ਆਧੁਨਿਕਤਾ ਦਾ ਨਿਸ਼ਾਨਾ
ਇਕਰੰਗੀ ਏਕਾਰਥੀ ਸੰਸਾਰ ਸਿਰਜਣਾ ਸੀ, ਜਿਸਦਾ ਮੁਕਤੀ ਮਾਰਗ ਸਮੁੱਚੇ ਸੰਸਾਰ ਲਈ ਸਰਵਵਿਆਪਕ
ਤਰਕ ਅਧਾਰਿਤ ਵਿਗਿਆਨਕ ਨਿਯਮਾਂ ਦੀ ਤਲਾਸ਼ ਅਤੇ ਮੁੜ ਉਸਨੂੰ ਲਾਗੂ ਕਰਨਾ ਸੀ। ਇਸੇ ਆਧੁਨਿਕ
ਵਿਚਾਰਧਾਰਾ ਨੇ ਵਿਗਿਆਨਕ ਨਿਯਮਾਂ ਦੀ ਤਲਾਸ਼ ਕੀਤੀ, ਨਵੀਆਂ ਪੈਦਾਵਾਰੀ ਤਕਨੀਕਾਂ ਵਿਕਸਿਤ
ਕੀਤੀਆਂ, ਸਿੱਟੇ ਵਜੋਂ ਦਸਤਕਾਰੀ ਦੀ ਥਾਂ ਭਾਫ਼/ਤੇਲ/ਬਿਜਲੀ ਸ਼ਕਤੀ ਨਾਲ ਚੱਲਣ ਵਾਲੀ ਸਨਅਤ
ਵਿਕਸਿਤ ਹੋਈ, ਇਸ ਮਸ਼ੀਨੀਕਰਨ ਨਾਲ ਤਿਆਰ ਮਾਲ ਦੀ ਵਿਕਰੀ ਲਈ ਮੰਡੀ ਵਿਕਸਿਤ ਹੋਈ,
ਸ਼ਹਿਰੀਕਰਨ ਵਧਿਆ, ਘਰੇਲੂ ਮੰਡੀ ਛੋਟੀ ਪੈ ਗਈ, ਸਨਅਤੀ ਤੌਰ ਤੇ ਉੱਨਤ ਦੇਸ਼ਾਂ ਨੇ ਨਵੀਆਂ
ਮੰੰਡੀਆਂ ਦੀ ਤਲਾਸ਼ ਵਿਚ ਦੂਸਰੀਆਂ ਧਰਤੀਆਂ ਨੂੰ ਬਸਤੀਆਂ ਬਣਾਉਣਾ ਸ਼ੁਰੂ ਕੀਤਾ। ਇਸ ਸਮੁੱਚੀ
ਪ੍ਰਕ੍ਰਿਆ ਵਿਚ ਸਾਰੇ ਸੰਸਾਰ ਨੂੰ ਇਕੋ ਦਿਸ਼ਾ, ਇਕ ਢੰਗ ਨਾਲ ਵਿਕਸਿਤ ਹੁੰਦਾ ਖਿਆਲ ਕਰਕੇ
ਸਾਰੇ ਸਥਾਨਕ ਫਰਕਾਂ ਨੂੰ ਮਿਟਾ ਕੇ ਇਕੋ ਮਾਨਵ ਦਾ ਸੰਕਲਪ ਪੇਸ਼ ਹੋਇਆ। ਇਸ ਪ੍ਰਕਾਰ ਪੈਦਾ
ਹੋਏ ਮਾਨਵਵਾਦ ਦੀ ਵਿਚਾਰਧਾਰਾ ਨੇ ਨਸਲਾਂ, ਧਰਮਾਂ, ਜਾਤਾਂ, ਇਲਾਕਿਆਂ, ਕਿਤਿਆ, ਖਿੱਤਿਆ ਦੇ
ਫਰਕ ਨੂੰ ਮੇਟਣ ਦੀ ਕੋਸਿ਼ਸ਼ ਕੀਤੀ।
ਆਧੁਨਿਕਤਾ ਨੇ ਸਮੁੱਚੇ ਸੰਸਾਰ ਦੀ ਮਾਨਵ ਜਾਤ ਨੂੰ ਸੁਹਿਰਦਤਾ ਨਾਲ ਮਾਨਵ ਮੁਕਤੀ ਮਾਰਗ
ਸੁਝਾਇਆ ਪਰ ਇਸ ਆਧੁਨਿਕਤਾ ਦੇ ਮੁਕਤੀ ਮਾਰਗ ਨੇ ਅਸਲੀਅਤ ਵਿਚ ਦੂਜੇ ਦੇਸ਼ਾਂ ਦੀਆਂ ਧਰਤੀਆਂ
ਤੇ ਕਬਜਾ ਕੀਤਾ, ਉਨ੍ਹਾਂ ਦੇ ਕੁਦਰਤੀ ਮਾਲ-ਖਜਾਨਿਆਂ ਨੂੰ ਜਬਰਦਸਤੀ ਲੁੱਟਿਆ, ਦੂਸਰੀਆਂ
ਕੋਮਾਂ/ਕਬੀਲਿਆਂ ਨੂੰ ਗੁਲਾਮ ਬਣਾਇਆ, ਉਨ੍ਹ੍ਹਾਂ ਦੀ ਸਮੁੱਚੀ ਜੀਵਨ ਜਾਂਚ ਜਿਸ ਵਿਚ
ਲੋਕਧਾਰਾ, ਸਭਿਆਚਾਰ ਅਤੇ ਭਾਸ਼ਾ ਆਉਂਦੀ ਹੈ, ਜਬਰਦਸਤੀ ਬਦਲ ਦਿੱਤਾ ਜਾਂ ਖਤਮ ਕਰ ਦਿੱਤਾ।
ਇਸ ਸਾਰੀ ਪ੍ਰਕ੍ਰਿਆ ਵਿਚ ਇਕ ਪਾਸੇ ਤਾਂ ਬਸਤੀਵਾਦ ਫੈਲਿਆ, ਦੂਸਰੇ ਪਾਸੇ ਬਸਤੀਵਾਦ ਦੇ
ਵਿਰੋਧ ਵਿਚ ਕੌਮੀ ਮੁਕਤੀ ਲਹਿਰਾਂ ਚੱਲੀਆਂ ਅਤੇ ਦੇਸ਼ ਆਜ਼ਾਦ ਹੋਏ। ਧਿਆਨ ਦੇਣ ਵਾਲਾ ਨੁਕਤਾ
ਇਹ ਹੈ ਕਿ ਬਹੁਤੇ ਦੇਸ਼ ਰਾਜਸੀ ਤੌਰ ਤੇ ਤਾਂ ਆਜ਼ਾਦ ਹੋ ਗਏ ਪਰ ਉਹ ਬਸਤੀਵਾਦ ਦੇ ਗ੍ਰਹਿਣੇ
ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ। ਇਸੇ ਸਮੇਂ ਸੰਸਾਰ ਪੱਧਰ ਉਪਰ ਇਕ ਹੋਰ ਭੇੜ ਮੱਚਿਆ ਕਿ
ਮਾਰਕਸਵਾਦੀ ਵਿਚਾਰਧਾਰਾ ਨੇ ਸਮਾਜਵਾਦੀ-ਕਮਿੳੂਨਿਜਮ ਦਾ ਬਦਲ ਸੁਝਾਇਆ ਅਤੇ ਇਸ ਉਪਰ ਚੱਲ ਕੇ
ਕੁਝ ਦੇਸ਼ਾਂ (ਰੂਸ, ਚੀਨ, ਕਿੳੂਬਾ) ਨੇ ਵੱਖਰੀ ਰਾਜ-ਪ੍ਰਣਾਲੀ ਵੀ ਵਿਕਸਿਤ ਕੀਤੀ। ਇਨ੍ਹਾਂ
ਪ੍ਰਸਥਿਤੀਆਂ ਵਿਚ ਉੱਤਰ-ਆਧੁਨਿਕਤਾ ਦਾ ਜਨਮ ਹੁੰਦਾ ਹੈ।ਉੱਤਰ ਆਧੁਨਿਕਤਾ ਦੇ ਸੰਕਲਪ ਅਤੇ
ਸਰੋਕਾਰ ਅਧੀਨ ਬਹੁਤ ਕੁਝ ਆਉਂਦਾ ਹੈ ਇਸਦਾ ਖੇਤਰ ਇਮਾਰਤਸਾਜੀ ਤੋਂ ਲੈ ਕੇ ਇਤਿਹਾਸ ਅਤੇ ਕਲਾ
ਤੋਂ ਲੈ ਕੇ ਜੀਵਨ ਜਾਂਚ ਤੱਕ ਫੈਲਿਆ ਹੋਇਆ ਹੈ। ਹਥਲੇ ਪਰਚੇ ਵਿਚ ਸਾਡਾ ਸਰੋਕਾਰ ਸਿਰਫ਼
ਹਾਸ਼ੀਅਗਤ ਸਮੂਹਾਂ ਤੱਕ ਸੀਮਤ ਹੈ। ਜਿਥੇ ਆਧੁਨਿਕਤਾ ਵੱਖ-ਵੱਖ ਸਮਾਜਕ ਸਮੂਹਾਂ ਨੂੰ ਮਾਨਤਾ
ਦੇਣ ਦੀ ਥਾਵੇਂ ਇਕੋ ਮਾਨਵੀ ਸਮੂਹ ਸਿਰਜਣ ਦੀ ਚਾਹਵਾਨ ਸੀ ਉਥੇ ਉੱਤਰ-ਆਧੁਨਿਕਤਾ
ਵੱਖੋ-ਵੱਖਰੇ ਸਮਾਜਕ ਸਮੂਹਾਂ ਨੂੰ ਪ੍ਰਵਾਨਕੇ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ
ਨੂੰ ਅਗਰਭੂਮੀ ਵਿਚ ਲਿਆਉਂਦੀ ਹੈ।
ਆਧੁਨਿਕਤਾ ਅਤੇ ਬਸਤੀਵਾਦ ਨਾਲੋਂ ਨਾਲ ਵਿਕਸੇ ਅਤੇ ਇਨ੍ਹਾਂ ਦਾ ਮੁੱਢ ਯੂਰਪ ਵਿਚ ਬੱਝਾ, ਇਸ
ਲਈ ਇਨ੍ਹਾਂ ਨੇ ‘ਯੂਰੋ-ਸੈਂਟਰਿਕ, ਵਾਈਟ-ਮੇਲ ਡੋਮੀਨੇਟਡ’ ਭਾਵ ਯੂਰਪ ਦੇ ਵਾਸੀ ਗੋਰੇ ਆਦਮੀ
ਨੂੰ ਆਦਰਸ਼ ਮੰਨਿਆ ਅਤੇ ਉਸਦੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਜੀਵਨ ਸ਼ੈਲੀ ਨੂੰ ਦੂਜਿਆਂ
ਉਪਰ ਥੋਪਿਆ। ਇਨ੍ਹਾਂ ਵਿਚੋਂ ਬਹੁਤਾ ਜੋਰ ਗੋਰੇ, ਈਸਾਈ, ਅੰਗਰੇਜ਼ੀ ਭਾਸ਼ਾ ਬੋਲਣ ਵਾਲਿਆਂ
ਦਾ ਸੀ। ਇਸ ਲਈ ਇਨ੍ਹਾਂ ਨੇ ਦੂਜੇ ਸਮਾਜਿਕ ਸਮੂਹ ਜਿਵੇਂ ਕਾਲੇ, ਏਸ਼ੀਅਨ, ਗੈਰ-ਈਸਾਈ,
ਯਹੂਦੀ, ਮੁਸਲਮਾਨ, ਹੋਰ ਸਥਾਨਕ ਭਾਸ਼ਾਵਾਂ ਬੋਲਣ ਵਾਲਿਆਂ ਸਮੂਹਾਂ ਨੂੰ ਦਬਾ ਕੇ ਰੱਖਿਆ,
ਨਕਾਰੀ ਰੱਖਿਆ ਸੀ। ਇਨ੍ਹਾਂ ਨੇ ਭਾਰੂ ਸਭਿਆਚਾਰ ਤੋਂ ਪਾਸੇ ਜਾਣ ਵਾਲੇ ਜਿਵੇਂ ਲੈਸਬੀਅਨ,
ਗੇਅਜ਼ ਨੂੰ ਹੀ ਹਾਸ਼ੀਏ ਤੇ ਨਹੀਂ ਧੱਕਿਆ ਸਗੋਂ ਕਮਜ਼ੋਰਾਂ ਜਿਵੇਂ ਔਰਤਾਂ, ਬਜੁਰਗਾਂ,
ਬੱਚਿਆਂ ਅਤੇ ਸਰੀਰਕ-ਮਾਨਸਿਕ ਘਾਟਾਂ ਵਾਲਿਆਂ ਨੂੰ ਵੀ ਥਾਂ ਨਹੀਂ ਦਿੱਤੀ ਸੀ। ਇਹ
ਆਧੁਨਿਕਵਾਦੀ ਸੋਚ ਨੂੰ ਉੱਤਰ-ਆਧੁਨਿਕਤਾ ਨੇ ਚਣੌਤੀ ਦਿੱਤੀ ਅਤੇ ਪੱਛਮ ਵਿਚ ਇਨ੍ਹਾਂ ਹਾਸ਼ੀਏ
ਤੇ ਧੱਕੇ ਸਮੂਹਾਂ ਨੂੰ ਵੀ ਪਛਾਣਿਆ ਜਾਣ ਲੱਗਿਆ, ਪਛਾਣਨ ਤੋਂ ਪ੍ਰਵਾਨਤ, ਮੁੜ ਮਾਨਤਾ ਦੇਣ
ਅਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਹੋਣ ਲੱਗੀ ਹੈ। ਇਸ ਪ੍ਰਸੰਗ ਵਿਚ ਆਧੁਿਨਕਤਾ ਨੂੰ
ਹਾਸ਼ੀਅਗਤ ਸਮੂਹਾਂ ਨੂੰ ਦੱਬਣ ਵਾਲੀ ਅਤੇ ਉੱਤਰ-ਆਧੁਨਿਕਤਾ ਇਸਨੂੰ ਉਭਾਰਨ ਵਾਲੀ ਮੰਨੀ
ਜਾਂਦੀ ਹੈ। ਅਜਿਹਾ ਕੀ ਸੱਚਮੁਚ ਹੋ ਰਿਹਾ ਹੈ, ਜੇ ਹੋ ਰਿਹਾ ਹੈ ਤਾਂ ਕਿਉਂ ਹੋ ਰਿਹਾ ਹੈ,
ਇਹ ਕਿਹੜੀ ਵਿਚਾਰਧਾਰਾ ਹੈ, ਇਹ ਪ੍ਰਸ਼ਨ ਗੰਭੀਰ ਵਿਚਾਰ ਦੀ ਮੰਗ ਕਰਦੇ ਹਨ। ਜਦੋਂ ਇਸਨੂੰ
ਭਾਰਤੀ ਖਾਸ ਕਰਕੇ ਪੰਜਾਬੀ ਪ੍ਰਸੰਗ ਵਿਚ ਲਾਗੂ ਕਰਦੇ ਹਾਂ ਤਾਂ ਹੋਰ ਵੀ ਦਿਲਚਸਪ ਸਿੱਟੇ
ਸਾਹਮਣੇ ਆਉਂਦੇ ਹਨ। ਸਭ ਤੋਂ ਪਹਿਲੀ ਗੱਲ ਕਿ ਪੰਜਾਬ ਵਿਚ ਹਾਸ਼ੀਆਗਤ ਸਮੂਹ ਪੱਛਮ ਵਾਲੇ
ਕਾਲੇ, ਲੈਸਬੀਅਨ, ਗੇਅਜ਼ ਆਦਿ ਨਹੀਂ ਹਨ ਸਗੋਂ ਇਥੋਂ ਹਾਸ਼ੀਅਗਤ ਸਮੂਹ ਹੋਰ ਬਣਦੇ ਹਨ, ਇਹ
ਔਰਤਾਂ, ਦਲਿਤ, ਪੇਂਡੂ, ਕਬੀਲੇ, ਪਰਵਾਸੀ ਆਦਿ ਬਣਦੇ ਹਨ। ਇਨ੍ਹਾਂ ਹਾਸੀਅਗਤ ਸਮੂਹਾਂ ਦੀ
ਚੇਤਨਾ ਕਿਵੇਂ ਬਦਲੀ ਹੈ, ਇਹ ਵਿਚਾਰਨ ਵਾਲਾ ਮਸਲਾ ਹੈ। ਦੂਸਰਾ ਵਿਚਾਰਨ ਵਾਲਾ ਮੁੱਦਾ ਇਹ
ਬਣਦਾ ਹੈ ਕਿ ਆਖਰ ਪੰਜਾਬ ਦੇ ਪ੍ਰਸੰਗ ਵਿਚ ਆਧੁਨਿਕਤਾ ਤੋਂ ਉੱਤਰ-ਆਧੁਨਿਕਤਾ ਵਿਚ ਤਬਦੀਲੀ
ਦਾ ਯੁੱਗ ਮੋੜ ਕਿਹੜਾ ਹੈ। ਤੀਸਰਾ ਮੁੱਦਾ ਇਹ ਬਣਦਾ ਹੈ ਕਿ ਆਖਰ ਫਿਰ ਇਨ੍ਹਾਂ ਸਮੂਹਾਂ ਦੀ
ਵਿਚਾਰਧਾਰਾ ਰਾਜਸੀ ਅਤੇ ਸਮਾਜਿਕ ਤੌਰ ਤੇ ਤਾਂ ਕਿਵੇਂ ਵੀ ਪੇਸ਼ ਹੁੰਦੀ
ਹੋਵੇ, ਕਲਾ ਖਾਸ ਕਰਕੇ ਸਾਹਿਤ ਵਿਚ ਕਿਵੇਂ ਹੋਈ ਹੈ।
ਪੰਜਾਬ ਵਿਚ ਇਸ ਸਮੇਂ ਬਹੁਤ ਸਾਰੇ ਸਮੂਹ ਹਾਸ਼ੀਏ ਤੇ ਧੱਕੇ ਹੋਏ ਹਨ ਪਰ ਵੱਡਾ ਸਮੂਹ
ਸਾਧਨਹੀਣ ਪੇਂਡੂ ਦਲਿਤ ਅਨਪੜ੍ਹ ਸਿਰਫ਼ ਪੰਜਾਬੀ ਜਾਣਦੀ ਔਰਤ ਦਾ ਹੈ। ਇਹ ਸਮੂਹ ਸਾਧਨਹੀਣ
ਹੋਣ ਕਰਕੇ ਹੀ ਆਰਥਿਕ ਪੱਖੋਂ ਧੱਕਿਆ ਹੋਇਆ ਹੈ, ਭੂਗੋਲਿਕ ਸਥਿਤੀ ਕਾਰਨ ਵੀ ਘਾਟੇ ਵਿਚ ਹੈ
ਅਤੇ ਦਲਿਤ ਜਾਤੀ ਵਿਚੋਂ ਹੋਣ ਕਰਕੇ ਸਮਾਜਕ ਤੌਰ ਤੇ ਨਪੀੜਿਆ ਹੋਇਆ ਹੈ। ਔਰਤ ਹੋਣ ਕਰਕੇ
ਆਪਣੇ ਹੀ ਸਮੂਹ ਦੇ ਅੰਦਰ ਦਬਾਈ ਹੋਈ ਹੈ ਅਤੇ ਅਨਪੜ੍ਹ ਹੋਣ ਕਰਕੇ ਨੌਕਰੀ ਅਤੇ ਚੇਤਨਾ ਦੋਹਾਂ
ਤੋਂ ਵਾਂਝੀ ਹੈ। ਇਸ ਔਰਤ ਦੀ ਸਾਹਿਤ ਕਲਾ ਵਿਚ ਕੋਈ ਆਵਾਜ਼ ਨਹੀਂ ਹੈ, ਜੇ ਇਸਦੇ ਕਿਤੇ
ਸਾਹਿਤ ਜਾਂ ਹੋਰ ਕਲਾ-ਰੂਪਾਂ ਵਿਚ ਪੇਸ਼ਕਾਰੀ ਹੁੰਦੀ ਹੈ ਤਾਂ ਉਹ ਦੂਸਰਿਆਂ ਵੱਲੋਂ ਹੁੰਦੀ
ਹੈ ਅਤੇ ਦੂਸਰਿਆਂ ਦਾ ਮੰਤਵ ਉਸਦਾ ਸੰਕਟ ਹਰਨ ਵਿਚ ਨਹੀਂ ਸਗੋਂ ਉਸਦੇ ਸੰਕਟ ਨੂੰ ਕਲਾ ਵਿਚ
ਪੇਸ਼ ਕਰਕੇ ਖੁਦ ਪ੍ਰਵਾਨਗੀ ਬਣਾਉਣੀ ਹੈ ਅਤੇ ਕਿਤੇ-ਕਿਤੇ ਇਸ ਤੋਂ ਪੈਸਾ ਕਮਾਉਣਾ ਮਕਸਦ ਹੈ।
ਇਸ ਵਰਗ ਸਮੂਹ ਦੀ ਗੱਲ ਕਰਕੇ ਸਿਆਸੀ ਪਾਰਟੀਆਂ ਨੇ ਆਪਣੇ ਲਈ ਵੋਟਾਂ ਪੱਕੀਆਂ ਕਰਨੀਆਂ ਹਨ।
ਜੇ ਅਸੀਂ ਆਧੁਨਿਕਤਾ ਦਾ ਪ੍ਰਭਾਵ ਦੇਖਣਾ ਹੋਵੇ ਤਾਂ ਆਧੁਨਿਕਤਾ ਦੇ ਪੰੂਜੀਵਾਦੀ ਪ੍ਰਬੰਧ ਦੀ
ਆਰਥਿਕਤਾ ਮੰਡੀ ਅਧਾਰਿਤ ਹੈ ਅਤੇ ਸ਼ਾਸਨ ਪ੍ਰਬੰਧ ਜਮਹੂਰੀਅਤ ਹੈ, ਇਸ ਲਈ ਮੰਡੀ ਇਸ ਵਰਗ ਤੱਕ
ਬਿਨਾਂ ਕਿਸੇ ਭਿੰਨ ਭੇਦ ਦੇ ਪਹੁੰਚ ਕਰਦੀ ਹੈ ਅਤੇ ਨੇਤਾ ਵੀ ਪਹੁੰਚਦੇ ਹਨ ਪਰ ਇਨ੍ਹਾਂ ਦੀ
ਖਰੀਦ ਸ਼ਕਤੀ ਘੱਟ ਹੈ ਅਤੇ ਵੋਟ ਪਾਉਣ ਦੀ ਆਜਾਦ ਦੀ ਸ਼ਕਤੀ ਵੀ ਖੀਣ ਹੈ। ਇਸ ਵਰਗ ਲਈ ਸਾਰੇ
ਲੁਭਾਉਣੇ ਨਾਅਰੇ ਘੜ੍ਹ ਕੇ ਮੈਨੀਫੈਸਟੋ ਵਿਚ ਪਰੋਏ ਜਾਂਦੇ ਹਨ, ਜੋ ਬਾਅਦ ਵਿਚ ਲਾਰੇ ਬਣਦੇ
ਹਨ। ਉੱਤਰ-ਆਧੁਨਿਕਤਾ ਨੇ ਵੀ ਇਸ ਵਰਗ ਸਮੂਹ ਤੱਕ ਕੋਈ ਪਹੁੰਚ ਕੀਤੀ ਨਹੀਂ ਸਿਰਫ਼ ਈਲੀਟ
ਅਕਾਦਮਿਸ਼ਨਾ ਨੂੰ ਸਮਝਾਇਆ ਮਾਤਰ ਹੈ ਕਿ ਇਹ ਵਰਗ ਸ਼ਕਤੀਹੀਣ ਹੈ ਅਤੇ ਇਸਦੀ ਕਲਾ ਸਾਹਿਤ ਵਿਚ
ਵੀ ਪੇਸ਼ਕਾਰੀ ਅਤੇ ਸਾਂਝਦਾਰੀ ਅਲਪ ਮਾਤਰਾ ਵਿਚ ਹੈ।
ਧਾਰਮਿਕ ਪੱਖ ਤੋਂ ਸਿੱਖ ਅਤੇ ਹਿੰਦੂ ਵੱਡੇ ਸਮਾਜਿਕ ਸਮੂਹ ਬਣਦੇ ਹਨ, ਇਨ੍ਹਾਂ ਤੋਂ ਇਲਾਵਾ
ਮੁਸਲਮਾਨ ਅਤੇ ਈਸਾਈ ਸਮੂਹ ਹੈ ਜੋ ਘੱਟ ਗਿਣਤੀ ਹਨ। ਆਬਾਦੀ ਪੱਖੋਂ ਇਹ ਦੋਵੇਂ ਪਹਿਲੇ ਸਮੂਹ
ਪੇਂਡੂ ਅਤੇ ਸ਼ਹਿਰੀ ਆਬਾਦੀ ਵਿਚ ਬਹੁ-ਗਿਣਤੀ ਵਿਚ ਹਨ ਅਤੇ ਜੇ ਕਿਤੇ ਉਲਟ ਹੈ ਜਿਵੇਂ
ਪਿੰਡਾਂ ਵਿਚ ਹਿੰਦੂ ਅਤੇ ਸ਼ਹਿਰਾਂ ਵਿਚ ਸਿੱਖ ਤਾਂ ਆਮ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ
ਉਨ੍ਹਾਂ ਦੀ ਧਾਰਮਿਕ ਅਲਪਮਾਤਰਾ ਨੂੰ ਸਾਵੀਂ ਕਰ ਦਿੰਦੀ ਹੈ। ਮੁਸਲਮਾਨ ਮਾਲੇਰਕੋਟਲੇ ਨੂੰ
ਛੱਡ ਕੇ ਘੱਟ ਗਿਣਤੀ ਵਿਚ ਹਨ, ਪਰ ਕਦੇ ਕੋਈ ਵੱਡੀ ਸਿ਼ਕਾਇਤ ਨਹੀਂ ਬਣੀ। ਈਸਾਈ ਆਮ ਕਰਕੇ
ਦਲਿਤਾਂ ਵਿਚੋਂ ਬਣੇ ਹਨ, ਉਨ੍ਹਾਂ ਦੀ ਸਮੱਸਿਆ ਦੂਹਰੀ ਹੈ। ਪ੍ਰੰਤੂ ਪੰਜਾਬ ਵਿਚ ਅਸਲ
ਸਮੱਸਿਆ ਉਨ੍ਹਾਂ ਧਾਰਮਿਕ ਸਮੂਹਾਂ ਦੀ ਹੈ ਜਿਨ੍ਹਾਂ ਨੂੰ ਮੁੱਖਧਾਰਾ ਦੇ ਧਰਮਾਂ ਨੇ
ਪ੍ਰਵਾਨਿਆ ਨਹੀਂ ਹੈ।
ਪੰਜਾਬ ਵਿਚ ਇਕ ਸਮੂਹ ਅਜਿਹੀ ਵੀ ਹੈ ਜਿਸਦੀ ਸਾਹਿਤ ਅਤੇ ਕਲਾ ਵਿਚ ਪਹੁੰਚ ਹੀ ਨਹੀਂ ਹੈ।
ਇਨ੍ਹਾਂ ਵਿਚ ਕੁਝ ਕਿਤੇ ਵੀ ਟਿਕ ਨਹੀਂ ਬੈਠਦੇ, ਅਨਪੜ੍ਹ ਹਨ। ਦੂਸਰੇ ਪਾਸੇ ਕੁਝ ਕਬੀਲੇ ਟਿਕ
ਕੇ ਤਾਂ ਬੈਠਦੇ ਹਨ ਪਰ ਜੀਵਨ ਹਾਲਤਾਂ ਵਿਚ ਕੋਈ ਪੱਕਾ ਰੁਜਗਾਰ ਸਾਧਨ ਨਹੀਂ ਹੈ, ਰਹਿਣ ਸਥਾਨ
ਝੁੱਗੀਆਂ-ਝੌਂਪੜੀਆਂ, ਢਾਰੇ ਹਨ। ਆਮ ਕਰਕੇ ਨਾਂ ਸਰਕਾਰੀ ਸਕੂਲਾਂ ਵਿਚ ਦਰਜ ਹਨ, ਪਰ ਅਨਪੜ੍ਹ
ਹੀ ਹਨ। ਇਨ੍ਹਾਂ ਸਾਰੇ ਸਮੂਹਾਂ ਦੇ ਲੋਕ ਅੱਗੇ ਆ ਰਹੇ ਹਨ, ਪਰ ਇਸ ਪ੍ਰਕ੍ਰਿਆ ਦਾ ਪਹਿਲਾ
ਪੜਾਅ ਮੁੱਖਧਾਰਾ ਦਾ ਹਿੱਸਾ ਬਣਨਾ ਹੁੰਦਾ ਹੈ। ਇਉਂ ਕਰਕੇ ਇਹ ਨਾ ਕੇਵਲ ਆਪਣੇ ਸਮੂਹ ਤੋਂ ਹੀ
ਟੁੱਟ ਜਾਂਦੇ ਹਨ ਸਗੋਂ ਉਸ ਅਨੁਭਵ ਤੋਂ ਵੀ ਸੱਖਣੇ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਸਮੂਹ ਦਾ
ਹੁੰਦਾ ਹੈ।
ਸਾਹਿਤ ਆਪਣੇ ਸਮੇਂ ਦੇ ਸਮਾਜ ਦੀ ਕੇਵਲ ਪੇਸ਼ਕਾਰੀ ਹੀ ਨਹੀਂ ਹੰੁਦਾ ਸਗੋਂ ਪ੍ਰਤੀਨਿਧਤਾ ਵੀ
ਕਰਦਾ ਹੈ। ਇਸ ਲਈ ਕਿਸੇ ਸਮਾਜ ਦੇ ਇਤਿਹਾਸ ਨੂੰ ਜਾਣਨ ਲਈ ਸਾਹਿਤ ਨੂੰ ਵੀ ਆਧਾਰ ਬਣਾਇਆ ਜਾ
ਸਕਦਾ ਹੈ। ਹੁਣ ਮਸਲਾ ਪੈਦਾ ਹੁੰਦਾ ਹੈ ਕਿ ਪੰਜਾਬੀ ਸਾਹਿਤ ਵਿਚ ਸਬਾਲਟਰਨ/ ਹਾਸ਼ੀਅਗਤ ਕੌਣ
ਹੈ? ਪੰਜਾਬੀ ਸਾਹਿਤ ਅਧਿਐਨ ਵਿਚ ਸਬਾਲਟਰਨ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸਾੳੂਥ ਏਸ਼ੀਅਨ
ਵਿਦਵਾਨਾਂ ਦੇ ਛਚਲ਼;ਵਕਗਅ ਸਟੱਡੀ ਗਰੁੱਪ ਦੀ ਇਕ ਵਿਸ਼ੇਸ਼ ਅਧਿਐਨ ਵਿਧੀ ਵਜੋਂ ਆਇਆ ਹੈ। ਸਭ
ਤੋਂ ਪਹਿਲਾਂ ਇਸ ਸ਼ਬਦ ਦੇ ਪੰਜਾਬੀ ਅਰਥ ਦੇਖ ਲੈਣੇ ਯੋਗ ਹੋਣਗੇ। ਵਖ ਵਖ ਕੋਸ਼ਾਂ ਤੇ
ਵਿਸ਼ਵਕੋਸ਼ਾਂ ਵਿਚ ਇਸ ਦੇ ਅਰਥ ਕੁਝ ਇਸ ਤਰ੍ਹਾਂ ਦੇ ਹਨ : ਸੈਨਾ ਵਿਚ ਹੇਠਲਾ ਦਰਜਾ,
ਮਤਾਹਿਤ, ਅਧੀਨ, ਹੇਠਲੇ ਦਰਜੇ ਦਾ ਨੌਕਰ, ਹੇਠਾਂ ਕੰਮ ਕਰਨ ਵਾਲਾ, ਨੀਵਾਂ, ਦੁਜੈਲਾ,
ਅਨੁਆਈ, ਪੈਰਾਂ ਹੇਠਲਾ, ਬੰਧੂਆ, ਕਾਬੂ, ਆਸ਼ਰਿਤ, ਦਮਿਤ ਆਦਿ ਹੈ। ਇਸ ਦੇ ਹੋਰ ਸਮਾਨਰਥਕ
ਵਾਧੂ, ਸਹਾਇਕ, ਉਪ, ਛੋਟਾ, ਹਾਸ਼ੀਆਕ੍ਰਿਤ ਹਨ ਜਦੋਂ ਕਿ ਇਸ ਦੇ ਵਿਰੋਧੀ ਸ਼ਬਦ ਮੁੱਖ,
ਮਹੱਤਵਪੂਰਨ, ਵੱਡਾ, ਜ਼ਰੂਰੀ, ਵਧੀਆ ਆਦਿ ਹਨ। ਇਨ੍ਹਾਂ ਅਰਥ ਘੇਰਿਆਂ ਨੂੰ ਜਦੋਂ ਅਸੀਂ
ਵਿਚਾਰਦੇ ਹਾਂ ਤਾਂ ਮਸਲਾ ਪੈਦਾ ਹੁੰਦਾ ਹੈ ਕਿ ਪੰਜਾਬ ਵਿਚ ਦਬਿਆ ਹੋਇਆ ਕੌਣ ਹੈ? ਹੇਠਾਂ
ਕੌਣ ਹੈ? ਦਮਿਤ ਕੌਣ ਹੈ? ਦੁਜੈਲੇ ਦਰਜੇ ਤੇ ਕੌਣ ਹੈ? ਇਕ ਪਾਸੇ ਸਾਡੇ ਸਾਹਮਣੇ ਹੁਣ ਤਕ ਦੇ
ਸਬਾਲਟਰਨ ਅਧਿਐਨ ਦੇ ਬਣੇ ਬਣਾਏ ਵਰਗ ਲਿੰਗ ਪੱਖੋਂ ਔਰਤ, ਧਰਮ ਪੱਖੋਂ ਘੱਟ ਗਿਣਤੀ, ਸਥਾਨ
ਪੱਖੋਂ ਪਰਵਾਸੀ ਅਤੇ ਆਦਿ ਵਾਸੀ ਮੰਨੇ ਗਏ ਹਨ ਪਰ ਭਾਰਤੀ ਵਿਸ਼ੇਸ਼ ਕਰਕੇ ਪੰਜਾਬ ਵਿਚ ਜ਼ਾਤ
ਪੱਖੋਂ ਦਲਿਤ, ਭਾਸ਼ਾ ਪੱਖੋਂ ਸਥਾਨਕ ਭਾਸ਼ਾਈ ਲੋਕ, ਰਹਿਣ ਸਥਾਨ ਪੱਖੋਂ ਪੇਂਡੂ, ਸਿੱਖਿਆ
ਪੱਖੋਂ ਅਨਪੜ੍ਹ, ਸਾਧਨਾ ਪੱਖੋਂ ਭੂਮੀਹੀਣ/ਸਾਧਨਹੀਣ ਵੀ ਸਬਾਲਟਰਨ/ ਹਾਸ਼ੀਅਗਤ ਹੋ ਸਕਦੇ ਹਨ।
ਇਹ ਸਾਰੇ ਸਬਾਲਟਰਨ ਹਨ ਪਰ ਇਨ੍ਹਾਂ ਦਰਮਿਆਨ ਵੀ ਦਰਜਾਬੰਦੀ ਹੈ ਅਤੇ ਇਹ ਕੋਈ ਸਦਾ ਸਥਿਰ
ਪ੍ਰਵਰਗ ਨਹੀਂ ਹਨ ਸਗੋਂ ਇਹ ਸਮੇਂ ਤੇ ਸਥਾਨ ਅਨੁਸਾਰ ਬਦਲਦੇ ਰਹਿੰਦੇ ਹਨ। ਉਦਾਹਰਨ ਵਜੋਂ
ਭਾਰਤੀ ਜ਼ਾਤ ਪ੍ਰਬੰਧ ਅੰਦਰ ਪੰਜਾਬ ਵਿਚ ਬ੍ਰਾਹਮਣਾਂ ਦਾ ਦਰਜਾ ਹੌਲੀ ਹੌਲੀ ਹੇਠਾਂ ਗਿਆ
ਜਦੋਂ ਕਿ ਜੱਟਾਂ ਦਾ ਦਰਜਾ ਉੱਪਰ ਉੱਠਿਆ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਗੁਰੂ
ਸਾਹਿਬਾਨ ਨੇ ਬ੍ਰਾਹਮਣਾਂ ਨੂੰ ਜਨਮ-ਜ਼ਾਤ ਕਾਰਨ ਕੋਈ ਉੱਚਾ ਦਰਜਾ ਨਹੀਂ ਦਿੱਤਾ, ਸਿੱਖ ਲਹਿਰ
ਤੋਂ ਬਾਅਦ ਹੋਰਨਾਂ ਜ਼ਾਤਾਂ ਦੇ ਮੁਕਾਬਲੇ ਜੱਟ ਜ਼ਮੀਨ ਮਾਲਕ ਹੋਣ ਕਾਰਨ ਸਮਾਜਿਕ
ਪ੍ਰਤ੍ਰਿਸ਼ਠਾ ਪਾ ਗਏ। ਆਜ਼ਾਦੀ ਤੋਂ ਮਗਰੋਂ ਸਰਕਾਰੀ ਨੌਕਰੀਆਂ ਵਿਚ ਵੱਡੀ ਪੱਧਰ ਤੇ
ਰਿਜ਼ਰਵੇਸ਼ਨ ਅਧੀਨ ਦਲਿਤ ਉਭਾਰ ਹੋਇਆ। ਸੋ ਜੋ ਕਦੇ ਸਬਾਲਟਰਨ ਸਨ ਉਹ ਸਦਾ ਸਬਾਲਟਰਨ ਨਹੀਂ
ਰਹਿੰਦੇ, ਇਸ ਦੇ ਉਲਟ ਸਬਾਲਟਰਨ ਵਰਗਾਂ ਵਿਚ ਵੀ ਅੱਗੋਂ ਦਰਜਾਬੰਦੀ ਹੁੰਦੀ ਹੈ। ਸਾਰੇ ਦਲਿਤ
ਇਕਸਾਰ ਨਹੀਂ ਹਨ। ਇਹ ਕੇਵਲ ਆਰਥਿਕ ਪੱਧਰ ਦਾ ਹੀ ਮਸਲਾ ਨਹੀਂ ਹੈ ਸਗੋਂ ਦਲਿਤਾਂ ਅੰਦਰ
ਜ਼ਾਤਾਂ ਅਤੇ ਖ਼ਾਸ ਕਰਕੇ ਕਬੀਲਿਆਂ ਦਾ ਵੀ ਮਸਲਾ ਹੈ। ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ
ਪਾਲਿਸੀ ਅਨੁਸਾਰ ਪੰਜਾਬ ਵਿਚ ਕੋਈ ਐਸ.ਟੀ. ਨਹੀਂ ਹੈ। ਸਿਰਫ ਐਸ.ਸੀ. ਹੀ ਹਨ। ਐਨ ਉਸੇ
ਤਰ੍ਹਾਂ ਹੀ ਬੌਰੀਏ, ਪੱਖੀਵਾਸ, ਛੱਜਘਾੜੇ, ਗੰਧੀਲੇ ਆਦਿ ਦੀ ਮੁੱਖ ਲਿਖਤੀ ਸਾਹਿਤ ਵਿਚ ਕੋਈ
ਪ੍ਰਤੀਨਿਧਤਾ ਨਹੀਂ ਹੈ। ਇਹ ਸਾਹਿਤ ਸਿਰਜਕ ਨਹੀਂ, ਅਧਿਐਨ ਕਰਤਾ ਨਹੀਂ ਸ਼ਾਇਦ ਸਾਹਿਤ ਨੂੰ
ਮਾਣਨ ਵਾਲੇ ਵੀ ਨਹੀਂ ਕੇਵਲ ਹੋਰਨਾਂ ਉੱਚਿਆਂ ਦੇ ਅਧਿਐਨ ਵਸਤ ਮਾਤਰ ਹਨ। ਜਦੋਂ ਕਿ ਸਾਂਸੀ,
ਮਿਰਾਸੀ, ਬਾਜ਼ੀਗਰ ਮੁਕਾਬਲਤਨ ਆਪਣੀ ਹੋਂਦ ਦਰਸਾਉਂਦੇ ਹਨ। ਦਲਿਤਾਂ ਦੀ ਪ੍ਰਤੀਨਿਧਤਾ ਦੁਆਬੇ
ਦੀ ਇਕ ਵਿਸ਼ੇਸ਼ ਪੜ੍ਹੀਲਿਖੀ ਜ਼ਾਤ ਹੀ ਕਰ ਰਹੀ ਹੈ ਜੋ ਆਰਥਿਕ ਪੱਖੋਂ ਮੁਕਾਬਲਤਨ ਨਾ ਕੇਵਲ
ਸਰਕਾਰੀ ਨੌਕਰੀਆਂ ਵਿਚ ਹੀ ਅੱਗੇ ਹਨ ਸਗੋਂ ਉਨ੍ਹਾਂ ਕੋਲ ਹੋਰ ਆਰਥਿਕ ਸਾਧਨ ਵੀ ਹਨ। ਇਕ
ਤਰ੍ਹਾਂ ਨਾਲ ਪੇਂਡੂ, ਭੂਮੀਹੀਣ/ਸਾਧਨਹੀਣ, ਦਲਿਤ ਕਬੀਲਾਈ, ਮਜ਼ਦੂਰ, ਔਰਤ ਜੋ ਅਨਪੜ੍ਹ ਹੈ
ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਜਾਣਦੀ, ਸਭ ਤੋਂ ਵੱਧ ਦਮਿਤ ਹੀ
ਹੈ।
ਸਭ ਤੋਂ ਪਹਿਲਾਂ ਮੈਂ ਭਾਸ਼ਾ ਦਾ ਮਸਲਾ ਉਠਾਉਣਾ ਚਾਹੁੰਦਾ ਹਾਂ। ਕੀ ਸਬਾਲਟਰਨ ਦੀ ਭਾਸ਼ਾ ਵੀ
ਹੁੰਦੀ ਹੈ ਜਾਂ ਉਲਟੇ ਰੁਖ ਕੀ ਕੁਝ ਭਾਸ਼ਾਵਾਂ ਵੀ ਸਬਾਲਟਰਨ/ ਹਾਸ਼ੀਅਗਤ ਤਾਂ ਨਹੀਂ
ਹੁੰਦੀਆਂ ਜਾਂ ਉਨ੍ਹਾਂ ਨੂੰ ਬੋਲਣ ਵਾਲੇ ਸਬਾਲਟਰਨ / ਹਾਸ਼ੀਅਗਤ ਹੁੰਦੇ ਹਨ?ਸੰਸਕ੍ਰਿਤ ਨਾਟਯ
ਸ਼ਾਸਤਰ ਅਨੁਸਾਰ ਇਹ ਗੱਲ ਵਿਧਾਨ ਵਿਚ ਆਉਂਦੀ ਹੈ ਕਿ ਰਾਜਾ ਸ਼੍ਰੇਣੀ ਕੇਵਲ ਸੰਸਕ੍ਰਿਤ
ਬੋਲੇਗੀ ਜਦ ਕਿ ਦੂਸਰੇ ਪਾਤਰ ਅਪਭ੍ਰੰਸ਼ਾਂ ਅਤੇ ਪ੍ਰਾਕਿਰਤਾਂ ਬੋਲਣਗੇ, ਨੌਕਰ, ਸੇਵਕ,
ਸ਼ੂਦਰ ਸਥਾਨਕ ਭਾਸ਼ਾਵਾਂ ਬੋਲ ਸਕਦੇ ਹਨ। ਭਾਵ ਭਾਰਤੀ ਨਾਟਯ ਸ਼ਾਸਤਰ ਵਿਚ ਭਾਸ਼ਾਵਾਂ ਦੀ
ਸਪਸ਼ਟ ਦਰਜਾਬੰਦੀ ਹੈ। ਇਸੇ ਪ੍ਰਕਾਰ ਜਦੋਂ ਭਾਰਤ ਵਿਚ ਮੁਗਲ ਹਮਲਾਵਰ ਆਏ ਤਾਂ ਮਲੇਸ਼ ਭਾਖਿਆ
ਦਾ ਪ੍ਰਚਲਨ ਹੋਇਆ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਕਿ ਖੱਤਰੀਆ ਤਾ ਧਰਮ ਛੋਡਿਆ ਮਲੇਸ਼
ਭਾਖਿਆ ਗਹੀ। ਇੱਥੋਂ ਦੇ ਖੱਤਰੀਆਂ ਭਾਵ ਉੱਚਿਆਂ ਨੇ ਹਮਲਾਵਰ ਸ਼ਾਸ਼ਕਾਂ ਦੀ ਭਾਸ਼ਾ ਗ੍ਰਹਿਣ
ਕਰ ਲਈ ਸੀ ਜਦੋਂ ਕਿ ਆਮ ਲੋਕ ਜੋ ਰਾਜਸੱਤਾ ਤੋਂ ਦੂਰ ਸਨ ਉਹ ਪੰਜਾਬੀ ਹੀ ਬੋਲਦੇ ਰਹੇ ਹਨ।
ਇਹੀ ਕੁਝ ਬਸਤੀਵਾਦ ਦੌਰਾਨ ਵੀ ਹੋਇਆ ਜਦੋਂ ਉਚੇਰੀਆਂ ਸ਼੍ਰੇਣੀਆਂ ਨੇ ਅੰਗਰੇਜ਼ੀ ਭਾਸ਼ਾ
ਸਿੱਖੀ ਤੇ ਅੱਜ ਵੀ ਇਲੀਟ ਦੀ ਇਹੀ ਭਾਸ਼ਾ ਹੈ। ਪੰਜਾਬ ਵਿਚ ਸਾਰੇ ਸਰਕਾਰੀ ਐਲਾਨਾਂ ਦੇ
ਬਾਵਜੂਦ ਅੰਗਰੇਜ਼ੀ ਦਾ ਦਰਜਾ ਘਟਣ ਦੀ ਥਾਵੇਂ ਵਧਿਆ ਹੈ। ਆਧੁਨਿਕ ਕਾਲ ਵਿਚ ਅੰਗਰੇਜ਼ੀ ਦੇ
ਲੇਖਕ ਖੁਸ਼ਵੰਤ ਸਿੰਘ ਅਤੇ ਮੁਲਕ ਰਾਜ ਆਨੰਦ ਵਰਗਿਆਂ ਦੇ ਮੁਕਾਬਲੇ ਪੰਜਾਬੀ ਦੇ ਕਿਸੇ ਲੇਖਕ
ਨੂੰ ਮੁਕਾਬਲੇ ਵਿਚ ਰੱਖਣਾ ਠੀਕ ਨਹੀਂ ਹੈ ਪਰ ਇਸ ਤੋਂ ਭਾਸ਼ਾ ਦੇ ਸਬਾਲਟਰਨ ਹੋਣ ਦਾ ਪ੍ਰਮਾਣ
ਮਿਲ ਜਾਣਾ ਚਾਹੀਦਾ ਹੈ। ਇਸ ਮਸਲੇ ਵਿਚ ਕੇਵਲ ਉੱਚੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਜਾਂ
ਵਪਾਰਕ ਕਾਰੋਬਾਰ ਹੀ ਨਹੀਂ ਜੁੜਿਆ ਸਗੋਂ ਸਭ ਤੋਂ ਵੱਧ ਮਾਣ ਪ੍ਰਤਿਸ਼ਠਾ ਜੁੜੀ ਹੋਈ ਹੈ,
ਲੇਖਕਾਂ ਨੂੰ ਮਿਲਣ ਵਾਲੀ ਰਾਇਲਟੀ ਤੋਂ ਲੈ ਕੇ ਇਨਾਮ ਸਨਮਾਨ ਤਕ ਇਕ ਲੰਮੀ ਸੂਚੀ ਹੈ। ਇਸ
ਮਾਣ ਪ੍ਰਤਿਸ਼ਠਾ ਦੇ ਸਮਾਜ ਸਭਿਆਚਾਰਕ ਪਿਛੋਕੜ ਵਿਚ ਕਾਰਜਸ਼ੀਲ ਆਰਥਿਕ ਰਾਜਨੀਤਿਕ ਕਾਰਨਾਂ
ਦੇ ਨਾਲੋ ਨਾਲ ਮਨੋਵਿਗਿਆਨਕ ਕਾਰਨਾਂ ਨੂੰ ਵੀ ਤਲਾਸ਼ਣਾ ਜ਼ਰੂਰੀ ਹੈ।
ਪੰਜਾਬੀ ਦੇ ਮੱਧਕਾਲੀ ਲਿਖਤੀ ਸਾਹਿਤ ਵਿਚ ਨਾਰੀ ਗਾਇਬ ਹੈ। ਮੱਧਕਾਲ ਵਿਚ ਇਕ ਵੀ ਨਾਰੀ
ਲੇਖਿਕਾ ਨਹੀਂ ਹੈ। ਨਾਥਾਂ ਤੋਂ ਲੈ ਕੇ ਕਿੱਸਾਕਾਰਾਂ ਤਕ ਬਹੁਤਿਆਂ ਨੇ ਔਰਤ ਦੀ ਭੰਡੀ ਵੀ
ਕੀਤੀ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿਚ ਆਵਾਜ ਉਠਾਈ ਪਰ ਇਹ ਬੜੀ
ਦਿਲਚਸਪ ਗੱਲ ਹੈ ਕਿ ਗੁਰੂ ਕਵੀ ਅਤੇ ਸੂਫੀ ਕਵੀ ਅਧਿਆਤਮਿਕ ਪ੍ਰਸੰਗ ਵਿਚ ਨਾ ਕੇਵਲ
ਪ੍ਰਮਾਤਮਾ ਆਤਮਾ ਲਈ ਨਰ-ਨਾਰੀ ਦਾ ਰੂਪਕ ਚੁਣਦੇ ਹਨ ਸਗੋਂ ਉਹ ਖੁਦ ਨਾਰੀ ਆਵਾਜ ਵਿਚ ਬੋਲਦੇ
ਹਨ। ਸਹਿਤ ਦੇ ਇਤਿਹਾਸ ਵਿਚ ਸਥਿਤੀ ਦੀ ਵਿਡੰਬਨਾ ਵੇਖੋ ਔਰਤ ਲੇਖਕ ਕੋਈ ਨਹੀਂ ਹੈ। ਪਰ
ਸਾਹਿਤ ਵਿਚ ਮਰਦ ਲੇਖਕ ਔਰਤ ਆਵਾਜ ਬਣ ਰਹੇ ਹਨ। ਇਹ ਅਣਹੋਂਦ ਹੈ ਜਾਂ ਹੋਂਦ ਨੂੰ ਨਿਰਹੋਂਦ
ਵਿਚ ਬਦਲਿਆ ਜਾ ਰਿਹਾ ਹੈ। ਸਾਰੇ ਮੱਧਕਾਲੀ ਸਾਹਿਤ ਦੇ ਅਧਿਆਤਮਿਕ ਅਰਥਾਂ ਨੂੰ ਪਾਸੇ ਛੱਡ ਕੇ
ਨਿਰੋਲ ਰੂਪਕ ਦਾ ਅਰਥ ਵਿਸ਼ਲੇਸ਼ਣ ਕਰੀਏ ਤਾਂ ਇਕੋ ਗੱਲ ਸਮਝ ਆਉਂਦੀ ਹੈ ਕਿ ਇਸ ਸਾਹਿਤ
ਅਨੁਸਾਰ ਔਰਤ ਦਾ ਮਨੋਰਥ ਹਰ ਕੀਮਤ ਤੇ ਸ਼ਹੁ (ਪਤੀ ) ਰਿਝਾਉਣਾ ਹੈ। ਇਹ ਗੱਲ ਔਰਤ ਨਹੀਂ ਔਰਤ
ਬਣਿਆਂ ਮਰਦ ਕਹਿ ਰਿਹਾ ਹੈ। ਪਿਛਲੇ ਸਮੇਂ ਦੀਆਂ ਖੋਜਾਂ ਅਨੁਸਾਰ ਪਿਛਲੇਰੇ ਰਣਜੀਤ ਸਿੰਘ ਕਾਲ
ਵਿਚ ਪੀਰੋ ਪ੍ਰੇਮਣ ਨਾਂ ਦੀ ਔਰਤ ਸਾਹਿਤਕਾਰ ਹੋਈ ਹੈ ਜਿਸ ਦਾ ਝੁਕਾਓ ਚਾਰਵਾਕੀ, ਗੁਲਾਬਦਾਸੀ
ਸੰਪਰਦਾਇ ਵੱਲ ਅਤੇ ਪੇਸ਼ਾ ਕੰਜਰੀ ਦੱਸਿਆ ਜਾਂਦਾ ਹੈ। ਭਾਵ ਔਰਤ ਉਸ ਸਮੇਂ ਵੀ ਨਹੀਂ ਬੋਲਦੀ
ਸਗੋਂ ਉਸ ਨੂੰ ਬੋਲਣ ਲਈ ਸਮਾਜ ਦੀ ਪ੍ਰਵਾਨਤ ਨੈਤਿਕ ਮਰਿਯਾਦਾ ਦੇ ਮਾਪਦੰਡਾਂ ਨੂੰ ਪਾਰ ਕਰਨਾ
ਪੈਂਦਾ ਹੈ। ਪੀਰੋ ਬੋਲਦੀ ਹੈ, ਕੀ ਬੋਲਦੀ ਹੈ? ਵਿਚੋਂ ਪਹਿਲਾ ਮੁੱਦਾ ਮਹੱਤਵਪੂਰਨ ਹੈ, ਇਹ
ਬੋਲਣਾ ਵਿਸ਼ੇਸ਼ ਅਰਥ ਰਖਦਾ ਹੈ। ਅਗਲਾ ਪ੍ਰਸ਼ਨ ਉੱਠਦਾ ਹੈ ਕਿ ਪੰਜਾਬੀ ਮੱਧਕਾਲੀ ਸਾਹਿਤ
ਅੰਦਰ ਜੇ ਔਰਤ ਚੁੱਪ ਸੀ ਤਾਂ ਉਸ ਚੁੱਪ ਦੇ ਸੁਰਾਗ ਕਿੱਥੋਂ ਲੱਭੇ ਜਾ ਸਕਦੇ ਹਨ? ਇਹ ਚੁੱਪ
ਲੋਕਗੀਤਾਂ ਵਿਚ ਬੋਲਦੀ ਹੈ। ਲੋਕਗੀਤਾਂ ਦੇ ਵਿਚੋਂ ਜੇ ਬੋਲੀਆਂ, ਟੱਪੇ, ਹੇਅਰੇ, ਸਿੱਠਣੀਆਂ
ਵਰਗੇ ਅੱਥਰੇ ਰੂਪ ਪਾਸੇ ਵੀ ਛੱਡ ਦੇਈਏ ਤਾਂ ਸੁਹਾਗ ਵਰਗੇ ਮਰਿਯਾਦਾਪਰਕ ਸਾੳੂ ਰੂਪਾਂ ਵਿਚ
ਵੀ ਔਰਤ ਦੀ ਕਾਮਨਾ ਸਿਰ ਚੜ੍ਹ ਬੋਲਦੀ ਹੈ ਇਸੇ ਕਰਕੇ ਲੰਮਾ ਸਮਾਂ ਮੌਖਿਕ ਲੋਕਗੀਤਾਂ ਨੂੰ
ਲਿਖਤੀ ਸਾਹਿਤ ਤੋਂ ਨਿਮਨ ਮੰਨਿਆ ਜਾਂਦਾ ਰਿਹਾ ਹੈ। ਸੋ ਸ਼ਾਇਦ ਪੰਜਾਬੀ ਸਾਹਿਤ ਵਿਚ ਲਿੰਗ
ਅਨੁਸਾਰ ਅੱਧੀ ਆਬਾਦੀ ਦਬਾਈ ਹੋਈ ਸੀ। ਉਸ ਦੀ ਥਾਵੇਂ ਕੋਈ ਹੋਰ ਬੋਲਦਾ ਰਿਹਾ ਹੈ। ਹੁਣ
ਕੋਸਿ਼ਸ਼ ਕਰਕੇ ਲੋਕਗੀਤਾਂ ਵਿਚ ਪੇਸ਼ ਉਸ ਦਾ ਇਤਿਹਾਸ ਬੁਲਵਾਇਆ ਜਾ ਸਕਦਾ ਹੈ। ਆਧੁਨਿਕ
ਸਾਹਿਤ ਵਿਚ ਜਦੋਂ ਔਰਤ ਕਵਿੱਤਰੀਆਂ ਖੁਦ ਲਿਖਣ ਲਗਦੀਆਂ ਹਨ ਤਾਂ ਅੰਮ੍ਰਿਤਾ ਪ੍ਰੀਤਮ ਇਸ ਗੱਲ
ਬਾਰੇ ਸੁਚੇਤ ਹੈ ਕਿ ਲਿਖਣ ਲਈ ਸ਼ਕਤੀ ਚਾਹੀਦੀ ਹੈ। ਸ਼ਕਤੀ ਤੋਂ ਬਗ਼ੈਰ ਕੋਈ ਬੋਲਣ ਨਹੀਂ
ਦਿੰਦਾ। ਇਸੇ ਲਈ ‘ਅੰਨਦਾਤਾ‘ ਕਵਿਤਾ ਵਿਚ ਉਹ ਲਿਖਦੀ ਹੈ ਕਿ ਮੇਰੇ ਬੋਲਣ ਤੋਂ ਪਹਿਲਾਂ ਬੋਲ
ਪੈਂਦਾ ਹੈ ਤੇਰਾ ਅੰਨ, ਅਸੀਂ ਅੰਨ ਦੇ ਕੀੜੇ ਦਿੱਤੇ ਮਾਂ ਬਾਪ ਨੇ ਜੰਮ, ਮੇਰੀ ਜੀਭ ਤੇ ਤੇਰਾ
ਲੂਣ ਤੇ ......ਇਸ ਕਵਿਤਾ ਵਿਚ ਅੰਮ੍ਰਿਤਾ ਪ੍ਰੀਤਮ ਸਪਸ਼ਟ ਕਰ ਦਿੰਦੀ ਹੈ ਕਿ ਬੋਲਣ ਲਈ
ਸਿਰਫ ਜੈਵਿਕ ਜੀਭ ਹੀ ਨਹੀਂ ਚਾਹੀਦੀ ਅਤੇ ਨਾ ਹੀ ਕੇਵਲ ਮਨੋਵਿਗਿਆਨਕ ਉਚਾਰ ਚਾਹੀਦਾ ਹੈ
ਸਗੋਂ ਬੋਲਣ ਲਈ ਜ਼ਰੂਰੀ ਹੈ ਕਿ ਵਿਅਕਤੀ ਕੋਲ ਆਪਣਾ ਆਪ ਅੰਨ ਕਮਾਉਣ ਦੀ ਪਹੁੰਚ ਹੋਵੇ। ਸੋ
ਜਿਉਂ ਜਿਉਂ ਔਰਤ ਆਰਥਿਕ ਤੌਰ ਤੇ ਸ਼ਕਤੀਵਰ ਹੋਈ ਹੈ ਉਸੇ ਤਰ੍ਹਾਂ ਮਨੋਵਿਗਿਆਨਕ ਤੌਰ ਤੇ ਵੀ
ਸ਼ਕਤੀਵਰ ਹੋਈ ਹੈ ਅਤੇ ਉਸ ਦੀ ਉਚਾਰ ਨੂੰ ਸਾਹਿਤ ਵਿਚ ਥਾਂ ਮਿਲਣੀ ਸ਼ੁਰੂ ਹੋਈ ਹੈ। ਅੱਜ
ਸਥਿਤੀ ਪਹਿਲਾਂ ਨਾਲੋਂ ਬਦਲੀ ਹੈ ਭਾਵੇਂ ਅਜੇ ਵੀ ਇਹ ਮੁਕਾਬਲਤਨ ਦੁਜੈਲੀ ਅਵਸਥਾ ਵਿਚ ਹੈ।
ਔਰਤਾਂ ਤੋਂ ਬਾਅਦ ਅਗਲਾ ਵਰਗ ਦਲਿਤਾਂ ਦਾ ਆਉਂਦਾ ਹੈ। ਪੰਜਾਬੀ ਸਾਹਿਤ ਖ਼ਾਸ ਕਰਕੇ ਮੱਧਕਾਲ
ਵਿਚ ਦਲਿਤ ਆਵਾਜ ਕਿਹੜੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਥਾਕਥਿਤ ਦਲਿਤ ਜਾਤਾਂ ਦੇ
ਭਗਤ ਕਵੀਆਂ ਨੂੰ ਵੀ ਥਾਂ ਮਿਲੀ ਹੋਈ ਹੈ। ਗੁਰੂ ਸਾਹਿਬਾਨ ਖੁਦ ਭਾਵੇਂ ਉੱਚੀਆਂ ਜਾਤਾਂ
ਵਿਚੋਂ ਸਨ ਪਰ ਉਨ੍ਹਾਂ ਨੇ ਜ਼ਾਤ ਅਭਿਮਾਨ ਦੀ ਨਿੰਦਾ ਕੀਤੀ ਹੈ। ਸੂਫੀਆਂ ਨੇ ਵੀ ਜ਼ਾਤ ਨੂੰ
ਮਹੱਤਵ ਨਹੀਂ ਦਿੱਤਾ। ਇਸ ਸਭ ਕੁਝ ਦੇ ਬਾਵਜੂਦ ਵੀ ਕੀ ਮੱਧਕਾਲੀ ਸਾਹਿਤ ਵਿਚ ਵੀ ਦਲਿਤ
ਆਵਾਜ਼ ਸੁਣਾਈ ਦਿੰਦੀ ਹੈ? ਇੱਥੇ ਮਸਲਾ ਨਾ ਕੇਵਲ ਸੰਵੇਦਨਸ਼ੀਲ ਹੈ ਸਗੋਂ ਟੇਢਾ ਵੀ ਹੈ।
ਸਾਰਾ ਮੱਧਕਾਲੀ ਭਗਤੀ ਸਾਹਿਤ ਉੱਚੀ ਜ਼ਾਤ ਤੇ ਅਭਿਮਾਨ ਵਾਲੇ ਬ੍ਰਾਹਮਣੀ ਸਭਿਆਚਾਰ ਦਾ ਉੱਚੀ
ਜਾਂ ਨੀਵੀਂ ਸੁਰ ਵਿਚ ਖੰਡਨ ਕਰਦਾ ਹੈ ਅਤੇ ਪ੍ਰਮਾਤਮਾ ਦੀ ਨਜ਼ਰ ਵਿਚ ਸਾਰਿਆ ਨੰੂ ਇਕੋ ਜਿਹੇ
ਨੀਵੇਂ ਤਸੱਵਰ ਕਰਦਾ ਹੈ ਪਰ ਅਜਿਹਾ ਕਰਦਿਆਂ ਉਹ ਫਿਰ ਰੂਪਕੀ ਪੱਧਰ ਤੇ ਪ੍ਰਮਾਤਮਾ ਆਤਮਾ ਨੂੰ
ਉੱਚੀ ਨੀਵੀਂ ਜ਼ਾਤ ਵਿਚ ਢੁਕਾਅ ਦਿੰਦਾ ਹੈ। ਭਗਤੀ ਲਹਿਰ ਨੇ ਦਲਿਤਾਂ ਦੇ ਪਰੰਪਰਿਕ ਪੀੜੀ ਓ
ਪੀੜੀ ਚਲੇ ਆ ਰਹੇ ਲੋਕ ਧਾਰਮਿਕ ਪੂਜਾ ਵਿਧੀਆਂ ਦਾ ਮੁਕੰਮਲ ਵਿਰੋਧ ਵੀ ਕਰ ਦਿੱਤਾ ਇਸ ਦੀ
ਥਾਵੇਂ ਇਕ ਪ੍ਰਮਾਤਮਾ ਦਾ ਸੰਕਲਪ ਲਿਆਂਦਾ ਜੋ ਕਬੀਲਾਈ ਸਮਾਜ ਦੇ ਟੁੱਟਣ ਤੋਂ ਬਾਅਦ
ਸ਼ਕਤੀਸ਼ਾਲੀ ਰਾਜਾਸ਼ਾਹੀ ਪੈਦਾ ਹੋਣ ਦੇ ਸਮਾਂਨਾਂਤਰ ਹੈ। ਇਹੀ ਕੁਝ ਥੋੜ੍ਹੇ ਬਹੁਤੇ ਫਰਕ
ਨਾਲ ਭਾਰਤੀ ਸੂਫੀ ਸਾਹਿਤ ਵਿਚ ਵਾਪਰਦਾ ਹੈ। ਸੂਫੀ ਕਵਿਤਾ ਵਿਚ ਸਾਰੇ ਅੱਲਾ ਦੇ ਪਿਆਰੇ ਉਸ
ਦੇ ਦਰਬਾਰ ਦੇ ਮਿਹਤਰ ਬਣ ਜਾਂਦੇ ਹਨ। ਝਾੜੂ ਬਰਦਾਰ ਬਣ ਜਾਂਦੇ ਹਨ। ਇਉਂ ਰੂਪਕੀ ਪੱਧਰ ਤੇ
ਸਭ ਬਰਾਬਰ ਹੋ ਜਾਂਦੇ ਹਨ ਪਰ ਅੱਲਾ ਉੱਚੀ ਸ਼੍ਰੇਣੀ ਦੇ ਸ਼ਾਸ਼ਕ ਵਿਚ ਢਲ ਜਾਂਦਾ ਹੈ। ਸ਼ਾਹ
ਹੁਸੈਨ ਲਿਖਦੇ ਹਨ :
ਚੂਹੜੀ ਹਾਂ ਦਰਬਾਰ ਦੀ ।।ਰਹਾਉ
ਧਿਆਨ ਦੀ ਛਜਲੀ ਗਿਆਨ ਦਾ ਝਾੜੂ,
ਕਾਮ ਕਰੋਧ ਨਿਤ ਝਾੜਦੀ
ਕਾਜੀ ਜਾਣੇ ਹਾਕਮ ਜਾਣੇ
ਫਾਰਸ਼ਖਤੀ ਵੇਗਾਰ ਦੀ
ਮੱਲ ਜਾਣੇ ਅਰ ਮਹਤਾ ਜਾਣੇ
ਟਹਲ ਕਰਾਂ ਸਰਕਾਰ ਦੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਤਲਬ ਤੇਰੇ ਦੀਦਾਰ ਦੀ।
(ਪੰਨਾ -118, ਸ਼ਾਹ ਹੁਸੈਨ ਜੀਵਨ ਤੇ ਰਚਨਾ, ਸੰਪਾ. ਡਾ.ਜਗਤਾਰ)
ਬੁੱਲੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ
ਮੰਨ ਲੈ ਬੁੱਲਿਆ ਸਾਡਾ ਕਹਿਣਾ, ਛਡ ਦੇ ਪੱਲਾ ਰਾਈਆਂ
.......
ਜੇ ਕੋਈ ਸਾਨੂੰ ਰਾਈਂ ਆਖੇ, ਬਹਿਸ਼ਤੀਂ ਪੀਂਘਾਂ ਪਾਈਆਂ
ਰਾਈਂ ਸਾਈਂ ਸਭਨੀ ਥਾਈਂ ਰੱਬ ਦੀਆਂ ਬੇਪਰਵਾਹੀਆਂ
(ਪੰਨਾ -177, ਬੁੱਲੇ ਸ਼ਾਹ ਜੀਵਨ ਤੇ ਰਚਨਾ, ਸੰਪਾ.ਡਾ. ਜਗਤਾਰ)
ਮਸਲਾ ਇੱਥੇ ਜ਼ਾਤ ਦਾ ਨਹੀਂ। ਸਾਰੇ ਹੀ ਸੂਫੀ਼ ਜ਼ਾਤ ਦੇ ਖਿ਼ਲਾਫ਼ ਹਨ। ਮੈਂ ਸਿਰਫ ਇਸ ਗੱਲ
ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਰੂਪਕੀ ਪੱਧਰ ਤੇ ਪਰਮਾਤਮਾ ਉੱਚ ਜ਼ਾਤ ਅਤੇ ਆਦਮੀ
ਨੀਵੀਂ ਜ਼ਾਤ ਬਣਕੇ ਅਸਲ ਵਿਚ ਤਾਂ ਸਮਾਜਿਕ ਪ੍ਰਬੰਧ ਦੇ ਜ਼ਾਤ ਪਾਤ ਨੂੰ ਕੇਵਲ ਪੇਸ਼ ਨਹੀਂ
ਕਰ ਰਹੇ ਸਗੋਂ ਦਰਜਾਬੰਦੀ ਨੂੰ ਪਰਵਾਨ ਰਹੇ ਹਨ।ਆਧੁਨਿਕ ਕਾਲ ਦੀ ਕਵਿਤਾ ਵਿਚ ਪਹੁੰਚਦਿਆਂ
ਦਲਿਤਾਂ ਦਾ ਬਹੁਤਾ ਕੁਝ ਨਹੀਂ ਬਣਦਾ ਸਗੋਂ ਉਨ੍ਹਾਂ ਨੂੰ ਮਾਲ ਢਾਂਡਾ ਸਾਂਭਣੇ ਨੂੰ ਛੱਡਿਆ
ਜਾਂਦਾ ਹੈ ਪਰ ਜਦੋਂ ਆਜ਼ਾਦੀ ਆਉਂਦੀ ਹੈ ਤਾਂ ਇਹ ਸ਼ਬਦ "ਕਾਮੇ" ਨਾਲ ਬਦਲ ਜਾਂਦਾ ਹੈ। ਦਲਿਤ
ਪੀੜ ਨੂੰ ਲਾਲ ਸਿੰਘ ਦਿਲ ਨੇ ਆਪਣੀ ਦਾਸਤਾਨ ਵਿਚ ਕੁਝ ਇਸ ਤਰ੍ਹਾਂ ਚਿਤਰਿਆ ਹੈ :
ਸਕੂਲ ਵਿਚ ਕੋਈ ਅਜਿਹਾ ਮਾਹੌਲ ਨਹੀਂ ਸੀ ਜਿਹੜਾ ਮੇਰੇ ਲਈ ਹੁੰਦਾ। ਉੱਥੇ ਖੇਡਾਂ, ਸਾਹਿਤਕ
ਇਕੱਠਾਂ ਆਦਿ ਵਿਚ ਜ਼ਰੂਰੀ ਤੌਰ ਤੇ ਦੂਰ ਰੱਖਿਆ ਜਾਂਦਾ, ਕੁਝ ਇਕ ਅਧਿਆਪਕ ਅਜਿਹੇ ਸਨ ਜਿਹੜੇ
ਬਰਾਬਰ ਦਾ ਸਲੂਕ ਕਰਦੇ। ਨਹੀਂ ਤਾਂ ਆਪਣੀ ਜ਼ਾਤ ਪ੍ਰਤੀ ਘਟੀਆਪਣ ਦੇ ਅਹਿਸਾਸ ਵਿਚ ਹੀ ਫਸੇ
ਰਹਿਣੇ ਲਈ ਸਕੂਲ ਦਾ ਕੋਈ ਮਤਲਬ ਸੀ....।
ਇਕ ਸ਼ਾਇਰ ਪੰਜਾਬੀ ਦੇ ਅਧਿਆਪਕ ਦੇ ਤੌਰ ਤੇ ਉਸ ਸਕੂਲ ਵਿਚ ਆਇਆ ਉਸ ਨੇ ਅਜੀਬ ਕਿਸਮ ਦੇ
ਤੁਰਲਿਆਂ ਵਾਲੇ ਸ਼ਾਇਰ ਬਣਾ ਕੇ ਅਤੇ ਅਜੀਬ ਲੜਕਿਆਂ ਦੇ ਦਾਹੜੀਆਂ ਆਦਿ ਲਗਾ ਕੇ ਅਤੇ ਅਜੀਬ
ਕਿਸਮ ਦੀਆਂ ਕਵਿਤਾਵਾਂ ਤਿਆਰ ਕਰਵਾਈਆਂ। ਇਕ ਲੜਕਾ ਅੰਮ੍ਰਿਤਾ ਪ੍ਰੀਤਮ ਬਣਾਇਆ। ਸਿੱਟੇ ਵਜੋਂ
ਮੈਂ ਕਈ ਲੜਕੇ ਹੋਰ ਚੁੱਪ ਹੋ ਗਏ। ਅੰਦਰਲਾ ਖ਼ਲੂਸ ਪੁਰਾਣੀ ਦਸ਼ਾ ਤਕ ਪਹੁੰਚ ਗਿਆ। ਇਕ
ਕਵਿਤਾ ਉਹ ਆਪਣੀ ਤਿਆਰ ਕਰਵਾ ਰਿਹਾ ਸੀ :"ਕੰਗਾਲੀ ਦੇਸ਼ੋਂ ਕੱਢਣੀ ਏਂ, ਬੇਕਾਰੀ ਦੀ ਜੜ੍ਹ
ਵੱਢਣੀ ਏਂ। ਮੈਂ ਵੀ ਉਨ੍ਹਾਂ ਤਿੰਨ ਚਾਰ ਲੜਕਿਆਂ ਵਿਚ ਸ਼ਾਮਲ ਸੀ ਜਿਹੜੇ ਇਸਦੀ ਤਿਆਰੀ ਕਰ
ਰਹੇ ਸੀ। ਪਰ ਉਸ ਨੂੰ ਜਿਸ ਮਤਲਬ ਦੀ ਇਹ ਡਿਉਟੀ ਮਿਲੀ ਸੀ, ਉਹ ਐਵੇਂ ਹੀ ਮੇਰੇ ਨੇੜੇ ਨੇੜੇ
ਆਪਣਾ ਕੰਨ ਕਰਦਾ ਰਹਿੰਦਾ। ਅਖੀਰ ਉਸ ਨੇ ਕਿਹਾ " ਇਹ ਨਹੀਂ, ਇਸ ਦੀ ਅਵਾਜ਼ ਫਟਦੀ ਹੈ।"
ਮੇਰੀ ਥਾਂ ਸੁਹਣੀ ਡੀਲ ਡੌਲ ਵਾਲਾ ਮੁੰਡਾ ਪਾ ਲਿਆ।
(ਦਾਸਤਾਨ, ਪੰਨਾ -31)
ਅਸਲ ਵਿਚ ਤਾਂ ਆਜ਼ਾਦੀ ਤੋਂ ਬਾਅਦ ਵੀ ਦਲਿਤਾਂ ਦੀ ਆਵਾਜ ਫਟਦੀ ਹੀ ਰਹੀ ਹੈ। ਇਹ ਤਾਂ ਇਕ
ਤਰ੍ਹਾਂ ਨਾਲ ਨਕਸਲਾਈਟ ਦੌਰ ਵਿਚ ਆ ਕੇ ਗੁਰਦਾਸ ਆਲਮ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ
ਵਰਗਿਆਂ ਦੇ ਆਗਮਨ ਨਾਲ ਸੁਰ ਵਿਚ ਹੋਈ ਹੈ। ਭਾਵ ਉਸ ਨੂੰ ਸਾਹਿਤ ਵਿਚ ਥਾਂ ਮਿਲਣ ਲੱਗਿਆ ਹੈ।
ਇਹ ਆਵਾਜ ਮਦਨ ਵੀਰਾ, ਜੈਪਾਲ, ਮਨਮੋਹਨ, ਬਲਬੀਰ ਮਾਧੋਪੁਰੀ, ਕੱਲਰਮਾਜਰੀ ਵਿਚ ਆ ਕੇ ਕੁਝ
ਕੁਝ ਉਗਰ ਵੀ ਹੋ ਜਾਂਦੀ ਹੈ।
ਇੱਥੇ ਹੀ ਇਕ ਹੋਰ ਮਸਲਾ ਵੀ ਵਿਚਾਰਨ ਵਾਲਾ ਹੈ। ਉਹ ਮਸਲਾ ਪੰਜਾਬੀ ਸਾਹਿਤ ਵਿਚ ਜੱਟ ਅਤੇ
ਕਿਸਾਨ ਦਾ ਹੈ। ਪੰਜਾਬੀ ਸਭਿਆਚਾਰ ਵਿਚ ਜੱਟ ਦੀ ਚੜ੍ਹਤ ਹੈ ਪਰ ਦੂਸਰੇ ਪਾਸੇ ਜੱਟ ਕਿਸਾਨ,
ਖੁਦਕਸ਼ੀ ਕਰ ਰਿਹਾ ਹੈ। ਅਸਲ ਵਿਚ ਤਾਂ ਆਧੁਨਿਕ ਸਾਹਿਤ ਵਿਚ ਖ਼ਾਸ ਕਰਕੇ ਕਵਿਤਾ ਵਿਚ ਜਦੋਂ
ਅਸੀਂ ਪੰਜਾਬੀ ਜੱਟ ਕਿਸਾਨ ਬਾਰੇ ਮੁਢਲੀਆਂ ਕਵਿਤਾਵਾਂ ਵੇਖਦੇ ਹਾਂ ਤਾਂ ਉੱਥੇ ਧਨੀ ਰਾਮ
ਚਾਤ੍ਰਿਕ, ਪੂਰਨ ਸਿੰਘ ਅਤੇ ਮੋਹਨ ਸਿੰਘ ਆਦਿ ਵਿਚ ਜੱਟ ਦਾ ਗਲੋਰੀਫਾਈ ਰੂਪ ਪੇਸ਼ ਹੋਇਆ ਹੈ
ਜਦੋਂ ਕਿ ਉਸ ਦੀ ਅਸਲ ਸਥਿਤੀ ਪਾਸ਼ ਦੀ ਕਵਿਤਾ ਨਾਲ ਸਾਹਮਣੇ ਆਉਂਦੀ ਹੈ।
ਮੈ ਜੱਟਾਂ ਦੇ ਸਾਧ ਹੋਣ ਤੋਂ ਉਰੇ ਦਾ ਸਫਰ ਹਾਂ
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ
ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ
ਤੇ ਮੇਰੀ ਕਲਪਨਾ ਉਸ ਲੁਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ
ਜੋ ਬੇਰਹਿਮ ਅਸਮਾਨ ਤੇ ਖਿਝਿਆ ਰਹੇ
ਇਕ ਹਵਾ ਦੇ ਬੁੱਲੇ ਲਈ
ਜੀਹਦੇ ਹੱਥ ਵਿਚਲੇ ਚੳੂ ਦਾ ਫਾਲ਼ਾ
ਕਦੀ ਤਲਵਾਰ ਬਣ ਜਾਵੇ
ਕਦੀ ਪੱਠਿਆਂ ਦੀ ਪੰਡ ਰਹਿ ਜਾਵੇ
ਮੈਂ ਹੁਣੇ ਤੁਹਾਡੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ
ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉੱਂਗਲਾਂ ਚੋਂ ਸਿੰਮਦਾ ਰਾਗ ਹਾਂ ਕੇਵਲ
ਮੇਰੇ ਕੋਲ ਉਸ ਸੁਹਜ ਦੀ ਸੁਪਨ ਸੀਮਾ ਤੋਂ ਉਰੇ
ਹਾਲੇ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ ਤੇ ਛਾਈ
ਕਿਸੇ ਸੀਰੀ ਦੇ ਕਾਲੇ ਸ਼ਾਹ ਬੁੱਲਾਂ ਜਿਹੀ ਰਾਤ ਦੀ ਹੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪ ਦੇ
ਧੁੱਪ ਨਾਲ ਲੂਸੇ ਮੌਰਾਂ ਉੱਤੇ ਉਕਰਿਆ ਹੈ
ਜਾਂ ਆਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸੁਆਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ਚ ਰੁੜ ਜਾਂਦੀ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
ਅੰਗਰੇਜ਼ ਸਰਕਾਰ ਵਿਰੋਧੀ ਸਾਹਿਤ ਨੰੂ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿਚ ਬਣਦੀ ਥਾਂ ਨਹੀਂ
ਦਿੱਤੀ ਗਈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਇਸ ਨੰੂ
ਸਾਹਿਤ ਦੇ ਇਤਿਹਾਸਾਂ ਵਿਚ ਥਾਂ ਮਿਲਣੀ ਸੀ ਅਤੇ ਸਿਲੇਬਸਾਂ ਵਿਚ ਲਗਾਏ ਜਾਣੇ ਸਨ ਪਰ ਆਜ਼ਾਦ
ਭਾਰਤ ਦੀਆਂ ਸਰਕਾਰਾਂ ਨੇ ਵੀ ਇਸ ਵਿਚਾਰਧਾਰਾ ਨੂੰ ਆਪਣੇ ਲਈ ਖਤਰਾ ਸਮਝ ਕੇ ਦਬਾਇਆ ਜਾਪਦਾ
ਹੈ। ਗਦਰ ਲਹਿਰ ਦੀ ਕਵਿਤਾ ਜਿਸ ਨੂੰ ਗਦਰ ਲਹਿਰ ਦੇ ਖੋਜੀ ਕੇਸਰ ਸਿੰਘ ਨਾਵਲਕਾਰ ਨੇ
ਸੰਗ੍ਰਹਿਤ ਕੀਤਾ ਹੈ, ਦੀ ਭੂਮਿਕਾ ਵਿਚ ਪ੍ਰਸਿੱਧ ਆਲੋਚਕ ਡਾ.ਕੇਸਰ ਸਿੰਘ ਕੇਸਰ ਇਸੇ ਤੱਥ
ਬਾਰੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਹਵਾਲੇ ਨਾਲ ਲਿਖਦੇ ਹਨ ਕਿ ਭਗਤ ਸਿੰਘ ਨੇ ਕਿਰਤੀ
ਰਿਸਾਲੇ ਵਿਚ ਲਿਖਿਆ ਸੀ ਕਿ ਇਸ ਜੰਗ (1857) ਦੇ ਨਾਕਾਮਯਾਬ ਹੋਣ ਤੇ ਜਿਹੜਾ ਜੁਲਮ ਅਤੇ
ਅਤਿਆਚਾਰ ਬੇਗੁਨਾਹ ਹਿੰਦੁਸਤਾਨੀਆਂ ਤੇ ਢਾਹਿਆ ਗਿਆ ਹੈ, ਉਹ ਲਿਖਣ ਲਈ ਨਾ ਤਾਂ ਸਾਡੇ ਵਿਚ
ਹੌਂਸਲਾ ਹੈ ਅਤੇ ਨਾ ਕਿਸੇ ਹੋਰ ਵਿਚ ਹੀ। ਇਹ ਸਭ ਕੁਝ ਹਿੰਦੁਸਤਾਨ ਦੇ ਆਜ਼ਾਦ ਹੋਣ ਤੇ
ਲਿਖਿਆ ਜਾਵੇਗਾ। ਦੁੱਖ ਦੀ ਗੱਲ ਹੈ ਕਿ ਇਹ ਹਿੰਦੁਸਤਾਨ ਦੇ ਆਜ਼ਾਦ ਹੋਣ ਤੇ ਵੀ ਲਿਖਿਆ ਨਹੀਂ
ਗਿਆ। ਹੁਣ ਸਮਾਂ ਆ ਗਿਆ ਹੈ ਕਿ ਬਸਤੀਵਾਦੀ ਦੌਰ ਤੇ ਇਤਿਹਾਸ ਦਾ ਪੁਨਰ-ਲੇਖਣ ਕੀਤਾ ਜਾਵੇ
ਅਤੇ ਉਸ ਸਮੇਂ ਦੀਆਂ ਸਭਿਆਚਾਰਕ ਪ੍ਰਾਪਤੀਆਂ ਖਾਸ ਕਰਕੇ ਸਾਹਿਤ ਨੂੰ ਬਣਦੀ ਥਾਂ ਦਿੱਤੀ
ਜਾਵੇ। ਇਸ ਪਰਸੰਗ ਵਿਚ ਦੇਸ਼ ਦੇ ਗੁ਼ਲਾਮ ਹੋ ਜਾਣ ਤੋਂ ਲੈ ਕੇ ਆਜ਼ਾਦ ਹੋ ਜਾਣ ਤਕ ਦੇ ਸਮੇਂ
ਦੀ ਸਾਰੀ ਹੀ ਅੰਗਰੇਜ਼ ਸਰਕਾਰ ਵਿਰੋਧੀ ਸੰਘਰਸ਼ਾਂ ਦੀ ਕਵਿਤਾ ਇਕੋ ਹੀ ਲੜੀ ਦੇ ਅੱਡ ਅੱਡ
ਮਣਕੇ ਹਨ। ਸਾਮਰਾਜ ਵਿਰੋਧੀ ਕਵਿਤਾ ਵਿਚ ਬੱਬਰਾਂ ਦੀ, ਗਦਰੀ ਬਾਬਿਆਂ ਦੀ, ਦੇਸ਼ ਭਗਤ ਸਟੇਜੀ
ਕਵੀਆਂ ਦੀ ਬਹੁਤ ਸਾਰੀ ਕਵਿਤਾ ਸੀ ਜਿਨ੍ਹਾਂ ਉਪਰ ਪਾਬੰਦੀਆਂ ਲਗਾਈਆਂ ਗਈਆਂ, ਜ਼ਬਤ ਕੀਤੀ ਗਈ
ਅਤੇ ਕਵੀਆਂ ਨੂੰ ਸਜਾਵਾਂ ਦਿੱਤੀਆਂ ਗਈਆਂ। ਇਹ ਕਵਿਤਾ ਨੂੰ ਅਕਾਦਮਿਕ ਹਲਕਿਆਂ ਵਿਚ ਵਿਚਾਰਾਂ
ਪੱਖੋਂ ਪਰਚਾਰਾਤਮਿਕ ਅਤੇ ਕਲਾਤਮਿਕ ਪੱਖੋਂ ਪਰੰਪਰਿਕ ਆਖ ਕੇ ਛੱਡਿਆ ਅਤੇ ਦਬਾਇਆ ਗਿਆ ਹੈ।
ਹੁਣ ਪਿਛਲੇ ਕੁਝ ਸਮੇਂ ਤੋਂ ਉੱਤਰ ਬਸਤੀਵਾਦੀ ਚਿੰਤਨ ਦੇ ਪ੍ਰਸੰਗ ਵਿਚ ਜ਼ਰੂਰ ਇਨ੍ਹਾਂ
ਰਚਨਾਵਾਂ ਨੂੰ ਕਿਤੇ ਕਤਾਈਂ ਥਾਂ ਮਿਲਣੀ ਸ਼ੁਰੂ ਹੋਈ ਹੈ।
ਸੋ ਅਸਲ ਵਿਚ ਪੰਜਾਬੀ ਸਾਹਿਤ ਇਤਿਹਾਸ ਵਿਚ ਹਾਸ਼ੀਅਗਤ ਦਾ ਮਸਲਾ ਕਈ ਪੱਧਰਾਂ ਤੇ ਵਿਚਾਰਨ
ਵਾਲਾ ਹੈ। ਇਹ ਭਾਸ਼ਾ ਪੱਖੋਂ ਵੀ ਵਿਚਾਰਨ ਵਾਲਾ ਹੈ, ਇਹ ਲਿੰਗ ਪੱਖੋਂ ਵੀ ਵਿਚਾਰਨ ਵਾਲਾ
ਹੈ, ਇਹ ਜ਼ਾਤ ਪੱਖੋਂ ਵੀ ਵਿਚਾਰਨ ਵਾਲਾ ਹੈ, ਇਹ ਸੱਤਾਧਾਰੀ ਧਿਰਾਂ ਵੱਲੋਂ ਵੀ ਦੂਸਰਿਆਂ
ਨੂੰ ਦਬਾਉਣ ਵਜੋਂ ਵੀ ਵਿਚਾਰਿਆ ਜਾਣਾ ਬਣਦਾ ਹੈ। ਅਜੇ ਵੀ ਬਹੁਤ ਅਜਿਹੇ ਵਰਗ ਪਿੱਛੇ ਹਨ
ਜਿਨ੍ਹਾਂ ਦੀ ਆਵਾਜ ਕਿਤੇ ਨਹੀਂ ਹੈ। ਉਹ ਅੱਜ ਦੇ ਪੰਜਾਬ ਦੀ ਤੀਹ ਪ੍ਰਤੀਸ਼ਤ ਅਨਪੜ੍ਹ ਲੋਕਾਈ
ਹੈ। ਉਹ ਕੁੱਲ ਲੋਕਾਈ ਦੀ ਪੰਜਾਹ ਪ੍ਰਤੀਸ਼ਤ ਦਬਾਈ ਔਰਤ ਹੈ। ਇਹ ਕੁੱਲ ਵਸੋਂ ਦੀ ਦਲਿਤ ਵਸੋਂ
ਹੈ। ਇਹ ਰਾਜਸੱਤਾ ਨੂੰ ਨਾ ਮੰਨਣ ਵਾਲੇ ਸ਼ਕਤੀਹੀਣ ਵਿਅਕਤੀਆਂ ਦਾ ਪ੍ਰਵਚਨ ਹੈ। ਕੁਝ ਸਾਹਿਤ
ਰੂਪ ਵੀ ਹਾਸ਼ੀਅਗਤ ਹਨ। ਕੁਝ ਅਜੀਬ ਸਥਿਤੀ ਇਹ ਵੀ ਹੈ ਕਿ ਪੰਜਾਬ ਵਿਚ ਆਏ ਪਰਵਾਸੀਆਂ ਦੀ
ਅਜੇ ਗੌਲਣਯੋਗ ਆਵਾਜ ਨਹੀਂ ਹੈ ਪਰ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀਆਂ ਦੀ ਆਵਾਜ ਬੜੀ
ਪ੍ਰਬਲ ਹੈ। ਉਹ ਉੱਥੇ ਭਾਵੇਂ ਦੁਜੈਲੇ ਦਰਜੇ ਤੇ ਹਨ ਪਰ ਪੰਜਾਬ ਦੀ ਸਾਹਿਤਕ ਆਰਥਿਕਤਾ ਵਿਚ
ਉਨ੍ਹਾਂ ਦਾ ਦਰਜਾ ਉਚੇਰਾ ਹੈ। ਇਸ ਪਰਚੇ ਦਾ ਮੰਤਵ ਸਿਰਫ ਐਨਾ ਹੈ ਕਿ ਪੰਜਾਬੀ ਵਿਚ
ਹਾਸ਼ੀਅਗਤ ਦਾ ਮਸਲਾ ਕਈ ਪੱਖਾਂ ਤੋਂ ਮੁੜ ਮੁੜ ਵਿਚਾਰਨ ਵਾਲਾ ਹੈ। ਸਮਕਾਲੀ ਯਥਾਰਥ ਬਹੁਤ
ਜਟਿਲ ਹੈ, ਇਸ ਵਿਚ ਸੱਚਮੁਚ ਦੇ ਹਾਸ਼ੀਅਗਤ ਸਮੂਹਾਂ ਦੀ ਨਿਸ਼ਾਨਦੇਹੀ ਕਰਨੀ ਮੁਸ਼ਕਲ ਹੈ
ਕਿਉਂਕਿ ਹਰ ਹਾਸ਼ੀਅਗਤ ਸਮੂਹ ਅੱਗੋਂ ਵੀ ਤਾਕਤ ਦੀ ਦਰਜਾਬੰਦੀ ਵਿਚ ਵੰਡਿਆ ਹੋਇਆ ਹੈ।
ਉਦਾਹਰਨ ਵਜੋਂ ਇਕ ਪਾਸੇ ਤਾਂ ਦਲਿਤ ਇਕ ਸਮੂਹ ਵਜੋਂ ਹਾਸ਼ੀਅਗਤ ਹੈ ਪਰ ਦੂਜੇ ਪਾਸੇ ਦਲਿਤਾਂ
ਅੰਦਰ ਹੀ ਇਕ ਅਜਿਹਾ ਸਮੂਹ ਵਿਕਸਿਤ ਹੋ ਚੁਕਿਆ ਹੈ, ਜੋ ਨਾ ਕੇਵਲ ਸਮੂਹ ਅੰਦਰ ਹੀ ਤਾਕਤਵਰ
ਹੈ ਸਗੋਂ ਕਈ ਪ੍ਰਸੰਗਾਂ ਵਿਚ ਕੇਂਦਰੀ ਸਮਝੇ ਜਾਂਦੇ ਸਮੂਹ ਤੋਂ ਵੀ ਸ਼ਕਤੀਸ਼ਾਲੀ ਹੈ। ਇਸੇ
ਪ੍ਰਕਾਰ ਕਈ ਘੱਟ ਗਿਣਤੀ ਧਾਰਮਿਕ ਸਮੂਹ ਆਪਣੀ ਹੀ ਕਿਸਮ ਦੀ ਤਾਕਤ ਰੱਖਦੇ ਹਨ। ਇਨ੍ਹਾਂ
ਹਾਸ਼ੀਅਗਤ ਸਮੂਹਾਂ ਦੀ ਕਲਾ/ਸਾਹਿਤ ਵਿਚ ਪੇਸ਼ਕਾਰੀ ਹੋਰ ਵੀ ਗੁੰਝਲਦਾਰ ਹੈ, ਕਿਉਂਕਿ ਅਸਲ
ਵਿਚ ਇਨ੍ਹਾਂ ਦੀ ਪ੍ਰਤੀਨਿਧਤਾ ਉਹ ਕਰ ਰਹੇ ਹਨ, ਜੋ ਆਪਣੇ ਹਾਸ਼ੀਅਗਤ ਸਮੂਹ ਵਿਚ ਨਿਕਲਕੇ
ਕੇਂਦਰ ਵਿਚ ਆ ਚੁੱਕੇ ਹਨ। ਉਹ ਸਿਰਫ਼ ਅਤੀਤ ਦਾ ਰੁਦਨ ਕਰ ਰਹੇ ਹਨ, ਇਸ ਨਾਲ ਉਹ ਤਾਕਤ
ਗ੍ਰਹਿਣ ਕਰਦੇ ਹਨ, ਵਾਸਤਵ ਵਿਚ ਉਹ ਜਿਸ ਸਮੂਹ ਦੀ ਪ੍ਰਤਿਨਿਧਤਾ ਦਾ ਦਾਅਵਾ ਕਰਦੇ ਹਨ, ਉਹ
ਉਸ ਨੂੰ ਸਮੂਹ ਛੱਡ ਚੁੱਕੇ ਹਨ।
ਪੋ੍ ਅਤੇ ਮੁਖੀ,
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
-0-
|