ਕਰਨ ਵਾਲੇ ਵੀ। ਢਾਣੀ ਦਾ ਆਪਸੀ ਨੇੜ ਬੜਾ ਸੀ, ਜੇ ਲੋੜ
ਪਏ ਤਾਂ ਡਟ ਵੀ ਜਾਂਦੇ ਸੀ। ਲੋਕਾਂ ‘ਚ ਨਾਂ ਵੀ ਸੀ। ਵਾਹਵਾ ਠਾਠ ਬਣੀ ਹੋਈ ਸੀ। ਇਹ ਸਾਈਕਲੋ
ਸਟਾਈਲ ਪਰਚਾ –ਹਾਕ- ਕੱਢਦੇ ਤੇ ਵੰਡਦੇ ਸੀ। ਜਿਹਦੇ ‘ਚ ਤਰਕਸ਼ੀਲ ਗੱਲਾਂ ਹੁੰਦੀਆਂ ਸੀ। ਲੋਕ
ਭਲੇ ਦੀਆਂ ਵੀ, ਅੰਧ ਵਿਸ਼ਵਾਸ਼ਾਂ ਦੇ ਵਿਰੁੱਧ, ਜ਼ਮਹੂਰੀ ਹੱਕਾਂ ਬਾਰੇ ਵੀ, ਇਲਾਕੇ ਚ
ਗੁੰਡਾਗ਼ਰਦੀ ਕਰਨ ਵਾਲਿਆ ਦੇ ਖਿ਼ਲਾਫ਼ ਵੀ। ਹੋਰ ਵੀ ਕਈ ਤਰ੍ਹਾਂ ਦੇ ਵਿਸ਼ਿਆਂ ਤੇ ਲੇਖ ਹੁੰਦੇ
ਸੀ। ਓਸ਼ੋ ਬਾਰੇ ਵੀ। ਜ਼ਾਹਿਰ ਹੈ ਇਲਾਕੇ ‘ਚ ਥੋੜ੍ਹਾ ਬਹੁਤ ਅੱਖ ਵਲ਼ ਵੀ ਹੋਣਾ ਹੀ ਸੀ ਤੇ ਵੱਧ
ਵੀ ਜਾਣਾ ਸੀ ਤੇ ਵਿਰੋਧਤਾ ਵੀ। ਪੰਜਾਬੀਆਂ ਦਾ ਮਨ ਮੁਟਾਵ ਸੰਗਾਊ ਨਹੀਂ ਹੈ। ਇਹ ਵਾਹਵਾ
ਬੜਬੋਲਾ ਹੁੰਦਾ ਹੈ; ਸਗੋਂ ਭੌਂਕੜ ਹੀ ਹੁੰਦਾ ਹੈ। ਸਾਡੇ ਪਿੰਡਾਂ ਵਾਲੇ ਪੰਜਾਬੀ ਤਾਂ ਨਿੱਕੀ
ਨਿੱਕੀ ਗੱਲ ਤੋਂ ਝੱਟ ਕਹਿ ਦਿੰਦੇ ਨੇ: ਦੇਖ ਲਊਂ ਮੈਂ ਤੈਨੂੰ, ਵੱਡੇ ਨੌਢੂ ਖਾਂ ਨੂੰ। ਜਾਂ
ਜੇ ਮੁੜ ਕੇ ਐਧਰ ਝਾਕਿਆ ਤਾਂ ਅੱਖਾਂ ਕੱਢ ਦਊਂ। ਜਾਂ ਜੇ ਉਂਗਲੀ ਐਧਰ ਕੀਤੀ ਤਾਂ ਲਾਹ ਕੇ
ਹੱਥ ‘ਚ ਫੜਾ ਦਊਂ; ਵਗੈਰਾ ਵਗੈਰਾ ਆਮ ਸੁਣੀਂਦਾ ਸੀ।
ਪਾਸ਼ ਦੇ ਪਾਪੂਲਰ ਹੋਣ ਦੇ ਤਿੰਨ ਚਾਰ ਕਾਰਣ ਸੀ: ਪਹਿਲੀ ਪੀੜ੍ਹੀ ਦੀਆਂ ਪ੍ਰਗਤੀ ਦੀਆਂ
ਕੀਤੀਆਂ ਗੱਲਾਂ ਖਿ਼ਆਲੀ ਸੀ। ਹਕੀਕਤ ਤੋਂ ਉਹ ਆਪ ਬੜੇ ਦੂਰ ਸੀ। ਉਨ੍ਹਾਂ ਨੂੰ ਖੂਹਾਂ ‘ਤੇ
ਰੱਬ ਵੱਸਦਾ ਤਾਂ ਦੀਹਦਾ ਸੀ ਪਰ ਘੋਰ ਗਰੀਬੀ ਨਜ਼ਰੀਂ ਨਹੀਂ ਸੀ ਪੈਂਦੀ। ਪਾਸ਼ ਇਸ ਗ਼ੁਰਬਤ ਤੇ
ਪੇਂਡੂ ਬਿੰਬ ਮੁਹਾਵਰੇ ਨੂੰ ਕਵਿਤਾ ‘ਚ ਲੈ ਆਇਆ ਸੀ, ਜੋ ਪਹਿਲੀ ਪੀੜ੍ਹੀ ‘ਚੋਂ ਕਿਸੇ ਨੇ
ਸੋਚੀ-ਕੀਤੀ ਹੀ ਨਹੀਂ ਸੀ। ਸ਼ਾਇਦ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ। ਇਹ ਆਪ ਜੁਆਨ ਪੀਹੜੀ ਦਾ
ਸ਼ਾਇਰ ਤੇ ਨਾਲ਼ ਨਕਸਲਬਾੜੀ ਲਹਿਰ ਦੇ ਤਾਅ ਵਾਲ਼ਾ ਨਸ਼ਾ ਸੀ। ਐਸੇ ਸੁਮੇਲ ‘ਚੋਂ ਬੁਲੰਦੀਆਂ ਛੋਹਣ
ਦੇ ਮੌਕੇ ਵਧਣੇ ਹੀ ਸੀ। ਇਹ ਕਿਸੇ ਵਿਸਫੋਟਕ ਦੀ ਤਰ੍ਹਾਂ ਹੋਇਆ। ਅਤਿ ਹੈਰਾਨੀ ਜਨਕ ਤਰੀਕੇ
ਨਾਲ਼।
ਤੈਨੂੰ ਪਤਾ ਨਹੀ
ਮੈ ਸ਼ਾਇਰੀ ਵਿੱਚ
ਕਿਵੇˆ ਗਿਣਿਆ ਜਾˆਦਾ ਹਾˆ
ਜਿਵੇˆ ਕਿਸੇ ਭਖੇ ਹੋਏ ਮੁਜਰੇ ‘ਚ
ਕੋਈ ਹੱਡਾ-ਰੋੜੀ ਦਾ
ਕੁੱਤਾ ਆ ਵੜੇ...............
ਮੀਸ਼ੇ ਨਾਲ ਪਾਸ਼ ਦਾ ਸਹਿਤਕ ਸ਼ਰੀਕਾ ਵੀ ਸੀ; ਤੇਹੁ ਵੀ ਤੇ ਕਸਬੀ ਮੁਕਾਬਲਾ ਵੀ। ਮੀਸ਼ੇ ਬਾਰੇ
ਗੱਲ ਪਾਸ਼ ਏਦਾਂ ਸ਼ੁਰੂ ਕਰਿਆ ਕਰਦਾ ਸੀ: ਯਾਰ, ਮੀਸ਼ਾ ਮੇਰਾ ਭਰਾ ਆ। ਇਹ ਗੱਲ ਉਹਨੇ ਮੈਨੂੰ ਦੋ
ਤਿੰਨ ਵਾਰ ਸੁਣਾਈ ਸੀ। ਪਹਿਲੀ ਵਾਰੀ, ਇਹ ਗੱਲ ਸੁਣਨ ਵਾਲੇ ਨੇ ਰਤਾ ਕੁ ਹੈਰਾਨ ਹੋਣਾ – ਇਹ
ਕੀ ਰਾਜ ਹੋਇਆ। ਏਨੀ ਕੁ ਸਾਂਝ ਦਾ ਤਾਂ ਸੱਭ ਨੂੰ ਪਤਾ ਸੀ ਕਿ ਦੋਵੇਂ ਕਵੀ ਸੀ – ਵੱਡੇ ਕਵੀ।
ਪਾਸ਼ ਤਲਵੰਡੀ ਸਲੇਮ ਦਾ ਸੀ ਤੇ ਮੀਸ਼ਾ ਭੇਟਾਂ ਦਾ। ਇਕ ਕਪੂਰਥਲੇ ਦਾ ਦੂਜਾ ਜਲੰਧਰ ਦਾ। ਇਕ
ਦੋਨੇ ਦਾ, ਦੂਜਾ ਵੀ ਦੋਨੇ ਦਾ ਹੀ। ਪਾਸ਼ ਦੀ ਉਦੋਂ ਪੂਰੀ ਚੜ੍ਹ ਮਚੀ ਹੋਈ ਸੀ। ਘੱਟ ਤਾਂ
ਮੀਸ਼ਾ ਵੀ ਨਹੀਂ ਸੀ, ਰੇਡੀਓ ਦਾ ਸ਼ਾਹ ਅਸਵਾਰ ਵੀ ਸੀ। ਇੱਕ ਦੂਜੇ ਤੋਂ ਵਧਕੇ। ਹਾਂ ਮੀਸ਼ੇ ਦੇ
ਨਾਨਕੇ, ਜਹਾਂਗੀਰ ਸੀ। ਮੱਲੀਆਂ ਦੇ ਨਾਲ ਕਰਕੇ। ਪਾਸ਼ ਦੇ ਪਿੰਡੋਂ ਮਸਾਂ ਤਿੰਨ-ਚਾਰ ਮੀਲ ਦੇ
ਫ਼ਰਕ ‘ਤੇ। ਹੋਰ ਕਿਸੇ ਤਰ੍ਹਾਂ ਦਾ ਨੇੜ ਨਹੀਂ ਸੀ। ਪਾਸ਼ ਜੱਟ ਸੀ ਤੇ ਮੀਸ਼ਾ ਦਰਜੀ। ਫਿਰ ਪਾਸ਼
ਨੇ ਮੁਸਕੜੀਏਂ ਹੱਸਦੇ ਨੇ ਹੌਲ਼ੀ ਹੌਲ਼ੀ ਗੱਲ ਦੀ ਤਹਿ ਖੋਲ੍ਹ ਦੇਣੀ। ਰਤਾ ਕੁ ਅਟਕ ਕੇ,
ਬੁੱਲੀਂ ਖਚਰਾ ਹਾਸਾ ਹੱਸਣਾ ਤੇ ਦੱਸਣਾ: ਯਾਰ ਮੀਸ਼ਾ ਤੇ ਮੈਂ ਮਾਮੀ ਵੱਟ ਭਰਾ ਆਂ। ਫਿਰ
ਵਿਚਲਾ ਸਾਰਾ ਭੇਤ ਖੋਹਲਣਾ। ਮੀਸ਼ੇ ਦੀ ਮਾਮੀ ਪਾਸ਼ ਦੇ ਕਿਸੇ ਰਿਸ਼ਤੇਦਾਰ ਨੇ ਕੱਢ ਲਿਆਂਦੀ ਸੀ
ਜਾਂ ਉਹ ਆਪੇ ਆ ਗਈ ਸੀ। ਪਹਿਲਾਂ ਔਰਤ ਮੀਸ਼ੇ ਦੀ ਮਾਮੀ ਸੀ ਹੁਣ ਪਾਸ਼ ਦੀ ਕੁਛ ਲਗਦੀ ਸੀ।
ਜਦੋਂ ਇਹ ਵਲੈਤ ਆਇਆ, ਉਦੋਂ ਵਲੈਤੀ ਪੰਜਾਬੀ ਸਿਆਸਤ ਦਾ ਮਹੌਲ ਪੰਜਾਬ ਵਾਂਗੂ ਬੁਰੀ ਤਰ੍ਹਾਂ
ਵੰਡਿਆ ਹੋਇਆ ਸੀ। ਲੇਖਕ ਭਾਈਚਾਰਾ ਵੀ ਕਈ ਥਾਈਂ ਪਾਟਾ ਹੋਇਆ ਸੀ। ਇਕ ਪਾਸੇ ਖਾਲਿਸਤਾਨੀ ਸੀ,
ਦੂਜੇ ਪਾਸੇ ਖਾਲਿਸਤਾਨ ਦਾ ਵਿਰੋਧ ਕਰਨ ਵਾਲ਼ੇ। ਕਈ ਵਿਚ ਵਿਚਾਲ਼ੇ ਵਾਲ਼ੇ ਵੀ ਸੀ; ਕਈ ਦੋਂਹ
ਬੇੜੀਆਂ ‘ਚ ਪੈਰ ਰੱਖਣ ਵਾਲੇ ਵੀ। ਭਿੰਡਰਾਂਵਾਲੇ ਨੂੰ ਕਿਸਾਨੀ ਦਾ ਲੀਡਰ ਮੰਨਣ ਵਾਲੇ ਵੀ,
ਕਾਮਰੇਡਾਂ ਦੀ ਸੋਚ ਨੂੰ ਗ਼ਲਤ ਮੰਨਣ ਵਾਲੇ ਵੀ। ਕਈ ਸਾਰਾ ਕਸੂਰ ਕਾਂਗਰਸ ਦਾ ਕੱਢਣ ਵਾਲੇ ਤੇ
ਕਈ ਬਹੁਤਾ। ਕੁਝ ਖਾਲਿਸਤਾਨ ਵੱਲ ਮੋਹ ਰੱਖਣ ਵਾਲੇ; ਕਈ ਦੋਹਾਂ ਧਿਰਾਂ ਨੂੰ ਦੋਸ਼ੀ ਮੰਨਣ
ਵਾਲੇ ਤੇ ਵਿੱਚੇ ਹਿੰਦੂ ਭਾਵਨਾਵਾਂ ਵਾਲੇ ਵੀ ਸੀ। ਇਹ ਤਕਰੀਬਨ ਸੱਭ ਨੂੰ ਹੀ ਮਿਲ਼ਿਆ। ਕਈ
ਸੈਕੂਲਰ ਵਿਚਾਰਾਂ ਵਾਲ਼ਿਆਂ ਨੂੰ ਇਹ ਗੱਲ ਚੁੱਭੀ ਵੀ। ਕਈ ਬੰਦੇ ਏਸੇ ਕਰਕੇ ਨਰਾਜ਼ ਵੀ ਹੋ ਗਏ।
ਪਰ ਇਹ ਵਲੈਤ ਦੀ ਨਬਜ਼ ਟੋਹਣੀ ਚਾਹੁੰਦਾ ਸੀ। ਕੈਲੈਫੋਰਨੀਆ ਪਹੁੰਚ ਕੇ ਇਹਨੇ ਵਿਸਥਾਰ ਨਾਲ
ਚਿੱਠੀਆਂ ਲਿਖੀਆਂ, ਅਪਣੀ ਰਾਏ ਦੱਸੀ। ਇਹਦੀ ਰਾਏ ਸੀ ਕਿ ਵਲੈਤ ਦੇ ਬਹੁਤੇ ਲੇਖਕ ‘ਸਿੱਖ
ਪ੍ਰਸਤੀ’ ਚ ਜਾ ਫਸੇ ਸੀ। ਜਿਹਨੂੰ ਇਹ ਨਿੰਦਦਾ ਸੀ। ਮਨੁੱਖਤਾ ਨੂੰ ਸਨਕੀ ਢੰਗ ਨਾਲ ਸੀਮਤ
ਕਰਕੇ ਦੇਖਣ ਵਾਲਿਆ ਦੇ ਖਾਸ ਕਰਕੇ ਵਿਰੁਧ ਸੀ। ਕਈ ਵਲੈਤੀ ਲੇਖਕਾਂ ਬਾਰੇ ਇਹਦੇ ਬਣੇ ਪ੍ਰਭਾਵ
ਟੁੱਟੇ।
ਘਰ ਪਰਿਵਾਰ ਜਾਂ ਸਮਾਜ ਦੇ ਸੰਸਕਾਰ ਛੇਤੀ ਕੀਤੀਆਂ ਇਕਦਮ ਨਹੀਂ ਬਦਲਦੇ ਹੁੰਦੇ। ਕਿਤੇ ਨਾ
ਕਿਤੇ ਪਾਸ਼ ਅੰਦਰ ਜੱਟ ਤਾਂ ਬੈਠਾ ਸੀ। ਇਹ ਤਾਂ ਪਤਾ ਨਹੀਂ ਕਿ ਪਾਸ਼ ਇਹਨੂੰ ਕਿੰਨਾ ਕੁ ਕਾਬੂ
‘ਚ ਰੱਖਦਾ ਸੀ ਕਿ ਨਹੀਂ ਪਰ ਇਹ ਕਈ ਵਾਰੀ ਬਾਹਰ ਆ ਜਾਂਦਾ ਸੀ। ਅਪਣੀ
ਡਾਇਰੀ ਵਿਚ ਵੀ ਇਹ, ਚੂਹੜੇ-ਚੂਹੜੇ ਕਰਦਾ ਹੈ। ਤੇ ਕਵਿਤਾ ਵਿਚ ਵੀ ਖੁਸ਼ੀਏ ਚੂਹੜੇ ਦਾ ਜ਼ਿਕਰ
ਕਰਦਾ ਹੈ। ਸੁਰਜੀਤ ਪਾਤਰ ਦੀ ਕਵਿਤਾ ‘ਚ ਬਹੁਤਾ ‘ਵੁੱਡ ਵਰਕ’ ਹੋਣ ਦੀ ਗੱਲ ਵੀ ਕਰ ਦਿੰਦਾ
ਸੀ। ਪ੍ਰੋ ਮੋਹਨ ਸਿੰਘ ਨੂੰ ਵੀ ਗੰਗਾ ਬਾਹਮਣੀ ਵਾਲੇ ਜ਼ਿਕਰ ਤੋਂ ਖੱਤਰੀ-ਖੱਤਰੀ ਕਰਨ ਲੱਗ
ਪਿਆ ਸੀ। ਏਸੇ ਕਰਕੇ ਪ੍ਰੋ ਸਾਹਿਬ ਨਾਲ਼ ਤੂੰ-ਤੂੰ ਮੈਂ ਮੈਂ ਵੀ ਹੋ ਗਈ ਸੀ। ਤੇ ਪ੍ਰੋ ਮੋਹਨ
ਸਿੰਘ ਦੀ ਨਰਾਜ਼ਗੀ ਵੀ ਝੱਲੀ ਸੀ। ਪਰ ਜਦੋਂ ਇਹ ਵਲੈਤ ਆਇਆ ਤਾਂ ਇਹ ਦਲਿੱਤਾਂ ਤੇ ਕੰਮੀਆਂ
ਨੂੰ ‘ਸ਼ੁੱਧ ਮਜ਼ਦੂਰ’ ਜਮਾਤ ਕਹਿੰਦਾ ਸੀ; ਤੇ ਇਨ੍ਹਾਂ ਨੂੰ ਨਾਲ਼ ਲਏ ਬਿਨਾਂ ਇਨਕਲਾਬ ਸੰਭਵ
ਨਹੀਂ ਹੋਣਾ। ਪੋਲਿਟੀਕਲੀ ਸਹੀ ਜ਼ੁਬਾਨ ‘ਚ ਗੱਲਾਂ ਕਰਨ ਲੱਗ ਪਿਆ ਸੀ।
ਪਾਸ਼ ਨੇ ਕਿਸੇ ਹਮਲਾ ਕਰਨ ਆਏ ‘ਖਾਲਸਿਤਾਨੀ’ ਦਾ ਕਿੱਸਾ ਇਓਂ ਦੱਸਿਆ ਸੀ: ਕੋਈ ਮਾਝੇ ਵੱਲ ਦਾ
ਨਵਾਂ ਬੰਦਾ ਕਈ ਦਿਨ ਇਲਾਕੇ ‘ਚ ਤੁਰਿਆ ਫਿਰਦਾ ਰਿਹਾ। ਇਹ ਭਾਊ ਆਖੀ ਜਾਇਆ ਕਰੇ: ਮੈਂ
ਪਟਵਾਰੀ ਨੂੰ ਮਿਲਣਾ, ਕਿਸੇ ਪਟਵਾਰੀ ਨੂੰ ਮਿਲਣਾ। ਉਨ੍ਹਾਂ ਦਿਨਾਂ ‘ਚ ਕਿਸੇ ਅਣਜਾਣ ਮਝੈਲ
ਦਾ ਇਲਾਕੇ ‘ਚ ਤੁਰੇ ਫਿਰਨਾ ਸ਼ੱਕੀ ਹੀ ਹੋ ਸਕਣਾ ਸੀ। ਪਾਸ਼ ਨੂੰ ਸ਼ੱਕ ਪੈ ਗਈ, ਬਈ ਇਲਾਕੇ ‘ਚ
ਇਹ ਨਵਾਂ ਬੰਦਾ ਕਈਆਂ ਦਿਨਾਂ ਦਾ ਪਟਵਾਰੀ ਪਟਵਾਰੀ ਕਿਉਂ ਕਰਦਾ ਫਿਰਦਾ। ਕਿਤੇ ਕੋਈ ਕਾਰਾ ਹੀ
ਨਾ ਕਰਨ ਆਇਆ ਹੋਵੇ। ਫਿਰਦਾ-ਫਿਰਾਉਂਦਾ, ਉਹ ਬੰਦਾ ਉੱਗੀ ਅੱਡੇ ‘ਤੇ ਸਾਈਕਲ ਖੜਾ ਕਰਕੇ ਚਾਹ
ਪੀਣ ਲੱਗ ਪਿਆ। ਇਨ੍ਹਾਂ ਦੀ ਆਪਸ ‘ਚ ਪਹਿਲਾਂ ਹੀ ਜ਼ੁਜ ਰਲ਼ਾਈ ਹੋਈ ਸੀ। ਇਹ ਸਾਰੇ ਲਾਗੇ ਬੰਨੇ
ਦੁਕਾਨਾਂ ‘ਚ ਇਕ ਇਕ ਦੋ ਦੋ ਕਰਕੇ ਪਹਿਲਾਂ ਹੀ ਪੜਦੇ ਨਾਲ ਖੜੇ ਸੀ। ਜਦੋਂ ਪਤਾ ਲੱਗ ਗਿਆ ਕਿ
ਹੁਣ ਉਹ ਅਵੇਸਲਾ ਹੋ ਗਿਆ ਤਾਂ ਇਹ ‘ਕੱਲਾ ‘ਕੱਲਾ ਕਰਕੇ ਉਸੇ ਚਾਹ ਵਾਲੀ ਦੁਕਾਨ ‘ਚ ਚਲੇ ਗਏ,
ਦੋ ਜਣੇ ਸਾਈਕਲ ਕੋਲ ਖੜੇ ਹੋ ਗਏ। ਉਸ ਭਾਈ ਨੂੰ ਫੜ ਕੇ ਕਾਬੂ ਕਰ ਲਿਆ। ਦੋ ਚਾਰ ਜੜ ਵੀ
ਦਿੱਤੀਆਂ। ਇਨ੍ਹਾਂ ਦਾ ਸ਼ੱਕ ਠੀਕ ਨਹੀਂ ਸੀ। ਸਾਈਕਲ ਦੇ ਪਿੱਛੇ ਬੱਧਾ ਸਮਾਨ ਵੀ ਅਸਲਾ ਨਾ
ਨਿਕਲਿਆ। ਬਾਅਦ ‘ਚ ਪਤਾ ਲੱਗਾ ਕਿ ਉਹ ਬੰਦਾ ਤਾਂ ਸੱਚੀਓਂ ਹੀ ਅਪਣੀ ਜ਼ਮੀਨ ਦੇ ਝਗੜੇ ਦੇ
ਮਾਮਲੇ ‘ਚ ਕਿਸੇ ਪਟਵਾਰੀ ਦੀ ਰਾਏ ਭਾਲ਼ਦਾ ਫਿਰਦਾ ਸੀ। ਖਾਲਿਸਤਾਨੀਆਂ ਨੇ ਇਲਾਕੇ ਦੇ
ਕਾਮਰੇਡਾਂ ‘ਤੇ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਸੀ। ਕੁਝ ਸ਼ਹੀਦ ਵੀ ਕਰ ਦਿੱਤੇ। ਪਾਸ਼ ਦਾ ਨਾਂ
ਵੀ ਲਿਸਟ ‘ਚ ਸੱਭ ਤੋਂ ਉੱਤੇ ਪਾਇਆ ਹੋਇਆ ਸੀ। ਇਹਦਾ ਜ਼ਿਕਰ ਇਹ ਚਿੱਠੀਆਂ ‘ਚ ਵੀ ਕਰਦਾ ਹੈ।
ਚੌਕਸੀ ਦੇ ਬਾਵਜੂਦ ਵੀ ਖ਼ਤਰਾ ਤਾਂ ਸੀ ਹੀ। ਅਗਲਿਆਂ ਕੋਲ ਮਾਰੂ ਹਥਿਆਰ ਸੀ, ਪੈਸੇ ਸੀ,
ਲੁਕਣਗਾਹਾਂ ਦੀ ਤੋਟ ਨਹੀਂ ਸੀ। ਸਰਕਾਰ ਬੇਅਸਰ ਹੋ ਗਈ ਸੀ ਤੇ ਪੁਲਸ ਇਨ੍ਹਾਂ ਤੋਂ ਆਪ
ਤ੍ਰਿਹਿੰਦੀ ਸੀ ਤੇ ਟਾਲਾ ਵੱਟਦੀ ਸੀ।
ਪਾਸ਼ ਅਪਣੇ ਸਿਰ ਪਏ ਕਤਲ ਕੇਸ ਦਾ ਮਾਮਲਾ ਏਦਾਂ ਦਸਦਾ ਹੁੰਦਾ ਸੀ: ਕੁਝ ਲੋਕਾਂ ਦੀ ਨਕੋਦਰ
ਲਾਗਲੇ ਦਲਿਤ ਭੱਠੇ ਮਾਲਕ ਨਾਲ ਕਿੜ੍ਹ ਸੀ। ਜ਼ਿਆਦਾ ਏਸ ਕਰਕੇ ਵੀ ਕਿ ਉਹ ਆਪ ਤਾਂ ਹੀਣੀ ਜ਼ਾਤ
ਦਾ ਸੀ ਤੇ ਉਹਦੇ ਮੁਣਸ਼ੀ-ਮੁਨੀਮ ਉੱਚੀ ਜ਼ਾਤ ਦੇ। ਏਸੇ ਕਿੜ ‘ਚ ਮਾਲਕ ਦੇ ਮੁਤੈਹਤਾਂ ਨੇ
ਝੂਠੀਆਂ ਸ਼ਿਕਾਇਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਸੀ। ਕਿਸੇ ਨਾ ਕਿਸੇ ਤਰ੍ਹਾਂ ਕਿਸੇ ਗਰੁੱਪ
ਨਾਲ ਰਸਾਈ ਕਰ ਲਈ ਸੀ। ਤੋਹਮਤਾਂ ਲਾ ਕੇ ਉਹਨੂੰ ਵੱਡਾ ਸਰਮਾਏਦਾਰ ਦੁਸ਼ਮਣ ਗਰਦਾਨ ਲਿਆ ਸੀ।
ਓਧਰੋਂ ਪਾਸ਼ ਤੇ ਚੰਦਨ ਵੀ ਘਰੇ ਬੈਠੇ ਸੀ। ‘ਗੁਰੀਲਿਆਂ’ ਨੇ ਬਿਨਾਂ ਪੁੱਛ ਪੜਤਾਲ ਕੀਤਿਆਂ
ਭੱਠੇ ਮਾਲਕ ਨੂੰ ਗੋਲੀਆਂ ਮਾਰਕੇ ਉਹਦੀ ਬਿਨਾਂ ਵਜਾਹ ਹੱਤਿਆ ਕਰ ਦਿੱਤੀ ਸੀ। ਮੁਖ਼ਬਰ ਵੀ ਨਾਲ਼
ਹੀ ਸੀ। ਜਦੋਂ ਪਹਿਲੀ ਗੋਲੀ ਚੱਲੀ ਤਾਂ ਉਹ ਆਪ ਡਰਦਾ ਗਸ਼ ਖਾ ਕੇ ਡਿੱਗ ਪਿਆ ਸੀ। ਗੁਰੀਲਿਆਂ
ਨੇ ਜਾਂਦੇ ਜਾਂਦੇ ਭੱਠੇ ਮਾਲਕ ਦੀ ਘੜੀ ਤੇ ਮੁੰਦੀ ਵੀ ਲਾਹ ਲਈ ਸੀ ਤੇ ਬਟੂਆ ਵੀ ਲੈ ਗਏ ਸੀ।
ਪੁਲਸ ਨੇ ਦੂਏ ਤੀਜੇ ਦਿਨ ਪਾਸ਼ ਨੂੰ ਘਰੋਂ ਚੁੱਕ ਲਿਆ ਸੀ। ਚੰਦਨ ਨੇ ਪਾਸ਼ ਨੂੰ ਪੁਲਸ ਦੀ
ਹਿਰਾਸਤ ‘ਚ ਟੈਂਪੂ ਵਿਚ ਬੈਠੇ ਨੂੰ ਨਕੋਦਰ ਅੱਡੇ ‘ਚ ਦੇਖ ਲਿਆ ਸੀ ਤੇ ਉਦੋਂ ਹੀ ਪਰ੍ਹੇ ਹੋ
ਗਿਆ ਸੀ। ਹੋ ਸਕਦਾ ਪੁਲਸ ਨੂੰ ਅਸਲੀ ਵਾਰਦਾਤ ਕਰਨ ਵਾਲਿਆਂ ਦਾ ਪਤਾ ਵੀ ਹੋਵੇ ਪਰ ਪੁਲਸ ਨੇ
ਇਹ ਕੇਸ ਪਾਸ਼ ਸਿਰ ਪਾ ਦਿੱਤਾ ਸੀ। ਇਹ ਜੇਲ੍ਹ ਚਲੇ ਗਿਆ ਸੀ। ਝੂਠ ਤਾਂ ਝੂਠ ਹੀ ਹੁੰਦਾ ਹੈ।
ਕੇਸ ਚੱਲਿਆ ਤੇ ਇਹ ਬਰੀ ਹੋ ਗਿਆ। ਪਰ ਬੇਲੋੜਾ ਖਰਚਾ ਤੇ ਪਰੇਸ਼ਾਨੀ ਤਾਂ ਝੱਲਣੀ ਹੀ ਪਈ ਸੀ।
ਨਿਹੱਕਾ ਬੰਦਾ ਮਾਰਿਆ ਗਿਆ ਤੇ ਉਹਦੇ ਕੁਝ ਰਿਸ਼ਤੇਦਾਰ ਲਹਿਰ ਵੱਲੋਂ ਮੂੰਹ ਮੋੜ ਗਏ। ਘਰਦਿਆਂ
ਨੂੰ ਵੱਖਰੀ ਔਖ ਹੋਈ।
ਪਾਸ਼ ਦਾ ਅਪਣਾ ਟੱਬਰ ਛੋਟਾ ਰਹਿ ਗਿਆ। ਇਹ ਅਪਣੀ ਧੀ ਵਿੰਕਲ ਦਾ ਬਹੁਤ ਤੇਹ ਕਰਦਾ ਸੀ। ਜਾਨੋਂ
ਵੱਧ। ਬੱਚਿਆਂ ਦਾ ਮੋਹ ਸਾਰੇ ਮਾਂ ਬਾਪ ਕਰਦੇ ਹੁੰਦੇ ਨੇ। ਵਿੰਕਲ ਹੁਣ ਆਪ ਮਾਂ ਬਣ ਗਈ ਹੈ
ਤੇ ਪਾਸ਼ ਨੇ ਹੁਣ ਨਾਨਾ ਬਣਿਆ ਹੋਣਾ ਸੀ। ਨਾਨਾ ਦੋਹਤਾ ਕਿਵੇਂ ਰਚਦੇ ਮਿਚਦੇ। ਅਪਣੀ ਅਣਸ ਨੂੰ
ਅੱਗੇ ਵੱਧਦਾ ਦੇਖ ਕਿ ਉਹ ਕਿੱਦਾਂ ਸੋਚਦਾ? ਹੁਣ ਕਿਆਸ ਅਰਾਈਆਂ ਬਣ ਗਈਆਂ ਨੇ। ਆਪ ਹੁੰਦਾ
ਤਾਂ ਦੱਸਦਾ, ਲਿਖਦਾ। ਖੁੱਲ੍ਹ ਕੇ ਬਿਆਨ ਕਰਦਾ।
ਅਸੀਂ ਅਪਣੇ ਸ਼ਹਿਰ ਸੰਤ ਰਾਮ ਉਦਾਸੀ ਦੀ ਯਾਦ ਚ ਫੰਕਸ਼ਨ ਕਰਨਾ ਸੀ। ਪਾਸ਼ ਮੇਰੇ ਕੋਲ ਹੀ ਸੀ;
ਮੈਂ ਕਿਹਾ: ਕੋਈ ਨਵੀਂ ਕਵਿਤਾ ਪੜ੍ਹੀਂ। ਏਥੇ ਹੀ ਪਾਸ਼ ਨੇ ‘ਸੱਭ ਤੋਂ ਖ਼ਤਰਨਾਕ’ ਕਵਿਤਾ
ਲਿਖੀ। ਇਹ ਉਦਾਸੀ ਨੂੰ ਅਸਲ ਲੋਕ ਕਵੀ ਮੰਨਦਾ ਸੀ, ਉਹਦੀ ਸਿਫ਼ਤ ‘ਚ ਬਹੁਤ ਕੁਝ ਕਹਿ ਜਾਂਦਾ
ਸੀ। ਪਹਿਲਾਂ ਪਹਿਲਾਂ ਇਹ ‘ਸੁਪਨੇ’ ਤੇ ‘ਸੱਭ ਤੋਂ ਖ਼ਤਰਨਾਕ’ ’ਕੱਠੀਆਂ ਹੀ ਪੜ੍ਹ ਦਿਆ ਕਰਦਾ
ਸੀ; ਬਾਅਦ ਚ ਅੱਡ ਅੱਡ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਨਿਆਰੀ ਗੱਲ ਇਹ ਹੋਈ ਕਿ ਇਸ ਕਵਿਤਾ
ਨੂੰ ਆਮ ਅਨਪੜ੍ਹ ਤੇ ਘੱਟ ਪੜ੍ਹੇ ਲੋਕਾਂ ਨੇ ਵੀ ਬਹੁਤ ਸਰ੍ਹਾਇਆ। ਇਹਦੀ ਬੜੀ ਵਾਹ-ਵਾਹ
ਬੱਲੇ-ਬੱਲੇ ਹੋਈ। ਪੰਜਾਹ ਸੱਠ ਬੰਦਿਆਂ ਦੇ ‘ਕੱਠ ਨੇ ਮੁੜ ਮੁੜ ਕੇ ਪੜ੍ਹਨ ਦੀ ਸਿਫ਼ਾਰਸ਼
ਕੀਤੀ। ਬਾਕੀ ਦੀਆਂ ਕਵਿਤਾਵਾਂ ਇਹਨੇ ‘ਸਾਡੇ ਸਮਿਆਂ ਚ’ ਚੋਂ ਪੜ੍ਹ ਕੇ ਸੁਣਾਈਆਂ। ਪ੍ਰੋਗਰਾਮ
ਕਾਮਯਾਬ ਹੋ ਗਿਆ ਸੀ। ਪਾਸ਼ ਬਹੁਤ ਖੁਸ਼ ਹੋਇਆ; ਅਸੀਂ ਵੀ ਸਾਰੇ ਖੁਸ਼ ਹੋਏ।
ਕਿਰਤ ਦੀ ਲੁੱਟ ਸਭ ਤੋˆ ਖ਼ਤਰਨਾਕ ਨਹੀˆ ਹੁੰਦੀ ਪੁਲਸ ਦੀ ਕੁੱਟ ਸਭ ਤੋˆ ਖ਼ਤਰਨਾਕ ਨਹੀˆ
ਹੁੰਦੀ ਗੱਦਾਰੀ-ਲੋਭ ਦੀ ਮੁਠ ਸਭ ਤੋˆ ਖ਼ਤਰਨਾਕ ਨਹੀˆ ਹੁੰਦੀ ।
ਬੈਠੇ ਸੁੱਤਿਆˆ ਫੜੇ ਜਾਣਾ - ਬੁਰਾ ਤਾˆ ਹੈ ਡਰੂ ਜਿਹੀ ਚੁੱਪ ਵਿਚ ਮੜ੍ਹੇ ਜਾਣਾ - ਬੁਰਾ
ਤਾˆ ਹੈ ਸਭ ਤੋˆ ਖ਼ਤਰਨਾਕ ਨਹੀˆ ਹੁੰਦਾ । ਕਪਟ ਦੇ ਸ਼ੋਰ ਵਿਚ ਸਹੀ ਹੁੰਦਿਆˆ ਵੀ ਦਬ ਜਾਣਾ,
ਬੁਰਾ ਤਾˆ ਹੈ ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ - ਬੁਰਾ ਤਾˆ ਹੈ ਸਭ ਤੋˆ
ਖ਼ਤਰਨਾਕ ਨਹੀˆ ਹੁੰਦਾ । ਸਭ ਤੋˆ ਖ਼ਤਰਨਾਕ ਹੁੰਦਾ ਹੈ ਮੁਰਦਾ ਸ਼ਾˆਤੀ ਨਾਲ ਭਰ ਜਾਣਾ, ਨਾ
ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ ਘਰਾˆ ਤੋˆ '69ਨਕਲਣਾ ਕੰਮ ‘ਤੇ ਤੇ ਕੰਮ ਤੋˆ ਘਰ ਜਾਣਾ,
ਸਭ ਤੋˆ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆˆ ਦਾ ਮਰ ਜਾਣਾ । ਸਭ ਤੋˆ ਖ਼ਤਰਨਾਕ ਉਹ ਘੜੀ
ਹੁੰਦੀ ਹੁੰਦੀ ਹੈ ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ
ਹੈ । ਸਭ ਤੋˆ ਖ਼ਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆˆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾˆਦੀ ਹੈ ਜੋ ਚੀਜ਼ਾˆ ‘ਚੋˆ ਉਠਦੀ
ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾˆਦੀ ਹੈ ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀˆਦੀ
ਹੋਈ ਇੱਕ ਮੰਤਕਹੀਣ ਦੁਹਰਾਅ ਦੇ ਗਧੀ-ਘੇੜ ਵਿਚ ਹੀ ਰੁਲ ਜਾˆਦੀ ਹੈ । ਸਭ ਤੋˆ ਖ਼ਤਰਨਾਕ ਉਹ
ਚੰਨ ਹੁੰਦਾ ਹੈ ਜੋ ਹਰ ਕਤਲ ਕਾˆਡ ਦੇ ਬਾਅਦ ਸੁੰਨ ਹੋਏ ਵਿਹੜਿਆˆ ਵਿਚ ਚੜ੍ਹਦਾ ਹੈ ਪਰ
ਤੁਹਾਡੀਆˆ ਅੱਖਾˆ ਨੂੰ ਮਿਰਚਾˆ ਵਾˆਗ ਨਹੀˆ ਲੜਦਾ ਹੈ । ਸਭ ਤੋˆ ਖ਼ਤਰਨਾਕ ਉਹ ਗੀਤ ਹੁੰਦਾ
ਹੈ ਤੁਹਾਡੇ ਕੰਨਾˆ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਲੰਘਦਾ ਹੈ ਡਰੇ ਹੋਏ ਲੋਕਾˆ ਦੇ ਬਾਰ
ਮੂਹਰੇ - ਜੋ ਵੈਲੀ ਦੀ ਖੰਘ ਖੰਘਦਾ ਹੈ । ਸਭ ਤੋˆ ਖ਼ਤਰਨਾਕ ਉਹ ਰਾਤ ਹੁੰਦੀ ਹੈ ਜੋ ਪੈˆਦੀ
ਹੈ ਜੀਉˆਦੀ ਰੂਹ ਦਿਆˆ ਆਕਾਸ਼ਾˆ ‘ਤੇ ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾˆਕਦੇ ਚਿਮਟ
ਜਾˆਦੇ ਸਦੀਵੀ ਨੇਰ੍ਹ ਬੰਦ ਬੂਹਿਆˆ ਚੁਗਾਠਾˆ ‘ਤੇ ਸਭ ਤੋˆ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿਚ ਆਤਮਾˆ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ‘ਚ ਖੁਭ ਜਾਵੇ । ਕਿਰਤ
ਦੀ ਲੁੱਟ ਸਭ ਤੋˆ ਖ਼ਤਰਨਾਕ ਨਹੀˆ ਹੁੰਦੀ ਪੁਲਸ ਦੀ ਕੁੱਟ ਸਭ ਤੋˆ ਖ਼ਤਰਨਾਕ ਨਹੀˆ ਹੁੰਦੀ
ਗੱਦਾਰੀ-ਲੋਭ ਦੀ ਮੁਠ ਸਭ ਤੋˆ ਖ਼ਤਰਨਾਕ ਨਹੀˆ ਹੁੰਦੀ ।
ਨਾਂ ਕੁਨਾਂ ਧਰਨ ‘ਚ ਵੀ ਪਾਸ਼ ਦਾ ਕੋਈ ਸਾਨੀ ਨਹੀਂ ਸੀ; ਏਸ ਮਾਮਲੇ ‘ਚ ਕਿਸੇ ਨੂੰ ਮਾਫੀ ਵੀ
ਨਹੀਂ ਸੀ ਦਿੰਦਾ; ਅਪਣੇ ਆਪ ਨੂੰ ਵੀ ਨਹੀਂ। ਅਪਣੇ ਨਾਂ-ਕੁਨਾਂ ਬੂਟੀ ਰਾਮ ਹਾਂਡਾ, ਤੀਰਥ
ਰਾਮ, ਦੁਆਬੀਆ, ਤੀਰਥ ਰਾਮ ਇਹਦੇ ਆਪੇ ਰੱਖੇ ਹੋਏ ਸੀ। ਬਟਾਲਵੀ ਨੂੰ ਸ਼ਿਵ ਸਿਓਂ ਤੇ ਪ੍ਰੋ
ਮੋਹਨ ਸਿੰਘ ਨੂੰ ਮੋਹਨ ਲਾਲ। ਗਿੱਦੜ ਸਿੰਘ ਭੱਖੜਾ ਤੋਂ ਲੈ ਕੇ ਹੋਰ ਕਈ ਨਾ ਕੁਨਾਂ ਧਰੇ ਹੋਏ
ਸੀ। ਇਹਦਾ ਮੁੱਖ ਕਾਰਨ ਤਾਂ ਚਿੱਤ ਖੁਸ਼ ਕਰਨਾ ਹੀ ਹੁੰਦਾ ਸੀ ਜਾਂ ਨਾਂ ਦੇ ਮਤਲਬ ਤੋਂ ਉਲਟ
ਸਖ਼ਸ਼ ਦੀ ਅਸਲ ਤਰਜ਼ਮਾਨੀ।
ਪਾਸ਼ ਦਸਦਾ ਸੀ ਕਿ ਇਹ ਪਹਿਲਾਂ ਚੰਦਨ ਦੇ ਬਾਪ ਦਾ ਮਿੱਤਰ ਸੀ ਤੇ ਇਨ੍ਹਾਂ ਦੇ ਘਰ ਆਉਣ ਜਾਣ
ਸੀ। ਨਕਸਲਬਾੜੀ ਲਹਿਰ ਉੱਠੀ ਤਾਂ ਨੇੜ ਅਮਰਜੀਤ ਨਾਲ ਹੋ ਗਿਆ- ਬਹੁਤ ਜ਼ਿਆਦਾ ਨੇੜ। ਲੇਖਕਾਂ
‘ਚੋ ਇਹ ਹੀ ਇਕ ਦੂਜੇ ਨੂੰ ਸੱਭ ਤੋਂ ਵੱਧ ਜਾਣਦੇ ਹੋਣੇ ਆਂ। ਏਸੇ ਨੇੜਤਾ ਕਾਰਨ ਇਹ ਜਾਣਦਾ
ਸੀ, ਚੰਦਨ ਦਾ ਸੁਭਾਅ ਗੁਸੈਲਾ ਕਿਉਂ ਹੈ। ਇਹ ਅਧੀਰ ਕਿਉਂ ਹੈ। ਇਨ੍ਹਾਂ ਦੀ ਆਪਸ ‘ਚ ਦੂਰੀ
ਵੀ ਵਧੀ ਪਰ ਅੰਦਰੋਂ ਨੇੜਤਾ ਬਣੀ ਰਹੀ। ਲੰਡਨ ਆ ਕੇ ਵੀ ਸ਼ਕੁੰਤਲਾ ਚੰਦਨ (ਬੀਵੀ ਅਮਰਜੀਤ
ਚੰਦਨ) ਦੇ ਖਾਣ-ਪਕਵਾਨਾਂ ਦੀਆ ਸਿਫ਼ਤਾਂ ਕਰਦਾ ਥੱਕਦਾ ਨਹੀਂ ਸੀ ਤੇ ਗੋਪਾਲ ਸਿੰਘ ਚੰਦਨ ਨਾਲ
ਨੇੜਤਾ ਦੀਆਂ ਗੱਲਾਂ ਦੱਸਦਾ; ਪਹਿਲਾਂ ਇਹ ਆਪ ਵੀ ਸੀ ਪੀ ਆਈ ਦਾ ਮੈਂਬਰ ਹੁੰਦਾ ਸੀ। ਮੈਂਬਰ
ਕੀ ਲੀਡਰਾਂ ‘ਚੋਂ ਸੀ, ਸਕੂਲ ਵੀ ਲਾਉਂਦਾ ਰਿਹਾ ਸੀ। ਚੰਦਨਵਾੜੀ ‘ਚ ਇਹਦਾ ਆਉਣ-ਜਾਣ
ਮਿਲਣ-ਗਿਲਣ ਸੀ।
ਸੀ ਪੀ ਆਈ ਤੋਂ ਐਮ ਐਲ ‘ਚ ਆਉਣ ਦਾ ਕਾਰਣ ਦੱਸਦਾ ਹੁੰਦਾ ਸੀ ਕਿ ਇਹ ਜੇਹਲ ਵਿਚ ਹੀ ਸੀ।
ਇਹਨੇ ਗਰਮਾਈ ‘ਚ ਆ ਕੇ ਨਕਸਲਬਾੜੀ ਦੇ ਹੱਕ ਚ ਨਾਹਰੇ ਮਾਰ ਦਿੱਤੇ। ਜਗਜੀਤ ਸਿੰਘ ਆਨੰਦ ਵੀ
ਉਸੇ ਜੇਹਲ ਚ ਸੀ। ਉਹਨੇ ਬੁਰਾ ਮਨਾਇਆ। ਇਹਨੂੰ ਘੂਰਿਆ ਤੇ ਥੱਪੜ ਮਾਰ ਦਿੱਤਾ। ਇਹ ਖੁੱਲ ਕੇ
ਨਕਸਲਬਾੜੀ ਮੂਵਮੈਂਟ ਵੱਲ ਨੂੰ ਹੋ ਤੁਰਿਆ। ਅੱਗੇ ਤਾਂ ਸਭ ਪਤਾ ਹੀ ਹੈ। ਮੈਨੂੰ ਦੱਸੀ ਏਸ
ਗੱਲ ਦਾ ਚੈਨ ਸਿੰਘ ਚੈਨ ਦੀ ਅਸਤੀਫੇ ਵਾਲ਼ੀ ਲਿਖੀ ਚਿੱਠੀ ‘ਚ ਜ਼ਿਕਰ ਨਹੀਂ ਹੈ।
ਮੇਰੇ ਕੋਲ ਰਹਿੰਦਿਆਂ ਕਹਿੰਦਾ: ਚੱਲ ਬੁਲੰਦਿਆਂ ਵਾਲੇ ਦਰਸ਼ਨ ਕੋਲ ਚਲਦੇ ਆਂ – ਮੈਨੂੰ
ਸਮੁੰਦਰ ਬਹੁਤ ਚੰਗਾ ਲੱਗਦਾ। ਮੈਂ ਕੰਮ ਦੇ ਹਿਸਾਬ ਨਾਲ ਸਕੀਮ ਬਣਾ ਲਈ। ਅਸੀਂ ਦੋਵੇਂ ਰੇਲ
ਗੱਡੀਏ ਚੜ੍ਹ ਕੇ ਗਏ। ਜਦੋਂ ਲੰਡਨ ਲਾਗੇ ਪਹੁੰਚੇ ਤਾਂ ਕਹਿੰਦਾ ਚੰਦਨ ਨੂੰ ਵੀ ਲੈ ਚਲਦੇ ਆਂ।
ਉਹਨੂੰ ਫੋਨ ਕੀਤਾ ਤਾਂ ਚੰਦਨ ਦਾ ਮਨ ਤਾਂ ਜਾਣ ਨੂੰ ਬਹੁਤ ਤਾਹੂੰ ਸੀ ਪਰ ਉਹਦੇ ਪੁੱਤ ਦੀ
ਜਨਮ ਦਿਨ ਪਾਰਟੀ ਚਲਦੀ ਸੀ। ਕਹਿੰਦਾ: ਜੇ ਪਹਿਲਾਂ ਦੱਸਿਆ ਹੁੰਦਾ ਤਾਂ ਕੋਈ ਬਦਲ ਫੇਰ ਕਰਕੇ
ਚਲੇ ਜਾਣਾ ਸੀ।
ਨਿਰਾਸ਼ਾ ਵਾਲੇ ਦਿਨਾਂ ਦੀਆਂ ਗੱਲਾਂ ਕਰਦਾ ਪਾਸ਼ ਦੱਸਦਾ ਸੀ ਕਿ ਉਦੋਂ, ਇਹਦਾ ਮਨ ਜਿਨ੍ਹਾਂ
ਨਾਲ਼ ਅੱਖ ਵਲ਼ ਸੀ ਉਨ੍ਹਾਂ ਦੇ ਗਲ਼ ਪੈਣ ਨੂੰ ਕਰਦਾ ਰਹਿੰਦਾ ਹੁੰਦਾ ਸੀ। ਮਨ ਤੇ ਹੋਰ ਵੀ ਕਈ
ਭਾਰ ਸੀ। ‘ਦੇਹ ਨੂੰ ਕਈ ਵੈਲ’ ਵੀ ਲਾਏ ਹੋਏ ਸੀ। ਉੱਗੀਓਂ ਸਾਈਕਲ ‘ਤੇ ਆਉਣਾ ਤਾਂ ਦਾਹ
(ਦਾਤ) ਮੋਹਰੇ ਹੈਂਡਲ ‘ਚ ਟੰਗਿਆ ਹੋਣਾ; ਕਦੇ ਹੱਥ ‘ਚ ਹੋਣਾ; ਤੇ ਕਦੇ ਹੱਥ ਛੱਡ ਕੇ ਸਾਈਕਲ
ਚਲਾਉਂਦਿਆਂ, ਗਤਕੇ ਵਾਲਿਆਂ ਵਾਂਗੂ ਘੁੰਮਾਉਂਦੇ ਆਉਣਾ। ਕਈ ਵਾਰ ਚੀਕਾਂ ਲਲਕਾਰੇ ਵੀ ਮਾਰਨੇ।
ਅੰਦਰੋਂ ਤਾਂ ਇਹਨੂੰ ਖ਼ਬਰ ਸੀ ਕਿ ਇਹ ਵਰਤਾਰਾ ਠੀਕ ਨਹੀਂ। ਪਰ ਹਾਲਾਤ ਬੰਦੇ ਦਾ ਸੱਭ ਕੁਝ
ਕਾਬੂ ‘ਚ ਨਹੀਂ ਰਹਿਣ ਦਿੰਦੇ। ਪਾਸ਼ ਦੀਆਂ ਅਪਣੇ ਨੇੜੇ ਦੇ ਬੰਦਿਆਂ ਨਾਲ਼ ਊਤ੍ਹ ਆਤ੍ਹ ਕਰਨ
ਦੀਆਂ ਗੱਲਾਂ ਵੀ ਕਹੀਆਂ ਸੁਣੀਆਂ ਜਾਂਦੀਆਂ ਨੇ ਤੇ ਚੰਗੇ ਭਲੇ ਬੰਦਿਆਂ ਨੂੰ ਨਿਗੂਣੇ ਸਮਝਣ
ਕਰਾਰ ਦੇਣ ਦੀਆਂ ਵੀ।
ਇਹ ਅਗਲੀ ਵਾਰ ਆਇਆ ਤਾਂ ਮੇਰੀ ਨਾਨੀ ਵੀ ਮੇਰੇ ਕੋਲ ਆਈ ਹੋਈ ਸੀ। ਜਸਬੀਰ ਤੇ ਮੈਂ ਸਵੇਰੇ
ਕੰਮ ‘ਤੇ ਚਲੇ ਜਾਂਦੇ; ਬੱਚੇ ਸਕੂਲੇ ਚਲੇ ਜਾਂਦੇ। ਨਾਨੀ ਘਰੇ ਹੁੰਦੀ ਸੀ। ਇੱਕ ਦਿਨ ਮੈਨੂੰ
ਕਹਿੰਦੀ ਇਹ ਤੇਰਾ ਦੋਸਤ ਕਿੱਦਾਂ ਦਾ ਹੈ; ਨਾ ਰੋਟੀ ਖਾਂਦਾ, ਨਾ ਚਾਹ ਪੀਂਦਾ, ਬੱਸ ਕਿਤਾਬਾਂ
ਨਾਲ਼ ਹੀ ਮੱਥਾ ਮਾਰੀ ਜਾਂਦਾ ਰਹਿੰਦਾ। ਸਾਡੇ ਕੰਮੀ ਤੁਰ ਜਾਣ ਤੋਂ ਬਾਅਦ ਪਾਸ਼ ਕਮਰੇ ‘ਚੋਂ
ਬਾਹਰ ਨਾ ਨਿਕਲਦਾ। ਪੜ੍ਹਨ ਲਿਖਣ ‘ਚ ਹੀ ਰੁੱਝਾ ਰਹਿੰਦਾ।
ਜਦੋਂ ਕੈਲੈਫੋਰਨੀਆਂ ਤੋਂ ਮੁੜ ਕੇ ਦੂਜੀ ਵਾਰ ਆਇਆ ਤਾਂ ਬਹੁਤ ਸਾਰਿਆਂ ਨੂੰ ਮਿਲਿਆ, ਸਣੇ
ਸ਼ੇਰ ਜੰਗ ਜਾਂਗਲੀ ਦੇ। ਇਹਦੀ ਜੈ ਜੈ ਕਾਰ ਹੋਣ ਕਰਕੇ ਸਾਰੇ ਜਾਣਦੇ ਸੀ ਤੇ ਕੁਝ ਨੇੜਤਾ ਕਰਕੇ
ਵੀ। ਜਾਂਗਲੀ ਤਾਂ ਪਹਿਲਾਂ ਹੀ ਜਾਣਦਾ ਸੀ; ਸੱਭ ਜਾਣਦੇ ਨੇ ਜਾਂਗਲੀ ਜਜ਼ਬਾਤੀ ਵੀ ਬਹੁਤ ਸੀ-
ਸਿਰੇ ਦਾ। ਇਹਨੇ ਪਾਸ਼ ਨੂੰ ਪਹਿਲੀਆਂ ‘ਚ ਕਿਤੇ ਘੜੀ ਘੱਲੀ ਸੀ, ਸ਼ਾਇਦ ਹੋਰ ਕੁਛ ਵੀ ਘੱਲਿਆ
ਹੋਊ। ਜਾਂਗਲੀ ਦੇ ਮੂੰਹੋਂ ਦੋ ਤਿੰਨ ਵਾਰ ਘੜੀ ਦਾ ਕਹਿ-ਸੁਣਾ ਹੋ ਗਿਆ ਤੇ ਪਾਸ਼ ਨੇ ਖਿੱਝ ਕੇ
ਕਹਿ ਦਿੱਤਾ, ਉਹ ਘੜੀ ਵਾਪਿਸ ਲੈ ਲਵੇ। ਨਿੱਕੀ ਜਿਹੀ ਗੱਲ ਤੋਂ ਗੱਲ ਵੱਧਦੀ ਵੱਧਦੀ, ਵਧੀ
ਗਈ। ਤਕਰਾਰ ਹੋ ਗਿਆ। ਆਖਿਰ ਜਾਂਗਲੀ ਨੇ ਸਿਰੇ ਦੀ ਗੱਲ ਕਹਿ ਦਿੱਤੀ: ਉੱਠੋ, ਮੇਰੇ ਘਰੋਂ
ਨਿਕਲ਼ ਜਾਓ। ਪਾਸ਼ ਏਸ ਵਕੂਏ
ਦੇ ਮਜ਼ਾਹੀਏ ਪੱਖ ਨੂੰ ਮੁਸਕੜੀਏ ਹੱਸਦਾ ਇਉਂ ਦੱਸਦਾ ਹੁੰਦਾ ਸੀ: ਜਾਂਗਲੀ ਲੋਹਾ ਲਾਖਾ ਹੋਇਆ
ਪਿਆ ਸੀ – ਬਹੁਤ ਨਰਾਜ਼। ਨੱਕੋਂ ਠੂੰਹੇ ਸਿੱਟੇ। ਕਹਿੰਦਾ ਹੁਣੇ ਨਿਕਲ ਜਾਓ, ਮੇਰੇ ਘਰੋਂ।
ਜਦੋਂ ਮੈਂ ਉੱਠ ਪਿਆ ਤਾਂ ਸਤਿੰਦਰ ਸਿੱਧੂ ਬੈਠਾ ਰਿਹਾ। ਰਾਜ਼ੀ ਨਾਵਾਂ ਕਰਵਾਉਣ ਨੂੰ। ਇਹ
ਕਹਿੰਦਾ: ਕਾਮਰੇਡ ਆਪਾਂ ਨੂੰ ਏਦਾਂ ਨਹੀਂ ਕਰਨੀ ਚਾਹੀਦੀ, ਆਪਾਂ ਸਾਰੇ ਸਿਆਣੇ ਬੰਦੇ ਹਾਂ।
ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ। ਨਿੱਕੀਆਂ ਨਿੱਕੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ।
ਸਤਿੰਦਰ ਨੂੰ ਅੱਧੀ ਰਾਤੇ ਘਰੋਂ ਨਿਕਲਣ ਦਾ ਸੰਸਾ ਸੀ। ਪਤਾ ਨਹੀਂ ਕਿਤੇ ਹੋਰ ਠਾਹਰ ਕਦ
ਮਿਲ਼ਦੀ – ਮਿਲਦੀ ਵੀ ਕਿ ਨਾ। ਤੇ ਜਾਂਗਲੀ ਪੂਰਾ ਤਪਿਆ ਹੋਇਆ ਸੀ। ਉਹ ਕਿੱਥੇ ਮੰਨਣ ਵਾਲਾ
ਸੀ। ਸਿਰੇ ਦਾ ਭਾਵੁਕ ਜਾਂਗਲੀ ਗੁੱਸੇ ‘ਚ ਅਗਨ ਰੂਪ ਹੋ ਜਾਂਦਾ ਸੀ। ਉਹ ਸਤਿੰਦਰ ਵੱਲ ਨੂੰ
ਹੱਥ ਕਰਕੇ ਕਹਿੰਦਾ: ਚਲੋ ਜੀ, ਤੁਸੀਂ ਵੀ ਚੱਲੋ। ਜਾਂਗਲੀ ਦੀ ਸਾਂਗ ਲਾ ਕੇ, ਏਨੀ ਗੱਲ ਕਰਕੇ
ਪਾਸ਼ ਨੇ ਖਿੜਕੇ ਹੱਸ ਪੈਣਾ।
ਦੂਜੀ ਵਾਰ ਏਥੇ ਆਇਆ ਤਾਂ ਇਹ ‘ਦੇਸ ਪ੍ਰਦੇਸ’ ਦੇ ਦਫ਼ਤਰ ਵੀ ਚਲਾ ਗਿਆ। ਦਾਰੂ ਤਾਂ ਦੋਹਾਂ ਨੇ
ਪੀਣੀ ਸੀ। ਪੁਰੇਵਾਲ ਆਪ ਵੀ ਦਾਰੂ ਦਾ ਸ਼ੌਕੀਨ ਸੀ। ਇਨ੍ਹਾਂ ਦਾ ਕੋਈ ਪੁਰਾਣਾ ਹਿਸਾਬ-ਕਿਤਾਬ
ਵੀ ਸੀ। ਪ੍ਰਾਹੁਣਚਾਰੀ ‘ਚ ਤੇ ਗੱਲਾਂ ਬਾਤਾਂ ‘ਚ ਪਾਸ਼ ਨੂੰ ਟੋਹਣਾ ਵੀ ਚਾਹੁੰਦਾ ਸੀ।
ਪੁਰੇਵਾਲ ਵਿਚੇ ਸਕੀਮਾਂ ਦੱਸੇ ਕਿ ਮੈਂ ਅੰਗ਼ਰੇਜ਼ੀ ਦਾ ਪਰਚਾ ਸ਼ੁਰੂ ਕਰਨਾ ਚਾਹੁੰਨਾਂ; ਦੇਰ ਦੀ
ਰੀਝ ਹੈ, ਮੇਰੀ। ਪੰਜਾਬੀ ਪਰਚੇ ਵਾਲਾ ਕੰਮ ਕਿਸੇ ਹੋਰ ਨੂੰ ਸੰਭਾਲ ਦੇਵਾਂ ਤਾਂ ਇਹ ਕੰਮ
ਹੋਊ। ਪਾਸ਼ ਤਾਂ ਕਿਸੇ ਹੋਰ ਕੰਮ ਗਿਆ ਸੀ। ਪੀਤੀ ਤੋਂ ਪੁਰਾਣੀਆਂ ਗੱਲਾਂ ਮੋਹਰੇ ਆ ਗਈਆਂ। ਇਹ
ਪੁਰੇਵਾਲ ਨੂੰ ਕਹਿੰਦਾ: ਤੂੰ ਲੋਕਾਂ ਕੋਲ਼ ਰੌਲਾ ਪਾਉਨਾਂ ਫਿਰਦਾਂ ਕਿ ਮੈਂ ਤੇਰੇ ਪੈਸੇ ਮਾਰ
ਲਏ, ਦੱਸ ਕਿਹੜੇ ਪੈਸੇ ਮਾਰੇ ਤੇਰੇ, ਨਾਲੇ ਕਿੰਨੇ? ਪੁਰੇਵਾਲ ਨੇ ਵੀ ਘਾਟ ਘਾਟ ਦਾ ਪਾਣੀ
ਪੀਤਾ ਹੋਇਆ ਸੀ। ਕਹਿੰਦਾ: ਦੇਖ, ਜੇ ਮੈਂ ਇਹ ਗੱਲ ਪਹਿਲਾਂ ਨਾ ਕਹਿੰਦਾ ਤਾਂ ਤੂੰ ਵੀ ਕਹਿਣਾ
ਸੀ ਕਿ ਪੁਰੇਵਾਲ ਨੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਪਹਿਲਾਂ ਹੀ ਕਹਿਤਾ, ਹੁਣ ਤੇਰੇ ਕਹੇ
ਨੇ ਕੋਈ ਅਸਰ ਨਹੀਂ ਸੀ ਕਰਨਾ। ਇਹ ਤੱਤਾ ਠੰਡਾ ਵੀ ਬੋਲਿਆ। ਪੀਤੀ ਤੋਂ ਇਹਨੇ ‘ਦੇਸ ਪ੍ਰਦੇਸ’
ਦੇ ਪਰਚੇ ਚੱਕ ਕੇ ਵਗਾਹ ਕੇ ਸੁੱਟ ਦਿੱਤੇ ਤੇ ਤਾਅ ‘ਚ ਉੱਠ ਕੇ ਆ ਗਿਆ। ਉਹਨੇ ਕੁਝ ਦਿਨਾਂ
ਬਾਅਦ ਖ਼ਬਰ ਲਾ ਦਿੱਤੀ ਕਿ ਪਾਸ਼ ਮੇਰੇ ਦਫ਼ਤਰੋਂ ਕਈ ਦੁਰਲੱਭ ਅੰਕ ਚੁੱਕ ਕੇ ਲੈ ਗਿਆ ਹੈ।
ਪੰਜਾਬੀ ਪਰਚਿਆਂ ਦੇ ਅੰਕਾਂ ਦੀ ਵੁੱਕਤ ਦਾ ਸਭ ਨੂੰ ਪਤਾ ਹੀ ਹੈ। ਬਾਅਦ ਇਸੇ ਸੰਪਾਦਕ ਦਾ
ਕਤਲ ਹੋ ਗਿਆ ਸੀ। ਕਾਤਲਾਂ ਦਾ ਅਜੇ ਤਾਈਂ ਵੀ ਪਤਾ ਨਹੀਂ ਲੱਗਾ। ਦੰਦ-ਕਥਾਵਾਂ ਦੀ ਕਹੀਏ ਤਾਂ
ਖਾਲਿਸਤਾਨੀ ਗਰਮਦਲੀਆਂ ‘ਤੇ ਹੀ ਸ਼ੱਕ ਕੀਤਾ ਜਾ ਰਿਹਾ ਸੀ; ਜਿੰਨੇ ਮੂੰਹ ਓਨੀਆਂ ਗੱਲਾਂ।
ਬਾਕੀ ਤਾਂ ਵਾਹਿਗੁਰੂ ਜਾਣੇ।
ਜਦ ਪਾਸ਼ ਆਇਆ ‘ਆਈ ਡਬਲਿਊ ਏ’ (ੀੱੳ) ਦੀ ਸੈਂਟਰ ਕਮੇਟੀ ਦੀ ਮੀਟਿੰਗ ਸਾਡੇ ਸ਼ਹਿਰ ਸੀ; ਮੇਰੇ
ਘਰੇ । ਇਹਦੇ ਨਾਲ ਕਨੇਡੇ ਤੋਂ ਸਤਿੰਦਰ ਸਿੱਧੂ ਵੀ ਤੁਰਦਾ ਫਿਰਦਾ ਨਾਲ ਆ ਰਲ਼ਿਆ ਸੀ। ਪਾਸ਼
ਅਪਣੇ ਮਨਸ਼ੇ ਨਾਲ ਆਇਆ ਸੀ - ਕੋਈ ਵੱਡਾ ਪਰਚਾ ਕੱਢਣ ਦਾ ਪ੍ਰੋਗਰਾਮ ਮਨ ‘ਚ ਰੱਖਿਆ ਹੋਇਆ ਸੀ।
ਸਤਿੰਦਰ ਦਾ ਅਪਣਾ ਹੀ ‘ਏਜੰਡਾ’ ਸੀ। ਕੋਈ ਹੋਰ; ਸ਼ਾਇਦ ‘ਬਹੁਤ ਵੱਡਾ’। ਅਮਰੀਕਾ ‘ਚ ਖੁੱਲੇ
ਆਮ ਤਾਂ ਕੰਮ ਨਹੀਂ ਸੀ ਹੋ ਸਕਣਾ। ਐਂਟੀ ਫੋਰਟੀ ਸੈਵਨ (ੳਨਟ ਿਾੋਰਟੇ 47) ਦੇ ਨਾਂ ਥੱਲੇ ਹੀ
ਪੰਜਾਬ ਨੂੰ ਦੋ ਧਾਰੀ ਦਹਿਸ਼ਤਗਰਦੀ ਤੋਂ ਬਚਾਉਣ ਦਾ ਕੰਮ ਕਰਨ ਦਾ ਇਰਾਦਾ ਸੀ। ਸਤਿੰਦਰ ਸਿੱਧੂ
ਨਾਲ਼ ਸਾਰਾ ਏਜੰਡਾ ਹੀ ਗੰਧਲਾ ਹੋ ਗਿਆ। ਪਾਸ਼ ਦਾ ਨਾਂ ਵੱਡਾ ਸੀ। ਸੱਭ ਜਾਣਦੇ ਹੀ ਸੀ। ਮਿਲ
ਕੇ ਖੁਸ਼ ਹੋਏ ਨਾਲੇ ਪ੍ਰਭਾਵਿਤ ਵੀ। ਪਰ ਗੱਲ ਓਨੀ ਖੁੱਲ੍ਹ ਕੇ ਨਾ ਹੋਈ, ਜਿੰਨੀ ਦੀ ਇਹ ਆਸ
ਲੈ ਕੇ ਆਇਆ ਸੀ, ਸਤਿੰਦਰ ਨੇ ਅਪਣੀ ਗੱਲ ਛੋਹ ਲਈ; ਵਿਆਹ ‘ਚ ਬੀਅ ਦਾ ਰੌਲ਼ਾ ਪੈ ਗਿਆ ਸੀ।
ਬਾਅਦ ਚ ਵਲੈਤ ਤੋਂ ਕੁਝ ਬੰਦਿਆਂ ਦੇ ਨਾਂ ਪਾ ਕੇ ‘ਐਂਟੀ ਫੋਰਟੀ ਸੈਵਨ’ ਲੜੀ ਕੱਢ ਲਈ ਗਈ
ਸੀ।
ਇਸ ਵਾਰੀ ਪਾਸ਼ ਆਇਆ ਤਾਂ ਖਾਲਿਸਤਾਨੀਆਂ ਨਾਲ ਵਲੈਤ ਦੇ ਕਾਮਰੇਡਾਂ ਦਾ ਪੇਚਾ ਪੈ ਗਿਆ ਸੀ।
ਅਣਚਾਹਿਆ ਆਖ਼ਰੀ ਭੇੜ ਬ੍ਰਮਿੰਘਮ ਹੋਇਆ। ਉਸ ਦਿਨ ਪਾਸ਼ ਆਪ ਤਾਂ ਬ੍ਰਮਿੰਘਮ ਨਹੀਂ ਸੀ। ਜਦੋਂ
ਦੂਜੇ ਦਿਨ ਪਹੁੰਚਾ ਤਾਂ ਹੱਟੀਆਂ-ਭੱਠੀਆਂ ਤੇ ਲੋਕਾਂ ਦੀਆਂ ਚਟਕਾਰੇ ਲੈ ਲੈ ਕੀਤੀਆ ਗੱਲਾਂ
ਸੁਣ ਕੇ ਖ਼ੁਸ਼ ਹੋਇਆ। ਬ੍ਰਮਿੰਘਮ ਵਾਲੇ ਸਾਥੀਆਂ ਨੂੰ ਇਹ ਪਹਿਲਾਂ ਵੀ ਮਿਲ ਚੁੱਕਾ ਸੀ।
ਉਨ੍ਹਾਂ ਨਾਲ਼ ਬਹਿਣ ਉੱਠਣ ਵੀ ਹੋ ਗਿਆ ਸੀ – ਇਹ ਉਨ੍ਹਾਂ ਦੇ ਕੰਮ ਤੋਂ ਮੁਤਾਸਿਰ ਸੀ। ਪਰ
ਭੇੜ ਦੀ ਖ਼ਬਰ ਸੁਣ ਕੇ ਬਹੁਤਾ ਖ਼ੁਸ਼ ਹੋਇਆ ਕਰੇ। ਆਪ ਵੀ ਸੁਆਦ ਨਾਲ਼ ਗੱਲ ਸੁਣਾਇਆ ਕਰੇ। ਕਹਾਣੀ
ਪਾਉਣ ਦਾ ਉਹਨੂੰ ਵੱਲ ਸੀ। ਲਮਕਾਅ ਲਮਕਾਅ ਕੇ ਗੱਲਾਂ ਦੱਸਦਾ ਹੱਸਿਆ ਕਰੇ। ਬੜਾ ਖ਼ੁਸ਼ ਹੋਇਆ
ਕਰੇ।
ਅਮਰੀਕਾ ਜਾ ਕੇ ਮਿਥੀ ਸਕੀਮ ਅਨੁਸਾਰ ਪਰਚਾ ਕੱਢਿਆ। ਇਹ ਪਰਚਾ ਵੀ ਅਮਰੀਕੀ ਖਾਲਿਸਤਾਨੀਆਂ ਦੇ
ਬਹੁਤ ਚੁਭਿਆ। ਦਲੀਲ ਨਾਲ ਕੀਤੀਆਂ ਗੱਲਾਂ ਨਾਲ਼ ਜੁਆਬ ਤਾਂ ਕਿਸੇ ਨੂੰ ਅਹੁੜਿਆ ਨਾ। ਓਦਾਂ ਹੀ
ਖਾਰ ਖਾਣ ਲੱਗ ਪਏ। ਦਬਕੇ ਧਮਕੀਆ ਦੇਣ ਲੱਗ ਪਏ। ਇਹਦੇ ਦੋ ਤਿੰਨ ਅੰਕ ਨਿਕਲੇ। ਪਰ ਧਾਂਕ ਬੈਠ
ਗਈ। ਬੜੇ ਸਲਾਹੇ ਗਏ – ਲਿਖਣ ਢੰਗ ਕਰਕੇ, ਵਿਸ਼ੇ-ਸਮੱਗਰੀ ਕਰਕੇ। ਪਾਸ਼ ਦਾ ਨਾਂ ਕਰਕੇ ਵੀ।
ਹੋਰ ਸਾਂਝੀਵਾਲਾਂ ਦੇ ਨਾਂ ਵੀ ਲਿਖੇ ਹੋਏ ਸੀ- ਵਲੈਤ ਚ ਤਿੰਨ ਨਾਂ ਸੀ ਅਮਰਜੀਤ ਤੇ ਇਕ ਕਿਸੇ
ਹੋਰ ਦਾ਼; ਮੇਰਾ ਵੀ ਵਿੱਚੇ ਸੀ।
ਅਸੀਂ ਅਗਲੀ ਵਾਰ ਕੈਲੈਫੋਰਨੀਆਂ ‘ਚ ਮਿਲਣ ਦੀ ਸਕੀਮ ਬਣਾ ਲਈ। ਇਹ ਮੈਨੂੰ ਪੱਕਾ ਕਰਕੇ ਗਿਆ
ਕਿ ਮੈਂ ਅਮਰੀਕਾ ਜ਼ਰੂਰ ਆਵਾਂ। ਮੈਂ ਗਿਆ ਵੀ। ਪਰ ਉਦੋਂ ਤੀਕ ਪਾਸ਼ ਦਹਿਸ਼ਤਗਰਦੀ ਨੇ ਪੰਜਾਬੀਆਂ
ਤੋਂ ਖੋਹ ਲਿਆ ਸੀ। ਜਦ ਮੈਂ ਬੇਕਰਜ਼ਫੀਲਡ ਧੀਦੋ ਦੇ ਘਰ ਪਹੁੰਚਾ ਤਾਂ ਅੰਦਰੋਂ ਰਾਣੀ ਭੱਜ ਕੇ
ਦੇਖਣ ਆਈ। ਮੈਨੂੰ ਲੱਗਿਆ ਇਹ ਸੋਚਦੀ ਸੀ ਕਿ ਸ਼ਾਇਦ ਪਾਸ਼ ਵੀ ਨਾਲ਼ ਆਇਆ ਹੋਊ। ਪਰ ਉਹ ਤਾਂ ਦੂਰ
ਚਲਾ
ਗਿਆ ਸੀ – ਬਹੁਤ ਦੂਰ। ਜਿੱਥੇ ਗਿਆ ਸੀ ਓਥੋਂ ਕੋਈ ਨਹੀਂ ਮੁੜਦਾ। ਮੈਥੋਂ ਰਾਣੀ ਦਾ ਦੁੱਖ ਨਾ
ਜਰ ਹੋਇਆ। ਇਹਦੇ ਮੱਥੇ ਨਾ ਲੱਗ ਹੋਇਆ। ਮੈਂ ਜਿੰਨਾ ਚਿਰ ਉਥੇ ਰਿਹਾ, ਰਾਣੀ ਨਾਲ਼ ਗੱਲ ਨਾ ਕਰ
ਸਕਿਆ। ਵਿੰਕਲ, ਤੇ ਪੰਮੀ-ਧੀਦੋ ਦੇ ਬੱਚਿਆਂ ਨਾਲ ਰੰਗ ਮੇਲਾ ਲੱਗਾ ਰਿਹਾ। ਪਰ ਪਾਸ਼ ਦੀ ਘਾਟ
ਰੜਕਦੀ ਰਹੀ। ਉਹਦੀਆਂ ਗੱਲਾਂ ਹੁੰਦੀਆਂ ਰਹੀਆਂ।
ਜਿਨ੍ਹਾਂ ਦਿਨਾਂ ‘ਚ ਪਾਸ਼ ਦਾ ਕਤਲ ਹੋਇਆ, ਮੈਂ ਔਕਸਫਰਡ ਸਿਟੀ ‘ਚ ਕੰਮ ਕਰਦਾ ਸੀ। ਮੈਨੂੰ
ਚੰਦਨ ਨੇ ਫੋਨ ਕੀਤਾ ਕਿ ਪਾਸ਼ ‘ਤੇ ਹਮਲਾ ਹੋਇਆ ਹੈ, ਮੈਂ ਫੋਨ ਕਰਕੇ ਧੀਦੋ ਤੋਂ ਸਾਰੀ ਗੱਲ
ਦਾ ਪਤਾ ਕਰਾਂ। ਇਹ ਆਪ ਹੈਰਿੰਗੇ ਕੌਂਸਿਲ ‘ਚ ਸੀ। ਪ੍ਰਾਈਵੇਟ ਕੰਮਾਂ ਲਈ ਸਰਕਾਰੀ ਫੋਨ ਦੀ
ਖੁੱਲ੍ਹ ਨਹੀਂ ਹੁੰਦੀ, ਦੇਸ਼ ਤੋਂ ਬਾਹਰ ਕਰਨ ਦੀ ਤਾਂ ਬਿਲਕੁਲ ਹੀ ਨਹੀਂ। ਜਦੋਂ ਮੈਂ
ਡਾਇਰੈਕਟਰ ਤੋਂ ਮਨਜ਼ੂਰੀ ਲੈ ਕੇ ਫੋਨ ਕੀਤਾ ਤਾਂ ਅੱਗਿਓਂ ਧੀਦੋ ਨੇ ਚੁੱਕਿਆ, ਪਿੱਛੇ ਪੰਮੀ
ਤੇ ਰਾਣੀ ਮੈਨੂੰ ਰੋਂਦੀਆਂ ਕੁਰਲਾਉਂਦੀਆਂ ਸੁਣ ਪਈਆਂ। ਮੇਰਾ ਮੱਥਾ ਠਣਕ ਗਿਆ – ਕਹਿਰ ਬਰਪ
ਚੁੱਕਿਆ ਸੀ। ਧੀਦੋ ਤੋਂ ਬਹੁਤਾ ਦੱਸਿਆ ਨਾ ਗਿਆ; ਏਨਾ ਹੀ ਦੱਸਿਆਂ ਕਿ ਹੰਸਾ ਤੇ ਪਾਸ਼ ਦੋਵੇਂ
ਸਵੇਰੇ ਸਵੇਰੇ ਮੋਟਰ ‘ਤੇ ਗਏ ਸੀ, ਜਦੋਂ ਖਾਲਿਸਤਾਨੀ ਏ ਕੇ ਫੋਰਟੀ ਸੈਵਨਾਂ ਚਲਾ ਕੇ ਅਪਣਾ
ਕਾਰਾ ਕਰ ਗਏ ਸੀ। ਮੈਥੋਂ ਵੀ ਹੋਰ ਗੱਲ ਨਾ ਹੋਈ ਤੇ ਮੁੜ ਕੇ ਕੰਮ ਤੇ ਵੀ ਨਾ ਮਨ ਨਾ ਲੱਗਾ।
ਮੈਂ ਮਸੋਮੇ ਮਨ ਨਾਲ਼ ਘਰ ਆ ਗਿਆ; ਪੰਜਾਹ ਪੱਚਵੰਜਾ ਮੀਲਾਂ ਦਾ ਘਰ ਨੂੰ ਸਫ਼ਰ ਮੁੱਕਣ ‘ਚ ਹੀ
ਨਾ ਆਵੇ। ਮਨ ‘ਚ ਕਈਆਂ ਉਤਰਦੀਆਂ ਚੜ੍ਹਦੀਆਂ ਰਹੀਆਂ। ਕਾਲ਼ੀ ਨ੍ਹੇਰੀ ਦੀ ਦਹਿਸ਼ਤ ਪੂਰੇ ਜ਼ੋਰਾਂ
‘ਤੇ ਸੀ। ਅਸੀਂ ਇਸ ਕਹਿਰ ਦੇ ਖਿ਼ਲਾਫ਼ ਮੀਟਿੰਗਾਂ ਕੀਤੀਆਂ; ਅਸੀਂ ਅਪਣੇ ਸ਼ਹਿਰ ਵੀ ਕੀਤੀ ਤਾਂ
ਬਹੁਤ ਥੋੜ੍ਹੇ ਬੰਦੇ ਆਏ ਜਦ ਕਿ ਪਹਿਲਾਂ ਅਸੀਂ ਡੇੜ-ਦੋ ਸੌ ਬੰਦਾ ਐਂਵੇ ਹੀ ‘ਕੱਠਾ ਕਰ ਲਿਆ
ਕਰਦੇ ਸੀ। ਲੋਕ ਡਰੇ ਹੋਏ ਸੀ। ਉਨ੍ਹਾਂ ਦਿਨਾਂ ‘ਚ ਬਾਬਾ ਬਿਲਗਾ ਤੇ ਕੁਮਾਰੀ ਸੁਰਿੰਦਰ ਕੋਛੜ
ਵੀ ਵਲੈਤ ਆਏ ਹੋਏ ਸੀ। ਇਨ੍ਹਾਂ ਦੇ ਨਾਂ ਦੇ ਬਾਵਜੂਦ ਹਾਜ਼ਰੀ ਬਹੁਤ ਘੱਟ ਹੀ ਰਹੀ। ਮਾਰਨ
ਵਾਲ਼ਿਆਂ ਨੂੰ ਪਤਾ ਹੋਵੇ ਜਾਂ ਨਾਂ ਪਰ ਪੰਜਾਬ ਨੂੰ ਅਜੇਹੇ ਬੰਦੇ ਕਦ ਮਿਲਣੇ ਨੇ। ਜਿਹੜੇ
ਸਾਹਿਤਕਾਰ ਦਹਿਸ਼ਤਗਰਦੀ ਨੂੰ ਸਿੱਧੀ-ਪੁੱਠੀ ਹਵਾ ਦਿੰਦੇ ਸੀ ਉਹ ਵੀ ਪਾਸ਼ ਦੇ ਕਤਲ ਨੂੰ ਨਿੰਦਣ
ਲੱਗ ਪਏ – ਕੁਝ ਦੱਬਵੀਂ ਜੀਭੇ।
ਉਦੋਂ ਤੀਕ, ਪਾਸ਼ ਦੇ ਅਪਣੇ ਕਹਿਣ ਮੁਤਾਬਿਕ ਹੁਣ ‘ਸਾਡੀ ਉਨ੍ਹਾਂ ਨਾਲ ਕੌੜ ਵੱਧ ਗਈ’ ਸੀ।
ਵਿਰੋਧੀਆਂ ਨੇ ਊਜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਅਗਲਿਆਂ ਦੇ
‘ਲੈਫਟੀਨੈਂਟਾਂ-ਬ੍ਰਿਗੇਡੀਅਰਾਂ’ ਨੇ ਤਾਂ ਆਪ ਹਿੱਕਾਂ ਥਾਪੜ ਵਜਾ ਕੇ ਕਿਹਾ ਸੀ ਕਿ ਕਤਲ
ਅਸੀਂ ਹੀ ਕੀਤਾ-ਕਰਵਾਇਆ ਹੈ। ਪਰ ਇਹ ਭਾਈ ਜੀ ਕਹਿ ਰਹੇ ਸੀ: ਨਹੀਂ ਜੀ, ਵਿੱਚੋਂ ਕੋਈ ਹੋਰ
ਗੱਲ ਸੀ, ਕਤਲ ਖਾਲਿਸਤਾਨੀਆਂ ਦੇ ਨਾਂ ਐਵਂੇ ਪੈ ਗਿਆ; ਕੋਈ ਜਾਤੀ ਕਿੜ੍ਹ ਸੀ; ਕਿਸੇ ਕੁੜੀ
ਦਾ ਕਰਕੇ ਕਤਲ ਹੋਇਆ ਸੀ, ਵਗੈਰਾ ਵਗੈਰਾ। ਐਸੇ ਭਾਈ ਹੁਣ ਵੀ ਹੈਨ। ਗੱਲਾਂ ਬਨਾਉਣ ਵਾਲਿਆਂ
ਅਪਣੀ ਪੂਰੀ ਵਾਹ ਲਾ ਲਈ ਸੀ ਤਾਂ ਜੋ ਮਸਲਾ ਕਿਸੇ ਹੋਰ ਪਾਸੇ ਲੈ ਜਾਇਆ ਜਾਵੇ। ਖੰਭਾਂ ਦੀਆਂ
ਡਾਰਾਂ ਬਣਾਈਆਂ-ਬਣਵਾਈਆਂ। ਪਰ ਸੱਚ ਤਾਂ ਸੱਚ ਹੀ ਹੁੰਦਾ, ਦੇਰ ਸਵੇਰ ਨਿਕਲ਼ ਹੀ ਆਉਣਾ
ਹੁੰਦਾ: ਘਾਹ ਤਾਂ ਘਾਹ ਹੈ, ਕੀਤੇ ਕਰਾਏ ‘ਤੇ ਫਿਰ ਉੱਗ ਆਉਂਦਾ ਹੈ।
ਦੋਨੇ ਦੇ ਬੇਮਲੂਮ ਪਿੰਡ ਦੇ ਮੁੰਡੇ ਦੀ ਧੰਨ ਧੰਨ ਹੋ ਗਈ। ਮੁਲਕ ਦੇ ਹੋਰ ਰਾਜਾਂ ਦੇ ਅਦੀਬਾਂ
ਨੇ ਵੀ ਸਿਰ ‘ਤੇ ਬਿਠਾ ਲਿਆ ਤੇ ਵਿਦੇਸ਼ਾਂ ‘ਚ ਵੀ ਚਰਚਾ ਹੋ ਗਈ। ਹੋਰ ਕਈ ਜ਼ੁਬਾਨਾਂ ‘ਚ
ਇਹਦੀਆਂ ਕਵਿਤਾਵਾਂ ਦੇ ਤਰਜ਼ੁਮੇ ਹੋਏ। ਕੈਫ਼ੀ ਆਜ਼ਮੀ ਤੋਂ ਲੈ ਕੈ ਦੀਪਾਂਕਰ ਸ਼ਰਮੇ ਤੀਕ ਨੂੰ
ਇਹਦੀਆਂ ਕਵਿਤਾਵਾਂ ਮੋਹ ਗਈਆਂ। ਇਹਦੀ ਕਵਿਤਾ ਦੀਆਂ ਗੂੰਜਾਂ ਉੱਚੀਆਂ ਹੋਈਆਂ। ਦੂਸਰੀਆਂ
ਬੋਲੀਆਂ ਦੇ ਲੇਖਕ-ਬੁੱਧੀਮਾਨ ਇਹਦੀ ਕਵਿਤਾ ਤੋਂ ਬਲਿਅ੍ਹਾਰੇ ਜਾਣ ਲੱਗੇ। ਜੇ ਅੱਗੇ ਕੋਈ ਕਸਰ
ਰਹਿ ਗਈ ਸੀ ਤਾਂ ਹੁਣ ਪੰਜਾਬ ‘ਚ ਵੀ ਪਾਸ਼ ਪਾਸ਼ ਹੋ ਗਈ ਸੀ। ਇਹਦੇ ਬਾਰੇ ਡਾਕੂਮੈਂਟਰੀਆਂ
ਬਣੀਆਂ। ਸਾੜ ਰੱਖਣ ਵਾਲ਼ੇ ਬੰਦੇ ਹੁਣ ਕੀ ਕਰਨ? ਏਨੀ ਬੱਲੇ ਬੱਲੇ, ਹਿੰਦੁਤਵੀਆਂ ਦੇ ਵੀ
ਸਿੱਧੀ ਜਾ ਸੀਨੇ ਲੜ ਗਈ; ਉਹ ਤੜਫੇ। ਭਾਜਪਾਈਆਂ ਨੇ ਸੰਸਦ ‘ਚ ਹੋ ਹੱਲਾ ਮਚਾ ਲਿਆ, ਅਖੇ:
ਪਾਸ਼ ਤਾਂ ਨਕਲਬਾੜੀਆ ਸੀ, ਇਹਦੀਆਂ ਕਵਿਤਾਵਾਂ ਸਿਲੇਬਸਾਂ (ਹਿੰਦੀ) ਚ ਕਿਉਂ ਲਾਈਆਂ। ਇਨ੍ਹਾਂ
‘ਚੋਂ ਕਿਸੇ ਨੂੰ ਤਾਂ ਜ਼ਰੂਰ ਪਤਾ ਹੋਣਾ ਕਿ ਇਹਦੀ ਕਵਿਤਾਂ ਤਾਂ ਇਹਦੇ ਜੀਂਦੇ ਜੀਅ ਵੀ
ਯੂਨੀਵਰਸਿਟੀਆਂ ‘ਚ ਪੜ੍ਹਾਈ ਜਾਂਦੀ ਸੀ। ਪਾਸ਼ ਦਹਿਸ਼ਤਗਰਦੀ ਦੀ ਭੇਟ ਚੜ੍ਹਿਆ। ਕਿਸੇ ਹੱਦ ਤੀਕ
ਇਹ ਦਹਿਸ਼ਤਗਰਦੀ ਵਿਰੱਧ ਸਾਂਝਾ ਪਲੇਟਫਾਰਮ ਬਣ ਗਿਆ। ਫਿਰ ਤਾਂ ਬੰਬੱਈਆ ਫਿਲਮਾਂ ਵਾਲਿਆਂ ਵੀ
ਇਹਦੇ ਬਾਰੇ ਫਿਲਮਾਂ ਬਣਾਉਣੀਆਂ ਚਾਹੀਆਂ। ਕੁਝ ਨੇ ਇਹਦੀਆਂ ਕਵਿਤਾਵਾਂ ਜਾਂ ਕਵਿਤਾਵਾਂ ਦੇ
ਟੋਟਕੇ ਅਪਣੀਆਂ ਫਿਲਮਾਂ ‘ਚ ਵਰਤ ਲਏ।
ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਿਆਂ ਦੀਆਂ ਕਬੂਤਰਬਾਜ਼ੀਆਂ ਕਿੰਨੀਆਂ ਮਸ਼ਹੂਰ ਨੇ। ਕਈ
ਤਰ੍ਹਾਂ ਦੇ ਪੁੱਠੇ-ਸਿੱਧੇ ਤਰੀਕਿਆਂ ਨਾਲ ਤੇ ਝੂਠ-ਸੱਚ ਬੋਲ ਕੇ ਅਮਰੀਕਾ ‘ਚ ਪੱਕੇ ਹੋਏ ਨੇ-
ਹੋਰ ਸੱਭ ਮੁਲਕਾਂ ‘ਚ ਵੀ। ਸਿਆਣੇ ਆਖਦੇ ਨੇ: ਅਪਣਾ ਝੱਗਾ ਚੱਕਾਂਗੇ ਤਾਂ ਅਪਣਾ ਢਿੱਡ ਹੀ
ਨੰਗਾ ਹੋਊ; ਇਸ ਲਈ ਚੁੱਪ ਹੀ ਭਲੀ ਹੈ। ਪੱਛਮੀ ਮੁਲਕਾਂ ਦੀਆਂ ਸਰਕਾਰਾਂ ਕਿੰਨਿਆਂ ਕੁ ਨੂੰ
ਆਪ ਸੱਦੇ ਪੱਤਰ ਦੇ ਕੇ ਸੱਦਦੀਆਂ ਨੇ। ਦੋਖੀਆਂ ਨੇ ਹੀ ਇਮੀਗਰੇਸ਼ਨ ਅਧਿਕਾਰੀਆਂ ਕੋਲ ਪਾਸ਼ ਦੀ
ਸ਼ਿਕਾਇਤ ਕਰ ਦਿੱਤੀ ਸੀ ਕਿ ਇਹ ਕੰਮ ਕਰਦਾ ਰਿਹਾ ਹੈ। ਸੈਰ ਸਪਾਟੇ ਨੂੰ ਆਏ ਬੰਦੇ ਨੂੰ ਕੰਮ
ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਏਸੇ ਬਿਨਾਅ ‘ਤੇ ਇਹਨੂੰ ਦੂਜੀ ਵਾਰ ਵਾਪਿਸ ਅਮਰੀਕਾ ਜਾਂਦੇ
ਨੂੰ ਏਅਰਪੋਰਟ ਤੋਂ ਹੀ ਮੋੜ ਦਿੱਤਾ ਸੀ। ਵਿਰੋਧੀਆਂ ਦੀ ਮੁਖ਼ਬਰੀ ਕਾਟ ਕਰ ਗਈ ਸੀ। ਅਸਲ ਚ
ਤਾਂ ਉਹ ਐਂਟੀ ਫੌਰਟੀ ਸੈਵਨ ਦੀ ਚੜ੍ਹਤ ਤੋਂ ਦੁਖੀ ਸੀ। ਤਰਕ ਇਨ੍ਹਾਂ ਕੋਲ ਹੈ ਨਹੀਂ ਸੀ। ਨਾ
ਹੀ ਪਰਚੇ ‘ਚ ਕੀਤੀਆਂ ਗੱਲਾਂ ਦੀ ਮੋੜ ਦੇਣ ਜੋਗੇ ਸੀ। ਖਾਲਿਸਤਾਨੀ ਅਮਰੀਕਾ ‘ਚ ਹੋਰ ਬਹੁਤਾ
ਕੁਝ ਕਰ ਨਹੀਂ ਸੀ ਸਕਦੇ।
ਇਨ੍ਹਾਂ ਨੇ ਇਹ ਅੱਖ ਵਲ਼, ਕਮੀਨੀ ਹਰਕਤ ਕਰਕੇ ਕੱਢਿਆ ਸੀ। ਇਨ੍ਹਾਂ ਨੇ ਪੰਜਾਬ ‘ਚ ਹੀ ਕਤਲ
ਕਰਾਉਣ ਦਾ ਮਨਸੂਬਾ ਬਣਾਇਆ ਸੀ। ਪੰਮੀ ਦਸਦੀ ਸੀ ਕਿ ਉਨ੍ਹਾਂ ਨੂੰ ਖ਼ਬਰ ਸੀ ਕਿ ਪਾਸ਼ ਨੇ
ਅੱਜ-ਭਲ਼ਕ ਅਮਰੀਕਾ ਜਾਣ ਲਈ ਦਿੱਲੀ ਨੂੰ ਤੁਰ ਪੈਣਾ ਹੈ। ਜੇ ਉਸ ਦਿਨ ਪਾਸ਼ ਖੂਹ ‘ਤੇ ਨਾ ਵੀ
ਜਾਂਦਾ ਤਾਂ ਵੀ ਉਨ੍ਹਾਂ ਦਿੱਲੀ ਤੀਕ ਪਿੱਛਾ ਕਰਨਾ ਸੀ। ਅਗਲਿਆਂ ਪੱਕੀ ਧਾਰੀ ਹੋਈ ਸੀ।
ਪੰਜਾਬ ‘ਚ ਖਾਸ ਕਰਕੇ, ਉਦੋਂ, ਬੰਦੇ ਮਾਰਨ ਦੀ ਖੁੱਲ੍ਹ ਦਾ ਸਮਾਂ ਸੀ। ਸਰਕਾਰ ਵੀ ਇਨ੍ਹਾਂ
ਨੂੰ ਰੋਕਣ ਜੋਗੀ ਨਹੀਂ ਸੀ ਰਹੀ ਜਾਂ ਜਾਣ ਕੇ ਰੱਸੇ ਢਿੱਲੇ ਕੀਤੇ ਹੋਏ ਸੀ ਕਿ ਬਾਅਦ ‘ਚ
ਇਨ੍ਹਾਂ ਦਾ ਵਢਾਂਗਾ ਕਰ ਸਕਣ। ਪੰਜਾਬ ਤੇ ਪੰਜਾਬੀਅਤ ਦੇ ਮਾੜੇ ਦਿਨ ਸੀ ਇਹ। ਲੋਕ ਕਹਿਰ
ਜਰਦੇ ਸੀ।
ਪਾਸ਼ ਦੇ ਕਤਲ ਤੋਂ ਬਾਅਦ ਇਹਦੇ ਨਾਂ ‘ਤੇ ਯਾਦਗਾਰਾਂ ਬਣੀਆਂ, ਲਾਇਬ੍ਰੇਰੀਆਂ ਖੁੱਲ੍ਹੀਆਂ ਤਾਂ
ਸਿਆਸੀ ਦੋਖੀਆਂ ਨੂੰ ਉਹ ਵੀ ਚੁਭ ਗਈਆਂ। ਕੁਝ ਕੁ ਨੇ ਇਹਦੇ ‘ਚੋਂ ਵੀ ਭੈੜ ਸੁੰਘ ਲਈ; ਇਹਦੇ
ਨਾਂ ‘ਤੇ ਰੱਖੇ ਇਨਾਮਾਂ ‘ਚੋਂ ਵੀ। ਕਈਆਂ ਨੇ ਟਰੱਸਟ ਵਲੋਂ ਦਿੱਤੇ ਇਨਾਮ ਲੈ ਵੀ ਲਏ ਤੇ
ਭੰਡੀ ਕਰਨੀ ਵੀ ਜਾਰੀ ਰੱਖੀ। ਕਈਆਂ ਨੇ ਸਿਆਸੀ ਕਿੜ ਕਰਕੇ ਕਈ ਪੁੱਠੀਆਂ ਸਿੱਧੀਆਂ ਗੱਲਾਂ
ਜੋੜ ਲਈਆਂ; ਜਿਨ੍ਹਾਂ ਨੇ ਸੰਗ ਸ਼ਰਮ ਲਾਹ ਲਈ ਹੋਵੇ ਜਾਂ ਜਿਨ੍ਹਾਂ ਦੇ ਮਨਸ਼ੇ ਹੀ ਮਾੜੇ ਹੋਣ,
ਉਨ੍ਹਾਂ ਦਾ ਕੀ ਹੋਵੇ।
ਪਾਸ਼ ਤੇ ਹੋਰ ਕਈ ਸੂਰਮੇ ਕਾਮਰੇਡਾਂ ਦੇ ਨਿਹੱਕੇ ਕਤਲਾਂ ਕਾਰਨ, ਖੱਬੀਆਂ ਧਿਰਾਂ ‘ਚ
ਯੱਕਜਹਿਤੀ ਲਈ ਥੋੜ੍ਹੀ-ਬਹੁਤ ਹਿੱਲ ਜੁੱਲ ਦੀ ਬਾਤ ਤੁਰੀ ਤਾਂ ਸਹੀ, ਪਰ ਹੋਰ ਵੱਡੇ ਹੰਭਲੇ
ਅਜੇ ਵੱਜਣ ਵਾਲੇ ਨੇ। ਜੇ ਪੰਜਾਬ ਦੇ ਵੱਡੇ ਭਲੇ ਲਈ ਲੋਕ ‘ਕੱਠੇ ਹੋ ਜਾਣ ਤਾਂ ਕੋਈ
ਸਾਰਥਿਕਤਾ ਬਣ ਸਕਦੀ ਹੈ।
8393/19012013
-0-
|