ਚਾਚਾ ਜਗੀਰਾ ਸ਼ਰੀਕੇ ਚੋਂ
ਮੇਰਾ ਚਾਚਾ ਲੱਗਦਾ ਸੀ। ਫੌਜ ਵਿੱਚ ਡਰਾਇਵਰੀ ਕਰਨ ਤੋਂ ਉਹ ਥੋੜ੍ਹੀ ਜਿਹੇ ਸਮੇਂ ਤੋਂ ਪਿੱਛੋਂ
ਹੀ ਨਾਮ ਕਟਵਾ ਕੇ ਘਰ ਆ ਗਿਆ ਸੀ,ਅਤੇ ਆ ਕੇ ਲਾਹੌਰ ਕਿਸੇ ਸੇਠ ਦੀ ਨੌਕਰੀ ਕਰਨ ਲੱਗ ਪਿਆ
ਸੀ,।ਪਰ ਦੇਸ਼ ਦੀ ਵੰਡ ਤੋਂ ਬਾਅਦ ਨਾਗ ਪੁਰ, ਕਦੇ ਕਾਨ੍ਹ ਪੁਰ ਵਿੱਚ ਟਰੱਕ ਡਰਾਈਵਰੀ ਕਰਦਾ
ਹੁੰਦਾ ਸੀ।ਉੱਚਾ ਲੰਮਾ ਕੱਦ,ਚੌੜਾ ਚੱਘਰਾ ਗੋਲ ਨੈਣ ਨਕਸ਼ਾਂ ਵਾਲਾ ਚਿਹਰਾ,ਗੋਰਾ ਰੰਗ ,ਮੱਥੇ
ਤੇ ਖੁਣਿਆ ਚੰਦ,ਪਾਣ ਨਾਲ ਰੰਗੇ, ਮੇਖਾਂ ਵਾਲੇ ਲਾਲ ਹੋਏ ਦੰਦ, ਉੱਸ ਦੇ ਰੰਗ ਨਾਲ ਮਿਲਦੇ
ਰੰਗ ਦੀ ਲਸੂੜੀ ਰੰਗੀ ਪਿੱਛੇ ਲੜ ਛੱਡ ਕੇ ਟਰੱਕ ਡਰਾਈਵਰਾਂ ਵਾਲੀ ਪੱਗ,ਗੋਲ ਗਲੇ ਵਾਲਾ ਕੁਰਤਾ,
ਤੇੜ ਡੱਬੀਆਂ ਵਾਲ ਚਾਦਰਾ,ਪੈਰੀ ਲਿਸ਼ਕਵੀ ਗੁਰਗਾਬੀ,ਇਹ ਉੱਸ ਦਾ ਲੱਗ ਪਗ ਪੱਕਾ ਹੀ ਪਹਿਰਾਵਾ
ਸੀ। ਗੱਲੇ 2 ਮਾਂਈਂ , ਭੈਂਈ, ਕਰਨ ਦੀ ਆਦਤ ਦੇ ਨਾਲ ਉਹ ਬੜੇ ਹੀ ਮਨਚਲੇ ਸੁਭਾ ਦਾ ਸੀ। ਦਾਰੂ
ਪੀਤੇ ਬਿਨਾਂ ਰਹਿਣਾ ਖੌਰੇ ਉੱਸ ਲਈ ਮੁਸ਼ਕਿਲ ਨਹੀਂ ਸਗੋਂ ਅਸੰਭਵ ਵੀ ਸੀ।ਉਨ੍ਹਾਂ ਦਿਨਾਂ
ਵਿੱਚ ਸਾਈਕਲ ਵੀ ਕਿਸੇ ਵਿਰਲੇ ਵਿਰਲੇ ਕੋਲ ਹੀ ਹੁੰਦਾ ਸੀ।ਪਰ ਚਾਚੇ ਜਗੀਰੇ ਕੋਲ ਨਵਾਂ
ਲਿਸ਼ਕਦਾ ਸਾਈਕਲ ਹੁੰਦਾ ਸੀ। ਸਾਈਕਲ ਤੇ ਗੁਰਗਾਬੀ ਨੂੰ ਉਹ ਮਿੱਟੀ ਘੱਟਾ ਨਹੀਂ ਲੱਗਣ ਦਿੰਦਾ
ਸੀ।ਜਿਥੇ ਵੀ ਜ਼ਰਾ ਜਿੰਨੀ ਵਿਹਲ ਮਿਲਦੀ ਉਹ ਸਾਈਕਲ ਦੀ ਕਾਠੀ ਵਿੱਚ ਅੜੁੰਗੀ ਹੋਈ ਟਾਕੀ ਨਾਲ
ਉਹ ਪਹਿਲਾਂ ਸਾਈਕਲ ਫਿਰ ਗੁਰਗਾਬੀ ਤੋਂ ਮਿੱਟੀ ਘੱਟਾ ਸਾਫ ਕਰਨਾ ਨਾ ਭੁੱਲਦਾ, ਟਰੱਕ
ਚਲਾਉਂਦਿਆਂ ਕਿਸੇ ਐਕਸੀ ਡੈਂਟ ਵਿੱਚ ਸੱਟ ਲੱਗਣ ਕਰਕੇ ਉੱਸ ਦੀ ਇੱਕ ਲੱਤ ਥੋੜ੍ਹੀ ਜਿਹੀ ਛੋਟੀ
ਹੋਣ ਕਰਕੇ ਥੋੜਾ ਜਿਹਾ ਲੰਗੜਾ ਕੇ ਚਲਦਾ ਸੀ,ਪਰ ਉਸ ਦੀ ਇਹ ਚਾਲ ਵੀ ਉੱਸ ਨੂੰ ਵਾਹਵਾ ਜਚਦੀ
ਸੀ।ਸਹੁਰਿਆਂ ਦੇ ਘਰ ਬਹੁਤਾ ਸਮਾ ਰਹਿਣ ਕਰਕੇ ਉੱਸ ਨੂੰ ਸਾਰੇ ਜੀਜਾ ਜਗੀਰਾ ਕਿਹੰਦੇ ਸਨ,ਅਤੇ
ਜੇ ਕਿਤੇ ਸ਼ਰਾਬੀ ਹਾਲਤ ਵਿੱਚ ਉਹ ਕਿਸੇ ਨੂੰ ਵੱਧ ਘੱਟ ਬੋਲ ਵੀ ਦਿੰਦਾ ਤਾਂ ਪਿੰਡ ਦੇ ਲੋਕ
ਉੱਸ ਨੂੰ ਪਿੰਡ ਦਾ ਜੁਆਈ ਭਾਈ ਸਮਝ ਕੇ ਗੁੱਸਾ ਘੱਟ ਹੀ ਕਰਦੇ ਸਨ। ਜੇ ਕਿਤੇ ਕਿਸੇ ਨਾਲ ਵਾਧੀ
ਘਾਟੀ ਹੋ ਜਾਂਦੀ ਤਾਂ ਉਹ ਦੂਜੇ ਦਿਨ ਹੀ ਸੱਭ ਕੁੱਝ ਭੁੱਲ ਜਾਂਦਾ।
ਮੇਰੇ ਨਾਨਕਿਆਂ ਦੇ ਪਿੰਡ ਉੱਸ ਦੇ ਸਹੁਰੇ ਸਨ, ਉੱਸ ਦਾ ਪ੍ਰਿਵਾਰ ਵੀ ਬਹੁਤਾ ਨਾਨਕੇ ਘਰ ਹੀ
ਰਹਿੰਦਾ ਸੀ। ਇਹ ਗੱਲ ਦੇਸ਼ ਦੀ ਵੰਡ ਤੋਂ ਥੋੜ੍ਹੇ ਸਮੇਂ ਬਾਅਦ ਦੀ ਹੈ, ਜਦੋਂ ਬਹੁਤੇ ਲੋਕ ਅਜੇ
ਕਿਸੇ ਪੱਕੇ ਟਿਕਾਣੇ ਨਹੀਂ ਲੱਗ ਸਕੇ ਸਨ।ਜਦੋਂ ਵੀ ਉਹ ਛੁੱਟੀ ਆਉਂਦਾ ਉੱਸ ਦੀ ਨੌਕਰੀ ਪੱਕੀ
ਨਾ ਹੋਣ ਕਰਕੇ ਕਈ 2 ਦਿਨ ਉਹ ਸਹੁਰੇ ਘਰ ਹੀ ਰਹਿੰਦਾ ਸੀ। ਇੱਸ ਪਿੰਡ ਤੋਂ ਥੋੜ੍ਹੀ ਦੂਰ
ਅੱਪਰ ਬਾਰੀ ਦੁਆਬ ਦੀਆਂ ਦੁਸਾਂਘੜ ਜਿਹੀ ਬਨਾਉਂਦੀਆਂ ਦੋ ਨਹਿਰਾਂ ਬਣਦੀਆਂ ਹਨ, ਵਿੱਚ ਤਿਕੋਣਾ
ਜਿਹਾ ਪਾਰਕ ਹੈ ਦੋਹਵਾਂ ਨਹਿਰਾਂ ਤੇ ਲੰਘਦੀ ਸੜਕ ਤੇ ਦੋਹਵਾਂ ਨਹਿਰਾਂ ਤੇ ਦੋ ਪੁਲ ਹਨ, ਨਾਲ
ਹੀ ਨਹਿਰੀ ਵਿਸ਼ਰਾਮ ਘਰ ਵੀ ਹੈ,ਜਿੱਸ ਵਿੱਚ ਵੱਡੇ ਪੁਰਾਣੇ ਛਾਂ ਦਾਰ ਰੁੱਖ ਹਨ, ਪਾਰਕ ਵਿੱਚ
ਸਾਰਾ ਦਿਨ ਬੜੀ ਰੌਣਕ ਲੱਗੀ ਰਹਿਂਦੀ ਹੈ। ਪੁਲ ਦੇ ਨਾਲ ਹੀ ਸੜਕ ਦੇ ਕਿਨਾਰੇ ਹਲਵਾਈਆਂ ਦੀਆਂ
,ਕਰਿਆਨੇ ਦੀਆਂ,ਫਲਾਂ ਦੀਆਂ ਦੁਕਾਨਾਂ ਦੇ ਇਲਾਵਾ ਹੋਟਲ ਅਤੇ ਮੱਛੀ ਵਾਲੇ ਪਕੌੜਿਆਂ ਦੀਆਂ
ਰੇੜ੍ਹੀਆਂ ਦੇ ਇਲਾਵਾ ਸ਼ਰਾਬ ਦਾ ਠੇਕਾ ਵੀ ਹੈ। ਜਿੱਸ ਦੇ ਨਾਲ ਹੀ ਨਹਿਰੀ ਵਿਭਾਗ ਦੀ ਕਾਲੋਨੀ
ਹੈ।ਇਹ ਅਸਥਾਨ ਤਿਬੜੀ ਪੁਲ ਕਰਕੇ ਜਾਣਿਆ ਜਾਂਦਾ ਹੈ।ਜਿੱਸ ਦੇ ਪਾਰਕ ਵਿੱਚ ਅਤੇ ਆਲੇ ਦੁਆਲੇ
ਵੱਡੇ 2 ਛਾਂ ਦਾਰ ਰੁੱਖ ਹਨ। ਪੁਲ ਦੇ ਨਾਲ ਹੀ ਸੜਕ ਕਿਨਾਰੇ ਨਹਿਰ ਦੇ ਕੰਢੇ ਇੱਕ ਵੱਡਾ
ਪੁਰਾਣਾ ਬੋਹੜ ਦਾ ਛਾਂ ਦਾਰ ਰੁੱਖ ਹੈ। ਜਿਸ ਦੀਆਂ ਟਹਿਣੀਆਂ ਤੇ ਕਈ ਵੰਨੀਂ 2 ਦੇ ਕਲੋਲਾਂ
ਕਰਦੇ ਵੱਖ 2 ਆਵਾਜ਼ਾਂ ਵਿੱਚ ਆਪਣੇ 2 ਰਾਗ ਅਲਾਪਦੇ ਪੰਛੀ ਬੈਠੇ ਰਹਿੰਦੇ ਹਨ , ਹੇਠਾਂ ਟੋਲਿਆਂ
ਵਿੱਚ ਬਹਿਕੇ ਤਾਸ਼ ਖੇਡਦੀ ਕੋਈ ਨਾ ਕੋਈ ਟੋਲੀ ਵੀ ਹੁੰਦੀ, ਕੋਈ ਲੋਕੀਂ ਬੋਹੜ ਦੇ ਵੱਡੇ ਮੁੱਢ
ਦੁਆਲੇ ਬਣੇ ਗੋਲ ਥੜ੍ਹੇ ਤੇ ਬੈਠੇ ਗੱਪਾਂ ਮਾਰਦੇ ਦੁਪਹਿਰ ਕੱਟਣ ਆ ਜਾਂਦੇ ਹਨ ।ਠੰਡੀ ਛਾਂਵੇਂ
ਬੈਠੇ ਤਾਸ਼ ਖੇਡਣ ਵਾਲੇ ਟੋਲੇ ਵੀ ਕਦੀ ਆਪਣਾ ਸਮਾਂ ਨਹੀਂ ਖੁੰਝਣ ਦਿੰਦੇ,ਜਿੱਨ੍ਹਾਂ ਵਿੱਚ
ਚਾਚਾ ਜਗੀਰਾ ਜ਼ਰੂਰ ਹੁੰਦਾ। ਅਤੇ ਰੌਲਾ ਰੱਪਾ ਰਲਾ ਮਾਰਨਾ,ਤਾਸ਼ ਦੀ ਬਾਜ਼ੀ ਵਿੱਚ ਜਿੱਤਣ ਤੇ
ਬੋਤਲ ਲਿਆਉਣ ਦੀ ਸ਼ਰਤ ਲਾਉਣ ਵਿੱਚ ਵੀ ਚਾਚਾ ਜ਼ਰੂਰ ਹੁੰਦਾ ਅਤੇ ਕਿਸੇ ਨਾ ਕੋਈ ਨਾਲ ਕੋਈ ਪੰਗਾ
ਲੈ ਕੇ ਸ਼ਰਾਬੀ ਹਾਲਤ ਵਿੱਚ ਗਾਲ੍ਹਾਂ ਕੱਢਦਾ ਘਰ ਪਤਣਤਾਉੱਸ ਦਾ ਨਿੱਤ ਦਾ ਕੰਮ ਸੀ, ਘਰ
ਵੜ੍ਹਦੇ ਗਾਲ੍ਹਾਂ ਕੱਢਦੇ ਘਰ ਵੜਦੇ ਨੂੰ ਵੇਖ ਕੇ ਚਾਚੀ ਸਵਰਨੀ ਖਪਦੀ ਖਿੱਝ੍ਹਦੀ, ਪਰ ਚਾਚੇ
ਤੇ ਕੋਈ ਅਸਰ ਨਾ ਹੁੰਦਾ ਵੇਖ ਉਹ ਵਿਚਾਰੀ ਹਾਰ ਹੰਭ ਕੇ ਅਤੇ ਉੱਸ ਦਾ ਰੋਜ਼ ਦਾ ਹੀ ਕੰਮ ਵੇਖ
ਕੇ ਚੁੱਪ ਕਰ ਜਾਂਦੀ। ਦੂਜੇ ਦਿਨ ਚਾਚਾ ਤੁ ਉੱਸ ਦੇ ਯਾਰ ਫਿਰ ਚੰਗੇ ਭਲੇ ਉਸੇ ਤਾਸ਼ ਦੇ ਟੋਲੇ
ਵਿੱਚ ਬੈਠੇ ਇੱਸ ਤਰ੍ਹਾਂ ਤਾਸ਼ ਖੇਡਦੇ ਹੁੰਦੇ ਜਿਵੇਂ ਕੱਲ ਕੋਈ ਗੱਲ ਹੀ ਨਹੀਂ ਹੋਈ ਹੁੰਦੀ ।
ਤਿੱਬੜੀ ਨਹਿਰ ਦੇ ਪੁਲ ਜਿੱਨ੍ਹਾਂ ਹੇਠੌਂ ਇਹ ਦੋਵੇਂ ਨਹਿਰਾਂ ਲੰਘਦੀਆਂ ਹਨ ਰਾਵੀ ਨਦੀ ਦੇ
ਬਰਫਾਨੀ ਪਾਣੀ ਹੋਣ ਕਰਕੇ ਇਨ੍ਹਾਂ ਦੇ ਠੰਡੇ ਠਾਰ ਪਾਣੀ ਵਿੱਚ ਗਰਮੀਆਂ ਦੀ ਰੁੱਤੇ ਨਹਾਉਣ ਦਾ
ਮਜ਼ਾ ਵੀ ਵੱਖਰਾ ਹੀ ਹੁੰਦਾ ਹੈ। ਚਾਚੇ ਨੂੰ ਤਰਨਾ ਵੀ ਖੂਬ ਆਉਂਦਾ ਸੀ,ਤਰਨ ਦੇ ਕਈ ਤਰੀਕੇ,
ਜਿਵੇ ਪੁੱਠੀ ਤਾਰੀ, ਮੱਛੀ ਤਾਰੀ,ਡੁਬਕੀ ਤਾਰੀ,ਮੁਰਦਾ ਤਾਰੀ ,ਬਹੁਤੀ ਉੱਚੀ ਥਾਂ ਤੋਂ ਖਲੋ
ਕੇ ਛਾਲ ਮਾਰ ਕੇ ਕਈ ਵਾਰ ਨਹਿਰ ਕਈ ਵਾਰ ਆਰ ਪਾਰ ਕਰਨਾ ਚਾਚੇ ਦਾ ਸ਼ੌਕ ਸੀ। ਅਤੇ ਹੋਰ ਕਈ
ਕਿਸਮ ਦੀਆਂ ਤਾਰੀਆਂ ਦਾ ਉਹ ਮਾਹਰ ਸੀ।ਕੰਢੇ ਤੇ ਖਲੋਤੇ ਹੋਏ ਵੇਖਦੇ ਕਈ ਲੋਕ ਉੱਸ ਨੂੰ” ਵਾਹ
ਉਏ ਜਗੀਰਿਆ,ਕਮਾਲ ਹੈ ਪਈ ਕਮਾਲ ਏ” ਕਹਿਕੇ ਉੱਸ ਦਾ ਹੌਸਲਾ ਵਧਾਉਂਦੇ। ਇੱਕ ਦਿਨ ਚਾਂਭਲੇ
ਹੋਏ ਨੇ ਵੱਡੀ ਨਹਿਰ ਦੇ ਦਰਾਂ ਵਾਲੇ ਪੁਲ ਤੇ ਖਲੋ ਕੇ ਛਾਲ ਮਾਰ ਦਿੱਤੀ, ਲੋਕ ਵੇਖ ਕੇ ਦੌੜੇ
ਆਏ ਸਾਰੇ ਕਹਿ ਰਹੇ ਸਨ ਸਾਲਾ ਭੂਇਂ ਹੀ ਬੜਾ ਚੜ੍ਹਿਆ ਹੋਇਆ ਸੀ,ਹੁਣ ਨਹੀਂ ਮੁੜਦਾ ਸਿੱਧਾ
ਲਾਹੌਰ ਹੀ ਹੁਣ ਜਾਏ ਗਾ।ਪਰ ਉੱਸ ਦੀ ਵਧੀ ਹੋਈ ਨੂੰ ਉਹ ਕੁੱਝ ਅੱਗੇ ਜਾ ਕੇ ਬੱਚ ਕੇ ਤਰਦਾ
ਹੋਇਆ ਬੰਨੇ ਲੱਗ ਹੀ ਗਿਆ, ਲੋਕ ਉੱਸ ਮਨ ਚਲੇ ਦਾ ਇਹ ਨਜ਼ਾਰਾ ਵੇਖ ਕੇ ਵੇਖਣ ਵਾਲੇ ਹੈਰਾਨ ਰਹਿ
ਗਏ।ਕਈਆਂ ਪਿੰਡ ਜਾ ਕੇ ਚਾਚੀ ਨੂੰ ਜਦ ਇਹ ਗੱਲ ਦੱਸੀ ਤਾਂ ਉਹ ਦੁਖੀ ਹੋ ਕੇ ਕਹਿਣ ਲੱਗੀ ਇਹ
ਆਪ ਤਾਂ ਕਿਤੇ ਮਰੇ ਗਾ ਹੀ ਪਰ ਨਿਆਣੇ ਵੀ ਨਾਲ ਹੀ ਭੁੱਖੇ ਮਾਰੇ ਗਾ। ਖਾਸ ਕਰਕੇ ਚਾਚੇ ਦੇ
ਸਹੁਰੇ ਤਾਂ ਹੱਥ ਜੋੜਦੇ ਸਨ ਕਿ ,ਕਦੋਂ ਇਹ ਆਪਣਾ ਟੱਬਰ ਟੀਰ ਚੁੱਕ ਕੇ ਲੈ ਜਾਏ ਇਥੋਂ, ਅਤੇ
ਨਿੱਤ ਦਾ ਕਲੇਸ਼ ਮੁੱਕੇ ਕਿਉਂ ਜੋ ਕਿਸੇ ਦਾ ਕੁੱਝ ਵੀ ਕਹਿਣ ਦਾ ਅਸਰ ਚਾਚੇ ਤੇ ਹੁੰਦਾ ਈ ਨਹੀਂ
ਸੀ।
ਇੱਕ ਵਾਰ ਉੱਸ ਦੇ ਸਹੁਰਿਆਂ ਦੀ ਰੱਬ ਨੇ ਜਿਵੇਂ ਸੁਣ ਲਈ ਚਾਚਾ ਕੁੱਝ ਦਿਨਾਂ ਲਈ ਛੁੱਟੀ ਆਇਆ
ਅਤੇ ਜਾਂਦੀ ਵਾਰੀ ਆਪਣਾ ਟੱਬਰ ਟੀਰ ਨਾਗ ਪੁਰ ਜਿੱਥੇ ਉਹ ਟਰੱਕ ਡਰਾਈਵਰੀ ਕਰਦਾ ਸੀ ਨਾਲ ਹੀ
ਲੈ ਗਿਆ। ਚਾਚੀ ਬਥੇਰੀ ਨਾਂਹ ਨੁੱਕਰ ਕਰੇ ਕਿਉਂ ਜੋ ਉਥੇ ਤਾਂ ਜਦੋਂ ਕਿਤੇ ਘਰ ਮਾੜੀ ਮੋਟੀ
ਹੋ ਜਾਂਦੀ ਤਾਂ ਚਾਚੀ ਦੇ ਨਾਲ ਚਾਚੀ ਨੂੰ ਉੱਸ ਦੇ ਮਾਪਿਆਂ ਦਾ ਮਾੜਾ ਮੋਟਾ ਹੌਸਲਾ ਹੁੰਦਾ
ਸੀ,ਪਰ ਚਾਚਾ ਕਹੇ ਸਵਰਨੀ ਤੂੰ ਇੱਕ ਵਾਰ ਤੂੰ ਮੇਰੇ ਨਾਲ ਜਾ ਕੇ ਵੇਖ ਤਾਂ ਸਹੀ ਤੈਨੂੰ ਉਹ
ਐਸ਼ ਕਰਾਂਵਾਂਗਾ,ਤੂੰ ਯਾਦ ਕਰੇਂਗੀ। ਪਰ ਚਾਚੀ ਨੂੰ ਯਕੀਨ ਨਹੀਂ ਸੀ ਹੁੰਦਾ ਕਿੳਕਿ ਉਹ ਉਸ
ਦੀਆਂ ਸਾਰੀਆਂ ਖਸਲਤਾਂ ਜਾਣਦੀ ਸੀ ।
ਉੱਥੇ ਜਾ ਕੇ ਕੁੱਝ ਦਿਨ ਤਾਂ ਚੰਗੇ ਲੰਘ ਗਏ ਪਰ ਫਿਰ ਉੱਸ ਦੇ ਉਹੀ ਰੱਸੇ ਪੈੜੇ,ਕੰਮ ਤੋਂ
ਦੂਰ ਦੁਰਾਡੇ ਜਦ ਉਹ ਫੇਰਾ ਲਾ ਕੇ ਵਾਪਸ ਆਉਂਦਾ ਤਾਂ ਖਾਲੀਂ ਹੱਥੀਂ ਸ਼ਰਾਬ ਨਾਲ ਟੱਲੀ ਹੋਇਆ
ਘਰ ਆ ਵੜਦਾ, ਪੁਲਿਸ ਵਾਲਿਆਂ ਤੋਂ ਦੁਖੀ ਹੋ ਕੇ ਸ਼ਰਾਬੀ ਹੋਇਆ ਗਾਲ੍ਹਾਂ ਕੱਢਦਾ ਕਿਉਂ ਜੋ
ਪੁਲਿਸ ਵਾਲੇ ਉੱਸ ਨੂੰ ਟਰੱਕ ਲਿਜਾਂਦੇ ਨੂੰ ਥਾਂ 2 ਤੇ ਰੋਕ ਕੇ ਐਵੇਂ ਕਈ ਝੂਠੇ ਬਹਾਨੇ ਘੜ
ਕੇ ਪੈਸੇ ਮੰਗਦੇ,ਜਿੱਸ ਕਰਕੇ ਉੱਸ ਨੂੰ ਸਮੇਂ ਸਿਰ ਟਿਕਾਣੇ ਪਹੁੰਚਣ ਤੋਂ ਦੇਰੀ ਵੀ ਹੋ ਜਾਂਦਾ
ਸੀ।
ਕਈ ਵਾਰ ਇਹ ਗੁੱਸਾ ਉਹ ਛੋਟੀ 2 ਗੱਲੇ ਚਾਚੀ ਤੇ ਜਾਂ ਨਿਆਣਿਆਂ ਤੇ ਝਿੜਕਾਂ ਝੰਬਾਂ ਨਾਲ
ਕੱਢਦਾ, ਚਾਚੀ ਉਸ ਦਾ ਇਹ ਵਰਤਾਰਾ ਵੇਖ ਕੇ ਵਿੱਚੋ ਵਿੱਚ ਖਿੱਝ੍ਹਦੀ ਸੜਦੀ, ਪਰ ਉੱਸ ਦੀ ਕੋਈ
ਪੇਸ਼ ਨਾ ਜਾਂਦੀ ਵੇਖ ਕੇ ਆਖਿਰ ਚੁੱਪ ਹੋ ਜਾਂਦੀ। ਇੱਕ ਦਿਨ ਚਾਚਾ ਜਦ ਫੇਰਾ ਲਾ ਕੇ ਟੱਲੀ
ਹੋਇਆ ਘਰ ਆ ਰਿਹਾ ਸੀ, ਤਾਂ ਰਾਹ ਵਿੱਚ ਪੈਂਦੇ ਠਾਣੇ ਕੋਲ ਆ ਕੇ ਉਹ ਪੁਲਿਸ ਵਾਲਿਆਂ ਨੂੰ ਅਬਾ
ਤਬ੍ਹਾ ਬੋਲਣ ਲੱਗ ਪਿਆ,ਥਾਨੇ ਵਾਲੇ ਰੋਜ਼ ਆਉਣ ਕਰਕੇ ਬਹੁਤੇ ਉੱਸ ਦੀ ਆਦਤ ਤੋਂ ਜਾਣੂੰ ਸਨ।
ਉਹ ਕਹਿਣ ਲੱਗੇ ,”ਜਾਉ ਸਰਦਾਰ ਜੀ ਅੱਬ ਘਰ ਜਾਓ,ਕੱਲ ਦੇਖ ਲੇਂ ਗੇ” ਪਰ ਉਹ ਸ਼ਰਾਬੀਆਂ ਵਾਲੀ
ਜ਼ਿੱਦ ਤੇ ਅੜਿਆ ਰਿਹਾ,ਕਹੇ ਨਹੀਂ ਜਾਂਦਾ ਮੈਨੂੰ ਅੰਦਰ ਕਰ ਦਿਓ,ਉਨ੍ਹਾਂ ਉੱਸ ਨੂੰ ਸਾਰੀ ਰਾਤ
ਠਾਣੇ ਵਿੱਚ ਹੀ ਡੱਕੀ ਰੱਖਿਆ,ਦਿਨ ਚੜ੍ਹੇ ਜਦ ਉੱਸ ਨੂੰ ਹੋਸ਼ ਆਈ ਤਾਂ ਤਾਂ ਇੱਕ ਸਿਪਾਹੀ ਨੂੰ
ਪੂਰੀ ਬੋਤਲ ਦੇ ਪੈਸੇ ਦੇ ਕੇ ਕਹੇ ਮੈਨੂੰ ਅਧੀਆ ਲਿਆ ਦੇ , ਬਾਕੀ ਪੈਸੇ ਤੇਰੇ,ਉਹ ਮੰਨ ਤਾਂ
ਗਿਆ ਪਰ ਆਂਦੀ ਵਾਰੀ ਉੱਸ ਦੇ ਘਰ ਦਾ ਪਤਾ ਕਰਕੇ ਚਾਚੀ ਨੂੰ ਵੀ ਨਾਲ ਹੀ ਲੈ ਆਇਆ।
ਚਾਚੀ ਨੂੰ ਵੇਖ ਕੇ ਚਾਚਾ ਠਠੰਬਰ ਜਿਹਾ ਗਿਆ ਅਤੇ ਕਹਿਣ ਲੱਗਾ ਸਵਰਨੀ,ਮੈਨੂੰ ਇੱਕ ਵਾਰ ਘਰ
ਲੈ ਚੱਲ,ਪਰ ਚਾਚੀ ਕਹੇ ਕਿ ਤੇਰਾ ਰੋਜ਼ ਦਾ ਕੁੱਤ ਖਾਨਾ ਨਹੀਂ ਮੁੱਕਣਾ, ਤੂੰ ਇੱਥੇ ਹੀ
ਰਹੁ,ਚਾਚਾ ਚਾਚੀ ਦੇ ਤਰਲੇ ਮਿੰਨਤਾਂ ਕਰੀ ਜਾਵੇ,ਕਹੇ ਇੱਕ ਵਾਰ ਮੈਨੂੰ ਘਰ ਪੁਚਾ ਮੈਂ ਸ਼ਰਾਬ
ਨਹੀਂ ਪੀਂਦਾ, ਪਰ ਚਾਚੀ ਨਾ ਮੰਨੇ ,ਚਾਚਾ ਕਹਿਣ ਲੱਗਾ ਪੈਰੀਂ ਹੱਥ ਲੁਆ ਲੈ,ਹੁਣ ਜੇ ਸ਼ਰਾਬ
ਪੀਆਂ ਤਾਂ ਤੇਰਾ ਪੇਸ਼ਾਬ ਹੀ ਪੀਆਂ,ਪੁਲਿਸ ਵਾਲਿਆਂ ਦਾ ਹਾਸਾ ਨਾ ਰੁਕੇ, ਅਖੀਰ ਘਰ ਜਾਕੇ ਕਿਸੇ
ਜ਼ਮਾਣਤੀ ਦੇ ਤਰਲੇ ਮਿੰਨਤਾਂ ਕਰਕੇ ਉੱਸ ਨੂੰ ਜਦ ਘਰ ਲੈ ਜਾ ਰਹੀ ਸੀ ਤਾਂ ਚਾਚਾ ਕਿਸੇ ਜ਼ਰੂਰੀ
ਕੰਮ ਦੇ ਬਹਾਨੇ ਰਾਹ ਵਿੱਚ ਹੀ ਰਹਿ ਗਿਆ,ਪਰ ਜਦ ਘਰ ਪੁੰਚਿਆ ਤਾਂ ਹਾਲਤ ਫਿਰ ਉੱਸਦੀ ਪਹਿਲਾਂ
ਵਾਲੀ ਹੀ ਸੀ।ਚਾਚੀ ਉੱਸ ਨੂੰ ਫਿਰ ਇਨਾ ਕੁੱਝ ਹੋਣ ਦੇ ਬਾਵਜੂਦ ਇੱਸ ਹਾਲਤ ਵਿੱਚ ਵੇਖ ਕੇ
ਸੜਨ ਭੁਝਣ ਲੱਗੀ, ਜਦ ਚਾਚੀ ਨੇ ਆਪਣੀ ਸਹੁੰ ਵਾਲੀ ਗੱਲ ਕਹੀ ਤਾਂ ਉਹ ਕਹਿਣ ਲੱਗਾ ਸਵਰਨੀ ਸਹੁੰ
ਤੇਰੀ ਮੈਂ ਨਹੀਂ ਪੀਤੀ ਕਿਸੇ ਨੇ ਧੱਕੇ ਨਾਲ ਪਿਆ ਦਿੱਤੀ ਸੀ। ਚਲ ਛੱਡ ਹੁਣ ਤੇ ਕੋਈ ਰੋਟੀ
ਪਾਣੀ ਦਾ ਬੰਦੋਬਸਤ ਕਰ ਭੁੱਖ ਬਹੁਤ ਲੱਗੀ ਹੋਈ ਹੈ। ਥੋੜ੍ਹੇ ਹੀ ਸਮੇਂ ਬਾਅਦ ਚਾਚੀ ਇਸੇ ਰੋਗ
ਦੀ ਮਾਰੀ ਦੋ ਧੀਆਂ ਅਤੇ ਇੱਕ ਪੁੱਤਰ ਦਾ ਤਿੰਨ ਜੀਆਂ ਦਾ ਪ੍ਰਿਵਾਰ ਛੱਡ ਕੇ ਛਾਤੀ ਦੇ ਰੋਗ
ਨਾਲ ਐਸੀ ਜ਼ਿੰਦਗੀ ਤੋਂ ਹਾਰ ਕੇ ਰੱਬ ਨੂੰ ਪਿਆਰੀ ਹੋ ਗਈ।ਉੱਸ ਦਾ ਪੇਕਾ ਪ੍ਰਿਵਾਰ ਵੀ ਉਹ
ਪਿੰਡ ਛੱਡ ਕੇ ਆਪਣੇ ਪੁਰਾਣੇ ਪਿੰਡ ਜੋ ਕਿਤੇ ਬਹੁਤ ਦੂਰ ਜੰਮੂ ਰਿਆਸਤ ਦੇ ਬਾਰਡਰ ਦੇ ਪਿੰਡ
ਚਲੇ ਗਏ ਸਨ।
ਚਾਚੀ ਦੀ ਇੱਸ ਮੌਤ ਦੇ ਇੱਸ ਸਦਮੇ ਨੇ ਚਾਚੇ ਨੂੰ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ,ਬੱਚੇ
ਮਾਂ ਬਿਨਾਂ ਯਤੀਮਾਂ ਵਾਂਗੋਂ ਹੋ ਗਏ, ਚਾਚਾ ਕਈ ਵਾਰ ਦਾਰੂ ਪੀ ਕੇ ਪਾਗਲਾਂ ਵਰਗੀਆਂ ਹਰਕਤਾਂ
ਕਰਦਾ,ਇੱਕ ਦਿਨ ਕਿਸੇ ਬਰਾਤ ਵਿੱਚ ਢੋਲ ਵੱਜਦਾ ਵੇਖ ਕੇ ਉਹ ਜਾ ਵੜਿਆ ਤੇ ਢੋਲ ਵਾਲੇ ਕੋਲੋਂ
ਢੋਲ ਖੋਹ ਕੇ ਪਾੜ ਦਿੱਤਾ,ਅਤੇ ਵਿਆਹ ਵਾਲੇ ਮੁੰਡੇ ਨੂੰ ਕਹੀ ਜਾਵੇ ਤੂੰ ਕਿਹਦੀ ਮਕਾਣੇ
ਚੱਲਿਆਂ।ਰਹਿਣ ਦੇ ਦਫਾ ਕਰ ਤੈਨੂੰ ਹੁਣ ਸਵਰਨੀ ਵਰਗੀ ਕੋਈ ਕਿਤੇ ਨਹੀਂ ਮਿਲੇ ਗੀ, ਉੱਸ ਨੂੰ
ਫੜ ਕੇ ਠਾਣੇ ਲੈ ਗਏ,ਜਦ ਅਸਲ ਗੱਲ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਬਰਾਤ ਵਾਲਿਆਂ ਨੂੰ ਸਮਝਾ
ਬੁਝਾ ਕੇ ਘਰ ਤੋਰ ਦਿਤਾ।
ਕੁੱਝ ਦਿਨ ਤਾਂ ਨੇੜਲੇ ਵਾਕਿਫ ਅਤੇ ਸਾਕ ਸੰਬੰਧੀਆਂ ਨੇ ਬੱਚੇ ਸੰਭਾਲੇ ਪਰ ਇਹ ਕੰਮ ਕਿਹੜਾ
ਇੱਕ ਦੋ ਦਿਨ ਦਾ ਸੀ, ਆਖਰ ਇੱਕ ਦਿਨ ਉੱਸ ਦਾ ਸ਼ਰੀਕੇ ਦਾ ਭਰਾ ਜਮਾਦਾਰ ਸੰਤ ਸਿੰਘ ਜੋ ਬੜਾ
ਦਿਆਲੂ ਅਤੇ ਨੇਕ ਸੁਭਾ ਦਾ ਸੀ ,ਇੱਸ ਪ੍ਰਿਵਾਰ ਦੀ ਤਰਸ ਯੋਗ ਸੁਣ ਕੇ ਉਥੇ ਗਿਆ ਅਤੇ ਇਹ ਬੱਚੇ
ਆਪਣੇ ਨਾਲ ਆਪਣੇ ਘਰ ਲੈ ਆਇਆ। ਉਨ੍ਹਾਂ ਨੂੰ ਔਖੇ ਸੌਖੇ ਹੋ ਪਾਲ ਪੋਸ ਕੇ, ਵੱਡੇ ਕਰਕੇ ਧੀਆਂ
ਨੂੰ ਯੋਗ ਵਰ ਲੱਭ ਕੇ ਉਨ੍ਹਾਂ ਦੇ ਘਰੀਂ ਤੋਰ ਦਿੱਤਾ, ਮੁੰਡੇ ਨੂੰ ਜੋ ਥੋੜ੍ਹਾ ਬਹੁਤ ਪੜ੍ਹਾ
ਲਿਖਾ ਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ, ਪਰ ਚਾਚੇ ਜਗੀਰੇ ਦਾ ਕੋਈ ਥਹੁ ਪਤਾ ਨਾ ਲੱਗਾ,ਅਤੇ
ਨਾ ਹੀ ਉਹ ਮੁੜ ਪਿੱਛਾਂਹ ਪਰਤਿਆ, ਪਰ ਉੱਸ ਬਾਰੇ ਕਈ ਅਫਵਾਹਾਂ ਜ਼ਰੂਰ ਸੁਨਣ ਵਿੱਚ ਆਉਂਦੀਆਂ
ਰਹੀਆਂ। ਕੋਈ ਕਹੇ ਮੈਂ ਉੱਸ ਨੂੰ ਬੰਬੇ ਵੇਖਿਆ ਸੀ,ਮੈਨੂੰ ਵੇਖ ਕੇ ਉਹ ਝੱਟ ਪਟ ਕਿਤੇ ਅੱਗੇ
ਪਿੱਛੇ ਹੋ ਗਿਆ, ਕੋਈ ਕਹਿੰਦਾ ਸੀ ਕਿ ਜਗੀਰਾ ਮੁਸਲਮਾਨ ਹੋ ਗਿਆ ਹੈ। ਉੱਸ ਨੇ ਕਿਸੇ
ਮੁਸਲਮਾਨ ਔਰਤ ਨਾਲ ਵਿਆਹ ਕਰਾ ਲਿਆ ਹੈ। ਕੋਈ ਕਹਿੰਦਾ ਸੀ ਕਿ ਉਹ ਕੁ ਉਹ ਗੁਜਰਾਤ ਦੇ ਦੰਗਿਆਂ
ਵਿੱਚ ਮਾਰਿਆ ਗਿਆ ਹੈ। ਗੱਲ ਕੀ ਜਿੱਨੇ ਮੂੰਹ ਉਨੀਆਂ ਗੱਲਾਂ,ਪਰ ਜਗੀਰਾ ਨਾ ਪਰਤਣ ਵਾਲਾ ਸੀ
ਤੇ ਨਾ ਪਰਤਿਆ।ਸ਼ਰਾਬ ਦੇ ਚੰਦਰੇ ਨਸ਼ੇ ਨੇ ਚੰਗਾ ਭਲਾ ਵੱਸਦਾ ਘਰ ਉਜਾੜ ਕੇ ਰੱਖ ਦਿੱਤਾ।
ਹੁਣ ਚਾਚੇ ਜਗੀਰੇ ਦੇ ਸਹੁਰਿਆਂ ਦਾ ਉਹ ਪਿੰਡ ਛਾਉਣੀ ਹੇਠ ਆ ਜਾਣ ਕਰਕੇ ਆਪਣਾ ਆਪ ਗੁਆ ਚੁਕਾ
ਹੈ, ਨਹਿਰ ਵਾਲੇ ਪੁਲ ਤੋਂ ਹਾਈਵੇ ਬਣ ਜਾਣ ਕਰਕੇ ਇੱਸ ਦਾ ਅਸਲ ਰੂਪ ਵੀ ਅਲੋਪ ਹੋ ਚੁਕਾ ਹੈ,
ਚਾਚੇ ਦਾ ਪ੍ਰਿਵਾਰ ਵੀ ਹੁਣ ਆਪਣੇ ਪੁਰਾਣੇ ਟਿਕਾਣੇ ਛੱਡ ਕੇ ਉਨ੍ਹਾਂ ਵਿਚੋਂ ਬਹੁਤ ਸਾਰੇ
ਵਿਦੇਸ਼ ਜਾ ਚੁਕੇ ਹਨ। ਪਰ ਚਾਚੇ ਜਗੀਰੇ ਦੀ ਪੁਰਾਣੀਆਂ ਯਾਦਾਂ ਮੇਰੇ ਚੇਤੇ ਦੀ ਗਠੜੀ ਵਿੱਚ
ਅਜੇ ਵੀ ਉਵੇਂ ਹੀ ਬੱਝੀਆਂ ਪਈਆਂ ਹਨ ਜੋ ਕਦੇ 2 ਆਪ ਮੁਹਾਰੇ ਹੀ ਖੁਲ੍ਹ ਜਾਂਦੀਆਂ ਹਨ।ਜਿਨ੍ਹਾਂ
ਨੂੰ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀਆਂ ਕਰਕੇ ਮਨ ਹੌਲਾ ਕਰ ਲਈ ਦਾ ਹੈ।
+3272382827
-0-
|