ਮਾਂ ਬੋਲੀ ਕੀ ਹੈ ? ਮਾਂ
ਇੱਕ ਅਜਿਹਾ ਲਫ਼ਜ਼ ਹੈ ਜੋ ਅਸੀਂ ਸਭ ਤੋਂ ਪਹਿਲਾਂ ਬੋਲਦੇ ਹਾਂ ਤੇ ਸ਼ਾਇਦ ਸਾਡੀ ਜਾਨ ਨਿਕਲਣ
ਵੇਲੇ ਵੀ ਇਹੀ ਆਖਿਰੀ ਲਫਜ਼ ਹੁੰਦਾ ਹੈ – ਮਾਂ ਤੋਂ ਸਾਡੀ ਜਿੰਦਗੀ ਸ਼ੁਰੂ ਹੁੰਦੀ ਹੈ ਤੇ ਉਹੀ
ਸਾਡੀ ਬਣਤਰ , ਸਾਡੀ ਸਾਇਕ ਤੇ ਜੋ ਕੁਝ ਵੀ ਅਸੀਂ ਹਾਂ – ਉਹੀ ਉਸ ਦਾ ਧੁਰਾ ਹੁੰਦੀ ਹੈ । ਤੇ
ਪਹਿਲੇ ਬੋਲ ਜੋ ਸਾਡੇ ਕੰਨਾਂ ਵਿੱਚ ਪੈਂਦੇ ਨੇ ਤੇ ਜੋ ਉਹ ਬੋਲਣਾ ਸਿਖਾਉਂਦੀ ਹੈ ਉਹੀ ਹੈ
ਸਾਡੀ ਮਾਂ ਬੋਲੀ । ਤੇ ਮਾਂ ਬੋਲੀ ਬਾਰੇ ਜੋ ਕੁਝ ਵੀ ਦੁਨੀਆ ਵਿੱਚ ਕਵੀਆਂ , ਲਿਖਾਰੀਆਂ ਤੇ
ਲੋਕਾਂ ਨੇ ਕਿਹਾ ਹੈ , ਉਹ ਸ਼ਾਇਦ ਸਭ ਤੋਂ ਕੀਮਤੀ ਗੱਲਾਂ ਹਨ । ਮਾਂ ਦੀਆਂ ਲੋਰੀਆਂ , ਨਾਨੀ
- ਦਾਦੀ ਦੀਆਂ ਝਿੜਕਾਂ , ਸ਼ਿਕਵੇ , ਸ਼ਿਕਾਇਤਾਂ , ਮਿੰਨਤਾਂ , ਨਿਹੋਰੇ, ਤਰਲੇ , ਇਸ਼ਕ ਦਾ
ਇਜ਼ਹਾਰ, ਰੱਬ ਮੂਹਰੇ ਦੁਆਵਾਂ , ਇਹ ਸਾਰਾ ਕੁਝ ਅਸੀਂ ਆਪਣੀ ਮਾਂ ਬੋਲੀ ਵਿੱਚ ਹੀ ਕਰਦੇ ਹਾਂ
ਤੇ ਇਹ ਸਾਰਾ ਕੁਝ ਅਸੀਂ ਸਭ ਤੋਂ ਚੰਗੀ ਤਰ੍ਹਾਂ ਮਾਂ ਬੋਲੀ ਵਿੱਚ ਹੀ ਕਰ ਸਕਦੇ ਹਾਂ । ਜ਼ਰਾ
ਕੁ ਸੋਚੋ ਤਾਂ ਇਹੀ ਸਾਡੀ ਸਾਰੀ ਜਿੰਦਗੀ ਹੈ , ਕਿ ਜਿੰਦਗੀ ਦੇ ਸਭ ਤੋਂ ਸੋਹਣੇ ਤੇ ਕੀਮਤੀ
ਜ਼ਜਬਾਤ ਤੇ ਸੋਹਣੀਆਂ ਗੱਲਾਂ ਨੂੰ ਤੇ ਇੰਨਾਂ ਪਲਾਂ ਨੂੰ ਆਪਣੀ ਜਿੰਦਗੀ ਵਿਚੋਂ ਮਨਫੀ ਕਰ ਦਿਓ
ਤਾਂ ਇਨ੍ਹਾਂ ਪਲਾਂ ਤੇ ਇਹ੍ਸਾਸਾਂ ਤੋ ਬਿਨਾ ਪਿਛੇ ਕੁਝ ਨਹੀਂ ਬਚਦਾ ।
ਮੈਂ ਕੈਲੀਫ਼ੋਰਨਿਆ ਵਿੱਚ ਪੜ੍ਹਾਉਂਦੀ ਹਾਂ – ਛੋਟੇ ਬੱਚਿਆਂ ਨੂੰ ਲੈਂਗੁਏਜ਼ , ਭਾਸ਼ਾ
ਪੜ੍ਹਾਉਂਦੀ ਹਾਂ – ਤੇ ਸਕੂਲ ਵਿੱਚ ਮੇਰਾ ਵਾਹ ਹਰ ਕੋਮੀਅਤ ਦੇ ਬੱਚੇ ਨਾਲ ਪੈਂਦਾ ਹੈ ,
ਬਲਕਿ ਜਿਆਦਾ ਵਾਹ ਬਾਹਰੋ ਆਈਆਂ ਕੌਮਾਂ ਦੇ ਬੱਚਿਆਂ ਨਾਲ ਹੀ ਪੈਂਦਾ ਹੈ ; ਤੇ ਇੰਨਾਂ ਦੇ
ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਛੇਤੀ ਤੋਂ ਛੇਤੀ ਇੱਥੋਂ ਦੇ ਸਮਾਜ
ਵਿੱਚ ਰਲ ਮਿਲ ਜਾਏ , ਤਾਂ ਉਨ੍ਹਾਂ ਵਿਚੋਂ ਬਹੁਤੇ ਸਾਰੇ ਮਾਪੇ ਆਪਣਿਆਂ ਬੱਚਿਆਂ ਨੂੰ ਆਪਣੀ
ਬੋਲੀ ਸਿਖਾਉਂਦੇ ਹੀ ਨਹੀਂ ਤੇ ਆਪਣਾ ਪੂਰਾ ਜੋਰ ਉਨ੍ਹਾਂ ਨੂੰ ਅੰਗਰੇਜ਼ੀ ਸਿਖਾਉਣੇ ਤੇ ਲੱਗਾ
ਦੇਣਗੇ , ਅਸੀਂ ਕਈ ਵਾਰ ਇੰਨਾਂ ਨਵੇਂ ਆਏ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਵਿੱਚ ਟੈਸਟ
ਕਰਨ ਲਈ ਤਿਆਰ ਹੁੰਦੇ ਹਾਂ ਤਾਂ ਅੱਗੋਂ ਉਹ ਆਖਦੇ ਨੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਿਰਫ
ਅੰਗਰੇਜ਼ੀ ਹੀ ਆਓਂਦੀ ਹੈ । ਕਈ ਵੇਰ ਬੜੇ ਅਜੀਬ ਹਾਲਤ ਹੁੰਦੇ ਨੇ ਬਚੇ ਨੂੰ ਅੰਗ੍ਰਜ਼ੀ ਵੀ
ਨਹੀਂ ਆਓਂਦੀ , ਖੁਦ ਦੀ ਬੋਲੀ ਵੀ ਨਹੀਂ ਆਓਂਦੀ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਕਿ ਹੁਣ
ਇਸ ਬਚੇ ਨੂੰ ਕਿਸ ਬੋਲੀ ਵਿੱਚ ਟੈਸਟ ਕੀਤਾ ਜਾਵੇ । ਤੇ ਇਹ ਮੈਂ ਅਕਸਰ ਦੇਖਦੀ ਹਾਂ ਤੇ ਮੇਰਾ
ਪਿਛਲੇ ਦਸ ਸਾਲਾਂ ਦਾ ਤਜੁਰਬਾ ਹੈ ਕਿ ਜਿੰਨ੍ਹਾਂ ਬੱਚਿਆਂ ਨੂੰ ਖੁਦ ਦੀ ਜ਼ੁਬਾਨ ਨਹੀਂ
ਆਓਂਦੀ ਉਨ੍ਹਾਂ ਨੂੰ ਹੀ ਅੰਗਰੇਜ਼ੀ ਸਿਖਣ ਵਿੱਚ ਜਿਆਦਾ ਮੁਸ਼ਕਿਲ ਪੇਸ਼ ਆਓਂਦੀ ਹੈ , ਖਾਸ ਕਰ
ਗ੍ਰਾਮਰ ਤੇ ਲਿਖਤੀ ਬੋਲੀ । ਬਸ ਉਹ ਪੜ੍ਹ ਲੈਂਦੇ ਨੇ ਤੋਤੇ ਵਾਂਗ, ਪਰ ਸਮਝ ਨਾਮ ਦੀ ਕੋਈ
ਚੀਜ਼ ਨਹੀਂ ਹੁੰਦੀ । ਤੇ ਮੈਂ ਦੇਖਿਆ ਹੈ ਕਿ ਬੜਾ ਔਖਾ ਹੁੰਦਾ ਹੈ ਇੰਨਾਂ ਬਚਿਆਂ ਲਈ ਖੁਦ
ਦਾ ਇਜ਼ਹਾਰ ਕਰਨਾ , ਆਪਣੀਆਂ ਭਾਵਨਾਵਾਂ , ਜ਼ਜਬਾਤਾਂ ਨੂੰ ਬੋਲ ਕੇ ਜਾਂ ਲਿਖ ਕੇ ਠੀਕ
ਤਰ੍ਹਾਂ ਕਹਿ ਸਕਣਾ ਜਾਂ ਬਿਆਨ ਕਰਨਾ ਲਗਭਗ ਨਾ ਮੁਮਕਿਨ ਹੋ ਜਾਂਦਾ ਹੈ । ਤੇ ਅਕਸਰ ਉਹੀ ਬਚੇ
ਅੰਗਰੇਜ਼ੀ ਵਿੱਚ ਜਿਆਦਾ ਚੰਗੇ ਹੁੰਦੇ ਨੇ ਜਿੰਨਾਂ ਨੂੰ ਆਪਣੀ ਬੋਲੀ ਵੀ ਆਓਂਦੀ ਹੈ । ਤੇ
ਇੰਨ੍ਹਾਂ ਬਚਿਆਂ ਦਾ ਦੁਖਾਂਤ ਦੇਖੋ – ਆਪਣੀ ਬੋਲੀ ਆਓਂਦੀ ਨਹੀਂ ਤੇ ਦੂਜੀ ਜੁਬਾਨ ਵੀ ਪੱਲੇ
ਪੈਂਦੀ ਨਹੀਂ ।
ਪੰਜਾਬੀ ਦੇ ਲਿਖਾਰੀ ਤੇ ਬਾਲੀਵੂਡ ਦੇ ਮਸ਼ਹੂਰ ਐਕਟਰ ਬਲਰਾਜ ਸਾਹਨੀ ਜਦ ਸ਼ਾਂਤੀ ਨਿਕੇਤਨ ਵਿੱਚ
ਪੜ੍ਹਾਂਦੇ ਸਨ ਤਾਂ ਉਹ ਇੱਕ ਵਾਰ ਜਦ ਰਾਬਿੰਦਰਨਾਥ ਟੇਗੋਰ ਨੂੰ ਹਿੰਦੀ ਦੇ ਸਲਾਨਾ ਜਲਸੇ ਲਈ
ਸੱਦਾ ਦੇਣ ਗਏ ਤਾਂ ਗੱਲਾਂ ਹੀ ਗੱਲਾਂ ਵਿੱਚ ਗੁਰੂਦੇਵ ਨੇ ਉਨ੍ਹਾਂ ਤੋਂ ਪੁੱਛ ਲਿਆ ਕਿ ਉਹ
ਪੜ੍ਹਾਉਣ ਤੋਂ ਇਲਾਵਾ ਹੋਰ ਕੀ ਕੰਮ ਕਰਦੇ ਹਨ ਤਾਂ ਬਲਰਾਜ ਸਾਹਨੀ ਨੇ ਕਿਹਾ ਉਹ ਹਿੰਦੀ ਵਿੱਚ
ਲਿਖਦੇ ਹਨ । ਗੁਰੂਦੇਵ ਬੋਲੇ , ” ਪਰ ਤੇਰੀ ਜ਼ੁਬਾਨ ਤਾਂ ਹਿੰਦੀ ਨਹੀਂ , ਤੂੰ ਤੇ ਪੰਜਾਬੀ
ਹੈਂ । ਤੂੰ ਪੰਜਾਬੀ ਵਿੱਚ ਕਿਓਂ ਨਹੀਂ ਲਿਖਦਾ ? ” ਉਸ ਵੇਲੇ ਬਲਰਾਜ ਸਾਹਨੀ ਨੂੰ ਲੱਗਿਆ ਕਿ
ਗੁਰੂਦੇਵ ਤੰਗਦਿਲੀ ਦੀ ਗੱਲ ਕਰ ਰਹੇ ਹਨ । ਉਨ੍ਹਾਂ ਆਖਿਆ ਕਿ , ” ਪੰਜਾਬ ਤਾਂ ਸਿਰਫ ਪੰਜਾਬ
ਵਿੱਚ ਹੀ ਬੋਲੀ ਜਾਂਦੀ ਹੈ , ਜਦ ਕਿ ਹਿੰਦੀ ਸਾਰੇ ਮੁਲਕ ਵਿੱਚ , ਤਾਂ ਮੈਂ ਸਿਰਫ ਇੱਕ ਸੂਬੇ
ਲਈ ਹੀ ਕਿਓਂ ਲਿਖਾਂ ? ਸਾਰੇ ਦੇਸ਼ ਲਈ ਕਿਓਂ ਨਹੀਂ ? “
ਬਲਰਾਜ ਸਾਹਨੀ ਜਦ ਉੱਠ ਕੇ ਜਾਣ ਲੱਗੇ ਤਾਂ ਜੋ ਗੱਲ ਟੈਗੋਰ ਨੇ ਆਖੀ ਉਹ ਗੱਲ ਤੀਰ ਵਾਂਗ
ਬਲਰਾਜ ਸਾਹਨੀ ਦੇ ਦਿਲ ਵਿੱਚ ਖੁੱਭ ਗਈ ਤੇ ਜੋ ਜਿੰਦਗੀ ਭਰ ਉਨ੍ਹਾਂ ਨੂੰ ਚੁੱਭਦੀ ਰਹੀ ।
ਗੁਰੂਦੇਵ ਨੇ ਕਿਹਾ , ” ਇੱਕ ਵੇਸ਼ਵਾ ਭਾਵੇਂ ਸਾਰੀ ਦੁਨੀਆ ਦੀ ਦੌਲਤ ਇੱਕਠੀ ਕਰ ਲਵੇ , ਪਰ
ਫਿਰ ਵੀ ਉਸ ਨੂੰ ਇਜ਼ੱਤ ਨਹੀਂ ਮਿਲਦੀ – ਇਸ ਤਰ੍ਹਾਂ ਜਦ ਤੁਸੀਂ ਆਪਣੀ ਸਾਰੀ ਉਮਰ ਇੱਕ
ਉੱਪਰੀ ਜ਼ੁਬਾਨ ਵਿੱਚ ਲਿਖਦਿਆਂ ਗੁਆ ਲੈਂਦੇ ਹੋ ਤਾਂ ਨਾ ਤਾਂ ਤੁਹਾਡੇ ਲੋਕ ਹੀ ਤੁਹਾਨੂੰ
ਅਪਣਾਉਣਗੇ ਤੇ ਨਾ ਹੀ ਉਹ ਲੋਕ ਜਿੰਨਾ ਦੀ ਜ਼ੁਬਾਨ ਵਿੱਚ ਤੁਸੀਂ ਲਿਖਦੇ ਹੋ । । ਇਸ ਤੋਂ
ਪਹਿਲਾ ਕਿ ਤੁਸੀਂ ਦੂਜਿਆਂ ਨੂੰ ਜਿੱਤਣ ਵਿੱਚ ਆਪਣਾ ਸਮਾਂ ਬਰਬਾਦ ਕਰੋ , ਚੰਗਾ ਹੈ ਕਿ
ਤੁਸੀਂ ਆਪਣਿਆਂ ਦਾ ਦਿਲ ਜਿੱਤ ਸਕੋ ।” – ਤੇ ਅਸੀਂ ਜਾਣਦੇ ਹਾਂ ਕਿ ਬਲਰਾਜ ਸਾਹਨੀ ਦੀ
ਪੰਜਾਬੀ ਸਾਹਿਤ ਨੂੰ ਕਿੰਨੀ ਕੀਮਤੀ ਦੇਣ ਹੈ । ਤੁਸੀਂ ਸਾਰਿਆਂ ਨੇ ਰਸੂਲ ਹਮਜਾਤੋਵ ਦਾ ‘
ਮੇਰਾ ਦਾਗਿਸਤਾਨ ‘ ਜਰੂਰ ਸੁਣਿਆ ਤੇ ਪੜ੍ਹਿਆ ਹੋਵੇਗਾ । ਇਸ ਸਾਰੀ ਕਿਤਾਬ ਵਿੱਚ ਉਹ ਆਪਣੀ
ਮਾਂ ਬੋਲੀ , ਆਪਣੇ ਪਿੰਡ , ਆਪਣੇ ਲੋਕ , ਆਪਣੇ ਖੇਤਾਂ ਤੇ ਆਪਣੇ ਕਲਚਰ ਦੀ ਗੱਲ ਕਰਦਾ ਹੈ
ਤੇ ਤੁਸੀਂ ਇਸ ਕਿਤਾਬ ਨੂੰ ਜਿੰਨੀ ਵੇਰ ਮਰਜ਼ੀ ਪੜ੍ਹ ਲਓ ਤੁਸੀਂ ਕਦੀ ਅੱਕਦੇ ਨਹੀਂ । ਕਿੰਨਾ
ਰੂਹਾਨੀ ਰਜੇਵਾਂ ਹੈ ਇਸ ਵਿੱਚ , ਕਿਓਂ ? ਕਿਓਂਕਿ ਇਸ ਵਿੱਚ ਉਹ ਆਪਣੀ ਮਾਂ ਬੋਲੀ ਤੇ ਆਪਣੇ
ਪਿੰਡ ਤੇ ਆਪਣੇ ਕਬੀਲੇ ਦੀ ਗੱਲ ਕਰਦਾ ਹੈ ; ਜਿੰਨਾਂ ਜਾਦੂ ਹੁੰਦਾ ਹੈ ਆਪਣੇ ਖੁਦ ਦੀ ਗੱਲ
ਵਿੱਚ , ਤੇ ਆਪਣੇ ਪਿੰਡ ਤੇ ਬੋਲੀ ਦੀ ਗੱਲ ਵਿੱਚ ਉਸ ਤੋਂ ਵੱਧ ਕੁਝ ਵੀ ਕੀਮਤੀ ਨਹੀਂ ਹੁੰਦਾ
ਜੋ ਤੁਹਾਡੀ ਰੂਹ ਦੀ ਭੂਖ ਨੂੰ ਮਿਟਾ ਸਕੇ ।
ਰਿਗਵੇਦ ਦਾ ਇੱਕ ਸਲੋਕ ਹੈ ਜਿਸ ਦਾ ਅਰਥ ਹੈ ਕਿ ਸਾਨੂੰ ਆਪਣੀ ਮਾਂ ਬੋਲੀ, ਆਪਣਾ ਦੇਸ਼ ਤੇ
ਆਪਣੇ ਕਲਚਰ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਓਂਕਿ ਇਹੀ ਤਿੰਨੇ ਚੀਜ਼ਾਂ ਇਨਸਾਨ ਨੂੰ ਅਸਲੀ
ਖੁਸ਼ੀ ਦਿੰਦੀਆਂ ਹਨ । ਤੇ ਇਹ ਇੱਕ ਕੀਮਤੀ ਸਚ ਹੈ - ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ
ਸਮਝ ਲਓ ਕਿ ਤੁਸੀਂ ਖੁਦ ਹੀ ਹਨੇਰੀ ਗੁਫਾ ਵਿੱਚ ਚਲਣ ਦਾ ਫੈਸਲਾ ਕਰ ਲਿਆ ਹੈ ਤੇ ਯਾਦ ਰਖੋ
ਕਿ ਇੰਨ੍ਹਾਂ ਹਨੇਰੀਆਂ ਗੁਫਾਵਾਂ ਵਿੱਚ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤੁਹਾਡੀ ਕੋਈ
ਪੈੜਚਾਲ ਨਹੀਂ ਲੱਭਣੀ । ਕਿਸੇ ਦੋਸਤ ਨੇ ਇੱਕ ਸੱਚੀ ਘਟਨਾ ਸਾਂਝੀ ਕਰਦਿਆਂ ਦੱਸਿਆ ਕਿ ਉਹ
ਆਪਣੇ ਕਿਸੇ ਦੋਸਤ ਦੇ ਘਰ ਆਪਣੇ ਲੈਪ ਟੌਪ ਤੇ ਪੰਜਾਬੀ ਵਿੱਚ ਟਾਈਪ ਕਰ ਰਿਹਾ ਸੀ ਕਿ ਦੋਸਤ
ਦੇ ਭਤੀਜੇ ਨੇ ਜੋ ਕੋਲ ਬੈਠਾ ਸੀ ਹੈਰਾਨ ਹੋ ਕੇ ਪੁੱਛਿਆ , “ਚਾਚੂ ਯੇਹ ਕਿਆ ਲਿਖਾ ਹੈ ?
ਮੈਂ ਇਸੇ ਪੜ੍ਹ ਕਿਓਂ ਨਹੀਂ ਸਕਤਾ ? ” ਦੱਸਣ ਤੇ ਕਿ ਇਹ ਪੰਜਾਬੀ ਹੈ , ਬਾਅਦ ਵਿੱਚ ਉਹ
ਬੱਚਾ ਖੁਦ ਹੀ ਫਿਕਰਮੰਦ ਹੋ ਕੇ ਪੁੱਛਦਾ ਹੈ ਕਿ ਉਹ ਪੰਜਾਬੀ ਕਦੋਂ ਪੜ੍ਹਨਾ ਸਿੱਖੇਗਾ ? ਪਤਾ
ਨਹੀਂ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਨਹੀਂ ਪਰ ਮੈਂ ਇਹ ਗੱਲ ਸੁਣ ਕੇ ਦੰਗ ਰਹਿ ਗਈ
– ਅਸੀਂ ਜਦ ਸਕੂਲ ਵਿੱਚ ਪੜ੍ਹਦੇ ਸੀ ਸਾਨੂੰ ਇਹ ਫਿਕਰ ਨਹੀਂ ਸੀ ਕਿ ਅਸੀਂ ਪੰਜਾਬੀ ਕਦ
ਸਿਖਾਂਗੇ ? ਅਸੀਂ ਸਾਰੀਆਂ ਜੁਬਾਨਾਂ ਨੂੰ ਇੱਕਠਾ ਹੀ ਸਿੱਖਿਆ ਤੇ ਚੰਗੀ ਤਰ੍ਹਾਂ ਸਿੱਖਿਆ ।
ਕਿਓਂ ਹੋ ਰਿਹਾ ਹੈ ਇਸ ਤਰ੍ਹਾਂ ? ਕਿਓਂ ਹਾਂ ਅਸੀਂ ਇਸ ਤਰ੍ਹਾਂ ? ਇਸ ਜ਼ਿਹਨੀ ਗੁਲਾਮੀ ਨੂੰ
ਕਿਓਂ ਨਹੀਂ ਛੱਡ ਰਹੇ ? ਕਿਓਂ ਅਸੀਂ ਇਸ ਤਰ੍ਹਾਂ ਡਰੇ ਹੋਏ , ਸਹਿਮੇ ਹੋਏ ਆਪਣੀ ਬੋਲੀ ਤੋਂ
ਭੱਜ ਰਹੇ ਹਾਂ ? ਕਿਸ ਮਜਬੂਰੀ ਹੇਠ ਇਸ ਬੱਚੇ ਤੋਂ ਅਸੀਂ ਮਾਂ ਬੋਲੀ ਖੋਹ ਰਹੇ ਹਾਂ ? ਸਾਨੂੰ
ਕੀ ਹੋ ਰਿਹਾ ਹੈ ? ਕਿਓਂ ਅਸੀਂ ਅੰਨਿਆਂ ਵਾਂਗ ਤੁਰ ਰਹੇ ਹਾਂ ? ਕਿਓਂ ਅਸੀਂ ਅੱਖਾਂ ਤੇ
ਪੱਟੀਆਂ ਬੰਨ੍ਹੀਆਂ ਹੋਈਆਂ ਨੇ ? ਅੰਨ੍ਹੇ ਹੀ ਤਾਂ ਹਾਂ ਅਸੀਂ । ਉਸ ਬੱਚੇ ਤੋਂ ਅਸੀਂ ਵਾਰਿਸ਼
ਸ਼ਾਹ ਦੀ ਹੀਰ , ਫਰੀਦ ਦੇ ਸਲੋਕ , ਬੁੱਲ੍ਹੇ ਸ਼ਾਹ ਦੀਆਂ ਕਾਫੀਆਂ , ਭਾਈ ਗੁਰਦਾਸ ਦੀਆਂ
ਵਾਰਾਂ ਤੇ ਪਾਕ ਪਵਿਤਰ ਬਾਣੀ ਖੋਹ ਰਹੇ ਹਾਂ । ਕੀ ਹੱਕ ਹੈ ਇਸ ਕਾਸੇ ਦਾ ਸਾਨੂੰ ? ਸੋਚਦੀ
ਹਾਂ ਤਾਂ ਇੱਕ ਉਦਾਸੀ ਘੇਰਦੀ ਹੈ । ਜੇ ਅਸੀਂ ਖੁਦ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਦੂਜੇ
ਨੂੰ ਕੀ ਲੋੜ ਹੈ ਕਿ ਉਹ ਸਾਡੀ ਇੱਜ਼ਤ ਕਰੇ ।
ਲਗਭਗ 6800 ਬੋਲੀਆਂ ਨੇ ਦੁਨੀਆ ਵਿੱਚ ਤੇ ਪੰਜਾਬੀ ਦੀ ਥਾਂ 13 ਵੇ ਸਥਾਨ ਤੇ ਆਓਂਦੀ ਹੈ ,
ਪਰ ਫਿਰ ਵੀ ਮੇਨੂੰ ਦੱਸੋ ਕਿ ਕੀ ਕੋਈ ਪੰਜਾਬੀ ਬੋਲਦਾ ਪੰਜਾਬ ਹੈ ?
ਸਾਡੇ ਦਿਲ ਤੇ ਦਿਮਾਗ ਵਿੱਚ ਇਹ ਗਲਤ ਖਿਆਲ ਬੈਠ ਗਿਆ ਹੈ ਕਿ ਜੇ ਅਸੀਂ ਬੱਚੇ ਨੂੰ ਪੰਜਾਬੀ
ਸਿਖਾ ਦਿੱਤੀ ਤਾਂ ਪਤਾ ਨਹੀਂ ਫਿਰ ਉਹ ਹਿੰਦੀ , ਉਰਦੂ ਤੇ ਅੰਗਰੇਜ਼ੀ ਸਿੱਖ ਸਕੇਗਾ ਕਿ ਨਹੀਂ
? ਜੋ ਕਿ ਸਰਾਸਰ ਗਲਤ ਹੈ । ਸਾਰੇ ਮਨੋਵਿਗਿਆਨੀ , ਸਾਇੰਸਦਾਨ , ਤੇ ਐਜੂਕੇਸਿ਼ਨਟਸ ਦਾ ਇਹ
ਕਹਿਣਾ ਹੈ ਕਿ ਬੱਚੇ ਲਈ ਕੋਈ ਵੀ ਕਾਨਸੈਪਟ ਆਪਣੀ ਮਾਂ ਬੋਲੀ ਵਿੱਚ ਹੀ ਸਿੱਖਣਾ ਜਿਆਦਾ ਆਸਾਨ
ਹੁੰਦਾ ਹੈ । ਉੱਪਰੀ ਜ਼ੁਬਾਨ ਵਿੱਚ ਨਵੇਂ ਕਾਨਸੈਪਟ ਸਿੱਖਣੇ ਔਖੇ ਹੁੰਦੇ ਨੇ । ਇਹ ਵੀ ਖੋਜ
ਕੀਤੀ ਗਈ ਹੈ ਕਿ ਉਸ ਬਚੇ ਦੀ ਸਮਝਣ ਦੀ ( Comprehension ) ਜਾਚ ਜਿਆਦਾ ਹੁੰਦੀ ਹੈ ਜਿਸ
ਨੂੰ ਆਪਣੀ ਮਾਂ ਬੋਲੀ ਆਓਂਦੀ ਹੈ , ਬਲਕਿ ਮਾਂ ਬੋਲੀ ਜਾਨਣ ਵਾਲੇ ਬੱਚੇ ਹੀ ਦੂਜੀਆਂ
ਜੁਬਾਨਾਂ ਨੂੰ ਜਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹਨ , ਤੇ ਜਿਆਦਾ ਚੰਗੀ ਤਰ੍ਹਾਂ ਤੇ ਸਹੀ
ਢੰਗ ਨਾਲ ਸਿਖਦੇ ਹਨ । ਸੋ ਦੂਜੀਆਂ ਜੁਬਾਨਾਂ ਵਿੱਚ ਵੀ ਤੁਹਾਡੀ ਕਾਬਲੀਅਤ ਉਦੋਂ ਹੀ ਵੱਧਦੀ
ਹੈ ਜੇ ਤੁਸੀਂ ਆਪਣੀ ਮਾਂ ਬੋਲੀ ਵਿੱਚ ਕਾਬਲ ਹੋ । ਸੱਚ ਤਾਂ ਇਹ ਹੈ ਕਿ 3 ਸਾਲਾਂ ਤੋਂ ਲੈ
ਕੇ 10 -11 ਸਾਲਾਂ ਦੇ ਬੱਚੇ ਨੂੰ ਤੁਸੀਂ ਚਾਹੇ ਜਿੰਨੀਆਂ ਜੁਬਾਨਾਂ ਮਰਜ਼ੀ ਸਿਖਾ ਦਿਓ , ਉਹ
ਬਿਨਾ ਕਿਸੇ ਔਖ ਦੇ ਸਿੱਖ ਜਾਵੇਗਾ ।
ਇੱਥੇ ਮੈਂ ਇੱਕ ਜ਼ਾਤੀ ਤਜੁਰਬਾ ਸਾਂਝਾ ਕਰਨਾ ਚਾਹੁੰਦੀ ਹਾਂ , ਕੈਲੀਫੋਰਨੀਆ ਵਿੱਚ ਟੀਚਿੰਗ
ਲਾਈਸੈੰਸ ਲੈਣ ਲਈ ਕੁਝ ਇਮਤਿਹਾਨ ਲੈਣੇ ਪੈਂਦੇ ਨੇ , ਮੈਂ ਦੋ ਲੇਖ ਲਿਖਣੇ ਸਨ , ਪਹਿਲੀ ਵੇਰ
ਜਦ ਟੈਸਟ ਲਿਆ ਤੇ ਇਸ ਵਿੱਚ ਮੇਰੇ ਕੁਝ ਨੰਬਰ ਘੱਟ ਆਏ ਜਦ ਕਿ ਬਾਕੀ ਦੇ ਦੋ ਹਿੱਸੇ ਮਾਣ ਪਾਸ
ਕਰ ਲਏ । ਰੋਟੀ ਰੋਜ਼ੀ ਕਮਾਉਣ ਲਈ ਜਰੂਰੀ ਸੀ ਕਿ ਮੈਂ ਇਹ ਟੈਸਟ ਦੂਜੀ ਵੇਰ ਦੇ ਇਮਤਿਹਾਨ
ਵਿੱਚ ਪਾਸ ਕਰ ਲਵਾਂ । ਇਸ ਵੇਰ ਮੇਰੇ ਕੋਲ ਕਾਫੀ ਸਮਾਂ ਸੀ ਕਿਓਂਕਿ ਜੋ ਹਿੱਸੇ ਮੈਂ ਪਾਸ ਕਰ
ਲਏ ਸਨ ਉਹ ਦੋਬਾਰਾ ਨਹੀਂ ਕਰਨੇ ਸੀ ,ਮੈਂ ਕੀ ਕੀਤਾ ਕੀ ਮੈਂ ਉਹ ਦੋ ਲੇਖ ਇੱਕ ਰਫ਼ ਕਾਗਜ ਤੇ
ਪਹਿਲਾਂ ਪੰਜਾਬੀ ਵਿੱਚ ਲਿਖੇ ਤੇ ਬਾਅਦ ਵਿੱਚ ਮੈਂ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਤਰਜੁਮਾ
ਕੀਤਾ , ਉਨ੍ਹਾਂ ਲੇਖਾਂ ਵਿਚੋਂ ਮੇਰੇ ਐਨੇ ਚੰਗੇ ਸਕੋਰ ਆਏ ਕੀ ਅੱਜ ਤੱਕ ਮੇਨੂੰ ਕੋਈ
ਅਮਰੀਕਨ ਨਹੀਂ ਮਿਲਿਆ ਜਿਸ ਦੇ ਇੰਨੇ ਚੰਗੇ ਨੰਬਰ ਆਏ ਹੋਣ । ਕੀ ਕਾਰਨ ਸੀ ? ਸਿਧੀ ਜੇਹੀ
ਗੱਲ ਸੀ ਕਿ ਜਿਵੇਂ ਤੁਸੀਂ ਆਪਣੀ ਬੋਲੀ ਵਿੱਚ ਇਜ਼ਹਾਰ ਕਰ ਸਕਦੇ ਹੋ ਇਸ ਤਰ੍ਹਾਂ ਦੂਜੀ ਬੋਲੀ
ਵਿੱਚ ਨਹੀਂ ਕਰ ਸਕਦੇ ।
ਪਿਛਲੀ ਵੇਰ ਜਦ ਮੈਂ ਪੰਜਾਬ ਗਈ ਸੀ ਤਾਂ ਇੰਜ ਲੱਗਿਆ ਜਿਵੇਂ ਮੈਂ ਕਿਤੇ ਹੋਰ ਥਾਂ ਆ ਗਈ
ਹੋਵਾਂ । ਜਿਥੇ ਵੀ ਜਾਵਾਂ ਉਥੇ ਹੀ ਹਰ ਪਿੰਡ, ਹਰ ਨੁੱਕੜ ਵਿੱਚ ਅੰਗਰੇਜ਼ੀ ਸਕੂਲ ਖੁੱਲਿਆ
ਹ਼ੋਇਆ ਹੈ । ਤੇ ਪਤਾ ਲੱਗਿਆ ਕਿ ਇੰਨ੍ਹਾਂ ਵਿਚੋਂ ਬਹੁਤੇ ਸਕੂਲਾਂ ਵਿੱਚ ਜੇ ਬੱਚਾ ਪੰਜਾਬੀ
ਵਿੱਚ ਗੱਲ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਹੁੰਦਾ ਹੈ , ਉਹ ਸਿਰਫ ਅੰਗਰੇਜ਼ੀ ਜਾਂ ਹਿੰਦੀ
ਵਿੱਚ ਹੀ ਗੱਲ ਕਰ ਸਕਦਾ ਹੈ । ਤੇ ਪਤਾ ਲੱਗਿਆ ਕਿ ਪੱਛਮੀ ਪੰਜਾਬ ਵਿੱਚ ਇਹ ਧ੍ਰੋਹ ਇਸ ਤੋਂ
ਵੀ ਵੱਧ ਹੈ , ਉਥੇ ਉਰਦੂ ਬੋਲਣੀ ਲਾਜ਼ਮੀ ਹੈ , ਜੇ ਬੱਚਾ ਪੰਜਾਬੀ ਬੋਲਦਾ ਹੈ ਤਾਂ ਉਸ ਨੂੰ
ਕੁੱਟ ਪੈਂਦੀ ਹੈ । ਯਕੀਨ ਨਹੀਂ ਆਓਂਦਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨਾਲ ਇਸ
ਤਰ੍ਹਾਂ ਦੀ ਬੇ – ਇਨਸਾਫੀ ਕਰ ਰਹੇ ਹਾਂ । ਛੋਟੇ ਹੁੰਦਿਆਂ ਇਤਿਹਾਸ ਦੀਆਂ ਕਿਤਾਬਾਂ ਵਿਚੋਂ
ਅਸੀਂ ਪੜ੍ਹਿਆ ਸੀ ਕਿ ਆਰਿਆ ਲੋਕ ਦਰਾਵੜੀਅਨ ਲੋਕਾਂ ਦੇ ਕੰਨਾਂ ਵਿੱਚ ਪਿਘਲਦਾ ਸਿੱਕਾ ਪਾ
ਦਿੰਦੇ ਸਨ ਸਨ ਜੇ ਉਹ ਸੰਸਕ੍ਰਿਤ ਦੇ ਸਲੋਕ ਸੁਣ ਲੈਂਦੇ ਸਨ , ਤੇ ਜ਼ੁਬਾਨ ਕੱਟ ਦਿੰਦੇ ਸਨ
ਜੇ ਉਹ ਉਸ ਜ਼ੁਬਾਨ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਸਨ । ਬੜਾ ਅਜੀਬ ਤੇ ਦੁਖ ਹੁੰਦਾ ਸੀ ਇਹ
ਜਾਣ ਕੇ ਕੋਈ ਵੀ ਕਿਸੇ ਤੋਂ ਕੁਝ ਸਿੱਖਣ ਦਾ ਹੱਕ ਕਿਵੇਂ ਖੋਹ ਸਕਦਾ ਹੈ ?
ਉਦੋਂ ਤਾਂ ਇਸ ਤਰ੍ਹਾਂ ਇਸ ਲਈ ਕੀਤਾ ਜਾਂਦਾ ਸੀ ਕਿ ਇੱਕ ਨੀਵੀਂ ਜਾਤ ਦਾ ਸਮਝਿਆ ਜਾਣ ਵਾਲਾ
ਉੱਚੀ ਜਾਤ ਦੀ ਜ਼ੁਬਾਨ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਹੁਣ ਅਸੀਂ ਉਲਟ ਕਰ ਰਹੇ ਹਾਂ
ਬਲਕਿ ਉਸ ਤੋਂ ਵੀ ਵੱਧ ਖਤਰਨਾਕ , ਹੁਣ ਅਸੀਂ ਉਸ ਦੀ ਜੁਬਾਨ ਹੀ ਖੋਹ ਰਹੇ ਹਾਂ , ਉਸ ਦੀ ਉਹ
ਬੋਲੀ ਜੋ ਉਸ ਨੇ ਆਪਣੀ ਮਾਂ ਦੇ ਦੁੱਧ ਤੋਂ ਸਿਖੀ ਹੈ ।
ਇਸ ਸਾਲ ਮੇਰੇ ਕਈ ਪਾਕਿਸਤਾਨੀ ਦੋਸਤ ਬਣੇ । ਜੋ ਕਿ ਤਕਰੀਬਨ ਸਾਰੇ ਪੰਜਾਬੀ ਹਨ – ਜਾਣ ਕੇ
ਹੈਰਾਨੀ ਹੋਈ ਕਿ ਜਦ ਉਹ ਖੁਦ ਪੰਜਾਬੀ ਬੋਲਦੇ ਹਨ , ਪੰਜਾਬੀ ਚਾਹੁੰਦੇ ਹਨ ਪਰ ਉਨ੍ਹਾਂ ਦੀਆਂ
ਘਰ ਵਾਲੀਆਂ ਉਰਦੂ ਬੋਲਦੀਆਂ ਹਨ । ਪਿਛਲੇ ਕੁਝ ਦਿਨਾਂ ਦੀ ਗੱਲ ਹੈ ਕਿ ਮੈਂ ਇੱਕ ਪਰਿਵਾਰ
ਨੂੰ ਮਿਲੀ – ਪੰਜਾਬੀ ਪਰਿਵਾਰ – ਮਾਂ ਬਾਪ ਪੰਜਾਬੀ ਬੋਲਦੇ ਹਨ , ਭੈਣ ਭਰਾ , ਯਾਰ ਦੋਸਤ ਸਭ
ਪੰਜਾਬੀ ਬੋਲਦੇ ਹਨ ਪਰ ਘਰ ਦੀ ਸੁਆਣੀ ਉਰਦੂ , ਉਸ ਨੇ ਇੱਕ ਵੇਰ ਪੰਜਾਬੀ ਬੋਲਣ ਦੀ ਭੁੱਲ ਕੇ
ਕੋਸ਼ਿਸ਼ ਵੀ ਨਹੀਂ ਕੀਤੀ , ਜ਼ਾਹਿਰ ਹੈ ਕਿ ਹੁਣ ਉਸ ਦੇ ਬੱਚੇ ਉਰਦੂ ਹੀ ਬੋਲਣਗੇ ਤੇ ਕਦੀ ਵੀ
ਪੰਜਾਬੀ ਨਹੀਂ ਸਿੱਖਣ ਲੱਗੇ । ਅਕਸਰ ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ , ਪੰਜਾਬੀ ਛੱਡ ਕੇ
ਹਿੰਦੀ , ਉਰਦੂ ਜਾਂ ਅੰਗਰੇਜ਼ੀ ਬੋਲਦੇ ਹਾਂ ਤਾਂ ਸ਼ਾਇਦ ਅਸੀਂ ਸੋਚਦੇ ਹਾਂ ਕਿ ਇਸ ਤਰ੍ਹਾਂ
ਕਰ ਕੇ ਅਸੀਂ ਜਿਆਦਾ ਪੜ੍ਹੇ ਲਿਖੇ ਨਜਰ ਆਓਂਦੇ ਹਾਂ । ਮੈਂ ਸੋਚਦੀ ਹਾਂ ਕਿ ਇਹੋ ਜਿਹੇ ਲੋਕ
ਹੀਣ ਭਾਵਨਾ ( Inferiority Complex ) ਦਾ ਸ਼ਿਕਾਰ ਹਨ , ਕਿੰਨੀ ਗਰੀਬੀ ਤੇ ਗੁਲਾਮੀ ਹੈ
ਇੰਨ੍ਹਾਂ ਔਰਤਾਂ ਦੇ ਦਿਲ ਵਿੱਚ ਕਿ ਉਨ੍ਹਾਂ ਨੂੰ ਆਪਣੇ ਅਸਲ ਹੋਣ ਵਿੱਚ ਸ਼ਰਮ ਆਓਂਦੀ ਹੈ –
ਸੋ ਜੇ ਮੈਂ ਕਹਾਂ ਕਿ ਅੱਜ ਪੰਜਾਬੀ ਦੀ ਵਾਗਡੋਰ ਔਰਤ ਤੇ ਮਾਂ ਦੇ ਹਥ ਵਿੱਚ ਹੈ ਤਾਂ ਮੈਂ
ਕੋਈ ਗਲਤ ਨਹੀਂ ਆਖ ਰਹੀ । ਮੇਰੀ ਹਰ ਪੰਜਾਬੀ ਮਾਂ ਅੱਗੇ ਮਿੰਨਤ ਹੈ ਕਿ ਆਓ ਅਸੀਂ ਉਸ
ਪੁਰਾਣੇ ਆਰੀਅਨ ਦੀ ਤਰ੍ਹਾਂ ਨਾ ਕਰੀਏ ਕੇ ਆਪਣੇ ਬੱਚਿਆਂ ਤੋਂ ਨਿੱਜ ਦੀ ਬੋਲੀ ਖੋਹ ਲਈਏ ।
ਜੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕ ਰਹੇ ਹਾਂ ਤਾਂ ਅਸੀਂ ਉਸ ਬ੍ਰਾਹਮਣ
ਤੋਂ ਵੀ ਭੈੜਾ ਕੰਮ ਕਰ ਰਹੇ ਹਾਂ , ਕਿਓਂ ਕਿ ਆਸਨ ਤਾਂ ਉਸ ਦੀਆਂ ਜੜ੍ਹਾਂ ਹੀ ਵੱਢ ਰਹੇ ਹਾਂ
। ਕਿੱਥੋਂ ਦਾ ਇਨਸਾਫ਼ ਹੈ ? ਕੀ ਸੋਚ ਕੇ ਅਸੀਂ ਇਹੋ ਜਿਹੇ ਫੈਸਲੇ ਕਰਦੇ ਹਾਂ ? ਮੰਨਿਆ ਕੀ
ਦੁਨੀਆ ਸੁੰਗੜ ਕੇ ਇੱਕ ਪਿੰਡ ਬਣਦੀ ਜਾ ਰਹੀ ਹੈ – ਬੋਲੀਆਂ ਸਿਖੋ , ਕਈ ਕਈ ਬੋਲੀਆਂ ਸਿੱਖਣ
ਤੋਂ ਬਿਨਾ ਹੁਣ ਕੋਈ ਗੁਜ਼ਾਰਾ ਵੀ ਨਹੀਂ , ਪਰ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇਣ ਦੀ ਤਾਂ
ਕੋਈ ਲੋੜ ਨਹੀਂ । ਕੋਈ ਤੁਹਾਡੇ ਕੋਲੋਂ ਇਹ ਕੁਰਬਾਨੀ ਮੰਗ ਵੀ ਨਹੀਂ ਰਿਹਾ । ਅਖੀਰ ਮੈਂ ਹਰ
ਪੰਜਾਬੀ ਔਰਤ ਤੇ ਮਾਂ ਨੂੰ ਦੱਸਣਾ ਚਾਹਾਂਗੀ ਕਿ ਪੰਜਾਬੀ ਦਾ ਇਤਿਹਾਸ ਬਹੁਤ ਪੁਰਾਣਾ ਹੈ -
ਹਿੰਦੀ ਤੇ ਉਰਦੂ ਜੁਬਾਨਾਂ ਤਾਂ ਕਿਤੇ ਬਾਅਦ ਵਿੱਚ ਬਣੀਆਂ ਨੇ – ਪੰਜਾਬੀ ਇੰਨ੍ਹਾਂ ਨਾਲੋਂ
ਬਹੁਤ ਪੁਰਾਣੀ ਹੈ । ਆਪਣੇ ਪਿਛੋਕੜ ਨੂੰ ਜੇ ਅਸੀਂ ਜਾਨਣਾ ਚਾਹੁੰਦੇ ਹਾਂ ਤੇ ਇਸ ਨੂੰ
ਜਿਓੰਦੇ ਰੱਖਣਾ ਚਾਹੁੰਦੇ ਹਾਂ ਤਾਂ ਪੰਜਾਬੀ ਨੂੰ ਜਿਉਂਦਾ ਰੱਖੋ । ਗੁਰੂ ਨਾਨਕ ਤੇ ਗੁਰੂਆਂ
ਦੀ ਬਾਣੀ ਨੂੰ ਜੇ ਜਿਓਣਾ ਚਾਹੁੰਦੇ ਹੋ ਤਾਂ ਪੰਜਾਬੀ ਬੋਲੋ ਤੇ ਬੱਚਿਆਂ ਨੂੰ ਪੰਜਾਬੀ ਸਿਖਾਓ
। ਇਸ਼ਕ ਦੀ ਜ਼ੁਬਾਨ ਨੂੰ ਜਿਓੰਦਾ ਰੱਖਣਾ ਚਾਹੁੰਦੇ ਹੋ ਤੇ ਜੇ ਚਾਹੁੰਦੇ ਹੋ ਕਿ ਹੀਰ ਰਾਂਝਾ
, ਸੱਸੀ ਪੁੰਨੂ , ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ ਸਾਡੀ ਰੂਹ ਨੂੰ ਕਿਤੋਂ ਧੁਰ ਅੰਦਰੋ
ਟੁੰਬਦੀ ਰਹੇ ਤਾਂ ਪੰਜਾਬੀ ਬੋਲੋ ਤੇ ਸਿੱਖੋ । ਜੇ ਭਗਤੀ ਵਿੱਚ ਲੀਣ ਹੋਣਾ ਚਾਹੁੰਦੇ ਹੋ ,
ਕਬੀਰ ਤੇ ਫਰੀਦ ਦੇ ਸਾਥ ਤੇ ਸੰਗ ਦਾ ਸੁਆਦ ਲੈਣਾ ਚਾਹੁੰਦੇ ਹੋ ਤਾਂ ਪੰਜਾਬੀ ਬੋਲੋ , ਜੇ
ਬੁੱਲ੍ਹੇ ਸ਼ਾਹ ਤੇ ਸ਼ਾਹ ਹੁੱਸੈਨ ਵਾਂਗ ਨੱਚਣਾ ਚਾਹੁੰਦੇ ਹੋ , ਤੇ ਜੇ ਸਿਰ ਤਲੀ ਤੇ ਧਰਣ ਦੇ
ਚਾਓ ਦੇ ਗੀਤ ਨੂੰ ਜ਼ਿੰਦਾ ਰੱਖ , ਮਿੱਤਰ ਪਿਆਰੇ ਨੂੰ ਮੁਰੀਦ ਬਣ ਆਪਣੇ ਦਿਲ ਦੀ ਧੜਕਨ
ਸੁਣਾਉਣਾ ਚਾਹੁੰਦੇ ਹੋ ਤਾਂ ਪੰਜਾਬੀ ਬੋਲੋ । ਇਸ ਗੱਲ ਦਾ ਮਾਣ ਮਹਿਸੂਸ ਕਰੋ ਕਿ ਪੰਜਾਬੀ
ਇੱਕ ਉਹ ਪਾਕ ਤੇ ਪਵਿੱਤਰ ਜ਼ੁਬਾਨ ਹੈ ਜਿਸ ਨੂੰ ਸਾਡੇ ਗੁਰੂਆਂ , ਪੀਰਾਂ ਤੇ ਪੈਗੰਬਰਾਂ ਨੇ
ਇਲਾਹੀ ਸੁਨੇਹਾ ਦੇਣ ਲਈ ਚੁਣਿਆ ਤੇ ਪੰਜਾਬੀ ਮਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹਿਦਾ ਹੈ
ਕਿ ਉਸ ਦੇ ਹੱਥ ਵਿੱਚ ਹੈ ਕਿ ਬਾਬਾ ਫਰੀਦ ਤੇ ਗੁਰੂ ਨਾਨਕ ਉਸ ਦੇ ਬੱਚੇ ਦੀ ਉਂਗਲ ਫੜ ਉਸ ਦੇ
ਨਾਲ ਨਾਲ ਤੁਰ ਤੁਰ ਸਕਣ ।
-0-
|