ਬੇਬੇ ਰਤਨੀ ਦਾ ਇੱਕ
ਖੁਸ਼ਹਾਲ ਪਰਿਵਾਰ ਸੀ।ਬੇਬੇ ਦੇ ਤਿੰਨੋਂ ਪੁੱਤ ਵਿਆਹੇ ਹੋਏ ਸਨ।ਦੋਵੇਂ ਵੱਡੇ ਮੁੰਡਿਆਂ ਦੇ
ਦੋ-ਦੋ ਬੱਚੇ ਸਨ।ਸਾਰੇ ਬੱਚੇ ਸਕੂਲ ਵਿੱਚ ਪੜ੍ਹਦੇ ਸਨ।ਬੇਬੇ ਇੱਕ ਰੋਅਬਦਾਰ ਸ਼ਖਸੀਅਤ
ਸੀ।ਸਾਰੇ ਪਰਿਵਾਰ ਉੱਤੇ ਬੇਬੇ ਦਾ ਪੂਰਾ ਕੰਟ੍ਰੋਲ ਸੀ।ਉਹ ਕਿਸਮਤ ਵਾਲੀ ਸੀ ਕਿ ਸਾਰੇ ਪੁੱਤ
ਅਤੇ ਨੂੰਹਾਂ ਬੇਬੇ ਦਾ ਪੂਰਾ ਆਦਰ ਸਤਿਕਾਰ ਕਰਦੇ।ਬੇਬੇ ਦੀ ਬੈਠੀ ਦੀ ਸੇਵਾ ਹੁੰਦੀ।ਪਰ ਬੇਬੇ
ਦੀ ਇੱਕ ਮਾੜੀ ਗੱਲ ਸਾਰਿਆ ਨੂੰ ਜਰੂਰ ਪ੍ਰੇਸ਼ਾਨ ਕਰਦੀ ,ਉਹ ਸੀ ਫਾਲਤੂ ਦੇ ਵਹਿਮਾਂ-ਭਰਮਾਂ
ਵਿੱਚ ਵਿਸ਼ਵਾਸ ਕਰਨਾ।ਬੇਬੇ ਪੁਰੀ ਜਿੱਦੀ ਸੀ ਆਪਣੀ ਗੱਲ ਮਨਾ ਕੇ ਹੀ ਸਾਹ ਲੈਂਦੀ।ਮੰਗਲਵਾਰ
ਅਤੇ ਵੀਰਵਾਰ ਨਾਲ ਬੇਬੇ ਦਾ ਵਿਸ਼ੇਸ ਵੈਰ ਸੀ।ਇਹ ਦੋਵੇ ਦਿਨ ਬੇਬੇ ,ਨੂੰਹਾਂ ਨੂੰ ਨਾਂ ਤਾਂ
ਕੱਪੜੇ ਧੋਣ ਦਿੰਦੀ,ਨਾ ਸਿਰ ਨਹਾਉਣ ਦਿੰਦੀ,ਇਸ ਦਿਨ ਨਾਂ ਹੀ ਕੋਈ ਨਵੀਂ ਚੀਜ ਖਰੀਦੀ ਜਾਂਦੀ
ਅਤੇ ਨਾਂ ਹੀ ਨਵਾਂ ਕੱਪੜਾ ਪਾਇਆ ਜਾਦਾਂ ।ਬੇਬੇ ਦਾ ਮੰਨਣਾ ਸੀ ਕਿ ਇਹ ਦੋਵੇਂ ਦਿਨ ਅਸ਼ੁਭ
ਹਨ।ਜੇਕਰ ਕੋਈ ਵਿਆਹ ਇਹਨਾਂ ਦਿਨਾਂ ਵਿੱਚ ਆ ਜਾਦਾਂ ਤਾਂ ਬੇਬੇ ਰਿਸਤੇਦਾਰਾਂ ਨੂੰ ਸੌ-ਸੌ
ਗਾਲਾਂ ਕੱਢਦੀ ਕਹਿੰਦੀ ‘ਭਾਈ ਘੋਰ ਕਲਯੁੱਗ ਆ ਗਿਆ ਲੋਕ ਤਾਂ ਹੁਣ ਦਿਨ ਵੀ ਨਹੀ ਵਿਚੱਰਦੇ’.
ਅੱਜ ਮੰਗਲਵਾਰ ਸੀ, ਬੇਬੇ ਗੁਆਢੀਆਂ ਦੇ ਬੈਠੀ ਸੀ,ਜਦੋਂ ਵਾਪਿਸ ਘਰ ਮੁੜੀ ਤਾਂ
ਉਸ ਦੇਖਿਆ ਕਿ ਛੋਟੀ ਨੂੰਹ ਸਭ ਤੋਂ ਛੋਟੇ ਮੁੰਡੇ ਗੁਰਜੰਟ ਜੋ ਕਿ ਛੇਵੀਂ ਜਮਾਤ ਵਿੱਚ ਪੜਦਾ
ਸੀ, ਦੀ ਸਕੂਲੀ ਵਰਦੀ ਧੋਣ ਲੱਗੀ ਹੈ।ਇਹ ਦੇਖ ਕੇ ਬੇਬੇ ਅੱਗ ਬਬੂਲਾ ਹੋ ਗਈ ਅਤੇ ਤੁਰੰਤ ਉਸ
ਨੂੰ ਅਜਿਹਾ ਕਰਨ ਤੋ ਰੋਕ ਦਿੱਤਾ ਅਤੇ ਉੱਚੀ-ਉੱਚੀ ਬੋਲਣ ਲੱਗੀ ‘ਥੋਨੂੰ ਕਿੰਨੀ ਵਾਰ
ਸਮਝਾਇਆਂ, ਬਈ ਮੰਗਲ ਅਤੇ ਵੀਰਵਾਰ ਨੂੰ ਕੱਪੜੇ ਨਾਂ ਧੋਇਆ ਕਰੋ,ਪਰ ਤੁਸੀਂ ਸੁਣਦੀਆਂ ਹੀ
ਨਹੀਂ।ਨੂੰਹ ਵਿਚਾਰੀ ਸਿਆਣੀ ਸੀ ਉਹ ਜਾਣਦੀ ਸੀ ਕਿ ਹੁਣ ਬੇਬੇ ਨਾਲ ਪੰਗਾ ਲੈਣਾ ਭੂੰਡਾਂ ਦੇ
ਖੱਖਰ ਨੂੰ ਛੇੜਨ ਦੇ ਬਰਾਬਰ ਹੈ। ਇਸ ਲਈ ਉਹ ਦੜ ਵੱਟ ਕੇ ਅੰਦਰ ਚਲੀ ਗਈ।ਵਿਚਲੀ ਗੱਲ ਇਹ ਸੀ
ਕਿ ਮੁੰਡੇ ਦੀ ਦੁਜੀ ਵਰਦੀ ਵੀ ਗੰਦੀ ਸੀ .
ਦੁਸਰੇ ਦਿਨ ਗੁਰਜੰਟ ਮਜਬੂਰੀਵੱਸ ਗੰਦੀ ਵਰਦੀ ਪਾਕੇ ਹੀ ਸਕੂਲ ਚਲਿਆ
ਗਿਆ।ਮੈਡਮ ਨੇ ਪਹਿਲੇ ਪੀਰੀਅਡ ਵਿੱਚ ਹੀ ਉਸ ਨੂੰ ਖੜਾ ਕਰ ਲਿਆ।ਉਸ ਨੇ ਵੀ ਬਿਨਾਂ ਸੰਕੋਚ
ਤੋਂ ਸ਼ਾਮ ਦੀ ਸਾਰੀ ਕਹਾਣੀ ,ਬਿਨਾਂ ਸਾਹ ਲਏ ਮੈਡਮ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤੀ।ਅੱਗੋਂ
ਮੈਡਮ ਨੇ ਵੀ ਬੇਬੇ ਉੱਤੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗੀ ‘ਗੁਰਜੰਟ ਤੁਹਾਡੀ
ਬੇਬੇ ਬੜੀ ਕਮਾਲ ਦੀ ਹੈ।ਦੁਨੀਆਂ ਚੰਦ ਤੇ ਪਹੁੰਚ ਗਈ , ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ
ਵੀਰਵਾਰ ਨੇ ਹੀ ਵਖਤ ਪਾਇਆ ਹੋਇਆ ਹੈ।ਉਹ ਅੱਜ ਦੇ ਜਮਾਨੇ ਵਿੱਚ ਵਹਿਮਾਂ-ਭਰਮਾਂ ਵਿੱਚ
ਵਿਸ਼ਵਾਸ ਰੱਖਦੇ ਨੇ‘।ਸਾਰੀ ਕਲਾਸ ਹੱਸ ਹੱਸ ਦੂਹਰੀ ਹੋ ਗਈ।ਨਾਲ ਹੀ ਮੈਡਮ ਨੇ ਬੱਚਿਆਂ ਨੂੰ
ਘੂਰ ਕੇ ਚੁੱਪ ਕਰਾਇਆ ਅਤੇ ਸਾਰੀ ਜਮਾਤ ਨੂੰ ਸਮਝਾਇਆ ਕਿ ਕੋਈ ਵੀ ਦਿਨ ਚੰਗਾ-ਬੁਰਾ ਨਹੀ
ਹੁੰਦਾ ।ਸਭ ਦਿਨ ਬਰਾਬਰ ਹਨ।ਇਸ ਲਈ ਇਹਨਾਂ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ਼ ਨਹੀ ਕਰਨਾ।ਘਰ
ਆਕੇ ਗੁਰਜੰਟ ਵੱਡੀਆਂ ਭੈਣਾਂ ਅਤੇ ਭਰਾ ਨੂੰ ਚਟਕਾਰੇ ਲਾ ਲਾ ਕੇ ਕਲਾਸ ਵਾਲੀ ਘਟਨਾ ਸੁਣਾਉਣ
ਲੱਗ ਪਿਆ ਸਾਰੇ ਜਣੇ ਉੱਚੀ-ਉੱਚੀ ਹੱਸਣ ਲੱਗ ਪਏ।ਉੱਧਰੋਂ ਬੇਬੇ ਆ ਗਈ, ਸਾਰੇ ਇਕਦਮ ਚੁੱਪ ਹੋ
ਗਏ।ਆਉਂਦੇ ਹੀ ਬੇਬੇ ਕਹਿਣ ਲੱਗੀ ‘ਵੇ ਕਿਹੜੀ ਗੱਲ ਤੇ ਏਨੀ ਖਿੱਲਾਂ ਡੋਲੀਆਂ,ਮੇਰੇ ਆਉਂਦੇ
ਹੀ ਗੂੰਗੇ ਬਣ ਕੇ ਬਹਿ ਗਏ।ਗੁਰਜੰਟ ਦੀ ਵੱਡੀ ਭੈਣ ਸਿਮਰਨ ਤੋਂ ਰਿਹਾ ਨਾਂ ਗਿਆ ਉਹ ਬੇਬੇ
ਨੂੰ ਪੂਰੀ ਕਹਾਣੀ ਸੁਣਾ ਕੇ ਕਹਿੰਦੀ ‘ਬੇਬੇ ਗੁਰਜੰਟ ਦੇ ਮੈਡਮ ਕਹਿੰਦੇ ਨੇ ਕਿ ਦੁਨੀਆਂ
ਚੰਦ ਤੇ ਪਹੁੰਚ ਗਈ , ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ਹੀ ਵਖਤ ਪਾਇਆ ਹੋਇਆ
ਹੈ‘।ਏਨਾ ਸੁਣ ਕਿ ਬੇਬੇ ਦਾ ਪਾਰਾ ਵਧ ਗਿਆ ,ਉਹ ਮੈਡਮ ਨੂੰ ਬੋਲਣ ਲੱਗ ਪਈ ‘ਥੋਡੀਆ ਮੈਡਮਾਂ
ਚਾਰ ਅੱਖਰ ਪੜ ਕੇ ਆਪਣੇ ਆਪ ਨੂੰ ਪਤਾਂ ਨਹੀਂ ਕੀ ਸਮਝਣ ਲੱਗ ਜਾਂਦੀਆਂ।ਉਹਨਾਂ ਨੂੰ ਕੀ ਪਤਾ
ਇਹਨਾਂ ਅਸ਼ੁੱਭ ਦਿਨਾਂ ਦੇ ਪ੍ਰਕੋਪ ਦਾ‘।ਗੱਲ ਆਈ ਗਈ ਹੋ ਗਈ.
ਅੱਜ ਬੇਬੇ ਬਹੁਤ ਹੀ ਜਿਆਦਾ ਖੁਸ਼ ਸੀ ਕਿਉਂਕਿ ਬੇਬੇ ਦੀ ਸਭ ਤੋਂ ਛੋਟੀ ਨੂੰਹ ਦੀ
ਡਿਲੀਵਰੀ ਸਹਿਰ ਦੇ ਹਸਪਤਾਲ ਵਿੱਚ ਹੋਈ ਸੀ।ਅਤੇ ਵਿਆਹ ਤੋਂ ਪੂਰੇ ਪੰਜ ਸਾਲ ਬਾਅਦ ਉਸ ਨੇ
ਸਵੇਰੇ ਹੀ ਜੌੜੇ ਮੁੰਡਿਆ ਨੂੰ ਜਨਮ ਦਿੱਤਾ ਸੀ।ਬੇਬੇ ਖੁਸ਼ੀ ਵਿੱਚ ਖੀਵੀ ਹੋਈ ਵਾਰ-ਵਾਰ
ਪਰਮਾਤਮਾ ਦਾ ਧੰਨਵਾਦ ਕਰ ਰਹੀ ਸੀ।ਸ਼ਾਮ ਹੁੰਦੇ ਹੀ ਸਾਰਾ ਪਰਿਵਾਰ ਹਸਪਤਾਲ ਵਿੱਚ ਇਕੱਠਾ ਹੋ
ਗਿਆ।ਬੇਬੇ ਵਾਰ ਵਾਰ ਕਹਿ ਰਹੀ ਸੀ ਅੱਜ ਤਾਂ ਭਾਈ ਬਹੁਤ ਵਧੀਆ ਦਿਨ ਚੜ੍ਹਿਆ ਮੇਰੇ ਪੁੱਤ ਨੂੰ
ਰੱਬ ਨੇ ਪੁੱਤਾਂ ਦੀ ਜੋੜੀ ਬਖਸ਼ ਦਿੱਤੀ ।ਸਾਰੇ ਬੱਚੇ ਬੇਬੇ ਅਤੇ ਵੱਡੀ ਨੂੰਹ ਦੇ ਆਲੇ ਦੁਆਲੇ
ਝੁਰਮਟ ਪਾਈ ਛੋਟੇ ਕਾਕਿਆਂ ਨੂੰ ਦੇਖਣ ਲਈ ਉਤਾਵਲੇ ਸਨ।ਅਚਾਨਕ ਗੁਰਜੰਟ ਬੇਬੇ ਨੂੰ ਚਿੜਾਉਣ
ਦੀ ਮਨਸਾ ਨਾਲ ਉਸ ਵੱਲ ਝਾਕ ਕੇ ਕਹਿਣ ਲੱਗਾ ‘ ਬੇਬੇ ਅੱਜ ਤਾਂ ਮੰਗਲਵਾਰ ਹੈ‘।ਇਹ ਦਿਨ ਅੱਜ
ਸੁਭ ਕਿਵੇਂ ਹੋ ਗਿੳੱ.
ਹੁਣ ਬੇਬੇ ਨਿਰਉੱਤਰ ਸੀ ਪਰ ਸਾਰੇ ਪਰਿਵਾਰ ਦੇ ਸਾਂਝੇ ਹਾਸੇ ਨੇ ਹਸਪਤਾਲ ਦੀ
ਗਮਗ਼ੀਨ ਫਿਜ਼ਾ ਵਿੱਚ ਵੱਖਰਾ ਹੀ ਰੰਗ ਬਿਖੇਰ ਦਿਤਾ
ਫੋਨ ਨੰ:-9464389293
preetminhas09@gmail.com
-0- |