ਲੇਖਕ ਅਤੇ ਲਿਖਣ ਕਲਾ ਦਾ
ਸਮਾਜ-ਸਭਿਆਚਾਰ ਨਾਲ ਡੂੰਘਾ ਰਿਸ਼ਤਾ ਹੈ, ਕਿਉਂਕਿ ਗਿਆਨ ਅਤੇ ਅਨੁਭਵ ਦੇ ਧਰਾਤਲ ਉੱਪਰ ਹਰ
ਲੇਖਕ ਆਪਣੇ ਵਿਰਸੇ ਅਤੇ ਵਰਤਮਾਨ ਨਾਲ ਜੁੜਿਆ ਹੁੰਦਾ ਹੈ, ਜਿਸ ਤੋਂ ਉਹ ਹਮੇਸ਼ਾ ਪ੍ਰਭਾਵਿਤ
ਹੁੰਦਾ ਹੈ।ਇਸ ਲਈ ਹਰ ਲਿਖਤ ਵਿਚ ਉਸ ਸਮੇਂ ਦੀ ਹਕੀਕਤ, ਮਾਨਵੀ ਸਰੋਕਾਰਾਂ ਦੀ ਨੁਹਾਰ ਸਹਿਜੇ
ਹੀ ਪਛਾਣੀ ਜਾ ਸਕਦੀ ਹੈ। ਸਾਡੇ ਸਾਹਮਣੇ ਸਵਾਲ ਇਹ ਹੈ ਕਿ ਪੰਜਾਬ ਦੇ ਮੱਧਕਾਲੀ ਇਤਿਹਾਸ ਵਿਚ
ਲੇਖਕ ਦੀ ਕੀ ਯੋਗ ਭੁਮਿਕਾ ਰਹੀ? ਅਤੇ ਉਸਨੇ ਸੁਚੇਤ ਅਤੇ ਅਚੇਤ ਰੂਪ ਵਿਚ ਵੇਲੇ ਦੀਆਂ ਸਮਾਜਕ
ਅਤੇ ਸੱਭਿਆਚਾਰਕ ਵੰਗਾਰਾ ਨਾਲ ਨਜਿਠਣ ਲਈ ਕੀ ਸਿਰਜਾਣਾਤਮਕ ਉਪਰਾਲੇ ਕੀਤੇ? ਇਹਨਾ ਪ੍ਰਸ਼ਨਾ
ਦੇ ਭਰੋਸੇਯੋਗ ਉਤਰਾਂ ਲਈ ਸਾਨੂੰ ਸਭ ਤੋਂ ਪਹਿਲਾਂ ਇਸ ਦੌਰ ਦੇ ਸਮਾਜਕ ਅਤੇ ਸਭਿਆਚਾਰਕ
ਪਿਛੋਕੜ ਜਾਂ ਇਤਿਹਾਸ ਉਪਰ ਝਾਤ ਮਾਰਨੀ ਪਏਗੀ.
ਸਾਹਿਤ ਦੇ ਇਤਿਹਾਸਕਾਰਾਂ ਅਨੁਸਾਰ ਪੰਜਾਬੀ ਸਾਹਿਤ ਦਾ ਮੱਧਕਾਲ 11ਵੀਂ,
12ਵੀਂ ਸਦੀ ਈਸਵੀ ਤੋਂ ਲੈ ਕਿ 19ਵੀਂ ਸਦੀ ਈਸਵੀ ਦੇ ਪਹਿਲੇ ਅੱਧ ਤੱਕ ਮੰਨਿਆ ਗਿਆ ਹੈ।
ਇਸਦੀ ਸ਼ੁਰੂਆਤ ਇਸਲਾਮੀ ਹਕੂਮਤ ਦੇ ਨਾਲ ਹੁੰਦੀ ਹੈ ਅਤੇ ਅੰਤ ਅੰਗਰੇਜੀ ਸ਼ਾਸਣ ਕਾਲ ਦੇ ਨਾਲ
ਹੁੰਦਾ ਹੈ। ਭਾਂਵੇ ਅੱਠਵੀਂ ਸਦੀ ਈਸਵੀ ਦੇ ਆਰੰਭ ਵਿਚ ਮੁਹੰਮਦ ਬਿਨ ਕਾਸਿਮ ਦੇ ਹਮਲੇ ਨਾਲ
ਭਾਰਤ ਵਿਚ ਇਸਲਾਮੀ ਹਕੂਮਤ ਦਾ ਮੁੱਢ ਬੱਝਾ, ਪਰ ਅਸਲ ਵਿਸਥਾਰ ਦਸਵੀਂ ਸਦੀ ਈਸਵੀ ਵਿਚ
ਮੁਹੰਮਦ ਗਜਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਨਾਲ ਹੋਇਆ। ਪੰਜਾਬ ਤੇ ਭਾਰਤ ਵਿੱਚ ਪ੍ਰਵੇਸ਼
ਹੋਣ ਵਾਲਾ ਇਹ ਇਸਲਾਮੀ ਸੱਭਿਆਚਾਰ ਇਥੋਂ ਦੇ ਆਰੀਆ-ਹਿੰਦੂ, ਬੋਧ ਸੱਭਿਆਚਾਰ ਨਾਲੌਂ ਬਿਲਕੁੱਲ
ਵੱਖਰਾ ਸੀ, ਪਰ ਸਮਾਂ ਪਾ ਕਿ ਇਹਨਾਂ ਦੋਹਾਂ ਸੱਭਿਆਚਾਰ ਵਿਚ ਪਰਸਪਰ ਸੁਮੇਲ ਦੀ ਭੱਵਨੱ ਪੈਦਾ
ਹੋਣ ਲੱਗੀ।ਜਿਸ ਵਿਚ ਸੰਤਾਂ, ਭਗਤਾਂ, ਸੂਫੀਆਂ ਅਤੇ ਗੁਰੁ ਵਿਅਕਤੀਆਂ ਨੇ ਅਹਿਮ ਰੋਲ ਅਦਾ
ਕੀਤਾ। ਜਿਹਨਾਂ ਨੇ ਭਿੰਨ-ਭਿੰਨ ਧਰਮਾਂ, ਸੰਪਰਦਾਵਾਂ, ਜਾਤ-ਬਰਾਦਰੀਆਂ ਵਿੱਚ ਸਾਂਝ ਤੇ
ਸ਼ਾਂਤਮਈ ਸਹਿਹੋਂਦ ਦਾ ਸੰਦੇਸ਼ ਸੰਚਾਰਿਤ ਕੀਤੱ.
ਸਮਾਜਿਕ ਆਰਥਿਕ ਦ੍ਰਿਸ਼ਟੀ ਤੋਂ ਮੱਧਕਾਲੀ ਸਾਹਿਤ ਸਾਮੰਤਵਾਦ ਦੇ ਦੌਰ ਦਾ
ਲਖਾਇਕ ਹੈ। ਕਾਰਣ ਇਹ ਹੈ ਕਿ ਕਿਸੇ ਵੀ ਸਮਾਜਿਕ ਆਰਥਿਕ ਬਣਤਰ ਵਿੱਚ ਭਿੰਨ-ਭਿੰਨ
ਵਿਚਾਰਧਾਰਾਂਵਾ ਕਾਰਜਸ਼ੀਲ ਹੁੰਦੀਆਂ ਹਨ, ਜਿਹੜੀਆਂ ਕਿ ਮਨੁੱਖੀ ਭਾਈਚਾਰਿਆਂ ਦੀ ਜੀਵਨ ਵਿਧੀ
ਨਿਰਧਾਰਿਤ ਕਰਦੀਆਂ ਹਨ। ਮਿਸਾਲ ਵਜੋਂ ਵੇਲੇ ਦੀ ਵਿਚਾਰਧਾਰ ਹਾਕਮ ਸ਼੍ਰੇਣੀ ਦੀ ਚੌਧਰ ਨੂੰ
ਕਾਇਮ ਰੱਖਣ ਵਿੱਚ ਯਤਨਸ਼ੀਲ ਰਹਿੰਦੀ ਹੈ ਤੇ ਦੂਜੇ ਪਾਸੇ ਮਹਿਕੂਮ ਦੀ ਵਿਚਾਰਧਾਰਾ ਇਸ
ਦਮਨਕਾਰੀ ਵਿਚਾਰਧਾਰਾ ਨੂੰ ਵੰਗਾਰਦੀ ਹੈ। ਇਸ ਤਰਾਂ ਇਹਨਾਂ ਸੱਤਾਧਾਰੀ ਤੇ ਸੱਤਾ-ਵਿਹੀਣ
ਵਰਗਾਂ ਵਿੱਚ ਨਿਰੰਤਰ ਸੰਘਰਸ਼ ਦੀ ਸਥਿਤੀ ਬਣੀ ਰਹਿੰਦੀ ਹੈ।ਜਿਸ ਵਿੱਚ ਸੱਤਾਧਾਰੀ ਸ਼੍ਰੇਣੀ
ਮਿਹਨਤਕਸ਼੍ਹਾ ਕਿਸਾਨਾਂ, ਕਿਰਤੀਆਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਇਸਤੋਂ ਇਲਾਵਾ ਹਿੰਦੂ ਸਮਾਜ
ਵਿੱਚ ਬ੍ਰਾਹਮਣਵਾਦ ਦਾ ਬੋਲਬਾਲਾ ਜੋ ਕਿ ਨਿਮਨ ਵਰਗ ਜਾਂ ਦਲਿਤ ਨੂੰ ਆਰਥਿਕ ਸ਼ੋਸ਼ਣ ਦਾ ਸ਼ਿਕਾਰ
ਬਣਾਉਂਦੀਆ ਹਨ.
ਪੰਜਾਬ ਦੇ ਮੱਧਕਾਲ ਇਤਿਹਾਸ ਦੀ ਉਪਰੋਕਤ ਸਥਿਤੀ ਨੂੰ ਧਿਆਨ ਵਿੱਚ ਰੱਖ
ਕੇ ਲੇਖਕਾਂ ਨੇ ਇਸ ਵਿਚ ਕੀ ਸਮਾਜਿਕ ਅਤੇ ਸੱਭਿਆਚਾਰਕ ਭੂਮਿਕਾ ਅਦਾ ਕੀਤੀ, ਉਸ ਦਾ ਪਤਾ ਲਗਾ
ਸਕਦੇ ਹਾਂ।ਮੁੱਢਲੀ ਗੱਲ ਇਹ ਹੈ ਕਿ ਮੱਧਕਾਲੀਨ ਦੌਰ ਵਿੱਚ ਪੰਜਾਬੀ ਸਾਹਿਤ ਸੱਭਿਆਚਾਰ ਦੇ
ਨਿਰਮਾਣ ਦੀਆਂ ਤਿੰਨ ਪ੍ਰਮੁੱਖ ਧਾਰਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ - ਲੋਕ ਸਾਹਿਤ,
ਧਾਰਮਿਕ ਸਾਹਿਤ ਅਤੇ ਲੋਕਿਕ ਸਾਹਿਤ।ਇਹਨਾਂ ਤਿੰਨਾ ਦਾ ਆਪੋ-ਆਪਣਾ ਸਰੂਪ ਤੇ ਸੁਭਾਉੇ ਹੈ.
ਲੋਕ ਸਾਹਿਤ ਲੋਕ ਮਾਨਸਿਕਤਾ ਵਿਚੋਂ ਉਪਜਦਾ ਹੈ। ਲੋਕ ਸਾਹਿਤ ਵਿਚ ਸਮੂਹ
ਜਾਤੀ ਦੀ ਰੂਹ ਵਿਦਮਾਨ ਹੁੰਦੀ ਹੈ, ਭਾਵੇ ਉਸ ਨੂੰ ਕੋਈ ਵੀ ਰਚ ਰਿਹਾ ਹੋਵੇ ਉਸਦੀ ਦ੍ਰਿਸ਼ਟੀ
ਵਿਆਕਤੀਗਤ ਨਾ ਰਹਿ ਕੇ ਸਮੂਹਿਕ ਭਾਂਤ ਦੀ ਬਣੀ ਰਹਿੰਦੀ ਹੈ।ਇਸ ਦਾ ਸਿਰਜਣਹਾਰ ਕੋਈ ਵਿਸ਼ੇਸ਼
ਵਿਅਕਤੀ ਨਹੀਂ ਹੁੰਦਾ ਸਗੋਂ ਸਮੁੱਚਾ ਲੋਕ ਸਮੂਹ ਹੁੰਦਾ ਹੈ, ਜੋ ਸਰਬ ਸਾਂਝੇ ਸਮਾਜਿਕ ਅਤੇ
ਸਭਿਆਚਾਰਕ ਅਨੁਭਵ ਦੀ ਜੁਬਾਨ ਬੋਲਦਾ ਹੈ। ਇਹ ਸਾਡੇ ਸਾਹਮਣੇ ਲੋਕ ਸਿਮਰਤੀ ਵਿਚ ਵਸੇ ਗੀਤਾਂ,
ਕਥਾ-ਕਹਾਣੀਆਂ ਅਤੇ ਅਖਾਂਣ-ਮੁਹਾਵਰਿਆਂ ਆਦਿ ਦੀ ਮੁੱਲਵਾਨ ਵਿਰਾਸਤ ਨੂੰ ਉਜਾਗਰ ਕਰਦਾ ਹੈ,
ਜੋ ਕਿ ਮਨੁੱਖੀ ਭਾਈਚਾਰਿਆਂ ਦੇ ਹੋਂਦ-ਮੁਖੀ ਸਰੋਕਾਰਾਂ ਨੂੰ ਪਰੰਪਰਾ ਅਤੇ ਨਿਰੰਤਰਤਾ
ਪ੍ਰਦਾਨ ਕਰਦਾ ਹੈ। ਪੰਜਾਬੀ ਲੋਕ ਸਾਹਿਤ ਦੇ ਸਿਰਜਣਹਾਰਿਆਂ ਨੇ ਵੀ ਆਪਣੇ ਰਚਨਾਤਮਕ ਉੱਦਮ
ਰਾਂਹੀ ਇਸੇ ਤਰਾਂ ਦੀ ਭੁਮਿਕਾ ਨਿਭਾਈ। ਲੋਕ ਵਿਰਸੇ ਦੀ ਸਾਹਿਤਕ ਵਿਰਾਸਤ ਦਾ ਅਧਿਐਨ ਕਰਦਿਆਂ
ਸਾਨੂੰ ਇਸ ਵਿਚ ਇਕ ਪਾਸੇ ਸਰਬ-ਸਾਂਝੀਵਾਲਤਾ, ਸੁਹਿਰਦਤਾ ਤੇ ਉਦਾਰਵਾਦੀ ਮਾਨਵਵਾਦੀ ਭਾਵਨਾ
ਦੀ ਝਲਕ ਦਿਖਾਈ ਦਿੰਦੀ ਹੈ ਅਤੇ ਦੂਜੇ ਪਾਸੇ ਇਤਿਹਾਸਕ ਵੰਗਾਰਾਂ ਨਾਲ ਦਸਤ-ਪੰਜਾ ਲੈਣ ਵਾਲੀ
ਸੰਘਰਸ਼ਸ਼ੀਲ ਮਾਨਸਿਕਤਾ ਸਾਹਮਣੇ ਆਂਉਦੀ ਹੈ.
ਧਾਰਮਿਕ ਸਾਹਿਤ ਦੀ ਜੇਕਰ ਗੱਲ ਕਰੀਏ ਤਾਂ ਧਾਰਮਿਕ ਸਾਹਿਤ ਮਨੁੱਖੀ ਜੀਵਨ
ਦੇ ਪਰਮਾਰਥ ਦੀ ਤਰਜਮਾਨੀ ਕਰਨ ਵਾਲਾ ਸਾਹਿਤ ਹੈ।ਇਸਦੀਆਂ ਦੋ ਪ੍ਰਮੁੱਖ ਧਾਰਾਵਾਂ ਗੁਰਮਿਤ
ਕਾਵਿ ਅਤੇ ਸੂਫੀ ਕਾਵਿ ਹਨ।ਅਸਲ ਵਿੱਚ ਇਹ ਦੋਵੇਂ ਸਿਰਜਣਾਤਮਕ-ਧਾਰਾਵਾਂ ਪਰਮਾਰਥ ਦੇ
ਮੁਹਾਵਰੇ ਵਿਚ ਯਥਾਰਥ ਨੂੰ ਹੀ ਸੰਬੋਧਿਤ ਹਨ ਅਤੇ ਇਹਨਾਂ ਨਾਲ ਸੰਬੰਧਿਤ ਲੇਖਕਾਂ ਨੇ ਸਰਗਰਮ
ਭੁਮਿਕਾ ਨਿਭਾਈ ਹੈ। ਗੁਰਮਤਿ ਕਾਵਿ ਧਾਰਾ ਮੱਧਕਾਲ ਦੀ ਅਤਿਅੰਤ ਗੌਰਵਮਈ ਧਾਰਾ ਹੈ।ਇਸ ਕਾਵਿ
ਧਾਰਾ ਦਾ ਸੰਬੰਧ ਮੁੱਖ ਤੋਰ ਤੇ ਲੋਕ ਜੀਵਨ ਨਾਲ ਰਿਹਾ, ਕਿਉਂਕਿ ਇਸ ਨਾਲ ਸੰਬੰਧਿਤ ਧਰਮ
ਪ੍ਰਵਰਤਕ ਤੇ ਕਵੀ ਵੇਲੇ ਦੀ ਹਕੂਮਤ ਦਾ ਪੱਖ ਪੂਰਨ ਦੀ ਬਜਾਏ ਪੀੜਿਤ ਲੋਕਾਂ ਦੇ ਹੱਕਾਂ ਲਈ
ਆਵਾਜ ਬੁਲੰਦ ਕਰਦੇ ਸਾਹਮਣੇ ਆਂਉਦੇ ਹਨ।ਇਸ ਕਾਵਿ ਧਾਰਾ ਦਾ ਆਰੰਭ ਗੁਰੁ ਨਾਨਕ ਦੇਵ ਅਤੇ
ਹੋਰਨਾਂ ਗੁਰੁ ਸਾਹਿਬਾਨ ਤੋਂ ਪਹਿਲਾਂ ਨਿਰਗੁਣ ਭਗਤੀ ਨਾਲ ਸੰਬੰਧਿਤ ਸੰਤ ਕਵੀਆਂ, ਭਗਤ
ਜੈਦੇਵ, ਭਗਤ ਨਾਮਦੇਵ, ਭਗਤ ਕਬੀਰ ਅਤੇ ਭਗਤ ਰਵੀਦਾਸ ਦੀ ਬਾਣੀ ਨਾਲ ਬੱਝ ਚੁਕਿਆ ਸੀ। ਇਹ ਹੀ
ਕਾਰਨ ਹੈ ਕਿ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਇਹਨਾਂ ਸੰਤਾਂ/ਭਗਤਾਂ ਦੀ ਬਾਣੀ ਨੂੰ
ਵੀ ਸ਼ਾਮਿਲ ਕੀਤਾ ਗਿੳੱ.
ਜੇਕਰ ਅਸੀਂ ਇਸਦੇ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਉਸ
ਸਮੇਂ ਭਾਰਤ ਵਿੱਚ ਇਸਲਾਮੀ ਹਕੂਮਤ ਸਥਾਪਿਤ ਹੋ ਚੁੱਕੀ ਸੀ ਅਤੇ ਗੈਰ ਮੁਸਲਿਮ ਪਰਜਾ ਜੁਲਮ
ਅਤੇ ਬੇਇਨਸਾਫੀ ਦਾ ਸ਼ਿਕਾਰ ਹੋ ਰਹੀ ਸੀ। ਅਜਿਹੀ ਸਥਿਤੀ ਵਿਚ ਭਗਤੀ ਲਹਿਰ ਦਾ ਉਦੈ ਹੋਇਆ ਜਿਸ
ਨੇ ਵੇਲੇ ਦਾ ਹਾਕਮਾਂ ਦੀ ਕੱਟੜ ਮਜ੍ਹਬੀ ਨੀਤੀ ਅਤੇ ਦਮਨ ਦਾ ਮੁਕਾਬਲਾ ਕਰਨ ਲਈ ਨਿਰਭਓ/
ਨਿਰਵੈਰ ਵਾਲੀ ਮਾਨਸਿਕਤਾ ਉਸਾਰਨ ਦਾ ਯਤਨ ਕੀਤਾ। ਇਸ ਦੇ ਨਾਲ ਹੀ ਸੂਫੀ ਲਹਿਰ ਦਾ ਉਭਾਰ
ਹੋਇਆ, ਇਹਨਾਂ ਦੋਹਾਂ ਲਹਿਰਾਂ ਨੇ ਮੱਧਕਾਲੀਨ ਭਾਰਤ ਵਿਚ ਅਜਿਹੀ ਸਮਾਜਕ ਤੇ ਸੱਭਿਆਚਾਰਕ
ਕ੍ਰਾਂਤੀ ਨੂੰ ਜਨਮ ਦਿੱਤਾ ਜਿਸ ਨਾਲ ਸਮਾਜ ਵਿੱਚ ਸਮਨਵਯ ਤੇ ਸੁਮੇਲ ਦੀ ਭਾਵਨਾ ਉਜਾਗਰ ਹੋਈ.
ਗੁਰਮਤਿ ਕਾਵਿ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਨੇ ਹਮੇਸ਼ਾ ਦਲਿਤ ਵਰਗ,
ਨਿਤਾਣੇ ਲੋਕਾਂ ਦਾ ਪੱਖ ਪੂਰਿਆ। ਜਿੱਥੇ ਇਹ ਇਕ ਪਾਸੇ ਮੁਗਲ ਸਾਮੰਤਵਾਦ ਦੀ ਕੱਟੜ ਮਜ੍ਹਬੀ
ਨੀਤੀ ਦਾ ਵਿਰੋਧ ਕਰਦੀ ਹੈ, ਦੂਜੇ ਪਾਸੇ ਬ੍ਰਾਹਮਣਵਾਦੀ ਕਰਮਕਾਂਡ ਅਤੇ ਮਨੂਵਾਦੀ
ਜਾਤੀ-ਪ੍ਰਥਾ ਦਾ ਵੀ ਖੰਡਨ ਕਰਦੀ ਹੈ। ਮਿਸਾਲ ਵਜੋਂ:
ਰਾਜੇ ਸੀਹ ਮੁਕੱਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘੱਅੁ॥
ਰਤੁ ਪਿਤੁ ਕੁਤਿਹੋ ਚਟਿ ਜੱਹੁ॥1
ਗਰਭ ਵਾਸ ਮਹਿ ਕੁਲੁ ਨਹੀ ਜੱਤੀ॥
ਬ੍ਰਹਮ ਬਿੰਦੁ ਤੇ ਸਭ ਅੁਤਪੱਤੀ॥1॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥1॥2
ਇਸ ਤਰਾਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ,
ਜਿਨ੍ਹਾਂ ਵਿਚ ਜਾਤੀ ਪ੍ਰਥਾ ਦੇ ਮਸਨੂਈ ਪਰ ਦਮਨਕਾਰੀ ਤੰਤਰ ਨੂੰ ਵਿਸਥਾਪਿਤ ਕਰਨ ਦਾ ਜੋਰਦਾਰ
ਉਪਰਾਲਾ ਕੀਤਾ ਗਿਆ ਹੈ।ਵਾਸਤਵ ਵਿਚ ਭਗਤੀ ਲਹਿਰ ਨੇ ਮੱਧਕਾਲੀਨ ਭਾਰਤ ਵਿੱਚ ਜਿਸ ਸਭਿਆਚਾਰਕ
ਨਵ-ਜਾਗ੍ਰਿਤੀ ਦੀ ਲਹਿਰ ਨੂੰ ਸੰਗਠਿਤ ਕਰਨ ਦਾ ਉਪਰਾਲਾ ਕੀਤਾ ਸੀ, ਉਸਦੇ ਮੂਲ ਸਰੋਕਾਰਾਂ
ਵਿਚ ਦਲਿਤ ਚੇਤਨਾਂ ਅਤੇ ਮਾਨਵ ਮੁਕਤੀ ਨੂੰ ਪ੍ਰਮੁੱਖਤਾ ਹਾਂਸਿਲ ਸੀ। ਇਸ ਨੇ ਮੁਗਲ
ਸਾਮੰਤਵਾਦ ਅਤੇ ਜਾਗੀਰਦਾਰੀ ਅਰਥ ਵਿਵਸਥਾ ਦੀ ਹਿੰਸਾ ਨੂੰ ਹੀ ਨੰਗਿਆਂ ਨਹੀਂ ਕੀਤਾ ਸਗੋਂ
ਪੀੜਿਤ ਲੋਕਾਈ ਦੇ ਮਨ ਵਿਚ ਇਸ ਅਤਿਆਚਾਰੀ ਸ਼ਾਸ਼ਣ ਦੀ ਅਸਥਿਰਤਾ ਦਾ ਅਹਿਸਾਸ ਜਗਾ ਕੇ ਨੈਤਿਕ
ਮਨੋਬਲ ਵੀ ਪੈਦਾ ਕੀਤਾ। ਮਿਸਾਲ ਵਜੋਂ:
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥
ਹਟ ਪਟਣ ਬਾਜਾਰ ਹੁਕਮੀ ਾਂਹਸੀਓ॥
ਪਕੇ ਬੰਕ ਦੁਆਰ ਮੂਰਖੁ ਜਾਣੈ ੳੱਪਣੇ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ।।3
_______________
1 ਆਦਿ-ਗ੍ਰੰਥ, ਪੰਨਾ -1288
2 ਆਦਿ-ਗ੍ਰੰਥ, ਪੰਨਾ -324
3 ਅਦਿ ਗ੍ਰੰਥ, ਪੰਨੱ-141
ਇਸ ਤਰਾਂ ਸੂਫੀ ਸਾਹਿਤ ਦੀ ਜੇਕਰ ਗੱਲ ਕਰੀਏ ਤਾਂ ਇਸ ਕਾਵਿ ਧਾਰਾ ਦੇ ਪਿਛੋਕੜ ਵਿਚ
ਜਿਹੜੀ ਵਿਚਾਰਧਾਰਾ ਕਾਰਜਸ਼ੀਲ ਹੈ, ਉਹ ਹੈ ਤਸੱਵੁਫ ਜਾਂ ਸੂਫੀਵਾਦ। ਇਹ ਅਜਿਹੀ ਲਹਿਰ ਸੀ ਜਿਸ
ਨੇ ਸ਼ਰੱਈ ਕੱਟੜਤਾ ਦੀ ਥਾਂ ਮਾਨਵਵਾਦੀ ਭਾਵਨਾ ਉੱਤੇ ਜੋਰ ਦਿੱਤਾ।ਇਸ ਨੇ ਵੀ ਗੁਰਮਤਿ
ਕਾਵਿਧਾਰਾ ਵਾਂਗ ਹਾਕਮ ਸ਼੍ਰੇਣੀ ਦਾ ਪੱਖ ਪੂਰਣ ਦੀ ਬਜਾਏ ਲੋਕਾਂ ਦੇ ਦੁੱਖ-ਸੁੱਖ ਨਾਲ ਨਾਤਾ
ਜੋੜਿਆ। ਜਿਹਨਾਂ ਦੀ ਬੁਨਿਆਦੀ ਸੁਰ ਲੋਕ-ਪੱਖੀ ਤੇ ਲੋਕ-ਹਿਤੈਸ਼ੀ ਹੈ.
ਪੰਜਾਬੀ ਵਿੱਚ ਸੂਫੀ ਕਾਵਿ ਦੇ ਮੋਢੀ ਸ਼ੇਖ੍ਹ ਫਰੀਦ ਜੀ ਜੋ ਕਿ ਸਾਮੰਤ
ਸ਼੍ਰੇਣੀ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦੀ ਰਚਨਾਂ ਪੜ੍ਹਦਿਆਂ ਸਾਨੂੰ ਪਤਾ ਚੱਲਦਾ ਹੈ ਕਿ
ਉਹਨਾਂ ਦੀ ਵਿਚਾਰਧਾਰਾ ਲੋਕ ਹਿਤਾਂ ਨਾਲ ਪੂਰੀ ਤਰਾਂ ਜੁੜੀ ਹੋਈ ਹੈ।ਮਿਸਾਲ ਵਜੋਂ:
ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ॥
ਵਿਸਰਿਆ ਜਿਨ ਨਾਮ ਤੇ ਭੁਇ ਭਾਰੁ ਥੀਏ॥1॥ਰਹੱਓ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ਼ ਸੇ॥
ਤਿੰਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥2॥
ਇਸੇ ਤਰ੍ਹਾਂ ਉਹ ਗਰੀਬ ਲੋਕਾਂ ਜੋ ਕਿ ਸਾਮੰਤਵਾਦ ਦੇ ਦਮਨ ਅਤੇ ਸ਼ੋਸ਼ਣ ਦਾ
ਸ਼ਿਕਾਰ ਸਨ, ਉਹਨਾਂ ਦੀਆਂ ਆਰਥਿਕ ਤੰਗੀਆਂ ਵਿੱਚ ਘਿਰੀ ਹੋਈ ਦੁੱਖ ਭਰੀ ਜਿੰਦਗੀ ਦਾ ਦ੍ਰਿਸ਼
ਵੀ ਪੇਸ਼ ਕਰਦੇ ਹਨ। ਮਿਸਾਲ ਵਜੋਂ:
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁ‘ਖ॥28॥
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਓ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਓ॥
ਸ਼ੇਖ ਫਰੀਦ ਜੀ ਦੀ ਲੋਕ ਪੱਖੀ ਪਰੰਪਰਾ ਨਿਭਾਉਂਦਿਆਂ ਸ਼ਾਹ ਹੂਸੈਨ,
ਸੁਲਤਾਨ ਬਾਹੂ, ਬੁਲੇ ਸ਼ਾਹ ਆਦਿ ਨੇ ਵੀ ਆਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ।
ਉਦਾਹਰਨ ਵਜੋਂ ਸ਼ਾਹ ਹੂਸੈਨ ਦੀ ਰਚਨਾ ਦਾ ਨਮੂਨਾ ਦੇਖਿਆ ਜਾ ਸਕਦਾ ਹੈ:
ਮੈਂ ਕੁਸੰਭੜਾ ਚੁਣ ਚੁਣ ਹੱਰੀ
ਏਸ ਕੁਸੰਭੇ ਦੇ ਕੰਡੇ ਭਲੇਰੇ ਅੜ ਅੜ ਚੁਨੜੀ ਪੱੜੀ.
ਏਸ ਕੁਸੰਭੇ ਦਾ ਹਾਕਮ ਕਰੜਾ ਜਾਲਮ ਹੈ ਪਟਵੱਰੀ.…
ਏਸ ਕੁਸੰਭੇ ਦੇ ਚਾਰ ਮੁਕੱਦਮ ਮਾਮਲਾ ਮੰਗਦੇ ਭੱਰੀ.
ਹੋਰਨਾ ਚੁਗਿਆ ਫੋਹਿਆ ਫੋਹਿਆ ਮੈਂ ਭਰ ਲਈ ਪਟੱਰੀ.…
ਚੁਣ ਚੁਣ ਕੇ ਮੈਂ ਢੇਰੀ ਕੀਤੀ ਲੱਥੇ ਆਣ ਵਪੱਰੀ.
ਔਖੀ ਘਾਟੀ ਮੁਸ਼ਕਲ ਪੈਂਡਾ ਸਿਰ ਤੇ ਗਠੜੀ ਭੱਰੀ.
ਮੈਂ ਕੁਸੰਭਤਾ ਚੁਣ ਚੁਣ ਹੱਰੀ.
ਇੱਥੇ ਸ਼ਾਹ ਹੂਸੈਨ ਨੇ ਮਿਹਨਤਕਸ਼ ਲੋਕਾਂ ਦੀ ਮੁਸ਼ਕਲਾਂ ਭਰੀ ਜਿੰਦਗੀ ਨੂੰ
ਬੜੇ ਹੀ ਵੇਦਨਾਪੂਰਨ ਢੋਗ ਨਾਲ ਪੇਸ਼ ਕੀਤਾ ਹੈ।ਜਿਸ ਤੋਂ ਜਾਹਰ ਹੁੰਦਾ ਹੈ ਕਿ ਸੂਫੀ ਕਵੀਆਂ
ਨੇ ਹਾਕਮ ਸ਼੍ਰੇਣੀ ਦੇ ਪੱਖ ਪੂਰਨ ਦੀ ਬਜਾਏ ਲੋਕ ਹਿਤਾਂ ਦੇ ਪੱਖ ਵਿਚ ਗੱਲ ਕੀਤੀ ਹੈ।ਇਸੇ ਲਈ
ਪੰਜਾਬੀ ਸੂਫੀ ਕਵਿਤਾ ਦਾ ਵਿਚਾਰਧਾਰਾਈ ਆਧਾਰ ਲੋਕ ਪੱਖੀ ਹੋ ਨਿਬੜਦਾ ਹੈ.
ਅੰਤ ਵਿਚ ਅਸੀਂ ਮੱਧਕਾਲ ਦੇ ਲੋਕਿਕ ਸਾਹਿਤ ਤੇ ਵਿਚਾਰ ਚਰਚਾ ਕਰਾਂਗੇ ਕਿ
ਇਸ ਨਾਲ ਸੰਬੰਧਿਤ ਲੇਖਕਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਭੁਮਿਕਾ ਕੀ ਰਹੀ ਸੀ। ਇਸ
ਪ੍ਰਵਿਰਤੀ ਦੇ ਅੰਤਰਗਤ ਮੁੱਖ ਤੋਰ ਤੇ ਕਿੱਸਾ-ਸਾਹਿਤ ਅਤੇ ਵਾਰ-ਸਾਹਿਤ ਦੀਆਂ ਸਿਰਜਣਧਾਰਾਵਾਂ
ਆ ਜਾਂਦੀਆਂ ਹਨ। ਇਹਨਾਂ ਦੋਵਾਂ ਧਾਰਾਵਾਂ ਨੇ ਇਤਿਹਾਸਿਕ, ਪੌਰਾਣਿਕ ਅਤੇ ਲੋਕਧਰਾਈ ਵਿਰਸੇ
ਦੀ ਕਥਾ-ਸਮੱਗਰੀ ਨੂੰ ਲੈ ਕੇ ਮਹੱਤਵਪੂਰਨ ਕਾਵਿਕ ਬਿਰਤਾਂਤਾਂ ਦੀ ਸਿਰਜਣਾ ਕੀਤੀ ਹੈ ਜੋ ਕਿ
ਉਹਨਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਚੇਤਨਾ ਦਾ ਪ੍ਰਮਾਣ ਪੇਸ਼ ਕਰਦੀ ਹੈ.
ਜੇਕਰ ਕਿੱਸਾ ਸਾਹਿਤ ਦੀ ਗੱਲ ਕਰੀਏ ਤਾਂ ਇਹ ਜੀਵਨ ਦੇ ਯਥਾਰਥ ਦੀ ਗੱਲ
ਕਰਦਾ ਹੈ।‘ਕਿੱਸਾ‘ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਕਹਾਣੀ ਜਾਂ ਵਾਰਤਾ ਹੈ। ਪਰ
ਸਾਹਿਤਕ ਦ੍ਰਿਸ਼ਟੀ ਤੋਂ ਇਹ ਕਵਿਤਾ ਵਿਚ ਰਚੀ ਗਈ ਲੰਮੀ ਬਿਰਤਾਂਤਕ ਰਚਨਾ ਹੈ। ਪੰਜਾਬੀ
ਕਿੱਸਿਆਂ ਦੇ ਨਾਇਕ ਆਮ ਤੌਰ ‘ਤੇ ਆਸ਼ਕ, ਯੋਧੇ ਜਾਂ ਫਕੀਰ ਹੁੰਦੇ ਹਨ ਜੋ ਸਥਾਪਿਤ ਕਦਰਾਂ
ਕੀਮਤਾਂ ਦਾ ਵਿਦਰੋਹ ਕਰਦੇ ਹੋਏ ਨੈਤਿਕਤਾ ਦੇ ਨਵੇਂ ਆਦਰਸ਼ ਸਥਾਪਿਤ ਕਰਦੇ ਹਨ। ਮਿਸਾਲ ਵਜੋਂ
ਜੇ ਹੀਰ ਦੇ ਕਿੱਸੇ ਵਿੱਚ ਪ੍ਰਚਿਲਤ ਵਿਆਹ ਪ੍ਰਥਾ ਦੀਆਂ ਸਮੂਹ-ਭਾਵੀ ਕਦਰਾਂ-ਕੀਮਤਾਂ ਨੂੰ
ਨਕਾਰਿਆ ਗਿਆ ਹੈ ਤਾਂ ਇਸ ਨੂੰ ਮਨੁੱਖੀ ਰਿਸ਼ਤਿਆਂ ਨੂੰ ਜੋੜਣ ਵਿੱਚ ਵਿਅਕਤੀਗਤ ਸੁਤੰਤਰਤਾ ਦੇ
ਮਹੱਤਵ ਨੂੰ ਵੀ ਪਛਾਣਿਆ ਗਿਆ ਹੈ।ਇਸ ਤਰਾਂ ਕਿੱਸਾ-ਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ
ਬਿਰਤਾਂਤ ਦੀ ਉਸਾਰੀ ਕਰਦਿਆਂ ਤੱਤਕਾਲੀ ਸਮਾਜ ਸੱਭਿਆਚਾਰ ਦਾ ਜੀਵਿਤ ਬਿੰਬ ਪੇਸ਼ ਕਰਨ ਦੀ
ਚੇਸ਼ਟਾ ਵੀ ਕੀਤੀ ਹੈ।ਮਿਸਾਲ ਵਜੋਂ ਜਦੋਂ ਅਸੀਂ ਕਿੱਸਾ ਹੀਰ-ਵਾਰਿਸ ਪੜਦੇ ਹਾਂ ਤਾਂ ਉਸ ਵੇਲੇ
ਦਾ ਪੰਜਾਬੀ ਸਮਾਜ ਆਪਣੀਆ ਰੀਤਾਂ ਅਤੇ ਰਵਾਇਤਾਂ ਸਮੇਤ ਸਾਕਾਰ ਹੋ ਉਠਦਾ ਹੈ.
ਪੰਜਾਬ ਦੇ ਪ੍ਰਮੁੱਖ ਕਿਸਾਕਾਰਾਂ ਵਿਚ ਅਸੀਂ ਦਮੋਦਰ, ਮੁਕਬਲ, ਹਾਫਿਜ
ਬਰਖੁਰਦਾਰ, ਪੀਲੂ, ਵਾਰਿਸ, ਕਾਦਰਯਾਰ ਆਦਿ ਦੇ ਨਾਮ ਲੈ ਸਕਦੇ ਹਾਂ।ਇਹਨਾਂ ਸ਼ਾਇਰਾਂ ਨੇ
ਪੰਜਾਬੀ ਕਿੱਸਾ ਕਾਵਿ ਦੀ ਪਰੰਪਰਾ ਨੂੰ ਅਮੀਰ ਤੇ ਭਰਪੂਰ ਬਣਾਇਆ ਹੈ।ਪੰਜਾਬੀ ਦੇ ਵਧੇਰੇ
ਕਿੱਸੇ ਪਿਆਰ ਜਾਂ ਇਸ਼੍ਹਕ ਦੇ ਦੁਖਾਂਤ ਨੂੰ ਪੇਸ਼ ਕਰਦੇ ਹਨ। ਕਾਰਣ ਇਹ ਹੈ ਕਿ ਜਗੀਰਦਾਰੀ
ਸਮਾਜ ਵਿਅਕਤੀ ਨੂੰ ਸੁਤੰਤਰ ਨਿਰਣੇ ਕਰਨ ਦੀ ਖੁੱਲ ਨਹੀਂ ਦਿੰਦਾ।ਜਿਵੇਂ: ਹੀਰ ਦਾ ਰਾਂਝੇ
ਨਾਲ ਇਸ਼ਕ ਸਮਾਜ ਦੀਆਂ ਪ੍ਰਚੱਲਤ ਕਦਰਾਂ ਕੀਮਤਾਂ ਦੇ ਅਨੁਕੂਲ ਨਹੀਂ।ਇਸਨੂੰ ਸਰਾਂ ਦੀ
ਪ੍ਰਵਾਨਗੀ ਵੀ ਹਾਂਸਲ ਨਹੀਂ ਇਸ ਲਈ ਅੰਤ ਵਿੱਚ ਨਾਇਕ ਤੇ ਨਾਇਕਾ ਦੋਹਾਂ ਦੀ ਮੌਤ ਹੁੰਦੀ ਹੈ.
ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਕਿੱਸਾ ਕਾਵਿ ਮੱਧਕਾਲੀ
ਪੰਜਾਬੀ ਸਾਹਿਤ ਦੀ ਅਮੀਰ ਪਰੰਪਰਾ ਦਾ ਅੰਗ ਹੈ ਅਤੇ ਇਸ ਦੀਆਂ ਸਾਹਿਤਕ ਰਵਾਇਤਾਂ ਨੂੰ ਗੌਰਵ
ਪ੍ਰਦਾਨ ਕੀਤਾ ਹੈ।ਇਹ ਆਪਨੇ ਵੇਲੇ ਦੇ ਯਥਾਰਥ ਦਾ ਭਰਪੂਰ ਬਿੰਬ ਉਸਾਰਨ ਲਈ ਦੰਤ ਕਥਾ, ਮਿਥ
ਅਤੇ ਰੋਮਾਂਸ ਦੀਆਂ ਕਥਾਨਕ ਰੁੜੀਆਂ ਦੀ ਸਫਲ ਵਰਤੋਂ ਕਰਦਾ ਹੈ। ਇਹ ਆਦਰਸ਼ ਨਾਇਕਾਂ ਨੂੰ
ਜਗੀਰਦਾਰੀ ਵਿਵਸਥਾ ਵਿੱਚ ਪ੍ਰਚੱਲਤ ਕਦਰਾਂ ਕੀਮਤਾਂ ਦੇ ਅਮਾਨਵੀ ਪ੍ਰਬੰਧ ਨਾਲ ਟਕਰਾਂਉਦਿਆਂ
ਦਰਸਾਂਉਦਾ ਹੈ। ਇਸ ਵਿੱਚ ਆਮ ਤੌਰ ਤੇ ਨਾਇਕ ਦੀ ਹਾਰ ਜਾਂ ਮੌਤ ਹੁੰਦੀ ਹੈ ਪਰ ਇਹ ਹਾਰ ਜਾਂ
ਮੌਤ ਹੀ ਉਸਦੀ ਮਹਾਨਤਾ ਦੀ ਗਵਾਹੀ ਹੁੰਦੀ ਹੈ.
ਹੁਣ ਜੇਕਰ ਅਸੀਂ ਵੀਰ ਕਾਵਿ ਵੱਲ ਧਿਆਨ ਕਰੀਏ ਤਾਂ ਇਹ ਲੋਕਿਕ ਸਾਹਿਤ
ਵਿਚ ਇਕ ਅਜਿਹੇ ਕਾਵਿ ਰੂਪ ਵਿੱਚ ਵਿਕਸਿਤ ਹੋਇਆ ਹੈ ਜਿਸਦੇ ਅੰਤਰਗਤ ਵੀਰ ਰਸ ਦਾ ਬਿਆਨ
ਸਿਰਜਿਆ ਜਾਂਦਾ ਹੈ।‘ਵਾਰ‘ ਸ਼ਬਦ ਦੇ ਕਈ ਅਰਥ ਕੀਤੇ ਜਾਂਦੇ ਹਨ - ਵਾਰ ਕਰਨਾ, ਵਾਰਨਾ, ਵਾਰਤਾ
ਆਦਿ। ਸੰਸਕ੍ਰਿਤ ਦੇ ‘ਵਾਰਣ‘ ਸ਼ਬਦ ਵਿਚ ਵੀ ਇਸਦੀ ਵਿਉਂੱਤਪੱਤੀ ਤਲਾਸ਼ ਕੀਤੀ ਜਾਂਦੀ
ਹੈ।ਜਿਸਦਾ ਅਰਥ ਹੈ - ਵਿਸ਼ੇ ਦਾ ਉਚਿਤ ਪ੍ਰਭਾਵ ਸਿਰਜਨ ਲਈ ਘਟਨਾਂਵਾ ਦਾ ਉਲੇਖ ਕਰਨਾ।ਇਸ ਤੋਂ
ਇਲਾਵਾ ਕਿਸੇ ਨਾਇਕ ਦੀ ਵੀਰਤਾ ਦਾ ਵਖਾਣ ਕਰਨ ਨੂੰ ਵੀ ਵਾਰ ਆਖਿਆ ਜਾਂਦਾ ਸੀ।ਵਾਰ ਦੇ
ਰੂਪਾਕਾਰ ਦੀ ਮੁੱਖ ਵਿਸ਼ੇਸ਼ਤਾ ਸੰਘਰਸ਼ ਜਾਂ ਟਕਰਾਓ ਹੈ।ਇਹ ਟਕਰਾਓ ਦੋ ਯੋਧਿਆਂ ਵਿਚਕਾਰ ਹੋ
ਸਕਦਾ ਹੈ, ਨੇਕੀ ਅਤੇ ਬਦੀ ਵਿਚਕਾਰ ਹੋ ਸਕਦਾ ਹੈ ਅਤੇ ਵਿਚਾਂਰਾਂ ਜਾਂ ਵਿਚਾਰਧਾਰਾਵਾ
ਵਿਚਕਾਰ ਵੀ ਹੋ ਸਕਦਾ ਹੈ.
ਪੰਜਾਬੀ ਸਾਹਿਤ ਵਿਚ ਦੋ ਤਰਾਂ ਦੀਆਂ ਵਾਰਾਂ ਦੀ ਰਚਨਾ ਹੋਈ ਹੈ- ਵੀਰ
ਰਸੀ ਵਾਰਾਂ ਅਤੇ ਅਧਿਆਤਮਕ ਵਾਰਾਂ। ਵੀਰ ਰਸੀ ਵਾਰਾਂ ਵਿਚ ਆਮ ਤੌਰ ਤੇ ਯੁੱਧ ਦਾ ਵੀਰ ਰਸ
ਭਰਪੂਰ ਬਿਰਤਾਂਤ ਸਿਰਜਿਆ ਜਾਂਦਾ ਹੈ ਜਦੋਂ ਕਿ ਅਧਿਆਤਮਕ ਵਾਰਾਂ ਵਿਚ ਸ਼ਾਂਤ ਰਸ ਦੀ ਸਿਰਜਣਾ
ਕੀਤੀ ਜਾਂਦੀ ਹੈ। ਇਹਨਾਂ ਵਿੱਚ ਮੁੱਖ ਤੌਰ ਤੇ ਨੈਤਿਕ ਅਤੇ ਅਧਿਆਤਮਕ ਵਿਸ਼ਿਆਂ ਦੀ ਪੇਸ਼ਕਾਰੀ
ਕੀਤੀ ਜਾਂਦੀ ਹੈ। ਭਾਵੇ ਇਹਨਾਂ ਦੋਹਾਂ ਵਿਚ ਛੰਦ-ਪ੍ਰਬੰਧ ਅਤੇ ਧੁਨੀ ਦੀ ਸਾਂਝ ਹੈ ਪਰ ਤਾਂ
ਵੀ ਦੋਹਾਂ ਦਾ ਸੰਗਠਨ ਇਕ ਦੂਸਰੇ ਨਾਲੋਂ ਭਿੰਨ ਤੇ ਵਿਲੱਖਣ ਹੈ। ਜੇਕਰ ਅਸੀਂ ਵੀਰ ਰਸੀ
ਵਾਰਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਉਹਨਾਂ 9 ਵਾਰਾਂ ਨੂੰ ਲਿਆ ਜਾ
ਸਕਦਾ ਹੈ ਜਿਹਨਾਂ ਦੇ ਹਵਾਲੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿਚ ਮਿਲਦੇ ਹਨ। ਜਿਵੇਂ: ਰਾਇ
ਕਮਾਲ ਮਉਜ ਦੀ ਵਾਰ, ਟੁੰਡੇ ਅਸਰਾਜੇ ਦੀ ਵਾਰ, ਸਿਕੰਦਰ ਇਬਰਾਹੀਮ ਦੀ ਵਾਰ, ਲੱਲੇ ਬਹਿਲੀਮੇ
ਦੀ ਵਾਰ, ਹਸਨੇ ਮਹਿਮੇ ਦੀ ਵਾਰ, ਮੂਸੇ ਦੀ ਵਾਰ ੳੱਦਿ.
ਵੀਰ ਰਸੀ ਵਾਰ ਦੀ ਪਰੰਪਰਾ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੀ ਚੰਡੀ ਦੀ
ਵਾਰ ਵਿਸ਼ੇਸ਼ ਮਹੱਤਵ ਰੱਖਦੀ ਹੈ।ਇਸ ਵਾਰ ਵਿੱਚ ਗੁਰੁ ਕਵੀ ਨੇ ਮਾਰਕੰਡੇ ਪੁਰਾਣ ਦੀ ਮਿਥਿਹਾਸਕ
ਕਥਾ ਨੂੰ ਲੈ ਕੇ ਦੇਵਤਿਆਂ ਅਤੇ ਰਾਖਸ਼ਾਂ ਦੇ ਯੁੱਧ ਦਾ ਵੀਰਤਾ ਪੂਰਣ ਬਿਰਤਾਂਤ ਪੇਸ਼ ਕੀਤਾ
ਹੈ। ਮਿਸਾਲ ਵਜੋਂ:
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ॥
ਚੰਡੀ ਰਾਕਸ਼ਿ ਖਾਣੀ, ਵਾਹਿ ਦੈਂਤ ਨੂ॥
ਕੋਪਰ ਚੂਰ, ਚਵਾਣੀ ਲਥੀ ਕਰਗ ਲੈ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜੱਇ॥
ਲੈਂਦੀ ਅਘਾ ਸਿਧਾਣੀ ਸਿੰਗਾ ਧਉਲ ਦਿੳੱ॥
ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਿ ਕੈ॥
ਇਸ ਵਾਰ ਦੀ ਰਚਨਾ ਗੁਰੁ ਗੋਬਿੰਦ ਸਿੰਘ ਜੀ ਨੇ ਅੱਤਿਆਚਾਰੀ ਮੁਗਲ
ਸਾਮੰਤਵਾਦ ਦਾ ਟਾਕਰਾ ਕਰਨ ਲਈ ਨੀਵਿਆਂ ਨਿਤਾਣਿਆਂ ਨੂੰ ਯੁੱਧ ਲਈ ਤਿਆਰ ਕਰਨ ਲਈ ਕੀਤੀ।ਇਸੇ
ਮੰਤਵ ਦੀ ਪੂਰਤੀ ਲਈ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।ਇਹ ਵਾਰ ਇਸੇ ਹੀ ਵੀਰ ਭਾਵਨਾ ਦਾ
ਸੰਚਾਰ ਕਰਦੀ ਹੈ।ਇਹਨਾਂ ਤੋਂ ਇਲਾਵਾ ਮੁੱਖ ਤੌਰ ਤੇ ਨਜਾਬਤ ਦੀ ਨਾਦਰਸ਼ਾਹ ਦੀ ਵਾਰ, ਭਾਈ
ਗੁਰਦਾਸ ਦੂਜੇ ਦੀ ਗੁਰੁ ਖਾਲਸੇ ਦੀ ਵਾਰ, ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਆਦਿ ਦਾ ਨਾਮ
ਲਿਆ ਜਾ ਸਕਦਾ ਹੈ।ਇਹਨਾਂ ਵਾਰਾਂ ਦੇ ਮਾਧਿਅਮ ਰਾਂਹੀ ਮੱਧਕਾਲੀ ਲੇਖਕ ਨੇ ਆਪਣੇ ਵੇਲੇ ਦੀਆਂ
ਇਤਿਹਾਸਕ ਵੰਗਾਰਾਂ ਦਾ ਵੀਰਤਾ ਭਰਪੂਰ ਪ੍ਰਤਿ-ਉੱਤਰ ਪੇਸ਼ ਕੀਤਾ ਹੈ.
ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਮੱਧਕਾਲ ਦੇ ਪੰਜਾਬੀ ਲੇਖਕ ਨੇ
ਆਪਣੇ ਵਿਰਸੇ ਅਤੇ ਵਰਤਮਾਨ ਨਾਲ ਸੰਵਾਦ ਰਚਾਉਂਦਿਆਂ ਮੁੱਲਵਾਨ ਸਾਹਿਤ-ਸਿਰਜਣਾ ਕੀਤੀ
ਹੈ।ਉਸਨੇ ਆਪਣੇ ਵੇਲੇ ਦੀ ਹਕੀਕਤ ਦੇ ਰੂਬਰੂ ਹੋ ਕੇ ਆਪਣਾ ਸਿਰਜਣਾਤਮਕ ਪ੍ਰਤਿ-ਉੱਤਰ ਪੇਸ਼
ਕੀਤਾ ਹੈ - ਕਦੇ ਰੂਹਾਨੀ ਆਦਰਸ਼ ਦੇ ਰੂਪ ਵਿੱਚ, ਕਦੇ ਰੋਮਾਨੀ ਕਲਪਨਾ ਦੇ ਰੂਪ ਵਿੱਚ ਅਤੇ
ਕਦੇ ਵੀਰਤਾਪੂਰਣ ਸੰਘਰਸ਼ ਦੀ ਪੇਸ਼ਕਾਰੀ ਦੇ ਰੂਪ ਵਿੱਚ। ਇਸ ਤਰਾਂ ਇਹ ਹਰ ਕਿਸਮ ਦੇ ਦਮਨ,
ਸੋਸ਼ਣ ਅਤੇ ਅਨਿਆ ਵਿਰੁੱਧ ਨਾਬਰੀ ਸਿਖਾਂਉਦਾ ਹੋਇਆ ਉਦਾਰ ਮਾਨਵਵਾਦੀ ਕਦਰਾਂ-ਕੀਮਤਾਂ ਦਾ
ਪੈਗਾਮ ਦਿੰਦਾ ਹੈ ਅਤੇ ਸਾਧਾਰਣ ਲੋਕਾਂ ਲਈ ਕ੍ਰਾਂਤੀ ਅਤੇ ਮੁਕਤੀ ਦਾ ਪ੍ਰਵਚਨ ਬਣ ਕੇ ਉਜਾਗਰ
ਹੁੰਦਾ ਹੈ.
-0-
|