Welcome to Seerat.ca
|
|
ਇੱਕ ਪ੍ਰਸੰਗ ਦਾ ਪੁਨਰ ਕਥਨ
-
ਸੁਰਜੀਤ ਪਾਤਰ
|
ਗੁਰੁ ਗੋਬਿੰਦ ਦੇ ਹੱਥ
ਵਿੱਚ
ਜਦੋਂ ਸ਼ਮਸ਼ੀਰ ਨੰਗੀ ਸੀ
ਗੁਰਾਂ ਨੇ ਸੀਸ ਦੀ ਜਦ ਭੇਟ ਮੰਗੀ ਸੀ
ਤਾਂ ਪਹਿਲੇ ਸੀਸ ਦੀ ਭੇਟਾ ਕਬੂਲਣ ਦੇ ਬਾਅਦ
ਉਹ ਤੰਬੂ ‘ਚੋਂ ਜਦੋਂ ਦੀਵਾਨ ਵਿੱਚ ਆਏ
ਤਾਂ ਕਹਿੰਦੇ ਨੇ ਉਹ ਸ਼ਮਸ਼ੀਰ ਰੱਤ ਦੇ ਨਾਲ ਰੰਗੀ ਸੀ
ਤੇ ਹਰ ਇੱਕ ਸੀਸ ਭੇਟਾ ਬਾਅਦ ਸੰਗਤ ਏਹੋ ਤੱਕਦੀ ਸੀ
ਗੁਰੁ ਗੋਬਿੰਦ ਸਿੰਘ ਦੀ ਸ਼ਮਸ਼ੀਰ ਦੀ ਤਿੱਖੀ ਚਮਕਦੀ ਧਾਰ ਤੋਂ ਹਰ ਵਾਰ
ਸੱਜਰੀ ਰੱਤ ਟਪਕਦੀ ਸੀ
ਉਹ ਰੱਤ ਕਿਸਦੀ ਸੀ
ਉਸ ਖ਼ਾਤਰ
ਗੁਰਾਂ ਨੇ ਘਾਟ ਆਪਣੀ ਤੇਗ ਦੇ ਜੋ ਸਨ ਉਤਾਰੇ
ਕੀ ਕੋਈ ਜਾਨਵਰ ਸਨ ਉਹ ਵਿਚਾਰੇ
ਜਾਂ ਗੁਰਾਂ ਦੇ ਉਹ ਪਿਆਰੇ
ਨਵਾਂ ਜੀਵਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖ਼ਸਿ਼ਆ ਸੀ
ਜਾਂ ਕਿ ਉਹ ਰੱਤ ਨਹੀਂ ਸੀ ਤੇਗ਼ ਉੱਤੇ
ਕੋਈ ਰੰਗ ਸੀ ਜੋ ਰੱਤ ਜੇਹਾ ਸੀ
ਇਹ ਅਕਸਰ ਬਹਿਸ ਚੱਲਦੀ ਹੈ
ਤੇ ਏਦਾਂ ਬਹਿਸ ਚੱਲਦੀ ਹੈ
ਕਿ ਚੱਲਦੀ ਬਹਿਸ ਚੱਲਦੀ ਤੇਗ਼ ਵਿੱਚ ਵੀ
ਬਦਲ ਸਕਦੀ ਹੈ
ਮੈਂ ਐਸੀ ਬਹਿਸ ਤੋਂ ਕੀ ਪੁੱਛਣਾ ਸੀ
ਤੇ ਐਸੀ ਬਹਿਸ ਨੇ ਮੈਨੂੰ ਭਲਾ ਕੀ ਦੱਸਣਾ ਸੀ
ਮੈਂ ਡੂੰਘੀ ਚੁੱਪ ਤੋਂ ਪੁੱਛਿਆ
ਜੋ ਬਿਲਕੁਲ ਤੇਗ ਵਰਗੀ ਸੀ
ਤਾਂ ਡੂੰਘੀ ਚੁੱਪ ਬੋਲੀ
ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਸੱਚ ਨਹੀਂ ਹੈ
ਇਹਨਾਂ ਤਿੰਨਾਂ ਵਿੱਚੋਂ ਜੇ ਕੁਝ ਨਹੀਂ ਸੱਚ
ਤਾਂ ਫਿ਼ਰ ਕੌਣ ਸਨ ਉਹ
ਜਿਨ੍ਹਾਂ ਦੀ ਰੱਤ ਗੁਰਾਂ ਦੀ ਤੇਗ ਉੱਤੋਂ ਟਪਕਦੀ ਸੀ?
ਊਹ ਇੱਕ ਤਾਂ ਮੌਤ ਦਾ ਭੈਅ ਸੀ
ਜੋ ਪਹਿਲੇ ਵਾਰ ਵਿੱਚ ਸਤਿਗੁਰਾਂ ਨੇ ਮਾਰਿਆ ਸੀ
ਦੂਜੇ ਵਾਰ ਵਿੱਚ ਸਤਿਗੁਰਾਂ ਨੇ ਜਨਮ ਦੀ ਜਾਤ ਵੱਢੀ ਸੀ
ਤੀਜੇ ਵਾਰ ਦੇ ਵਿੱਚ ਸਤਿਗੁਰਾਂ ਹਉਮੈ ਜਿਬਹ ਕੀਤੀ
ਚੌਥੇ ਵਾਰ ਦੇ ਵਿੱਚ ਸ਼ਾਨ ਝੂਠੇ ਪਾਤਸ਼ਾਹਾਂ ਦੀ
ਤੇ ਪੰਜਵੇਂ ਵਾਰ ਦੇ ਵਿੱਚ ਵਿੱਥ
ਆਪਣੇ ਖ਼ਾਲਸੇ ਤੇ ਆਪਣੇ ਵਿਚਕਾਰ
ਗੁਰਾਂ ਨੇ ਜੋ ਜਿਬਹ ਕੀਤੇ ਸਨ ਉਸ ਦਿਨ
ਕੋਈ ਮਾਨਸ ਨਹੀਂ ਨਾ ਜਾਨਵਰ ਸਨ
ਉਹ ਤਾਂ ਕੁਝ ਖੌਫ਼ ਸਨ
ਕੁਝ ਭਰਮ ਸਨ
ਕੁਝ ਪ੍ਰੇਤ ਸਨ ਉਹ
ਤੂੰ ਪੁੱਛੇਂਗਾ
ਜਿਬਹ ਕਰੀਏ ਜਦੋਂ ਕੋਈ ਖੌਫ਼
ਕੋਈ ਪ੍ਰੇਤ
ਕੋਈ ਭਰਮ
ਤਾਂ ਕੀ ਸ਼ਮਸ਼ੀਰ ਉੱਤੋਂ ਰੱਤ ਟਪਕਦੀ ਹੈ?
ਨਹੀਂ ਸ਼ਮਸ਼ੀਰ ਦੇ ਉੱਤੋਂ ਟਪਕਦੀ ਰੱਤ
ਤਾਂ ਬੱਸ ਉਹਨਾਂ ਦੇਖੀ ਸੀ
ਉਹ ਜਿਹੜੇ ਸੀਸ ਭੇਟਾ ਕਰਨ ਲਈ ਉੱਠੇ ਨਹੀਂ ਸਨ
ਜੋ ਉੱਠੇ ਸਨ
ਊਹਨਾਂ ਨੇ ਕਦ ਟਪਕਦੀ ਰੱਤ ਦੇਖੀ
ਉਹਨਾਂ ਨੇ ਤਾਂ ਬਰਸਦਾ ਨੂਰ ਤੱਕਿਆ
ਉਹਨਾਂ ਨੇ ਕਦ ਗੁਰਾਂ ਦੇ ਹੱਥ ਵਿੱਚ ਸ਼ਮਸ਼ੀਰ ਦੇਖੀ
ਉਹਨਾਂ ਨੇ ਤਾਂ ਗੁਰਾਂ ਦੇ ਹੱਥ
ਰਬਾਬੀ ਤਾਰ ਦੇਖੀ
ਇਲਾਹੀ ਅੱਖਰਾਂ ਦੀ ਡਾਰ ਦੇਖੀ
ਕੋਈ ਆਬੇ ਹਯਾਤੀ ਚਸ਼ਮਿਆਂ ਦਾ ਨੀਰ ਤੱਕਿਆ
ਤਾਰਿਆਂ ਦੀ ਕਤਾਰ ਦੇਖੀ
ਰੌਸ਼ਨੀ ਦੀ ਲੀਕ ਦੇਖੀ
ਤੇ ਜਾਂਦੀ ਜਨਮ ਤੇ ਮਿਰਤੂ ਦੇ ਦੇਸੋਂ ਪਾਰ
ਸਦੀਆਂ ਤੀਕ ਦੇਖੀ
ਉਹਨਾਂ ਨੇ ਕਦ ਗੁਰਾਂ ਨੂੰ ਦੇਖਿਆ
ਉਹਨਾਂ ਤਾਂ ਦੇਖਿਆ ਛਲਕਦਾ ਹੋਇਆ ਇੱਕ ਮੁਹੱਬਤ ਦਾ ਸਮੁੰਦਰ
ਤੇ ਦਰਿਆਵਾਂ ਵਾਂਗੂੰ ਉੱਠ ਤੁਰੇ ਪੰਜੇ
ਮੁਹੱਬਤ ਦੇ ਸਮੁੰਦਰ ਵਿੱਚ ਮਿਲਣ ਖ਼ਾਤਰ।।
-0-
|
|