Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

‘ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 

ਗਰੀਬਾ ਉਪਰ ਜਿ ਖਿੰਜੈ ਦਾੜੀ
- ਬਲਜੀਤ ਬਾਸੀ

 

8 ਜਨਵਰੀ ਦੇ ਸੁਰਜੀਤ ਕੌਰ ਦੇ ਲੇਖ 'ਸਤਿਗੁਰਾਂ ਦੇ ਸਹਿਜਧਾਰੀ ਸਿੱਖਾਂ ਨੂੰ ਵਧਾਈਆਂ' ਤੋਂ ਆਸ ਬਝਦੀ ਹੈ ਕਿ ਸਿੱਖਾਂ ਵਿਚ ਉਦਾਰਵਾਦੀ ਬੁਧੀਜੀਵੀਆਂ ਦੀ ਘਾਟ ਨਹੀਂ ਹੈ। ਇਸ ਸਮੇਂ ਜਿਸ ਪੱਧਰ ਦਾ ਸਿੱਖੀ ਪਰਚਾਰ ਹੋ ਰਿਹਾ ਹੈ ਉਸ ਵਿਚ ਕੱਟੜਤਾ, ਤੁਅਸਬ, ਹੈਂਕੜ ਅਤੇ ਸੰਕੀਰਣਤਾ ਹੀ ਭਾਰੂ ਦਿਖਾਈ ਦੇ ਰਹੀ ਹੈ। ਪੱਛਮੀ ਦੇਸ਼ਾਂ ਵਿਚ ਇਹ ਰੁਚੀ ਕੁਝ ਵਧੇਰੇ ਹੀ ਬਲਵਾਨ ਹੋ ਰਹੀ ਹੈ। ਇਹ ਦੇਸ਼ ਰਾਜਨੀਤਕ ਤੌਰ ਤੇ ਸਾਮਰਾਜੀ ਹੋਣ ਕਰਕੇ ਸੰਸਾਰ ਪੱਧਰ ਤੇ ਧੌਂਸਕਾਰੀ ਨੀਤੀਆਂ ਅਖਤਿਆਰ ਕਰਦੇ ਹਨ। ਪ੍ਰਤੀਤ ਹੋ ਰਿਹਾ ਹੈ ਕਿ ਏਥੋਂ ਦੇ ਸਿੱਖ ਨੇਤਾਵਾਂ ਵਿਚ ਵੀ ਏਹੋ ਰੁਚੀ ਸਿਰ ਚੁਕ ਰਹੀ ਹੈ। ਉਹ ਸਮਝਦੇ ਹਨ ਕਿ ਉਨ੍ਹਾਂ ਨੂੰ ਸਿੱਖੀ ਬਾਰੇ ਸਭ ਤੋਂ ਅਧਿਕ ਗਿਆਨ ਹੈ ਇਸ ਲਈ ਉਹ ਦੂਜਿਆਂ ਤੇ ਆਪਣੇ ਵਿਚਾਰ ਠੋਸਣ ਤੇ ਤੁਲੇ ਰਹਿੰਦੇ ਹਨ। ਪਿਛੇ ਜਿਹੇ ਸਿਖ ਨਸਲਕੁਸ਼ੀ ਬਾਰੇ ਕੈਨੇਡਾ ਤੋਂ ਚੱਲੀ ਗੱਲ ਨੂੰ ਭਾਰਤ ਤੇ ਠੋਸਿਆ ਗਿਆ ਹੈ। ਪੱਛਮੀ ਦੇਸ਼ਾਂ ਦੀ ਅਮੀਰੀ ਦਾ ਨਿਘ ਤੇ ਵਿਲਾਸ ਮਾਣ ਰਹੇ ਭਾਰਤੀ ਯਥਾਰਥ ਤੋਂ ਅਣਭਿਜ ਇਹ ਲੋਕ ਪੱਛਮ ਦੇ ਸੁਰੱਖਿਆ ਕਵੱਚ ਵਿਚ ਬੈਠੇ ਅਗਨ ਬਾਣ ਸੁੱਟਦੇ ਰਹਿੰਦੇ ਹਨ। ਸਿੱਖੀ ਨੂੰ ਆਪਣੇ ਮੂਲ ਤੋਂ ਨਿਖੇੜਕੇ ਨਿਰੇ ਕਕਾਰਾਂ ਅਤੇ ਪੱਗ ਤੇ ਘਟਾ ਦਿੱਤਾ ਗਿਆ ਹੈ। ਇਸ ਮੁਹਿੰਮ ਵਿਚ ਸਹਿਜਧਾਰੀ ਜਾਂ ਮੋਨੇ ਸਿੱਖਾਂ ਲਈ ਬਦਕਲਾਮੀ ਤੋਂ ਵੀ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਨੂੰ ਰੋਡੇ, ਭੋਡੇ, ਪਤਿਤ ਤੇ ਹੋਰ ਬੜਾ ਕੁਝ ਕਹਿਕੇ ਜ਼ਲੀਲ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਇਸ ਅਖਬਾਰ ਦੇ ਪੰਨਿਆਂ ਤੇ ਵੀ ਮੈਂ ਅਕਸਰ ਅਜੇਹੇ ਲੇਖ ਪੜ੍ਹਦਾ ਰਹਿੰਦਾ ਹਾਂ। ਸਾਰਾ ਪੱਛਮ ਸਿੱਖ ਅਤੇ ਗੈਰ-ਸਿੱਖ ਮੋਨੇ ਲੋਕਾਂ ਨਾਲ ਭਰਿਆ ਪਿਆ ਹੈ, ਇਸ ਪਰਿਸਥਿਤੀ ਵਿਚ ਉਨ੍ਹਾਂ ਲਈ ਅਜੇਹੇ ਅਸਿ਼ਸ਼ਟ ਤੇ ਹੋਛੇ ਸ਼ਬਦਾਂ ਦੀ ਵਰਤੋਂ ਸਿਰੇ ਦਾ ਫੋਕਾ ਅਭਿਮਾਨ ਨਹੀਂ ਤਾਂ ਹੋਰ ਕੀ ਹੈ? ਕੀ ਉਹ ਇਹ ਨਹੀਂ ਜਾਣਦੇ ਕਿ ਬਹੁਤ ਸਾਰੇ ਮੋਨੇ ਲੋਕ ਟਾਕਰੇ ਤੇ ਕੇਸਧਾਰੀਆਂ ਬਾਰੇ ਕੀ ਵਿਚਾਰ ਰਖਦੇ ਹਨ?
ਕਬੱਡੀ ਦੀਆਂ ਖੇਡਾਂ ਵਿਚ ਕੇਸਧਾਰੀ ਨੌਜਵਾਨਾਂ ਦੀ ਸ਼ਮੂਲੀਅਤ ਘਟ ਹੀ ਹੁੰਦੀ ਹੈ ਪਰ ਜੇ ਕੋਈ ਕੇਸਧਾਰੀ ਪੁਆਂਇੰਟ ਮਾਰ ਜਾਵੇ ਤਾਂ ਉਸਦੀ ਦੂਜਿਆਂ ਨਾਲੋਂ ਦੁੱਗਣੀ ਚੌਗਣੀ ਸਿਫ਼ਤ ਹੁੰਦੀ ਹੈ। ਇਹ ਤਾਂ ਸ਼ਰ੍ਹੇਆਮ ਮੋਨਿਆਂ ਨੂੰ ਨੀਚਾ ਦਿਖਾਉਣ ਵਾਲੀ ਗੱਲ ਹੈ। ਉਹ ਵੀ ਉਨ੍ਹਾਂ ਪੱਛਮੀ ਦੇਸ਼ਾਂ ਵਿਚ ਜਿਥੇ ਨਸਲੀ ਵਿਤਕਰੇ ਲਈ ਸਜ਼ਾ ਹੁੰਦੀ ਹੈ। ਤੁਲਨਾਤਮਕ ਅਧਿਐਨ ਕਰਦਿਆਂ ਕੇਸਧਾਰੀ ਸਿੱਖੀ ਸਰੂਪ ਨੂੰ ਮੋਨਿਆਂ ਦੇ ਟਾਕਰੇ ਸੁੰਦਰ ਦੱਸਿਆ ਜਾਂਦਾ ਹੈ ਪਰ ਵਿਰੋਧਾਭਾਸ ਹੈ ਕਿ ਨਾਲ ਹੀ ਇਹ ਵੀ ਤੌਖਲਾ ਜ਼ਾਹਿਰ ਕੀਤਾ ਜਾਂਦਾ ਹੈ ਕਿ ਕਲਾਕਾਰ ਲੋਕ ਕਿਉਂ ਕੇਸ ਨਹੀਂ ਰੱਖ ਰਹੇ, ਫਿਲਮਾਂ ਵਿਚ ਸਿੱਖ ਕਿਰਦਾਰ ਕਿਉਂ ਨਹੀਂ ਪੇਸ਼ ਕੀਤੇ ਜਾਂਦੇ? ਕੱਟੜ ਧਾਰਮਿਕ ਸੋਚਣੀ ਦੇ ਦਾਇਰੇ ਵਿਚ ਰਹਿੰਦਿਆਂ ਸਾਹਿਤ ਜਾਂ ਕਲਾ ਵਿਚ ਯਥਾਰਥ ਦੀ ਪੇਸ਼ਕਾਰੀ ਦਾ ਮੁੱਲ ਪਾਉਣਾ ਅਸੰਭਵ ਹੈ। ਫਿਲਮ ਵਿਚ ਜੇ ਕਿਸੇ ਲੜਾਈ ਵਿਚ ਸਿੱਖ ਪਾਤਰ ਦੀ ਪੱਗ ਢਠ ਜਾਵੇ ਜਾਂ ਦਾਅੜੀ ਪੁੱਟੀ ਜਾਵੇ ਤਾਂ ਅਜੇਹੀ ਪੇਸ਼ਕਾਰੀ ਦੀ ਸਿੱਖ ਹਲਕਿਆਂ ਵਲੋਂ ਘੋਰ ਨਿੰਦਾ ਕੀਤੀ ਜਾਵੇਗੀ। ਫਿਲਮਾਂ ਵਿਚ ਪੇਸ਼ ਸਿੱਖ ਪਾਤਰ ਜ਼ਰੂਰ ਹੀ ਆਦਰਸ਼ਕ ਗੁਰਸਿੱਖ ਹੋਣਾ ਚਾਹੀਦਾ ਹੈ, ਕੀ ਯਥਾਰਥ ਵਿਚ ਅਜੇਹਾ ਹੁੰਦਾ ਹੈ? ਫਿਲਮਾਂ ਵਿਚ ਹੋਰ ਧਰਮਾਂ ਦੇ ਪਾਖੰਡੀ ਵਤੀਰੇ ਦਾ ਖੂਬ ਮਜ਼ਾਕ ਉਡਾਇਆ ਜਾਂਦਾ ਹੈ, ਫਿਰ ਵੀ ਕਦੀ ਘਟ ਹੀ ਇਤਰਾਜ਼ ਸੁਣਿਆ ਹੈ। ਸੁਹਜ ਦੀ ਪ੍ਰਤੀਤੀ ਮੁਖ ਤੌਰ ਤੇ ਨਸਲਮੁਖੀ ਹੁੰਦੀ ਹੈ। ਜੋ ਸਿਖੀ ਬਾਣੇ ਵਿਚ ਰਹਿਣ ਗਿਝਿਆ ਹੈ, ਉਸ ਨੂੰ ਲਗਦਾ ਹੈ ਕਿ ਮੋਨੇ ਲੋਕ ਕੋਝੇ ਹੁੰਦੇ ਹਨ ਹਾਲਾਂਕਿ ਇਸ ਤੋਂ ਉਲਟ ਗੱਲ ਵੀ ਹੈ। ਉਨ੍ਹਾਂ ਅਨੁਸਾਰ ਦੁਨੀਆਂ ਦਾ ਪੌਣਾ ਹਿੱਸਾ ਜੋ ਮੋਨਾ ਹੈ, ਕੋਝਾ ਹੈ ਤੇ ਦੁਰਭਾਗਵਸ ਉਹ ਇਨ੍ਹਾਂ ਕੋਝੇ ਲੋਕਾਂ ਦੇ ਦੇਸ਼ ਵਿਚ ਆ ਵਸੇ ਹਨ। ਗੁਰਦਵਾਰਿਆਂ ਵਿਚ ਅਜੇਹੇ ਨਿਯਮ ਬਣਾਏ ਜਾ ਰਹੇ ਹਨ ਕਿ ਮੋਨੇ ਕਮੇਟੀਆਂ ਵਿਚ ਨਾ ਆ ਸਕਣ। ਅਨੇਕਾਂ ਗੁਰਦਵਾਰਿਆਂ ਵਿਚ ਧਾਰਮਿਕ ਰਹੁ ਰੀਤੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾਂਦਾ ਹੈ। ਉਹ ਭੁਲ ਜਾਂਦੇ ਹਨ ਕਿ ਜੇ ਮੋਨੇ ਜਾਂ ਸਹਿਜਧਾਰੀ ਸਿਖ ਗੁਰਦਵਾਰਿਆਂ ਵਿਚ ਜਾਣਾ ਛੱਡ ਦੇਣ ਤਾਂ ਉਨ੍ਹਾਂ ਦਾ ਬਜਟ ਲੜਖੜਾ ਜਾਵੇਗਾ। ਅੱਜ ਮਿਹਨਤਕਸ਼, ਉਦਾਰਵਾਦੀ ਅਤੇ ਦੁਨੀਆ ਭਰ ਵਿਚ ਵਸ ਜਾਣ ਵਾਲੇ ਸਿੱਖ ਕੱਟੜ ਅਤੇ ਅਸਹਿਣਸ਼ੀਲ ਹੋ ਰਹੇ ਹਨ ਹਾਲਾਂਕਿ ਪਹਿਲਾਂ ਪਹਿਲਾਂ ਇਨਾਂ ਦੇਸ਼ਾਂ ਵਿਚ ਆਏ ਸਿੱਖ ਏਨੇ ਤੱਅਸਬੀ ਨਹੀਂ ਸਨ।
ਸਿੱਖੀ ਨੂੰ ਇਸਦੇ ਅਸਲੇ ਤੋਂ ਨਿਖੇੜਕੇ ਸਿਰਫ਼ ਕਕਾਰਾਂ ਤੱਕ ਘਟਾ ਦੇਣਾ ਵਾਸਤਵ ਵਿਚ ਸਿਰੇ ਦੀ ਬਿਪਰਨ ਕੀ ਰੀਤ ਹੈ। ਜ਼ਰਾ ਧਿਆਨ ਦਿਉ: ਤਮਾਖੂ ਨਹੀਂ ਪੀਣਾ, ਇਹ ਹਿੰਦੂਆਂ ਦੀ ਰੀਤ ਹੈ; ਬਦਲਵੇਂ ਰੂਪ ਵਿਚ, ਸ਼ਰਾਬਨੋਸ਼ੀ ਸਿੱਖਾਂ ਵਿਚ ਸਭ ਤੋਂ ਵਧ ਹੈ, ਸ਼ਰਾਬ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਤੇ ਸਭ ਤੋਂ ਵਧ ਸਿੱਖ ਹੀ ਇਸ ਨੂੰ ਪੀਂਦੇ ਹਨ। ਕੁੜੀਮਾਰੀ ਦੁਨੀਆ ਵਿਚ ਸਭ ਤੋਂ ਵਧ ਪੰਜਾਬ ਤੇ ਸਿੱਖਾਂ ਵਿਚ ਹੈ। ਅਰਦਾਸ ਹੋਣ ਸਮੇਂ ਕੁਝ ਵਧੇਰੇ ਹੀ ਉਤਸ਼ਾਹੀ ਲੋਕ, ਜਿਨਾਂ ਨੇ ਧਰਮ ਦਾ ਠੇਕਾ ਲਿਆ ਹੁੰਦਾ ਹੈ, ਮੋਰਚਿਆਂ ਤੇ ਆਪਣੀਆਂ ਡਿਊਟੀਆਂ ਸੰਭਾਲਦੇ ਹੋਏ ਲੇਟ ਆ ਰਹੀਆਂ ਸੰਗਤਾਂ ਅੱਗੇ ਨਾਕਾ ਲਾਕੇ ਖੜ ਜਾਂਦੇ ਹਨ। ਲੰਗਰ ਵਿਚ ਸਿਰ ਨਾ ਕੱਜਣ ਵਾਲਿਆਂ ਦੀ ਹੇਠੀ ਕੀਤੀ ਜਾਂਦੀ ਹੈ। ਮੈਂ ਕਦੇ ਦੇਸ਼ ਵਿਚ ਅਜੇਹਾ ਨਹੀਂ ਸੀ ਦੇਖਿਆ। ਹਰ ਇਕ ਦੀ ਆਪਣੀ ਆਪਣੀ ਸ਼ਰਧਾ ਹੈ। ਧਰਮ ਕਰਮ ਸਹਿਜ ਰੂਪ ਵਿਚ ਹੀ ਸੁਖਾਵਾਂ ਲਗਦਾ ਹੈ। ਇਕ ਵਿਦਵਾਨ ਇਕ ਗੁਰਦਵਾਰੇ ਵਿਚ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਤੇ ਵਿਖਿਆਨ ਦੇ ਰਿਹਾ ਸੀ ਕਿ ਸਿੱਖੀ ਦਾ ਤੜੇ ਤਿਲਕ, ਜੜੇ ਜੰਜੂ ਨਾਲ ਕੋਈ ਵਾਸਤਾ ਨਹੀਂ, ਫਿਰ ਵੀ ਸਾਡੇ ਗੁਰੂ ਨੇ ਅਕ੍ਰਿਤਘਣ ਹਿੰਦੂਆਂ ਦੇ ਇਨ੍ਹਾਂ ਚਿੰਨ੍ਹਾਂ ਖਾਤਿਰ ਸ਼ਹੀਦੀ ਦਿੱਤੀ। ਸੰਕੇਤ ਹਨ ਕਿ ਗੁਰਗੱਦੀ ਦੀ ਰਸਮ ਸਮੇਂ ਜਾਨਸ਼ੀਨ ਗੁਰੂ ਦੇ ਤਿਲਕ ਲਗਾਇਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਕਈ ਦਹਾਕਿਆਂ ਤੋਂ ਅਧੀ ਰਾਤ ਤੱਕ ਤੇ ਫਿਰ ਤੜਕੇ ਤੜਕੇ ਗੁਰਦਵਾਰੇ ਤੋਂ ਲਊਡ ਸਪੀਕਰ ਰਾਹੀਂ ਪਾਠ ਸੁਣਾਇਆ ਜਾਂਦਾ ਹੈ। ਇਕ ਨਹੀਂ ਕਈ ਕਈ ਗੁਰਦਵਾਰਿਆਂ ਤੋਂ ਕੱਠੀਆਂ ਆਵਾਜ਼ਾਂ ਆਉਂਦੀਆਂ ਹਨ। ਇਕ ਰਾਮ ਰੌਲਾ ਸ਼ਬਦ ਹੁੰਦਾ ਹੈ, ਇਸ ਬਹੁ-ਦਿਸ਼ਾਵੀ, ਯਾਂਤਰਿਕ ਪਾਠ ਨੂੰ ਕੀ ਕਿਹਾ ਜਾਵੇ? ਇਸਦਾ ਸਿੱਖ ਵਿਵਿਹਾਰ ਵਿਚ ਕੀ ਹਾਂਪੱਖੀ ਪ੍ਰਭਾਵ ਪਿਆ ਹੈ? ਸਿੱਖਾਂ ਵਿਚ ਅਸਿਖਿਆ ਲਗਾਤਾਰ ਵਧਦੀ ਜਾ ਰਹੀ ਹੈ। ਸਿਖੀ ਨੂੰ ਪਾਠ ਅਤੇ ਵੇਸ ਤੇ ਹੀ ਘਟਾ ਦੇਣ ਦਾ ਨਤੀਜਾ ਹੈ ਕਿ ਪੰਜਾਬੀ ਨਿਘਾਰਗ੍ਰਸਤ ਭਾਸ਼ਾ ਬਣ ਗਈ ਹੈ ਜਿਸ ਦੇ ਜੀਵਤ ਰਹਿਣ ਤੇ ਗੰਭੀਰ ਪ੍ਰਸ਼ਨ ਚਿੰਨ ਲਗ ਗਏ ਹਨ। ਜਨੇਊ ਦੀ ਤਰਾਂ ਦਸਤਾਰਬੰਦੀ ਦੀ ਰਸਮ ਆਮ ਹੁੰਦੀ ਜਾ ਰਹੀ ਹੈ। ਟੋਪੀ ਨਹੀਂ ਪਹਿਨਣੀ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਗੁਲਾਮੀ ਨਹੀਂ ਦਰਅਸਲ ਇਸਨੂੰ ਦੂਜੇ ਧਰਮ ਦਾ ਵੇਸ ਸਮਝ ਕੇ ਹਿਕਾਰਤ ਨਾਲ ਦੇਖਿਆ ਜਾਂਦਾ ਹੈ। ਟੋਪੀ ਦਾ ਵਿਰੋਧ ਸ਼ੈਦਾਈਪੁਣੇ ਦੀ ਹੱਦ ਤੀਕ ਹੈ। ਹੈਲਮੈਟ ਨੂੰ ਵੀ ਇਸ ਦੇ ਘੇਰੇ ਵਿਚ ਲੈ ਲਿਆ ਹੈ। ਪੰਜਾਬ ਵਿਚ ਗੈਰ-ਸਿੱਖ ਸਕੂਟਰ ਦੇ ਚਾਲਕ ਤੇ ਸਵਾਰ ਲਈ ਹੈਲਮੈਟ ਪਹਿਨਣਾ ਲਾਜ਼ਮੀ ਹੈ। ਮੈਂ ਪਿਛੇ ਜਿਹੇ ਪੰਜਾਬ ਗਿਆ ਤਾਂ ਮੁਹਾਲੀ ਵਿਚ ਆਪਣੀ ਇਕ ਰਿਸ਼ਤੇਦਾਰ ਇਸਤਰੀ ਦੇ ਸਕੂਟਰ ਪਿਛੇ ਬੈਠਣ ਦੀ ਲੋੜ ਪਈ। ਉਹ ਮੇਰੇ ਲਈ ਹੈਲਮੈਟ ਲਭਦੀ ਫਿਰੇ ਪਰ ਆਪ ਚੁੰਨੀ ਕੋਲ ਰੱਖਕੇ ਵੀ ਨੰਗੇ ਸਿਰੇ ਸਕੂਟਰ ਚਲਾ ਰਹੀ ਸੀ। ਸਿੱਖੀ ਨੂੰ ਸਭ ਤੋਂ ਤਰਕਸ਼ੀਲ ਧਰਮ ਦੱਸਣ ਵਾਲੇ ਸਿੱਖ ਨੇਤਾ ਅਜੇਹੀ ਅਤਾਰਕਿਕ ਗੱਲ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹਨ? ਉਂਜ ਟੋਪੀ ਪੱਗ ਨਾਲੋਂ ਸਭਿਅਤਾ ਦੇ ਅਗਲੇ ਪੜਾਅ ਦੀ ਪੈਦਾਵਾਰ ਹੈ। ਜਦ ਮਨੁਖ ਨੇ ਸਿਉਣਾ ਨਹੀਂ ਸੀ ਸਿਖਿਆ, ਉਦੋਂ ਪੱਗ ਸਮੇਤ ਅਣਸੀਤੇ ਕਪੜੇ ਜਿਵੇਂ ਧੋਤੀ, ਸਾੜੀ, ਚੁੰਨੀ, ਚਾਦਰਾ ਆਦਿ ਲਪੇਟ ਲਏ ਜਾਂਦੇ ਸਨ। ਜਿੰਨ੍ਹਾਂ ਨੇ ਪੱਗ ਨੂੰ ਆਪਣਾ ਪੱਕਾ ਵੇਸ ਬਣਾ ਲਿਆ ਹੈ ਉਹ ਦੂਸਰਿਆਂ ਨੂੰ ਕਿਉਂ ਹੇਚ ਸਮਝਦੇ ਹਨ? ਜਿੰਨੀ ਮਰਜ਼ੀ ਤਰਕਬਾਜ਼ੀ ਕਰ ਲਈ ਜਾਵੇ ਕਿ ਸਾਡੇ ਚਿੰਨ੍ਹਾਂ ਦਾ ਹੋਰ ਮਤਲਬ ਹੈ ਪਰ ਚਿੰਨ੍ਹ ਚਿੰਨ੍ਹ ਹੀ ਹੁੰਦੇ ਹਨ ਤੇ ਚਿੰਨ੍ਹਵਾਦ ਤੇ ਹੀ ਜ਼ੋਰ ਦੇਣਾ ਅਸਲ ਵਿਚ ਬਿਪਰਨ ਕੀ ਰੀਤ ਹੈ ਕਿਉਂਕਿ ਚਿੰਨ੍ਹ ਸਿਰਫ਼ ਬਾਹਰੀ ਦਿਖਾਵਾ ਹੁੰਦਾ ਹੈ। 90% ਕੇਸਧਾਰੀ ਸਿੱਖਾਂ ਦਾ ਅੰਦਰ ਫੋਲ ਲਵੋ, ਕਛਿਹਰਾ ਨਹੀਂ ਹੈ, ਕੰਘਾ ਨਹੀਂ ਹੈ, ਵਾਲ ਅੱਧ ਪਚੱਧੇ ਕੱਟੇ ਹੋਏ ਹਨ। ਇਸ ਦੇ ਟਾਕਰੇ ਤੇ ਪੱਗ, ਜੋ ਕਕਾਰਾਂ ਵਿਚ ਵੀ ਸ਼ਾਮਿਲ ਨਹੀਂ, ਉਸ ਦੇ ਮੁਕਾਬਲੇ ਹੋ ਰਹੇ ਹਨ ਹਾਲਾਂ ਕਿ ਅਕਾਲ ਤਖਤ ਦਾ ਫਰਮਾਨ ਹੈ ਕਿ ਪੱਗ ਨਿਰਮਾਣਤਾ ਦੀ ਪ੍ਰਤੀਕ ਹੈ ਤੇ ਇਹ ਸਾਦੀ ਅਤੇ ਗੋਲ ਹੋਣੀ ਚਾਹੀਦੀ ਹੈ। ਬਹੁਤਿਆਂ ਨੇ ਪੱਗ ਨੂੰ ਇਕ ਰੁਹਬਦਾਰੀ, ਸਿਰਕਢਵਾਂ ਦਰਸਾਉਣ ਵਾਲੀ ਅਤੇ ਕੁੜੀਆਂ ਨੂੰ ਪੱਟਣ ਵਾਲੀ ਸ਼ੈ ਬਣਾ ਲਿਆ ਹੈ। ਮੇਰੇ ਦੇਖਦੇ ਦੇਖਦੇ ਪੱਗ ਦਾ ਆਕਾਰ ਦੁੱਗਣਾ ਹੋ ਗਿਆ ਹੈ ਤੇ ਨੋਕ ਹੋਰ ਉਠਵੀਂ। ਸਪੱਸ਼ਟ ਹੈ ਕਿ ਸਿਖੀ ਵੇਸ ਦੇ ਵੀ ਉਸ ਹਿੱਸੇ ਤੇ ਜ਼ੋਰ ਹੈ ਜੋ ਬਾਹਰੀ ਰੂਪ ਵਿਚ ਦਿਸ ਰਿਹਾ ਹੈ, ਦਾਅੜੀ, ਪੱਗ ਤੇ ਕੜਾ। ਇਤਿਹਾਸ ਗਵਾਹ ਹੈ ਕਿ ਜਦ ਕੋਈ ਧਰਮ ਤੱਤ ਨੂੰ ਛੱਡਕੇ ਮਾਤਰ ਭੇਖ ਜਾਂ ਕਰਮ ਕਾਂਡ ਤੇ ਹੀ ਜ਼ੋਰ ਦੇਣ ਲੱਗ ਪਏ ਤਾਂ ਉਸਦਾ ਜ਼ਵਾਲ ਅਟੱਲ ਹੈ, ਸ਼ੋਰ ਸ਼ਰਾਬਾ ਜਿੰਨਾ ਮਰਜ਼ੀ ਸੁਣਾਈ ਦੇਵੇ। ਪਾਖੰਡੀ ਇਕ ਸਮੇਂ ਪ੍ਰਚਲਤ ਧਾਰਮਿਕ ਫਿਰਕਾ ਹੁੰਦਾ ਸੀ। ਜਦ ਇਸਨੇ ਭੇਖ ਅਤੇ ਕਰਮਕਾਂਡ ਤੇ ਜ਼ੋਰ ਦੇਣਾ ਸ਼ੁਰੂ ਕੀਤਾ ਤਾਂ ਇਸਨੇ ਆਪਣੇ ਅੰਤ ਦੀ ਤਿਆਰੀ ਕਰ ਲਈ। ਅੱਜ ਉਹ ਫਿਰਕਾ ਨਾ ਰਿਹਾ ਤੇ ਪਾਖੰਡ ਢੋਂਗੀ ਦੇ ਅਰਥ ਦੇਣ ਵਾਲਾ ਸ਼ਬਦ ਬਣਕੇ ਰਹਿ ਗਿਆ ਹੈ।
ਇਕ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਜੇ ਕਕਾਰ ਚਿੰਨ੍ਹ ਹਨ ਤਾਂ ਦਾਅੜੀ ਨੂੰ ਵੀ ਕਿਰਪਾਨ ਦੀ ਤਰਾਂ ਚਿੰਨ੍ਹ ਰੂਪ (ਕਟੇ ਹੋਏ) ਵਿਚ ਕਿਉਂ ਨਾ ਸਵੀਕਾਰ ਕੀਤਾ ਜਾਵੇ ਤੇ ਜੇ ਕਕਾਰ ਚਿੰਨ੍ਹ ਨਹੀਂ ਹਨ ਤਾਂ ਕਿਰਪਾਨ ਵੀ ਪੂਰੇ ਸਾਈਜ਼ ਦੀ ਹੋਣੀ ਚਾਹੀਦੀ ਹੈ।
ਸਮਾਂ ਆ ਗਿਆ ਹੈ ਕਿ ਮੋਨੇ ਲੋਕ ਆਪਣੇ ਵਿਸ਼ਵਾਸ ਦਾ ਠੋਸ ਅਧਾਰ ਪੇਸ਼ ਕਰਨ। ਜੇ ਇਹ ਮੰਨ ਵੀ ਲਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਨੇ ਕਕਾਰਾਂ ਦੀ ਪ੍ਰਥਾ ਚਾਲੂ ਕੀਤੀ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਸਮੇਂ ਦੀ ਲੋੜ ਸੀ। ਦਾਅੜੀ ਕੇਸ ਵਾਲਾ ਪੁਰਸ਼ ਭਰਵਾਂ ਹੋਣ ਕਾਰਨ ਸਰੀਰਕ ਤੌਰ ਤੇ ਵਧੇਰੇ ਤਕੜਾ ਤੇ ਰੁਹਬ ਦਾਬ ਵਾਲਾ ਪ੍ਰਤੀਤ ਹੁੰਦਾ ਹੈ। ਲੜਾਈਆਂ ਵਿਚ ਸਿਪਾਹੀ ਦਾ ਖੂੰਖਾਰ ਲੱਗਣਾ ਜ਼ਰੂਰੀ ਹੁੰਦਾ ਹੈ। ਮੁਸਲਮਾਨ ਦਾਅੜੀ ਵਾਲੇ ਸਨ, ਇਸ ਲਈ ਉਨ੍ਹਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਜਿਹਾ ਪ੍ਰਤੀਤ ਹੋਣਾ ਜ਼ਰੂਰੀ ਸੀ। ਗੁਰੂ ਗੋਬਿੰਦ ਸਿੰਘ ਵਿਚ ਅਜੇਹੀ ਦੂਰ-ਦ੍ਰਿਸ਼ਟੀ ਸੀ, ਨਾਲੇ ਉਹ ਨਿਮਨ ਜਾਤਾਂ ਨੂੰ ਦਰਸਾਉਣਾ ਚਾਹੁੰਦੇ ਸਨ ਕਿ ਬਰਾਬਰੀ ਤੇ ਇਨਸਾਫ਼ ਦੀ ਖਾਤਰ ਬਾਹੂਬਲ ਅਤੇ ਹਿੰਸਾ ਤੁਹਾਡਾ ਅਧਿਕਾਰ ਹੈ। ਅਜੇਹਾ ਵਿਚਾਰ ਭਾਰਤੀ ਇਤਹਾਸ ਵਿਚ ਅਦੁੱਤੀ ਸੀ। ਅੱਜ ਕੰਮਾਂ ਕਾਰਾਂ, ਯੁਧਾਂ ਅਤੇ ਨਿੱਤ-ਜੀਵਨ ਦੀਆਂ ਲੋੜਾਂ ਹੋਰ ਹਨ। ਅੱਜ ਡਾਕਟਰੀ ਵਿਦਿਆ ਵੀ ਬਹੁਤ ਵਿਕਸਿਤ ਹੋ ਚੁੱਕੀ ਹੈ। ਅੱਜ ਸ਼ਕਤੀ ਬੁਧੀ ਦੇ ਹੱਥ ਵਿਚ ਹੈ ਇਸ ਲਈ ਧਾਰਮਿਕ ਤਰਜੀਹਾਂ ਤੇ ਪੁਨਰਵਿਚਾਰ ਦੀ ਲੋੜ ਹੈ।
ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਜੋ ਲੋਕ ਗੁਰੂ ਗ੍ਰੰਥ ਤੋਂ ਪਰੇਰਨਾ ਲੈਂਦੇ ਹਨ ਉਨ੍ਹਾਂ ਨੂੰ ਇਸ ਗ੍ਰੰਥ ਵਿੱਚ ਕੇਸ ਪਗੜੀ ਧਾਰਨ ਦੇ ਪੱਖ ਵਿੱਚ ਇਕ ਵੀ ਸ਼ਬਦ ਨਹੀਂ ਮਿਲਦਾ। ਕੇਸਾਂ ਜਾਂ ਵਾਲਾਂ ਦਾ ਜਿ਼ਕਰ ਜ਼ਰੂਰ ਹੈ ਪਰ ਇਨ੍ਹਾਂ ਨੂੰ ਧਾਰਨ ਕਰਨ ਦੇ ਅਨੁਰੋਧ ਵਜੋਂ ਨਹੀਂ। ਅਜੇਹਾ ਹੋ ਵੀ ਨਹੀਂ ਸਕਦਾ। ਗੁਰੂ ਨਾਨਕ ਦੇਵ, ਹੋਰ ਗੁਰੂਆਂ ਤੇ ਭਗਤਾਂ ਦੀ ਬਾਣੀ ਦਾ ਸਮੁਚਾ ਤਰਕ ਮਨੁੱਖ ਦੇ ਬਾਹਰੀ ਵੇਸ ਦੇ ਸਨਮੁਖ ਉਸਦੇ ਅੰਤ੍ਰੀਵ ਗੁਣਾਂ ਨੂੰ ਧਾਰਨ ਦੇ ਪੱਖ ਵਿੱਚ ਹੈ। ਦਿਖਾਵੇ ਦੇ ਬਾਹਰੀ ਵੇਸ ਨੂੰ ਇਕ ਚ੍ਹਿੰਨ ਦੇ ਰੂਪ ਵਿੱਚ ਵੀ ਸਵੀਕਾਰ ਨਹੀਂ ਕੀਤਾ ਗਿਆ ਅਤੇ ਇਸ ਉਪਰ ਥਾਂ ਪੁਰ ਥਾਂ ਕਟਾਖਸ਼ ਕੀਤਾ ਗਿਆ ਹੈ। ਕਬੀਰ ਜੀ ਦੇ ਇਹ ਸ਼ਬਦ ਵਿਚਾਰੋ:
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ।।
ਉਪਰੋਕਤ ਦਾ ਅਰਥ ਹੈ ਦੁਬਿਧਾ ਤਾਂ ਹੀ ਦੂਰ ਹੁੰਦੀ ਹੈ ਜੇ ਇਕ ਪਰਮਾਤਮਾ ਨਾਲ ਪਿਆਰ ਪਾਇਆ ਜਾਵੇ, ਭਾਵੇਂ ਲੰਬੇ ਲੰਬੇ ਵਾਲ ਰਖ ਲਵੋ, ਭਾਵੇਂ ਘੋਨ ਮੋਨ ਹੋ ਜਾਵੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਸ਼ੱਕ ਹੈ ਤਾਂ ਕਬੀਰ ਦੇ ਹੀ ਹੋਰ ਬੋਲ ਸੁਣੋ:
ਇਨ ਮੁੰਡੀਅਨ ਮੇਰਾ ਘਰ ਧੁੰਧਰਾਵਾ ਬਿਟਵਹਿ ਰਾਮ ਰਮਊਆ ਲਾਵਾ
ਕਹਤੁ ਕਬੀਰ ਸੁਨਹੁ ਮੇਰੇ ਮਾਈ ਇਨ ਮੁੰਡੀਅਨ ਮੇਰੀ ਜਾਤਿ ਗਵਾਈ
ਮੁੰਡੀਅਨ ਸ਼ਬਦ ਵੱਲ ਧਿਆਨ ਦਿਉ। ਏਥੇ ਕਬੀਰ ਦੀਆਂ ਉਲਟਬਾਂਸੀਆਂ ਵੀ ਕੁਝ ਰੰਗ ਲਿਆ ਰਹੀਆਂ ਹਨ। ਲੜਕੇ ਲਈ ਪੰਜਾਬੀ ਵਿਚ ਵਰਤਿਆ ਜਾਂਦਾ ਆਮ ਸ਼ਬਦ ਹੈ ਮੁੰਡਾ। ਇਹ ਮੁੰਡਣ ਤੋਂ ਬਣਿਆ ਹੈ ਕਿਉਂਕਿ ਲੜਕਿਆਂ ਦਾ ਇਕ ਨਿਸਚਿਤ ਉਮਰ ਵਿਚ ਮੁੰਡਨ ਕਰ ਦਿੱਤਾ ਜਾਂਦਾ ਹੈ। ਏਥੇ ਮੁੰਡੀਅਨ ਸ਼ਬਦ ਉਨ੍ਹਾਂ ਸਾਧੂਆਂ ਬਾਰੇ ਵਰਤਿਆ ਗਿਆ ਹੈ ਜੋ ਆਪਣੇ ਆਪ ਨੂੰ ਘੋਨ ਮੋਨ ਕਰ ਦੇਂਦੇ ਹਨ। ਕਬੀਰ ਸਾਹਿਬ ਦਾ ਕਹਿਣਾ ਹੈ ਕਿ ਇਨ੍ਹਾਂ ਘੋਨ ਮੋਨ ਸਾਧੂਆਂ ਨੇ ਪਰਮਾਤਮਾ ਦਾ ਨਾਮ ਲੈਣ ਦੀ ਚੇਟਕ ਲਾਕੇ ਇਕ ਤਰਾਂ ਮੇਰਾ ਘਰ ਪੱਟ ਦਿੱਤਾ ਹੈ। ਅਰਥਾਤ ਹੁਣ ਉਹ ਉਸ ਕਦਰ ਦੁਨੀਆਦਾਰ ਨਹੀਂ ਰਹੇ। ਇਨ੍ਹਾਂ ਘੋਨ ਮੋਨਾਂ ਨੇ ਹੀ ਮੇਰੀ ਨੀਵੀਂ ਜਾਤ ਉਚੀ ਚੱਕ ਦਿੱਤੀ ਹੈ। ਹੁਣ ਇਹ ਨਾ ਕਹਿਣਾ ਕਿ ਇਹ ਕਬੀਰ ਦੇ ਬਚਨ ਹਨ, ਗੁਰੂਆਂ ਦੇ ਨਹੀਂ। ਯਾਦ ਰਹੇ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਦਾ ਦਰਜਾ ਹੀ ਪ੍ਰਾਪਤ ਹੈ। ਫਿਰ ਵੀ ਸ਼ੱਕ ਹੈ ਤਾਂ ਗੁਰੂਆਂ ਦੇ ਸ਼ਬਦ ਵੀ ਹਾਜਿ਼ਰ ਹਨ:
ਮੂੰਡ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ
ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ -ਮਾਰੂ, ਗੁਰੂ ਨਾਨਕ ਦੇਵ
ਅਰਥਾਤ ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਰੱਖਕੇ ਜੂੜਾ ਰੱਖ ਲੈਂਦਾ ਹੈ ਤੇ ਮੋਨ ਧਾਰਨ ਕਰ ਲੇਂਦਾ ਹੈ ਪਰ ਆਤਮ ਗਿਆਨ ਵਿਚ ਰੰਗੇ ਬਿਨਾ ਮਨ ਸਭ ਦਾ ਡੋਲਦਾ ਰਹਿੰਦਾ ਹੈ। ਹੋਰ ਸੁਣੋ:
ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ
ਭਾਵ ਨਾ ਵਾਲ ਮੁਨਾਵਣ ਵਿਚ ਤੇ ਨਾ ਹੀ ਕੇਸ ਰੱਖਣ ਵਿਚ ਸਿਧੀ ਹੈ, ਇਸ ਗੱਲ ਵਿਚ ਵੀ ਨਹੀਂ ਕਿ ਵਿਦਵਾਨ ਬਣਕੇ ਪ੍ਰਭਾਵਤ ਕਰਨ ਲਈ ਦੇਸ ਮੁਲਖ ਗਾਹਿਆ ਜਾਵੇ।
ਹੋਰ ਪ੍ਰਮਾਣ ਵਜੋਂ 'ਆਸਾ ਦੀ ਵਾਰ' ਦੇ ਹਵਾਲੇ ਦਿੱਤੇ ਜਾ ਸਕਦੇ ਹਨ। ਮਨੁਖ ਦੇ ਸਰੀਰਕ ਰੂਪ, ਇਸਦਾ ਵੇਸ ਜਾਂ ਇਸਦੀਆਂ ਗਤੀਆਂ ਵਿੱਚ ਕੋਈ ਵਿਸ਼ੇਸ਼ ਪਵਿਤਰਤਾ ਜਾਂ ਅਪਵਿਤਰਤਾ ਨਹੀਂ ਜੁੜੀ ਹੋਈ। ਇਹ ਸਭ ਸਹਿਜ ਵਰਤਾਰਾ ਹੈ। ਸੂਤਕਾਂ ਬਾਰੇ, ਮਾਸ ਬਾਰੇ ਜਾਂ ਇਸਤਰੀ ਦੀ ਮਹਾਨਤਾ ਬਾਰੇ ਜੇ ਗੁਰੂ ਸਾਹਿਬ ਦੀਆਂ ਦਲੀਲਾਂ ਦਾ ਅਧਿਐਨ ਕੀਤਾ ਜਾਏ ਤਾਂ ਏਹੀ ਸਿੱਟਾ ਨਿਕਲਦਾ ਹੈ ਕਿ ਬਹੁਤ ਕੁਝ ਨੂੰ ਸਹਿਜ ਰੂਪ ਵਿੱਚ ਲਿਆ ਜਾਣਾ ਚਾਹੀਦਾ ਹੈ:
ਅੰਤਰਿ ਮੈਲੁ ਨ ਉਤਰੈ ਧ੍ਰਿਗ ਜੀਵਣ ਧ੍ਰਿਗ ਵੇਸ
ਨਾਮ ਬੀਜੁ ਸੰਤੋਖ ਸੁਹਾਗਾ ਰਖ ਗਰੀਬੀ ਵੇਸੁ
***
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹ ਫਲ ਨਾਹੀ ਜੀਉ- ਸੋਰਿਠ, ਗੁਰੂ ਨਾਨਕ ਦੇਵ
***
ਬਹੁ ਭੇਖ ਕੀਆ ਦੇਹੀ ਦੁਖ ਦੀਆ- ਗੁਰੂ ਨਾਨਕ
****
ਵੇਸੀ ਸਹੁ ਨਾ ਪਾਈਐ ਕਰਿ ਕਰਿ ਵੇਸ ਰਹੀ- ਗੁਰੂ ਅਮਰ ਦਾਸ
ਸਿੱਖ ਵਿਦਵਾਨ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਇਸ ਤੁਕ ਦਾ ਅਰਥ ਦੱਸਣ:
ਤਗੁ ਨ ਇੰਦ੍ਰੀ ਤਗ ਨ ਨਾਰੀ
ਭਲਕੇ ਥੁਕ ਪਵੈ ਨਿਤ ਦਾੜੀ
ਕਈ ਵਾਰੀ ਗੁਰਬਾਣੀ ਵਿਚਲੀਆਂ ਤੁਕਾਂ ਨੂੰ ਗਲਤ ਅਰਥ ਦੇਕੇ ਆਪਣੀ ਦਲੀਲ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਕ ਵਿਦਵਾਨ ਫਰਮਾਉਂਦਾ ਹੈ ਕਿ ਦੇਖੋ ਜੀ ਗੁਰੂ ਸਾਹਿਬ ਨੇ ਜੇ ਰੱਬ ਨੂੰ ਵੀ ਚਿਤਵਿਆ ਤਾਂ ਉਹ ਵੀ ਕੇਸਾਂ ਦੇ ਰੂਪ ਵਿਚ:
ਤੇਰੇ ਬੰਕੇ ਲੋਇਣ ਦੰਤ ਰੀਸਾਲਾ
ਸੋਹਣੇ ਨਕ ਜਿਨ ਲੰਮੜੇ ਵਾਲਾ
ਉਹ ਭੁਲ ਜਾਂਦੇ ਹਨ ਕਿ ਏਥੇ ਰੱਬ ਨੂੰ ਵਿਸ਼ਨੂੰ ਦੇ ਕ੍ਰਿਸ਼ਨ ਅਵਤਾਰ ਦੇ ਰੂਪ ਵਿਚ ਚਿਤਵਿਆ ਗਿਆ ਹੈ। ਕ੍ਰਿਸ਼ਨ ਦੇ ਸਿਰ ਦੇ ਲੰਮੇ ਵਾਲ ਹੋਣ ਕਾਰਨ ਉਸਨੂੰ ਵਿਸ਼ਨੂੰ ਦੇ ਹਜ਼ਾਰ ਨਾਵਾਂ ਵਿਚੋਂ ਇਕ ਕੇਸਵ (ਕੇਸਧਾਰੀ) ਵੀ ਮਿਲਿਆ ਹੈ। ਪਰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਰੂਪ ਵਿਚ ਕ੍ਰਿਸ਼ਨ ਦੇ ਬਿਨਾ ਪਗੜੀ ਕੱਜੇ ਸਿਰਫ਼ ਸਿਰ ਦੇ ਹੀ ਵਾਲ ਹਨ, ਮੂੰਹ ਉਤੇ ਦਾਅੜੀ ਕੋਈ ਨਹੀਂ। ਕੀ ਉਨ੍ਹਾਂ ਨੂੰ ਅਜੇਹਾ ਦਾਅੜੀਰਹਿਤ ਰੱਬ ਪ੍ਰਵਾਨ ਹੈ? ਭਗਤੀ ਲਹਿਰ ਵਿਚ ਵੈਸ਼ਨਵ ਭਗਤੀ ਦਾ ਬਹੁਤ ਜ਼ੋਰ ਹੋ ਗਿਆ ਸੀ। ਗੁਰਬਾਣੀ ਵਿਚ ਇਸਦੀ ਸਪੱਸ਼ਟ ਝਲਕ ਮਿਲਦੀ ਹੈ। ਕ੍ਰਿਸ਼ਨ ਤੋਂ ਬਿਨਾਂ ਵਿਸ਼ਨੂੰ ਦੇ ਹੋਰ ਅਨੇਕਾਂ ਨਾਂ ਜਿਵੇਂ ਮੁਰਾਰੀ, ਮਾਧਵ, ਹਰੀ, ਈਸ਼ਵਰ, ਜਨਾਰਧਨ, ਦਾਮੋਦਰ (ਤੜਾਗੀ ਵਾਲਾ), ਕਾਹਨ, ਦੀਨ ਨਾਥ, ਦੀਨਦਿਆਲ, ਗਿਰਧਰ, ਗੋਪਾਲ ਗੋਬਿੰਦ, ਹਰੀ, ਈਸ਼ਵਰ, ਮਾਧਵ, ਮਦਨ, ਮੁਕੰਦ, ਨੰਦ ਗੋਪਾਲ, ਵਾਸੁਦੇਵ, ਸ਼ਾਮ, ਕਨਅਈਆ ਆਦਿ ਮਿਲਦੇ ਹਨ। ਮਜ਼ੇਦਾਰ ਗੱਲ ਹੈ ਕਿ ਹਿੰਦੂ ਮਿਥਹਾਸ ਵਿਚ ਅਨੇਕਾਂ ਥਾਵਾਂ ਤੇ ਬ੍ਰਹਮਾ ਨੂੰ ਚਿੱਟੀ ਦਾਅੜੀ ਵਾਲਾ ਚਿਤਵਿਆ ਗਿਆ ਹੈ ਕਿਉਂਕਿ ਉਸਨੇ ਯੁਗਾਂ ਪਹਿਲੇ ਸ੍ਰਿਸਟੀ ਸਾਜੀ ਇਸ ਲਈ ਉਸਨੂੰ ਚਿੱਟੀ ਦਾਅੜੀ ਦੇ ਰੂਪ ਵਿਚ ਬੁਢਾ ਦਿਖਾਉਣਾ ਹੁੰਦਾ ਹੈ। ਜੇ ਕਿਸੇ ਨੂੰ ਸ਼ੱਕ ਹੋਵੇ ਕਿ ਮੈਂ ਐਵੇਂ ਕ੍ਰਿਸ਼ਨ ਦਾ ਨਾਂ ਘੜੀਸ ਰਿਹਾ ਹਾਂ ਤਾਂ ਅਗਲੀਆਂ ਤੁਕਾਂ ਪੇਸ਼ ਹਨ ਜਿਥੋਂ ਸਾਰੀ ਗੱਲ ਸਪਸ਼ਟ ਹੋ ਜਾਂਦੀ ਹੈ:
ਕੰਚਨ ਕਾਇਆ ਸੋਨੇ ਕੀ ਢਾਲਾ
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ
ਗੌਰਤਲਬ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਰੱਬ ਨੂੰ ਦਾਅੜੀਮੁਕਤ ਰੂਪ ਵਿਚ ਚਿਤਵਿਆ ਹੈ:
ਬਰਨੁ ਚਿਹਨੁ ਨਾਹੀ ਮੁਖ ਨ ਮਾਸਾਰਾ
ਭਾਵ ਹੇ ਪ੍ਰਭੂ ਤੇਰਾ ਕੋਈ ਨਾ ਕੋਈ ਰੰਗ ਹੈ ਨਾ ਨਿਸ਼ਾਨ ਤੇ ਨਾ ਹੀ ਮੂੰਹ ਤੇ ਦਾਅੜੀ ਹੈ
ਸਿੱਖ ਨੂੰ ਦਾਅੜੀ ਕੇਸਾਂ ਅਤੇ ਪਗੜੀਧਾਰੀ ਵਜੋਂ ਪੇਸ਼ ਕਰਕੇ ਇਸ ਦੀ ਵੱਖਰੀ ਪਹਿਚਾਣ ਹੋਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਕ ਹਿੰਦੂ, ਮੁਸਲਮਾਨ ਜਾਂ ਈਸਾਈ ਦੀ ਕੀ ਪਛਾਣ ਹੈ? ਵੱਖਰੀ ਪਛਾਣ ਇਨਸਾਨੀਅਤ ਦੇ ਗੁਰਬਾਣੀ ਵਿਚ ਦਰਸਾਏ ਕਿਸ ਭਲੇ ਲਈ ਚਾਹੀਦੀ ਹੈ ਜੋ ਇਸ ਬਿਨਾ ਨਹੀਂ ਹੋ ਸਕਦਾ ? ਚੌਧਰ ਪਿਛੇ ਗੁਰਦਵਾਰਿਆਂ ਵਿਚ ਨਿੱਤ ਹੁੰਦੀਆਂ ਲੜਾਈਆਂ ਲਈ? ਗੁਰਬਾਣੀ ਮਨੁਖ ਨੂੰ ਹਊਮੈਂ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦੀ ਹੈ ਪਰ ਵੱਖਰੀ ਪਹਿਚਾਣ ਤੇ ਹੀ ਜ਼ੋਰ ਦੇਈ ਜਾਣਾ ਕੀ ਹਉਮੈ ਦਾ ਸਿਖਰ ਨਹੀਂ? ਦੁਨੀਆ ਨਾਲੋਂ ਵਖਰਾ ਦਿਸਣਾ ਜ਼ਰੂਰੀ ਹੈ ਜਾਂ ਅੰਤਰੀਵ ਗੁਣਾਂ ਦੇ ਧਾਰਨੀ ਹੋਣਾ ਜ਼ਰੂਰੀ ਹੈ? ਇਸ ਮੰਤਵ ਲਈ ਅਨੇਕਾਂ ਗਲਤ-ਸਹੀ ਗੱਲਾਂ ਕੀਤੀਆਂ ਜਾਂਦੀਆਂ ਹਨ। ਵੀਹਵੀਂ ਸਦੀ ਦੇ ਅਖੀਰ ਤੇ ਇਕੀਵੀਂ ਸਦੀ ਦੇ ਸ਼ੁਰੂ ਵਿਚ ਇਕ ਨਵੇਂ ਕੈਲੰਡਰ ਦੀ ਲੋੜ ਮਹਿਸੂਸ ਹੋ ਗਈ ਹੈ। ਸਭ ਜਾਣਦੇ ਹਨ ਕਿ ਵਿਵਿਹਾਰਿਕ ਤੌਰ ਤੇ ਦੁਨੀਆਂ ਵਿਚ ਇਕ ਹੀ ਕੈਲੰਡਰ ਚੱਲਣਾ ਹੈ। ਕਿਹੜਾ ਸਿਖ ਹੈ ਜੋ ਅੰਕਾਂ ਲਈ ਨਿਰਧਾਰਿਤ ਗੁਰਮੁਖੀ ਅੱਖਰ ਲਿਖਦਾ ਹੈ? ਭਿੰਡਰਾਂਵਾਲਾ ਆਖਿਆ ਕਰਦਾ ਸੀ ਕਿ ਸਿੱਖੀ ਇਕ ਵਖਰਾ ਧਰਮ ਹੈ ਕਿਉਂਕਿ ਇਸ ਵਿਚ ਵੀ ਹਿੰਦੂਆਂ ਵਾਂਗ ਜਾਤ-ਪਾਤ ਹੈ? ਇਹ ਸਿਰੇ ਦੀ ਅਨਪੜ੍ਹਤਾ ਨਹੀਂ? ਅਸੀਂ ਤਾਂ ਸੁਣਦੇ ਆਏ ਹਾਂ ਕਿ ਸਿਖੀ ਘਟੋ ਘਟ ਸਿਧਾਂਤਕ ਰੂਪ ਵਿਚ ਜਾਤਪਾਤ ਵਿਚ ਵਿਸ਼ਵਾਸ ਨਹੀਂ ਰਖਦੀ। ਪਛਮੀ ਦੇਸ਼ਾਂ ਦੇ ਗੁਰਦਵਾਰਿਆਂ ਵਿਚ ਭਿੰਡਰਾਂਵਾਲੇ ਨੂੰ ਇਸ਼ਟ ਮੰਨਕੇ ਉਸਦੀਆਂ ਫੋਟੋਆਂ ਲਾਈਆਂ ਜਾਂਦੀਆਂ ਹਨ। ਹਾਲਾਂਕਿ ਭਾਰਤ ਦੇ ਸਿੱਖ ਸਿਖੀ ਨੂੰ ਹਨੇਰੀ ਗਲੀ ਵਿਚ ਧਕਣ ਵਾਲੇ ਤੇ ਪੰਜਾਬ ਨੂੰ ਹੋਰਨਾਂ ਪ੍ਰਾਂਤਾਂ ਤੋਂ ਅੱਧੀ ਸਦੀ ਪਿਛੇ ਸੁੱਟਣ ਵਾਲੇ ਇਸ ਵਿਅਕਤੀ ਨੂੰ ਕਦੋਂ ਦੇ ਛੱਡ ਚੁਕੇ ਹਨ। ਕੀ ਭਿੰਡਰਾਂਵਾਲਾ ਬਦੇਸ਼ੀ ਸਿੱਖਾਂ ਦਾ ਆਦਰਸ਼ ਹੈ?
ਦਾਅੜੀ ਕੇਸਾਂ ਨੂੰ ਰੱਬੀ ਦੇਣ ਵੀ ਕਿਹਾ ਜਾਂਦਾ ਹੈ ਅਤੇ ਨਾਲ ਹੀ ਇਨ੍ਹਾਂ ਦੀ ਲੋੜ ਦੀ ਵਿਗਿਆਨਕ ਵਿਆਖਿਆ ਵੀ ਕੀਤੀ ਜਾਂਦੀ ਹੈ। ਜਦ ਧਰਮ ਆਪਣੇ ਵਿਸ਼ਵਾਸਾਂ ਨੂੰ ਵਿਗਿਆਨਕ ਕਸਵਟੀ ਤੇ ਸਹੀ ਸਾਬਿਤ ਕਰਨ ਲੱਗ ਜਾਵੇ ਤਾਂ ਇਸਦਾ ਮਤਲਬ ਉਹ ਆਪਣੇ ਹਥਿਆਰ ਪਹਿਲਾਂ ਹੀ ਸੁੱਟ ਰਿਹਾ ਹੈ ਕਿਉਂਕਿ ਫਿਰ ਉਸਨੇ ਖੁਦ ਨੂੰ ਵਿਗਿਆਨਕ ਦਲੀਲਾਂ ਦੇ ਚੱਕਰ ਵਿਚ ਪਾ ਲਿਆ ਹੁੰਦਾ ਹੈ। ਆਓ ਦੇਖੀਏ ਵਿਗਿਆਨ ਕੀ ਕਹਿੰਦਾ ਹੈ। ਜੀਵ ਦੇ ਕ੍ਰਮ-ਵਿਕਾਸ ਸਿਧਾਂਤ ਅਨੁਸਾਰ ਵਾਲ ਨਾ ਤਾਂ ਰੱਬੀ ਦੇਣ ਹਨ ਤੇ ਨਾਂ ਹੀ ਇਨ੍ਹਾਂ ਨੂੰ ਰੱਖਣਾ ਸਿਹਤ-ਵਿਗਿਆਨ ਦੇ ਨਜ਼ਰੀਏ ਤੋਂ ਅਵੱਸ਼ਕ ਹੈ। ਮਨੁਖੀ ਸਰੀਰ ਦੇ ਵਾਲ ਦਰਅਸਲ ਜੀਵ-ਵਿਕਾਸ ਦੀ ਰਹਿੰਦ ਖੁਹੰਦ ਹੈ। ਮਨੁਖ ਜਾਤੀ ਦੇ ਭਾਈਭਤੀਜ ਸਾਰੇ ਪਰਾੲੈਮੇਟਸ ਦਾ ਸਮੁਚਾ ਸਰੀਰ ਵਾਲਾਂ ਨਾਲ ਭਰਪੂਰ ਹੁੰਦਾ ਸੀ ਭਾਵ ਉਹ ਜੱਤਲ ਸਨ। ਪਰ ਜੰਗਲਾਂ ਤੋਂ ਉਤਰ ਕੇ ਜਦ ਮਨੁਖ ਮੈਦਾਨਾਂ ਵਿੱਚ ਆਇਆ ਤਾਂ ਜੀਵਨ ਸੰਘਰਸ਼ ਵਿਚ ਪੈਕੇ ਚੌਪਾਇਆ ਦੀ ਜਗਹ ਦੁਪਾਇਆ ਹੋ ਗਿਆ ਤੇ ਉਸਦੇ ਸਹਿਜੇ ਸਹਿਜੇ ਵਾਲ ਝੜਨੇ ਸ਼ੁਰੂ ਹੋ ਗਏ। ਅਖੀਰ ਲੂਈ ਮਾਤਰ ਹੀ ਰਹਿ ਗਏ। ਸਰੀਰ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਵਿਕਸਤ ਹੋਣ ਲੱਗ ਪਈਆਂ ਤਾਂ ਕਿ ਪਸੀਨਾ ਆ ਕੇ ਠੰਡਕ ਮਹਿਸੂਸ ਹੋਣ ਲੱਗ ਪਵੇ ਕਿਉਂਕਿ ਖੁਰਾਕ ਦੀ ਭਾਲ ਵਿੱਚ ਉਸਨੂੰ ਬੁਹਤ ਮੁਸ਼ੱਕਤ ਕਰਨੀ ਪੈਂਦੀ ਸੀ। ਮਰਦਾਂ ਦੇ ਸਰੀਰ ਵਿੱਚ ਧੜ ਤੋਂ ਉਪਰਲੇ ਹਿੱਸੇ ਵਿੱਚ ਵਾਲਾਂ ਦੀ ਮੌਜੂਦਗੀ ਅਤੇ ਔਰਤਾਂ ਦੇ ਚੇਹਰੇ ਤੋਂ ਵਾਲਾਂ ਦੇ ਝੜ ਜਾਣ ਦੀ ਵੱਖਰੀ ਕਹਾਣੀ ਹੈ। ਸਿਰ ਵਿੱਚ ਦਿਮਾਗ ਹੋਣ ਕਾਰਨ ਇਸਦਾ ਗਰਮੀ ਅਤੇ ਠੰਡਕ ਤੋਂ ਬਚਾਅ ਜ਼ਰੂਰੀ ਹੈ। ਵਿਕਾਸਕ੍ਰਮ ਦੇ ਸਿਧਾਂਤ ਅਨੁਸਾਰ ਇਸਦੀ ਵਿਆਖਿਆ ਲੈਂਗਿਕ ਦੁਰੂਪਣ ਨਾਲ ਕੀਤੀ ਜਾਂਦੀ ਹੈ। ਇਸਤਰੀ ਲਈ ਦਾਅੜੀ ਵਾਲਾ ਮਰਦ ਵਧੇਰੇ ਲੁਭਾਇਮਾਨ ਸੀ ਕਿਉਂਕਿ ਵਾਲ ਮਰਦ ਵਿਚ ਪ੍ਰੌਟੀਨ ਦੀ ਅਧਿਕਤਾ ਦੇ ਸੂਚਕ ਹਨ। ਇਸ ਕਾਰਨ ਉਹ ਵਧੇਰੇ ਰਿਸ਼ਟ ਪੁਸ਼ਟ ਹੋਵੇਗਾ ਤੇ ਸਿਹਤਮੰਦ ਔਲਾਦ ਦਾ ਸੰਭਾਵੀ ਉਤਪਾਦਕ ਪ੍ਰਤੀਤ ਹੁੰਦਾ ਸੀ। ਇਸਤਰੀਆਂ ਅਜੇਹੇ ਮਰਦਾਂ ਨੂੰ ਚਾਹੁੰਦੀਆਂ ਸਨ ਜਿਸ ਕਰਕੇ ਮਨੁਖ ਦੀ ਦਆੜੀ ਕਾਇਮ ਰਹੀ। ਇਸਦੇ ਉਲਟ ਮਰਦਾਂ ਨੂੰ ਇਸਤਰੀਆਂ ਵਾਲਾਂ ਤੋਂ ਮੁਕਤ ਚੇਹਰੇ ਕਾਰਨ ਵਧੇਰੇ ਆਕਰਸ਼ਕ ਅਤੇ ਜਵਾਨ ਪ੍ਰਤੀਤ ਹੁੰਦੀਆਂ ਸਨ। ਇਸੇ ਕਰਕੇ ਮੁਢ ਕਾਲ ਤੋਂ ਹੀ ਔਰਤਾਂ ਆਪਣੇ ਚੇਹਰੇ ਦੇ ਰਹਿ ਚੁਕੇ ਵਾਲਾਂ ਅਤੇ ਭਰਵੱਟਿਆਂ ਤੋਂ ਖਲਾਸੀ ਲਈ ਉਤਸਕ ਰਹੀਆਂ ਹਨ ਜਾਂ ਉਨ੍ਹਾਂ ਨੂੰ ਬਣਾਉਂਦੀਆਂ ਹਨ। ਪਰਾਚੀਨਤਮ ਖੰਡਰਾਂ ਤੋਂ ਅਜੇਹੇ ਝਾਵੇਂ ਮਿਲੇ ਹਨ ਜਿਨਾਂ ਰਾਹੀਂ ਇਸਤਰੀਆਂ ਆਪਣੇ ਮੂੰਹ ਦੇ ਵਾਲ ਝਾੜਦੀਆਂ ਰਹੀਆਂ ਹਨ। ਇਹ ਰੁਚੀ ਕੁਝ ਜਾਨਵਰਾਂ ਵਿੱਚ ਵੀ ਮਿਲਦੀ ਹੈ। ਮੋਰਾਂ ਦੇ ਖੰਭ ਵੱਡੇ ਹੁੰਦੇ ਹਨ ਮੋਰਨੀਆਂ ਦੇ ਨਹੀਂ।
ਐਪਰ ਮਨੁਖ ਵਿੱਚ ਬੁਧੀ ਦੇ ਵਿਕਾਸ ਕਾਰਨ ਉਸ ਵਿੱਚ ਤਰਕ ਦਾ ਗੁਣ ਮੌਜੂਦ ਹੈ। ਉਹ ਪ੍ਰਕਿਤੀ ਉਤੇ ਵੀ ਤੇ ਆਪਣੇ ਉਪਰ ਵੀ ਵਸੀਕਾਰ ਹਾਸਿਲ ਕਰ ਰਿਹਾ ਹੈ ਅਤੇ ਇਸ ਵਿਚ ਦਖਲ ਦੇ ਰਿਹਾ ਹੈ। ਸਰੀਰ ਵਿੱਚ ਬੇਲੋੜੀਆਂ ਗ੍ਰੰਥੀਆਂ ਜਿਵੇਂ ਕੈਂਸਰ ਦੀਆਂ ਰਸੌਲੀਆਂ, ਮਾਸ ਦੇ ਵਾਧੇ ਨੂੰ ਕੱਢਵਾ ਲਿਆ ਜਾਂਦਾ ਹੈ, ਅੰਗਾਂ ਦਾ ਅਪਰੇਸ਼ਨ ਕਰਵਾਲਿਆ ਜਾਦਾ ਹੈ, ਨਹੁੰ ਕੱਟ ਲਏ ਜਾਂਦੇ ਹਨ। ਵਾਲਾਂ ਵਾਂਗ ਵਿਕਾਸ ਦੀ ਰਹਿੰਦ ਖੂਹੰਦ ਅਪੈਂਡਿਕਸ ਅਤੇ ਅਕਲ ਦਾਅੜ ਨੂੰ ਤਕਲੀਫ਼ ਵੇਲੇ ਕਢਵਾ ਲਿਆ ਜਾਂਦਾ ਹੈ। ਕੀ ਅਜੇਹੇ ਤਕਲੀਫ਼ਦੇਹ ਵਾਧਿਆਂ ਨੂੰ ਰੱਬੀ ਦੇਣ ਸਮਝਕੇ ਰੱਖੀ ਛੱਡਣਾ ਚਾਹੀਦਾ ਹੈ? ਅਖੀਰ ਤੇ ਮੈਂ ਅਜੇਹੇ ਲੋਕ ਜੋ ਆਪਣੇ ਕੇਸਧਾਰੀ ਹੋਣ ਦੇ ਹੰਕਾਰ ਵਿਚ ਮੋਨਿਆਂ ਨੂੰ ਛੁਟਿਆੳਨਂਦੇ ਹਨ, ਗੁਰੂ ਅਰਜਨ ਦੇਵ ਦੇ ਕਥਨ ਯਾਦ ਕਰਾਉਂਦਾ ਹਾਂ:
ਗਰੀਬਾ ਉਪਰ ਜਿ ਖਿੰਜੈ ਦਾੜੀ।।
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ।।
 
ਗਉੜੀ ਮਹਲਾ ੫ ॥ ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥

ਜਿ ਦਾੜੀ = ਜੇਹੜੀ ਦਾੜ੍ਹੀ। ਖਿੰਜੈ = ਖਿੱਝਦੀ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾ = ਉਹ ਦਾੜ੍ਹੀ {ਲਫ਼ਜ਼ 'ਸਾ' ਇਸਤ੍ਰੀ ਲਿੰਗ ਹੈ}।੧।

(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ)

  

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346