ਕੈਨੇਡੀਅਨ ਪੰਜਾਬੀ
ਕਹਾਣੀਕਾਰ ਰਛਪਾਲ ਕੌਰ ਗਿੱਲ ਨੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ ‘ਟਾਹਣੀਓਂ ਟੁੱਟੇ’ 2012
ਵਿੱਚ ਪ੍ਰਕਾਸਿ਼ਤ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚਲੀਆਂ ਵਧੇਰੇ ਕਹਾਣੀਆਂ ਸਕੂਲੀ
ਵਿਦਿਆਰਥੀਆਂ ਦੀ ਮਾਨਸਿਕਤਾ ਬਾਰੇ ਹਨ। ਇਸ ਤੋਂ ਪਹਿਲਾਂ ਕੈਨੇਡਾ ਦੇ ਕਿਸੇ ਪੰਜਾਬੀ
ਕਹਾਣੀਕਾਰ ਨੇ ਇਸ ਵਿਸ਼ੇ ਨੂੰ ਲੈ ਕੇ ਇੰਨੀਆਂ ਜਿ਼ਆਦਾ ਕਹਾਣੀਆਂ ਨਹੀਂ ਲਿਖੀਆਂ। ਇਸ
ਤਰ੍ਹਾਂ ਰਛਪਾਲ ਕੌਰ ਗਿੱਲ ਕੈਨੇਡੀਅਨ ਕਹਾਣੀਕਾਰਾਂ ਵਿੱਚ ਇੱਕ ਨਿਵੇਕਲੀ ਕਿਸਮ ਦੀਆਂ
ਕਹਾਣੀਆਂ ਲਿਖਣ ਵਾਲੀ ਲੇਖਕਾ ਦੇ ਰੂਪ ਵਿੱਚ ਉੱਭਰੀ ਹੈ। ਰਛਪਾਲ ਕੌਰ ਗਿੱਲ ਦੀਆਂ ਕਹਾਣੀਆਂ
ਬਾਰੇ ਚਰਚਾ ਉਸਦੀ ਕਹਾਣੀ ‘ਤਰਸ’ ਦੀਆਂ ਹੇਠ ਲਿਖੀਆਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ
:
ਮੈਂ ਪੁੱਛਿਆ ਕਿੰਨੀਆਂ ਕੁ ਪਾਰਟੀਆਂ ‘ਤੇ ਇਨ੍ਹਾਂ ਬੱਚਿਆਂ ਨੂੰ ਨੱਚਣਾ ਪੈਂਦਾ ਹੈ। ਉਹ
ਕਹਿਣ ਲੱਗੀ ਇਸ ਮਹੀਨੇ ਤਾਂ ਗਿਣਤੀ ਕਰਨੀ ਔਖੀ ਹੈ। ਸ਼ੁਕਰਵਾਰ ਤੋਂ ਐਤਵਾਰ ਤਕ ਅਨੇਕਾਂ
ਪਾਰਟੀਆਂ ‘ਤੇ ਜਾਣਾ ਪਿਆ। ਮੇਰੇ ਮੂੰਹੋਂ ਨਿਕਲ ਗਿਆ, ਚਲੋ ਚੰਗੀ ਗੱਲ, ਨਾਲੇ ਬੱਚਿਆਂ ਦੀ
ਕਸਰਤ ਹੋ ਜਾਂਦੀ ਹੈ, ਨਾਲੇ ਵੀਕ-ਐਂਡ ‘ਤੇ ਚਾਰ ਪੈਸੇ ਬਣ ਜਾਂਦੇ ਹੋਣਗੇ। ਉਹ ਅੱਗਿਉਂ
ਥੋੜ੍ਹੀ ਜਿਹੀ ਤਲਖੀ ਵਿੱਚ ਬੋਲੀ - “ਨਾ ਭੈਣੇ ! ਅਸੀਂ ਤਾਂ ਬੱਚਿਆਂ ਦੇ ਪੈਸੇ ਨਹੀਂ
ਲੈਂਦੇ। ਸਗੋਂ ਇਨ੍ਹਾਂ ਦੇ ਸਿੱਖਣ ਦੀ ਹਰ ਮਹੀਨੇ ਫੀਸ ਦੇਂਦੇ ਹਾਂ।” ਮੈਂ ਪੁੱਛਿਆ ਜਿਹੜਾ
ਡਾਲਰਾਂ ਦਾ ਏਡਾ ਢੇਰ ਲੱਗ ਜਾਂਦਾ ਸੀ, ਉਸ ਨੂੰ ਤਾਂ ਬੱਚੇ ਇਕੱਠੇ ਕਰ ਰਹੇ ਸੀ। ਕੀ ਉਹ
ਪੈਸਾ ਬੱਚਿਆਂ ਨੂੰ ਨਹੀਂ ਮਿਲਦਾ? ਉਹ ਕਾਹਲੀ-ਕਾਹਲੀ ਜਾਂਦੀ ਹੋਈ ਕਹਿ ਗਈ ਉਹ ਤਾਂ ਅਕੈਡਮੀ
ਦੇ ਮਾਲਕਾਂ ਕੋਲ ਜਾਂਦਾ ਹੈ, ਜਿਹੜੇ ਏਨੀ ਮਿਹਨਤ ਨਾਲ ਬੱਚਿਆਂ ਨੂੰ ਹਰ ਵੀਕ-ਐਂਡ ਤੇ ਦਿਨ
ਵੇਲੇ ਸਿਖਾਉਂਦੇ ਹਨ ਤਾਂ ਰਾਤ ਨੂੰ ਪਾਰਟੀਆਂ ‘ਤੇ ਲੈ ਕੇ ਜਾਂਦੇ ਹਨ। ਉਹ ਕੁੜੀ ਵੇਖਣ ਨੂੰ
ਕੋਈ ਦਸ-ਗਿਆਰਾਂ ਸਾਲ ਦੀ ਉਮਰ ਦੀ ਲੱਗਦੀ ਸੀ। ਉਹ ਜ਼ਰੂਰ ਪੰਜਵੀਂ ਜਾਂ ਛੇਵੀਂ ਵਿਚ ਪੜ੍ਹਦੀ
ਹੋਵੇਗੀ। ਉਸਦੇ ਜਾਣ ਦੇ ਬਾਅਦ ਮੈਨੂੰ ਇਕਦਮ ਉਸ ਦਸ-ਗਿਆਰਾਂ ਸਾਲ ਦੀ ਕੁੜੀ ਦੀ ਯਾਦ ਆ ਗਈ,
ਜੋ ਇਕ ਵਾਰ ਪੰਜਾਬ ਤੋਂ ਦਿੱਲੀ ਦੇ ਏਅਰਪੋਰਟ ਨੂੰ ਆਉਂਦਿਆਂ ਗੱਡੀ ਵਿੱਚ ਗਾ ਕੇ ਤੇ ਨੱਚ ਕੇ
ਪੈਸੇ ਮੰਗ ਰਹੀ ਸੀ। ਮੈਨੂੰ ਉਸ ‘ਤੇ ਬਹੁਤ ਹੀ ਤਰਸ ਜਿਹਾ ਆਉਂਦਾ ਦੇਖ ਕੇ ਸਾਡਾ ਗੁਆਂਢੀ,
ਜੋ ਸਾਨੂੰ ਦਿੱਲੀ ਤਕ ਚੜ੍ਹਾਉਣ ਆਇਆ ਸੀ, ਕਹਿਣ ਲੱਗਾ - “ਭਰਜਾਈ ਇਸ ਤਰ੍ਹਾਂ ਦੇ ਬਹੁਤ
ਸਾਰੇ ਹੋਰ ਵੀ ਬੱਚੇ ਹਨ, ਜਿਨ੍ਹਾਂ ਨੂੰ ਮੰਗਣ ਵਾਲੀਆਂ ਏਜੰਸੀਆਂ ਚੁੱਕ ਕੇ ਲੈ ਜਾਂਦੀਆਂ ਹਨ
ਤੇ ਪੈਸਾ ਇਕੱਠਾ ਕਰਨ ਲਈ ਤਾਂ ਕਈ ਬੱਚਿਆਂ ਦੇ ਅੰਗ ਵੀ ਕੱਟ ਦਿੱਤੇ ਜਾਂਦੇ ਹਨ ਤਾਂ ਕਿ ਲੋਕ
ਹਮਦਰਦੀ ਕਰਕੇ ਇਨ੍ਹਾਂ ਨੂੰ ਜਿ਼ਆਦਾ ਪੈਸੇ ਦੇਣ। ਕਈ ਵਾਰ ਤਾਂ ਕੁਝ ਬੱਚਿਆਂ ਦੇ ਮਾਪੇ ਵੀ
ਆਪਣਾ ਗੁਜ਼ਾਰਾ ਕਰਨ ਲਈ ਬੱਚਿਆਂ ਨੂੰ ਮੰਗਣ ਭੇਜ ਦੇਂਦੇ ਹਨ। ਸਕੂਲ ਜਾਣ ਦੀ ਬਜਾਇ ਇਨ੍ਹਾਂ
ਬੱਚਿਆਂ ਦਾ ਬਚਪਨ ਮੰਗਦਿਆਂ ਹੀ ਲੰਘ ਜਾਂਦਾ ਹੈ।” ਪੰਜਾਬੀ ਵਿਰਸੇ ਅਤੇ ਸਭਿਆਚਾਰ ਦੇ ਪਾਸਾਰ
ਲਈ ਕੈਨੇਡਾ ਵਿੱਚ ਖੁੰਭਾਂ ਵਾਂਗ ਪੈਦਾ ਹੋ ਰਹੀਆਂ ਸਭਿਆਚਾਰਕ ਸੰਸਥਾਵਾਂ ਬੱਚਿਆਂ ਦੀ
ਭਾਵਨਾਤਮਕ ਅਤੇ ਆਰਥਿਕ ਲੁੱਟ ਕਿੰਨੀ ਬੇਰਹਿਮੀ ਨਾਲ ਕਰਦੀਆਂ ਹਨ, ਉਸ ਬਾਰੇ ਰਛਪਾਲ ਕੌਰ
ਗਿੱਲ ਨੇ ‘ਤਰਸ’ ਕਹਾਣੀ ਵਿੱਚ ਬੜੀ ਹੀ ਸੰਜੀਦਗੀ ਨਾਲ ਚਰਚਾ ਛੇੜਿਆ ਹੈ। ਇੰਡੀਆ ਅਤੇ
ਕੈਨੇਡਾ ਵਿੱਚ ਬੱਚਿਆਂ ਦੀ ਹੋ ਰਹੀ ਮਾਨਸਿਕ, ਭਾਵਨਾਤਮਿਕ ਅਤੇ ਆਰਥਿਕ ਲੁੱਟ ਦੇ ਦੋ
ਸਮਾਨਾਂਤਰ ਦ੍ਰਿਸ਼ ਉਸਾਰ ਕੇ ਰਛਪਾਲ ਕੌਰ ਗਿੱਲ ਕੁਝ ਹੀ ਸ਼ਬਦਾਂ ਦੀ ਵਰਤੋਂ ਨਾਲ ਸਮਝਾਅ
ਜਾਦੀ ਹੈ ਕਿ ਦੋਵਾਂ ਹਾਲਤਾਂ ਵਿੱਚ ਹੀ ਏਜੰਸੀਆਂ ਦਾ ਮੂਲ ਉਦੇਸ਼ ਇੱਕੋ ਹੀ ਹੈ : ਬੱਚਿਆਂ
ਨੂੰ ਮੰਗਤੇ ਬਣਾ ਕੇ ਉਨ੍ਹਾਂ ਰਾਹੀਂ ਕਮਾਈ ਕਰਨੀ। ਦੋਵਾਂ ਹੀ ਹਾਲਤਾਂ ਵਿੱਚ ਬੱਚੇ ਮਾਲਕਾਂ
ਲਈ ਗੁਲਾਮਾਂ ਵਾਂਗ ਸਖਤ ਮਿਹਨਤ ਕਰਦੇ ਹਨ। ਕੈਨੇਡਾ ਵਿੱਚ ਭੰਗੜਾ-ਗਿੱਧਾ ਸਿਖਾਉਣ ਵਾਲੀਆਂ
ਕੁਝ ਏਜੰਸੀਆਂ ਦਾ ਨਾਮ ਲਏ ਬਗ਼ੈਰ ਲੋਕ ਇੱਥੋਂ ਤੱਕ ਵੀ ਗੱਲਾਂ ਕਹਿ ਜਾਂਦੇ ਹਨ ਕਿ ਇਹ
ਭੰਗੜਾ-ਗਿੱਧਾ ਸਿਖਾਉਣ ਵਾਲੀਆਂ ਏਜੰਸੀਆਂ ਤਾਂ ਬੱਚਿਆਂ ਨੂੰ ਕੋਕ ਵਿੱਚ ਮਿਲਾ ਕੇ ਕੋਈ ਨਸ਼ਾ
ਵੀ ਪਿਆ ਦੇਂਦੀਆਂ ਹਨ ਤਾਂ ਕਿ ਬੱਚੇ ਵੱਧ ਤੋਂ ਵੱਧ ਪਾਰਟੀਆਂ ਵਿੱਚ ਨੱਚ ਕੇ ਏਜੰਸੀਆਂ ਲਈ
ਵੱਧ ਤੋਂ ਵੱਧ ਕਮਾਈ ਕਰ ਸਕਣ।
‘ਕੁਦਰਤ ਦੇ ਸਭ ਬੰਦੇ’ ਇਸ ਕਹਾਣੀ-ਸੰਗ੍ਰਹਿ ਦੀ ਇੱਕ ਹੋਰ ਦਿਲਚਸਪ ਕਹਾਣੀ ਹੈ। ਇਹ ਕਹਾਣੀ
ਇਹ ਨੁਕਤਾ ਉਭਾਰਦੀ ਹੈ ਕਿ ਅਸੀਂ ਅਕਸਰ ਦੋਗਲੀ ਮਾਨਸਿਕਤਾ ਵਾਲੀ ਜਿ਼ੰਦਗੀ ਜਿਉਂਦੇ ਹਾਂ। ਆਪ
ਤਾਂ ਨਿੱਕੀ ਨਿੱਕੀ ਗੱਲ ਉੱਤੇ ਅਸੀਂ ਦੁਹਾਈ ਪਾਣ ਲੱਗ ਜਾਂਦੇ ਹਾਂ ਕਿ ਸਾਡੇ ਨਾਲ ਨਸਲੀ
ਵਿਤਕਰਾ ਕੀਤਾ ਜਾਂਦਾ ਹੈ; ਪਰ ਆਪਣੇ ਆਪ ਬਾਰੇ ਕਦੀ ਸੋਚਣ ਦੀ ਸਾਨੂੰ ਵਿਹਲ ਹੀ ਨਹੀਂ ਮਿਲਦੀ
ਕਿ ਅਸੀਂ ਮੰਨੂੰਵਾਦ ਦੇ ਫੈਲਾਏ ਜ਼ਾਤਪਾਤ ਦੇ ਕੋਹੜ ਦੀ ਬੀਮਾਰੀ ਦੇ ਅਸਰ ਹੇਠ ਹੋਰਨਾਂ
ਲੋਕਾਂ ਨਾਲ ਜ਼ਾਤ-ਪਾਤ/ਰੰਗ-ਨਸਲ ਦਾ ਕਿੰਨਾ ਵਿਤਕਰਾ ਕਰਦੇ ਹਾਂ। ਪੰਜਾਬੀਆਂ ਵਿੱਚ ਜ਼ਾਤਪਾਤ
/ ਰੰਗ-ਨਸਲ ਦੇ ਵਿਤਕਰੇ ਦਾ ਦਿਖਾਵਾ ਸਭ ਤੋਂ ਵੱਧ ਉਦੋਂ ਵੇਖਣ ਵਿੱਚ ਆਉਂਦਾ ਹੈ ਜਦੋਂ ਕਿਸੇ
ਪੰਜਾਬੀ ਪ੍ਰਵਾਰ ਵਿੱਚ ਧੀ / ਪੁੱਤਰ ਦੇ ਵਿਆਹ ਦੀ ਗੱਲ ਤੁਰਦੀ ਹੈ। ‘ਕੁਦਰਤ ਦੇ ਸਭ ਬੰਦੇ’
ਕਹਾਣੀ ਦਾ ਪਾਤਰ ਹਰਦਿੱਤ ਸਿੰਘ ਵੀ ਦੋਗਲੀ ਮਾਨਸਿਕਤਾ ਵਾਲਾ ਕਿਰਦਾਰ ਹੈ। ਉਹ ਉਂਝ ਤਾਂ
ਸਾਰਾ ਦਿਨ ਭਗਤ ਕਬੀਰ ਦਾ ਲਿਖਿਆ ਸ਼ਬਦ ‘ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ
ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕਉਨ ਮੰਦੇ’ ਦਾ ਜਾਪ ਕਰਦਾ ਰਹਿੰਦਾ ਹੈ; ਪਰ ਉਹ ਇਹ
ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸਦੀ ਪੋਤਰੀ ਰਵਨੀਤ ਕਿਸੀ ਹੋਰ ਧਰਮ / ਸਭਿਆਚਾਰ ਨਾਲ ਸਬੰਧ
ਰੱਖਦੇ ਮਰਦ ਨਾਲ ਵਿਆਹ ਕਰ ਲਵੇ। ਪੇਸ਼ ਹੈ ਇਸ ਕਹਾਣੀ ਵਿਚਲਾ ਉਹ ਨਾਟਕੀ ਦ੍ਰਿਸ਼ ਜੋ
ਹਰਦਿੱਤ ਸਿੰਘ ਦੀ ਦੋਗਲੀ ਮਾਨਸਿਕਤਾ ਨੂੰ ਬੜੇ ਹੀ ਸਪੱਸ਼ਟ ਰੂਪ ਵਿੱਚ ਉਭਾਰਦਾ ਹੈ: ....ਇਕ
ਵੀਕਐਂਡ ‘ਤੇ ਰਵਨੀਤ ਘਰ ਆਈ ਸੀ। ਹਰਦਿੱਤ ਸਿੰਘ ਨੇ ਕਿਹਾ “ਰਵਨੀਤ ਪੁੱਤਰ, ਹੁਣ ਤੂੰ ਪੜ੍ਹ
ਲਿਖ ਗਈ ਹੈਂ, ਹੁਣ ਤੇਰਾ ਵਿਆਹ ਕਰ ਦੇਈਏ ਤਾਂ ਚੰਗਾ ਹੈ। ਤੂੰ ਲੜਕਾ ਇੰਡੀਆ ਤੋਂ ਮੰਗਾਉਣਾ
ਚਾਹੁੰਦੀ ਹੈਂ ਜਾਂ ਇੱਥੇ ਕੋਈ ਆਪਣੀ ਬਰਾਦਰੀ ਦਾ ਲੱਭੀਏ।।।ਜਾਂ ਤੈਨੂੰ ਕੋਈ ਪਸੰਦ ਹੈ ਤਾਂ
ਦੱਸ ਦੇ।” ਰਵਨੀਤ ਕਹਿਣ ਲੱਗੀ, “ਬਾਬਾ ਜੀ, ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰ ਰੋਬੀ ਬਾਰੇ
ਦੱਸ ਚੁੱਕੀ ਹਾਂ ਕਿ ਉਹ ਬਹੁਤ ਹੁਸਿ਼ਆਰ ਮੁੰਡਾ ਹੈ ਤੇ ਉਹ ਮੇਰੇ ਨਾਲ ਹਾਈ ਸਕੂਲ ਵਿਚ
ਪੜ੍ਹਿਆ ਹੈ ਤੇ ਮੇਰੇ ਨਾਲ ਹੀ ਉਹ ਯੂਨੀਵਰਸਿਟੀ ਵੀ ਗਿਆ ਹੈ। ਨਾਲੇ ਉਸ ਨੂੰ ਵੀ ਨੌਕਰੀ ਮਿਲ
ਗਈ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ।” ਇਹ ਸੁਣਦੇ ਸਾਰ ਸਾਰੇ ਪਰਿਵਾਰ ਦੇ ਪੈਰਾਂ
ਹੇਠੋਂ ਮਿੱਟੀ ਨਿਕਲ ਗਈ। ਤਰਸੇਮ ਕੌਰ ਤਾਂ ਸੁਣਦੇ ਸਾਰ ਦੁਹੱਥੜਾ ਮਾਰ ਕੇ ਰੋਂਦੀ ਹੋਈ ਕਹਿਣ
ਲੱਗੀ, ਨੀ ਕੁੜੀਏ ! ਤੂੰ ਇਹ ਕੀ ਕੀਤਾ? ਪਿਉ ਦਾਦੇ ਦੀ ਪੱਗ ਨੂੰ ਦਾਗ਼ ਲਾ ਦਿੱਤਾ। ਅਸੀਂ
ਹੁਣ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ?” ਘਰ ਦਾ ਸਾਂ਼ਤ ਵਾਤਾਵਰਨ ਇਕਦਮ ਗਰਮ ਹੋ ਗਿਆ। ਦੇਵ
ਤੇ ਅਮਨ ਕਹਿ ਰਹੇ ਸਨ, “ਤੂੰ ਸਾਡੇ ਪਿਆਰ ਤੇ ਖੁੱਲ੍ਹ ਦਾ ਨਜਾਇਜ਼ ਫ਼ਾਇਦਾ ਉਠਾਇਆ ਹੈ।”
ਰਵਨੀਤ ਕਹਿਣ ਲੱਗੀ, “ਬਾਬਾ ਜੀ, ਤੁਸੀਂ ਤਾਂ ਹਰ ਰੋਜ਼ ਪੜ੍ਹਦੇ ਸੀ ‘ਅਵਲ ਅੱਲਾ ਨੂਰ ਉਪਾਇਆ
ਕੁਦਰਤ ਕੇ ਸਭ ਬੰਦੇ’।।।ਕੀ ਉਹ ਕੁਦਰਤ ਦਾ ਬੰਦਾ ਨਹੀਂ?” ਸੁਣਦੇ ਸਾਰ ਹਰਦਿੱਤ ਸਿੰਘ ਅੱਗ
ਬਬੂਲਾ ਹੋ ਗਿਆ ਤੇ ਕਹਿਣ ਲੱਗਾ, “ਖ਼ਬਰਦਾਰ ਜੇ ਅੱਗੇ ਇਕ ਲਫ਼ਜ਼ ਵੀ ਬੋਲੀ ਤਾਂ ਜ਼ਬਾਨ
ਖਿੱਚ ਲਵਾਂਗਾ। ਤੂੰ ਸਾਨੂੰ ਸ਼ਰੀਕੇ ਭਾਈਚਾਰੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ” ਤੇ
ਨਾਲ ਹੀ ਤਾੜ ਕਰਦੀ ਚਪੇੜ ਰਵਨੀਤ ਦੇ ਮੂੰਹ ‘ਤੇ ਕੱਢ ਮਾਰੀ। ਉਸ ਦਾ ਸਿਰ ਕੰਧ ਦੀ ਅੱਸੀ ਨਾਲ
ਵੱਜਿਆ ਤੇ ਉਹ ਸੋਫੇ ਦੀ ਇਕ ਸਾਈਡ ‘ਤੇ ਵੱਜਦੀ ਹੋਈ ਹੇਠਾਂ ਡਿੱਗ ਪਈ। ਹੇਠਾਂ ਡਿੱਗਦੇ ਹੀ
ਮੱਥੇ ਵਿੱਚ ਥੋੜਾ ਜਿਹਾ ਲਹੂ ਵਗਦਾ ਦੇਖ ਕੇ ਅਮਨ ਭੱਜ ਕੇ ਆ ਕੇ ਪੂੰਝਣ ਲੱਗੀ ਤਾਂ ਹਰਦਿੱਤ
ਸਿੰਘ ਨੇ ਉਸ ਨੂੰ ਵੀ ਦਬਕਾ ਮਾਰਦਿਆਂ ਹੋਇਆਂ ਪਰ੍ਹੇ ਰਹਿਣ ਲਈ ਕਿਹਾ। ਉਸ ਤੋਂ ਬਾਅਦ ਰਵਨੀਤ
ਕੁਝ ਨਾ ਬੋਲੀ। ਹਰਦਿੱਤ ਸਿੰਘ ਨੇ ਆਪਣਾ ਹੁਕਮ ਸੁਣਾਂਦਿਆਂ ਹੋਇਆਂ ਕਹਿ ਦਿੱਤਾ, “ਅੱਜ ਤੋਂ
ਬਾਅਦ ਤੂੰ ਇਸ ਘਰ ਤੋਂ ਬਾਹਰ ਨਹੀਂ ਜਾ ਸਕਦੀ।” ਰਵਨੀਤ ਅੱਗਿਉਂ ਕੁਝ ਨਾ ਬੋਲੀ। ਦੇਵ ਪਿਉ
ਨੂੰ ਪਰ੍ਹੇ ਲਿਜਾ ਕੇ ਸਮਝਾਉਣ ਲੱਗਾ, “ਡੈਡੀ, ਇੱਥੇ ਇਹ ਡਰ ਨਹੀਂ ਚੱਲਣਾ। ਇਹ ਆਪਾਂ
ਸਾਰਿਆਂ ਨੂੰ ਅੰਦਰ ਕਰਵਾ ਦੇਵੇਗੀ। ਰੱਬ ਦਾ ਵਾਸਤਾ ਆਪਾਂ ਇਸ ਨੂੰ ਪਿਆਰ ਨਾਲ ਸਮਝਾਈਏ।”
ਰੱਬ, ਰੱਬ ਕਰਦੇ ਰਹਿਣ ਵਾਲੇ ਲੋਕਾਂ ਦੀ ਮਾਨਸਿਕਤਾ ਦੀਆਂ ਤਹਿਆਂ ਫਰੋਲਦਿਆਂ ਰਛਪਾਲ ਕੌਰ
ਗਿੱਲ ਆਪਣੀ ਕਹਾਣੀ ‘ਇਨਸਾਫ਼’ ਵਿੱਚ ਬੜੀ ਬੇਲਿਹਾਜ਼ ਹੋ ਕੇ ਕਹਿੰਦੀ ਹੈ ਕਿ ਕੈਨੇਡਾ ਦੇ
ਗੁਰਦੁਆਰਿਆਂ ਵਿੱਚ ਜਿਹੜੇ ਧਰਮ-ਯੁੱਧ ਹੁੰਦੇ ਹਨ ਉਨ੍ਹਾਂ ਦਾ, ਮਹਿਜ਼, ਇੱਕੋ ਹੀ ਕਾਰਨ
ਹੁੰਦਾ ਹੈ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਚੌਧਰ ਉੱਤੇ ਕਾਬਜ਼ ਹੋਣਾ। ਇਨ੍ਹਾਂ ਧਾਰਮਿਕ
ਅਸਥਾਨਾਂ ਉੱਤੇ ਜਾਇਜ਼ / ਨਜਾਇਜ਼ ਢੰਗ ਨਾਲ ਕਾਬਿਜ਼ ਹੋਏ ਲੋਕਾਂ ਨੂੰ ਗੁਰਬਾਣੀ ਵਿੱਚ
ਦਿੱਤੇ ਗਏ ਸੰਦੇਸ਼ ਨਾਲ ਕੋਈ ਵਾਸਤਾ ਨਹੀਂ ਹੁੰਦਾ। ਦਰਅਸਲ, ਗੁਰਦੁਆਰਿਆਂ ਉੱਤੇ ਕਾਬਿਜ਼
ਹੋਏ ਚੌਧਰ ਦੇ ਭੁੱਖੇ ਇਨ੍ਹਾਂ ਮੁਖੌਟਾਧਾਰੀਆਂ ਨੂੰ ਤਾਂ ਕਦੀ ਇਸ ਗੱਲ ਦੀ ਵਿਹਲ ਹੀ ਨਹੀਂ
ਮਿਲਦੀ ਕਿ ਉਹ ਗੁਰੂਆਂ ਦੀ ਬਾਣੀ ਨੂੰ ਚਿਤ ਲਗਾ ਕੇ ਸੁਣ ਸਕਣ। ਉਨ੍ਹਾਂ ਦਾ ਸਾਰਾ ਜ਼ੋਰ ਤਾਂ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਧੜੇ ਨਾਲ ਜੋੜਨ ਲਈ ਭ੍ਰਿਸ਼ਟਾਚਾਰ ਦੇ
ਤੌਰ ਤਰੀਕੇ ਵਰਤਣ ਵਿੱਚ ਹੀ ਲੱਗ ਜਾਂਦਾ ਹੈ। ਇਨ੍ਹਾਂ ਨਿੱਤ ਦੇ ਧਰਮ-ਯੁੱਧਾਂ ਕਾਰਨ ਨ ਉਹ
ਸਿਰਫ ਇਨ੍ਹਾਂ ਧਾਰਮਿਕ ਸਥਾਨਾਂ ਦਾ ਮਾਹੌਲ ਹੀ ਵਿਗਾੜਦੇ ਹਨ; ਬਲਕਿ ਇਨ੍ਹਾਂ ਧਰਮ-ਯੁੱਧਾਂ
ਦੇ ਅਦਾਲਤੀ ਨਿਬੇੜਿਆਂ ਵਿੱਚ ਗੁਰਦੁਆਰਿਆਂ ਦੀ ਗੋਲਕ ਵਿਚਲੇ ਹਜ਼ਾਰਾਂ ਡਾਲਰਾਂ ਦਾ ਉਜਾੜਾ
ਵੀ ਕਰਦੇ ਹਨ। ਧਰਮ-ਯੁੱਧਾਂ ਵਿੱਚ ਬਰਬਾਦ ਕੀਤੇ ਗਏ ਇਹ ਹਜ਼ਾਰਾਂ ਡਾਲਰ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਕਿਸੀ ਮੈਂਬਰ ਦੀ ਜੇਬ੍ਹ ਵਿੱਚੋਂ ਨਹੀਂ ਜਾਂਦੇ; ਬਲਕਿ ਇਹ ਇਨ੍ਹਾਂ ਗੁਰਦੁਆਰਿਆਂ
ਦੀ ਉਸ ਕਮਾਈ ਵਿੱਚੋਂ ਹੀ ਜਾਂਦੇ ਹਨ ਜੋ ਗੁਰਦੁਆਰੇ ਦੀ ਗੋਲਕ ਵਿੱਚ ਆਮ ਸ਼ਰਧਾਲੂ ਸਿੱਖਾਂ
ਨੇ ਗੁਰਦੁਆਰੇ ਪ੍ਰਤੀ ਆਪਣੀ ਸ਼ਰਧਾ ਵਜੋਂ ਪਾਏ ਹੁੰਦੇ ਹਨ ਜੋ ਕਮਾਈ ਕਰਨ ਲਈ ਦਿਨ ਰਾਤ
ਹੱਡ-ਭੰਨਵੀਂ ਮਿਹਨਤ-ਮਜ਼ਦੂਰੀ ਕਰਦੇ ਹਨ। ਪੇਸ਼ ਹਨ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ
ਕਹਾਣੀ ‘ਇਨਸਾਫ਼’ ਵਿੱਚੋਂ ਦੋ ਉਦਾਹਰਣਾਂ:
2
1.
ਆਪਣੇ ਗੁਰਦੁਆਰਿਆਂ ਵਿੱਚ ਕਮੇਟੀਆਂ ਵਾਲੇ ਆਪਸ ਵਿਚ ਲੜ ਕੇ ਸੰਗਤ ਦੇ ਹਜ਼ਾਰਾਂ ਡਾਲਰ
ਕੋਰਟਾਂ ਵਿੱਚ ਬਰਬਾਦ ਕਰ ਦੇਂਦੇਂ ਹਨ, ਜੋ ਸਾਡੀ ਕੌਮ ਦੇ ਚੰਗੇ ਕਾਰਜਾਂ ਲਈ ਵਰਤੇ ਜਾ ਸਕਦੇ
ਹਨ। ਇਕ ਗੁਰਦੁਆਰੇ ਵਾਲੇ ਦੂਸਰੇ ਗੁਰਦੁਆਰੇ ਵਿੱਚ ਜਾ ਕੇ ਕਿਰਪਾਨਾਂ ਚਲਾ ਕੇ, ਸਾਡੇ
ਦੱਸਵੇਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਕਿਰਪਾਨ ਨੂੰ ਵੀ ਬੈਨ ਕਰਵਾਉਣ ‘ਤੇ ਤੁਲੇ ਹੋਏ
ਹਨ। ਆਂਟੀ ਜੀ, ਕੁਝ ਕੁ ਗੁਰਦੁਆਰਿਆਂ ਦੇ ਆਗੂਆਂ ਨੇ ਤਾਂ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ।
ਆਪਣੇ ਦੇਸ਼ ਵਿੱਚ ਪੰਚ ਜਾਂ ਸਰਪੰਚ ਬਨਣ ਦਾ ਅਧੂਰਾ ਸੁਪਨਾ ਉਹ ਇੱਥੇ ਗੁਰਦੁਆਰਿਆਂ ਦੇ ਆਗੂ
ਬਣ ਕੇ ਪੂਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਸਾਡਾ ਵਧੀਆ ਅਸੂਲਾਂ ਵਾਲਾ ਧਰਮ ਵੀ ਆਪਣੀ ਮੱਤ
ਅਨੁਸਾਰ ਢਾਲ ਲਿਆ ਹੈ। ਇਹ ਸਾਡੀ ਕੌਮ ਦੀ ਬੜੀ ਵੱਡੀ ਬਦਕਿਸਮਤੀ ਹੈ। ਆਂਟੀ ਜੀ, ਤੁਹਾਨੂੰ
ਪਤਾ ਹੀ ਹੈ ਕਿ ਇਥੇ ਆ ਕੇ ਸਾਡੇ ਲੋਕ ਜਾਂ ਤਾਂ ਸਿਆਸਤ ਵੱਲ ਜਾਂ ਫਿਰ ਗੁਰਦੁਆਰਿਆਂ ਦੇ ਆਗੂ
ਬਨਣ ਲਈ ਭੱਜਦੇ ਹਨ। ਇਹ ਲੋਕ ਯੂਨੀਵਰਸਿਟੀਆਂ ਜਾ ਕਾਲਿਜਾਂ ਵੱਲ ਕਿਉਂ ਨਹੀਂ ਭੱਜਦੇ?
2.
ਸਾਡੇ ਗੁਰੂਆਂ ਵੱਲੋਂ ਤਾਂ ਗੁਰਦੁਆਰਿਆਂ ਦੀ ਪ੍ਰਥਾ ਸਿੱਖੀ ਦਾ ਪ੍ਰਚਾਰ ਕਰਨ ਤੇ ਗਰੀਬਾਂ ਦੀ
ਮੱਦਦ ਕਰਨ ਲਈ ਕੀਤੀ ਗਈ ਸੀ। ਮੇਰੀ ਮੰਮੀ ਦੀ ਸਹੇਲੀ ਨੇ ਆਪਣੇ ਮੁੰਡੇ ਦੇ ਜਨਮ ਦਿਨ ਤੇ
ਅਖੰਡ ਪਾਠ ਕਰਵਾਉਣਾ ਸੀ। ਪਰ ਉਹਦੇ ਕੋਲੋਂ ਗੁਰਦੁਆਰੇ ਵਾਲਿਆਂ ਜਿੰਨੇ ਡਾਲਰ ਮੰਗੇ ਸਨ, ਉਸ
ਵਿੱਚ ਓਨੇ ਡਾਲਰ ਦੇਣ ਦੀ ਹਿੰਮਤ ਨਾ ਹੋਣ ਕਰਕੇ ਅਖੰਡ ਪਾਠ ਕਰਵਾ ਹੀ ਨਾ ਸਕੀ। ਲੜਾਈ ਕਰਕੇ
ਭਾਵੇਂ ਇਹ ਲੋਕ ਜਿੰਨੇ ਮਰਜ਼ੀ ਸੰਗਤ ਦੇ ਡਾਲਰ ਕੋਰਟਾਂ ਵਿੱਚ ਬਰਬਾਦ ਕਰ ਦੇਣ, ਪਰ ਕਿਸੇ
ਗਰੀਬ ਦੀ ਮੱਦਦ ਨਹੀਂ ਕਰ ਸਕਦੇ। ਇਨ੍ਹਾਂ ਲੋਕਾਂ ਨੇ ਗੁਰਦੁਆਰਿਆਂ ਨੂੰ ਸਿਰਫ਼ ਮਹਿੰਗੇ ਭਾਅ
ਦੇ ਘਰੇਲੂ ਸਮਾਗਮਾਂ ਤੇ ਆਪਣੀ ਹਉਮੈ ਤਕ ਸੀਮਤ ਕਰ ਦਿੱਤਾ ਹੈ।” ਕੈਨੇਡਾ ਦੇ ਧਾਰਮਿਕ
ਅਸਥਾਨਾਂ ਅੰਦਰ ਹੁੰਦੇ ਧਰਮ-ਯੁੱਧਾਂ ਦੇ ਨਾਲ ਨਾਲ ਜਿੱਥੇ ਕਿ ਰਛਪਾਲ ਕੌਰ ਗਿੱਲ ਇਨ੍ਹਾਂ
ਧਾਰਮਿਕ ਅਸਥਾਨਾਂ ਅੰਦਰ ਵੱਧ ਰਹੇ ਭ੍ਰਿਸ਼ਟਾਚਾਰ ਦੀ ਗੱਲ ਕਰਦੀ ਹੈ; ਉੱਥੇ ਹੀ ਉਹ ਆਪਣੀਆਂ
ਕਹਾਣੀਆਂ ਵਿੱਚ ਇਸ ਵਿਸ਼ੇ ਬਾਰੇ ਵੀ ਚਰਚਾ ਛੇੜਦੀ ਹੈ ਕਿ ਕੈਨੇਡਾ ਵਰਗੇ ਬਹੁ-ਸਭਿਆਚਾਰਕ
ਦੇਸ਼ਾਂ ਵਿੱਚ ਤਰਕ ਦੀ ਕਸ਼ੌਟੀ ਉੱਤੇ ਪੂਰੇ ਨ ਉਤਰਦੇ ਧਾਰਮਿਕ / ਸਭਿਆਚਾਰਕ
ਰੀਤੀ-ਰਿਵਾਜ਼ਾਂ ਨੂੰ ਚੁਣੌਤੀ ਦੇਣੀ ਵੀ ਨਸਲਵਾਦੀ ਵਿਤਕਰਾ ਸਮਝਿਆ ਜਾਂ ਸਕਦਾ ਹੈ। ਪੇਸ਼ ਹਨ
ਕਹਾਣੀ ‘ਭੁੱਲ-ਭੁਲੱਈਆਂ’ ਵਿੱਚੋਂ ਇਨ੍ਹਾਂ ਵਿਚਾਰਾਂ ਬਾਰੇ ਚਰਚਾ ਛੇੜਦੀਆਂ ਦੋ ਉਦਾਹਰਣਾਂ:
1.
ਮੈਂ ਕਿਹਾ, ਅੱਜ ਕੱਲ ਮਰਦ ਤੇ ਔਰਤਾਂ ਵਿਚ ਕੋਈ ਫ਼ਰਕ ਨਹੀਂ ਹੈ। ਸੁਣ ਕੇ ਡੇਡੀ ਦਾ ਮੂੰਹ
ਗੁੱਸੇ ਨਾਲ ਲਾਲ ਹੋਇਆ ਦੇਖ ਕੇ ਮੈਂ ਚੁੱਪ ਕਰ ਗਿਆ। ਪਰ ਮੈਂ ਪੁੱਛਣਾ ਚਾਹੁੰਦਾ ਸੀ ਕਿ
ਜੇਕਰ ਕਰਵਾ ਚੌਥ ਆਦਮੀਆਂ ਦੀਆਂ ਉਮਰਾਂ ਵਧਾ ਸਕਦਾ ਹੈ ਤਾਂ ਕੀ ਉਹ ਔਰਤਾਂ ਦੀਆਂ ਉਮਰਾਂ
ਨਹੀਂ ਵਧਾ ਸਕਦਾ। ਡੈਡੀ ਦਾ ਗੁੱਸਾ ਦੇਖ ਕੇ ਮੈਂ ਕੁਝ ਨਹੀਂ ਕਿਹਾ ਤੇ ਨਾ ਹੀ ਸਾਰੀ ਰਾਤ
ਚੰਗੀ ਤਰ੍ਹਾਂ ਸੌਂ ਸਕਿਆ। ਕਿਉਂਕਿ ਮੈਨੂੰ ਮੰਮੀ ਦੀ ਯਾਦ ਬਹੁਤ ਆਉਂਦੀ ਸੀ। ਰਿਤਿਕ, ਪੂਜਾ
ਤੇ ਮੇਰੇ ਵਿਚਕਾਰ ਹੋ ਰਹੀਆਂ ਸਾਰੀਆ ਗੱਲਾਂ ਨੂੰ ਸੁਣ ਰਹੀ ਨੀਟੂ ਜੋ ਦੇਖਣ ਨੂੰ ਬਿਲਕੁਲ
ਗੋਰੇ ਬੱਚਿਆਂ ਵਰਗੀ ਲਗਦੀ ਸੀ। ਕਹਿਣ ਲੱਗੀ, “ਇਹ ਬਿਲਕੁਲ ਝੂਠ ਹੈ ਕਿ ਕਰਵਾ ਚੌਥ ਉਮਰਾਂ
ਵਧਾਉਂਦਾ ਹੈ, ਇਹ ਮੈਂ ਹੀ ਨਹੀਂ, ਮੇਰੀ ਮੰਮੀ ਵੀ ਇੰਜ ਹੀ ਕਹਿੰਦੀ ਹੈ। ਜੇ ਇਹ ਸੱਚ ਹੁੰਦਾ
ਪਿਛਲੇ ਸਾਲ ਮੇਰੇ ਡੈਡੀ ਦੀ ਟਰੱਕ ਦੇ ਐਕਸੀਡੈਂਟ ਵਿੱਚ ਮੌਤ ਨਾ ਹੁੰਦੀ, ਮੇਰੀ ਮਾਂ ਵੀ ਤਾਂ
ਹਰ ਸਾਲ ਕਰਵਾ ਚੌਥ ਦਾ ਵਰਤ ਮੇਰੇ ਡੈਡੀ ਦੀ ਉਮਰ ਵਧਾਉਣ ਲਈ ਤਾਂ ਰੱਖਦੀ ਸੀ।
2.
ਮੇਰਾ ਖਿ਼ਆਲ ਪਿਛਲੇ ਸਾਲ ਕ੍ਰਿਸਮਿਸ ਦੇ ਦਿਨਾਂ ਵਿੱਚ ਜੌਹਨ ਵੱਲੋਂ ਪੁੱਛੇ ਗਏ ਸਵਾਲ ਵਿੱਚ
ਜਾ ਗੁਆਚਿਆ। ਉਹ ਮੈਨੂੰ ਪੁੱਛਣ ਲੱਗਾ, “ਕੀ ਤੂੰ ਕਦੇ ਸੈਂਟਾ ਕਲਾਜ ਦੇਖਿਆ ਹੈ? ਨਾਲੇ ਉਹ
ਚਿਮਨੀ ਵਿਚ ਉਤਰ ਕੇ ਘਰ ਕਿਵੇਂ ਆ ਜਾਂਦਾ ਹੈ?” ਮੈਂ ਕਿਹਾ, ਮੈਂ ਕਦੇ ਸੈਂਟਾ ਕਲਾਜ ਨਹੀਂ
ਦੇਖਿਆ ਤੇ ਨਾ ਹੀ ਮੈਨੂੰ ਪਤਾ ਹੈ ਕਿ ਉਹ ਕਿਵੇਂ ਚਿਮਨੀ ਵਿਚ ਦੀ ਉਤਰ ਕੇ ਘਰ ਅੰਦਰ ਆ
ਜਾਂਦਾ ਹੈ?” ਉਹ ਆਪ ਹੀ ਕਹਿਣ ਲੱਗਾ, “ਇਹ ਸਭ ਝੂਠ ਹੈ। ਮੈਂ ਜਦੋਂ ਕ੍ਰਿਸਮਿਸ ਦੇ ਦੋ ਦਿਨ
ਪਹਿਲਾਂ ਰਾਤ ਨੂੰ ਜਾਗ ਪਿਆ ਤੇ ਮੇਰੀ ਮਾਂ ਹੀ ਕ੍ਰਿਸਮਿਸ ਟ੍ਰੀ ਦੇ ਹੇਠਾਂ ਸਾਡੇ ਵਾਸਤੇ
ਗਿਫਟ ਰੱਖ ਰਹੀ ਸੀ।” ਉਹਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਬੱਚਿਆਂ ਦੀਆਂ ਭਾਵਨਾਤਮਕ
ਲੋੜਾਂ ਨੂੰ ਅਸੀਂ, ਅਕਸਰ, ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜਿਸ ਕਾਰਨ ਅਨੇਕਾਂ ਤਰ੍ਹਾਂ ਦੀਆਂ
ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਰਛਪਾਲ ਕੌਰ ਗਿੱਲ ਨੇ ਇਸ ਵਿਸ਼ੇ ਨੂੰ ਲੈ ਕੇ ਅਨੇਕਾਂ
ਕਹਾਣੀਆਂ ਲਿਖੀਆਂ ਹਨ। ਪੇਸ਼ ਹਨ ਉਸ ਦੀਆਂ ਕਹਾਣੀਆਂ ‘ਗੁਲਾਬੀ ਸੂਟ’, ‘ਫਾਦਰਜ਼ ਡੇ’ ਅਤੇ
‘ਮਖੌਟੇ’ ਵਿੱਚੋਂ ਇਸ ਵਿਸ਼ੇ ਨੂੰ ਪੇਸ਼ ਕਰਦੀਆਂ ਉਦਾਹਰਣਾਂ:
1.
ਇੱਕ ਟੀਚਰ ਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੀ ਆਪਣੀ ਤਸਵੀਰ ਬਣਾਉਣ ਲਈ ਕਿਹਾ। ਉਸ ਸਮੇਂ
ਕੁਝ ਕੁ ਅਫ਼ਰੀਕਨ ਬੱਚਿਆਂ ਨੇ ਆਪਣੀਆਂ ਤਸਵੀਰਾਂ ਬਾਹਾਂ ਤੋਂ ਬਿਨ੍ਹਾਂ ਬਣਾਈਆਂ, ਜਿਨ੍ਹਾਂ
ਦਾ ਵਿਸ਼ਲੇਸ਼ਣ ਕੀਤਾ ਗਿਆ ਸੀ ਕਿ ਇਹ ਬੱਚੇ ਆਪਣੇ ਆਪ ਨੂੰ ਤਾਕਤਹੀਣ ਸਮਝਦੇ ਹਨ। ਜਦੋਂ ਮੈਂ
ਸਾਰੀ ਕਲਾਸ ਦੇ ਸਾਹਮਣੇ ਸ਼ੈਨਨ ਨੂੰ ਆਪਣੀ ਤਸਵੀਰ ਬਾਹਾਂ ਤੋਂ ਬਿਨਾਂ ਬਣਾਉਣ ਦਾ ਕਾਰਨ
ਪੁੱਛਿਆ ਤਾਂ ਉਹ ਕਹਿਣ ਲੱਗੀ - “ਮੈਂ ਬਹੁਤ ਕਮਜ਼ੋਰ ਹਾਂ, ਇਕ ਸੂਟ ਲੈਣ ਦਾ ਫੈਸਲਾ ਵੀ ਨਾ
ਕਰ ਸਕੀ। ਜੇ ਮੇਰੀਆਂ ਬਾਹਾਂ ਹੁੰਦੀਆ ਤਾਂ ਮੈਂ ਜ਼ਰੂਰ ਸੂਟ ਲੈ ਲੈਂਦੀ।”
3
ਮੈਂ ਸ਼ੈਨਨ ਨੂੰ ਕਿਹਾ- “ਮੈਂ ਤੇਰੀ ਗੁਲਾਬੀ ਸੂਟ ਨਾਲ ਵਾਪਰੀ ਘਟਨਾ ਬਾਰੇ ਇਕ ਕਹਾਣੀ
ਲਿਖਣਾ ਚਾਹੁੰਦੀ ਹਾਂ। ਕੀ ਮੈਂ ਤੇਰਾ ਨਾਮ ਵਰਤ ਸਕਦੀ ਹਾਂ?” ਸ਼ੈਨਨ ਭੱਜ ਕੇ ਮੇਰੇ ਡੈਸਕ
ਤੋਂ ਪੇਪਰ ਤੇ ਪੈੱਨ ਚੁੱਕ ਲਿਆਈ ਤੇ ਮੇਰੇ ਲਈ ਆਗਿਆ ਪੱਤਰ ਲਿਖਣ ਲੱਗ ਪਈ। ਮੈਨੂੰ ਲੱਗਾ
ਜਿਵੇਂ ਸ਼ੈਨਨ ਦੀਆਂ ਦੋਵੇਂ ਬਾਹਾਂ ਦੁਬਾਰਾ ਉੱਗ ਪਈਆਂ ਹੋਣ ਤੇ ਉਹ ਬਹੁਤ ਤਾਕਤਵਰ ਬਣ ਗਈ
ਹੋਵੇ, ਜੋ ਲਿਖ ਰਹੀ ਸੀ। ‘ਮੈਂ ਮਿਸਿਜ਼ ਗਿੱਲ। ਤੈਨੂੰ ਕਹਾਣੀ ਵਿਚ ਆਪਣਾ ਅਸਲੀ ਨਾਮ ਵਰਤਣ
ਦੀ ਆਗਿਆ ਦੇ ਰਹੀ ਹਾਂ। ਮੇਰੀ ਕਹਾਣੀ ਇੰਗਲਿਸ਼ ਤੋਂ ਇਲਾਵਾ ਬਾਕੀ ਭਾਸ਼ਾਵਾਂ ਵਿਚ ਵੀ
ਲਿਖੀਂ।’
2.
ਫਾਦਰਜ਼ ਡੇ ਵਾਲੇ ਦਿਨ ਉਸ ਨੇ ਸਾਰੇ ਬੱਚਿਆਂ ਨੂੰ ਦੱਸਿਆ ਕਿ ਕਾਰਡ ਵਿੱਚ ਕਿਵੇਂ ਰੰਗ ਭਰਨਾ
ਹੈ ਤਾਂ ਕਿ ਉਹ ਵੱਖੋ-ਵੱਖਰੇ ਦਿਸ ਸਕਣ। ਕਾਰਡ ਦੇ ਅੰਦਰ ਉਹ ਆਪਣੇ ਡੈਡੀ ਦੀ ਅਸਲੀ ਫੋਟੋ
ਜਾਂ ਆਪਣੀ ਫੋਟੋ ਬਣਾ ਸਕਦੇ ਹਨ। ਜਾਂ ਡੈਡੀ ਬਾਰੇ ਕਵਿਤਾ ਜਾਂ ਚੰਗੀਆਂ ਗੱਲਾਂ ਲਿਖ ਸਕਦੇ
ਹਨ। ਸਾਰੇ ਬੱਚਿਆਂ ਨੇ ਕਾਰਡ ਬਣਾਏ। ਉਹ ਕਾਰਡਾਂ ਦੇ ਅੰਦਰ ਕੁਝ ਨਾ ਕੁਝ ਲਿਖਦੇ ਵੀ ਨਜ਼ਰ
ਆਏ। ਅਖੀਰ ‘ਤੇ ਮਿਸ਼ੈਲ ਨੇ ਸਾਰਿਆਂ ਨੂੰ ਆਪ-ਆਪਣੇ ਕਾਰਡ ਲੈ ਜਾਣ ਲਈ ਆਖਿਆ। ਉਸ ਨੇ ਸੋਚਿਆ
ਸਾਰੇ ਬੱਚਿਆਂ ਨੇ ਕਾਰਡ ਆਪੋ-ਆਪਣੇ ਬੈਗਾਂ ਵਿੱਚ ਪਾ ਲਏ ਹੋਣਗੇ। ਛੁੱਟੀ ਦੀ ਘੰਟੀ ਵੱਜਣ ਤੇ
ਮਿਸ਼ੈਲ ਜਦੋਂ ਬੱਚਿਆਂ ਨੂੰ ਬਾਹਰ ਛੱਡ ਕੇ ਵਾਪਸ ਕਮਰੇ ਵਿਚ ਆਈ ਤਾਂ ਉਸ ਨੇ ਵੇਖਿਆ ਕਿ ਘੱਟ
ਤੋਂ ਘੱਟ ਤਿੰਨ ਚਾਰ ਬੱਚਿਆਂ ਦੇ ਕਾਰਡ ਉਨ੍ਹਾਂ ਦੇ ਡੈਸਕਾਂ ਦੇ ਵਿਚ ਹੀ ਪਏ ਹੋਏ ਸਨ।
ਮਿਸ਼ੈਲ ਨੇ ਕਾਹਲੀਕਾਹਲੀ ਕਾਰਡ ਇਕੱਠੇ ਕੀਤੇ ਅਤੇ ਭੱਜ ਕੇ ਬੱਚਿਆਂ ਨੂੰ ਫੜਾਉਣ ਦੀ
ਕੋਸਿ਼ਸ਼ ਕੀਤੀ ਪਰ ਬੱਚੇ ਜਾ ਚੁੱਕੇ ਸਨ। ਉਸ ਨੇ ਕਾਰਡ ਆਪਣੇ ਡੈਸਕ ‘ਤੇ ਰੱਖ ਦਿੱਤੇ ਅਤੇ
ਸਾਰਾ ਕਮਰਾ ਦੂਸਰੇ ਦਿਨ ਲਈ ਸੈੱਟ ਕੀਤਾ। ਵਾਪਸ ਜਦੋਂ ਡੈਸਕ ‘ਤੇ ਬੈਠ ਕੇ ਦੂਸਰੇ ਦਿਨ
ਪੜਾਉਣ ਲਈ ਪਲੈਨ ਲਿਖਣ ਲੱਗੀ ਕਿ ਇਹ ਬੱਚੇ ਵਿਚਾਰੇ ਆਪਣੇ ਕਾਰਡ ਭੁੱਲ ਗਏ ਹਨ। ਅੱਜ ਹੀ ਤਾਂ
ਫਾਦਰਜ਼-ਡੇ ਹੈ। ਅਚਾਨਕ ਮਿਸ਼ੈਲ ਨੇ ਇਕ ਕਾਰਡ ਪੜ੍ਹਨਾ ਸ਼ੁਰੂ ਕੀਤਾ। ਇਹ ਕਾਰਡ ਮਾਈਕਲ ਦਾ
ਸੀ। ਉਸ ਨੇ ਲਿਖਿਆ ਕਿ “ਮੈਂ ਤਾਂ ਆਪਣੇ ਫਾਦਰ ਨੂੰ ਕਦੀ ਵੇਖਿਆ ਹੀ ਨਹੀਂ। ਮਾਂ ਦੱਸਦੀ
ਹੁੰਦੀ ਸੀ ਕਿ ਉਸ ਨੇ ਕਿਸੇ ਸਪਰਮ ਬੈਂਕ ਤੋਂ ਮੈਨੂੰ ਲਿਆ ਹੈ। ਮੈਨੂੰ ਪਤਾ ਨਹੀਂ ਕਿ ਉਹ ਕੀ
ਹੁੰਦਾ ਹੈ। ਇਸ ਕਰਕੇ ਮੈਂ ਇਹ ਕਾਰਡ ਇਥੇ ਹੀ ਛੱਡ ਕੇ ਜਾ ਰਿਹਾ ਹਾਂ।” ਕਾਰਡ ਪੜ੍ਹਦਿਆਂ
ਸਾਰ ਹੀ ਮਿਸ਼ੈਲ ਦੀ ਬਾਕੀ ਕਾਰਡ ਪੜ੍ਹਨ ਦੀ ਉਤਸੁਕਤਾ ਵੀ ਵਧਣ ਲੱਗੀ। ਦੂਸਰਾ ਕਾਰਡ ਟੋਨੀ
ਦਾ ਸੀ ਜੋ ਕੁਝ ਦਿਨ ਪਹਿਲਾਂ ਹੀ ਕਲਾਸ ਵਿਚ ਆਇਆ ਸੀ। ਉਸ ਨੇ ਲਿਖਿਆ- “ਕੋਈ ਦੋ ਸਾਲ
ਪਹਿਲਾਂ ਮੇਰੀ ਮਾਂ ਮੇਰੇ ਡੈਡੀ ਨੂੰ ਛੱਡ ਕੇ ਚਲੀ ਗਈ ਕਿਉਂਕਿ ਮੇਰੇ ਡੈਡੀ ਦਾ ਇਕ
ਬੁਆਏ-ਫਰੈਂਡ ਸੀ। ਮਾਂ ਨੇ ਕੋਸਿ਼ਸ਼ ਕੀਤੀ ਕਿ ਮੇਰਾ ਡੈਡੀ ਆਪਣੇ ਬੁਆਏ-ਫਰੈਂਡ ਨੂੰ ਨਾ
ਮਿਲੇ ਪਰ ਉਹ ਨਾ ਹਟਿਆ। ਹਾਰ-ਹੰਭ ਕੇ ਮਾਂ ਮੈਨੂੰ ਵੀ ਡੈਡੀ ਕੋਲ ਛੱਡ ਕੇ ਚਲੀ ਗਈ। ਡੈਡੀ
ਦਾ ਬੁਆਏ-ਫਰੈਂਡ ਸਾਡੇ ਨਾਲ ਆ ਕੇ ਰਹਿਣ ਲੱਗ ਪਿਆ ਅਤੇ ਕੁਝ ਕੁ ਚਿਰ ਪਹਿਲਾਂ ਉਨ੍ਹਾਂ
ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਜੇਕਰ ਮੈਂ ਇਕ ਲਈ ਕਾਰਡ ਲੈ ਗਿਆ ਤਾਂ ਦੂਸਰੇ ਡੈਡੀ ਦੇ
ਨਰਾਜ਼ ਹੋਣ ਦੇ ਡਰੋਂ ਮੈਂ ਕਾਰਡ ਇਥੇ ਹੀ ਛੱਡ ਕੇ ਜਾ ਰਿਹਾ ਹਾਂ। ਦੂਸਰਾ ਕਾਰਡ ਪੜ੍ਹਨ ਤੱਕ
ਮਿਸ਼ੈਲ ਨੂੰ ਇੰਜ ਲੱਗਾ ਜਿਵੇਂ ਉਹ ਥੱਕ ਚੁੱਕੀ ਹੋਵੇ। ਉਸ ਨੇ ਕਦੀ ਸੁਪਨੇ ਵਿੱਚ ਵੀ ਅਜਿਹਾ
ਕਿਆਸ ਨਹੀਂ ਸੀ ਕੀਤਾ। ਤੀਸਰਾ ਕਾਰਡ ਪੜ੍ਹਿਆ ਤਾਂ ਲਿਖਿਆ ਸੀ - “ਮੇਰੀ ਮਾਂ ਤੇ ਮੈਂ ਇਕੱਲੇ
ਰਹਿੰਦੇ ਹਾਂ। ਮੇਰੀ ਮਾਂ ਨੇ ਮੇਰੇ ਡੈਡੀ ਨੂੰ ਸਪਾਂਸਰ ਕਰ ਕੇ ਇਥੇ ਮੰਗਵਾਇਆ ਸੀ। ਮਾਂ
ਦੱਸਦੀ ਹੁੰਦੀ ਕਿ ਉਹ ਕੋਈ ਤਿੰਨ ਕੁ ਮਹੀਨੇ ਬਾਅਦ ਹੀ ਮੇਰੀ ਮਾਂ ਨੂੰ ਇਥੇ ਛੱਡ ਕੇ ਚਲਾ
ਗਿਆ ਅਤੇ ਜਾਣ ਲੱਗਾ ਕਹਿ ਗਿਆ ਕਿ ਮੈਂ ਤਾਂ ਸਿਰਫ ਕੈਨੇਡਾ ਲੰਘਣ ਲਈ ਹੀ ਤੇਰੇ ਨਾਲ ਵਿਆਹ
ਕਰਵਾਇਆ ਸੀ। ਮੈਂ ਇਹ ਕਾਰਡ ਕਿਸ ਲਈ ਲੈ ਕੇ ਜਾਣਾ ਹੈ?” ‘ਟਾਹਣੀਓਂ ਟੁੱਟੇ’
ਕਹਾਣੀ-ਸੰਗ੍ਰਹਿ ਵਿੱਚ ਰਛਪਾਲ ਕੌਰ ਗਿੱਲ ਨੇ ਹੁਣ ਤੱਕ ਚਰਚਾ ਅਧੀਨ ਲਿਆਂਦੇ ਗਏ ਵਿਸਿ਼ਆਂ
ਤੋਂ ਬਿਨ੍ਹਾਂ ਸਮਲਿੰਗੀ ਰਿਸ਼ਤੇ ਅਤੇ ਬੇਜੋੜ ਵਿਆਹਾਂ ਵਰਗੇ ਮਹੱਤਵ-ਪੂਰਨ ਵਿਸਿ਼ਆਂ ਬਾਰੇ
ਵੀ ਚਰਚਾ ਛੇੜਿਆ ਹੈ। ‘ਸਮਾਂ’ ਕਹਾਣੀ, ਸਾਡੇ ਸਮਿਆਂ ਦੇ, ਇੱਕ ਮਹੱਤਵ-ਪੂਰਨ ਵਿਸ਼ੇ
ਸਮਲਿੰਗੀ ਰਿਸ਼ਤਿਆਂ ਬਾਰੇ ਚਰਚਾ ਛੇੜਦੀ ਹੈ। ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ
ਸਮਲਿੰਗੀ ਵਿਆਹਾਂ ਨੂੰ ਵੀ ਮਾਣਤਾ ਦੇ ਦਿੱਤੀ ਹੈ। ‘ਸਮਲਿੰਗੀ ਰਿਸ਼ਤਾ’ ਇੱਕ ਟੈਬੂ ਬਨਣ ਦੀ
ਥਾਂ ਸਾਡੇ ਸਮਿਆਂ ਦਾ ਇੱਕ ਸੱਚ ਬਣ ਚੁੱਕਾ ਹੈ। ਹੁਣ ਲੋਕ ਇਸ ਵਿਸ਼ੇ ਬਾਰੇ
ਰੇਡੀਓ/ਟੈਲੀਵੀਜ਼ਨ/ ਅਖਬਾਰਾਂ/ਇੰਟਰਨੈੱਟ ਉੱਤੇ ਖੁੱਲ੍ਹ ਕੇ ਚਰਚਾ ਕਰ ਰਹੇ ਹਨ। ਸਮਾਜ ਦੇ
ਇੱਕ ਹਿੱਸੇ ਦਾ ਜਿਉਣ ਦਾ ਇਹ ਵੀ ਇੱਕ ਢੰਗ ਸਵੀਕਾਰ ਕਰ ਲਿਆ ਗਿਆ ਹੈ। ਸਮਾਜ ਦਾ ਜਿਹੜਾਂ
ਹਿੱਸਾ ਇਸ ਹਕੀਕਤ ਨੂੰ ਅਜੇ ਸਵੀਕਾਰ ਕਰਨ ਲਈ ਤਿਆਰ ਨਹੀਂ, ਉਨ੍ਹਾਂ ਨੂੰ ਅਨੇਕਾਂ ਤਰ੍ਹਾਂ
ਦੀਆਂ ਪਰਿਵਾਰਕ/ ਸਮਾਜਿਕ/ ਸਭਿਆਚਾਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਰਿਵਾਰਕ
ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਹਨ। ਤਲਾਕ ਹੁੰਦੇ ਹਨ। ਏਡਜ਼ ਵਰਗੀਆਂ ਬਿਮਾਰੀਆਂ ਦਾ
ਪਾਸਾਰ ਹੁੰਦਾ ਹੈ। ਇਹ ਗੱਲ ਹੁਣ ਪੰਜਾਬੀ ਪਰਿਵਾਰਾਂ ਵਿੱਚ ਵੀ ਵਾਪਰਨੀ ਸ਼ੁਰੂ ਹੋ ਚੁੱਕੀ
ਹੈ। ਕਈ ਵਾਰੀ ਉਨ੍ਹਾਂ ਦਾ ਕੋਈ ਧੀ / ਪੁੱਤਰ ਸਮਲਿੰਗੀ ਹੁੰਦਾ ਹੈ। ਪਰ ਪਰਿਵਾਰ ਵਾਲੇ ਉਸਦਾ
ਉਸਦੀ ਮਰਜ਼ੀ ਦੇ ਬਿਨ੍ਹਾਂ ਵਿਆਹ ਕਰ ਦਿੰਦੇ ਹਨ। ਜਿਸ ਕਾਰਨ ਹਮੇਸ਼ਾ ਹਿੰਸਾ ਦੀਆਂ ਘਟਨਾਵਾਂ
ਵਾਪਰਦੀਆਂ ਰਹਿੰਦੀਆਂ ਹਨ। ਕਿਉਂਕਿ ਪਤੀ ਜਾਂ ਪਤਨੀ ਇਸ ਭੇਦ ਨੂੰ ਖੋਲ੍ਹਣ ਦੀ ਹਿੰਮਤ ਨਹੀਂ
ਕਰ ਸਕਦੇ ਕਿ ਉਹ ਹੋਮੋਸੈਕਸੂਅਲ ਜਾਂ ਲੈਜ਼ਬੀਅਨ ਹੈ। ਉਹ ਇਸ ਗੱਲ ਦਾ ਇਜ਼ਹਾਰ ਇੱਕ ਦੂਜੇ
ਪ੍ਰਤੀ ਹਿੰਸਾ ਦਾ ਪ੍ਰਗਟਾਵਾ ਕਰਕੇ ਲਗਾਤਾਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਦਿਖਾਈ ਦੇਣ
ਵਾਲੀ ਜਿ਼ੰਦਗੀ, ਮਹਿਜ਼, ਦਿਖਾਵਾ ਬਣ ਕੇ ਰਹਿ ਜਾਂਦੀ ਹੈ; ਪਰ ਉਨ੍ਹਾਂ ਦੀ ਅਸਲੀ ਜਿ਼ੰਦਗੀ
ਲੁਕ-ਛਿਪ ਕੇ ਹੀ ਬੀਤਦੀ ਹੈ। ਪੇਸ਼ ਹੈ ਇਸ ਤੱਥ ਦੀ ਪੁਸ਼ਟੀ ਕਰਦੀ ਕਹਾਣੀ ‘ਸਮਾਂ’ ਵਿੱਚੋਂ
ਇੱਕ ਉਦਾਹਰਣ: ਕੁਲਦੀਪ ਦੀਆਂ ਸੋਚਾਂ ਦਾ ਮਾਲਾ ਉਦੋਂ ਖਿਲਰ ਗਿਆ। ਜਦੋਂ ਘਰ ਦਾ ਉਪਰੋਂ
ਦਰਵਾਜ਼ਾ ਖੁੱਲ੍ਹਿਆ ਤੇ ਇਕ ਅਣਜਾਣੀ ਜਿਹੀ ਮਰਦਾਵੀਂ ਆਵਾਜ਼ ਨੇ ਉੱਚੀ ਜਿਹੀ ਬੋਲ ਕੇ ਕਿਹਾ,
“ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਮੈਂ ਤੇ ਬਿੱਲੂ ਲੁਕ ਛਿਪ ਕੇ ਮਿਲਦੇ ਰਹੇ ਹਾਂ। ਹੁਣ ਤਾਂ
ਗੌਰਮਿੰਟ ਨੇ ਕਾਨੂੰਨ ਵੀ ਬਣਾ ਦਿੱਤਾ ਹੈ ਕਿ ਹੁਣ ਅਸੀਂ ਵਿਆਹ ਵੀ ਕਰਵਾ ਸਕਦੇ ਅਤੇ ਨਾ ਹੀ
ਪਹਿਲਾਂ ਵਾਂਗ
4
ਹੁਣ ਤੁਸੀਂ ਬਿੱਲੂ ਨੂੰ ਇੰਡੀਆ ਜ਼ਬਰਦਸਤੀ ਲਿਜਾ ਕੇ ਵਿਆਹ ਕਰਵਾ ਸਕਦੇ ਹੋ।” ਸੁਣਦਿਆਂ ਸਾਰ
ਬਿੱਲੂ ਦੀ ਮਾਂ ਦੋਹੱਥੜਾ ਮਾਰ ਮਾਰ ਕੇ ਰੋਣ ਲੱਗ ਪਈ। ਪਿਉ ਨੇ ਉਸ ਨੂੰ ਸਮਝਾਉਣਾ ਸ਼ੁਰੂ
ਕੀਤਾ, “ਤੂੰ ਸਮਝ ਕਿ ਇਹ ਸਾਡੇ ਲਈ ਮਰ ਗਿਆ ਹੈ ਤੇ ਅਸੀਂ ਇਹਦੇ ਲਈ ਮਰ ਗਏ ਹਾਂ।” ਕੁਲਦੀਪ
ਕੋਲੋਂ ਇਹ ਸਾਰਾ ਕੁਝ ਨਾ ਸੁਣਿਆ ਗਿਆ। ਉਸ ਨੇ ਗੁਰਦੇਵ ਨੂੰ ਕੋਸਣਾ ਸ਼ੁਰੂ ਕਰ ਦਿੱਤਾ।
“ਜੇਕਰ ਇੰਡੀਆ ਪੈਸੇ ਘੱਟ ਭੇਜਦੇ ਤਾਂ ਘੱਟੋ-ਘੱਟ ਆਪਣਾ ਘਰ ਤਾਂ ਲੈ ਸਕਦੇ। ਅਜਿਹੇ ਲੋਕਾਂ
ਦੀਆਂ ਬੇਸਮੈਂਟਾਂ ਵਿੱਚ ਧੱਕੇ ਖਾਣ ਨਾਲ ਇਨ੍ਹਾਂ ਗੱਲਾਂ ਦਾ ਸਾਡੇ ਬੱਚਿਆਂ ਤੇ ਵੀ ਕੀ ਅਸਰ
ਪਵੇਗਾ।” ਏਨੇ ਨੂੰ ਬਿੱਲੂ ਨੇ ਘਰ ਦਾ ਦਰਵਾਜ਼ਾ ਠਾਹ ਕਰਕੇ ਮਾਰਦੇ ਹੋਏ ਕਿਹਾ, “ਚੱਲ ਡੀਅਰ,
ਇਨ੍ਹਾਂ ਪਾਗਲਾਂ ਨੂੰ ਕੌਣ ਸਮਝਾਏ ਕਿ ਹੁਣ ਸਮਾਂ ਬਦਲ ਚੁੱਕਾ ਹੈ।” ਬੇਜੋੜ ਵਿਆਹ ਸਾਡੇ
ਸਮਿਆਂ ਦਾ ਇੱਕ ਹੋਰ ਬਹੁ-ਚਰਚਿਤ ਵਰਤਾਰਾ ਬਣ ਗਿਆ ਹੈ। ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ
ਅਮੀਰ ਪੱਛਮੀ ਮੁਲਕਾਂ ਵਿੱਚ ਰਹਿਣ ਵਾਲੇ 70-80 ਸਾਲਾ ਭਾਰਤੀ/ਪਾਕਿਸਤਾਨੀ ਮਰਦ ਇੰਡੀਆ /
ਪਾਕਿਸਤਾਨ ਜਾ ਕੇ ਉੱਥੋਂ 25-30 ਸਾਲ ਦੀਆਂ ਔਰਤਾਂ ਵਿਆਹ ਲਿਆਂਦੇ ਹਨ। ਅਜਿਹੇ ਬੇਜੋੜ
ਵਿਆਹਾਂ ਦਾ ਮੂਲ ਕਾਰਨ ਤਾਂ ਇੱਕੋ ਹੀ ਹੈ ਕਿ ਅਮੀਰ ਲੋਕਾਂ ਵੱਲੋਂ ਧੀਆਂ ਦੇ ਵਿਆਹਾਂ ਉੱਤੇ
ਲੱਖਾਂ /ਕਰੋੜਾਂ ਰੁਪਏ / ਡਾਲਰ ਖਰਚਣ ਕਰਕੇ ਸਾਧਾਰਣ ਲੋਕ ਵੀ ਆਪਣੀ ਝੂਠੀ ਸ਼ਾਨ ਦਿਖਾਣ
ਖਾਤਿਰ ਧੀਆਂ ਦੇ ਵਿਆਹਾਂ ਉੱਤੇ ਲੱਖਾਂ ਰੁਪਏ / ਡਾਲਰ ਖਰਚਣ ਲੱਗ ਪਏ ਹਨ। ਜਿਸ ਕਾਰਨ ਪਰਵਾਰ
ਵਿੱਚ ਇੱਕ ਤੋਂ ਵੱਧ ਧੀਆਂ ਦਾ ਹੋਣਾ ਉਨ੍ਹਾਂ ਲਈ ਮੁਸੀਬਤ ਬਣ ਜਾਂਦਾ ਹੈ। ਵਿਆਹਾਂ ਉੱਤੇ
ਅੱਡੀਆਂ ਚੁੱਕ ਚੁੱਕ ਵਾਧੂ ਖਰਚਾ ਕਰਨ ਦੀ ਆਪ ਸਹੇੜੀ ਮੁਸੀਬਤ ਤੋਂ ਬਚਣ ਲਈ ਬਹੁਤ ਸਾਰੇ ਲੋਕ
ਆਪਣੀਆਂ ਅੱਲੜ੍ਹ ਉਮਰ ਦੀਆਂ ਧੀਆਂ ਨੂੰ ਵੀ 70- 80 ਸਾਲ ਦੇ ਬਜੁਰਗਾਂ ਨਾਲ ਵਿਆਹ ਕੇ ਤੋਰ
ਦਿੰਦੇ ਹਨ। ਊਠ ਦੇ ਗੱਲ ਬੱਝੀ ਟੱਲੀ ਦੀ ਟੰਨ ਟੰਨ ਦੀ ਆਉਂਦੀ ਆਵਾਜ਼ ਵਾਂਗ ਇਨ੍ਹਾਂ ਬੇਜੋੜ
ਵਿਆਹਾਂ ਦੇ ਬੰਧਨਾਂ ਵਿੱਚ ਬੱਝੀਆਂ ਅੱਲੜ੍ਹ ਮੁਟਿਆਰਾਂ ਦੀਆਂ ਰੂਹਾਂ ਦੇ ਭਟਕਣ ਦਾ ਸ਼ੋਰ ਵੀ
ਹਵਾ ਵਿੱਚ ਗੂੰਜਦਾ ਸੁਣਾਈ ਦਿੰਦਾ ਰਹਿੰਦਾ ਹੈ – ਕਦੀ ਕਿਸੀ ਰੂਪ ਵਿੱਚ, ਕਦੀ ਕਿਸੀ ਰੂਪ
ਵਿੱਚ। ਪੇਸ਼ ਹੈ ਕਹਾਣੀ ‘ਅਹਿਸਾਨ’ ਵਿੱਚੋਂ ਇਸ ਵਿਚਾਰ ਦੀ ਪੁਸ਼ਟੀ ਕਰਦੀ ਇੱਕ ਉਦਾਹਰਣ :
ਜਗਤਾਰ ਸਿਹੁੰ ਜਿਸ ਨੂੰ ਅਸੀਂ ਤਾਰਾ ਤੇ ਮਜ਼ਾਕ ਨਾਲ ਘਰ ਗੱਲਾਂ ਕਰਦੇ ਹਾਂ ਤੇ ਕਈ ਵਾਰ
‘ਰਾਂਝਾ’ ਵੀ ਕਹਿ ਦੇਂਦੇ ਹਾਂ, ਬੜੇ ਰੰਗੀਲੇ ਜਿਹੇ ਸੁਭਾਅ ਦਾ ਮਾਲਕ ਐ। ਵਿਚਾਰੇ ਦੀ
ਘਰਵਾਲੀ ਅਚਾਨਕ ਹਾਰਟ ਅਟੈਕ ਨਾਲ ਸੁਰਗਵਾਸ ਹੋ ਗਈ। ਉਹਦਾ ਇਕੋ ਇਕ ਪੁੱਤ ਸੀ। ਪੁੱਤ-ਨੂੰਹ
ਨੇ ਇਕ ਦਿਨ ਵੀ ਰੋਟੀ ਨਾ ਪਕਾਈ ਤੇ ਨਾ ਹੀ ਘਰ ਰੱਖਿਆ। ਜਗਤਾਰ ਸਿਹੁੰ ਵੀ ਕਹਿਣ ਲੱਗਾ -
ਮੈਂ ਤੁਹਾਨੂੰ ਆਪਣਾ ਘਰ ਵਸਾ ਕੇ ਦਿਖਾਵਾਂਗਾ। ਉਸ ਨੇ ਟਿਕਟ ਲਈ ਤੇ ਇੰਡੀਆ ਪਹੁੰਚ ਕੇ
ਅਖਬਾਰਾਂ ਵਿੱਚ ਵਿਆਹ ਕਰਵਾਉਣ ਦਾ ਇਸ਼ਤਿਹਾਰ ਜਾ ਦਿੱਤਾ। ਇਹ ਦੱਸਦਾ ਹੁੰਦੈ ਕਿ ਦੋ ਸੌ ਤੋਂ
ਵੱਧ ਰਿਸ਼ਤਾ ਕਰਨ ਵਾਲਿਆਂ ਦੇ ਖ਼ਤ ਆਏ। ਇਸ ਨੇ ਸਿਰਫ ਨਿੰਮੋ ਦੇ ਰਿਸ਼ਤੇ ਲਈ ਹਾਂ ਕੀਤੀ,
ਕਿਉਂਕਿ ਇਸ ਵਿਚਾਰੀ ਨੂੰ ਕੈਨੇਡਾ ਤੋਂ ਗਿਆ ਮੁੰਡਾ ਵਿਆਹ ਕੇ ਛੱਡ ਆਇਆ ਸੀ। ਵਿਚਾਰੀ ਦੇ
ਮਾਪੇ ਵਿਆਹ ਤੋਂ ਬਾਅਦ ਮੁੰਡੇ ਵਾਲਿਆਂ ਵੱਲੋਂ ਮੰਗੀ ਕਾਰ ਤੇ ਪੈਸੇ ਦੇਣ ਤੋਂ ਅਸਮਰੱਥ ਸਨ।
ਭਲਾ ਇਹੋ ਜਿਹੇ ਮੁੰਡਿਆਂ ਨੂੰ ਫੂਕਣਾ ਏ ਜਿਹੜੇ ਬਿਗਾਨੀਆਂ ਧੀਆਂ ਨੂੰ ਦਾਗੀ ਕਰਕੇ ਛੱਡ
ਆਉਂਦੇ ਨੇ।” ਰੋਹ ਵਿੱਚ ਆਉਂਦੀ ਹੋਈ ਦਵਿੰਦਰ ਕੌਰ ਬੋਲੀ, “ਇਹਨੂੰ ਕੋਈ ਪੰਜਾਹ ਸੱਠ ਸਾਲ ਦੀ
ਔਰਤ ਨਾ ਲੱਭੀ। ਜੇਕਰ ਨਹੀਂ ਸੀ ਰੋਟੀ ਪੱਕਦੀ ਤਾਂ ਨਰਸਿੰਗ ਹੋਮ ਵਿੱਚ ਜਾ ਬੈਠਦਾ। ਕਿਸੇ
ਕੋਮਲ ਸਰੀਰ ਦੀ ਅੱਲੜ ਕੁੜੀ ਦੇ ਅੰਗਾਂ ਨੂੰ ਤਾਂ ਨਾ ਆਪਣੇ ਸੁੱਕੀਆਂ ਲੱਕੜਾਂ ਵਰਗੇ ਹੱਡਾਂ
ਨਾਲ ਘਸਾਉਂਦਾ। ਇਹ ਕੋਈ ਅਹਿਸਾਨ ਨਹੀਂ। ਸਗੋਂ ਕਿਸੇ ਦੀ ਮਜ਼ਬੂਰੀ ਦਾ ਨਜ਼ਾਇਜ਼ ਫ਼ਾਇਦਾ
ਉਠਾਉਣਾ ਲੱਗਦਾ ਹੈ।” ‘ਟਾਹਣੀਓਂ ਟੁੱਟੇ’ ਕਹਾਣੀ-ਸੰਗ੍ਰਹਿ ਦੀ ਪ੍ਰਕਾਸ਼ਨਾ ਕਰਕੇ ਰਛਪਾਲ
ਕੌਰ ਗਿੱਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜਿ਼ਕਰ ਯੋਗ ਵਾਧਾ ਕੀਤਾ ਹੈ। ਉਮੀਦ ਹੈ ਕਿ
ਰਛਪਾਲ ਕੌਰ ਗਿੱਲ ਆਪਣੇ ਅਗਲੇ ਕਹਾਣੀ-ਸੰਗ੍ਰਹਿ ਵਿੱਚ ਕੈਨੇਡੀਅਨ ਪੰਜਾਬੀ ਜਿ਼ੰਦਗੀ ਨਾਲ
ਸਬੰਧਤ ਹੋਰ ਵਧੇਰੇ ਗੁੰਝਲਦਾਰ ਸਮਾਜਿਕ / ਸਭਿਆਚਾਰਕ / ਰਾਜਨੀਤਕ / ਆਰਥਿਕ / ਧਾਰਮਿਕ
ਸਮੱਸਿਆਵਾਂ ਬਾਰੇ ਚਰਚਾ ਛੇੜੇਗੀ।
- Sukhinder, Editor: SANVAD
Box 67089, 2300 Yonge St.,Toronto ON M4P 1E0 Canada
Tel. (416) 858-7077, Email: poet_sukhinder@hotmail.com
-0- |