ਦਸ-ਨੌਹਾਂ ਦੀ ਕਿਰਤ ਚੋਂ
ਦਸਵੰਦ ਦਿੰਦੇ ਸਾਥੀਓ!
ਸ਼ਾਬਾਸ਼!!
ਪਰ…ਦਸਵੰਦ ਉੱਤੇ ਰੁਕ ਨਾ ਜਾਣਾ
ਭੁੱਲ ਕੇ ਵੀ ਨਾ ਸਮਝ ਲੈਣਾ
ਦਾਨ-ਪਾਤਰਾਂ ਦੀ ਹੋਂਦ ਨੂੰ
ਕਰਮਾਂ ਦਾ ਭਾਣਾ।
ਹਰ ਸਾਲ ਛਪਦੀ
ਲਿਸਟ ਮਹਾਂ-ਧਨਾਡਾਂ ਦੀ ਨੂੰ
ਰੱਖਣਾ ਦ੍ਰਿਸ਼ਟ-ਗੋਚਰੇ
‘ਤੇ ਸੋਚਣਾ:
ਦੁਨੀਆਂ ਦੇ ਲੋਕਾਂ ਦੀ ਪੂੰਜੀ
ਕਿਉਂ ਸੌ-ਕੁ-ਤਿਜ਼ੌਰੀਆਂ ‘ਚ ਕੈਦ ਹੈ?
ਭਾਣਾ, ਕਿਨ੍ਹਾਂ ਦੀ ਖੇਡ ਹੈ?
ਕਰਮਾਂ, ਦਾ ਕੀ ਭੇਦ ਹੈ?
ਰੱਬ ਹੈ ਕਿਸ ਵਲੀ ਦਾ ਨਾਮ!
ਉਹ ਕੌਣ ਹੈ? ਜੋ ਚਿਤਵਦਾ
ਕਿ ਇਕ ਹੁੰਦੇ ਰਹਿਣ
“ਨੌਂ”, “ਅਠਾਰਾਂ”, “ਸਤਾਈ”
“ਛੱਤੀ” ਗੁਣਾ ਉੱਚੇ
ਤੇ ਇਕ ਰਹਿਣ ਰੜੇ
ਹੱਥ ਅੱਡੀ ਖੜੇ…ਇਕਨਾਂ ਦੇ ਦਰੀਂ।
ਦਸ-ਨੌਹਾਂ ਦੀ ਕਿਰਤ ਚੋਂ
ਦਸਵੰਦ ਦਿੰਦੇ ਸਾਥੀਓ!
ਸ਼ਾਬਾਸ਼!!
ਪਰ…ਦਸਵੰਦ ਦੇ ਕੇ ਭੁੱਲ ਨਾ ਜਾਣਾ
ਕਿ ਇਹ ‘ਦਸਵੰਦ’ ਤਾਂ ਹੈ
ਉਸ ਰਾਹ ਦਾ ਇੱਕ ਮੀਲ-ਪੱਥਰ
ਮੁਕਣਾ ਹੈ ਜੇਸ ਰਾਹ ਨੇ
‘ਇਕਵੰਦ’ ਤੀਕ ਜਾ ਕੇ ।
ਇਕਵੰਦ –
ਜਿੱਥੋਂ ਸ਼ੁਰੂ ਹੁੰਦੀ ਅਸਲੀ ‘ਸਾਂਝੀਵਾਲਤਾ’
ਨਾ ਕੋ ਦਾਨੀ, ਨਾ ਹੀ ਦਾਨ-ਪਾਤਰ
ਸਭ ਦੇ ਕੋਲ ਸਭ, ਬਰੋ-ਬਰਾਬਰ।
ਕੁੱਲੀ, ਗੁੱਲੀ, ਜੁੱਲੀ ਲਈ।
ਬਰੋ-ਬਰਾਬਰ ਸਵੈਮਾਨ,
ਇੱਕੋ ਜਿੰਨੀ ਧਰਤੀ, ਬਰਾਬਰ ਆਸਮਾਨ।
‘ਦਸਵੰਦ ਤੋਂ ਇਕਵੰਦ’ ਤੀਕਰ
ਰਾਹ ਲੰਬਾ, ਦੁਰਗਮ ਬੜਾ:
ਕਦਮ ਕਦਮ ਤੇ ਵਲੀਏ-ਪੱਥਰ,
ਮੋੜ ਮੋੜ ਜ਼ਰਦਾਰੀ ਅਜਗਰ,
ਕੁੱਲੀ-ਗੁੱਲੀ-ਜੁੱਲੀ ਦੀ ਕੈਦ ‘ਚ
ਹਰ ਦਾਤੀ, ਕਲਮ,ਕੰਪਿਊਟਰ।
ਪਰ-
ਵਾਢੀ ਮਗਰੋਂ ਓਹੀ ਦਾਤੀ,
ਕਰ ਸਕਦੀ ਫਸਲਾਂ ਦੀ ਰਾਖੀ।
ਕਲਮ, ਰੋਜ਼ੀ ਦੀ ਮੁੱਸ਼ਕਤ ਬਾਦ ਵੀ
ਜ਼ਫਰਨਾਮੇ ਲਿਖ ਸਕਦੀ।
ਕੰਪਿਊਟਰ, ਰੋਟੀ ਕਮਾ ਕੇ ਵੀ ਸਮਰੱਥ ਰਹੇ
‘ਜ਼ੀਰੋ’ ਨੂੰ ‘ਏਕਾ’ ਕਰਨ ਦੇ।
ਖ਼ਲਾਅ ਵਿਚਲੇ ਰੁੱਖ
ਜਹਾਜ਼ੀ ਗਤੀ ਦੇ ਬਾਵਜੂਦ
ਧਰਤੀ ਤੋਂ ਕੋਹਾਂ ਦੂਰ
ਖ਼ਲਾਅ ‘ਚ ਥਿਰ ਜਾਪੇ
ਗਲੋਬਲ ਪਿੰਡ।
ਰੁਕੀ ਹੋਈ ਨਬਜ਼ ਵਾਲੀ ਹੋਂਦ ਖ਼ਲਾਅ,
ਦਮ-ਖ਼ਮ ਕਿੱਥੋਂ ਲਿਆਵੇ
ਗਤੀਓਂ ਉਲਟ ਦੌੜਨ ਦਾ॥
ਇਕ-ਧਰੁਵੀ-ਗਤੀਏ
ਜਹਾਜ਼ ਤੇ ਸਵਾਰ
ਗਲੋਬਲ-ਪਿੰਡੀਏ
ਆਪੋ ਅਪਣੀ ਸੀਟ ਉੱਤੇ
ਜਿਉਂ ਘੁਰਨੀ ਦੁਬਕੇ।
ਆਪੋ ਅਪਣੇ ਘੁਰਨੀਂ, ਲੱਤਾਂ ਵਿਸਾਰਨ ਜੋਗੀ
ਦੋ-ਚਾਰ ਹੱਥ ਥਾਂ ਕਾਫ਼ੀ
‘ਸੁਰਖੁਰੂ’ ਹੋਣ ਲਈ॥
ਇਸ ਸੁੱਤੇ-ਸੁੱਤੇ
- ਜਾਗੋ-ਮੀਟੇ
- ਨਿਰ-ਵਿਰੋਧ
- ਨਿਸਚਿੰਤ
ਖਲਾਅ ‘ਚ ਮੈਂ
ਕਵਿਤਾ ਲਿਖਣ ਦੇ ਆਹਰ ‘ਚ ਹਾਂ।
ਅਥਾਹ ਵਿਸ਼ਵਾਸ ਨਾਲ
ਕਿ ‘ਕਵਿਤਾ’ ਨੇ:
ਇਸ ‘ਸੁਰਖੁਰੂ’ ਖਲਾਅ ‘ਚ
ਸਿਰਜ ਦੇਣੇ –
ਬ੍ਰਿਛ, ਬੂਟੇ, ਰੁੱਖ
ਸਥਾਪਿਤ ਗਤੀਓਂ ਉਲਟ
ਚਲਦੀਆਂ ਨਬਜ਼ਾਂ ਵਾਲੇ ਮਨੁੱਖ॥
-0-
|