ਇਹ ਮਹਾਨ ਫ਼ਤਹਿ ਤੋਂ
ਮਗਰਲੇ ਦਿਨਾਂ ਦੀ ਗੱਲ ਹੈ।
ਕੁਝ ਲੋਕ ਗੁਰੂ ਸਾਹਿਬ ਕੋਲ ਆਏ ਕਿ ਉਹਨਾਂ ਦੇ ਨਾਂ ਵੀ ਸੁਤੰਤਰਤਾ ਲਈ ਸੰਘਰਸ਼ ਕਰਨ ਵਾਲੇ
ਲੋਕਾਂ ਵਿੱਚ ਸ਼ਾਮਿਲ ਕਰ ਲਏ ਜਾਣ।
ਅੱਜ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਕਲ ਵੀ ਨਹੀਂ ਸੀ ਦੇਖੀ। ਪਰ ਫ਼ੇਰ ਵੀ
ਉਹਨਾਂ ਨੇ ਕੁਝ ਨਹੀਂ ਕਿਹਾ, ਅਤੇ ਕੇਵਲ ਮੁਸਕਰਾਏ। ਪਰ,ਪੰਜਾਂ ਪਿਆਰਿਆਂ ਵਿੱਚੋਂ ਇੱਕ ਨੇ
ਕਿਹਾ-“ਜਦੋਂ ਦੇਸ਼ ਅਤੇ ਲੋਕਾਂ ਦੀ ਸੁਤੰਤਰਤਾ ਵਾਸਤੇ ਸੰਘਰਸ਼ ਹੋ ਰਿਹਾ ਸੀ,ਉਦੋਂ ਤੁਸੀਂ
ਕਿੱਥੇ ਸਓ?”
“ਅਸੀਂ ਇੱਥੇ ਹੀ ਸਾਂ ਹਜ਼ੂਰ!” ਉਹਨਾਂ ਨੇ ਗੁਰੂ ਸਾਹਬ ਵੱਲ ਵੇਖ ਕੇ ਕਿਹਾ-“ਗੁਰੂ ਜੀ ਦੇ
ਚਰਨਾਂ ਵਿੱਚ ਹੀ।”
“ਪਰ ਜਦੋਂ ਸੀਸ ਭੇਟ ਕਰਨ ਦਾ ਮੌਕਾ ਸੀ,ਤਦ ਤੁਸੀਂ ਲੋਕ ਕਿਤੇ ਨਜ਼ਰ ਨਹੀਂ ਆਏ!”
ਉਹ ਲੋਕ ਚੁੱਪ ਰਹੇ,ਪਰ ਉਹ ਪਰੇਸ਼ਾਨ ਸਨ।
ਗੁਰੂ ਸਾਹਬ ਫ਼ੇਰ ਉਹਨਾਂ ਲੋਕਾਂ ਵੱਲ ਵੇਖ ਕੇ ਮੁਸਕਰਾਏ।
ਪੰਜਾਂ ਪਿਆਰਿਆਂ ਇੱਕ ਆਵਾਜ਼ ਹੋ ਕੇ ਕਿਹਾ-
“ਬੋਲੋ!ਸੀਸ ਭੇਟ ਵੇਲੇ ਤੁਸੀਂ ਕਿੱਥੇ ਸਓ?”
“ਹਜ਼ੂਰ,ਅਸੀਂ ਇੱਥੇ ਹੀ ਸਾਂ!”
“ਫ਼ੇਰ ਸੀਸ ਕਿਉਂ ਨਹੀਂ ਭਂੇਟ ਕੀਤੇ?”
“ਜੀ ਸਾਡੇ ਕੋਲ ਸੀਸ ਹੀ ਨਹੀਂ ਸਨ!”
“ਕੀ ਕਿਹਾ?”
“ਹਾਂ ਜੀ,ਠੀਕ ਐ”
ਹਰ ਪਾਸੇ ਖਾਮੋਸ਼ੀ ਫ਼ੈਲ ਗਈ।
ਫ਼ੇਰ ਉਹਨਾਂ ਲੋਕਾਂ ਵਿੱਚੋਂ ਇੱਕ ਨੇ ਮਲਕੜੇ ਜਿਹੇ ਕਿਹਾ-“ਜੀ ਮੈਂ, ਸਰਕਾਰੀ ਕਰਮਚਾਰੀ
ਹਾਂ, ਤੇ ਮੇਰਾ ਸਿਰ ਤਾਂ ਮੇਰੇ ਅਫ਼ਸਰਾਂ ਦੇ ਪੈਰਾਂ ਵਿੱਚ ਪਿਆ ਸੀ।”
ਗੁਰੂੁ ਸਾਹਬ ਦੇ ਚਿਹਰੇ ‘ਤੇ ਤਣਾਓ ਆ ਗਿਆ! ਉੁਹਨਾਂ ਦੇ ਚਿਹਰੇ ਦਾ ਭਾਵ ਸਮਝ ਕੇ ਇੱਕ
ਪਿਆਰੇ ਨੇ ਕਿਹਾ-“ਕਿਉਂ, ਸੀਸ ਅਫ਼ਸਰਾਂ ਦੇ ਪੈਰਾਂ ‘ਤੇ ਰੱਖਣ ਵਾਲੀ ਚੀਜ਼ ਹੈ?”
“ਜੀ ਨੌਕਰੀ……………।”
“ਨੌਕਰੀ ਦਾ ਇਹ ਮਤਲਬ ਹੈ ਕਿ ਅਮੁੱਲ ਵਸਤੂ ਸੀਸ ਹੀ ਪੈਰਾਂ ਵਿੱਚ ਰੱਖ ਦਿਓ?”
ਇੱਕ ਹੋਰ ਵਿਅਕਤੀ ਨੇ ਕਿਹਾ-“ਜੀ ਮੇਰੇ ਕੋਲੋਂ ਵੀ ਇਹੋ ਗੁਸਤਾਖ਼ੀ ਹੋਈ ਹੈ।”
ਇੱਕ ਹੋਰ ਬੰਦੇ ਦਾ ਸਿਰ ਸਿੱਧਾ ਹੀ ਨਹੀਂ ਸੀ ਹੋ ਰਿਹਾ। ਜਦੋਂ ਉਹਦੇ ਕੋਲੋਂ ਇਹਦਾ ਕਾਰਨ
ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ-“ਹਜ਼ੂਰ ,ਮੇਰਾ ਭਰਾ ਕੋਤਵਾਲ ਸੀ,ਅਤੇ ਮੇਰਾ ਸਿਰ ਹੁਣ
ਤੱਕ ਉਹਦੀ ਅਰਦਲ ਵਿੱਚ ਝੁਕਿਆ ਰਿਹਾ ਹੈ।”
“ਕੋਤਵਾਲ ਲੋਕਾਂ ਦੇ ਸਨਮਾਨ ਦੀ ਰੱਖਿਆ ਲਈ ਹੈ ਕਿ ਉਹਨਾਂ ਨੂੰ ਤਬਾਹ ਕਰਨ ਵਾਸਤੇ?”
“ਜੀ ਪਤਾ ਨਹੀਂ।”
“ਪਤਾ ਕਿਉਂ ਨਹੀਂ?……ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰੀ ਅਧਿਕਾਰੀ ਉਹਨਾਂ ਦੀ
ਸੁਰੱਖਿਆ ਲਈ ਹਨ”
“ਪਰ ਹਜ਼ੂਰ! ਸਾਡਾ ਸੂਬੇਦਾਰ ਤਾਂ ਹਰੇਕ ਘਰ ਵਿੱਚੋਂ ਸੁੰਦਰ ਬਹੂ-ਬੇਟੀਆਂ ਨੂੰ ਲੈ ਜਾਂਦਾ
ਹੈ।”
“ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ?”
“ਜੀ……ਉਹ ਕਹਿੰਦਾ ਕਿ……ਦਿੱਲੀ ਸਰਕਾਰ ਦਾ ਹੁਕਮ ਹੈ।”
“ਫ਼ੇਰ ਦਿੱਲੀ ਸਰਕਾਰ ਨੂੰ ਪੁੱਛੋ।”
“ਜੀ?” ਉਹਨਾਂ ਦੇ ਪੈਰਾਂ ਥੱਲਿਓਂ ਜਿਵੇਂ ਧਰਤੀ ਨਿਕਲ ਗਈ ਹੋਵੇ।
“ਜੀ ਦਾ ਕੀ ਅਰਥ ਹੈ? ਤੁਸੀਂ ਲੋਕ ਇਨਸਾਨ ਹੋ,ਭੇਡਾਂ ਬੱਕਰੀਆਂ ਤਾਂ ਨਹੀਂ!”
“ਪਰ ਹਜ਼ੂਰ………”
“ਤੁਸੀਂ ਕਹੋਗੇ ਕਿ ਤੁਹਾਡੇ ਕੋਲ ਸੀਸ ਹੀ ਨਹੀਂ ਰਹੇ!”
“ਹਾਂ ਆਂ…ਜੀ………” ਉਹਨਾਂ ਨੇ ਆਪਣੇ ਵੱਲੋਂ ਸੌਖੇ ਜਿਹੇ ਹੋ ਕੇ ਕਿਹਾ।
“ਮਹਿਸੂਸ ਕਰੋ। ਹਾਕਮ ਦੇ ਸੀਸ ਨਾਲੋਂ ਆਮ ਲੋਕਾਂ ਦਾ ਸੀਸ ਛੋਟਾ ਨਹੀਂ ਹੁੰਦਾ……ਨਿਗੂਣਾ
ਨਹੀਂ ਹੁੰਦਾ!”
“ਜੀ ਪਰ………?”
“ਪਰ ਕੀ?”
ਇੱਕ ਬੰਦਾ ਝਿਜਕਦਾ ਹੋਇਆ ਬੋਲਿਆ-“ਅਸੀਂ ਆਪਣੇ ਹੀ ਲੋਭ ਲਾਲਚ ਲਈ ਹਾਕਮਸ਼ਾਹੀ ਨਾਲ ਮਿਲੇ
ਹੋਏ ਸਾਂ……ਸਰਕਾਰੀ ਦੁੰਮਛੱਲੇ ਬਣੇ ਹੋਏ ਸਾਂ।”
“ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਹਨ-ਤੁਸੀਂ ਲੋਕ ਕਿਸ ਕਿਸ ਦੇ ਦੁੰਮਛੱਲੇ ਬਣੇ ਰਹੋਗੇ?”
ਲੋਕ ਸੋਚੀਂ ਪੈ ਗਏ। ਪਰ ਅੰਤ’ਚ ਬੋਲੇ-
“ਜੀ, ਫ਼ੇਰ ਅਸੀਂ ਕੀ ਕਰੀਏ?”
ਪੰਜਾਂ ਪਿਆਰਿਆਂ ਨੇ ਆਪਸ ਵਿੱਚ ਗੁਰਮਤਾ ਕੀਤਾ,ਅਤੇ ਫ਼ੇਰ ਗੁਰੂ ਸਾਹਬ ਨੂੰ ਬੇਨਤੀ
ਕੀਤੀ-“ਸੱਚੇ ਪਾਤਸ਼ਾਹ! ਇਹਨਾਂ ਲੋਕਾਂ ਦੀ ਗ਼ਲਤੀ ਨੂੰ ਵੀ ਮਾਫ਼ ਕਰ ਦਿੱਤਾ ਜਾਵੇ………ਅਤੇ
ਆਪਣੇ ਸਿੱਖ ਸਮਝ ਕੇ ਉਪਦੇਸ਼ ਦਿੱਤਾ ਜਾਵੇ।”
ਗੁਰੂੁ ਸਾਹਬ ਨੇ ਫ਼ੇਰ ਗਹੁ ਨਾਲ ਉਹਨਾਂ ਲੋਕਾਂ ਵੱਲ ਵੇਖਿਆ,ਉਹਨਾਂ ਦੇ ਬੁਲੰਦ ਕੱਦ ਬੁੱਤ
ਨੁੰ ਮਹਿਸੂਸ ਕੀਤਾ ਅਤੇ ਫ਼ੇਰ ਜਦੋਂ ਉਹਨਾਂ ਨੇ ਉਹਨਾਂ ਲੋਕਾਂ ਦੇ ਚਿਹਰਿਆਂ ਨੂੰ ਗਹਿਰ
ਗੰਭੀਰ ਨਜ਼ਰ ਨਾਲ ਘੁੂਰਿਆ,ਤਦ ਉਹਨਾਂ ਚਿਹਰਿਆਂ ਤੇ ਕੁਝ ਕੁਝ ਸੱਚਾਈ ਅਤੇ ਨਿਰਭੈਤਾ ਦਾ ਭਾਵ
ਸੀ,ਪਰ ਕੰਬ ਰਿਹਾ,ਡੋਲ ਰਿਹਾ! ਤਿਲਕ ਰਿਹਾ!
ਗੁਰੂ ਸਾਹਬ ਫ਼ੇਰ ਮੁਸਕਰਾਏ,ਅਤੇ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ:
“ਸਰਕਾਰ ਲੋਕਾਂ ਦੇ ਹਿੱਤਾਂ ਲਈ ਹੈ,ਸੇਵਾ ਲਈ ਵੀ!……ਪਰ ਜਦੋਂ ਵੀ ਕੋਈ ਸਰਕਾਰ ਲੋਕਾਂ ਦਾ
ਹਿੱਤ ਪਾਲਣ ਤੋਂ ਮੁਨਕਰ ਹੋ ਜਾਵੇ,ਤਦ ਹਰ ਹਾਲਤ ਵਿੱਚ ਵਿਦਰੋਹ ਕਰਕੇ ਉਸ ਨੂੰ ਖ਼ਤਮ ਕਰਨਾ
ਹੈ।”
ਬਾਹਰ ਬਿਰਛਾਂ ਦੇ ਕੱਦ ਬੁੱਤ ਹੋਰ ਬੁਲੰਦ ਹੋ ਗਏ ਲੱਗਦੇ ਸਨ,ਅਤੇ ਧੁੰਦ ਦਾ ਪ੍ਰਭਾਵ ਵਧੇਰੇ
ਚਮਕੀਲਾ ਹੋ ਗਿਆ ਸੀ।
ਗੁਰੂ ਸਾਹਬ ਦੇ ਖਾਮੋਸ਼ ਹੋ ਜਾਣ ਮਗਰੋਂ ਉਹਨਾਂ ਦੇ ਸੰਕੇਤ ਸਮਝ ਕੇ ਪੰਜ ਪਿਆਰਿਆਂ ਵਿੱਚੋਂ
ਇੱਕ ਨੇ ਉਹਨਾਂ ਨੂੰ ਕਿਹਾ!
“ਹੁਣ ਦੇਸ਼ ਨੂੰ ਤੁਹਾਡੇ ਬਲੀਦਾਨ ਦੀ ਵੀ ਜ਼ਰੂਰਤ ਹੈ……”
“ਜੀ, ਈ,?” ਉਹ ਲੋਕ ਜਿਵੇਂ ਕੰਬ ਗਏ।
“ਹਾਂ………ਤੁਹਾਨੂੰ ਵੀ ਹੁਣ ਸੀਸ ਭੇਟ ਕਰਨੇ ਹੋਣਗੇ”
“ਪਰ……ਹਜ਼ੂਰ।”
“ਬੋਲੋ।”
“ਜੀ,ਅਸੀਂ ਤਾਂ ਸਮਝੇ ਸੀ ਕਿ ਹੁਣ ਬਲੀਦਾਨ ਦੀ ਲੋੜ ਨਹੀਂ…………”
“ਬਲੀਦਾਨ ਦੀ ਤਾਂ ਹਰ ਵੇਲੇ ਲੋੜ ਰਹਿੰਦੀ ਹੈ,ਅਤੇ ਸੀਸ ਭੇਟ ਦੀ ਵੀ………”
ਕਿੰਨਾ ਹੀ ਚਿਰ ਖਾਮੋਸ਼ੀ ਫ਼ੈਲੀ ਰਹੀ। ਫ਼ੇਰ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਬਹੁਤ ਸੋਚ
ਸੋਚ ਕੇ ਕਿਹਾ-“ਪਰ ਹਜ਼ੂਰ! ਸੀਸ ਤਾਂ ਸਾਡੇ ਕੋਲ ਹੈਨ ਹੀ ਨਹੀਂ।”
ਲੱਗਾ ਜਿਵੇਂ ਬਾਹਰ,ਵਾਤਾਵਰਣ ਵਿੱਚ ਧੁੰਦ ਫ਼ੈਲਣ ਲੱਗ ਪਈ ਹੋਵੇ। ਅਤੇ ਕਕਰੀਲੀ ਸੁੰਨ ਵੀ………
ਪਰ ਗੁਰੂ ਸਾਹਬ ਨੇ ਮੁਸਕਰਾ ਕੇ ਕਿਹਾ-“ਸੀਸ ਹੀਣ ਲੋਕਾਂ ਦੀ ਦਿੱਲੀ ਸਰਕਾਰ ਨੂੰ ਜ਼ਰੂਰਤ
ਹੋਵੇਗੀ………ਮੈਨੂੰ ਨਹੀਂ। ਜਾਉ,ਸੀਸ ਸਮੇਤ ਮੇਰੇ ਕੋਲ ਆਓ।”
ਗੁਰੁੂ ਸਾਹਬ ਦੀ ਇਹ ਲਲਕਾਰ ਜਿਵੇਂ ਦੇਸ਼ ਦੇ ਕੋਨੇ-ਕੋਨੇ ਵਿੱਚ ਗੂੰਜ ਗਈ।
ਜਦੋਂ ਉਹ ਲੋਕ ਚਲੇ ਗਏ ਤਾਂ ਪੰਜਾਂ ਪਿਆਰਿਆਂ ਵਿੱਚੋਂ ਇੱਕ ਨੇ ਕਿਹਾ-“ਸੱਚੇ ਪਾਤਸ਼ਾਹ! ਹੁਣ
ਉਹ ਲੋਕ ਪਰਤ ਕੇ ਨਹੀਂ ਆਉਣਗੇ।”
ਗੁਰੂ ਸਾਹਬ ਨੇ ਪਹਿਲਾਂ ਵਾਂਗ ਹੀ ਮੁਸਕਰਾ ਕੇ ਗੰਭੀਰਤਾ ਨਾਲ ਕਿਹਾ-“ਅੱਗੇ ਵੀ ਉਹ ਕਦੋਂ ਆਏ
ਸਨ?”
-0-
|